Granth 09 Likhat 138: 3 Harh 2017 Bikarmi Sarain Singh de Ghar Jandiala Guru Jila Amritsar

੩ ਹਾੜ ੨੦੧੭ ਬਿਕ੍ਰਮੀ ਸੁਰੈਣ ਸਿੰਘ ਦੇ ਘਰ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਗੁਰਸਿਖ ਜੋਬਨ ਵੰਤ, ਜੋਬਨ ਹਰਿ ਹਰਿ ਨਾਮ ਵਡਿਆਈਆ। ਗੁਰਮੁਖ ਸੋਭਾਵੰਤ, ਘਰ ਸਚ ਸ਼ੰਗਾਰ ਕਰਾਈਆ। ਗੁਰਮੁਖ ਵਰ ਮੰਗੇ ਸਾਚਾ ਕੰਤ, ਸਤਿ ਪੁਰਖ ਨਿਰੰਜਣ ਇਕ ਰਘੁਰਾਈਆ। ਗੁਰਮੁਖ ਆਸਾ ਮਨਸਾ ਪੂਰ ਕਰੰਤ, ਪਾਰਬ੍ਰਹਮ ਵਡ ਵਡਿਆਈਆ। ਗੁਰਮੁਖ ਇਕ ਵਖਾਣੇ ਮਣੀਆ ਮੰਤ, ਜਿਹਵਾ ਰਸਨਾ ਹਰਿ ਹਰਿ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਜੋਬਨ ਵੇਖ ਵਖਾਈਆ। ਗੁਰਸਿਖ ਜੋਬਨ ਰਤੜਾ, ਲਾਲ ਗੁਲਾਲਾ ਰੰਗ ਅਪਾਰ। ਦਰ ਘਰ ਸਾਚੇ ਬੈਠਾ ਵੱਖਰਾ, ਆਪ ਆਪਣੀ ਕਰ ਵਿਚਾਰ। ਸਗਲ ਵਿਸੂਰਾ ਜਗਤ ਲਥੜਾ, ਚਿੰਤਾ ਸੋਗ ਨਾ ਕੋਇ ਪਿਆਰ। ਲਾਲ ਰੰਗੀਲਾ ਰੰਗ ਚੜ੍ਹਾਏ ਹਥੜਾ, ਜਗਤ ਮੈਂਹਦੀ ਹੋਏ ਖ਼ਵਾਰ। ਮੇਲ ਮਿਲਾਵਾ ਕਮਲਾਪਤੜਾ, ਪਤ ਪਤਿਵੰਤਾ ਹਰਿ ਕਰਤਾਰ। ਇਕ ਚੜ੍ਹਾਏ ਸਾਚੇ ਰਥੜਾ, ਰਥ ਰਥਵਾਹੀ ਸੱਚਾ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਜੋਬਨ ਦਏ ਹੁਲਾਰ। ਹਰਿਜਨ ਜੋਬਨ ਜਗਤ ਜਵਾਨੀ, ਸਤਿਗੁਰ ਸੱਚੀ ਸਰਨਾਈਆ। ਸ਼ਬਦ ਮਿਲਾਵਾ ਏਕਾ ਹਾਣੀ, ਹਰਿ ਹਰਿ ਕੰਤ ਮਨਾਈਆ। ਘਰ ਅੰਦਰ ਅੰਮ੍ਰਿਤ ਠੰਡਾ ਪਾਣੀ, ਨੀਰ ਸੀਰ ਵਹਾਈਆ। ਬੰਕ ਦਵਾਰਾ ਅਨਹਦ ਬਾਣੀ, ਦਿਵਸ ਰੈਣ ਆਪ ਜਣਾਈਆ। ਸਚ ਮਕਾਨਾ ਪਦ ਨਿਰਬਾਨੀ, ਪਾਰਬ੍ਰਹਮ ਆਪ ਵਖਾਈਆ। ਅਕਥ ਕਥ ਸੁਣਾਏ ਕਹਾਣੀ, ਕਥਨੀ ਕਥ ਨਾ ਸਕੇ ਰਾਈਆ। ਗੁਰਮੁਖ ਬਣਾਏ ਸਾਚੀ ਰਾਣੀ, ਸਚ ਮਹੱਲ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਜੋਬਨ ਦਏ ਵਡਿਆਈਆ। ਹਰਿਜਨ ਜੋਬਨ ਸਾਚਾ ਸੁਖ, ਸੁਖ ਸਾਗਰ ਰੂਪ ਸਮਾਇੰਦਾ। ਸਤਿਗੁਰ ਮੇਟੇ ਹਉਮੇ ਦੁੱਖ, ਘਰ ਪੀਆ ਪ੍ਰੀਤਮ ਮੇਲ ਮਿਲਾਇੰਦਾ। ਦਰਸ ਦਿਖਾਏ ਪੜਦਾ ਚੁਕ, ਨੇਤਰ ਨੈਣ ਮਟਕਾਇੰਦਾ। ਬਾਲ ਅਵਸਥਾ ਜੋ ਰਿਹਾ ਲੁੱਕ, ਆਪ ਆਪਣਾ ਭੇਵ ਖੁਲ੍ਹਾਇੰਦਾ। ਵੇਖਣਹਾਰਾ ਝੁਕ ਝੁਕ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਬਨ ਰੰਗ ਇਕ ਚੜ੍ਹਾਇੰਦਾ। ਗੁਰਮੁਖ ਜੋਬਨ ਰੰਗ ਕਰਤਾਰ, ਸਤਿਗੁਰ ਸਾਚਾ ਆਪ ਰੰਗਾਈਆ। ਲੋਕਮਾਤ ਲੈ ਅਵਤਾਰ, ਹਰਿਜਨ ਸਾਚੇ ਵੇਖ ਵਖਾਈਆ। ਸ਼ਬਦ ਵਿਚੋਲਾ ਬਣੇ ਵਿਚ ਸੰਸਾਰ, ਦਿਸ ਕਿਸੇ ਨਾ ਆਈਆ। ਗੋਲਾ ਬਣੇ ਦਰ ਪਨਹਾਰ, ਪੱਖਾ ਫੇਰ ਸੇਵ ਕਮਾਈਆ। ਸਚ ਕਰਾਏ ਤਨ ਸ਼ੰਗਾਰ, ਏਕਾ ਅਲਫ਼ੀ ਹੱਥ ਉਠਾਈਆ। ਅੰਦਰ ਬਾਹਰ ਏਕਾ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੋਬਨ ਵੇਖੇ ਸ਼ਹਿਨਸ਼ਾਹੀਆ। ਗੁਰਮੁਖ ਜੋਬਨ ਪਾਇਆ, ਸਤਿਗੁਰ ਚਰਨ ਦਵਾਰ। ਸਤਿਗੁਰ ਪੂਰਾ ਦਇਆ ਕਮਾਇਆ, ਏਕਾ ਭਰੇ ਸਚ ਭੰਡਾਰ। ਸਚ ਭੰਡਾਰਾ ਆਪ ਵਰਤਾਇਆ, ਅਸਥਲ ਸੋਹਣ ਘਰ ਚੁਬਾਰ। ਘਰ ਚੁਬਾਰੇ ਫੇਰਾ ਪਾਇਆ, ਆਪ ਆਪਣੀ ਕਿਰਪਾ ਧਾਰ। ਕਿਰਪਾ ਨਿਧ ਨਾਉਂ ਰਖਾਇਆ, ਦਿਸ ਨਾ ਆਏ ਵਿਚ ਸੰਸਾਰ। ਸੰਸਾਰ ਸਾਗਰ ਵਰੋਲ ਵਖਾਇਆ, ਨਾਮ ਨਿਧਾਨਾ ਦਏ ਹੁਲਾਰ। ਨਾਮ ਨਿਧਾਨਾ ਏਕਾ ਪਾਇਆ, ਪੇਖਣਹਾਰ ਸੱਚੀ ਸਰਕਾਰ। ਸਾਚੇ ਸ਼ਾਹੋ ਰੂਪ ਵਟਾਇਆ, ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰ ਭੇਵ ਨਾ ਰਾਇਆ, ਹਰਿਜਨ ਵੇਖੇ ਸਚ ਦੁਲਾਰ। ਹਰਿਜਨ ਆਪਣੇ ਅੰਗ ਲਗਾਇਆ, ਗੁਰਮੁਖ ਕਰੇ ਮਾਤ ਉਜਿਆਰ। ਗੁਰਮੁਖ ਸਾਚਾ ਰੰਗ ਚੜ੍ਹਾਇਆ, ਉਤਰ ਨਾ ਜਾਏ ਦੂਜੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਹਰਿਜਨ ਜੋਬਨ ਰੰਗ ਅਪਾਰਾ, ਦਿਸ ਕਿਸੇ ਨਾ ਆਇੰਦਾ। ਰੰਗਣਹਾਰਾ ਆਪ ਨਿਰੰਕਾਰਾ, ਨਿਰਾਕਾਰ ਸੇਵ ਕਮਾਇੰਦਾ। ਆਦਿ ਜੁਗਾਦੀ ਬਣਿਆ ਰਹੇ ਲਲਾਰਾ, ਜਗਤ ਵਣਜਾਰਾ ਫੇਰੀ ਪਾਇੰਦਾ। ਲੇਖਾ ਜਾਣੇ ਆਰ ਪਾਰਾ, ਸਚ ਕਿਨਾਰਾ ਡੇਰਾ ਲਾਇੰਦਾ। ਤਤਵ ਤਤ ਕਰਾਏ ਇਕ ਸ਼ੰਗਾਰਾ, ਬ੍ਰਹਮ ਮਤ ਭੂਸ਼ਨ ਇਕ ਵਖਾਇੰਦਾ। ਏਕਾ ਸੀਸ ਜਗਦੀਸ ਦਸਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਮੁਖ ਜੋਬਨ ਮਾਣਿਆ, ਹਰਿ ਮਿਲਿਆ ਸੱਚਾ ਸ਼ਾਹੋ। ਪਾਇਆ ਪਦ ਇਕ ਨਿਰਬਾਣਿਆ, ਮਿਲਿਆ ਮੇਲ ਅਗੰਮ ਅਥਾਹੋ। ਆਪਣਾ ਘਰ ਆਪ ਪਛਾਣਿਆ, ਆਪੇ ਚਲਿਆ ਸੱਚੇ ਰਾਹੋ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹਰਿਜਨ ਬਣੇ ਸਚ ਮਲਾਹੋ। ਸਚ ਮਲਾਹ ਪੁਰਖ ਅਕਾਲ, ਕਾਲ ਜੰਜਾਲ ਤੁੜਾਈਆ। ਭਗਤ ਭਗਵੰਤ ਆਪੇ ਭਾਲ, ਦੀਨ ਦਿਆਲ ਦਇਆ ਕਮਾਈਆ। ਸਾਧ ਸੰਤ ਬਣੇ ਰਖਵਾਲ, ਆਦਿ ਅੰਤ ਬੇਪਰਵਾਹੀਆ। ਜੀਵ ਜੰਤ ਕਰੇ ਸੰਭਾਲ, ਜੋ ਜਨ ਰਹੇ ਸਰਨਾਈਆ। ਹੰ ਬ੍ਰਹਮ ਵੇਖੇ ਧਰਮਸਾਲ, ਕਾਇਆ ਬੰਕ ਆਪ ਸੁਹਾਈਆ। ਗੁਰਮੁਖ ਬਣਾਏ ਸਾਚੇ ਲਾਲ, ਹਰਿਜਨ ਆਪਣਾ ਸੰਗ ਰਖਾਈਆ। ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੁਗਤ ਇਕ ਜਣਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਜੋਬਨ ਜੋਗ ਕਮਾਈਆ। ਗੁਰਮੁਖ ਜੋਬਨ ਧੁਰ ਸੰਜੋਗ, ਹਰਿ ਸਾਚਾ ਮੇਲ ਮਿਲਾਇਆ। ਅੰਤਰ ਆਤਮ ਰਸੀਆ ਭੋਗੇ ਭੋਗ, ਭਸਮੜ ਆਪਣਾ ਖੇਲ ਖਿਲਾਇਆ। ਜਗਤ ਵਿਛੋੜਾ ਕੱਟੇ ਵਿਜੋਗ, ਹਉਮੇ ਰੋਗ ਦਏ ਮਿਟਾਇਆ। ਅਨਹਦ ਅਨਾਹਤ ਸੁਣਾਏ ਸਚ ਸਲੋਕ, ਅੱਖਰ ਵੱਖਰ ਆਪ ਪੜ੍ਹਾਇਆ। ਚਰਨ ਦਾਸੀ ਕਰਾਏ ਮੁਕਤ ਮੋਖ, ਸਿਰ ਆਪਣਾ ਹੱਥ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾ ਹਰਖ਼ ਨਾ ਕੋਇ ਸੋਗ, ਗੁਰਮੁਖਾਂ ਚੁਗਾਏ ਏਕਾ ਚੋਗ, ਆਤਮ ਤ੍ਰਿਸਨਾ ਭੁੱਖ ਮਿਟਾਇਆ। ਆਤਮ ਤ੍ਰਿਸਨਾ ਹੋਏ ਦੂਰ, ਗੁਰ ਸਤਿਗੁਰ ਦਇਆ ਕਮਾਇੰਦਾ। ਘਰ ਮੰਦਰ ਵਸੇ ਸਦਾ ਹਜ਼ੂਰ, ਹਰਿ ਮੰਦਰ ਹਰਿ ਕੀ ਪੌੜੀ ਆਪੇ ਲਾਇੰਦਾ। ਨਿਰਗੁਣ ਦੀਪਕ ਜੋਤ ਜਗਾਏ ਨੂਰ, ਜ਼ਾਹਰ ਜ਼ਹੂਰ ਖੇਲ ਖਿਲਾਇੰਦਾ। ਆਸਾ ਮਣਸਾ ਸਦਾ ਸਦ ਪੂਰ, ਸਿਰ ਸਿਰ ਆਪਣਾ ਹੱਥ ਰਖਾਇੰਦਾ। ਜਗਤ ਜੋਬਨ ਦਿਸੇ ਕੂੜ, ਹਰਿਜਨ ਜੋਬਨ ਸਚ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਸਾਚੀ ਧੂੜ, ਮਸਤਕ ਟਿੱਕਾ ਨਾਮ ਲਗਾਇੰਦਾ। ਸਾਚੀ ਧੂੜ ਮਸਤਕ ਮਾਥ, ਬ੍ਰਹਮ ਮਤ ਦ੍ਰਿੜਾਈਆ। ਜੋਬਨ ਜਵਾਨੀ ਏਕਾ ਸਾਥ, ਗ੍ਰਹਿ ਮੰਦਰ ਵੇਖ ਵਖਾਈਆ। ਲਾਲ ਰੰਗਣ ਵੇਖੇ ਹਾਥ, ਨੇਤਰ ਨੈਣ ਆਪ ਖੁਲ੍ਹਾਈਆ। ਬੰਕ ਦਵਾਰੇ ਬਹਿ ਬਹਿ ਗਾਏ ਗਾਥ, ਨਾਥ ਅਨਾਥਾਂ ਵੇਖ ਵਖਾਈਆ। ਹਵਨ ਘਿਰਤ ਵੇਖੇ ਪੂਜਾ ਪਾਠ, ਪਾਠਸ਼ਾਲਾ ਤਨ ਸੁਹਾਈਆ। ਸਰੋਵਰ ਸਹਾਏ ਤੀਰਥ ਤਾਟ, ਅੰਮ੍ਰਿਤ ਜਲ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਬਨ ਰੰਗ ਅਵੱਲਾ ਆਪਣੇ ਹੱਥ ਰਖਾਈਆ। ਚਾਰ ਜੁਗ ਜਗਤ ਜੋਬਨ, ਸਰਗੁਣ ਸਰਗੁਣ ਨਾਲ ਹੰਢਾਇਆ। ਸਾਧ ਸੰਤ ਏਕ ਨਾਮ ਬੀਜ ਸਾਚਾ ਬੋਵਣ, ਪੱਤ ਡਾਲ੍ਹੀ ਫੁਲ ਮਹਿਕਾਇਆ। ਆਤਮ ਸੇਜਾ ਚੜ੍ਹ ਚੜ੍ਹ ਸਾਚੀ ਸੋਵਣ, ਸਾਚਾ ਪੌੜਾ ਨਾਮ ਲਗਾਇਆ। ਦੁਰਮਤ ਮੈਲ ਮਲ ਮਲ ਧੋਵਣ, ਮਾਇਆ ਮਮਤਾ ਮੋਹ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਚਾਰ ਜੁਗ ਜਗਤ ਜੋਬਨ ਹੋਏ ਖ਼ਵਾਰ, ਕਾਚੀ ਮਾਟੀ ਰਹਿਣ ਨਾ ਪਾਈਆ। ਫ਼ਰੀਦ ਕੂਕੇ ਕਰੇ ਪੁਕਾਰ, ਕਾਗ ਨੈਣ ਮੁਖ ਲਗਾਈਆ। ਸ੍ਰਿਸ਼ਟ ਸਬਾਈ ਜਾਏ ਹਾਰ, ਹਰਿ ਕਾ ਰੂਪ ਦਿਸ ਨਾ ਆਈਆ। ਗੁਰਮੁਖ ਵਿਰਲਾ ਪਾਏ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਚੜ੍ਹੇ ਮਹੱਲ ਅੱਟਲ ਮੁਨਾਰ, ਦੂਈ ਦਵੈਤੀ ਪੜਦਾ ਦੇਵੇ ਲਾਹੀਆ। ਕੂੜੀ ਕਿਰਿਆ ਕਰਮ ਤਜੇ ਸ਼ੰਗਾਰ, ਸਾਚੀ ਅਲਫ਼ੀ ਇਕ ਹੰਢਾਈਆ। ਨਾਮ ਨਿਧਾਨਾ ਪਾਏ ਕੱਜਲ ਧਾਰ, ਨੇਤਰ ਨੈਣ ਇਕ ਖੁਲ੍ਹਾਈਆ। ਸੋਲਾਂ ਕਲੀਆਂ ਸਚ ਪਿਆਰ, ਸੋਲਾਂ ਇਛਿਆ ਪੂਰ ਵਖਾਈਆ। ਜੋਬਨ ਹੰਢਾਏ ਨਾਰ ਮੁਟਿਆਰ, ਗੁਰਮੁਖ ਘਰ ਸਾਚੇ ਸੋਭਾ ਪਾਈਆ। ਕੰਤ ਭਤਾਰਾ ਹਰਿ ਨਿਰੰਕਾਰ, ਦੂਲ੍ਹੋ ਦੂਲ੍ਹ ਕਰੇ ਪਿਆਰ ਪਾਰਬ੍ਰਹਮ ਬੇਪਰਵਾਹੀਆ। ਸਾਚੀ ਸੇਜਾ ਫੂਲਨ ਬਰਸੇ ਬਰਖਾ ਧਾਰ, ਸਚ ਸੋਗੰਧੀ ਇਕ ਮਹਿਕਾਈਆ। ਰਵ ਸਸ ਨਾ ਕੋਇ ਹੋਏ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਬਰਖੇ ਠੰਡਾ ਠਾਰ, ਘਰ ਸਾਚੇ ਸਗਨ ਮਨਾਈਆ। ਨਿਰਗੁਣ ਰੂਪ ਸੱਚੀ ਸਰਕਾਰ, ਸਾਚਾ ਤਖ਼ਤ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਬਨ ਵੇਖ ਵਖਾਈਆ। ਸਰਗੁਣ ਜੋਬਨ ਸਰਗੁਣ ਮੇਲਾ, ਸਰਗੁਣ ਸੰਗ ਰਖਾਇਆ। ਸਰਗੁਣ ਗੁਰੂ ਸਰਗੁਣ ਚੇਲਾ, ਚਾਰ ਜੁਗ ਖੇਲ ਖਿਲਾਇਆ। ਸਰਗੁਣ ਸੱਜਣ ਸਰਗੁਣ ਸੁਹੇਲਾ, ਸਰਗੁਣ ਸਰਗੁਣ ਵੇਖ ਵਖਾਇਆ। ਨਿਰਗੁਣ ਵਸਿਆ ਇਕ ਇਕੇਲਾ, ਦਿਸ ਕਿਸੇ ਨਾ ਆਇਆ। ਅਚਰਜ ਖੇਲ ਪਾਰਬ੍ਰਹਮ ਪ੍ਰ੍ਰਭ ਆਪਣਾ ਖੇਲਾ, ਕਲਜੁਗ ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇਆ। ਨਿਰਗੁਣ ਹਰਿ ਨਿਰੰਕਾਰ, ਨਿਰਗੁਣ ਆਤਮ ਬ੍ਰਹਮ ਜਣਾਈਆ। ਨਿਰਗੁਣ ਕੰਤ ਹਰਿ ਭਤਾਰ, ਨਿਰਗੁਣ ਸੁਰਤੀ ਲਏ ਪਰਨਾਈਆ। ਨਿਰਗੁਣ ਸ਼ਬਦ ਸਚ ਜੈਕਾਰ, ਨਿਰਗੁਣ ਨਾਮ ਮਰਦੰਗ ਵਜਾਈਆ। ਨਿਰਗੁਣ ਜੋਬਨ ਲਏ ਹੁਲਾਰ, ਰੂਪ ਰੰਗ ਬੇਪਰਵਾਹੀਆ। ਨਿਰਗੁਣ ਮੰਦਰ ਕਰ ਤਿਆਰ, ਘਰ ਘਰ ਵਿਚ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਨਿਰਗੁਣ ਜੋਬਨ ਦਿਸ ਨਾ ਆਏ, ਗੁਰਮੁਖਾਂ ਰੰਗ ਰੰਗਾਇੰਦਾ। ਕਲਜੁਗ ਹਿੱਸਾ ਆਪ ਵੰਡਾਏ, ਆਪਣੀ ਵੰਡਣ ਵੰਡ ਵਖਾਇੰਦਾ। ਦਹਿ ਦਿਸ਼ਾ ਉਠ ਉਠ ਫੇਰੀ ਪਾਏ, ਦੋ ਜਹਾਨਾਂ ਪੰਧ ਮੁਕਾਇੰਦਾ। ਗੁਰਮੁਖ ਸਾਚੇ ਮੇਲ ਮਿਲਾਏ, ਗੋਬਿੰਦ ਸਗਲਾ ਸੰਗ ਨਿਭਾਇੰਦਾ। ਲਾਲ ਗੁਲਾਲਾ ਰੰਗ ਚੜ੍ਹਾਏ, ਆਪਣਾ ਜੋਬਨ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇੰਦਾ। ਨਿਰਗੁਣ ਜੋਬਨ ਅਪਰ ਅਪਾਰਾ, ਨਿਰਗੁਣ ਈਸ਼ ਜੀਵ ਰੰਗਾਈਆ। ਨਿਰਗੁਣ ਤਤ ਨਾ ਕੋਇ ਧਾਰਾ, ਨਿਰਗੁਣ ਹਰਿ ਹਰਿ ਰੂਪ ਸਮਾਈਆ। ਨਿਰਗੁਣ ਰੰਗ ਨਾ ਦਿਸੇ ਵਿਚ ਸੰਸਾਰਾ, ਨਿਰਗੁਣ ਸਗਲਾ ਸੰਗ ਨਿਭਾਈਆ। ਕਲਜੁਗ ਅੰਤਮ ਖੇਲ ਨਿਆਰਾ, ਸਰਗੁਣ ਰੂਪ ਨਾ ਕੋਇ ਦਰਸਾਈਆ। ਅੰਦਰ ਮੰਦਰ ਕਰੇ ਪਿਆਰਾ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਰੰਗ ਚੜ੍ਹਾਏ ਅਗੰਮ ਅਪਾਰਾ, ਰੰਗਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਬਨ ਵੇਖ ਵਖਾਈਆ। ਗੁਰਸਿਖ ਅੰਦਰ ਸਾਚਾ ਜੋਬਨ, ਹਰਿ ਸਾਚੇ ਨਾਮ ਰਖਾਇਆ। ਰੰਗ ਰੰਲੀਆਂ ਮਾਨਣ ਏਕਾ ਸੇਜੇ ਸੋਵਣ, ਸੁਰਤੀ ਸ਼ਬਦੀ ਖੇਲ ਖਿਲਾਇਆ। ਆਪਣੇ ਅੱਗੇ ਆਪੇ ਹੋਵਣ, ਦੂਜਾ ਰੂਪ ਨਾ ਕੋਇ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਪੜਦਾ ਲਾਹਿਆ। ਸੁਰਤੀ ਜੋਬਨ ਸਚ ਘਰ, ਆਪਣਾ ਵੇਖ ਵਖਾਈਆ। ਗੁਰ ਸ਼ਬਦ ਮਿਲਿਆ ਸਾਚਾ ਵਰ, ਘਰ ਵਜਦੀ ਰਹੇ ਵਧਾਈਆ। ਮੇਲ ਮਿਲਾਵਾ ਨਾਰੀ ਨਰ, ਨਰ ਹਰਿ ਏਕਾ ਧਾਮ ਬਹਾਈਆ। ਨਿਰਭੈ ਚੁਕਾਇਆ ਜਗਤ ਡਰ, ਭੈ ਆਪਣਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗਣ ਵੇਖ ਵਖਾਈਆ । ਸੁਰਤੀ ਰੰਗ ਸ਼ਬਦ ਲਲਾਰਾ, ਹਰਿ ਕਰਤਾ ਆਪ ਰੰਗਾਇੰਦਾ। ਦਸਮ ਦਵਾਰੀ ਦਏ ਹੁਲਾਰਾ, ਸਾਚਾ ਜੋਬਨ ਵੇਖ ਵਖਾਇੰਦਾ। ਸੇਜ ਸੁਹੰਜਣੀ ਸੋਏ ਕੰਤ ਭਤਾਰਾ, ਜੋਤ ਨਿਰੰਜਣ ਡਗਮਗਾਇੰਦਾ। ਦਰਦ ਦੁੱਖ ਭੈ ਭੰਜਨ ਕਰੇ ਖੇਲ ਆਪਣੀ ਵਾਰਾ, ਚੌਥਾ ਜੁਗ ਮੁਖ ਸਾਲਾਹਿੰਦਾ। ਨਿਰਗੁਣ ਰੂਪ ਲਏ ਅਵਤਾਰਾ, ਜੋਤੀ ਜਾਮਾ ਭੇਖ ਵਟਾਇੰਦਾ। ਨਿਰਗੁਣ ਆਤਮ ਪਾਵੇ ਸਾਰਾ, ਪਰਮ ਆਤਮ ਵੇਖ ਵਖਾਇੰਦਾ। ਨਿਰਗੁਣ ਧਾਮ ਕਰ ਤਿਆਰਾ, ਘਰ ਘਰ ਵਿਚ ਡੇਰਾ ਲਾਇੰਦਾ। ਨਿਰਗੁਣ ਜੋਬਨ ਵੇਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਗੁਰਮੁਖ ਮਿਲਿਆ ਹਰਿ ਸਰਨਾਈ, ਮਿਟੇ ਜਗਤ ਅੰਦੇਸਾ। ਪੁਰਖ ਅਬਿਨਾਸ਼ੀ ਦਇਆ ਕਮਾਈ, ਕਲਜੁਗ ਅੰਤਮ ਦੇਵੇ ਸਚ ਸੰਦੇਸ਼ਾ। ਨਿਹਕਲੰਕਾ ਜਾਮਾ ਪਾਈ, ਪਰਗਟ ਹੋਏ ਮਾਝੇ ਦੇਸਾ। ਸੰਬਲ ਨਗਰੀ ਇਕ ਸੁਹਾਈ, ਤਖ਼ਤ ਸੁਹਾਇਆ ਨਰ ਨਰੇਸ਼ਾ। ਹਰਿ ਮੰਦਰ ਸਾਚੀ ਜੋਤ ਜਗਾਈ, ਦਰ ਮੰਗਣ ਬ੍ਰਹਮਾ ਵਿਸ਼ਨੂੰ ਸ਼ਿਵ ਬਣ ਦਰਵੇਸ਼ਾ। ਆਪਣੀ ਕਲ ਆਪ ਵਰਤਾਈ, ਰੂਪ ਰੰਗ ਨਾ ਕੋਇ ਜਣਾਈ, ਦਿਸ ਨਾ ਆਏ ਮੁੱਛ ਦਾੜ੍ਹੀ ਕੇਸਾ। ਜੋਤੀ ਜੋਤ ਕਰ ਰੁਸ਼ਨਾਈ, ਲੋਕਮਾਤ ਖ਼ੁਸ਼ੀ ਮਨਾਈ, ਜੂਨੀ ਰਹਿਤ ਧਾਰੇ ਭੇਸਾ। ਪੁਰਖ ਅਕਾਲ ਵੱਜੀ ਵਧਾਈ, ਨਿਰਗੁਣ ਢੋਲਾ ਗਾਏ ਚਾਈਂ ਚਾਈਂ, ਆਪ ਚੁਕਾਏ ਆਪਣਾ ਲੇਖਾ। ਗੁਰਮੁਖ ਉਠਾਏ ਫੜ ਫੜ ਬਾਂਹੀਂ, ਕਰੇ ਕਰਾਏ ਸਚ ਨਿਆਈਂ, ਲੋਕਮਾਤ ਕੋਇ ਨਾ ਚਲੇ ਕਿਸੇ ਦੀ ਪੇਸ਼ਾ। ਸਿਰ ਦੇਵਣ ਆਇਆ ਠੰਡੀਆਂ ਛਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਆਪਣੇ ਦੇਸਾ। ਦੇਸ ਦਸੰਤਰ ਸੁਹਾਵਣਾ, ਹਰਿ ਸਾਚਾ ਸਚ ਸੁਹਾਇੰਦਾ। ਨਿਰਗੁਣ ਨਿਰਗੁਣ ਮੇਲ ਮਿਲਾਵਣਾ, ਸਰਗੁਣ ਸਰਗੁਣ ਪੰਧ ਮੁਕਾਇੰਦਾ। ਨਿਰਗੁਣ ਨਿਰਗੁਣ ਖੇਲ ਖਲਾਵਣਾ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਨਿਰਗੁਣ ਨਿਰਗੁਣ ਜੋਗ ਕਮਾਵਣਾ, ਜਗਤ ਹਠ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਆਪਣੇ ਘਰ, ਘਰ ਜੋਬਨ ਇਕ ਵਖਾਇੰਦਾ। ਘਰ ਜੋਬਨ ਜੋਗ ਜੁਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਘਰ ਭੋਗੀ ਭੋਗ ਕਰੇ ਆਪਣੀ ਭੁਗਤ, ਭਗਵਨ ਭਗਤਨ ਸੰਗ ਰਖਾਈਆ। ਲੋਕ ਪਰਲੋਕ ਦੋ ਜਹਾਨ, ਬਣਾਏ ਆਪਣੀ ਯੁਗਤ ਜੁਗ ਕਰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਲਗਾਏ ਆਪਣੇ ਲੜ, ਨਿਰਗੁਣ ਨਿਰਗੁਣ ਸੰਗ ਰਖਾਈਆ। ਨਿਰਗੁਣ ਸੁਰਤੀ ਸ਼ਬਦ ਪਿਆਰੀ, ਸੰਤ ਕੰਤ ਮੇਲ ਮਿਲੰਨਿਆ। ਗੁਰਮੁਖ ਘਰ ਸ਼ਾਹੋ ਪਾਇਆ ਸੱਚਾ ਸਿਕਦਾਰੀ, ਗ੍ਰਹਿ ਮੰਦਰ ਬਹਿ ਬਹਿ ਮੰਨਿਆ। ਦਰ ਘਰ ਸਾਚੇ ਲੱਗੀ ਯਾਰੀ, ਪੁਰਖ ਅਕਾਲ ਏਕਾ ਮੰਨਿਆ। ਜੋਬਨ ਵੇਖੇ ਤਨ ਸ਼ੰਗਾਰੀ, ਕਰਵਟ ਲਏ ਨੌਜਵੰਨਿਆ। ਗੁਰਮੁਖ ਸਾਚੇ ਲਏ ਉਭਾਰੀ, ਲੋਕਮਾਤ ਵੇਖ ਵਖੰਨਿਆ। ਉਚੀ ਕੂਕ ਕਰੇ ਪੁਕਾਰੀ, ਆਪ ਆਪਣਾ ਰਾਗ ਸੁਣੰਨਿਆ। ਚਰਨ ਕਵਲ ਲੇਖਾ ਧੁਰ ਦਰਬਾਰੀ, ਸਚਖੰਡ ਦਵਾਰਾ ਖੇਲ ਖਲੰਨਿਆ। ਕਲਜੁਗ ਆਈ ਅੰਤਮ ਵਾਰੀ, ਸਾਚਾ ਤਖ਼ਤ ਨਾ ਕੋਇ ਸੁਹੰਨਿਆ। ਸ਼ਾਹ ਸੁਲਤਾਨਾ ਆਏ ਹਾਰੀ, ਹਰਿ ਕਾ ਰੂਪ ਕਿਸੇ ਨਾ ਮੰਨਿਆ। ਗੁਰਮੁਖ ਹੋਇਆ ਸ਼ਾਹ ਅਸਵਾਰੀ, ਸਾਚੇ ਘੋੜੇ ਚਰਨ ਰਕਾਬ ਟਿਕੰਨਿਆ। ਅਬਿਨਾਸ਼ੀ ਕਰਤਾ ਪਾਵੇ ਸਾਰੀ, ਲੇਖਾ ਜਾਣੇ ਦੋ ਜਹੰਨਿਆ। ਗੁਰਮੁਖ ਨਾਰ ਨਾ ਰਹੇ ਕਵਾਰੀ, ਘਰ ਕੰਤ ਕੰਤੂਹਲਾ ਫਿਰੇ ਭੰਨਿਆ। ਜੋਬਨ ਹੰਢਾਏ ਆਪਣੀ ਵਾਰੀ, ਪਾਵੇ ਸਾਰੀ ਛੱਪਰ ਛੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਮਾਤ ਪਿਤ ਨਾ ਕਿਸੇ ਜਣਿਆ। ਮਾਤ ਪਿਤ ਨਾ ਕੋਈ ਦਾਦਾ, ਬੰਸ ਸਰਬੰਸ ਨਾ ਕੋਈ ਜਣਾਈਆ। ਕਰੇ ਖੇਲ ਆਦਿ ਜੁਗਾਦਾ, ਇਕ ਅਕੱਲਾ ਵਡ ਵਡਿਆਈਆ। ਲੇਖਾ ਜਾਣੇ ਬੋਧ ਅਗਾਧਾ, ਸ਼ਬਦ ਸ਼ਬਦੀ ਰੂਪ ਸਮਾਈਆ। ਆਪਣਾ ਮੰਦਰ ਆਪੇ ਲਾਧਾ, ਸਚਖੰਡ ਦਵਾਰਾ ਆਪ ਸੁਹਾਈਆ। ਆਪ ਵਜਾਏ ਆਪਣਾ ਨਾਦਾ, ਤੁਰੀਆ ਨਾਦ ਆਪ ਵਖਾਈਆ। ਆਪੇ ਹੋਏ ਰਹੇ ਵਿਸਮਾਦਾ, ਵਿਸਮਾਦੀ ਆਪਣਾ ਨਾਉਂ ਧਰਾਈਆ। ਆਪ ਲਡਾਏ ਆਪਣਾ ਲਾਡਾ, ਜੁਗ ਜੁਗ ਆਪਣੀ ਖੇਲ ਖਿਲਾਈਆ। ਆਪੇ ਲੇਖਾ ਜਾਣੇ ਸੰਤਨ ਸਾਧਾ, ਸਤਿਗੁਰ ਆਪਣਾ ਨਾਉਂ ਧਰਾਈਆ। ਆਪੇ ਗੁਰਮੁਖ ਸਾਜਣ ਸਾਚੇ ਲਾਧਾ, ਲੱਖ ਚੁਰਾਸੀ ਖੋਜ ਖੋਜਾਈਆ। ਆਪ ਵਜਾਏ ਆਪਣਾ ਅਨਹਦ ਵਾਜਾ, ਤਾਰ ਸਤਾਰ ਨਾ ਕੋਈ ਹਿਲਾਈਆ। ਆਪੇ ਸਵਾਰੇ ਗੁਰਮੁਖਾਂ ਕਾਜਾ, ਗੁਰ ਸਤਿਗੁਰ ਵਡ ਵਡਿਆਈਆ। ਆਪੇ ਰੱਖਣਹਾਰਾ ਲਾਜਾ, ਸਮਰਥ ਪੁਰਖ ਆਪ ਅਖਵਾਈਆ। ਆਪੇ ਸ਼ਾਹੋ ਭੂਪ ਬਣ ਵਡ ਰਾਜਨ ਰਾਜਾ, ਤਖ਼ਤ ਤਾਜ ਇਕ ਸੁਹਾਈਆ । ਆਪੇ ਚਲਾਏ ਸਚ ਜਹਾਜਾ, ਸਾਚਾ ਬੇੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਆਪ ਬਣਾਈਆ। ਆਪਣੀ ਬਣਤ ਹਰਿ ਬਨਵਾਰੀ, ਦਰਗਹ ਸਾਚੀ ਆਪ ਬਣਾਇੰਦਾ। ਨਿਰਗੁਣ ਜੋਤ ਨਿਰਾਕਾਰੀ, ਨਿਰਾਧਾਰੀ ਵੇਖ ਵਖਾਇੰਦਾ। ਕਲਜੁਗ ਅੰਤਮ ਲੈ ਅਵਤਾਰੀ, ਸਾਚੀ ਧਾਰੀ ਮਾਤ ਬੰਧਾਇੰਦਾ। ਗੁਰਮੁਖ ਜੋਬਨ ਵੇਖੇ ਏਕਾ ਵਾਰੀ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ  ਵੇਖੇ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਵਖਾਏ ਸਚ ਨਿਸ਼ਾਨ, ਘਰ ਘਰ ਦਰ ਦਰ ਹਰਿ ਹਰਿ ਆਪ ਉਠਾਇੰਦਾ।