੧੧ ਚੇਤ ੨੦੧੭ ਬਿਕ੍ਰਮੀ ਚੰਨਣ ਸਿੰਘ ਦੇ ਘਰ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ
ਕਾਲ ਫਾਸ ਜਮ ਕੱਟ, ਹਰਿ ਬਖ਼ਸ਼ੇ ਚਰਨ ਦਵਾਰਿਆ। ਘਰ ਮੰਦਰ ਵਖਾਏ ਸਾਚਾ ਹੱਟ, ਚੌਦਾਂ ਲੋਕ ਕਰ ਉਜਿਆਰਿਆ। ਅੰਮ੍ਰਿਤ ਨੁਹਾਏ ਤੀਰਥ ਤੱਟ, ਸਰ ਸਰੋਵਰ ਇਕ ਵਖਾ ਰਿਹਾ। ਦੁਰਮਤ ਮੈਲ ਦੇਵੇ ਕੱਟ, ਕਰ ਕਿਰਪਾ ਪਾਰ ਉਤਾਰਿਆ। ਗੁਰਮੁਖ ਵਿਰਲੇ ਲਾਹਾ ਰਹੇ ਖੱਟ, ਹਰਿ ਪੁਰਖ ਨਿਰੰਕਾਰਿਆ। ਰਸਨਾ ਰਸ ਰਿਹਾ ਚੱਟ, ਸੋਹੰ ਅੱਖਰ ਜਾਪ ਅਪਾਰਿਆ। ਦੂਈ ਦਵੈਤੀ ਮਿਟੇ ਫੱਟ, ਸਤਿਗੁਰ ਪੂਰਾ ਆਪ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾ ਰਿਹਾ। ਰੰਗ ਰੰਗੀਲਾ ਹਰਿ ਕਰਤਾਰ, ਰੰਗ ਮਜੀਠੀ ਇਕ ਚੜ੍ਹਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਰਾਇੰਦਾ। ਅਲੱਖ ਅਗੋਚਰ ਭੇਵ ਨਿਆਰ, ਜੁਗ ਜੁਗ ਆਪਣਾ ਭੇਵ ਛੁਪਾਇੰਦਾ। ਸੰਤ ਸੁਹੇਲੇ ਮੀਤ ਮੁਰਾਰ, ਗੁਰ ਗੁਰ ਚੇਲੇ ਵੇਖ ਵਖਾਇੰਦਾ। ਇਕ ਅਕੇਲੇ ਦਏ ਆਧਾਰ, ਬੰਸ ਸਰਬੰਸਾ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫਲ ਅੰਮ੍ਰਿਤ ਮੇਵਾ, ਹਰਿਜਨ ਸਾਚੇ ਆਪ ਖਵਾਇੰਦਾ। ਅੰਮ੍ਰਿਤ ਰਸ ਸਾਚਾ ਦੁੱਧ, ਰਸਨਾ ਜਿਹਵਾ ਆਪ ਖਵਾਈਆ। ਆਪੇ ਕਰੇ ਬਬੇਕ ਬੁੱਧ, ਮਨ ਮਤ ਦੂਰ ਕਰਾਈਆ। ਕਰਤਾ ਕਰੇ ਕਾਰਜ ਸਿਧ, ਸਗਲਾ ਭੇਵ ਚੁਕਾਈਆ। ਘਰ ਸੁਹਾਏ ਨੌ ਨਿਧ, ਅੱਠ ਅਠਾਰਾਂ ਇਕ ਸਰਨਾਈਆ। ਪ੍ਰਭ ਮਿਲਣ ਦੀ ਸਾਚੀ ਬਿਧ, ਸਤਿਗੁਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲਣ ਹਰਿ ਗੋਪਾਲਣ, ਲਾਲ ਲਾਲਣ ਵੇਖ ਵਖਾਈਆ। ਦੀਨ ਦਿਆਲ ਸਰਬ ਜਗ ਮੀਤਾ, ਪਰਮ ਪੁਰਖ ਅਖਵਾਇਆ। ਹਰਿਜਨ ਪਰਖਣਹਾਰਾ ਨੀਤਾ, ਮਨ ਮਨੂਆ ਦਏ ਭਵਾਇਆ। ਚਰਨ ਕਵਲ ਬੰਧਾਏ ਪ੍ਰੀਤਾ, ਜਗਤ ਪ੍ਰੀਤੀ ਮੋਹ ਚੁਕਾਇਆ। ਨਾਮ ਨਿਧਾਨ ਦੇਵੇ ਅਨਡੀਠਾ, ਭਰ ਪਿਆਲਾ ਜਾਮ ਪਿਆਇਆ। ਸਦਾ ਸੁਹੇਲਾ ਰੱਖੇ ਸਦਾ ਠੰਡਾ ਸੀਤਾ, ਅਗਨ ਤਤ ਨਾ ਕੋਇ ਰਖਾਇਆ। ਪਿਤਾ ਪੂਤ ਏਕਾ ਰੰਗ ਹਰਿ ਸਾਚੇ ਕੀਤਾ, ਦੂਜਾ ਰੰਗ ਨਾ ਕੋਇ ਚੜ੍ਹਾਇਆ। ਲੇਖਾ ਜਾਣੇ ਪਿਛਲਾ ਬੀਤਾ, ਅਗਲਾ ਲਹਿਣਾ ਲਹਿਣੇ ਝੋਲੀ ਪਾਇਆ। ਸਤਿਗੁਰ ਪੂਰਾ ਨਾ ਮਰਿਆ ਨਾ ਕਦੇ ਜੀਤਾ, ਜੰਮਣ ਮਰਨ ਵਿਚ ਨਾ ਆਇਆ। ਕੋਟਨ ਕੋਟ ਉਧਾਰੇ ਪਤਿਤ ਪਾਪੀ ਕਰ ਪੁਨੀਤਾ, ਜਨਮ ਜਨਮ ਵਿਛੜੇ ਮੇਲ ਮਿਲਾਇਆ। ਆਪ ਚਲਾਈ ਆਪਣੀ ਰੀਤਾ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਭੇਵ ਨਾ ਰਾਇਆ। ਨਾ ਕੋਈ ਮੰਦਰ ਨਾ ਮਸੀਤਾ, ਹਰਿਜਨ ਕਾਇਆ ਮੰਦਰ ਆਪਣਾ ਆਸਣ ਆਪ ਸੁਹਾਇਆ। ਕਾਇਆ ਆਸਣ ਸੋਭਾਵੰਤ, ਸਹਿਜ ਸਹਿਜ ਸਮਾਈਆ। ਘਰ ਮਿਲਾਵਾ ਹਰਿ ਹਰਿ ਕੰਤ, ਨਿਜ ਆਤਮ ਵੱਜੇ ਵਧਾਈਆ। ਪਾਇਆ ਪ੍ਰੀਤਮ ਇਕ ਭਗਵੰਤ, ਭਗਤਨ ਭਗਤੀ ਕਰ ਕੁੜਮਾਈਆ। ਸੋਹੰ ਗਾਇਆ ਸੁਹਾਗੀ ਛੰਤ, ਘਰ ਚੌਥਾ ਇਕ ਵਖਾਈਆ । ਆਦਿ ਜੁਗਾਦੀ ਮਹਿਮਾ ਅਨੰਤ, ਅਗਣਤ ਗਿਣੀ ਨਾ ਜਾਈਆ। ਤਨ ਕਾਇਆ ਚੋਲੀ ਰੰਗ ਬਸੰਤ, ਚੇਤਰ ਚੇਤਨ ਰੁਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਣਾਏ ਸਾਚੀ ਬਣਤ, ਕਰਮ ਜਰਮ ਧਰਮ ਆਪਣੇ ਹੱਥ ਰਖਾਈਆ।
