Granth 08 Likhat 160: 7 Bhadron 2016 Bikarmi Swaran Singh de Ghar Pind Guman Pura Jila Amritsar

੭ ਭਾਦਰੋਂ ੨੦੧੬ ਬਿਕ੍ਰਮੀ ਸਵਰਨ ਸਿੰਘ ਦੇ ਘਰ ਪਿੰਡ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ

ਗੁਰਸਿਖ ਮੇਲਾ ਸਾਚੇ ਘਰ, ਥਿਰ ਘਰ ਨਾਉਂ ਰਖਾਈਆ। ਗੁਰਮੁਖ ਵੇਖੇ ਅੰਦਰ ਵੜ, ਸਤਿਗੁਰ ਪੂਰਾ ਬੂਝ ਬੁਝਾਈਆ। ਸੰਤ ਸੁਹੇਲੇ ਆਪੇ ਫੜ, ਆਪੇ ਵੇਖੇ ਬੇਪਰਵਾਹੀਆ। ਜਨ ਭਗਤ ਫੜਾਏ ਆਪਣਾ ਲੜ, ਨਿਰਗੁਣ ਦਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਖਲਾਈਆ। ਹਰਿਜਨ ਵਾਸਾ ਥਿਰ ਦਰਬਾਰ, ਗੁਰਸਿਖ ਮੇਲ ਮਿਲਾਇੰਦਾ। ਗੁਰਸਿਖ ਸੋਹੇ ਬੰਕ ਦੁਵਾਰ, ਸੰਤ ਸੁਹੇਲੇ ਪਾਰ ਕਰਾਇੰਦਾ। ਭਗਤੀ ਨਾਮ ਬੋਲ ਜੈਕਾਰ, ਭਗਤ ਭਗਵੰਤ ਖੇਲ ਖਲਾਇੰਦਾ। ਇਕ ਇਕੱਲਾ ਏਕੰਕਾਰ, ਆਦਿ ਜੁਗਾਦੀ ਵੇਸ ਵਟਾਇੰਦਾ। ਸਰਬ ਕਲ ਵਰਤੇ ਸੰਸਾਰ, ਵੇਦ ਕਤੇਬ ਭੇਵ ਨਾ ਪਾਇੰਦਾ। ਜੋਤ ਨਿਰੰਜਣ ਕਰ ਉਜਿਆਰ, ਸਤਿ ਸਰੂਪੀ ਡਗਮਗਾਇੰਦਾ। ਭੈ ਭੰਜਨ ਭਵ ਸਾਗਰ ਕਰੇ ਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਇੰਦਾ। ਵੇਖਣਹਾਰਾ ਦੀਨ ਦਿਆਲ, ਅਕਲ ਕਲਾ ਵਡਿਆਈਆ। ਗੁਰਮੁਖ ਵੇਖੇ ਸਾਚੇ ਲਾਲ, ਸਾਚੇ ਹੱਟ ਵਿਕਾਈਆ। ਗੁਰਮੁਖਾਂ ਬਣੇ ਆਪ ਦਲਾਲ, ਸਚ ਸਾਲਸ ਬੇਪਰਵਾਹੀਆ। ਸੰਤਾਂ ਨਿਤ ਨਵਿਤ ਕਰੇ ਰਖਵਾਲ, ਕਰਨੀ ਕਰਤਾ ਵੇਸ ਵਟਾਈਆ। ਭਗਤ ਭਗਵੰਤ ਵਸੇ ਧਰਮ ਸੱਚੀ ਧਰਮਸਾਲ, ਦਰ ਸਾਚਾ ਇਕ ਸੁਹਾਈਆ। ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਸਿਖ ਪ੍ਰੀਤੀ ਨਿਭੇ ਨਾਲ, ਗੁਰ ਪੂਰਾ ਆਪ ਨਿਭਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਕਲਜੁਗ ਕੂੜੀ ਕਿਰਿਆ ਦਏ ਮਿਟਾਈਆ। ਫਲ ਲਗਾਏ ਸਾਚੇ ਡਾਲ, ਫੁੱਲ ਫੁਲਵਾੜੀ ਆਪ ਲਗਾਈਆ। ਜੋ ਜਨ ਚਰਨ ਪ੍ਰੀਤੀ ਘਾਲਣ ਰਹੇ ਘਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਲੇਖੇ ਆਪੇ ਲਾਈਆ। ਗੁਰਸਿਖ ਹਰਿ ਹਰਿ ਪਾਇਆ, ਪਰਮ ਪੁਰਖ ਕਰਤਾਰ। ਗੁਰਮੁਖ ਵਿਰਲੇ ਰਸਨਾ ਗਾਇਆ, ਭਰਮੇ ਭੁੱਲਾ ਸਰਬ ਸੰਸਾਰ। ਘਰ ਸੰਤਨ ਰੰਗ ਚੜ੍ਹਾਇਆ, ਆਪ ਆਪਣੀ ਕਿਰਪਾ ਧਾਰ। ਸ਼ਬਦ ਵਿਚੋਲਾ ਆਪ ਅਖਵਾਇਆ, ਸ਼ਬਦੀ ਸ਼ਬਦ ਵਣਜ ਵਪਾਰ। ਆਪਣਾ ਢੋਲਾ ਆਪੇ ਗਾਇਆ, ਜੁਗ ਜੁਗ ਵੇਸ ਆਪ ਨਿਰੰਕਾਰ। ਕਾਇਆ ਚੋਲਾ ਆਪ ਹੰਢਾਇਆ, ਪੰਜ ਤੱਤ ਕਰ ਉਜਿਆਰ। ਪਰਦਾ ਉਹਲਾ ਆਪ ਰਖਾਇਆ, ਆਪੇ ਅੰਦਰ ਆਪੇ ਬਾਹਰ। ਸਰਬ ਕਲਾ ਸਮਰਥ ਆਪ ਅਖਵਾਇਆ, ਖੇਲੇ ਖੇਲ ਅਗੰਮ ਅਪਾਰ। ਹਰਿਜਨ ਸਗਲੀ ਚਿੰਤ ਮਿਟਾਇਆ, ਹਉਮੇ ਹੰਗਤਾ ਰੋਗ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਉਭਾਰ। ਗੁਰਮੁਖ ਸਾਚਾ ਸਚ ਘਰ ਮੰਨਿਆ, ਘਰ ਮੇਲਾ ਬੇਪਰਵਾਹ। ਗੁਰਮੁਖ ਚੜ੍ਹੇ ਸਾਚਾ ਚੰਨਿਆ, ਵੇਖ ਵਖਾਏ ਥਾਉਂ ਥਾਂ। ਸੰਤਾਂ ਗੜ੍ਹ ਹੰਕਾਰੀ ਭੰਨਿਆ, ਏਕਾ ਦੇਵੇ ਠੰਡੀ ਛਾਂ। ਭਗਤਾਂ ਭਾਣਾ ਹਰਿ ਹਰਿ ਮੰਨਿਆ, ਨਿਉਂ ਨਿਉਂ ਰਹੇ ਸੀਸ ਝੁਕਾ। ਖੇਲੇ ਖੇਲ ਸ੍ਰੀ ਭਗਵੰਨਿਆ, ਆਪ ਆਪਣੀ ਜੋਤ ਜਗਾ। ਲੱਖ ਚੁਰਾਸੀ ਦੇਵੇ ਡੰਨਿਆ, ਨਾ ਕੋਈ ਸਕੇ ਮਾਤ ਬਚਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਲਏ ਤਰਾ। ਤਾਰਨਹਾਰਾ ਪੁਰਖ ਅਕਾਲ, ਇਕ ਇਕੱਲਾ ਏਕੰਕਾਰਿਆ। ਜੁਗ ਜੁਗ ਚਲੇ ਅਵੱਲੜੀ ਚਾਲ, ਲੋਕਮਾਤ ਲੈ ਅਵਤਾਰਿਆ। ਨਿਰਗੁਣ ਸਰਗੁਣ ਬਣ ਦਲਾਲ, ਨਾਮ ਵਣਜ ਇਕ ਕਰਾ ਰਿਹਾ। ਵਸਣਹਾਰਾ ਕਾਇਆ ਮਾਟੀ ਝੂਠੀ ਖਾਲ, ਕੰਚਨਗੜ੍ਹ ਆਪ ਬਣਾ ਲਿਆ। ਸਰ ਸਰੋਵਰ ਭਰਿਆ ਤਾਲ, ਅੰਮ੍ਰਿਤ ਝਿਰਨਾ ਆਪ ਝਿਰਾ ਲਿਆ। ਜਨ ਭਗਤਾਂ ਆਪ ਰਖਵਾਲ, ਸੇਵਕ ਸੇਵਾ ਸਚ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਵੇਖ ਵਖਾ ਰਿਹਾ। ਗੁਰਮੁਖ ਸੱਜਣ ਰੰਗ ਮਜੀਠ, ਹਰਿ ਸਤਿਗੁਰ ਆਪ ਚੜ੍ਹਾਇੰਦਾ। ਗੁਰਮੁਖਾਂ ਹਰਿ ਹਰਿ ਵਸਿਆ ਚੀਤ, ਚਿਤਵਿਤ ਠਗੌਰੀ ਕੋਈ ਨਾ ਪਾਇੰਦਾ। ਸੰਤ ਸੁਹੇਲਾ ਇਕ ਅਤੀਤ, ਤ੍ਰੈਗੁਣ ਵੇਸ ਨਾ ਕੋਈ ਵਟਾਇੰਦਾ। ਭਗਤਨ ਮੀਤਾ ਠੰਡਾ ਸੀਤ, ਸਤਿ ਸੰਤੋਖੀ ਧਾਰ ਚਲਾਇੰਦਾ। ਆਦਿ ਜੁਗਾਦੀ ਅਚਰਜ ਰੀਤ, ਮੰਦਰ ਮਸੀਤ ਨਾ ਕੋਈ ਵਖਾਇੰਦਾ । ਏਕਾ ਸ਼ਬਦ ਸੁਣਾਏ ਸੁਹਾਗੀ ਗੀਤ, ਹਰਿ ਗੋਬਿੰਦ ਨਾਉਂ ਧਰਾਇੰਦਾ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਪੀ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸਾਚੇ ਘਰ, ਸੰਤਨ ਵੇਖੇ ਅੰਦਰ ਵੜ, ਗੁਰਮੁਖ ਸੱਜਣ ਲਏ ਫੜ, ਗੁਰਸਿਖ ਬੰਧਾਏ ਆਪਣੇ ਲੜ, ਦੂਸਰ ਰਾਹ ਨਾ ਕੋਈ ਜਣਾਇੰਦਾ। ਗੁਰਮੁਖ ਬਾਲਾ ਬਾਲ ਨਿਧਾਨਾ, ਗੁਰਮਤੀ ਮਤ ਸਮਝਾਇੰਦਾ। ਗੁਰਮੁਖਾਂ ਦੇਵੇ ਨਾਮ ਬਿਬਾਨਾ, ਕਰ ਕਿਰਪਾ ਆਪ ਚੜ੍ਹਾਇੰਦਾ। ਸਾਚੇ ਸੰਤਾਂ ਦੇਵੇ ਘਰ ਸਾਚੇ ਮਾਣਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਭਗਤਾਂ ਅੰਦਰ ਹੋ ਪਰਧਾਨਾ, ਆਪ ਆਪਣਾ ਡੰਕ ਵਜਾਇੰਦਾ। ਆਪੇ ਸ਼ਬਦ ਆਪ ਤਰਾਨਾ, ਆਪੇ ਰਾਗ ਅਲਾਇੰਦਾ। ਆਪੇ ਜਾਣੇ ਪਦ ਨਿਰਬਾਨਾ, ਆਪੇ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਮੇਲ ਵਿਛੋੜਾ ਹੱਥ ਰੱਖ, ਗੁਰਮੁਖਾਂ ਦਏ ਵਡਿਆਈਆ । ਗੁਰਮੁਖ ਸੱਜਣ ਕਰੇ ਵੱਖ, ਲੱਖ ਚੁਰਾਸੀ ਵੰਡ ਵੰਡਾਈਆ। ਸੰਤ ਸੁਹੇਲੇ ਰੰਗੇ ਆਪਣੀ ਰੱਤ, ਰੱਤੀ ਰੱਤ ਰਹਿਣ ਨਾ ਪਾਈਆ। ਭਗਤਾਂ ਦੇਵੇ ਏਕਾ ਹਰਿ ਹਰਿ ਮਤ, ਪਾਰਬ੍ਰਹਮ ਪ੍ਰਭ ਮੇਲ ਮਿਲਾਈਆ। ਨਿਰਗੁਣ ਸਰਗੁਣ ਬੰਨੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸੋ ਪੁਰਖ ਨਿਰੰਜਣ ਆਪ ਸੁਣਾਏ ਆਪਣੀ ਗਾਥ, ਸੋਹੰ ਸ਼ਬਦ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਸੰਤ ਦੁਲਾਰ ਭਗਤ ਅਧਾਰ, ਸਾਚਾ ਰੰਗ ਚੜ੍ਹਾਈਆ। ਰੰਗ ਅਨਮੋਲਾ ਕਾਇਆ ਚੋਲਾ, ਹਰਿ ਚੋਜੀ ਆਪ ਚੜ੍ਹਾਇੰਦਾ। ਦਰ ਦਰਵੇਸ਼ ਨਰ ਨਰੇਸ਼ ਬਣ ਬਣ ਗੋਲਾ, ਦਰ ਘਰ ਸਾਚਾ ਆਪ ਸੁਹਾਇੰਦਾ। ਸੋਹੰ ਬੋਲਾ ਸਾਚਾ ਢੋਲਾ, ਆਪਣਾ ਆਪ ਅਲਾਇੰਦਾ। ਭਗਤੀ ਮੌਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਚੁਕਾਏ ਡਰ, ਭੈ ਭਿਆਨਕ ਨਾ ਕੋਈ ਵਖਾਇੰਦਾ। ਭੈ ਭਿਆਨਕ ਚੁਕੇ ਡਰ, ਹਰਿ ਸਾਚਾ ਆਪ ਚੁਕਾਈਆ। ਗੁਰਮੁਖਾਂ ਬਹਾਏ ਸਾਚੇ ਦਰ, ਘਰ ਸਾਚਾ ਸੋਭਾ ਪਾਈਆ। ਗੁਰਮੁਖ ਹਰਿ ਹਰਿ ਲਏ ਵਰ, ਘਰ ਵੱਜਦੀ ਰਹੇ ਵਧਾਈਆ। ਸੰਤ ਸਾਗਰ ਗਏ ਤਰ, ਭਵ ਸਾਗਰ ਪਾਰ ਕਰਾਈਆ। ਭਗਵੰਤ ਚੋਟੀ ਬੈਠੇ ਚੜ੍ਹ, ਕਬੀਰ ਜੁਲਾਹਾ ਦਏ ਗਵਾਹੀਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਆਪਣਾ ਪਕੜਾ ਲੜ, ਸਰਗੁਣ ਸਾਚਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਦੋ ਜਹਾਨ, ਸਗਲਾ ਸੰਗ ਸੂਰਾ ਸਰਬੰਗ, ਖੇਲੇ ਖੇਲ ਵਿਚ ਵਰਭੰਡ, ਬ੍ਰਹਿਮੰਡ ਖੰਡ ਜੇਰਜ ਅੰਡ ਖੋਜ ਖੁਜਾਈਆ।