੨ ਹਾੜ ੨੦੧੭ ਬਿਕ੍ਰਮੀ ਸਰੈਣ ਸਿੰਘ ਦੇ ਘਰ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਪੁਰਖ ਅਗੰਮੜਾ ਖੇਲ ਅਪਾਰਾ, ਨਿਰਾਕਾਰਾ ਆਪ ਕਰਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਦੁਆਰਾ ਆਪ ਸੁਹਾਇੰਦਾ। ਘਰ ਵਿਚ ਘਰ ਕਰ ਤਿਆਰਾ, ਥਿਰ ਦਰਬਾਰਾ ਨਾਉਂ ਧਰਾਇੰਦਾ। ਨਿਰਮਲ ਜੋਤੀ ਕਰ ਉਜਿਆਰਾ, ਦੀਪਕ ਦੀਆ ਆਪ ਟਿਕਾਇੰਦਾ। ਏਕਾ ਰਾਗ ਇਕ ਧੁਨਕਾਰਾ, ਨਾਦ ਅਨਾਦੀ ਸ਼ਬਦ ਅਲਾਇੰਦਾ । ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹੋ ਭੂਪ ਰੂਪ ਵਟਾਇੰਦਾ। ਇਕ ਇਕੱਲਾ ਏਕੰਕਾਰਾ, ਅਕਲ ਕਲ ਆਪ ਵਰਤਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਹੁਕਮੀ ਹੁਕਮ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜਾ ਧਾਮ ਸੁਹਾਇੰਦਾ। ਧਾਮ ਅਗੰਮੜਾ ਪੁਰਖ ਅਕਾਲ, ਜੂਨੀ ਰਹਿਤ ਆਪ ਸੁਹਾਈਆ। ਏਕਾ ਵਸੇ ਦੀਨ ਦਿਆਲ, ਦੂਸਰ ਸੰਗ ਨਾ ਕੋਇ ਰਖਾਈਆ। ਅਲੱਖ ਨਿਰੰਜਣ ਅਵੱਲੜੀ ਚਾਲ, ਅਗੰਮ ਅਥਾਹ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰਾ ਆਪ ਬੰਧਾਈਆ। ਨਿਰਗੁਣ ਧਾਰਾ ਹਰਿ ਭਗਵਾਨ, ਆਪਣੀ ਆਪ ਚਲਾਇੰਦਾ। ਸਚਖੰਡ ਦੁਆਰੇ ਸਚ ਨਿਸ਼ਾਨ, ਥਿਰ ਘਰ ਸਾਚੇ ਆਪ ਝੁਲਾਇੰਦਾ। ਆਦਿ ਜੁਗਾਦੀ ਖੇਲ ਮਹਾਨ, ਭੇਵ ਕੋਇ ਨਾ ਪਾਇੰਦਾ। ਰੂਪ ਰੰਗ ਨਾ ਸਕੇ ਕੋਇ ਵਖਾਣ, ਨੇਤਰ ਨੈਣ ਨਾ ਕੋਇ ਦਰਸਾਇੰਦਾ। ਸਚ ਤਖ਼ਤ ਨਿਵਾਸੀ ਵਾਲੀ ਦੋ ਜਹਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਏਕਾ ਵਸੇ ਇਕ ਮਕਾਨ, ਦੂਜਾ ਦਰ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਕਲ ਵਰਤੰਤਾ ਹਰਿ ਭਗਵੰਤ, ਪੁਰਖ ਅਬਿਨਾਸ਼ ਵੱਡੀ ਵਡਿਆਈਆ। ਆਪੇ ਜਾਣੇ ਆਦਿ ਅੰਤ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਨਿਰਗੁਣ ਬਣਾਏ ਨਿਰਗੁਣ ਬਣਤ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਨਿਰਗੁਣ ਨਾਰੀ ਨਿਰਗੁਣ ਕੰਤ, ਨਿਰਗੁਣ ਨਿਰਗੁਣ ਸੇਜ ਹੰਢਾਈਆ। ਨਿਰਗੁਣ ਹੋਏ ਸੋਭਾਵੰਤ, ਘਰ ਸਾਚੇ ਵੱਜੇ ਵਧਾਈਆ। ਨਿਰਗੁਣ ਲੇਖਾ ਆਦਿ ਅੰਤ, ਨਿਰਗੁਣ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਭੈ ਆਪਣਾ ਨਾਉਂ ਰਖਾਈਆ। ਨਿਰਭੈ ਹਰਿ ਹਰਿ ਨਾਉਂ ਰੱਖ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਪ ਆਪਣਾ ਕਰ ਪਰਤੱਖ, ਆਪ ਆਪਣੀ ਖੇਲ ਖਿਲਾਇੰਦਾ। ਲੇਖਾ ਜਾਣੇ ਅਲੱਖਣਾ ਅਲੱਖ, ਅਲੱਖ ਅਗੋਚਰ ਅਗੰਮ ਅਥਾਹ ਆਪਣਾ ਨਾਉਂ ਜਣਾਇੰਦਾ। ਆਪੇ ਵਸੇ ਸਭ ਤੋਂ ਵੱਖ, ਭੇਵ ਅਭੇਦਾ ਭੇਵ ਛੁਪਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਘਰ ਵਖਾਇੰਦਾ। ਆਪਣੀ ਦਿਸ਼ਾ ਆਪੇ ਨੱਸ, ਆਪਣਾ ਪੰਧ ਮੁਕਾਇੰਦਾ। ਆਪਣੇ ਮੰਦਰ ਆਪੇ ਵਸ, ਸਚਖੰਡ ਦਵਾਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਇੰਦਾ। ਆਪਣੀ ਧਾਰ ਹਰਿ ਨਿਰੰਕਾਰ, ਆਦਿ ਆਦਿ ਬੰਧਾਈਆ। ਨਿਰਗੁਣ ਨਿਰਗੁਣ ਕਰ ਅਕਾਰ, ਨਿਰਗੁਣ ਨਿਰਾਕਾਰ ਸਮਾਈਆ। ਨਿਰਗੁਣ ਜੋਤ ਜੋਤ ਉਜਿਆਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਿਰਗੁਣ ਨਾਦ ਨਾਦ ਧੁਨਕਾਰ, ਨਿਰਗੁਣ ਸ਼ਬਦ ਸ਼ਬਦ ਸ਼ਨਵਾਈਆ । ਨਿਰਗੁਣ ਮਹੱਲ ਅਟੱਲ ਮੁਨਾਰ, ਸਚਖੰਡ ਦਵਾਰਾ ਸੋਭਾ ਪਾਈਆ। ਨਿਰਗੁਣ ਥਿਰ ਘਰ ਬਣਾਏ ਇਕ ਦਰਬਾਰ, ਦਰ ਦਰਵਾਜ਼ਾ ਨਾ ਕੋਇ ਵਖਾਈਆ। ਨਿਰਗੁਣ ਸੁੱਤ ਨਿਰਗੁਣ ਦੁਲਾਰ, ਨਿਰਗੁਣ ਪਿਤਾ ਪੂਤ ਅਖਵਾਈਆ। ਨਿਰਗੁਣ ਮਾਤ ਦਏ ਆਧਾਰ, ਦਾਤਾ ਦਾਨੀ ਬੇਪਰਵਾਹੀਆ। ਨਿਰਗੁਣ ਬੈਠ ਇਕ ਇਕਾਂਤ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਥਿਰ ਘਰ ਸਾਚਾ ਆਪ ਵਡਿਆਈਆ। ਥਿਰ ਘਰ ਸਾਚਾ ਹਰਿ ਸੁਹੰਜਣਾ, ਆਪਣਾ ਗੜ੍ਹ ਬਣਾਇਆ। ਜੋਤ ਜਗਾਏ ਆਦਿ ਨਿਰੰਜਣਾ, ਉਪਰ ਚੜ੍ਹ ਆਸਣ ਲਾਇਆ। ਆਦਿ ਜੁਗਾਦੀ ਦਰਦ ਦੁੱਖ ਭੈ ਭੰਜਣਾ, ਨਿਰਭੈ ਆਪਣਾ ਨਾਉਂ ਧਰਾਇਆ। ਸਦਾ ਸੁਹੇਲਾ ਸਾਚਾ ਸੱਜਣਾ, ਨਾ ਮਰੇ ਨਾ ਜਾਇਆ। ਨਾ ਘੜਿਆ ਨਾ ਭੱਜਣਾ, ਘੜਣ ਭੰਨਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸਚ ਮਹੱਲਾ ਪੁਰਖ ਅਬਿਨਾਸ਼ੀ ਵਸਿਆ ਇਕ ਇਕੱਲਾ, ਦੂਸਰ ਸੰਗ ਨਾ ਕੋਇ ਰਲਾਇਆ। ਸਚਖੰਡ ਦਵਾਰਾ ਸਾਚਾ ਥਾਨ, ਹਰਿ ਸਾਚਾ ਆਪ ਸੁਹਾਇੰਦਾ। ਪਰਗਟ ਹੋ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਨੌਜਵਾਨ, ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ। ਆਦਿ ਨਿਰੰਜਣ ਜੋਤ ਮਹਾਨ, ਜੋਤੀ ਜੋਤ ਡਗਮਗਾਇੰਦਾ। ਪਾਰਬ੍ਰਹਮ ਹੋ ਪਰਧਾਨ, ਆਪ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜਾ ਅਗੰਮੜੀ ਕਾਰ ਕਰਾਇੰਦਾ। ਅਗੰਮ ਅਗੰਮੜਾ ਪੁਰਖ ਅਕਾਲਾ, ਆਦਿ ਜੁਗਾਦਿ ਵੱਡੀ ਵਡਿਆਈਆ। ਸਚਖੰਡ ਨਿਵਾਸੀ ਵਸੇ ਸਚ ਸੱਚੀ ਧਰਮਸਾਲਾ, ਥਿਰ ਦਰਬਾਰਾ ਸੋਭਾ ਪਾਈਆ। ਜੁਗਾ ਜੁਗੰਤਰ ਅਵੱਲੜੀ ਚਾਲਾ, ਆਪ ਆਪਣੀ ਆਪ ਰਖਾਈਆ। ਸੰਗ ਰਖਾਏ ਕਾਲ ਮਹਾਂਕਾਲਾ, ਦੀਨ ਦਿਆਲਾ ਬੇਪਰਵਾਹੀਆ। ਆਪਣਾ ਫਲ ਲਗਾਏ ਆਪਣੇ ਡਾਲ੍ਹਾ, ਪਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮੜੀ ਕਾਰ ਆਪ ਕਮਾਈਆ। ਅਗੰਮੜੀ ਕਾਰ ਕਰਾਵਣਹਾਰਾ, ਆਪਣੀ ਖੇਲ ਖਿਲਾਇੰਦਾ। ਸਚਖੰਡ ਖੋਲ੍ਹ ਦਵਾਰਾ, ਘਰ ਸਾਚੇ ਆਸਣ ਲਾਇੰਦਾ। ਸਾਚੀ ਸੇਜਾ ਕਰ ਤਿਆਰਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਮੇਲ ਮਿਲਾਵਾ ਕੰਤ ਭਤਾਰਾ, ਘਰ ਸਾਚਾ ਸਗਨ ਮਨਾਇੰਦਾ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਰਾ ਰੂਪ ਧਰਾਇੰਦਾ। ਆਪੇ ਮਾਤ ਪਿਤ ਬਣ ਵਣਜਾਰਾ, ਸਾਚੀ ਵਸਤ ਆਪਣੇ ਹੱਟ ਟਿਕਾਇੰਦਾ। ਆਪੇ ਪਰਗਟ ਹੋਏ ਸੁੱਤ ਦੁਲਾਰਾ, ਸ਼ਬਦੀ ਨਾਉਂ ਧਰਾਇੰਦਾ। ਆਪੇ ਸ਼ਾਹੋ ਭੂਪ ਬਣ ਸਿਕਦਾਰਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਆਪੇ ਨਿਉਂ ਨਿਉਂ ਕਰੇ ਨਿਮਸਕਾਰਾ, ਸੀਸ ਜਗਦੀਸ਼ ਆਪ ਝੁਕਾਇੰਦਾ । ਆਪੇ ਬੇਐਬ ਹੋਏ ਪਰਵਰਦਿਗਾਰਾ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪਣਾ ਆਪ ਕਰਾਇੰਦਾ। ਸੁੱਤ ਦੁਲਾਰਾ ਕਰ ਤਿਆਰ, ਹਰਿ ਸਾਚਾ ਸਚ ਸਮਝਾਇੰਦਾ। ਤੇਰਾ ਰੂਪ ਮੇਰੀ ਧਾਰ, ਤੇਰਾ ਰੰਗ ਸਰਬ ਸਮਾਇੰਦਾ। ਤੇਰਾ ਮਰਦੰਗ ਸੁਣੇ ਸਚ ਸਰਕਾਰ, ਸਤਿ ਪੁਰਖ ਨਿਰੰਜਣ ਘਰ ਸਾਚੇ ਆਪ ਸੁਣਾਇੰਦਾ। ਤੇਰਾ ਅੰਗ ਕਰੇ ਅੰਗੀਕਾਰ, ਆਪ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁੱਤ ਦੁਲਾਰੇ ਇਹ ਸਮਝਾਇੰਦਾ। ਸ਼ਬਦ ਸੁੱਤ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਆਪ ਆਪਣੀ ਦਇਆ ਕਮਾਇੰਦਾ। ਚਰਨ ਕਵਲ ਵਖਾਏ ਇਕ ਧਿਆਨ, ਦੂਸਰ ਓਟ ਨਾ ਕੋਇ ਰਖਾਇੰਦਾ। ਮੇਰਾ ਹੁਕਮ ਤੇਰਾ ਫ਼ਰਮਾਣ, ਦਰ ਦਰਬਾਨ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਰਖਾਇੰਦਾ। ਸਾਚੀ ਸਿਖਿਆ ਸੁਣ ਲਾ ਕੰਨ, ਹਰਿ ਸਾਚਾ ਸਚ ਸਮਝਾਇੰਦਾ। ਪੁਰਖ ਅਕਾਲ ਤੇਰਾ ਬਣਿਆ ਜਨਨੀ ਜਨ, ਮਾਤ ਪਿਤ ਨਾ ਕੋਇ ਵਖਾਇੰਦਾ। ਪੰਜ ਤਤ ਨਾ ਦਿਸੇ ਤਨ, ਤ੍ਰੈਗੁਣ ਨਾ ਵੰਡ ਵੰਡਾਇੰਦਾ। ਦੂਸਰ ਕੋਇ ਨਾ ਦੇਵੇ ਡੰਨ, ਨਾ ਕੋਈ ਘੜੇ ਭੰਨ ਵਖਾਇੰਦਾ। ਕਦੇ ਵਸੇਰਾ ਨਾ ਹੋਵੇ ਛੱਪਰ ਛੰਨ, ਮੰਦਰ ਅੰਦਰ ਬੰਦ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਇੰਦਾ। ਸਾਚੀ ਵਸਤ ਪਾਰਬ੍ਰਹਮ, ਏਕਾ ਝੋਲੀ ਪਾਈਆ। ਸ਼ਬਦ ਸ਼ਬਦੀ ਨਾ ਮਰੇ ਨਾ ਪਏ ਜੰਮ, ਜੂਨ ਅਜੂਨੀ ਨਾ ਕੋਇ ਫਿਰਾਈਆ। ਨਾ ਖ਼ੁਸ਼ੀ ਨਾ ਕੋਇ ਗ਼ਮ, ਚਿੰਤਾ ਸੋਗ ਨਾ ਕੋਇ ਵਖਾਈਆ। ਤੇਰਾ ਜਾਣੇ ਤੇਰਾ ਕੰਮ, ਤੇਰੇ ਹੱਥ ਰੱਖੀ ਵਡਿਆਈਆ। ਲੋਆਂ ਪੁਰੀਆਂ ਬੇੜਾ ਬੰਨ੍ਹ, ਰਵ ਸਸ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਅੱਖਰ ਦਏ ਪੜ੍ਹਾਈਆ। ਸਾਚੀ ਸਿਖਿਆ ਸੁਣ ਸੁੱਤ ਦੁਲਾਰਾ, ਦੋਏ ਜੋੜ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਤੇਰਾ ਧਾਮ ਨਿਆਰਾ, ਨਿਰਾਕਾਰਾ ਵੇਖ ਵਖਾਇੰਦਾ। ਲੋਆਂ ਪੁਰੀਆਂ ਬਣੇ ਮੁਨਾਰਾ, ਮੰਡਲ ਮੰਡਪ ਆਪ ਉਪਜਾਇੰਦਾ। ਰਵ ਸਸ ਉਪਜਾਏ ਚੰਨ ਸਤਾਰਾ, ਆਕਾਸ਼ ਪਰਕਾਸ਼ ਆਪ ਰਖਾਇੰਦਾ। ਆਪੇ ਵਣਜ ਕਰੇ ਵਣਜਾਰਾ, ਆਪ ਆਪਣਾ ਹੱਟ ਖੁਲ੍ਹਾਇੰਦਾ। ਆਪੇ ਵਿਸ਼ਵ ਪਾਏ ਸਾਰਾ, ਵਿਸ਼ਨੂੰ ਆਪਣੀ ਕਲ ਧਰਾਇੰਦਾ। ਆਪੇ ਅੰਮ੍ਰਿਤ ਜਲ ਜਲ ਧਾਰਾ, ਨਾਭੀ ਬੰਦ ਵਖਾਇੰਦਾ। ਆਪੇ ਪਰਗਟ ਹੋ ਆਏ ਬਾਹਰਾ, ਕਵਲ ਕਵਲਾ ਰੂਪ ਵਟਾਇੰਦਾ। ਆਪੇ ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਬ੍ਰਹਮ ਆਪਣਾ ਨਾਉਂ ਧਰਾਇੰਦਾ। ਆਪੇ ਸ਼ੰਕਰ ਦਏ ਹੁਲਾਰਾ, ਸੁੰਨ ਅਗੰਮ ਆਪ ਸਮਾਇੰਦਾ। ਆਪੇ ਤਿੰਨਾਂ ਵਸੇ ਬਾਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਖੋਲ੍ਹਿਆ, ਸ਼ਬਦ ਸੁੱਤ ਨੌਜਵਾਨ। ਵਿਸ਼ਨੂੰ ਅੰਦਰ ਵੜ ਵੜ ਬੋਲਿਆ, ਬ੍ਰਹਮੇ ਦੇਵੇ ਇਕ ਗਿਆਨ। ਸ਼ੰਕਰ ਆਪਣੇ ਕੰਡੇ ਤੋਲਿਆ, ਤੋਲਣਹਾਰ ਸ੍ਰੀ ਭਗਵਾਨ। ਨਿਰਗੁਣ ਨਿਰਗੁਣ ਬਦਲੇ ਚੋਲਿਆ, ਦਿਸੇ ਨਾ ਕੋਇ ਨਿਸ਼ਾਨ। ਇਕ ਸੁਣਾਏ ਸਾਚਾ ਢੋਲਿਆ, ਸੋ ਪੁਰਖ ਨਿਰੰਜਣ ਵਡ ਮਿਹਰਵਾਨ। ਹੰ ਰੂਪ ਆਪੇ ਮੌਲਿਆ, ਅੰਸ ਬੰਸ ਕਰ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਾਏ ਆਪਣੀ ਆਣ। ਤ੍ਰੈ ਤ੍ਰੈ ਮੀਤਾ ਇਕ ਅਤੀਤਾ, ਤ੍ਰੈ ਤ੍ਰੈ ਧਾਰ ਬੰਧਾਈਆ। ਦਰਗਹਿ ਸਾਚੀ ਬੈਠਾ ਠਾਂਡਾ ਸੀਤਾ, ਸਾਂਤਕ ਸਤਿ ਰੂਪ ਵਟਾਈਆ। ਸਾਰ ਸ਼ਬਦ ਚਲਾਈ ਆਪਣੀ ਰੀਤਾ, ਪਤਿਤ ਪੁਨੀਤਾ ਬੇਪਰਵਾਹੀਆ। ਆਪੇ ਬਣਿਆ ਸਾਚਾ ਮੀਤਾ, ਕਰੇ ਖੇਲ ਰਥ ਰਥਵਾਹੀਆ। ਚਲਾਏ ਸ਼ਬਦ ਨਾਮ ਅਨਡੀਠਾ, ਰੂਪ ਰੰਗ ਨਾ ਕੋਇ ਵਖਾਈਆ। ਆਪਣਾ ਰੰਗ ਆਪਣਾ ਰੂਪ ਆਪਣਾ ਭੇਖ ਆਪੇ ਕੀਤਾ, ਵੇਸ ਅਵੱਲੜਾ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਲਏ ਉਪਜਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਸ਼ਬਦ ਸ਼ਬਦੀ ਹੁਕਮ ਸੁਣਾਇੰਦਾ। ਅਗੰਮ ਅਗੰਮੜਾ ਭੇਵ ਨਿਆਰ, ਹੱਡ ਮਾਸ ਨਾੜੀ ਚਮੜਾ ਨਾ ਕੋਇ ਵਖਾਇੰਦਾ। ਅੰਮੀ ਅੰਮੜਾ ਨਾ ਕੋਇ ਵਿਚ ਸੰਸਾਰ, ਮਾਤ ਪਿਤ ਨਾ ਕੋਇ ਬਣਾਇੰਦਾ। ਦਮੜੀ ਦਮੜਾ ਨਾ ਕਰੇ ਪਿਆਰ, ਮਾਇਆ ਰੂਪ ਨਾ ਕੋਇ ਵਟਾਇੰਦਾ। ਅਗੰਮੜੀ ਕਰੇ ਅਗੰਮੜਾ ਕਾਰ, ਆਪ ਆਪਣਾ ਹੁਕਮ ਸੁਣਾਇੰਦਾ। ਆਪਣਾ ਖੋਲ੍ਹ ਸਚ ਭੰਡਾਰ, ਸਤਿ ਸਤਿਵਾਦੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਪਾਏ ਭਿਛਿਆ, ਭਿਖਕ ਭਿਛਿਆ ਇਕ ਵਖਾਇੰਦਾ। ਸਾਚੀ ਭਿਛਿਆ ਹਰਿ ਕਰਤਾਰ, ਆਪਣੀ ਆਪ ਉਪਾਈਆ। ਤ੍ਰੈਗੁਣ ਮਾਇਆ ਕਰ ਤਿਆਰ, ਤ੍ਰੈ ਤ੍ਰੈ ਵੰਡ ਵੰਡਾਈਆ। ਸਤੋ ਕਰੇ ਸਤਿ ਸ਼ਿੰਗਾਰ, ਵਿਸ਼ਨੂੰ ਅੰਗ ਲਗਾਈਆ। ਰਜੋ ਦੇਵੇ ਇਕ ਆਧਾਰ, ਬ੍ਰਹਮੇ ਝੋਲੀ ਪਾਈਆ। ਤਮੋ ਤਤ ਇਕ ਵਿਚਾਰ, ਸ਼ੰਕਰ ਰੰਗ ਰੰਗਾਈਆ। ਤਿੰਨਾਂ ਮੇਲਾ ਹਰਿ ਨਿਰੰਕਾਰ, ਤ੍ਰੈਗੁਣ ਮਾਇਆ ਜੋੜ ਜੁੜਾਈਆ। ਸ਼ਬਦ ਸੁੱਤ ਬੋਲ ਜੈਕਾਰ, ਏਕਾ ਨਾਅਰਾ ਦਏ ਸੁਣਾਈਆ। ਤਿੰਨਾਂ ਕਰੇ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਵਖਾਈਆ। ਸਾਚੀ ਸੇਵਾ ਸੇਵਕ ਕਰੇ ਵਿਚਾਰ, ਚਾਕਰ ਚਾਕਰੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਕਰਤਾ ਇਕ ਅਖਵਾਈਆ। ਆਦਿ ਕਰਤਾ ਕਰਨੇ ਜੋਗ, ਨਿਰਾਕਾਰ ਹਰਿ ਅਖਵਾਇੰਦਾ। ਆਪਣਾ ਕਰੇ ਆਪੇ ਭੋਗ, ਆਪ ਆਪਣਾ ਸੰਗ ਰਖਾਇੰਦਾ। ਆਪੇ ਕਰਨਹਾਰ ਸੰਜੋਗ, ਦਰ ਘਰ ਸਾਚਾ ਆਪ ਸੁਹਾਇੰਦਾ। ਆਪ ਉਪਜਾਏ ਆਪਣਾ ਸਚ ਸਲੋਕ, ਆਪ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਨਾਮ ਇਕ ਵਖਾਇੰਦਾ। ਸਾਚਾ ਨਾਮ ਅਨਮੋਲ, ਹਰਿ ਸਾਚੇ ਆਪ ਉਪਜਾਇਆ। ਆਪਣੇ ਕੰਡੇ ਆਪੇ ਤੋਲ, ਵਿਸ਼ਨੂੰ ਝੋਲੀ ਪਾਇਆ। ਵਿਸ਼ਨੂੰ ਰਹਿਣਾ ਸਦਾ ਅਡੋਲ, ਪੁਰਖ ਅਬਿਨਾਸ਼ੀ ਸੀਸ ਹੱਥ ਟਿਕਾਇਆ। ਮੇਰੀ ਵਸਤ ਤੇਰੇ ਕੋਲ, ਦਰ ਤੇਰਾ ਬੰਦ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਵੇਖ ਵਖਾਇਆ। ਬ੍ਰਹਮੇ ਵੇਖ ਕਰ ਧਿਆਨ, ਹਰਿ ਸਾਚਾ ਸਚ ਸਮਝਾਇੰਦਾ। ਮੇਰਾ ਨਾਮ ਤੇਰੀ ਦੁਕਾਨ, ਸਾਚਾ ਹੱਟ ਖੁਲ੍ਹਾਇੰਦਾ। ਮੇਰਾ ਰੂਪ ਤੇਰਾ ਨਿਸ਼ਾਨ, ਦੋ ਜਹਾਨ ਆਪ ਝੁਲਾਇੰਦਾ। ਮੇਰਾ ਨਾਦ ਤੇਰੀ ਧੁਨਕਾਨ, ਧੁਨ ਧੁਨ ਵਿਚ ਰਖਾਇੰਦਾ। ਮੇਰਾ ਦਰ ਤੇਰਾ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਹੁਕਮ ਜਣਾਇੰਦਾ। ਸ਼ੰਕਰ ਸੁਣ ਲੈ ਅੰਗੜਾਈ, ਹਰਿ ਸਾਚੇ ਸਚ ਜਣਾਇਆ। ਹਰਿ ਸ਼ਬਦ ਕਰੀ ਕੁੜਮਾਈ, ਏਕਾ ਬੰਧਨ ਬੰਧ ਬੰਧਾਇਆ। ਤੇਰੀ ਸੇਵਾ ਸੇਵ ਲਗਾਈ, ਸੇਵਕ ਸੇਵਾ ਦਏ ਸਮਝਾਇਆ। ਵੇਖਣਹਾਰਾ ਸਭਨੀਂ ਥਾਈਂ, ਭੁੱਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਸੁਣਾਇਆ। ਵਿਸ਼ਨ ਬ੍ਰਹਮਾ ਸ਼ੰਕਰ ਹਰਿ ਮਿਹਰਵਾਨਾ, ਏਕਾ ਸ਼ਬਦ ਕਰੇ ਜਣਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨਾ, ਮਹਿਮਾ ਗਣਤ ਗਣੀ ਨਾ ਜਾਈਆ। ਸ਼ਾਹੋ ਭੂਪ ਵਡ ਸੁਲਤਾਨਾ, ਤਖ਼ਤ ਤਾਜ ਰਿਹਾ ਸੁਹਾਈਆ। ਤ੍ਰੈਗੁਣ ਮਾਇਆ ਕਰ ਪਰਧਾਨਾ, ਤ੍ਰੈ ਤ੍ਰੈ ਅੰਗ ਲਗਾਈਆ। ਏਕਾ ਬੱਧਾ ਸਾਚਾ ਗਾਨਾ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰੇ ਬੈਠਾ ਹੁਕਮ ਸੁਣਾਈਆ। ਸਚਖੰਡ ਦਵਾਰਾ ਵਸਿਆ, ਹਰਿ ਸਾਚਾ ਆਪ ਵਸਾਇੰਦਾ। ਆਪਣੇ ਮੰਦਰ ਬਹਿ ਬਹਿ ਹੱਸਿਆ, ਆਪ ਆਪਣਾ ਵੇਖ ਵਖਾਇੰਦਾ। ਆਪਣੇ ਰਸ ਆਪੇ ਹੋਏ ਰਸਿਆ, ਰਸਨਾ ਰਸ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚਾ ਵੱਡੀ ਵਡਿਆਈ, ਸੋ ਪੁਰਖ ਨਿਰੰਜਣ ਸੋਭਾ ਪਾਇੰਦਾ। ਸ਼ਬਦ ਸੁੱਤ ਵੱਜੀ ਵਧਾਈ, ਘਰ ਸਾਚੇ ਮੰਗਲ ਗਾਇੰਦਾ। ਵਿਸ਼ਨੂੰ ਵਿਸ਼ਵ ਰਿਹਾ ਸਮਝਾਈ, ਨਾਮ ਭੰਡਾਰਾ ਝੋਲੀ ਪਾਇੰਦਾ। ਜਗਤ ਵਣਜਾਰਾ ਬਣ ਸਭਨੀਂ ਥਾਈਂ, ਘਰ ਘਰ ਰਿਜ਼ਕ ਪੁਚਾਇੰਦਾ। ਬ੍ਰਹਮੇ ਫੜ ਉਠਾਏ ਬਾਹੀਂ, ਸਚ ਹਲੂਣਾ ਏਕਾ ਲਾਇੰਦਾ। ਏਕਾ ਵਿਦਿਆ ਰਿਹਾ ਸਿਖਾਈ, ਚਾਰੇ ਵੇਦਾਂ ਮੁਖ ਸਾਲਾਹਿੰਦਾ। ਤੇਰੇ ਹੱਥ ਦੇਵੇ ਵਡਿਆਈ, ਬ੍ਰਹਮ ਰੂਪ ਪਾਰਬ੍ਰਹਮ ਤੇਰੀ ਝੋਲੀ ਪਾਇੰਦਾ। ਲੱਖ ਚੁਰਾਸੀ ਰਚਨ ਰਚਾਈ, ਰਚ ਰਚਨਾ ਵੇਖ ਵਖਾਇੰਦਾ। ਕਾਇਆ ਮਾਟੀ ਕੱਚ ਬਣਾਈ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਤੇਰੀ ਝੋਲੀ ਪਾਇੰਦਾ। ਮਨ ਮਤ ਬੁੱਧ ਵਿਚ ਧਰਾਈ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਨੌ ਦਵਾਰੇ ਖੋਲ੍ਹ ਵਖਾਈ, ਦਸਵਾਂ ਬੰਦ ਰਖਾਇੰਦਾ। ਬ੍ਰਹਮ ਅਣਸ ਨਾ ਰੂਪ ਜਣਾਈ, ਆਤਮ ਆਪਣਾ ਰੰਗ ਰੰਗਾਇੰਦਾ। ਪਰਮ ਆਤਮ ਸੰਗ ਨਿਭਾਈ, ਈਸ਼ ਜੀਵ ਵੇਖ ਵਖਾਇੰਦਾ। ਮੰਨਣਾ ਹੁਕਮ ਇਕ ਗੋਸਾਈਂ, ਗਹਿਰ ਗੰਭੀਰ ਆਪ ਸਮਝਾਇੰਦਾ। ਲੱਖ ਚੁਰਾਸੀ ਵੇਖੀਂ ਚਾਈਂ ਚਾਈਂ, ਚਾਰ ਕੁੰਟ ਦਹਿ ਦਿਸ਼ਾ ਵੰਡ ਵੰਡਾਇੰਦਾ। ਸ਼ੰਕਰ ਸੋਇਆ ਰਹਿਣ ਨਾ ਪਾਈ, ਪਾਰਬ੍ਰਹਮ ਆਪ ਜਗਾਇੰਦਾ। ਜੋ ਘੜਿਆ ਸੋ ਭੰਨ ਵਖਾਈਂ, ਥਿਰ ਦਿਸ ਕੋਇ ਨਾ ਆਇੰਦਾ। ਚਾਕਰ ਬਣ ਕੇ ਸੇਵ ਕਮਾਈਂ, ਸਾਚੀ ਸਿਖਿਆ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਰਚਾਏ ਸੱਚ, ਸਚ ਸੱਚਾ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੰਨਿਆ ਭਾਣਾ, ਦੋਏ ਜੋੜ ਕਰਨ ਨਿਮਸਕਾਰਿਆ। ਤੂੰ ਸਾਹਿਬ ਸੁਲਤਾਨ ਪਾਤਸ਼ਾਹ ਸ਼ਾਹ ਸੱਚਾ ਰਾਣਾ, ਹਉਂ ਤੇਰੇ ਦਰਬਾਰ ਦਰਬਾਨਿਆਂ। ਤੇਰੀ ਮੰਨੀਏ ਸਦਾ ਆਣਾ, ਤੇਰਾ ਹੁਕਮ ਧੁਰ ਫ਼ਰਮਾਣਿਆਂ। ਤੂੰ ਰੱਖਣਾ ਚਰਨ ਦਵਾਰੇ ਸਾਚਾ ਮਾਣਾਂ, ਹਉਂ ਬਾਲਕ ਬਾਲ ਨਿਧਾਨਿਆਂ। ਤੇਰਾ ਨਾਮ ਮਿਲੇ ਏਕਾ ਗਾਣਾ, ਦੂਸਰ ਦਿਸੇ ਨਾ ਰਾਗ ਤਰਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਦੇਵੇ ਧੁਰ ਫ਼ਰਮਾਣਿਆਂ। ਧੁਰ ਫ਼ਰਮਾਣਾ ਸਾਚਾ ਬੋਲ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹਰਿ ਪੁਰਖ ਨਿਰੰਜਣ ਵਜਾਏ ਏਕਾ ਢੋਲ, ਏਕੰਕਾਰਾ ਤਾਲ ਵਖਾਈਆ। ਆਦਿ ਨਿਰੰਜਣ ਪਰਦਾ ਆਪਣਾ ਦੇਵੇ ਖੋਲ੍ਹ, ਸ੍ਰੀ ਭਗਵਾਨ ਵੇਖ ਵਖਾਈਆ। ਅਬਿਨਾਸ਼ੀ ਕਰਤਾ ਕਰੇ ਸਦਾ ਚੋਲ੍ਹ, ਪਾਰਬ੍ਰਹਮ ਹੋਏ ਕੁੜਮਾਈਆ। ਬ੍ਰਹਮ ਰਹਿਣਾ ਮਾਤ ਅਡੋਲ, ਨਾ ਕੋਈ ਡੋਲੇ ਡੋਲ ਡੁਲਾਈਆ। ਅਗੰਮ ਅਗੰਮੜਾ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਵਿਸ਼ਨੂੰ ਅੰਦਰ ਆਪੇ ਮੌਲ, ਕਵਲ ਤੇਰੀ ਨਾਭ ਖੁਲ੍ਹਾਈਆ। ਤੇਰੀ ਰਚਨਾ ਰਚੇ ਉਪਰ ਧਵਲ, ਜਲ ਬਿੰਬ ਆਪ ਟਿਕਾਈਆ। ਆਪਣੀ ਇਛਿਆ ਜਾਏ ਮਵਲ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਤ ਰਿਹਾ ਸਮਝਾਈਆ। ਬ੍ਰਹਮਾ ਵਿਸ਼ਨ ਸ਼ਿਵ ਦੋਏ ਜੋੜ ਦਰ ਮੰਗਣ ਬਣ ਭਿਖਾਰਿਆ। ਪਾਰਬ੍ਰਹਮ ਤੇਰੀ ਸਾਚੀ ਲੋੜ, ਤੇਰਾ ਦਰ ਹਉਂ ਵਣਜ ਵਣਜਾਰਿਆ। ਕਵਣ ਸੁ ਵੇਲਾ ਸਾਡੀ ਮਿਟੇ ਔੜ, ਅੰਮ੍ਰਿਤ ਝਿਰਨਾ ਤੇਰਾ ਝਿਰੇ ਅਗੰਮ ਅਪਾਰਿਆ। ਕਵਣ ਰੂਪ ਜਾਏ ਬੌਹੜ, ਲੋਕਮਾਤ ਵਿਚ ਸੰਸਾਰਿਆ । ਕਵਣ ਰੰਗ ਵੇਖੇ ਦੌੜ ਦੌੜ, ਅਜੂਨੀ ਰਹਿਤ ਬੇਐਬ ਪਰਵਰਦਿਗਾਰਿਆ। ਕਵਣ ਮੰਡਲ ਲਾਏ ਪੌੜ, ਗਗਨ ਗਗਨੰਤਰ ਦਏ ਸਹਾਰਿਆ। ਕਵਣ ਤੰਦ ਬੰਧੇ ਡੋਰ, ਖਿਚੀ ਆਏ ਚਰਨ ਦਵਾਰਿਆ। ਕਵਣ ਰਾਜ ਕਵਣ ਦਿਸੇ ਜ਼ੋਰ, ਕਵਣ ਜੁਗਤ ਨਰ ਨਿਰੰਕਾਰਿਆ। ਕਵਣ ਰੂਪ ਕਰੇਂ ਪਰਕਾਸ਼ ਅੰਧ ਘੋਰ, ਲੇਖਾ ਵੇਖੇਂ ਸੂਰਜ ਚੰਨ ਸਿਤਾਰਿਆ। ਕਵਣ ਸੰਗ ਲੱਖ ਚੁਰਾਸੀ ਨਿਰਗੁਣ ਸਰਗੁਣ ਦੇਵੇਂ ਤੋੜ, ਕਵਣ ਬੇੜਾ ਪਾਰ ਕਰਾਏ ਜਗਤ ਕਿਨਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਢਹਿ ਪਏ ਤੇਰੇ ਦਵਾਰਿਆ। ਪੁਰਖ ਅਬਿਨਾਸ਼ੀ ਸਾਚਾ ਮੀਤਾ, ਏਕਾ ਸ਼ਬਦ ਸੁਣਾਇੰਦਾ। ਵਿਸ਼ਨੂੰ ਰਹਿਣਾ ਸਦਾ ਅਤੀਤਾ, ਹਰਿ ਸਾਚਾ ਵੇਖ ਵਖਾਇੰਦਾ। ਬ੍ਰਹਮੇ ਤੇਰੀ ਬ੍ਰਹਮ ਰੀਤਾ, ਪਾਰਬ੍ਰਹਮ ਆਪ ਚਲਾਇੰਦਾ। ਸ਼ੰਕਰ ਤੇਰਾ ਜਗਤ ਅੰਗੀਠਾ, ਆਪਣੇ ਤਤ ਆਪ ਤਪਾਇੰਦਾ। ਲੱਖ ਚੁਰਾਸੀ ਹਸਤ ਕੀਟਾ, ਜੂਨ ਅਜੂਨੀ ਆਪ ਉਪਜਾਇੰਦਾ। ਘਰ ਵਿਚ ਧਾਮ ਬਣਾਇਆ ਇਕ ਅਨਡੀਠਾ, ਸਾਚਾ ਮੰਦਰ ਆਪ ਸੁਹਾਇੰਦਾ। ਗੁਰੂਦਵਾਰ ਨਾ ਮੰਦਰ ਮਸੀਤਾ, ਸ਼ਿਵਦੁਆਲਾ ਮੱਠ ਨਾ ਕੋਇ ਰਖਾਇੰਦਾ। ਕੰਚਨ ਗੜ੍ਹ ਆਪੇ ਕੀਤਾ, ਦਸਮ ਦੁਆਰੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੂਪ ਆਪ ਸੁਹਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਹਰਿ ਸਮਝਾਇਆ, ਅੰਤਰ ਇਕ ਗਿਆਨ ਦ੍ਰਿੜਾਈਆ। ਨਿਰਗੁਣ ਆਪਣਾ ਰੂਪ ਧਰਾਇਆ, ਸਾਰ ਸ਼ਬਦ ਵੱਜੇ ਵਧਾਈਆ। ਸਚਖੰਡ ਦਵਾਰਾ ਬੰਕ ਬਣਾਇਆ, ਥਿਰ ਘਰ ਬੈਠਾ ਆਸਣ ਲਾਈਆ। ਤਖ਼ਤ ਤਾਜ ਆਪ ਵਡਿਆਇਆ, ਸ਼ਹਿਨਸ਼ਾਹ ਕਰੇ ਸੱਚੀ ਪਾਤਸ਼ਾਹੀਆ। ਸੀਸ ਤਾਜ ਇਕ ਟਿਕਾਇਆ, ਪੰਚਮ ਮੁਖੀ ਬੇਪਰਵਾਹੀਆ। ਸਤ ਰੰਗ ਨਿਸ਼ਾਨਾ ਰਿਹਾ ਝੁਲਾਇਆ, ਦਰਗਹਿ ਸਾਚੀ ਵੱਜੇ ਵਧਾਈਆ। ਧੁਰ ਫ਼ਰਮਾਣਾ ਹੁਕਮ ਸੁਣਾਇਆ, ਹੁਕਮੀ ਹੁਕਮ ਕਰੇ ਖੇਲ ਬੇਪਰਵਾਹੀਆ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਰੂਪ ਵਟਾਇਆ, ਅੰਸ ਬੰਸ ਵੱਡੀ ਵਡਿਆਈਆ। ਲੱਖ ਚੁਰਾਸੀ ਗੋਦ ਬਹਾਇਆ, ਲੋਕਮਾਤ ਵੇਖ ਵਖਾਈਆ। ਚੌਦਾਂ ਲੋਕ ਹੱਟ ਖੁਲ੍ਹਾਇਆ, ਤ੍ਰੈਭਵਣ ਆਪ ਸਮਾਈਆ। ਨਾਮ ਨਗਾਰਾ ਡੰਕ ਵਜਾਇਆ, ਏਕਾ ਨਾਦ ਹਰਿ ਅਲਾਈਆ। ਬੋਧ ਅਗਾਧ ਭੇਵ ਖੁਲ੍ਹਾਇਆ, ਬ੍ਰਹਮੇ ਕਰੇ ਪੜ੍ਹਾਈਆ। ਚਾਰੇ ਵੇਦਾਂ ਚਾਰੇ ਮੁਖ ਸਾਲਾਹਿਆ, ਚਾਰੇ ਕੁੰਟ ਫੇਰਾ ਪਾਈਆ। ਚਾਰੇ ਜੁਗ ਗੇੜ ਦਵਾਇਆ, ਚਾਰ ਵਰਨਾਂ ਵੇਖ ਵਖਾਇਆ, ਚਾਰੇ ਬਾਣੀ ਰੂਪ ਵਟਾਈਆ । ਚਾਰੇ ਖਾਣੀ ਵਿਚ ਸਮਾਇਆ, ਚਾਰੇ ਯਾਰੀ ਬੰਧਨ ਪਾਇਆ, ਪਰਮਾਨੰਦਨ ਆਪ ਦਸਾਈਆ। ਸਚ ਸੁਹਾਗੀ ਛੰਦਨ ਗਾਇਆ, ਬੱਤੀ ਦੰਦਨ ਨਾ ਤਾਲ ਵਜਾਇਆ, ਰਸਨਾ ਜਿਹਵਾ ਨਾ ਕੋਇ ਜਣਾਈਆ। ਸ਼ਬਦ ਅਗੰਮੀ ਤਾਰ ਹਲਾਇਆ, ਸਚ ਸਿਤਾਰ ਆਪ ਵਜਾਇਆ, ਜਗਤ ਸਾਰੰਗ ਨਾ ਹੱਥ ਉਠਾਈਆ। ਪੁਰਖ ਅਕਾਲ ਵੇਖ ਵਖਾਇਆ, ਦੀਨ ਦਿਆਲ ਦਇਆ ਕਮਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਕਰੇ ਪੜ੍ਹਾਈਆ। ਨਿਸ਼ਅੱਖਰ ਵੱਖਰ ਬ੍ਰਹਮ ਪੜ੍ਹਨਾ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਸਾਚੇ ਪੌੜੇ ਏਕਾ ਚੜ੍ਹਨਾ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਸਚਖੰਡ ਦਵਾਰੇ ਸਾਚੇ ਵੜਨਾ, ਸਚ ਦਵਾਰਾ ਆਪ ਜਣਾਇੰਦਾ। ਸ੍ਰੀ ਭਗਵਾਨ ਲੜ ਏਕਾ ਫੜਨਾ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡਣ ਵੰਡ ਵੰਡਾਇੰਦਾ। ਸਾਚੀ ਵੰਡ ਹਰਿ ਨਿਰੰਕਾਰ, ਆਪਣੀ ਆਪ ਵੰਡਾਈਆ। ਬ੍ਰਹਮੇ ਵਿਦਿਆ ਦਿਤੀ ਵੇਦ ਚਾਰ, ਵੇਦ ਵੇਦਾਂਤ ਮੁਖ ਸਾਲਾਹੀਆ। ਆਪਣਾ ਭੇਵ ਰੱਖੇ ਨਿਆਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਦੇਵੇ ਹੁਕਮ ਸੱਚੀ ਸਰਕਾਰ, ਸਿਰ ਸਿਰ ਮੰਨਣਾ ਸਭਨੀਂ ਥਾਈਂਆ। ਨੌ ਨੌ ਚਾਰ ਚੌਕੜੀ ਖੇਲ ਵਿਚ ਸੰਸਾਰ, ਮਨ ਮਨਵੰਤ ਦੇਣ ਗਵਾਹੀਆ। ਏਕਾ ਸਾਤਾ ਕਰੇ ਪਿਆਰ, ਏਕਮ ਆਪਣੀ ਕਲ ਵਰਤਾਈਆ। ਚਾਰ ਚਾਰ ਚਾਰ ਜੁਗ ਉਤਰਨ ਪਾਰ, ਚਾਰ ਚਾਰ ਵੇਖ ਵਖਾਈਆ। ਲੱਖ ਚੁਰਾਸੀ ਪਸਰ ਪਸਾਰ, ਅਲੱਖ ਅਲੱਖਣਾ ਖੇਲ ਖਿਲਾਈਆ। ਆਵੇ ਜਾਵੇ ਵਿਚ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਈਆ। ਨਿਰਗੁਣ ਸਰਗੁਣ ਖੇਲ ਅਪਾਰਾ, ਹਰਿ ਸਾਚਾ ਸਚ ਸੁਹਾਇੰਦਾ। ਪਾਰਬ੍ਰਹਮ ਪ੍ਰਭ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇੰਦਾ। ਗੁਰ ਗੁਰ ਰੂਪ ਵਰਤੇ ਵਿਚ ਸੰਸਾਰਾ, ਸਤਿਗੁਰ ਆਪਣਾ ਰੂਪ ਦਰਸਾਇੰਦਾ। ਸੰਤਨ ਦੇਵੇ ਨਾਮ ਭੰਡਾਰਾ, ਸਾਚੀ ਵਸਤ ਝੋਲੀ ਪਾਇੰਦਾ। ਭਗਤ ਵਖਾਏ ਇਕ ਦਵਾਰਾ, ਸਚ ਦਵਾਰਾ ਆਪ ਖੁਲ੍ਹਾਇੰਦਾ । ਗੁਰਮੁਖਾਂ ਦੇਵੇ ਹਰਿ ਹੁਲਾਰਾ, ਹਰੀ ਹਰਿ ਹਰਿ ਮੇਲ ਮਿਲਾਇੰਦਾ। ਗੁਰਸਿਖਾਂ ਕਰੇ ਸਚ ਪਿਆਰਾ, ਆਤਮ ਸਾਚੀ ਸੇਜ ਹੰਢਾਇੰਦਾ। ਜੋਤ ਨਿਰੰਜਣ ਕਰ ਉਜਿਆਰਾ, ਅੰਧ ਅੰਧੇਰ ਮਿਟਾਇੰਦਾ। ਸ਼ਬਦ ਸੁਣਾਏ ਸੱਚੀ ਧੁਨਕਾਰਾ, ਅਨਹਦ ਨਾਦ ਵਜਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਭਰ ਪਿਆਲਾ ਜਾਮ ਪਿਆਇੰਦਾ। ਕਾਗ ਉਡਾਏ ਹੰਸ ਡਾਰਾ, ਕਾਗੋਂ ਹੰਸ ਰੂਪ ਵਟਾਇੰਦਾ। ਖੋਲ੍ਹਣਹਾਰਾ ਬੰਦ ਕਿਵਾੜਾ, ਬਜ਼ਰ ਕਪਾਟੀ ਤੋੜ ਤੁੜਾਇੰਦਾ। ਪੰਜ ਤਤ ਵਿਕਾਰਾ ਅਗਨੀ ਹਾੜਾ, ਆਸਾ ਤ੍ਰਿਸ਼ਨਾ ਆਪ ਮਿਟਾਇੰਦਾ। ਦਸਮ ਦੁਆਰੀ ਕਰ ਪਿਆਰਾ, ਹਰਿ ਆਪਣਾ ਖੇਲ ਖਿਲਾਇੰਦਾ। ਸੁਰਤ ਸਵਾਣੀ ਪਾਵੇ ਸਾਰਾ, ਸ਼ਬਦ ਹਾਣੀ ਮੇਲ ਮਿਲਾਇੰਦਾ। ਨਾਰੀ ਕੰਤ ਸੋਹਿਣ ਇਕ ਦਵਾਰਾ, ਏਕਾ ਸੇਜ ਹੰਢਾਇੰਦਾ। ਏਕਾ ਮੀਤ ਇਕ ਮੁਰਾਰਾ, ਏਕਾ ਸਖੀਆਂ ਮੰਗਲ ਗਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਤੇਰੀ ਸੁਣੇ ਅੰਤ ਪੁਕਾਰਾ, ਆਪਣਾ ਕੀਤਾ ਕੌਲ ਆਪ ਨਿਭਾਇੰਦਾ। ਚਾਰ ਜੁਗ ਕਰੇ ਆਰ ਪਾਰਾ, ਨੌ ਨੌ ਚਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਨੌ ਚਾਰ ਚੌਕੜੀ ਜੁਗ, ਆਪਣਾ ਗੇੜਾ ਆਪ ਦਵਾਇੰਦਾ। ਜੁਗ ਜੁਗ ਗੇੜਾ ਆਪ ਦਵੌਣਾ, ਹਰਿ ਸਾਚੇ ਕਲ ਵਰਤਾਈਆ। ਗੁਰ ਪੀਰ ਅਵਤਾਰ ਆਪ ਅਖਵੌਣਾ, ਨਿਰਗੁਣ ਸਰਗੁਣ ਰੂਪ ਵਟਾਈਆ। ਸ਼ਬਦੀ ਸ਼ਬਦ ਨਾਮ ਧਰੌਣਾ, ਸ਼ਬਦੀ ਸ਼ਬਦ ਕਰੇ ਜਣਾਈਆ। ਸਤਿ ਪੁਰਖ ਨਿਰੰਜਣ ਡੰਕ ਵਜੌਣਾ, ਉਚੀ ਕੂਕੇ ਦਏ ਦੁਹਾਈਆ। ਸਚ ਸਲੋਕ ਏਕਾ ਗੌਣਾ, ਸੋ ਪੁਰਖ ਨਿਰੰਜਣ ਬਣਤ ਬਣਾਈਆ। ਹੰ ਰੂਪ ਸਰਬ ਦਰਸੌਣਾ, ਬ੍ਰਹਮ ਈਸ਼ ਜੀਵ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਹਰਿ ਸਮਰਥ, ਸਤਿ ਸਤਿਵਾਦੀ ਨਾਉਂ ਧਰਾਇੰਦਾ। ਅਬਿਨਾਸ਼ੀ ਕਰਤਾ ਚਲਾਏ ਆਪਣਾ ਰਥ, ਰਥ ਰਥਵਾਹੀ ਵੇਸ ਵਟਾਇੰਦਾ। ਦੇਵਣਹਾਰਾ ਸਾਚੀ ਵਥ, ਜੁਗ ਜੁਗ ਆਪਣੀ ਵੰਡ ਵੰਡਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਦਏ ਮਥ, ਕਲਜੁਗ ਵੇਲਾ ਅੰਤਮ ਆਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਏ ਨੱਥ, ਗਗਨ ਪਾਤਾਲਾਂ ਵੇਖ ਵਖਾਇੰਦਾ। ਅੰਡਜ ਜੇਰਜ ਕਰੇ ਭੱਠ, ਉਤਭੁਜ ਸੇਤਜ ਫੋਲ ਫੁਲਾਇੰਦਾ। ਆਪੇ ਜਾਣੇ ਆਪਣਾ ਘਾਟ, ਆਪਣਾ ਬੇੜਾ ਆਪ ਚਲਾਇੰਦਾ। ਪਾਂਧੀ ਪਾਹੀ ਆਪਣੀ ਜਾਣੇ ਵਾਟ, ਆਪਣਾ ਪੈਂਡਾ ਆਪ ਮੁਕਾਇੰਦਾ। ਚੌਦਾਂ ਤਬਕਾਂ ਵੇਖੇ ਹਾਟ, ਚੌਦਾਂ ਲੋਕਾਂ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਜੁਗ ਜੁਗ ਕਾਰ ਕਰੇ ਕਰਤਾਰਾ, ਕਾਦਰ ਕਰਤਾ ਕਰੀਮ ਆਪਣਾ ਨਾਉਂ ਧਰਾਈਆ। ਲੋਕਮਾਤ ਲੈ ਅਵਤਾਰਾ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਦਏ ਹੁਲਾਰਾ, ਚਾਰੇ ਵਰਨਾਂ ਵੇਖ ਵਖਾਈਆ। ਚਾਰੇ ਕੂਟਾਂ ਪਾਵੇ ਸਾਰਾ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਰਵਾਜ਼ਾ ਧੁਰ ਦਰਗਾਹ, ਦਰ ਦਰਵੇਸ਼ਾ ਆਪ ਖੁਲ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਬਣਿਆ ਆਪ ਮਲਾਹ, ਜਗਤ ਨੱਯਾ ਆਪ ਚਲਾਇੰਦਾ। ਬਾਵਣ ਰਾਮਾ ਰੂਪ ਵਟਾ, ਕਾਹਨਾ ਕ੍ਰਿਸ਼ਨਾ ਖੇਲ ਖਿਲਾਇੰਦਾ। ਤੀਰ ਕਮਾਨਾ ਹੱਥ ਉਠਾ, ਰਥ ਰਥਵਾਹੀ ਰਥ ਚਲਾਇੰਦਾ। ਅੰਤਮ ਲੇਖਾ ਗਿਆ ਮੁਕਾ, ਲਹਿਣਾ ਲਹਿਣੇ ਝੋਲੀ ਪਾਇੰਦਾ। ਭਗਤ ਭਗਵੰਤ ਲਏ ਮਿਲਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸਵੱਛ ਸਰੂਪੀ ਦਰਸ ਦਿਖਾ, ਜਗਤ ਤ੍ਰਿਸਨਾ ਭੁੱਖ ਮਿਟਾਇੰਦਾ। ਨੇਤਰ ਗਿਆਨ ਇਕ ਖੁਲ੍ਹਾ, ਨਿਜ ਨੇਤਰ ਆਪਣਾ ਰੂਪ ਦਰਸਾਇੰਦਾ। ਸਾਚੇ ਪੌੜੇ ਦਏ ਚੜ੍ਹਾ, ਚੌਥੇ ਪਦ ਸਮਾਇੰਦਾ। ਪੰਚਮ ਧੁਨ ਰਾਗ ਅਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਜੁਗ ਜੁਗ ਕਾਰ ਕਰਨ ਕਾਰਨ ਕਰਤਾਰ, ਕਲਜੁਗ ਆਪਣਾ ਖੇਲ ਖਿਲਾਈਆ। ਈਸਾ ਮੂਸਾ ਕਰ ਤਿਆਰ, ਸੰਗ ਮੁਹੰਮਦ ਚਾਰ ਯਾਰ ਏਕਾ ਘਰ ਕਰੀ ਕੁੜਮਾਈਆ। ਅੰਜੀਲ ਕੁਰਾਨਾਂ ਦਏ ਆਧਾਰ, ਕਲਮਾ ਅਮਾਮ ਆਪ ਪੜ੍ਹਾਈਆ। ਨਬੀ ਰਸੂਲਾਂ ਕਰ ਉਰਧਾਰ, ਨੂਰ ਨੁਰਾਨਾ ਨੂਰ ਦਰਸਾਈਆ। ਹੱਕ ਹਕੀਕਤ ਵਖਾਏ ਸਾਂਝਾ ਯਾਰ, ਬੇਐਬ ਪਰਵਰਦਿਗਾਰ ਆਪਣਾ ਨਾਉਂ ਧਰਾਈਆ। ਦੋ ਜਹਾਨਾਂ ਪਾਵੇ ਸਾਰ, ਹੱਕ ਹਕੀਕਤ ਵੇਖੇ ਥਾਉਂ ਥਾਈਂਆ। ਸਾਲਸ ਬਣੇ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਏਕੰਕਾਰ ਵੇਸ ਅਵੱਲੜਾ, ਆਦਿ ਜੁਗਾਦਿ ਕਰਾਇੰਦਾ। ਗੁਰਮੁਖਾਂ ਕਰੇ ਭਾਰੀ ਪਲੜਾ, ਬੇਮੁਖ ਹੌਲੇ ਭਾਰ ਰਖਾਇੰਦਾ। ਆਪਣਾ ਮਾਰਗ ਦੱਸੇ ਸੁਖੱਲੜਾ, ਸਾਚੇ ਮਾਰਗ ਆਪ ਚਲਾਇੰਦਾ। ਨੇਹਚਲ ਧਾਮ ਵਖਾਏ ਅਟੱਲੜਾ, ਸਚਖੰਡ ਦਵਾਰਾ ਸੋਭਾ ਪਾਇੰਦਾ। ਆਪਣੀ ਜੋਤੀ ਆਪੇ ਰਲੜਾ, ਸ਼ਬਦ ਸ਼ਬਦੀ ਢੋਲਾ ਗਾਇੰਦਾ। ਆਪੇ ਹੋਏ ਅਛਲ ਅਛਲੜਾ, ਵਲ ਛਲ ਧਾਰੀ ਆਪਣਾ ਖੇਲ ਖਿਲਾਇੰਦਾ। ਆਪੇ ਨਿਰਗੁਣ ਸਰਗੁਣ ਅੰਦਰ ਸਚ ਸਿੰਘਾਸਣ ਮਲੜਾ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਾਕਾਰ, ਆਦਿ ਜੁਗਾਦੀ ਇਕ ਅਵਤਾਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਹਰਿ ਅਵਤਾਰਾ ਖੇਲ ਅਪਾਰਾ, ਨਿਰਗੁਣ ਧਾਰਾ ਨਰ ਹਰਿ ਆਪਣੀ ਆਪ ਚਲਾਇੰਦਾ। ਕਲਜੁਗ ਅੰਤਮ ਪਾਵੇ ਸਾਰਾ, ਰੂਪ ਅਨੂਪ ਸੱਚੀ ਸਰਕਾਰਾ, ਰੇਖ ਭੇਖ ਨਾ ਕੋਇ ਵਖਾਇੰਦਾ। ਸਚਖੰਡ ਦਵਾਰਾ ਖੋਲ੍ਹ ਕਿਵਾੜਾ, ਆਪੇ ਬੰਨ੍ਹੇ ਆਪਣੀ ਧਾਰਾ, ਪੰਜ ਤਤ ਕਰ ਪਿਆਰਾ, ਦੀਵਾ ਬਾਤੀ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਇਕ ਵਖਾਇੰਦਾ। ਘਰ ਸੱਚੇ ਸਾਹਿਬ ਸੁਲਤਾਨ, ਸਤਿ ਪੁਰਖ ਨਿਰੰਜਣ ਏਕਾ ਵਸਿਆ। ਸਤਿਗੁਰ ਪੂਰਾ ਹੋ ਮਿਹਰਵਾਨ, ਲੋਕਮਾਤ ਫਿਰੇ ਨੱਸਿਆ। ਧੁਰਦਰਗਾਹੀ ਸਚ ਨਿਸ਼ਾਨ, ਹਰਿਜਨ ਸਾਚੇ ਏਕਾ ਦੱਸਿਆ। ਸ਼ਬਦ ਸੁਣਾਏ ਸਾਚੇ ਕਾਨ, ਮੇਟੇ ਰੈਣ ਅੰਧੇਰੀ ਮੱਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਰਵ ਸਸਿਆ। ਲੇਖਾ ਜਾਨਣਹਾਰਾ ਹਰਿ ਨਿਰੰਕਾਰ, ਦੂਸਰ ਅਵਰ ਨਾ ਕੋਇ ਜਣਾਇੰਦਾ। ਲੋਕਮਾਤ ਖੇਲ ਅਪਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਨਾਮ ਸਤਿ ਬੋਲ ਜੈਕਾਰ, ਨਾਨਕ ਆਪਣਾ ਰੰਗ ਰੰਗਾਇੰਦਾ। ਤ੍ਰੈਗੁਣ ਮਾਇਆ ਵਸਿਆ ਬਾਹਰ, ਆਪ ਆਪਣੀ ਕਲ ਵਰਤਾਇੰਦਾ। ਚਾਰ ਵਰਨਾਂ ਕਰੇ ਪਿਆਰ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਇ ਵਖਾਇੰਦਾ। ਮੁੱਲਾਂ ਸ਼ੇਖ਼ ਮਸਾਇਕ ਪੀਰ ਦਸਤਗੀਰ ਦੇਵੇ ਇਕ ਗਿਆਨ, ਅੰਜੀਲ ਕੁਰਾਨ ਏਕਾ ਸਬਕ ਪੜ੍ਹਾਇੰਦਾ । ਪੰਡਤ ਪਾਂਧੇ ਵੇਖੇ ਮਾਰ ਧਿਆਨ, ਨਿਗਹਵਾਨ ਆਪਣਾ ਨਾਉਂ ਧਰਾਇੰਦਾ। ਨਾਤਾ ਤੋੜੇ ਪੰਜ ਸ਼ੈਤਾਨ, ਜੋ ਜਨ ਸਰਨਾਈ ਆਇੰਦਾ। ਇਕ ਉਪਜਾਏ ਬ੍ਰਹਮ ਗਿਆਨ, ਆਤਮ ਵਿਦਿਆ ਇਕ ਪੜ੍ਹਾਇੰਦਾ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਵਤਾਰ ਰੂਪ ਅਨੂਪ ਆਪ ਵਟਾਇੰਦਾ। ਨਾਨਕ ਸਤਿਗੁਰ ਸਰਬ ਜੀਅ ਦਾਤਾ, ਲੋਕਮਾਤ ਵੇਖ ਵਖਾਈਆ। ਚੌਥੇ ਜੁਗ ਸਤਿ ਨਿਸ਼ਾਨ ਝੁਲਾਤਾ, ਬੋਧ ਅਗਾਧ ਵੱਡੀ ਵਡਿਆਈਆ। ਮਿਟੇ ਰੈਣ ਅੰਧੇਰੀ ਰਾਤਾ, ਸਾਚਾ ਚੰਦ ਇਕ ਚੜ੍ਹਾਈਆ। ਸਤਿਨਾਮ ਸਾਚੀ ਗਾਥਾ, ਊਚਾਂ ਨੀਚਾਂ ਕਰੇ ਪੜ੍ਹਾਈਆ। ਸਰਬ ਜੀਆਂ ਦਾ ਏਕੋ ਪਿਤਾ ਮਾਤਾ, ਪੁਰਖ ਅਕਾਲ ਰਿਹਾ ਸਮਝਾਈਆ। ਬਿਨ ਸਤਿਗੁਰ ਪੂਰੇ ਵੇਲੇ ਅੰਤ ਨਾ ਪੁੱਛੇ ਕੋਈ ਵਾਤਾ, ਰਾਏ ਧਰਮ ਦਏ ਸਜ਼ਾਈਆ। ਮਾਨਸ ਜਨਮ ਪੂਰਾ ਕਰੇ ਨਾ ਕੋਈ ਘਾਟਾ, ਕਲਜੁਗ ਜੂਏ ਜਨਮ ਗਿਆ ਹਰਾਈਆ। ਲੇਖਾ ਚੁਕੇ ਤੀਰਥ ਤਾਟਾ, ਜਿਸ ਸਤਿਗੁਰ ਮਿਲਿਆ ਬੇਪਰਵਾਹੀਆ। ਜੋਤ ਜਗਾਏ ਕਾਇਆ ਮਾਟਾ, ਦਿਵਸ ਰੈਣ ਹੋਏ ਰੁਸ਼ਨਾਈਆ। ਲੇਖ ਜਾਣੇ ਮਸਤਕ ਲਿਲਾਟਾ, ਲੇਖਾ ਲਿਖਿਆ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਏਕਾ ਆਪਣੀ ਕਲ ਵਰਤਾਈਆ। ਕਲਜੁਗ ਕਲ ਨਾਨਕ ਧਾਰ, ਨਿਰਗੁਣ ਸਰਗੁਣ ਆਪ ਚਲਾਇੰਦਾ। ਸ੍ਰਿਸ਼ਟ ਸਬਾਈ ਕਰ ਪਿਆਰ, ਨੌ ਖੰਡ ਪ੍ਰਿਥਮੀ ਗਲੇ ਲਗਾਇੰਦਾ। ਸੱਤਾਂ ਦੀਪਾਂ ਹੋ ਉਜਿਆਰ, ਸਤਿ ਸਤਿਵਾਦੀ ਹੁਕਮ ਸੁਣਾਇੰਦਾ। ਹਰਿ ਕਾ ਸ਼ਬਦ ਸੱਚਾ ਪਿਆਰ, ਸਾਚਾ ਸ਼ਬਦੀ ਮਾਤ ਲਗਾਇੰਦਾ। ਹਰਿ ਕਾ ਨਾਉਂ ਮੀਤ ਮੁਰਾਰ, ਸਗਲਾ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣੀ ਕਲ ਵਰਤਾਇੰਦਾ। ਸਤਿਗੁਰ ਨਾਨਕ ਚਾਰ ਵਰਨ ਜਣਾਇਆ, ਊਚ ਨੀਚ ਰਹਿਣ ਨਾ ਪਾਈਆ। ਜੋ ਘੜਿਆ ਸੋ ਭੰਨ ਵਖਾਇਆ, ਥਿਰ ਕੋਇ ਦਿਸ ਨਾ ਆਈਆ। ਹੰਕਾਰੀਆਂ ਗੜ੍ਹ ਦਏ ਤੁੜਾਇਆ, ਨਾਮ ਖੰਡਾ ਏਕਾ ਚਮਕਾਈਆ। ਬ੍ਰਹਿਮੰਡਾਂ ਖੰਡਾਂ ਖੋਜ ਖੋਜਾਇਆ, ਜੇਰਜ ਅੰਡਾਂ ਫੋਲ ਫੋਲਾਈਆ। ਸਦ ਬਖ਼ਸ਼ੰਦ ਆਪਣਾ ਨਾਉਂ ਧਰਾਇਆ, ਗੁਣੀ ਗਹਿੰਦਾ ਬੇਪਰਵਾਹੀਆ। ਮਨਮੁਖ ਜੀਵਾਂ ਨਿੰਦਿਆ ਰਿਹਾ ਕਰਾਇਆ, ਨਿੰਦਕ ਨਿੰਦਿਆ ਮੁਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪ ਆਪਣੀ ਬੂਝ ਬੁਝਾਈਆ। ਨਾਨਕ ਹਰਿ ਹਰਿ ਜਾਣਿਆ, ਸਚਖੰਡ ਨਿਵਾਸੀ ਗਹਿਰ ਗੰਭੀਰ। ਆਪਣਾ ਮੂਲ ਆਪ ਪਛਾਣਿਆ, ਸਤਿ ਹੋਇਆ ਸਾਂਤ ਸਰੀਰ। ਆਪੇ ਚਲੇ ਹਰਿ ਹਰਿ ਭਾਣਿਆ, ਚੋਟੀ ਬੈਠਾ ਚੜ੍ਹ ਅਖ਼ੀਰ। ਪਾਇਆ ਪੁਰਖ ਇਕ ਸੁਲਤਾਨਿਆ, ਵਡ ਜੋਧਾ ਸੂਰਬੀਰ। ਸਾਚੇ ਘਰ ਹੋਇਆ ਪਰਵਾਨਿਆ, ਅੰਮ੍ਰਿਤ ਮਿਲਿਆ ਠੰਡਾ ਸੀਰ। ਗੁਣਵੰਤਾ ਗੁਣ ਨਿਧਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਜੁਗ ਲੇਖਾ ਜਾਣੇ ਪੀਰਨ ਪੀਰ। ਏਕਾ ਜੋਤ ਜੋਤ ਅਕਾਲਾ, ਅਕਲ ਕਲਾ ਅਖਵਾਈਆ। ਏਕਾ ਜੋਤ ਦਸ ਦਸ ਮਾਲਾ, ਮੂੰਡ ਮੁੰਨਿਆਂ ਆਪ ਲਟਕਾਈਆ। ਏਕਾ ਜੋਤ ਤ੍ਰੈ ਤ੍ਰੈ ਕਾਲਾ, ਤ੍ਰੈ ਦਰਸੀ ਖੇਲ ਖਿਲਾਈਆ। ਏਕਾ ਜੋਤ ਸੱਚੀ ਧਰਮਸਾਲਾ, ਸਚਖੰਡ ਵਸੇ ਬੇਪਰਵਾਹੀਆ। ਏਕਾ ਜੋਤ ਕਾਲ ਮਹਾਂਕਾਲਾ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਖੇਲ ਅਪਾਰਾ, ਨਾਨਕ ਗੋਬਿੰਦ ਸਾਚੀ ਧਾਰਾ, ਸਿੰਘ ਆਪਣਾ ਰੂਪ ਵਟਾਈਆ। ਨਾਨਕ ਗੋਬਿੰਦ ਹਰਿ ਕਰਤਾਰ, ਮਾਟੀ ਤਤ ਭੇਵ ਨਾ ਰਾਇਆ। ਸ਼ਬਦ ਡੰਕਾ ਅਪਰ ਅਪਾਰ, ਬਾਜ਼ੀਗਰ ਨਾਟੀ ਖੇਲ ਖਿਲਾਇਆ। ਕਲਜੁਗ ਹਾਟੀ ਵਣਜ ਵਪਾਰ, ਤੀਰਥ ਤਾਟੀ ਵੇਖ ਵਖਾਇਆ। ਔਖੀ ਘਾਟੀ ਚੜ੍ਹਨੇਹਾਰ, ਆਪਣਾ ਪੈਂਡਾ ਰਿਹਾ ਮੁਕਾਇਆ । ਉਚੀ ਕੂਕ ਕਰੇ ਪੁਕਾਰ, ਸ੍ਰਿਸ਼ਟ ਸਬਾਈ ਦਏ ਸਮਝਾਇਆ। ਕਲਜੁਗ ਅੰਤਮ ਪਾਵੇ ਸਾਰ, ਵਡ ਦਾਤਾ ਬੇਪਰਵਾਹਿਆ। ਨਿਹਕਲੰਕ ਲਏ ਅਵਤਾਰ, ਨਾਨਕ ਨਿਰਗੁਣ ਇਕ ਜਣਾਇਆ। ਗੋਬਿੰਦ ਸੱਚਾ ਸ਼ਾਹ ਅਸਵਾਰ, ਸਾਚਾ ਘੋੜਾ ਰਿਹਾ ਦੌੜਾਇਆ। ਲੋਆਂ ਪੁਰੀਆਂ ਆਰ ਪਾਰ, ਆਪਣੇ ਚਰਨਾਂ ਹੇਠ ਰਖਾਇਆ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਸ਼ਬਦ ਮਿਲਾਇਆ। ਪੰਚਮ ਮੀਤਾ ਮੀਤ ਮੁਰਾਰ, ਭਰ ਪਿਆਲਾ ਜਾਮ ਪਿਆਇਆ। ਆਪੇ ਢਹਿ ਢਹਿ ਪਏ ਦਵਾਰ, ਆਪਣੀ ਝੋਲੀ ਅੱਗੇ ਡਾਹਿਆ। ਜੀਵ ਜੰਤ ਨਾ ਪਾਏ ਸਾਰ, ਪੁਰਖ ਅਕਾਲ ਖੇਲ ਰਚਾਇਆ। ਕਲਜੁਗ ਅੰਤਮ ਆਏ ਵਾਰ, ਗੁਰ ਗੋਬਿੰਦ ਆਪਣਾ ਤਨ ਲਏ ਛੁਪਾਇਆ। ਗੁਰਸਿਖਾਂ ਅੰਦਰ ਕਰੇ ਜੋਤ ਆਕਾਰ, ਨਿਰਗੁਣ ਨੂਰ ਹੋਏ ਰੁਸ਼ਨਾਇਆ। ਉਚੀ ਕੂਕੇ ਸ਼ਬਦ ਜੈਕਾਰ, ਸਾਚਾ ਨਾਅਰਾ ਦਏ ਸੁਣਾਇਆ। ਕਲ ਕਲਕੀ ਲੈ ਅਵਤਾਰ, ਕਲ ਕਲਕਾ ਰੂਪ ਵਟਾਇਆ। ਸੰਬਲ ਨਗਰੀ ਧਾਮ ਨਿਆਰ, ਘਰ ਸਾਚੇ ਡੇਰਾ ਲਾਇਆ। ਜੋਤ ਇਕਗਰੀ ਜਗੇ ਵਿਚ ਸੰਸਾਰ, ਤੇਲ ਬਾਤੀ ਨਾ ਕੋਇ ਰਖਾਇਆ। ਕਮਲਾਪਾਤੀ ਬਣੇ ਸਾਂਝਾ ਯਾਰ, ਸਗਲਾ ਸੰਗ ਇਕ ਰਖਾਇਆ। ਅੰਧੇਰੀ ਰਾਤੀ ਹੋਏ ਧੂੰਆਂਧਾਰ, ਰਵ ਸਸ ਮੁਖ ਸ਼ਰਮਾਇਆ। ਰਾਜ ਰਾਜਾਨ ਸ਼ਾਹ ਸੁਲਤਾਨ ਜਾਇਣ ਹਾਰ, ਕਲਜੁਗ ਅੰਤਮ ਕੂਕੇ ਦਏ ਦੁਹਾਇਆ। ਚਾਰ ਵਰਨ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇਆ। ਧਰਤੀ ਕੂਕੇ ਕਰੇ ਪੁਕਾਰ, ਕਾਲ ਖੁਲ੍ਹੜੇ ਕੇਸ ਵਖਾਇਆ। ਪੀਰ ਫ਼ਕੀਰ ਨਾ ਕੋਇ ਸਹਾਰ, ਅੱਲਾ ਰਾਣੀ ਨੈਣ ਮਟਕਾਇਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਜੋਤੀ ਜਾਮਾ ਭੇਖ ਵਟਾਇਆ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਵੇਖ ਵਖਾਇਆ। ਸਾਚੇ ਸੰਤਾਂ ਕਰੇ ਪਿਆਰ, ਕਾਇਆ ਮੰਦਰ ਖੋਜ ਖੋਜਾਇਆ। ਭਗਤਾਂ ਦੇਵੇ ਭਗਤੀ ਆਧਾਰ, ਭਗਵਨ ਆਪਣਾ ਮੇਲ ਮਿਲਾਇਆ। ਗੁਰਮੁਖਾਂ ਕਰੇ ਤਨ ਸ਼ੰਗਾਰ, ਨਾਮ ਬਸਤਰ ਏਕਾ ਪਾਇਆ। ਗੁਰਸਿਖਾਂ ਅੰਮ੍ਰਿਤ ਦੇਵੇ ਠੰਡਾ ਠਾਰ, ਨਾਮ ਨਿਧਾਨਾ ਜਾਮ ਪਿਆਇਆ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰ, ਆਪ ਆਪਣੀ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਰੰਗਾਇਆ। ਰੰਗ ਰਤੜਾ ਪਾਰਬ੍ਰਹਮ, ਆਦਿ ਨਿਰੰਜਣ ਵਡ ਵਡਿਆਈਆ। ਪੁਰਖ ਅਬਿਨਾਸ਼ੀ ਨਾ ਮਰੇ ਨਾ ਪਏ ਜੰਮ, ਸ੍ਰੀ ਭਗਵਾਨ ਮਾਤ ਗਰਭ ਨਾ ਡੇਰਾ ਲਾਈਆ। ਸੋ ਪੁਰਖ ਨਿਰੰਜਣ ਨਾ ਖ਼ੁਸ਼ੀ ਨਾ ਕੋਈ ਗ਼ਮ, ਹਰਿ ਪੁਰਖ ਨਿਰੰਜਣ ਆਲਸ ਨਿੰਦਰਾ ਵਿਚ ਨਾ ਆਈਆ। ਪਾਰਬ੍ਰਹਮ ਪਵਣ ਸਵਾਸੀ ਲਏ ਨਾ ਦਮ, ਰਸਨਾ ਜਿਹਵਾ ਨਾ ਕੋਇ ਹਲਾਈਆ। ਆਪੇ ਕਰੇ ਆਪਣਾ ਕੰਮ, ਲੱਖ ਚੁਰਾਸੀ ਵੇਖ ਵਖਾਈਆ। ਲੇਖਾ ਜਾਣੇ ਛੱਪਰੀ ਛੰਨ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਈਆ। ਜਲ ਥਲ ਮਹੀਅਲ ਬੇੜਾ ਦੇਵੇ ਬੰਨ੍ਹ, ਸਮੁੰਦ ਸਾਗਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਜੁਗ ਜੁਗ ਵਡਿਆਈ ਹੱਥ ਕਰਤਾਰ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਇੰਦਾ। ਹੁਕਮੇ ਅੰਦਰ ਗੁਰ ਪੀਰ ਅਵਤਾਰ, ਸਾਧ ਸੰਤ ਫੇਰੀ ਪਾਇੰਦਾ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪਣਾ ਨਾਉਂ ਧਰਾਇੰਦਾ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਭਾਂਡੇ ਆਪ ਬਣਾਇੰਦਾ। ਏਕਾ ਵਸਤ ਰੱਖੇ ਹਰਿ ਥਾਰ, ਦਰ ਘਰ ਸਾਚੇ ਆਪ ਟਿਕਾਇੰਦਾ। ਪਾਰਬ੍ਰਹਮ ਬ੍ਰਹਮ ਕਰ ਉਜਿਆਰ, ਈਸ਼ ਜੀਵ ਬਣਤ ਬਣਾਇੰਦਾ। ਆਪੇ ਘੜੇ ਭੰਨੇ ਬਣ ਠਠਿਆਰ, ਕੋਲੂ ਚੱਕੀ ਚੱਕ ਆਪ ਭਵਾਇੰਦਾ। ਆਪੇ ਰੱਖੇ ਤਿਖੀ ਧਾਰ, ਆਪੇ ਆਪਣਾ ਮੁਖ ਭਵਾਇੰਦਾ। ਆਪੇ ਸੁੱਖ ਜਾਣੇ ਸੰਸਾਰ, ਆਪੇ ਦੁੱਖੀ ਦੁੱਖ ਫਿਰਾਇੰਦਾ। ਆਪੇ ਮਾਣਸ ਮਾਨੁਖ ਲਏ ਉਭਾਰ, ਆਪੇ ਖ਼ਾਕੀ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਅਪਾਰਾ, ਆਵੇ ਜਾਵੇ ਵਾਰੋ ਵਾਰਾ, ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਸਾਚੇ ਮੰਦਰ ਬੈਠਾ ਵੜ, ਨਾ ਕੋਈ ਸੀਸ ਨਾ ਕੋਈ ਧੜ ਦਿਸ ਕਿਸੇ ਨਾ ਆਇੰਦਾ।
