੫ ਭਾਦਰੋਂ ੨੦੧੭ ਬਿਕ੍ਰਮੀ ਬਿਕਰ ਸਿੰਘ ਪਿੰਡ ਰਾਮੂ ਵਾਲਾ ਦੇ ਗ੍ਰਹਿ ਫਿਰੋਜ਼ ਪੁਰ
ਸਤਿਗੁਰ ਪੂਰਾ ਧੁਰ ਸੰਜੋਗ, ਸਤਿ ਸਤਿਵਾਦੀ ਸਤਿ ਕਰਾਇੰਦਾ। ਗੁਰ ਗੁਰ ਦੇਵੇ ਦਰਸ ਅਮੋਘ, ਹਰਿ ਹਰਿ ਮੰਤਰ ਨਾਮ ਦ੍ਰਿੜਾਇੰਦਾ। ਭਗਤਨ ਭਗਤੀ ਆਤਮ ਚੋਗ, ਨਾਉਂ ਨਿਰੰਕਾਰ ਮੁਖ ਲਗਾਇੰਦਾ। ਹਰਿ ਸੰਤ ਸੁਣਾਏ ਸਚ ਸਲੋਕ, ਬੋਧ ਅਗਾਧ ਸ਼ਬਦ ਅਲਾਇੰਦਾ। ਗੁਰਮੁਖਾਂ ਕੱਟੇ ਹਉਮੇ ਰੋਗ, ਹਰਿ ਕੇ ਪੌੜ੍ਹੇ ਆਪ ਚੜ੍ਹਾਇੰਦਾ। ਗੁਰਸਿਖਾਂ ਮੇਟੇ ਹਰਖ ਸੋਗ, ਚਿੰਤਾ ਦੁਖ ਨਾ ਕੋਇ ਵਖਾਇੰਦਾ। ਲੇਖਾ ਜਾਣੇ ਚੌਦਾਂ ਲੋਕ, ਪੁਰੀਆਂ ਲੋਆਂ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਸਤਿਗੁਰ ਪੂਰਾ ਸਾਖ਼ਯਾਤ, ਨਿਰਗੁਣ ਦਾਤਾ ਬੇਪਰਵਾਹੀਆ। ਗੁਰ ਗੁਰ ਰੂਪ ਪੁਰਖ ਅਬਿਨਾਸ਼, ਕਰਤਾ ਕਰਨੀ ਆਪਣੀ ਆਪ ਕਮਾਈਆ। ਭਗਤਨ ਅੰਦਰ ਕਰ ਕਰ ਵਾਸ, ਅੰਤਰ ਆਤਮ ਕਰੇ ਪੜ੍ਹਾਈਆ। ਸੰਤਨ ਪੂਰੀ ਕਰੇ ਆਸ, ਸਾਂਤਕ ਸਤਿ ਆਪ ਵਰਤਾਈਆ। ਗੁਰਮੁਖਾਂ ਹੋਏ ਸਹਾਈ ਪ੍ਰਿਥਮੀ ਆਕਾਸ਼, ਜੁਗਾ ਜੁਗੰਤਰ ਸੇਵ ਕਮਾਈਆ। ਗੁਰਸਿਖ ਨਾ ਹੋਏ ਕੋਇ ਨਿਰਾਸ, ਜਿਸ ਮਿਲਿਆ ਹਰਿ ਹਰਿ ਮਾਹੀਆ। ਜੁਗਾ ਜੁਗੰਤਰ ਦਾਸੀ ਦਾਸ, ਸੇਵਕ ਸੇਵਾ ਸਚ ਕਮਾਈਆ। ਏਕਾ ਜੋਤ ਨੂਰ ਪ੍ਰਕਾਸ਼, ਜੋਤੀ ਜੋਤ ਡਗਮਗਾਈਆ। ਏਕਾ ਸ਼ਬਦ ਇਕ ਧਰਵਾਸ, ਧੀਰਜ ਧੀਰ ਇਕ ਵਖਾਈਆ। ਏਕਾ ਪਵਣ ਇਕ ਸਵਾਸ, ਏਕਾ ਰੂਪ ਅਨੂਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਖਾਈਆ। ਸਤਿਗੁਰ ਪੂਰਾ ਅਗੰਮ ਅਪਾਰਾ, ਅਲੱਖ ਅਗੋਚਰ ਕਹਿਣ ਨਾ ਜਾਈਆ। ਗੁਰ ਗੁਰ ਰੂਪ ਵਿਚ ਸੰਸਾਰਾ, ਲੋਕਮਾਤ ਵੇਸ ਵਟਾਈਆ। ਭਗਤਨ ਬਖ਼ਸ਼ੇ ਇਕ ਦਵਾਰਾ, ਦਰ ਦਰਵਾਜ਼ਾ ਖੋਲ੍ਹ ਖੁਲਾਈਆ। ਸੰਤਨ ਦੇਵੇ ਸਚ ਹੁਲਾਰਾ, ਸਾਚਾ ਝੂਲਾ ਨਾਮ ਝੁਲਾਈਆ। ਗੁਰਮੁਖਾਂ ਬੇੜਾ ਕਰਾਏ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜਾਈਆ। ਗੁਰਸਿਖਾਂ ਦੇਵੇ ਸਚ ਸਹਾਰਾ, ਆਪ ਆਪਣੇ ਅੰਗ ਲਗਾਈਆ। ਜਾਗਰਤ ਜੋਤ ਜੋਤ ਕਰ ਉਜਿਆਰਾ, ਅੰਧ ਅੰਧਿਆਰਾ, ਦਏ ਮਿਟਾਈਆ। ਵਰਤੇ ਵਰਤਾਵੇ ਵਿਚ ਸੰਸਾਰਾ, ਵਾਸਤਕ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਸਤਿਗੁਰ ਬੇਪਰਵਾਹ ਨੂਰ ਅੱਲਾ, ਆਲਮਗੀਰ ਖੇਲ ਖਿਲਾਇੰਦਾ। ਗੁਰ ਗੁਰ ਰੂਪ ਵਸੇ ਸਚ ਮਹੱਲਾ, ਮੁਕਾਮੇ ਹੱਕ ਡੇਰਾ ਲਾਇੰਦਾ। ਭਗਤਨ ਭਾਵ ਵਖਾਏ ਇਕ ਬਿਸਮਿਲਾ, ਬਿਸਮਲ ਆਪਣਾ ਨਾਉਂ ਕਰਾਇੰਦਾ। ਸੰਤਨ ਫੜਾਏ ਸਾਚਾ ਪੱਲਾ, ਹਕ ਹਕੀਕਤ ਫੋਲ ਫੁਲਾਇੰਦਾ। ਗੁਰਮੁਖ ਸਚ ਸੰਦੇਸ਼ ਏਕਾ ਘੱਲਾ, ਕਲਮਾ ਅਮਾਮ ਆਪ ਪੜ੍ਹਾਇੰਦਾ। ਗੁਰਸਿਖ ਦਰ ਦਵਾਰੇ ਆਪੇ ਖੱਲਾ, ਨੂਰੋ ਨੂਰ ਡਗਮਗਾਇੰਦਾ। ਆਦਿ ਜੁਗਾਦਿ ਵਲਾ ਛਲਾ, ਅਛਲ ਛਲਧਾਰੀ ਆਪ ਕਰਾਇੰਦਾ। ਆਪੇ ਇਸਮੀ ਨੂਰੀ ਨੂਰ ਅੱਲਾ, ਇਲਾਹੀ ਨੂਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਹਿਮਾ ਆਪ ਗਣਾਇੰਦਾ। ਸਤਿਗੁਰ ਸਾਜਣ ਸੱਖਾ ਸੁਹੇਲਾ, ਗੁਣਵੰਤਾ ਬੇਪਰਵਾਹੀਆ। ਗੁਰ ਗੁਰ ਰੂਪ ਗੁਰੂ ਗੁਰ ਚੇਲਾ, ਲੇਖਾ ਜਾਣੇ ਧੁਰਦਰਗਾਹੀਆ। ਭਗਤ ਭਗਵੰਤ ਸਾਚਾ ਮੇਲਾ, ਘਰ ਮੰਦਰ ਸੋਭਾ ਪਾਈਆ। ਸੰਤਨ ਵਖਾਏ ਧਾਮ ਨਵੇਲਾ, ਦਿਸ ਕਿਸੇ ਨਾ ਆਈਆ। ਗੁਰਮੁਖਾਂ ਕੱਟੇ ਲੱਖ ਚੁਰਾਸੀ ਧਰਮ ਰਾਏ ਦੀ ਜੇਲਾ, ਜੈ ਜੈ ਜੈਕਾਰਾ ਇਕ ਕਰਾਈਆ। ਗੁਰਸਿਖਾਂ ਜਾਣੇ ਵਕਤ ਵੇਲਾ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਆਪਣਾ ਖੇਲ ਅਬਿਨਾਸ਼ੀ ਕਰਤੇ ਪਾਰਬ੍ਰਹਮ ਪ੍ਰਭ ਆਪੇ ਖੇਲਾ, ਖੇਲਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਵਣ ਦਾਤਾ ਵਡ ਵਡਿਆਈਆ। ਸਤਿਗੁਰ ਪੂਰਾ ਜੀਵਣ ਦਾਤਾ, ਜੀਆ ਦਾਨ ਝੋਲੀ ਪਾਇੰਦਾ। ਗੁਰ ਗੁਰ ਰੂਪ ਪਿਤਾ ਮਾਤਾ, ਸਾਚੀ ਸੇਵਕ ਸੇਵ ਕਮਾਇੰਦਾ। ਭਗਤ ਸੁਣਾਏ ਸਾਚੀ ਗਾਥਾ, ਗੋਬਿੰਦ ਆਪਣਾ ਨਾਉਂ ਅਲਾਇੰਦਾ। ਸੰਤਨ ਰੱਖੇ ਉਤਮ ਜਾਤਾ, ਵਰਨ ਗੋਤ ਨਾ ਕੋਇ ਬਣਾਇੰਦਾ। ਗੁਰਮੁਖਾਂ ਮੇਟੇ ਅੰਧੇਰੀ ਰਾਤਾ, ਨਿਰਗੁਣ ਸਾਚਾ ਚੰਦ ਚੜ੍ਹਾਇੰਦਾ। ਗੁਰਸਿਖਾਂ ਪੂਰਾ ਕਰੇ ਘਾਟਾ, ਪੂਰਬ ਲਹਿਣਾ ਝੋਲੀ ਪਾਇੰਦਾ। ਲਹਿਣਾ ਜਾਣੇ ਮਸਤਕ ਮਾਥਾ, ਤਿਲਕ ਲਲਾਟੀ ਖੋਜ ਖੁਜਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਪਿਛਲਾ ਘਾਟਾ ਵੇਖ ਵਖਾਇੰਦਾ। ਇਕ ਵਖਾਏ ਤੀਰਥ ਤਾਟਾ, ਸਰ ਸਰੋਵਰ ਆਪ ਨੁਹਾਇੰਦਾ। ਅੱਗੇ ਨੇੜੇ ਦਿਸੇ ਵਾਟਾ, ਕੂੜ ਕੁੜਿਆਰਾ ਪੰਧ ਮੁਕਾਇੰਦਾ। ਸਤਿ ਸਤਿਵਾਦੀ ਸਚ ਖੁਲ੍ਹਾਏ ਹਾਟਾ, ਸਾਚੇ ਮੰਦਰ ਸੋਭਾ ਪਾਇੰਦਾ। ਲੇਖਾ ਜਾਣੇ ਆਦਿ ਜੁਗਾਦਾ, ਜੁਗ ਜੁਗ ਆਪਣਾ ਰੂਪ ਧਰਾਇੰਦਾ। ਪਰਗਟ ਹੋਏ ਬ੍ਰਹਮ ਬ੍ਰਹਿਮਾਦਾ, ਪਾਰਬ੍ਰਹਮ ਆਪਣੀ ਖੇਲ ਖਿਲਾਇੰਦਾ। ਸ਼ਬਦ ਵਜਾਏ ਤੁਰੀਆ ਰਾਗਾ, ਰਾਗ ਰਾਗਨੀ ਨਾ ਕੋਇ ਸੁਣਾਇੰਦਾ। ਪੁਰਖ ਅਬਿਨਾਸ਼ੀ ਮਾਧਵ ਮਾਧਾ, ਮੋਹਣ ਆਪਣਾ ਰੂਪ ਧਰਾਇੰਦਾ। ਗੁਰਮੁਖ ਸੱਜਣ ਵਿਰਲਾ ਲਾਧਾ, ਲਾਲਨ ਆਪਣਾ ਰੰਗ ਰੰਗਾਇੰਦਾ। ਲੇਖਾ ਜਾਣੇ ਸੰਤਨ ਸਾਧਾ, ਸਿਦਕ ਸਬੂਰੀ ਆਪ ਹੰਢਾਇੰਦਾ। ਭੇਵ ਖੁਲਾਏ ਬੋਧ ਅਗਾਧਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੁਣੇ ਫ਼ਰਯਾਦਾ, ਦਰ ਦਰਬਾਰਾ ਆਪ ਸੁਹਾਇੰਦਾ। ਲਖ ਚੁਰਾਸੀ ਵੇਖੇ ਡੂੰਘਾ ਖਾਤਾ, ਪੁਰਖ ਬਿਧਾਤਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਆਪਣੀ ਕਲ ਆਪ ਧਰਾਇੰਦਾ। ਸਤਿਗੁਰ ਪੂਰਾ ਅਕਲ ਕਲ ਧਾਰ, ਕਾਲ ਫਾਸ ਨਾ ਕੋਇ ਦਸਾਈਆ। ਗੁਰ ਗੁਰ ਖੇਲ ਅਪਰ ਅਪਾਰ, ਕੀਮਤ ਕਰਤਾ ਆਪੇ ਪਾਈਆ। ਭਗਤਨ ਜੋਤ ਕਰ ਉਜਿਆਰ, ਦੀਵਾ ਬਾਤੀ ਇਕ ਵਖਾਈਆ। ਸੰਤਨ ਖੋਲ੍ਹੇ ਬੰਦ ਕਿਵਾੜ, ਨਿਜ ਮੰਦਰ ਕਰੇ ਰਸਾਈਆ। ਗੁਰਮੁਖ ਸਾਚੇ ਪੌੜੇ ਦੇਵੇ ਚਾੜ੍ਹ, ਚੌਥੇ ਪਦ ਆਪ ਬਹਾਈਆ। ਗੁਰਸਿਖਾਂ ਤੀਜਾ ਨੈਣ ਦਏ ਉਘਾੜ, ਜਗਤ ਨੇਤਰ ਲੇਖੇ ਲਾਈਆ। ਤ੍ਰੈਗੁਣ ਅਗਨੀ ਦੇਵੇ ਸਾੜ, ਤਤਵ ਤਤ ਨਾ ਕੋਇ ਵਖਾਈਆ। ਕਰੇ ਪਰਕਾਸ਼ ਬਹੱਤਰ ਨਾੜ, ਨੂਰੋ ਨੂਰ ਨੂਰ ਦਰਸਾਈਆ। ਪੰਚ ਵਿਕਾਰਾ ਦੇਵੇ ਝਾੜ, ਮਨ ਮਤ ਨਾ ਹੋਏ ਹਲਕਾਈਆ। ਬੁਧ ਮਤ ਘੜੇ ਘਾੜ, ਬਣ ਠਠਿਆਰਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਸਤਿਗੁਰ ਪੂਰਾ ਲੇਖਾ ਲਿਖਣਹਾਰਾ, ਲੇਖਾ ਲੇਖੇ ਵਿਚ ਨਾ ਆਇੰਦਾ। ਗੁਰ ਗੁਰ ਰੂਪ ਕਰ ਪਸਾਰਾ, ਨਿਰਗੁਣ ਸਰਗੁਣ ਨਾਉਂ ਧਰਾਇੰਦਾ। ਭਗਤਨ ਬਣੇ ਮੀਤ ਮੁਰਾਰਾ, ਆਪਣਾ ਬੰਧਨ ਆਪੇ ਪਾਇੰਦਾ। ਸੰਤਨ ਮੇਲਾ ਪੁਰਖ ਨਾਰਾ, ਕੰਤ ਕੰਤੂਹਲਾ ਸੇਜ ਹੰਢਾਇੰਦਾ। ਗੁਰਮੁਖਾਂ ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਨਿਝਰ ਝਿਰਨਾ ਆਪ ਝਰਾਇੰਦਾ। ਗੁਰਸਿਖਾਂ ਵਿਖਾਏ ਇਕ ਦਵਾਰਾ, ਚਰਨ ਕਵਲ ਉਪਰ ਧਵਲ ਧਿਆਨ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਦੀ ਛੋੜ ਆਪ ਅਖਵਾਇੰਦਾ। ਬੰਧਨ ਤੋੜੇ ਬੰਧਨ ਪਾ, ਬੰਦੀਖਾਨਾ ਰਹਿਣ ਨਾ ਪਾਈਆ। ਸਾਚੇ ਘੋੜੇ ਚੜ੍ਹੇ ਬੇਪਰਵਾਹ, ਸ਼ਬਦੀ ਘੋੜਾ ਇਕ ਦੌੜਾਈਆ। ਜੁਗ ਜੁਗ ਬੌਹੜੇ ਘਟ ਘਟ ਥਾਂ, ਥਾਨ ਥਨੰਥਰ ਵੇਖ ਵਖਾਈਆ। ਆਦਿ ਜੁਗਾਦੀ ਕਰੇ ਸਚ ਨਿਆਂ, ਪਾਤਸ਼ਾਹ ਸ਼ਾਹ ਸ਼ਹਿਨਸ਼ਾਹ ਆਪ ਅਖਵਾਈਆ। ਲਖ ਚੁਰਾਸੀ ਕਾਇਆ ਖੇੜਾ ਵੇਖੇ ਨਗਰ ਗਰਾਂ, ਜਗਤ ਭੂਮਕਾ ਫੋਲ ਫੁਲਾਈਆ। ਨਵ ਨਵ ਸਤ ਸਤ ਜਾਣੇ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰਾ ਸਹਿਜ ਸੁਖਦਾਈਆ। ਵਖ ਵਖ ਕਰੇ ਹੰਸ ਕਾਂ, ਕਾਗ ਹੰਸ ਸੰਗ ਨਾ ਕੋਇ ਨਿਭਾਈਆ। ਨਿਮਾਣਿਆਂ ਦੇਵੇ ਸਾਚਾ ਥਾਂ, ਨਿਥਾਵਿਆਂ ਆਪਣੇ ਗਲੇ ਲਗਾਈਆ। ਹੰਕਾਰੀਆਂ ਦੇਵੇ ਖ਼ਾਕ ਰਲਾ, ਖ਼ਾਕੀ ਖ਼ਾਕ ਛਾਰ ਸੀਸ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਬਣਾਏ ਬਣਤਰ, ਆਪਣਾ ਬੇੜਾ ਆਪ ਚਲਾਈਆ। ਸਤਿਗੁਰ ਪੂਰਾ ਬੇੜਾ ਬੰਨ੍ਹਦਾ, ਸਚਖੰਡ ਦਵਾਰੇ ਕਰ ਵਿਚਾਰ। ਗੁਰ ਗੁਰ ਰੂਪ ਪੁਰਖ ਅਕਾਲ ਦਾ, ਜੋਤੀ ਜਾਮਾ ਅਗੰਮ ਅਪਾਰ। ਕਰੇ ਖੇਲ ਦੀਨ ਦਿਆਲ ਦਾ, ਭਗਤ ਵਛਲ ਭਗਤਨ ਜਾਏ ਤਾਰ। ਨਾਤਾ ਤੋੜੇ ਕਾਲ ਮਹਾਂਕਾਲ ਦਾ, ਸਾਚੇ ਸੰਤਨ ਲਏ ਉਭਾਰ। ਕੰਚਨ ਸੋਨਾ ਸਚ ਕੁਠਾਲੀ ਆਪੇ ਗਾਲਦਾ, ਗੁਰਮੁਖ ਚਾੜ੍ਹੇ ਰੰਗ ਅਪਾਰ। ਗੁੁਰਸਿਖ ਬਾਲ ਅੰਞਾਣੇ ਗੋਦ ਬਹਾਲ ਦਾ, ਜਿਉਂ ਬਾਲ ਮਾਤ ਕਰੇ ਪਿਆਰ। ਸਾਚਾ ਮੰਤਰ ਇਕ ਸਿਖਾਲ ਦਾ, ਹੰ ਬ੍ਰਹਮ ਹੋਏ ਉਜਿਆਰ। ਸੋ ਪੁਰਖ ਨਿਰੰਜਣ ਆਪਣਾ ਕੀਤਾ ਆਪੇ ਜਾਣਦਾ, ਦੂਸਰ ਕੋਇ ਨਾ ਕਰੇ ਵਿਚਾਰ। ਕਲਜੁਗ ਜੀਵ ਨਾ ਕੋਇ ਪਛਾਣਦਾ, ਮਾਇਆ ਮਮਤਾ ਕਰੇ ਖ਼ਵਾਰ। ਲਖ ਚੁਰਾਸੀ ਪੁਣ ਛਾਣਦਾ, ਅਠਸਠ ਨੀਰ ਵਰੋਲੇ ਵਿਚ ਸੰਸਾਰ। ਵੇਲਾ ਅੰਤਮ ਆਇਆ ਹਾਣ ਦਾ, ਚਾਰ ਕੁੰਟ ਹੋਏ ਹਾਹਾਕਾਰ। ਗੁਰਮੁਖ ਵਿਰਲਾ ਹਰਿ ਰੰਗ ਮਾਣਦਾ, ਜਿਸ ਮਿਲਿਆ ਸਤਿਗੁਰ ਪੂਰਾ ਮਿਹਰਵਾਨ। ਆਪਣਾ ਆਪ ਲੋਕਮਾਤ ਪਛਾਣਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੋ ਜਹਾਨ ਦਾ। ਸਤਿਗੁਰ ਪੂਰਾ ਵਾਲੀ ਦੋ ਜਹਾਨ, ਦੋਏ ਦੋਏ ਲੋਚਨ ਨਾ ਕੋਇ ਜਣਾਈਆ। ਗੁਰ ਗੁਰ ਹੱਥ ਉਠਾਏ ਸਚ ਨਿਸ਼ਾਨ, ਸਤਿ ਸਤਿ ਏਕਾ ਰੂਪ ਦਰਸਾਈਆ। ਭਗਤਨ ਦੇਵੇ ਇਕ ਗਿਆਨ, ਏਕਾ ਬ੍ਰਹਮ ਬ੍ਰਹਮ ਵਡਿਆਈਆ। ਸੰਤਨ ਵਖਾਏ ਸਚ ਮਕਾਨ, ਉਤਰ ਪੂਰਬ ਪਛਮ ਦੱਖਣ ਚਾਰ ਕੁੰਟ ਨਾ ਕੋਇ ਭਵਾਈਆ। ਗੁਰਮੁਖਾਂ ਏਕਾ ਰਾਗ ਸੁਣਾਏ ਕਾਨ, ਛੱਤੀ ਰਾਗ ਦੇਣ ਗਵਾਹੀਆ। ਗੁਰਸਿਖਾਂ ਏਕਾ ਬਖ਼ਸ਼ੇ ਮਾਣ, ਚਰਨ ਕਵਲ ਸੱਚੀ ਸਰਨਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਸਾਚਾ ਢੋਲਾ ਏਕਾ ਗਾਣ, ਪੁਰਖ ਅਬਿਨਾਸ਼ੀ ਸਿਫ਼ਤ ਸਾਲਾਹੀਆ। ਨਾਤਾ ਤੁੱਟੇ ਜੀਵ ਜਹਾਨ, ਸਾਕ ਸੈਣ ਮਾਤ ਪਿਤ ਭਾਈ ਭੈਣ ਬੰਧਪ ਬੰਧਨ ਨਾ ਕੋਇ ਪਾਈਆ। ਲਾੜੀ ਮੌਤ ਨਾ ਖਾਏ ਡਾਇਣ, ਜਮ ਕਾ ਭੌ ਨਾ ਕੋਇ ਜਣਾਈਆ। ਚਿਤਰ ਗੁਪਤ ਨਾ ਲੇਖਾ ਵਖਾਏ ਲੈਣ ਦੇਣ, ਰਾਏ ਧਰਮ ਦਏ ਨਾ ਕੋਇ ਸਜ਼ਾਈਆ। ਸਤਿਗੁਰ ਪੂਰਾ ਦਰਸ ਦਿਖਾਏ ਏਕਾ ਨੈਣ ਨੈਨਣ ਨੈਣ ਆਪ ਖੁਲ੍ਹਾਈਆ। ਤਨ ਬਸਤਰ ਪਾਏ ਸਾਚਾ ਗਹਿਣ, ਸ਼ਬਦ ਦੋਸ਼ਾਲਾ ਹੱਥ ਉਠਾਈਆ। ਗੁਰਮੁਖ ਵਹੇ ਨਾ ਝੂਠੇ ਵਹਿਣ, ਵਾਹ ਵਾ ਪੂਰੇ ਗੁਰ ਵੱਡੀ ਵਡਿਆਈਆ। ਆਪ ਚੁਕਾਏ ਲਹਿਣ ਦੇਣ, ਮਕਰੂਜ਼ ਬਣੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਖੇਲ ਕਰ, ਜਗ ਜੀਵਣ ਦਾਤਾ ਆਪ ਅਖਵਾਈਆ। ਜਗ ਜੀਵਣ ਦਾਤਾ ਜਾਗਿਆ, ਸf਼ਤਗੁਰ ਸੱਚਾ ਪਾਤਸ਼ਾਹ। ਗੁਰ ਗੁਰ ਰੂਪ ਫਿਰੇ ਭਾਗਿਆ, ਸ਼ਬਦ ਗੁਰ ਬਣ ਮਲਾਹ। ਭਗਤਨ ਮੇਲ ਕੰਤ ਸੁਹਾਗਿਆ, ਗੀਤ ਸੁਹਾਗੀ ਰਿਹਾ ਗਾ। ਸੱਚਾ ਜਗਿਆ ਇਕ ਚਿਰਾਗਿਆ, ਦੀਪਕ ਜੋਤ ਡਗਮਗਾ। ਗੁਰਮੁਖ ਉਪਜੇ ਮਨ ਵੈਰਾਗਿਆ, ਮਨ ਕੀ ਮਨਸਾ ਦਏ ਮਿਟਾ। ਗੁਰਸਿਖ ਸਰਨ ਸਰਨਾਈ ਸਾਚੀ ਲਾਗਿਆ, ਨਾਤਾ ਸਕੇ ਨਾ ਕੋਇ ਤੁੜਾ। ਫੜ ਫੜ ਹੰਸ ਬਣਾਏ ਕਾਗਿਆ, ਅੰਮ੍ਰਿਤ ਆਤਮ ਜਾਮ ਪਿਆ। ਦੁਰਮਤ ਮੈਲ ਧੋਵੇ ਦਾਗਿਆ, ਕਾਲਖ ਟਿੱਕਾ ਦੇਵੇ ਲਾਹ। ਤ੍ਰੈ ਗੁਣ ਮਾਇਆ ਡੱਸੇ ਨਾ ਡੱਸਣੀ ਨਾਗਿਆ, ਨਾਗਣ ਦੇਵੇ ਦਰ ਦੁਰਕਾ। ਲੱਖ ਚੁਰਾਸੀ ਵਿਚੋਂ ਫੜ ਫੜ ਕਾfਢਆ, ਜਿਨ ਭੂਤ ਭਰੇਤ ਖ਼ਬੀਸ ਨਾ ਸਕੇ ਕੋਇ ਦਬਾ। ਜਗਤ ਵਿਕਾਰਾ ਫੜ ਫੜ ਵਾfਢਆ, ਨਾਮ ਕਟਾਰਾ ਇਕ ਚਲਾ। ਡੂੰਘੇ ਖਾਤੇ ਆਪੇ ਗਾਡਿਆ, ਨਾ ਕੋਈ ਸਕੇ ਬਾਹਰ ਕਢਾ। ਨਾਤਾ ਤੁੱਟਾ ਮਾਸ ਨਾੜੀ ਚੰਮ ਹੱਡੀ ਹਾਡਿਆ, ਜੋੜੀ ਜੋੜ ਨਾ ਸਕੇ ਬਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਹੋਏ ਸਹਾ। ਸਦਾ ਸਹਾਇਕ ਆਦਿ ਜੁਗਾਦਿ, ਸਤਿਗੁਰ ਪੂਰੇ ਹੱਥ ਵਡਿਆਈਆ। ਗੁਰ ਗੁਰ ਵਜਾਏ ਸਾਚਾ ਨਾਦ, ਨਾਮ ਫੰੁਕਾਰਾ ਏਕਾ ਲਾਈਆ। ਭਗਤਨ ਦੇਵਣਹਾਰਾ ਦਾਦ, ਦਰਦੀ ਦੁੱਖ ਰਿਹਾ ਵੰਡਾਈਆ। ਸੰਤ ਸੁਹੇਲੇ ਸਾਚੇ ਲਾਧ, ਸਹਿਜ ਜੋਗ ਇਕ ਸਮਝਾਈਆ। ਗੁਰਮੁਖਾਂ ਲਡਾਏ ਆਪਣਾ ਲਾਡ, ਆਪ ਆਪਣੀ ਗੋਦ ਬਹਾਈਆ । ਗੁਰਸਿਖ ਦਿਵਸ ਰੈਣ ਰੱਖੇ ਯਾਦ, ਰਸਨਾ ਜਿਹਵਾ ਹਰਿ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਾਂ ਨਾਥ ਦਰਦ ਦੁਖ ਭੈ ਭੰਜਣ, ਗੁਰਮੁਖ ਵੇਖੇ ਸਾਚੇ ਸੱਜਣ, ਸਗਲਾ ਸੰਗ ਆਪ ਨਿਭਾਈਆ। ਸਗਲਾ ਸੰਗ ਪੁਰਖ ਸਮਰਥ, ਜੁਗਾ ਜੁਗੰਤਰ ਆਪ ਨਿਭਾਇੰਦਾ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਲੇਖਾ ਜਾਣੇ ਮਹਿਮਾ ਅਕਥ, ਕਥਨੀ ਕਥ ਨਾ ਕੋਇ ਅਲਾਇੰਦਾ। ਵਸਣਹਾਰਾ ਘਟ ਘਟ, ਲਖ ਚੁਰਾਸੀ ਡੇਰਾ ਲਾਇੰਦਾ। ਸ਼ਬਦ ਜਣਾਈ ਪੂਜਾ ਪਾਠ, ਵਾਹ ਵਾ ਗੁਰ ਗੁਰ ਇਸ਼ਟ ਮਨਾਇੰਦਾ। ਇਕ ਖੁਲਾਏ ਸਾਚਾ ਹਾਟ, ਚੌਦਾਂ ਚੌਦਾਂ ਰੂਪ ਵਟਾਇੰਦਾ। ਜੋਤੀ ਨੂਰ ਤ੍ਰੈਲੋਕੀ ਨਾਥ, ਤ੍ਰੈਗੁਣ ਮਾਇਆ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਿਆਰਾ ਨੂਰ ਉਜਿਆਰ, ਹਰਿ ਗੋਪਾਲਾ ਖੇਲ ਅਪਾਰ, ਦੀਨ ਦਿਆਲਾ ਏਕੰਕਾਰ, ਅਕਲ ਕਲ ਆਪ ਵਰਤਾਇੰਦਾ। ਅਕਲ ਕਲ ਵਰਤਾਇਆ, ਮਹਿਮਾ ਸ਼ਬਦ ਅਨੂਪ। ਸਾਚੇ ਤਖ਼ਤ ਸੁਹਾਇਆ, ਹਰਿ ਸਤਿਗੁਰ ਸੱਚਾ ਭੂਪ। ਗੁਰ ਗੁਰ ਸਾਚਾ ਦੂਤ ਦੜਾਇਆ, ਵੇਖਣਹਾਰਾ ਚਾਰੇ ਕੂਟ। ਜੁਗਾ ਜੁਗੰਤਰ ਵੇਸ ਵਟਾਈਆ, ਪੰਜ ਤਤ ਨਾ ਕੋਇ ਕਲਬੂਤ। ਕਾਗਦ ਕਲਮ ਨਾ ਲੇਖ ਲਿਖਾਈਆ, ਆਪਣਾ ਦੇਵੇ ਆਪ ਸਬੂਤ। ਔਂਦਾ ਜਾਂਦਾ ਦਿਸ ਨਾ ਆਇਆ, ਤਾਣਾ ਪੇਟਾ ਦਿਸੇ ਨਾ ਕੋਇ ਸੂਤ। ਆਪਣਾ ਖੇਲ ਆਪ ਖਲਾਇਆ, ਪਾਰਬ੍ਰਹਮ ਅਬਿਨਾਸ਼ੀ ਅਚੁਤ। ਜੁਗਾ ਜੁਗੰਤਰ ਵੇਸ ਵਟਾਇਆ, ਆਪ ਸੁਹਾਏ ਸੁਹੰਜਣੀ ਰੁੱਤ। ਕਾਦਰ ਕਰੀਮ ਵੇਖ ਵਖਾਇਆ, ਗੁਰਮੁਖ ਸੱਜਣ ਸਾਚੇ ਸੁਤ। ਦੂਈ ਦਵੈਤੀ ਪਰਦਾ ਲਾਹਿਆ, ਪੰਜ ਵਿਕਾਰਾ ਕੱਢੇ ਕੁੱਟ। ਏਕਾ ਅੰਮ੍ਰਿਤ ਜਾਮ ਪਿਆਇਆ, ਭਰ ਪਿਆਲਾ ਹਰਿ ਹਰਿ ਘੁੱਟ। ਸਾਚੇ ਮੰਦਰ ਆਪ ਬਹਾਇਆ, ਆਵਣ ਜਾਵਣ ਜਾਏ ਛੁੱਟ। ਏਕਾ ਮੰਤਰ ਨਾਮ ਦ੍ਰਿੜਾਇਆ। ਫੜ ਝੜ੍ਹਾਏ ਉਚੀ ਚੋਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਲੇਖਾ ਜਾਣੇ ਓਤ ਪੋਤ। ਪੋਤ ਓਤ ਬੰਸ ਬੰਸਾਵਲੀ, ਬ੍ਰਹਮਾ ਵਿਸ਼ਨ ਸ਼ਿਵ ਰੂਪ ਦਰਸਾਇਆ। ਪੁਰਖ ਅਬਿਨਾਸ਼ੀ ਖੇਲ ਕਰਾਵਨੀ, ਕਰਨ ਕਰਾਵਣਹਾਰ ਆਪ ਹੋ ਜਾਇਆ। ਆਪੇ ਪਕੜੇ ਆਪਣੀ ਦਾਮਨੀ, ਦਾਮਨਗੀਰ ਦਰਦ ਦੁੱਖ ਵੰਡਾਇਆ। ਆਪੇ ਮੇਟੇ ਰੈਣ ਅੰਧੇਰੀ ਸ਼ਾਮਨੀ, ਸ਼ਮਾ ਦੀਪਕ ਇਕ ਜਗਾਇਆ। ਆਪੇ ਕਰੇ ਪ੍ਰਕਾਸ਼ ਕੋਟਨ ਭਾਨਨੀ, ਅਨਭਵ ਆਪਣਾ ਰੂਪ ਦਰਸਾਇਆ। ਆਪੇ ਚਮਕੇ ਏਕਾ ਦਾਮਨੀ, ਦਮਕ ਆਪਣੇ ਵਿਚ ਰਖਾਇਆ। ਆਪੇ ਪੂਰੀ ਕਰੇ ਭਾਵਨੀ, ਭਾਵਨੀ ਭੈ ਨਾ ਕੋਇ ਵਧਾਇਆ। ਆਪੇ ਕਾਮਨ ਆਪੇ ਕਾਮਨੀ, ਆਪੇ ਸਤਿ ਸੰਤੋਖ ਸਮਾਇਆ। ਆਪੇ ਨਿਰਗੁਣ ਜੋਤ ਇਕ ਵਖਾਵਨੀ, ਪੁਰਖ ਅਕਾਲ ਆਪਣਾ ਰੂਪ ਧਰਾਇਆ। ਆਪੇ ਅੰਮ੍ਰਿਤ ਮੇਘ ਬਰਸੇ ਸਾਵਨੀ, ਆਪੇ ਚਾਰ ਕੁੰਟ ਰਿਹਾ ਤਰਸਾਇਆ। ਆਪੇ ਨਗਰ ਖੇੜਾ ਵਸੇ ਗਰਾਮਨੀ, ਆਪੇ ਢਹਿ ਢਹਿ ਢੇਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਧੁਰ ਸੰਦੇਸ਼ਾ ਆਪ ਸੁਣਾਇਆ। ਸਤਿਗੁਰ ਪੂਰਾ ਸਤਿ ਸੰਦੇਸ਼, ਸਚਖੰਡ ਨਿਵਾਸੀ ਆਪ ਸੁਣਾਈਆ। ਗੁਰ ਗੁਰ ਦਾਤਾ ਨਰ ਨਰੇਸ਼, ਸ਼ਬਦ ਵਿਧਾਤਾ ਵਡ ਵਡਿਆਈਆ। ਭਗਤਨ ਦੇਵੇ ਇਕ ਆਦੇਸ਼, ਆਦਿ ਜੁਗਾਦਿ ਬੇਪਰਵਾਹੀਆ। ਸੰਤਨ ਮੇਲਾ ਕਰ ਕਰ ਵੇਸ, ਵੇਸ ਅਨੇਕਾ ਆਪ ਧਰਾਈਆ। ਗੁਰਮੁਖਾਂ ਰਖਾਏ ਏਕਾ ਟੇਕ, ਬੁਧ ਬਿਬੇਕ ਕਰੇ ਸਫਾਈਆ। ਗੁਰਸਿਖਾਂ ਲਿਖੇ ਸਾਚਾ ਲੇਖ, ਹੱਥ ਰੱਖੇ ਨਾ ਕੋਇ ਕਲਮ ਸ਼ਾਹੀਆ। ਸਾਚੇ ਮੰਦਰ ਬੈਠਾ ਰਿਹਾ ਵੇਖ, ਵੇਖਣਹਾਰ ਦਿਸ ਨਾ ਆਈਆ। ਜੁਗਾ ਜੁਗੰਤਰ ਕਰੇ ਭੇਖ, ਨਿਹਕਲੰਕ ਨਿਰਗੁਣ ਜੋਤੀ ਜਾਮਾ ਪਾਈਆ। ਲੇਖਾ ਚੁਕਾਏ ਮੁਲਾ ਸ਼ੇਖ, ਕੁਤਬ ਗੌਂਸ ਪੀਰ ਦਸਤਗੀਰ ਵੇਖ ਵਖਾਈਆ। ਜਗਤ ਜਹਾਨਾ ਮਿਟੇ ਰੇਖ, ਰਿਖੀ ਮੁਨੀ ਰਹੇ ਕੁਰਲਾਈਆ। ਮੰਗੇ ਮੰਗ ਸਹੰਸਰ ਮੁਖ ਸ਼ੇਸ਼, ਵਿਸ਼ਨੂੰ ਵਿਸ਼ਵ ਨਾਲ ਰਲਾਈਆ। ਬ੍ਰਹਮਾ ਖੁਲੜੇ ਕਰ ਕਰ ਕੇਸ, ਨਿਉਂ ਨਿਉਂ ਬੈਠਾ ਸੀਸ ਝੁਕਾਈਆ। ਸ਼ੰਕਰ ਮੰਗੇ ਇਕ ਅਦੇਸ, ਸਿਰ ਰੱਖ ਹੱਥ ਸਮਰਥ ਪੁਰਖ ਬੇਪਰਵਾਹੀਆ। ਤੇਰਾ ਮੇਲਾ ਤ੍ਰੈ ਤ੍ਰੈ ਦੇਸ਼, ਤ੍ਰੈਗੁਣ ਤੇਰੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਈਆ। ਲੇਖਾ ਹਰਿ ਸਮਝਾਇੰਦਾ, ਸਤਿਗੁਰ ਪੁਰਖ ਸੁਜਾਨ। ਗੁਰ ਗੁਰ ਨਾਉਂ ਧਰਾਇੰਦਾ, ਵਾਲੀ ਦੋ ਜਹਾਨ। ਭਗਤਨ ਮੇਲ ਮਿਲਾਇੰਦਾ, ਘਰ ਮੰਦਰ ਸਚ ਮਕਾਨ। ਸੰਤਨ ਆਪ ਉਠਾਇੰਦਾ, ਦੇਵੇ ਬ੍ਰਹਮ ਗਿਆਨ। ਗੁਰਮੁਖ ਲੇਖੇ ਲਾਇੰਦਾ, ਜਿਨ ਸੱਜਣ ਲਏ ਪਛਾਣ। ਗੁਰਸਿਖ ਮਾਰਗ ਪਾਇੰਦਾ, ਏਕਾ ਹੁਕਮ ਧੁਰ ਫ਼ਰਮਾਣ। ਆਦਿ ਜੁਗਾਦੀ ਆਪਣਾ ਢੋਲਾ ਆਪੇ ਗਾਇੰਦਾ, ਜੁਗਾ ਜੁਗੰਤਰ ਖੇਲ ਮਹਾਨ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਅੰਤਮ ਵੇਖੇ ਆਣ। ਨਿਹਕਲੰਕਾ ਜਾਮਾ ਪਾਇੰਦਾ, ਸ਼ਬਦ ਖੰਡਾ ਤੀਰ ਕਮਾਨ। ਵਾਸੀ ਪੁਰੀ ਘਨਕ ਆਪ ਅਖਵਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਸਾਚਾ ਡੰਕਾ ਆਪ ਵਜਾਇੰਦਾ, ਵੇਖ ਵਖਾਏ ਰਾਜ ਰਾਜਾਨ। ਸਾਚਾ ਬੰਕਾ ਆਪ ਸੁਹਾਇੰਦਾ, ਬੰਕ ਦਵਾਰੀ ਸ੍ਰੀ ਭਗਵਾਨ। ਮਨ ਮਨਕਾ ਆਪ ਫਿਰਾਇੰਦਾ, ਜੋ ਜਨ ਚਰਨੀ ਡਿਗੇ ਆਣ। ਹਉਮੇ ਸ਼ੰਕਾ ਰੋਗ ਗਵਾਇੰਦਾ, ਏਕਾ ਸਚ ਨਾਮ ਨਿਧਾਨ। ਜਨ ਜਨਕਾ ਵੇਖ ਵਖਾਇੰਦਾ, ਗੁਰਮੁਖ ਸਾਚੇ ਚਤਰ ਸੁਜਾਨ। ਧਨ ਧਨ ਝੋਲੀ ਪਾਇੰਦਾ, ਦੇਵਣਹਾਰਾ ਮਾਲ ਧਨ ਸੱਚਾ ਖਜ਼ਾਨ। ਰਾਓ ਰੰਕਾਂ ਖੇਲ ਖਿਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਸਾਚਾ ਮਾਣ। ਹਰਿਜਨ ਸਾਚੇ ਮਾਣ ਚਰਨ ਦਵਾਰੇ, ਸਤਿਗੁਰ ਸੇਵਾ ਆਪ ਵਿਖਾਈਆ। ਗੁਰ ਗੁਰ ਰੂਪ ਲਏ ਅਵਤਾਰੇ, ਗੋਬਿੰਦ ਮੇਲਾ ਸਚ ਮਿਲਾਈਆ। ਅਸਥਿਲ ਸੋਹਨ ਵਸਦੇ ਰਹਿਣ ਚੁਬਾਰੇ, ਭਗਤ ਭਗਵੰਤ ਦਏ ਸਲਾਹੀਆ। ਸੰਤਨ ਚਾੜ੍ਹੇ ਰੰਗ ਅਪਾਰੇ, ਰੰਗ ਮਜੀਠੀ ਉਤਰ ਨਾ ਜਾਈਆ। ਗੁਰਮੁਖ ਕੂਕੇ ਕਰੇ ਪੁਕਾਰੇ, ਹਰਿ ਹਰਿ ਏਕਾ ਰਸਨਾ ਗਾਈਆ। ਗੁਰਮੁਖ ਢਹਿ ਢਹਿ ਪਏ ਦੁਆਰੇ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸਤਿਗੁਰ ਪੂਰਾ ਗੁਰਮੁਖਾਂ ਉਤੋਂ ਆਪ ਆਪਣਾ ਆਪੇ ਵਾਰੇ, ਆਪਣੀ ਭੇਟਾ ਆਪ ਚੜ੍ਹਾਈਆ। ਚਾਰੇ ਜੁਗ ਸੁਤ ਦੁਲਾਰੇ, ਪਿਤਾ ਪੂਤ ਵੇਖ ਵਖਾਈਆ। ਲੇਖਾ ਜਾਣੇ ਅਜੀਤ ਜੁਝਾਰੇ, ਭੁੱਲ ਰਹੇ ਨਾ ਰਾਈਆ। ਫ਼ਤਿਹ ਜ਼ੋਰਾਵਰ ਮਾਰ ਲਲਕਾਰੇ, ਲਹਿਣਾ ਦੇਣਾ ਦਏ ਚੁਕਾਈਆ। ਨੀਲੇ ਘੋੜੇ ਹੋ ਅਸਵਾਰੇ, ਨੀਲੇ ਵਾਲਾ ਫੇਰੀ ਪਾਈਆ। ਨੌਂ ਖੰਡ ਪ੍ਰਿਥਮੀ ਲੱਗਾ ਵੇਖੇ ਇਕ ਅਖਾੜੇ, ਸ਼ਾਹ ਪਾਤਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਗੁਰਮੁਖ ਉਠਾਏ ਸਾਚੇ ਲਾੜੇ, ਰੰਗ ਬਸੰਤੀ ਇਕ ਰੰਗਾਈਆ। ਦਿਵਸ ਸੁਹਾਏ ਸਤਾਰਾਂ ਹਾੜ੍ਹੇ, ਜੋ ਚੜ੍ਹਿਆ ਉਤਰ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਫੜ, ਵੇਖਣਹਾਰਾ ਥਾਉਂ ਥਾਈਆ। ਥਾਨ ਥਨੰਤਰ ਵੇਖਦਾ, ਵੇਖਣਹਾਰ ਕਰਤਾਰ। ਧਾਰੇ ਰੂਪ ਦਸ ਦਸਮੇਸ ਦਾ, ਗੁਰ ਸ਼ਬਦੀ ਲਏ ਅਵਤਾਰ। ਕਲਜੁਗ ਵੇਲਾ ਅੰਤਮ ਠੇਸਦਾ, ਧਰਨੀ ਧਰਤ ਨਾ ਚੁੱਕੇ ਭਾਰ। ਬ੍ਰਹਮਾ ਵਿਸ਼ਨ ਸ਼ਿਵ ਸਤਿਗੁਰ ਚਰਨ ਦਵਾਰੇ ਲੇਟਦਾ, ਧੂੜੀ ਮੰਗੇ ਖਾਕ ਅਪਾਰ। ਪੁਰਖ ਅਬਿਨਾਸ਼ੀ ਆਪਣੇ ਅੰਦਰ ਆਪੇ ਲਪੇਟਦਾ, ਦਿਸ ਨਾ ਆਏ ਵਿਚ ਸੰਸਾਰ। ਕਰੇ ਖੇਲ ਖੇਵਟ ਖੇਟ ਦਾ, ਬੇੜਾ ਚਲਾਏ ਵਿਚ ਮੰਝਧਾਰ। ਲਿਆ ਜਨਮ ਮਹੀਨਾ ਜੇਠ ਦਾ, ਜੇਠਾ ਪੁਤ ਹਰਿ ਕਰਤਾਰ। ਗੁਰਮੁਖਾਂ ਅੰਦਰ ਵੜ ਵੜ ਵੇਖਦਾ, ਖੇਲੇ ਖੇਲ ਅਗੰਮ ਅਪਾਰ। ਮਨਮੁਖਾਂ ਨਾਲ ਕਰੇ ਸੰਗ ਝੇਡ ਦਾ, ਝਿੜਕ ਝਿੜਕ ਦਰ ਦਵਾਰਿਉਂ ਦਏ ਦੁਰਕਾਰ। ਗੁਰ ਗੋਬਿੰਦ ਵੇਲਾ ਹੱਕ ਨਿਬੇੜਦਾ, ਨਿਬੇੜਾ ਕਰੇ ਆਪ ਨਿਰੰਕਾਰ। ਉਲਟਾ ਗੇੜਾ ਆਪੇ ਗੇੜਦਾ, ਚਾਰੋਂ ਕੁੰਟ ਦਏ ਹੁਲਾਰ। ਕਲਜੁਗ ਕੂੜ ਕੂੜ ਕੁੜਿਆਰਾ ਛੇੜਾਂ ਛੇੜਦਾ, ਉਚੀ ਕੂਕੇ ਕਰੇ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਾਏ ਪਾਰ। ਸਤਿਗੁਰ ਪੂਰਾ ਤਾੜਦਾ, ਦੀਨਾਂ ਨਾਥ ਦਿਆਲ। ਮਾਨਸ ਜਨਮ ਪੈਜ ਸਵਾਰਦਾ, ਦਿਵਸ ਰੈਣ ਕਰੇ ਪ੍ਰਿਤਪਾਲ। ਕਲਜੁਗ ਸੁਤਿਆਂ ਵਾਜਾਂ ਮਾਰਦਾ, ਸ਼ਬਦ ਧੁਨ ਲਏ ਉਠਾਲ। ਗੜ ਤੋੜੇ ਗੜ ਹੰਕਾਰ ਦਾ, ਸ਼ਬਦ ਖੰਡਾ ਫੜ ਫੜ ਢਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖਣਹਾਰਾ ਸਾਚੇ ਲਾਲ। ਲਾਲ ਅਣਮੁਲੜਾ ਮਾਣਕ ਮੋਤੀ, ਗੁਰਸਿਖ ਮਹਿਮਾ ਕਹਿਣ ਨਾ ਜਾਈਆ। ਘਰ ਮੰਦਰ ਜਗਦੀ ਰਹੇ ਜੋਤੀ, ਦਿਵਸ ਰੈਣ ਨਾ ਕੋਈ ਬੁਝਾਈਆ। ਸੁਰਤ ਸਵਾਣੀ ਰਹੇ ਨਾ ਸੋਤੀ, ਸੁਤਿਆਂ ਰੈਣ ਨਾ ਕੋਈ ਵਿਹਾਈਆ। ਸਤਿਗੁਰ ਪੂਰਾ ਕੱਢੇ ਵਾਸਨਾ ਖੋਟੀ, ਜਗਤ ਬਨਬਾਸ ਦਏ ਗਵਾਈਆ। ਫੜ ਚੜ੍ਹਾਏ ਸਾਚੀ ਚੋਟੀ, ਚਿਤਵਤ ਠਗੋਰੀ ਕੋਇ ਨਾ ਪਾਈਆ। ਹੱਥ ਫੜਾਏ ਨਾਮ ਸੋਟੀ, ਡੂੰਘੀ ਕੰਦਰ ਪਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਖ ਦਰਦ ਦਏ ਗਵਾਈਆ। ਦੁਖ ਦਰਦ ਦਰ ਛੁੱਟਿਆ, ਨਿਰਮਲ ਹੋਇਆ ਸ਼ਰੀਰ। ਆਪ ਸੁਹਾਈ ਸਾਚੀ ਰੁਤਿਆ, ਕੱਢੇ ਹਉਮੇ ਪੀੜ। ਦੀਨ ਦਿਆਲਾ ਏਕਾ ਤੁਠਿਆ, ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ। ਨਾਤਾ ਤੋੜੇ ਜੂਠਾ ਝੂਠਿਆ, ਵਡ ਦਾਤਾ ਗੁਣੀ ਗਹੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖਸ਼ਣਹਾਰਾ ਸਾਚਾ ਨੀਰ । ਨਿਰਮਲ ਨੀਰ ਆਤਮ ਜੀਆ, ਬਿਰਹੋਂ ਅਗਨ ਮਿਟਾਈਆ। ਗੁਰਮੁਖ ਵਿਰਲੇ ਮਾਤ ਪੀਆ, ਨਾਮ ਖੁਮਾਰੀ ਇਕ ਵਖਾਈਆ। ਨਾਤਾ ਤੋੜੇ ਸਾਢੇ ਤਿੰਨ ਹੱਥ ਸੀਆਂ, ਦਰ ਘਰ ਸਾਚੇ ਵੱਜੀ ਵਧਾਈਆ। ਸਤਿਗੁਰ ਮਿਲਿਆ ਸਾਚਾ ਪੀਆ, ਪੀਤ ਪੀਤੰਬਰ ਸੀਸ ਸੁਹਾਈਆ। ਗੁਰ ਗੁਰ ਕਰੇ ਆਪਣਾ ਹੀਆ, ਗੁਰਮੁਖ ਵਡ ਵਡਿਆਈਆ। ਭਗਤਨ ਅੰਦਰ ਆਪੇ ਥੀਆ, ਥਿਰ ਘਰ ਵਾਸੀ ਭੇਵ ਨਾ ਰਾਈਆ। ਸੰਤਨ ਅੰਦਰ ਬੀਜੀਆ ਬੀਆ, ਰਕਤ ਬੂੰਦ ਨਾ ਕੋਇ ਟਿਕਾਈਆ। ਗੁਰਮੁਖਾਂ ਕਰਾਏ ਸਾਚਾ ਹੀਆ, ਹਰਿ ਕੇ ਪੌੜੇ ਆਪ ਚੜ੍ਹਾਈਆ। ਗੁਰਸਿਖ ਤੇਰੀ ਡੂੰਘੀ ਰਖਾਈ ਨੀਆਂ, ਨੀਆਂ ਹੇਠ ਨਿਉਂ ਨਿਉਂ ਆਪਣਾ ਆਪ ਦਬਾਈਆ। ਜੋਤ ਅਕਾਲਣ ਬਣੀ ਤ੍ਰੀਆ, ਪੁਰਖ ਅਕਾਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਦੁਖ ਦਲਿਦਰ ਨਾਸਿਆ, ਮਿਟਿਆ ਜਗਤ ਅੰਧੇਰਾ। ਏਕਾ ਰਸਨਾ ਪੂਜਾ ਪਾਠਿਆ, ਮਨ ਅੰਤਰ ਚਾਓ ਘਨੇਰਾ। ਜਗਤ ਵਿਕਾਰਾ ਵਿਚੋਂ ਕਾਟਿਆ, ਪੰਚਮ ਪੰਚਮ ਢਹਿ ਢਹਿ ਹੋਏ ਢੇਰਾ। ਪੰਧ ਮੁਕਾਇਆ ਔਖੀ ਘਾਟਿਆ, ਸੁਖ ਉਪਜੇ ਨੇਰਨ ਨੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਬੰਨਣਹਾਰਾ ਬੇੜਾ। ਬੇੜਾ ਬੰਨ੍ਹੇ ਸਤਿਗੁਰ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਗੁਰੂ ਗੁਰ ਮੰਤਰ ਨਾਮ ਦ੍ਰਿੜਾਏ ਸਾਚਾ ਗੀਤ, ਗ੍ਰਹਿ ਗ੍ਰਹਿ ਵੇਖ ਵਖਾਈਆ। ਪੰਜ ਤਤ ਤਨ ਕਰੇ ਠੰਡਾ ਸੀਤ, ਸਾਂਤਕ ਸਤਿ ਸਤਿ ਵਰਤਾਈਆ। ਇਕ ਵਖਾਏ ਸਾਚੀ ਰੀਤ, ਪਤਿਤ ਪੁਨੀਤ ਬੇਪਰਵਾਹੀਆ। ਕਾਇਆ ਮੰਦਰ ਦੇਹੁਰਾ ਮਸੀਤ, ਘਰ ਠਾਕਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਆਪੇ ਦਏ ਬੁਝਾਈਆ। ਏਕਾ ਠਾਕਰ ਏਕਾ ਸਵਾਮੀ, ਏਕਾ ਸਤਿਗੁਰ ਨਾਉਂ ਧਰਾਇੰਦਾ। ਏਕਾ ਕਰਮ ਕਰੇ ਉਜਾਗਰ ਹੋਏ ਨੇਹਕਾਮੀ, ਨੇਹਕਰਮੀ ਆਪਣੀ ਕਲ ਵਰਤਾਇੰਦਾ। ਏਕਾ ਨਗਰ ਖੇੜਾ ਵਸੇ ਗਰਾਮੀ, ਸਚ ਸਿੰਘਾਸਣ ਏਕਾ ਲਾਇੰਦਾ। ਏਕਾ ਸ਼ਬਦ ਨਾਦ ਏਕਾ ਗਾਏ ਬਾਣੀ, ਬਾਵਨ ਆਪਣਾ ਰੂਪ ਧਰਾਇੰਦਾ। ਏਕਾ ਅੰਮ੍ਰਿਤ ਠੰਡਾ ਪਾਣੀ, ਆਦਿ ਜੁਗਾਦਿ ਆਪ ਵਰਤਾਇੰਦਾ। ਏਕਾ ਮਹਿਮਾ ਅਕਥ ਕਹਾਣੀ, ਜੁਗ ਜੁਗ ਆਪ ਸੁਣਾਇੰਦਾ। ਏਕਾ ਰਾਜਾ ਏਕਾ ਰਾਣੀ, ਏਕਾ ਤਖ਼ਤ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੇਵਾ ਆਪ ਕਮਾਇੰਦਾ। ਸਤਿਗੁਰ ਪੂਰਾ ਸੇਵਾ ਕਰ, ਸੇਵਾਦਾਰ ਅਖਵਾਈਆ। ਗੁਰ ਗੁਰ ਰੂਪ ਮਾਤ ਧਰ, ਧਰਤ ਧਵਲ ਦਏ ਵਡਿਆਈਆ। ਭਗਤ ਫੜਾਏ ਆਪਣਾ ਲੜ, ਛੁੱਟ ਕਦੇ ਨਾ ਜਾਈਆ। ਸੰਤਨ ਅੰਦਰ ਆਪੇ ਵੜ, ਵਰਨ ਗੋਤ ਦਏ ਗਵਾਈਆ। ਗੁਰਮੁਖਾਂ ਘਰ ਵਿਚ ਵਖਾਏ ਘਰ, ਘਰ ਘਰ ਦੀਪ ਜੋਤ ਰੁਸ਼ਨਾਈਆ। ਗੁਰਮੁਖਾਂ ਚੁਕਾਏ ਝੂਠਾ ਡਰ, ਭਾਂਡਾ ਭਰਮ ਭੌ ਭਨਾਈਆ। ਸਾਚਾ ਘਾੜਨ ਆਪੇ ਘੜ, ਐਹਰਨ ਮਤ ਵੇਖ ਵਿਖਾਈਆ। ਜਤ ਪਹਾਰਾ ਵੇਖੇ ਦਰ, ਆਪਣੀ ਪਵਣ ਪਵਣ ਹਿਲਾਈਆ। ਧੀਰਜ ਸੁਨਿਆਰਾ ਆਪੇ ਬਣ, ਆਪਣੀ ਕਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਬਣਾਈਆ। ਨਾ ਕੋਈ ਵੇਦ ਦਿਸੇ ਹਥਿਆਰ, ਆਪਣਾ ਘਾੜਨ ਆਪ ਘੜਾਇੰਦਾ। ਜਤ ਪਹਾਰਾ ਨਾ ਕੋਈ ਸੁਨਿਆਰ, ਅਗਨੀ ਤਤ ਨਾ ਕੋਈ ਮਿਲਾਇੰਦਾ। ਐਹਰਨ ਮਤ ਨਾ ਕੋਇ ਉਜਿਆਰ, ਹਠ ਮਠ ਨਾ ਕੋਇ ਠਗਾਇੰਦਾ। ਠਾਂਡੇ ਘਰ ਬੈਠ ਸੱਚੀ ਸਰਕਾਰ, ਸਾਚੀ ਖੇਲ ਆਪ ਖਿਲਾਇੰਦਾ। ਏਕਾ ਮੰਤਰ ਕਰ ਤਿਆਰ, ਆਪਣਾ ਫੁਰਨਾ ਬਾਹਿਰ ਕਢਾਇੰਦਾ। ਆਦਿ ਜੁਗਾਦੀ ਪਾਵੇ ਸਾਰ, ਜੁਗ ਜੁਗ ਵੇਖ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸਰ ਕਦੇ ਨਾ ਜਾਇੰਦਾ।
