Granth 09 Likhat 143: 24 Harh 2017 Bikarmi Gurbachan Singh de Ghar Ahmed Pura Dayea Hoyi Jila Kapurthala

੨੪ ਹਾੜ ੨੦੧੭ ਬਿਕ੍ਰਮੀ ਗੁਰਬਚਨ ਸਿੰਘ ਦੇ ਘਰ ਐਹਮਦ ਪੁਰਾ ਦਇਆ ਹੋਈ ਜ਼ਿਲਾ ਕਪੂਰਥਲਾ

ਸਤਿ ਪੁਰਖ ਨਿਰੰਜਣ ਦੀਨ ਦਿਆਲਾ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਜੋਤ ਅਕਾਲਾ, ਅਕਲ ਕਲ ਕਲਧਾਰੀ ਨਾਉਂ ਰਖਾਇੰਦਾ। ਆਦਿ ਸ਼ਕਤੀ ਨੂਰ ਜਵਾਲਾ, ਜਾਗਰਤ ਜੋਤ ਡਗਮਗਾਇੰਦਾ। ਨਿਰਗੁਣ ਰੂਪ ਅਨੂਪ ਹਰਿ ਮਹਾਂਕਾਲਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਧੁਰ ਦਰਬਾਰ ਵਸਾਏ ਸੱਚੀ ਧਰਮਸਾਲਾ, ਦਰ ਦਰਬਾਰਾ ਆਪ ਸੁਹਾਇੰਦਾ। ਜੁਗਾ ਜੁਗੰਤਰ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇੰਦਾ। ਸ਼ਬਦ ਅਗੰਮੀ ਬਣ ਦਲਾਲਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਨਾਮ ਨਿਧਾਨਾ ਏਕਾ ਮਾਲਾ, ਲੱਖ ਚੁਰਾਸੀ ਫੋਲ ਹੰਢਾਇੰਦਾ। ਸਚ ਸਿੰਘਾਸਣ ਸੋਹੇ ਸਾਚੀ ਸ਼ਾਲਾ, ਸ਼ਾਹ ਸੁਲਤਾਨਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਇੰਦਾ। ਆਪਣੀ ਕਲ ਹਰਿ ਵਰਤਾਏ, ਮਹਿਮਾ ਅਕਥ ਕਥੀ ਨਾ ਜਾਈਆ। ਜੁਗਾ ਜੁਗੰਤਰ ਵੇਸ ਵਟਾਏ, ਲੋਕਮਾਤ ਵੱਜੇ ਵਧਾਈਆ। ਸਤਿਗੁਰ ਸਾਚਾ ਨਾਉਂ ਧਰਾਏ, ਗੁਰ ਗੁਰ ਏਕਾ ਬੂਝ ਬੁਝਾਈਆ। ਸੰਤਨ ਮੇਲਾ ਸਹਿਜ ਸੁਭਾਏ, ਘਰ ਸਾਚੇ ਲਏ ਮਿਲਾਈਆ। ਹਰਿਜਨ ਸਾਚੇ ਲਏ ਉਠਾਏ, ਏਕਾ ਅੱਖਰ ਲਏ ਪੜ੍ਹਾਈਆ। ਨਾਮ ਨਿਧਾਨਾ ਝੋਲੀ ਪਾਏ, ਬਜਰ ਕਪਾਟੀ ਦਏ ਤੁੜਾਈਆ। ਦਿਵਸ ਰੈਣ ਕਰੇ ਪ੍ਰਿਤਪਾਲੇ, ਦੇਵੀ ਦੇਵ ਸੇਵ ਕਮਾਈਆ। ਸੇਵਕ ਸੇਵਾਦਾਰ ਆਪ ਅਖਵਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਆਪ ਸਾਲਾਹੀਆ । ਹਰਿ ਘਰ ਸਾਚਾ ਵਸਿਆ, ਪਾਰਬ੍ਰਹਮ ਕਰਤਾਰ। ਦੋ ਜਹਾਨਾਂ ਫਿਰੇ ਨੱਸਿਆ, ਨਿਤ ਨਵਿਤਾ ਸਾਚੀ ਕਾਰ। ਸਾਚੇ ਮੰਦਰ ਬਹਿ ਬਹਿ ਹੱਸਿਆ, ਹਰਿਜਨ ਵੇਖੇ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਭਾਰ। ਗੁਰਮੁਖ ਸਾਚਾ ਜਾਣਿਆ, ਗੁਰ ਗੁਰ ਕਿਰਪਾ ਧਾਰ। ਆਪ ਚਲਾਏ ਆਪਣੇ ਭਾਣਿਆ, ਦੇਵੇ ਰਾਮ ਨਾਮ ਉਰਧਾਰ। ਲੇਖਾ ਜਾਣੇ ਦੋ ਜਹਾਨਿਆ, ਲੋਕਮਾਤ ਖੇਲ ਨਿਆਰ। ਹਰਿਜਨ ਸਾਚਾ ਸੁਘੜ ਸਿਆਣਿਆ, ਗੁਰਮੁਖ ਵਿਰਲਾ ਉਤਰੇ ਪਾਰ। ਲੱਖ ਚੁਰਾਸੀ ਬਾਲ ਨਾਦਾਨਿਆ, ਆਤਮ ਬ੍ਰਹਮ ਨਾ ਕੋਇ ਵਿਚਾਰ। ਹਰਿ ਕਾ ਰੰਗ ਹਰਿਜਨ ਸਾਚੇ ਮਾਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਕਰਤਾ ਖੇਲ ਕਰੰਦੜਾ, ਹਰਿ ਸੱਚਾ ਸਾਹਿਬ ਸੁਲਤਾਨ। ਗੁਰਮੁਖ ਵੇਖ ਵਖੰਦੜਾ, ਸਾਚੇ ਭਗਤ ਵਡ ਮਿਹਰਵਾਨ। ਏਕਾ ਰਚਨਾ ਰਾਮ ਰਚੰਦੜਾ, ਰਚ ਰਚ ਵੇਖੇ ਆਪ ਭਗਵਾਨ। ਸਾਚਾ ਛਤਰ ਸੀਸ ਸੁਹੰਦੜਾ, ਕਰੋੜ ਤੇਤੀਸਾ ਦੇਵੇ ਦਾਨ। ਇੰਦਰ ਮੇਘ ਆਪ ਵਸੰਦੜਾ, ਗੁਰਸਿਖ ਤ੍ਰਿਖਾ ਮਿਟੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚੇ ਹੋਏ ਪਰਧਾਨ। ਦਰ ਘਰ ਸਾਚਾ ਸੋਹਿਆ, ਸਤਿਗੁਰ ਪੂਰਾ ਆਪ ਸੁਹਾਇੰਦਾ। ਗੁਰਮੁਖ ਕਰੇ ਨਵਾਂ ਨਰੋਆ, ਨਿਰਮਲ ਅੰਮ੍ਰਿਤ ਜਾਮ ਪਿਆਇੰਦਾ। ਏਕਾ ਬੀਜ ਸਾਚਾ ਬੋਇਆ, ਫਲ ਸਾਚਾ ਆਪ ਖਵਾਇੰਦਾ। ਧੁਰ ਦਰਗਾਹੀ ਲੈ ਕੇ ਆਇਆ ਢੋਆ, ਹਰਿਜਨ ਸਾਚੇ ਤਨ ਪਹਿਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਏ। ਗੁਰਮੁਖ ਸਾਚਾ ਉਠਿਆ, ਮਿਲਿਆ ਹਰਿ ਗੋਬਿੰਦ। ਗੋਬਿੰਦ ਸੂਰਾ ਤੁੱਠਿਆ, ਮਿਟਾਏ ਸਗਲੀ ਚਿੰਦ। ਭਾਗ ਲਗਾਏ ਬੁੱਤਿਆ, ਅੰਮ੍ਰਿਤ ਬਖ਼ਸ਼ੇ ਸਾਗਰ ਸਿੰਧ। ਆਪ ਸੁਹਾਏ ਆਪਣੀ ਰੁੱਤਿਆ, ਵਡ ਦਾਤਾ ਗੁਣੀ ਗਹਿੰਦ। ਨਾਮ ਚੜ੍ਹਾਏ ਸਾਚੀ ਚੋਟੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸੁਰਪਤ ਇੰਦ। ਆਪ ਬਣਾਏ ਸਾਚਾ ਰਾਣਿਆ, ਗੁਰਮੁਖ ਮਾਤ ਪਛਾਣ। ਆਪ ਚਲਾਏ ਆਪਣੇ ਭਾਣਿਆ, ਦੇਵੇ ਨਾਮ ਨਿਧਾਨ। ਲੇਖਾ ਲਿਖੇ ਸੁਘੜ ਸਿਆਣਿਆ, ਬਿਰਹੋਂ ਮਾਰੇ ਨਿਰਾਲਾ ਬਾਣ। ਏਕਾ ਅੱਖਰ ਕਰ ਪਰਧਾਨਿਆ, ਦੋ ਜਹਾਨ ਜਪਾਏ ਸਾਚਾ ਨਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਵੇਖੇ ਇਕ ਨਿਸ਼ਾਨ। ਸਚ ਨਿਸ਼ਾਨਾ ਗੁਰਸਿਖ ਧਾਰ, ਗੁਰ ਸਤਿਗੁਰ ਵੇਖ ਵਖਾਈਆ। ਜਨਮ ਜਨਮ ਦੀ ਬੁਝੇ ਪਿਆਸ, ਚਾਤ੍ਰਕ ਚਿਤ ਨਾ ਫਿਰ ਬਿਲਲਾਈਆ। ਸਤਿਗੁਰ ਪੂਰਾ ਪੂਰੀ ਕਰੇ ਆਸ, ਦੇ ਦਰਸ ਤ੍ਰਿਪਤ ਕਰਾਈਆ। ਨਿਜ ਘਰ ਨਿਜ ਆਤਮ ਕਰੇ ਵਾਸ, ਘਰ ਮੰਦਰ ਸੋਭਾ ਪਾਈਆ। ਸਾਚੀ ਜੋਤ ਜੋਤ ਪਰਕਾਸ਼, ਪਰਮ ਪੁਰਖ ਵੱਡੀ ਵਡਿਆਈਆ। ਹਰਿਜਨ ਪੂਰੀ ਕਰੇ ਆਸ, ਆਸ ਨਿਰਾਸਾ ਨਾ ਕੋਇ ਵਖਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਪੁਰੀਆਂ ਲੋਆਂ ਖੋਜ ਖੋਜਾਈਆ। ਤਖ਼ਤ ਨਿਵਾਸੀ ਸਾਚੇ ਤਖਤ ਬਹਿ ਬਹਿ ਪਾਏ ਆਪਣੀ ਰਾਸ, ਆਪਣੀ ਖੇਲ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ । ਬੁਝੀ ਪਿਆਸ ਮਨ ਤ੍ਰਿਪਤਾਇਆ, ਗੁਰ ਸਤਿਗੁਰ ਦਇਆ ਕਮਾਈਆ। ਜਨਮ ਜਨਮ ਦਾ ਲੇਖ ਚੁਕਾਇਆ, ਘਰ ਮਿਲਿਆ ਸਾਚਾ ਮਾਹੀਆ। ਆਵਣ ਜਾਵਣ ਫੰਦ ਕਟਾਇਆ, ਭੈ ਭਿਆਨਕ ਹੋਏ ਸਹਾਈਆ। ਅਚਨ ਅਚਾਨਕ ਖੇਲ ਵਰਤਾਇਆ, ਪੂਰਬ ਲਹਿਣਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਅਜਨਮਾ ਦਏ ਸਮਝਾਈਆ। ਪੂਰਬ ਲਹਿਣਾ ਵੇਖਿਆ, ਕਰ ਕਿਰਪਾ ਹਰਿ ਨਿਰੰਕਾਰ। ਆਪੇ ਜੁਗ ਜੁਗ ਲਿਖਿਆ ਲੇਖਿਆ, ਆਪੇ ਕਰਜ਼ਾ ਦਏ ਉਤਾਰ। ਆਪੇ ਦੁਆਪਰ ਧਾਰੇ ਭੇਖਿਆ, ਕਾਹਨਾ ਕ੍ਰਿਸ਼ਨਾ ਰੂਪ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਗੋਵਰਧਨ ਲਏ ਉਭਾਰ। ਆਪ ਗੋਵਰਧਨ ਧਾਰੀ ਹਰਿ, ਹਰਿ ਵੱਡਾ ਵਡ ਵਡਿਆਈਆ। ਆਪੇ ਗਵਾਲ ਬਾਲਾ ਬਣ ਬਣ ਦੇਵੇ ਵਰ, ਗੋਕਲ ਮਥਰਾ ਹੋਏ ਸਹਾਈਆ। ਆਪੇ ਬਿੰਦਰਾਬਨ ਵੇਖੇ ਖੜ, ਆਪਣੀ ਸੇਵ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਨੰਦ ਮੇਹਰ ਦਏ ਵਡਿਆਈਆ। ਆਪੇ ਨੰਦ ਨੰਦ ਪਿਆਰਾ, ਭਾਈ ਭੱਯਾ ਸੰਗ ਰਖਾਇੰਦਾ। ਆਪੇ ਲੱਭਿਆ ਸੁੱਤ ਦੁਲਾਰਾ, ਆਪੇ ਸੱਯਾ ਮੇਲ ਮਿਲਾਇੰਦਾ। ਆਪੇ ਮੰਗੇ ਬਣ ਭਿਖਾਰਾ, ਦੋਏ ਦੋਏ ਚਰਨੀ ਸੀਸ ਝੁਕਾਇੰਦਾ। ਕਵਣ ਰੂਪ ਦਿਸੇ ਗਿਰਵਰ ਗਿਰਧਾਰਾ, ਗੋਵਰਧਨ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਛਹਿਬਰ ਆਪਣਾ ਮੇਘ ਆਪਣੇ ਹੁਕਮ ਚਲਾਇੰਦਾ। ਸਾਚਾ ਮੇਘ ਸਾਚੀ ਧਾਰ, ਹਰਿ ਕ੍ਰਿਸ਼ਨਾ ਕ੍ਰਿਸ਼ਨ ਜਣਾਈਆ। ਬਾਲ ਬਾਲੇ ਉਤਰੇ ਪਾਰ, ਚੌਥੇ ਜੁਗ ਵੱਜੇ ਵਧਾਈਆ। ਤੇਰਾ ਜਨਮ ਜਨਮ ਹੋਏ ਸੰਸਾਰ, ਲੋਕਮਾਤ ਦਏ ਹਰਿ ਵਡਿਆਈਆ। ਪੁਰਖ ਅਬਿਨਾਸ਼ੀ ਕਰੇ ਖੇਲ ਅਪਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਚਰਨ ਕਵਲ ਕਰਾਏ ਸਚ ਪਿਆਰ, ਨਾਤਾ ਬਿਧਾਤਾ ਜੋੜ ਜੁੜਾਈਆ। ਕਲਜੁਗ ਅਗਨੀ ਤਪੇ ਹਾੜ, ਚਾਰੋਂ ਕੁੰਟ ਰਹੀ ਜਲਾਈਆ। ਸਤਿਗੁਰ ਪੂਰਾ ਹੋ ਤਿਆਰ, ਸਤਿ ਸਤਿਵਾਦੀ ਖੇਲ ਖਿਲਾਈਆ। ਗੁਰਮੁਖ ਕਰੇ ਸਚ ਪਿਆਰ, ਘਰ ਮੰਦਰ ਖੋਜ ਖੋਜਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦਾ ਲਹਿਣਾ ਮੂਲ ਚੁਕਾਈਆ। ਦੇਵੇ ਦਰਸ ਦਰ ਘਰ ਆਣ, ਆਪ ਆਪਣੀ ਦਇਆ ਕਮਾਈਆ। ਦੁਆਪਰ ਕਰੇ ਕਲ ਪਛਾਣ, ਕਲ ਕਲਕੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੇਘ ਏਕਾ ਧਾਰ, ਏਕਾ ਛਹਿਬਰ ਸੱਚੇ ਘਰ ਬਾਰ, ਦਰ ਘਰ ਸਾਚੇ ਆਪ ਵਖਾਈਆ। ਦਰ ਘਰ ਸਚ ਸੁਹਾਵਣਾ, ਹੋਈ ਰੁੱਤ ਬਸੰਤ। ਗੁਰਮੁਖ ਗੁਰ ਗੁਰ ਏਕਾ ਰੰਗ ਰੰਗਾਵਣਾ, ਏਕਾ ਜਿਹਵਾ ਮਣੀਆ ਮੰਤ। ਏਕਾ ਸ਼ਬਦੀ ਨਾਦ ਵਜਾਵਣਾ, ਧੰਨ ਵਡਿਆਈ ਸਾਚੇ ਸੰਤ। ਦਰ ਮੰਦਰ ਆਪ ਸੁਹਾਵਣਾ, ਪਾਰਬ੍ਰਹਮ ਪ੍ਰਭ ਬੇਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਮੇਲ ਮਿਲਾਵਾ ਸਾਚੀ ਸੰਗਤ। ਸੰਗਤ ਸੰਗ ਨਿਭਾਇਆ, ਕਰ ਕਿਰਪਾ ਗੁਣ ਨਿਧਾਨ। ਗੁਰਸਿਖ ਗੁਰ ਗੁਰ ਲੇਖੇ ਲਾਇਆ, ਲੇਖਾ ਮਿਟਿਆ ਦੋ ਜਹਾਨ। ਨੇਤਰ ਪੇਖ ਪੇਖ ਦਰਸ਼ਨ ਪਾਇਆ, ਦਰਦੀਆਂ ਦਰਦ ਮਿਟਾਏ ਆਣ। ਨਰ ਨਰੇਸ਼ਾ ਵੇਸ ਵਟਾਇਆ, ਦਰ ਦਰਵੇਸ਼ਾ ਖੇਲ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਗੁਰਮੁਖ ਸਾਚੇ ਚਤੁਰ ਸੁਜਾਨ। ਗੁਰਬਚਨ ਬਚਨ ਗੁਰ ਮੰਨਿਆ, ਦੁਆਪਰ ਚੁੱਕੀ ਕਾਣ। ਕਲਜੁਗ ਭਾਂਡਾ ਭੰਨਿਆ, ਭਰਮੀ ਮਿਟੇ ਕੂੜ ਨਿਸ਼ਾਨ। ਸਤਿਜੁਗ ਸਾਚਾ ਚੜ੍ਹੇ ਚੰਨਿਆ, ਜੋਤ ਜਗੇ ਦੋ ਜਹਾਨ। ਦੇਵੇ ਨਾਮ ਸੱਚਾ ਧੰਨ ਧਨਿਆ, ਸਚ ਖ਼ਜ਼ੀਨਾ ਆਪ ਪਛਾਣ। ਏਕਾ ਰਾਗ ਸੁਣਾਏ ਕੰਨਿਆ, ਸੋਹੰ ਸ਼ਬਦ ਸ੍ਰੀ ਭਗਵਾਨ। ਲੱਖ ਚੁਰਾਸੀ ਦੇਵੇ ਡੰਨਿਆ, ਨੌ ਖੰਡ ਹੋਏ ਵੈਰਾਨ। ਜੋ ਘੜਿਆ ਸੋ ਭੰਨਿਆ, ਪੰਜ ਤਤ ਦਿਸੇ ਨਾ ਕੋਇ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਕਰੇ ਪਛਾਣ। ਗੁਰਬਚਨ ਗੁਰ ਏਕ ਹੈ, ਏਕ ਟੇਕ ਰਘੁਨਾਥ। ਤ੍ਰੈਗੁਣ ਮਾਇਆ ਨਾ ਲਾਏ ਸੇਕ ਹੈ, ਪੁਰਖ ਅਬਿਨਾਸ਼ੀ ਸਗਲਾ ਸਾਥ। ਕਲਜੁਗ ਅੰਤਮ ਰਿਹਾ ਵੇਖ ਹੈ, ਆਪ ਪੜ੍ਹਾਏ ਆਪਣੀ ਗਾਥ। ਲੇਖਾ ਜਾਣੇ ਮਸਤਕ ਰੇਖ ਹੈ, ਲਹਿਣਾ ਚੁੱਕੇ ਲਲਾਟੀ ਮਾਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਚੁਕਾਏ ਜਗਤ ਡਰ, ਇਕ ਵਖਾਏ ਸਾਚਾ ਘਰ, ਸਗਲ ਵਿਸੂਰੇ ਜਾਇਣ ਲਾਥ। ਸਗਲ ਵਿਸੂਰਾ ਚੁੱਕਿਆ, ਪਾਇਆ ਪਾਰਬ੍ਰਹਮ ਗੁਰ ਕਰਤਾਰ। ਹਰਿਜਨ ਬੂਟਾ ਕਦੇ ਨਾ ਸੁੱਕਿਆ, ਹਰਿਆ ਹੋਏ ਵਿਚ ਸੰਸਾਰ। ਗੁਰਮੁਖ ਕਦੇ ਨਾ ਰਹੇ ਲੁੱਕਿਆ, ਪਰਗਟ ਕਰੇ ਆਪ ਨਿਰੰਕਾਰ। ਜੋ ਜਨ ਸਰਨ ਸਰਨਾਈ ਝੁਕਿਆ, ਫੜ ਫੜ ਬਾਂਹੋਂ ਆਪੇ ਕਰੇ ਪਾਰ। ਉਲਟਾ ਮਾਤ ਗਰਭ ਨਾ ਰੁੱਖਿਆ, ਦਸ ਦਸ ਮਾਸ ਨਾ ਹੋਏ ਖ਼ਵਾਰ। ਉਜਲ ਕਰੇ ਮਾਤ ਮੁੱਖਿਆ ਮਾਣਸ ਜਨਮ ਪੈਜ ਸੁਆਰ। ਗੁਰਸਿਖਾਂ ਭਾਰ ਸਤਿਗੁਰ ਪੂਰੇ ਆਪੇ ਚੁੱਕਿਆ, ਗੁਰਸਿਖ ਰੱਖੇ ਹੌਲੇ ਭਾਰ। ਚਿਤਰ ਗੁਪਤ ਲੇਖਾ ਲੈਣ ਕਦੇ ਨਾ ਢੁਕਿਆ, ਰਾਏ ਧਰਮ ਨਾ ਕਰੇ ਖ਼ਵਾਰ। ਕਲਜੁਗ ਵੇਲਾ ਅੰਤਮ ਢੁੱਕਿਆ, ਚਾਰੋਂ ਕੁੰਟ ਅੱਗ ਅੰਗਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਸਾਚੇ ਪੇਖਿਆ, ਪਰਮ ਪੁਰਖ ਕਰਤਾਰ। ਪੂਰਬ ਜਨਮ ਜਨਮ ਦੀ ਮੇਟੇ ਰੇਖਿਆ, ਲੇਖਾ ਲਿਖਣਹਾਰ ਅਗੰਮ ਅਪਾਰ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸਿਆ, ਮੂੰਡ ਮੁੰਡਾਏ ਨਾ ਹਰਿ ਨਿਰੰਕਾਰ। ਆਪਣਾ ਰੂਪ ਆਪੇ ਵੇਖਿਆ, ਆਪੇ ਵੇਖਣਹਾਰ। ਹੁਕਮੇ ਅੰਦਰ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਤ੍ਰੈਗੁਣ ਮਾਇਆ ਕਰੇ ਸ਼ਿੰਗਾਰ। ਆਦਿ ਜੁਗਾਦੀ ਧਾਰੇ ਭੇਖਿਆ, ਨਿਰਗੁਣ ਸਰਗੁਣ ਲੈ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਸਾਚਾ ਸਚ ਦਰਬਾਰ। ਸਚ ਦਵਾਰਾ ਸੋਭਾਵੰਤ, ਗੁਰ ਚਰਨ ਸੱਚੀ ਸਰਨਾਈਆ। ਗੁਰ ਗੁਰ ਮਿਲਾਵਾ ਹਰਿ ਹਰਿ ਕੰਤ, ਨਾਰੀ ਕੰਤ ਸੇਜ ਹੰਢਾਈਆ। ਕਾਇਆ ਚੋਲੀ ਚੜ੍ਹਾਏ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਅੱਖਰ ਏਕਾ ਨਾਉਂ ਮਣੀਆ ਮੰਤ, ਮਨ ਮਨਸਾ ਦਏ ਮਿਟਾਈਆ। ਹਰਿਜਨ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਤ੍ਰੈਗੁਣ ਆਪਣਾ ਤਾਲ ਵਜਾਈਆ। ਕਲਜੁਗ ਅੰਤਮ ਹਉਮੇ ਹੰਗਤ, ਮਾਇਆ ਮਮਤਾ ਗੜ੍ਹ ਸੁਹਾਈਆ। ਚਾਰੋਂ ਕੁੰਟ ਭੁੱਖ ਨੰਗਤ, ਹਰਿ ਕਾ ਨਾਮ ਨਾ ਕੋਇ ਧਿਆਈਆ। ਗੁਰਸਿਖ ਵਿਰਲਾ ਮਿਲੇ ਸਾਚੀ ਸੰਗਤ, ਜਿਸ ਜਨ ਸਤਿਗੁਰ ਪੂਰਾ ਆਪ ਮਿਲਾਈਆ। ਮੇਲ ਮਿਲਾਵਾ ਸਾਚੀ ਸੰਗਤ, ਦਰਗਹਿ ਸਾਚੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਲੱਖ ਚੁਰਾਸੀ ਫੋਲ ਫੋਲਾਈਆ। ਲੱਖ ਚੁਰਾਸੀ ਫੋਲਣ ਫੋਲਿਆ, ਕਾਇਆ ਗੜ੍ਹ ਹੰਕਾਰ। ਪੁਰਖ ਅਬਿਨਾਸ਼ੀ ਤੋਲੇ ਤੋਲਿਆ, ਤੋਲਣਹਾਰਾ ਏਕੰਕਾਰ। ਆਦਿ ਜੁਗਾਦੀ ਬਦਲੇ ਚੋਲਿਆ, ਨਿਰਗੁਣ ਸਰਗੁਣ ਲੈ ਅਵਤਾਰ। ਸ਼ਬਦ ਅਨਾਦ ਸੁਣਾਏ ਢੋਲਿਆ, ਉਚੀ ਕੂਕ ਕਰੇ ਪੁਕਾਰ। ਕਲਜੁਗ ਅੰਤਮ ਖੇਲੇ ਹੋਲਿਆ, ਸ੍ਰਿਸ਼ਟ ਸਬਾਈ ਜਾਏ ਹਾਰ। ਗੁਰਮੁਖ ਵਿਰਲੇ ਉਲਟਾ ਕਰੇ ਨਾਭ ਕੌਲਿਆ, ਝਿਰਨਾ ਝਿਰੇ ਅੰਮ੍ਰਿਤ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਜਣ ਕਰੇ ਸ਼ੰਗਾਰ। ਗੁਰਸਿਖ ਤਨ ਸ਼ੰਗਾਰਿਆ, ਤਨ ਬਸਤਰ ਨਾਮ ਨਿਧਾਨ। ਆਪ ਬਿਠਾਏ ਸਚ ਦਵਾਰਿਆ, ਸਚਖੰਡ ਨਿਵਾਸੀ ਵਡ ਮਿਹਰਵਾਨ। ਸਾਚਾ ਕਾਜ ਆਪ ਸੁਆਰਿਆ, ਦੋ ਜਹਾਨਾਂ ਬਣ ਨਿਗਹਬਾਨ। ਰੱਖੇ ਲਾਜ ਵਿਚ ਸੰਸਾਰਿਆ, ਆਦਿ ਅੰਤ ਕਰ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਫੜ, ਆਤਮ ਅੰਤਰ ਕਰ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਕਰੇ ਖੇਲ ਮਾਤ ਪਿਤ ਜਿਉਂ ਬਾਲ ਅਞਾਣ।