੨੭ ਮੱਘਰ ੨੦੧੭ ਬਿਕਰਮੀ ਪਿੰਡ ਹੇਮਰਾਜ ਪੁਰ ਜ਼ਿਲਾ ਗੁਰਦਾਸਪੁਰ
ਤ੍ਰੇਤਾ ਤੋੜਿਆ ਦੁਆਪਰ ਰੋੜ੍ਹਿਆ, ਭੇਵ ਅਭੇਦ ਰਖਾਇੰਦਾ। ਕਲਜੁਗ ਜੋੜਿਆ ਸਤਿਗੁਰ ਬੌਹੜਿਆ, ਲੇਖ ਅਲੇਖ ਗਵਾਇੰਦਾ। ਮਿੱਠਾ ਕਰੇ ਰੀਠਾ ਕੌੜਿਆ, ਅੰਮ੍ਰਿਤ ਮੇਘ ਮੁਖ ਚੁਆਇੰਦਾ। ਘਰ ਪਾਇਆ ਜਿਹਾ ਲੋੜਿਆ, ਨਰ ਸਾਚਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਪੂਰਬ ਵੇਖ ਵਖਾਇੰਦਾ। ਪੂਰਬ ਲੇਖਾ ਤ੍ਰੇਤਾ ਧਾਰ, ਤ੍ਰੈਗੁਣ ਤੱਤ ਜਣਾਇੰਦਾ। ਪੰਜ ਤੱਤ ਪ੍ਰਭ ਖੇਲ ਅਪਾਰ, ਰਤੀ ਰਤ ਵੇਖ ਵਖਾਇੰਦਾ। ਜਗਤ ਵਿਦਿਆ ਨਾ ਪਾਵੇ ਸਾਰ, ਚਾਰ ਵੇਦ ਮੁਖ ਸ਼ਰਮਾਇੰਦਾ। ਪੁਰਾਨ ਅਠਾਰਾਂ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਗੀਤਾ ਗਿਆਨ ਨਾ ਕੋਈ ਆਧਾਰ, ਰਾਮ ਰਾਮਾਇਣ ਨਾ ਲੇਖ ਲਿਖਾਇੰਦਾ। ਭਗਤ ਭਗਵੰਤ ਖੇਲ ਅਪਾਰ, ਅਨਭਵ ਆਪਣੀ ਧਾਰ ਚਲਾਇੰਦਾ। ਜੁਗਾ ਜੁਗੰਤਰ ਏਕਾ ਕਾਰ, ਅਕਲ ਕਲ ਧਾਰੀ ਆਪ ਕਰਾਇੰਦਾ। ਬਜਵਾੜਾ ਕਰਤਾਰਾ ਕਰ ਪਿਆਰ, ਵਾਟੇ ਮਾਨਸ ਵੇਖ ਵਖਾਇੰਦਾ। ਬਾਲਮੀਕ ਲਾਸ਼ਰੀਕ ਹਰਿ ਤੌਫ਼ੀਕ਼, ਰਹਿਮਤ ਰਹਿਮਾਨ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮੜਾ ਵੇਸ ਵਟਾਇੰਦਾ। ਵਾਟੇ ਮਾਨਸ ਮਾਰਨਹਾਰਾ, ਬਾਲਮੀਕ ਜਣਾਈਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਤ੍ਰੈਭਵਨ ਰਿਹਾ ਸਮਾਈਆ। ਅਵਣ ਗਵਣ ਖੇਲ ਨਿਆਰਾ, ਲੋਕ ਪਰਲੋਕ ਆਪਣੇ ਹੱਥ ਰਖਾਈਆ। ਜੁਗਾ ਜੁਗੰਤਰ ਹੋ ਉਜਿਆਰਾ, ਸਰਗੁਣ ਨਿਰਗੁਣ ਰੂਪ ਵਟਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਊਚਾਂ ਨੀਚਾਂ ਵੇਖ ਵਖਾਈਆ। ਧਰਮੀ ਧਰਮ ਵਰਤੇ ਵਿਚ ਸੰਸਾਰਾ, ਅਧਰਮੀ ਭੇਵ ਨਾ ਰਾਈਆ। ਨਿਹਕਰਮੀ ਕਰਮ ਕਰੇ ਅਪਾਰਾ, ਕਰਮਗਤ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲੇਖਾ ਦਏ ਸਮਝਾਈਆ। ਬਾਲਮੀਕ ਬਲਮ ਬਹੁ ਬਿਧ ਭਾਂਤਾ, ਭੇਵ ਅਭੇਦ ਖੁਲ੍ਹਾਇੰਦਾ। ਵਾਟੇ ਮਾਣਸ ਮਾਰਦਾ ਨਾ ਕੋਈ ਦਿਵਸ ਨਾ ਕੋਈ ਰਾਤਾ, ਸੂਰਜ ਚੰਨ ਨਾ ਕੋਈ ਰੁਸ਼ਨਾਈਆ। ਨਿਰਗੁਣ ਰੂਪ ਮਿਲਿਆ ਇਕ ਇਕਾਂਤਾ, ਨਿਰਵੈਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਹਰਿ ਹਰਿ ਭੇਵ ਚੁਕਾਇੰਦਾ, ਅਲਖ ਅਗੋਚਰ ਅਗੰਮ ਅਪਾਰ। ਹੁਕਮੀ ਹੁਕਮ ਆਪ ਵਰਤਾਇੰਦਾ, ਦੇਵੇ ਸ਼ਬਦ ਭੰਡਾਰ। ਆਪਣਾ ਰਾਗ ਆਪ ਸੁਣਾਇੰਦਾ, ਨਾਦ ਅਨਾਦ ਸੱਚੀ ਗੁਫ਼ਤਾਰ। ਗਹਿਰ ਗੰਭੀਰ ਪਰਦਾ ਲਾਹਿੰਦਾ, ਦੂਈ ਦਵੈਤੀ ਦਏ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰੱਖੇ ਕਰਤਾਰ। ਹੱਥ ਕਰਤਾਰ ਖੇਲ ਅਪਾਰਾ, ਭੇਵ ਕੋਇ ਨਾ ਪਾਇੰਦਾ। ਪੰਚਮ ਪੰਚ ਕਰੇ ਪਿਆਰਾ, ਪੰਚਮ ਵੇਖ ਵਖਾਇੰਦਾ। ਏਕਾ ਨਾਰੀ ਕੰਤ ਭਤਾਰਾ, ਦੋਏ ਧਾਰਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਬਾਲਮੀਕ ਬਲ ਜਵਾਨ, ਮਨ ਮਾਇਆ ਮਮਤਾ ਤਨ ਹਲਕਾਈਆ। ਸ਼ਸਤਰ ਬਸਤਰ ਤੀਰ ਕਮਾਨ, ਚਿਲਾ ਖੰਡਾ ਹੱਥ ਚਮਕਾਈਆ। ਫਿਰਨਹਾਰਾ ਜੰਗਲ ਜੂਹ ਉਜਾੜ ਬੀਆਬਾਨ, ਦਹਿ ਦਿਸ਼ਾ ਫੇਰੀ ਪਾਈਆ। ਖੇਲੇ ਖੇਲ ਸ੍ਰੀ ਭਗਵਾਨ, ਆਪਣੀ ਖੇਲ ਆਪ ਰਚਾਈਆ। ਆਪੇ ਰਿਖੀ ਮੁਨੀ ਹੋਏ ਨੌਜਵਾਨ, ਬਿਰਧ ਬਾਲ ਆਪਣਾ ਰੂਪ ਧਰਾਈਆ। ਆਪੇ ਭਾਰਦਵਾਜ ਕਰ ਪਰਵਾਨ, ਭਈਆ ਭਈਆ ਸੰਗ ਰਖਾਈਆ। ਭਈਆ ਸਪੁਤਰੀ ਨਾਰ ਰਕਾਨ, ਜਗਤ ਮੁਟਿਆਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਦੂਸਰ ਭੇਵ ਕੋਇ ਨਾ ਪਾਈਆ। ਜਗਤ ਦੁਲਾਰੀ ਕਰ ਪਿਆਰੀ, ਲੋਕਮਾਤ ਨਾਤਾ ਵੇਖ ਵਖਾਇੰਦਾ। ਸ਼ਾਹੋ ਭੂਪ ਬਣ ਸਿਕਦਾਰੀ, ਸਾਚਾ ਮੇਲਾ ਮੇਲ ਮਿਲਾਇੰਦਾ। ਰਾਜ ਜੋਗ ਖੇਲ ਨਿਆਰੀ, ਜੁਗਤ ਜਗਤ ਨਾ ਕੋਈ ਜਣਾਇੰਦਾ। ਏਕਾ ਭੂਪ ਸਤਿ ਸਰੂਪ ਕਰੇ ਖੇਲ ਨਿਆਰੀ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਭਾਰਦਵਾਜ ਬਣ ਵਿਚੋਲਾ, ਲੋਕਮਾਤ ਖੇਲ ਖਿਲਾਇੰਦਾ। ਭਈਆ ਸਪੁਤਰੀ ਤੋਲ ਏਕਾ ਤੋਲਾ, ਮਈਆ ਮਈਆ ਮੇਲ ਮਿਲਾਇੰਦਾ। ਮਾਣਕ ਮੋਤੀ ਆਪ ਵਿਰੋਲਾ, ਜਗਦੀ ਜੋਤੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਰੂਪ ਅਨੂਪ ਦਿਸ ਕਿਸੇ ਨਾ ਆਇੰਦਾ। ਜਗਤ ਜੋੜੀ ਜੁੜਿਆ ਜੋੜਾ, ਲੋਕਮਾਤ ਖੇਲ ਖਿਲਾਇਆ। ਭਾਰਦਵਾਜ ਏਕਾ ਬੌਹੜਾ, ਸਪਤ ਰਿਖ ਨਾਮ ਵਡਿਆਇਆ। ਪੁਰਖ ਅਬਿਨਾਸ਼ੀ ਗ੍ਰਹਿ ਮੰਦਰ ਆਪੇ ਆਇਆ ਦੌੜਾ, ਆਪਣਾ ਲੇਖਾ ਦਏ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਤ ਦਏ ਸਮਝਾਇਆ। ਸਾਚੀ ਮਤ ਹਰਿ ਨਿਰੰਕਾਰ, ਨਿਰਗੁਣ ਨਿਰਗੁਣ ਆਪ ਜਣਾਈਆ। ਘਰ ਸਖ਼ੀਆਂ ਮੰਗਲਚਾਰ, ਵਾਹ ਵਾਹ ਗੀਤ ਸੁਹਾਗੀ ਗਾਈਆ। ਮਾਤਾ ਪਿ਼ਤਾ ਕਰ ਪਿਆਰ, ਧੀ ਸਪੁਤਰੀ ਇਕ ਵਿਹਾਈਆ। ਲਾੜੀ ਲਾੜਾ ਹੋ ਤਿਆਰ, ਉਠ ਚਲੇ ਵਾਹੋ ਦਾਹੀਆ। ਰਾਹ ਖਹਿੜਾ ਵੇਖ ਸੰਸਾਰ, ਭੁੱਲੇ ਪਾਂਧੀ ਰਾਹੀਆ। ਅੱਗੇ ਮਿਲਿਆ ਬਾਲਮੀਕ ਬਜਵਾੜ, ਫੜ ਲਏ ਸ਼ਹਿਨਸ਼ਾਹੀਆ। ਪਤ ਪਤਨੀ ਦੋਵਾਂ ਕਰੇ ਖਵਾਰ, ਨੇਤਰ ਰੋ ਰੋ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇਲੇ ਖੇਲ ਹਰਿ, ਹਰਿ ਕਾ ਖੇਲ ਦਿਸ ਨਾ ਆਈਆ। ਪਤਨੀ ਰੋਵੇ ਧਾਹਾਂ ਮਾਰ, ਭਈਆ ਭਈਆ ਰਹੀ ਪੁਕਾਰ,। ਭਾਰਦਵਾਜ ਨੇੜ ਨਾ ਦਿਸੇ ਕੋਇ ਸਹਾਰ, ਊਚੀ ਕੂਕੇ ਰੋਵੇ ਜ਼ਾਰੋ ਜ਼ਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਰੂਪ ਆਪ ਪ੍ਰਗਟਾਇੰਦਾ। ਹਰਿ ਹਰਿ ਰੂਪ ਪ੍ਰਗਟਾਇਆ, ਨਿਰਗੁਣ ਪੁਰਖ ਅਗੰਮ। ਬਾਲਮੀਕ ਹਰਿ ਨਜ਼ਰੀ ਆਇਆ, ਜਗਤ ਮਿਟਾਈ ਤ੍ਰਿਸ਼ਨਾ ਤਮ। ਏਕਾ ਸ਼ਬਦੀ ਹੁਕਮ ਸੁਣਾਇਆ, ਆਤਮ ਅੰਤਰ ਦਿਤਾ ਬੰਨ੍ਹ। ਏਕਾ ਰਾਗੀ ਨਾਦ ਅਲਾਇਆ, ਇਕ ਜਣਾਇਆ ਸਾਚਾ ਕੰਮ। ਤੇਰੀ ਸੇਵਾ ਸਚ ਸਮਝਾਇਆ, ਤੇਰਾ ਲੇਖੇ ਲੱਗੇ ਦਮ ਦਮ। ਹਰਿ ਆਪਣਾ ਭੇਵ ਖੁਲ੍ਹਾਇਆ, ਤ੍ਰੇਤਾ ਪ੍ਰਗਟ ਹੋਵੇ ਰਾਮਾ ਰਮ। ਪਤ ਪਤਨੀ ਬੰਦ ਕਟਾਇਆ, ਏਕਾ ਨਾਮ ਸੁਣਾਇਆ ਕੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਡੰਨ। ਬਾਲਮੀਕ ਹਰਿ ਦਰਸ ਕਰ, ਦਾਸੀ ਦਾਸ ਦਾਸ ਅਖਵਾਇਆ। ਚਰਨ ਕਵਲ ਪਰਸ ਹਰਿ, ਨਿਉਂ ਨਿਉਂ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਤਰਸ ਕਰ, ਹਉਂ ਸੇਵਕ ਨੀਚ ਉਤਮ ਜ਼ਾਤ ਨਾ ਕੋਇ ਰਖਾਇਆ। ਮੁੜ ਮੁੜ ਆਇਆ ਜਨਮ ਮਰ, ਮਰਨ ਜਨਮ ਗੇੜਾ ਵੇਖ ਵਖਾਇਆ। ਜੁਗ ਜੁਗ ਤੇਰਾ ਰਿਹਾ ਡਰ, ਭੌ ਕਿਸੇ ਨਾ ਸੀਸ ਝੁਕਾਇਆ। ਇਕ ਨਹੌਣਾ ਸਾਚੇ ਸਰ, ਦੂਜਾ ਸਰ ਨਾ ਕੋਇ ਦਰਸਾਇਆ। ਆਪਣੀ ਕਿਰਪਾ ਆਪੇ ਕਰਨੀ ਹਰਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਦਏ ਸਮਝਾਇੰਦਾ। ਬਾਲਮੀਕ ਉਠ ਕਰ ਧਿਆਨ, ਨਿਰਗੁਣ ਹਰਿ ਹਰਿ ਆਪ ਸਮਝਾਇੰਦਾ। ਮੇਰਾ ਨਾਮ ਤੇਰਾ ਗਿਆਨ, ਤੇਰਾ ਗਿਆਨ ਜਗਤ ਅਲਾਇੰਦਾ। ਮੇਰਾ ਚਰਨ ਤੇਰਾ ਧਿਆਨ, ਤੇਰਾ ਧਿਆਨ ਸਰਬ ਸਮਾਇੰਦਾ। ਮੇਰਾ ਸ਼ਬਦ ਤੇਰਾ ਧੁਨਕਾਨ, ਤੇਰੀ ਧੁੰਨ ਜੀਵ ਜੰਤ ਸਰਬ ਗਾਇੰਦਾ। ਤੇਰਾ ਰੂਪ ਵੇਖੇ ਆਣ, ਸ੍ਰੀ ਭਗਵਾਨ ਰੂਪ ਵਟਾਏ ਰਮੱਯਾ ਰਾਮ, ਰਾਮ ਰੂਪ ਆਪ ਹੋ ਜਾਇੰਦਾ। ਤੇਰਾ ਲੇਖਾ ਕਰੇ ਪਰਵਾਨ, ਲਿਖਿਆ ਲੇਖਾ ਨਾ ਕੋਇ ਮਿਟਾਇੰਦਾ। ਪਤ ਪਤਨੀ ਬਾਲ ਨਾਦਾਨ, ਦੋਹਾਂ ਵਿਚੋਲਾ ਇਕ ਬਣਾਇੰਦਾ। ਅੰਤਮ ਚੁੱਕੇ ਜਮ ਕੀ ਕਾਣ, ਦੋ ਜਹਾਨ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਅਨਭਵ ਆਪਣੀ ਖੇਲ ਖਿਲਾਇੰਦਾ। ਬਾਲਮੀਕ ਉਠ ਕਰ ਨਿਮਸਕਾਰ, ਨਿਰਗੁਣ ਅੱਗੇ ਸੀਸ ਝੁਕਾਇੰਦਾ। ਪਤ ਪਤਣੀ ਕਵਣ ਦੁਆਰ ਪਾਵੇ ਤੇਰੀ ਸਾਰ, ਕਵਣ ਰੂਪ ਦਰਸ ਵਖਾਇੰਦਾ। ਤੂੰ ਵਿਚੋਲਾ ਬਣਿਆ ਅੰਤਮ ਵਾਰ, ਹਰਿ ਕਰਤਾਰ ਤੇਰਾ ਸੰਗ ਕਵਣ ਰੂਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਜੋੜ ਸੀਸ ਝੁਕਾਇੰਦਾ। ਦੋਏ ਜੋੜ ਝੁਕਾਏ ਸੀਸ, ਨਿਉਂ ਨਿਉਂ ਕਰੇ ਨਿਮਸਕਾਰਾ। ਕਿਰਪਾ ਕਰ ਹਰਿ ਜਗਦੀਸ਼, ਹਉਂ ਮੰਗੇ ਮੰਗ ਭਿਖਾਰਾ। ਗਾ ਗਾ ਥੱਕੇ ਦੰਦ ਬਤੀਸ, ਤੇਰਾ ਭੇਵ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸੱਚੀ ਸਰਕਾਰਾ। ਬਾਲਮੀਕ ਹਰਿ ਸ਼ਬਦ ਜਣਾਇਆ, ਭੇਵ ਅਭੇਦ ਖੁਲ੍ਹਾਇੰਦਾ। ਤੇਰਾ ਲੇਖਾ ਕਵਣ ਝੋਲੀ ਪਾਇਆ, ਤ੍ਰੇਤਾ ਵੇਲਾ ਵਕ਼ਤ ਸੁਹਾਇੰਦਾ। ਦੁਆਪਰ ਆਪਣੀ ਗੋਦ ਬਹਾਇਆ, ਲੋਕਮਾਤ ਨਾ ਮੁਖ ਵਖਾਇੰਦਾ। ਕਲਜੁਗ ਅੰਤਮ ਵੇਸ ਵਟਾਇਆ, ਪੰਜ ਤੱਤ ਕਾਇਆ ਚੋਲਾ ਤੇਰਾ ਰੰਗ ਰੰਗਾਇੰਦਾ। ਆਪਣਾ ਨੂਰ ਕਰਾਂ ਰੁਸ਼ਨਾਇਆ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਬਿਨ ਅਵਰ ਨਾ ਕੋਇ ਦਰਸਾਇੰਦਾ। ਬਾਲਮੀਕ ਕਲਜੁਗ ਅੰਤਮ ਔਣਾ ਹਰਿ, ਸਾਚਾ ਸਚ ਜਣਾਇੰਦਾ। ਤੇਰਾ ਰੂਪ ਆਪ ਪਰਗਟੌਣਾ, ਤ੍ਰੈਗੁਣ ਮੇਲਾ ਵੇਖ ਵਖਾਇੰਦਾ। ਨਿਰਗੁਣ ਜੋਤੀ ਜਾਮਾ ਪੌਣਾ, ਰੂਪ ਰੰਗ ਨਾ ਕੋਇ ਜਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਸ ਵਟੌਣਾ, ਜੇਰਜ ਅੰਡਾਂ ਖੇਲ ਖਿਲਾਇੰਦਾ। ਵਰਭੰਡੀ ਹਰਿ ਰੂਪ ਧਰੌਣਾ, ਸ਼ਬਦੀ ਆਪਣਾ ਨਾਉਂ ਪਰਗਟਾਇੰਦਾ। ਏਕਾ ਦਰ ਮੇਲ ਮਿਲੌਣਾ, ਦਰ ਸੁਹੰਜਣਾ ਇਕ ਸੁਹਾਇੰਦਾ। ਨਿਰਗੁਣ ਨਿਰਗੁਣ ਰੰਗ ਰੰਗੌਣਾ, ਸਰਗੁਣ ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਹਰਿ ਮੰਦਰ ਡੇਰਾ ਲਾਇੰਦਾ। ਬਾਲਮੀਕ ਸੁਣ ਹਰਿ ਸੰਦੇਸ਼ਾ, ਇਕ ਧਿਆਨ ਲਗਾਇਆ। ਕਵਣ ਰੂਪ ਵਟਾਈਂ ਵੇਸਾ, ਕਵਣ ਮੰਦਰ ਕਰ ਰੁਸ਼ਨਾਇਆ। ਕਵਣ ਨਾਉਂ ਹੋਏ ਆਦੇਸਾ, ਕਵਣ ਢੋਲਾ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਤੱਤ ਦਏ ਸਮਝਾਇਆ। ਏਕਾ ਤੱਤ ਨਿਰਗੁਣ ਧਾਰ, ਨਿਰਵੈਰ ਪੁਰਖ ਪ੍ਰਗਟਾਈਆ। ਤੇਰਾ ਮੇਲਾ ਕਰੇ ਵਿਚ ਸੰਸਾਰ, ਲੋਕਮਾਤ ਵੇਖ ਵਖਾਈਆ। ਜਗਤ ਜੁਗਤ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਸਮਝਾਈਆ। ਦੀਪਕ ਜੋਤੀ ਏਕਾ ਬਾਲ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਤੇਰੀ ਦਿਵਸ ਰੈਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵਡ ਸ਼ਹਿਨਸ਼ਾਹੀਆ। ਦੋਹਾਂ ਵਿਚੋਲਾ ਬਣ ਦਲਾਲ, ਸ਼ਬਦ ਸ਼ਬਦੀ ਲਏ ਮਿਲਾਈਆ। ਪਤ ਪਤਣੀ ਦੱਸੇ ਰਾਹ ਸੁਖਾਲ, ਤੀਜੇ ਜੁਗ ਕਰੇ ਕੁੜਮਾਈਆ। ਤ੍ਰੈਗੁਣ ਮਾਇਆ ਪਤ ਨਾ ਲੱਗੇ ਕੋਇ ਡਾਲ, ਜਗਤ ਫੁਲਵਾੜੀ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵਿਚੋਲਾ ਨਿਰਗੁਣ ਢੋਲਾ ਨਿਰਗੁਣ ਸੋਹਲਾ ਇਕ ਸੁਣਾਈਆ। ਨਿਰਗੁਣ ਮੇਲਾ ਹਰਿ ਕਰਾਵਣਾ, ਕਲਜੁਗ ਅੰਤਮ ਵਾਰ। ਸ਼ਬਦ ਵਿਚੋਲਾ ਇਕ ਰਖਾਵਣਾ, ਮਰੇ ਨਾ ਜੰਮੇ ਵਿਚ ਸੰਸਾਰ। ਕਾਲ ਰੂਪ ਆਪ ਵਟਾਵਣਾ, ਮਹਾਕਾਲ ਸੱਚੀ ਸਰਕਾਰ। ਗੁਰਮੁਖ ਬਾਲ ਅਞਾਣੇ ਗੋਦ ਉਠਾਵਣਾ, ਦੋ ਜਹਾਨਾਂ ਕਰੇ ਪਾਰ। ਜਗਤ ਕਾਜ ਆਪ ਰਚਾਵਣਾ, ਲੋਕ ਲੱਜਿਆ ਮਾਰੇ ਮਾਰ। ਜਗਤ ਆਯੂ ਆਪਣੇ ਹੱਥ ਰਖਾਵਣਾ, ਬੱਤੀ ਸਾਲ ਨਾ ਚੜ੍ਹੇ ਕੋਈ ਬੁਖ਼ਾਰ। ਦੁੱਖ ਦਰਦ ਨਾ ਕੋਈ ਉਪਜਾਵਣਾ, ਸੁੱਖ ਉਪਜੇ ਪੁਰਖ ਨਾਰ। ਏਕਾ ਢੋਲਾ ਸੋਹੰ ਗਾਵਣਾ, ਨੌਂ ਖੰਡ ਸੱਤ ਦੀਪ ਬ੍ਰਹਿਮੰਡ ਹੋਏ ਜੈ ਜੈਕਾਰ। ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਵਣਾ, ਰਾਹ ਤੱਕਣ ਦਸ ਗੁਰ ਤੇਈ ਅਵਤਾਰ। ਅਠਾਰਾਂ ਭਗਤਾਂ ਸੀਸ ਝੁਕਾਵਣਾ, ਜਿਸ ਤਖ਼ਤ ਬੈਠਾ ਆਪ ਨਿਰੰਕਾਰ। ਸਾਚਾ ਹੁਕਮ ਆਪ ਵਰਤਾਵਣਾ, ਕਰੇ ਖੇਲ ਅਗੰਮ ਅਪਾਰ। ਜੋੜੀ ਜੋੜਾ ਜੋੜ ਜੁੜਾਵਣਾ, ਏਥੇ ਓਥੇ ਪਾਵੇ ਸਾਰ। ਜਗਤ ਵਿਛੋੜਾ ਪੰਧ ਮੁਕਾਵਣਾ, ਤ੍ਰੈ ਭਵਣ ਕਰ ਖ਼ਵਾਰ। ਅੰਮ੍ਰਿਤ ਜਾਮ ਇਕ ਪਿਆਵਣਾ, ਕਾਇਆ ਕਰੇ ਠੰਡੀ ਠਾਰ। ਸਿਰ ਆਪਣਾ ਹੱਥ ਰਖਾਵਣਾ, ਪਿਛਲਾ ਕ਼ਰਜ਼ਾ ਦਏ ਉਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨ ਗਾਵਣਾ, ਜੈ ਜੈ ਜੈਕਾਰ ਹੋਏ ਸੱਚਖੰਡ ਸੱਚੇ ਦਰਬਾਰ।
