੨ ਭਾਦਰੋਂ ੨੦੧੭ ਬਿਕ੍ਰਮੀ ਨਰੈਣ ਸਿੰਘ ਦੇ ਘਰ ਨਜਾਮ ਪੁਰਾ ਜਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਖੇਲ ਤਮਾਸ਼ਾ, ਪੁਰਖ ਅਕਾਲ ਆਪ ਕਰਾਈਆ। ਏਕੰਕਾਰਾ ਆਦਿ ਜੁਗਾਦੀ ਪਾਏ ਰਾਸਾ, ਨਿਰਗੁਣ ਦਾਤਾ ਬੇਪਰਵਾਹੀਆ। ਆਦਿ ਨਿਰੰਜਣ ਜੋਤੀ ਨੂਰ ਨੂਰ ਪ੍ਰਕਾਸ਼ਾ, ਪਰਮ ਪੁਰਖ ਸਿਫ਼ਤ ਸਾਲਾਹੀਆ। ਸ੍ਰੀ ਭਗਵਾਨ ਘਟ ਘਟ ਵਾਸਾ, ਜੂਨੀ ਰਹਿਤ ਨਜ਼ਰ ਨਾ ਆਈਆ। ਅਬਿਨਾਸ਼ੀ ਕਰਤਾ ਪ੍ਰਿਥਮੀ ਆਕਾਸ਼ਾ, ਆਪਣੀ ਰਚਨਾ ਆਪ ਰਚਾਈਆ। ਪਾਰਬ੍ਰਹਮ ਪ੍ਰਭ ਦਾਸੀ ਦਾਸਾ, ਜੁਗਾ ਜੁਗੰਤਰ ਸੇਵ ਕਮਾਈਆ। ਸਚਖੰਡ ਦਵਾਰਾ ਨਰ ਹਰਿ ਨਿਰੰਕਾਰਾ ਕਰੇ ਨਿਵਾਸਾ, ਸਚ ਸਿੰਘਾਸਣ ਆਸਣ ਲਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜਾ, ਆਪਣੀ ਧਾਰ ਵਿਚ ਟਿਕਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਤਾਜ ਇਕ ਵਖਾਈਆ। ਮਹੱਲ ਅਟੱਲ ਉਚ ਮੁਨਾਰਾ, ਬੇਐਬ ਪਰਵਰਦਿਗਾਰ ਆਪ ਬਣਾਈਆ। ਨਾ ਕੋਈ ਦਿਸੇ ਚਾਰ ਦੀਵਾਰਾ, ਛੱਪਰ ਛੰਨ ਨਾ ਕੋਇ ਛੁਹਾਈਆ। ਰਵ ਸਸ ਨਾ ਕੋਇ ਸਿਤਾਰਾ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਪਸਾਰਾ, ਤ੍ਰੈਗੁਣ ਰੂਪ ਨਾ ਕੋਇ ਵਟਾਈਆ। ਪੰਜ ਤਤ ਨਾ ਖੇਲ ਨਿਆਰਾ, ਸਰਗੁਣ ਰੰਗ ਨਾ ਕੋਇ ਚੜ੍ਹਾਈਆ। ਨੌਂ ਸਤ ਨਾ ਕੋਇ ਹੁਲਾਰਾ, ਰੱਤੀ ਰੱਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਆਪ ਅਖਵਾਈਆ। ਕਰਤਾ ਪੁਰਖ ਸਾਹਿਬ ਸੁਲਤਾਨ, ਦਰ ਘਰ ਸਾਚਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਆਪਣੀ ਕਲ ਆਪ ਵਰਤਾਇੰਦਾ। ਹਰਿ ਪੁਰਖ ਨਿਰੰਜਣ ਖੇਲ ਮਹਾਨ, ਭੇਵ ਅਭੇਦਾ ਭੇਵ ਛੁਪਾਇੰਦਾ। ਏਕੰਕਾਰਾ ਦਾਨੀ ਦਾਨ, ਦਰਦ ਦੁਖ ਭੈ ਭੰਜਨ ਨਾਉਂ ਰਖਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤ ਉਜਾਲਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨੌਂਜਵਾਨ, ਬਿਰਧ ਬਾਲ ਨਾ ਕੋਇ ਵਖਾਇੰਦਾ। ਸ੍ਰੀ ਭਗਵਾਨ ਖੇਲੇ ਖੇਲ ਦੋ ਜਹਾਨ, ਆਵਣ ਜਾਵਣ ਆਪਣੀ ਰਚਨ ਰਚਾਇੰਦਾ। ਪਾਰਬ੍ਰਹਮ ਵਖਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇੰਦਾ। ਸਚਖੰਡ ਦਵਾਰਾ ਸਚ ਮਕਾਨ, ਨਿਰਭੌ ਸਾਚਾ ਧਾਮ ਸੁਹਾਇੰਦਾ। ਨਾ ਕੋਈ ਰਾਗ ਨਾ ਕੋਈ ਗਾਨ, ਧੁਨ ਨਾਦ ਨਾ ਕੋਇ ਵਜਾਇੰਦਾ। ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਬੰਸਰੀ ਕਾਹਨ ਸੁਣਾਇੰਦਾ। ਨਾ ਕੋਈ ਨਗਰ ਨਾ ਗਰਾਮ, ਨਾ ਕੋਈ ਖੇੜਾ ਗੜ੍ਹ ਵਖਾਇੰਦਾ। ਨਾ ਕੋਈ ਮਾਟੀ ਨਾ ਕੋਈ ਚਾਮ, ਭਰ ਪਿਆਲਾ ਜਾਮ ਨਾ ਕੋਇ ਪਿਆਇੰਦਾ। ਨਾ ਕੋਈ ਤੀਰ ਨਾ ਕੋਈ ਬਾਣ, ਹੱਥ ਕਮਾਨ ਨਾ ਕੋਇ ਰਖਾਇੰਦਾ। ਨਾ ਕੋਈ ਹੁਕਮ ਨਾ ਫ਼ਰਮਾਨ, ਨਿਉਂ ਨਿਉਂ ਸੀਸ ਨਾ ਕੋਇ ਝੁਕਾਇੰਦਾ। ਪੁਰਖ ਅਬਿਨਾਸ਼ੀ ਖੇਲ ਮਹਾਨ, ਸਚਖੰਡ ਦਵਾਰੇ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਆਪਣੀ ਕਲ ਆਪ ਵਰਤਾਇੰਦਾ। ਵਰਤੇ ਕਲ ਸ੍ਰੀ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਤਖ਼ਤ ਨਿਵਾਸੀ ਸ਼ਾਹ ਸੁਲਤਾਨ, ਸਚ ਸਿੰਘਾਸਣ ਆਸਣ ਲਾਈਆ। ਏਕਾ ਹੁਕਮ ਇਕ ਫ਼ਰਮਾਨ, ਧੁਰ ਦੀਬਾਣ ਆਪ ਜਣਾਈਆ। ਏਕਾ ਦਾਤਾ ਏਕਾ ਦਾਨ, ਏਕਾ ਝੋਲੀ ਰਿਹਾ ਭਰਾਈਆ। ਇਕ ਭਿਖਾਰੀ ਇਕ ਦਰਬਾਨ, ਏਕਾ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੇਲ ਨਿਆਰਾ, ਕਰੇ ਕਰਾਏ ਏਕੰਕਾਰਾ, ਕਰਨੀ ਕਰਤਾ ਆਪ ਕਰਾਇੰਦਾ। ਕਰਨੀ ਕਰਤਾ ਕਰਨੇਹਾਰਾ, ਥਿਰ ਘਰ ਸਾਚਾ ਆਪ ਸੁਹਾਇੰਦਾ। ਨਿਰਮਲ ਦੀਆ ਕਰ ਉਜਿਆਰਾ, ਬਾਤੀ ਜੋਤੀ ਇਕ ਵਖਾਇੰਦਾ। ਥਾਨ ਥਨੰਤਰ ਵੇਖੇ ਆਪ ਘਰ ਬਾਰਾ, ਬੰਦ ਕਿਵਾੜਾ ਆਪ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲ੍ਹੇ ਖੇਲ੍ਹ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਅਲੱਖ ਅਗੋਚਰ ਅਗੰਮ ਅਥਾਹ, ਪਾਰਬ੍ਰਹਮ ਵੱਡੀ ਵਡਿਆਈਆ। ਸਮਰਥ ਪੁਰਖ ਖੇਲ ਕਰੇ ਕਰਾਏ ਥਾਉਂ ਥਾਂ, ਦਰ ਘਰ ਸਾਚੇ ਸੋਭਾ ਪਾਈਆ। ਅਬਿਨਾਸ਼ੀ ਕਰਤਾ ਨਾਉਂ ਧਰਾ, ਆਦਿ ਜੁਗਾਦਿ ਵੇਸ ਵਟਾਈਆ। ਸ੍ਰੀ ਭਗਵਾਨ ਕਰੇ ਕਰਾਏ ਸਚ ਨਿਆਂ, ਅਦਲ ਅਦਾਲਤ ਇਕ ਵਖਾਈਆ। ਆਦਿ ਨਿਰੰਜਣ ਪਕੜੇ ਬਾਂਹ, ਅਭੁੱਲ ਅਭੁੱਲ ਅਭੁੱਲ ਰੂਪ ਰੰਗ ਨਾ ਕੋਇ ਵਖਾਈਆ। ਏਕੰਕਾਰਾ ਦਏ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਹਰਿ ਪੁਰਖ ਨਿਰੰਜਣ ਵਸਣਹਾਰਾ ਸਾਚੇ ਖੇੜੇ ਇਕ ਗਰਾਂ, ਸਚਖੰਡ ਦਵਾਰੇ ਸੋਭਾ ਪਾਈਆ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਆਦਿ ਅੰਤ ਇਕ ਰਘੁਰਾਈਆ। ਇਕ ਵਖਾਏ ਸਚ ਨਿਸ਼ਾਨ, ਅਗੰਮ ਅਗੰਮੜਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਖੇਲ ਅਪਾਰਾ, ਨਿਰਗੁਣ ਧਾਰਾ ਆਪ ਚਲਾਈਆ। ਨਿਰਗੁਣ ਧਾਰਾ ਹਰਿ ਭਗਵਾਨ, ਆਪਣੀ ਆਪ ਚਲਾਇੰਦਾ। ਦੂਸਰ ਹੋਰ ਨਾ ਕੋਇ ਨਿਸ਼ਾਨ, ਸਗਲਾ ਸੰਗ ਨਾ ਕੋਇ ਧਰਾਇੰਦਾ। ਕਰੇ ਕਰਾਏ ਖੇਲ ਮਹਾਨ, ਮਹਿਮਾ ਅਗਣਤ ਨਾ ਕੋਇ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਪਾਏ ਭਿਛਿਆ, ਆਪਣਾ ਲੇਖਾ ਆਪ ਲਿਖਾਇੰਦਾ। ਲੇਖਾ ਲਿਖਣਹਾਰ ਗੋਪਾਲ, ਆਦਿ ਜੁਗਾਦਿ ਵੱਡੀ ਵਡਿਆਈਆ। ਸਚਖੰਡ ਦਵਾਰ ਵਸੇ ਸੱਚੀ ਧਰਮਸਾਲ, ਦੂਸਰ ਦਰ ਨਾ ਕੋਇ ਰਖਾਈਆ। ਅਨਾਦ ਅਨਾਦੀ ਵੱਜੇ ਤਾਲ, ਤਾਲ ਤਲਵਾੜਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪੇ ਕਰ, ਆਪੇ ਵੇਖੇ ਬੇਪਰਵਾਹੀਆ । ਅਲੱਖ ਅਗੋਚਰ ਖੇਲ ਅਪਾਰਾ, ਅਗੰਮ ਅਗੰਮੜਾ ਆਪ ਕਰਾਇੰਦਾ। ਨਿਰਗੁਣ ਨੂਰ ਨੂਰ ਉਜਿਆਰਾ, ਆਦਿ ਜੁਗਾਦੀ ਡਗਮਗਾਇੰਦਾ। ਏਕਾ ਵਸੇ ਧਾਮ ਨਿਆਰਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਥਿਰ ਘਰ ਸਾਚੇ ਪਾਵੇ ਸਾਰਾ, ਆਪ ਆਪਣਾ ਰੰਗ ਰੰਗਾਇੰਦਾ। ਸਤਿ ਸਰੂਪੀ ਠਾਂਡਾ ਠਾਰਾ, ਤਤਵ ਤਤ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਅਵੱਲਾ, ਲੇਖਾ ਲੇਖ ਨਾ ਕੋਇ ਜਣਾਈਆ। ਏਕੰਕਾਰਾ ਇਕ ਇਕੱਲਾ, ਅਕਲ ਕਲ ਆਪ ਅਖਵਾਈਆ। ਆਪੇ ਵਸੇ ਸਚ ਮਹੱਲਾ, ਸਚ ਸਿੰਘਾਸਣ ਸੋਭਾ ਪਾਈਆ। ਆਪਣੀ ਜੋਤ ਆਪੇ ਰੱਲਾ, ਮਾਤ ਪਿਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਅਕਲ ਕਲ ਧਾਰਾ ਏਕੰਕਾਰਾ, ਆਦਿ ਜੁਗਾਦਿ ਸਮਾਇਆ। ਸਚਖੰਡ ਦਵਾਰਾ ਖੋਲ੍ਹ ਕਿਵਾੜਾ, ਨਿਰਗੁਣ ਨਿਰਵੈਰ ਕਰ ਪਸਾਰਾ, ਅਚੱਲ ਮੂਰਤ ਵੇਸ ਵਟਾਇਆ। ਆਪਣੀ ਕਰਨੀ ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਆਪ ਅਖਵਾਇਆ। ਵੇਸ ਅਵਲੜਾ ਸਿਰਜਣਹਾਰਾ, ਸਤਿ ਪੁਰਖ ਨਿਰੰਜਣ ਆਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪੇ ਖੋਲ੍ਹ, ਆਪਣੇ ਮੰਦਰ ਆਪੇ ਬੋਲ, ਆਪਣਾ ਨਾਮ ਆਪ ਅਲ੍ਹਾਇੰਦਾ। ਸਚਖੰਡ ਦਵਾਰਾ ਖੋਲ੍ਹਿਆ, ਕਰ ਕਿਰਪਾ ਆਪ ਨਿਰੰਕਾਰ। ਨਿਰਗੁਣ ਅੰਦਰ ਵੜ ਵੜ ਬੋਲ੍ਹਿਆ, ਦਿਸ ਨਾ ਆਏ ਅਗੰਮ ਅਪਾਰ। ਨਾ ਕੋਈ ਤਨ ਨਾ ਕੋਈ ਚੋਲਿਆ, ਨਾ ਕੋਈ ਤਤਵ ਤਤ ਆਕਾਰ। ਆਪਣੀ ਸ਼ਕਤੀ ਆਪੇ ਮੌਲਿਆ, ਆਪੇ ਪਾਵੇ ਆਪਣੀ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਸਚ ਪਸਾਰ। ਸਚ ਪਸਾਰਾ ਹਰਿ ਕਰਤਾਰਾ, ਆਪਣਾ ਆਪ ਕਰਾਇੰਦਾ। ਆਪੇ ਅੰਦਰ ਆਪੇ ਬਾਹਿਰਾ, ਗੁਪਤ ਜ਼ਾਹਰਾ ਵੇਸ ਵਟਾਇੰਦਾ। ਆਪੇ ਨਾਰੀ ਕੰਤ ਭਤਾਰਾ, ਆਪੇ ਸਾਚੀ ਸੇਜ ਹੰਢਾਇੰਦਾ। ਆਪੇ ਪੂਤ ਸਪੂਤਾ ਸੁਤ ਦੁਲਾਰਾ, ਆਪੇ ਆਪਣੀ ਗੋਦ ਸੁਹਾਇੰਦਾ। ਆਪੇ ਸ਼ਬਦ ਨਾਦ ਧੁਨ ਜੈਕਾਰਾ, ਅਨਬੋਲਤ ਆਪਣਾ ਰੂਪ ਦਰਸਾਇੰਦਾ । ਹੁਕਮੀ ਹੁਕਮ ਵਰਤੇ ਵਰਤਾਰਾ, ਆਪ ਆਪਣਾ ਭਾਣਾ ਆਪਣੇ ਵਿਚ ਟਿਕਾਇੰਦਾ। ਆਪੇ ਰਾਜ ਰਾਜਾਣ ਬਣ ਸਿਕਦਾਰਾ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪੇ ਆਪਣਾ ਕਰ ਪਸਾਰਾ, ਆਪਣੀ ਇਛਿਆ ਆਪਣੀ ਭਿਛਿਆ ਆਪਣੀ ਝੋਲੀ ਆਪੇ ਪਾਇੰਦਾ। ਆਪੇ ਵਣਜ ਆਪ ਵਣਜਾਰਾ, ਆਪੇ ਆਪਣਾ ਹਟ ਖੁਲ੍ਹਾਇੰਦਾ। ਆਪੇ ਨਿਰਗੁਣ ਨੂਰ ਨੂਰ ਨੂਰ ਕਰ ਊਜਿਆਰਾ, ਆਪ ਆਪਣਾ ਸੰਗ ਨਿਭਾਇੰਦਾ। ਆਪੇ ਵਿਸ਼ਨੂੰ ਆਪੇ ਕਵਲ ਕਵਲ ਉਜਿਆਰਾ, ਆਪੇ ਬ੍ਰਹਮ ਬ੍ਰਹਮ ਸਮਾਇੰਦਾ। ਆਪੇ ਸ਼ੰਕਰ ਪਾਵੇ ਸਾਰਾ, ਸਾਚੀ ਆਪਣੀ ਧਾਰ ਬੰਧਾਇੰਦਾ। ਆਪੇ ਤਿੰਨਾਂ ਵਸੇ ਬਾਹਿਰਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਹਰਿ ਸਾਚਾ ਰਚਨ ਰਚਾਇੰਦਾ। ਏਕਾ ਜੋਤ ਨੂਰ ਉਜਿਆਰ, ਘਰ ਮੰਦਰ ਆਪ ਟਿਕਾਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਘਰ ਸਾਚੇ ਆਪ ਕਰਾਇੰਦਾ। ਅਲੱਖ ਅਲੱਖਣਾ ਬੋਲ ਜੈਕਾਰ, ਆਪਣਾ ਨਾਅਰਾ ਆਪੇ ਲਾਇੰਦਾ। ਬ੍ਰਹਮ ਬ੍ਰਹਿਮਾਦੀ ਖੇਲ ਅਪਾਰ, ਆਦਿ ਜੁਗਾਦੀ ਵੇਸ ਵਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਰਖਾਇੰਦਾ। ਸਾਚੀ ਧਾਰ ਹਰਿ ਨਰਾਇਣ, ਆਪਣੀ ਆਪ ਚਲਾਈਆ। ਨਾ ਕੋਈ ਮਹਿਮਾ ਰਸਨਾ ਜਿਹਵਾ ਕਹਿਣ, ਸਾਚਾ ਦਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮੰਦਰ ਆਪੇ ਵੜ, ਸਾਚਾ ਮੰਦਰ ਆਪ ਸੁਹਾਈਆ। ਸਾਚਾ ਮੰਦਰ ਸੋਭਾਵੰਤ, ਪੁਰਖ ਅਬਿਨਾਸ਼ੀ ਆਪ ਸੁਹਾਇਆ। ਨਰ ਹਰਿ ਨਰਾਇਣ ਹਰਿ ਹਰਿ ਕੰਤ, ਘਰ ਸੁਹੰਜਣਾ ਸੇਜ ਹੰਢਾਇਆ। ਨਿਰਗੁਣ ਨੂਰ ਰੂਪ ਬਸੰਤ, ਲਾਲ ਗੁਲਾਲਾ ਰੰਗ ਚੜ੍ਹਾਇਆ। ਆਪਣੀ ਮਹਿਮਾ ਜਾਣੇ ਆਦਿ ਅੰਤ, ਮਧ ਆਪਣਾ ਵੇਸ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਵਰ, ਏਕਾ ਵਸਤ ਝੋਲੀ ਪਾਈਆ। ਏਕਾ ਵਸਤ ਸੱਚੀ ਸਰਕਾਰ, ਦਰਗਹਿ ਸਾਚੀ ਆਪ ਵਰਤਾਈਆ। ਤ੍ਰੈਗੁਣ ਮਾਇਆ ਕਰ ਤਿਆਰ, ਤ੍ਰੈ ਤ੍ਰੈ ਲੇਖਾ ਦਏ ਸਮਝਾਈਆ। ਲੱਖ ਚੁਰਾਸੀ ਕਰ ਪਸਾਰ, ਰਕਤ ਬੂੰਦ ਮੇਲ ਅਪਾਰ, ਦਰ ਦਵਾਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਆਪੇ ਕਰ, ਸਰਗੁਣ ਸਾਚਾ ਵੇਸ ਵਟਾਈਆ। ਨਿਰਗੁਣ ਸਰਗੁਣ ਧਾਰ ਹਰਿ, ਆਪਣੀ ਆਪ ਚਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਵਰ, ਵਰ ਦਾਤਾ ਆਪ ਅਖਵਾਇੰਦਾ। ਲੱਖ ਚੁਰਾਸੀ ਭਾਂਡਾ ਘੜ, ਘਟ ਘਟ ਆਪਣੀ ਜੋਤ ਜਗਾਇੰਦਾ। ਡੂੰਘੀ ਕੰਦਰ ਆਪੇ ਵੜ, ਆਪ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਧਰਾਇੰਦਾ। ਜੁਗ ਕਰਤਾ ਹਰਿ ਕਰਤਾਰ, ਕਰਤਾ ਪੁਰਖ ਖੇਲ ਖਿਲਾਇੰਦਾ। ਲੱਖ ਚੁਰਾਸੀ ਕਰ ਤਿਆਰ, ਨੌਂ ਦਵਾਰ ਵੇਖ ਵਖਾਇੰਦਾ। ਘਰ ਵਿਚ ਘਰ ਕਰ ਤਿਆਰ, ਕਾਇਆ ਮੰਦਰ ਆਪ ਸੁਹਾਇੰਦਾ। ਅੰਮ੍ਰਿਤ ਆਤਮ ਜਲ ਠਾਂਡੀ ਠਾਰ, ਸਰ ਸਰੋਵਰ ਇਕ ਧਰਾਇੰਦਾ। ਨਿਰਮਲ ਦੀਆ ਕਰ ਉਜਿਆਰ, ਜੋਤ ਨਿਰੰਜਣ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਆਪ ਜਣਾਇੰਦਾ। ਜੋਤੀ ਜਾਤਾ ਹਰਿ ਮਿਹਰਵਾਨਾ, ਜਾਤ ਪਾਤ ਨਾ ਕੋਇ ਰਖਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨਾ, ਬ੍ਰਹਮ ਆਪਣੀ ਅੰਸ ਉਪਜਾਈਆ। ਈਸ਼ ਜੀਵ ਇਕ ਤਰਾਨਾ, ਈਸ਼ਵਰ ਆਪਣਾ ਰਾਗ ਸੁਣਾਈਆ। ਸਚ ਹਦੀਸ ਧੁਰ ਫ਼ਰਮਾਨਾ, ਏਕਾ ਅੱਖਰ ਵੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਬ੍ਰਹਮ ਬ੍ਰਹਮ ਬ੍ਰਹਮ ਆਪ ਸਮਝਾਈਆ। ਬ੍ਰਹਮੇ ਹਰਿ ਹਰਿ ਜਾਨਣਾ, ਹਰਿ ਸਾਚਾ ਆਪ ਜਣਾਇੰਦਾ। ਹਰਿ ਰੰਗ ਏਕਾ ਮਾਨਣਾ, ਦੂਸਰ ਰੰਗ ਨਾ ਕੋਇ ਵਖਾਇੰਦਾ। ਦੇਵਣਹਾਰਾ ਸਾਚਾ ਦਾਨਣਾ, ਦਾਤਾ ਦਾਨੀ ਵੇਸ ਵਟਾਇੰਦਾ। ਦੋ ਜਹਾਨਾ ਦੇਵੇ ਦਾਨਣਾ, ਅਭਿਮਾਨ ਵਿਚ ਨਾ ਕੋਇ ਜਣਾਇੰਦਾ। ਹੱਥ ਫੜਾਏ ਸਚ ਨਿਸ਼ਾਨਣਾ, ਲੋਆਂ ਪੁਰੀਆਂ ਆਪ ਝੁਲਾਇੰਦਾ। ਆਪਣਾ ਤਤ ਬੰਨ੍ਹੇ ਗਾਨਾ, ਬ੍ਰਹਮ ਮਤ ਆਪ ਵਖਾਇੰਦਾ। ਲੱਖ ਚੁਰਾਸੀ ਕਰ ਪਰਧਾਨਾ, ਕਾਇਆ ਹਟ ਆਪ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਬ੍ਰਹਮ ਮਤ ਇਕ ਵਖਾਇੰਦਾ। ਬ੍ਰਹਮੇ ਹਰਿ ਸਮਝਾਇਆ, ਕਰ ਕਿਰਪਾ ਆਪ ਨਿਰੰਕਾਰ। ਤੇਰੀ ਸੇਵਾ ਸਚ ਲਗਾਇਆ, ਜੁਗਾ ਜੁਗੰਤਰ ਖੇਲ ਨਿਆਰ। ਘੜ ਭਾਂਡੇ ਆਪ ਬਣਾਇਆ, ਦਿਸ ਨਾ ਆਏ ਸਚ ਠਠਿਆਰ। ਆਪਣੀ ਵਸਤੂ ਵਿਚ ਟਿਕਾਇਆ, ਰੂਪ ਜਣਾਏ ਨਿਰਾਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਵਸਤ ਦਏ ਸੰਭਾਲ। ਸਾਚੀ ਵਸਤ ਸਾਚੇ ਘਰ, ਹਰਿ ਸਾਚਾ ਆਪ ਵਰਤਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਵਰ, ਤਿੰਨਾਂ ਏਕਾ ਮੇਲ ਮਿਲਾਇੰਦਾ। ਅਨਭਵ ਰਖਾਏ ਆਪਣਾ ਡਰ, ਭੈ ਭਿਆਨਕ ਨਾ ਕੋਇ ਜਣਾਇੰਦਾ। ਆਪਣੀ ਮੂਰਤ ਆਪ ਘੜ, ਅਕਾਲ ਆਪਣਾ ਵੇਸ ਵਟਾਇੰਦਾ। ਤ੍ਰੈਗੁਣ ਮਾਇਆ ਵੇਖੇ ਗੜ, ਆਪ ਆਪਣੀ ਕਲ ਧਰਾਇੰਦਾ। ਨਾ ਕੋਈ ਚੋਟੀ ਨਾ ਕੋਈ ਜੜ, ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਬੈਠਾ ਰਹੇ ਇਕ ਇਕਾਂਤਾ, ਕਲ ਧਾਰੀ ਆਪ ਹੋ ਜਾਇੰਦਾ। ਕਲਧਾਰੀ ਕਲ ਖੇਲਿਆ, ਖੇਲ ਅਗੰਮ ਅਪਾਰ। ਨਿਰਗੁਣ ਸਰਗੁਣ ਮਿਲਿਆ ਮੇਲਿਆ, ਮੇਲ ਮਿਲਾਵਾ ਵਿਚ ਸੰਸਾਰ। ਰੂਪ ਵਟਾਏ ਗੁਰੂ ਗੁਰ ਚੇਲਿਆ, ਗੁਰ ਸ਼ਬਦ ਧੁਨ ਜੈਕਾਰ। ਲੇਖਾ ਜਾਣੇ ਸੱਜਣ ਸੁਹੇਲਿਆ, ਦਰਗਹਿ ਸਾਚੀ ਵੇਖ ਵਿਚਾਰ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਿਆ, ਲੇਖਾ ਲਿਖਣ ਨਾ ਵੇਦ ਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਖ ਚੁਰਾਸੀ ਪਾਵੇ ਸਾਰ। ਲੱਖ ਚੁਰਾਸੀ ਵੇਖਣਹਾਰਾ, ਘਟ ਘਟ ਰਿਹਾ ਸਮਾਈਆ। ਘਰ ਦੀਪਕ ਜੋਤੀ ਕਰ ਉਜਿਆਰਾ, ਦਿਵਸ ਰੈਣ ਰਿਹਾ ਡਗਮਗਾਈਆ। ਸ਼ਬਦ ਅਨਾਦਿ ਸੁਣਾਏ ਸੱਚੀ ਧੁਨਕਾਰਾ, ਆਤਮ ਅੰਤਰ ਆਪ ਵਜਾਈਆ। ਅੰਮ੍ਰਿਤ ਆਤਮ ਠੰਡੀ ਠਾਰਾ, ਸਚ ਪਿਆਲਾ ਜਾਮ ਆਪ ਪਿਆਈਆ। ਮੇਟਣਹਾਰਾ ਅੰਧ ਅੰਧਿਆਰਾ, ਸਤਿ ਪ੍ਰਕਾਸ਼ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵੰਡ ਇਕ ਵੰਡਾਈਆ। ਬ੍ਰਹਮੇ ਵੰਡ ਆਪਣੀ ਵੰਡ, ਹਰਿ ਸਾਚਾ ਸਚ ਦ੍ਰਿੜਾਇੰਦਾ। ਉਤਭੁਜ ਸੇਤਜ ਜੇਰਜ ਅੰਡ, ਚਾਰੇ ਖਾਣੀ ਤੇਰੀ ਝੋਲੀ ਪਾਇੰਦਾ। ਵਿਸ਼ਨੂੰ ਤੇਰਾ ਦੇਸ਼ ਬ੍ਰਹਿਮੰਡ, ਲੋਆਂ ਪੁਰੀਆਂ ਆਪ ਸੁਹਾਇੰਦਾ। ਸ਼ੰਕਰ ਫੜ ਏਕਾ ਖੰਡ, ਹੱਥ ਤ੍ਰਿਸ਼ੂਲ ਉਠਾਇੰਦਾ। ਲੱਖ ਚੁਰਾਸੀ ਦੇਣਾ ਡੰਨ, ਜੋ ਘੜਿਆ ਸੋ ਭੰਨ ਵਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਸੁੱਤਾ ਦੇ ਕਰ ਕੰਡ, ਕਰਵਟ ਕੋਇ ਨਾ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੰਡਣਹਾਰਾ ਸਾਚੀ ਵੰਡ, ਆਪਣਾ ਹਿੱਸਾ ਆਪ ਕਰਾਇੰਦਾ। ਬ੍ਰਹਮਾ ਵੰਡ ਵੰਡਾ ਸੁਣਿਆ ਧੁਰ ਫ਼ਰਮਾਣਾ, ਮਹਾਂਕਾਲ ਹੁਕਮ ਜਣਾਇੰਦਾ। ਕਾਲ ਹੋਏ ਹੋਏ ਚਰਨ ਨਿਮਾਣਾ, ਥਿਰ ਘਰ ਵਾਸੀ ਖੇਲ ਖਿਲਾਇੰਦਾ। ਤਖ਼ਤ ਨਿਵਾਸੀ ਸ਼ਾਹ ਸੁਲਤਾਨਾ, ਵਿਸ਼ਨੂੰ ਨਿਉਂ ਨਿਉਂ ਸੀਸ ਝੁਕਾਇੰਦਾ। ਖ਼ਾਲੀ ਝੋਲੀ ਮੰਗੇ ਦਾਨਾ, ਪੁਰਖ ਅਬਿਨਾਸ਼ੀ ਏਕਾ ਵਸਤ ਝੋਲੀ ਪਾਇੰਦਾ। ਚਰਨ ਕਵਲ ਬਖ਼ਸ਼ੇ ਸਚ ਧਿਆਨਾ, ਸਾਚਾ ਮਾਰਗ ਇਕ ਵਖਾਇੰਦਾ। ਬ੍ਰਹਮਾ ਮੇਲ ਸ੍ਰੀ ਭਗਵਾਨਾ, ਬਿਨ ਥੰਮਾਂ ਗਗਨ ਰਹਾਇੰਦਾ। ਆਪੇ ਜਾਣੇ ਆਪਣਾ ਭਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਲ ਵਖਾਇੰਦਾ। ਵਿਸ਼ਨ ਬ੍ਰਹਮਾ ਦੋਏ ਜੋੜ ਵੇਖਣ ਨੇਤਾ, ਨੇਤਨ ਨੇਤ ਆਪ ਅਖਵਾਈਆ। ਏਕਾ ਮਾਤਾ ਏਕਾ ਪਿਤਾ, ਗੁਰ ਗੋਬਿੰਦ ਰਿਹਾ ਮਨਾਈਆ। ਏਕਾ ਪੁਤ ਏਕਾ ਹਿਤਾ, ਏਕਾ ਸੂਤ ਤੰਦ ਬੰਧਾਈਆ। ਏਕਾ ਗੁਰ ਏਕਾ ਪਿਤਾ, ਏਕਾ ਬੰਕ ਸੁਹਾਈਆ। ਏਕਾ ਖੇਲ ਕਰੇ ਨਿਤ ਨਵਿਤਾ, ਜੁਗ ਦਾਤਾ ਬੇਪਰਵਾਹੀਆ। ਏਕਾ ਸਤਿਗੁਰ ਸਾਚਾ ਡਿੱਠਾ, ਨਾ ਮਰੇ ਨਾ ਜਾਈਆ। ਏਕਾ ਮਿੱਠਾ ਕਰੇ ਕੌੜਾ ਰੀਠਾ, ਅੰਮ੍ਰਿਤ ਫਲ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਈਆ। ਜਗਤ ਸੁਤ ਪੁਤ ਦੁਲਾਰੇ, ਗੁਰ ਗੋਬਿੰਦ ਵੇਖ ਵਖਾਇੰਦਾ। ਮਾਤਾ ਗੁਜਰੀ ਨਾ ਕੋਇ ਪਿਆਰੇ, ਤਨ ਬੰਧਨ ਨਾ ਕੋਇ ਵਖਾਇੰਦਾ। ਸਤਿਜੁਗ ਬਣਿਆ ਜੀਤ ਜੁਝਾਰੇ, ਤ੍ਰੇਤਾ ਦਵਾਪਰ ਫ਼ਤਹਿ ਡੰਕਾ ਆਪ ਵਜਾਇੰਦਾ। ਕਲਜੁਗ ਜ਼ੋਰਾਵਰ ਬਲ ਆਪਣਾ ਆਪ ਵਿਚਾਰੇ, ਬਾਹੂ ਬਲ ਆਪ ਵਖਾਇੰਦਾ। ਆਪੇ ਖੰਡਾ ਖੜ੍ਹਗ ਤੇਜ਼ ਕਟਾਰੇ, ਤਿਖੀ ਧਾਰ ਆਪ ਵਖਾਇੰਦਾ। ਆਪੇ ਆਰ ਆਪੇ ਪਾਰੇ, ਆਪੇ ਆਪਣਾ ਵਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਸੇਵਾ ਸਾਚੀ ਸਚ ਵਖਾਇੰਦਾ। ਗੋਬਿੰਦ ਗੁਰ ਸੁੱਤ ਦੁਲਾਰਾ, ਪੁਰਖ ਅਕਾਲ ਉਪਾਇਆ। ਘਰ ਮੰਦਰ ਕਰ ਇਕ ਉਜਿਆਰਾ, ਦੀਪਕ ਆਪਣਾ ਆਪ ਜਗਾਇਆ। ਆਪ ਸੁਹਾਏ ਸੁਹਾਵਣਾ ਊਚ ਮੁਨਾਰਾ, ਮਹੱਲ ਅਟੱਲ ਦਏ ਵਡਿਆਇਆ। ਚਾਰੇ ਕੁੰਟ ਚਾਰ ਮੁਨਾਰਾ, ਚਾਰ ਸੁਤ ਦਏ ਵਖਾਇਆ। ਜੀਤ ਜੁਝਾਰ ਫ਼ਤਹਿ ਜੋਰਾ, ਜ਼ੋਰ ਏਕਾ ਰੰਗ ਰੰਗਾਇਆ। ਕਲਜੁਗ ਆਏ ਅੰਤਮ ਵਾਰਾ, ਅੰਧ ਅੰਧੇਰ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਜ ਤਤ ਨਾਤਾ ਨਾ ਕੋਇ ਵਖਾਇਆ। ਪੰਜ ਤਤ ਨਾਤਾ ਕਦੇ ਨਾ ਤੁਟਿਆ, ਜਿਸ ਜਨ ਦਯਾ ਕਮਾਇਆ। ਗੁਰਮੁਖ ਲਾਲ ਨਾ ਜਾਏ ਕੱਦੇ ਲੁਟਿਆ, ਤੇਜ ਕਟਾਰ ਨਾ ਕੋਇ ਘਾਇਆ। ਚਾਰ ਵਰਨਾਂ ਮੇਟੇ ਫੁੱਟਿਆ, ਲਾਲ ਰੰਗ ਇਕ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸਾਚੇ ਲਾਲ ਆਪ ਉਪਾਇਆ। ਸਾਚੇ ਲਾਲ ਉਠ ਉਠ ਸੁਤ, ਹਰਿ ਸਾਚਾ ਆਪ ਉਠਾਈਆ। ਕਿਰਪਾ ਕਰੀ ਅਬਿਨਾਸ਼ੀ ਅਚੁਤ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਸੁਆਰੇ ਤੇਰੀ ਰੁੱਤ, ਰੁੱਤੀ ਰੁੱਤ ਵੇਖ ਵਖਾਈਆ। ਘਰ ਮੰਦਰ ਨਾ ਪਾਏ ਕੋਇ ਲੁੱਟ, ਠੱਗ ਚੋਰ ਯਾਰ ਰਹਿਣ ਨਾ ਪਾਈਆ। ਅੰਮ੍ਰਿਤ ਪਿਆਏ ਜਾਮ ਘੁੱਟ, ਉਤਰ ਕਦੇ ਨਾ ਜਾਈਆ। ਮਾਤਾ ਗੁਜਰੀ ਸੁਫਲ ਕੁੱਖ, ਧੰਨ ਜਣੇਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਾਤਾ ਗੁਜਰੀ ਇਕ ਸਮਝਾਈਆ। ਲੱਖ ਚੁਰਾਸੀ ਜੀਵ ਅੰਞਾਣ, ਖ਼ਾਕੀ ਖ਼ਾਕ ਸਰਬ ਛਾਣਦਾ। ਸਾਚਾ ਸੀਰ ਭਰ ਪਿਆਲਾ, ਸੁਤ ਦੁਲਾਰੇ ਆਪੇ ਪਿਆਲ ਦਾ। ਨਾਤਾ ਤੋੜੇ ਕਾਲ ਮਹਾਂਕਾਲਾ, ਚਾਰੇ ਸੁਤ ਆਪਣੀ ਗੋਦ ਬਹਾਈਆ। ਸ਼ਸਤਰ ਬਸਤਰ ਤੀਰ ਕਮਾਨ, ਨਾ ਕਿਸੇ ਦੂਸਰ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚਾ ਸ਼ਸਤਰ ਹੱਥ ਫੜਾਈਆ। ਸਾਚਾ ਸ਼ਸਤਰ ਹੱਥ ਤਲਵਾਰ, ਏਕਾ ਏਕ ਫੜਾਈਆ। ਕਲਜੁਗ ਅੰਤਮ ਕਰੇ ਪਾਰ ਕਿਨਾਰ, ਦੂਤਾਂ ਦੁਸ਼ਟਾਂ ਦਏ ਮਿਟਾਈਆ। ਜੋਤੀ ਮਾਤਾ ਪਾਣੀ ਦੇਵੇ ਆਪਣੀ ਵਾਰ, ਜਗਤ ਜਲ ਨਾ ਮੁਖ ਛੁਹਾਈਆ। ਏਕਾ ਪਿਤਾ ਇਕ ਪਿਆਰ, ਏਕਾ ਘਰ ਬੈਠੇ ਚਾਈਂ ਚਾਈਆ। ਏਕਾ ਨਾਮ ਇਕ ਆਧਾਰ, ਏਕਾ ਰੂਪ ਦਏ ਦਰਸਾਈਆ। ਮਾਤ ਪਿਤ ਭਾਈ ਭੈਣ ਸਾਕ ਸੈਣ ਨਾ ਕੋਇ ਪਿਆਰ, ਨਾ ਕੋਇ ਲਾਡ ਲਡਾਇਆ। ਗੋਦੀ ਗੋਦ ਨਾ ਕੋਇ ਹੁਲਾਰ, ਕੁੱਖੀ ਕੁੱਖ ਨਾ ਕੋਇ ਰਖਾਇਆ। ਪੰਜ ਤਤ ਨਾ ਕੋਇ ਧਾਰ, ਮਾਣਸ ਮਨੁੱਖੀ ਨਾ ਵੇਸ ਵਟਾਇਆ। ਮਨ ਮਤ ਬੁਧ ਨਾ ਕੋਇ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਇਆ। ਚਾਰੇ ਲਾਲ ਲਾਲ ਗੁਲਾਲਾ, ਹਰਿ ਹਰਿ ਸਾਚਾ ਰੰਗ ਰੰਗਾਈਆ। ਗੁਰਸਿਖਾਂ ਉਪਰ ਪਾਏ ਦੋਸ਼ਾਲਾ, ਚਾਰ ਕੰਨੀਆਂ ਰਿਹਾ ਫੜ੍ਹਾਈਆ। ਆਪਣੀ ਜਪਾਏ ਆਪੇ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਏਕਾ ਦੱਸਿਆ ਰਾਹ ਸੁਖਾਲਾ, ਗੁਰ ਚਰਨ ਸਰਨ ਸਾਚੀ ਸਰਨਾਈਆ। ਜੋ ਜਨ ਝੂਝੇ ਵਿਚ ਮੈਦਾਨਾ, ਮਰ ਜੀਵਤ ਮਰੇ ਨਾ ਰਾਈਆ। ਏਕੰਕਾਰਾ ਦਰ ਸਾਚਾ ਸੂਝੇ, ਨਾਨਕ ਸਤਿਗੁਰ ਮਿਲੇ ਸ਼ਾਹ ਪਾਤਸ਼ਾਹੀਆ। ਭੇਵ ਚੁਕਾਏ ਏਕਾ ਦੂਜੇ, ਦਵੈਤ ਦੁੱਖ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਏਕਾ ਰੂਪ ਦਰਸਾਈਆ। ਨੀਹਾਂ ਹੇਠ ਰਖਾਈ ਖ਼ਾਕ, ਸਤਿਗੁਰ ਪੂਰੇ ਖੇਲ ਖਿਲਾਇਆ। ਉਪਰ ਚੜ੍ਹਿਆ ਪਾਕੀ ਪਾਕ, ਪਤਿਤ ਪਾਪੀ ਲਏ ਤਰਾਈਆ। ਆਪ ਸੁਣਾਏ ਭਵਿਖਤ ਵਾਕ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਆਪੇ ਚੜੇ ਸਾਚੇ ਰਾਕ, ਸ਼ਬਦ ਘੋੜਾ ਲੈ ਦੌੜਾਇਆ। ਮੇਰਾ ਪੂਰਾ ਕਰੇ ਭਵਿਖਤ ਵਾਕ, ਕਲਜੁਗ ਅੰਤਮ ਸਾਢੇ ਤਿੰਨ ਹੱਥ ਸੀਆਂ ਲਏ ਸੁਹਾਇਆ। ਅੱਗੇ ਕੋਇ ਨਾ ਦਿਸੇ ਆਕ, ਨੌਂ ਖੰਡ ਪ੍ਰਿਥਮੀ ਲਏ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਮਗਰੀ ਆਪਣੇ ਹੱਥ ਰਖਾਇਆ। ਸਚ ਸਮਗਰੀ ਧਰਨੀ ਧਰ, ਨੀਹਾਂ ਹੇਠ ਆਪ ਦਬਾਈਆ। ਪੁਰਖ ਅਬਿਨਾਸ਼ੀ ਖੇਲ ਕਰ, ਗੋਬਿੰਦ ਮੇਲਾ ਚਾਈਂ ਚਾਈਂਆ। ਆਪਣਾ ਗੇੜ ਗੇੜ ਹਰਿ, ਗੇੜਾ ਗੇੜੇ ਵਿਚ ਟਿਕਾਈਆ। ਅੰਤਮ ਕਰੇ ਹੱਕ ਨਬੇੜ, ਹਕ ਹਕਿਕਤ ਵੇਖ ਵਖਾਈਆ। ਬਾਲ ਅਞਾਣੇ ਛੇੜਾਂ ਗਏ ਛੇੜ, ਡੂੰਘੀ ਕੰਦਰ ਆਪਣਾ ਆਸਣ ਲਾਈਆ। ਹੇਠਾਂ ਸੁਤੇ ਕਲਜੁਗ ਜੜ੍ਹ ਰਹੇ ਉਖੇੜ, ਗੁਰ ਗੋਬਿੰਦ ਏਕਾ ਬੂਟਾ ਪੁਟਿਆ ਕਾਹੀਆ। ਨਾ ਕੋਈ ਨਗਰ ਨਾ ਕੋਈ ਖੇੜ, ਸ਼ਹਿਰ ਗਰਾਂ ਨਾ ਕੋਇ ਦਸਾਈਆ। ਧਰਤ ਮਾਤ ਦਾ ਖੁਲ੍ਹਾ ਕਰੇ ਵੇਹੜ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੀਤੀ ਆਪਣੇ ਹੱਥ ਰਖਾਈਆ। ਸਾਚੀ ਰੀਤੀ ਹਰਿ ਭਗਵਾਨ, ਜੁਗ ਜੁਗ ਆਪ ਚਲਾਇੰਦਾ। ਚਾਰੇ ਸੁੱਤ ਚਾਰੇ ਜੁਗ ਝੁਲਦੇ ਰਹੇ ਨਿਸ਼ਾਨ, ਕਲਜੁਗ ਅੰਤਮ ਮੇਲ ਮਿਲਾਇੰਦਾ। ਸਤਿ ਸਤਿਵਾਦੀ ਸਦ ਮਿਹਰਵਾਨ, ਭੁੱਲ ਕਦੇ ਨਾ ਜਾਇੰਦਾ। ਸਤਿਜੁਗ ਪ੍ਰਗਟਾਏ ਵਾਲੀ ਦੋ ਜਹਾਨ, ਚਾਰ ਵਰਨਾਂ ਏਕਾ ਘਰ ਬਹਾਇੰਦਾ। ਊਚਾ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਪਾਏ ਏਕਾ ਆਣ, ਏਕਾ ਹੁਕਮ ਸੁਣਾਇੰਦਾ। ਸਿੰਘ ਸੂਰਬੀਰ ਹੋਏ ਬਲਵਾਨ, ਬਲ ਬਾਵਨ ਰੂਪ ਧਰਾਇੰਦਾ। ਘਰ ਘਰ ਵੇਖੇ ਸੁਰਤੀ ਕਾਹਨ, ਸੀਤਾ ਸੁਰਤੀ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਵੇਸ ਅਵੱਲਾ ਕਰੇ ਕਰਾਏ ਇਕ ਇਕੱਲਾ, ਆਪਣੀ ਕਲ ਧਰਾਇੰਦਾ। ਗੋਬਿੰਦ ਸੂਰ ਵਡ ਬਲਕਾਰ, ਆਪਣਾ ਖੇਲ ਖਿਲਾਇਆ। ਗੜੀ ਚਮਕੌਰ ਹੋ ਤਿਆਰ, ਸਾਚੇ ਸੁੱਤ ਲਏ ਲੜਾਇਆ । ਸਾਚੇ ਸਿੱਖਾ ਕਰ ਪਿਆਰ, ਰਣ ਭੂਮੀ ਰੰਗ ਰੰਗਾਇਆ। ਖੇਲੇ ਖੇਲ ਸੂਰਾ ਸਰਬੰਗ, ਹਰਿ ਹਰਿ ਭਾਣਾ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਵਿਚ ਰਖਾਇਆ। ਆਪਣਾ ਭੇਵ ਗੁਰ ਗੋਬਿ਼ੰਦ, ਆਪਣੇ ਵਿਚ ਰਖਾਇਆ। ਗੁਰਮੁਖਾਂ ਮੇਟ ਸਗਲੀ ਚਿੰਦ, ਸੁਤ ਦੁਲਾਰੇ ਭੇਟ ਚੜ੍ਹਾਈਆ। ਕਿਰਪਾ ਕਰ ਗੁਣੀ ਗਹਿੰਦ, ਗੁਰ ਸਾਚੇ ਮਾਣ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਦਏ ਵਡਿਆਈਆ। ਗੁਰਮੁਖਾਂ ਦਿਤਾ ਨਿਜਾਨੰਦ, ਨਿਝ ਆਤਮ ਵੱਜੀ ਵਧਾਈਆ । ਜਗਤ ਤਜਾਇਆ ਰਸਨਾ ਗੰਦ, ਆਤਮ ਰਸ ਇਕ ਵਖਾਈਆ। ਕਲਜੁਗ ਅੰਤਮ ਚਾੜ੍ਹੇ ਸਾਚੇ ਚੰਦ, ਸੂਰਜ ਚੰਨ ਡਗਮਗਾਈਆ। ਗੁਰ ਗੋਬਿੰਦ ਖੇਲ ਕਰ, ਤੇਗ ਬਹਾਦਰ ਦਏ ਵਡਿਆਈਆ। ਨਾਨਕ ਮੇਲਾ ਸਾਚੇ ਘਰ, ਅੰਗਦ ਅੰਗ ਸਮਾਈਆ। ਅਮਰਦਾਸ ਅਮਰ ਪਦ, ਏਕਾ ਘਰ ਵਖਾਈਆ। ਰਾਮਦਾਸ ਵਜਾਇਆ ਨਦ, ਗੁਰ ਅਰਜਣ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਹੇਲੇ ਏਕਾ ਘਰ ਬਹਾਈਆ। ਸ਼ਬਦ ਨਾਦ ਧੁਨ ਵੱਜਿਆ, ਘਰ ਮੰਦਰ ਸੋਭਾਵੰਤ। ਰਾਮਦਾਸ ਗੁਰ ਸਤਿਗੁਰ ਸਾਚਾ ਗੁਝਿਆ, ਕਾਇਆ ਚੋਲੀ ਚਾੜ੍ਹੇ ਰੰਗ ਬਸੰਤ। ਜਗਤ ਵਿਕਾਰਾ ਦਰ ਤੋਂ ਭੱਜਿਆ, ਰਸਨਾ ਜੇਹਵਾ ਏਕਾ ਨਾਮ ਮਣੀਆ ਮੰਤ। ਪੁਰਖ ਅਬਿਨਾਸ਼ੀ ਪਰਦਾ ਕੱਜਿਆ, ਮੇਲ ਮਿਲਾਵਾ ਨਾਰੀ ਕੰਤ। ਸਾਚੀ ਸੇਜ ਬਹਿ ਬਹਿ ਸਜਿਆ, ਰੂਪ ਚੜ੍ਹਾਏ ਸ੍ਰੀ ਭਗਵੰਤ। ਨਿਰਗੁਣ ਹਵਨ ਕਦੇ ਨਾ ਦਝਿਆ, ਲੇਖਾ ਜਾਣੇ ਨਾ ਜੀਵ ਜੰਤ। ਗ਼ਰੀਬ ਨਿਮਾਣਿਆਂ ਪਰਦਾ ਕਿਸੇ ਨਾ ਕੱਜਿਆ, ਸਤਿਗੁਰ ਪੂਰਾ ਹੋਏ ਸਹਾਈ ਆਦਿ ਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਮਣੀਆਂ ਮੰਤ। ਏਕਾ ਸ਼ਬਦ ਸਤਿ ਧਾਰ, ਸਤਿਗੁਰ ਸਾਚੇ ਵਿਚ ਟਿਕਾਈਆ। ਅਰਜਨ ਗਾਏ ਆਪ ਨਿਰੰਕਾਰ, ਨਾਨਕ ਸਤਾਰ ਹਿਲਾਈਆ। ਚੌਥੇ ਪਦ ਉਤਰੇ ਪਾਰ, ਦੂਜਾ ਹੁਕਮ ਨਾ ਕੋਈ ਜਣਾਈਆ। ਬੋਧ ਅਗਾਧੀ ਸ਼ਬਦ ਜੈਕਾਰ, ਦਿਵਸ ਰੈਣ ਆਪ ਸੁਣਾਈਆ। ਸੰਤ ਭਗਤ ਭਗਵੰਤ ਕਰ ਵਿਚਾਰ, ਏਕਾ ਰੰਗ ਰੰਗਾਈਆ। ਚਾਰ ਵਰਨਾਂ ਦਏ ਸਹਾਰ, ਏਕਾ ਨਾਮ ਵਡਿਆਈਆ। ਮਨਮੁਖ ਜੀਵ ਨਾ ਪਾਇਣ ਸਾਰ, ਭਰਮੇ ਭੁੱਲੀ ਭਰਮ ਲੁਕਾਈਆ। ਕਲਜੁਗ ਅਗਨੀ ਤਪੇ ਨਾ ਕੋਈ ਠੰਡੀ ਠਾਰ, ਚਾਰ ਕੁੰਟ ਨਜ਼ਰ ਕੋਈ ਨਾ ਆਈਆ। ਸਤਿਗੁਰ ਪੂਰਾ ਹੋ ਤਿਆਰ, ਆਪਣੀ ਸੇਵਾ ਆਪ ਕਮਾਈਆ। ਉਬਲੇ ਦੇਗ ਨਾ ਅਗਨੀ ਸਕੇ ਸਾੜ, ਤੇਗ ਤਲਵਾਰ ਨਾ ਸੀਸ ਕਟਾਈਆ। ਆਪਣੇ ਭਾਣੇ ਨਿਭ ਸੱਚੀ ਸਰਕਾਰ, ਆਪਣਾ ਸ਼ੁਕਰ ਰਿਹਾ ਮਨਾਈਆ । ਕਿਆ ਕੋਈ ਮੇਹਣਾ ਦੇਵੇ ਵਿਚ ਸੰਸਾਰ, ਆਪਣੀ ਗਤ ਮਿਤ ਨਾ ਵੇਖ ਵਖਾਈਆ। ਕਲਜੁਗ ਅੰਤਮ ਖੇਲ ਕਰਿਆ ਅਪਾਰ, ਨਿਹਕਲੰਕ ਜਾਮਾ ਪਾਈਆ। ਪੰਜ ਤਤ ਨਾ ਕੋਈ ਅਕਾਰ, ਫੜ ਸਕੇ ਨਾ ਕੋਈ ਸ਼ਾਹੀਆ। ਫੱਟੇ ਫ਼ਾਸੀ ਨਾ ਦੇਵੇ ਕੋਈ ਹੁਲਾਰ, ਉਚੇ ਪਰਬਤ ਨਾ ਸਕੇ ਰੁੜ੍ਹਾਈਆ। ਡੂੰਘੀ ਸੁੱਟੇ ਨਾ ਕੋਈ ਗਾਰ, ਅਗਨੀ ਅਗਨ ਨਾ ਕੋਈ ਤਪਾਈਆ। ਨਿਰਗੁਣ ਰੂਪ ਕਰ ਕਰਤਾਰ, ਕਲਜੁਗ ਅੰਤਮ ਵੇਸ ਵਟਾਈਆ। ਗੁਰਮੁਖਾਂ ਆਪੇ ਪਾਵੇ ਸਾਰ, ਮਹਾਂ ਪੁਰਖ ਮਹਾਂ ਮੂਰਖ ਵੇਖ ਵਖਾਈਆ। ਦੇਵਤ ਦੇਵਾ ਸਿਰ ਦਏ ਆਧਾਰ, ਸਾਧਕ ਸਿਧ ਲਏ ਤਰਾਈਆ। ਆਪੇ ਗੋਬਿੰਦ ਮਾਤਾ ਗੁਜਰੀ ਕਰੇ ਪਿਆਰ, ਆਪੇ ਸੁੱਤ ਦੁਲਾਰੇ ਲਏ ਪ੍ਰਨਾਈਆ। ਲਾੜੀ ਮੌਤ ਨਾ ਕਰੇ ਕੋਈ ਸ਼ੰਗਾਰ, ਵੇਲੇ ਅੰਤ ਮਹਿੰਦੀ ਲਾਲ ਨਾ ਕੋਈ ਰੰਗਾਈਆ। ਸ੍ਰਿਸ਼ਟ ਸਬਾਈ ਨਾ ਪਾਵੇ ਕੋਈ ਸਾਰ, ਪੁਰਖ ਅਬਿਨਾਸ਼ੀ ਆਪਣਾ ਸਗਨ ਆਪ ਮਨਾਈਆ। ਪਾਇਆ ਕੰਗਨ ਹੱਥ ਕਰਤਾਰ, ਰੰਗਣ ਰੰਗ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੇ ਲਾਲ ਲਏ ਵਰ, ਆਪ ਆਪਣਾ ਦਰ ਸੁਹਾਈਆ ।
