੧੯ ਜੇਠ ੨੦੧੮ ਬਿਕ੍ਰਮੀ ਲੱਭੂ ਰਾਮ ਦੇ ਗ੍ਰਹਿ ਪਿੰਡ ਜੌੜੀਆਂ ਜੰਮੂ
ਹਰਿ ਸਤਿਗੁਰ ਸਦਾ ਮਿਹਰਵਾਨ, ਕਰਮ ਧਰਮ ਨਾ ਕੋਇ ਜਣਾਇੰਦਾ। ਹਰਿ ਸਤਿਗੁਰ ਸਦਾ ਮਿਹਰਵਾਨ, ਜੀਆ ਦਾਨ ਝੋਲੀ ਪਾਇੰਦਾ। ਹਰਿ ਸਤਿਗੁਰ ਸਦਾ ਮਿਹਰਵਾਨ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿ ਸਤਿਗੁਰ ਸਦਾ ਮਿਹਰਵਾਨ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਹਰਿ ਸਤਿਗੁਰ ਸਦਾ ਮਿਹਰਵਾਨ, ਕਾਇਆ ਚੋਲੀ ਰੰਗ ਬਸੰਤੀ ਇਕ ਚੜ੍ਹਾਇੰਦਾ। ਹਰਿ ਸਤਿਗੁਰ ਸਦਾ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਵਖਾਇੰਦਾ। ਗੁਰਸਿਖ ਸਦਾ ਦੀਨਨ ਦੀਨ, ਦੋਏ ਜੋੜ ਕਰੇ ਨਿਮਸਕਾਰਿਆ। ਗੁਰਸਿਖ ਸਦਾ ਜਿਉਂ ਜਲ ਮੀਨ, ਜਲ ਮੀਨ ਗੁਰ ਗੁਰ ਰੂਪ ਸਮਾ ਰਿਹਾ। ਗੁਰਸਿਖ ਸਦਾ ਗੁਰ ਅਧੀਨ, ਦੋਏ ਦੋਏ ਜੋੜ ਕਰੇ ਨਿਮਸਕਾਰਿਆ। ਗੁਰਸਿਖ ਸਦਾ ਠਾਂਡਾ ਕਰੇ ਸੀਨ, ਨੇਤਰ ਲੋਚਣ ਦਰਸ਼ਨ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਰੰਗ ਰੰਗਾ ਰਿਹਾ। ਹਰਿ ਸਤਿਗੁਰ ਸਾਚਾ ਸਰਬ ਗੁਣਵੰਤ, ਗੁਣਵੰਤਾ ਬੇਪਰਵਾਹੀਆ। ਹਰਿਜਨ ਉਠਾਏ ਸਾਚਾ ਸੰਤ, ਸਤਿ ਸੁਮੱਤ ਆਪ ਬੁਝਾਈਆ। ਆਪ ਜਣਾਏ ਆਪਣੀ ਮਿਤ ਗਤ, ਭੇਵ ਅਭੇਦ ਆਪ ਖੁਲ੍ਹਾਈਆ। ਵਸਤ ਅਮੋਲਕ ਸਾਚੇ ਖਾਤੇ ਦੇਵੇ ਘਤ, ਕਾਇਆ ਬੰਕ ਦਏ ਵਡਿਆਈਆ। ਅੰਮਿਉਂ ਰਸ ਨਿਝਰ ਆਤਮ ਦਏ ਝੱਟ, ਅੰਮ੍ਰਿਤ ਮੇਘ ਬਰਸਾਈਆ। ਲੇਖੇ ਲਾਏ ਰਤੀ ਰਤ, ਅਗਨੀ ਤੱਤ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਹੋਏ ਸਹਾਈਆ। ਗੁਰਸਿਖ ਸਦਾ ਕਰੇ ਅਰਦਾਸ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਗੁਰ ਸਤਿਗੁਰ ਵਸਣਾ ਸਦਾ ਪਾਸ, ਤੇਰਾ ਵਿਛੋੜਾ ਸਹਿ ਨਾ ਸਕਾਂ ਰਾਈਆ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦੇ ਗਵਾਈਆ। ਨਿਜ ਘਰ ਆਤਮ ਕਰ ਕਰ ਵਾਸ, ਘਰ ਸਾਚੇ ਦੇ ਵਡਿਆਈਆ। ਤੇਰਾ ਨਾਉਂ ਸਰਬ ਗੁਣ ਤਾਸ, ਮੇਰੀ ਆਸਾ ਮਨਸਾ ਪੂਰ ਕਰਾਈਆ। ਲੋਕਮਾਤ ਨਾ ਹੋਏ ਨਿਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਸਤਿਗੁਰ ਪੂਰਾ ਸ੍ਰੀ ਭਗਵਾਨਾ, ਆਦਿ ਜੁਗਾਦਿ ਅਖਵਾਇੰਦਾ। ਏਕਾ ਦੇਵੇ ਨਾਮ ਨਿਧਾਨਾ, ਵਸਤ ਅਨਮੁਲੜੀ ਝੋਲੀ ਪਾਇੰਦਾ। ਗਾਇਨ ਗਾਇਤਰੀ ਨਾਦ ਤਰਾਨਾ, ਧੁਨ ਅਨਾਦੀ ਮੰਤਰ ਆਪ ਸੁਣਾਇੰਦਾ। ਪੂਜਾ ਪਾਠ ਸਚ ਅਸ਼ਨਾਨਾ, ਇਸ਼ਟ ਦੇਵ ਆਪ ਰਖਾਇੰਦਾ। ਸਾਚਾ ਮੰਦਰ ਸਚ ਮਕਾਨਾ, ਘਟ ਭੀਤਰ ਆਪ ਵਖਾਇੰਦਾ। ਜੋਤੀ ਨੂਰ ਨੂਰ ਮਹਾਨਾ, ਸਾਚੇ ਮੰਦਰ ਆਪ ਜਗਾਇੰਦਾ। ਪਵਣ ਹਵਨ ਇਕ ਕਰਾਨਾ, ਸਚ ਸੁਗੰਧੀ ਵਿਚ ਸਮਾਇੰਦਾ। ਸਰਬ ਜੀਆਂ ਹਰਿ ਬੀਨਾ ਦਾਨਾ, ਦਾਨਾ ਬੀਨਾ ਆਪ ਅਖਵਾਇੰਦਾ। ਹਰਿਜਨ ਕਰੇ ਦਰ ਪਰਵਾਨਾ, ਦਰ ਘਰ ਸਾਚੇ ਆਪ ਮਿਲਾਇੰਦਾ। ਰੂਪ ਅਨੂਪ ਸੱਯਾ ਕਾਹਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਦਇਆ ਕਮਾਇੰਦਾ। ਗੁਰਸਿਖ ਗੁਰ ਗੁਰ ਰੱਖੇ ਆਸ, ਨੇਤਰ ਨੈਣ ਨੈਣ ਬਿਗਸਾਈਆ। ਕਵਣ ਸੌ ਵੇਲਾ ਬੁਝੇ ਪਿਆਸ, ਨੇਤਰ ਲੋਚਣ ਦਰਸ਼ਨ ਪਾਈਆ। ਹੋਏ ਸਹਾਈ ਵਿਚ ਪਰਭਾਸ, ਕਾਇਆ ਖੇੜਾ ਦਏ ਵਸਾਈਆ। ਪਾਰ ਕਰਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਚਰਨਾਂ ਹੇਠ ਦਬਾਈਆ। ਆਪ ਆਪਣਾ ਕਰੇ ਦਾਸੀ ਦਾਸ, ਦੂਸਰ ਸੇਵ ਨਾ ਕੋਇ ਜਣਾਈਆ। ਏਕਾ ਬਖ਼ਸ਼ੇ ਚਰਨ ਨਿਵਾਸ, ਚਰਨ ਕਵਲ ਸੱਚੀ ਸਰਨਾਈਆ। ਮਨ ਵਾਸਨਾ ਨਾ ਹੋਏ ਉਦਾਸ, ਚਿੰਤਾ ਸੋਗ ਰਹੇ ਨਾ ਰਾਈਆ। ਅੱਠੇ ਪਹਿਰ ਇਕ ਸਵਾਸ, ਗੁਰ ਗੁਰ ਮੰਤਰ ਨਾਮ ਦ੍ਰਿੜਾਈਆ। ਕਾਇਆ ਮੰਦਰ ਸਾਚੀ ਰਾਸ, ਗੋਪੀ ਕਾਹਨ ਆਪ ਨਚਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੇ ਨੇਤਰ ਪੇਖੇ ਆਪ, ਨਿਜ ਨੇਤਰ ਦਏ ਖੁਲ੍ਹਾਈਆ। ਤ੍ਰੈਗੁਣ ਮਾਇਆ ਨਾ ਚੜ੍ਹੇ ਤਾਪ, ਕਾਇਆ ਰੋਗ ਨਾ ਕੋਇ ਜਣਾਈਆ। ਭਾਗ ਲਗਾਏ ਸਾਚੀ ਖਾਟ, ਆਤਮ ਸੇਜਾ ਦਏ ਸੁਹਾਈਆ। ਲਹਿਣਾ ਦੇਣ ਚੁਕਾਏ ਆਨ ਬਾਟ, ਮਾਤ ਗਰਭ ਫੇਰ ਨਾ ਆਈਆ। ਗੁਰਸਿਖ ਵਿਕਾਏ ਆਪਣੇ ਹਾਟ, ਕਰਤਾ ਕੀਮਤ ਆਪੇ ਪਾਈਆ। ਆਪ ਉਤਾਰੇ ਸਾਚੇ ਘਾਟ, ਸਚ ਕਿਨਾਰਾ ਇਕ ਵਖਾਈਆ। ਸਦਾ ਸੁਹੇਲਾ ਸਦ ਵਸੇ ਪਾਸ, ਦਿਵਸ ਰੈਣ ਆਪਣਾ ਰੰਗ ਰੰਗਾਈਆ। ਦਰਸ ਦਿਖਾਏ ਬਹੁ ਬਿਧ ਭਾਂਤ, ਰੂਪ ਅਨੂਪ ਆਪ ਵਟਾਈਆ। ਬੈਠਾ ਰਹੇ ਇਕ ਇਕਾਂਤ, ਸਚਖੰਡ ਦਵਾਰੇ ਆਸਣ ਲਾਈਆ। ਬੰਦ ਕਿਵਾੜਾ ਖੋਲ੍ਹੇ ਤਾਕ, ਜਿਸ ਜਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਮੇਲ ਮਿਲਾਈਆ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸ਼ਾ, ਸ਼ਾਹ ਸੁਲਤਾਨ ਹਰਿ ਅਖਵਾਇੰਦਾ। ਜੁਗ ਜੁਗ ਵੇਖੇ ਮਾਤ ਤਮਾਸ਼ਾ, ਲੱਖ ਚੁਰਾਸੀ ਖੇਲ ਖਿਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਬ੍ਰਹਿਮੰਡ ਖੰਡ ਆਪਣਾ ਨੂਰ ਕਰੇ ਪਰਕਾਸ਼ਾ, ਨੂਰ ਨੂਰ ਵਿਚ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬੰਧਾਏ ਆਪਣੇ ਲੜ, ਗੁਰ ਸਤਿਗੁਰ ਏਕਾ ਬੰਧਨ ਨਾਮ ਪਾਇੰਦਾ। ਗੁਰਸਿਖ ਬੰਧਨ ਨਾਮ ਜ਼ੰਜੀਰ, ਨੇਤਰ ਦਿਸ ਕਿਸੇ ਨਾ ਆਈਆ। ਮਨ ਪੰਖੀ ਫੜ ਫੜ ਬੰਨ੍ਹੇ ਚੋਟੀ ਚਾੜ੍ਹੇ ਅਖ਼ੀਰ, ਪੰਖੀ ਉਡ ਨਾ ਦਹਿ ਦਿਸ਼ ਧਾਈਆ। ਲੇਖਾ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਰੂਪ ਧਰਾਏ ਬੇਨਜ਼ੀਰ, ਰੰਗ ਰੇਖ ਨਾ ਕੋਇ ਵਖਾਈਆ। ਕ਼ਲਮ ਸ਼ਾਹੀ ਖਿਚੇ ਲਕੀਰ, ਜਗਤ ਮੁਸੱਵਰ ਆਪਣੀ ਤਸਵੀਰ ਦਏ ਵਖਾਈਆ। ਲਿਖ ਲਿਖ ਲੇਖਾ ਘੱਲਿਆ ਗੁਰ ਅਵਤਾਰ ਪੀਰ, ਪੀਰ ਪੈਗ਼ੰਬਰ ਆਪ ਸੁਣਾਈਆ। ਜਨ ਭਗਤਾਂ ਕੋਲ ਆਏ ਘਤ ਵਹੀਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ ਹਰਿ ਸਤਿਗੁਰ ਦਇਆ ਕਮਾਈਆ। ਗੁਰਸਿਖ ਰੱਖੀ ਏਕਾ ਟੇਕ, ਪ੍ਰਭ ਮਿਲਣ ਕਾ ਚਾਓ। ਕਰੇ ਕਰਾਏ ਬੁਧ ਬਿਬੇਕ, ਗ਼ਰੀਬ ਨਿਮਾਣੇ ਪਕੜੇ ਬਾਂਹੋਂ। ਜਗਤ ਮਾਇਆ ਨਾ ਲਾਏ ਸੇਕ, ਵੇਖੇ ਥਾਈਂ ਥਾਉਂ। ਪੂਰਬ ਜਨਮਾਂ ਵੇਖੇ ਲੇਖ, ਕਰੇ ਕਰਾਏ ਸਚ ਨਿਆਉਂ। ਚਾਰ ਵਰਨਾਂ ਵਖਾਏ ਏਕਾ ਦੇਸ, ਸਾਚਾ ਨਗਰ ਖੇੜਾ ਕਾਇਆ ਗਰਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲੇ ਆਪਣੇ ਘਰ, ਘਰ ਮੇਲਾ ਬੇਪਰਵਾਹੋ। ਹਰਿ ਸਤਿਗੁਰ ਦੀਨ ਦਿਆਲ ਦਇਆਨਿਧ ਠਾਕਰ, ਦੀਨਨ ਆਪਣੇ ਅੰਗ ਲਗਾਇੰਦਾ। ਕ਼ਾਦਰ ਕਰੀਮ ਕਰਤਾ ਕ਼ਾਦਰ, ਕ਼ੁਦਰਤ ਆਪਣੇ ਸੰਗ ਰਖਾਇੰਦਾ। ਲੇਖਾ ਜਾਣੇ ਪਿਦਰ ਮਾਦਰ, ਪਿਸਰ ਬਰਾਦਰ ਆਪਣਾ ਰੂਪ ਵਟਾਇੰਦਾ। ਗੁਰਮੁਖ ਵਿਰਲਾ ਜਗਤ ਬਹਾਦਰ, ਜੋ ਜਨ ਲੋਕਲਾਜ ਤਜਾਇੰਦਾ। ਏਕਾ ਨਾਮ ਵਣਜ ਬਣੇ ਕਰੇ ਸਚ ਸੌਦਾਗਰ, ਸਚ ਵਣਜਾਰਾ ਹੱਟ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਵੇਖ ਵਖਾਇੰਦਾ। ਗੁਰਸਿਖ ਗੁਰ ਗੁਰ ਏਕਾ ਓਟ, ਹਰਿ ਮਤੀ ਆਪ ਸਮਝਾਇੰਦਾ। ਤਨ ਨਗਾਰੇ ਲੱਗੇ ਚੋਟ, ਅਨਹਦ ਨਾਦੀ ਨਾਦ ਵਜਾਇੰਦਾ। ਜਗਤ ਵਾਸਨਾ ਕੱਢੇ ਖੋਟ, ਸਚ ਸੁੱਚ ਮੇਲ ਮਿਲਾਇੰਦਾ। ਆਪ ਉਠਾਏ ਆਲ੍ਹਣਿਉਂ ਡਿਗੇ ਬੋਟ, ਸਚ ਦਵਾਰੇ ਆਪ ਸੁਹਾਇੰਦਾ। ਮੇਲ ਮਿਲਾਵਾ ਨਿਰਮਲ ਜੋਤ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਵੇਖੇ ਏਕਾ ਘਰ, ਦਰ ਘਰ ਸਾਚਾ ਆਪ ਵਡਿਆਇੰਦਾ। ਹਰਿ ਸਤਿਗੁਰ ਸੱਚਾ ਦੀਨਾ ਨਾਥ, ਦੋ ਜਹਾਨ ਖੇਲ ਖਿਲਾਈਆ। ਭਗਤ ਭਗਵੰਤ ਵਸੇ ਸਾਥ, ਸਗਲਾ ਸੰਗ ਰਖਾਈਆ। ਰੂਪ ਅਨੂਪ ਤ੍ਰਿਲੋਕੀ ਨਾਥ, ਚੌਦਾਂ ਭਵਨ ਰਿਹਾ ਜਗਾਈਆ। ਆਤਮ ਪਰਮਾਤਮ ਸਾਚੀ ਗਾਥ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਸਗਲ ਵਿਸੂਰੇ ਜਾਇਣ ਲਾਥ, ਜੋ ਜਨ ਹਰਿ ਹਰਿ ਨੇਤਰ ਲੋਚਣ ਦਰਸ਼ਨ ਪਾਈਆ। ਇਕ ਚੜ੍ਹਾਏ ਸਾਚੇ ਰਾਥ, ਮਹਾਂਸਾਰਥੀ ਸਾਚੀ ਸੇਵ ਕਮਾਈਆ। ਲਹਿਣਾ ਚੁਕੇ ਸੀਆਂ ਸਾਢੇ ਤਿੰਨ ਹੱਥ, ਹਥਕੜੀ ਰਾਏ ਧਰਮ ਨਾ ਦਏ ਲਗਾਈਆ। ਚਿਤਰ ਗੁਪਤ ਨਾ ਪਾਏ ਨੱਥ, ਲੇਖਾ ਅੱਗੇ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਘਰ, ਘਰ ਸਾਚਾ ਇਕ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਜੀਆ ਦੇਵੇ ਦਾਨ, ਜੀਵਨ ਜੁਗਤ ਜਗਤ ਜਗ ਭਗਤ ਭਗਵੰਤ ਅੰਤ ਅਪਣੇ ਹੱਥ ਰਖਾਈਆ। ਗੁਰ ਸੱਜਣ ਗੁਰ ਮੀਤ, ਗੁਰਦੇਵ ਦੀਨ ਦਿਆਲਾ। ਗੁਰ ਠਾਂਡਾ ਗੁਰ ਸੀਤ, ਗੁਰ ਸਦਾ ਸਦਾ ਰਖਵਾਲਾ। ਗੁਰ ਗੁਰਦੇਵ ਵਸੇ ਸਦਾ ਚੀਤ, ਗੁਰ ਦੱਸੇ ਧਾਮ ਨਿਰਾਲਾ। ਗੁਰ ਪਤਿਤ ਕਰੇ ਪੁਨੀਤ, ਗੁਰ ਤਨ ਪਹਿਨਾਏ ਆਤਮ ਅੰਤਰ ਸੋਹੰ ਸੱਚੀ ਮਾਲਾ। ਗੁਰ ਚਲਾਏ ਜੁਗ ਜੁਗ ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੱਸੇ ਰਾਹ ਸੁਖਾਲਾ। ਗੁਰ ਪ੍ਰੇਮ ਗੁਰ ਪਿਆਰ, ਪੀਆ ਪ੍ਰੀਤਮ ਗੁਰ ਅਖਵਾਈਆ। ਗੁਰ ਪੁਰਖ ਗੁਰ ਨਾਰ, ਗੁਰ ਨਰ ਨਰਾਇਣ ਵਡੀ ਵਡਿਆਈਆ । ਗੁਰ ਮੰਦਰ ਗੁਰ ਦਰਬਾਰ, ਗੁਰ ਦਰ ਘਰ ਸੋਭਾ ਪਾਈਆ। ਗੁਰ ਸ਼ਬਦ ਤੂਰ ਮੰਗਲਾਚਾਰ, ਗੁਰ ਗੀਤ ਗੋਬਿੰਦ ਸੁਣਾਈਆ। ਗੁਰ ਗੁਰਸਿਖ ਅੰਦਰ ਆਪਣੀ ਵਸਤ ਦੇਵੇ ਡਾਰ, ਨਾਮ ਨਿਧਾਨ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਮੁਖ ਗੁਰ ਗੁਰਮੁਖਾਂ ਰਿਹਾ ਸਾਲਾਹੀਆ ।
