Granth 07 Likhat 019: 7 Faggan 2014 Bikarmi Narayan Singh de Ghar Pind Kang Jila Amritsar

੭ ਫੱਗਣ ੨੦੧੪ ਬਿਕ੍ਰਮੀ ਨਰਾਇਣ ਸਿੰਘ ਦੇ ਘਰ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸਾਚਾ ਸਚ ਘਰ, ਪਾਰਬ੍ਰਹਮ ਬੇਅੰਤਾ। ਸਤਿਗੁਰ ਸਾਚਾ ਦਰ, ਮੇਲ ਮਿਲਾਏ ਸਾਚੇ ਸੰਤਾ। ਸਤਿਗੁਰ ਸਾਚਾ ਸਚ ਹਰਿ, ਸਾਚਾ ਖੇਲ ਖਿਲੰਤਾ। ਸਤਿਗੁਰ ਸਾਚਾ ਸਚ ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਜਨ ਧਾਮ ਸੁਹੰਤਾ। ਸਤਿਗੁਰ ਸਾਜਨ ਮੀਤੜਾ, ਆਦਿ ਪੁਰਖ ਅਪਾਰ। ਹਰਿਜਨ ਰੰਗੇ ਕਾਇਆ ਚੀਥੜਾ, ਰੰਗਣ ਰੰਗ ਅਪਾਰ। ਧੁਰਦਰਗਾਹੀ ਸਾਚਾ ਮੀਤੜਾ, ਦਾਤਾ ਦਾਨੀ ਸਿਰਜਣਹਾਰ। ਜੁਗ ਜੁਗ ਚਲੇ ਆਪਣੀ ਰੀਤੜਾ, ਚਲੇ ਚਲਾਏ ਵਿਚ ਸੰਸਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਪੂਰਬ ਲਹਿਣਾ ਕਰਮ ਵਿਚਾਰ। ਹਰਿ ਹਰਿ ਭਾਣਾ ਲੱਗੇ ਮੀਠੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਅਧਾਰ। ਸਚ ਵਿਚੋਲਾ, ਸਾਚਾ ਗੁਰ ਏਕਾ ਏਕ ਅਖਵਾਇਆ। ਹਰਿ ਨਾਮ ਸੁਣਾਏ ਸਾਚਾ ਢੋਲਾ, ਏਕਾ ਰਾਗ ਅਲਾਇਆ। ਏਕਾ ਮੰਦਰ ਏਕਾ ਅੰਦਰ ਏਕਾ ਪੁਰਖ ਅਬਿਨਾਸ਼ੀ ਬੋਲਾ, ਏਕਾ ਰਿਹਾ ਸੁਣਾਇਆ। ਏਕਾ ਰੂਪ ਏਕਾ ਚੋਲਾ, ਏਕਾ ਬਣਿਆ ਸਾਚਾ ਤੋਲਾ, ਤੋਲਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਇਆ। ਸਚ ਵਰਤੰਤਾ ਹਰਿ ਭਗਵੰਤਾ, ਸਾਚੋ ਸਾਚ ਜਣਾਈਆ। ਗੁਰਮੁਖ ਉਠਾਏ ਸਾਚੇ ਸੰਤਾ, ਗੁਰਮੁਖਾਂ ਮੇਲ ਮਿਲਾਈਆ। ਸਾਚਾ ਧਾਮ ਹਰਿ ਸੁਹੰਤਾ, ਸਾਚੇ ਘਰ ਵੱਜੇ ਵਧਾਈਆ। ਖੇਲੇ ਖੇਲ ਆਦਿਨ ਅੰਤਾ, ਜੁਗ ਜੁਗ ਵੱਡੀ ਵਡਿਆਈਆ। ਮਨਮੁਖ ਜੀਵਾਂ ਮਾਇਆ ਪਾਏ ਬੇਅੰਤਾ, ਹਰਿਜਨ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸ਼ਬਦ ਕਰੇ ਜਣਾਈਆ। ਸਾਚਾ ਸ਼ਬਦ ਹਰਿ ਤਰਾਨਾ, ਆਪਣਾ ਆਪ ਅਲ੍ਹਾਇਆ। ਗੁਰਮੁਖ ਮੇਲਾ ਦੋ ਜਹਾਨਾ, ਵਿਛੜ ਕਦੇ ਨਾ ਜਾਇਆ। ਜੋਤੀ ਸ਼ਬਦੀ ਗੁਰੂ ਗੁਰ ਚੇਲਾ, ਗੁਰ ਚੇਲਾ ਆਪ ਅਖਵਾਇਆ। ਸਦਾ ਸਖਾਈ ਸਦਾ ਸੁਹੇਲਾ, ਸਾਜਨ ਮੀਤ ਆਪ ਹੋ ਜਾਇਆ। ਆਪੇ ਵਸੇ ਸਦਾ ਅਕੇਲਾ, ਹਰ ਘਟ ਆਪੇ ਆਸਣ ਲਾਇਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਕਲਜੁਗ ਜੀਆਂ ਭੇਦ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜੋਤੀ ਨੂਰ ਕਰੇ ਰੁਸ਼ਨਾਇਆ। ਸਾਚਾ ਘਰ ਸਾਚਾ ਨੂਰ, ਹਰਿ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਵੱਜੇ ਤੂਰ, ਅਨਹਦ ਧੁਨ ਉਪਜਾਈਆ। ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਰਿਹਾ ਮਿਟਾਈਆ। ਨੌਂਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੱਖ ਚੁਰਾਸੀ ਏਕਾ ਬਖ਼ਸ਼ੇ ਚਰਨ ਧੂੜ, ਚਰਨ ਦਵਾਰਾ ਇਕ ਵਖਾਈਆ। ਚਤੁਰ ਸੁਘੜ ਬਣਾਏ ਫੜ ਫੜ ਮੂੜ੍ਹ, ਹਉਮੇ ਹੰਗਤਾ ਗੜ੍ਹ ਤੁੜਾਈਆ। ਕਾਇਆ ਚੋਲੀ ਰੰਗਣ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਨ ਸਾਚੇ ਵੇਖ ਵਖਾਈਆ। ਸਾਜਨ ਸਾਚਾ ਹਰਿ ਹਰਿ ਮੀਤਾ, ਏਕਾ ਏਕ ਅਖਵਾਇਆ। ਜੁਗ ਜੁਗ ਚਲੇ ਆਪਣੀ ਰੀਤਾ, ਜੁਗ ਜੁਗ ਵੇਸ ਵਟਾਇਆ। ਆਪੇ ਜਾਣੇ ਦੇਹੁਰਾ ਮੰਦਰ ਮਸੀਤਾ, ਗੁਰਦਵਾਰਾ ਆਪ ਸੁਹਾਇਆ। ਬੈਠਾ ਰਹੇ ਸਦਾ ਅਤੀਤਾ, ਦਿਸ ਕਿਸੇ ਨਾ ਆਇਆ। ਜਨ ਭਗਤਾਂ ਕਾਇਆ ਕਰੇ ਠੰਡੀ ਸੀਤਾ, ਅੰਮ੍ਰਿਤ ਆਤਮ ਸਾਚਾ ਰਸ ਚੁਆਇਆ। ਇਕ ਸੁਣਾਏ ਅਨਾਦੀ ਗੀਤਾ, ਅਨਾਦ ਅਨਾਦੀ ਆਪ ਵਜਾਇਆ। ਜਿਸ ਜਨ ਵਸਿਆ ਹਰਿ ਹਰਿ ਚੀਤਾ, ਹਰਿਜਨ ਸਾਚੇ ਵਿਚ ਸਮਾਇਆ। ਤ੍ਰੈਗੁਣ ਤਪੇ ਨਾ ਤਨ ਅੰਗੀਠਾ, ਪੰਜ ਤਤ ਨਾ ਦਏ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਨ ਵੇਖੇ ਦਰ, ਸਚ ਸੁੱਚ ਕਰੇ ਕੁੜਮਾਇਆ। ਸਚ ਵਸਤ ਹਰਿ ਸਾਚੇ ਪਾਸ, ਸਾਚੋ ਸਚ ਵਰਤਾਈਆ। ਹਰਿਜਨ ਮੇਟੇ ਜਗਤ ਪਿਆਸ, ਸਵੱਛ ਸਰੂਪੀ ਦਰਸ ਦਿਖਾਈਆ। ਹਰਿ ਹਰਿ ਸਾਜਨ ਸ਼ਾਹੋ ਸ਼ਬਾਸ, ਨੇਤਰ ਨੈਣਾਂ ਇਕ ਖੁਲ੍ਹਾਈਆ। ਵੇਖ ਵਖਾਏ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਫੋਲ ਫੋਲਾਈਆ। ਹਰਿਜਨ ਹਿਰਦੇ ਰੱਖੇ ਵਾਸ, ਅੱਠੇ ਪਹਿਰ ਨਾ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਣੇ ਥਾਉਂ ਥਾਈਂਆ । ਵਸਿਆ ਧਾਮ ਹਰਿ ਅਗੰਮੜਾ, ਅਗੰਮੜੀ ਕਾਰ ਕਰਾਇੰਦਾ। ਹੱਡ ਮਾਸ ਨਾੜੀ ਨਾ ਦੀਸੇ ਚਮੜਾ, ਪੰਜ ਤਤ ਨਾ ਕੋਈ ਰਖਾਇੰਦਾ। ਨਾ ਕੋਈ ਰੱਖੇ ਪੱਲੇ ਦਮੜਾ, ਰੱਤੀ ਰਤ ਨਾ ਕੋਈ ਸਮਾਇੰਦਾ। ਨਾ ਮਰੇ ਨਾ ਕਦੇ ਜੰਮੜਾ, ਮਾਤ ਗਰਭ ਨਾ ਫੇਰਾ ਪਾਇੰਦਾ। ਸ੍ਰਿਸ਼ਟ ਸਬਾਈ ਆਪੇ ਬਣਿਆ ਅੰਮੀ ਅੰਮੜਾ, ਆਪ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਆਪ ਸਮਾਏ ਆਪੇ ਮੇਟ ਮਿਟਾਇੰਦਾ। ਆਪਣੇ ਭਾਣੇ ਹਰਿ ਸਮਰਥ, ਆਪੇ ਆਪ ਸਮਾਇਆ। ਆਪ ਚਲਾਏ ਆਪਣਾ ਰਥ, ਆਪ ਆਪਣਾ ਭੇਖ ਵਟਾਇਆ। ਸ੍ਰਿਸ਼ਟ ਸਬਾਈ ਕਲਜੁਗ ਅੰਤਮ ਦੇਵੇ ਮਥ, ਲੱਖ ਚੁਰਾਸੀ ਦਏ ਸਜਾਇਆ। ਮਨਮਤ ਵਿਕਾਰਾ ਪਾਏ ਨੱਥ, ਸ੍ਰਿਸ਼ਟ ਸਬਾਈ ਬੰਧ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਨ ਮੇਲਾ ਸਚ ਘਰ, ਘਰ ਸੁਹੰਜਣਾ ਜਗੇ ਜੋਤ ਨਿਰੰਜਣਾ, ਅਲਖ ਨਿਰੰਜਣ ਵੇਖ ਵਖਾਇਆ। ਅਗੰਮ ਅਲੱਖ ਬੇਪਰਵਾਹ, ਬੇਪਰਵਾਹ ਅਖਵਾਇਆ। ਸਤਿਗੁਰ ਸ਼ਬਦ ਬਣ ਮਲਾਹ, ਲੋਕਮਾਤੀ ਫੇਰਾ ਪਾਇਆ। ਚਾਰ ਵਰਨਾਂ ਰਿਹਾ ਜਣਾ, ਜ਼ਾਤੀ ਪਾਤੀ ਮੇਟ ਮਿਟਾਇਆ। ਏਕੰਕਾਰਾ ਏਕਾ ਨਾਂ, ਇਕ ਅਕੱਲਾ ਰਿਹਾ ਸਮਾਇਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਜੁਗ ਜੁਗ ਖੇਲ ਖਿਲਾਇਆ। ਕਲਜੁਗ ਅੰਤਮ ਪਕੜੇ ਬਾਂਹ, ਸੰਬਲ ਨਗਰੀ ਡੇਰਾ ਲਾਇਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਬਣਾਇਆ। ਨਰ ਨਰਾਇਣ ਦਰ ਦਰਸ਼ਨ ਪਾ, ਹਰਿ ਸਿੰਘ ਸਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਿਰਿਆ ਰਿਹਾ ਕਰ, ਸੇਵਕ ਸੇਵਾ ਸਾਚੀ ਲਾਇਆ। ਧੰਨ ਜਣੇਦੀ ਮਾਂ ਸੁਫਲ ਕੁੱਖ, ਜੰਮਿਆ ਸੁਤ ਦੁਲਾਰ। ਦਰਸ਼ਨ ਕਰ ਉਤਰੇ ਭੁੱਖ, ਨਿਰਮਲ ਜੋਤੀ ਨੂਰ ਕਰੇ ਉਜਿਆਰ। ਉਜਲ ਹੋਏ ਮਾਤ ਮੁੱਖ, ਮਿਲਿਆ ਮੇਲ ਅਗੰਮ ਅਪਾਰ। ਮਾਤ ਗਰਭ ਨਾ ਆਏ ਉਲਟਾ ਰੁੱਖ, ਲੱਖ ਚੁਰਾਸੀ ਜਾਏ ਗੇੜ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਘਰ ਘਰ ਹਰਿ ਦੇਵੇ ਵਰ, ਨਾਮ ਦਾਨ ਧੁਰ ਫ਼ਰਮਾਣ ਭਰੇ ਰਹਿਣ ਭੰਡਾਰ। ਨਾਮ ਭੰਡਾਰਾ ਸਚਖੰਡ, ਗੁਰਮੁਖ ਸਾਚੇ ਆਪ ਭਰਾਇਆ। ਸਤਿਗੁਰ ਪੂਰੇ ਵੰਡੀ ਵੰਡ, ਨਾ ਕੋਈ ਮੇਟ ਮਿਟਾਇਆ। ਖੇਲੇ ਖੇਲ ਵਿਚ ਬ੍ਰਹਿਮੰਡ, ਜੇਰਜ ਅੰਡ ਉਤਭੁਜ ਸੇਤਜ ਆਪ ਸਮਾਇਆ। ਗੁਰਸਿਖ ਕਦੇ ਨਾ ਆਵੇ ਕੰਡ, ਜਿਸ ਸਿਰ ਆਪਣਾ ਹੱਥ ਟਿਕਾਇਆ। ਮਨਮੁਖ ਜੀਵ ਨਾਰ ਦੁਹਾਗਣ ਹੋਈ ਰੰਡ, ਸਾਚਾ ਕੰਤ ਨਾ ਕੋਈ ਹੰਢਾਇਆ। ਅੱਠੇ ਪਹਿਰ ਮਨ ਮਤ ਵਿਕਾਰਾ ਪਾਏ ਡੰਡ, ਹਰਿ ਕਾ ਸ਼ਬਦ ਹਰਿ ਦਰ ਨਜ਼ਰ ਨਾ ਆਇਆ। ਜਗਤ ਜੁਗਿਆਸੂ ਸਦ ਭਰਿਆ ਇਕ ਘਮੰਡ, ਘੜਨ ਭੰਨਣਹਾਰ ਦਿਸ ਨਾ ਆਇਆ। ਗੁਰਮੁਖ ਸਾਜਨ ਸਾਚੇ ਮੀਤ ਆਤਮ ਅੰਤਰ ਰੱਖੇ ਠੰਡ, ਨਿਝਰ ਧਾਰਾ ਮੁਖ ਚੁਆਇਆ। ਸ੍ਰਿਸ਼ਟ ਸਬਾਈ ਮੇਟ ਮਿਟਾਏ ਕੂੜੀ ਕਿਰਿਆ ਜਗਤ ਪਖੰਡ, ਸ਼ਬਦ ਡੰਡਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਹਾਏ ਬੰਕ ਦਵਾਰ ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਜੁਗ ਜੁਗ ਰੱਖਣਹਾਰਾ ਲਾਜਾ, ਦਰ ਦਰਵੇਸ਼ਾ ਆਇਆ ਫੇਰੀ ਪਾਇਆ। ਦਰ ਦਰਵੇਸ਼ ਹਰਿ ਨਿਰੰਕਾਰ, ਜੁਗ ਜੁਗ ਵੇਸ ਵਟਾਇੰਦਾ। ਜਨ ਭਗਤਾਂ ਦਰ ਹੋਏ ਪਹਿਰੇਦਾਰ, ਆਪ ਆਪਣੀ ਸੇਵ ਕਮਾਇੰਦਾ। ਆਪੇ ਬਖ਼ਸ਼ੇ ਆਪਣਾ ਚਰਨ ਪਿਆਰ, ਚਰਨ ਕਵਲ ਚਿਤ ਆਪ ਲਗਾਇੰਦਾ। ਮਾਨਸ ਜਨਮ ਦਏ ਸਵਾਰ, ਜਨ ਜਨਨੀ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰਾਇਣ ਨੈਣ ਇਕ ਦਰਸਾਇੰਦਾ।