੨੮ ਮੱਘਰ ੨੦੧੭ ਬਿਕਰਮੀ ਪਾਲ ਸਿੰਘ ਦੇ ਘਰ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸਚ ਪ੍ਰੀਤ, ਸਤਿ ਸਤਿਵਾਦੀ ਇਕ ਜਣਾਇੰਦਾ। ਹਰਿ ਪੁਰਖ ਨਿਰੰਜਣ ਸਚ ਪ੍ਰੀਤ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਆਦਿ ਨਿਰੰਜਣ ਸਚ ਪ੍ਰੀਤ, ਸਚ ਸਿੰਘਾਸਣ ਮੇਲ ਮਿਲਾਇੰਦਾ। ਏਕੰਕਾਰਾ ਸਚ ਪ੍ਰੀਤ, ਜੋਤੀ ਜੋਤ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਸਚ ਪ੍ਰੀਤ, ਸਚ ਸਿੰਘਾਸਣ ਮੇਲ ਮਿਲਾਇੰਦਾ । ਸ੍ਰੀ ਭਗਵਾਨ ਸਚ ਪ੍ਰੀਤ, ਠਾਂਡਾ ਸੀਤ ਦਰ ਸੁਹਾਇੰਦਾ। ਪਾਰਬ੍ਰਹਮ ਸਚ ਪ੍ਰੀਤ, ਸਚਖੰਡ ਦੁਆਰਾ ਇਕ ਸਮਝਾਇੰਦਾ। ਬੈਠਾ ਰਹੇ ਇਕ ਅਤੀਤ, ਰੂਪ ਰੰਗ ਰੇਖ ਨਾ ਕੋਈ ਜਣਾਇੰਦਾ। ਦੋ ਜਹਾਨਾਂ ਸਾਚਾ ਮੀਤ, ਸਗਲਾ ਸੰਗ ਆਪ ਰਖਾਇੰਦਾ। ਲੇਖਾ ਜਾਣੇ ਹਸਤ ਕੀਟ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਦੇਵੇ ਨਾਮ ਸ਼ਬਦ ਅਨਡੀਠ, ਨਾਦ ਅਨਾਦੀ ਨਾਦ ਵਜਾਇੰਦਾ। ਕਰੇ ਕਰਾਏ ਪਤਤ ਪੁਨੀਤ, ਪਤਤ ਪਾਪੀ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਾਚੀ ਰੀਤ ਆਪ ਵਖਾਇੰਦਾ। ਸਾਚੀ ਪ੍ਰੀਤ ਚਰਨ ਗੁਰਦੇਵ, ਪਾਰਬ੍ਰਹਮ ਸੱਚੀ ਸਰਨਾਈਆ। ਲੇਖਾ ਜਾਣੇ ਪੁਰਖ ਅਭੇਵ, ਅਲਖ ਅਗੋਚਰ ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਦੇਵੇ ਵਡਿਆਈ ਵਡ ਦੇਵੀ ਦੇਵ, ਦੇਵਣਹਾਰਾ ਇਕ ਰਘੁਰਾਈਆ। ਅੰਮ੍ਰਿ਼ਤ ਆਤਮ ਬਖ਼ਸ਼ੇ ਨਾਮ ਨਿਧਾਨਾ ਸਾਚਾ ਮੇਵ, ਅਮਿਉਂ ਰਸ ਆਪਣਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਘਰ ਸਾਚੇ ਸੋਭਾ ਪਾਈਆ। ਸਚ ਪ੍ਰੀਤ ਸਤਿਗੁਰ ਧਾਰ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਜੁਗ ਜੁਗ ਖੇਲ ਖਿਲਾਇੰਦਾ। ਭਗਤ ਭਗਵੰਤ ਲਏ ਉਧਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਏਕਾ ਨਾਮ ਸਤਿ ਦਏ ਅਪਾਰ, ਵਣਜ ਵਣਜਾਰਾ ਇਕ ਅਖਵਾਇੰਦਾ। ਗਤਮਿਤ ਜਾਣੇ ਜਾਨਣਹਾਰ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਪੰਜ ਤੱਤ ਕਰੇ ਪਿਆਰ, ਹੱਡ ਮਾਸ ਨਾੜੀ ਰਤ ਵੇਖ ਵਖਾਇੰਦਾ। ਸਰਬ ਕਲ ਆਪੇ ਸਮਰਥ ਹਰਿ ਨਿਰੰਕਾਰ, ਦੂਸਰ ਓਟ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਹਰਿ ਮੰਦਰ ਸੋਭਾ ਪਾਇੰਦਾ। ਸਚ ਪ੍ਰੀਤ ਗਹਿਰ ਗੰਭੀਰ, ਗੁਣਵੰਤ ਵਡੀ ਵਡਿਆਈਆ। ਜਨ ਭਗਤਾਂ ਬਖ਼ਸ਼ੇ ਅੰਮ੍ਰਿਤ ਸੀਰ, ਨਿਝਰ ਨੀਰ ਆਪ ਵਹਾਈਆ। ਹਉਮੇ ਹੰਗਤਾ ਦੂਈ ਦਵੈਤੀ ਕੱਢੇ ਪੀੜ, ਸਾਂਤਕ ਸਤਿ ਸੰਤੋਖ ਇਕ ਦਰਸਾਈਆ। ਤਨ ਪਹਿਨਾਏ ਸ਼ਬਦ ਸਾਚਾ ਚੀਰ, ਸ਼ਬਦ ਦੋਸ਼ਾਲਾ ਹੱਥ ਉਠਾਈਆ। ਏਥੇ ਓਥੇ ਦੋ ਜਹਾਨਾਂ ਬੰਨ੍ਹੇ ਬੀੜ, ਸਤਿਗੁਰ ਪੂਰਾ ਵਡ ਵਡਿਆਈਆ। ਏਕਾ ਚੋਟੀ ਚਾੜ੍ਹੇ ਫੜ ਅਖ਼ੀਰ, ਜੋਲਾਹਾ ਕਬੀਰ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਬਿਨ ਅਵਰ ਨਾ ਕੋਇ ਵਡਿਆਈਆ। ਸਚ ਪ੍ਰੀਤ ਸਾਚੇ ਘਰ, ਹਰਿ ਸਤਿਗੁਰ ਆਪ ਸਮਝਾਇੰਦਾ। ਗੁਰਮੁਖਾਂ ਦੇਵੇ ਸਾਚਾ ਵਰ, ਵਰ ਦਾਤਾ ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਨਾ ਜਾਏ ਮਰ, ਜਨਮ ਮਰਨ ਖੇਲ ਖਿਲਾਇੰਦਾ। ਭਗਤ ਸੰਤ ਆਪੇ ਫੜ, ਭਗਵਨ ਆਪਣੇ ਦਰ ਬਹਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਗੁਰਮੁਖਾਂ ਨਿਸ਼ਅੱਖਰ ਆਪ ਪੜ੍ਹਾਇੰਦਾ। ਕਾਇਆ ਕਿਲਾ ਕੋਟ ਵੇਖ ਗੜ੍ਹ, ਉਪਰ ਚੜ੍ਹ ਡੇਰਾ ਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਚੋਟੀ ਜੜ੍ਹ ਨਾ ਕੋਈ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਹਰਿ ਜੂ ਆਪਣਾ ਰੂਪ ਧਰਾਇੰਦਾ। ਸਚ ਪ੍ਰੀਤ ਸਤਿਗੁਰ ਦਰਸ, ਨੇਤਰ ਨੈਣ ਨੈਣ ਬਿਗਸਾਈਆ। ਗੁਰ ਪੂਰਾ ਅੰਮ੍ਰਿਤ ਆਤਮ ਮੇਘ ਦੇਵੇ ਬਰਸ, ਤ੍ਰੈਗੁਣ ਤੱਤ ਰਹੇ ਨਾ ਰਾਈਆ। ਜਗਤ ਤ੍ਰਿਸ਼ਨਾ ਮਿਟੇ ਹਰਸ, ਨਰ ਹਰਿ ਆਪਣਾ ਦਰਸ ਦਖਾਈਆ। ਜੀਵ ਜੰਤ ਸਾਧ ਸੰਤ ਲੱਖ ਚੁਰਾਸੀ ਲਏ ਪਰਖ, ਨਾਮ ਕਸਵਟੀ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਏਕਾ ਹਰਿ, ਜੁਗ ਜੁਗ ਆਪਣੀ ਚਾਲ ਚਲਾਈਆ। ਜੁਗ ਜੁਗ ਚਾਲ ਚਲਾਇੰਦਾ, ਹਰਿ ਕਰ ਕਿਰਪਾ ਗੁਣ ਨਿਧਾਨ। ਸੋ ਪੁਰਖ ਨਿਰੰਜਣ ਵੇਸ ਵਟਾਇੰਦਾ, ਹਰਿ ਪੁਰਖ ਨਿਰੰਜਣ ਹੋ ਮਿਹਰਵਾਨ। ਏਕੰਕਾਰਾ ਆਪਣੀ ਕਲ ਆਪ ਧਰਾਇੰਦਾ, ਆਦਿ ਨਿਰੰਜਣ ਜੋਤ ਮਹਾਨ। ਸ੍ਰੀ ਭਗਵਾਨ ਸਚਖੰਡ ਦੁਆਰੇ ਸੋਭਾ ਪਾਇੰਦਾ, ਅਬਿਨਾਸ਼ੀ ਕਰਤਾ ਥਿਰ ਘਰ ਵਸੇ ਜਗਤ ਮਕਾਨ। ਪਾਰਬ੍ਰਹਮ ਆਪਣੇ ਰੰਗ ਆਪ ਸਮਾਇੰਦਾ, ਦੂਸਰ ਹੋਰ ਨਾ ਕੋਇ ਨਿਸ਼ਾਨ। ਸ਼ਬਦ ਅਗੰਮੀ ਨਾਦ ਵਜਾਇੰਦਾ, ਸਾਚੇ ਤਖ਼ਤ ਬੈਠ ਸੱਚਾ ਸੁਲਤਾਨ। ਧੁਰ ਫ਼ਰਮਾਨਾ ਆਪ ਸੁਣਾਇੰਦਾ, ਆਪੇ ਗਾਏ ਆਪਣਾ ਗਾਨ। ਆਪਣੀ ਰਚਨ ਆਪ ਰਚਾਇੰਦਾ, ਆਪੇ ਵੇਖਣਹਾਰਾ ਦੋ ਜਹਾਨ। ਆਪੇ ਸ਼ਬਦੀ ਹੁਕਮ ਵਰਤਾਇੰਦਾ, ਆਪੇ ਨਾਮ ਨਿਧਾਨਾ ਕਰ ਪਰਧਾਨ। ਨਾਉਂ ਨਿਰੰਕਾਰਾ ਆਪ ਉਪਾਇੰਦਾ, ਆਪੇ ਲੇਖਾ ਲਿਖੇ ਮਹਾਨ, ਆਪੇ ਬ੍ਰਹਿਮੰਡਾਂ ਖੰਡਾਂ ਰਚਨ ਰਚਾਇੰਦਾ, ਆਪੇ ਲੋਆਂ ਪੁਰੀਆਂ ਵੇਖੇ ਮਾਰ ਧਿਆਨ। ਆਪੇ ਰਵ ਸਸ ਚਮਕਾਇੰਦਾ, ਆਪੇ ਜੋਤੀ ਜੋਤ ਜਗਾਏ ਆਪ ਮਿਹਰਵਾਨ। ਆਪੇ ਵਿਸ਼ਨੂੰ ਰੂਪ ਧਰਾਇੰਦਾ, ਆਪੇ ਕਵਲ ਨਾਭੀ ਕਰੇ ਪਰਵਾਨ। ਆਪੇ ਬ੍ਰਹਮਾ ਬ੍ਰਹਮ ਰੂਪ ਪ੍ਰਗਟਾਇੰਦਾ, ਆਪੇ ਚਾਰੇ ਮੁਖ ਕਰੇ ਗਿਆਨ। ਆਪੇ ਸ਼ੰਕਰ ਧੂਆਂਧਾਰ ਸਮਾਇੰਦਾ, ਆਪੇ ਸੁੰਨ ਅਗੰਮੀ ਹੋਏ ਪਰਧਾਨ। ਆਪੇ ਤਿੰਨਾਂ ਏਕਾ ਗੁਰ ਵਖਾਇੰਦਾ, ਸਚ ਵਖਾਏ ਇਕ ਮਕਾਨ। ਆਪੇ ਏਕਾ ਗੋਦ ਬਹਾਇੰਦਾ, ਏਕਾ ਮਾਈ ਦੇਵੇ ਦਾਨ। ਆਪੇ ਏਕਾ ਅੱਖਰ ਆਪ ਪੜ੍ਹਾਇੰਦਾ, ਸੋ ਪੁਰਖ ਨਿਰੰਜਣ ਵਖਾਏ ਸਚ ਨਿਸ਼ਾਨ। ਆਪੇ ਚਾਰੇ ਵੇਦ ਲਿਖਾਇੰਦਾ, ਆਪੇ ਰੱਖੇ ਆਪਣੀ ਆਣ, ਆਪੇ ਤ੍ਰੈਗੁਣ ਰੰਗ ਰੰਗਾਇੰਦਾ, ਆਪੇ ਪੰਚਮ ਬਖ਼ਸ਼ੇ ਇਕ ਗਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪ੍ਰੀਤੀ ਦੇਵੇ ਦਾਨ। ਸਚ ਪ੍ਰੀਤੀ ਚਰਨ ਦੁਆਰ, ਵਿਸ਼ਨੂੰ ਵਿਸ਼ਵ ਸਮਝਾਇੰਦਾ। ਬ੍ਰਹਮਾ ਦੋਏ ਦੋਏ ਜੋੜ ਕਰੇ ਨਿਮਸਕਾਰ, ਪੁਰਖ ਅਬਿਨਾਸ਼ੀ ਏਕਾ ਘਰ ਵਖਾਇੰਦਾ। ਸ਼ੰਕਰ ਨਿਉਂ ਨਿਉਂ ਚਰਨ ਕਵਲ ਕਵਲ ਚਰਨ ਮੰਗੇ ਇਕ ਆਧਾਰ, ਜਟਾ ਜੂਟ ਸੇਵ ਕਮਾਇੰਦਾ। ਤਿੰਨਾਂ ਵਿਚੋਲਾ ਸ਼ਬਦ ਕਰਤਾਰ, ਤਿੰਨਾਂ ਸੰਦੇਸ਼ਾ ਇਕ ਸੁਣਾਇੰਦਾ। ਸੋ ਪੁਰਖ ਨਿਰੰਜਣ ਸਭ ਤੋਂ ਵਸਿਆ ਬਾਹਰ, ਹੱਥ ਕਿਸੇ ਨਾ ਆਇੰਦਾ। ਹੁਕਮੀ ਹੁਕਮ ਵਰਤੇ ਵਰਤਾਰ, ਸਚ ਭਾਣਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਸਚ ਪ੍ਰੀਤੀ ਇਕ ਸਮਝਾਇੰਦਾ। ਸਚ ਪ੍ਰੀਤੀ ਤ੍ਰੈਗੁਣ ਧਾਰ, ਤ੍ਰੈ ਤ੍ਰੈ ਇਹ ਸਮਝਾਇਆ। ਵਿਸ਼ਨ ਤੇਰਾ ਸਚ ਭੰਡਾਰ, ਪੁਰਖ ਅਬਿਨਾਸ਼ੀ ਆਪ ਵਰਤਾਇਆ। ਬ੍ਰਹਮੇ ਤੇਰਾ ਇਕ ਪਸਾਰ, ਪਾਰਬ੍ਰਹਮ ਹਰਿ ਵੇਖ ਵਖਾਇਆ। ਸ਼ੰਕਰ ਤੇਰਾ ਅੰਤ ਸੰਘਾਰ, ਜੋ ਘੜਿਆ ਭੰਨ ਵਖਾਇਆ। ਕਰੇ ਖੇਲ ਸੱਚੀ ਸਰਕਾਰ, ਸਾਚੇ ਤਖ਼ਤ ਸੋਭਾ ਪਾਇਆ। ਚਰਨ ਪ੍ਰੀਤੀ ਦੱਸੇ ਇਕ ਆਧਾਰ, ਆਦਿ ਜੁਗਾਦਿ ਵਿਛੜ ਨਾ ਜਾਇਆ। ਜਾਗਰਤ ਜੋਤ ਜਗੇ ਅਪਾਰ, ਜੁਗ ਕਰਤਾ ਖੇਲ ਖਿਲਾਇਆ। ਲੱਖ ਚੁਰਾਸੀ ਬਣ ਵਰਤਾਰ, ਗ੍ਰਹਿ ਮੰਦਰ ਸੇਵ ਕਮਾਇਆ। ਜੁਗ ਜੁਗ ਕਰੇ ਸਚ ਵਿਹਾਰ, ਲੇਖ ਅਲੇਖ ਆਪ ਬਣ ਜਾਇਆ। ਭੇਖ ਧਰੇ ਆਪ ਨਿਰੰਕਾਰ, ਲੋਕਮਾਤ ਵੇਖ ਵਖਾਇਆ। ਨਿਰਗੁਣ ਸਰਗੁਣ ਲਏ ਉਭਾਰ, ਨਿਰਗੁਣ ਸਰਗੁਣ ਵਿਚ ਟਿਕਾਇਆ। ਜੁਗ ਜੁਗ ਵੰਡੇ ਵੰਡ ਅਪਰ ਅਪਾਰ, ਜੁਗ ਚੌਕੜੀ ਬੰਧਨ ਪਾਇਆ। ਸਤਿਜੁਗ ਤ੍ਰੇਤਾ ਦੁਆਪਰ ਬਣਿਆ ਰਹੇ ਸਹਾਰ, ਕਲਜੁਗ ਅੰਤਮ ਵੇਖ ਵਖਾਇਆ। ਨੌਂ ਖੰਡ ਦਏ ਆਧਾਰ, ਨੌਂ ਦੁਆਰ ਖੋਜ ਖੁਜਾਇਆ। ਚਾਰ ਵਰਨ ਪਾਵੇ ਸਾਰ, ਚਾਰ ਜੁਗ ਮੇਲ ਮਿਲਾਇਆ। ਚਾਰੇ ਬਾਣੀ ਲਏ ਉਭਾਰ, ਚਾਰੇ ਖਾਣੀ ਵਿਚ ਸਮਾਇਆ। ਪਰਾ ਪਸੰਤੀ ਮਧਮ ਬੈਖਰੀ ਏਕਾ ਧਾਰ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਰੂਪ ਪ੍ਰਗਟਾਇਆ। ਕਰੇ ਖੇਲ ਸੱਚਾ ਸ਼ਾਹਕਾਰ, ਸ਼ਹਿਨਸ਼ਾਹ ਆਪਣੀ ਧਾਰ ਆਪ ਵਰਤਾਇਆ। ਜੁਗ ਜੁਗ ਵਰਤੇ ਇਕ ਵਰਤਾਰ, ਵੇਦ ਕਤੇਬ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਸਚ ਪ੍ਰੀਤੀ ਦਏ ਸਮਝਾਇਆ। ਸਚ ਪ੍ਰੀਤੀ ਵਿਸ਼ਨੂੰ ਨਾਤਾ, ਹਰਿ ਵਿਸ਼ਨੂੰ ਜੋੜ ਜੁੜਾਇੰਦਾ। ਬ੍ਰਹਮੇ ਤੇਰੀ ਉਤਮ ਜ਼ਾਤਾ, ਪਾਰਬ੍ਰਹਮ ਰੂਪ ਦਰਸਾਇੰਦਾ। ਸ਼ੰਕਰ ਤੇਰੀ ਸਾਚੀ ਗਾਥਾ, ਤ੍ਰਿਲੋਕੀ ਨਾਥਾ ਆਪ ਸੁਣਾਇੰਦਾ। ਤਿੰਨਾਂ ਪੂਰਾ ਕਰਨਹਾਰਾ ਘਾਟਾ, ਸਚ ਸਲੋਕ ਇਕ ਅਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਵੇਖੇ ਵਾਟਾ, ਹਰਿ ਜੂ ਆਪੇ ਪੰਧ ਮੁਕਾਇੰਦਾ। ਨਵ ਨੌਂ ਚਾਰ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਾਂਗ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪ੍ਰੀਤੀ ਇਕ ਦ੍ਰਿੜਾਇੰਦਾ। ਸਚ ਪ੍ਰੀਤ ਵਿਸ਼ਨੂੰ ਰੰਗ, ਹਰਿ ਹਰਿ ਆਪਣਾ ਆਪ ਰੰਗਾਈਆ। ਬ੍ਰਹਮਾ ਤੇਰੀ ਪੂਰੀ ਕਰੇ ਮੰਗ, ਪਾਰਬ੍ਰਹਮ ਵਡੀ ਵਡਿਆਈਆ। ਸ਼ੰਕਰ ਤੇਰੀ ਕਟੇ ਭੁੱਖ ਨੰਗ, ਤ੍ਰਿਸ਼ਨਾ ਤ੍ਰਿਪਤ ਆਪ ਕਰਾਈਆ। ਤਿੰਨਾਂ ਵਜਾਏ ਇਕ ਮਰਦੰਗ, ਸੋ ਪੁਰਖ ਨਿਰੰਜਣ ਹੱਥ ਉਠਾਈਆ। ਹਰਿ ਪੁਰਖ ਨਿਰੰਜਣ ਲਾਏ ਅੰਗ, ਏਕੰਕਾਰ ਹੋਏ ਸਹਾਈਆ। ਸੋ ਪੁਰਖ ਨਿਰੰਜਣ ਸੂਰਾ ਸਰਬੰਗ, ਅਬਿਨਾਸ਼ੀ ਕਰਤਾ ਮੇਲ ਮਿਲਾਈਆ। ਸ੍ਰੀ ਭਗਵਾਨ ਸਾਚੇ ਅਸਵ ਕਸੇ ਤੰਗ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਦੇਵੇ ਪਰਮਾਨੰਦ, ਆਤਮ ਅਨੰਦ ਆਪ ਸਮਝਾਈਆ। ਇਕ ਸੁਣਾਏ ਸਾਚਾ ਛੰਦ, ਸੋ ਆਪਣਾ ਰੂਪ ਧਰਾਈਆ। ਹੰ ਬ੍ਰਹਮ ਮੁਕਾਏ ਪੰਧ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪ੍ਰੀਤ ਇਕ ਅਤੀਤ, ਆਪਣੀ ਆਪ ਸਮਝਾਈਆ। ਸਚ ਪ੍ਰੀਤੀ ਹਰਿ ਸਮਝਾਇੰਦਾ, ਆਦਿ ਜੁਗਾਦੀ ਖੇਲ ਅਪਾਰ। ਵਿਸ਼ਨੂੰ ਵਿਸ਼ਵ ਰੂਪ ਧਰਾਇੰਦਾ, ਨਿਰਗੁਣ ਸਰਗੁਣ ਭੇਵ ਨਿਆਰ। ਬ੍ਰਹਮਾ ਬ੍ਰਹਮ ਰੂਪ ਪ੍ਰਗਟਾਇੰਦਾ, ਲੱਖ ਚੁਰਾਸੀ ਦਏ ਆਧਾਰ। ਸ਼ੰਕਰ ਅੰਤਮ ਸੇਵ ਕਮਾਇੰਦਾ, ਵੇਖ ਵਖਾਏ ਸਰਬ ਸੰਸਾਰ। ਹਰਿ ਜੂ ਆਪਣੀ ਖੇਲ ਖਿਲਾਇੰਦਾ, ਲੇਖਾ ਜਾਣੇ ਘੜਨ ਭੰਨਣਹਾਰ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਆਪ ਭਵਾਇੰਦਾ, ਨੌਂ ਸੌ ਚੁਰਾਨਵਾਂ ਚੌਕੜੀ ਜੁਗ ਗੇੜਾ ਗੇੜਨਹਾਰ। ਅਵਤਾਰ ਗੁਰ ਰੂਪ ਪ੍ਰਗਟਾਇੰਦਾ, ਸੰਤ ਭਗਤ ਭਗਵੰਤ ਲਏ ਉਭਾਰ। ਗੁਰਸਿਖ ਸਾਚੇ ਆਪੇ ਉਠਾਇੰਦਾ, ਗੁਰਮਤ ਦੇਵੇ ਨਾਮ ਆਧਾਰ। ਮਨਮੁਖ ਏਕਾ ਰੰਗ ਰੰਗਾਇੰਦਾ, ਦਾਤਾ ਦਾਨੀ ਦੋ ਜਹਾਨ ਬਣੇ ਸ੍ਰੀ ਭਗਵਾਨ। ਦੋਏ ਦੋਏ ਆਪਣੀ ਧਾਰ ਚਲਾਇੰਦਾ, ਨਿਰਗੁਣ ਸਰਗੁਣ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਮੰਦਰ ਬੈਠ ਸੱਚੇ ਦਰਬਾਰ। ਹਰਿ ਮੰਦਰ ਹਰਿ ਸੁਹਾਇੰਦਾ, ਸਚਖੰਡ ਸਚ ਦਵਾਰਾ। ਨਿਰਗੁਣ ਆਪਣਾ ਆਸਣ ਲਾਇੰਦਾ, ਰੂਪ ਅਨੂਪ ਅਗੰਮ ਅਪਾਰਾ। ਨੂਰੋ ਨੂਰ ਨੂਰ ਉਜਿਆਰਾ। ਸਾਚੇ ਤਖ਼ਤ ਸੋਭਾ ਪਾਇੰਦਾ, ਤਖ਼ਤ ਨਿਵਾਸੀ ਹਰਿ ਕਰਤਾਰਾ। ਹੁਕਮੀ ਹੁਕਮ ਆਪ ਸੁਣਾਇੰਦਾ, ਧੁਰਦਰਗਾਹੀ ਪਰਵਰਦਿਗਾਰਾ। ਆਪਣੀ ਕਰਨੀ ਆਪ ਕਮਾਇੰਦਾ, ਕਰਤਾ ਪੁਰਖ ਹੋ ਤਿਆਰਾ। ਲੋਕਮਾਤ ਵੇਸ ਵਟਾਇੰਦਾ, ਨਿਰਗੁਣ ਨਿਰਗੁਣ ਲੈ ਅਵਤਾਰਾ। ਨਵ ਨੌਂ ਚਾਰ ਬੇੜਾ ਪਾਰ ਕਰਾਇੰਦਾ, ਲੇਖਾ ਜਾਣੇ ਸਮੁੰਦ ਸਾਗਰ ਮੰਝਧਾਰਾ। ਧਰਤ ਧਵਲ ਫੋਲ ਫੁਲਾਇੰਦਾ, ਜ਼ਿਮੀਂ ਅਸਮਾਨਾਂ ਵੇਖੇ ਪਾੜਾ। ਗਗਨ ਮੰਡਲ ਫੇਰਾ ਪਾਇੰਦਾ, ਆਕਾਸ਼ ਪਰਕਾਸ਼ ਵੇਖੇ ਸਚ ਅਖਾੜਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਦਏ ਅਧਾਰਾ। ਕਰੋੜ ਤਤੀਸਾ ਸੀਸ ਝੁਕਾਇੰਦਾ, ਸੁਰਪਤ ਰਾਜਾ ਇੰਦ ਕਰੇ ਨਿਮਸਕਾਰਾ। ਗੁਰਸਿਖ ਤੇਰਾ ਮਾਣ ਰਖਾਇੰਦਾ, ਗੁਰ ਪੂਰਾ ਲੈ ਅਵਤਾਰਾ। ਕੋਟ ਜਨਮ ਦੇ ਪਾਪ ਗਵਾਇੰਦਾ, ਦੇਵੇ ਵਸਤ ਨਾਮ ਹਰਿ ਥਾਰਾ। ਚਰਨ ਪ੍ਰੀਤੀ ਇਕ ਰਖਾਇੰਦਾ, ਸਚ ਵਖਾਏ ਚਰਨ ਦੁਆਰਾ। ਡੁਬਦੇ ਪਾਥਰ ਆਪ ਤਰਾਇੰਦਾ, ਤਰਨੀ ਤਰ ਬਣ ਸੰਸਾਰਾ। ਕਾਗਦ ਕ਼ਲਮ ਭੇਵ ਨਾ ਆਇੰਦਾ, ਲਿਖ ਲਿਖ ਥੱਕੇ ਵੇਦ ਚਾਰਾ। ਪੁਰਾਨ ਅਠਾਰਾਂ ਸਰਬ ਕੁਰਲਾਇੰਦਾ, ਸ਼ਾਸਤਰ ਸਿਮਰਤ ਨਾ ਕੋਇ ਵਿਚਾਰਾ। ਖਾਣੀ ਬਾਣੀ ਭੇਵ ਨਾ ਆਇੰਦਾ, ਨਾ ਕੋਈ ਕਾਤਬ ਬਣੇ ਲਿਖਾਰਾ। ਗੁਰ ਕਾ ਰੂਪ ਘਟ ਘਟ ਅੰਦਰ ਡੇਰਾ ਲਾਇੰਦਾ, ਜਿਸ ਜਨ ਬਖ਼ਸ਼ੇ ਚਰਨ ਸਰਨ ਸਰਨ ਚਰਨ ਇਕ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਏਕਾ ਬਖ਼ਸ਼ੇ ਨਾਮ ਅਧਾਰਾ। ਨਾਮ ਆਧਾਰ ਵਸਤ ਅਨਮੁਲ, ਗੁਰ ਸਤਿਗੁਰ ਹੱਟ ਵਿਕਾਈਆ। ਚੌਦਾਂ ਭਾਰ ਨਾ ਸਕੇ ਤੁਲ, ਨਾ ਕੋਈ ਤੋਲੇ ਤੋਲ ਤੁਲਾਈਆ। ਗੁਰਸਿਖ ਉਪਜੇ ਸਾਚੀ ਕੁਲ, ਧੰਨ ਧੰਨ ਜਣੇਂਦੀ ਮਾਈਆ। ਅੰਮ੍ਰਿਤ ਆਤਮ ਨਾ ਜਾਏ ਡੁੱਲ੍ਹ, ਸਰ ਸਰੋਵਰ ਹਰਿ ਭਰਾਈਆ। ਫੁੱਲ ਫੁਲਵਾੜੀ ਜਾਏ ਫੁੱਲ, ਰੁੱਤ ਬਸੰਤੀ ਇਕ ਸੁਹਾਈਆ। ਚਰਨ ਪ੍ਰੀਤੀ ਜੋ ਜਨ ਜਾਏ ਘੁੱਲ, ਘੋਲੀ ਘੋਲ ਘੋਲ ਘੁਮਾਈਆ। ਲੋਕਮਾਤ ਨਾ ਜਾਏ ਰੁਲ, ਜਿਸ ਸਿਰ ਸਤਿਗੁਰ ਪੂਰਾ ਹੱਥ ਟਿਕਾਈਆ। ਸਿੰਮਲ ਰੁੱਖ ਨਾ ਜਾਏ ਹੁਲ, ਪਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਸਮਝਾਈਆ। ਸਚ ਪ੍ਰੀਤ ਚਰਨ ਜਨ ਜੋੜ, ਗੁਰ ਸਤਿਗੁਰ ਸਚ ਸਮਝਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਸਰਗੁਣ ਜਾਏ ਬੌਹੜ, ਗੁਰ ਸ਼ਬਦ ਵਿਚੋਲਾ ਰੂਪ ਪਰਗਟਾਇੰਦਾ। ਮਿੱਠਾ ਕਰੇ ਰੀਠਾ ਕੌੜ, ਅੰਮ੍ਰਿਤ ਆਤਮ ਰਸ ਭਰਾਇੰਦਾ। ਚੌਥੇ ਘਰ ਲਗਾਏ ਏਕਾ ਪੌੜ, ਚੌਥੇ ਪਦ ਆਪ ਸਮਾਇੰਦਾ। ਪੰਚ ਵਿਕਾਰਾ ਦੇਵੇ ਹੋੜ, ਪੰਚਮ ਸ਼ਬਦ ਧੁਨ ਸੁਣਾਇੰਦਾ। ਨਾਤਾ ਤੁਟੇ ਮੜ੍ਹੀ ਗੋਰ, ਖ਼ਾਕੀ ਖ਼ਾਕ ਨਾ ਕੋਇ ਸਮਾਇੰਦਾ। ਦਰਗਹਿ ਸਾਚੀ ਸਚਖੰਡ ਨਿਵਾਸ ਦੇਵੇ ਤੋਰ, ਤੁਰੀਆ ਰਾਗ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਸਚ ਪ੍ਰੀਤ ਆਪ ਨਿਭਾਇੰਦਾ। ਸਚ ਪ੍ਰੀਤ ਜਾਏ ਜੁੜ, ਜਿਸ ਜਨ ਆਪਣੀ ਦਇਆ ਕਮਾਈਆ। ਗੁਰਮੁਖ ਗੁਰਸਿਖ ਚੜ੍ਹੇ ਸਾਚੇ ਘੋੜ, ਗੁਰ ਸਤਿਗੁਰ ਆਪ ਚੜ੍ਹਾਈਆ। ਜਨਮ ਜਨਮ ਦੀ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਦਰਸ ਦਖਾਏ ਕਾਇਆ ਮੰਦਰ ਅੰਦਰ ਡੂੰਘੀ ਅੰਧ ਘੋਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਪੰਚਮ ਪੰਚ ਨਾ ਪਾਏ ਸ਼ੋਰ, ਹਰਿ ਸਖ਼ੀਆਂ ਮੰਗਲ ਏਕਾ ਗਾਈਆ। ਸੁਰਤ ਸੁਆਣੀ ਬੰਨ੍ਹੇ ਸ਼ਬਦੀ ਡੋਰ, ਨਾਮ ਪਤੰਗ ਇਕ ਉਡਾਈਆ। ਚਰਨ ਕਵਲ ਕਵਲ ਚਰਨ ਜਿਸ ਜਨ ਰਖਾਈ ਏਕਾ ਓਟ, ਦੂਸਰ ਦਰ ਨਾ ਮੰਗਣ ਜਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਲਭਦੇ ਫਿਰਦੇ ਕੋਟੀ ਕੋਟ, ਹਰਿ ਕਾ ਰੂਪ ਦਿਸ ਨਾ ਆਈਆ। ਮਾਇਆ ਮਮਤਾ ਜਗਤ ਤ੍ਰਿਸ਼ਨਾ ਜੀਵਾਂ ਜੰਤਾਂ ਭਰੀ ਨਾ ਪੋਟ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸਚ ਪ੍ਰੀਤ ਇਕ ਸਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਇਕ ਗਿਆਨ, ਧਿਆਨ ਧਿਆਨ ਵਿਚ ਰਖਾਈਆ।
