Granth 10 Likhat 126: 19 Jeth 2018 Bikarmi Dhanno Devi de Greh Chhamb Jammu

੧੯ ਜੇਠ ੨੦੧੮ ਬਿਕ੍ਰਮੀ ਧੰਨੋ ਦੇਵੀ ਦੇ ਗ੍ਰਹਿ ਛੰਬ ਜੰਮੂ

ਗਿਆਨ ਨੇਤਰ ਨਾਮ ਅੰਜਣ, ਗੁਰ ਸਤਿਗੁਰ ਸੱਜਣ ਪਾਇੰਦਾ। ਚਰਨ ਧੂੜ ਸਰੋਵਰ ਮਜਨ, ਗ੍ਰਹਿ ਮੰਦਰ ਆਪ ਕਰਾਇੰਦਾ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਪਰਦੇ ਕੱਜਣ, ਹਰਿ ਕਾ ਨਾਉਂ ਪਰਦਾ ਇਕ ਰਖਾਇੰਦਾ। ਜਗਤ ਵਿਕਾਰ ਜੋ ਜਨ ਤਜਣ, ਤ੍ਰੈਗੁਣ ਅਤੀਤਾ ਮੇਲ ਮਿਲਾਇੰਦਾ। ਗੜ੍ਹ ਹੰਕਾਰੀ ਭਾਂਡੇ ਭੱਜਣ, ਹਉਮੇ ਗੜ੍ਹ ਆਪ ਤੁੜਾਇੰਦਾ। ਜਗਤ ਤ੍ਰਿਸਨਾ ਗੁਰਮੁਖ ਨਾ ਦਝਣ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਇਕ ਚੜ੍ਹਾਏ ਸਚ ਜਹਾਜ਼ਨ, ਏਕਾ ਬੇੜਾ ਹੱਥ ਰਖਾਇੰਦਾ। ਹਰਿਜਨ ਮੇਲੇ ਹਰਿ ਗ਼ਰੀਬ ਨਿਵਾਜ਼ਣ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਅਸਵ ਘੋੜਾ ਦੇਵੇ ਤਾਜਣ, ਸ਼ਬਦੀ ਆਪਣਾ ਨਾਉਂ ਦੌੜਾਇੰਦਾ। ਲੋਕਮਾਤ ਜੁਗਾ ਜੁਗੰਤਰ ਰਚ ਰਚ ਕਾਜਣ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਸ਼ਾਹੋ ਭੂਪ ਬਣ ਵਡ ਵਡ ਰਾਜਨ, ਸ਼ਾਹ ਸੁਲਤਾਨਾਂ ਆਪ ਖਪਾਇੰਦਾ। ਏਕਾ ਮਰਦੰਗ ਵਜਾਏ ਸਾਚਾ ਨਾਦਨ, ਬ੍ਰਹਿਮੰਡ ਖੰਡ ਆਪ ਸੁਣਾਇੰਦਾ। ਲੇਖਾ ਜਾਣੇ ਅੰਤ ਆਦਿਨ, ਆਦਿ ਅੰਤ ਆਪਣੀ ਖੇਲ ਖਿਲਾਇੰਦਾ। ਰਚਨਾ ਰਚ ਰਚ ਬ੍ਰਹਮ ਬ੍ਰਹਿਮਾਦਨ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਸ਼ਬਦ ਜਣਾਈ ਬੋਧ ਅਗਾਧਨ, ਬੋਧ ਅਗਾਧਾ ਭੇਵ ਚੁਕਾਇੰਦਾ। ਥਿਰ ਘਰ ਨਿਵਾਸੀ ਸਚਖੰਡ ਸੁਹਾਏ ਇਕ ਸਿੰਘਾਸਣ, ਸੋਭਾਵੰਤ ਸੋਭਾ ਪਾਇੰਦਾ। ਨਿਰਗੁਣ ਜੋਤ ਜੋਤ ਪਰਕਾਸ਼ਨ, ਨੂਰੋ ਨੂਰ ਡਗਮਗਾਇੰਦਾ। ਹੁਕਮੀ ਹੁਕਮ ਸ਼ਾਹੋ ਸ਼ਾਬਾਸ਼ਨ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼ਨ, ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ। ਜਨ ਭਗਤਾਂ ਪੂਰੀ ਕਰੇ ਆਸਣ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਨਿਜ ਆਤਮ ਕਰ ਕਰ ਵਾਸਨ, ਵਾਸਦੇਵ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸੁਹਾਏ ਸੋਭਾਵੰਤ, ਸੋ ਸੁਹੰਜਣਾ ਰੂਪ ਵਟਾਈਆ। ਪਾਰਬ੍ਰਹਮ ਪ੍ਰਭ ਬੇਅੰਤ, ਬੇਅੰਤ ਆਪਣੀ ਕਲ ਧਰਾਈਆ। ਹਰਿਜਨ ਵੇਖੇ ਸਾਚੇ ਸੰਤ, ਸਤਿ ਸਤਿਵਾਦੀ ਵੇਖ ਵਖਾਈਆ। ਏਕਾ ਨਾਮ ਦ੍ਰਿੜਾਏ ਮਣੀਆ ਮੰਤ, ਮਨ ਕਾ ਭੌ ਸਰਬ ਚੁਕਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜੰਤ ਜੀਵ ਕਰ ਰੁਸ਼ਨਾਈਆ। ਨਾਮ ਵਾਸਨਾ ਦਏ ਸੁਗੰਤ, ਸੁਗੰਧ ਆਪਣੀ ਮਹਿਕ ਵਖਾਈਆ। ਤੱਤ ਵਿਚੋਲਾ ਬਣਾਏ ਬਣਤ, ਚੋਲਾ ਕਾਇਆ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਈਆ। ਕਾਇਆ ਚੋਲਾ ਪੰਜ ਤੱਤ, ਨਿਰਗੁਣ ਸਰਗੁਣ ਆਪ ਉਪਾਇੰਦਾ। ਬੀਜ ਬੀਜੇ ਸਾਚੇ ਵਤ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਫੁਲ ਫੁਲਵਾੜੀ ਲਾਏ ਹੱਡ ਮਾਸ ਨਾੜੀ ਰਤ, ਲਾਲ ਗੁਲਾਲਾ ਰੰਗ ਚੜ੍ਹਾਇੰਦਾ। ਆਪੇ ਵੇਖੇ ਪੁਰਖ ਸਮਰਥ, ਨੇਤਰ ਨੈਣ ਆਪ ਖੁਲ੍ਹਾਇੰਦਾ। ਆਪਣੀ ਰਚਨਾ ਆਪੇ ਰਚ, ਆਪਣਾ ਬੰਕ ਆਪ ਸੁਹਾਇੰਦਾ। ਆਪੇ ਅੰਦਰ ਵੜੇ ਸੱਚ, ਸੁੱਚ ਆਪਣੀ ਧਾਰ ਬੰਧਾਇੰਦਾ। ਭਾਗ ਲਗਾਏ ਕਾਇਆ ਕੱਚ, ਕੰਚਨ ਆਪਣਾ ਗੜ੍ਹ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਕਾਇਆ ਮੰਦਰ ਵੇਸ ਅਵੱਲਾ, ਵਾਹਵਾ ਸਤਿਗੁਰ ਆਪ ਬਣਾਈਆ। ਘਰ ਵਿਚ ਘਰ ਧਾਮ ਅਟੱਲਾ, ਉਚ ਮੁਨਾਰਾ ਦਏ ਵਡਿਆਈਆ। ਆਤਮ ਸੇਜਾ ਆਸਣ ਮੱਲਾ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਨੂਰ ਆਪੇ ਰਲਾ, ਨੂਰ ਨੁਰਾਨਾ ਡਗਮਗਾਈਆ। ਸਚ ਸੰਦੇਸ ਏਕਾ ਘੱਲਾ, ਅਨਹਦ ਨਾਦ ਨਾਦ ਵਜਾਈਆ। ਬ੍ਰਹਮ ਫੜਾਏ ਆਪੇ ਪੱਲਾ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਮੇਲ ਮਿਲਾਨਾ, ਬ੍ਰਹਮ ਆਪਣੇ ਰੰਗ ਰੰਗਾਇੰਦਾ। ਸਾਚਾ ਖੇਲ ਕਰੇ ਸ੍ਰੀ ਭਗਵਾਨਾ, ਭਗਵਨ ਆਪਣਾ ਰੂਪ ਧਰਾਇੰਦਾ। ਸਤਿ ਰਖਾਏ ਇਕ ਨਿਸ਼ਾਨਾ, ਨਾਮ ਨਿਸ਼ਾਨਾ ਹੱਥ ਉਠਾਇੰਦਾ। ਲੋਕਮਾਤ ਹੋ ਪਰਧਾਨਾ, ਡੰਕਾ ਡੌਰੂ ਆਪ ਵਜਾਇੰਦਾ। ਗੁਰਮੁਖ ਸਾਚਾ ਵੇਖੇ ਚਤੁਰ ਸੁਜਾਨਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਏਕਾ ਬਖ਼ਸ਼ੇ ਪਦ ਨਿਰਬਾਨਾ, ਨਿਰਭੈ ਆਪਣਾ ਮੇਲ ਮਿਲਾਇੰਦਾ। ਸਤਿ ਸਤਿਵਾਦੀ ਬੰਨ੍ਹੇ ਗਾਨਾ, ਜੁਗ ਜੁਗ ਸਾਚਾ ਸਗਨ ਮਨਾਇੰਦਾ। ਨਾਰੀ ਨਰ ਨਰਾਇਣ ਕੰਤ ਕਰੇ ਇਕ ਪਰਵਾਨਾ, ਧੁਰ ਫ਼ਰਮਾਨਾ ਸ਼ਬਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਆਪੇ ਕਰ, ਵਾਹ ਵਾ ਗੁਰ ਗੁਰ ਵੇਖ ਵਖਾਇੰਦਾ। ਗੁਰ ਪੇਖਤ ਗੁਰ ਭਏ ਨਿਹਾਲ, ਗੁਰ ਸੇਵਕ ਸੇਵ ਕਮਾਈਆ। ਗੁਰ ਸਾਹਿਬ ਗੁਰ ਦੀਨ ਦਿਆਲ, ਗੁਰ ਦੇਵੀ ਦੇਵ ਅਖਵਾਈਆ। ਗੁਰ ਕਾਲ ਗੁਰ ਮਹਾਕਾਲ, ਗੁਰ ਲੱਖ ਚੁਰਾਸੀ ਦਏ ਮੁਕਾਈਆ। ਗੁਰ ਮੰਦਰ ਗੁਰ ਧਰਮਸਾਲ, ਗੁਰ ਪੂਜਾ ਪਾਠ ਵਖਾਈਆ। ਗੁਰ ਸ਼ਾਹ ਗੁਰ ਕੰਗਾਲ, ਗੁਰ ਸ਼ਾਹ ਪਾਤਸ਼ਾਹ ਰੂਪ ਧਰਾਈਆ। ਗੁਰ ਠਗ ਗੁਰ ਦਲਾਲ, ਗੁਰ ਠੱਗੀ ਦਲਾਲੀ ਆਪ ਕਮਾਈਆ। ਗੁਰ ਅੱਗ ਗੁਰ ਦੀਪਕ ਜੋਤੀ ਦੇਵੇ ਬਾਲ, ਗੁਰ ਅਗਨੀ ਤੱਤ ਬੁਝਾਈਆ। ਗੁਰ ਅੰਮ੍ਰਿਤ ਗੁਰ ਵਿਖ ਆਪਣਾ ਰੂਪ ਦਏ ਵਖਾਲ, ਗੁਰਸਿਖ ਗੁਰ ਨਿਉਂ ਨਿਉਂ ਸੀਸ ਝੁਕਾਈਆ। ਗੁਰ ਤ੍ਰਿਸਨਾ ਗੁਰ ਭੁੱਖ, ਗੁਰ ਦਰ ਦਰ ਘਰ ਘਰ ਫੇਰੀ ਪਾਈਆ। ਗੁਰ ਸ਼ਬਦ ਗੁਰ ਲੇਖਾ ਲਿਖ, ਲਿਖਿਆ ਲੇਖਾ ਦਏ ਮਿਟਾਈਆ। ਗੁਰਮੁਖ ਵਿਰਲਾ ਗੁਰ ਗੁਰ ਲਏ ਪੇਖ, ਜਿਸ ਜਨ ਆਪਣਾ ਨੈਣ ਦਰਸਾਈਆ। ਜੀਵ ਜਗਤ ਜਨ ਜਾਣੇ ਭੇਖ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੁਰਸਿਖ ਗੁਰ ਮੰਦਰ ਬੈਠੇ ਏਕਾ ਧਾਮ ਸੁਹਾਈਆ।