੧੫ ਜੇਠ ੨੦੧੮ ਬਿਕ੍ਰਮੀ ਗਿਆਨ ਚੰਦ ਦੇ ਗ੍ਰਹਿ ਪਿੰਡ ਖੈਰਵਾਲਾ ਜੰਮੂ
ਸੋ ਪੁਰਖ ਨਿਰੰਜਣ ਅਗੰਮ ਅਪਾਰਾ, ਆਦਿ ਜੁਗਾਦਿ ਖੇਲ ਖਿਲਾਇੰਦਾ। ਨਿਰਗੁਣ ਜੋਤ ਨੂਰ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸਚਖੰਡ ਸੁਹਾਏ ਸਚ ਦਵਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਥਿਰ ਘਰ ਖੋਲ੍ਹ ਆਪ ਕਿਵਾੜਾ, ਆਪਣਾ ਰੂਪ ਆਪ ਪਰਗਟਾਇੰਦਾ। ਸੁੰਨ ਅਗੰਮੀ ਧੂੰਆਂਧਾਰ, ਰੂਪ ਅਨੂਪ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਬੰਧਾਇੰਦਾ। ਸੋ ਪੁਰਖ ਨਿਰੰਜਣ ਬੰਨ੍ਹੇ ਧਾਰ, ਮਹਿਮਾ ਗਣਤ ਗਣੀ ਨਾ ਜਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰ, ਏਕੰਕਾਰਾ ਰੂਪ ਵਟਾਈਆ। ਜੋਤ ਨਿਰੰਜਣ ਕਰ ਪਸਾਰ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਆਪ ਆਪਣਾ ਕਰ ਪਸਾਰ, ਅਨਭਵ ਆਪਣਾ ਰੂਪ ਧਰਾਈਆ। ਸ੍ਰੀ ਭਗਵਾਨਾ ਆਪੇ ਪਾਏ ਆਪਣੀ ਸਾਰ, ਪ੍ਰਿਤਪਾਲਕ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਅਕਾਲ ਕਲ ਪਸਾਰ, ਆਪ ਆਪਣਾ ਵੇਖ ਵਖਾਈਆ। ਸਚਖੰਡ ਦਵਾਰਾ ਕਰ ਤਿਆਰ, ਆਪਣੀ ਘਾੜਤ ਲਏ ਘੜਾਈਆ। ਛੱਪਰ ਛੰਨ ਨਾ ਕੋਇ ਪਸਾਰ, ਚਾਰ ਦੀਵਾਰ ਨਾ ਕੋਇ ਬਣਾਈਆ। ਨਿਰਗੁਣ ਜੋਤੀ ਕਰ ਉਜਿਆਰ, ਨੂਰ ਨੂਰ ਵਿਚ ਸਮਾਈਆ। ਆਪਣੀ ਇਛਿਆ ਭਰ ਭੰਡਾਰ, ਸਾਚੀ ਵਸਤ ਲਏ ਪਰਗਟਾਈਆ। ਸਚ ਸਿੰਘਾਸਣ ਕਰ ਤਿਆਰ, ਪਾਵਾ ਚੂਲ ਨਾ ਕੋਇ ਰਖਾਈਆ। ਪੁਰਖ ਅਬਿਨਾਸ਼ੀ ਆਪ ਰਖਾਏ ਠਾਂਡੇ ਦਰਬਾਰ, ਧੁਰ ਦਰਬਾਰਾ ਆਪ ਸੁਹਾਈਆ। ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਨਾਉਂ ਰਖਾਈਆ। ਹੁਕਮੀ ਹੁਕਮ ਕਰ ਵਰਤਾਰ, ਧੁਰ ਫ਼ਰਮਾਨਾ ਆਪ ਪਰਗਟਾਈਆ। ਨਿਰਗੁਣ ਨਿਰਗੁਣ ਬਣ ਜੋਤ ਸੇਵਾਦਾਰ, ਦਰ ਦਰਵੇਸ਼ ਸੇਵ ਕਮਾਈਆ । ਏਕਾ ਮੰਦਰ ਏਕਾ ਘਰ ਇਕ ਮਹੱਲ ਅਟਲ ਉਚ ਮੁਨਾਰ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਗੰਮੜਾ ਅਗੰਮੜੀ ਖੇਲ ਆਪ ਖਿਲਾਈਆ। ਖੇਲ ਅਗੰਮੜਾ ਹਰਿ ਨਿਰੰਕਾਰਾ, ਨਿਰਗੁਣ ਆਪਣਾ ਆਪ ਕਰਾਇੰਦਾ। ਅਜੂਨੀ ਰਹਿਤ ਹੋ ਉਜਿਆਰਾ, ਅਨਭਵ ਪਰਕਾਸ਼ ਆਪ ਧਰਾਇੰਦਾ। ਸਾਚੇ ਮੰਦਰ ਕਰ ਪਸਾਰਾ, ਸੋਭਾਵੰਤ ਆਪ ਸੁਹਾਇੰਦਾ। ਸ੍ਰੀ ਭਗਵੰਤ ਖੇਲ ਨਿਆਰਾ, ਦਿਸ ਕਿਸੇ ਨਾ ਆਇੰਦਾ। ਤਖ਼ਤ ਨਿਵਾਸੀ ਸਾਚੇ ਤਖ਼ਤ ਬਹੇ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਆਪਣਾ ਰੂਪ ਵਟਾਇੰਦਾ। ਸੀਸ ਜਗਦੀਸ ਤਾਜ ਅਪਾਰਾ, ਪੰਚਮ ਮੁਖ ਰੁਖ਼ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਕਰੇ ਖੇਲ ਸ੍ਰੀ ਭਗਵੰਤ, ਰੂਪ ਅਨੂਪ ਆਪ ਧਰਾਈਆ। ਵੇਸ ਵਟਾਏ ਨਾਰੀ ਕੰਤ, ਨਰ ਨਰਾਇਣ ਖੇਲ ਖਿਲਾਈਆ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਇ ਵਖਾਈਆ। ਆਦਿ ਬਣਾਏ ਆਪਣੀ ਬਣਤ, ਮਾਤ ਪਿਤ ਨਾ ਕੋਇ ਵਖਾਈਆ। ਆਪ ਜਣਾਏ ਆਪਣਾ ਮੰਤ, ਨਿਸ਼ਅੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮੜਾ ਰੂਪ ਧਰਾਈਆ। ਅਗੰਮ ਅਗੰਮੜਾ ਰੂਪ ਨਿਰੰਕਾਰਾ, ਨਿਰਗੁਣ ਆਪਣਾ ਆਪ ਧਰਾਇੰਦਾ। ਨਿਰਗੁਣ ਨਾਰੀ ਕੰਤ ਭਤਾਰਾ, ਨਿਰਗੁਣ ਸਾਚੀ ਸੇਜ ਹੰਢਾਇੰਦਾ। ਨਿਰਗੁਣ ਅੰਦਰ ਨਿਰਗੁਣ ਬਾਹਰਾ, ਨਿਰਗੁਣ ਗੁਪਤ ਨਿਰਗੁਣ ਜ਼ਾਹਰਾ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਨਿਰਗੁਣ ਪੂਤ ਸਪੂਤਾ ਸੁਤ ਦੁਲਾਰਾ, ਵਿਸ਼ਨ ਬ੍ਰਹਮਾ ਸ਼ਿਵ ਆਪ ਉਪਾਇੰਦਾ। ਨਿਰਗੁਣ ਸ਼ਬਦ ਨਾਦ ਧੁੰਨਕਾਰਾ, ਨਾਦ ਅਨਾਦੀ ਨਾਦ ਸੁਣਾਇੰਦਾ। ਨਿਰਗੁਣ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲਾਏ ਸਚ ਅਖਾੜਾ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਤ੍ਰੈ ਤ੍ਰੈ ਮੇਲਾ ਅਪਰ ਅਪਾਰਾ, ਪੰਚਮ ਜੋੜਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮੜਾ ਰੂਪ ਵਟਾਇੰਦਾ। ਰੂਪ ਅਗੰਮੜਾ ਖੇਲ ਸੰਸਾਰ, ਹਰਿ ਸਾਚਾ ਬਣਤ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਏਕਾ ਗੁਣ ਦਏ ਸਮਝਾਈਆ। ਤ੍ਰੈਗੁਣ ਮਾਇਆ ਦੇ ਭੰਡਾਰ, ਪੰਚਮ ਵਸਤ ਝੋਲੀ ਪਾਈਆ। ਆਪਣੀ ਕਿਰਪਾ ਕਰ ਆਕਾਰ, ਮਨ ਮਤ ਬੁਧ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਘੜ, ਏਕਾ ਤੱਤ ਦਏ ਸਮਝਾਈਆ। ਏਕਾ ਤੱਤ ਸ਼ਬਦ ਗਿਆਨ, ਵਿਸ਼ਨ ਬ੍ਰਹਮਾ ਸ਼ਿਵ ਹਰਿ ਜਣਾਇੰਦਾ। ਏਕਾ ਹਰਿ ਸ੍ਰੀ ਭਗਵਾਨ, ਦੂਸਰ ਅਵਰ ਨਾ ਕੋਇ ਰਖਾਇੰਦਾ। ਏਕਾ ਮੰਦਰ ਸਚ ਮਕਾਨ, ਸਚਖੰਡ ਦਵਾਰਾ ਆਪ ਸੁਹਾਇੰਦਾ। ਏਕਾ ਹੁਕਮ ਧੁਰ ਫ਼ਰਮਾਨ, ਸਚ ਸੰਦੇਸਾ ਆਪ ਅਲਾਇੰਦਾ। ਏਕਾ ਰਾਜਾ ਰਾਜ ਰਾਜਾਨ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ। ਏਕਾ ਬੈਠੇ ਤਖ਼ਤ ਤਖ਼ਤ ਨਿਵਾਸੀ ਹੋ ਮਿਹਰਵਾਨ, ਸਾਚਾ ਤਾਜ ਸੀਸ ਟਿਕਾਇੰਦਾ। ਏਕਾ ਲੱਖ ਚੁਰਾਸੀ ਬਣੇ ਕਾਹਨ, ਰੂਪ ਅਨੂਪ ਆਪ ਧਰਾਇੰਦਾ। ਏਕਾ ਰੂਪ ਹੋਏ ਰਾਮ, ਰਾਮ ਨਾਮ ਆਪਣਾ ਖੇਲ ਖਿਲਾਇੰਦਾ। ਏਕਾ ਅੰਮ੍ਰਿਤ ਦੇਵੇ ਜਾਮ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਲੱਖ ਚੁਰਾਸੀ ਰੂਪ ਧਰਾਇੰਦਾ। ਲੱਖ ਚੁਰਾਸੀ ਘਾੜਨ ਘੜਿਆ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਪੁਰਖ ਅਬਿਨਾਸ਼ੀ ਅੰਦਰ ਵੜਿਆ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਘਰ ਵਿਚ ਘਰ ਆਪੇ ਧਰਿਆ, ਵੇਖੇ ਦਿਸੇ ਨਾ ਕਿਸੇ ਲੋਕਾਈਆ। ਜੋਤੀ ਜਾਤਾ ਉਪਰ ਚੜ੍ਹਿਆ, ਆਉਂਦਾ ਜਾਂਦਾ ਦਿਸ ਨਾ ਆਈਆ। ਨਿਰਵੈਰ ਪੁਰਖ ਆਪਣੀ ਵਿਦਿਆ ਆਪੇ ਪੜ੍ਹਿਆ, ਏਕਾ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੀ ਖੇਲ ਖਿਲਾਈਆ। ਆਦਿ ਆਦਿ ਹਰਿ ਖੇਲ ਅਪਾਰਾ, ਤ੍ਰੈ ਤ੍ਰੈ ਮੇਲਾ ਮੇਲ ਮਿਲਾਇੰਦਾ। ਵਿਸ਼ਨੂੰ ਦੇਵੇ ਇਕ ਭੰਡਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਬ੍ਰਹਮਾ ਤੇਰਾ ਬ੍ਰਹਮ ਪਸਾਰਾ, ਲੱਖ ਚੁਰਾਸੀ ਜੀਵ ਵਖਾਇੰਦਾ। ਸ਼ੰਕਰ ਤੇਰਾ ਅੰਤ ਕਿਨਾਰਾ, ਜੋ ਘੜਿਆ ਭੰਨ ਵਖਾਇੰਦਾ। ਤਿੰਨਾਂ ਵਿਚੋਲਾ ਹਰਿ ਨਿਰੰਕਾਰਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਹਾਕਮ ਆਪਣਾ ਹੁਕਮ ਸੁਣਾਇੰਦਾ। ਰਾਤੀ ਰੁੱਤੀ ਸੁਹੰਤੀ ਵਾਰਾ, ਘੜੀ ਪਲ ਨਾ ਕੋਇ ਰਖਾਇੰਦਾ। ਸੂਰਜ ਚੰਨ ਨਾ ਕੋਈ ਸਿਤਾਰਾ, ਮੰਡਲ ਮੰਡਪ ਨਾ ਕੋਇ ਵਡਿਆਇੰਦਾ। ਜ਼ਿਮੀਂ ਅਸਮਾਨ ਨਾ ਕੋਇ ਪਸਾਰਾ, ਜੰਗਲ ਜੂਹ ਨਾ ਕੋਇ ਸੁਹਾਇੰਦਾ। ਸਿੰਧ ਸਾਗਰ ਨਾ ਕੋਇ ਕਿਨਾਰਾ, ਜਲ ਬਿੰਬ ਨਾ ਕੋਇ ਰਖਾਇੰਦਾ। ਆਦਿ ਪੁਰਖ ਇਕ ਇਕੱਲਾ ਸਚ ਮਹੱਲਾ ਬੈਠ ਨਿਰੰਕਾਰਾ, ਏਕਾ ਹੁਕਮੀ ਹੁਕਮ ਵਰਤਾਇੰਦਾ। ਜੋਤੀ ਨੂਰ ਨੂਰ ਉਜਿਆਰਾ, ਦੂਸਰ ਰੂਪ ਨਾ ਕੋਇ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਕਾਰਾ, ਆਪ ਸੁਣਾਏ ਸਾਚੀ ਧਾਰਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਬਾਣ ਆਪਣੇ ਹੱਥ ਰਖਾਇੰਦਾ। ਤ੍ਰੈ ਤ੍ਰੈ ਮੇਲਾ ਏਕਾ ਰੰਗ, ਸੋ ਪੁਰਖ ਨਿਰੰਜਣ ਆਪ ਰੰਗਾਈਆ। ਪਾਰਬ੍ਰਹਮ ਸੂਰਾ ਸਰਬੰਗ, ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹੀਆ। ਅਬਿਨਾਸ਼ੀ ਕਰਤਾ ਵਜਾਏ ਮਰਦੰਗ, ਏਕਾ ਢੋਲਾ ਰਿਹਾ ਸੁਣਾਈਆ। ਆਦਿ ਨਿਰੰਜਣ ਚਾੜ੍ਹੇ ਚੰਦ, ਨੂਰੋ ਨੂਰ ਨੂਰ ਰੁਸ਼ਨਾਈਆ। ਏਕੰਕਾਰਾ ਵਸੇ ਸੰਗ, ਵਿਛੜ ਕਦੇ ਨਾ ਜਾਈਆ। ਹਰਿ ਪੁਰਖ ਨਿਰੰਜਣ ਪੂਰੀ ਕਰੇ ਮੰਗ, ਭੰਡਾਰਾ ਅਤੋਟ ਅਤੁਟ ਵਰਤਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਸਚਖੰਡ, ਸਚਖੰਡ ਦਵਾਰੇ ਸੋਭਾ ਪਾਈਆ। ਪੁਰੀਆ ਲੋਆਂ ਦੇਵੇ ਇਕ ਅਨੰਦ, ਅਨੰਦ ਮੰਗਲ ਇਕ ਵਖਾਈਆ। ਇਕ ਸੁਣਾਏ ਸਾਚਾ ਛੰਦ, ਹੰ ਬ੍ਰਹਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਕਰ ਪਸਾਰਾ, ਆਪੇ ਵੇਖੇ ਵੇਖਣਹਾਰਾ, ਦੂਸਰ ਸੰਗ ਨਾ ਕੋਇ ਰਲਾਈਆ। ਲੱਖ ਚੁਰਾਸੀ ਕਰ ਤਿਆਰ, ਸੋ ਪੁਰਖ ਨਿਰੰਜਣ ਸਚ ਜਣਾਇੰਦਾ। ਆਪਣੀ ਘਾੜਤ ਘੜੇ ਅਪਾਰ, ਘੜਨਹਾਰਾ ਦਿਸ ਨਾ ਆਇੰਦਾ। ਵੰਡਣ ਵੰਡ ਵੰਡੇ ਨਿਰੰਕਾਰ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਬੰਧਨ ਪਾਇੰਦਾ। ਚਾਰੇ ਖਾਣੀ ਬੋਲ ਬੋਲ ਜੈਕਾਰ, ਧੁਰ ਦੀ ਬਾਣੀ ਆਪ ਸੁਣਾਇੰਦਾ। ਪਰਾ ਪਸੰਤੀ ਏਕਾ ਧਾਰ, ਮਧਮ ਬੈਖਰੀ ਭੇਵ ਖੁਲ੍ਹਾਇੰਦਾ। ਰਾਗੀ ਨਾਦੀ ਵਜਾਏ ਸਤਾਰ, ਅਨਹਦ ਆਪਣਾ ਤਾਲ ਰਖਾਇੰਦਾ। ਬੋਧ ਅਗਾਧੀ ਏਕਾ ਕਾਰ, ਨਿਸ਼ਅੱਖਰ ਆਪ ਪੜ੍ਹਾਇੰਦਾ। ਬ੍ਰਹਮਾ ਵੇਤਾ ਨਿਉਂ ਨਿਉਂ ਕਰੇ ਨਿਮਸਕਾਰ, ਦਰ ਆਏ ਸੀਸ ਝੁਕਾਇੰਦਾ। ਤੂੰ ਦਾਤਾ ਬੇਐਬ ਪਰਵਰਦਿਗਾਰ, ਤੇਰਾ ਭੇਵ ਕੋਇ ਨਾ ਪਾਇੰਦਾ। ਬਣ ਭਿਖਾਰੀ ਮੰਗਾਂ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹਿੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਵਸਤ ਅਮੋਲਕ ਝੋਲੀ ਪਾਇੰਦਾ। ਆਪਣਾ ਨੇਤਰ ਦਏ ਉਘਾੜ, ਨਿਜ ਨੇਤਰ ਆਪ ਖੁਲ੍ਹਾਇੰਦਾ। ਲੇਖ ਜਣਾਏ ਵੇਦ ਚਾਰ, ਚਾਰੇ ਵੇਦਾਂ ਵੰਡ ਵੰਡਾਇੰਦਾ। ਲੋਕਮਾਤ ਕਰ ਪਿਆਰ, ਸਾਚਾ ਹੁਕਮ ਆਪ ਸੁਣਾਇੰਦਾ। ਚਾਰੇ ਜੁਗ ਹੋਣ ਉਜਿਆਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਬੰਧਨ ਪਾਇੰਦਾ। ਚਾਰ ਵਰਨ ਹੋਏ ਪਰਧਾਨ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਤੇਰੀ ਗੋਦ ਸੁਹਾਇੰਦਾ। ਲੇਖਾ ਜਾਣੇ ਸ੍ਰੀ ਭਗਵਾਨ, ਦੂਸਰ ਹੱਥ ਨਾ ਕੋਇ ਰਖਾਇੰਦਾ। ਨਿਰਗੁਣ ਸਰਗੁਣ ਕਰੇ ਖੇਲ ਮਹਾਨ, ਜੋਤੀ ਜੋਤ ਜੋਤ ਜਗਾਇੰਦਾ। ਸ਼ਬਦ ਅਨਾਦੀ ਲੈ ਫ਼ਰਮਾਨ, ਵੇਸ ਅਨੇਕਾ ਆਪ ਵਟਾਇੰਦਾ। ਨਿਤ ਨਵਿਤ ਖੇਲੇ ਖੇਲ ਸ੍ਰੀ ਭਗਵਾਨ, ਖੇਲਣਹਾਰਾ ਆਪ ਅਖਵਾਇੰਦਾ। ਭਗਤਾਂ ਦੇਵੇ ਭਗਤੀ ਦਾਨ, ਸਾਚੀ ਸਿਖਿਆ ਆਪ ਸਮਝਾਇੰਦਾ। ਸੰਤਾਂ ਦੇਵੇ ਨਾਮ ਨਿਧਾਨ, ਨਾਮ ਅਮੋਲਾ ਝੋਲੀ ਪਾਇੰਦਾ। ਗੁਰਮੁਖਾਂ ਦੇਵੇ ਬ੍ਰਹਮ ਗਿਆਨ, ਆਪਣਾ ਭੇਵ ਖੁਲ੍ਹਾਇੰਦਾ। ਗੁਰਸਿਖਾਂ ਦੇਵੇ ਚਰਨ ਧੂੜ ਅਸ਼ਨਾਨ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਆਪਣਾ ਨਾਉਂ ਕਰ ਪਰਧਾਨ, ਲੋਕਮਾਤ ਆਪ ਉਪਾਇੰਦਾ। ਨੌਂ ਖੰਡ ਪ੍ਰਿਥਮੀ ਵਖਾਏ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਇੰਦਾ। ਸੱਤਾਂ ਦੀਪਾਂ ਪਾਏ ਆਣ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਛੱਤੀ ਰਾਗ ਗਾਏ ਗਾਣ, ਨਾਰਦ ਸੁਰਸਤੀ ਸੁਤ ਸੇਵਾ ਲਾਇੰਦਾ। ਆਪੇ ਬਣਿਆ ਰਹੇ ਬੇਪਹਿਚਾਣ, ਦਿਸ ਕਿਸੇ ਨਾ ਆਇੰਦਾ। ਜਿਸ ਜਨ ਕਿਰਪਾ ਕਰੇ ਹੋ ਮਿਹਰਵਾਨ, ਤਿਸ ਆਪਣਾ ਪਰਦਾ ਲਾਹਿੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਭੰਡਾਰ ਅਤੋਟ ਅਤੁਟ ਵਰਤਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਝੁਲਦਾ ਰਹੇ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸੇਵਾ ਲਾਏ ਗੁਰ ਅਵਤਾਰ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਸਤਿਜੁਗ ਬੰਨ੍ਹੇ ਸਾਚੀ ਧਾਰ, ਦਸ ਅੱਠ ਵੇਸ ਵਟਾਇੰਦਾ। ਤ੍ਰੇਤਾ ਤੇਰਾ ਪਾਰ ਕਿਨਾਰ, ਤ੍ਰੈਗੁਣ ਅਤੀਤਾ ਆਪ ਕਰਾਇੰਦਾ। ਰਾਮ ਸੀਤਾ ਖੇਲ ਨਿਆਰ, ਰੂਪ ਅਨੂਪ ਆਪ ਵਟਾਇੰਦਾ। ਲੰਕਾ ਤੋੜ ਗੜ੍ਹ ਹੰਕਾਰ, ਜੂਠਾ ਝੂਠਾ ਖੇਲ ਮਿਟਾਇੰਦਾ। ਰਾਵਨ ਦਹਿਸਰ ਕਰ ਸੰਘਾਰ, ਸ਼ਾਹ ਭਬੀਖਨ ਆਪ ਉਠਾਇੰਦਾ। ਏਕਾ ਬਖ਼ਸ਼ੇ ਚਰਨ ਧੂੜੀ ਛਾਰ, ਮਸਤਕ ਟਿੱਕਾ ਆਪ ਲਗਾਇੰਦਾ। ਗ਼ਰੀਬ ਨਿਮਾਣੇ ਲਏ ਉਭਾਰ, ਕੁੱਲੀ ਕੱਖਾਂ ਫੇਰਾ ਪਾਇੰਦਾ। ਜਗਤ ਨਿਤਾਣੇ ਲਏ ਤਾਰ, ਆਪ ਆਪਣੇ ਗਲੇ ਲਗਾਇੰਦਾ। ਭੋਗ ਲਗਾਏ ਸੱਚੀ ਸਰਕਾਰ, ਜੂਠੇ ਸੁੱਚੇ ਰੂਪ ਵਟਾਇੰਦਾ। ਕਰੇ ਖੇਲ ਵਿਚ ਸੰਸਾਰ, ਅਛਲ ਅਛੱਲ ਆਪਣਾ ਰੂਪ ਧਰਾਇੰਦਾ। ਰੂਪ ਅਨੂਪਾ ਹਰਿ ਨਿਰੰਕਾਰ, ਜੁਗ ਜੁਗ ਆਪਣਾ ਨਾਉਂ ਵਟਾਇੰਦਾ। ਲੇਖਾ ਜਾਣੇ ਦੋਏ ਦੋਏ ਧਾਰ, ਛੱਤ੍ਰੀ ਬ੍ਰਹਿਮਣ ਰੰਗ ਰੰਗਾਇੰਦਾ। ਦੋਏ ਦੋਏ ਵੇਖੇ ਏਕਾ ਕਾਰ, ਕਰਤਾ ਕਰਨੀ ਆਪ ਕਮਾਇੰਦਾ। ਵੇਦ ਵਿਆਸਾ ਕਰ ਉਜਿਆਰ, ਕਵਾਰੀ ਕੰਨਿਆ ਭਾਗ ਲਗਾਇੰਦਾ। ਏਕਾ ਹੁਕਮ ਦੇਵੇ ਸਰਕਾਰ, ਸ਼ਾਹ ਪਾਤਸ਼ਾਹ ਭੇਵ ਚੁਕਾਇੰਦਾ। ਦਸ ਅਠ ਖੋਲ੍ਹ ਕਿਵਾੜ, ਇਕ ਧਿਆਨ ਲਗਾਇੰਦਾ। ਪੁਰਾਨ ਅਠਾਰਾਂ ਕਰ ਵਿਚਾਰ, ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮਾ ਸ਼ਿਵ ਹੁਕਮ ਸੁਣਾਇੰਦਾ। ਬ੍ਰਹਮਾ ਤੇਰਾ ਬ੍ਰਹਮ ਗਿਆਨ, ਪਾਰਬ੍ਰਹਮ ਦਏ ਦਰਸਾਈਆ। ਤੇਰਾ ਰੂਪ ਵਿਚ ਜਹਾਨ, ਲੱਖ ਚੁਰਾਸੀ ਦਏ ਪਰਗਟਾਈਆ। ਤੇਰਾ ਮੰਦਰ ਪੰਜ ਮਕਾਨ, ਤ੍ਰੈਗੁਣ ਤਰੰਗਾ ਦਏ ਝੁਲਾਈਆ। ਏਕਾ ਦੇਵੇ ਧੁਰ ਫ਼ਰਮਾਨ, ਸਚ ਸੰਦੇਸਾ ਆਪ ਜਣਾਈਆ। ਸਰਬ ਜੀਆਂ ਦਾ ਏਕਾ ਰਾਮ, ਪੁਰਖ ਅਬਿਨਾਸ਼ੀ ਇਕ ਅਖਵਾਈਆ। ਏਕਾ ਨਗਰ ਖੇੜਾ ਗਰਾਮ, ਏਕਾ ਮੰਦਰ ਦਏ ਵਡਿਆਈਆ। ਏਕਾ ਰਵ ਸਸ ਭਾਨ, ਏਕਾ ਕਿਰਨ ਨੂਰ ਰੁਸ਼ਨਾਈਆ। ਫਿਰ ਏਕਾ ਦੇਵਣਹਾਰਾ ਜੀਆ ਦਾਨ, ਜੀਵਣ ਜੁਗਤ ਆਪਣੇ ਹੱਥ ਰਖਾਈਆ। ਏਕਾ ਪਰਗਟ ਹੋਵੇ ਸਾਚਾ ਕਾਹਨ, ਏਕਾ ਬੰਸਰੀ ਨਾਮ ਵਜਾਈਆ। ਏਕਾ ਗਵਾਲਾ ਬਣੇ ਘਨਈਆ ਸ਼ਾਮ, ਏਕਾ ਬਨ ਬਨ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਵਖਾਈਆ। ਜੁਗ ਜੁਗ ਧਾਰ ਹਰਿ ਨਿਰੰਕਾਰਾ, ਵਿਸ਼ਨ ਭੇਵ ਖੁਲ੍ਹਾਇੰਦਾ। ਵਿਸ਼ਵ ਰੂਪ ਸਰਬ ਸੰਸਾਰਾ, ਤੇਰੀ ਗੋਦ ਬਹਾਇੰਦਾ। ਤੇਰਾ ਰਿਜ਼ਕ ਜਗਤ ਭੰਡਾਰਾ, ਲੱਖ ਚੁਰਾਸੀ ਝੋਲੀ ਪਾਇੰਦਾ। ਘਰ ਘਰ ਵੇਤਾ ਕਰ ਪਿਆਰਾ, ਸਾਚੀ ਸੇਵਾ ਆਪ ਸਮਝਾਇੰਦਾ। ਜੁਗ ਜੁਗ ਆਵੇ ਵਾਰੋ ਵਾਰਾ, ਲੋਕਮਾਤ ਵੇਸ ਵਟਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਘਟ ਘਟ ਅੰਦਰ ਫੋਲ ਫੋਲਾਇੰਦਾ। ਲੇਖਾ ਜਾਣਾ ਪੁਰਖ ਨਾਰਾ, ਪੁਰਖ ਪੁਰਖੋਤਮ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਸ਼ੰਕਰ ਧਾਰ, ਹਰਿ ਹਰਿ ਆਪ ਜਣਾਈਆ। ਕਾਹਨਾ ਕ੍ਰਿਸ਼ਨਾ ਹੋ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਵੇਖ ਵਖਾਈਆ। ਤਿੰਨਾਂ ਸੰਦੇਸਾ ਏਕਾ ਵਾਰ, ਏਕਾ ਘਰ ਪੁਚਾਈਆ । ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਹਰਿ ਕਾ ਨਾਮ ਨਾ ਕੋਇ ਧਿਆਈਆ। ਘਰ ਘਰ ਹੋਇਆ ਗੜ੍ਹ ਹੰਕਾਰ, ਹਉਮੇ ਹੰਗਤਾ ਜ਼ੋਰ ਵਧਾਈਆ। ਸ਼ਾਹ ਸੁਲਤਾਨ ਗ਼ਰੀਬ ਨਿਮਾਣਿਆਂ ਮਾਰਨ ਮਾਰ, ਸਿਰ ਹੱਥ ਨਾ ਕੋਇ ਰਖਾਈਆ। ਪੰਚਮ ਰੋਵਣ ਜ਼ਾਰੋ ਜ਼ਾਰ, ਮੁਕਟ ਬੈਣ ਤੇਰੇ ਅੱਗੇ ਸੀਸ ਝੁਕਾਈਆ। ਬਿਦਰ ਸੁਦਾਮਾ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਧਰਨੀ ਦਏ ਨਾ ਕੋਇ ਅਧਾਰ, ਹੌਲਾ ਭਾਰ ਨਾ ਕੋਇ ਕਰਾਈਆ। ਕਰ ਕਿਰਪਾ ਏਕਾ ਵਾਰ, ਤੇਰੇ ਹੱਥ ਸਰਬ ਵਡਿਆਈਆ। ਸੋਲਾਂ ਇਛਿਆ ਤੇਰੀ ਕਾਰ, ਸੋਲਾਂ ਕਲ ਤੇਰੀ ਰੁਸ਼ਨਾਈਆ। ਚੌਦਾਂ ਲੋਕ ਤੇਰਾ ਅਧਾਰ, ਤ੍ਰੈਭਵਣ ਧਨੀ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਸ਼ਟ ਹੰਕਾਰੀ ਦਏ ਖਪਾਈਆ। ਦੁਸ਼ਟ ਹੰਕਾਰੀ ਮੁਕਿਆ ਪੰਧ, ਸੋ ਪੁਰਖ ਨਿਰੰਜਣ ਆਪ ਮੁਕਾਇਆ। ਕਰਿਆ ਖੇਲ ਸੂਰੇ ਸਰਬੰਗ, ਰੂਪ ਅਨੂਪ ਆਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਗ ਕਰਤਾ ਖੇਲ ਖਿਲਾਇਆ। ਜਗ ਕਰਤਾ ਖੇਲ ਖਿਲਾਇੰਦਾ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਅੰਤਮ ਰੂਪ ਵਟਾਇੰਦਾ, ਲੋਕਮਾਤ ਜਨਮ ਦਵਾਈਆ। ਜੂਠ ਝੂਠ ਨਾਲ ਲਿਆਇੰਦਾ, ਮਾਇਆ ਮਮਤਾ ਕਰ ਕੁੜਮਾਈਆ। ਏਕਾ ਮੰਗਣ ਮੰਗ ਮੰਗਾਇੰਦਾ, ਢਹਿ ਪਿਆ ਹਰਿ ਸ਼ਰਨਾਈਆ। ਮੇਰਾ ਲੇਖਾ ਵੇਦ ਵਿਆਸ ਲਿਖਾਇੰਦਾ, ਚਾਰ ਲੱਖ ਬੱਤੀ ਹਜ਼ਾਰ ਸਾਲ ਗਣਾਈਆ। ਮੈਂ ਦੁੱਖ ਨਾ ਮਾਤ ਉਠਾਇੰਦਾ, ਤੇਰਾ ਵਿਛੋੜਾ ਝੱਲਿਆ ਨਾ ਜਾਈਆ। ਮੈਂ ਏਕਾ ਸੁਖ ਰਖਾਇੰਦਾ, ਨੇਤਰ ਨੈਣਾਂ ਤੇਰਾ ਦਰਸਨ ਪਾਈਆ। ਮੈਂ ਉਠ ਉਠ ਰਾਹ ਤਕਾਇੰਦਾ, ਕਿਰਪਾ ਕਰੇ ਮੇਰਾ ਮਾਹੀਆ। ਮੈਂ ਢੋਲਾ ਤੇਰਾ ਗਾਇੰਦਾ, ਭੁਲ ਕਦੇ ਨਾ ਜਾਈਆ। ਤੇਰਾ ਰੂਪ ਵਿਚੋਲਾ ਵਿਚ ਰਖਾਇੰਦਾ, ਮੇਰਾ ਫੰਦ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਪੁਰਖ ਅਬਿਨਾਸ਼ੀ ਦਿਸੇ ਵਿਚੋਲਾ, ਕਲਜੁਗ ਆਪ ਜਣਾਇਆ। ਤੇਰਾ ਸੰਗ ਨਿਭਾਏ ਬਣ ਕੇ ਮੌਲਾ, ਮੌਲਾ ਰੂਪ ਵਟਾਇਆ। ਪਰਗਟ ਹੋਏ ਉਪਰ ਧੌਲਾ, ਧਰਨੀ ਧਵਲ ਦਏ ਸੁਹਾਇਆ। ਈਸਾ ਮੂਸਾ ਪਾਏ ਚੋਲਾ, ਆਪ ਆਪਣਾ ਰੰਗ ਰੰਗਾਇਆ। ਤੇਰੇ ਅੰਧੇਰੇ ਵਿਚੋਂ ਕੱਢੇ ਮੁਹੰਮਦ ਕਰ ਕਰ ਉਹਲਾ, ਆਪਣਾ ਪਰਦਾ ਦਏ ਉਠਾਇਆ। ਪੁਰਖ ਅਕਾਲ ਬਣੇ ਤੋਲਾ, ਸਾਚਾ ਕੰਡਾ ਇਕ ਵਖਾਇਆ। ਏਕਾ ਬੋਲੇ ਸਾਚਾ ਬੋਲਾ, ਨਾਅਰਾ ਹੱਕ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਾਚੇ ਦਏ ਸਮਝਾਇਆ। ਕਲਜੁਗ ਸੇਜ ਹਰਿ ਸੁਹਾਇਆ, ਭੁਲ ਰਹੇ ਨਾ ਰਾਈਆ। ਤੇਰਾ ਵਿਚੋਲਾ ਆਪ ਬਣਾਇਆ, ਮੁਹੰਮਦ ਸੰਗ ਸੰਗ ਨਿਭਾਈਆ। ਕਲਜੁਗ ਢੋਲਾ ਦਏ ਸੁਹਾਇਆ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਭਾਰ ਲਏ ਵੰਡਾਈਆ। ਤੇਰਾ ਕਰੇ ਹੌਲਾ ਭਾਰ, ਦੂਰ ਦੁਰਾਡਾ ਪੰਧ ਮੁਕਾਈਆ। ਐਨਲਹੱਕ ਬੋਲ ਜੈਕਾਰ, ਮੁਕਾਮੇ ਹੱਕ ਦਏ ਸੁਣਾਈਆ। ਜਲਵਾ ਨੂਰ ਕਰ ਉਜਿਆਰ, ਨੂਰ ਅਲਾਹੀ ਆਪ ਅਖਵਾਈਆ। ਕੋਹਤੂਰ ਸੁਣੇ ਪੁਕਾਰ, ਆਪਣਾ ਭੇਵ ਆਪ ਚੁਕਾਈਆ। ਆਪੇ ਕਰੇ ਸਚ ਗੁਫ਼ਤਾਰ, ਗੁਫ਼ਤਮ ਆਪਣਾ ਰੂਪ ਧਰਾਈਆ। ਮੁਹੰਮਦ ਖੋਲ੍ਹੇ ਆਪ ਕਿਵਾੜ, ਅਹਿਮਦ ਕਰੇ ਆਪ ਰਸਾਈਆ। ਏਕਾ ਇਛਿਆ ਬਣਾਏ ਨਾਰ, ਨਾਰ ਸੁਹਾਗਣ ਕਰ ਕੁੜਮਾਈਆ। ਅੱਲਾ ਰਾਣੀ ਕਰ ਮੁਟਿਆਰ, ਸੰਗ ਮੁਹੰਮਦ ਦਏ ਪਰਨਾਈਆ। ਦੋਹਾਂ ਮੇਲਾ ਕਰ ਵਿਚ ਸੰਸਾਰ, ਉਮਤ ਉਮਤੀ ਵੇਸ ਵਟਾਈਆ। ਨਬੀ ਰਸੂਲਾਂ ਕਰੇ ਖ਼ਬਰਦਾਰ, ਮੁੱਲਾਂ ਸ਼ੇਖ਼ ਮਸਾਇਕ ਲਏ ਜਗਾਈਆ। ਦੇਵੇ ਹੁਕਮ ਸੱਚੀ ਸਰਕਾਰ, ਚੌਦਾਂ ਚੌਦਾਂ ਕੁੰਡਾ ਲਾਹੀਆ। ਚੌਦਾਂ ਤਬਕ ਖੇਲ ਨਿਆਰ, ਚੌਦਾਂ ਸਦੀਆਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਪੰਧ ਦਏ ਮੁਕਾਈਆ। ਕਲਜੁਗ ਤੇਰਾ ਪੰਧ ਮੁਕਾਉਣਾ, ਲੱਖ ਚਾਰ ਰਹਿਣ ਨਾ ਪਾਈਆ। ਵਰਨਾਂ ਬਰਨਾਂ ਭੇੜ ਭੜਾਉਣਾ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਆਸਾ ਤ੍ਰਿਸਨਾ ਨਾਚ ਨਚਾਉਣਾ, ਹਉਮੇ ਹੰਗਤਾ ਕਰੇ ਖਵਾਰੀਆ। ਉਚਾਂ ਨੀਚਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਝਗੜਾ ਪਾਉਣਾ, ਸਚ ਸਲਾਹ ਨਾ ਕੋਇ ਵਖਾਈਆ। ਹਿੰਦੂ ਮੁਸਲਿਮ ਫੜ ਫੜਾਉਣਾ, ਖ਼ਾਲਕ ਖ਼ਲਕ ਵੇਖੇ ਬੇਪਰਵਾਹੀਆ। ਕਲਮਾ ਅਮਾਮ ਆਪ ਸੁਣਾਉਣਾ, ਕਲਾਮ ਅਲਾਹੀ ਕਰ ਰੁਸ਼ਨਾਈਆ। ਮੱਕਾ ਕਾਅਬਾ ਫੇਰਾ ਪਾਉਣਾ, ਦੋ ਦੋ ਆਬਾ ਜੋੜ ਜੁੜਾਈਆ। ਕ਼ੁਦਰਤ ਕ਼ਾਦਰ ਖੇਲ ਖਿਲਾਉਣਾ, ਮਖ਼ਲੂਕ ਆਪਣੇ ਧੰਦੇ ਲਾਈਆ। ਸਚ ਈਮਾਨ ਨਾ ਕਿਸੇ ਜਣਾਉਣਾ, ਇਲਮ ਆਲਮ ਨਾ ਕੋਇ ਪੜ੍ਹਾਈਆ। ਤੁਲਬਾ ਤਾਲਬ ਸਰਬ ਵਖਾਉਣਾ, ਤਾਲੀਮ ਤਾਜ਼ੀਮ ਨਾ ਕੋਇ ਜਣਾਈਆ। ਦੂਈ ਦਵੈਤੀ ਘਰ ਵਸਾਉਣਾ, ਸਾਂਤਕ ਸਤਿ ਨਾ ਕੋਇ ਕਰਾਈਆ। ਨਿਰਗੁਣ ਸਰਗੁਣ ਰੂਪ ਵਟਾਉਣਾ, ਲੋਕਮਾਤ ਕਰ ਰੁਸ਼ਨਾਈਆ। ਪੰਜ ਤੱਤ ਚੋਲਾ ਆਪ ਹੰਢਾਉਣਾ, ਨਾਨਕ ਨਾਮ ਧਰਾਈਆ। ਸਾਚਾ ਮੰਤਰ ਨਾਮ ਦ੍ਰਿੜਾਉਣਾ, ਨਾਮ ਸਤਿ ਕਰੇ ਪੜ੍ਹਾਈਆ। ਸੋਹੰ ਢੋਲਾ ਆ ਆ ਗਾਉਣਾ, ਮਿਲਿਆ ਬੇਪਰਵਾਹੀਆ। ਹਿੰਦੂ ਮੁਸਲਿਮ ਏਕਾ ਰੰਗ ਰੰਗਾਉਣਾ, ਏਕਾ ਅਲਿਫ਼ ਨੂਰ ਦਰਸਾਈਆ। ਘਟ ਘਟ ਅੰਦਰ ਮੱਕਾ ਕਾਅਬਾ ਨਜ਼ਰੀ ਆਉਣਾ, ਸਾਚਾ ਹੁਜ਼ਰਾ ਦਏ ਜਣਾਈਆ। ਬਾਂਗ ਸਦਾ ਇਕ ਸੁਣਾਉਣਾ, ਘਰ ਮੰਦਰ ਨਾਦ ਵਜਾਈਆ। ਭਰਮ ਭੁਲੇਖਾ ਦੂਰ ਕਢਾਉਣਾ, ਸ਼ਾਹ ਪਾਤਸ਼ਾਹ ਨਾ ਚਲੇ ਕੋਇ ਚਤੁਰਾਈਆ। ਚਾਰੇ ਕੁੰਟਾਂ ਫੇਰਾ ਪਾਉਣਾ, ਚਾਰੇ ਵਰਨ ਕਰੇ ਜਣਾਈਆ। ਪੁਰਖ ਅਬਿਨਾਸ਼ੀ ਇਕ ਮਨਾਉਣਾ, ਸੀਸ ਜਗਦੀਸ ਝੁਕਾਈਆ। ਅੰਤਮ ਢੋਲਾ ਇਕ ਸੁਣਾਉਣਾ, ਸ੍ਰਿਸ਼ਟ ਸਬਾਈ ਆਪੇ ਗਾਈਆ। ਕਲਜੁੁਗ ਵੇਲਾ ਅੰਤਮ ਆਉਣਾ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਨਿਹਕਲੰਕਾ ਜਾਮਾ ਪਾਉਣਾ, ਮਾਤ ਪਿਤ ਨਾ ਕੋਇ ਭੈਣ ਭਾਈਆ। ਸਾਚੇ ਮੰਦਰ ਚਰਨ ਟਿਕਾਉਣਾ, ਹਰਿ ਕਾ ਮੰਦਰ ਨਜ਼ਰ ਕਿਸੇ ਨਾ ਆਈਆ। ਗੁਰਮੁਖ ਸਾਚੇ ਮੇਲ ਮਿਲਾਉਣਾ, ਹਰਿ ਭਗਤਾਂ ਦਏ ਵਡਿਆਈਆ। ਚਾਰ ਵਰਨਾਂ ਏਕਾ ਰੰਗ ਰੰਗਾਉਣਾ, ਊਚ ਨੀਚ ਨਾ ਕੋਇ ਰਖਾਈਆ। ਆਤਮ ਬ੍ਰਹਮ ਸਰਬ ਦ੍ਰਿੜਾਉਣਾ, ਈਸ਼ ਜੀਵ ਮੇਲ ਮਿਲਾਈਆ। ਨਿਹਕਰਮੀ ਆਪਣਾ ਕਰਮ ਕਮੌਣਾ, ਕਰਮ ਕਾਂਡ ਦਏ ਗਵਾਈਆ। ਸਾਚਾ ਧਰਮ ਇਕ ਰਖੌਣਾ, ਨੌਂ ਖੰਡ ਪ੍ਰਿਥਮੀ ਕਰ ਰੁਸ਼ਨਾਈਆ। ਆਪਣਾ ਢੋਲਾ ਆਪੇ ਗੌਣਾ, ਨਾ ਪਿਛਲੀ ਕੋਈ ਪੜ੍ਹਾਈਆ। ਸਭ ਦਾ ਦਾਤਾ ਆਪ ਅਖਵੌਣਾ, ਘਰ ਘਰ ਦੇਵੇ ਰਿਜ਼ਕ ਸਬਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠੌਣਾ, ਸੋਇਆ ਕੋਇ ਰਹਿਣ ਨਾ ਪਾਈਆ। ਏਕਾ ਲੇਖਾ ਦਰ ਵਖੌਣਾ, ਲੇਖਾ ਲੇਖ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਹਰਿ ਖੇਲ ਕਰ, ਆਪਣੀ ਕ਼ੁਦਰਤ ਵੇਖ ਵਖਾਈਆ। ਕ਼ੁਦਰਤ ਵੇਖੇ ਹਰਿ ਹਰਿ ਕ਼ਾਦਰ, ਕਰੀਮ ਆਪਣਾ ਨਾਮ ਧਰਾਇੰਦਾ। ਰਾਗ ਸੁਣਾਏ ਏਕਾ ਦਾਦਰ, ਹਜ਼ਾਰਾ ਦਰੂਦ ਪੜ੍ਹਾਇੰਦਾ। ਜੰਤਾਂ ਜੀਵਾਂ ਵੇਖੇ ਮਾਦਰ, ਲੱਖ ਚੁਰਾਸੀ ਫੋਲ ਫੋਲਾਇੰਦਾ। ਆਪ ਉਠਾਏ ਸੁਤ ਤੇਗ਼ ਬਹਾਦਰ, ਗੁਜਰੀ ਕੁੱਖ ਆਪ ਸੁਹਾਇੰਦਾ। ਦਰਗਹਿ ਦੇਵੇ ਸਾਚਾ ਆਦਰ, ਪੁਰਖ ਅਕਾਲ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਕਲਜੁਗ ਖੇਲ ਹਰਿ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਜੁਗ ਜੁਗ ਵੇਸ ਵਟਾਇੰਦਾ। ਸਚ ਸੰਦੇਸ ਗੁਰ ਅਵਤਾਰਾਂ ਘੱਲਾ, ਲੋਕਮਾਤ ਅਲਾਇੰਦਾ। ਨਿਰਗੁਣ ਸਰਗੁਣ ਫੜਾਏ ਪੱਲਾ, ਏਕਾ ਬੰਧਨ ਨਾਮ ਪਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਮਹੱਲ ਅਟਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਆਪਣਾ ਰੂਪ ਧਰਾਇੰਦਾ। ਆਦਿ ਜੁਗਾਦਿ ਹਰਿ ਹਰਿ ਨਰਾਇਣ, ਨਿਰਗੁਣ ਆਪਣਾ ਖੇਲ ਖਿਲਾਈਆ। ਦੋ ਜਹਾਨ ਵੇਖੇ ਆਪਣੇ ਨੈਣ, ਨੇਤਰ ਲੋਚਨ ਆਪ ਖੁਲ੍ਹਾਈਆ। ਜਨ ਭਗਤਾਂ ਚੁਕਾਏ ਲੈਣ ਦੇਣ, ਜੁਗਾ ਜੁਗੰਤਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਬਣਤ ਆਪ ਬਣਾਈਆ। ਆਦਿ ਪੁਰਖ ਹਰਿ ਖੇਲ ਖਿਲਾਇਆ, ਖੇਲਣਹਾਰ ਦਿਸ ਨਾ ਆਇੰਦਾ। ਜੋਧਾ ਸੂਰਾ ਇਕ ਜਗਾਇਆ, ਸੂਰਬੀਰ ਨਾਉਂ ਧਰਾਇੰਦਾ। ਜੋਤੀ ਨੂਰ ਡਗਮਗਾਇਆ, ਦੀਵਾ ਬਾਤੀ ਨਾ ਕੋਈ ਰਖਾਇੰਦਾ। ਏਕਾ ਅੱਖਰ ਪੜ੍ਹਕੇ ਆਇਆ, ਲੱਖ ਚੁਰਾਸੀ ਆਪ ਪੜ੍ਹਾਇੰਦਾ। ਸਾਚੇ ਪੌੜੇ ਚੜ੍ਹਕੇ ਆਇਆ, ਜੀਵਾਂ ਜੰਤਾਂ ਆਪ ਚੜ੍ਹਾਇੰਦਾ। ਮਾਤ ਪਿਤਾ ਏਕਾ ਮੰਨ ਕੇ ਆਇਆ, ਪੁਰਖ ਅਕਾਲ ਪਿਤਾ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਆਪ ਰੰਗਾਇੰਦਾ। ਹਰਿ ਰੰਗ ਗੋਬਿੰਦ ਪਿਆਰ, ਗੋਬਿੰਦ ਨਗਰੀ ਆਪ ਚੜ੍ਹਾਈਆ। ਗੋਬਿੰਦ ਮੇਲਾ ਏਕੰਕਾਰ, ਓਅੰਕਾਰ ਵੇਖ ਵਖਾਈਆ। ਸਚ ਸਨੇਹੁੜਾ ਮਿੱਤਰ ਪਿਆਰ, ਸੱਥਰ ਸੂਲਾਂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਸਚ ਸੰਦੇਸਾ ਇਕ ਸੁਣਾਇਆ, ਗੋਬਿੰਦ ਆਪਣਾ ਰਾਗ ਅਲਾਈਆ। ਤੇਰਾ ਲੇਖਾ ਰਹੇ ਨਾ ਰਾਇਆ, ਬੰਸ ਸਰਬੰਸਾ ਭੇਟ ਚੜ੍ਹਾਈਆ। ਮੈਂ ਨੇਤਰ ਪੇਖ ਤੇਰਾ ਦਰਸ਼ਨ ਪਾਇਆ, ਤੇਰੇ ਦਰ ਵੱਜੇ ਵਧਾਈਆ। ਚਾਰੇ ਜੁਗ ਤੇਰੀ ਗੋਦ ਬਹਾਇਆ, ਚਾਰੇ ਸੁਤ ਲਏ ਪਰਗਟਾਈਆ। ਤੇਰਾ ਨਾਮ ਓੜਣ ਪਰਦਾ ਇਕ ਰਖਾਇਆ, ਦੋ ਜਹਾਨ ਉਤਰ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਕਵਣ ਘਰ ਵੱਜੇ ਵਧਾਈਆ। ਹਰਿ ਸੰਦੇਸਾ ਸਚ ਜਣਾਇੰਦਾ, ਪੁਰਖ ਅਗੰਮੜਾ ਆਪੇ ਬੋਲ। ਕਲਜੁਗ ਵੇਲਾ ਅੰਤ ਵਖਾਇੰਦਾ, ਏਕਾ ਢਈਆ ਤੋਲੇ ਤੋਲ। ਤੇਰਾ ਨਗਰ ਆਪ ਸੁਹਾਇੰਦਾ, ਸਦ ਵਸੇ ਤੇਰੇ ਕੋਲ। ਸਾਢੇ ਤਿੰਨ ਹੱਥ ਤੇਰੀ ਬਣਤ ਬਣਾਇੰਦਾ, ਸੰਬਲ ਦਵਾਰੇ ਜਾਏ ਮੌਲ। ਜਗਤ ਅਡੰਬਰ ਵੇਖ ਵਖਾਇੰਦਾ, ਅੰਤ ਕੀਤਾ ਪੂਰਾ ਕਰੇ ਕੌਲ। ਲੱਖ ਚੁਰਾਸੀ ਸਵੰਬਰ ਆਪ ਰਚਾਇੰਦਾ, ਲੱਗੇ ਅਖਾੜਾ ਉਪਰ ਧੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਇਕ ਅਨਮੋਲ। ਖੇਲ ਅਨਮੋਲਾ ਹਰਿ ਕਰੌਣਾ, ਕਲਜੁਗ ਅੰਤਮ ਦਏ ਸਮਝਾਈਆ । ਗੋਬਿੰਦ ਤੇਰਾ ਰੂਪ ਵਟੌਣਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਤੇਰਾ ਨਾਮ ਮਰਦੰਗ ਵਜੌਣਾ, ਸੁਣੇ ਸਰਬ ਲੋਕਾਈਆ। ਰਾਮਾ ਕ੍ਰਿਸ਼ਨਾ ਸੰਗ ਨਿਭੌਣਾ, ਵਿਛੜ ਕਦੇ ਨਾ ਜਾਈਆ। ਈਸਾ ਮੂਸਾ ਦਰ ਮੰਗੌਣਾ, ਸੰਗ ਮੁਹੰਮਦ ਚਾਰ ਯਾਰ ਲੇਖਾ ਕੋਇ ਰਹਿਣ ਨਾ ਪਾਈਆ। ਤੇਈ ਅਵਤਾਰਾਂ ਹੁਕਮ ਸੁਣੌਣਾ, ਹੁਕਮੀ ਹੁਕਮ ਕਰੇ ਜਣਾਈਆ। ਏਕਾ ਜੋਤੀ ਦਸ ਦਸ ਰੂਪ ਦਸੌਣਾ, ਪੰਜ ਤੱਤ ਕਾਇਆ ਚੋਲਾ ਜਗਤ ਹੰਢਾਈਆ। ਅੰਤਮ ਆਪਣਾ ਮੇਲ ਮਿਲੌਣਾ, ਲੇਖਾ ਕੋਇ ਰਹਿਣ ਨਾ ਪਾਈਆ। ਸਚਖੰਡ ਦਵਾਰਾ ਲੋਕਮਾਤ ਪਰਗਟੌਣਾ, ਸੰਬਲ ਵੱਜੇ ਸਚ ਵਧਾਈਆ। ਪੁਰਖ ਅਬਿਨਾਸ਼ੀ ਆਸਣ ਲੌਣਾ, ਸਚ ਸਿੰਘਾਸਣ ਸੋਭਾ ਪਾਈਆ। ਸੀਸ ਜਗਦੀਸ ਤਾਜ ਟਿਕੌਣਾ, ਪੰਚਮ ਮੁਖ ਕਰ ਰੁਸ਼ਨਾਈਆ। ਇਕ ਹਦੀਸ ਜਗਤ ਪੜ੍ਹੌਣਾ, ਸ਼ਰਅ ਸ਼ਰੀਅਤ ਇਕ ਸਮਝਾਈਆ। ਵੇਦ ਸ਼ਾਸਤਰ ਸਿਮਰਤ ਪੁਰਾਨ ਅਠਾਰਾਂ ਆਪਣੀ ਝੋਲੀ ਪੌਣਾ, ਗੀਤਾ ਗਿਆਨ ਦਏ ਦ੍ਰਿੜਾਈਆ। ਅੰਜੀਲ ਕ਼ੁਰਾਨ ਵੇਖ ਵਖੌਣਾ, ਬੀਸ ਤੀਸ ਪਰਦਾ ਦਏ ਉਠਾਈਆ। ਖਾਣੀ ਬਾਣੀ ਭੇਵ ਚੁਕੌਣਾ, ਚਾਰ ਕੁੰਟ ਫੇਰਾ ਪਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਰਾਜ ਰਾਜਾਨ ਰਹਿਣ ਕੋਈ ਨਾ ਪਾਈਆ। ਚਾਰ ਵਰਨਾਂ ਏਕਾ ਰੰਗ ਰੰਗੌਣਾ, ਬਰਨ ਅਠਾਰਾਂ ਦਏ ਗਵਾਈਆ। ਏਕਾ ਅੱਖਰ ਰਾਮ ਪੜ੍ਹੌਣਾ, ਏਕਾ ਫ਼ਤਿਹ ਵਾਹਿਗੁਰੂ ਆਪ ਗਜਾਈਆ। ਏਕਾ ਮੰਤਰ ਨਾਮ ਸਤਿ ਆਪ ਦ੍ਰਿੜੌਣਾ, ਏਕਾ ਆਦਿ ਸ਼ਕਤ ਜੈ ਜੈਕਾਰ ਰਿਹਾ ਵਖਾਈਆ। ਏਕਾ ਅਸ਼ਟਭੁਜ ਰੂਪ ਵਟੌਣਾ, ਅਨੂਪ ਆਪ ਧਰਾਈਆ। ਏਕਾ ਬਿਸਮਲ ਆਪਣਾ ਆਪ ਕਰੌਣਾ, ਬਿਸਮਲ ਵੇਖੇ ਸਰਬ ਲੋਕਾਈਆ। ਏਕਾ ਕਿਲਾ ਕੋਟ ਸੁਹੌਣਾ, ਨੌਂ ਖੰਡ ਪ੍ਰਿਥਮੀ ਦਏ ਵਡਿਆਈਆ। ਏਕਾ ਡੰਕਾ ਨਾਮ ਵਜੌਣਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਏ ਉਠਾਈਆ। ਸੂਰਜ ਚੰਨ ਏਕਾ ਗੌਣਾ, ਅੰਤਰ ਆਤਮ ਇਕ ਲਿਵ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕੌਣਾ, ਗੇੜਾ ਗੇੜੇ ਵਿਚ ਭਵਾਈਆ। ਕਲਜੁਗ ਠੂਠਾ ਭੰਨ ਵਖੌਣਾ, ਕੂੜੀ ਕਿਰਿਆ ਦਏ ਮਿਟਾਈਆ। ਗੁਰਸਿਖ ਵਿਰਲਾ ਆਪ ਜਗੌਣਾ, ਜਿਸ ਜਨ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਦਰਸ ਵਖੌਣਾ, ਸਰਗੁਣ ਨਿਰਗੁਣ ਰੂਪ ਵਟਾਈਆ। ਮਾਇਆ ਮਮਤਾ ਮੋਹ ਚੁਕੌਣਾ, ਦੂਈ ਦਵੈਤੀ ਦਏ ਖਪਾਈਆ। ਕਾਇਆ ਚੋਲੀ ਰੰਗ ਚੜ੍ਹੌਣਾ, ਉਤਰ ਕਦੇ ਨਾ ਜਾਈਆ। ਨੌਂ ਦਵਾਰੇ ਪਾਰ ਕਰਾਉਣਾ, ਸੁਖਮਨ ਟੇਢੀ ਬੰਕ ਅਧਵਿਚਕਾਰ ਨਾ ਕੋਇ ਰਖਾਈਆ। ਈੜਾ ਪਿੰਗਲ ਫੜ ਦਬਾਉਣਾ, ਪੰਜੇ ਵਿਕਾਰ ਸਕੇ ਨਾ ਸਿਰ ਉਠਾਈਆ। ਅੰਮ੍ਰਿਤ ਜਾਮ ਇਕ ਪਿਆਉਣਾ, ਨਿਝਰ ਝਿਰਨਾ ਦਏ ਝਿਰਾਈਆ। ਬਜਰ ਕਪਾਟੀ ਤੋੜ ਤੁੜਾਉਣਾ, ਦਸਮ ਦਵਾਰ ਦਏ ਖੁਲ੍ਹਾਈਆ। ਆਤਮ ਸੇਜਾ ਭਾਗ ਲਗਾਉਣਾ, ਅਨਹਦ ਰਾਗ ਸੁਣਾਈਆ। ਸੁਰਤੀ ਸ਼ਬਦੀ ਮੇਲ ਮਿਲਾਉਣਾ, ਨਾਰ ਕੰਤ ਰੂਪ ਵਟਾਈਆ। ਸੇਜ ਸੁਹੰਜਣੀ ਆਸਣ ਲਾਉਣਾ, ਏਕਾ ਰੰਗ ਵਖਾਈਆ। ਮਿਲ ਮਿਲ ਆਪਣਾ ਦੁਖ ਵੰਡਾਉਣਾ, ਜਗਤ ਦੁਖੜਾ ਦਏ ਗਵਾਈਆ। ਆਪਣਾ ਸੁਖ ਆਪ ਦਰਸਾਉਣਾ, ਘਰ ਘਰ ਵਿਚ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਉਣਾ, ਪਾਰਬ੍ਰਹਮ ਤੇਰੀ ਸੱਚੀ ਸਰਨਾਈਆ। ਗੁਰਮੁਖ ਤੇਰਾ ਸੰਗ ਨਿਭਾਉਣਾ, ਹਰਿਜਨ ਵਿਛੜ ਕਦੇ ਨਾ ਜਾਈਆ। ਲੱਖ ਚੁਰਾਸੀ ਡੰਨ ਲਗਾਉਣਾ, ਡੰਨੀ ਜਾਏ ਸਰਬ ਲੋਕਾਈਆ। ਚਿਤਰ ਗੁਪਤ ਹਿਸਾਬ ਵਖਾਉਣਾ, ਲਿਖ ਲਿਖ ਲੇਖਾ ਅੱਗੇ ਦਏ ਧਰਾਈਆ। ਰਾਏ ਧਰਮ ਫੜ ਫੜ ਬੰਧ ਬੰਧਾਉਣਾ, ਏਕਾ ਬੰਧਨ ਦੇਵੇ ਪਾਈਆ। ਲਾੜੀ ਮੌਤ ਹੁਕਮ ਸੁਣਾਉਣਾ, ਲੱਖ ਚੁਰਾਸੀ ਲਏ ਪਰਨਾਈਆ। ਕਲਜੁਗ ਤੇਰਾ ਸੰਗ ਨਿਭਾਉਣਾ, ਕੀਤਾ ਕੌਲ ਭੁਲ ਨਾ ਜਾਈਆ। ਚੌਦਾਂ ਤਬਕਾਂ ਫੋਲ ਫੋਲਾਉਣਾ, ਜ਼ਿਮੀਂ ਅਸਮਾਨਾਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਖੇਲ ਖਿਲਾਈਆ। ਆਪਣਾ ਖੇਲ ਕਰੇ ਕਰਤਾਰਾ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਦੋ ਜਹਾਨਾਂ ਪਾਵੇ ਸਾਰਾ, ਰੂਪ ਅਨੂਪ ਆਪ ਧਰਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਲਿਖ ਲਿਖ ਲੇਖਾ ਨਾ ਕੋਇ ਸਮਝਾਈਆ। ਚਾਰ ਜੁਗ ਨਿਤ ਨਵਿਤ ਆਉਂਦੇ ਰਹੇ ਗੁਰ ਅਵਤਾਰਾ, ਸਚ ਸੰਦੇਸਾ ਲੋਕਮਾਤ ਸੁਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਰਿਆ ਖੇਲ ਅਪਰ ਅਪਾਰਾ, ਵੇਦ ਕਤੇਬ ਭੇਵ ਨਾ ਆਈਆ। ਬੇਅੰਤ ਬੇਅੰਤ ਬੇਅੰਤ ਕਹੇ ਸਰਬ ਸੰਸਾਰਾ, ਬੇਅੰਤ ਸੱਚੀ ਸ਼ਹਿਨਸ਼ਾਹੀਆ। ਕਲਜੁਗ ਅੰਤਮ ਪਰਗਟ ਹੋਵੇ ਵਿਚ ਸੰਸਾਰਾ, ਨਿਰਗੁਣ ਆਪਣਾ ਰੂਪ ਵਟਾਈਆ। ਸੰਤ ਸੁਹੇਲੇ ਗੁਰ ਗੁਰ ਚੇਲੇ ਮੇਲੇ ਇਕ ਦਵਾਰਾ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਆਪਣਾ ਆਪ ਖੁਲ੍ਹਾਈਆ। ਏਕਾ ਨਾਮ ਕਰੇ ਜੈਕਾਰਾ, ਚਾਰੇ ਵਰਨਾਂ ਦਏ ਸਹਾਰਾ, ਆਤਮ ਬ੍ਰਹਮ ਸੁਣੇ ਪੁਕਾਰਾ, ਈਸ਼ ਜੀਵ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦਿ ਜੁਗਾ ਜੁਗੰਤਰ ਸ਼ਾਹ ਪਾਤਸ਼ਾਹ ਬੇਪਰਵਾਹ, ਅਗੰਮ ਅਥਾਹ ਅਲਖ ਅਗੋਚਰ ਅਗੰਮ ਅਗੰਮੜਾ ਅਗੰਮੜੀ ਕਾਰ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਹਰਿ ਹਰਿ ਹਰੀ ਦਵਾਰ ਹਰਿਭਗਤ ਦਏ ਵਡਿਆਈਆ।
