Granth 09 Likhat 161: 10 Bhadro 2017 Bikarmi Jagir Das de Greh Khiali Wala Jila Bathinda

੧੦ ਭਾਦਰੋਂ ੨੦੧੭ ਬਿਕ੍ਰਮੀ ਜਗੀਰ ਦਾਸ ਦੇ ਗ੍ਰਹਿ ਖਿਆਲੀ ਵਾਲਾ ਜ਼ਿਲਾ ਬਠਿੰਡਾ

ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਅਕਲ ਕਲ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਲੇਖਾ ਲੇਖ ਨਾ ਕੋਈ ਜਣਾਈਆ। ਏਕੰਕਾਰਾ ਆਦਿ ਅੰਤ, ਅਨਭਵ ਆਪਣਾ ਰੂਪ ਦਰਸਾਈਆ। ਆਦਿ ਨਿਰੰਜਣ ਜੁਗਾ ਜਗੰਤ, ਜੋਤ ਨਿਰੰਜਣ ਡਗਮਗਾਈਆ। ਅਬਿਨਾਸ਼ੀ ਕਰਤਾ ਖੇਲ ਇਕ ਬੇਅੰਤ, ਬੇਅੰਤ ਆਪ ਅਖਵਾਈਆ। ਸ੍ਰੀ ਭਗਵਾਨ ਮੇਲ ਮਿਲਾਵਾ ਸਾਚੇ ਸੰਤ, ਨਿਰਗੁਣ ਨਿਰਗੁਣ ਵੇਖ ਵਖਾਈਆ। ਪਾਰਬ੍ਰਹਮ ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ, ਸ਼ਬਦ ਅਨਾਦ ਨਾਦ ਵਜਾਈਆ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਇਕ ਅਕੱਲਾ ਆਪ ਚਲਾਇੰਦਾ। ਸਚਖੰਡ ਦਵਾਰੇ ਖੇਲ ਅਪਾਰ, ਨਿਰਗੁਣ ਨਰਾਇਣ ਆਪ ਕਰਾਇੰਦਾ। ਮਹੱਲ ਅਟੱਲ ਅਚੱਲ ਸੋਹੇ ਦਰਬਾਰ, ਸਚ ਸੁਲਤਾਨਾ ਆਪ ਸੁਹਾਇੰਦਾ। ਸਤਿ ਸਰੂਪ ਭੂਪ ਬਣ ਸਿਕਦਾਰ, ਮਹਿਮਾ ਅਨੂਪ ਆਪ ਦਰਸਾਇੰਦਾ। ਤਖ਼ਤ ਨਿਵਾਸੀ ਹੋ ਤਿਆਰ, ਸਚ ਸਿੰਘਾਸਣ ਸੋਭਾ ਪਾਇੰਦਾ। ਆਦਿ ਜੁਗਾਦੀ ਲਏ ਅਵਤਾਰ, ਹੁਕਮੀ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰਾ ਏਕੰਕਾਰਾ, ਧਾਮ ਸੁਹੰਜਣਾ ਆਪ ਸੁਹਾਇੰਦਾ। ਸਚਖੰਡ ਦਵਾਰਾ ਸਚ ਟਿਕਾਣਾ, ਹਰਿ ਸਾਚਾ ਸਚ ਸੁਹਾਈਆ। ਇਕ ਅਕੱਲਾ ਸ੍ਰੀ ਭਗਵਾਨਾ, ਅਬਿਨਾਸ਼ੀ ਕਰਤਾ ਬੈਠਾ ਆਸਣ ਲਾਈਆ। ਸ਼ਾਹੋ ਭੂਪ ਬਣ ਰਾਜ ਰਾਜਾਨਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਸ਼ਬਦ ਅਗੰਮੀ ਧੁਰ ਫ਼ਰਮਾਣਾ, ਧੁਰ ਦੀ ਬਾਣੀ ਆਪ ਸੁਣਾਈਆ। ਜੁਗਾ ਜੁਗੰਤਰ ਖੇਲ ਮਹਾਨਾ, ਪਾਰਬ੍ਰਹਮ ਪ੍ਰਭ ਆਪ ਕਰਾਈਆ। ਲੇਖਾ ਜਾਣੇ ਦੋ ਜਹਾਨਾ, ਆਪ ਆਪਣਾ ਬਲ ਧਰਾਈਆ। ਨਿਰਗੁਣ ਨਰਾਇਣ ਆਪ ਆਪਣਾ ਵੇਖੇ ਮਾਰ ਧਿਆਨਾ, ਭੇਵ ਅਭੇਦ ਆਪ ਖੁਲ੍ਹਾਈਆ। ਆਪੇ ਮਰਦ ਆਪ ਮਰਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਈਆ। ਸਤਿ ਸਰੂਪ ਸਰਬ ਗੁਣ ਦਾਤਾ, ਮਹਿਮਾ ਅਕਥ ਕਥੀ ਨਾ ਜਾਈਆ। ਆਦਿ ਜੁਗਾਦੀ ਪੁਰਖ ਬਿਧਾਤਾ, ਜੁਗ ਕਰਤਾ ਵਡ ਵਡਿਆਈਆ। ਆਪੇ ਜਾਣੇ ਆਪਣੀ ਗਾਥਾ, ਬੋਧ ਅਗਾਧਾ ਬੇਪਰਵਾਹੀਆ। ਸ਼ਬਦ ਚਲਾਏ ਏਕਾ ਰਾਥਾ, ਰਥ ਰਥਵਾਹੀ ਸੇਵ ਕਮਾਈਆ। ਸਚਖੰਡ ਦਵਾਰੇ ਆਪ ਨਿਭਾਏ ਆਪਣਾ ਸਾਥਾ, ਥਿਰ ਘਰ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਜੂਨੀ ਰਹਿਤ ਪੁਰਖ ਅਕਾਲ, ਦੀਨਾ ਬੰਧਪ ਦੀਨ ਦਿਆਲ ਦਇਆਨਿਧ ਆਪ ਹੋ ਜਾਈਆ। ਦੀਨ ਦਿਆਲਾ ਹਰਿ ਗੋਪਾਲਾ, ਇਕ ਅਕੱਲਾ ਖੇਲ ਖਿਲਾਇੰਦਾ। ਆਦਿ ਜੁਗਾਦੀ ਖੇਲ ਨਿਰਾਲਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੁਗਾਂ ਜੁਗੰਤਰ ਚਲੇ ਅਵੱਲੜੀ ਚਾਲਾ, ਭੇਵ ਅਭੇਦ ਆਪ ਆਪਣੇ ਵਿਚ ਛੁਪਾਇੰਦਾ। ਸਚਖੰਡ ਦਵਾਰਾ ਵਸੇ ਸੱਚੀ ਧਰਮਸਾਲਾ, ਥਿਰ ਦਰਬਾਰਾ ਆਪ ਸੁਹਾਇੰਦਾ। ਆਪੇ ਜਾਣੇ ਆਪਣਾ ਸਚ ਜੰਜਾਲਾ ਆਪ ਆਪਣੀ ਕਲ ਧਰਾਇੰਦਾ। ਆਪੇ ਕਰੇ ਕਰਾਏ ਸਦਾ ਪ੍ਰਿਤਪਾਲਾ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਹਰਿ ਵਸਾਇੰਦਾ, ਪਾਰਬ੍ਰਹਮ ਬੇਅੰਤ। ਦਰ ਘਰ ਸਾਚੇ ਸੋਭਾ ਪਾਇੰਦਾ, ਪੁਰਖ ਅਬਿਨਾਸ਼ੀ ਹਰਿ ਹਰਿ ਬੇਅੰਤ। ਦੀਵਾ ਬਾਤੀ ਇਕ ਜਗਾਇੰਦਾ, ਦਾਨਾ ਬੀਨਾ ਸੋਭਾਵੰਤ। ਘਰ ਮੰਗਲ ਏਕਾ ਗਾਇੰਦਾ, ਮਹਿਮਾ ਗਾਏ ਆਪ ਬੇਅੰਤ ਬੇਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਅੰਤ। ਆਦਿ ਅੰਤ ਹਰਿ ਸਮਾਇਆ, ਆਪਣਾ ਲੇਖਾ ਆਪਣੇ ਵਿਚ ਟਿਕਾਈਆ। ਸੁਤੇ ਪਰਕਾਸ਼ ਆਪ ਕਰਾਇਆ, ਅਚੱਲ ਮੂਰਤ ਬੇਪਰਵਾਹੀਆ। ਅਜੂਨੀ ਰਹਿਤ ਨਾਉਂ ਧਰਾਇਆ, ਮਰੇ ਨਾ ਜੰਮੇ ਸੱਚਾ ਸ਼ਹਿਨਸ਼ਾਹੀਆ। ਥਿਰ ਘਰ ਘਰ ਆਸਣ ਲਾਇਆ, ਸੱਚਖੰਡ ਦਵਾਰਾ ਦਵਾਰਾ ਰਿਹਾ ਆਪ ਸੁਹਾਈਆ। ਸ਼ਾਹੋ ਭੂਪ ਆਪਣਾ ਨਾਉਂ ਧਰਾਇਆ, ਰਾਜ ਰਾਜਾਨਾਂ ਇਕ ਅਖਵਾਈਆ। ਆਪਣਾ ਹੁਕਮ ਆਪ ਚਲਾਇਆ, ਆਪੇ ਵੇਖੇ ਥਾਉਂ ਥਾਈਆ। ਦਰ ਦਰਬਾਨਾ ਸੇਵ ਕਮਾਇਆ, ਦਰ ਦਰਵੇਸ਼ ਏਕਾ ਆਪਣੀ ਕਲ ਰਖਾਈਆ। ਨਰ ਨਰੇਸ਼ਾ ਵੇਸ ਵਟਾਇਆ, ਨਰ ਨਰਾਇਣ ਆਪ ਅਖਵਾਈਆ। ਬ੍ਰਹਮਾ ਵਿਸ਼ਨ ਸ਼ਿਵ ਲਏ ਉਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੱਟ ਆਪ ਖੁਲ੍ਹਾਈਆ। ਆਪਣਾ ਪਰਦਾ ਦਏ ਚੁੱਕਾ, ਆਪਣੀ ਦਇਆ ਕਮਾਇੰਦਾ। ਕਰੇ ਖੇਲ ਬੇਪਰਵਾਹ, ਆਪਣਾ ਨਾਉਂ ਆਪ ਵਰਤਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਲਏ ਉਪਾ, ਤ੍ਰੈ ਤ੍ਰੈ ਮੇਲ ਮਿਲਾਇੰਦਾ। ਆਪਣੀ ਵਸਤ ਆਪਣੇ ਅੰਦਰ ਲਏ ਭਰਾ, ਸਚ ਭੰਡਾਰਾ ਆਪ ਵਰਤਾਇੰਦਾ। ਨਿਰਗੁਣ ਸਰਗੁਣ ਰੂਪ ਧਰਾ, ਜੋਤੀ ਜਾਤਾ ਆਪ ਅਖਵਾਇੰਦਾ। ਸਰਬ ਕਲਾ ਆਪੇ ਸਮਰਥ, ਸਗਲ ਸਮਗਰੀ ਆਪ ਵਰਤਾਇੰਦਾ। ਆਪੇ ਪੂਜਾ ਆਪੇ ਪਾਠ, ਆਪਣਾ ਮੰਤਰ ਨਾਮ ਦ੍ਰਿੜਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤ, ਬ੍ਰਹਮਾ ਵਿਸ਼ਨ ਸ਼ਿਵ ਦੋਏ ਜੋੜ ਸੀਸ ਝੁਕਾਇੰਦਾ। ਆਪ ਸੁਣਾਏ ਆਪਣੀ ਸ਼ਬਦ ਅਗੰਮੀ ਗਾਥ, ਸਚ ਨਾਅਰਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਦੇਵੇ ਨਾਮ ਵਸਤ ਅਨਮੋਲ, ਪੁਰਖ ਅਬਿਨਾਸ਼ੀ ਆਪਣੇ ਕੰਡੇ ਤੋਲ, ਬ੍ਰਹਮਾ ਵਿਸ਼ਨ ਸ਼ਿਵ ਆਪ ਜਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਭੰਡਾਰ ਹਰਿ ਭਰਿਆ, ਆਪਣੇ ਹੱਥ ਰੱਖੇ ਵਡਿਆਈਆ। ਏਕਾ ਹੁਕਮ ਦਰ ਦਵਾਰੇ ਆਪੇ ਕਰਿਆ, ਸਾਚੀ ਸੇਵਾ ਸਚ ਲਗਾਈਆ। ਆਪਣੀ ਤਰਨੀ ਆਪੇ ਤਰਿਆ, ਤਾਰਨਹਾਰ ਆਪ ਹੋ ਜਾਈਆ। ਆਪਣੀ ਕਰਨੀ ਆਪੇ ਕਰਿਆ ਕਰਤਾ ਪੁਰਖ ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਆਪ ਰਚਾਈਆ। ਆਪਣੀ ਰਚਨਾ ਰਚਨਹਾਰਾ, ਆਪ ਆਪਣੀ ਖੇਲ ਖਿਲਾਇੰਦਾ। ਬ੍ਰਹਮਾ ਵੇਤਾ ਕਰ ਤਿਆਰਾ, ਨਾਭੀ ਫੁਲ ਆਪ ਖਿਲਾਇੰਦਾ। ਵਿਸ਼ਨੂੰ ਤੇਰਾ ਇਕ ਸਹਾਰਾ, ਦੋਏ ਦੋਏ ਧਾਰ ਆਪ ਚਲਾਇੰਦਾ। ਅੰਮ੍ਰਿਤ ਕਵਲ ਠੰਡਾ  ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਅੰਸ ਆਪਣਾ ਬੰਸ ਆਪ ਸੁਹਾਇੰਦਾ। ਆਪਣੀ ਅੰਸ ਪਾਰਬ੍ਰਹਮ, ਆਪ ਆਪਣਾ ਰੂਪ ਵਟਾਇੰਦਾ। ਆਪਣੀ ਕੁੱਖੋਂ ਆਪੇ ਜੰਮ, ਮਾਤ ਪਿਤ ਨਾ ਕੋਈ ਵਖਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਦੋ ਜਹਾਨਾਂ ਆਪ ਚਲਾਇੰਦਾ। ਦਰਗਹਿ ਸਾਚੀ ਧਾਮ ਅਵੱਲਾ ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਈ ਸੁਹਾਇੰਦਾ। ਨਾ ਕੋਈ ਘੜੇ ਨਾ ਕੋਈ ਲਏ ਭੰਨ, ਘੜਨ ਭੰਨਣਹਾਰ ਪੁਰਖ ਸਮਰਥ ਆਪਣੀ ਖੇਲ ਆਪ ਖਿਲਾਇੰਦਾ। ਨਾ ਕੋਈ ਦੇਵਣਹਾਰਾ ਡੰਨ, ਜੂਨੀ ਜੂਨ ਨਾ ਕੋਈ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਸਾਚੀ ਸਿਖ਼ਿਆ ਇਕ ਸਮਝਾਇੰਦਾ। ਬ੍ਰਹਮੇ ਸੁਣ ਕਰ ਧਿਆਨ, ਪੁਰਖ ਅਬਿਨਾਸ਼ੀ ਆਪ ਸੁਣਾਇੰਦਾ। ਮੇਰਾ ਹੁਕਮ ਸੱਚਾ ਫ਼ਰਮਾਣ, ਤੇਰੀ ਦਰ ਦਰ ਸੇਵ ਲਗਾਇੰਦਾ। ਮੇਰਾ ਰਾਗ ਤੇਰੀ ਧੁਨਕਾਨ, ਤੇਰੇ ਮੰਦਰ ਤਾਲ ਵਜਾਇੰਦਾ। ਮੇਰਾ ਸ਼ਬਦ ਤੇਰਾ ਬਿਆਨ, ਨਿਗਹਬਾਨ ਆਪ ਅਖਵਾਇੰਦਾ। ਮੇਰਾ ਚਰਨ ਤੇਰਾ ਮਾਣ, ਕਵਲ ਨੈਣ ਨੈਣ ਮਿਲਾਇੰਦਾ। ਮੇਰਾ ਨਾਦ ਤੇਰਾ ਗਾਣ, ਸ਼ਬਦ ਸ਼ਬਦੀ ਇਕ ਸੁਣਾਇੰਦਾ। ਮੇਰਾ ਤੇਜ ਤੇਰਾ ਭਾਨ, ਨੂਰੋ ਨੂਰ ਡਗਮਗਾਇੰਦਾ। ਮੇਰਾ ਘਰ ਤੇਰਾ ਮਕਾਨ, ਦਰ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ। ਹੁਕਮ ਜਣਾਇਆ ਹਰਿ ਨਿਰੰਕਾਰਾ, ਬ੍ਰਹਮਾ ਸੁਣ ਲਏ ਅੰਗੜਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਹਰਿ ਹਰਿ ਆਪਣੀ ਵੰਡ ਵੰਡਾਈਆ। ਤ੍ਰੈਗੁਣ ਮਾਇਆ ਕਰ ਤਿਆਰਾ, ਤ੍ਰੈ ਤ੍ਰੈ ਲੇਖਾ ਦਏ ਲਿਖਾਈਆ। ਪੰਜ ਤਤ ਹੋਏ ਸਹਾਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਸੰਗ ਨਿਭਾਈਆ। ਆਪੇ ਵਸੇ ਸਭ ਤੋਂ ਬਾਹਰਾ, ਦਿਸ ਕਿਸੇ ਨਾ ਆਈਆ। ਸੇਵਕ ਸੇਵਾ ਕਰੇ ਬਣ ਭਿਖਾਰਾ, ਜੁਗ ਜੁਗ ਆਪਣੀ ਕਾਰ ਕਰਾਈਆ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲਿਖ ਨਾ ਸਕੇ ਸ਼ਾਹੀਆ। ਮੇਰਾ ਸ਼ਬਦ ਸੱਚੀ ਧੁਨਕਾਰਾ, ਬ੍ਰਹਮੇ ਚਾਰੇ ਵੇਦ ਤੇਰੀ ਪੜ੍ਹਾਈਆ। ਤੇਰਾ ਰੂਪ ਵਰਤੇ ਵਿਚ ਸੰਸਾਰਾ, ਲੱਖ ਚੁਰਾਸੀ ਤੇਰੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਭਿਛਿਆ ਝੋਲੀ ਪਾਈਆ। ਸਾਚੀ ਭਿਛਿਆ ਝੋਲੀ ਪਾ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ। ਲੱਖ ਚੁਰਾਸੀ ਘਾੜਨ ਲਿਆ ਘੜਾ, ਘਟ ਘਟ ਆਪਣੀ ਜੋਤ ਜਗਾਇੰਦਾ। ਨਿਰਗੁਣ ਬਾਤੀ ਇਕ ਟਿਕਾ, ਸਰਗੁਣ ਕਮਲਾਪਾਤੀ ਵੇਖ ਵਖਾਇੰਦਾ। ਸ਼ਬਦ ਦਾਤੀ ਬੇਪਰਵਾਹ, ਅਨਹਦ ਰਾਗੀ ਰਾਗ ਸੁਣਾਇੰਦਾ। ਸਾਜਨ ਸਾਜੀ ਅਗੰਮ ਅਥਾਹ, ਕਾਇਆ ਮੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਅੰਦਰ ਆਪੇ ਵੜ, ਆਪ ਆਪਣਾ ਮੁਖ ਛੁਪਾਇੰਦਾ। ਲੱਖ ਚੁਰਾਸੀ ਹਰਿ ਪਸਾਰਾ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਲੋਕਮਾਤ ਖੇਲ ਨਿਆਰਾ, ਬ੍ਰਹਿਮੰਡ ਖੰਡ ਰਚਨ ਰਚਾਇੰਦਾ। ਲੋਆਂ ਪੁਰੀਆਂ ਇਕ ਸਹਾਰਾ, ਗਗਨ ਪਤਾਲਾ ਸੋਭਾ ਪਾਇੰਦਾ। ਰਵ ਸਸ ਕਰ ਉਜਿਆਰਾ, ਮੰਡਲ ਮੰਡਪ ਡੇਰਾ ਲਾਇੰਦਾ। ਜਲ ਬਿੰਬ ਹੋ ਨਿਆਰਾ, ਧਰਤ ਧਵਲ ਆਪ ਉਪਜਾਇੰਦਾ। ਨੌਂ ਖੰਡ ਪ੍ਰਿਥਮੀ ਪਾਵੇ ਸਾਰਾ, ਸੱਤਾਂ ਦੀਪਾਂ ਫੋਲ ਫੁਲਾਇੰਦਾ। ਚੌਦਾਂ ਲੋਕਾਂ ਇਕ ਅਖਾੜਾ, ਤ੍ਰੈ ਤ੍ਰੈ ਵਾਸੀ ਵੇਸ ਵਟਾਇੰਦਾ। ਏਕਾ ਸ਼ਬਦ ਨਾਮ ਜੈਕਾਰਾ, ਪੁਰਖ ਅਬਿਨਾਸ਼ੀ ਆਪ ਅਲਾਇੰਦਾ। ਬ੍ਰਹਮਾ ਸੁਣੇ ਸੁਣਨੇਹਾਰਾ, ਸਤਿ ਸਤਿਵਾਦੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰਾ ਇਕ ਵਡਿਆਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਹਰਿ ਬ੍ਰਹਮੇ ਸ਼ਬਦ ਜਣਾਇਆ। ਧੁਰ ਦਰਗਾਹੀ ਏਕਾ ਰਾਣਾ, ਹਰਿ ਜੂ ਸਾਚੇ ਤਖ਼ਤ ਆਪਣਾ ਆਸਣ ਲਾਇਆ। ਸਾਚਾ ਮੰਦਰ ਸਚ ਮਕਾਨਾ, ਥਿਰ ਘਰ ਆਪਣਾ ਘਰ ਵਖਾਇਆ। ਏਕਾ ਰੂਪ ਏਕਾ ਗਾਣਾ, ਏਕਾ ਤੁਰੀਆ ਨਾਦ ਵਜਾਇਆ। ਏਕਾ ਜੋਤ ਸ੍ਰੀ ਭਗਵਾਨਾ, ਆਦਿ ਜੁਗਾਦੀ ਡਗਮਗਾਇਆ। ਏਕਾ ਸਤਿ ਸਰੂਪੀ ਸਤਿ ਨਿਸ਼ਾਨਾ, ਸਤਿ ਸਤਿ ਸਤਿ ਆਪ ਚੜ੍ਹਾਇਆ । ਏਕਾ ਤਖ਼ਤ ਤਾਜ ਵਿਖਾਨਾ, ਸੱਚਾ ਤਾਜ ਆਪ ਵਖਾਇਆ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਵਖਾਇਆ। ਬ੍ਰਹਮਾ ਵੇਖੇ ਮਾਰ ਧਿਆਨਾ, ਅੱਠੇ ਨੇਤਰ ਨੈਣ ਰਖਾਇਆ। ਅਬਿਨਾਸ਼ੀ ਕਰਤਾ ਸੁਣਾਏ ਇਕ ਫ਼ਰਮਾਣਾ, ਸਾਚਾ ਹੁਕਮ ਆਪ ਜਣਾਇਆ। ਲੋਕਮਾਤ ਜੁਗਾ ਜੁਗੰਤਰ ਸੁਣਾਏ ਆਪਣਾ ਭਾਣਾ, ਹਰਿ ਭਾਣੇ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਸਮਝਾਇਆ। ਬ੍ਰਹਮਾ ਉਠਿਆ ਨੇਤਰ ਖੋਲ੍ਹ, ਪ੍ਰਭ ਅੱਗੇ ਸੀਸ ਝੁਕਾਇੰਦਾ। ਨਾਦ ਅਨਾਦੀ ਬੋਲੇ ਬੋਲ, ਬ੍ਰਹਮ ਬ੍ਰਹਿਮਾਦੀ ਆਪ ਸੁਣਾਇਆ। ਕਵਣ ਕੰਡੇ ਤੋਲੇ ਤੋਲ, ਲੱਖ ਚੁਰਾਸੀ ਕਵਣ ਵੰਡ ਵੰਡਾਇੰਦਾ। ਕਵਣ ਮਾਇਆ ਮਮਤਾ ਦਏ ਵਰੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਸਾਚਾ ਦੱਸ, ਕਵਣ ਧਾਮ ਕਵਣ ਰਾਮ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਭੇਵ ਖੁਲੰਦੜਾ, ਬ੍ਰਹਮ ਪਾਰਬ੍ਰਹਮ ਕਰ ਪਿਆਰ। ਲੱਖ ਚੁਰਾਸੀ ਜੋਤ ਜਗੰਦੜਾ, ਘਰ ਘਰ ਦੀਪ ਹੋਏ ਉਜਿਆਰ। ਨਿਰਗੁਣ ਸਰਗੁਣ ਵੇਖ ਵਖੰਦੜਾ, ਇਕ ਅਕੱਲਾ ਏਕੰਕਾਰ। ਜੁਗ ਜੁਗ ਆਪਣੀ ਧਾਰ ਚਲੰਦੜਾ, ਚਾਲ ਨਿਰਾਲੀ ਸਿਰਜਣਹਾਰ। ਬ੍ਰਹਮਾ ਏਕਾ ਦਰ ਸੁਹੰਦੜਾ, ਘਰ ਮੰਦਰ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਏ ਮਾਤ ਅਵਤਾਰ। ਜੁਗ ਜੁਗ ਅਵਤਾਰ ਮਾਤ ਧਰੌਣਾ, ਹਰਿ ਸਾਚਾ ਸਚ ਜਣਾਇੰਦਾ। ਸਾਚੇ ਸੰਤਾਂ ਆਪ ਉਠੌਣਾ, ਸ਼ਬਦ ਸ਼ਬਦੀ ਵੇਖ ਵਖਾਇੰਦਾ । ਅੰਮ੍ਰਿਤ ਮੇਘ ਇਕ ਵਰਸੌਣਾ, ਅਗਨੀ ਤਤ ਆਪ ਬੁਝਾਇੰਦਾ। ਅਨਹਦ ਸ਼ਬਦ ਰਾਗ ਅਲੌਣਾ, ਧੁਨੀ ਨਾਦ ਆਪ ਵਜਾਇੰਦਾ। ਅੰਮ੍ਰਿਤ ਸਾਚਾ ਜਾਮ ਪਿਔਣਾ, ਨਾਮ ਪਿਆਲਾ ਹੱਥ ਉਠਾਇੰਦਾ। ਜੁਗ ਜੁਗ ਆਪਣਾ ਵੇਸ ਵਟੌਣਾ, ਹਰਿਜਨ ਸਾਚੇ ਵੇਖ ਵਖਾਇੰਦਾ। ਏਕਾ ਅੱਖਰ ਨਾਮ ਪੜ੍ਹੌਣਾ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਕਾਇਆ ਮੰਦਰ ਬਹਿ ਬਹਿ ਗੌਣਾ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਆਪ ਉਠਾਇੰਦਾ। ਸੰਤਨ ਮੀਤਾ ਹਰਿ ਭਗਵਾਨਾ, ਆਦਿ ਜੁਗਾਦਿ ਸਮਾਇਆ। ਜੁਗਾ ਜੁਗੰਤਰ ਧੁਰ ਫ਼ਰਮਾਣਾ, ਸ਼ਬਦ ਸ਼ਬਦੀ ਮਾਤ ਸੁਣਾਇਆ। ਦੋ ਜਹਾਨਾਂ ਬਖ਼ਸ਼ੇ ਮਾਣਾ, ਆਵਣ ਜਾਵਣ ਪੰਧ ਚੁਕਾਇਆ। ਸਤਿ ਸੰਤੋਖੀ ਬੰਨ੍ਹੇ ਗਾਨਾਂ, ਏਕਾ ਹੁਕਮ ਮਨਾਇਆ। ਹਰਿ ਮੰਦਰ ਵਿਖਾਏ ਹਰਿ ਮਕਾਨਾ, ਬਜਰ ਕਪਾਟੀ ਕੁੰਡਾ ਲਾਹਿਆ। ਦੀਪਕ ਜੋਤੀ ਇਕ ਜਗਾਣਾ, ਆਦਿ ਨਿਰੰਜਣ ਸੇਵ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਹਰਿ ਸੰਤਨ ਵੇਖ ਵਖਾਇਆ । ਸੰਤਨ ਲੇਖਾ ਲਿਖਿਆ ਧੁਰ, ਧੁਰ ਦੀ ਬਾਣੀ ਬਾਣ ਲਗਾਈਆ। ਪਾਰਬ੍ਰਹਮ ਪ੍ਰਭ ਚੜ੍ਹਿਆ ਘੋੜ, ਸ਼ਬਦੀ ਘੋੜਾ ਇਕ ਦੌੜਾਈਆ। ਦੋ ਜਹਾਨਾਂ ਲਾਇਆ ਏਕਾ ਪੌੜ, ਏਕਾ ਡੰਡਾ ਹੱਥ ਰਖਾਈਆ। ਲੱਖ ਚੁਰਾਸੀ ਵੇਖੇ ਪਰਖੇ ਜੀਵ ਜੰਤ ਮਿਠਾ ਕੌੜ, ਘਟ ਘਟ ਆਪਣਾ ਆਸਣ ਲਾਈਆ। ਏਥੇ ਓਥੇ ਦੋ ਜਹਾਨਾਂ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਰਿਹਾ ਦੌੜ, ਔਂਦਾ ਜਾਂਦਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਰਾਈਆ। ਜੁਗ ਜੁਗ ਕਾਰ ਕਮਾਇੰਦਾ, ਸਤਿਗੁਰ ਸੱਚਾ ਪਾਤਸ਼ਾਹ। ਸਾਚਾ ਬੇੜਾ ਆਪ ਚਲਾਇੰਦਾ, ਨਿਰਗੁਣ ਸਰਗੁਣ ਬਣ ਮਲਾਹ। ਏਕਾ ਚੱਪੂ ਨਾਉਂ ਲਗਾਇੰਦਾ, ਨਾਉਂ ਨਿਰੰਕਾਰਾ ਆਪ ਅਖਵਾ। ਗੁਰਮੁਖ ਸਾਚੇ ਮੇਲ ਮਿਲਾਇੰਦਾ, ਲੱਖ ਚੁਰਾਸੀ ਵਿਚੋਂ ਲਏ ਉਠਾ। ਆਪ ਆਪਣਾ ਮੰਤਰ ਨਾਮ ਦ੍ਰਿੜਾਇੰਦਾ, ਏਕਾ ਅੱਖਰ ਲਏ ਪੜ੍ਹਾ। ਸਤਿਜੁਗ ਸਾਚੇ ਫੇਰੀ ਪਾਇੰਦਾ, ਇਕ ਅਕੱਲਾ ਬੇਪਰਵਾਹ। ਜਨ ਭਗਤਾਂ ਮਹੱਲਾ ਆਪ ਵਸਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਰਾਹੇ ਦੇਵੇ ਪਾ। ਹਰਿਜਨ ਪਾਰ ਉਤਾਰਦਾ, ਆਪ ਆਪਣੀ ਕਿਰਪਾ ਧਾਰ। ਜੁਗ ਜੁਗ ਪੈਜ ਸਵਾਰਦਾ, ਦੇਵੇ ਨਾਮ ਸ਼ਬਦ ਅਧਾਰ। ਜੋਤੀ ਸ਼ਬਦੀ ਬਣ ਮਲਾਹ, ਸਾਚੇ ਘੋੜੇ ਆਪੇ ਚਾੜ੍ਹਦਾ, ਸ਼ਹਿਨਸ਼ਾਹ ਸੱਚਾ ਅਸਵਾਰ। ਤੋੜੇ ਗੜ੍ਹ ਜਗਤ ਹੰਕਾਰ ਦਾ, ਨਾਮ ਖੰਡਾ ਏਕਾ ਮਾਰ। ਗੁਰਮੁਖ ਸਾਚੇ ਆਪ ਸ਼ੰਗਾਰਦਾ, ਜੁਗਾ ਜੁਗੰਤਰ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮੀ ਮਾਰੇ ਵਾਜ। ਸ਼ਬਦ ਅਗੰਮੀ ਸਚ ਤਰਾਨਾ, ਤੁਰੀਆ ਰਾਗ ਅਲਾਇੰਦਾ। ਸੰਤਨ ਮੇਲਾ ਦੋ ਜਹਾਨਾਂ ਲੋਕਮਾਤ ਵੇਖ ਵਖਾਇੰਦਾ। ਏਕਾ ਰਾਗ ਸੁਣਾਏ ਕਾਨਾ, ਧੁਨ ਆਤਮਕ ਆਪ ਅਲਾਇੰਦਾ। ਅੰਮ੍ਰਿਤ ਆਤਮ ਦੇਵੇ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਨਾ ਕੋਈ ਰਖਾਇੰਦਾ। ਚਰਨ ਕਵਲ ਬਖ਼ਸ਼ੇ ਸਚ ਧਿਆਨਾ, ਚਰਨ ਚਰਨੋਦਕ ਮੁਖ ਚੁਆਇੰਦਾ। ਸਤਿ ਸੰਤੋਖੀ ਬੰਨ੍ਹੇ ਗਾਨਾ, ਸਤਿਗੁਰ ਸਾਚੇ ਘਰ ਸਗਨ ਮਨਾਇੰਦਾ। ਸਰਬ ਜੀਆਂ ਹੋਏ ਜਾਣੀ ਜਾਣਾ, ਜਾਨਣਹਾਰ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਮਿਲਾਵਾ ਸਾਚੇ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਸੰਤਨ ਹਰਿ ਹਰਿ ਪਾਇਆ, ਆਤਮ ਵੱਜੇ ਵਧਾਈਆ। ਜੁਗਾਂ ਜੁਗੰਤਰ ਖੇਲ ਖਿਲਾਇਆ, ਸਤਿਜੁਗ ਤ੍ਰੇਤਾ ਵੇਖੇ ਚਾਈਂ ਚਾਈਆ। ਦੁਆਪਰ ਆਪਣੇ ਅੰਗ ਲਗਾਇਆ, ਲੋਕਮਾਤ ਵੱਜੇ ਵਧਾਈਆ। ਕਲਜੁਗ ਅੰਤਮ ਵੇਖ ਵਖਾਇਆ, ਨੌਂ ਖੰਡ ਪ੍ਰਿਥਮੀ ਫੋਲ ਫੁਲਾਈਆ। ਹਰਿਜਨ ਸਾਚੇ ਲਏ ਜਗਾਇਆ, ਆਪ ਆਪਣਾ ਮੇਲ ਮਿਲਾਈਆ। ਦੂਈ ਦਵੈਤੀ ਪਰਦਾ ਦਏ ਉਠਾਇਆ, ਦੁਰਮਤ ਮੈਲ ਧੋਵੇ ਝੂਠੀ ਸ਼ਾਹੀਆ। ਆਤਮ ਅੰਤਰ ਏਕਾ ਸ਼ਬਦ ਸੁਣਾਇਆ, ਦਿਵਸ ਰੈਣ ਨਾ ਕੋਈ ਰਖਾਈਆ। ਕਮਲਾਪਾਤੀ ਮੇਲ ਮਿਲਾਇਆ, ਬੂੰਦ ਸਵਾਂਤੀ ਅੰਮ੍ਰਿਤ ਜਾਮ ਪਿਆਈਆ। ਬਜਰ ਕਪਾਟੀ ਸਾਚੀ ਹਾਟੀ ਨਜ਼ਰੀ ਆਇਆ, ਚੌਦਾਂ ਲੋਕ ਰਹੇ ਮੁਖ ਸ਼ਰਮਾਈਆ। ਸਾਚੇ ਸੰਤ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਸਾਚਾ ਸਾਥੀ ਇਕ ਬਣਾਇਆ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਘਰ, ਘਰ ਸੱਜਣ ਇਕ ਸੁਹਾਈਆ। ਨਿਰਗੁਣ ਨਿਰਾਕਾਰ, ਹਰਿ ਸੋਭਾਵੰਤ ਆਪ ਸੁਹਾਇੰਦਾ। ਸੰਤ ਸਾਜਣ ਮੀਤ ਮੁਰਾਰ, ਪੀਆ ਪ੍ਰੀਤਮ ਵੇਖ ਵਖਾਇੰਦਾ। ਨਾਰੀ ਕੰਤ ਮੇਲਾ ਭਤਾਰ, ਘਰ ਸਾਚੀ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਸੰਗ ਨਿਭਾਇੰਦਾ। ਸੰਤਾਂ ਸੰਗ ਨਿਭਾਵਣਹਾਰਾ, ਇਕ ਅਕੱਲਾ ਵੇਸ ਵਟਾਇੰਦਾ। ਆਦਿ ਜੁਗਾਦੀ ਲਏ ਅਵਤਾਰਾ, ਗੁਰ ਗੁਰ ਆਪਣਾ ਨਾਉਂ ਧਰਾਇੰਦਾ। ਸ਼ਬਦ ਅਨਾਦ ਬੋਲ ਜੈਕਾਰਾ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਵਰਨਾਂ ਬਰਨਾਂ ਵਸੇ ਬਾਹਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਰੂਪ ਵਟਾਇੰਦਾ। ਇਕ ਸੁਹਾਏ ਧਾਮ ਨਿਆਰਾ, ਸਚਖੰਡ ਦਵਾਰ ਆਪ ਸੁਹਾਇੰਦਾ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਹੰਕਾਰੀਆਂ ਹੰਕਾਰ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਹਰਿ ਹਰਿ ਵੇਖਣਹਾਰਾ, ਜੁਗਾਂ ਜੁਗੰਤਰ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਿਨਾਰਾ, ਕਲਜੁਗ ਅੰਤਮ ਵੇਸ ਵਟਾਇੰਦਾ। ਚਾਰੇ ਵੇਦਾਂ ਪਾਵੇ ਸਾਰਾ, ਪੁਰਾਨ ਅਠਾਰਾਂ ਖੋਜ ਖੁਜਾਇੰਦਾ। ਖਾਣੀ ਬਾਣੀ ਦਏ ਹੁਲਾਰਾ, ਅੰਜੀਲ ਕੁਰਾਨਾਂ ਪਰਦਾ ਲਾਹਿੰਦਾ। ਏਕਾ ਨਾਮ ਸਤਿ ਵਰਤਾਰਾ, ਸਤਿ ਸਤਿ ਆਪ ਕਰਾਇੰਦਾ। ਏਕਾ ਸਤਿਗੁਰ ਏਕਾ ਗੁਰ ਗੁਰ ਅਵਤਾਰਾ, ਏਕਾ ਧੁਰ ਦਾ ਲੇਖ ਲਖਾਇੰਦਾ। ਏਕਾ ਸ਼ਬਦ ਨਾਮ ਸਚ ਕਟਾਰਾ, ਦੋ ਜਹਾਨ ਆਪ ਚਮਕਾਇੰਦਾ। ਏਕਾ ਮੰਦਰ ਏਕਾ ਗੁਰੂਦਵਾਰਾ, ਏਕਾ ਹਰਿ ਹਰਿ ਸੋਭਾ ਪਾਇੰਦਾ। ਏਕਾ ਠਾਕਰ ਬਣੇ ਪੁਜਾਰਾ, ਏਕਾ ਨਿਉਂ ਨਿਉਂ ਸੀਸ ਝੁਕਾਇੰਦਾ। ਏਕਾ ਰਾਮ ਰੂਪ ਵਰਤੇ ਵਿਚ ਸੰਸਾਰਾ, ਏਕਾ ਬੰਸਰੀ ਨਾਮ ਵਜਾਇੰਦਾ। ਏਕਾ ਐਨਲਹੱਕ ਬੋਲੇ ਨਾਅਰਾ, ਹਕ ਹਕੀਕਤ ਇਕ ਸਲਾਹਿੰਦਾ। ਲਾਸ਼ਰੀਕ ਇਕ ਪਰਵਰਦਿਗਾਰਾ, ਬੇਐਬ ਆਪਣਾ ਨਾਉਂ ਧਰਾਇੰਦਾ। ਇਕ ਅਕੱਲਾ ਏਕਾ ਵਰਤੇ ਆਪਣਾ ਸਚ ਵਰਤਾਰਾ, ਏਕਾ ਏਕੰਕਾਰਾ ਆਪਣਾ ਰੂਪ ਵਟਾਇੰਦਾ। ਆਪੇ ਸਤਿਨਾਮ ਕਰੇ ਪਿਆਰਾ, ਚਾਰ ਵਰਨਾਂ ਇਕ ਗਿਆਨ ਦ੍ਰਿੜਾਇੰਦਾ। ਆਪੇ ਵਾਹਿਗੁਰੂ ਫ਼ਤਹਿ ਬੋਲ ਜੈਕਾਰਾ, ਊਚਾਂ ਨੀਚਾਂ ਗਲੇ ਲਗਾਇੰਦਾ। ਆਪੇ ਸ਼ਬਦ ਗੁਰੂ ਬਣ ਸੰਸਾਰਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜਾਗਰਤ ਜੋਤ ਹੋਏ ਉਜਿਆਰਾ, ਅੰਧ ਅੰਧੇਰ ਸਰਬ ਗਵਾਇੰਦਾ। ਸਤਿ ਸਤਿ ਵਰਤੇ ਵਰਤਾਰਾ, ਤ੍ਰੈਗੁਣ ਅਗਨੀ ਤਤ ਬੁਝਾਇੰਦਾ । ਸੰਤਾਂ ਸੁਹਾਏ ਸਚ ਦੁਆਰਾ, ਠਾਂਡਾ ਦਰਬਾਰਾ ਇਕ ਵਖਾਇੰਦਾ। ਵੇਦ ਕਤੇਬ ਸ਼ਾਸਤਰ ਸਿਮਰਤ ਕਰਨ ਪੁਕਾਰਾ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਨਰ ਹਰਿ ਨਰਾਇਣ ਆਪ ਕਰਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਸਾਚੇ ਮੰਦਰ ਸੋਭਾ ਪਾਇੰਦਾ। ਸੰਬਲ ਨਗਰ ਪੁਰਖ ਅਕਾਲ ਦੀਨ ਦਿਆਲ ਇਕ ਵਿਚਾਰਾ, ਗੋਬਿੰਦ ਮੇਲਾ ਮੇਲ ਮਿਲਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਸਚ ਨਗਾਰਾ ਆਪ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਕ੍ਰੋੜ ਤੇਤੀਸਾ ਆਪ ਉਠਾਇੰਦਾ। ਸੁਰਪਤ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਰਾਏ ਧਰਮ ਮੰਗੇ ਬਣ ਭਿਖਾਰਾ, ਗਲ ਆਪਣੇ ਪੱਲੂ ਪਾਇੰਦਾ। ਚਿਤਰ ਗੁਪਤ ਲੇਖਾ ਲਿਖਿਆ ਆਪਣੀ ਕਰੇ ਵਿਚਾਰਾ, ਵਿਚਾਰ ਵਿਚ ਨਾ ਕੋਈ ਆਇੰਦਾ। ਲਾੜੀ ਮੌਤ ਕਰੇ ਸ਼ੰਗਾਰਾ, ਲਾਲ ਸ਼ਬਦੀ ਹੱਥ ਰਖਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸੰਤਨ ਕਰੇ ਸਚ ਪਿਆਰਾ, ਸਾਚੀ ਸੇਜਾ ਆਪ ਹੰਢਾਇੰਦਾ। ਆਪਣਾ ਵਣਜ ਇਕ ਵਪਾਰਾ, ਏਕਾ ਹਟ ਵਖਾਇੰਦਾ। ਏਕਾ ਜਗਤ ਇਕ ਭੰਡਾਰਾ, ਏਕਾ ਭਗਵੰਤ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹਾਗੀ ਹਰਿ ਹਰਿ ਕੰਤ, ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਰੰਗ ਬਸੰਤੀ ਏਕਾ ਚਾੜ੍ਹ, ਕਾਇਆ ਕੰਚਨ ਗੜ੍ਹ ਸੁਹਾਈਆ। ਦਰ ਘਰ ਸਾਚੇ ਦੇੇਵੇ ਵਾੜ, ਮਹੱਲ ਅਟੱਲ ਇਕ ਵਖਾਈਆ। ਗੁਰਮੁਖ ਬਣਾਏ ਧੁਰਦਰਗਾਹੀ ਲਾੜ, ਸੀਸ ਜਗਦੀਸ ਵੱਡੀ ਵਡਿਆਈਆ। ਕਰੇ ਪਰਕਾਸ਼ ਬਹੱਤਰ ਨਾੜ, ਦੋਏ ਲੋਚਣ ਹੋੇਏ ਰੁਸ਼ਨਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਵੇਖ ਵਖਾਈਆ। ਤ੍ਰੈਗੁਣ ਮਾਇਆ ਨਾ ਸਕੇ ਸਾੜ, ਅੱਗਨੀ ਤਤ ਨਾ ਕੋਈ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਸੰਤ ਸਤਿਗੁਰ ਪਾਇਆ, ਪਾਰਬ੍ਰਹਮ ਗੁਰ ਕਰਤਾਰ। ਗੁਰ ਸਿਖੀ ਬਹਿ ਬਹਿ ਮੰਗਲ ਗਾਇਆ, ਸਚ ਸੁਹੰਜਣੀ ਗਾਈ ਵਾਰ। ਨੇਤਰ ਅੰਜਨ ਇਕ ਵਖਾਇਆ, ਨਿਝ ਨੇਤਰ ਨੈਣ ਉਘਾੜ। ਤਨ ਬਸਤਰ ਇਕ ਛੁਹਾਇਆ, ਸ਼ਬਦ ਸਰੂਪੀ ਕਰ ਪਿਆਰ। ਸ਼ਾਹੋ ਭੂਪੀ ਨਜ਼ਰੀ ਆਇਆ, ਨਿਰਗੁਣ ਦਾਤਾ ਬੇਐਬ ਪਰਵਰਦਿਗਾਰ। ਚਾਰੇ ਕੂਟਾਂ ਹੋਏ ਸਹਾਇਆ, ਦਹਿ ਦਿਸ਼ਾ ਹੋਏ ਸਹਾਰ। ਅੰਡਜ ਜੇਰਜ ਆਪਣੀ ਗੋਦ ਬਹਾਇਆ, ਉਤਭੁਜ ਸੇਤਜ ਰਿਹਾ ਉਠਾਲ। ਚਾਰੇ ਬਾਣੀ ਆਪ ਪੜ੍ਹਾਇਆ, ਪਰਾ ਪਸੰਤੀ ਮਧਮ ਬੈਖਰੀ ਘਾਲੇ ਘਾਲ। ਚਾਰੇ ਖਾਣੀ ਵੰਡ ਵੰਡਾਇਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੇਖੇ ਸ਼ਾਹ ਕੰਗਾਲ। ਸ੍ਰਿਸ਼ਟ ਸਬਾਈ ਰੰਡ ਆਪ ਕਰਾਇਆ, ਚਾਰੋਂ ਕੁੰਟ ਦਿਸੇ ਦੁਹਾਗਣ ਨਾਰ। ਕਲਜੁਗ ਕੂਕੇ ਦਏ ਦੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਲਏ ਉਠਾਲ। ਸੰਤ ਉਠਾਏ ਆਪ ਪ੍ਰਭ, ਲੱਖ ਚੁਰਾਸੀ ਪੁਣ ਛਾਣ। ਲੱਖ ਚੁਰਾਸੀ ਵਿਚੋਂ ਲੱਭ, ਆਪ ਉਪਜਾਏ ਆਪਣੇ ਲਾਲ। ਝਿਰਨਾ ਝਿਰਾਏ ਕਵਲ ਨਭ, ਅੰਮ੍ਰਿਤ ਆਤਮ ਸਾਚਾ ਡਾਲ੍ਹ। ਸਤਿ ਸੰਤੋਖੀ ਪਿਆਏ ਮਦਿ, ਨੇੜ ਨਾ ਆਏ ਕਾਲ ਮਹਾਂਕਾਲ। ਸਚ ਨਿਸ਼ਾਨਾ ਫੜਾਏ ਹੱਥ, ਦੋ ਜਹਾਨਾਂ ਤੋੜ ਜੰਜਾਲ। ਲੱਖ ਚੁਰਾਸੀ ਵਿਚੋਂ ਕੱਢ, ਸਚਖੰਡ ਬਹਾਏ ਸੱਚੀ ਧਰਮਸਾਲ। ਜੁਗਾ ਜੁਗੰਤਰ ਲਡਾਏ ਲਡ, ਆਦਿ ਜੁਗਾਦਿ ਕਰੇ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ। ਹਰਿਜਨ ਹਰਿ ਸੰਭਾਲਦਾ, ਜੁਗਾ ਜੁਗੰਤਰ ਸਾਚੀ ਕਾਰ। ਨਿਰਗੁਣ ਸਰਗੁਣ ਆਪੇ ਪਾਲਦਾ, ਦੇਵਣਹਾਰ ਅਪਰ ਅਪਾਰ। ਮਾਰਗ ਦੱਸੇ ਇਕ ਨਿਗਹਬਾਨ  ਦਾ, ਨਿਰਵੈਰ ਰੂਪ ਮੂਰਤ ਅਕਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਾਜਨ ਆਪੇ ਭਾਲ। ਸੰਤ ਸਤਿਗੁਰ ਇਕ ਘਰ, ਅੰਤ ਅੰਤ ਸਮਾਇਆ। ਜੁਗਾ ਜੁਗੰਤਰ ਦੇਵੇ ਵਰ, ਦਰ ਦਰਵੇਸ਼ਾ ਫੇਰੀ ਪਾਇਆ। ਆਪਣੀ ਕਰਨੀ ਰਿਹਾ ਕਰ, ਕਰਤਾ ਪੁਰਖ ਭੇਵ ਨਾ ਰਾਇਆ। ਨਿਰਭੈ ਚੁਕਾਏ ਜਗਤ ਡਰ, ਭੈ ਆਪਣਾ ਸਰਬ ਵਖਾਇਆ। ਧਰਨੀ ਧਰਤ ਧਵਲ ਉਪਰ ਆਪ ਆਪਣੀ ਜੋਤ ਧਰ, ਧੁਰ ਦੀ ਧਾਰ ਆਪ ਚਲਾਇਆ। ਘਟ ਘਟ ਅੰਦਰ ਆਸਣ ਲਾ ਸਾਚੀ ਸੇਜ ਬੈਠਾ ਚੜ੍ਹ, ਸਚ ਸਿੰਘਾਸਣ ਆਪ ਸੁਹਾਇਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਵਿਦਿਆ ਅੱਖਰ ਗਾਇਆ ਪੜ੍ਹ, ਆਪ ਆਪਣਾ ਸ਼ਬਦ ਸੁਣਾਇਆ। ਨਾ ਜਨਮੇ ਨਾ ਜਾਏ ਮਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਥਾਉਂ ਥਾਈਆ। ਥਾਨ ਥਨੰਤਰ ਪੇਖਿਆ, ਨਿਰਗੁਣ ਸਰਗੁਣ ਕਰ ਪਿਆਰ। ਗੁਰਸਿਖ ਗੁਰਮੁਖ ਆਪੇ ਵੇਖਿਆ, ਆਪ ਆਪਣਾ ਨੈਣ ਉਘਾੜ। ਸੰਤਾਂ ਚੁੱਕੇ ਧੁਰ ਦਾ ਲੇਖਿਆ, ਮੇਲ ਮਿਲਾਵਾ ਕੰਤ ਭਤਾਰ। ਭਗਤਾਂ ਮੇਟੇ ਪਿਛਲੀ ਰੇਖਿਆ, ਅੱਗੇ ਲੇਖਾ ਦਏ ਵਖਾਲ। ਕਲਜੁਗ ਅੰਤਮ ਧਾਰੇ ਭੇਖਿਆ, ਭੇਵ ਅਵੱਲਾ ਹਰਿ ਨਿਰੰਕਾਰ। ਮੁਛ ਦਾੜ੍ਹੀ ਨਾ ਦਿਸੇ ਕੇਸਿਆ, ਮੂੰਡ ਮੁੰਡਾਏ ਨਾ ਵਿਚ ਸੰਸਾਰ। ਜੋਤ ਜਗਾਏ ਦਸ ਦਸਮੇਸਿਆ, ਦਹਿ ਦਿਸ਼ਾ ਹੋਏ ਉਜਿਆਰ। ਲੇਖਾ ਜਾਣੇ ਗਣਪਤ ਗਣੇਸ਼ ਬ੍ਰਹਮਾ ਵਿਸ਼ਨ ਮਹੇਸ਼ਿਆ, ਸ਼ਿਵ ਸ਼ੰਕਰ ਪਾਵੇ ਸਾਰ। ਸਾਚੇ ਸੰਤ ਕਰੇ ਅਦੇਸਿਆ, ਜਿਸ ਮਿਲਿਆ ਹਰਿ ਕਰਤਾਰ। ਲੱਖ ਚੁਰਾਸੀ ਕੂੜਾ ਭੇਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਪਾਰ ਅਲੱਖ ਅਗੋਚਰ ਅਗੰਮ ਅਥਾਹ, ਪਾਰਬ੍ਰਹਮ ਅਬਿਨਾਸ਼ੀ ਕਰਤਾ ਵਡ ਵਡ ਵਡਿਆਈਆ। ਕਲਜੁਗ ਅੰਤਮ ਨਿਰਗੁਣ ਨਿਰਵੈਰ ਬਣੇ ਸਚ ਮਲਾਹ, ਪੁਰਖ ਅਬਿਨਾਸ਼ੀ ਆਪਣਾ ਬੇੜਾ ਆਪ ਚਲਾਈਆ। ਮੂਰਤ ਅਕਾਲ ਦੀਨ ਦਿਆਲ ਦੇਵਣਹਾਰਾ ਸਚ ਸਲਾਹ, ਸਾਖ਼ਯਾਤ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਨੌਂ ਨੌਂ ਸਤ ਸਤ ਦਏ ਸਮਝਾ, ਬ੍ਰਹਮ ਮਤ ਇਕ ਪੜ੍ਹਾਈਆ। ਮਨ ਮਤ ਦਏ ਤਜਾ, ਗੁਰਮਤ ਇਕ ਸਿਖਾਈਆ। ਚਾਰ ਵਰਨਾਂ ਆਪਣਾ ਰੂਪ ਧਰਾ, ਬੰਦ ਖ਼ੁਲਾਸੀ ਦਏ ਕਰਾਈਆ। ਜਨ ਹਰਿ ਰਸਨਾ ਰਹੇ ਗਾ, ਰਾਏ ਧਰਮ ਨਾ ਦਏ ਸਜਾਈਆ। ਸਾਚਾ ਮੇਲਾ ਦਏ ਮਿਲਾ, ਗੁਰ ਚੇਲਾ ਏਕਾ ਥਾਉਂ ਬਹਾ, ਗੁਰ ਗੁਰ ਵੇਖੇ ਥਾਉਂ ਥਾਈਂਆ। ਉਚੀ ਕੂਕ ਦਏ ਸੁਣਾ, ਸ਼ਬਦ ਅਗੰਮੀ ਨਾਅਰਾ ਲਾ, ਸੋ ਪੁਰਖ ਨਿਰੰਜਣ ਬੇਪਰਵਾਹ, ਜਗਤ ਬਹਿ ਕਰੇ ਕੁੜਮਾਈਆ। ਤ੍ਰੈਗੁਣ ਨਾਤਾ ਤੋੜ ਤੁੜਾ, ਪੰਚਮ ਆਪਣੀ ਝੋਲੀ ਪਾ, ਹਰਿ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜਾ, ਅੰਤਰ ਆਤਮ ਬ੍ਰਹਮ ਡੋਰੀ ਏਕਾ ਪਾਈਆ। ਬ੍ਰਹਮ ਡੋਰੀ ਪੁਰਖ ਸੁਜਾਨ, ਨਿਰਗੁਣ ਆਪਣੇ ਹੱਥ ਰਖਾਇੰਦਾ। ਜੁਗ ਜੁਗ ਤਿੰਨਾਂ ਪਾਏ ਆਣ, ਆਪਣਾ ਬੰਧਨ ਇਕ ਵਖਾਇੰਦਾ। ਸੰਤਨ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨ, ਚਾਤ੍ਰਕ ਤ੍ਰਿ਼ਖਾ ਆਪ ਬੁਝਾਇੰਦਾ। ਗੁਰਮੁਖ ਰਾਗ ਸੁਣਾਏ ਕਾਨ, ਨਾਦ ਅਨਾਦੀ ਨਾਦ ਅਲਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਸ਼ਬਦ ਭਗੌਤੀ ਹੱਥ ਉਠਾਇੰਦਾ। ਭਗਤ ਰੂਪ ਸਰਬ ਜਹਾਨ, ਵਾਸਤਕ ਆਪਣੀ ਧਾਰ ਬੰਧਾਇੰਦਾ। ਆਸਤਕ ਖੇਲ ਦੋ ਜਹਾਨ, ਨਾਸਤਕ ਸਰਬ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸਾਜਣ ਵੇਖ ਵਖਾਇੰਦਾ। ਸੰਤ ਸਤਿਗੁਰ ਤੁੱਠਿਆ, ਵਡ ਦਾਤਾ ਹਰਿ ਮਿਹਰਵਾਨ। ਅੰਮ੍ਰਿਤ ਜਾਮ ਪਿਆਏ ਘੁੱਟਿਆ, ਮੇਲ ਮਿਲਾਵਾ ਸ੍ਰੀ ਭਗਵਾਨ। ਜਗਤ ਵਿਕਾਰਾ ਤਨ ਤਨ ਛੁੱਟਿਆ, ਹਰਿ ਚਰਨ ਇਕ ਧਿਆਨ। ਨਾਮ ਧਨ ਨਾ ਜਾਏ ਲੁੱਟਿਆ, ਨੇੜ ਨਾ ਆਏ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਏਕਾ ਦਾਨ। ਗੁਰਮੁਖ ਦਾਨ ਅਵੱਲੜਾ, ਗੁਰਮਤ ਗੁਰ ਝੋਲੀ ਪਾਇੰਦਾ। ਆਪ ਫੜਾਏ ਆਪਣਾ ਪਲੜਾ, ਜੁਗ ਜੁਗ ਆਪਣਾ ਸੰਗ ਨਿਭਾਇੰਦਾ। ਦਰ ਦਵਾਰ ਆਪੇ ਖਲੜਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸੁਹਾਏ ਬੰਕ ਨੇਹਚਲ ਧਾਮ ਅਟੱਲੜਾ, ਸਚਖੰਡ ਦਵਾਰਾ ਆਪ ਵਡਿਆਇੰਦਾ। ਸਚ ਸਿੰਘਾਸਣ ਏਕਾ ਮਲੜਾ, ਸ਼ਾਹੋ ਭੂਪ ਰਾਜ ਰਾਜਾਨ ਸੀਸ ਤਾਜ ਇਕ ਸੁਹਾਇੰਦਾ। ਸ਼ਬਦ ਸਨੇਹਿੜਾ ਲੋਕਮਾਤ ਜੁਗਾ ਜੁਗੰਤਰ ਏਕਾ ਘਲੜਾ, ਜੁਗ ਜੁਗ ਗੁਰ ਪੀਰ ਅਵਤਾਰ ਆਪ ਸਮਝਾਇੰਦਾ। ਆਪਣੀ ਜੋਤੀ ਆਪੇ ਰਲੜਾ, ਆਪੇ ਸ਼ਬਦੀ ਸ਼ਬਦ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਬੈਰਾਗਨ ਆਪ ਅਖਵਾਇੰਦਾ। ਸੰਤ ਵੈਰਾਗੀ ਸਚ ਵੈਰਾਗੀਆ, ਨਾਮ ਵੈਰਾਗ ਇਕ ਜਣਾਈਆ। ਸੰਤ ਤਿਆਗ ਜਗਤ ਤਿਆਗੀਆ, ਤ੍ਰੈਗੁਣ ਮਾਇਆ ਨਾਤਾ ਤੋੜ ਤੁੜਾਈਆ। ਸੰਤ ਸੁਹਾਗ ਸੰਤ ਸੁਹਾਗੀਆ, ਕੰਤ ਕੰਤੂਲ ਪੁਰਖ ਅਕਾਲ ਇਕ ਹੰਢਾਈਆ। ਸੰਤ ਜਾਗ ਖੁਲਾਏ ਆਪ ਸਦਾ ਜਾਗੀਆ, ਆਲਸ ਨਿੰਦਰਾ ਵਿਚ ਨਾ ਆਈਆ। ਆਪ ਬਣਾਏ ਫੜ ਫੜ ਹੰਸ ਕਾਗਿਆ, ਮਾਣਕ ਮੋਤੀ ਚੋਗ ਚੁਗਾਈਆ । ਜੋ ਜਨ ਸਤਿਗੁਰ ਸਰਨ ਸਰਨਾਈ ਸਾਚੀ ਲਾਗਿਆ, ਸਹਿਸਾ ਰੋਗ ਰਹੇ ਨਾ ਰਾਈਆ। ਫੜ ਬਾਹੋਂ ਸ਼ੌਹ ਦਰਯਾਏ ਆਪੇ ਕਾਢੀਆ, ਨਾਮ ਨਈਆ ਲਏ ਚੜ੍ਹਾਈਆ। ਕਿਰਪਾ ਕਰੇ ਗ਼ਰੀਬ ਨਿਵਾਜਿਆ, ਗ਼ਰੀਬ ਨਿਮਾਣੇ ਗੋਦ ਬਹਾਈਆ। ਕਲਜੁਗ ਅੰਤਮ ਸਾਜਣ ਸਾਜਿਆ, ਕੁਦਰਤ ਕਾਦਰ ਵੇਖ ਵਖਾਈਆ। ਨਿਰਭੈ ਹੋ ਹੋ ਲੋਕਮਾਤ ਗਾਜਿਆ, ਸ਼ਾਹ ਸੁਲਤਾਨਾਂ ਦਏ ਉਠਾਈਆ। ਨਾ ਕੋਈ ਦਿਸੇ ਜਗਤ ਨਵਾਬਿਆ, ਸੀਸ ਤਾਜ ਨਾ ਕੋਈ ਟਿਕਾਈਆ। ਨਾ ਕੋਈ ਹਾਜੀ ਨਾ ਕੋਈ ਹਾਜਿਆ, ਹਜ਼ਰਤ ਮੇਲ ਨਾ ਕੋਈ ਕਰਾਈਆ। ਉਚੀ ਕੂਕ ਮੁਕਾਮੇ ਹਕ ਨਾ ਮਾਰੇ ਕੋਈ ਵਾਜਿਆ, ਹਕ ਬਹੱਕ ਨਾ ਕੋਈ ਜਣਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਇਕ ਅਕੱਲਾ ਏਕੰਕਾਰਾ ਆਪ ਚੜ੍ਹਿਆ ਸਾਚੇ ਤਾਜਿਆ, ਸਚਖੰਡ ਦਵਾਰਾ ਆਪ ਖੁਲਾਈਆ। ਥਿਰ ਘਰ ਵਾਸੀ ਭੂਪਨ ਰਾਜਿਆ, ਰਾਜ ਜੋਗ ਇਕ ਵਖਾਈਆ। ਜਨ ਭਗਤਾਂ ਰੱੱਖੇ ਲਾਜਿਆ, ਜੁਗ ਜੁਗ ਆਪਣਾ ਰੂਪ ਧਰਾਈਆ। ਗੁਰਸਿਖ ਵਿਰਲਾ ਲੱਖ ਚੁਰਾਸੀ ਵਿਚੋਂ ਲਾਧਿਆ, ਘਰ ਘਰ ਭਾਂਡਾ ਫੋਲ ਫੁਲਾਈਆ। ਡੂੰਘੀ ਭਵਰੀ ਆਪੇ ਕਾਇਆ, ਸੁਖਮਨ ਬੇੜਾ ਪਾਰ ਕਰਾਈਆ। ਤ੍ਰਬੈਣੀ ਦਵਾਰ ਲਡਾਏ ਲਾਡਿਆ, ਸੰਗਮ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਹੇਲਾ ਇਕ ਅਕੇਲਾ, ਗੁਰ ਚੇਲਾ ਵੇਖੇ ਥਾਉਂ ਥਾਈਆ। ਚੇਲਾ ਗੁਰ ਏਕਾ ਰੰਗ, ਸਤਿਗੁਰ ਪੁਰਖ ਆਪ ਰੰਗਾਇੰਦਾ। ਘਰ ਘਰ ਵਜਾਏ ਨਾਮ ਮਰਦੰਗ, ਮਰਦ ਮਰਦਾਨਾ ਸੇਵ ਕਮਾਇੰਦਾ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਨੰਗੀ ਹੋਣ ਨਾ ਦੇਵੇ ਕੰਡ, ਸਿਰ ਆਪਣਾ ਹੱਥ ਟਿਕਾਇੰਦਾ। ਲੇਖਾ ਜਾਣੇ ਹਰਿ ਜੂ ਹਰਿ ਬ੍ਰਹਿਮੰਡ, ਬ੍ਰਹਮ ਬ੍ਰਹਿਮਾਦਿ ਵੇਖ ਵਖਾਇੰਦਾ। ਨਾਦ ਵਜਾਏ ਸੁਹਾਗੀ ਛੰਦ, ਬ੍ਰਹਮਾ ਵਿਸ਼ਨ ਸ਼ਿਵ ਨਾਲ ਰਲਾਇੰਦਾ। ਭੇਵ ਨਾ ਪਾਇਣ ਰਸਨਾ ਜਿਹਵਾ ਬੱਤੀ ਦੰਦ, ਬੋਲ ਬੋਲ ਨਾ ਕੋਈ ਸੁਣਾਇੰਦਾ। ਗੁਰਮੁਖ ਵਿਰਲਾ ਜਾਣੇ ਪਰਮਾਨੰਦ, ਪਰਮ ਪੁਰਖ ਜਿਸ ਆਪ ਵਖਾਇੰਦਾ। ਨਿਝ ਨਿਝਰ ਦੇਵੇ ਨਿਜਾਨੰਦ, ਨਿਝ ਘਰ ਆਪਣਾ ਰਸ ਚਖਾਇੰਦਾ। ਸਗਲ ਸੰਸਾਰੀ ਮੇਟੇ ਚਿੰਦ, ਚਿੰਤਾ ਚਿਖਾ ਨਾ ਕੋਈ ਰਖਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਗੁਰਮੁਖ ਆਪਣੇ ਨਾਲ ਮਿਲਾਇੰਦਾ। ਆਪ ਬਣਾਏ ਨਾਦੀ ਬਿੰਦ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਜਲ ਥਲ ਮਹੀਅਲ ਆਪਣਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਵਸਾਏ ਸਾਚੇ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਸੰਤਨ ਦਰ ਸੁਹਾਇਆ, ਗ੍ਰਹਿ ਮੰਦਰ ਹਰਿ ਨਿਰੰਕਾਰ। ਘਰ ਦੀਪਕ ਜੋਤ ਜਗਾਇਆ, ਦਿਵਸ ਰੈਣ ਹੋਏ ਉਜਿਆਰ। ਅਨਹਦ ਸਾਚਾ ਸ਼ਬਦ ਅਲਾਇਆ, ਨਿਰਗੁਣ ਵੱਜਦੀ ਰਹੇ ਸਤਾਰ। ਮਿਲ ਮਿਲ ਸਖ਼ੀਆਂ ਘਰ ਘਰ ਮੰਗਲ ਗਾਇਆ, ਜੋਤੀ ਜੋਤ ਸਰੂਪ ਹਰਿ,  ਆਪ ਆਪਣੀ ਕਿਰਪਾ ਕਰ, ਸੰਤਨ ਦੇਵੇ ਨਾਮ ਅਧਾਰ। ਨਾਮ ਅਧਾਰ ਅਤੁਟ ਭੰਡਾਰਾ, ਗੁਰ ਸਤਿਗੁਰ ਆਪ ਵਰਤਾਈਆ। ਜੁਗਾ ਜੁਗੰਤਰ ਲਏ ਅਵਤਾਰਾ, ਗੁਰਮੁਖ ਸਾਚੇ ਵੇਖ ਵਖਾਈਆ। ਗੁਰਮੁਖ ਸਾਜਨ ਪਾਵੇ ਸਾਰਾ, ਸਾਰਿੰਗ ਧਰ ਆਪਣੀ ਦਇਆ ਕਮਾਈਆ। ਸੰਤਨ ਦੇਵੇ ਇਕ ਹੁਲਾਰਾ, ਸਿਮਲ ਰੁਖ ਫੁਲ ਲਗਾਈਆ। ਭਗਤਨ ਭਗਵਨ ਹੋ ਉਜਿਆਰਾ, ਆਪ ਆਪਣਾ ਲਏ ਪਰਗਟਾਈਆ। ਲੇਖਾ ਚੁਕਾਏ ਅੰਤਮ ਵਾਰਾ, ਜੋਤੀ ਜੋਤ ਮੇਲ ਮਿਲਾਈਆ। ਲੱਖ ਚੁਰਾਸੀ ਨਾ ਹੋਏ ਖ਼ਵਾਰਾ, ਜੂਨੀ ਅਜੂਨ ਨਾ ਕੋਈ ਭਵਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ ਕਿਨਾਰਾ, ਭਗਤ ਭਗਵੰਤ ਵੇਖੇ ਥਾਉਂ ਥਾਈਆ। ਕਲਜੁਗ ਅੰਤਮ ਚਾਰੋਂ ਕੁੰਟ ਉਚੀ ਕੂਕ ਬੋਲੇ ਜੈਕਾਰਾ, ਸ੍ਰਿਸ਼ਟ ਸਬਾਈ ਰਿਹਾ ਸੁਣਾਈਆ। ਨੌਂ ਸਤ ਹੋਇਆ ਅੰਧਿਆਰਾ, ਸਾਚਾ ਦੀਪ ਨਾ ਕੋਈ ਜਗਾਈਆ। ਘਰ ਘਰ ਵਿਚ ਮੇਲਾ ਜੂਠ ਝੂਠ ਲੋਭ ਮੋਹ ਹੰਕਾਰਾ, ਕਾਮ ਕ੍ਰੋਧ ਦਏ ਦੁਹਾਈਆ। ਆਸਾ ਤ੍ਰਿਸ਼ਨਾ ਕਰ ਸ਼ੰਗਾਰਾ, ਹਉਮੇ ਹੰਗਤਾ ਨਾਲ ਰਲਾਈਆ। ਨਾਤਾ ਤੁਟਾ ਪੁਰਖ ਨਾਰਾ, ਵਿਭਚਾਰ ਸਰਬ ਲੁਕਾਈਆ। ਪੁੱਤਰ ਧੀਆਂ ਨਾ ਕੋਈ ਵਿਚਾਰਾ, ਮਾਤ ਪੂਤ ਸੇਜ ਹੰਢਾਈਆ। ਸਾਕ ਸੱਜਣ ਸੈਣ ਨਾ ਪਾਵੇ ਕੋਈ ਸਾਰਾ, ਬੰਦਨ ਬੰਧਪ ਗਏ ਛੁਡਾਈਆ। ਘਰ ਘਰ ਵਸੇ ਧੂਆਂਧਾਰਾ, ਸਾਚੀ ਜੋਤ ਨਾ ਕੋਈ ਰੁਸ਼ਨਾਈਆ। ਰਸਨਾ ਜਿਹਵਾ ਇਕ ਵਿਕਾਰਾ, ਵਿਸ਼ਵ ਸ਼ਾਨਤੀ ਨਾ ਕੋਈ ਕਰਾਈਆ। ਦੁਰਜਨ ਹੋਇਆ ਸਰਬ ਸੰਸਾਰਾ, ਨਿੰਦਕ ਨਿਦਿਆ ਮੁਖ ਭਵਾਈਆ। ਹਰਿ ਕਾ ਨਾਉਂ ਭੁੱਲਿਆ ਜੀਵ ਗਵਾਰਾ, ਕਾਇਆ ਮੰਦਰ ਸੋਭਾ ਕੋਇ ਪਾਈਆ। ਮਿਲਿਆ ਮੇਲ ਨਾ ਪ੍ਰੀਤਮ ਪਿਆਰਾ, ਪ੍ਰੇਮ ਰੰਗ ਨਾ ਕੋਈ ਰੰਗਾਈਆ। ਕਾਇਆ ਤੁੱਟਾ ਨਾ ਗੜ੍ਹ ਹੰਕਾਰਾ, ਮਨ ਰਾਵਣ ਨਾ ਕੋਈ ਢਾਈਆ। ਸੀਤਾ ਸੁਰਤੀ ਨਾ ਕਰੇ ਕੋਈ ਪਿਆਰਾ, ਸੀਤਾ ਰਾਮ ਨਾ ਕੋਈ ਅਖਵਾਈਆ। ਗੀਤਾ ਗਾਏ ਨਾ ਕੋਈ ਆਪਣੀ ਵਾਰਾ, ਬੰਸਰੀ ਕ੍ਰਿਸ਼ਨ ਨਾ ਕੋਈ ਵਜਾਈਆ। ਪਨਘਟ ਦਿਸੇ ਨਾ ਕੋਈ ਪਨਹਾਰਾ, ਅਠਸਠ ਦਰ ਦਰ ਦੇਣ ਦੁਹਾਈਆ। ਗੰਗਾ ਗੋਦਾਵਰੀ ਮਾਰੇ ਨਾਅਰਾ, ਜਮਨਾ ਸੁਰਸਤੀ ਖੁਲੜੇ ਕੇਸ ਰਹੀ ਵਖਾਈਆ। ਅੰਮ੍ਰਿਤ ਜਲ ਨਾ ਮਿਲੇ ਠੰਡੀ ਠਾਰਾ, ਕਲਜੁਗ ਅਗਨੀ ਰਹੀ ਤਪਾਈਆ। ਸਰ ਸਰੋਵਰ ਰਿਹਾ ਨਾ ਸਚ ਭੰਡਾਰਾ, ਕਲਜੁਗ ਜੀਵ ਨਾਰੀ ਪੁਰਸ਼ ਨੰਗੇ ਰਹੇ ਤਾਰੀਆਂ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੇ ਸੰਤ ਲਏ ਪਰਨਾਈਆ। ਹਰਿ ਜੋਤ ਪਰਨਾਇੰਦਾ, ਨਿਰਗੁਣ ਰੂਪ ਅਨੂਪ ਸੱਚੀ ਸਰਕਾਰ। ਦਰ ਘਰ ਸਾਚੇ ਸਗਨ ਮਨਾਇੰਦਾ, ਸਚਖੰਡ ਨਿਵਾਸੀ ਹੋ ਤਿਆਰ। ਏਕਾ ਤੰਦਨ ਹੱਥ ਉਠਾਇੰਦਾ, ਨਾਮ ਡੋਰੀ ਅਗੰਮ ਅਪਾਰ। ਲੋਕਮਾਤ ਫੇਰੀ ਪਾਇੰਦਾ, ਗੁਰਮੁਖ ਸਾਚੇ ਲਏ ਵਿਚਾਰ। ਆਪਣੀ ਹੱਥੀਂ ਬੰਨ੍ਹ ਵਖਾਇੰਦਾ, ਨਾ ਕੋਈ ਤੋੜੇ ਅੰਤਮ ਵਾਰ। ਸਾਚੇ ਘੋੜੇ ਆਪ ਚੜ੍ਹਾਇੰਦਾ, ਆਪ ਆਪਣੀ ਕਿਰਪਾ ਧਾਰ। ਸਾਚੇ ਡੋਲੇ ਆਪ ਬਹਾਇੰਦਾ, ਪੁਰਖ ਅਬਿਨਾਸ਼ੀ ਖੇਲ ਨਿਆਰ। ਨਿਰਗੁਣ ਕਹਾਰ ਆਪ ਹੋ ਜਾਇੰਦਾ, ਚਾਰੇ ਕੂਟਾਂ ਵੇਖ ਵਿਚਾਰ। ਗੁਰਮੁਖ ਤੇਰਾ ਭਾਰ ਆਪ ਉਠਾਇੰਦਾ, ਸਿਰ ਚੁੱਕੇ ਆਪਣਾ ਭਾਰ। ਲੋਆਂ ਪੁਰੀਆਂ ਪਾਰ ਕਰਾਇੰਦਾ, ਬ੍ਰਹਿਮੰਡ ਖੰਡ ਚਰਨਾ ਹੇਠ ਦਏ ਲਤਾੜ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਰਾਹ ਤਕਾਇੰਦਾ, ਨਿਉਂ ਨਿਉਂ ਕਰੇ ਨਿਮਸਕਾਰ। ਸਤਿਗੁਰ ਸਾਚੇ ਧਾਮ ਬਹਾਇੰਦਾ, ਥਿਰ ਘਰ ਖੋਲ੍ਹੇ ਬੰਦ ਕਿਵਾੜ। ਸਚਖੰਡ ਦਵਾਰਾ ਆਪ ਸਜਾਇੰਦਾ, ਸੰਤ ਸਹੇਲੇ ਆਪੇ ਵਾੜ। ਆਪਣੀ ਜੋਤੀ ਆਪ ਜਗਾਇੰਦਾ, ਜੋਤੀ ਜੋਤ ਆਪ ਨਿਰੰਕਾਰ। ਵਰਨ ਗੋਤ ਨਾ ਕੋਈ ਰਖਾਇੰਦਾ, ਊਚ ਨੀਚ ਨਾ ਕੋਇ ਧਾਰ। ਜੋ ਜਨ ਹਰਿ ਹਰਿ ਰਸਨਾ ਗਾਇੰਦਾ, ਵੇਲੇ ਅੰਤਮ ਲਏ ਉਭਾਰ। ਕਲਜੁਗ ਅੰਤਮ ਵੇਸ ਵਟਾਇੰਦਾ, ਨਿਹਕਲੰਕਾ ਲਏ ਅਵਤਾਰ। ਹਰਿਜਨ ਸਾਚੇ ਮੇਲ ਮਿਲਾਇੰਦਾ, ਮੇਲ ਮਿਲਾਵਾ ਵਿਚ ਸੰਸਾਰ। ਜਗਤ ਜਗਿਆਸੂ ਪੰਧ ਮੁਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲਾ ਨਿਤ ਨਵਿਤ ਭਗਤਨ ਕਰੇ ਸਾਚਾ ਹਿਤ, ਵਾਰ ਥਿਤ ਨਾ ਕੋਈ ਰਖਾਇੰਦਾ। ਵਾਰ ਥਿਤ ਨਾ ਦਿਵਸ ਮਾਸ, ਬਰਸ ਬਰਖ ਨਾ ਖੇਲ ਖਿਲਾਇੰਦਾ। ਜੁਗ ਜੁਗ ਜਨ ਭਗਤਾਂ ਉਤੇ ਕਰੇ ਤਰਸ, ਆਪ ਆਪਣਾ ਵੇਸ ਵਟਾਇੰਦਾ। ਜਗਤ ਤ੍ਰਿਸ਼ਨਾ ਮੇਟੇ ਹਰਸ, ਸਹਿੰਸਾ ਰੋਗ ਸਰਬ ਚੁਕਾਇੰਦਾ। ਅੰਮ੍ਰਿਤ ਮੇਘ ਏਕਾ ਬਰਸ, ਸਾਂਤਕ ਸਤਿ ਸਤਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸ਼ਬਦ ਜਗਾਇਆ, ਕਰ ਕਿਰਪਾ ਗੁਣ ਨਿਧਾਨ। ਸਤਿ ਸਤਿ ਮੇਲ ਮਿਲਾਇਆ, ਪੰਜ ਤਤ ਹੋਇਆ ਨਿਗਹਵਾਨ। ਧੁਰ ਦੀ ਬਾਣੀ ਬਾਣ ਲਗਾਇਆ, ਨਾਤਾ ਤੋੜ ਪੰਜ ਸ਼ੈਤਾਨ। ਪੰਚਮ ਸ਼ਬਦ ਇਕ ਸੁਣਾਇਆ, ਘਰ ਮੰਦਰ ਹੋਏ ਧੁਨਕਾਨ। ਅਨਹਦ ਸਾਚਾ ਤਾਲ ਵਜਾਇਆ, ਆਪ ਵਜਾਏ ਗੁਣ ਨਿਧਾਨ। ਬੰਕ ਦਵਾਰੀ ਬੰਕ ਸੁਹਾਇਆ, ਨਿਰਗੁਣ ਸਰਗੁਣ ਹੋ ਪਰਧਾਨ। ਆਪ ਆਪਣਾ ਭੇਵ ਖੁਲਾਇਆ, ਇਕ ਵਖਾਏ ਪਦ ਨਿਰਬਾਨ। ਇਕ ਅਕੱਲਾ ਏਕੰਕਾਰਾ ਆਪਣੀ ਕਲ ਵਰਤਾਇਆ, ਦੂਜੀ ਕੁਦਰਤ ਵੇਖੇ ਜੀਵ ਜਹਾਨ। ਤੀਜਾ ਲੋਚਣ ਆਪ ਖੁਲ੍ਹਾਇਆ, ਚੌਥੇ ਪਦ ਦੇਵੇ ਮਾਣ। ਪੰਚਮ ਰਾਗ ਇਕ ਸੁਣਾਇਆ, ਛੇਵੇਂ ਛੱਪਰ ਛੰਨ ਨਾ ਕੋਈ  ਮਕਾਨ। ਸਤਵੇਂ ਸਤਿ ਸਤਿਵਾਦੀ ਸਤਿ ਸਤਿ ਵਰਤਾਇਆ, ਨਾ ਜ਼ਿਮੀ ਨਾ ਅਸਮਾਨ। ਚਾਰ ਦਿਵਾਰ ਨਾ ਬਣਤ ਬਣਾਇਆ, ਛੱਪਰ ਛੰਨ ਨਾ ਕੋਈ ਨਿਸ਼ਾਨ। ਸਚ ਸਿੰਘਾਸਣ ਇਕ ਵਿਛਾਇਆ, ਉਪਰ ਬੈਠ ਸ੍ਰੀ ਭਗਵਾਨ। ਆਪ ਆਪਣਾ ਹੁਕਮ ਅਲਾਇਆ, ਨੂਰ ਅਲਾਹੀ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਲਏ ਜਗਾਇਆ। ਜਾਗਰਤ ਜੋਤ ਹਰਿ ਜਗਾ, ਗੁਰਮੁਖ ਸੱਜਣ ਆਪ ਜਗਾਈਆ। ਮਾਇਆ ਫੰਦਨ ਬੰਦ ਕਟਾ, ਪਤਿਤ ਪੁਨੀਤ ਕਰੇ ਬੇਪਰਵਾਹੀਆ। ਸਾਂਤਕ ਸਤਿ ਤਨ ਵਰਤਾ, ਮਨ ਪੰਖੀ ਉਡ ਨਾ ਦਹਿ ਦਿਸ ਜਾਈਆ। ਮਤ ਮਤਵਾਲੀ ਦਏ ਸਮਝਾ, ਬੁਧ ਬਿਬੇਕੀ ਆਪ ਕਰਾਈਆ। ਸ਼ਰਅ ਸ਼ਰਿਅਤ ਇਕ ਵਖਾ, ਕਲਮਾ ਅਮਾਮ ਆਪ ਪੜ੍ਹਾਈਆ। ਨਬੀ ਰਸੂਲਾਂ ਰਾਹੇ ਪਾ, ਮੁਲਾਂ ਮੁਸ਼ਾਇਕ ਸ਼ੇਖ਼ ਪੀਰ ਦਸਤਗੀਰ ਆਪ ਉਪਾਈਆ। ਨੂਰੋ ਨੂਰ ਜਲਵਾ ਆਪ ਖ਼ੁਦਾ, ਨੂਰ ਨੁਰਾਨਾ ਡਗਮਗਾਈਆ। ਆਫਤਾਬ ਆਪ ਰਿਹਾ ਚਮਕਾ, ਜ਼ਾਹਰ ਜ਼ਹੂਰ ਖੇਲ ਖਿਲਾਈਆ। ਨੇਰਨ ਦੂਰ ਵਸੇ ਸਾਚੇ ਥਾਂ, ਦੂਰ ਨੇੜ ਆਪਣਾ ਪੰਧ ਮੁਕਾਈਆ। ਆਸਾ ਪੂਰ ਜਨ ਭਗਤਾਂ ਪਕੜੇ ਬਾਂਹ, ਮਨਸਾ ਮਨਸਾ ਵਿਚ ਟਿਕਾਈਆ। ਜਗਤ ਵਿਕਾਰਾ ਕਰੇ ਦੂਰ ਸਚ ਨਿਆਂ, ਸਾਲਸ ਆਪਣਾ ਨਾਉਂ ਰਖਾਈਆ। ਨਿਰਗੁਣ ਨਿਰਵੈਰ ਜੋਤੀ ਜਾਮਾ ਪਾ, ਹਰਿ ਹਰਿ ਆਪਣਾ ਬਲ ਆਪ ਧਰਾਈਆ। ਸੰਤ ਸਤਿਗੁਰ ਲੇਖੇ ਲਏ ਲਾ, ਪੂਰਬ ਲੇਖਾ ਲੇਖੇ ਪਾਈਆ। ਭਰਮ ਭੁਲੇਖਾ ਰਹੇ ਨਾ ਰਾ, ਭੁੱਲ ਅਭੁੱਲ ਬੇਪਰਵਾਹ, ਅਭੁੱਲ ਮਾਰਗ ਇਕ ਚਲਾਈਆ। ਸੁਲਾਹਕੁਲ ਦੋ ਜਹਾਂ, ਆਲਮ ਇਲਮ ਇਕ ਪੜ੍ਹਾਈਆ। ਏਕਾ ਮਾਰਗ ਦਏ ਵਖਾ, ਕਾਇਨਾਤ ਕਾਇਆ ਸ਼ਰਅ ਆਪ ਜਣਾਈਆ। ਆਬੇਹਯਾਤ ਜਾਮ ਪਿਆ, ਮਹਵ ਮਹਿਬੂਬ ਦਏ ਮਿਲਾਈਆ। ਏਕੰਕਾਰਾ ਆਪਣਾ ਵੇਸ ਵਟਾ, ਨਾਨਕ ਨਿਰਗੁਣ ਦਏ ਸਲਾਹੀਆ। ਏਕਾ ਮੰਤਰ ਸਚ ਪੜ੍ਹਾ, ਇਸ਼ਟ ਦ੍ਰਿਸ਼ਟ ਸ੍ਰਿਸ਼ਟ ਇਕ ਵਖਾਈਆ। ਏਕਾ ਜੋਤੀ ਜੋਤ ਡਗਮਗਾ, ਪੂਤ ਸਪੂਤਾ ਸੁਤ ਦੁਲਾਰਾ ਏਕਾ ਜਾਈਆ। ਗੋਬਿੰਦ ਸੂਰਾ ਨਾਉਂ ਧਰਾ, ਪੁਰਖ ਅਕਾਲ ਰਿਹਾ ਧਿਆਈਆ। ਧਰਨੀ ਧਰਤ ਧਵਲ ਤੇਰੀ ਪੈਜ ਲਏ ਰਖਾ, ਕਲਜੁਗ ਅੰਤਮ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਸਾਚੀ ਸਿਖ਼ਿਆ ਇਕ ਸਮਝਾਈਆ। ਸਾਚੀ ਸਿਖ਼ਿਆ ਸ਼ਬਦ ਗੁਰਦੇਵ, ਦੇਵ ਆਤਮਾ ਸਰਬ ਜਗਾਇੰਦਾ । ਪੁਰਖ ਅਬਿਨਾਸ਼ੀ ਅਲੱਖ ਅਭੇਵ, ਅਨਭਵ ਆਪਣਾ ਰੂਪ ਵਟਾਇੰਦਾ। ਜਨ ਭਗਤਾਂ ਦੇਵੇ ਸਾਚਾ ਮੇਵ, ਅੰਮ੍ਰਿਤ ਆਤਮ ਰਸ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਆਪਣੇ ਘਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਬੰਕ ਸੁਹਾਇਆ, ਹਰਿ ਸੰਗਤ ਕਰ ਪਿਆਰ। ਸਤਿ ਸਤਿਵੰਤਾ ਮੇਲ ਮਿਲਾਇਆ, ਪਤਿ ਪਤਿਵੰਤਾ ਕਰੇ ਪਿਆਰ। ਭੁਖਾ ਨੰਗਤਾ ਫੇਰੀ ਪਾਇਆ, ਮੰਗਦਾ ਫਿਰੇ ਦਰ ਦਵਾਰ। ਪੁਰਖ ਅਬਿਨਾਸ਼ੀ ਜਗਤ ਭਿਖਾਰੀ ਆਪ ਹੋ ਜਾਇਆ। ਗੁਰਸਿਖ ਲੱਭਦਾ ਦਵਾਰ ਆਪਣੀ ਅਲਫੀ ਇਕ ਹੰਢਾਇਆ, ਦੂਜਾ ਬਸਤਰ ਨਾ ਕੋਇ ਪਿਆਰ। ਸਾਚਾ ਸ਼ਸਤਰ ਇਕ ਚਮਕਾਇਆ, ਨਾਮ ਖੰਡਾ ਤੇਜ ਕਟਾਰ। ਲੋਹਾਰ ਤਰਖਾਨ ਨਾ ਕਿਸੇ ਘੜਾਇਆ, ਐਹਰਨ ਤਤ ਨਾ ਮਾਰੇ ਮਾਰ। ਜਗਤ ਕੁਠਾਲੀ ਕਿਸੇ ਨਾ ਪਾਇਆ, ਅੱਗਨੀ ਅਗ ਨਾ ਦੇਵੇ ਸਾੜ। ਗੁਰਸਿਖ ਤੇਰੇ ਰੰਗ ਰੰਗਾਇਆ, ਸਾਚਾ ਖੰਡਾ ਤਿਖੀ ਧਾਰ। ਜੋਰਾਵਰ ਹੱਥ ਉਠਾਇਆ, ਕਲਜੁਗ ਆਈ ਅੰਤਮ ਵਾਰ। ਰਵਦਾਸ ਚੁਮਾਰਾ ਢੋਰਾਂ ਢੋਏ ਸੁੱਟਣ ਲਾਇਆ, ਲੇਖਾ ਲਿਖੇ ਸਰਬ ਸੰਸਾਰ। ਸਾਢੇ ਤਿੰਨ ਹੱਥ ਵੰਡ ਵੰਡਾਇਆ, ਸ਼ਾਹ ਸੁਲਤਾਨਾਂ ਮਾਰੇ ਮਾਰ। ਬ੍ਰਹਿਮੰਡ ਖੰਡ ਡੇਰਾ ਢਾਇਆ, ਬ੍ਰਹਮਾ ਵਿਸ਼ਨ ਸ਼ਿਵ ਕਰੇ ਪੁਕਾਰ। ਸ਼ੰਕਰ ਬਾਸ਼ਕ ਤਸ਼ਕਾ ਗਲੋਂ ਲਾਹਿਆ, ਹੱਥ ਤ੍ਰਸੂਲ ਸੁਟੀ ਨੇਤਰ ਨੀਰ ਵਹਾਏ ਵਾਰੋ ਵਾਰ। ਬ੍ਰਹਮਾ ਚਾਰੇ ਮੁਖ ਉਠਾਇਆ, ਅੱਠੇ ਨੇਤਰ ਰਿਹਾ ਉਘਾੜ। ਵਿਸ਼ਨੂੰ ਬਾਸ਼ਕ ਤਸ਼ਕਾ ਸਾਂਗੋ ਪਾਂਗ ਸੇਜ ਤਜਾਇਆ, ਚਰਨ ਦਵਾਰ ਬਣੇ ਭਿਖਾਰ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਾਹੋ ਸ਼ਾਬਾਸੀ ਕਲਜੁਗ ਅੰਤਮ ਜੋਤ ਜਗਾਇਆ, ਪਰਗਟ ਹੋਏ ਵਿਚ ਸੰਸਾਰ। ਨਿਹਕਲੰਕ ਨਾਉਂ ਧਰਾਇਆ, ਚੌਥਾ ਜੁਗ ਵੇਖ ਵਖਾਇਆ, ਨੌਂ ਸੌ ਨੜਿਨਵੇਂ ਚੌਕੜੀ ਜੁਗ ਕਰੇ ਖ਼ਵਾਰ। ਸਮਰਥ ਪੁਰਖ ਆਪ ਅਖਵਾਇਆ, ਸ੍ਰਿਸ਼ਟ ਸਬਾਈ ਹਠ ਗਵਾਇਆ, ਗੁਰ ਦਰ ਮੰਦਰ ਮਸਜਿਦ ਮਠ ਵੇਖ ਵਖਾਇਆ, ਸ਼ਿਵਦਵਾਲਾ ਪਾਵੇ ਸਾਰ। ਤੀਰਥ ਤਟ ਫੋਲ ਫੁਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਕਰੇ ਪਾਰ ਕਿਨਾਰ। ਕਲਜੁਗ ਤੇਰਾ ਪਾਰ ਕਿਨਾਰਾ, ਕਰਤਾ ਪੁਰਖ ਆਪ ਕਰਾਈਆ। ਸੰਮਤ ਸੰਮਤੀ ਮਾਰੇ ਮਾਰਾ, ਲੇਖਾ ਆਪਣੇ ਹੱਥ ਰਖਾਈਆ। ਵੇਦ ਵਿਆਸਾ ਵਿਸ਼ਵ ਲਿਖਾਰਾ, ਆਪਣਾ ਲੇਖਾ ਗਿਆ ਸਮਝਾਈਆ। ਨਾਨਕ ਨਿਰਗੁਣ ਤਿਖੀ ਧਾਰਾ, ਤ੍ਰਲੋਕੀ ਰਿਹਾ ਜਣਾਈਆ। ਗੋਬਿੰਦ ਸੂਰਬੀਰ ਬਲਕਾਰਾ, ਖੜਗ ਖੰਡਾ ਇਕ ਚਮਕਾਈਆ। ਚਾਰੋ ਕੁੰਟ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਚਾਰੋ ਕੁੰਟ ਆਏ ਪਾਸਾ ਹਾਰਾ, ਸਾਰ ਪਾਸ ਖੇਲ ਖਿਲਾਈਆ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਸੰਬਲ ਨਗਰੀ ਧਾਮ ਸੁਹਾਈਆ। ਜੋਤੀ ਸ਼ਬਦੀ ਏਕਾ ਰੰਗ ਰਵੇ ਨਿਰੰਕਾਰਾ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਕਲ ਮਿਟਾਈਆ। ਕਲਜੁਗ ਤੇਰਾ ਕਲ ਕਲੇਸ਼, ਕਲ ਕਲਕੀ ਆਪ ਮਿਟਾਵਨਾ। ਤੇਰੀ ਅਲਫੀ ਦਰ ਦਰਵੇਸ਼, ਦਰ ਦਰ ਭਿਖਾਰੀ ਮੰਗ ਮੰਗਾਵਣਾ। ਤੇਰੀ ਕੋਇ ਨਾ ਚਲੇ ਪੇਸ਼, ਪੁਰਖ ਅਬਿਨਾਸ਼ੀ ਆਪਣਾ ਭਾਣਾ ਆਪ ਵਰਤਾਵਨਾ। ਦਰ ਮੰਗਣ ਮੰਗ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਵੇਲਾ ਅੰਤ ਨਾ ਕਿਸੇ ਬਚਾਵਨਾ। ਧਰਤ ਧਵਲ ਵਖਾਏ ਖੁਲੜੇ ਕੇਸ, ਨੇਤਰ ਰੋ ਰੋ ਨੀਰ ਵਹਾਵਨਾ। ਗੁਰਮੁਖ ਰਾਹ ਤੱਕਨ ਦਸ ਦਸਮੇਸ, ਨੀਲਾ ਨੀਲੀ ਧਾਰੋਂ ਪਾਰ ਕਰਾਵਨਾ। ਵਿਸ਼ਨ ਬ੍ਰਹਮਾ ਸ਼ਿਵ ਬਾਸ਼ਕ ਸ਼ੇਸ਼, ਸਹੰਸਰ ਮੁਖ ਆਪ ਸਲਾਹਵਣਾ। ਕਲਜੁਗ ਅੰਤਮ ਪਾਰਬ੍ਰਹਮ ਅਬਿਨਾਸ਼ੀ ਕਰਤਾ ਜਨ ਭਗਤਾ ਕਰੇ ਇਕ ਆਦੇਸ, ਜਿਸ ਬਹਿ ਬਹਿ ਰਸਨਾ ਗਾਵਣਾ। ਸੂਰਬੀਰ ਬਲਵਾਨਾ ਨਰ ਨਰੇਸ਼, ਨਰ ਹਰਿ ਨਰਾਇਣ ਆਪਣਾ ਰੂਪ ਆਪ ਪਰਗਟਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਰੱਖੇ ਸਾਚੀ ਟੇਕ, ਇਸ਼ਟ ਰੂਪ ਇਕ ਅਖਵਾਵਣਾ। ਚਾਰ ਵਰਨਾਂ ਏਕਾ ਟੇਕ, ਸ੍ਰਿਸ਼ਟ ਸਬਾਈ ਹਰਿ ਰਖਾਇੰਦਾ। ਸ਼ਬਦੀ ਸ਼ਬਦ ਬੁਧ ਬਿਬੇਕ, ਮਤ ਮਤਵਾਲੀ ਆਪ ਸਮਝਾਇੰਦਾ। ਸਵਛ ਸਰੂਪੀ ਆਪ ਆਪਣੇ ਲਏ ਵੇਖ, ਪੂਰਬ ਲਹਿਣਾ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਉਖੜੇ ਮੇਖ, ਥਿਰ ਕੋਈ ਰਹਿਣ ਨਾ ਪਾਇੰਦਾ। ਲੇਖਾ ਜਾਣੇ ਰਿਖੀ ਕੇਸ, ਗਵਰਧਨ ਆਪਣੇ ਹੱਥ ਉਠਾਇੰਦਾ। ਖੰਡਾ ਵੇਖੇ ਦਸ ਦਸਮੇਸ, ਸ੍ਰੀ ਭਗੌਤੀ ਭਗਵਤ ਆਪ ਚਮਕਾਇੰਦਾ। ਗੁਰਮੁਖ ਸੱਜਣ ਸਤਿਗੁਰ ਸ਼ਾਹ ਸੁਲਤਾਨ ਆਪਣੇ ਨੇਤਰ ਲਏ ਪੇਖ, ਜਗਤ ਨੇਤਰ ਲੋਚਣ ਨੈਣ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੰਤ ਰਸਨਾ ਜਿਹਵਾ ਮਣੀਆ ਮੰਤ, ਮਨ ਮਨਕਾ ਆਪ ਭਵਾਇੰਦਾ। ਮਨਕਾ ਮਨਕਾ ਆਪ ਭਵਾਏ, ਮਨ ਵਾਸਨਾ ਰਹਿਣ ਨਾ ਪਾਈਆ। ਤੁਨਕਾ ਤਨ ਆਪ ਲਗਾਏ, ਜੋਤੀ ਤਿਲਕ ਇਕ ਰਖਾਈਆ। ਸ਼ਬਦ ਡੰਕਾ ਇਕ ਵਜਾਏ, ਅਨਹਦ ਸਾਚਾ ਤਾਲ ਵਜਾਈਆ। ਵਾਸੀ ਪੁਰੀ ਘਨਕਾ ਦਇਆ ਕਮਾਏ, ਘਨਕ ਪੁਰ ਵਾਸੀ ਸੱਚਾ ਸ਼ਹਿਨਸ਼ਾਹੀਆ। ਬਾਰ ਅਨੇਕਾ ਜੋਤ ਜਗਾਏ, ਅਕਲ ਕਲ ਆਪ ਅਖਵਾਈਆ। ਨਾਮ ਧਨੁਸ਼ ਹੱਥ ਟਿਕਾਏ, ਕਲਜੁਗ ਰਾਵਣ ਲਏ ਖਪਾਈਆ। ਕੂੜਾ ਕੰਸ ਆਪ ਮਿਟਾਏ, ਬਲ ਕ੍ਰਿਸ਼ਨਾ ਆਪ ਰਖਾਈਆ। ਈਸਾ ਮੂਸਾ ਸੰਸਾ ਦਏ ਚੁਕਾਏ, ਸੰਗ ਮੁਹੰਮਦ ਚਾਰ ਯਾਰ ਦਏ ਸਲਾਹੀਆ। ਅੱਲਾ ਰਾਣੀ ਅੰਕਾ ਅੰਗ ਲਗਾਏ, ਅੰਗੀਕਾਰ ਆਪ ਹੋ ਜਾਈਆ। ਸਾਚਾ ਬੰਕਾ ਆਪ ਸੁਹਾਏ, ਗੁਰਮੁਖ ਬੰਕ ਦਵਾਰੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਵੇਖੇ ਕਾਇਆ ਗੜ੍ਹ, ਜੋਤ ਸਰੂਪੀ ਅੰਦਰ ਵੜ, ਨਾ ਕੋਈ ਸੀਸ ਨਾ ਕੋਈ ਧੜ, ਆਪਣਾ ਧਾਮ ਆਪ ਸੁਹਾਈਆ। ਕਾਇਆ ਮੰਦਰ ਧਾਮ ਨਿਆਰਾ, ਗੁਰ ਸਤਿਗੁਰ ਆਪ ਸੁਹਾਇੰਦਾ। ਨੌਂ ਦਵਾਰੇ ਪਾਰ ਕਿਨਾਰਾ, ਪੰਚ ਵਿਕਾਰਾ ਮੇਟ ਮਿਟਾਇੰਦਾ। ਸੁਖਮਨ ਨਾੜੀ ਅੰਧ ਅੰਧਿਆਰਾ, ਟੇਡੀ ਬੰਕ ਪਾਰ ਕਰਾਇੰਦਾ। ਈੜਾ ਪਿੰਗਲ ਦਏ ਸਹਾਰਾ, ਆਪ ਆਪਣੀ ਉਂਗਲ ਲਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰਾ, ਭਰ ਪਿਆਲਾ ਮਦਿ ਪਿਆਇੰਦਾ। ਅਨਹਦ ਸ਼ਬਦ ਸੱਚੀ ਧੁਨਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਸ਼ਬਦ ਅਨਾਦੀ ਮੰਗਲਚਾਰਾ, ਵਾਹ ਵਾਹ ਗੀਤ ਗੋਬਿੰਦ ਅਲਾਇੰਦਾ। ਪੰਚਮ ਰਾਜ ਜੋਗ ਸਿਕਦਾਰਾ, ਸਾਚਾ ਹੁਕਮ ਆਪ ਸੁਣਾਇੰਦਾ। ਬਜਰ ਕਪਾਟੀ ਖੋਲ੍ਹ ਕਿਵਾੜਾ, ਸਾਚਾ ਮੰਦਰ ਵੇਖ ਵਖਾਇੰਦਾ। ਦਸਮ ਦਵਾਰੀ ਖੇਲ ਨਿਆਰਾ, ਹਰਿ ਨਿਰੰਕਾਰਾ ਜੋਤ ਜਗਾਇੰਦਾ। ਆਤਮ ਸੇਜਾ ਕਰ ਸ਼ੰਗਾਰਾ, ਆਪ ਆਪਣਾ ਆਸਣ ਲਾਇੰਦਾ। ਆਪੇ ਸੁਤਾ ਪੈਰ ਪਸਾਰਾ, ਕਰਵਟ ਆਪਣੀ ਨਾ ਕੋਇ ਬਦਲਾਇੰਦਾ। ਗੁਰਮੁਖ ਵਿਰਲਾ ਚੜ੍ਹੇ ਦਵਾਰਾ, ਮੰਜ਼ਲ ਆਪਣਾ ਪੰਧ ਮੁਕਾਇੰਦਾ। ਏਕਾ ਦੂਜਾ ਪਾਰ ਉਤਾਰਾ, ਤੀਜਾ ਨੈਣ ਆਪ ਪਰਗਟਾਇੰਦਾ। ਚੌਥੇ ਪਦ ਸਚ ਸਹਾਰਾ, ਪੰਚਮ ਮੇਲਾ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਬ੍ਰਹਮ ਪਾਰਬ੍ਰਹਮ ਵੇਖ ਵਖਾਇੰਦਾ। ਸੁਰਤੀ ਸ਼ਬਦੀ ਕਰ ਪਿਆਰਾ, ਨਾਰੀ ਕੰਤ ਮੇਲ ਮਿਲਾਇੰਦਾ। ਈਸ਼ ਜੀਵ ਮੇਲਾ ਇਕ ਦਵਾਰਾ, ਘਰ ਘਰ ਸਾਚੇ ਆਪ ਕਰਾਇੰਦਾ। ਜਗਤ ਜਗਦੀਸ਼ ਦਏ ਸਹਾਰਾ, ਜਗਤੇਸ਼ਵਰ ਆਪਣਾ ਭੇਵ ਖੁਲ੍ਹਾਇੰਦਾ। ਸੰਤਨ ਸੋਹੇ ਇਕ ਮੁਨਾਰਾ, ਘਰ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਅੰਦਰ ਆਪੇ ਵੜ, ਸਚ ਸਿੰਘਾਸਣ ਸੋਭਾ ਪਾਇੰਦਾ। ਸਚ ਸਿੰਘਾਸਣ ਸੋਭਾਵੰਤ, ਗੁਰਮੁਖ ਆਤਮ ਸੇਜ ਸੁਹਾਈਆ। ਪੁਰਖ ਅਬਿਨਾਸ਼ੀ ਏਕਾ ਕੰਤ, ਨਿਝ ਘਰ ਬੈਠਾ ਖ਼ੁਸ਼ੀ ਮਨਾਈਆ। ਏਕਾ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਮਣੀਆ ਏਕਾ ਮੰਤ, ਏਕਾ ਸ਼ਬਦ ਨਾਮ ਦ੍ਰਿੜਾਈਆ। ਏਕਾ ਸਾਧ ਏਕਾ ਸੰਤ, ਏਕਾ ਸਤਿਗੁਰ ਰੂਪ ਵਟਾਈਆ। ਏਕਾ ਲੇਖਾ ਜਾਣੇ ਜੀਵ ਜੰਤ, ਏਕਾ ਲੱਖ ਚੁਰਾਸੀ ਰਿਹਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ, ਸੁੰਨ ਸਮਾਧ ਹਰਿ ਸੰਤਨ ਦਏ ਬੁਝਾਈਆ। ਸੁੰਨ ਸਮਾਧ ਪਿੰਡ ਬ੍ਰਹਿਮੰਡ, ਹਰਿ ਸਾਚਾ ਖੋਜ ਖਜਾਇੰਦਾ। ਲੱਖ ਚੁਰਾਸੀ ਵੰਡਨ ਵੰਡ, ਹਰਿ ਆਪ ਆਪਣੀ ਝੋਲੀ ਪਾਇੰਦਾ। ਕਲਜੁਗ ਅੰਤਮ ਸ਼ਬਦ ਸੁਣਾਏ ਸੁਹਾਗੀ ਛੰਦ, ਸੋ ਪੁਰਖ ਨਿਰੰਜਣ ਢੋਲਾ ਗਾਇੰਦਾ। ਹੰ ਬ੍ਰਹਮ ਇਕ ਵਖਾਏ ਪਰਮਾਨੰਦ, ਪੀਆ ਪ੍ਰੀਤਮ ਮੇਲ ਮਿਲਾਇੰਦਾ। ਲੱਖ ਚੁਰਾਸੀ ਗਾ ਗਾ ਥੱਕੀ ਬੱਤੀ ਦੰਦ, ਕਲਜੁਗ ਬੰਧਨ ਨਾ ਕੋਈ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਹੇਲੇ ਗੁਰੂ ਗੁਰ ਚੇਲੇ ਮੇਲੇ ਆਪਣੇ ਘਰ ਘਰ ਬੰਦ ਦਵਾਰ, ਸੋਭਾਵੰਤ ਹੋਏ ਵਿਚ ਸੰਸਾਰ, ਹਰਿਜਨ ਸਾਚਾ ਆਪ ਸੁਹਾਇੰਦਾ। ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਜੋਤ ਜੋਤ ਉਜਿਆਰ, ਰੂਪ ਰੰਗ ਰੇਖ ਨਾ ਕੋਈ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਹੋਏ ਪਰਧਾਨ, ਕਲਜੁਗ ਅੰਤਮ ਪੰਧ ਮੁਕਾਇੰਦਾ।