੨੧ ਜੇਠ ੨੦੧੫ ਬਿਕ੍ਰਮੀ ਸਿੰਘ ਦੇ ਘਰ ਪਿੰਡ ਖਹਿਰਾ ਤਹਸੀਲ ਬਟਾਲਾ ਜ਼ਿਲਾ ਗੁਰਦਾਸ ਪੁਰ
ਸਰਬ ਕਲ ਸਮਰਥ, ਆਪ ਸੁਖਦਾਇਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਤ੍ਰੈਗੁਣ ਮਾਇਆ ਨੇੜ ਨਾ ਆਇਆ। ਸ਼ਬਦ ਜਣਾਈ ਅਕਥਨਾ ਅਕਥ, ਧੁਨ ਅਨਾਦੀ ਇਕ ਸੁਣਾਇਆ। ਹਉਮੇ ਹੰਗਤਾ ਪਾਏ ਭੱਠ, ਮਾਇਆ ਮਮਤਾ ਦਏ ਜਲਾਇਆ। ਚਰਨ ਦਵਾਰ ਇਕ ਵਖਾਏ ਅਠਸਠ, ਸਰ ਸਰੋਵਰ ਇਕ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਮੇਲ ਮਿਲਾਇਆ। ਨਿਰਗੁਣ ਮੇਲਾ ਹਰਿ ਨਿਰੰਕਾਰਾ, ਆਪਣਾ ਆਪ ਕਰਾਇੰਦਾ। ਜੁਗ ਜੁਗ ਲੈ ਮਾਤ ਅਵਤਾਰਾ, ਜੋਤੀ ਜਾਮਾ ਭੇਖ ਵਟਾਇੰਦਾ। ਭਗਤ ਜਨਾ ਜਨ ਪਾਵੇ ਸਾਰਾ, ਆਦਿ ਜੁਗਾਦੀ ਖੇਲ ਖਿਲਾਇੰਦਾ। ਦੀਪਕ ਜੋਤੀ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਦੇਵੇ ਨਾਮ ਸ਼ਬਦ ਸੱਚੀ ਧੁਨਕਾਰਾ, ਸਾਚਾ ਰਾਗ ਅਲਾਇੰਦਾ। ਕਾਇਆ ਮੰਦਰ ਅੰਦਰ ਵਖਾਏ ਇਕ ਸੱਚਾ ਗੁਰਦਵਾਰਾ, ਗੁਰ ਪੂਰਾ ਆਸਣ ਲਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਆਪਣੀ ਸੇਵ ਕਮਾਇੰਦਾ। ਨੇੜ ਨਾ ਆਏ ਪੰਚਮ ਧਾੜਾ, ਪੰਚਮ ਮੇਲ ਮਿਲਾਇੰਦਾ। ਧਰਮ ਵਖਾਏ ਇਕ ਅਖਾੜਾ, ਹਰਿ ਸਾਚਾ ਆਪ ਲਗਾਇੰਦਾ। ਜੋਤ ਜਗਾਏ ਬਹੱਤਰ ਨਾੜਾ, ਤਾਲ ਤਲਵਾੜਾ ਇਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਏਕਾ ਘਰ, ਏਕਾ ਘਰ ਸੁਹਾਇੰਦਾ। ਏਕਾ ਘਰ ਆਦਿ ਨਿਰੰਜਣ, ਆਦਿ ਪੁਰਖ ਉਪਾਇਆ। ਆਪੇ ਹੋਇਆ ਦਰਦ ਦੁੱਖ ਭੈ ਭੰਜਨ, ਜਨ ਭਗਤਾਂ ਸੰਗ ਨਿਭਾਇਆ। ਨੇਤਰ ਪਾਏ ਨਾਮ ਅੰਜਨ, ਇਕ ਗਿਆਨ ਦ੍ਰਿੜਾਇਆ। ਦੋ ਜਹਾਨਾਂ ਸਾਚਾ ਸੱਜਣ, ਲੋਕਮਾਤ ਮੇਲ ਮਿਲਾਇਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਰਹਿਣ ਨਾ ਪਾਇਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਜੋ ਜਨ ਸਰਨ ਸਰਨਾਈ ਆਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਆਇਆ ਪੜਦੇ ਕੱਜਣ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਏਕਾ ਘਰ, ਗੁਰਮੁਖ ਸਾਚੇ ਲਏ ਮਲਾਇਆ। ਗੁਰਮੁਖ ਸਾਜਨ ਸਾਚੇ ਮੇਲਾ, ਹਰਿ ਸਾਚੇ ਆਪ ਕਰਾਇਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਗੋਬਿੰਦ ਰੂਪ ਵਟਾਇਆ। ਆਪੇ ਵਸਿਆ ਰੰਗ ਨਵੇਲਾ, ਆਪੇ ਹਰ ਘਟ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖ ਸਾਚਾ ਘਰ, ਥਿਰ ਘਰ ਸਾਚਾ ਨਾਉਂ ਧਰਾਇਆ। ਥਿਰ ਘਰ ਸਾਚਾ ਸ਼ਬਦ ਟਿਕਾਣਾ, ਹਰਿ ਜੋਤੀ ਨੂਰ ਜਗਾਈਆ। ਆਪੇ ਬਣਿਆ ਸ਼ਾਹ ਸੁਲਤਾਨਾ, ਨਾ ਦੂਸਰ ਕੋਈ ਦਿਸਾਈਆ। ਏਕਾ ਰੂਪ ਸ਼ਾਹੋ ਭੂਪ, ਸਤਿ ਸਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਏਕਾ ਘਰ, ਅਲਖ ਨਿਰੰਜਣ ਏਕਾ ਅਲਖ ਰਿਹਾ ਜਗਾਈਆ। ਇਕ ਅਲਖ ਗੁਰਸਿਖ ਜਗਾ, ਏਕਾ ਨਾਮ ਜੈਕਾਰਾ। ਏਕਾ ਮੰਦਰ ਦਏ ਵਖਾ, ਦਿਵਸ ਰੈਣ ਹੋਏ ਉਜਿਆਰਾ। ਏਕਾ ਅੱਖਰ ਦਏ ਪੜ੍ਹਾ, ਮਿਲੇ ਮੇਲ ਹਰਿ ਮੀਤ ਮੁਰਾਰਾ। ਬਜਰ ਕਪਾਟੀ ਜਿੰਦਾ ਦਏ ਤੁੜਾ, ਸ਼ਬਦ ਸਰੂਪੀ ਲਾਏ ਪਾੜਾ। ਪੰਚਮ ਵਿਕਾਰਾ ਸੱਥਰ ਦਏ ਵਛਾ, ਨੇੜ ਨਾ ਆਏ ਝੂਠੀ ਧਾੜਾ। ਗੁਰਮੁਖ ਸਾਜਨ ਸਾਚਾ ਲਾੜਾ ਦਏ ਨੁਹਾ, ਦੇਵੇ ਨਾਮ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਇਕ ਦਰ, ਮੇਲ ਮਿਲਾਏ ਇਕ ਦਵਾਰਾ। ਇਕ ਦਵਾਰ ਗ਼ਰੀਬ ਨਿਵਾਜ, ਆਪਣਾ ਆਪ ਰਖਾਇਆ। ਲੱਖ ਚੁਰਾਸੀ ਆਪੇ ਸਾਜ, ਆਪ ਆਪਣਾ ਦਰਸ ਦਿਖਾਇਆ। ਜਨ ਭਗਤਾਂ ਦੇਵੇ ਸਾਚਾ ਦਾਜ, ਧੁਰਦਰਗਾਹੀ ਨਾਮ ਲਿਆਇਆ। ਸੀਸ ਰਖਾਏ ਸਾਚਾ ਤਾਜ, ਸਤਿ ਸੰਤੋਖੀ ਦਇਆ ਕਮਾਇਆ। ਜੁਗ ਜੁਗ ਰਚਨੇਹਾਰਾ ਕਾਜ, ਆਦਿ ਜੁਗਾਦੀ ਨਾਮ ਧਰਾਇਆ। ਖੋਜ ਖੁਜਾਏ ਹਰਿ ਬ੍ਰਹਿਮਾਦਿ ਪਾਰਬ੍ਰਹਮ ਹਰਿ ਨਾਉਂ ਧਰਾਇਆ। ਇਕ ਵਜਾਏ ਸਾਚਾ ਨਾਦ, ਲੋਆਂ ਪੁਰੀਆਂ ਰਿਹਾ ਸੁਣਾਇਆ। ਸੋਇਆ ਕੋਈ ਨਾ ਰਹੇ ਸੰਤ ਸਾਧ, ਜੀਵ ਜੰਤ ਰਿਹਾ ਮਿਲਾਇਆ। ਸ਼ਬਦ ਜਣਾਈ ਬੋਧ ਅਗਾਧ, ਗੁਰਮੁਖਾਂ ਵੰਡ ਵੰਡਾਇਆ। ਜੋ ਜਨ ਰਸਨ ਰਹੇ ਅਰਾਧ, ਨੇਤਰ ਨੈਣ ਲੋਚਣ ਦਰਸ ਦਿਖਾਇਆ। ਮਨਮੁਖ ਜੀਵਾਂ ਇਕ ਰਖਾਇਆ ਵਾਦ ਵਿਵਾਦ, ਹਉਮੇ ਸਹਿੰਸਾ ਰੋਗ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਵਰ, ਵਰ ਦਾਤਾ ਆਪ ਹੋ ਜਾਇਆ। ਆਪੇ ਦਾਤਾ ਸ਼ਬਦ ਭੰਡਾਰਾ, ਆਪੇ ਹਰਿ ਵਰਤਾਇੰਦਾ। ਆਪੇ ਪਾਵਣਹਾਰਾ ਸਾਰਾ, ਆਪੇ ਗਿਆਨ ਦ੍ਰਿੜਾਇੰਦਾ। ਆਪ ਕਰਾਏ ਸਚ ਜੈਕਾਰਾ, ਆਪੇ ਆਪ ਸੁਣਾਇੰਦਾ। ਆਪ ਨੁਹਾਏ ਆਪਣੀ ਧਾਰਾ, ਆਪੇ ਮੇਟ ਮਿਟਾਇੰਦਾ। ਆਪੇ ਜਾਣੇ ਆਪਣੀ ਕਾਰਾ, ਆਪੇ ਕਾਰ ਕਮਾਇੰਦਾ। ਆਪ ਆਪਣਾ ਕਰ ਉਸਾਰਾ, ਆਪੇ ਵੇਖਣ ਆਇੰਦਾ। ਆਪ ਆਪਣਾ ਬਣ ਲਿਖਾਰਾ, ਲੇਖਾ ਆਪਣੇ ਹੱਥ ਰਖਾਇੰਦਾ। ਆਪ ਆਪਣੀ ਮਾਰੇ ਮਾਰਾ, ਮਾਰਨਹਾਰ ਆਪ ਹੋ ਜਾਇੰਦਾ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਮਿਤ ਅਖਵਾਇੰਦਾ। ਆਪ ਆਪਣਾ ਕਰ ਉਜਿਆਰਾ, ਆਪ ਆਪਣਾ ਰੂਪ ਦਰਸਾਇੰਦਾ। ਆਪ ਆਪਣਾ ਨਾਉਂ ਧਰ ਨਿਰੰਕਾਰਾ, ਨਰ ਨਰਾਇਣ ਵੇਸ ਵਟਾਇੰਦਾ। ਆਪ ਆਪਣਾ ਕਰ ਪਸਾਰਾ, ਪਸਰ ਪਸਾਰੀ ਆਪ ਹੋ ਜਾਇੰਦਾ। ਜੁਗ ਜੁਗ ਲਏ ਮਾਤ ਅਵਤਾਰ, ਭੇਵ ਕੋਈ ਨਾ ਪਾਇੰਦਾ। ਬ੍ਰਹਮਾ ਵੇਤਾ ਬਣ ਲਿਖਾਰਾ, ਚਾਰੇ ਵੇਦਾਂ ਬੋਲ ਅਲਾਇੰਦਾ। ਵੇਦ ਵਿਆਸਾ ਪੁਰਾਨ ਅਠਾਰਾਂ, ਪੁਰਾਨੀ ਪੁਰਾਨ ਜਣਾਇੰਦਾ। ਸਾਸ਼ਤਰ ਸਿਮਰਤ ਕਰ ਵਿਚਾਰਾ, ਕਿਰਪਾ ਕਰਨੀ ਆਪ ਕਰਾਇੰਦਾ। ਗੀਤਾ ਗਿਆਨ ਜਗਤ ਉਧਾਰਾ, ਸਾਚੀ ਸਿਖਿਆ ਆਪ ਸਿਖਾਇੰਦਾ। ਅੰਜੀਲ ਕੁਰਾਨਾ ਪਾਵੇ ਸਾਰਾ, ਏਕਾ ਧਾਰ ਚਲਾਇੰਦਾ। ਨਾਨਕ ਗੁਰ ਮੰਗਿਆ ਇਕ ਦਵਾਰਾ, ਏਕਾ ਬੂਝ ਬੁਝਾਇੰਦਾ। ਏਕਾ ਸ਼ਬਦ ਇਕ ਪਿਆਰਾ, ਚਾਰ ਵਰਨਾਂ ਆਪ ਜਣਾਇੰਦਾ। ਏਕਾ ਜੋਤ ਨਰ ਨਿਰੰਕਾਰਾ, ਆਪਣਾ ਵੇਸ ਵਟਾਇੰਦਾ। ਨਾਨਕ ਗੋਬਿੰਦ ਇਕ ਅਧਾਰਾ, ਏਕਾ ਰੂਪ ਸਮਾਇੰਦਾ। ਏਕਾ ਲੇਖ ਲਿਖਣਹਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਸਾਚੀ ਸਿਖਿਆ ਸਿਖਣਹਾਰਾ, ਗੁਰ ਚੇਲਾ ਰੂਪ ਵਟਾਇੰਦਾ। ਸ੍ਰਿਸ਼ਟ ਸਬਾਈ ਮਥਿਆ, ਮੱਥਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚੇਲਾ ਵਸਿਆ ਸਾਚੇ ਘਰ, ਘਰ ਸੁਹਾਇਆ ਪ੍ਰਭ ਮੇਲ ਮਿਲਾਇਆ, ਵਿਛੜ ਕਦੇ ਨਾ ਜਾਇੰਦਾ। ਹੋਏ ਵਿਛੋੜਾ ਆਦਿ ਅੰਤ, ਜੁਗ ਜੁਗ ਆਪ ਕਰਾਇਆ। ਜੁਗ ਜੁਗ ਵੇਖੇ ਸਾਧ ਸੰਤ, ਸਤਿਗੁਰ ਪੂਰਾ ਦਇਆ ਕਮਾਇਆ। ਮਨਮੁਖਾਂ ਮਾਇਆ ਪਾਏ ਬੇਅੰਤ, ਬੇਅੰਤਾ ਨਾਉਂ ਧਰਾਇਆ। ਗੁਰਮੁਖ ਮੇਲਾ ਸਾਚੀ ਨਾਰੀ ਹਰਿ ਸਾਚੇ ਕੰਤ, ਸਤਿ ਸੁਹਾਗਣ ਨਾਉਂ ਧਰਾਇਆ। ਕਾਇਆ ਫੁਲਵਾੜੀ ਦਿਸੇ ਇਕ ਬਸੰਤ, ਅੰਮ੍ਰਿਤ ਆਤਮ ਝਿਰਨਾ ਰਿਹਾ ਝਿਰਾਇਆ। ਜੁਗ ਜੁਗ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਈ ਲਿਖਾਇਆ। ਕਲਜੁਗ ਤੇਰਾ ਵੇਲਾ ਅੰਤ, ਪ੍ਰਭ ਸਾਚੇ ਵੇਸ ਵਟਾਇਆ। ਲੱਖ ਚੁਰਾਸੀ ਜੀਵ ਜੰਤ, ਚਾਰੋਂ ਕੁੰਟ ਰਹੇ ਕੁਰਲਾਇਆ। ਨਾ ਕੋਈ ਜਿਹਵਾ ਨਾ ਕੋਈ ਮਣੀਆ ਨਾ ਕੋਈ ਮਣਤ, ਨਾ ਕੋਈ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਸ਼ਬਦ ਗੁਰ ਡੇਰਾ, ਪਾਰਬ੍ਰਹਮ ਉਪਾਇਆ। ਕਰੇ ਕਰਾਏ ਹੱਕ ਨਿਬੇੜਾ, ਲਹਿਣਾ ਦੇਣਾ ਮੂਲ ਚੁਕਾਇਆ। ਵਸਦਾ ਰਹੇ ਸਾਚਾ ਖੇੜਾ, ਹਰਿ ਮੰਦਰ ਵੇਖ ਵਖਾਇਆ। ਲੱਖ ਚੁਰਾਸੀ ਦੇਵਣਹਾਰਾ ਗੇੜਾ, ਪੰਜ ਤਤ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਾਚੇ ਘਰ, ਇਕੋ ਸ਼ਬਦ ਵੇਖ ਵਖਾਇਆ। ਨਾਨਕ ਗੋਬਿੰਦ ਬਣ ਲਿਖਾਰ, ਲੇਖਾ ਲੇਖ ਲਿਖਾਇਆ। ਕਲਜੁਗ ਅੰਤਮ ਲਏ ਅਵਤਾਰ, ਪ੍ਰਭ ਸਾਚਾ ਹੋਏ ਸਹਾਇਆ। ਨਿਹਕਲੰਕੀ ਜਾਮਾ ਧਾਰ, ਸ਼ਬਦ ਡੰਕਾ ਇਕ ਵਜਾਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਨਾਮ ਹਲੂਣੇ ਰਿਹਾ ਲਗਾਇਆ। ਭੇਖ ਪਖੰਡਾ ਮਾਰੇ ਮਾਰ, ਸ਼ਬਦ ਡੰਡਾ ਹੱਥ ਉਠਾਇਆ। ਮਨਮੁਖ ਜੀਵ ਅੰਦਰ ਕੋਈ ਰਹਿਣ ਨਾ ਦੇਵੇ ਵਿਚ ਸੰਸਾਰ, ਅੰਤਮ ਕੰਢਾ ਪਾਰ ਕਰਾਇਆ। ਏਕਾ ਰੱਖੇ ਤਿਖੀ ਧਾਰ, ਨੌਂ ਖੰਡਾਂ ਵੇਖ ਵਖਾਇਆ। ਸੱਤਾਂ ਦੀਪਾਂ ਹੋ ਉਜਿਆਰ, ਏਕਾ ਨਾਮ ਜਪਾਇਆ। ਚਾਰੇ ਕੁੰਟਾਂ ਪਾਵੇ ਸਾਰ, ਦਹਿ ਦਿਸ਼ਾ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਲਏ ਉਭਾਰ, ਆਪ ਆਪਣਾ ਵੇਸ ਵਟਾਇਆ। ਇਕ ਕਰਾਏ ਸ਼ਬਦ ਜੈਕਾਰ, ਸੋ ਪੁਰਖ ਨਿਰੰਜਣ ਨਾਮ ਧਰਾਇਆ। ਪਾਵੇ ਵੰਡਾਂ ਅਪਰ ਅਪਾਰ, ਭੇਵ ਕੋਇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ ਹਰਿਜਨ ਮੇਲਾ ਆਪੇ ਕਰ ਮੇਲਣਹਾਰ ਆਪ ਅਖਵਾਇਆ। ਸਾਚਾ ਮੇਲਾ ਧੁਰ ਦਰਗਾਹ, ਆਦਿ ਜੁਗਾਦਿ ਕਰਾਇਆ। ਸਾਚਾ ਸ਼ਬਦ ਸਚ ਮਲਾਹ, ਬੇੜਾ ਬੰਨੇ ਲਾਇਆ। ਨਾ ਕੋਈ ਦੂਸਰ ਦਿਸੇ ਰਾਹ, ਦੇਵੀ ਦੇਵ ਨਾ ਕੋਈ ਸਹਾਇਆ। ਨਾ ਕੋਈ ਕਟੇ ਜੰਮ ਕਾ ਫਾਹ, ਬ੍ਰਹਮਾ ਸ਼ਿਵ ਬੈਠੇ ਮੁਖ ਛੁਪਾਇਆ। ਨਾ ਕੋਈ ਜਪਾਵੇ ਸਾਚਾ ਨਾਂ, ਸਾਧ ਸੰਤ ਹੋਏ ਹਲਕਾਇਆ। ਨਾ ਕੋਈ ਦੀਸੇ ਸਾਚਾ ਥਾਂ, ਸਾਚਾ ਥਾਨ ਨਾ ਕੋਈ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਵਰ, ਏਕਾ ਨਾਤਾ ਪੁਰਖ ਬਿਧਾਤਾ, ਆਪਣਾ ਆਪ ਬੰਧਾਇਆ। ਏਕਾ ਨਾਤਾ ਕਮਲਾਪਾਤ, ਗੁਰਮੁਖ ਆਪ ਬਣਾਈਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਊਚ ਨੀਚ ਨਾ ਕੋਈ ਜਣਾਈਆ। ਚਾਰ ਵਰਨਾਂ ਇਕ ਜਮਾਇਤ, ਏਕਾ ਸ਼ਬਦ ਪੜ੍ਹਾਈਆ। ਮੇਟ ਮਿਟਾਏ ਅੰਧੇਰੀ ਰਾਤ, ਸਾਚਾ ਚੰਦ ਚੜ੍ਹਾਈਆ। ਦੁਰਮਤ ਮੈਲ ਦੇਵੇ ਕਾਟ, ਹਉਮੇ ਰੋਗ ਗਵਾਈਆ। ਇਕ ਵਖਾਏ ਸਾਚਾ ਹਾਟ, ਚੌਦਾਂ ਹੱਟ ਭਵਾਈਆ। ਤਿੰਨਾਂ ਲੋਕਾਂ ਪਾਰ ਵਾਟ, ਚੌਥੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਸਾਚਾ ਦਰ ਘਰ ਸੁਹੰਜਣਾ, ਜਗੇ ਜੋਤ ਨਿਰੰਜਣਾ, ਅੱਠੇ ਪਹਿਰ ਰਹੇ ਰੁਸ਼ਨਾਈਆ। ਆਠ ਪਹਿਰ ਏਕਾ ਚਾਨਣ, ਏਕਾ ਰੂਪ ਦਰਸਾਇਆ। ਏਕਾ ਸ਼ਬਦ ਇਕ ਗਿਆਨਨ, ਏਕਾ ਜਾਪ ਜਪਾਇਆ। ਏਕਾ ਰਾਗ ਏਕਾ ਕਾਨਨ, ਏਕਾ ਰਿਹਾ ਸੁਣਾਇਆ। ਏਕਾ ਸਤਿਗੁਰ ਧੁਰਦਰਗਾਹੀ ਸਾਚਾ ਜ਼ਾਮਨ, ਨਾ ਕੋਈ ਦੂਸਰ ਸੰਗ ਰਖਾਇਆ। ਮੇਟ ਮਿਟਾਏ ਤ੍ਰਿਸਨਾ ਤਾਮਨ, ਤ੍ਰਿਸਨਾ ਭੁੱਖ ਰਹਿਣ ਨਾ ਪਾਇਆ। ਨੇੜ ਨਾ ਆਏ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਸਜਾਇਆ। ਦੂਰ ਕਰਾਏ ਅੰਧੇਰ ਸ਼ਾਮਨ, ਸੰਝ ਸਵੇਰ ਇਕ ਕਰਾਇਆ। ਲੰਕਾ ਗੜ੍ਹ ਤੋੜੇ ਹੰਕਾਰ ਰਾਮ ਰਾਮਾ ਰਾਵਣ, ਸ਼ਾਹ ਭਬੀਖਨ ਹੋਏ ਸਹਾਇਆ। ਜਨ ਆਪ ਫੜਾਏ ਆਪਣਾ ਦਾਮਨ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਮੇਲਾ ਏਕਾ ਹਰਿ, ਹਰਿ ਸਾਚਾ ਆਪ ਕਰਾਇਆ ਹਰਿ ਸਾਚਾ ਹਰਿ ਸੱਜਣਾ, ਹਰਿ ਹਰਿ ਮੀਤ ਮੁਰਾਰ। ਜੋ ਘੜਿਆ ਸੋ ਭੱਜਣਾ, ਅੰਤਮ ਵਿਚ ਸੰਸਾਰ। ਬਿਨ ਗੁਰ ਪੜਦਾ ਕਿਸੇ ਨਾ ਕੱਜਣਾ, ਨਾ ਕੋਈ ਪਾਰ ਉਤਾਰਨਹਾਰ। ਕਲਜੁਗ ਕਾਲ ਨਗਾਰਾ ਵੱਜਣਾ, ਚਾਰ ਕੁੰਟ ਧੁੰਧੂਕਾਰ। ਧਰਮ ਰਾਏ ਉਠ ਉਠ ਗੱਜਣਾ, ਏਕਾ ਏਕ ਰਿਹਾ ਲਲਕਾਰ। ਲਾੜੀ ਮੌਤ ਘਰ ਘਰ ਜਾ ਜਾ ਸਜਣਾ, ਦਿਵਸ ਰੈਣ ਕਰੇ ਸ਼ੰਗਾਰ। ਚਿਤਰ ਗੁਪਤ ਆਪਣਾ ਲੇਖਾ ਕੱਢਣਾ, ਪੁਰਖ ਅਬਿਨਾਸ਼ੀ ਅੱਗੇ ਖਲਾਰ। ਲੋਕਮਾਤ ਮਨਮੁਖ ਜੀਵਾਂ ਤਜਣਾ, ਤੁਟੇ ਗੜ੍ਹ ਹੰਕਾਰ। ਜੂਠਾ ਝੂਠਾ ਡੁੱਬੇ ਜਹਾਜਨਾ, ਕੂੜੀ ਕਿਰਿਆ ਨਾ ਲਾਵੇ ਪਾਰ। ਸੀਸ ਦਿਸੇ ਨਾ ਕਿਸੇ ਤਾਜਨਾ, ਰਾਜ ਰਾਜਾਨਾਂ ਕਰੇ ਖਵਾਰ। ਨਾ ਕੋਈ ਬਣੀਆਂ ਸ਼ਾਹ ਦਿਸੇ ਮਹਾਜਨਾ, ਨਾ ਕੋਈ ਲੇਖਾ ਮੰਗੇ ਦਵਾਰ। ਨਾ ਕੋਈ ਮੁਲਾਂ ਸ਼ੇਖ਼ ਕਾਜ਼ੀ ਕਾਜਨਾ, ਪੀਰ ਦਸਤਗੀਰ ਨਾ ਕੋਈ ਸਹਾਰ। ਨਾ ਕੋਈ ਪੰਡਤ ਪਾਂਧਾ ਮਾਰੇ ਵਾਜਨਾ, ਨਾ ਕੋਈ ਪਤਰੀ ਰਿਹਾ ਵਿਚਾਰ। ਪੰਥੀ ਪੰਥ ਨਾ ਕੋਈ ਨਿਵਾਜਨਾ, ਬਿਨ ਪੂਰੇ ਹਰਿ ਕਰਤਾਰ। ਅੰਤਮ ਪਰਗਟ ਹੋਏ ਦੇਸ ਮਾਝਨਾ, ਗੁਰ ਗੋਬਿੰਦ ਰਿਹਾ ਪੁਕਾਰ। ਸੰਬਲ ਨਗਰੀ ਸਾਚਾ ਰਾਜਨਾ, ਬੈਠੇ ਸ਼ਾਹੋ ਭੂਪ ਸਿਕਦਾਰ। ਸਾਢੇ ਤਿੰਨ ਹੱਥ ਸੀਆਂ ਨਾਪਨਾ, ਕਲਜੁਗ ਤੇਰੀ ਅੰਤਮ ਵਾਰ। ਨੌਂ ਖੰਡ ਪ੍ਰਿਥਮੀ ਕਾਪਨਾ, ਸੱਤਾਂ ਦੀਪਾਂ ਹਾਹਾਕਾਰ। ਜੀਵਾਂ ਜੰਤਾਂ ਭੁੱਲੇ ਆਪੋ ਆਪਣਾ, ਨਾ ਕੋਈ ਸਕੇ ਸੁਰਤ ਸੰਭਾਲ। ਤ੍ਰੈਗੁਣ ਮਾਇਆ ਚਾੜ੍ਹੇ ਤੀਨੋ ਤਾਪਨਾ, ਅੱਠੇ ਪਹਿਰ ਹੰਕਾਰ ਬੁਖਾਰ। ਦੂਈ ਦਵੈਤੀ ਕੋਇ ਨਾ ਕਾਟਨਾ, ਨਾ ਕੋਈ ਬਖ਼ਸ਼ੇ ਇਕ ਪਿਆਰ। ਸਾਚਾ ਨਾਮ ਨਾ ਮਿਲੇ ਕਿਸੇ ਹਾਟਨਾ, ਘਰ ਘਰ ਦਿਸੇ ਹਟ ਬਾਜਾਰ। ਕਾਇਆ ਦਿਸੇ ਨਾ ਕਿਸੇ ਸਾਚਾ ਪਟਨਾ, ਨਾ ਕੋਈ ਕਰੇ ਸ਼ਬਦ ਸ਼ੰਗਾਰ। ਤਨ ਚੋਲਾ ਅੰਤਮ ਪਾਟਣਾ, ਮਨਮੁਖ ਜੀਵ ਜਗਤ ਵਿਚਾਰ। ਨਾ ਕੋਈ ਤੀਰਥ ਨਾ ਕੋਈ ਤਟਨਾ, ਗੰਗ ਗੋਦਾਵਰੀ ਗਈ ਹਾਰ। ਲਹਿਣਾ ਦੇਣਾ ਨਾ ਚੁਕਾਏ ਕੋਈ ਆਨ ਬਾਟਨਾ, ਲੱਖ ਚੁਰਾਸੀ ਮਾਰੇ ਮਾਰ। ਅੱਗੇ ਨੇੜੇ ਆਈ ਵਾਟਨਾ, ਕਲਜੁਗ ਕੂੜਾ ਰਿਹਾ ਪੁਕਾਰ। ਗੁਰਮੁਖ ਵਿਰਲੇ ਲਾਹਾ ਖਾਟਨਾ, ਮੰਗੇ ਮੰਗ ਦਰ ਭਿਖਾਰ। ਅੰਮ੍ਰਿਤ ਆਤਮ ਏਕਾ ਚਾਟਨਾ, ਨੌਂ ਰਸ ਏਕਾ ਧਾਰ। ਬਜਰ ਕਪਾਟੀ ਪੜਦਾ ਪਾਟਨਾ, ਮੇਲ ਮਿਲਾਵਾ ਦਸਮ ਦਵਾਰ। ਉਪਰ ਬੈਠ ਸਚ ਸਿੰਘਾਸਨਾ, ਆਤਮ ਸੇਜਾ ਕਰ ਪਿਆਰ। ਪਰਗਟ ਹੋ ਪੁਰਖ ਅਬਿਨਾਸ਼ਨਾ, ਗੁਰਮੁਖ ਸਾਚੇ ਲਏ ਉਭਾਰ। ਆਪੇ ਹੋਇਆ ਦਾਸੀ ਦਾਸਨਾ, ਸੇਵਕ ਸੇਵਾ ਕਰੇ ਅਪਾਰ। ਵੇਖ ਵਖਾਏ ਪ੍ਰਿਥਮੀ ਅਕਾਸ਼ਨਾ, ਚੰਨ ਸੂਰਜ ਵੇਖ ਅਵਤਾਰ। ਮੰਡਲ ਮੰਡਪ ਪਾਵੇ ਰਾਸਨਾ, ਖੇਲੇ ਖੇਲ ਅਪਰ ਅਪਾਰ। ਆਪੇ ਜਾਣੇ ਆਪਣੀ ਵਾਸਨਾ, ਕਰੇ ਕਰਾਏ ਕਰਨੇਹਾਰ। ਦੋ ਜਹਾਨੀ ਸ਼ਾਹੋ ਸ਼ਬਾਸ਼ਨਾ, ਸਚ ਤਖ਼ਤ ਸੱਚੀ ਸਰਕਾਰ। ਕਲਜੁਗ ਵੇਖੇ ਇਕ ਤਮਾਸ਼ਨਾ, ਡੂੰਘੀ ਭਵਰੀ ਚੁੱਭੀ ਮਾਰ। ਜੀਵ ਜੰਤ ਮਦਿਰਾ ਮਾਸਨਾ, ਕਰਿਆ ਇਕ ਪਿਆਰ। ਆਤਮ ਛੱਡੀ ਸਾਚੀ ਵਾਸਨਾ, ਪਾਰਬ੍ਰਹਮ ਨਾ ਕੋਈ ਵਾਪਾਰ। ਬ੍ਰਹਮ ਵਿਦਿਆ ਨਾ ਹੋਏ ਪਰਕਾਸ਼ਨਾ, ਜਗਤ ਵਿਦਿਆ ਹੋਈ ਨਾਰ। ਗੁਰਮੁਖ ਸਾਚੇ ਬਲ ਬਲ ਜਾਸਨਾ, ਜਿਸ ਪਾਇਆ ਪੁਰਖ ਅਗੰਮ ਅਪਾਰ। ਏਕਾ ਜਪਿਆ ਸਾਚਾ ਜਾਪਨਾ, ਜਮ ਦੰਡ ਨਾ ਖਾਏ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਲਏ ਵਰ, ਇਕ ਸੁਹਾਏ ਬੰਕ ਦਵਾਰ। ਬੰਕ ਦਵਾਰ ਹਰਿ ਸੁਹੌਣਾ, ਆਪਣੀ ਰਚਨ ਰਚਾਈਆ। ਕਲਜੁਗ ਕੂੜਾ ਮੇਟ ਮਿਟੌਣਾ, ਸਤਿਜੁਗ ਸਾਚਾ ਨਾਉਂ ਰਖਾਈਆ। ਭਿੰਨੜੀ ਰੈਣ ਮੇਲ ਮਿਲੌਣਾ, ਸਾਚਾ ਸੰਗ ਰਖਾਈਆ। ਇਕ ਅਨਾਦੀ ਤਾਲ ਵਜੌਣਾ, ਸ਼ਬਦ ਕਰੇ ਜਣਾਈਆ। ਬੋਧ ਅਗਾਧੀ ਭੇਵ ਖੁਲ੍ਹੌਣਾ, ਭੇਵ ਅਭੇਦਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪੇ ਕਰ, ਕਰ ਕਿਰਪਾ ਪਾਰ ਕਰਾਈਆ।
