੧੮ ਜੇਠ ੨੦੧੮ ਬਿਕ੍ਰਮੀ ਸਰਦਾਰ ਚੰਦ ਦੇ ਗ੍ਰਹਿ ਛੰਬ ਜੰਮੂ
ਹਰਿ ਨਾਉਂ ਸਚ ਵੈਰਾਗ, ਤਨ ਮਨ ਹਰਿਆ ਆਪ ਕਰਾਇੰਦਾ। ਸੋਵਤ ਜੀਵ ਜਾਏ ਜਾਗ, ਜਾਗਰਤ ਮਤ ਇਕ ਰਖਾਇੰਦਾ। ਹੋਏ ਵਡਿਆਈ ਵਡ ਵਡ ਭਾਗ, ਵਡ ਭਾਗੀ ਭੇਵ ਚੁਕਾਇੰਦਾ। ਹੰਸ ਬਣੇ ਕਬੁਧ ਕਾਗ, ਡੂਮਣੀ ਸੁਧ ਆਪ ਕਰਾਇੰਦਾ। ਰਸਨਾ ਤਜੇ ਜਗਤ ਸਵਾਦ, ਰਾਮ ਨਾਮ ਸਾਚਾ ਰਸ ਇਕ ਵਖਾਇੰਦਾ। ਸਤਿ ਭੰਡਾਰ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਡੂੰਘੀ ਭਵਰੀ ਆਪੇ ਕਾਢ, ਸਾਚੇ ਸਾਗਰ ਪਾਰ ਕਰਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਨਿਰਮਲ ਬਿਮਲ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਆਪਣਾ ਰੰਗ ਰੰਗਾਇੰਦਾ। ਹਰ ਘਟ ਅੰਦਰ ਹਰਿ ਹਰਿ ਵਾਸਾ, ਆਤਮ ਬ੍ਰਹਮ ਜੋਤ ਜਗਾਈਆ। ਜਿਸ ਜਨ ਬਖ਼ਸ਼ੇ ਚਰਨ ਭਰਵਾਸਾ, ਤਿਸ ਅੰਮ੍ਰਿਤ ਫਲ ਖਵਾਈਆ। ਅੰਮ੍ਰਿਤ ਫਲ ਹਰਿ ਕਾ ਨਾਉਂ ਸ਼ਾਹੋ ਸ਼ਾਬਾਸ਼ਾ, ਲੋਕਮਾਤ ਹੱਥ ਕਿਸੇ ਨਾ ਆਈਆ। ਕਾਇਆ ਖ਼ਾਲੀ ਦਿਸੇ ਕਾਸਾ, ਜਲ ਅੰਮ੍ਰਿਤ ਨਾ ਕੋਇ ਭਰਾਈਆ। ਹਰਿਜਨ ਹਰਿਭਗਤ ਨਾ ਹੋਏ ਕਦੇ ਨਿਰਾਸਾ, ਜਿਸ ਜਨ ਏਕਾ ਓਟ ਤਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਜ ਆਤਮ ਕਰੇ ਵਾਸਾ, ਸੁਰਤ ਸ਼ਬਦ ਮੇਲ ਮਿਲਾਈਆ। ਦਿਵਸ ਰੈਣ ਪਾਏ ਰਾਸਾ, ਗੋਪੀ ਕਾਹਨ ਆਪ ਨਚਾਈਆ। ਪੂਰੀ ਕਰੇ ਆਸਾ, ਜੋ ਜਨ ਰਹੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖੇਲਣਹਾਰਾ ਦਿਸ ਨਾ ਆਈਆ। ਤਨ ਮਨ ਰੰਗ ਅਵੱਲੜਾ, ਰੰਗਣਹਾਰ ਕਰਤਾਰ। ਹਰਿਜਨ ਹਰੀ ਹਰਿ ਆਪ ਫੜਾਏ ਏਕਾ ਪਲੜਾ, ਨਾਮ ਨਾਮਾ ਦਏ ਉਜਿਆਰ। ਜਗ ਜੀਵਣ ਦਾਤਾ ਦੇਵੇ ਰਾਹ ਸੁੁਖੱਲੜਾ, ਹਰਿ ਚਰਨ ਸਰਨ ਸੱਚਾ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦਲਿਦ੍ਰ ਦਏ ਨਿਵਾਰ। ਜਗਤ ਦਲਿਦ੍ਰ ਦੁੱਖ ਭਰਮ ਭੌ ਨਾਸੇ, ਰੋਗ ਸੋਗ ਰਹਿਣ ਨਾ ਪਾਈਆ। ਜੋ ਜਨ ਚਰਨ ਕਵਲ ਰੱਖੇ ਸਚ ਧਰਵਾਸੇ, ਧਰਨੀ ਧਵਲ ਦਏ ਵਡਿਆਈਆ। ਜੋਤੀ ਜਾਤਾ ਜੋਤ ਕਰੇ ਪਰਕਾਸ਼ੇ, ਅੰਧ ਅੰਧੇਰ ਦਏ ਮਿਟਾਈਆ। ਜਨਮ ਮਰਨ ਕਰੇ ਬੰਦ ਖ਼ਲਾਸੇ, ਲੱਖ ਚੁਰਾਸੀ ਗੇੜ ਮੁਕਾਈਆ। ਗੁਰਸਿਖ ਜੀਵੇ ਗੁਰ ਭਰਵਾਸੇ, ਗੁਰ ਸਤਿਗੁਰ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜ ਆਤਮ ਨਿਜ ਘਰ ਰੱਖੇ ਵਾਸੇ, ਕਾਇਆ ਬਸਤਰ ਚੋਲਾ ਤਨ ਹੰਢਾਈਆ। ਗੌਣਾ ਗੁਣ ਗਹਿਰ ਗੰਭੀਰ, ਸਾਂਤਕ ਸਤਿ ਵਰਤਾਈਆ। ਨਿਰਮਲ ਬੁੱਧੀ ਸ਼ਾਂਤ ਸਰੀਰ, ਮਨ ਵਾਸਨਾ ਦਏ ਮਿਟਾਈਆ। ਅੰਮ੍ਰਿਤ ਨਿਝਰ ਬਰਖੇ ਸੀਰ, ਸਾਚਾ ਨੀਰ ਮੁਖ ਚੁਆਈਆ। ਜਗਤ ਦੁਖੜਾ ਮਿਟੇ ਪੀੜ, ਆਤਮ ਸੁਖ ਇਕ ਵਖਾਈਆ। ਏਕਾ ਰੰਗ ਵਖਾਏ ਹਸਤ ਕੀਟ, ਊਚ ਨੀਚ ਭੇਵ ਮਿਟਾਈਆ। ਲੋਕਮਾਤ ਬੰਨ੍ਹੇ ਬੀੜ, ਜਿਸ ਮਿਲਿਆ ਹਰਿ ਰਘੁਰਾਈਆ। ਕੱਟੇ ਰੋਗ ਦੀਰਘ ਦੀਰ, ਧੀਰਜ ਆਪਣੀ ਦਏ ਬੰਧਾਈਆ। ਲੱਖ ਚੁਰਾਸੀ ਨਾ ਰਹੇ ਜ਼ੰਜੀਰ, ਜਮ ਫਾਸ ਦਏ ਮਿਟਾਈਆ। ਫੜ ਫੜ ਚੋਟੀ ਚਾੜ੍ਹੇ ਅਖ਼ੀਰ, ਜਿਸ ਜਨ ਦੇਵੇ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਵੇਖ ਵਖਾਈਆ। ਹਰਿ ਕਾ ਨਾਉਂ ਹਰਿ ਰੰਗ ਰਾਸ, ਰਸਨਾ ਜੇਹਵਾ ਗੁਣ ਨਾ ਕੋਇ ਵਖਾਇੰਦਾ। ਜਿਸ ਦੇਵੇ ਤਿਸ ਬੁਝੇ ਪਿਆਸ, ਤਨ ਮਨ ਸਿੰਚ ਹਰਾ ਕਰਾਇੰਦਾ। ਲੇਖਾ ਲਿਖ ਲਿਖ ਗਿਆ ਵੇਦ ਵਿਆਸ, ਵਿਆਖਿਆ ਰੂਪ ਨਾ ਕੋਇ ਵਟਾਇੰਦਾ। ਪਰਮ ਪੁਰਖ ਨਿਰਗੁਣ ਜੋਤ ਪਰਕਾਸ਼, ਅਬਿਨਾਸ਼ੀ ਕਰਤਾ ਆਪਣਾ ਖੇਲ ਕਰਾਇੰਦਾ। ਜਿਸ ਘਰ ਜਿਸ ਗ੍ਰਹਿ ਮੰਦਰ ਪਾਵੇ ਰਾਸ, ਤਿਸ ਮੰਡਲ ਆਪ ਸੁਹਾਇੰਦਾ। ਸਦਾ ਸੁਹੇਲਾ ਵਸੇ ਪਾਸ, ਆਪਣਾ ਸੰਗ ਰਖਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਸਮੁੰਦ ਸਾਗਰ ਡੂੰਘੀ ਕੰਦਰ ਵੇਖ ਵਖਾਇੰਦਾ। ਜਨ ਭਗਤਾਂ ਕਰੇ ਬੰਦ ਖ਼ਲਾਸ਼, ਬੰਦੀ ਤੋੜ ਬੰਦ ਕਟਾਇੰਦਾ। ਲਹਿਣਾ ਦੇਣ ਚੁਕਾਏ ਦਸ ਦਸ ਮਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਰੰਗ ਵਖਾਏੇ ਹਰਿ ਨਿਰੰਕਾਰਾ, ਰੂਪ ਅਨੂਪ ਆਪ ਦਰਸਾਈਆ। ਹਉਮੇ ਹੰਗਤਾ ਤੋੜ ਗੜ੍ਹ ਹੰਕਾਰਾ, ਹੰ ਬ੍ਰਹਮ ਨਜ਼ਰੀ ਆਈਆ। ਸੋਇਮ ਰੂਪ ਸੱਚੀ ਸਰਕਾਰਾ, ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਸੋਹੰ ਸ਼ਬਦ ਆਦਿ ਜੁਗਾਦਿ ਨਿਰਗੁਣ ਸਰਗੁਣ ਨਾਅਰਾ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਚਾਰ ਵੇਦ ਕਰਨ ਪੁਕਾਰਾ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਬੰਸ ਸਰਬੰਸ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਅਧਾਰਾ ਏਕਾ ਨਾਮ ਝੋਲੀ ਪਾਈਆ। ਮਿਲੇ ਮੀਤ ਹਰਿ ਰਾਮ ਪਿਆਰਾ, ਰਮੱਯਾ ਆਪਣਾ ਖੇਲ ਖਿਲਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਲੇਖਾ ਲਿਖੇ ਨਾ ਕੋਇ ਸ਼ਾਹੀਆ। ਜਨ ਭਗਤਾਂ ਹਰਿ ਕਰੇ ਪਿਆਰਾ, ਜੁਗ ਜੁਗ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਕ਼ਾਦਰ ਕਰਤਾ ਆਪਣਾ ਰੰਗ ਵਖਾਈਆ। ਸਤਿ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਸਦ ਮਿਹਰਵਾਨਾ, ਹਰਿ ਪੁਰਖ ਨਿਰੰਜਣ ਖੇਲ ਬੇਪਰਵਾਹੀਆ । ਏਕੰਕਾਰਾ ਨੌਜਵਾਨਾ, ਆਦਿ ਨਿਰੰਜਣ ਸਗਲਾ ਸੰਗ ਨਿਭਾਈਆ। ਅਬਿਨਾਸ਼ੀ ਕਰਤਾ ਮਰਦ ਮਰਦਾਨਾ, ਸ੍ਰੀ ਭਗਵਾਨ ਨਿਰਗੁਣ ਆਪਣਾ ਰੂਪ ਵਖਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨਾ, ਦਿਸ ਕਿਸੇ ਨਾ ਆਈਆ। ਸਾਚਾ ਮੰਦਰ ਇਕ ਸੁਹਾਨਾ, ਸਚਖੰਡ ਦਏ ਵਡਿਆਈਆ। ਚਾਰ ਦੀਵਾਰ ਨਾ ਕੋਇ ਰਖਾਨਾ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਨਾ ਕੋਇ ਟਿਕਾਨਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਕਰੇ ਖੇਲ ਹੋਏ ਨਿਗਹਬਾਨਾ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਈਆ। ਸਾਚਾ ਮੰਦਰ ਸਚਖੰਡ ਦਵਾਰਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਅਲਖ ਅਗੋਚਰ ਅਗੰਮ ਅਪਾਰਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਏਕੰਕਾਰਾ ਕਰ ਪਸਾਰਾ, ਆਪਣੀ ਧਾਰਾ ਆਪ ਚਲਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੋਤ ਉਜਾਲਾ ਆਪ ਕਰਾਇੰਦਾ। ਸ੍ਰੀ ਭਗਵਾਨ ਵਸਣਹਾਰਾ ਠਾਂਡੇ ਦਰਬਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਆਪੇ ਕਰੇ ਆਪਣੀ ਕਾਰਾ, ਕਰਤਾ ਪੁਰਖ ਆਪਣੀ ਖੇਲ ਆਪ ਖਿਲਾਇੰਦਾ। ਪਾਰਬ੍ਰਹਮ ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਕਰੇ ਖੇਲ ਨਿਆਰਾ, ਅਨਭਵ ਪਰਕਾਸ਼ ਧਰਾਇੰਦਾ। ਸਚਖੰਡ ਦਵਾਰਾ ਕਰ ਪਸਾਰਾ, ਆਪਣੀ ਬਣਤ ਆਪ ਬਣਾਇੰਦਾ। ਨਿਰਗੁਣ ਇਛਿਆ ਨਿਰਗੁਣ ਭਿਛਿਆ ਨਿਰਗੁਣ ਦੇਵੇ ਭੰਡਾਰਾ, ਨਿਰਗੁਣ ਝੋਲੀ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਖੇਲ ਆਪ ਖਿਲਾਇੰਦਾ। ਆਪਣੀ ਇਛਿਆ ਸਚ ਭੰਡਾਰਾ, ਸੋ ਪੁਰਖ ਨਿਰੰਜਣ ਆਪ ਉਪਾਈਆ। ਹਰਿ ਪੁਰਖ ਨਿਰੰਜਣ ਬਣ ਵਰਤਾਰਾ, ਏਕੰਕਾਰਾ ਝੋਲੀ ਰਿਹਾ ਭਰਾਈਆ। ਆਦਿ ਨਿਰੰਜਣ ਪਾਵੇ ਸਾਰਾ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਸ੍ਰੀ ਭਗਵਾਨ ਦਏ ਸਹਾਰਾ, ਪਾਰਬ੍ਰਹਮ ਪ੍ਰਭ ਖ਼ੁਸ਼ੀ ਮਨਾਈਆ। ਸਚ ਸੁਹਾਏ ਸਚਖੰਡ ਸੋਭਾਵੰਤ ਮਹੱਲ ਅਟਲ ਉਚ ਮਨਾਰਾ, ਨਿਰਗੁਣ ਆਪਣਾ ਰੂਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਦਰਸਾਈਆ। ਆਪਣੀ ਇਛਿਆ ਹਰਿ ਨਿਰੰਕਾਰ, ਆਪ ਆਪਾ ਵਿਚ ਪਰਗਟਾਇੰਦਾ। ਨਿਰਗੁਣ ਨਿਰਗੁਣ ਕਰ ਵਿਚਾਰ, ਸਾਚੀ ਬਣਤ ਆਪ ਬਣਾਇੰਦਾ। ਨਿਰਗੁਣ ਬਾਢੀ ਬਣ ਤਰਖਾਣ, ਸਾਚਾ ਘਾੜਤ ਆਪ ਘੜਾਇੰਦਾ। ਸਚ ਸਿੰਘਾਸਣ ਕਰ ਤਿਆਰ, ਪਾਵਾ ਚੂਲ ਨਾ ਕੋਇ ਰਖਾਇੰਦਾ। ਆਪੇ ਹੋਏ ਵੇਖਣਹਾਰ, ਵੇਖਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਸੋਭਾਵੰਤ, ਆਪ ਸੁਹਾਏ ਸ੍ਰੀ ਭਗਵੰਤ, ਸਚਖੰਡ ਦਵਾਰੇ ਆਪ ਰਖਾਇੰਦਾ। ਸਚ ਸਿੰਘਾਸਣ ਹਰਿ ਸੁਹੰਜਣਾ, ਦਰ ਘਰ ਸਾਚੇ ਆਪ ਸੁਹਾਈਆ। ਕਰੇ ਖੇਲ ਆਦਿ ਨਿਰੰਜਣਾ, ਆਦਿ ਪੁਰਖ ਵਡੀ ਵਡਿਆਈਆ। ਨਿਰਭੈ ਹੋਏ ਭੈ ਭੰਜਣਾ, ਭੌ ਅਵਰ ਨਾ ਕੋਇ ਜਣਾਈਆ। ਆਪੇ ਬਣੇ ਆਪਣਾ ਸਾਚਾ ਸੱਜਣਾ, ਸਗਲਾ ਸੰਗ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਦਏ ਵਡਿਆਈਆ। ਸਚ ਸਿੰਘਾਸਣ ਕਰ ਤਿਆਰ, ਹਰਿ ਸਾਚਾ ਵੇਖ ਵਖਾਇੰਦਾ। ਕਵਣ ਰੂਪ ਕਰਾਂ ਅਪਰ ਅਪਾਰ, ਰੂਪ ਅਨੂਪ ਕਵਣ ਵਟਾਇੰਦਾ। ਕਵਣ ਭੂਪ ਬਣਾਂ ਸ਼ਾਹ ਸਿਕਦਾਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਇੰਦਾ। ਆਪੇ ਹੁਕਮ ਧੁਰ ਫ਼ਰਮਾਨਾ, ਹਰਿ ਸਾਚਾ ਆਪ ਜਣਾਈਆ। ਆਪੇ ਭੂਪ ਆਪੇ ਰਾਣਾ, ਆਪੇ ਕਰੇ ਸਾਚੀ ਸ਼ਾਹੀਆ। ਆਪੇ ਦਰ ਆਪ ਦਰਬਾਨਾ, ਦਰਵੇਸ਼ ਆਪਣਾ ਨਾਉਂ ਧਰਾਈਆ। ਸਾਚਾ ਤਖ਼ਤ ਆਪ ਸੁਹਾਨਾ, ਤਖ਼ਤ ਨਿਵਾਸੀ ਡੇਰਾ ਲਾਈਆ। ਸਚਖੰਡ ਦਵਾਰਾ ਸਚ ਮਕਾਨਾ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਨਾ ਕੋਈ ਰਾਗ ਨਾ ਕੋਈ ਗਾਣਾ, ਤਾਰ ਸਤਾਰ ਨਾ ਕੋਇ ਹਿਲਾਈਆ। ਇਕ ਇਕੱਲਾ ਸ੍ਰੀ ਭਗਵਾਨਾ, ਸਚ ਮਹੱਲਾ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਸੁਹਾਈਆ। ਸਚ ਸਿੰਘਾਸਣ ਸਚਖੰਡ ਦਵਾਰਾ, ਹਰਿ ਸਾਚਾ ਆਪ ਸੁਹਾਇੰਦਾ। ਉਪਰ ਬੈਠ ਹਰਿ ਨਿਰੰਕਾਰਾ, ਆਪਣਾ ਹੁਕਮ ਆਪ ਵਰਤਾਇੰਦਾ। ਆਪਣੀ ਇਛਿਆ ਸਚ ਭੰਡਾਰਾ, ਆਪਣੇ ਹੱਥ ਰਖਾਇੰਦਾ। ਨਾ ਕੋਈ ਦੂਸਰ ਮੀਤ ਮੁਰਾਰਾ, ਸਗਲਾ ਸੰਗ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਬਣਾਇੰਦਾ। ਸਾਚੀ ਬਣਤ ਹਰਿ ਭਗਵਾਨ, ਸ਼ਾਹ ਪਾਤਸ਼ਾਹ ਆਪ ਬਣਾਈਆ। ਸੋ ਪੁਰਖ ਨਿਰੰਜਣ ਹੋ ਪਰਧਾਨ, ਆਪਣਾ ਮੁਖ ਲਏ ਖੁਲ੍ਹਾਈਆ। ਹਰਿ ਪੁਰਖ ਨਿਰੰਜਣ ਗਾਏ ਗਾਨ, ਨਿਰੰਕਾਰਾ ਸੁਣ ਸੁਣ ਖ਼ੁਸ਼ੀ ਮਨਾਈਆ। ਆਦਿ ਨਿਰੰਜਣ ਕਰੇ ਪਰਵਾਨ, ਅਬਿਨਾਸ਼ੀ ਕਰਤਾ ਲੇਖੇ ਪਾਈਆ। ਪੰਚਮ ਰੂਪ ਨੌਜਵਾਨ, ਪੰਚਮ ਧਾਰ ਲਏ ਪਰਗਟਾਈਆ। ਪੰਚਮ ਮੁਖ ਇਕ ਨਿਸ਼ਾਨ, ਨਿਰਗੁਣ ਆਪਣਾ ਆਪ ਉਪਾਈਆ। ਸੀਸ ਰੱਖ ਸ੍ਰੀ ਭਗਵਾਨ, ਜਗਦੀਸ ਖ਼ੁਸ਼ੀ ਮਨਾਈਆ। ਤਖ਼ਤ ਨਿਵਾਸੀ ਰਾਜ ਰਾਜਾਨ, ਇਕ ਇਕੱਲਾ ਆਪ ਅਖਵਾਈਆ। ਪੰਚਮ ਮੁਖ ਕਰ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਰਚਨਾ ਰੂਪ ਵਖਾਈਆ। ਪੰਚਮ ਮੁਖ ਕਰ ਪਰਧਾਨਾ, ਹਰਿ ਪੰਚਮ ਖੇਲ ਖਿਲਾਇਆ। ਇਕ ਇਕੱਲਾ ਨੌਜਵਾਨਾ, ਨਿਰਗੁਣ ਆਪਣਾ ਰੂਪ ਧਰਾਇਆ। ਏਕਾ ਨਾਦ ਇਕ ਤਰਾਨਾ, ਸ਼ਬਦ ਅਨਾਦੀ ਏਕਾ ਗਾਇਆ। ਏਕਾ ਮੰਦਰ ਇਕ ਮਕਾਨਾ, ਏਕਾ ਘਰ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇਆ। ਆਪਣਾ ਰੰਗ ਆਪੇ ਰੰਗ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਸੁਹਾਏ ਸਚ ਪਲੰਘ, ਸਤਿ ਸੁਹੰਜਣੀ ਸੇਜ ਹੰਢਾਇੰਦਾ। ਏਕੰਕਾਰਾ ਵਜਾਏ ਮਰਦੰਗ, ਸਚ ਮਰਦੰਗਾ ਹੱਥ ਉਠਾਇੰਦਾ। ਆਦਿ ਨਿਰੰਜਣ ਸੂਰਾ ਸਰਬੰਗ, ਸੂਰਬੀਰ ਭੇਵ ਨਾ ਆਇੰਦਾ। ਸ੍ਰੀ ਭਗਵਾਨ ਸਦਾ ਬਖ਼ਸ਼ੰਦ, ਆਪਣੀ ਬਖ਼ਸ਼ਸ਼ ਆਪਣੇ ਹੱਥ ਰਖਾਇੰਦਾ। ਅਬਿਨਾਸ਼ੀ ਕਰਤਾ ਗੁਣੀ ਗਹਿੰਦ, ਗਹਿਰ ਗੰਭੀਰ ਖੇਲ ਖਿਲਾਇੰਦਾ। ਪਾਰਬ੍ਰਹਮ ਆਪ ਉਪਾਏ ਆਪਣੀ ਬਿੰਦ, ਨਾਰੀ ਕੰਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਉਪਾਇੰਦਾ। ਨਾਰੀ ਕੰਤ ਬਣ ਭਤਾਰ, ਸਚਖੰਡ ਦਵਾਰ ਸੋਭਾ ਪਾਇੰਦਾ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਖੇਲ ਆਪ ਕਰਾਇੰਦਾ। ਨਿਰਗੁਣ ਪੁਰਖ ਨਿਰਗੁਣ ਨਾਰ, ਨਿਰਗੁਣ ਨਿਰਗੁਣ ਸੇਜ ਹੰਢਾਇੰਦਾ। ਨਿਰਗੁਣ ਇਛਿਆ ਭਿਛਿਆ ਭਰ ਭੰਡਾਰ, ਸਾਚੀ ਵਸਤ ਹੱਥ ਰਖਾਇੰਦਾ। ਨਿਰਗੁਣ ਘਰ ਵਿਚ ਘਰ ਕਰੇ ਤਿਆਰ, ਸਚਖੰਡ ਅੰਦਰ ਥਿਰ ਘਰ ਦਵਾਰਾ ਆਪ ਪਰਗਟਾਇੰਦਾ। ਦਾਈ ਦਾਇਆ ਆਪਣਾ ਬਣੇ ਆਪ ਨਿਰੰਕਾਰ, ਆਪਣੀ ਸੇਵਾ ਆਪ ਕਮਾਇੰਦਾ। ਆਪਣੇ ਅੰਦਰੋਂ ਜੋਤੀ ਸੁਤ ਕਢੇ ਬਾਹਰ, ਸ਼ਬਦੀ ਨਾਉਂ ਧਰਾਇੰਦਾ। ਥਿਰ ਘਰ ਸਾਚੇ ਕਰ ਪਸਾਰ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਸ ਆਪ ਸੁਹਾਇੰਦਾ। ਸੁਤ ਦੁਲਾਰਾ ਹਰਿ ਨਿਰੰਕਾਰਾ, ਆਪਣਾ ਆਪ ਉਪਾਈਆ। ਥਿਰ ਘਰ ਦੇਵੇ ਆਪ ਹੁਲਾਰਾ, ਚਾਰ ਕੁੰਟ ਆਪ ਜਣਾਈਆ। ਪਿਤਾ ਪੂਤ ਕਰ ਪਿਆਰਾ, ਏਕਾ ਗੁਣ ਦਏ ਸਮਝਾਈਆ। ਤੇਰਾ ਰੰਗ ਅਪਰ ਅਪਾਰਾ, ਦਿਸ ਕਿਸੇ ਨਾ ਆਈਆ। ਤੇਰਾ ਮਰਦੰਗ ਵੱਜੇ ਨਗਾਰਾ, ਸਚਖੰਡ ਨਿਵਾਸੀ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਏਕਾ ਸ਼ਬਦ ਸ਼ਬਦ ਹਰਿ ਸਾਰ, ਹਰਿ ਸਾਚੇ ਆਪ ਉਪਾਇਆ। ਏਕਾ ਪੁਰਖ ਪੁਰਖ ਹਰਿ ਨਾਰ, ਏਕਾ ਕੰਤ ਸੁਹਾਗ ਹੰਢਾਇਆ। ਏਕਾ ਮੰਦਰ ਇਕ ਦਵਾਰ, ਏਕਾ ਬੈਠਾ ਆਸਣ ਲਾਇਆ। ਏਕਾ ਹੁਕਮ ਇਕ ਵਰਤਾਰ, ਏਕਾ ਰਿਹਾ ਸੀਸ ਝੁਕਾਇਆ। ਏਕਾ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਏਕਾ ਦਰ ਦਰਬਾਨ ਸੇਵ ਕਮਾਇਆ। ਏਕਾ ਨਿਉਂ ਨਿਉਂ ਕਰੇ ਸਦਾ ਨਿਮਸਕਾਰ, ਏਕਾ ਵੇਖੇ ਸਹਿਜ ਸੁਭਾਇਆ। ਆਦਿ ਪੁਰਖ ਹਰਿ ਹੋ ਤਿਆਰ, ਸਚਖੰਡ ਆਪਣਾ ਰੂਪ ਧਰਾਇਆ। ਸਚਖੰਡ ਨਿਵਾਸੀ ਖੋਲ੍ਹ ਕਿਵਾੜ, ਥਿਰ ਘਰ ਘਾੜਤ ਲਏ ਘੜਾਇਆ। ਥਿਰ ਘਰ ਅੰਦਰ ਸ਼ਬਦ ਦੁਲਾਰਾ ਵਾੜ, ਆਪਣਾ ਹੁਕਮ ਦਏ ਸੁਣਾਇਆ। ਤੇਰਾ ਮੇਰਾ ਇਕ ਵਿਹਾਰ, ਏਕਾ ਰਾਹ ਜਣਾਇਆ। ਭੁਲ ਨਾ ਜਾਣਾ ਬਣ ਗਵਾਰ, ਬਾਲੀ ਬੁਧ ਨਾ ਕੋਇ ਰਖਾਇਆ। ਤੇਰੇ ਸਿਰ ਹੱਥ ਰੱਖੇ ਆਪ ਨਿਰੰਕਾਰ, ਸੀਸ ਜਗਦੀਸ ਹੋਏ ਸਹਾਇਆ। ਤੇਰਾ ਰਥ ਚਲੇ ਅਪਾਰ, ਰਥ ਰਥਵਾਹੀ ਆਪ ਚਲਾਇਆ। ਤੇਰੀ ਮਹਿਮਾ ਅਕਥ ਗਾਏ ਅਗੰਮ ਅਪਾਰ, ਆਪਣਾ ਲੇਖਾ ਦਏ ਸਮਝਾਇਆ। ਦੇਵੇ ਵਸਤ ਇਕ ਹਰਿ ਥਾਰ, ਅਤੋਟ ਅਤੁਟ ਰਖਾਇਆ। ਤੇਰਾ ਅੰਤਰ ਮੇਰਾ ਪਿਆਰ, ਮੇਰਾ ਮੰਤਰ ਤੇਰਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਚੜ੍ਹ, ਥਿਰ ਘਰ ਵੇਖੇ ਹਰਿ ਜੂ ਖੜ, ਸ਼ਬਦੀ ਸੁਤ ਆਪ ਸਮਝਾਇਆ। ਸ਼ਬਦ ਸੁਤ ਹਰਿ ਸਮਝਾ, ਆਪਣਾ ਭੇਵ ਚੁਕਾਇੰਦਾ। ਨਿਰਗੁਣ ਗੁਰੂ ਨਿਰਗੁਣ ਚੇਲਾ ਨਿਰਗੁਣ ਬਣੇ ਮਲਾਹ, ਨਿਰਗੁਣ ਬੇੜਾ ਆਪ ਚਲਾਇੰਦਾ। ਨਿਰਗੁਣ ਸਿਫ਼ਤ ਨਿਰਗੁਣ ਸਾਲਾਹ, ਨਿਰਗੁਣ ਵੇਖੇ ਹਰ ਘਟ ਥਾਂ, ਅਪਣਾ ਪਰਦਾ ਆਪ ਉਠਾਇੰਦਾ। ਨਿਰਗੁਣ ਪਿਤਾ ਨਿਰਗੁਣ ਮਾਂ, ਨਿਰਗੁਣ ਰਖਾਏ ਸਾਚਾ ਨਾਂ, ਨਾਉਂ ਨਿਰੰਕਾਰਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਥਿਰ ਘਰ ਵਾਸਾ ਪੁਰਖ ਅਬਿਨਾਸ਼ਾ, ਸੁਤ ਦੁਲਾਰਾ ਕਰ ਕਰ ਵਾਸਾ, ਸਾਚੀ ਸੇਵਾ ਇਕ ਵਖਾਇੰਦਾ। ਸਾਚੀ ਸੇਵਾ ਹਰਿ ਨਿਰੰਕਾਰ, ਸੁਤ ਦੁਲਾਰੇ ਆਪ ਜਣਾਈਆ। ਤੇਰਾ ਕਰਾਂ ਅਗੰਮ ਪਸਾਰ, ਆਪਣੇ ਹੱਥ ਰੱਖਾਂ ਵਡਿਆਈਆ। ਤੇਰਾ ਰੂਪ ਧਰਾਂ ਸੰਸਾਰ, ਰੂਪ ਅਨੂਪ ਆਪ ਧਰਾਈਆ। ਆਪਣੇ ਅੰਦਰੋਂ ਕੱਢਾਂ ਬਾਹਰ, ਆਪੇ ਬਣਾਂ ਪਿਤਾ ਮਾਈਆ। ਆਪੇ ਵਿਸ਼ਨ ਹੋਏ ਉਜਿਆਰ, ਨਿਰਾਕਾਰ ਸਾਕਾਰ ਰੂਪ ਅਖਵਾਈਆ। ਆਪੇ ਅੰਮ੍ਰਿਤ ਚਰਨ ਕਵਲ ਦੇਵੇ ਠੰਡੀ ਠਾਰ, ਆਪਣਾ ਝਿਰਨਾ ਆਪ ਝਿਰਾਈਆ । ਆਪੇ ਫੁਲ ਖਿੜੇ ਗੁਲਜ਼ਾਰ, ਕਵਲ ਫੁਲ ਆਪ ਮਹਿਕਾਈਆ। ਆਪੇ ਪਾਰਬ੍ਰਹਮ ਆਪਣੀ ਵੰਡ ਵੰਡੇ ਆਪਣੀ ਵਾਰ, ਵੰਡਣਹਾਰਾ ਆਪ ਹੋ ਜਾਈਆ। ਆਪੇ ਵਿਸ਼ਨੂੰ ਨਾਭੀ ਦੇਵੇ ਪਾੜ, ਮੁਖ ਆਪਣਾ ਬਾਹਰ ਕਢਾਈਆ। ਆਪੇ ਪੰਖੜੀਆਂ ਵੇਖੇ ਖਿੜੇ ਗੁਲਜ਼ਾਰ, ਪੱਤ ਡਾਲ੍ਹੀ ਆਪ ਮਹਿਕਾਈਆ। ਆਪੇ ਪਾਰਬ੍ਰਹਮ ਬ੍ਰਹਮ ਲਏ ਉਭਾਰ, ਬ੍ਰਹਮ ਵੇਤਾ ਨਾਉਂ ਧਰਾਈਆ। ਆਪੇ ਕਰੇ ਖੇਲ ਖੇਲਣਹਾਰ, ਸੁੰਨ ਅਗੰਮ ਧੂੰਆਂਧਾਰ ਆਪ ਰਖਾਈਆ। ਆਪੇ ਸ਼ੰਕਰ ਪਾਵੇ ਸਾਰ, ਆਪ ਆਪਣਾ ਹੁਕਮ ਜਣਾਈਆ। ਸ਼ਬਦ ਸੁਤ ਤੇਰਾ ਇਕ ਆਧਾਰ, ਸ਼ਾਹ ਪਾਤਸ਼ਾਹ ਆਪ ਜਣਾਈਆ। ਤੇਰਾ ਹੁਕਮ ਧੁਰ ਫ਼ਰਮਾਨ, ਧੁਰ ਦੀ ਬਾਣੀ ਬਾਣ ਲਗਾਈਆ। ਕਰੇ ਕਰਾਏ ਕਰਤਾ ਪੁਰਖ ਸੁਜਾਨ, ਕ਼ੁਦਰਤ ਰੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਤਾ ਪੁਰਖ ਬਿਧਾਤਾ, ਬੈਠਾ ਰਹੇ ਇਕ ਇਕਾਂਤਾ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣਾ ਬੰਧਨ ਆਪੇ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਉਪਜਾ, ਸ਼ਬਦੀ ਸ਼ਬਦ ਬੰਧਨ ਪਾਇੰਦਾ। ਏਕਾ ਰੂਪ ਦਏ ਦਰਸਾ, ਰੂਪ ਅਨੂਪ ਆਪ ਜਣਾਇੰਦਾ। ਏਕਾ ਨੈਣ ਦਏ ਖੁਲ੍ਹਾ, ਆਪਣਾ ਪਰਦਾ ਆਪ ਚੁਕਾਇੰਦਾ। ਏਕਾ ਮੰਦਰ ਦਏ ਵਖਾ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਇਕ ਮਹੱਲਾ ਦਏ ਜਣਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਇਕ ਸਿੰਘਾਸਣ ਦਏ ਸੁਹਾ, ਸ਼ਾਹ ਪਾਤਸ਼ਾਹ ਆਸਣ ਲਾਇੰਦਾ। ਏਕਾ ਸੀਸ ਦਏ ਜਣਾ, ਪੰਚਮ ਮੁਖ ਤਾਜ ਸੁਹਾਇੰਦਾ। ਏਕਾ ਹੁਕਮ ਦਏ ਵਰਤਾ, ਆਪਣਾ ਭਾਣਾ ਵਡ ਵਡਿਆਇੰਦਾ। ਤਿੰਨਾਂ ਵਿਚੋਲਾ ਬਣ ਬੇਪਰਵਾਹ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਆਪ ਆਪਣਾ ਨਾਉਂ ਜਣਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਾਚੀ ਸੇਵਾ ਸਚ ਰਖਾ, ਸਤਿ ਸਤਿਵਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਧਾਰਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਸ਼ਬਦ ਮੇਲਾ ਅਪਰ ਅਪਾਰ, ਮੇਲ ਮਿਲਾਵਾ ਏਕਾ ਥਾਂ ਕਰਾਈਆ। ਨਿਰਗੁਣ ਨਿਰਗੁਣ ਕਰੇ ਪਿਆਰ, ਸਰਗੁਣ ਸਰਗੁਣ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਵਸਣਹਾਰਾ ਸਾਚੇ ਘਰ, ਦਰ ਦਰਵਾਜ਼ਾ ਗ਼ਰੀਬ ਨਿਵਾਜਾ, ਸਚਖੰਡ ਦਵਾਰਾ ਹਰਿ ਨਿਰੰਕਾਰਾ ਆਪਣਾ ਆਪ ਖੁਲ੍ਹਾਈਆ। ਸਚਖੰਡ ਦਵਾਰਾ ਹਰਿ ਹਰਿ ਖੋਲ੍ਹ, ਸਚ ਸਿੰਘਾਸਣ ਆਸਣ ਲਾਇੰਦਾ। ਆਪਣਾ ਮੰਤਰ ਆਪੇ ਬੋਲ, ਬ੍ਰਹਮਾ ਵਿਸ਼ਨ ਸ਼ਿਵ ਪੜ੍ਹਾਇੰਦਾ। ਏਕਾ ਅੱਖਰ ਰੱਖੇ ਕੋਲ, ਨਿਸ਼ਅੱਖਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਹਰਿ ਹਰਿ ਦੱਸ, ਵਿਸ਼ਨ ਕਰੇ ਪੜ੍ਹਾਈਆ। ਬ੍ਰਹਮੇ ਬ੍ਰਹਮ ਹੋਇਆ ਵਸ, ਪਾਰਬ੍ਰਹਮ ਸਮਝਾਈਆ। ਸ਼ੰਕਰ ਮੇਲਾ ਹੱਸ ਹੱਸ, ਘਰ ਵਜਦੀ ਰਹੇ ਵਧਾਈਆ। ਤਿੰਨਾਂ ਬੰਨ੍ਹੇ ਏਕਾ ਡੋਰੀ ਕਸ, ਸ਼ਬਦ ਡੋਰ ਹਰਿ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਅਬਿਨਾਸ਼ੀ ਆਦਿ ਰਚਨਾ ਆਪ ਰਚਾਈਆ। ਵਿਸ਼ਨੂੰ ਤੇਰੀ ਸਾਚੀ ਕਾਰ, ਹਰਿ ਸਾਚਾ ਸਚ ਸਮਝਾਇੰਦਾ। ਏਕਾ ਅਤੁੱਟ ਦਏ ਭੰਡਾਰ, ਵਸਤ ਅਮੋਲਕ ਝੋਲੀ ਪਾਇੰਦਾ। ਬ੍ਰਹਮਾ ਤੇਰਾ ਬ੍ਰਹਮ ਪਸਾਰ, ਪਾਰਬ੍ਰਹਮ ਪ੍ਰਭ ਹੁਕਮ ਸੁਣਾਇੰਦਾ। ਸ਼ੰਕਰ ਤੇਰਾ ਖੇਲ ਨਿਆਰ, ਜੋ ਘੜਿਆ ਭੰਨ ਵਖਾਇੰਦਾ। ਤਿੰਨਾਂ ਵਿਚੋਲਾ ਸਿਰਜਣਹਾਰ ਸਾਚੀ ਸੇਵ ਸਮਝਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਹੁਕਮ ਹਾਕਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਅਲਾਇੰਦਾ। ਧੁਰ ਫ਼ਰਮਾਨ ਸ੍ਰੀ ਭਗਵੰਤ, ਆਪਣਾ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਈ ਬਣਤ, ਮਾਤ ਪਿਤ ਨਾ ਕੋਇ ਅਖਵਾਈਆ। ਆਪਣੀ ਮਹਿਮਾ ਗਣਾਏ ਅਗਣਤ, ਅਲਖ ਅਲਖਣਾ ਲੇਖ ਨਾ ਲਿਖਿਆ ਜਾਈਆ। ਇਕ ਸੁਣਾਏ ਸਾਚਾ ਮੰਤ, ਲਿਖਣ ਪੜ੍ਹਨ ਵਿਚ ਨਾ ਆਈਆ। ਲੱਖ ਚੁਰਾਸੀ ਬਣੌਣੀ ਬਣਤ, ਤ੍ਰੈਗੁਣ ਆਪਣੀ ਵੰਡ ਵੰਡਾਈਆ। ਪੰਜ ਤੱਤ ਮਿਲਾਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਲੱਖ ਚੁਰਾਸੀ ਘਾੜਨ ਘੜਨਾ, ਹਰਿ ਸਾਚਾ ਸਚ ਸਮਝਾਇੰਦਾ। ਇਕ ਦੂਜੇ ਦਾ ਲੜ ਫੜਨਾ, ਸਗਲਾ ਸੰਗ ਇਕ ਵਖਾਇੰਦਾ। ਤ੍ਰੈਗੁਣ ਮਾਇਆ ਜੜਤ ਜੜਨਾ, ਪੰਚਮ ਮੇਲਾ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ ਅਚਰਜ ਖੇਲ ਆਪੇ ਕਰਨਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਵੰਡ ਵੰਡਾਇੰਦਾ। ਘਟ ਘਟ ਅੰਦਰ ਆਪੇ ਵੜਨਾ, ਜੋਤੀ ਜਾਤਾ ਏਕਾ ਜੋਤ ਡਗਮਗਾਇੰਦਾ। ਸ਼ਬਦ ਅਨਾਦਿ ਏਕਾ ਧਰਨਾ, ਘਟ ਘਟ ਮੰਦਰ ਤਾਲ ਵਜਾਇੰਦਾ। ਅੰਮ੍ਰਿਤ ਸਰੋਵਰ ਏਕਾ ਤਰਨਾ, ਕਵਲ ਨਾਭ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਸੰਦੇਸ਼ ਆਪ ਸੁਣਾਇੰਦਾ। ਸਚ ਸੰਦੇਸਾ ਸੁਣ ਕੰਨ, ਸੋ ਪੁਰਖ ਨਿਰੰਜਣ ਆਪ ਜਣਾਇਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਧੰਨ ਧੰਨ, ਦਰ ਬੈਠੇ ਸੀਸ ਝੁਕਾਇਆ। ਲੱਖ ਚੁਰਾਸੀ ਘਾੜਨ ਘੜਨਾ ਤੇਰਾ ਜਨਨੀ ਜਨ, ਧੰਨ ਧੰਨ ਜਣੇਂਦੀ ਮਾਇਆ। ਪਾਰਬ੍ਰਹਮ ਪਤਿਪਰਮੇਸ਼ਵਰ ਸਾਡਾ ਬੇੜਾ ਦੇਣਾ ਬੰਨ, ਦੂਸਰ ਦਰ ਨਾ ਕੋਈ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਦੋਏ ਦੋਏ ਜੋੜ ਸੀਸ ਝੁਕਾਈਆ। ਤੂੰ ਸਾਹਿਬ ਦਾਤਾ ਬੇਐਬ ਪਰਵਰਦਿਗਾਰ, ਤੇਰਾ ਰੂਪ ਅਨੂਪ ਨਜ਼ਰ ਕਿਸੇ ਨਾ ਆਈਆ। ਤੂੰ ਵਸਣਹਾਰਾ ਸਚਖੰਡ ਠਾਂਡੇ ਦਰਬਾਰ, ਦਰ ਘਰ ਸਾਚੇ ਦਏ ਵਧਾਈਆ। ਹਉਂ ਭਿਖਕ ਮੰਗਦੇ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਤੇਰਾ ਹੁਕਮ ਵਰਤੇ ਵਿਚ ਸੰਸਾਰ, ਲੱਖ ਚੁਰਾਸੀ ਘਾੜਤ ਲਏ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਲੋਕਮਾਤ ਆਪਣੀ ਵੇਖੇ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਤੱਤ ਜਣਾਇੰਦਾ। ਲੱਖ ਚੁਰਾਸੀ ਘਾੜਨ ਘੜਾ, ਤ੍ਰੈਗੁਣ ਬੰਧਨ ਪਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾ, ਕਾਇਆ ਬੰਕ ਸੁਹਾਇੰਦਾ। ਚਾਰੇ ਖਾਣੀ ਵੰਡ ਵੰਡਾ, ਚਾਰੇ ਬਾਣੀ ਆਪ ਪਰਗਟਾਇੰਦਾ। ਚਾਰੇ ਜੁਗ ਖੇਲ ਖਿਲਾ, ਚਾਰੇ ਵਰਨ ਰੰਗ ਰੰਗਾਇੰਦਾ। ਚਾਰ ਵੇਦ ਦਏ ਪੜ੍ਹਾ, ਬ੍ਰਹਮਾ ਵੇਤਾ ਆਪ ਸਮਝਾਇੰਦਾ। ਚਾਰੇ ਕੂਟਾਂ ਫੇਰਾ ਪਾ, ਆਪਣਾ ਹੁਕਮ ਸੁਣਾਇੰਦਾ। ਜੁਗ ਚੌਕੜੀ ਵੇਸ ਵਟਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਧੁਰ ਸੰਦੇਸਾ ਦਏ ਸੁਣਾ, ਗੁਰ ਅਵਤਾਰ ਸੇਵ ਲਗਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਖੇਲ ਖਿਲਾ, ਖ਼ਾਲਕ ਆਪਣੇ ਰੰਗ ਰੰਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਰ ਧਿਆ, ਹਰਿ ਸਾਚਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਖੁਲ੍ਹਾਵਣਹਾਰਾ, ਏਕਾ ਸ਼ਬਦ ਕਰੇ ਜਣਾਈਆ। ਜੁਗ ਜੁਗ ਆਵਾਂ ਵਾਰੋ ਵਾਰਾ, ਲੋਕਮਾਤ ਕਰਾਂ ਰੁਸ਼ਨਾਈਆ। ਨੌਂ ਨੌਂ ਵੇਖਾਂ ਵਿਚ ਸੰਸਾਰਾ, ਕੋਟਨ ਕੋਟ ਰੂਪ ਧਰਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਅੰਤਮ ਕਰੇ ਪਾਰ ਕਿਨਾਰਾ, ਥਿਰ ਕੋਈ ਰਹਿਣ ਨਾ ਪਾਈਆ। ਵਿਸ਼ਨੂੰ ਤੇਰੀ ਪਾਵੇ ਸਾਰਾ, ਵਿਸ਼ਨ ਆਪਣਾ ਖੇਲ ਖਿਲਾਈਆ। ਬ੍ਰਹਮਾ ਤੈਨੂੰ ਦਏ ਸਹਾਰਾ, ਤੇਰਾ ਬ੍ਰਹਮ ਰੂਪ ਵੇਖ ਵਖਾਈਆ। ਸ਼ੰਕਰ ਤੇਰਾ ਵੇਖੇ ਅਖਾੜਾ, ਨੌਂ ਖੰਡ ਪ੍ਰਿਥਮੀ ਵੰਡ ਵੰਡਾਈਆ। ਨਿਰਗੁਣ ਨੂਰ ਜੋਤ ਕਰੇ ਉਜਿਆਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਮਧ ਆਪਣੀ ਖੇਲ ਖਿਲਾਈਆ। ਮਧ ਖੇਲ ਹਰਿ ਕਰਤਾਰ, ਜੁਗ ਚੌਕੜੀ ਆਪ ਖਿਲਾਇੰਦਾ। ਜੁਗਾ ਜੁਗੰਤਰ ਪਾਵੇ ਸਾਰ, ਦੋ ਜਹਾਨਾਂ ਵੇਖ ਵਖਾਇੰਦਾ। ਚੋਦਾਂ ਲੋਕ ਹੱਟ ਖੋਲ੍ਹ ਕਿਵਾੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਵਰਤਾਇੰਦਾ। ਗਗਨ ਪਾਤਾਲਾ ਦਏ ਅਧਾਰ, ਜ਼ਿਮੀਂ ਅਸਮਾਨਾ ਫੋਲ ਫੋਲਾਇੰਦਾ। ਸੇਵਾ ਲਾਏ ਰਵ ਸਸ ਸੂਰਜ ਚੰਦ ਸਤਾਰ, ਕੋਹ ਕਰੋੜੀ ਚਲਤ ਅੰਤ ਕੋਈ ਨਾ ਪਾਇੰਦਾ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਆਸਣ ਲਾਇੰਦਾ। ਸਮੁੰਦ ਸਾਗਰ ਵਰੋਲੇ ਆਪਣੀ ਵਾਰ, ਰਤਨ ਅਮੋਲਕ ਬਾਹਰ ਕਢਾਇੰਦਾ। ਸਾਚੀ ਗੋਲਕ ਕਰ ਤਿਆਰ, ਧਰਨੀ ਧਰਤ ਧਵਲ ਆਪ ਟਿਕਾਇੰਦਾ। ਨਾਮ ਅਮੋਲਕ ਵਿਚ ਸੰਸਾਰ, ਜੁਗ ਜੁਗ ਆਪਣਾ ਆਪ ਵਰਤਾਇੰਦਾ। ਆਦਿ ਜੁਗਾਦਿ ਰਹੇ ਅਡੋਲਤ, ਲੱਖ ਚੁਰਾਸੀ ਆਪ ਡੁਲਾਇੰਦਾ। ਜਨ ਭਗਤਾਂ ਮੇਲ ਮਿਲਾਏ ਹਰਿ ਅਨਬੋਲਤ, ਰਸਨਾ ਜਿਹਵਾ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਦੇਵੇ ਏਕਾ ਵਰ, ਸ਼ਿਵ ਆਪਣੇ ਅੰਗ ਲਗਾਇੰਦਾ। ਨਵ ਨੌਂ ਚਾਰ ਉਤਰੇ ਪਾਰ, ਹਰਿ ਸਾਚਾ ਸਚ ਸੁਹਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਨਾਲ ਮਿਲਾਇੰਦਾ। ਏਕੰਕਾਰਾ ਖੇਲ ਅਪਾਰ, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖ਼ਬਰਦਾਰ, ਸ੍ਰੀ ਭਗਵਾਨ ਡਗਮਗਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਬ੍ਰਹਮ ਬ੍ਰਹਮ ਹਰ ਘਟ ਵੇਖ ਵਖਾਇੰਦਾ। ਵਿਸ਼ਨੂੰ ਤੇਰੇ ਵੇਖੇ ਭੰਡਾਰ, ਲੱਖ ਚੁਰਾਸੀ ਫੋਲ ਫੋਲਾਇੰਦਾ। ਸ਼ੰਕਰ ਤੇਰੀ ਵੇਖੇ ਤਿਖੀ ਧਾਰ, ਤ੍ਰਿਸੂਲ ਹੱਥ ਫੜਾਇੰਦਾ। ਬਾਸ਼ਕ ਤਸ਼ਕਾ ਤੇਰਾ ਸ਼ੰਗਾਰ, ਤੇਰੇ ਕੰਠ ਪਹਿਨਾਇੰਦਾ। ਜਟਾ ਜੂਟ ਤੇਰੀ ਵਿਚਾਰ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਚਾਰੋਂ ਕੁੰਟ ਪਾਵੇ ਸਾਰ, ਦਹਿ ਦਿਸ਼ਾ ਫੇਰਾ ਪਾਇੰਦਾ। ਆਪਣਾ ਕੀਤਾ ਕੌਲ ਭੁਲ ਨਾ ਜਾਏ ਹਰਿ ਨਿਰੰਕਾਰ, ਸ਼ਬਦੀ ਆਪਣਾ ਰੂਪ ਵਟਾਇੰਦਾ। ਜੋਤੀ ਜਾਤਾ ਆਪੇ ਵੇਖੇ ਖੇਲ ਤਮਾਸ਼ਾ, ਪ੍ਰਿਥਮੀ ਆਕਾਸ਼ਾ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਦਿ ਅੰਤ ਆਪਣੇ ਹੱਥ ਰਖਾਇੰਦਾ। ਆਦਿ ਅੰਤ ਹਰਿ ਆਪਣੇ ਰੱਖਿਆ ਹੱਥ, ਵੇਦ ਕਤੇਬ ਭੇਵ ਨਾ ਰਾਈਆ। ਜੁਗ ਚੌਕੜੀ ਚਲਾਇਆ ਰਥ, ਰਥਵਾਹੀ ਸੇਵ ਕਮਾਈਆ। ਨਾਮ ਅਮੋਲਕ ਦੇ ਦੇ ਵਥ, ਗੁਰ ਅਵਤਾਰ ਸੇਵ ਕਮਾਈਆ। ਮਾਰਗ ਲਾ ਲਾ ਅਠਸਠ, ਤੀਰਥ ਤਟ ਦਏ ਵਡਿਆਈਆ। ਬਣਾ ਬਣਾ ਮੰਦਰ ਮਸਜਦ ਗੁਰੂਦਵਾਰਾ ਮੱਠ, ਸ਼ਿਵਦਵਾਲਾ ਜਗਤ ਸਮਝਾਈਆ। ਭਗਤਾਂ ਦੇਵੇ ਏਕਾ ਮਤ, ਬ੍ਰਹਮ ਮਤ ਆਪ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਏਕਾ ਬਖ਼ਸ਼ੇ ਧੀਰਜ ਜਤ, ਸਤਿ ਸੰਤੋਖ ਝੋਲੀ ਪਾਈਆ। ਚਰਨ ਕਵਲ ਬੰਧਾਏ ਸਾਚਾ ਨਤ, ਜਗਤ ਨਾਤਾ ਤੋੜ ਤੁੜਾਈਆ। ਜੋਤ ਜਗਾਏ ਲਟ ਲਟ, ਅੰਧ ਅੰਧੇਰਾ ਦਏ ਗਵਾਈਆ। ਅੰਮ੍ਰਿਤ ਵਖਾਏ ਕਾਇਆ ਮਟ, ਸਚ ਪਿਆਲਾ ਹੱਥ ਰਖਾਈਆ। ਸ਼ਬਦ ਅਗੰਮੀ ਮਾਰੇ ਸੱਟ, ਬਜਰ ਕਪਾਟੀ ਦਏ ਤੁੜਾਈਆ। ਸੁਣਾਏ ਰਾਗ ਏਕਾ ਅਨਹਦ, ਤਾਰ ਸਤਾਰ ਨਾ ਕੋਇ ਹਿਲਾਈਆ। ਨਾਮ ਪਿਆਲਾ ਪਿਆਏ ਮਦਿ, ਨਸ਼ਾ ਉਤਰ ਕਦੇ ਨਾ ਜਾਈਆ। ਸੰਤ ਸੁਹੇਲੇ ਘਰ ਵਿਚ ਸੱਦ, ਆਪ ਆਪਣਾ ਮੇਲ ਮਿਲਾਈਆ। ਲੱਖ ਚੁਰਾਸੀ ਵਿਚੋਂ ਕੱਢ, ਸਾਚੇ ਮੰਦਰ ਲਏ ਬਹਾਈਆ। ਵਿਸ਼ਨ ਬ੍ਰਹਮਾ ਸ਼ਿਵ ਲਡਾਏ ਲਡ, ਆਪ ਆਪਣੀ ਦਇਆ ਕਮਾਈਆ। ਆਪ ਸੁਹਾਏ ਆਪਣੀ ਯੱਦ, ਵਿਸ਼ਨੂੰ ਵੰਸੀ ਆਪ ਅਖਵਾਈਆ। ਦੋ ਜਹਾਨਾਂ ਜਾਣੇ ਹੱਦ, ਆਰ ਪਾਰ ਕਿਨਾਰਾ ਆਪੇ ਰਿਹਾ ਬਣਾਈਆ। ਆਪੇ ਵਸੇ ਸਚਖੰਡ, ਆਪੇ ਲੋਕਮਾਤ ਫੇਰਾ ਪਾਈਆ। ਆਪੇ ਵੇਖੇ ਲੱਖ ਚੁਰਾਸੀ ਨਾਰ ਦੁਹਾਗਣ ਜੀਵ ਰੰਡ, ਆਪੇ ਗੁਰਮੁਖ ਲਏ ਮਿਲਾਈਆ। ਆਪੇ ਦੇਵਣਹਾਰਾ ਦੰਡ, ਜੁਗ ਜੁਗ ਆਪਣਾ ਹੁਕਮ ਸੁਣਾਈਆ। ਆਪੇ ਮੇਟੇ ਭੇਖ ਪਖੰਡ, ਖ਼ਾਲਕ ਖ਼ਲਕ ਰੂਪ ਵਟਾਈਆ। ਆਪੇ ਲੇਖਾ ਜਾਣੇ ਸਰਬ ਬ੍ਰਹਿਮੰਡ, ਲੋਆਂ ਪੁਰੀਆਂ ਫੋਲ ਫੋਲਾਈਆ। ਆਪੇ ਪਰਦਾ ਲਾਹੇ ਜੇਰਜ ਅੰਡ, ਉਤਭੁਜ ਸੇਤਜ ਆਪਣੀ ਰਚਨ ਰਚਾਈਆ। ਆਪੇ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਲਏ ਬਦਲਾਈਆ। ਆਪੇ ਕਰੇ ਖੰਡ ਖੰਡ, ਜੋ ਘੜਿਆ ਸੋ ਭੰਨ ਵਖਾਈਆ। ਆਪੇ ਲੇਖਾ ਜਾਣੇ ਸੂਰਜ ਚੰਦ, ਕਿਰਨ ਕਿਰਨ ਰੁਸ਼ਨਾਈਆ। ਆਪੇ ਚੌਦਾਂ ਚੌਦਾਂ ਬੇੜਾ ਬੰਨ੍ਹ, ਆਪੇ ਸੋਲਾਂ ਸੋਲਾਂ ਬੰਧਨ ਪਾਈਆ। ਆਪੇ ਹੋਏ ਕੱਲਰ ਕੰਧ, ਆਪੇ ਸ਼ੌਹ ਦਰਯਾਏ ਦਏ ਰੁੜ੍ਹਾਈਆ। ਆਪ ਸੁਣਾਏ ਸੁਹਾਗੀ ਛੰਦ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਅੰਤ ਮੁਕਾਏ ਲੋਕਮਾਤ ਪੰਧ, ਜੁਗ ਚੌਕੜੀ ਆਪਣੇ ਵਿਚ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚੇ ਹਰਿ, ਆਪਣਾ ਭੇਵ ਆਪ ਜਣਾਈਆ। ਭੇਵ ਜਣਾਇਆ ਸ੍ਰੀ ਭਗਵਾਨ, ਸ਼ਬਦ ਅਨਾਦੀ ਬੋਲ। ਨਵ ਨੌਂ ਚਾਰ ਖੇਲ ਮਹਾਨ, ਕਰੇ ਕਰਾਏ ਬੈਠ ਅਡੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਤੋਲੇ ਆਪਣੇ ਤੋਲ। ਸਾਚਾ ਤੋਲ ਤੋਲਣਹਾਰਾ, ਏਕਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਆਏ ਵਿਚ ਸੰਸਾਰਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਇੰਦਾ। ਲੇਖਾ ਲਿਖੇ ਅਪਰ ਅਪਾਰਾ, ਵੇਦ ਵਿਆਸਾ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਖੇਲ ਨਿਆਰਾ, ਕਲਜੁਗ ਆਪਣਾ ਰੰਗ ਰੰਗਾਇੰਦਾ। ਹੱਕ ਹਕ਼ੀਕ਼ਤ ਬੋਲ ਜੈਕਾਰਾ, ਲਾਸ਼ਰੀਕ ਖੇਲ ਖਿਲਾਇੰਦਾ। ਨਾਨਕ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਨਾਮ ਬਣੇ ਵਰਤਾਰਾ, ਚਾਰ ਵਰਨਾਂ ਆਪ ਵਰਤਾਇੰਦਾ। ਅੰਤਮ ਬੋਲੇ ਏਕਾ ਨਾਅਰਾ, ਉਚੀ ਕੂਕ ਕੂਕ ਸੁਣਾਇੰਦਾ। ਮਹਾਂਬਲੀ ਹਰਿ ਕਰਤਾਰਾ, ਦੂਸਰ ਅਵਰ ਨਾ ਕੋਇ ਰਖਾਇੰਦਾ। ਆਪੇ ਉਤਰੇ ਆਪਣੀ ਵਾਰਾ, ਮਾਤ ਪਿਤ ਨਾ ਕੋਇ ਜਾਇੰਦਾ। ਏਕਾ ਜੋਤੀ ਦਸ ਅਵਤਾਰਾ, ਗੁਰ ਗੋਬਿੰਦ ਰੰਗ ਚੜ੍ਹਾਇੰਦਾ। ਪੁਰਖ ਅਕਾਲ ਸੁਤ ਦੁਲਾਰਾ, ਸਿੰਘ ਰੂਪ ਆਪ ਵਟਾਇੰਦਾ। ਚਾਰ ਵਰਨਾਂ ਕਰੇ ਪਿਆਰਾ, ਅੰਮ੍ਰਿਤ ਜਾਮ ਪਿਆਇੰਦਾ। ਖੜਗ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਆਪ ਚਮਕਾਇੰਦਾ। ਪੰਚਮ ਮੀਤਾ ਪੰਚਮ ਆਧਾਰਾ, ਪੰਚਮ ਮੋਹ ਮਿਟਾਇੰਦਾ। ਸਚ ਭੰਡਾਰਾ ਅੰਮ੍ਰਿਤ ਠੰਡਾ ਠਾਰਾ, ਅੰਮਿਉਂ ਰਸ ਆਪਣਾ ਮੁਖ ਚੁਆਇੰਦਾ। ਅੰਤਮ ਬੋਲ ਤੋਲ ਅਡੋਲ ਕਹੇ ਸਰਬ ਸੰਸਾਰਾ, ਭੇਵ ਅਭੇਵ ਆਪ ਮਿਟਾਇੰਦਾ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਜੁਗਾ ਜੁਗੰਤਰ ਲੋਕਮਾਤ ਮਾਰ ਝਾਤ ਲੱਖ ਚੁਰਾਸੀ ਪਾਵੇ ਸਾਰਾ, ਭੁਲ ਕਦੇ ਨਾ ਜਾਇੰਦਾ। ਕਲਜੁਗ ਅੰਤਮ ਆਏ ਕਿਨਾਰਾ, ਲੱਖ ਚਾਰ ਬੱਤੀ ਹਜ਼ਾਰ ਨਾ ਉਤਰੇ ਪਾਰਾ, ਮੰਝਧਾਰ ਆਪ ਰੁੜ੍ਹਾਇੰਦਾ। ਜੀਵਾਂ ਜੰਤਾਂ ਕਰ ਵਿਭਚਾਰਾ, ਨਾਰ ਕੰਤ ਨਾ ਕਰੇ ਪਿਆਰਾ, ਮਾਤ ਪਿਤ ਸੇਵ ਨਾ ਕੋਇ ਕਮਾਇੰਦਾ। ਚਾਰੋਂ ਕੁੰਟ ਗੜ੍ਹ ਹੰਕਾਰਾ, ਜੂਠ ਝੂਠ ਲਗਾਏ ਨਾਅਰਾ, ਸਚ ਸੁੱਚ ਨਜ਼ਰ ਕੋਇ ਨਾ ਆਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਅੰਤਮ ਪਰਗਟ ਹੋਵੇ ਮਹਾਂਬਲੀ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜੋਤ ਜੋਤ ਜਗਾਇੰਦਾ। ਸੰਬਲ ਨਗਰ ਵਸੇ ਧਾਮ ਨਿਆਰਾ, ਮਹੱਲ ਅਟਲ ਸੁਹਾਏ ਇਕ ਚੁਬਾਰਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਚੌਦਾਂ ਤਬਕਾਂ ਦਏ ਹੁਲਾਰਾ, ਜ਼ਿਮੀਂ ਅਸਮਾਨਾ ਵੇਖੇ ਪਾੜਾ, ਗਗਨ ਪਾਤਾਲਾਂ ਆਪ ਉਠਾਇੰਦਾ। ਸ਼ਾਹ ਸੁਲਤਾਨਾਂ ਮਾਰੇ ਮਾਰਾ, ਚਾਰੇ ਵਰਨਾਂ ਕਰੇ ਖ਼ਵਾਰਾ, ਅਠਾਰਾਂ ਬਰਨਾਂ ਹਾਹਾਕਾਰਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਏਕਾ ਮੰਤਰ ਜੈ ਜੈਕਾਰਾ, ਆਤਮ ਪਰਮਾਤਮ ਮੇਲ ਮਿਲਾਏ ਵਿਚ ਸੰਸਾਰਾ, ਸਾਚਾ ਮੰਦਰ ਕਰ ਪਿਆਰਾ, ਕਾਇਆ ਬੰਕ ਆਪ ਸੁਹਾਇੰਦਾ। ਏਕਾ ਗੁਰ ਇਕ ਅਵਤਾਰਾ, ਆਵੇ ਜਾਵੇ ਵਾਰੋ ਵਾਰਾ, ਹਰਿਜਨ ਸਾਚੇ ਵੇਖ ਵਖਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਅੰਤ ਆਪਣਾ ਖੇਲ ਖਿਲਾਇੰਦਾ। ਕਲਜੁਗ ਅੰਤਮ ਖੇਲ ਖਿਲੌਣਾ, ਪਾਰਬ੍ਰਹਮ ਵਡੀ ਵਡਿਆਈਆ। ਨਿਰਵੈਰ ਆਪਣਾ ਨਾਉਂ ਧਰੌਣਾ, ਮੂਰਤ ਅਕਾਲ ਸਰਬ ਦਏ ਦਰਸਾਈਆ। ਅਨਭਵ ਪਰਕਾਸ਼ ਆਪ ਕਰੌਣਾ, ਅਨਭਵ ਹਰਿਜਨ ਦਏ ਖੁਲ੍ਹਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਬਹੌਣਾ, ਜ਼ਾਤ ਪਾਤ ਊਚ ਨੀਚ ਨਾ ਕੋਇ ਰਖਾਈਆ। ਘਟ ਘਟ ਅੰਦਰ ਦੀਪ ਜੋਤ ਜਗੌਣਾ, ਅੰਧ ਅੰਧੇਰ ਦਏ ਮਿਟਾਈਆ। ਫੜ ਫੜ ਕਾਗ ਹੰਸ ਬਣੌਣਾ, ਸੋਹੰ ਹੰਸਾ ਚੋਗ ਚੁਗਾਈਆ। ਏਕਾ ਜੋਗ ਸਚ ਸਮਝੌਣਾ, ਸੰਗਮ ਤੀਰਥ ਇਕ ਵਖਾਈਆ। ਸਭ ਦਾ ਰੋਗ ਹਉਮੇਂ ਦੁੱਖ ਮਿਟੌਣਾ, ਮਾਇਆ ਮਮਤਾ ਮੋਹ ਦਏ ਮਿਟਾਈਆ। ਸ਼ਬਦ ਸਲੋਕ ਇਕ ਸੁਣੌਣਾ, ਬ੍ਰਹਮ ਪਾਰਬ੍ਰਹਮ ਕਰੇ ਪੜ੍ਹਾਈਆ। ਚੌਦਾਂ ਲੋਕ ਰੰਗ ਲਗੌਣਾ, ਤ੍ਰੈਭਵਣ ਵੱਜੇ ਵਧਾਈਆ। ਅਵਣ ਗਵਣ ਫੰਦ ਮਿਟੌਣਾ, ਜਮ ਫਾਸ ਰਹਿਣ ਨਾ ਪਾਈਆ। ਸਰਬ ਗੁਣ ਤਾਸ ਨਜ਼ਰੀ ਔਣਾ, ਗੁਣਵੰਤਾ ਇਕ ਸ਼ਹਿਨਸ਼ਾਹੀਆ। ਸਤਿਜੁਗ ਸਾਚਾ ਮਾਰਗ ਲੌਣਾ, ਸਤਿ ਧਰਮ ਇਕ ਦ੍ਰਿੜਾਈਆ। ਕਲਜੁਗ ਅਗਨੀ ਅੱਗ ਬੁਝੌਣਾ, ਤਤਵ ਤਤ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਸ੍ਰੀ ਭਗਵੰਤ ਆਪਣਾ ਭੇਵ ਦਏ ਖੁਲ੍ਹਾਈਆ।
