੬ ਚੇਤ ੨੦੧੪ ਬਿਕ੍ਰਮੀ ਉਜਾਗਰ ਸਿੰਘ ਦੇ ਗ੍ਰਹਿ ਪਿੰਡ ਰਾਮੂ ਵਾਲਾ ਜ਼ਿਲਾ ਫਿਰੋਜ਼ਪੁਰ
ਗੁਣ ਅਵਗੁਣ ਆਪੇ ਜਾਣ, ਜਾਨਣਹਾਰ ਅਖਵਾਇਆ। ਕਰੇ ਕਰਾਏ ਪੁਣ ਛਾਣ, ਲੱਖ ਚੁਰਾਸੀ ਛਾਣ ਵਖਾਇਆ। ਗੁਰਮੁਖ ਉਠਾਏ ਬਾਲ ਅੰਞਾਣ, ਆਤਮ ਪੜਦਾ ਲਾਹਿਆ। ਆਪੇ ਬਖ਼ਸ਼ੇ ਚਰਨ ਧਿਆਨ, ਚਰਨ ਕਵਲ ਸਰਨਾਇਆ। ਦਾਤੀ ਦਾਤਾ ਦੇਵੇ ਸੱਚਾ ਦਾਨ, ਸੋਹੰ ਝੋਲੀ ਪਾਇਆ। ਆਤਮ ਉਪਜੇ ਬ੍ਰਹਮ ਗਿਆਨ, ਅਗਿਆਨ ਅੰਧੇਰ ਮਿਟਾਇਆ। ਸਤਿ ਸੰਤੋਖੀ ਪੀਣ ਖਾਣ, ਅੰਮ੍ਰਿਤ ਜਾਮ ਪਿਆਇਆ। ਆਵਣ ਜਾਵਣ ਚੁੱਕੇ ਕਾਣ, ਰਾਏ ਧਰਮ ਨਾ ਦਏ ਸਜ਼ਾਇਆ। ਸ਼ਬਦ ਬਿਠਾਏ ਇਕ ਬਿਬਾਣ, ਘਰ ਸਾਚਾ ਰਿਹਾ ਵਿਖਾਇਆ। ਸਰਨ ਸਰਨਾਈ ਜੋ ਲੱਗ ਜਾਣ, ਕਲਜੁਗ ਅੰਤਮ ਲਏ ਤਰਾਇਆ। ਮਿਲਿਆ ਮੇਲ ਹਰਿ ਭਗਵਾਨ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨਮੁਖ ਜੀਵਾਂ ਰਿਹਾ ਭੁਲਾਇਆ। ਮਨਮੁਖ ਜੀਵ ਭਰਮੇ ਭੁੱਲੇ, ਸੁਧ ਰਹੇ ਨਾ ਰਾਇਆ। ਜੂਠੀ ਝੂਠੀ ਮਾਇਆ ਰੁੱਲੇ, ਆਪਣੀ ਪਤ ਗਵਾਈਆ। ਭਾਗ ਨਾ ਲੱਗਾ ਕਾਇਆ ਕੁੱਲੇ, ਦੀਪਕ ਜੋਤ ਨਾ ਕੋਈ ਜਗਾਈਆ। ਗੋਬਿੰਦ ਸਗਨ ਨਾ ਲਾਇਆ ਸਾਚੇ ਬੁੱਲ੍ਹੇ, ਹਰਿ ਸ਼ਬਦ ਨਾ ਰਸਨ ਛੁਹਾਈਆ। ਸ਼ਬਦ ਅੰਧੇਰ ਏਕਾ ਝੁੱਲੇ, ਪ੍ਰਭ ਸਾਚਾ ਰਿਹਾ ਝੁਲਾਈਆ। ਮਨਮੁਖ ਪੂਰੇ ਤੋਲ ਕੋਈ ਨਾ ਤੁਲੇ, ਗੁਰਮੁਖ ਸਾਚੇ ਆਪ ਤੁਲਾਈਆ। ਕਲਜੁਗ ਬੂਟਾ ਅੰਤਮ ਹੁੱਲੇ, ਫਲ ਕੋਈ ਰਹਿਣ ਨਾ ਪਾਈਆ। ਹਰਿਜਨ ਸਾਚੇ ਲਾਲ ਅਨਮੁਲੇ, ਸ਼ਬਦ ਦੁਸ਼ਾਲੇ ਰਿਹਾ ਲਗਾਈਆ। ਗੁਰਮੁਖ ਵਿਰਲਾ ਚਰਨ ਪ੍ਰੀਤੀ ਘੋਲ ਘੁੱਲੇ, ਸਚ ਦਵਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਬੰਕ ਸੁਹਾਈਆ। ਭਗਤ ਵਛਲ ਆਪ ਗਿਰਧਾਰ, ਆਪਣੀ ਦਇਆ ਕਮਾਇੰਦਾ। ਕਲਜੁਗ ਮਾਇਆ ਵਸਿਆ ਬਾਹਰ, ਦੂਈ ਦਵੈਤੀ ਪਰਦਾ ਲਾਹਿੰਦਾ। ਰਾਹ ਸਾਚਾ ਆਪੇ ਦੱਸਿਆ ਨਰ ਨਿਰੰਕਾਰ, ਏਕਾ ਦੂਜਾ ਭਉ ਚੁਕਾਇੰਦਾ। ਆਪੇ ਬਣਿਆ ਮੀਤ ਮੁਰਾਰ, ਸਖਾ ਸਹਾਈ ਆਪ ਹੋ ਆਇੰਦਾ। ਕਲਜੁਗ ਕਾਲਾ ਵੇਸ ਉਤਾਰ, ਦਰ ਦਰਵੇਸ਼ੀ ਬਾਣਾ ਲਾਹਿੰਦਾ। ਸਤਿਜੁਗ ਸਾਚੇ ਕਰ ਪਿਆਰ, ਚਿੱਟੀ ਚਾਦਰ ਤਨ ਛੁਹਾਇੰਦਾ। ਆਪ ਆਪਣਾ ਦਿਵਸ ਵਿਚਾਰ, ਕਰਤਾ ਕਾਦਰ ਆਪ ਅਖਵਾਇੰਦਾ। ਸੰਮਤ ਸੰਮਤੀ ਪਾਵੇ ਸਾਰ, ਲਹਿਣਾ ਦੇਣ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੀ ਕਾਇਆ ਘਰ, ਆਪ ਆਪਣਾ ਚਰਨ ਰਖਾਇੰਦਾ। ਸਾਚਾ ਘਰ ਪੰਜ ਤਤ, ਹਰਿ ਆਪਣੀ ਰਚਨ ਬਣਾਈਆ। ਆਪੇ ਬੈਠਾ ਕਮਲਾਪਤ, ਪਤ ਪਤਵੰਤ ਆਪ ਅਖਵਾਈਆ। ਚਰਨ ਪ੍ਰੀਤੀ ਬੰਨ੍ਹੇ ਨੱਤ, ਨਾ ਕੋਈ ਤੋੜ ਤੁੜਾਈਆ। ਸਤਿ ਸੰਤੋਖੀ ਧੀਰਜ ਯਤ, ਸਤਿ ਸੰਤੋਖੀ ਰਿਹਾ ਵਖਾਈਆ। ਬਹੱਤਰ ਨਾੜੀ ਨਾ ਉਬਲੇ ਰੱਤ, ਤਾਮਸ ਤ੍ਰਿਸ਼ਨਾ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਵਰਿਆਮ ਆਪ ਅਖਵਾਈਆ। ਘਰ ਪਾਇਆ ਪੁਰਖ ਅਗੰਮੜਾ, ਮੇਲਾ ਸਹਿਜ ਸੁਭਾਏ। ਹੱਡ ਮਾਸ ਨਾ ਦੀਸੇ ਚੰਮੜਾ, ਨਾ ਕੋਈ ਤਤ ਬਣਾਏ। ਨਾ ਕੋਈ ਪੱਲੇ ਦਿਸੇ ਦਮੜਾ, ਏਕਾ ਵਸਤ ਨਾਮ ਰਖਾਏ। ਗੁਰਮੁਖਾਂ ਭਾਰੀ ਕਰਾਏ ਪੱਲੜਾ, ਲੱਖ ਚੁਰਾਸੀ ਹੌਲੇ ਭਾਰ ਫਿਰਾਏ। ਕਲਜੁਗ ਹੋਇਆ ਭਾਗਾਂ ਮੰਦੜਾ, ਮੁਖ ਸ਼ਾਹੀ ਟਿੱਕਾ ਲਾਏ। ਸੋਹੰ ਸ਼ਬਦ ਜਗਤ ਬਖ਼ਸ਼ੰਦੜਾ, ਗੁਰਮੁਖ ਸਾਚੇ ਲਏ ਤਰਾਏ। ਭੇਵ ਨਾ ਪਾਏ ਆਤਮ ਅੰਧੜਾ, ਨਾ ਜਿੰਦੜਾ ਕੋਈ ਤੁੜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖੇ ਘਰ, ਘਰ ਬਾਹਰੀ ਆਪ ਹੋ ਜਾਏ। ਘਰ ਬਾਹਰ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਸ਼ਬਦ ਸਿੰਘਾਸਣ ਕਰ ਤਿਆਰ, ਜੋਤ ਸਰੂਪੀ ਆਸਣ ਲਾਇਆ। ਜੋਤ ਸਰੂਪੀ ਕਰ ਆਕਾਰ, ਦਿਵਸ ਰੈਣ ਅੰਧੇਰ ਮਿਟਾਇਆ। ਦਿਵਸ ਰੈਣ ਪਾਵੇ ਸਾਰ, ਸੇਵਕ ਸੇਵਾ ਲਾਇਆ। ਚੰਨ ਸੂਰਜ ਬੰਨ੍ਹੇ ਧਾਰ, ਆਪ ਆਪਣੀ ਜੋਤ ਜਗਾਇਆ। ਤਾਰਾ ਮੰਡਲ ਚਰਨ ਦਵਾਰ, ਹਰਿ ਆਪਣੇ ਹੱਥ ਰਖਾਇਆ। ਉਪਰ ਬੈਠ ਸੱਚੀ ਸਰਕਾਰ, ਆਪ ਆਪਣੀ ਕਿਰਤ ਕਮਾਇਆ। ਕਰੇ ਕਰਾਏ ਕਰਨੇਹਾਰ, ਜੁਗ ਜੁਗ ਰਿਹਾ ਬਣਤ ਬਣਾਇਆ। ਕਲਜੁਗ ਤੇਰੀ ਕਾਲੀ ਧਾਰ, ਹਰਿ ਕਾਲਾ ਰੂਪ ਵਟਾਇਆ। ਕੇਸਾਧਾਰੀ ਨਾ ਪਾਇਣ ਸਾਰ, ਨਾ ਕੋਈ ਜਾਣੇ ਮੂੰਡ ਮੁੰਡਾਇਆ। ਭਰਮੇ ਭੁੱਲੇ ਜੀਵ ਗਵਾਰ, ਭਾਂਡਾ ਭਰਮ ਨਾ ਕਿਸੇ ਭੰਨਾਇਆ। ਗੁਰਮੁਖ ਭੁੱਲੇ ਰੁੱਲੇ ਵਿਚ ਸੰਸਾਰ, ਸਤਿਗੁਰ ਪੂਰਾ ਪਾਇਆ। ਮਾਇਆ ਰੁੱਲੇ ਨਾ ਡੋਬੇ ਮੰਝਧਾਰ, ਸਾਚੇ ਬੇੜੇ ਰਿਹਾ ਚੜ੍ਹਾਇਆ। ਜੂਠੇ ਝੂਠੇ ਮੀਤ ਮੁਰਾਰ, ਮਾਤ ਪਿਤ ਭਾਈ ਭੈਣ ਨਾ ਕੋਈ ਸੰਗ ਨਿਭਾਇਆ। ਇਕ ਸੁਹਾਏ ਦਰ ਦਰਬਾਰ, ਦਰ ਦਰਵੇਸ਼ਾ ਹਰਿ ਰਘੁਰਾਇਆ। ਭਗਤ ਸੁਹੇਲਾ ਲਏ ਉਭਾਰ, ਗੁਰ ਚੇਲਾ ਰੂਪ ਵਟਾਇਆ। ਸ਼ਬਦ ਖੰਡਾ ਤੇਜ ਕਟਾਰ, ਹਰਿ ਆਪਣਾ ਰਿਹਾ ਉਠਾਇਆ। ਪੰਚਾਂ ਕਰੇ ਖ਼ਬਰਦਾਰ, ਚੋਰ ਯਾਰ ਕੋਈ ਨੇੜ ਨਾ ਆਇਆ। ਠੱਗ ਠਗੋਰੀ ਠੱਗੇ ਸੰਸਾਰ, ਠੱਗਣਹਾਰਾ ਦਿਸ ਨਾ ਆਇਆ। ਉਪਰ ਸ਼ਾਹ ਰੱਗੇ ਬੈਠ ਸਰਕਾਰ, ਗੁਰਮੁਖ ਸਾਚੇ ਰਾਹ ਵਖਾਇਆ। ਲੱਗੇ ਅੱਗ ਨਾਰੀ ਨਾਰ, ਨਰ ਨਰਾਇਣ ਰਿਹਾ ਲਗਾਇਆ। ਮੱਠ ਤਪੇ ਅਗਨੀ ਅੰਗਿਆਰ, ਨਾ ਕੋਈ ਸਕੇ ਬੁਝਾਇਆ। ਮਨਮੁਖ ਜੀਵਾਂ ਆਈ ਹਾਰ, ਮਨਮਤੀ ਧਰਮ ਚਲਾਇਆ। ਗੁਰਮੁਖ ਵਿਰਲੇ ਤਨ ਸ਼ਿੰਗਾਰ, ਏਕਾ ਸ਼ਬਦ ਕਰਾਇਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਵੇਸ ਕਰੇਂਦਾ ਆਇਆ। ਗੁਰਮੁਖ ਸਾਜਣ ਮੀਤ ਮੁਰਾਰ, ਆਪ ਆਪਣਾ ਨਿਹੋਂ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਹਰਿ ਆਪਣਾ ਆਪ ਟਿਕਾਇਆ। ਘਰ ਮੰਦਰ ਸੋਹੇ ਬੰਕ, ਪ੍ਰਭ ਸਾਚਾ ਚਰਨ ਛੁਹਾਇੰਦਾ। ਆਪ ਲਗਾਏ ਆਪਣੇ ਅੰਕ, ਏਕਾ ਸ਼ਬਦ ਵਖਾਇੰਦਾ। ਨੌ ਦਰ ਰਸਨ ਫੀਕਾ ਡੰਕ, ਨਾ ਕੋਈ ਸ਼ਬਦ ਵਜਾਇੰਦਾ। ਪਰਗਟ ਹੋਏ ਵਾਸੀ ਪੁਰੀ ਘਨਕ, ਬਾਰ ਅਨਕ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵਣਹਾਰਾ ਵਰ, ਜੁਗ ਜੁਗ ਮੇਲ ਮਿਲਾਇੰਦਾ। ਜੁਗ ਜੁਗ ਵਰ ਪਾਇਆ ਘਰ ਆਪਣੇ, ਮੇਲਾ ਸਹਿਜ ਸੁਭਾਈਆ। ਕਲਜੁਗ ਮਾਇਆ ਨੇੜ ਨਾ ਆਏ ਤੀਨੋ ਤਾਪਨੇ, ਵੱਜਦੀ ਰਹੇ ਵਧਾਈਆ। ਇਕ ਜਪਾਏ ਸਾਚਾ ਜਾਪਨੇ, ਗੁਣ ਅਵਗੁਣ ਵੇਖ ਵਖਾਈਆ। ਨਾ ਕੋਈ ਪੁੰਨ ਸਰਾਪਨੇ, ਗੁਰਮੁਖ ਦੇਵੇ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਬੰਕ ਦਵਾਰ, ਦਰ ਦਵਾਰੇ ਫੇਰਾ ਪਾਈਆ। ਦਰ ਦਵਾਰੇ ਫੇਰਾ ਪਾਇਆ, ਹਰਿ ਸੱਚੀ ਸਰਨਾਈਆ। ਮੇਰਾ ਤੇਰਾ ਰਿਹਾ ਚੁਕਾਇਆ, ਹਉਮੇ ਹੰਗਤਾ ਰੋਗ ਮਿਟਾਈਆ। ਨੇਰਨ ਨੇਰਾ ਦਰਸ ਦਿਖਾਇਆ, ਦਰ ਦਵਾਰਾ ਸ਼ਬਦ ਵਖਾਈਆ। ਸੰਞ ਸਵੇਰਾ ਇਕ ਕਰਾਇਆ, ਗੁਰ ਸੰਗਤ ਚੰਦ ਚੜ੍ਹਾਈਆ। ਭਰਮਾਂ ਡੇਰਾ ਆਪੇ ਢਾਹਿਆ, ਅੰਧ ਅਗਿਆਨ ਰਹਿਣ ਨਾ ਪਾਈਆ। ਕੰਤ ਸੁਹਾਗੀ ਏਕਾ ਛੰਤ ਸੁਣਾਇਆ, ਗੁਰਮੁਖ ਨਾਰੀ ਰਸਨਾ ਗਾਈਆ। ਖ਼ੁਸ਼ੀ ਬੰਦ ਬੰਦ ਕਰਾਇਆ, ਚਿੰਤਾ ਰੋਗ ਸੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਤੇਰੇ ਹੱਥ ਰੱਖੀ ਆਪਣੀ ਆਪ ਵਡਿਆਈਆ।