੪ ਭਾਦਰੋਂ ੨੦੧੭ ਬਿਕ੍ਰਮੀ ਮੁਖ਼ਤਿਆਰ ਸਿੰਘ ਦੇ ਘਰ ਪਿੰਡ ਰਾਮੂ ਵਾਲਾ (ਨਵਾਂ) ਜ਼ਿਲਾ ਫ਼ਿਰੋਜ਼ਪੁਰ
ਪੁਰਖ ਅਕਾਲ ਅਕਲ ਕਲ ਧਾਰ, ਅਨਭਵ ਆਪਣਾ ਰੂਪ ਪ੍ਰਗਟਾਈਆ। ਨਿਰਗੁਣ ਨਿਰਵੈਰ ਖੇਲ ਅਪਾਰ, ਜੂਨੀ ਰਹਿਤ ਆਪ ਖੁਲ੍ਹਾਈਆ। ਥਿਰ ਘਰ ਸਾਚੇ ਹੋ ਤਿਆਰ, ਸਚਖੰਡ ਨਿਵਾਸੀ ਆਪਣੀ ਧਾਰ ਬੰਧਾਈਆ। ਸਚ ਸਿੰਘਾਸਣ ਬਣ ਸਿਕਦਾਰ, ਤਖ਼ਤ ਨਿਵਾਸੀ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਸੁਲਤਾਨ, ਸਤਿ ਸਤਿਵਾਦੀ ਰੂਪ ਵਟਾਇੰਦਾ। ਸਚਖੰਡ ਦਵਾਰਾ ਖੇਲ ਮਹਾਨ, ਦਰਗਹਿ ਸਾਚੀ ਆਪ ਕਰਾਇੰਦਾ। ਏਕਾ ਮੰਦਰ ਇਕ ਮਕਾਨ, ਧੁਰ ਦਰਬਾਰਾ ਆਪ ਸੁਹਾਇੰਦਾ। ਏਕਾ ਨੂਰ ਸ੍ਰੀ ਭਗਵਾਨ, ਏਕਾ ਸ਼ਬਦ ਨਾਦ ਵਜਾਇੰਦਾ। ਏਕਾ ਰਾਗ ਏਕਾ ਗਾਣ, ਏਕਾ ਗੀਤ ਗੋਬਿੰਦ ਅਲਾਇੰਦਾ। ਏਕਾ ਹੁਕਮ ਇਕ ਫ਼ਰਮਾਣ, ਸ਼ਬਦੀ ਸ਼ਬਦ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪ ਦਰਸਾਇੰਦਾ। ਰੂਪ ਅਵੱਲਾ ਹਰਿ ਕਰਤਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਥਿਰ ਘਰ ਵੇਖੇ ਇਕ ਦਵਾਰਾ, ਗ਼ਰੀਬ ਨਿਵਾਜਾ ਸਿਫ਼ਤ ਸਾਲਾਹੀਆ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਲੱਖਣਾ ਲਖਿਆ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਾਰ ਆਪ ਕਰਾਈਆ। ਆਪਣੀ ਕਾਰ ਆਪੇ ਕਰ, ਹਰਿ ਜੂ ਸਾਚੀ ਬਣਤ ਬਣਾਇੰਦਾ। ਆਪਣੀ ਇਛਿਆ ਭੰਡਾਰਾ ਆਪੇ ਭਰ, ਆਦਿ ਜੁਗਾਦੀ ਆਪ ਵਰਤਾਇੰਦਾ। ਆਪਣੀ ਸਿਖ਼ਿਆ ਵਿਦਿਆ ਆਪੇ ਪੜ੍ਹ, ਆਪਣਾ ਨਾਮ ਆਪ ਦ੍ਰਿੜਾਇੰਦਾ। ਆਪਣੇ ਮੰਦਰ ਅੰਦਰ ਆਪੇ ਵੜ, ਸਚ ਸਿੰਘਾਸਣ ਸੋਭਾ ਪਾਇੰਦਾ। ਆਪਣਾ ਦਰਸ ਦਿਖਾਏ ਆਪੇ ਖੜ, ਰੂਪ ਅਨੂਪਾ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲਾ ਆਪ ਸੁਹਾਇੰਦਾ। ਸਚ ਮਹੱਲਾ ਉਚ ਮੁਨਾਰਾ, ਅਚਰਜ ਹਰਿ ਹਰਿ ਬਣਤ ਬਣਾਈਆ । ਇਕ ਅਕੱਲਾ ਸ਼ਾਹ ਸਿਕਦਾਰਾ, ਹਰਿ ਸੁਲਤਾਨਾ ਆਸਣ ਲਾਈਆ। ਖੇਲ ਖਲਾਏ ਅਗੰਮ ਅਪਾਰਾ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਹਿਮਾ ਆਪ ਜਣਾਈਆ। ਆਪਣੀ ਮਹਿਮਾ ਆਪੇ ਜਾਣ, ਆਪਣਾ ਭੇਵ ਆਪ ਖੁਲ੍ਹਾਇੰਦਾ। ਸ਼ਾਹ ਪਾਤਸ਼ਾਹ ਹਰਿ ਬਣ ਰਾਜਾਨ, ਰਾਜ ਜੋਗ ਆਪ ਕਮਾਇੰਦਾ। ਆਦਿਨ ਅੰਤ ਜੁਗਾ ਜੁਗੰਤਾ ਦੇਵਣਹਾਰਾ ਦਾਨੀ ਦਾਨ, ਦਾਤਾ ਦਾਨੀ ਨਾਉਂ ਰਖਾਇੰਦਾ। ਲੇਖਾ ਜਾਣੇ ਮੰਦਰ ਮਕਾਨ, ਥਿਰ ਘਰ ਸਾਚਾ ਵੇਖ ਵਖਾਇੰਦਾ। ਰਾਗ ਅਨਾਦੀ ਏਕਾ ਗਾਣ, ਗ੍ਰਹਿ ਆਪਣੇ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਏਕੰਕਾਰ, ਆਪਣੀ ਧਾਰਾ ਆਪ ਚਲਾਇੰਦਾ। ਆਪਣੀ ਧਾਰਾ ਹਰਿ ਨਿਰੰਕਾਰ, ਸਤਿਗੁਰ ਸਾਚਾ ਕਰਮ ਕਮਾਈਆ। ਗੁਰ ਗੁਰ ਰੂਪ ਖੇਲ ਅਪਾਰ, ਸ਼ਬਦੀ ਸ਼ਬਦ ਨਾਦ ਵਜਾਈਆ। ਭਗਤਨ ਭਗਵੰਤ ਕਰੇ ਪਿਆਰ, ਵੇਖਣਹਾਰਾ ਥਾਉਂ ਥਾਈਆ। ਸੰਤਨ ਦੇਵੇ ਸਾਚਾ ਨਾਮ ਆਧਾਰ, ਲਿਵ ਅੰਤਰ ਬੂਝ ਬੁਝਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਅਗਿਆਨ ਅੰਧੇਰ ਦਏ ਮਿਟਾਈਆ। ਗੁਰਸਿਖ ਸਾਚੇ ਘੋੜ੍ਹੇ ਚਾੜ੍ਹ, ਦੋ ਜਹਾਨਾਂ ਪੰਧ ਮੁਕਾਈਆ। ਇਕ ਵਖਾਏ ਸਚ ਅਖਾੜ, ਸਾਚੀ ਮੰਡਲ ਰਾਸ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖਲ੍ਹਾਈਆ। ਹਰਿ ਸਤਿਗੁਰ ਸੂਰਾ ਵਡ ਬਲਵਾਨ, ਆਦਿ ਜੁਗਾਦੀ ਵੇਸ ਵਟਾਇੰਦਾ। ਗੁਰ ਗੁਰ ਰੂਪ ਸ੍ਰੀ ਭਗਵਾਨ, ਲੋਕਮਾਤ ਜੋਤ ਜਗਾਇੰਦਾ। ਭਗਤਾਂ ਦੇਵੇ ਭਗਤੀ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਸੰਤਨ ਦੇਵੇ ਨਾਮ ਨਿਧਾਨ, ਕਾਇਆ ਗੋਲਕ ਆਪ ਟਿਕਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨ, ਚਤਰਭੁਜ ਦਯਾ ਕਮਾਇੰਦਾ। ਗੁਰਸਿਖ ਸਾਚੇ ਕਰ ਪਛਾਣ, ਆਪ ਆਪਣੇ ਅੰਗ ਲਗਾਇੰਦਾ। ਆਦਿ ਜੁਗਾਦਿ ਖੇਲ ਮਹਾਨ, ਜੁਗ ਕਰਤਾ ਆਪ ਕਰਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿਗੁਰ ਪੂਰਾ ਹੱਥ ਉਠਾਇੰਦਾ। ਗੁਰ ਗੁਰ ਰੂਪ ਹੋਏ ਮਿਹਰਵਾਨ, ਦਯਾ ਨਿਧ ਆਪਣੀ ਕਲ ਆਪ ਵਰਤਾਇੰਦਾ। ਭਗਤਨ ਵੇਖੇ ਜਗਤ ਜਹਾਨ, ਜਾਗਰਤ ਜੋਤ ਸਰਬ ਜਗਾਇੰਦਾ। ਸੰਤਨ ਰਾਗ ਸੁਣਾਏ ਕਾਨ, ਧੁਨ ਆਤਮਕ ਆਪ ਅਲਾਇੰਦਾ। ਗੁਰਮੁਖਾਂ ਦੇਵੇ ਬ੍ਰਹਮ ਗਿਆਨ, ਬ੍ਰਹਮ ਆਪਣਾ ਮੇਲ ਮਿਲਾਇੰਦਾ। ਗੁਰਸਿਖ ਸਾਚੇ ਚਤਰ ਸੁਜਾਨ, ਹਰਿ ਮੰਦਰ ਆਪ ਸੁਹਾਇੰਦਾ। ਸ਼ਾਹੋ ਭੂਪ ਹਰਿ ਵਡ ਰਾਜਾਨ, ਤਖ਼ਤ ਤਾਜ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਸਤਿਗੁਰ ਪੂਰਾ ਹਰਿ ਸੂਰਬੀਰ, ਦਰਗਹਿ ਸਾਚੀ ਧਾਮ ਸੁਹਾਈਆ। ਗੁਰ ਗੁਰ ਰੂਪ ਮੇਲ ਮਿਲਾਵਾ ਪੰਜ ਤਤ ਸ਼ਰੀਰ, ਮਨ ਮਤ ਬੁਧ ਨਾ ਕੋਈ ਲੜਾਈਆ। ਭਗਤਨ ਚੋਟੀ ਚਾੜ੍ਹੇ ਅਖ਼ੀਰ, ਏਕਾ ਅੱਖਰ ਨਾਮ ਪੜ੍ਹਾਈਆ। ਸੰਤਨ ਕੱਟੇ ਜਗਤ ਜੰਜੀਰ, ਨਾਮ ਡੋਰੀ ਬੰਧਨ ਪਾਈਆ। ਗੁਰਮੁਖਾਂ ਕੱਢੇ ਹਉਮੇ ਪੀੜ, ਬਿਰਹੋਂ ਅਗਨੀ ਨਾ ਕੋਈ ਜਲਾਈਆ। ਗੁਰਮੁਖਾਂ ਬਖ਼ਸ਼ੇ ਅੰਮ੍ਰਿਤ ਸੀਰ, ਭਰ ਪਿਆਲਾ ਜਾਮ ਪਿਆਈਆ। ਅੱਥਰ ਵਰੋਲੇ ਆਪਣਾ ਨੀਰ, ਨੇਤਰ ਨੈਣ ਨਾ ਕੋਈ ਦਰਸਾਈਆ। ਲੇਖਾ ਜਾਣੇ ਸ਼ਾਹ ਫ਼ਕੀਰ, ਪੀਰਨ ਪੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਹਰਿ ਗੋਪਾਲਾ, ਜੁਗ ਜੁਗ ਚਲੇ ਅਵਲੜੀ ਚਾਲਾ, ਲੇਖਾ ਲੇਖ ਨਾ ਕੋਈ ਵਖਾਈਆ। ਸਤਿਗੁਰ ਪੂਰਾ ਸੱਚਾ ਦਾਤਾ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਗੁਰ ਗੁਰ ਰੂਪ ਨਾ ਕਿਸੇ ਪਛਾਤਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਭਗਤਨ ਦਰਸਨ ਦੇਵੇ ਇਕ ਅਕਾਂਤਾ, ਦੂਈ ਦਵੈਤੀ ਪਰਦਾ ਲਾਹਿੰਦਾ। ਸੰਤਨ ਮੇਲਾ ਜੋਤੀ ਜਾਤਾ, ਵਰਨ ਗੋਤ ਨਾ ਕੋਇ ਰਖਾਇੰਦਾ। ਗੁਰਮੁਖਾਂ ਚਰਨ ਕਵਲ ਬੰਧਾਏ ਸਾਚਾ ਨਾਤਾ, ਚਰਨ ਧੂੜੀ ਮਸਤਕ ਟਿੱਕਾ ਲਾਇੰਦਾ। ਗੁਰਮੁਖਾਂ ਵਿਖਾਏ ਏਕਾ ਪੂਜਾ ਪਾਠਾ, ਇਸ਼ਟ ਦੇਵ ਆਪ ਹੋ ਜਾਇੰਦਾ। ਲੇਖਾ ਜਾਣੇ ਤੀਰਥ ਤਾਟਾ, ਤਟ ਸਰੋਵਰ ਖੋਜ ਖੁਜਾਇੰਦਾ। ਭੇਵ ਚੁਕਾਏ ਚੌਂਦਾ ਹਾਟਾਂ, ਲੋਕ ਪ੍ਰਲੋਕ ਫੇਰਾ ਪਾਇੰਦਾ। ਆਪੇ ਸੋਇਆ ਆਪਣੀ ਖਾਟਾ, ਸਾਚਾ ਭੂਸ਼ਨ ਆਪ ਵਛਾਇੰਦਾ। ਆਪੇ ਜੋਤੀ ਨੂਰ ਲਿਲਾਟਾ, ਨਿਰਗੁਣ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪ ਕਰਾਇੰਦਾ। ਪੁਰਖ ਅਬਿਨਾਸ਼ਾ ਸਤਿਗੁਰ ਮੀਤ, ਸਾਂਤਕ ਸਤਿ ਸਤਿ ਵਰਤਾਈਆ। ਜੁਗਾ ਜੁਗੰਤਰ ਠਾਂਡਾ ਸੀਤ, ਗੁਰ ਗੁਰ ਸ਼ਬਦੀ ਨਾਉਂ ਧਰਾਈਆ। ਭਗਤਨ ਆਪੇ ਆਪੇ ਚੀਤ, ਮਨ ਚਿਤ ਠਗੌਰੀ ਕੋਇ ਨਾ ਪਾਈਆ। ਸੰਤਨ ਬਖ਼ਸ਼ੇ ਇਕ ਪ੍ਰੀਤ, ਪੀਆ ਪ੍ਰੀਤਮ ਮੇਲ ਮਿਲਾਈਆ। ਗੁਰਮੁਖਾਂ ਏਕਾ ਰੰਗ ਵਖਾਏ ਹਸਤ ਕੀਟ, ਊਚ ਨੀਚ ਨਾ ਕੋਈ ਵਡਿਆਈਆ। ਗੁਰਮੁਖਾਂ ਧਾਮ ਵਿਖਾਏ ਇਕ ਅਨਡੀਠ, ਠਾਂਡਾ ਦਰ ਸੱਚਾ ਬੈਠਾ ਪਾਤਸ਼ਾਹੀਆ। ਜੁਗਾ ਜੁਗੰਤਰ ਗਾਏ ਆਪਣਾ ਗੀਤ, ਦੂਸਰ ਸੰਗ ਨਾ ਕੋਇ ਰਖਾਈਆ। ਨਾ ਕੋਈ ਮੰਦਰ ਨਾ ਮਸੀਤ, ਗੁਰਦਵਾਰਾ ਸ਼ਿਵਦਵਾਲਾ ਮੱਠ ਨਾ ਕੋਇ ਜਣਾਈਆ। ਬੈਠਾ ਰਹੇ ਇਕ ਅਤੀਤ, ਤ੍ਰੈਗੁਣ ਬੰਧਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਦੀਨ ਦਿਆਲਾ, ਲੇਖਾ ਜਾਣੇ ਕਾਲ ਮਹਾਂਕਾਲਾ, ਆਪਣੇ ਹੱਥ ਰੱਖੇ ਵਡਿਆਈਆ। ਸਤਿਗੁਰ ਪੂਰਾ ਉਚ ਅਗੰਮ, ਏਕਾ ਏਕੰਕਾਰੀਆ। ਗੁਰ ਗੁਰ ਰੂਪ ਨਾ ਮਰੇ ਨਾ ਪਏ ਜੰਮ, ਨਿਰਗੁਣ ਸਰਗੁਣ ਲਏ ਅਵਤਾਰਿਆ। ਭਗਤ ਲਗਾਏ ਆਪਣਾ ਕੰਮ, ਸਾਚੀ ਕਿਰਤ ਇਕ ਵਿਖਾ ਰਿਹਾ। ਸੰਤਾ ਨਾਮ ਜਪਾਏ ਦਮਾ ਦਮ, ਪਵਣ ਸਵਾਸ ਆਪ ਹਿਲਾ ਰਿਹਾ। ਗੁਰਮੁਖਾਂ ਬੇੜਾ ਦੇਵੇ ਬੰਨ੍ਹ, ਜੁਗ ਜੁਗ ਖੇਵਟ ਖੇਟਾ ਏਕਾ ਚੱਪੂ ਨਾਮ ਲਗਾ ਰਿਹਾ। ਗੁਰਮੁਖ ਚੜ੍ਹਾਏ ਸਾਚੇ ਚੰਨ, ਸੀਤਲ ਧਾਰਾ ਆਪ ਸੁਹਾ ਰਿਹਾ। ਆਦਿ ਜੁਗਾਦੀ ਬੇੜਾ ਬੰਨ੍ਹ, ਭਵ ਸਾਗਰ ਆਪ ਤਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਖੇ ਸਾਚੇ ਘਰ, ਦਰ ਘਰ ਸਾਚਾ ਇਕ ਵਡਿਆ ਰਿਹਾ। ਸਤਿਗੁਰ ਪੂਰਾ ਦਯਾ ਨਿਧ ਸਾਗਰ, ਗਹਿਰ ਗੰਭੀਰ ਅਖਵਾਇੰਦਾ। ਗੁਰਸਿਖ ਕਰੇ ਕਰਾਏ ਸਚ ਸੁਦਾਗਰ, ਨਾਮ ਵਣਜਾਰਾ ਹੱਟ ਖੁਲ੍ਹਾਇੰਦਾ। ਭਗਤਨ ਦੇਵੇ ਨਾਮ ਰੱਤੀ ਰਤਨਾਗਰ, ਰਤਨ ਅਮੋਲਕ ਇਕ ਵਖਾਇੰਦਾ। ਸੰਤਨ ਭਾਗ ਲਗਾਏ ਕਾਇਆ ਗਾਗਰ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਗੁਰਮੁਖਾਂ ਚਰਨ ਦਵਾਰੇ ਕਰੇ ਆਦਰ, ਆਪ ਆਪਣੇ ਦਰ ਬਹਾਇੰਦਾ। ਗੁਰਸਿਖ ਮਿਲਾਏ ਦੱਯਾ ਕਮਾਏ ਕਰਤਾ ਕਾਦਰ, ਕਰੀਮ ਰਹੀਮ ਆਪਣਾ ਮੇਲ ਮਿਲਾਇੰਦਾ। ਸ਼ਬਦ ਦੋਸ਼ਾਲਾ ਦੇਵੇ ਚਾਦਰ, ਚਾਤ੍ਰਿਕ ਚਿਤ ਨਾ ਕੋਈ ਬਿਲਾਇੰਦਾ। ਆਪੇ ਸ਼ਾਹ ਆਪੇ ਕਾਦਰ, ਆਪਣਾ ਹੁਕਮ ਆਪ ਵਰਤਾਇੰਦਾ। ਆਪੇ ਸੂਰਾ ਆਪ ਬਹਾਦਰ, ਸ਼ਾਹ ਸੁਲਤਾਨ ਆਪਣਾ ਖੇਲ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਜੂਨੀ ਰਹਿਤ ਅਨਭਵ ਪ੍ਰਕਾਸ਼ਾ, ਕਰੇ ਕਰਾਏ ਪੁਰਖ ਅਬਿਨਾਸ਼ਾ, ਦੀਵਾ ਬਾਤੀ ਨਾ ਕੋਈ ਰਖਾਇੰਦਾ। ਸਤਿਗੁਰ ਸੱਚਾ ਦੀਨ ਦਿਆਲਾ, ਪਾਰਬ੍ਰਹਮ ਵੱਡੀ ਵਡਿਆਈਆ। ਗੁਰ ਗੁਰ ਰੂਪ ਵਸੇ ਸੱਚੀ ਧਰਮਸਾਲਾ, ਦਰ ਘਰ ਸਾਚਾ ਆਪ ਸੁਹਾਈਆ। ਭਗਤਨ ਦੱਸੇ ਰਾਹ ਸੁਖਾਲਾ, ਨਿਰਗੁਣ ਮੇਲਾ ਸਹਿਜ ਸੁਭਾਈਆ। ਸੰਤਨ ਤੋੜ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਮੁਖਾਂ ਫਲ ਲਗਾਏ ਕਾਇਆ ਡਾਲ੍ਹਾ, ਕਾਲ ਗਰਾਸ ਨਾ ਕੋਈ ਕਰਾਈਆ। ਗੁਰਸਿਖ ਜਪਾਏ ਏਕਾ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਸਰ ਸਰੋਵਰ ਵਖਾਏ ਸਾਚਾ ਤਾਲਾ, ਅੰਮ੍ਰਿਤ ਆਤਮ ਜਾਮ ਭਰਾਈਆ। ਸ਼ਬਦ ਸਰੂਪੀ ਬਣ ਦਲਾਲਾ, ਜੁਗਾ ਜੁਗੰਤਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਸਤਿਗੁਰ ਪੂਰਾ ਆਦਿ ਨਿਰੰਜਣ, ਨਰ ਹਰਿ ਨਿਰਵੈਰ ਆਪ ਅਖਵਾਇੰਦਾ। ਗੁਰ ਗੁਰ ਰੂਪ ਦਰਦ ਦੁਖ ਭੈ ਭੰਜਨ, ਭਾਵੀ ਭਵ ਸਾਗਰ ਆਪ ਤਰਾਇੰਦਾ। ਜਨ ਭਗਤਾਂ ਦੇਵੇ ਨਾਮ ਅੰਜਨ, ਨੇਤਰ ਨੈਣ ਆਪ ਮਟਕਾਇੰਦਾ। ਸੰਤਨ ਬਖ਼ਸ਼ੇ ਚਰਨ ਧੂੜੀ ਮਜਨ, ਦੁਰਮਤ ਮੈਲ ਆਪ ਧੁਆਇੰਦਾ। ਗੁਰਮੁਖਾਂ ਆਏ ਪਰਦੇ ਕੱਜਣ, ਸਚ ਦੋਸ਼ਾਲਾ ਉਪਰ ਪਾਇੰਦਾ। ਗੁਰਸਿਖ ਤਾਲ ਨਗਾਰੇ ਏਕਾ ਵੱਜਣ, ਅੰਦਰ ਮੰਦਰ ਆਪ ਵਜਾਇੰਦਾ। ਆਪ ਚਲਾਏH ਸਚ ਜਹਾਜਨ, ਆਪਣਾ ਬੇੜਾ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਾਗਰਤ ਜੋਤ ਇਕ ਪ੍ਰਗਟਾਇੰਦਾ। ਸਤਿਗੁਰ ਪੂਰਾ ਸਰਬ ਗੁਣਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਗੁਰ ਗੁਰ ਰੂਪ ਨਾਰੀ ਕੰਤ, ਨਿਰਗੁਣ ਸਰਗੁਣ ਮੇਲ ਮਿਲਾਈਆ। ਦਰਸ ਦਿਖਾਏ ਪੂਰਨ ਭਗਵੰਤ, ਭਗਤਨ ਵੇਖੇ ਚਾਈਂ ਚਾਈਂਆ। ਸੰਤਨ ਲੇਖਾ ਆਦਿ ਅੰਤ, ਜੁਗਾ ਜੁਗੰਤ ਰਿਹਾ ਸਮਝਾਈਆ। ਗੁਰਮੁਖਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਗੁਰਮੁਖਾਂ ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਆਸਾ ਤ੍ਰਿਸ਼ਨਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਇਕ ਸੁਹਾਈਆ। ਦਰਗਹਿ ਸਾਚੀ ਸਤਿਗੁਰ ਪੂਰਾ ਥਾਨ ਸੁਹਾਇੰਦਾ । ਧਰਤ ਧਵਲ ਨਾ ਕੋਈ ਪਿਆਰ, ਗੁਰ ਗੁਰ ਆਪਣਾ ਰੂਪ ਵਟਾਇੰਦਾ। ਲੋਕਮਾਤ ਲੈ ਅਵਤਾਰ, ਭਗਤਨ ਲੇਖਾ ਆਪ ਸਮਝਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਨੈਨਣ ਨੈਣ ਦਰਸ ਦਰਸਾਇੰਦਾ। ਆਤਮ ਤ੍ਰਿਖਾ ਦਏ ਨਿਵਾਰ, ਗੁਰਸਿਖ ਏਕਾ ਰੰਗ ਰੰਗਾਇੰਦਾ। ਰੰਗ ਰੰਗੀਲਾ ਕਰ ਪਿਆਰ, ਗੁਰਸਿਖ ਸੋਏ ਆਪ ਜਗਾਇੰਦਾ। ਸੁਰਤ ਸਵਾਣੀ ਦਏ ਹੁਲਾਰ, ਆਲਸ ਨਿੰਦਰਾ ਆਪ ਚੁਕਾਇੰਦਾ। ਭੱਠ ਖੇੜਾ ਦਿਸੇ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਸਤਿਗੁਰ ਪੂਰਾ ਪਾਰਬ੍ਰਹਮ, ਪੁਰਖ ਅਬਿਨਾਸ਼ ਵੱਡੀ ਵਡਿਆਈਆ। ਗੁਰੂ ਗੁਰ ਜਾਣੇ ਆਪਣਾ ਕੰਮ, ਕਰਤਾ ਪੁਰਖ ਆਪਣੀ ਕਾਰ ਆਪ ਕਮਾਈਆ। ਭਗਤ ਭਗਵੰਤ ਆਦਿ ਅੰਤ ਬੇੜਾ ਦੇਵੇ ਬੰਨ, ਸਿਰ ਆਪਣਾ ਹੱਥ ਟਿਕਾਈਆ। ਸੰਤ ਕੰਤ ਆਪ ਵਸਾਏ ਬਿਨ ਛੱਪਰ ਛੰਨ, ਮਹੱਲ ਅਟੱਲ ਉਚ ਮੁਨਾਰ ਦਰ ਘਰ ਸਾਚਾ ਇਕ ਵਖਾਈਆ। ਗੁਰਮੁਖ ਕਹੇ ਧੰਨ ਧੰਨ ਜਨਣੀ ਜਣਿਆ ਏਕਾ ਜਨ, ਜਨ ਜਨਣੀ ਲੇਖੇ ਲਾਈਆ। ਗੁਰਸਿਖ ਰਾਗ ਸੁਣੇ ਸਾਚਾ ਕੰਨ, ਪੰਚ ਵਿਕਾਰਾ ਹੋਏ ਖਨ ਖਨ, ਏਕਾ ਮੰਤਰ ਅੰਤਰ ਨਾਮ ਦ੍ਰਿੜਾਈਆ। ਦੂਸਰ ਕੋਇ ਨਾ ਦੇਵੇ ਡੰਨ, ਰਾਏ ਧਰਮ ਨਾ ਕੋਇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਈਆ। ਸਤਿਗੁਰ ਪੂਰਾ ਦਇਆ ਕਮਾਇੰਦਾ, ਸ੍ਰੀ ਭਗਵਾਨ ਸੱਚਾ ਸਿਕਦਾਰ। ਗੁਰ ਗੁਰ ਆਪਣਾ ਨਾਉਂ ਧਰਾਇੰਦਾ, ਸਰਗੁਣ ਜੋਤ ਕਰ ਉਜਿਆਰ। ਸ਼ਬਦੀ ਡੰਕਾ ਇਕ ਵਜਾਇੰਦਾ, ਆਪ ਸੁਣਾਏ ਸੁਨਣੇਹਾਰ। ਲੋਆਂ ਪੁਰੀਆਂ ਵੇਖ ਵਖਾਇੰਦਾ, ਬ੍ਰਹਿਮੰਡ ਖੰਡ ਕਰੇ ਵਿਚਾਰ। ਬ੍ਰਹਮਾ ਵਿਸ਼ਨ ਸ਼ਿਵ ਸਮਝਾਇੰਦਾ, ਏਕਾ ਹੁਕਮ ਸੱਚੀ ਸਰਕਾਰ। ਕਰੋੜ ਤੇਤੀਸਾ ਆਪ ਉਠਾਇੰਦਾ, ਸੁਰਪਤ ਰਾਜਾ ਇੰਦ ਦਏ ਹੁਲਾਰ। ਗਣ ਗੰਧਰਬ ਵੇਖ ਵਿਖਾਇੰਦਾ, ਘਰ ਮੰਦਰ ਬੈਠਾ ਖੋਲ੍ਹ ਕਿਵਾੜ। ਲੱਖ ਚੁਰਾਸੀ ਅੰਦਰ ਫੋਲ ਫੁਲਾਇੰਦਾ, ਕਰੇ ਖੇਲ ਗੁਪਤ ਜਾਹਿਰ। ਜੁਗ ਜੁਗ ਆਪਣਾ ਰੂਪ ਵਟਾਇੰਦਾ, ਪੁਰਖ ਅਬਿਨਾਸ਼ੀ ਹੋ ਤਿਆਰ। ਘਟ ਘਟ ਵਾਸੀ ਨਿਰਗੁਣ ਜੋਤ ਜਗਾਇੰਦਾ, ਪ੍ਰਿਥਮੀ ਆਕਾਸ਼ ਪਾਵੇ ਸਾਰ। ਬੰਦ ਖੁਲਾਸੀ ਆਪ ਕਰਾਇੰਦਾ, ਬੰਦੀ ਤੋੜ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਵਸੇ ਵਸਣਹਾਰ। ਸਤਿਗੁਰ ਪੂਰਾ ਏਕਾ ਏਕ, ਦੂਜਾ ਅਵਰ ਨਾ ਕੋਈ ਜਣਾਈਆ। ਗੁਰ ਗੁਰ ਰੱਖੇ ਸਾਚੀ ਟੇਕ, ਇਸ਼ਟ ਦੇਵ ਨਾ ਕੋਈ ਰਖਾਈਆ। ਭਗਤ ਭਗਵੰਤ ਲਿਖੇ ਆਪੇ ਲੇਖ, ਬ੍ਰਹਮਾ ਵੇਦ ਨਾ ਕੋਈ ਪੜ੍ਹਾਈਆ। ਸੰਤਨ ਲਾਏ ਮਸਤਕ ਰੇਖ, ਬਿਧਨਾ ਲੇਖ ਨਾ ਕੋਈ ਵਖਾਈਆ। ਗੁਰਮੁਖਾਂ ਆਪੇ ਲਏ ਪੇਖ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਗੁਰਮੁਖਾਂ ਵਖਾਏ ਸਾਚਾ ਦੇਸ਼, ਘਰ ਮੰਦਰ ਆਪ ਸੁਹਾਈਆ। ਲੇਖਾ ਜਾਣੇ ਗਣਪਤ ਗਣੇਸ਼, ਸਿਲ ਪੂਜਸ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੋਲ੍ਹਣਹਾਰਾ ਸਾਚਾ ਦਰ, ਦਰ ਦਰਵਾਜ਼ਾ ਆਪ ਖਲ੍ਹਾਈਆ। ਸਤਿਗੁਰ ਪੂਰਾ ਦਰ ਦਰਵਾਜ਼ਾ ਖੋਲ੍ਹ ਕਿਵਾੜ, ਬੇਐਬ ਪਰਵਰਦਿਗਾਰ ਆਪਣੀ ਕਲ ਵਰਤਾਇੰਦਾ। ਗੁਰ ਗੁਰ ਰੂਪ ਹੋ ਤਿਆਰ, ਸ਼ਬਦੀ ਢੋਲਾ ਆਪੇ ਗਾਇੰਦਾ। ਭਗਵਨ ਤੋਲਾ ਬਣ ਨਿਰੰਕਾਰ, ਸਾਚਾ ਸੋਹਲਾ ਆਪ ਸੁਣਾਇੰਦਾ। ਸੰਤਨ ਤੋਲਾ ਬਣੇ ਸਿਰਜਣਹਾਰ, ਨਾਮ ਕੰਡਾ ਹੱਥ ਉਠਾਇੰਦਾ। ਗੁਰਮੁਖਾਂ ਪਰਦਾ ਉਹਲਾ ਚੁਕਾਏ ਵਿਚ ਸੰਸਾਰ, ਬਜਰ ਕਪਾਟੀ ਤੋੜ ਤੁੜਾਇੰਦਾ। ਗੁਰਸਿਖਾਂ ਉਲਟਾ ਕਵਲ ਕਰੇ ਉਜਿਆਰ, ਅੰਮ੍ਰਿਤ ਨਾਭੀ ਮੁਖ ਚੁਆਇੰਦਾ। ਧਰਤੀ ਧਰਤ ਧਵਲ ਪਾਵੇ ਸਾਰ, ਸੁੰਦਰ ਸਾਵਲ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕ ਅਕੱਲਾ ਆਪ ਵਸਾਏ ਸਚ ਮਹੱਲਾ, ਉਚ ਅਟੱਲਾ ਆਪ ਸੁਹਾਇੰਦਾ। ਸਤਿਗੁਰ ਸਾਚਾ ਚਤਰ ਸੁਜਾਨ, ਸਤਿ ਸਰੂਪ ਆਪਣਾ ਰੂਪ ਦਰਸਾਈਆ। ਗੁਰ ਗੁਰ ਵੇਖੇ ਇਕ ਨਿਸ਼ਾਨ, ਦੋ ਜਹਾਨਾਂ ਹੱਥ ਉਠਾਈਆ। ਭਗਤਨ ਮੇਲਾ ਗੋਪੀ ਕਾਹਨ, ਸੀਤਾ ਸੁਰਤੀ ਰਾਮ ਪਰਨਾਈਆ। ਸੰਤਨ ਬਖ਼ਸ਼ੇ ਸਾਚਾ ਮਾਣ, ਜਗਤ ਅਭਿਮਾਨ ਰਹਿਣ ਨਾ ਪਾਈਆ। ਗੁਰਮੁਖਾਂ ਏਕਾ ਰਾਗ ਸੁਣਾਏ ਕਾਨ, ਘਰ ਵੱਜਦੀ ਰਹੇ ਵਧਾਈਆ। ਗੁਰਸਿਖ ਕਰੇ ਪ੍ਰਕਾਸ਼ ਕੋਟਨ ਭਾਨ, ਸੂਰਜ ਚੰਨ ਬੈਠੇ ਮੁਖ ਛੁਪਾਈਆ। ਏਕਾ ਮੰਦਰ ਇਕ ਮਕਾਨ, ਏਕਾ ਘਰ ਦਏ ਵਖਾਈਆ। ਏਕਾ ਸ਼ਰਅ ਇਕ ਈਮਾਨ, ਏਕਾ ਕਲਮਾ ਇਕ ਪੜ੍ਹਾਈਆ। ਏਕਾ ਇਸ਼ਟ ਦੇਵ ਕਰੇ ਪਰਨਾਮ, ਏਕਾ ਨਿਉਂ ਨਿਉਂ ਸੀਸ ਝੁਕਾਈਆ। ਏਕਾ ਰਾਮ ਰਾਮ ਹੋਏ ਗੁਣ ਨਿਧਾਨ, ਕਥਨੀ ਕਥ ਨਾ ਸਕੇ ਰਾਈਆ। ਏਕਾ ਨਾਮ ਕਰੇ ਪੜ੍ਹਾਈ, ਸਤਿ ਸਤਿਵਾਦੀ ਬੇਪਰਵਹੀਆ । ਬੋਧ ਅਗਾਧੀ ਧੁਰ ਫ਼ਰਮਾਣ, ਜੁਗਾ ਜੁਗੰਤਰ ਆਪ ਸੁਣਾਈਆ। ਬ੍ਰਹਮਾ ਵੇਤਾ ਹੋਏ ਹੈਰਾਨ, ਚਾਰ ਵੇਦ ਭੇਵ ਨਾ ਰਾਈਆ। ਸ਼ੰਕਰ ਸੁਣੇ ਲਾ ਲਾ ਕਾਨ, ਨੇਤਰ ਨੈਣਾਂ ਨੀਰ ਵਹਾਈਆ। ਵਿਸ਼ਨੂੰ ਮੰਗੇ ਏਕਾ ਦਾਨ, ਪੁਰਖ ਅਬਿਨਾਸ਼ੀ ਅੱਗੇ ਝੋਲੀ ਡਾਹੀਆ। ਸਭ ਦਾ ਦਾਤਾ ਸ੍ਰੀ ਭਗਵਾਨ, ਦੇਵਣਹਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਘਰ ਆਪਣਾ ਆਪ ਉਪਾਈਆ। ਸਤਿਗੁਰ ਪੂਰਾ ਤਖ਼ਤ ਤਾਜ, ਸਚਖੰਡ ਦਵਾਰੇ ਆਪ ਸੁਹਾਇੰਦਾ। ਗੁਰ ਗੁਰ ਰੂਪ ਕਰੇ ਹਰਿ ਕਾਜ, ਪੰਜ ਤਤ ਕਾਇਆ ਚੋਲਾ ਆਪ ਹੰਢਾਇੰਦਾ। ਹਰਿ ਭਗਤ ਬਣਾਏ ਸਚ ਸਮਾਜ, ਸਾਚੀ ਸਿਖਿਆ ਇਕ ਸਮਝਾਇੰਦਾ। ਸੰਤਨ ਮਾਰੇ ਸ਼ਬਦ ਆਵਾਜ਼, ਅਗੰਮ ਅਗੰਮੜੀ ਤਾਰ ਹਲਾਇੰਦਾ। ਗੁਰਮੁਖਾਂ ਦੇਵੇ ਸਾਚਾ ਰਾਜ, ਰਾਜ ਜੋਗ ਇਕ ਵਖਾਇੰਦਾ। ਗੁਰਸਿਖ ਆਦਿ ਅੰਤ ਤੇਰੀ ਰੱਖੇ ਲਾਜ, ਸਿਰ ਆਪਣਾ ਹੱਥ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਗਲਾ ਸੰਗ ਆਪ ਰਖਾਇੰਦਾ। ਸਤਿਗੁਰ ਪੂਰਾ ਸਗਲਾ ਸੰਗ, ਸਤਿ ਪੁਰਖ ਨਿਰੰਜਣ ਆਪ ਨਿਭਾਈਆ। ਗੁਰ ਗੁਰ ਚਾੜ੍ਹੇ ਏਕਾ ਰੰਗ, ਰੰਗਣ ਰੰਗ ਨਾਮ ਰੰਗਾਈਆ। ਭਗਤਨ ਡੋਰੀ ਨਾਮ ਪਤੰਗ, ਸੁਰਤੀ ਸ਼ਬਦ ਜੋੜ ਜੁੜਾਈਆ। ਸੰਤਨ ਲਾਏ ਆਪਣੇ ਅੰਗ, ਸਾਚੀ ਗੋਦ ਆਪ ਸੁਹਾਈਆ। ਗੁਰਮੁਖਾਂ ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭੌ ਭਨਾਈਆ। ਗੁਰਮੁਖਾਂ ਮੁਕਾਏ ਚੁਰਾਸੀ ਪੰਧ, ਜੂਨੀ ਜੂਨ ਨਾ ਕੋਇ ਭਵਾਈਆ। ਇਕ ਸੁਣਾਏ ਸੁਹਾਗੀ ਛੰਦ, ਜੁਗਾ ਜੁਗੰਤਰ ਆਪੇ ਗਾਈਆ। ਸ੍ਰਿਸ਼ਟ ਸਬਾਈ ਹੋਏ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਇਕ ਜਣਾਏ ਪਰਮਾਨੰਦ, ਨਿਜਾਨੰਦ ਨਿਜ ਰਸ ਮੁਖ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਥਾਉਂ ਥਾਈਆ। ਸਤਿਗੁਰ ਪੂਰਾ ਥਾਨ ਥਨੰਤਰ, ਹਰੀ ਹਰਿ ਆਪਣਾ ਆਪ ਜਣਾਇੰਦਾ। ਗੁਰ ਗੁਰ ਸੁਣਾਏ ਏਕਾ ਮੰਤਰ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਭਗਤਾਂ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਸੰਤਾਂ ਬਣਾਏ ਸਾਚੀ ਬਣਤਰ, ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਗੁਰਮੁਖਾਂ ਲੇਖਾ ਚੁਕਾਏ ਗਗਨ ਗਗਨੰਤਰ, ਲੋਆਂ ਪੁਰੀਆਂ ਪਾਰ ਕਰਾਇੰਦਾ। ਗੁਰਸਿਖ ਲੇਖ ਚੁਕਾਏ ਜੁਗਾ ਜੁਗੰਤਰ, ਜੁਗ ਕਰਤਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਆਪਣੇ ਹੱਥ ਰਖਾਇੰਦਾ। ਸਤਿਗੁਰ ਪੂਰਾ ਹਰਿ ਭਗਵੰਤ, ਲੇਖਾ ਆਪਣੇ ਹੱਥ ਰਖਾਈਆ। ਗੁਰ ਗੁਰ ਵੇਸ ਨਰ ਹਰਿ ਨਰਾਇਣ ਕੰਤ, ਨਿਰਗੁਣ ਸਰਗੁਣ ਰੂਪ ਧਰਾਈਆ। ਭਗਤਨ ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਸਹਿਜ ਸੁਖਦਾਈਆ। ਸੰਤ ਰੂਪ ਦਰਸਾਏ ਦਇਆ ਕਮਾਏ ਬੇਅੰਤ, ਬੇਐਬ ਪਰਵਰਦਿਗਾਰ ਆਪਣੀ ਖੇਲ ਖਿਲਾਈਆ। ਗੁਰਮੁਖ ਨਾਤਾ ਤੋੜੇ ਜੀਵ ਜੰਤ, ਜਾਗਰਤ ਜੋਤ ਜੋਤ ਰੁਸ਼ਨਾਈਆ। ਗੁਰਸਿਖ ਪੜ੍ਹੇ ਨਾਮ ਮੰਤ, ਰਸਨਾ ਜਿਹਵਾ ਸੇਵ ਕਮਾਈਆ। ਤੋੜੇ ਗੜ੍ਹ ਹਉਮੇ ਹੰਗਤ, ਨਾਮ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਧੁਰ ਦਰਗਾਹੀਆ। ਸਤਿਗੁਰ ਸਾਚਾ ਧੁਰ ਦਰਗਹਿ, ਦਇਆਵਾਨ ਦਇਆ ਕਮਾਇੰਦਾ। ਗੁਰ ਗੁਰ ਰੂਪ ਬਣ ਮਲਾਹ, ਜਗਤ ਸਾਗਰ ਬੇੜਾ ਆਪ ਤਰਾਇੰਦਾ। ਭਗਤਨ ਦੇਵੇ ਇਕ ਸਲਾਹ, ਸਿਫ਼ਤ ਸਲਾਹੀ ਰੂਪ ਵਟਾਇੰਦਾ। ਸੰਤਨ ਪਕੜੇ ਆਪੇ ਬਾਂਹ, ਦਰ ਘਰ ਸਾਚੇ ਮੇਲ ਮਿਲਾਇੰਦਾ। ਗੁਰਮੁਖਾਂ ਦੇਵੇ ਸਾਚਾ ਥਾਂ, ਚਰਨ ਦਵਾਰਾ ਇਕ ਸਮਝਾਇੰਦਾ। ਗੁਰਸਿਖ ਬਾਲ ਅਞਾਣੇ ਉਠਾਏ ਜਿਉਂ ਪਿਤਾ ਮਾਂ, ਸਾਚੀ ਗੋਦੀ ਆਪ ਬਹਾਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਂਗੋਂ ਹੰਸ ਆਪ ਉਡਾਇੰਦਾ। ਨਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਆਪ ਸੁਹਾਇੰਦਾ। ਫੜ ਫੜ ਬਾਂਹੋ ਜਾਏ ਤਰਾ, ਤ੍ਰੈਗੁਣ ਮਾਇਆ ਵਿਚ ਨਾ ਆਇੰਦਾ। ਲੱਖ ਚੁਰਾਸੀ ਫੰਦ ਕਟਾ, ਜਮ ਕੀ ਫ਼ਾਸੀ ਆਪ ਕਟਾਇੰਦਾ। ਪਵਣ ਸਵਾਸੀ ਆਪ ਚਲਾ, ਮੰਡਲ ਰਾਸੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਤਿਗੁਰ ਪੂਰਾ ਉਠਿਆ, ਪੁਰਖ ਅਬਿਨਾਸ਼ੀ ਦੀਨ ਦਿਆਲ। ਗੁਰ ਗੁਰ ਰੂਪ ਅਨੂਪਾ ਤੁੱਠਿਆ, ਭਾਗ ਲਗਾਏ ਸੱਚੀ ਧਰਮਸਾਲ। ਭਗਤਨ ਅੰਮ੍ਰਿਤ ਦੇਵੇ ਘੁਟਿਆ, ਭਰ ਪਿਆਲਾ ਜਾਮ ਬਣੇ ਦਲਾਲ। ਸੰਤਨ ਹਰਿ ਘਰ ਨਾ ਜਾਏ ਲੁੱਟਿਆ, ਬਖ਼ਸ਼ੇ ਨਾਮ ਧਨ ਸੱਚਾ ਧਨ ਮਾਲ। ਗੁਰਮੁਖ ਭਾਗ ਨਾ ਕਦੇ ਨਿਖੁਟਿਆ, ਹਰਿ ਹਰਿ ਘਾਲਣ ਰਹੇ ਘਾਲ। ਗੁਰਸਿਖ ਦਏ ਭੰਡਾਰ ਅਤੁਟਿਆ, ਫਲ ਲਗਾਏ ਸਾਚੇ ਡਾਲ੍ਹ। ਲੱਖ ਚੁਰਾਸੀ ਬੰਨ੍ਹੇ ਏਕਾ ਮੁੱਠਿਆ, ਦੂਸਰ ਵੱਜੇ ਨਾ ਕੋਇ ਤਾਲ। ਜਗਤ ਵਿਕਾਰਾ ਫੜ ਫੜ ਕੁਠਿਆ, ਪੰਜ ਤਤ ਕਰੇ ਬੇਹਾਲ। ਕੂੜ ਕੁੜਿਆਰ ਬੂਟਾ ਪੁੱਟਿਆ, ਫਲ ਲੱਗੇ ਨਾ ਕਿਸੇ ਡਾਲ੍ਹ। ਆਪ ਸੁਹਾਏ ਆਪਣੀ ਰੁੱਤਿਆ, ਸਤਿਗੁਰ ਪੂਰਾ ਦੀਨ ਦਿਆਲ। ਗੁਰ ਗੁਰ ਮੇਲ ਅਬਿਨਾਸ਼ੀ ਅਚੁਤਿਆ, ਜੁਗਾ ਜੁਗੰਤਰ ਅਵੱਲੜੀ ਚਾਲ। ਭਗਤ ਉਠਾਏ ਆਪੇ ਸੁਤਿਆ, ਸੁਰਤੀ ਸੁਰਤ ਸੰਭਾਲ। ਸੰਤਨ ਪੈਂਡਾ ਅੰਤਮ ਮੁਕਿਆ, ਪਾਂਧੀ ਪੰਧ ਮੁਕਾਏ ਕਾਲ। ਗੁਰਮੁਖ ਲੋਕਮਾਤ ਰਹੇ ਨਾ ਲੁਕਿਆ, ਜਗਤ ਚਲੇ ਅਵੱਲੜੀ ਚਾਲ। ਗੁਰਸਿਖ ਜੋਧਾ ਸੂਰਬੀਰ ਹੋ ਹੋ ਬੁੱਕਿਆ, ਨਾਤਾ ਤੁਟਾ ਜਗਤ ਜੰਜਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ। ਸਤਿਗੁਰ ਪੂਰਾ ਜਾਗਿਆ, ਆਲਸ ਨਿੰਦਰਾ ਨਾ ਕੋਇ ਰਖਾਈਆ। ਗੁਰ ਗੁਰ ਸੂਰਾ ਫਿਰੇ ਭਾਗਿਆ, ਦੋ ਜਹਾਨਾਂ ਫੇਰੀ ਪਾਇਆ। ਭਗਤਾਂ ਜਗੇ ਜੋਤ ਚਿਰਾਗਿਆ, ਅੰਧ ਅੰਧੇਰ ਰਹਿਣ ਨਾ ਪਾਈਆ। ਸੰਤਨ ਹੋਏ ਵਡ ਵਡ ਭਾਗਿਆ, ਪ੍ਰਭ ਮਿਲਿਆ ਸਹਿਜ ਸੁਖਦਾਈਆ। ਗੁਰਮੁਖ ਚਰਨ ਸਰਨ ਸਰਨਾਈ ਏਕਾ ਲਾਗਿਆ, ਲੋਕ ਲਜਿਆ ਮਾਤ ਤਜਾਈਆ। ਗੁਰਸਿਖ ਮੰਨੇ ਗੁਰ ਗੁਰ ਆਗਿਆ, ਹਰਿ ਭਾਣਾ ਸ਼ਬਦ ਰਜ਼ਾਈਆ। ਧੰਨ ਪਾਇਆ ਕੰਤ ਸੁਹਾਗਿਆ, ਗ੍ਰਹਿ ਮੰਦਰ ਵੱਜੇ ਵਧਾਈਆ। ਹਰਿਜਨ ਹਰਿ ਲੱਖ ਚੁਰਾਸੀ ਵਿਚੋਂ ਕਾfਢਆ, ਨੇਹਕਰਮੀ ਕਰਮ ਕਮਾਈਆ। ਕਰੇ ਕਰਾਏ ਸਾਚਾ ਲਾਡਿਆ, ਆਪ ਆਪਣੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਸਤਿਗੁਰ ਪੂਰਾ ਵੇਖ ਵਖਾਇੰਦਾ, ਵੇਖਣਹਾਰਾ ਹਰਿ ਗੋਪਾਲ। ਗੁਰ ਗੁਰ ਆਪਣੀ ਧਾਰ ਚਲਾਇੰਦਾ, ਧਰਨੀ ਧਰਤ ਧਵਲ ਵੇਖ ਸੱਚੀ ਧਰਮਸਾਲ। ਭਗਤਨ ਲੇਖਾ ਆਪ ਚੁਕਾਇੰਦਾ, ਲੇਖਾ ਮੁਕੇ ਸ਼ਾਹ ਕੰਗਾਲ। ਸੰਤਨ ਮਸਤਕ ਟਿੱਕਾ ਇਕ ਲਗਾਇੰਦਾ, ਜੋਤੀ ਬਾਤੀ ਵੇਖੇ ਗਗਨ ਥਾਲ। ਗੁਰਮੁਖ ਨਿਕਾ ਵੱਡਾ ਨਾ ਕੋਇ ਰਖਾਇੰਦਾ, ਆਦਿ ਜੁਗਾਦੀ ਰਿਹਾ ਸੁਰਤ ਸੰਭਾਲ। ਗੁਰਸਿਖ ਫਿਕਾ ਰਸ ਨਾ ਕੋਇ ਚਖਾਇੰਦਾ, ਅੰਮ੍ਰਿਤ ਫਲ ਲਗਾਏ ਸਾਚੇ ਡਾਲ੍ਹ। ਦਹਿ ਦਿਸ਼ਾ ਵੇਖ ਵਖਾਇੰਦਾ, ਚਾਰੇ ਕੁੰਟ ਅਵੱਲੜੀ ਚਾਲ। ਜੁਗ ਜੁਗ ਆਪਣਾ ਹਿੱਸਾ ਆਪ ਵੰਡਾਇੰਦਾ, ਭੁੱਲ ਨਾ ਜਾਏ ਹਰਿ ਭਗਵਾਨ। ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਇੰਦਾ, ਮੇਟ ਮਿਟਾਏ ਜਗਤ ਨਿਸ਼ਾਨ। ਕਲਜੁਗ ਵੇਲਾ ਅੰਤਮ ਆਇੰਦਾ, ਪਰਗਟ ਹੋਏ ਸ੍ਰੀ ਭਗਵਾਨ। ਸਤਿਗੁਰ ਪੂਰਾ ਆਪ ਅਖਵਾਇੰਦਾ, ਸੂਰਬੀਰ ਬਲੀ ਬਲਵਾਨ। ਗੁਰ ਗੁਰ ਏਕਾ ਸ਼ਬਦ ਸੁਣਾਇੰਦਾ, ਰਾਗ ਧੁਨ ਸੱਚੀ ਧੁਨਕਾਨ। ਭਗਤਨ ਸਾਚੇ ਦਰ ਬਹਾਇੰਦਾ, ਕਾਇਆ ਕਪੜ ਇਕ ਮਕਾਨ। ਸੰਤਨ ਏਕਾ ਮੇਲ ਮਿਲਾਇੰਦਾ, ਨਾਤਾ ਛੁੱਟੇ ਆਵਣ ਜਾਣ। ਗੁਰਮੁਖ ਸਾਚੇ ਰੰਗ ਰੰਗਾਇੰਦਾ, ਚੋਲੀ ਰੰਗੇ ਪੁਰਖ ਸੁਜਾਨ। ਗੁਰਸਿਖ ਏਕਾ ਮੰਗ ਮੰਗਾਇੰਦਾ, ਚਰਨ ਕਵਲ ਕਰ ਧਿਆਨ। ਸਾਚੇ ਘੋੜੇ ਤੰਗ ਕਸਾਇੰਦਾ, ਪੁਰਖ ਅਬਿਨਾਸ਼ੀ ਵਡ ਮਿਹਰਵਾਨ। ਸੋਲਾਂ ਕਲੀਆਂ ਆਸਣ ਪਾਇੰਦਾ, ਨੌਂ ਖੰਡ ਸੱਤਾਂ ਦੀਪਾਂ ਪਾਏ ਆਣ। ਚਤਰਭੁਜ ਆਪਣਾ ਚਰਨ ਟਿਕਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਏਕਾ ਸ਼ਸਤਰ ਹੱਥ ਉਠਾਇੰਦਾ, ਸੋਹੰ ਚਿੱਲਾ ਤੀਰ ਕਮਾਨ। ਦੋ ਜਾਹਾਨਾ ਵੇਖ ਵਖਾਇੰਦਾ, ਲੋਆਂ ਪੁਰੀਆਂ ਕਰੇ ਪਛਾਣ। ਬ੍ਰਹਮਾ ਵਿਸ਼ਨ ਸ਼ਿਵ ਆਪ ਹਲਾਇੰਦਾ, ਸੋਇਆ ਰਹੇ ਨਾ ਕੋਇ ਨਾਦਾਨ। ਕਰੋੜ ਤੇਤੀਸਾ ਆਪ ਜਗਾਇੰਦਾ, ਲੇਖਾ ਜਾਣੇ ਜੀਵ ਸ਼ੈਤਾਨ। ਲੱਖ ਚੁਰਾਸੀ ਆਪ ਉਠਾਇੰਦਾ, ਧਰਨੀ ਵੇਖੇ ਸੁੰਝ ਮਸਾਣ। ਜ਼ਿਮੀ ਅਸਮਾਨਾਂ ਫੇਰਾ ਪਾਇੰਦਾ, ਵੇਖੇ ਪਰਕਾਸ਼ ਰਵ ਸਸ ਭਾਨ। ਏਕਾ ਆਪਣਾ ਹੁਕਮ ਚਲਾਇੰਦਾ, ਸ਼ਾਹੋ ਭੂਪ ਸੱਚਾ ਸੁਲਤਾਨ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤੀ ਜਾਮਾ ਵੇਸ ਮਹਾਨ। ਕਾਗਦ ਕਲਮ ਨਾ ਲੇਖ ਲਖਾਇੰਦਾ, ਜਗਤ ਲਿਖਾਰੀ ਹੋਏ ਹੈਰਾਨ। ਚਾਰੇ ਵੇਦ ਮੁਖ ਸ਼ਰਮਾਇੰਦਾ, ਪੁਰਾਨ ਅਠਾਰਾਂ ਮੁਖ ਸ਼ਰਮਾਨ। ਅੰਜੀਲ ਕੁਰਾਨ ਨੈਣ ਨਾ ਕੋਇ ਉਠਾਇੰਦਾ, ਤੀਸ ਬਤੀਸਾ ਨਾ ਕੋਇ ਗਾਨ। ਖਾਣੀ ਬਾਣੀ ਬੇਅੰਤ ਸਮਝਾਇੰਦਾ, ਅੰਤ ਨਾ ਪਾਵੇ ਕੋਇ ਸ੍ਰੀ ਭਗਵਾਨ। ਜੁਗ ਜੁਗ ਆਪਣਾ ਵੇਸ ਵਟਾਇੰਦਾ, ਕਰਨੀ ਕਰਤਾ ਕਰੇ ਆਪ ਨਿਗਹਬਾਨ। ਨਿਹਕਲੰਕਾ ਆਪਣਾ ਨਾਉਂ ਧਰਾਇੰਦਾ, ਫ਼ਤਿਹ ਡੰਕਾ ਦੋ ਜਹਾਨ। ਸ੍ਰਿਸ਼ਟ ਸਬਾਈ ਵੇਖ ਵਖਾਇੰਦਾ, ਤਖ਼ਤੋਂ ਲਾਹੇ ਰਾਜ ਰਾਜਾਨ। ਗੁਰਮੁਖ ਸਾਚੇ ਆਪ ਜਗਾਇੰਦਾ, ਦਰਸ ਦਿਖਾਏ ਦਰ ਘਰ ਆਣ। ਜੀਵ ਜੰਤ ਗੂੜੀ ਨੀਂਦ ਸਵਾਇੰਦਾ, ਹਰਿ ਕਾ ਰੂਪ ਸਕੇ ਨਾ ਕੋਈ ਪਛਾਣ। ਮਾਇਆ ਮਮਤਾ ਮੋਹ ਵਧਾਇੰਦਾ, ਕੂੜੀ ਕਿਰਿਆ ਕਰ ਪਰਧਾਨ। ਭੈਣਾ ਭੱਯਾ ਨਾਤਾ ਜੋੜ ਜੁੜਾਇੰਦਾ, ਧੀਆਂ ਪੁੱਤਰ ਵੇਖੇ ਇਕ ਨਿਸ਼ਾਨ। ਸਾਢੇ ਤਿੰਨ ਤਿੰਨ ਹੱਥ ਸੀਆਂ ਵੰਡ ਵੰਡਾਇੰਦਾ, ਖ਼ਾਲੀ ਦਿਸਣ ਮੰਦਰ ਮਕਾਨ। ਬਿਨ ਸਤਿਗੁਰ ਪੂਰੇ ਕੋਇ ਨਾ ਪਾਰ ਲੰਘਾਇੰਦਾ, ਵੇਲੇ ਅੰਤ ਸਰਬ ਪਛਤਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਆਪ ਆਪਣੇ ਲਏ ਪਛਾਣ। ਹਰਿਜਨ ਆਪ ਪਛਾਣਿਆ, ਕਰ ਕਿਰਪਾ ਸਤਿਗੁਰ ਮੀਤ। ਏਕਾ ਬਖ਼ਸ਼ੇ ਚਰਨ ਧਿਆਨਿਆ, ਆਦਿ ਜੁਗਾਦੀ ਸਾਚੀ ਰੀਤ। ਏਕਾ ਨਾਮ ਧੁਰ ਫ਼ਰਮਾਣਿਆ, ਆਪ ਜਣਾਏ ਹਰਿ ਅਨਡੀਠ। ਰਾਗ ਸੁਣਾਏ ਸਚ ਤਰਾਨਿਆ, ਤ੍ਰੈਗੁਣ ਮਾਇਆ ਰਹੇ ਅਤੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਾਇਆ ਕਰੇ ਠੰਡੀ ਸੀਤ। ਕਾਇਆ ਠੰਡੀ ਸੀਤ ਉਜਲ ਮੁਖੜਾ, ਮੋਹ ਮਮਤਾ ਰਹਿਣ ਨਾ ਪਾਈਆ। ਗੁਰਸਿਖ ਮਾਤ ਗਰਭ ਨਾ ਹੋਵੇ ਉਲਟਾ ਰੁਖੜਾ, ਦਸ ਦਸ ਮਾਸ ਨਾ ਅਗਨ ਤਪਾਈਆ। ਆਵਣ ਜਾਵਣ ਮਿਟੇ ਦੁਖੜਾ, ਦੁਖ ਦਰਦ ਨਾ ਕੋਇ ਵਖਾਈਆ। ਸਫਲ ਕਰਾਏ ਮਾਤ ਕੁਖੜਾ, ਜੋ ਜਨ ਰਹੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸਾਚੇ ਲਏ ਪਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ।
