੧੯ ਜੇਠ ੨੦੧੮ ਬਿਕ੍ਰਮੀ ਈਸ਼ਰ ਸਿੰਘ ਦੇ ਗ੍ਰਹਿ ਪਿੰਡ ਦੜ ਜੰਮੂ
ਸ਼ਾਹਾਂ ਸਿਰ ਸ਼ਾਹ, ਸੋ ਪੁਰਖ ਨਿਰੰਜਣ ਹਰਿ ਅਖਵਾਇੰਦਾ। ਦੋ ਜਹਾਨਾਂ ਬਣ ਮਲਾਹ, ਹਰਿ ਪੁਰਖ ਨਿਰੰਜਣ ਸੇਵ ਕਮਾਇੰਦਾ। ਨਾਮ ਨਿਧਾਨਾ ਆਪ ਉਪਾ, ਏਕੰਕਾਰਾ ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਆਦਿ ਨਿਰੰਜਣ ਨੂਰ ਧਰਾ, ਜੋਤੀ ਜਾਤਾ ਪੁਰਖ ਬਿਧਾਤਾ ਨੂਰੋ ਨੂਰ ਨੂਰ ਪਰਗਟਾਇੰਦਾ। ਅਬਿਨਾਸ਼ੀ ਕਰਤਾ ਦੇਵਣਹਾਰਾ ਸਚ ਸਲਾਹ, ਸਾਚਾ ਮਾਰਗ ਇਕ ਜਣਾਇੰਦਾ। ਸ੍ਰੀ ਭਗਵਾਨ ਵੇਖਣਹਾਰਾ ਥਾਉਂ ਥਾਂ, ਅਭੁਲ ਭੁਲ ਕੋਇ ਨਾ ਜਾਇੰਦਾ। ਪਾਰਬ੍ਰਹਮ ਪ੍ਰਭ ਬੇਅੰਤ ਬੇਪਰਵਾਹ, ਅਗੰਮ ਅਥਾਹ ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਆਪਣਾ ਰੰਗ ਆਪ ਰੰਗਾਇੰਦਾ। ਸਚਖੰਡ ਦਵਾਰਾ ਸਚ ਮਹੱਲਾ ਇਕ ਸੁਹਾ, ਨਿਹਚਲ ਧਾਮ ਅਟੱਲਾ ਬੈਠਾ ਆਸਣ ਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਥਿਰ ਘਰ ਸਾਚੇ ਚਰਨ ਟਿਕਾ, ਹਰਿ ਮੰਦਰ ਹਰਿ ਹਰਿ ਦਏ ਸੁਹਾ, ਨਿਰਗੁਣ ਨਿਰਾਕਾਰ ਨਿਰਵੈਰ ਅਨਭਵ ਪਰਕਾਸ਼ ਕਰਾਇੰਦਾ। ਰਾਜ ਰਾਜਾਨਾ ਸ਼ਾਹ ਪਾਤਸ਼ਾਹ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਰਾਜ ਰਾਜਾਨਾ ਨਾਉਂ ਧਰਾਇੰਦਾ। ਰਾਜ ਰਾਜਾਨਾ ਹਰਿ ਨਿਰੰਕਾਰਾ, ਦੂਸਰ ਅਵਰ ਨਾ ਕੋਇ ਜਣਾਈਆ। ਸਾਚੇ ਤਖ਼ਤ ਬਹੇ ਸੱਚੀ ਸਰਕਾਰਾ, ਦੋ ਜਹਾਨਾਂ ਮਾਰਗ ਲਾਈਆ। ਸ਼ਬਦ ਅਨਾਦ ਧੁਰ ਫ਼ਰਮਾਨਾ, ਬੋਧ ਅਗਾਧ ਕਰੇ ਪੜ੍ਹਾਈਆ। ਏਕਾ ਰਾਗ ਇਕ ਤਰਾਨਾ, ਤਾਰ ਸਿਤਾਰ ਇਕ ਹਿਲਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਸਤਿ ਸਰੂਪੀ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਆਪਣਾ ਖੇਲ ਕਰੇ ਮਹਾਨ, ਖੇਲਣਹਾਰਾ ਦਿਸ ਨਾ ਆਇੰਦਾ। ਪੂਤ ਸਪੂਤਾ ਕਰ ਪਰਵਾਨ, ਏਕਾ ਹੁਕਮ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਤ੍ਰੈਗੁਣ ਮੇਲਾ ਪੰਚਮ ਚੇਲਾ ਸਾਚਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪਣਾ ਖੇਲ ਖਿਲਾਇੰਦਾ। ਸ਼ਾਹ ਪਾਤਸ਼ਾਹ ਸ੍ਰੀ ਭਗਵੰਤ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਕਰਤਾ ਕ਼ੁਦਰਤ ਕ਼ਾਦਰ ਆਪਣਾ ਖੇਲ ਖਿਲਾਇੰਦਾ। ਆਪਣੀ ਮਹਿਮਾ ਆਪੇ ਜਣਾਏ ਬੇਅੰਤ, ਬੇਅੰਤ ਆਪਣਾ ਨਾਉਂ ਰਖਾਇੰਦਾ। ਸਾਚਾ ਧਾਮ ਇਕ ਸੁਹੰਤ, ਸਚਖੰਡ ਦਵਾਰੇ ਆਸਣ ਲਾਇੰਦਾ। ਵੇਸ ਵਟਾਏ ਜੁਗਾ ਜੁਗੰਤ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਲੱਖ ਚੁਰਾਸੀ ਬਣਾਏ ਬਣਤ, ਘਾੜਨ ਘੜਤ ਆਪ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸ਼ਾਹ ਸੁਲਤਾਨਾ, ਹਰਿ ਜੂ ਹਰਿ ਹਰਿ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਮਰਦ ਮਰਦਾਨਾ ਪੁਰਖ ਅਬਿਨਾਸ਼, ਵਡ ਦਾਤਾ ਬੇਪਰਵਾਹੀਆ। ਸਾਚੇ ਮੰਦਰ ਸਾਚੇ ਮੰਡਲ ਪਾਵੇ ਰਾਸ, ਰੂਪ ਅਨੂਪ ਆਪ ਵਟਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਾ ਜਾਏ ਵਿਨਾਸ, ਆਪਣੀ ਕਲ ਆਪ ਧਰਾਈਆ। ਹਰ ਘਟ ਅੰਦਰ ਰੱਖੇ ਵਾਸ, ਲੱਖ ਚੁਰਾਸੀ ਰਿਹਾ ਸਮਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਮੰਡਪ ਆਪਣਾ ਰੰਗ ਵਖਾਈਆ। ਕਰੇ ਵਸੇਰਾ ਜੰਗਲ ਜੂਹ ਉਜਾੜ ਪਰਭਾਸ, ਸਮੁੰਦ ਸਾਗਰ ਡੂੰਘੀ ਕੰਦਰ ਗਹਿਰ ਗੰਭੀਰ ਗੁਣਵੰਤਾ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਏਕੰਕਾਰਾ ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਧੁਰ ਫ਼ਰਮਾਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਏਕਾ ਨਾਉਂ ਕਰ ਪਰਧਾਨ, ਲੋਕਮਾਤ ਡੰਕ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਗਿਆਨ, ਗਿਆਨ ਨੇਤਰ ਆਪ ਖੁਲ੍ਹਾਇੰਦਾ। ਲੇਖਾ ਲਿਖ ਲਿਖ ਘੱਲੇ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਆਤਮ ਬ੍ਰਹਮ ਬ੍ਰਹਮ ਨਿਸ਼ਾਨ, ਪਾਰਬ੍ਰਹਮ ਪ੍ਰਭ ਵੰਡ ਵੰਡਾਇੰਦਾ। ਸਰਬ ਜੀਆਂ ਏਕਾ ਹੁਕਮਰਾਨ, ਲੱਖ ਚੁਰਾਸੀ ਰੱਯਤ ਆਪੇ ਪਰਗਟਾਇੰਦਾ। ਆਤਮ ਜੀਆ ਦੇਵੇ ਦਾਨ, ਦਾਤਾ ਦਾਨੀ ਏਕਾ ਵਸਤ ਅਮੋਲਕ ਝੋਲੀ ਪਾਇੰਦਾ। ਏਕਾ ਨੂਰ ਜੋਤੀ ਜੋਤ ਕਰੇ ਪਰਕਾਸ਼ ਕੋਟਨ ਭਾਨ, ਕਾਇਆ ਕੰਚਨ ਗੜ੍ਹ ਸੁਹਾਇੰਦਾ। ਆਤਮ ਰਾਮ ਸਾਚਾ ਕਾਹਨ, ਸਾਚੇ ਮੰਦਰ ਵਸੇ ਮਕਾਨ, ਆਤਮ ਸੇਜਾ ਨਿਰਗੁਣ ਪਲੰਘ ਆਪਣਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਜ ਰਾਜਾਨਾ ਸ਼ਾਹ ਸੁਲਤਾਨਾ ਆਦਿ ਜੁਗਾਦੀ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਇੰਦਾ। ਬਿਰਧ ਬਾਲ ਨਾ ਹਰਿ ਕਾ ਰੂਪ, ਏਕਾ ਰੰਗ ਸਮਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਲੱਖ ਚੁਰਾਸੀ ਤਾਣਾ ਤਣਿਆ ਏਕਾ ਤਾਣਾ ਪੇਟਾ ਸੂਤ, ਏਕਾ ਪਾਣ ਲਏ ਚੜ੍ਹਾਈਆ। ਫੁਲ ਫੁਲਵਾੜੀ ਏਕਾ ਵਕ਼ਤ ਆਪ ਸੁਹਾਏ ਸਾਚੀ ਰੁੱਤ, ਕਵਲ ਕਵਲਾ ਆਪ ਖਿਲਾਈਆ। ਲੇਖਾ ਜਾਣੇ ਪੰਜ ਤੱਤ ਬੁੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੀ ਵੰਡ ਵੰਡਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਹੁਕਮੀ ਹੁਕਮ ਆਪ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਿਰ ਸ਼ਾਹਾਂ ਸ਼ਾਹ ਆਪ ਹੋ ਜਾਈਆ। ਸ਼ਾਹ ਸ਼ਾਹਾਨਾ ਹਰਿ ਗੋਬਿੰਦ, ਸੂਰਬੀਰ ਖੇਲ ਖਿਲਾਇੰਦਾ। ਹਰਖ ਸੋਗ ਨਾ ਕੋਈ ਚਿੰਦ, ਚਿੰਤਾ ਚਿਖਾ ਨਾ ਕੋਇ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਉਪਜਾਏ ਆਪਣੀ ਬਿੰਦ, ਲੱਖ ਚੁਰਾਸੀ ਆਪਣਾ ਬੰਧਨ ਪਾਇੰਦਾ। ਆਸਾ ਤ੍ਰਿਸਨਾ ਪੂਰੀ ਕਰੇ ਸੁਰਪਤ ਰਾਜਾ ਇੰਦ, ਕਰੋੜ ਤੇਤੀਸਾ ਖੇਲ ਖਿਲਾਇੰਦਾ। ਗਹਿਰ ਗੰਭੀਰ ਗੁਣੀ ਗਹੀਰ ਸਾਗਰ ਸਿੰਧ, ਪੁਰਖ ਅਬਿਨਾਸ਼ੀ ਆਪਣਾ ਡੂੰਘਰ ਹਾਥ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸਚ ਸੰਦੇਸ ਨਰ ਨਰੇਸ਼ ਰਿਹਾ ਘਲ, ਜੁਗ ਜੁਗ ਮਾਤ ਆਪ ਸੁਣਾਇੰਦਾ। ਜੁਗ ਜੁਗ ਮਾਤ ਹਰਿ ਕਾ ਨਾਉਂ, ਲੋਕਮਾਤ ਵੱਜੇ ਵਧਾਈਆ। ਦੇਵੇ ਸੰਦੇਸਾ ਏਕਾ ਥਾਉਂ, ਥਾਨ ਥਨੰਤਰ ਇਕ ਸੁਹਾਈਆ। ਲੱਖ ਚੁਰਾਸੀ ਬਣੇ ਪਿਤਾ ਮਾਉਂ, ਬਾਲ ਅਞਾਣੇ ਗੋਦ ਉਠਾਈਆ। ਹਰਿਜਨ ਹਰਿਭਗਤ ਭਗਵਨ ਫੜੇ ਆਪੇ ਬਾਹੋਂ, ਲੇਖਾ ਅਲੇਖ ਵੇਖ ਵਖਾਈਆ। ਸਿਰ ਰੱਖੇ ਸਦਾ ਠੰਡੀ ਛਾਉਂ, ਸਮਰਥ ਪੁਰਖ ਵਡ ਵਡਿਆਈਆ। ਅੰਮ੍ਰਿਤ ਜਾਮ ਪਿਆਏ ਨਿਝਰ ਝਿਰਨਾ ਰਸ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਉਡਾਈਆ। ਨਿਥਾਂਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਧਾਮ ਸੁਹਾਈਆ। ਜੁਗਾ ਜੁਗੰਤਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲੋਕਮਾਤ ਕਰੇ ਸਚ ਨਿਆਉਂ, ਗੁਰ ਅਵਤਾਰ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਸਾਚਾ ਤਖ਼ਤ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਜੁਗਾ ਜੁਗੰਤਰ ਕਰੇ ਖੇਲ ਦਰਦ ਦੁੱਖ ਭੈ ਭੰਜਣਾ, ਦੀਨਾਂ ਨਾਥਾਂ ਦਰਦ ਦੁੱਖ ਆਪ ਵੰਡਾਇੰਦਾ। ਸੰਤ ਸੁਹੇਲਾ ਵੇਖੇ ਸੱਜਣਾ, ਸਤਿਗੁਰ ਸਾਜਨ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਏਕਾ ਹਾਕਮ, ਹਰਿ ਫ਼ਰਮਾਨਾ ਇਕ ਰਖਾਇੰਦਾ। ਇਕ ਫ਼ਰਮਾਨਾ ਧੁਰ ਦੀ ਧਾਰ, ਪੁਰਖ ਅਬਿਨਾਸ਼ੀ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਦਾ ਆਇਆ ਸਚ ਵਿਹਾਰ, ਨਿਰਗੁਣ ਸਰਗੁਣ ਰੂਪ ਧਰਾਈਆ। ਕਲਜੁਗ ਅੰਤਮ ਖੇਲ ਅਪਾਰ, ਖੇਲ ਅਵੱਲਾ ਇਕ ਇਕੱਲਾ ਕਰੇ ਕਰਾਏ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਸ਼ਾਹਾਨਾ ਰੂਪ ਵਟਾਈਆ। ਸ਼ਾਹ ਸ਼ਾਹਾਨਾ ਰੂਪ ਧਰ, ਹਰਿ ਸਾਚਾ ਖੇਲ ਖਿਲਾਇੰਦਾ। ਨਾਉਂ ਰਖਾਏ ਨਰਾਇਣ ਨਰ, ਨਰ ਹਰਿ ਨਰਾਇਣ ਆਪ ਹੋ ਆਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਹੁਕਮ ਵਰਤਾਇੰਦਾ। ਸਾਚੇ ਮੰਦਰ ਰਿਹਾ ਚੜ੍ਹ, ਉਚਾ ਟਿੱਲਾ ਆਪ ਸੁਹਾਇੰਦਾ। ਛੱਪਰ ਛੰਨ ਨਾ ਕੋਇ ਦਿਸੇ ਚਾਰ ਦੀਵਾਰ, ਬਾਢੀ ਬਣਤ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਅਵੱਲਾ, ਨਿਹਕਲੰਕਾ ਨਾਉਂ ਰਖਾਈਆ। ਕਲਜੁਗ ਸਤਿਜੁਗ ਫੜਾਏ ਆਪਣਾ ਪੱਲਾ, ਕਲਜੁਗ ਸਤਿਜੁਗ ਰੂਪ ਵਟਾਈਆ। ਸਚ ਸੰਦੇਸ ਏਕਾ ਘੱਲਾ, ਗੋਬਿੰਦ ਹਾਲ ਮੁਰੀਦਾਂ ਰਿਹਾ ਸੁਣਾਈਆ। ਸੂਲਾਂ ਸੱਥਰ ਜਗਤ ਸਿੰਘਾਸਣ ਏਕਾ ਮੱਲਾ, ਏਕਾ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨ ਕਰੇ ਸੱਚੀ ਸ਼ਹਿਨਸ਼ਾਹੀਆ । ਕਲਜੁਗ ਅੰਤਮ ਸੱਚਾ ਸ਼ਾਹ, ਸ਼ਾਹ ਸੁਤਲਾਨਾ ਹੁਕਮ ਜਣਾਇੰਦਾ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਚਾਰੇ ਵਰਨ ਰਹੇ ਕੁਰਲਾ, ਬਰਨ ਅਠਾਰਾਂ ਧੀਰ ਨਾ ਕੋਇ ਧਰਾਇੰਦਾ। ਗੁਰ ਕਾ ਸ਼ਬਦ ਨਾ ਸਕੇ ਕੋਇ ਕਮਾ, ਆਤਮ ਅੰਤਰ ਨਾ ਕੋਇ ਵਸਾਇੰਦਾ। ਗੋਬਿੰਦ ਸੂਰਾ ਕਿਸੇ ਮਿਲੇ ਨਾ, ਨੇਤਰ ਲੋਚਣ ਨੈਣ ਨਾ ਕੋਇ ਖੁਲ੍ਹਾਇੰਦਾ। ਨਾਨਕ ਪੱਲਾ ਨਾ ਲਏ ਫੜਾ, ਨਾਮ ਸਤਿ ਸਤਿ ਘਰ ਨਾ ਕੋਇ ਵਖਾਇੰਦਾ। ਕਲਜੁਗ ਡੂੰਘੀ ਭਵਰੀ ਲੱਖ ਚੁਰਾਸੀ ਗੋਤਾ ਰਹੀ ਲਾ, ਇਸ਼ਟ ਦੇਵ ਨਾ ਕੋਇ ਰਖਾਇੰਦਾ। ਨਿਰਗੁਣ ਜੋਤ ਨਾ ਸਕੇ ਕੋਇ ਜਗਾ, ਆਤਮ ਪਰਦਾ ਨਾ ਕੋਇ ਉਠਾਇੰਦਾ। ਕਾਇਆ ਸਰੋਵਰ ਸਕੇ ਨਾ ਕੋਇ ਨਹਾ, ਅਠਸਠ ਨੀਰ ਸਰਬ ਕੁਰਲਾਇੰਦਾ। ਕਾਇਆ ਮੰਦਰ ਦਰ ਦਰਵਾਜ਼ਾ ਨਾ ਸਕੇ ਕੋਇ ਖੁਲ੍ਹਾ, ਗੁਰਦਵਾਰਾ ਨਜ਼ਰ ਕਿਸੇ ਨਾ ਆਇੰਦਾ। ਪੜ੍ਹ ਪੜ੍ਹ ਥੱਕੇ ਭੁੱਲਿਆ ਬੇਪਰਵਾਹ, ਪੜ੍ਹੌਣ ਵਾਲਾ ਦਿਸ ਕਿਸੇ ਨਾ ਆਇੰਦਾ। ਮਾਇਆ ਮਮਤਾ ਮੋਹ ਬੰਧਨ ਬੈਠੇ ਪਾ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਆਸਣ ਲਾਇੰਦਾ। ਪਰਮਾਨੰਦਨ ਬੈਠੇ ਗਵਾ, ਜਗਤ ਮਦਿ ਜਗਤ ਵਿਕਾਰ ਜਗਤ ਸੰਗ ਨਿਭਾਇੰਦਾ। ਪੁਰਖ ਅਬਿਨਾਸ਼ੀ ਵੇਖਣਹਾਰਾ ਥਾਉਂ ਥਾਂ, ਨਵ ਖੰਡ ਸਤ ਦੀਪ ਫੋਲ ਫੋਲਾਇੰਦਾ। ਨਾਤਾ ਤੁਟਾ ਪੁੱਤਰ ਮਾਂ, ਪਿਤਾ ਪੂਤ ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਏਕਾ ਹਰਿ, ਕਲਜੁਗ ਅੰਤਮ ਧੁਰ ਫ਼ਰਮਾਨਾ ਆਪ ਸੁਣਾਇੰਦਾ। ਕਲਜੁਗ ਅੰਤਮ ਅੰਧ ਅੰਧਿਆਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਵੇਦ ਵਿਆਸਾ ਬਣ ਲਿਖਾਰਾ, ਲੇਖਾ ਲਿਖ ਲਿਖ ਗਿਆ ਸਮਝਾਈਆ। ਨਾਨਕ ਸਤਿਗੁਰ ਬੋਲ ਜੈਕਾਰਾ, ਪੁਰਖ ਅਕਾਲ ਏਕਾ ਰਾਹ ਤਕਾਈਆ। ਮਹਾਂਬਲੀ ਉਤਰੇ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਈਆ। ਗੋਬਿੰਦ ਕੂਕੇ ਕਰੇ ਪੁਕਾਰਾ, ਪੁਰਖ ਅਕਾਲ ਅੱਗੇ ਸੀਸ ਝੁਕਾਈਆ। ਪਿਤਾ ਪੂਤ ਇਕ ਪਿਆਰਾ, ਏਕਾ ਮੰਦਰ ਬਹਿ ਬਹਿ ਕਰਨ ਸਾਲਾਹੀਆ। ਕਲਜੁਗ ਦਿਸੇ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਗੁਰਮੁਖ ਗੁਰਸਿਖ ਹਰਿਭਗਤ ਹਰਿਜਨ ਸਾਚੇ ਸੰਤ ਰੋਵਣ ਜ਼ਾਰੋ ਜ਼ਾਰਾ, ਅੱਠੇ ਪਹਿਰ ਧਿਆਨ ਲਗਾਈਆ। ਮੂਰਖ ਮੂੜ੍ਹੇ ਕਲਜੁਗ ਧੰਦੇ ਲੱਗੇ ਜੀਵ ਗਵਾਰਾ, ਭੋਗ ਬਲਾਸ ਰੰਗ ਰਲੀਆਂ ਰਹੇ ਮਨਾਈਆ। ਕਿਸੇ ਨਾ ਦਿਸੇ ਪਾਰ ਕਿਨਾਰਾ, ਡੂੰਘੇ ਸਾਗਰ ਡੁੱਬਾ ਸੰਸਾਰਾ, ਸ਼ੌਹ ਦਰਯਾ ਬੇੜਾ ਰਿਹਾ ਚਲਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਨਿਰਗੁਣ ਨਿਰਗੁਣ ਹੋ ਉਜਿਆਰਾ, ਗੋਬਿੰਦ ਮੀਤਾ ਨਾਲ ਪਿਆਰਾ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜਾਮਾ ਸ਼ਾਹ ਸਿਕਦਾਰਾ, ਸੰਬਲ ਨਗਰ ਧਾਮ ਨਿਆਰਾ, ਸਚ ਸਿੰਘਾਸਣ ਸੋਹੇ ਸੋਭਾਵੰਤ ਇਕ ਇਕੱਲਾ ਏਕੰਕਾਰਾ, ਨਜ਼ਰ ਕਿਸੇ ਨਾ ਆਈਆ। ਸ਼ਬਦ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਰਖਾਏ ਆਪਣੀ ਵਾਰਾ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਨੌਂ ਖੰਡ ਪ੍ਰਿਥਮੀ ਮਾਰੇ ਮਾਰਾ, ਲੱਖ ਚੁਰਾਸੀ ਕਰੇ ਖਵਾਰਾ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਏਕਾ ਹੁਕਮ ਵਰਤੇ ਵਰਤਾਰਾ, ਹਰਿ ਕਾ ਨਾਉਂ ਸ਼ਾਹੀ ਲਸ਼ਕਰ ਸਭ ਤੋਂ ਭਾਰਾ, ਨਾ ਮਰੇ ਨਾ ਜਾਈਆ। ਕਲਜੁਗ ਅੰਤਮ ਦਰ ਦਵਾਰਾ, ਅਸ਼ਟਭੁਜ ਕਰੇ ਨਿਮਸਕਾਰਾ, ਸਿੰਘ ਸਿੰਘਾਸਣ ਆਸਣ ਲਾਈਆ। ਚੱਕਰ ਸੁਦਰਸ਼ਨ ਏਕਾ ਚੱਕਰ ਲਗਾਏ ਸਰਬ ਸੰਸਾਰਾ, ਹਰਿ ਕਾ ਤੇਜ ਨਜ਼ਰ ਕਿਸੇ ਨਾ ਆਈਆ। ਵਾਹ ਵਾ ਗੁਰ ਸਤਿਗੁਰ ਕਰੇ ਖੇਲ ਅਪਾਰਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਗੁਰਮੁਖ ਵਿਰਲੇ ਬਖ਼ਸ਼ੇ ਏਕਾ ਦਰ ਦਵਾਰਾ, ਦਰ ਦਰਵਾਜ਼ਾ ਕਾਇਆ ਬੰਕ ਖੁਲ੍ਹਾਈਆ। ਦਿਵਸ ਰੈਣ ਰੈਣ ਦਿਵਸ ਅੱਠੇ ਪਹਿਰ ਘੜੀ ਪਲ ਨਜ਼ਰੀ ਆਏ ਨਰ ਨਿਰੰਕਾਰਾ, ਨਿਰਗੁਣ ਜੋਤ ਜੋਤ ਜੋਤ ਰੁਸ਼ਨਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣੇ ਗਲੇ ਲਗਾਈਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰਾ, ਸ਼ਹਿਨਸ਼ਾਹ ਏਕੰਕਾਰਾ ਇਕ ਇਕੱਲਾ ਜੁਗਾ ਜੁਗੰਤਰ ਰਾਜ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਅੰਤ ਆਦਿ ਆਪਣੇ ਹੱਥ ਰੱਖੇ ਵਡਿਆਈਆ।
