Granth 10 Likhat 129: 19 Jeth 2018 Bikarmi Mangat Ram de Greh Jammu

੧੯ ਜੇਠ ੨੦੧੮ ਬਿਕਰਮੀ ਮੰਗਤ ਰਾਮ ਦੇ ਗ੍ਰਹਿ ਜੰਮੂ

ਗੁਰ ਦਾਤਾ ਗਹਿਰ ਗੰਭੀਰ, ਵੱਡੀ ਵਡ ਵਡਿਆਈਆ। ਗੁਰ ਕਾਇਆ ਠਾਂਡਾ ਕਰੇ ਸਰੀਰ, ਅੰਮ੍ਰਿਤ ਜਾਮ ਪਿਆਈਆ। ਗੁਰ ਹਉਮੇ ਕੱਢੇ ਪੀੜ, ਰੋਗ ਸੋਗ ਚਿੰਤ ਮਿਟਾਈਆ। ਗੁਰ ਅੰਮ੍ਰਿਤ ਬਖ਼ਸ਼ੇ ਸੀਰ, ਨਿਝਰ ਝਿਰਨਾ ਆਪ ਝਿਰਾਈਆ। ਗੁਰ ਚੋਟੀ ਚਾੜ੍ਹੇ ਫੜ ਅਖ਼ੀਰ, ਸੁਰਤੀ ਸ਼ਬਦੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰਵਾਜ਼ਾ ਬੰਦ ਖੁਲ੍ਹਾਈਆ। ਗੁਰ ਬੰਦ ਕਿਵਾੜਾ ਖੋਲ੍ਹੇ ਤਾਕ, ਬਜਰ ਕਪਾਟੀ ਤੋੜ ਤੁੜਾਇੰਦਾ। ਗੁਰ ਕਾਇਆ ਮੰਦਰ ਅੰਦਰ ਵਖਾਏ ਸਾਚਾ ਹਾਟ, ਨਾਮ ਖ਼ਜ਼ਾਨਾ ਆਪ ਭਰਾਇੰਦਾ। ਗੁਰ ਅਨਹਦ ਸ਼ਬਦ ਵਜਾਏ ਨਾਦ, ਤਾਲ ਤਲਵਾੜਾ ਆਪ ਸੁਣਾਇੰਦਾ। ਗੁਰ ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਆਪ ਬਣਾਇੰਦਾ। ਗੁਰ ਲੱਖ ਚੁਰਾਸੀ ਵਿਚੋਂ ਲਏ ਕਾਢ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਬ੍ਰਹਮ ਗੁਰ ਬ੍ਰਹਿਮਾਦ ਗੁਰ ਆਦਿ ਗੁਰ ਜੁਗਾਦਿ, ਗੁਰਦੇਵ ਨਮੋ ਨਿਮਸਕਾਰ, ਗੁਰ ਗੁਰ ਗੁਰਮੁਖ ਏਕਾ ਰੰਗ ਸਮਾਇੰਦਾ। ਗੁਰ ਦਾਤਾ ਗੁਰ ਦਾਨੀ, ਗੁਰ ਦੇਵਣਹਾਰ ਦੀਨ। ਗੁਰ ਪਰਮ ਪੁਰਖ ਸੁਲਤਾਨੀ, ਗੁਰ ਗੁਰਮੁਖ ਅੰਦਰ ਲੀਨ। ਗੁਰ ਵਿਦਤ ਵਿਦਿਆ ਵਿਦਵਾਨੀ, ਗੁਰ ਅੱਖਰ ਅੱਖਰ ਰਿਹਾ ਚੀਨ। ਗੁਰ ਗੁਰਮੁਖਾਂ ਵਖਾਏ ਇਕ ਨਿਸ਼ਾਨੀ, ਨਾਤਾ ਤੋੜ ਤੱਤ ਤੀਨ। ਗੁਰ ਗੁਰਸਿਖਾਂ ਬਖ਼ਸ਼ ਚਰਨ ਧਿਆਨੀ, ਚਰਨ ਕਵਲ ਗੁਰਸਿਖ ਲਿਵ ਲੀਨ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਾਗਰ ਆਪੇ ਜਲ ਆਪੇ ਗੁਰਸਿਖ ਹੋਏ ਮੀਨ।

ਗੁਰ ਸੱਜਣ ਗੁਰ ਸਾਕ ਸੈਣਾ, ਭੈਣ ਭਾਈ ਬੰਧਪ ਗੁਰ ਅਖਵਾਇੰਦਾ। ਗੁਰ ਦਰਸ ਗੁਰਮੁਖ ਪੇਖੇ ਨੈਣਾਂ, ਗੁਰ ਗੁਰ ਹੀ ਵਿਚ ਸਮਾਇੰਦਾ। ਗੁਰ ਕਾ ਸ਼ਬਦ ਗੁਰ ਕਾ ਕਹਿਣਾ, ਗੁਰਸਿਖ ਵਿਰਲਾ ਝੋਲੀ ਪਾਇੰਦਾ। ਗੁਰ ਚੁਕਾਏ ਲਹਿਣਾ ਦੇਣਾ, ਗੁਰ ਪਿਛਲਾ ਮੂਲ ਹੱਥ ਫੜਾਇੰਦਾ। ਗੁਰ ਤਨ ਪਹਿਨਾਏ ਸਾਚਾ ਗਹਿਣਾ, ਨਾਮ ਭੂਸ਼ਨ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਕੰਚਨ ਕੋਟ ਆਪ ਵਡਿਆਇੰਦਾ। ਗੁਰ ਮੇਟੇ ਜਗਤ ਅੰਦੇਸ, ਅੰਦੇਸਾ ਕੋਇ ਰਹੇ ਨਾ ਰਾਈਆ। ਗੁਰ ਸਦਾ ਸਹਾਈ ਰਹੇ ਹਮੇਸ਼, ਹਰਿਜਨ ਸਾਚੇ ਪੈਜ ਰਖਾਈਆ। ਗੁਰ ਵੇਖਣਹਾਰਾ ਰਿਹਾ ਵੇਖ, ਵੇਖੇ ਵਿਗਸੇ ਦਏ ਗਵਾਹੀਆ। ਗੁਰ ਮੇਟਣਹਾਰਾ ਰੇਖ, ਗੁਰ ਅਗਲਾ ਲੇਖਾ ਦਏ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਾਟ ਵਖਾਏ, ਘਾਟਾ ਕੋਇ ਰਹਿਣ ਨਾ ਪਾਈਆ।