੬ ਚੇਤ ੨੦੧੮ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਲੁਧਿਆਣਾ
ਨਿਰਗੁਣ ਨਿਰਾਕਾਰਾ ਖੇਲ ਅਪਾਰਾ, ਨਿਰਵੈਰ ਪੁਰਖ ਆਪ ਖਿਲਾਇੰਦਾ। ਅਨਭਵ ਪਰਕਾਸ਼ ਹੋ ਉਜਿਆਰਾ, ਕਰੇ ਖੇਲ ਅਗੰਮ ਅਪਾਰਾ, ਆਪ ਆਪਣੀ ਕਲ ਧਰਾਇੰਦਾ। ਜੋਤੀ ਨੂਰ ਨੂਰ ਉਜਿਆਰਾ, ਸ਼ਬਦ ਅਨਾਦ ਸੱਚੀ ਧੁਨਕਾਰਾ, ਧੁਰ ਦਰਗਾਹੀ ਆਪ ਸੁਣਾਇੰਦਾ। ਸਚਖੰਡ ਸੁਹਾਏ ਇਕ ਦਵਾਰਾ, ਥਿਰ ਘਰ ਖੋਲ੍ਹੇ ਆਪ ਕਿਵਾੜਾ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਸਣ ਲਾਇੰਦਾ। ਲੇਖਾ ਜਾਣੇ ਸੁੰਨ ਅਗੰਮੀ ਧੂਆਂ ਧਾਰਾ, ਵਸਣਹਾਰਾ ਉਚ ਮਹੱਲ ਅਟਲ ਮੁਨਾਰਾ, ਅਲਖ ਅਗੋਚਰ ਬੇਪਰਵਾਹੀਆ। ਸ਼ਬਦੀ ਸ਼ਬਦ ਕਰ ਪਸਾਰਾ, ਮੰਡਲ ਮੰਡਪ ਦਏ ਸਹਾਰਾ, ਰਵ ਸਸ ਸੂਰਜ ਚੰਨ ਕਰ ਰੁਸ਼ਨਾਈਆ। ਧਰਤ ਧਵਲ ਇਕ ਅਖਾੜਾ, ਵੇਖੇ ਵਖਾਏ ਵੇਖਣਹਾਰਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਇਕ ਇਕੱਲਾ ਵੇਖ ਵਖਾਇੰਦਾ। ਇਕ ਇਕੱਲਾ ਸ੍ਰੀ ਭਗਵਾਨ ਵੇਖਣਹਾਰਾ ਸਚ ਨਿਸ਼ਾਨ, ਆਦਿ ਜੁਗਾਦੀ ਦੋ ਜਹਾਨ, ਦੋਏ ਦੋਏ ਰੂਪ ਆਪ ਧਰਾਇੰਦਾ। ਨਿਰਗੁਣ ਸਰਗੁਣ ਹੋ ਮਿਹਰਵਾਨ, ਦੇਵਣਹਾਰਾ ਸਾਚਾ ਦਾਨ, ਵਸਤ ਅਮੋਲਕ ਨਾਮ ਅਨਮੁਲ ਝੋਲੀ ਪਾਇੰਦਾ। ਸ਼ਬਦ ਜਣਾਏ ਧੁਰ ਫਰਮਾਨ, ਬੋਧ ਅਗਾਧੀ ਏਕਾ ਗਾਣ, ਭੇਵ ਅਭੇਵ ਆਪ ਖੁਲਾਇੰਦਾ। ਸਤਿ ਉਠਾਏ ਇਕ ਨਿਸ਼ਾਨ, ਲੇਖਾ ਜਾਣੇ ਜੀਵ ਜਹਾਨ, ਲੱਖ ਚੁਰਾਸੀ ਜੀਵ ਜੰਤ ਘਟ ਘਟ ਅੰਤਰ ਆਪ ਆਪਣਾ ਰੂਪ ਧਰਾਇੰਦਾ। ਏਕਾ ਮੰਤਰ ਨਾਮ ਸ਼ਬਦ ਧੁਨਕਾਨ, ਏਕਾ ਹੋਏ ਜਾਣੀ ਜਾਣ, ਜਾਨਣਹਾਰਾ ਭੇਵ ਨਾ ਆਇੰਦਾ। ਜੁਗਾ ਜੁਗੰਤਰ ਖੇਲ ਮਹਾਨ, ਨਿਰਗੁਣ ਸਰਗੁਣ ਹੋ ਪਰਧਾਨ, ਲੋਕਮਾਤ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਦਿ ਅੰਤ ਸ੍ਰੀ ਭਗਵੰਤ, ਆਪਣਾ ਵੇਸ ਆਪ ਵਟਾਇੰਦਾ। ਆਦਿ ਵੇਸ ਨਿਰਾਕਾਰ, ਅਸੁਤੇ ਪਰਕਾਸ਼ ਕਰਾਈਆ। ਸੋ ਪੁਰਖ ਨਿਰੰਜਣ ਅਗੰਮ ਅਪਾਰ, ਅਗੰਮ ਅਗੰਮੜੀ ਧਾਰ ਚਲਾਈਆ। ਹਰਿ ਪੁਰਖ ਨਿਰੰਜਣ ਨਿਰਾਕਾਰ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਏਕੰਕਾਰਾ ਕਰ ਪਸਾਰ, ਆਪ ਆਪਣਾ ਬਲ ਧਰਾਈਆ। ਆਦਿ ਨਿਰੰਜਣ ਹੋ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਵਸਣਹਾਰਾ ਠਾਂਡੇ ਦਰਬਾਰ, ਸ੍ਰੀ ਭਗਵਾਨ ਸਚ ਸਿੰਘਾਸਣ ਆਸਣ ਸੋਭਾ ਪਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁਤ ਸਦਾ ਸਦ ਰਹੇ ਖ਼ਬਰਦਾਰ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਲੱਖ ਚੁਰਾਸੀ ਕਰ ਪਸਾਰ, ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰ, ਤ੍ਰੈਗੁਣ ਮੀਤਾ ਇਕ ਅਤੀਤਾ, ਤ੍ਰੈ ਤ੍ਰੈ ਬੰਧਨ ਏਕਾ ਪਾਈਆ। ਲੇਖਾ ਜਾਣੇ ਹਸਤ ਕੀਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਾਚੀ ਧਾਰਾ ਆਪਣੇ ਹੱਥ ਰਖਾਈਆ। ਸਾਚੀ ਧਾਰ ਹਰਿ ਸਮਰਥ, ਆਦਿ ਜੁਗਾਦਿ ਰਖਾਇੰਦਾ। ਜੁਗ ਕਰਤਾ ਚਲਾਏ ਜੁਗ ਜੁਗ ਰਥ, ਜਗਤ ਜੀਵ ਸੇਵ ਕਮਾਇੰਦਾ। ਸ਼ਬਦ ਜਣਾਈ ਮਹਿਮਾ ਅਕਥ, ਬੋਧ ਅਗਾਧ ਆਪ ਦ੍ਰਿੜਾਇੰਦਾ। ਜਨ ਭਗਤਾਂ ਦੇਵੇ ਏਕਾ ਵਥ, ਵਸਤ ਅਮੋਲਕ ਝੋਲੀ ਪਾਇੰਦਾ। ਸਾਚਾ ਮਾਰਗ ਹਰਿ ਹਰਿ ਦੱਸ, ਸਾਚਾ ਰਾਹ ਆਪ ਵਖਾਇੰਦਾ। ਹਿਰਦੇ ਅੰਦਰ ਹਰੀ ਹਰਿ ਵਸ, ਆਪ ਆਪਣਾ ਮੇਲ ਮਿਲਾਇੰਦਾ। ਨਿਰਗੁਣ ਜੋਤ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਮੇਲ ਮਿਲਾਵਾ ਸ਼ਾਹੋ ਸਾਬਾਸ, ਸ਼ਾਹ ਪਾਤਸ਼ਾਹ ਆਪਣੇ ਰੰਗ ਰੰਗਾਇੰਦਾ। ਲੇਖਾ ਚੁੱਕੇ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਹਰਿ ਨਿਰੰਕਾਰਾ, ਆਦਿ ਜੁਗਾਦਿ ਕਰਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਜੋਤੀ ਜਾਮਾ ਭੇਖ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਏਕਾ ਹੁਕਮ ਨਾਮ ਜੈਕਾਰਾ, ਸ਼ਬਦ ਧੁੰਨਕਾਰਾ ਆਪ ਅਲਾਇੰਦਾ। ਵਸਣਹਾਰਾ ਧੁਰ ਦਰਬਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਆਪਣਾ ਰੂਪ ਵਟਾਇੰਦਾ। ਰੂਪ ਵਟਾਏ ਪਾਰਬ੍ਰਹਮ, ਮਹਿਮਾ ਅਕਥ ਕਥੀ ਨਾ ਜਾਈਆ। ਕਰਤਾ ਪੁਰਖ ਕਰੇ ਕਰਾਏ ਆਪਣਾ ਕੰਮ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਲੱਖ ਚੁਰਾਸੀ ਬੇੜਾ ਰਿਹਾ ਬੰਨ੍ਹ, ਘੜਨ ਭੰਨਣਹਾਰ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਵਿਰਲੇ ਉਠਾਏ ਸਾਚੇ ਜਨ, ਜਾਗਰਤ ਜੋਤ ਕਰ ਰੁਸ਼ਨਾਈਆ। ਏਕਾ ਰਾਗ ਸੁਣਾਏ ਕੰਨ, ਅਨਹਦ ਸ਼ਬਦ ਸੱਚੀ ਸ਼ਨਵਾਈਆ। ਪੰਚਮ ਪੰਚ ਦੇਵੇ ਡੰਨ, ਸਤਿਗੁਰ ਪੂਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਲੇਖ ਨਿਰੰਕਾਰਾ, ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘੜੇ ਭੰਨ੍ਹੇ ਭੰਨਣਹਾਰਾ, ਘੜਨ ਭੰਨਣਹਾਰ ਆਪਣੀ ਧਾਰ ਚਲਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਲੇਖਾ ਜਾਣੇ ਆਰ ਪਾਰ ਕਿਨਾਰਾ, ਮੰਝਧਾਰਾ ਆਪਣੀ ਖੇਲ ਖਿਲਾਇੰਦਾ। ਲਹਿਣਾ ਦੇਣਾ ਚੁਕਾਏ ਜ਼ਿਮੀਂ ਅਸਮਾਨਾਂ ਦੋ ਜਹਾਨਾਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਵਿਚਾਰਾ, ਗਗਨ ਗਗਨੰਤਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਬੰਧਨ ਆਪੇ ਪਾਇੰਦਾ। ਆਪਣਾ ਬੰਧਨ ਹਰਿ ਹਰਿ ਪਾ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਜਣਾਈਆ। ਕਰੋੜ ਤੇਤੀਸਾ ਆਪ ਉਠਾ, ਏਕਾ ਹੁਕਮ ਦਏ ਵਰਤਾਈਆ। ਲੋਕਮਾਤ ਫੇਰਾ ਪਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਾਮ ਡੰਕਾ ਇਕ ਵਜਾ, ਚਾਰੋਂ ਕੁੰਟ ਦਏ ਹਿਲਾਈਆ। ਰਾਓ ਰੰਕ ਭੇਵ ਨਾ ਰਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਦਵਾਰ ਬੰਕਾ ਦਏ ਸੁਹਾ, ਗੁਰਮੁਖ ਵਿਰਲੇ ਮੇਲ ਮਿਲਾਈਆ। ਏਕਾ ਅੰਕਾ ਏਕਾ ਅੱਖਰ ਦਏ ਪੜ੍ਹਾ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਹੰ ਬ੍ਰਹਮ ਮੇਲ ਮਿਲਾਏ ਸਾਚੇ ਥਾਂ, ਕਾਇਆ ਮੰਦਰ ਅੰਦਰ ਬ੍ਰਹਮ ਪਾਰਬ੍ਰਹਮ ਸਮਾਈਆ। ਹਰਿਜਨ ਬਣਾਏ ਫੜ ਫੜ ਹੰਸ ਕਾਂ, ਸੋਹੰ ਹੰਸਾ ਮੋਤੀ ਚੋਗ ਚੁਗਾਈਆ। ਕਲਜੁਗ ਅੰਤਮ ਕਰੇ ਸਚ ਨਿਆਂ, ਖ਼ਾਲਕ ਖ਼ਲਕ ਵੇਖ ਵਖਾਈਆ। ਚਾਰ ਕੁੰਟ ਰਿਹਾ ਕੁਰਲਾ, ਵਰਨ ਬਰਨ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਰਵ ਸਸ ਮੁਖ ਰਹੇ ਸ਼ਰਮਾ, ਸਾਚਾ ਚੰਦ ਨਾ ਸਕੇ ਕੋਇ ਚੜ੍ਹਾ, ਜੂਠ ਝੂਠ ਜਗਤ ਅੰਧੇਰਾ ਛਾਈਆ। ਅਠਾਰਾਂ ਪੁਰਾਨ ਨਾ ਸਕੇ ਕੋਇ ਪੜ੍ਹਾ, ਚੌਦਾਂ ਵਿਦਿਆ ਦੱਸੇ ਨਾ ਕੋਇ ਰਾਹ, ਚੌਦਾਂ ਲੋਕ ਬੈਠੇ ਮੁਖ ਛੁਪਾਈਆ। ਸਾਚਾ ਕਲਮਾ ਨਾ ਸਕੇ ਕੋਇ ਪੜ੍ਹਾ, ਆਲਮੀਨ ਨਾ ਦਿਸੇ ਖ਼ੁਦਾ, ਆਲਮ ਉਲਮਾ ਸਾਚਾ ਰਾਹ ਨਾ ਕੋਇ ਵਖਾਈਆ। ਸਚ ਸਦਾ ਨਾ ਸਕੇ ਕੋਇ ਲਗਾ, ਹੱਕ ਮਹਿਰਾਬ ਨਾ ਵੇਖੇ ਕੋਇ ਥਾਂ, ਸਾਚੇ ਹੁਜਰੇ ਡੇਰਾ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਰੂਪ ਅਨੂਪ ਸ਼ਾਹੋ ਭੂਪ, ਨਿਰਗੁਣ ਨਿਰਾਕਾਰ ਆਪ ਧਰਾਈਆ। ਨਿਰਗੁਣ ਰੂਪ ਹਰਿ ਕਰਤਾਰਾ, ਜੋਤੀ ਜਾਮਾ ਭੇਖ ਵਟਾਇੰਦਾ। ਸੰਮਤ ਸੰਮਤੀ ਹੋ ਉਜਿਆਰਾ, ਲੋਕਮਾਤ ਖੇਲ ਖਿਲਾਇੰਦਾ। ਸ਼ਾਹ ਸੁਲਤਾਨਾਂ ਦਏ ਹੁਲਾਰਾ, ਰਾਜ ਰਾਜਾਨਾਂ ਆਪ ਉਠਾਇੰਦਾ। ਖੜਗ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਆਪ ਚਮਕਾਇੰਦਾ। ਬ੍ਰਹਿਮੰਡਾਂ ਮਾਰੇ ਵਾਰੋ ਵਾਰਾ, ਜੇਰਜ ਅੰਡਾਂ ਵੇਖ ਵਖਾਇੰਦਾ। ਜਨ ਭਗਤਾਂ ਸਦ ਬਖ਼ਸ਼ੰਦਾ ਵਿਚ ਸੰਸਾਰਾ, ਹਰਿਜਨ ਸਾਚੇ ਵੇਖ ਵਖਾਇੰਦਾ। ਲੱਖ ਚੁਰਾਸੀ ਤੋੜੇ ਫੰਦਾ ਜਮ ਕਾ ਫਾਸ ਕੱਟਣਹਾਰਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਏਕਾ ਏਕ, ਹਰਿ ਏਕਾ ਏਕ ਜਣਾਈਆ। ਹਰਿਜਨ ਸਾਚੀ ਸ਼ਬਦ ਟੇਕ, ਹਰਿ ਸ਼ਬਦ ਨਾਦ ਧੁੰਨ ਸ਼ਨਵਾਈਆ। ਹਰਿਜਨ ਸਾਚੇ ਬੁਧ ਬਬੇਕ, ਮਾਇਆ ਮਮਤਾ ਹਉਮੇ ਹੰਗਤਾ ਰੋਗ ਗਵਾਈਆ। ਹਰਿਜਨ ਸਾਚੇ ਧੁਰ ਮਸਤਕ ਲੇਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਹਰਿਜਨ ਮੇਲਾ ਕਰ ਕਰ ਅਵੱਲੜਾ ਵੇਸ, ਨਰ ਨਰੇਸ਼ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਆ। ਹਰਿਜਨ ਤੇਰਾ ਸਚ ਮੁਨਾਰਾ, ਸਾਡੇ ਤਿੰਨ ਹੱਥ ਬੰਕ ਸੁਹਾਇੰਦਾ। ਗੁਰ ਸਤਿਗੁਰ ਸਾਚਾ ਮੀਤ ਮੁਰਾਰਾ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਨਿਰਗੁਣ ਧਾਰਾ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦ ਅਨਾਦਿ ਸੱਚੀ ਧੁੰਨਕਾਰਾ, ਅਨਹਦ ਤਾਲ ਤਲਵਾੜਾ ਆਪ ਵਜਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਾਰਾ, ਨਿਝਰ ਝਿਰਨਾ ਭਰ ਪਿਆਲਾ ਜਾਮ ਪਿਆਇੰਦਾ। ਬੰਦ ਤਾਕੀ ਖੋਲ੍ਹੇ ਕਿਵਾੜਾ, ਬਜਰ ਕਪਾਟੀ ਤੋੜ ਤੁੜਾਇੰਦਾ। ਕਰੇ ਪਰਕਾਸ਼ ਬਹੱਤਰ ਨਾੜਾ, ਨੂਰੋ ਨੂਰ ਡਗਮਗਾਇੰਦਾ। ਨਾਤਾ ਤੁਟੇ ਪੰਚਮ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਸਾਚੀ ਸਖ਼ੀਆਂ ਵਖਾਏ ਮੰਗਲਚਾਰਾ, ਘਰ ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਦਰ ਦਰਵਾਜ਼ਾ ਹਰਿਜਨ ਖੋਲ੍ਹ, ਸਤਿਗੁਰ ਪੂਰਾ ਦਇਆ ਕਮਾਈਆ। ਅੰਦਰੇ ਅੰਦਰ ਸ਼ਬਦ ਅਗੰਮੀ ਆਪੇ ਬੋਲ, ਨਿਰਗੁਣ ਸਰਗੁਣ ਦਏ ਸਮਝਾਈਆ। ਆਤਮ ਸੇਜਾ ਵਸੇ ਕੋਲ, ਬ੍ਰਹਮ ਪਾਰਬ੍ਰਹਮ ਮੇਲਾ ਏਕਾ ਥਾਈਆ। ਕਰਨੇਹਾਰਾ ਉਲਟਾ ਕਵਲ, ਅੰਮ੍ਰਿਤ ਨਾਭੀ ਮੁਖ ਚੁਆਈਆ। ਦੇਵੇ ਵਡਿਆਈ ਉਪਰ ਧਵਲ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸੱਚਾ ਭਗਤ ਵਣਜਾਰਾ, ਨਾਮ ਭੰਡਾਰਾ ਇਕ ਵਖਾਇੰਦਾ। ਆਦਿ ਜੁਗਾਦੀ ਦੇਵਣਹਾਰਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਦੇਵਣਹਾਰਾ ਬਣ ਵਰਤਾਰਾ, ਦਾਤਾ ਦਾਨੀ ਆਪਣਾ ਨਾਉਂ ਧਰਾਇੰਦਾ। ਭਗਤ ਭਗਵੰਤ ਸੁਹਾਏ ਇਕ ਦਵਾਰਾ, ਦਰ ਦਵਾਰੇ ਸੋਭਾ ਪਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਹਰਿਜਨ ਹਰਿ ਹਰਿ ਭੇਵ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਗੁਰਮੁਖ ਗੁਰਸਿਖ ਏਕਾ ਦਰ ਬਹਾਇੰਦਾ। ਸਾਚਾ ਦਰ ਧੁਰ ਦਰਬਾਰਾ, ਧੁਰ ਦਰਗਾਹੀ ਆਪ ਜਣਾਇੰਦਾ। ਸਚਖੰਡ ਨਿਵਾਸੀ ਸਚਖੰਡ ਖੋਲ੍ਹ ਕਿਵਾੜਾ, ਰੂਪ ਅਨੂਪ ਆਪ ਦਰਸਾਇੰਦਾ। ਮੇਲ ਮਿਲਾਏ ਠਾਂਡੇ ਦਰਬਾਰਾ, ਅਗਨੀ ਤੱਤ ਨਾ ਕੋਈ ਜਣਾਇੰਦਾ। ਹਰਿਜਨ ਨਾਤਾ ਤੋੜ ਸੰਸਾਰਾ, ਪੁਰਖ ਬਿਧਾਤਾ ਆਪਣਾ ਮੇਲ ਮਿਲਾਇੰਦਾ। ਏਕਾ ਨਾਮ ਇਕ ਜੈਕਾਰ, ਏਕਾ ਸ਼ਬਦ ਇਕ ਧੁੰਨਕਾਰਾ, ਆਤਮਕ ਧੁੰਨ ਆਪ ਸੁਣਾਇੰਦਾ। ਏਕਾ ਮੰਦਰ ਇਕ ਘਰ ਬਾਰਾ, ਏਕਾ ਸਤਿਗੁਰ ਸਾਜਨ ਮੀਤ ਮੁਰਾਰਾ, ਦੂਸਰ ਅਵਰ ਨਾ ਸੰਗ ਰਲਾਇੰਦਾ। ਏਕਾ ਕੰਤ ਇਕ ਭਤਾਰਾ, ਏਕਾ ਸੇਜਾ ਸੁੱਤੇ ਪੈਰ ਪਸਾਰਾ, ਅੰਗੀਕਾਰ ਇਕ ਅਖਵਾਇੰਦਾ। ਏਕਾ ਬ੍ਰਹਮ ਨੂਰ ਉਜਿਆਰਾ, ਏਕਾ ਪਾਰਬ੍ਰਹਮ ਪ੍ਰਭ ਪਾਏ ਸਾਰਾ, ਏਕਾ ਆਤਮ ਪਰਮਾਤਮ ਆਪਣੇ ਰੰਗ ਰੰਗਾਇੰਦਾ। ਏਕਾ ਈਸ਼ ਜੀਵ ਦਏ ਹੁਲਾਰਾ, ਏਕਾ ਜਗਤ ਜਗਦੀਸ ਵੇਖਣਹਾਰਾ, ਏਕਾ ਛਤਰ ਝੁਲਾਏ ਸੀਸ ਵਸਣਹਾਰਾ ਧਾਮ ਨਿਆਰਾ, ਸਚਖੰਡ ਨਿਵਾਸੀ ਦਰਗਹਿ ਸਾਚੀ ਸੋਭਾ ਪਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਕਰੇ ਖੇਲ ਅਪਰ ਅਪਾਰਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਕਲਜੁਗ ਮੇਟੇ ਕੂੜ ਪਸਾਰਾ, ਲੇਖਾ ਜਾਣੇ ਮੀਤ ਮੁਰਾਰਾ, ਚਾਰ ਯਾਰਾਂ ਨਬੀ ਰਸੂਲਾਂ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਆਪਣਾ ਖੇਲ ਖਿਲਾਇੰਦਾ। ਕਲਜੁਗ ਤੇਰਾ ਅੰਤ ਕਿਨਾਰਾ, ਚਾਰ ਕੁੰਟ ਵਜੇ ਵਧਾਈਆ। ਪੁਰਖ ਅਬਿਨਾਸ਼ੀ ਭੇਵ ਨਿਆਰਾ, ਭੇਵ ਅਭੇਦ ਨਾ ਸਕੇ ਕੋਈ ਜਣਾਈਆ। ਬ੍ਰਹਮਾ ਲਿਖ ਲਿਖ ਥੱਕਾ ਵੇਦ ਚਾਰਾ, ਪੁਰਾਨ ਅਠਾਰਾਂ ਵੇਦ ਵਿਆਸਾ ਗਿਆ ਗਾਈਆ। ਸ਼ਾਸਤਰ ਸਿਮਰਤ ਉਚੀ ਕੂਕਨ ਮਾਰਨ ਨਾਅਰਾ, ਵਾਹ ਵਾਹ ਤੇਰੀ ਵਡੀ ਵਡਿਆਈਆ। ਅੰਜੀਲ ਕ਼ੁਰਾਨ ਕਰਨ ਨਿਮਸਕਾਰਾ, ਦੋਏ ਦੋਏ ਜੋੜ ਸੀਸ ਝੁਕਾਈਆ। ਗੁਰ ਅਵਤਾਰ ਆਵਣ ਵਾਰੋ ਵਾਰਾ, ਜੁਗ ਜੁਗ ਆਪਣਾ ਮਾਰਗ ਲਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਸਦ ਤੇਰਾ ਬਣਿਆ ਰਿਹਾ ਅਖਾੜਾ, ਸਰਗੁਣ ਸਰਗੁਣ ਕਰੇ ਲੜਾਈਆ। ਹਰਿ ਕਾ ਖੰਡਾ ਨਾ ਕਿਸੇ ਵਿਚਾਰਾ, ਤੀਰ ਕਮਾਨ ਸਾਚਾ ਚਿੱਲਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਨਿਹਕਲੰਕ ਜਾਮਾ ਪਾਇੰਦਾ, ਜੋਧਾ ਸੂਰਬੀਰ ਬਲੀ ਬਲਕਾਰ। ਗੋਬਿੰਦ ਮੇਲ ਮਿਲਾਇੰਦਾ, ਇਕ ਇਕੱਲਾ ਏਕੰਕਾਰ। ਚੇਲਾ ਆਪਣੇ ਦਰ ਬਹਾਇੰਦਾ, ਸਾਚੇ ਸੁਤ ਦਏ ਆਧਾਰ। ਸ਼ਬਦੀ ਡੰਕਾ ਇਕ ਵਜਾਇੰਦਾ, ਦੋ ਜਹਾਨਾਂ ਆਪਣੀ ਵਾਰ। ਆਪਣਾ ਨਾਉਂ ਆਪ ਪਰਗਟਾਇੰਦਾ, ਆਪੇ ਬੋਲੇ ਸਤਿ ਜੈਕਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਇੰਦਾ, ਨਵ ਨੌਂ ਚਾਰ ਜਾਏ ਹਾਰ। ਲੇਖਾ ਕੋਇ ਰਹਿਣ ਨਾ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਖੰਡਾ ਫੜ ਕਟਾਰ। ਸਾਚਾ ਖੰਡਾ ਸ਼ਬਦ ਕਟਾਰਾ, ਪੁਰਖ ਅਬਿਨਾਸ਼ੀ ਹੱਥ ਉਠਾਈਆ। ਨਿਰਗੁਣ ਲੇਖ ਨਿਰਗੁਣ ਭੇਖ ਨਿਰਗੁਣ ਲਿਖਾਰਾ, ਨਿਰਗੁਣ ਸੇਵਾ ਸੇਵ ਕਮਾਈਆ। ਤਿਖੀਆਂ ਰੱਖੇ ਦੋਵੇਂ ਧਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਏਕਾ ਰੰਗ ਸਮਾਈਆ। ਏਕਾ ਹੁਕਮੀ ਹੁਕਮ ਕਰੇ ਵਰਤਾਰਾ, ਧੁਰ ਫ਼ਰਮਾਨਾ ਆਪ ਸੁਣਾਈਆ। ਨਵ ਨੌਂ ਵੇਖੇ ਇਕ ਅਖਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚੰਡ ਪਰਚੰਡ ਆਪ ਚਮਕਾਈਆ। ਚੰਡ ਪਰਚੰਡ ਸਾਚਾ ਖੰਡਾ, ਖੰਡਨ ਨੀਕਾ ਆਪ ਉਪਾਇੰਦਾ। ਲਹਿਣਾ ਦੇਣ ਚੁਕਾਏ ਕੋਟਨ ਕੋਟ ਬ੍ਰਹਿਮੰਡਾ, ਬ੍ਰਹਮ ਬ੍ਰਹਿਮਾਦਿ ਵੇਖ ਵਖਾਇੰਦਾ। ਨਾਤਾ ਤੋੜੇ ਜੇਰਜ ਅੰਡਾ, ਉਤਭੁਜ ਸੇਤਜ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੰਡਾ ਨਾਮ ਕਟਾਰ, ਸਤਿਗੁਰ ਪੂਰਾ ਵੇਖੇ ਵੇਖਣਹਾਰ, ਜੀਵ ਜੰਤ ਨਾ ਪਾਵੇ ਸਾਰ, ਭੇਵ ਅਭੇਦ ਛੁਪਾਇੰਦਾ। ਸਾਚਾ ਖੰਡਾ ਨਾਮ ਮੁੱਠ, ਤ੍ਰੈਭਵਣ ਧਨੀ ਆਪ ਲਗਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣੀ ਹੱਥੀਂ ਚੁੱਕ, ਨਵ ਨੌਂ ਰਿਹਾ ਸਮਝਾਈਆ। ਸ਼ਾਹ ਸੁਲਤਾਨਾ ਵਡ ਮਿਹਰਵਾਨਾ ਸ੍ਰੀ ਭਗਵਾਨਾ ਗਿਆ ਤੁੱਠ, ਆਪਣੀ ਦਇਆ ਆਪ ਕਮਾਈਆ। ਕਲਜੁਗ ਕੂੜ ਕੁੜਿਆਰਾ ਪੰਚ ਵਿਕਾਰਾ ਹਉਮੇ ਧਾੜਾ ਕੱਢੇ ਕੁੱਟ, ਜੂਠ ਝੂਠ ਰਹਿਣ ਨਾ ਪਾਈਆ। ਚਾਰੇ ਵਰਨਾਂ ਲਏ ਲੁੱਟ, ਸਭ ਦਾ ਭਾਗ ਜਾਏ ਨਿਖੁੱਟ, ਅੰਤਮ ਜੜ੍ਹ ਦੇਵੇ ਪੁੱਟ, ਸਿਮਲ ਰੁੱਖ ਸਰਬ ਵਖਾਈਆ। ਗੁਰਮੁਖ ਵਿਰਲਾ ਰੱਖੇ ਓਟ, ਜਿਸ ਜਨ ਲਗਾਏ ਸ਼ਬਦ ਚੋਟ, ਸੋਈ ਸੁਰਤੀ ਆਪ ਜਗਾਈਆ। ਭਾਗ ਲਗਾਏ ਕਾਇਆ ਕਿਲੇ ਕੋਟ, ਦਰਸ ਦਿਖਾਏ ਨਿਰਮਲ ਜੋਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੰਧ ਦਏ ਮੁਕਾਈਆ। ਕਲਜੁਗ ਤੇਰਾ ਪੰਧ ਮੁਕੌਣਾ, ਚੌਥਾ ਜੁਗ ਰਹਿਣ ਨਾ ਪਾਈਆ। ਨਾਮ ਖੰਡਾ ਇਕ ਉਠੌਣਾ, ਚਾਰੋਂ ਕੁੰਟ ਫਿਰੇ ਦੁਹਾਈਆ। ਆਤਮ ਪਰਮਾਤਮ ਵੇਖ ਵਖੌਣਾ, ਸੋਹੰ ਅਖਰ ਜਗਤ ਵੱਖਰ ਇਕ ਪੜ੍ਹਾਈਆ। ਪਿਛਲਾ ਲੇਖਾ ਲੇਖ ਮੁਕੌਣਾ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਹਰਿ ਹਰਿ ਭਾਣਾ ਆਪ ਵਰਤੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਸੀਸ ਤਾਜ ਨਾ ਕੋਇ ਟਿਕਾਈਆ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਏਕਾ ਧਾਮ ਬਹੌਣਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਜ਼ਾਤ ਪਾਤ ਕੋਇ ਰਹਿਣ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਨੇ ਗੌਣਾ, ਨੌਂ ਖੰਡ ਪ੍ਰਿਥਮੀ ਏਕਾ ਨਾਅਰਾ ਲਾਈਆ। ਪੁਰਖ ਅਕਾਲ ਨੂਰੀ ਜਲਵਾ ਜਲਾਲ ਦਰਸ ਵਖੌਣਾ, ਰਾਮ ਰਾਮ ਰੂਪ ਵਟਾਈਆ। ਏਕਾ ਬੰਸਰੀ ਨਾਮ ਵਜੌਣਾ, ਸਾਚੇ ਮੰਡਲ ਰਾਸ ਰਚੌਣਾ, ਏਕਾ ਮੁਕਟ ਸੀਸ ਟਿਕੌਣਾ, ਮੁਕੰਦ ਮਨੋਹਰ ਲਖਮੀ ਨਰਾਇਣ ਆਪਣੀ ਖੇਲ ਖਿਲਾਈਆ। ਏਕਾ ਕਲਮਾ ਅਮਾਮ ਪੜ੍ਹੌਣਾ, ਸਚ ਈਮਾਨ ਇਕ ਵਖੌਣਾ, ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਏਕਾ ਧਾਮ ਬਹੌਣਾ, ਅੱਲਾ ਰਾਣੀ ਲੜ ਫੜੌਣਾ, ਵੇਲੇ ਅੰਤ ਲਏ ਪਰਨਾਈਆ। ਆਪਣਾ ਇਸਮ ਆਪ ਪੜ੍ਹੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਖੇਲ ਖਿਲਾਇੰਦਾ, ਹੁਕਮੀ ਹੁਕਮ ਸਤਿ ਵਰਤਾਰ। ਜੋ ਘੜਿਆ ਸੋ ਭੰਨ ਵਖਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ। ਵੇਲਾ ਅੰਤ ਆਪ ਸਮਝਾਇੰਦਾ, ਇਕ ਇਕੱਲਾ ਏਕੰਕਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਝੋਲੀ ਪਾਇੰਦਾ, ਪੂਰਬ ਲਹਿਣਾ ਦਏ ਉਤਾਰ। ਆਪਣਾ ਖੇਲ ਆਪ ਖਿਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਕਰਨੇਹਾਰ। ਕਰਨਹਾਰ ਕ਼ਾਦਰ ਕਰਤਾ, ਕਰੀਮ ਰਹੀਮ ਵਡੀ ਵਡਿਆਈਆ। ਆਪਣਾ ਦਰ ਆਪਣਾ ਘਰ ਆਪੇ ਵੜਦਾ, ਮੁਕਾਮੇ ਹੱਕ ਹੱਕ ਡੇਰਾ ਲਾਈਆ। ਆਪਣਾ ਪੱਲੂ ਆਪੇ ਫੜਦਾ, ਦਾਮਨਗੀਰ ਇਕ ਖ਼ੁਦਾਈਆ। ਚੌਦਾਂ ਤਬਕ ਆਪੇ ਚੜ੍ਹਦਾ, ਹਕੀਰ ਫਕੀਰ ਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਤੇਰਾ ਲੇਖਾ ਦਏ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਝੁਲਾਏ ਸਚ ਨਿਸ਼ਾਨ, ਨਵ ਨੌਂ ਬਣਾਏ ਇਕ ਵਿਧਾਨ, ਨਾਮ ਧਾਰਾ ਆਪ ਚਲਾਈਆ।
