Granth 10 Likhat 004: Pahili Poh 2017 Bikarmi Jethuwal Darbar wich

ਪਹਿਲੀ ਪੋਹ ੨੦੧੭ ਬਿਕਰਮੀ ਜੇਠੂਵਾਲ ਦਰਬਾਰ ਵਿਚ

ਆਦਿ ਜੁਗਾਦੀ ਦੀਨ ਦਿਆਲ, ਹਰਿ ਠਾਕਰ ਬੇਪਰਵਾਹੀਆ। ਨਿਰਗੁਣ ਨਰਾਇਣ ਖੇਲ ਨਿਰਾਲ, ਅਨਭਵ ਭੇਵ ਨਾ ਰਾਈਆ। ਅਗੰਮ ਅਗੰਮੜਾ ਅਗੰਮੜੀ ਚਾਲ, ਬੇਪਰਵਾਹ ਆਪ ਚਲਾਈਆ। ਇਕ ਇਕੱਲਾ ਹੋ ਤਿਆਰ, ਸਚਖੰਡ ਦੁਆਰ ਆਪ ਸੁਹਾਈਆ। ਥਿਰ ਘਰ ਬੈਠ ਸੱਚੀ ਧਰਮਸਾਲ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਸਾਚੇ ਤਖ਼ਤ ਬੈਠ ਸੁਲਤਾਨ, ਧੁਰ ਫ਼ਰਮਾਨਾ ਆਪ ਜਣਾਈਆ। ਆਦਿ ਜੁਗਾਦੀ ਧੁਰ ਦੀ ਬਾਣ, ਧੁਰ ਦਾ ਲੇਖਾ ਆਪਣੇ ਹੱਥ ਰਖਾਈਆ। ਕੋਟਨ ਕੋਟ ਬੀਤੇ ਕਾਲ, ਹਰਿ ਕਾ ਭੇਵ ਕੋਈ ਨਾ ਪਾਈਆ। ਪੁਰਖ ਅਕਾਲ ਬਣ ਦਲਾਲ, ਆਪਣੀ ਖੇਲ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਵੇਖ ਵਖਾਈਆ। ਆਦਿ ਅੰਤ ਹਰਿ ਵੇਖਣਹਾਰਾ, ਏਕਾ ਰੰਗ ਸਮਾਇਆ। ਨਿਰਗੁਣ ਰੂਪ ਅਗੰਮ ਅਪਾਰਾ, ਜੋਤੀ ਨੂਰ ਡਗਮਗਾਇਆ। ਨਿਰਵੈਰ ਵਸੇ ਸਭ ਤੋਂ ਬਾਹਿਰਾ, ਪੁਰਖ ਅਕਾਲ ਭੇਵ ਨਾ ਰਾਇਆ। ਅਜੂਨੀ ਰਹਿਤ ਗੁਪਤ ਜ਼ਾਹਿਰਾ, ਨਾਦ ਤੂਰਤ ਆਪ ਸੁਣਾਇਆ। ਸੋ ਪੁਰਖ ਨਿਰੰਜਣ ਆਪੇ ਜਾਣੇ ਆਪਣੀ ਕਾਰਾ, ਹਰਿ ਪੁਰਖ ਨਿਰੰਜਣ ਕਾਰ ਕਮਾਇਆ। ਏਕੰਕਾਰਾ ਠਾਂਡਾ ਦਰਬਾਰ, ਜੋਤ ਨਿਰੰਜਣ ਆਦਿ ਨਿਰੰਜਣ ਡਗਮਗਾਇਆ। ਅਬਿਨਾਸ਼ੀ ਕਰਤਾ ਉਚ ਮਹੱਲ ਅਟਲ ਮੁਨਾਰਾ, ਸਚ ਦੁਆਰਾ ਆਪ ਵਸਾਇਆ। ਪਾਰਬ੍ਰਹਮ ਕਰ ਪਿਆਰਾ, ਆਪਣੀ ਬੰਨ੍ਹੇ ਆਪੇ ਧਾਰਾ, ਆਪ ਆਪਣਾ ਰੂਪ ਪ੍ਰਗਟਾਇਆ। ਦਰ ਘਰ ਸਾਚੇ ਖ਼ਬਰਦਾਰਾ, ਆਪੇ ਸੁਣੇ ਆਪਣੀ ਆਪ ਪੁਕਾਰਾ, ਸੁਣਾਵਣਹਾਰਾ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣਾ ਲੇਖਾ ਆਪਣੇ ਹੱਥ ਰਖਾਇਆ। ਆਦਿ ਅੰਤ ਖੇਲ ਮਹਾਨਾ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਇਕ ਇਕੱਲਾ ਨੌਜਵਾਨਾ, ਨਰ ਨਿਰੰਕਾਰਾ ਆਪਣਾ ਨਾਉਂ ਰਖਾਇੰਦਾ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਏਕਾ ਏਕ ਇਕ ਦਰਬਾਨਾ, ਦਰ ਦਰਵੇਸ਼ ਆਪ ਅਖਵਾਇੰਦਾ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਧਾਰੀ ਧਾਰ ਰਖਾਇੰਦਾ। ਏਕਾ ਜੋਧਾ ਸੂਰਬੀਰ ਬਲਵਾਨਾ, ਏਕਾ ਆਪਣਾ ਬਲ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣੇ ਹੱਥ ਰਖਾਇੰਦਾ। ਆਦਿ ਅੰਤ ਹਰਿ ਹਰਿ ਖੇਲ, ਆਪਣੀ ਆਪ ਕਰਾਇੰਦਾ। ਆਪੇ ਨਿਰਗੁਣ ਜੋਤੀ ਮੇਲ, ਆਪੇ ਜੋਤੀ ਸਰਗੁਣ ਰੂਪ ਵਟਾਇੰਦਾ। ਆਪੇ ਕਮਲਾਪਾਤੀ ਸੱਜਣ ਸੁਹੇਲ, ਸੱਜਣ ਸੁਹੇਲ ਕਮਲਾਪਾਤੀ ਆਪ ਅਖਵਾਇੰਦਾ। ਆਪੇ ਵਸੇ ਰੰਗ ਨਵੇਲ, ਨਵੇਲ ਰੰਗ ਆਪਣਾ ਆਪ ਧਰਾਇੰਦਾ। ਆਪੇ ਗੁਰੂ ਆਪੇ ਚੇਲ, ਚੇਲਾ ਗੁਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਆਪਣੀ ਬਣਤ ਆਪ ਬਣਾਇੰਦਾ। ਆਦਿ ਅੰਤ ਹਰਿ ਭਗਵਾਨਾ, ਆਪਣੀ ਖੇਲ ਆਪ ਖਿਲਾਇੰਦਾ। ਕਰੇ ਖੇਲ ਦੋ ਜਹਾਨਾ, ਰੂਪ ਅਨੂਪ ਆਪ ਵਟਾਇੰਦਾ। ਆਪੇ ਜੋਤੀ ਆਪੇ ਸ਼ਬਦ ਤਰਾਨਾ, ਆਪੇ ਨਾਦੀ ਨਾਦ ਵਜਾਇੰਦਾ। ਆਪੇ ਵਸੇ ਮੰਦਰ ਸਚ ਮਕਾਨਾ, ਸਚਖੰਡ ਦਵਾਰਾ ਆਪ ਉਪਾਇੰਦਾ । ਆਪੇ ਥਿਰ ਘਰ ਸੋਹੇ ਰਾਜ ਰਾਜਾਨਾ, ਸ਼ਾਹੋ ਭੂਪ ਆਪਣਾ ਨਾਉਂ ਧਰਾਇੰਦਾ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਆਪ ਅਖਵਾਇੰਦਾ। ਆਪੇ ਵਰਤੇ ਆਪਣਾ ਭਾਣਾ, ਆਪਣੇ ਭਾਣੇ ਆਪ ਸਮਾਇੰਦਾ। ਆਪੇ ਹੋਏ ਦਾਨੀ ਦਾਨਾ, ਭਿਖਕ ਭਿਛਿਆ ਝੋਲੀ ਪਾਇੰਦਾ। ਆਪੇ ਹੋਏ ਮਾਣ ਨਿਮਾਣਾ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਜਾਣੇ ਆਪਣਾ ਆਵਣ ਜਾਣਾ, ਦੂਸਰ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸ੍ਰੀ ਭਗਵੰਤ, ਆਪਣੀ ਕਲ ਆਪ ਧਰਾਇੰਦਾ। ਆਦਿ ਅੰਤ ਹਰਿ ਕਰਤਾਰਾ, ਆਪਣੀ ਖੇਲ ਆਪ ਖਿਲਾਈਆ। ਆਪੇ ਪੁਰਖ ਆਪੇ ਨਾਰਾ, ਨਰ ਨਰਾਇਣ ਆਪ ਹੋ ਜਾਈਆ। ਆਪੇ ਮਾਤ ਪਿਤ ਸੁਤ ਦੁਲਾਰਾ, ਸਾਚੀ ਗੋਦ ਆਪ ਸੁਹਾਈਆ। ਆਪੇ ਨਾਉਂ ਨਿਰੰਕਾਰ ਬੋਲ ਜੈਕਾਰਾ, ਉਚੀ ਕੂਕ ਆਪੇ ਗਾਈਆ। ਆਪੇ ਨਿਰਗੁਣ ਜੋਤੀ ਕਰ ਉਜਿਆਰਾ, ਦੀਪਕ ਦੀਆ ਇਕ ਜਗਾਈਆ। ਆਪੇ ਅੰਮ੍ਰਿਤ ਹੋਏ ਠੰਡਾ ਠਾਰਾ, ਸਰ ਸਰੋਵਰ ਇਕ ਵਖਾਈਆ। ਆਪੇ ਆਪਣਾ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਆਪੇ ਵਣਜ ਆਪ ਵਪਾਰਾ, ਆਪੇ ਆਪਣਾ ਹੱਟ ਚਲਾਈਆ। ਆਪੇ ਰੂਪ ਅਗੰਮ ਨਿਰਾਕਾਰਾ, ਨਾ ਮਰੇ ਨਾ ਜਾਈਆ। ਆਪੇ ਖੋਲ੍ਹੇ ਸਚ ਕਿਵਾੜਾ, ਥਿਰ ਦਰਬਾਰਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਏਕਾ ਕੰਤ, ਨਾਰੀ ਆਪਣੀ ਆਪ ਪਰਨਾਈਆ। ਆਪੇ ਨਾਰੀ ਕੰਤ ਕੰਤੂਹਲ, ਆਪੇ ਸਾਚਾ ਧਾਮ ਸੁਹਾਇੰਦਾ। ਆਪੇ ਸ਼ਬਦ ਪੰਘੂੜਾ ਰਿਹਾ ਝੂਲ, ਸਚ ਸਿੰਘਾਸਣ ਸੋਭਾ ਪਾਇੰਦਾ। ਆਪ ਚੁਕਾਏ ਆਪਣਾ ਮੂਲ, ਲਹਿਣੇਦਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਆਪਣੀ ਧਾਰ ਆਪ ਬੰਧਾਇੰਦਾ। ਆਦਿ ਅੰਤ ਪੁਰਖ ਅਬਿਨਾਸ਼ਾ, ਆਪਣਾ ਖੇਲ ਖਿਲਾਈਆ। ਨਿਰਗੁਣ ਨਿਰਗੁਣ ਨਿਰਗੁਣ ਕਰ ਤਮਾਸ਼ਾ, ਨਿਰਗੁਣ ਮੰਡਲ ਰਾਸ ਰਚਾਈਆ। ਨਿਰਗੁਣ ਅੰਦਰ ਨਿਰਗੁਣ ਕਰ ਕਰ ਵਾਸਾ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਨਿਰਗੁਣ ਪੂਰੀ ਕਰੇ ਆਸਾ, ਨਿਰਗੁਣ ਆਸ ਤਕਾਈਆ। ਨਿਰਗੁਣ ਸੇਵਕ ਦਾਸੀ ਦਾਸਾ, ਨਿਰਗੁਣ ਸ਼ਾਹ ਸੁਲਤਾਨ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਆਪਣਾ ਭੇਵ ਆਪ ਖੁਲ੍ਹਾਈਆ। ਆਦਿ ਪੁਰਖ ਹਰਿ ਭੇਵ ਨਿਆਰਾ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਦੁਆਰਾ ਖੋਲ੍ਹ ਕਿਵਾੜਾ, ਥਿਰ ਦਰਬਾਰਾ ਦਏ ਵਡਿਆਈਆ। ਸਾਚੇ ਤਖ਼ਤ ਸ਼ਾਹ ਸਿਕਦਾਰਾ, ਵਰਤੇ ਵਰਤਾਵੇ ਹੁਕਮ ਅਪਾਰਾ, ਧੁਰ ਫ਼ਰਮਾਨਾ ਆਪ ਜਣਾਈਆ। ਆਪਣੀ ਕਰੇ ਆਪੇ ਕਾਰਾ, ਨਾ ਕੋਈ ਦੂਸਰ ਮੀਤ ਮੁਰਾਰਾ, ਸਗਲਾ ਸੰਗ ਨਾ ਕੋਈ ਰਖਾਈਆ। ਇਕ ਇਕੱਲਾ ਏਕੰਕਾਰਾ, ਅਨਾਦਿ ਅਨਾਦੀ ਹੋ ਤਿਆਰਾ, ਆਪਣਾ ਰੂਪ ਅਨੂਪ ਧਰਾਈਆ। ਸਚ ਸੁਹਾਏ ਬੰਕ ਦੁਆਰਾ, ਕਰੇ ਖੇਲ ਅਪਰ ਅਪਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਮੇਲ ਮਿਲਾਵਾ ਕੰਤ ਭਤਾਰਾ ਨਾਰੀ ਨਰ ਇਕ ਦਰਬਾਰਾ, ਦਰ ਘਰ ਸਾਚੇ ਸੋਭਾ ਪਾਈਆ। ਹਰਿ ਹਰਿ ਬਣਿਆ ਮੀਤ ਮੁਰਾਰਾ, ਨਰ ਹਰਿ ਮੇਲਾ ਏਕਾ ਵਾਰਾ, ਨਾਰੀ ਪੂਤ ਸਪੂਤਾ ਜਾਈਆ। ਅੰਦਰ ਬਾਹਰ ਗੁਪਤ ਜ਼ਾਹਿਰਾ, ਨਿਰਗੁਣ ਦੀਆ ਇਕ ਉਜਿਆਰਾ, ਰੂਪ ਰੇਖ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਬਣਾਈਆ। ਆਦਿ ਪੁਰਖ ਬਣਤ ਬਣਾ, ਆਪਣਾ ਰੂਪ ਧਰਾਇਆ। ਆਪੇ ਜਨਨੀ ਜਨ ਅਖਵਾ, ਆਪਣੀ ਗੋਦ ਸੁਹਾਇਆ। ਆਪਣਾ ਰੰਗ ਆਪ ਰੰਗਾ, ਰੰਗ ਰੰਗੀਲਾ ਵੇਖ ਵਖਾਇਆ। ਆਪਣਾ ਸੰਗ ਆਪ ਨਿਭਾ, ਸਗਲਾ ਸੰਗ ਆਪ ਹੋ ਜਾਇਆ। ਆਪਣਾ ਮੰਦਰ ਆਪ ਵਡਿਆ, ਆਪੇ ਵੇਖ ਵਖਾਇਆ। ਆਪਣਾ ਨੂਰ ਆਪ ਟਿਕਾ, ਆਪੇ ਡਗਮਗਾਇਆ। ਆਪਣਾ ਨਾਉਂ ਆਪ ਧਰਾ, ਆਪੇ ਰਿਹਾ ਬੁਲਾਇਆ। ਆਪਣੀ ਕਰਨੀ ਆਪ ਕਰਾ, ਆਪੇ ਵੇਖ ਵਖਾਇਆ। ਆਪਣੀ ਸਰਨੀ ਆਪੇ ਪਾ, ਆਪੇ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਨਾਉਂ ਧਰਾਇਆ। ਆਦਿ ਪੁਰਖ ਨਾਉਂ ਰੱਖ, ਕਰੇ ਖੇਲ ਅਪਰ ਅਪਾਰਾ। ਨਿਰਗੁਣ ਰੂਪ ਹੋ ਪ੍ਰਤੱਖ, ਨਿਰਗੁਣ ਨੂਰ ਕਰੇ ਉਜਿਆਰਾ। ਆਪੇ ਜਾਣੇ ਆਪਣਾ ਪੱਖ, ਨਾ ਕੋਈ ਦੂਸਰ ਧਾਰਾ। ਇਕ ਜੈਕਾਰਾ ਅਲਖਣਾ ਅਲਖ, ਬੋਲੇ ਹਰਿ ਨਿਰੰਕਾਰਾ। ਆਪਣਾ ਪਰਦਾ ਆਪੇ ਢਕ, ਆਪੇ ਲੇਖਾ ਲਿਖਣਹਾਰਾ। ਆਪ ਆਪਣਾ ਕੀਤਾ ਵੱਖ, ਨਾ ਕੋਈ ਵੇਖੇ ਹੋਰ ਦੁਆਰਾ। ਆਪਣਾ ਮਾਰਗ ਆਪੇ ਦੱਸ, ਆਪੇ ਕਰੇ ਨਿਮਸਕਾਰਾ। ਆਪਣੇ ਮੰਦਰ ਆਪੇ ਵਸ, ਆਪੇ ਸੋਏ ਪੈਰ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਾਰਾ। ਆਦਿ ਪੁਰਖ ਖੇਲ ਅਪਾਰਾ, ਆਪਣਾ ਆਪ ਕਰਾਇੰਦਾ। ਨਿਰਗੁਣ ਦੀਆ ਕਰ ਨਿਆਰਾ, ਆਪਣਾ ਬੰਕ ਸੁਹਾਇੰਦਾ। ਆਪਣੇ ਨੂਰ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਆਪਣੇ ਰੰਗ ਰਵੇ ਕਰਤਾਰਾ, ਰੂਪ ਅਨੂਪ ਆਪ ਦਰਸਾਇੰਦਾ। ਆਪਣਾ ਸੰਗ ਆਪੇ ਵੇਖੇ ਵੇਖਣਹਾਰਾ, ਵੇਖ ਵੇਖ ਆਪ ਬਿਗਸਾਇੰਦਾ। ਆਪਣੀ ਇਛਿਆ ਭਰੇ ਭੰਡਾਰਾ, ਆਪਣੀ ਇਛਿਆ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਆਪਣਾ ਬੰਧਨ ਆਪੇ ਪਾ, ਆਪਣਾ ਹੁਕਮ ਵਰਤਾਇਆ। ਆਪਣੀ ਨਾਰੀ ਆਪ ਪ੍ਰਨਾ, ਨਾਰੀ ਕੰਤ ਆਪ ਅਖਵਾਇਆ। ਆਪਣੀ ਸੇਜ ਆਪ ਹੰਢਾ, ਆਪਣਾ ਸੰਗ ਨਿਭਾਇਆ। ਆਪਣੀ ਖੇਲ ਆਪ ਖਿਲਾ, ਵੇਖਣਹਾਰ ਆਪ ਹੋ ਜਾਇਆ। ਆਪਣੀ ਰੁਤੜੀ ਆਪ ਸੁਹਾ, ਰੁਤ ਰੁਤੜੀ ਦਏ ਵਡਿਆਇਆ। ਆਪਣੀ ਕੁਖੜੀ ਭਾਗ ਲਗਾ, ਪੂਤ ਸਪੂਤਾ ਏਕਾ ਜਾਇਆ। ਨਿਰਗੁਣ ਨਿਰਗੁਣ ਲਏ ਪ੍ਰਗਟਾ, ਨਿਰਗੁਣ ਨਿਰਗੁਣ ਧਾਰ ਚਲਾਇਆ। ਆਪਣੇ ਅੰਕ ਆਪ ਸਮਾ, ਆਪੇ ਅੰਕ ਲਗਾਇਆ। ਆਪਣੇ ਬੰਕ ਦਏ ਬਹਾ, ਬੰਕ ਦਵਾਰੀ ਵੇਖ ਵਖਾਇਆ। ਆਪਣਾ ਰੂਪ ਆਪ ਪ੍ਰਗਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਖੇਲ ਖਿਲਾਇਆ। ਆਪਣਾ ਰੂਪ ਪ੍ਰਗਟਾਏ ਆਪ, ਆਪਣੇ ਹੱਥ ਰੱਖੀ ਵਡਿਆਈਆ। ਆਪੇ ਜਾਣੇ ਵਡ ਪਰਤਾਪ, ਮਹਿਮਾ ਅਕਥ ਕਥੀ ਨਾ ਜਾਈਆ। ਨਾ ਕੋਈ ਮਾਈ ਨਾ ਕੋਈ ਬਾਪ, ਭੈਣ ਭਾਈ ਨਾ ਕੋਈ ਦਿਸਾਈਆ। ਨਾ ਕੋਈ ਸੱਜਣ ਨਾ ਕੋਈ ਸਾਕ, ਸਗਲਾ ਸੰਗ ਨਾ ਕੋਈ ਵਖਾਈਆ। ਆਪਣੇ ਅੰਦਰੋਂ ਆਪੇ ਪ੍ਰਗਟਿਆ ਆਪਾ ਆਪ, ਆਪੇ ਨੂਰ ਨੂਰ ਦਰਸਾਈਆ। ਆਪੇ ਵਸਿਆ ਇਕ ਇਕਾਂਤ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਆਪੇ ਜਾਣੇ ਆਪਣੀ ਜ਼ਾਤ, ਅਜ਼ਾਤੀ ਨੂਰ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੇ ਹੱਥ ਰਖਾਈਆ। ਆਦਿ ਪੁਰਖ ਪ੍ਰਭ ਹੋ ਤਿਆਰ, ਆਪਣਾ ਰੂਪ ਦਰਸਾਇਆ। ਅਲਖ ਅਗੋਚਰ ਅਗੰਮ ਅਪਾਰ, ਅਲਖ ਅਲਖਣਾ ਨਾਉਂ ਧਰਾਇਆ। ਮੂਰਤ ਅਕਾਲ ਹੋ ਉਜਿਆਰ, ਅਜੂਨੀ ਰਹਿਤ ਡਗਮਗਾਇਆ। ਸਾਚਾ ਮੰਦਰ ਕਰ ਤਿਆਰ, ਸਚਖੰਡ ਦਵਾਰਾ ਇਕ ਸੁਹਾਇਆ। ਤਖ਼ਤ ਨਿਵਾਸੀ ਖ਼ਬਰਦਾਰ, ਸਚ ਸਿੰਘਸਣ ਸੋਭਾ ਪਾਇਆ। ਪੁਰਖ ਅਬਿਨਾਸ਼ਣ ਮੀਤ ਮੁਰਾਰ, ਨਾ ਮਰੇ ਨਾ ਜਾਇਆ। ਉਚ ਮਹੱਲੇ ਹੋ ਤਿਆਰ, ਅਟਲ ਧਾਮ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਰੂਪ ਵਟਾਇਆ। ਆਦਿ ਰੂਪ ਸ੍ਰੀ ਭਗਵਾਨ, ਏਕਾ ਏਕ ਧਰਾਇੰਦਾ। ਸਚਖੰਡ ਦਵਾਰੇ ਬੈਠ ਮਕਾਨ, ਥਿਰ ਘਰ ਚਰਨਾਂ ਹੇਠ ਦਬਾਇੰਦਾ। ਥਿਰ ਘਰ ਸਾਚੇ ਹੋ ਪਰਧਾਨ, ਆਪ ਆਪਾ ਵੇਖ ਵਖਾਇੰਦਾ। ਨਿਰਗੁਣ ਨਿਰਗੁਣ ਕਰ ਪਛਾਣ, ਆਪ ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਹੁਕਮ ਆਪ ਵਰਤਾਇੰਦਾ। ਥਿਰ ਘਰ ਬੈਠ ਹਰਿ ਨਿਰੰਕਾਰਾ, ਸਚਖੰਡ ਆਪਣਾ ਰੰਗ ਰੰਗਾਈਆ। ਆਦਿ ਆਦਿ ਬੰਨ੍ਹੇ ਆਪਣੀ ਧਾਰਾ, ਲੇਖਾ ਲੇਖ ਨਾ ਕੋਈ ਜਣਾਈਆ। ਕਵਣ ਰੂਪ ਵਰਤੇ ਵਰਤਾਰਾ, ਕਵਣ ਖੇਲ ਖਿਲਾਈਆ। ਕਵਣ ਨਾਉਂ ਧਰਾਊ ਦੂਜੀ ਵਾਰਾ, ਏਕੰਕਾਰਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਆਪਣਾ ਮਤਾ ਪਕਾਈਆ। ਸਚਖੰਡ ਦੁਆਰੇ ਖੇਲ ਕਰਤਾਰਾ, ਏਕਾ ਧਾਰ ਰਖਾਇੰਦਾ। ਥਿਰ ਘਰ ਖੋਲ੍ਹੇ ਆਪ ਕਿਵਾੜਾ, ਚਰਨਾਂ ਹੇਠ ਦਬਾਇੰਦਾ। ਪਹਿਲਾ ਰੂਪ ਨਿਰਾਕਾਰਾ , ਰੰਗ ਰੇਖ ਨਾ ਕੋਈ ਵਖਾਇੰਦਾ। ਦੂਜੀ ਆਪਣੀ ਪਾਏ ਸਾਰਾ, ਆਪਣਾ ਮਤਾ ਪਕਾਇੰਦਾ। ਕਵਣ ਧਾਰ ਹੋਏ ਉਜਿਆਰਾ, ਕਵਣ ਨਾਰ ਪੁਰਖ ਪ੍ਰਨਾਇੰਦਾ। ਕਵਣ ਸੇਜ ਸੋਹੇ ਭਤਾਰਾ, ਕਵਣ ਅੰਗ ਲਗਾਇੰਦਾ । ਕਵਣ ਭੋਗੇ ਭੋਗ ਹਰਿ ਕਰਤਾਰਾ, ਕਵਣ ਭਸਮੜ ਰੂਪ ਵਟਾਇੰਦਾ। ਕਵਣ ਦਾਈ ਦਾਇਆ ਬਣੇ ਵਿਚ ਸਚ ਦਰਬਾਰਾ, ਕਵਣ ਸੇਵ ਕਮਾਇੰਦਾ। ਕਵਣ ਉਪਜੇ ਸੁਤ ਦੁਲਾਰਾ, ਕਵਣ ਗੋਦ ਬਹਾਇੰਦਾ। ਕਵਣ ਬੋਲੇ ਮੇਰੇ ਨਾਉਂ ਜੈਕਾਰਾ, ਕਵਣ ਚਰਨ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਦਇਆ ਕਮਾਇੰਦਾ। ਸਚਖੰਡ ਦੁਆਰਾ ਹਰਿ ਕਰਤਾਰਾ, ਏਕਾ ਰੰਗ ਸਮਾਇਆ। ਥਿਰ ਘਰ ਸਾਚੇ ਪਾਏ ਸਾਰਾ, ਚਰਨ ਕਵਲ ਟਿਕਾਇਆ। ਏਕਾ ਰੂਪ ਅਗੰਮ ਅਪਾਰਾ, ਸ਼ਾਹੋ ਭੂਪ ਦਰਸਾਇਆ। ਆਪਣੀ ਇਛਿਆ ਕਰੇ ਵਿਚਾਰਾ, ਲੇਖਾ ਲੇਖ ਨਾ ਕੋਇ ਗਵਾਇਆ। ਆਪੇ ਪ੍ਰਗਟ ਹੋਏ ਆਪੇ ਵੇਖੇ ਵੇਖਣਹਾਰਾ, ਦੂਜਾ ਨੈਣ ਨਾ ਕੋਇ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਲਏ ਰਚਾਇਆ। ਰਚਨ ਰਚਾਵਣਹਾਰ ਹਰਿ, ਆਪਣੀ ਦਇਆ ਕਮਾਇੰਦਾ। ਆਪਣੇ ਮੰਦਰ ਬੈਠ ਘਰ, ਆਪਣਾ ਮਤਾ ਪਕਾਇੰਦਾ। ਕਵਣ ਘਾੜਨ ਲਏ ਘੜ, ਘਾੜਤ ਘੜਤ ਕਵਣ ਘੜਾਇੰਦਾ। ਕਵਣ ਅੱਖਰ ਲਏ ਪੜ੍ਹ, ਕਵਣ ਨਾਮ ਦ੍ਰਿੜਾਇੰਦਾ। ਕਵਣ ਘਰ ਬਹੇ ਚੜ੍ਹ, ਕਵਣ ਸੰਗ ਰਖਾਇੰਦਾ। ਕਵਣ ਪੱਲੂ ਲਏ ਫੜ, ਕਵਣ ਬੰਧਨ ਪਾਇੰਦਾ। ਕਵਣ ਪੁਰਖ ਲਏ ਵਰ, ਕਵਣ ਨਾਰੀ ਕੰਤ ਹੰਢਾਇੰਦਾ। ਕਵਣ ਜੋਤੀ ਦਏ ਧਰ, ਕਵਣ ਜੋਤ ਜਗਾਇੰਦਾ। ਕਵਣ ਦੇਵੇ ਸਾਚਾ ਵਰ, ਕਵਣ ਪੂਰ ਕਰਾਇੰਦਾ। ਆਪਣੀ ਕਿਰਪਾ ਆਪੇ ਕਰ, ਆਪਣੀ ਇਛਿਆ ਸਾਚੀ ਭਿਛਿਆ ਆਪੇ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਪਹਿਲਾਂ ਆਪਣੀ ਕਰੇ ਸਲਾਹ, ਸਤਿ ਪੁਰਖ ਨਿਰੰਜਣ ਬੇਪਰਵਾਹਿਆ। ਫੇਰ ਬਣਾਂ ਆਪਣਾ ਆਪ ਮਲਾਹ, ਆਪਣਾ ਬੇੜਾ ਲਵਾਂ ਚਲਾਇਆ। ਕਵਣ ਰੂਪ ਵਸਾਂ ਸਚਖੰਡ ਦੁਆਰੇ ਸਾਚੇ ਥਾਂ, ਥਿਰ ਘਰ ਸਾਚਾ ਕਵਣ ਵੇਸ ਵਟਾਇਆ। ਕਵਣ ਰੂਪ ਬਣਾਂ ਸਾਚੀ ਮਾਂ, ਕਵਣ ਪਿਤਾ ਰੂਪ ਧਰਾਇਆ। ਕਵਣ ਬਾਲਕ ਗੋਦ ਲਵਾਂ ਬਹਾ, ਕਵਣ ਰੂਪ ਸਿਰ ਹੱਥ ਟਿਕਾਇਆ। ਕਵਣ ਘਰ ਦੇਵਾਂ ਠੰਡੀ ਛਾਂ, ਸਮਰਥ ਆਪਣਾ ਨਾਉਂ ਵਡਿਆਇਆ। ਕਵਣ ਰੂਪ ਪਕੜਾਂ ਬਾਂਹ, ਆਦਿ ਅੰਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲਾ ਆਪਣਾ ਨਾਉਂ ਧਰਾਇਆ। ਆਦਿ ਪੁਰਖ ਆਪਣਾ ਨਾਂ ਧਰਾ, ਆਪਣੀ ਸੇਵਾ ਆਪ ਲਗਾਇੰਦਾ। ਆਪਣਾ ਹੁਕਮ ਆਪ ਵਰਤਾ, ਆਪੇ ਬੰਧਨ ਪਾਇੰਦਾ। ਵਿਸ਼ਨ ਰੂਪ ਲਵਾਂ ਵਟਾ, ਵਿਸ਼ਵ ਖੇਲ ਖਿਲਾਇੰਦਾ। ਆਪਣਾ ਰੰਗ ਲਵਾਂ ਰੰਗਾ, ਰੰਗ ਰੰਗੀਲਾ ਇਕ ਚੜ੍ਹਾਇੰਦਾ। ਛੈਲ ਛਬੀਲਾ ਰੂਪ ਧਰਾ, ਸਚ ਕ਼ਬੀਲਾ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਆਦਿ ਵਿਸ਼ਨ, ਆਦਿ ਆਦਿ ਸਮਾਇਆ। ਨੇਤਰ ਨੈਣ ਕਿਸੇ ਨਾ ਦਿਸਣ, ਵੇਖਣਹਾਰਾ ਦਿਸ ਨਾ ਆਇਆ। ਆਪਣੇ ਮੰਦਰ ਸਾਚੇ ਵਸਣ, ਥਿਰ ਘਰ ਸਾਚਾ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਦਿ ਆਪਣੇ ਹੱਥ ਰਖਾਇਆ। ਆਦਿ ਪੁਰਖ ਹਰਿ ਖੇਲ ਖਿਲਾਇਆ, ਵਿਸ਼ਨ ਆਪਣਾ ਰੂਪ ਧਰਾਇੰਦਾ। ਅੰਤ ਲੇਖਾ ਦਏ ਸਮਝਾਇਆ, ਆਪਣਾ ਪੰਧ ਆਪ ਮੁਕਾਇੰਦਾ। ਦੋਹਾਂ ਮੇਲਾ ਮੇਲ ਮਿਲਾਇਆ, ਮੇਲ ਮਿਲਾਵਾ ਇਕ ਜਣਾਇੰਦਾ। ਸਚਖੰਡ ਦੁਆਰਾ ਦਏ ਵਡਿਆਇਆ, ਥਿਰ ਘਰ ਸਾਚੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਕੰਤ, ਨਰ ਨਰਾਇਣ ਆਪ ਅਖਵਾਇੰਦਾ। ਆਦਿ ਪੁਰਖ ਵਿਸ਼ਵ ਧਾਰ, ਵਾਸਤਕ ਰੂਪ ਦਰਸਾਇੰਦਾ। ਰੂਪ ਅਨੂਪ ਕਰ ਤਿਆਰ, ਆਪ ਆਪਣਾ ਵੇਖ ਵਖਾਇੰਦਾ। ਆਪਣੇ ਮੰਦਰ ਪਾਏ ਸਾਰ, ਆਪ ਆਪਣਾ ਤੇਲ ਚੜ੍ਹਾਇੰਦਾ। ਕਰੇ ਖੇਲ ਅਗੰਮ ਅਪਾਰ, ਗੁਪਤ ਗੁਪਤੀ ਵੇਖ ਵਖਾਇੰਦਾ। ਅੰਮ੍ਰਿਤ ਰਸ ਅਮਰ ਭੰਡਾਰ, ਅਮਰਾਪਦ ਦਰਸਾਇੰਦਾ। ਦੇਵਣਹਾਰ ਇਕ ਦਾਤਾਰ, ਨਿਰਾਕਾਰ ਨਿਰੰਕਾਰ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇੰਦਾ। ਵਿਸ਼ਨੂੰ ਭਗਵਾਨ ਹਰਿ ਹਰਿ ਮੇਲਾ, ਏਕਾ ਘਰ ਕਰਾਇਆ। ਸਚਖੰਡ ਵਸੇ ਹਰਿ ਗੁਰੂ ਥਿਰ ਘਰ ਚੇਲਾ, ਵਿਸ਼ਨ ਬਹਾਇਆ। ਆਪੇ ਹੋਏ ਸੱਜਣ ਸੁਹੇਲਾ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਦਏ ਸਮਝਾਇਆ। ਵਿਸ਼ਨ ਅੰਦਰ ਹਰਿ ਹਰਿ ਧਾਰ, ਆਪਣੀ ਆਪ ਰਖਾਈਆ। ਅੰਮ੍ਰਿਤ ਭਰਿਆ ਠੰਡਾ ਠਾਰ, ਨਾਭੀ ਕਵਲ ਖੁਲ੍ਹਾਈਆ। ਖੁਲ੍ਹਿਆ ਕਵਲ ਹੋਇਆ ਉਜਿਆਰ, ਰੁਤੜੀ ਰੁੱਤ ਸੁਹਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਬ੍ਰਹਮ ਪਾਰਬ੍ਰਹਮ ਭੇਵ ਨਿਆਰ, ਆਪਣੀ ਵੰਡ ਆਪ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਬ੍ਰਹਮ ਦਏ ਦਰਸਾਈਆ। ਬ੍ਰਹਮਾ ਵੇਤਾ ਨੇਤਨ ਨੇਤ, ਨਰ ਹਰਿ ਨਰਾਇਣ ਉਪਾਇਆ। ਆਪੇ ਜਾਣੇ ਚੇਤਨ ਚੇਤ, ਆਪ ਆਪਣਾ ਖੇਲ ਖਿਲਾਈਆ। ਆਪੇ ਕਰੇ ਸਾਚਾ ਹੇਤ, ਹਿਤਕਾਰੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਾਰਬ੍ਰਹਮ ਬ੍ਰਹਮ ਆਪਣਾ ਨਾਉਂ ਧਰਾਇਆ। ਆਪੇ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਵਡਿਆਈਆ। ਆਪੇ ਵਿਸ਼ਨੂੰ ਦਏ ਆਧਾਰਾ, ਸਿਰ ਆਪਣਾ ਹੱਥ ਟਿਕਾਈਆ। ਆਪੇ ਕਰੇ ਖੇਲ ਕਰਤਾਰਾ, ਕਰਨਹਾਰ ਭੇਵ ਨਾ ਰਾਈਆ। ਆਪੇ ਵਰਤੇ ਆਪਣਾ ਵਰਤਾਰਾ, ਲੇਖਾ ਜਾਣੇ ਸਹਿਜ ਸੁਭਾਈਆ। ਆਪੇ ਜਾਣੇ ਠਾਂਡਾ ਦਰਬਾਰਾ, ਸੀਤਲ ਧਾਰਾ ਆਪ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਹੁਕਮ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਬਦੀ ਧਾਰ, ਹਰਿ ਹਰਿ ਰੂਪ ਵਟਾਇਆ। ਆਪਣੇ ਅੰਦਰੋਂ ਆਏ ਬਾਹਰ, ਆਪਣਾ ਮੁਖ ਦਿਖਲਾਇਆ। ਨਿਰਗੁਣ ਸਰਗੁਣ ਹੋ ਉਜਿਆਰ, ਆਪਣਾ ਮਾਰਗ ਆਪ ਲਗਾਇਆ। ਥਿਰ ਘਰ ਆਇਆ ਆਪੇ ਬਾਹਰ, ਧੂਆਂਧਾਰ ਆਪ ਸਮਾਇਆ। ਸੁਨ ਅਗੰਮੀ ਪਾਵੇ ਸਾਰ, ਸੁੰਨ ਅਗੰਮ ਆਪਣਾ ਨਾਉਂ ਧਰਾਇਆ। ਆਪੇ ਬ੍ਰਹਮਾ ਲਏ ਉਭਾਰ, ਆਪੇ ਮਸਤਕ ਲੇਖ ਲਿਖਾਇਆ। ਆਪੇ ਅੰਡਜ ਜੇਰਜ ਉਤਭੁਜ ਸੇਤਜ ਕਰੇ ਤਿਆਰ, ਆਪੇ ਸ਼ੰਕਰ ਖੇਲ ਖਿਲਾਇਆ। ਤਿੰਨਾਂ ਵਿਚੋਲਾ ਬਣੇ ਨਿਰੰਕਾਰ, ਏਕਾ ਮਾਈ ਗੋਦ ਬਹਾਇਆ। ਦਾਈ ਦਾਇਆ ਬਣ ਕਰਤਾਰ, ਸਾਚੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਹੁਕਮ ਵਰਤਾਇਆ। ਆਦਿ ਪੁਰਖ ਹੁਕਮ ਵਰਤਾਇਆ, ਭੁਲ ਰਹੇ ਨਾ ਰਾਈਆ। ਆਪਣੀ ਅੰਸ ਆਪ ਉਪਜਾਇਆ, ਸਰਬੰਸ ਵੇਖ ਵਖਾਈਆ। ਏਕਾ ਨਾਰੀ ਕੰਤ ਹੰਢਾਇਆ, ਏਕਾ ਘਰ ਵੱਜੀ ਵਧਾਈਆ। ਏਕਾ ਮਾਈ ਗੋਦ ਬਹਾਇਆ, ਏਕਾ ਵੇਖੇ ਚਾਈਂ ਚਾਈਂਆ। ਏਕਾ ਰੰਗਣ ਆਪ ਰੰਗਾਇਆ, ਰੰਗ ਰੰਗੇ ਬੇਪਰਵਾਹੀਆ। ਇਕ ਮਰਦੰਗ ਦਏ ਸੁਣਾਇਆ, ਨਾਉਂ ਨਿਰੰਕਾਰਾ ਆਪ ਅਲਾਈਆ। ਇਕ ਪਲੰਘ ਦਏ ਵਿਛਾਇਆ, ਸੇਜ ਸੁਹੰਜਣੀ ਆਪ ਸੁਹਾਈਆ। ਏਕਾ ਪੰਧ ਦਏ ਮੁਕਾਇਆ, ਆਦਿ ਅੰਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਇਕ ਗਿਆਨ ਦ੍ਰਿੜਾਈਆ। ਆਦਿ ਪੁਰਖ ਹਰਿ ਗਿਆਨ ਦ੍ਰਿੜਾਇਆ, ਵਿਸ਼ਨ ਆਪ ਸਮਝਾਇੰਦਾ। ਤੇਰਾ ਰੂਪ ਅਨੂਪ ਧਰਾਇਆ, ਹਰਿ ਸਾਚਾ ਖੇਲ ਖਿਲਾਇੰਦਾ। ਬ੍ਰਹਮਾ ਤੇਰੀ ਰਤ ਵਖਾਇਆ, ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਸ਼ੰਕਰ ਤੇਰੀ ਸੇਵਾ ਲਾਇਆ, ਪਤ ਡਾਲੀ ਤੋੜ ਤੁੜਾਇੰਦਾ। ਤਿੰਨਾਂ ਵਿਚੋਲਾ ਹਰਿ ਰਘੁਰਾਇਆ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਸਮਝਾਇੰਦਾ। ਆਦਿ ਪੁਰਖ ਸੁਣਾਏ ਹਰਿ, ਹਰਿ ਆਪਣਾ ਭੇਵ ਆਪ ਖੁਲ੍ਹਾਈਆ। ਵਿਸ਼ਨੂੰ ਮੰਗੇ ਸਦਾ ਦਰ ਦਰ, ਪੁਰਖ ਅਬਿਨਾਸ਼ੀ ਭਿਛਿਆ ਪਾਈਆ। ਬ੍ਰਹਮਾ ਨਹੌਣਾ ਚਰਨ ਕਵਲ ਸਰ ਸਰ, ਚਰਨ ਚਰਨੋਦਕ ਮੁਖ ਚੁਆਈਆ। ਸ਼ੰਕਰ ਮੰਗੇ ਡਰ ਡਰ, ਦੋਏ ਜੋੜ ਸੀਸ ਝੁਕਾਈਆ। ਤਿੰਨਾਂ ਵਿਚੋਲਾ ਏਕਾ ਬਣ, ਏਕਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਸੱਚਾ ਸ਼ਹਿਨਸ਼ਾਹੀਆ। ਆਦਿ ਪੁਰਖ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਅਖਵਾਇੰਦਾ। ਆਦਿ ਆਦੀ ਬਣ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਵਿਸ਼ਨ ਦੇਵੇ ਸਚ ਸਲਾਹ, ਏਕਾ ਹੁਕਮ ਅਲਾਇੰਦਾ। ਬ੍ਰਹਮੇ ਦੇਵੇ ਏਕਾ ਨਾਂ, ਸਾਚੀ ਵਸਤ ਝੋਲੀ ਪਾਇੰਦਾ। ਸ਼ੰਕਰ ਵਖਾਏ ਏਕਾ ਥਾਂ, ਚਰਨ ਦੁਆਰ ਸੁਹਾਇੰਦਾ। ਤਿੰਨਾਂ ਬਣੇ ਪਿਤਾ ਮਾਂ, ਬਾਲਕ ਗੋਦ ਖਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਛੁਪਾਇੰਦਾ। ਆਪਣਾ ਭੇਵ ਆਪ ਛੁਪਾਇਆ, ਵਿਸ਼ਨ ਹਰਿ ਸਮਝਾਈਆ। ਤੇਰੀ ਸੇਵਾ ਸਚ ਲਗਾਇਆ, ਵਸਤ ਅਮੋਲਕ ਦਏ ਵਡਿਆਈਆ। ਸਾਚੀ ਗੋਲਕ ਹੱਥ ਫੜਾਇਆ, ਇਕ ਭੰਡਾਰ ਦਏ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪ ਵਰਤਾਈਆ। ਬ੍ਰਹਮੇ ਹਰਿ ਦਏ ਸਹਾਰਾ, ਆਪਣੀ ਬੂਝ ਬੁਝਾਇੰਦਾ। ਤੇਰਾ ਰੂਪ ਅਪਰ ਅਪਾਰਾ, ਹਰਿ ਸਾਚਾ ਆਪ ਪ੍ਰਗਟਾਇੰਦਾ। ਨਿਰਗੁਣ ਜੋਤੀ ਕਰ ਉਜਿਆਰਾ, ਦੀਆ ਬਾਤੀ ਆਪ ਟਿਕਾਇੰਦਾ। ਸਾਚੇ ਮੰਦਰ ਖੇਲ ਨਿਆਰਾ, ਅੰਦਰੇ ਅੰਦਰ ਵੇਖ ਵਖਾਇੰਦਾ। ਵਰਤੇ ਵਰਤਾਵੇ ਹਰਿ ਵਰਤਾਰਾ, ਆਪਣੀ ਧਾਰ ਆਪ ਚਲਾਇੰਦਾ। ਤੇਰਾ ਭਰੇ ਇਕ ਭੰਡਾਰਾ, ਅਤੋਟ ਅਤੁਟ ਰਖਾਇੰਦਾ। ਲੱਖ ਚੁਰਾਸੀ ਹੋਏ ਉਜਿਆਰਾ, ਘੜ ਭਾਂਡੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਸਦ ਰਖਾਇੰਦਾ। ਸ਼ੰਕਰ ਹਰਿ  ਸਚ ਸਮਝਾਇਆ, ਭੁਲ ਰਹੇ ਨਾ ਰਾਈਆ। ਕੰਠ ਮਾਲਾ ਗਲ ਪਹਿਨਾਇਆ, ਬਾਸ਼ਕ ਤਸ਼ਕਾ ਦਏ ਲਟਕਾਈਆ। ਤਨ ਭਿਬੂਤ ਇਕ ਲਗਾਇਆ, ਜਟਾ ਜੂਟ ਜੂਟ ਵਡਿਆਈਆ। ਇਕ ਤ੍ਰਿਸੂਲ ਹੱਥ ਫੜਾਇਆ, ਤਿੰਨਾਂ ਮਾਣ ਵਖਾਈਆ। ਜੋ ਘੜਿਆ ਸੋ ਭੰਨ ਵਖਾਇਆ, ਥਿਰ ਕੋਇ ਰਹਿਣ ਨਾ ਪਾਈਆ। ਅੰਤਮ ਢੋਲਾ ਇਕ ਸੁਣਾਇਆ, ਆਪਣਾ ਪਰਦਾ ਦਏ ਚੁਕਾਈਆ। ਸੋ ਪੁਰਖ ਨਿਰੰਜਣ ਆਪਣਾ ਨਾਉਂ ਸੁਣਾਇਆ, ਹੰ ਰੂਪ ਵਿਸ਼ਨ ਬ੍ਰਹਮਾ ਸ਼ਿਵ ਲਏ ਉਪਜਾਈਆ। ਸੋਹੰ ਰੂਪ ਨਿਰਗੁਣ ਸਰਗੁਣ ਖੇਲ ਖਿਲਾਇਆ, ਪੰਜ ਤੱਤ ਤ੍ਰੈਗੁਣ ਮਾਟੀ ਹਾਟੀ ਨਾ ਕੋਇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਏਕਾ ਘਰ ਵਖਾਈਆ। ਵਿਸ਼ਨ ਬ੍ਰਹਮੇ ਸ਼ਿਵ ਸੁਣਿਆ ਹਰਿ ਕਾ ਰਾਗ, ਦੋਏ ਚਰਨ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਘਰ ਤੇਰੇ ਆਈ ਜਾਗ, ਨੇਤਰ ਨੈਣ ਇਕ ਖੁਲ੍ਹਾਇਆ। ਤੇਰੇ ਦਰਸ ਰਹੇ ਵੈਰਾਗ, ਦੂਜਾ ਦਰ ਨਾ ਕੋਇ ਵਖਾਇਆ। ਤੇਰੀ ਸਰਨ ਗਏ ਲਾਗ, ਹਉਂ ਬਾਲਕ ਸੇਵ ਕਮਾਇਆ। ਤੇਰੀ ਜੋਤੀ ਜਗੇ ਚਿਰਾਗ਼, ਦੀਪਕ ਦੀਆ ਇਕ ਟਿਕਾਇਆ। ਆਪਣੇ ਵਿਚੋਂ ਆਪਣਾ ਨੂਰ ਆਪੇ ਕਾਢ, ਵਿਸ਼ਨ ਬ੍ਰਹਮਾ ਸ਼ਿਵ ਸਾਡਾ ਨਾਉਂ ਧਰਾਇਆ। ਬਿਨ ਤੇਰੇ ਕਵਣ ਲਡਾਏ ਲਾਡ, ਕਵਣ ਗੋਦੀ ਲਏ ਬਹਾਇਆ। ਕਵਣ ਦੇਵੇ ਸਾਚੀ ਦਾਦ, ਕਵਣ ਨਾਮ ਝੋਲੀ ਪਾਇਆ। ਕਵਣ ਰੱਖੇ ਸਾਨੂੰ ਯਾਦ, ਭੁਲ ਕਦੇ ਨਾ ਜਾਇਆ। ਅਸੀਂ ਆਦਿ ਜੁਗਾਦਿ ਕਰਦੇ ਰਹੀਏ ਫ਼ਰਯਾਦ, ਤੇਰੇ ਅੱਗੇ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਧੁਰ ਮਸਤਕ ਲੇਖ ਲਿਖਾਇਆ। ਧੁਰ ਲੇਖਾ ਲਿਖਣਹਾਰ ਨਿਰੰਕਾਰਾ, ਵਿਸ਼ਨੂੰ ਲੇਖਾ ਇਕ ਸਮਝਾਇੰਦਾ। ਹਰਿ ਜੂ ਬਣਿਆ ਮੀਤ ਮੁਰਾਰਾ, ਵਿਛੜ ਕਦੇ ਨਾ ਜਾਇੰਦਾ। ਪੂਤ ਸਪੂਤਾ ਕਰ ਉਜਿਆਰਾ, ਪਾਰਬ੍ਰਹਮ ਬ੍ਰਹਮ ਉਪਜਾਇੰਦਾ। ਸ਼ੰਕਰ ਰੱਖੇ ਏਕਾ ਧਾਰਾ, ਏਕਾ ਤੰਦ ਬੰਧਾਇੰਦਾ। ਕਰੇ ਖੇਲ ਅਪਰ ਅਪਾਰਾ, ਪਾਰਬ੍ਰਹਮ ਭੇਵ ਨਾ ਆਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਹੁਕਮੀ ਹੁਕਮ ਖੇਲ ਖਿਲਾਇੰਦਾ। ਆਪੇ ਵਰਤੇ ਸਭ ਤੋਂ ਬਾਹਰਾ, ਰੂਪ ਰੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਆਪਣੀ ਕਰਨੀ ਕਰੇ ਕਰਤਾਰ, ਖੇਲੇ ਖੇਲ ਸਹਿਜ ਸੁਖਦਾਈਆ। ਵਿਸ਼ਨੂੰ ਤੇਰਾ ਸਚ ਪਿਆਰ, ਭੁਲ ਕਦੇ ਨਾ ਜਾਈਆ। ਬ੍ਰਹਮ ਪਾਰਬ੍ਰਹਮ ਦਏ ਆਧਾਰ, ਆਪ ਆਪਣੇ ਅੰਗ ਲਗਾਈਆ। ਸ਼ੰਕਰ ਬਖ਼ਸ਼ੇ ਚਰਨ ਸਹਾਰ, ਧੂੜੀ ਮਸਤਕ ਟਿੱਕਾ ਲਾਈਆ। ਤਿੰਨਾਂ ਵਿਚੋਲਾ ਰਹੇ ਨਿਰੰਕਾਰ, ਆਦਿ ਜੁਗਾਦਿ ਵੇਖ ਵਖਾਈਆ। ਪਰਦਾ ਖੋਲ੍ਹਾ ਇਕ ਦਰਬਾਰ, ਥਿਰ ਘਰ ਸਾਚੇ ਵੱਜੇ ਵਧਾਈਆ। ਸਚਖੰਡ ਵਸੇ ਆਪ ਨਿਰੰਕਾਰ, ਇਕ ਇਕੱਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਏਕਾ ਹਰਿ, ਏਕਾ ਏਕ ਏਕ ਟੇਕ ਸਮਝਾਈਆ। ਏਕਾ ਟੇਕ ਸ੍ਰੀ ਭਗਵਾਨਾ, ਹਰਿ ਸਾਚੀ ਸਚ ਜਣਾਇੰਦਾ। ਆਪਣਾ ਲਿਖ ਧੁਰ ਫ਼ਰਮਾਨਾ, ਹਰਿ ਆਪੇ ਆਪ ਵਖਾਇੰਦਾ। ਆਪੇ ਦੇਵਣਹਾਰਾ ਦਾਨਾ, ਵਸਤ ਅਮੋਲਕ ਝੋਲੀ ਪਾਇੰਦਾ। ਆਪਣੇ ਦਰ ਕਰ ਪਰਵਾਨਾ, ਸਿਰ ਆਪਣਾ ਹੱਥ ਟਿਕਾਇੰਦਾ। ਆਪ ਬੰਨ੍ਹੇ ਸਾਚਾ ਗਾਨਾ, ਹਰਿ ਸਾਚਾ ਸਗਨ ਮਨਾਇੰਦਾ। ਆਪੇ ਬਣੇ ਸਾਚਾ ਕਾਹਨਾ, ਆਪੇ ਸਖ਼ੀਆਂ ਵੇਖ ਵਖਾਇੰਦਾ। ਆਪੇ ਵਰਤੇ ਆਪਣਾ ਭਾਣਾ, ਸਦ ਭਾਣੇ ਆਪ ਸਮਾਇੰਦਾ। ਆਪੇ ਬਣੇ ਸਾਚਾ ਰਾਣਾ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਏਕਾ ਦਰ ਵਖਾਇੰਦਾ। ਏਕਾ ਦਰ ਧੁਰ ਦਰਬਾਰਾ, ਹਰਿ ਸਾਚਾ ਸਚ ਸਮਝਾਇਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਆਦਿ ਪੁਰਖ ਆਪ ਕਰਾਇਆ। ਆਪੇ ਵਸੇ ਧਾਮ ਨਿਆਰਾ, ਸਚਖੰਡ ਦੁਆਰਾ ਇਕ ਵਡਿਆਇਆ। ਥਿਰ ਘਰ ਸਾਚੇ ਹੋ ਉਜਿਆਰਾ, ਠਾਂਡਾ ਦਰਬਾਰਾ ਆਪ ਸੁਹਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰਾ, ਆਪਣੀ ਸਿਖਿਆ ਇਕ ਸਿਖਾਇਆ। ਸੋਹੰ ਸਚ ਸਚ ਜੈਕਾਰਾ, ਤੇਰਾ ਮੇਰਾ ਮੇਰਾ ਤੇਰਾ ਰੂਪ ਧਰਾਇਆ। ਨਿਰਗੁਣ ਨਿਰਗੁਣ ਕਰੇ ਪਿਆਰਾ, ਨਿਰਗੁਣ ਨਿਰਗੁਣ ਮੇਲ ਮਿਲਾਇਆ। ਖੇਲੇ ਖੇਲ ਵਿਚ ਸੰਸਾਰਾ, ਤ੍ਰੈ ਤ੍ਰੈ ਲੇਖਾ ਇਕ ਬਣਾਇਆ। ਪੰਜ ਤੱਤ ਵਰਤੇ ਵਰਤਾਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਜੋੜ ਜੁੜਾਇਆ। ਲੱਖ ਚੁਰਾਸੀ ਭਰੇ ਭੰਡਾਰਾ, ਵਡ ਭੰਡਾਰੀ ਦਇਆ ਕਮਾਇਆ। ਏਕਾ ਨਾਮ ਬੋਲ ਜੈਕਾਰਾ, ਸ਼ਬਦ ਸ਼ਬਦੀ ਨਾਦ ਦਏ ਸੁਣਾਇਆ। ਨਿਸ਼ਅੱਖਰ ਕਰ ਵਿਚਾਰਾ, ਸਾਚਾ ਅੱਖਰ ਦਏ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਦਰ ਦਏ ਸਮਝਾਇਆ । ਦਰ ਦੁਆਰ ਹਰਿ ਸਮਝਾਇੰਦਾ, ਕਰ ਕਿਰਪਾ ਗੁਣ ਨਿਧਾਨ। ਵਿਸ਼ਨ ਤੇਰੀ ਸੇਵਾ ਲਾਇੰਦਾ, ਬ੍ਰਹਿਮੰਡ ਖੰਡ ਲੋਅ ਪੁਰੀ ਕਰ ਪਰਧਾਨ। ਬ੍ਰਹਮੇ ਤੇਰੀ ਵੰਡ ਵੰਡਾਇੰਦਾ, ਲੱਖ ਚੁਰਾਸੀ ਇਕ ਨਿਸ਼ਾਨ। ਪੰਜ ਤੱਤ ਭਾਂਡਾ ਆਪ ਘੜਾਇੰਦਾ, ਤ੍ਰੈਗੁਣ ਮਾਇਆ ਬੰਨ੍ਹੇ ਗਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਖਿਲਾਇੰਦਾ, ਧੁਰਦਰਗਾਹੀ ਏਕੰਕਾਰ। ਲੱਖ ਚੁਰਾਸੀ ਰਚਨ ਰਚਾਇੰਦਾ, ਬ੍ਰਹਮਾ ਵੇਤਾ ਕਰ ਪਿਆਰ। ਆਪਣਾ ਹੁਕਮ ਆਪ ਜਣਾਇੰਦਾ, ਚਾਰੇ ਮੁਖ ਵੇਦ ਚਾਰ। ਚਾਰ ਜੁਗ ਵੰਡ ਵੰਡਾਇੰਦਾ, ਚਾਰੇ ਖਾਣੀ ਦਏ ਆਧਾਰ। ਚਾਰੇ ਬਾਣੀ ਭੇਵ ਖੁਲ੍ਹਾਇੰਦਾ, ਚਾਰ ਵਰਨਾਂ ਪਾਵੇ ਸਾਰ। ਚਾਰੋਂ ਕੁੰਟ ਵੇਖ ਵਖਾਇੰਦਾ, ਚਾਰ ਯਾਰੀ ਦਏ ਆਧਾਰ। ਅੰਤਮ ਸਿਖਿਆ ਇਕ ਸਮਝਾਇੰਦਾ, ਨੌਂ ਦੁਆਰੇ ਜਗਤ ਕਿਵਾੜ। ਨੌਂ ਖੰਡ ਪ੍ਰਿਥਮੀ ਵੰਡ ਵੰਡਾਇੰਦਾ, ਚਾਰ ਜੁਗ ਕਰੇ ਖੇਲ ਕਰਤਾਰ। ਨਵ ਨੌਂ ਗੇੜਾ ਆਪ ਦਵਾਇੰਦਾ, ਚਾਰ ਚਾਰ ਕਰੇ ਖ਼ਵਾਰ। ਰੂਪ ਅਨੂਪ ਆਪ ਦਰਸਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ। ਨਿਰਗੁਣ ਸਰਗੁਣ ਧਾਰ ਵਖਾਇੰਦਾ, ਭਗਤ ਭਗਵੰਤ ਕਰ ਉਜਿਆਰ। ਸਾਧ ਸੰਤ ਮੇਲ ਮਿਲਾਇੰਦਾ, ਏਕਾ ਬਖ਼ਸ਼ੇ ਚਰਨ ਪਿਆਰ। ਗੁਰਮੁਖ ਗੁਰ ਗੁਰ ਰੰਗ ਰੰਗਾਇੰਦਾ, ਗੁਰਸਿਖ ਮੇਲੇ ਸਾਚੇ ਦਰਬਾਰ। ਗੁਰ ਪੀਰ ਰੂਪ ਵਟਾਇੰਦਾ, ਰੂਪ ਅਨੂਪ ਸੱਚੀ ਸਰਕਾਰ। ਜਗਤ ਗੇੜਾ ਆਪ ਚਲਾਇੰਦਾ, ਆਪੇ ਗੇੜੇ ਗੇੜਨਹਾਰ। ਜਗਤ ਖੇੜਾ ਆਪ ਵਸਾਇੰਦਾ, ਚੌਦਾਂ ਲੋਕ ਵੇਖ ਵਿਚਾਰ। ਚਾਰ ਜੁਗ ਵੰਡ ਵੰਡਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਦੇਵੇ ਵਰ, ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ। ਵਿਸ਼ਨ ਬ੍ਰਹਮੇ ਸ਼ਿਵ ਜਣਾਇਆ, ਧੁਰ ਫ਼ਰਮਾਨਾ ਹਰਿ ਰਘੁਰਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਸੇਵਾ ਲਾਇਆ, ਸੇਵਾਦਾਰ ਭੁਲ ਨਾ ਜਾਈਆ। ਗੁਰ ਪੀਰ ਅਵਤਾਰ ਸਾਧ ਸੰਤ ਭਗਤ ਭਗਵੰਤ ਜੁਗਾ ਜੁਗੰਤਰ ਵੇਸ ਵਟਾਇਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਈਆ। ਲੋਕਮਾਤ ਬਹੁ ਬਿਧ ਭਾਂਤ ਪੁਰਖ ਅਕਾਲ ਦੀਨ ਦਿਆਲ ਆਪਣਾ ਨਾਉਂ ਲਏ ਜਪਾਇਆ, ਸਾਚਾ ਭੇਵ ਨਾ ਕਿਸੇ ਖੁਲ੍ਹਾਈਆ। ਬੇਅੰਤ ਬੇਅੰਤ ਬੇਅੰਤ ਰਸਨਾ ਕਹਿ ਕਹਿ ਜਸ ਗਾਇਆ, ਆਤਮ ਅੰਤਰ ਧਿਆਨ ਲਗਾਈਆ। ਲੱਖ ਚੁਰਾਸੀ ਜੂਨ ਵਿਸ਼ਨੂੰ ਤੇਰਾ ਰੂਪ ਧਰਾਇਆ, ਘਟ ਘਟ ਤੇਰੀ ਵੰਡ ਵੰਡਾਈਆ। ਬ੍ਰਹਮੇ ਤੇਰਾ ਬ੍ਰਹਮ ਦਰਸਾਇਆ, ਆਤਮ ਜੋਤੀ ਨੂਰ ਰੁਸ਼ਨਾਈਆ। ਪੰਜ ਤੱਤ ਸ਼ੰਕਰ ਬੰਦ ਕਰਾਇਆ, ਜੇਰਜ ਅੰਡਜ ਉਤਭੁਜ ਸੇਤਜ ਆਪ ਸਮਾਈਆ। ਆਪਣੀ ਵੰਡ ਆਪਣੇ ਹੱਥ ਰਖਾਇਆ, ਆਦਿ ਪੁਰਖ ਅਬਿਨਾਸ਼ਾ ਵਿਸ਼ਨ ਬ੍ਰਹਮਾ ਸ਼ਿਵ ਕਰੇ ਤਮਾਸ਼ਾ, ਤ੍ਰੈਗੁਣ ਮੰਡਲ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਹਰਿ ਸਾਚਾ ਭੇਵ ਖੁਲ੍ਹਾਇੰਦਾ, ਸ਼ਬਦ ਅਨਾਦੀ ਬੋਲ। ਵਿਸ਼ਨੂੰ ਸੀਸ ਝੁਕਾਇੰਦਾ, ਪੁਰਖ ਅਬਿਨਾਸ਼ੀ ਕਵਣ ਕੰਡੇ ਤੋਲੇ ਤੋਲ। ਬ੍ਰਹਮਾ ਏਕਾ ਮੰਗ ਮੰਗਾਇੰਦਾ, ਕਵਣ ਰੂਪ ਬਖ਼ਸ਼ੇ ਨਾਭ ਕਵਲ। ਸ਼ੰਕਰ ਰੋ ਰੋ ਨੀਰ ਵਹਾਇੰਦਾ, ਕਵਣ ਰੂਪ ਵਡਿਆਈ ਦੇਵਾਂ ਉਪਰ ਧਵਲ। ਪੁਰਖ ਅਬਿਨਾਸ਼ੀ ਆਪ ਸੁਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਜੋਤ ਸਰੂਪੀ ਆਪੇ ਮਵਲ। ਨਵ ਨੌਂ ਬੇੜਾ ਪਾਰ ਕਰੌਣਾ, ਚਾਰ ਜੁਗ ਰਹਿਣ ਨਾ ਪਾਈਆ। ਗੁਰ ਪੀਰ ਅਵਤਾਰ ਸਾਧ ਸੰਤ ਸਭ ਰਾਹ ਤਕੌਣਾ, ਪੁਰਖ ਅਕਾਲ ਧਿਆਨ ਲਗਾਈਆ। ਕਲਜੁਗ ਵੇਲਾ ਅੰਤ ਸੁਹੌਣਾ, ਨਿਰਗੁਣ ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਹਕਲੰਕ ਨਾਉਂ ਰਖੌਣਾ, ਵਿਸ਼ਨੂੰ ਭੁਲ ਕਦੇ ਨਾ ਜਾਈਆ। ਤੇਰਾ ਮੇਲਾ ਮੇਲ ਮਿਲੌਣਾ, ਤੇਰੀ ਰਚਨਾ ਆਪ ਵਖਾਈਆ। ਬ੍ਰਹਮੇ ਪਾਰਬ੍ਰਹਮ ਦਰਸ ਕਰੌਣਾ, ਬ੍ਰਹਮ ਮੇਲਾ ਸਹਿਜ ਸੁਭਾਈਆ। ਸ਼ੰਕਰ ਤੇਰਾ ਭਾਰ ਉਠੌਣਾ, ਜਗਤ ਜਗਦੀਸ਼ ਵਡੀ ਵਡਿਆਈਆ। ਤਿੰਨਾਂ ਵਿਚੋਲਾ ਆਪ ਅਖਵੌਣਾ, ਅੰਤ ਖੇਲ ਕਰੇ ਬੇਪਰਵਾਹੀਆ। ਆਪਣਾ ਨਾਉਂ ਫੇਰ ਪਰਗਟੌਣਾ, ਸਤਿ ਜੈਕਾਰਾ ਏਕਾ ਲਾਈਆ। ਸੋਹੰ ਢੋਲਾ ਹਰਿ ਜੂ ਹਰਿ ਹਰਿ ਆਪੇ ਗੌਣਾ, ਦੂਸਰ ਕੋਇ ਨਾ ਦਏ ਵਡਿਆਈਆ । ਸ਼ੰਕਰ ਤੇਰਾ ਪੰਧ ਮੁਕੌਣਾ, ਅੰਤ ਅੰਤ ਜੋਤ ਮਿਲਾਈਆ। ਬ੍ਰਹਮੇ ਬ੍ਰਹਮ ਲੋਕ ਤਜੌਣਾ, ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਵਿਸ਼ਨੂੰ ਉਂਗਲੀ ਲਾ ਲਾ ਨਾਲ ਫਿਰੌਣਾ, ਦਿਸ ਕਿਸੇ ਨਾ ਆਈਆ। ਭਗਵਾਨ ਭਗਵਨ ਆਪਣੀ ਜੋਤ ਜਗੌਣਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਏਕਾ ਡੰਕਾ ਸ਼ਬਦ ਵਜੌਣਾ, ਬ੍ਰਹਿਮੰਡ ਖੰਡ ਗਗਨ ਪਾਤਾਲ ਪ੍ਰਿਥਮੀ ਆਕਾਸ਼ ਸੁਣੇ ਸਰਬ ਲੋਕਾਈਆ। ਤਿੰਨਾਂ ਉਠ ਉਠ ਰਾਹ ਤਕੌਣਾ, ਪ੍ਰਭ ਸਾਚਾ ਜਾਗ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਦਏ ਸਮਝਾਈਆ। ਆਪਣਾ ਨਾਉਂ ਹਰਿ ਸਮਝਾਏ, ਵੇਲਾ ਅੰਤਮ ਆਪ ਦਰਸਾਇੰਦਾ। ਸੋਹੰ ਸ਼ਬਦ ਹਰਿ ਸਾਚਾ ਉਪਜਾਏ, ਨਾ ਕੋਈ ਮੇਟ ਮਿਟਾਇੰਦਾ। ਸੋਹੰ ਰੂਪ ਨਿਰਗੁਣ ਸਰਗੁਣ ਖੇਲ ਖਿਲਾਏ, ਆਦਿ ਜੁਗਾਦਿ ਆਪਣੀ ਰਚਨਾ ਆਪ ਰਚਾਇੰਦਾ। ਮਹਾਰਾਜ ਨਿਰਗੁਣ ਆਪਣਾ ਖ਼ਤਾਬ ਵਡਿਆਏ, ਸ਼ੇਰ ਸਿੰਘ ਸਰਗੁਣ ਵੇਸ ਵਟਾਇੰਦਾ। ਅੰਤਮ ਖ਼ਾਕੀ ਖ਼ਾਕ ਸਮਾਏ, ਵਿਸ਼ਨੂੰ ਤੇਰਾ ਮੇਲਾ ਮੇਲ ਮਿਲਾਏ, ਆਪਣੀ ਧਾਰਾ ਆਪ ਚਲਾਇੰਦਾ। ਵਿਸ਼ਨੂੰ ਰੂਪ ਸਾਕਾਰ ਹਰਿ ਰਘੁਰਾਏ, ਭਗਵਨ ਭਗਵਾਨ ਜੋਤੀ ਜੋਤ ਰੁਸ਼ਨਾਏ, ਰੂਪ ਰੇਖ ਨਾ ਕੋਇ ਵਖਾਇੰਦਾ। ਤਿੰਨਾਂ ਲੋਕਾਂ ਤਿੰਨਾਂ ਧਾਰਾ ਤਿੰਨਾਂ ਸਿਕਦਾਰਾ ਇਕ ਵਖਾਏ, ਵਿਸ਼ਨ ਬ੍ਰਹਮਾ ਸ਼ਿਵ ਸੀਸ ਹੱਥ ਟਿਕਾਇੰਦਾ। ਆਪਣਾ ਨਾਅਰਾ ਆਪ ਸੁਣਾਏ, ਵੇਦ ਕਤੇਬ ਭੇਵ ਨਾ ਪਾਇੰਦਾ। ਕੋਟਨ ਕੋਟ ਅਵਤਾਰ ਦਰ ਦੁਆਰ ਬੈਠੇ ਸੀਸ ਝੁਕਾਏ, ਨਿਉਂ ਨਿਉਂ ਚਰਨ ਧਿਆਨ ਸਰਬ ਲਗਾਇੰਦਾ। ਕੋਟਨ ਕੋਟ ਗੁਰੂ ਗੁਰ ਮੰਗਣ ਭਿਛਿਆ ਜਾਏ, ਪੁਰਖ ਅਬਿਨਾਸ਼ੀ ਵਡ ਭੰਡਾਰੀ ਆਪ ਵਰਤਾਇੰਦਾ। ਕੋਟਨ ਕੋਟ ਸਾਧ ਸੰਤ ਰਹੇ ਬਿਲਲਾਏ, ਨੇਤਰ ਨੀਰ ਸਰਬ ਵਹਾਇੰਦਾ। ਕੋਟਨ ਕੋਟ ਭਗਤ ਭਗਵੰਤ ਰਾਹ ਤੱਕਣ ਜਾਏ, ਅੱਧਵਿਚਕਾਰ ਸਰਬ ਡੁਬਾਇੰਦਾ। ਕੋਟਨ ਕੋਟ ਈਸਾ ਮੂਸਾ ਸੰਗ ਮੁਹੰਮਦ ਖ਼ਾਕੀ ਖ਼ਾਕ ਰਮਾਏ, ਖ਼ਾਲਕ ਨਜ਼ਰ ਕਿਸੇ ਨਾ ਆਇੰਦਾ। ਕੋਟਨ ਕੋਟ ਜੁਗ ਬੀਤੇ ਕਾਲ, ਕੋਟਨ ਕੋਟ ਬ੍ਰਹਮਾ ਸ਼ਿਵ ਵਿਸ਼ਨ ਬਣੇ ਕੰਗਾਲ, ਕੋਟਨ ਕੋਟ ਭਰਮ ਭੁਲਾਇੰਦਾ। ਕਲਜੁਗ ਅੰਤਮ ਪ੍ਰਗਟ ਆਪ ਹੋਏ ਦੀਨ ਦਿਆਲ, ਮੰਗਣ ਦਰ ਕਿਸੇ ਨਾ ਜਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਬ੍ਰਹਮਾ ਵਿਸ਼ਨ ਸ਼ਿਵ ਅਵਤਾਰ ਗੁਰ ਪੀਰ ਪੈਗ਼ੰਬਰ ਸਾਧ ਸੰਤ ਔਲੀਏ ਪੀਰ ਸ਼ੇਖ਼ ਕਰਦਾ ਆਇਆ ਪ੍ਰਿਤਪਾਲ, ਪ੍ਰਿਤਪਾਲਕ ਆਪਣਾ ਨਾਉਂ ਰਖਾਇੰਦਾ। ਕਲਜੁਗ ਅੰਤਮ ਅੰਤ ਸ੍ਰੀ ਭਗਵੰਤ ਨਰ ਨਰਾਇਣ ਸਾਚਾ ਕੰਤ ਬਣ ਕੇ ਆਇਆ ਏਕਾ ਮੰਗਤ, ਲੱਖ ਚੁਰਸੀ ਵਿਚੋਂ ਲੱਭੀ ਮੁਠੀ ਸੰਗਤ, ਦੂਸਰ ਦਿਸ ਕਿਸੇ ਨਾ ਆਇੰਦਾ। ਵਿਸ਼ਨੂੰ ਤੇਰਾ ਭੰਡਾਰਾ ਗੁਰਸਿਖ ਦੁਆਰਾ ਨੌਂ ਦੁਆਰ ਚੜ੍ਹੀ ਰੰਗਤ, ਤ੍ਰਿਸ਼ਨਾ ਭੁੱਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪਣੀ ਖੇਲ ਖਿਲਾਇੰਦਾ। ਅੰਤਮ ਖੇਲ ਖਿਲਾਵਣਹਾਰਾ, ਖ਼ਾਲਕ ਖ਼ਲਕ ਰੂਪ ਵਟਾਈਆ। ਵਿਸ਼ਨ ਭੰਡਾਰਾ ਦੇਵਣਹਾਰਾ, ਵਿਸ਼ਵ ਰੂਪ ਧਰਾਈਆ। ਬ੍ਰਹਮੇ ਬ੍ਰਹਮ ਉਪਜਾਵਣਹਾਰਾ, ਬ੍ਰਹਮ ਆਪਣੇ ਲੇਖੇ ਪਾਈਆ। ਸ਼ੰਕਰ ਜਗਤ ਸੰਘਾਰਨਹਾਰਾ, ਸ਼ੰਕਰ ਸੰਸਾ ਦਏ ਚੁਕਾਈਆ। ਤਿੰਨਾਂ ਵਿਚੋਲਾ ਬਣ ਨਿਰੰਕਾਰਾ, ਪਿਛਲਾ ਲੇਖਾ ਦਏ ਮੁਕਾਈਆ। ਅੱਗੇ ਕਰੇ ਆਪਣੀ ਕਾਰਾ, ਪ੍ਰਭ ਪੂਰੇ ਹੱਥ ਵਡਿਆਈਆ। ਥਿਰ ਨਾ ਰਹੇ ਕੋਈ ਦਰਬਾਰਾ, ਜੋ ਉਪਜੇ ਸੋ ਬਿਨਸਾਈਆ। ਕਲਜੁਗ ਮੇਟੇ ਧੂਆਂਧਾਰਾ, ਰੈਣ ਅੰਧੇਰੀ ਰਹੇ ਨਾ ਛਾਹੀਆ। ਸਤਿਜੁਗ ਵਰਤੇ ਸਚ ਵਰਤਾਰਾ, ਸਤਿਗੁਰ ਪੂਰਾ ਦਏ ਵਰਤਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਗੁਰ ਸ਼ਬਦ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਲਹਿਣਾ ਲਹਿਣੇ ਪਾਈਆ। ਤਿੰਨਾਂ ਲਹਿਣਾ ਲਹਿਣੇ ਪੈਣਾ, ਲਹਿਣੇਦਾਰ ਆਪ ਹੋ ਜਾਇੰਦਾ। ਆਪਣੇ ਘਰ ਆਪੇ ਬਹਿਣਾ, ਸਚਖੰਡ ਦੁਆਰਾ ਆਪ ਸੁਹਾਇੰਦਾ। ਤਿੰਨਾਂ ਲੋਚਣ ਏਕਾ ਨੈਣਾ, ਨੈਨਣ ਨੈਣ ਆਪ ਖੁਲ੍ਹਾਇੰਦਾ। ਤਿੰਨਾਂ ਮੇਲਾ ਸਾਚੇ ਸੈਣਾ, ਸਾਕ ਸੱਜਣ ਦਇਆ ਕਮਾਇੰਦਾ। ਤਿੰਨਾਂ ਮੰਨਿਆ ਏਕਾ ਕਹਿਣਾ, ਏਕਾ ਹੁਕਮ ਸੁਣਾਇੰਦਾ। ਸੋਹੰ ਸ਼ਬਦ ਹਰਿ ਕਾ ਰੂਪ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਲੋਕ ਪਰਲੋਕ ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤਤੀਸ ਸੁਰਪਤ ਰਾਜਾ ਇੰਦ ਗਣ ਗੰਧਰਬ ਲੱਖ ਚੁਰਾਸੀ ਭੂਤ ਪ੍ਰੇਤ ਸਭ ਨੇ ਕਹਿਣਾ, ਹਰਿ ਸਾਚਾ ਦਏ ਜਣਾਈਆ। ਰਾਏ ਧਰਮ ਉਠ ਉਠ ਰਸਨਾ ਕੂਕ ਰਾਹ ਤੱਕੇ ਹਰਿ ਸਾਚੇ ਸੱਜਣ ਸੈਣਾ, ਚਾਰ ਕੁੰਟ ਧਿਆਨ ਲਗਾਈਆ। ਲਾੜੀ ਮੌਤ ਉਠੇ ਡੈਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਤੇਰਾ ਪੂਰਾ ਕਰੇ ਵਰ, ਕੀਤਾ ਕੌਲ ਭੁਲ ਨਾ ਜਾਈਆ। ਕੀਤਾ ਕੌਲ ਨਿਭਾਵਣ ਆਇਆ, ਆਦਿ ਪੁਰਖ ਵਡ ਵਡਿਆਈਆ। ਕਲਜੁਗ ਅੰਤਮ ਵੇਸ ਵਟਾਇਆ, ਨਿਹਕਲੰਕ ਸਾਚਾ ਮਾਹੀਆ। ਰੂਪ ਰੰਗ ਨਾ ਰੇਖ ਬਣਾਇਆ, ਪੰਜ ਤੱਤ ਨਾ ਕੋਇ ਦਸਾਈਆ। ਔਂਦਾ ਜਾਂਦਾ ਦਿਸ ਨਾ ਆਇਆ, ਫਿਰ ਫਿਰ ਥੱਕੇ ਪਾਂਧੀ ਰਾਹੀਆ। ਸ਼ਰਅ ਮਜ਼੍ਹਬ ਨਾ ਕਿਸੇ ਬੰਦ ਕਰਾਇਆ, ਚਾਰ ਵਰਨ ਅਠਾਰਾਂ ਬਰਨ ਨਾਤਾ ਜੋੜ ਨਾ ਕੋਇ ਵਖਾਈਆ। ਆਪਣੀ ਕਰਨੀ ਕਰਤਾ ਆਪੇ ਕਰਨ ਆਇਆ, ਕਲਜੁਗ ਕਾਲ ਸੰਗ ਰਲਾਈਆ। ਦੀਨ ਦਿਆਲ ਸਾਚੀ ਤਰਨੀ ਆਪੇ ਤਰਨ ਆਇਆ, ਗੁਰਮੁਖ ਸਾਚੇ ਲਏ ਤਰਾਈਆ। ਆਦਿ ਵਿਛੜੇ ਕਲਜੁਗ ਅੰਤ ਵਿਸ਼ਨ ਬ੍ਰਹਮਾ ਸ਼ਿਵ ਫੜਨ ਆਇਆ, ਜੋ ਸੇਵਕ ਸੇਵ ਲਗਾਈਆ। ਨਿਰਗੁਣ ਰੂਪ ਸਰਗੁਣ ਨਾਲ ਲੜਨ ਆਇਆ, ਨਿਰਵੈਰ ਭੇਵ ਨਾ ਰਾਈਆ। ਵਿਸ਼ਨ ਸ਼ਿਵ ਬ੍ਰਹਮਾ ਤੇਰੇ ਮੰਦਰ ਆਪੇ ਚੜ੍ਹਨ ਆਇਆ, ਆਪਣਾ ਪੌੜਾ ਆਪੇ ਲਾਈਆ। ਗੁਰਸਿਖਾਂ ਦੁਆਰੇ ਖੜ੍ਹਨ ਆਇਆ, ਖ਼ਾਲਕ ਆਪਣਾ ਰੂਪ ਵਟਾਈਆ। ਗੁਰਸਿਖਾਂ ਦਾ ਨਾਉਂ ਆਪ ਪੜ੍ਹਨ ਆਇਆ, ਆਪਣਾ ਨਾਉਂ ਗੁਰਸਿਖਾਂ ਅੰਦਰ ਆਪ ਟਿਕਾਈਆ। ਗੁਰਸਿਖਾਂ ਮਸਤਕ ਮੇਖ ਜੜਨ ਆਇਆ, ਬਿਧਨਾ ਰੇਖ ਦਏ ਮਿਟਾਈਆ। ਗੁਰਸਿਖਾਂ ਦੀ ਤਰਨੀ ਆਪ ਤਰਨ ਆਇਆ, ਰਾਤੀਂ ਸੁਤਿਆਂ ਸੇਵ ਕਮਾਈਆ। ਗੁਰਸਿਖਾਂ ਦੀ ਚਰਨੀ ਆਪ ਪੜ੍ਹਨ ਆਇਆ, ਆਪਣੇ ਚਰਨ ਅਗਨੀ ਵਿਚ ਜਲਾਈਆ। ਕਰਤਾ ਪੁਰਖ ਆਪਣੀ ਕਰਨੀ ਕਰਨ ਆਇਆ, ਕਰ ਕਰ ਕੇ ਸੱਚੀ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਾ ਮਰੇ ਨਾ ਜਾਈਆ।