੧੧ ਜੇਠ ੨੦੧੮ ਬਿਕ੍ਰਮੀ ਰਾਮ ਚੰਦ ਦੇ ਗ੍ਰਹਿ ਪਿੰਡ ਦੇਵਾ ਜੰਮੂ
ਰਾਮ ਪ੍ਰਗਟਿਓ ਰਾਮ ਮੇਲਾ, ਚੰਦ ਚਕੋਰ ਪ੍ਰੀਤ ਨਿਭਾਈਆ। ਰਾਮ ਗੁਰੂ ਰਾਮ ਚੇਲਾ, ਰਾਮ ਇਸ਼ਟ ਦੇਵ ਮਨਾਈਆ। ਰਾਮ ਸਾਹਿਬ ਰਾਮ ਸੱਜਣ ਸੁਹੇਲਾ, ਰਾਮ ਰਾਮ ਨਾਮ ਪੜ੍ਹਾਈਆ। ਰਾਮ ਮੇਲਾ ਇਕ ਇਕੇਲਾ, ਰਾਮ ਰਾਮਾ ਹੋਏ ਸਹਾਈਆ। ਰਾਮ ਵਸੇ ਸਰਬ ਨਵੇਲਾ, ਰਾਮ ਹਰਿ ਘਟ ਆਸਣ ਲਾਈਆ। ਰਾਮ ਜਾਣੇ ਆਪਣਾ ਵੇਲਾ, ਰਾਮ ਥਿਤ ਵਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਈਆ। ਰਾਮ ਸੱਜਣ ਰਾਮ ਮੀਤ, ਰਾਮ ਰਾਮ ਅਧਾਰਿਆ। ਰਾਮ ਗਾਏ ਰਾਮ ਗੀਤ, ਰਾਮ ਮੇਲਾ ਵਿਚ ਸੰਸਾਰਿਆ। ਰਾਮ ਕਰੇ ਪਤਿਤ ਪੁਨੀਤ, ਪਤਿਤ ਪਾਪੀ ਰਾਮ ਅਧਾਰਿਆ। ਰਾਮ ਹੋਏ ਠੰਡਾ ਸੀਤ, ਰਾਮ ਅਗਣਤ ਤਤ ਨਿਵਾਰਿਆ। ਰਾਮ ਵਸੇ ਹਸਤ ਕੀਟ, ਰਾਮ ਰਾਮ ਰੂਪ ਉਜਿਆਰਿਆ। ਰਾਮ ਕਰੇ ਖੇਲ ਅਨਡੀਠ, ਰਾਮ ਰਾਮ ਵੇਖ ਵਖਾ ਰਿਹਾ। ਰਾਮ ਸ੍ਰਿਸ਼ਟ ਸਬਾਈ ਰਿਹਾ ਜੀਤ, ਹਰਿਜਨ ਸਾਚੇ ਰਾਮ ਉਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾ ਲਿਆ। ਰਾਮ ਗੋਬਿੰਦ ਨਾਮ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਰਾਮ ਸੂਰਾ ਰਾਮ ਸਰਬੰਗ, ਰਾਮ ਰਾਮ ਨਿਉਂ ਨਿਉਂ ਸੀਸ ਝੁਕਾਈਆ। ਰਾਮ ਸ਼ਬਦ ਰਾਮ ਮਰਦੰਗ, ਰਾਮ ਰਾਮਾ ਰਿਹਾ ਵਜਾਈਆ। ਰਾਮ ਰਾਮਾ ਦੇਵੇ ਪਰਮਾਨੰਦ, ਆਤਮ ਰਾਮ ਵੇਖ ਵਖਾਈਆ। ਰਾਮ ਗਾਏ ਸੁਹਾਗੀ ਛੰਦ, ਵਾਹ ਵਾ ਰਾਮ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਰਾਮ ਰੰਗ ਰਾਮ ਰੂਪ ਰਾਮ ਰੇਖ, ਰਾਮ ਰਾਮ ਵਿਚ ਸਮਾਈਆ। ਰਾਮ ਰਾਮਾ ਧਰ ਧਰ ਭੇਖ, ਧਰਨੀ ਧਰਤ ਧਵਲ ਦਏ ਵਡਿਆਈਆ। ਰਾਮ ਲਿਖਣਹਾਰਾ ਲੇਖ, ਹਰਿ ਰਾਮਾ ਦਏ ਬੁਝਾਈਆ। ਆਦਿ ਜੁਗਾਦੀ ਸਦਾ ਆਦੇਸ਼, ਨਿਉਂ ਨਿਉਂ ਸੀਸ ਝੁਕਾਈਆ। ਤ੍ਰੈ ਤ੍ਰੈ ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼, ਮਹੇਸ਼ਵਰ ਆਪਣੀ ਖੇਲ ਖਿਲਾਈਆ। ਰਸਨਾ ਜਿਹਵਾ ਗਾਏ ਸ਼ੇਸ਼, ਸਹੰਸਰ ਮੁਖ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਵਖਾਈਆ। ਆਪੇ ਰਾਮ ਬਲ ਬਲ ਬਾਵਨ, ਬਲਧਾਰੀ ਆਪ ਅਖਵਾਇੰਦਾ। ਆਪੇ ਦੁਸ਼ਟ ਹੰਕਾਰੀ ਮਾਰੇ ਰਾਵਨ, ਲੰਕਾ ਗੜ੍ਹ ਆਪ ਤੁੜਾਇੰਦਾ। ਆਪੇ ਭਗਤ ਵਛਲ ਹੋਏ ਜ਼ਾਮਨ, ਭਗਵਨ ਭਗਤ ਦਇਆ ਕਮਾਇੰਦਾ। ਆਪੇ ਮੇਟਣਹਾਰਾ ਅੰਧੇਰੀ ਸ਼ਾਮਨ, ਸਾਚਾ ਚੰਦ ਆਪ ਚੜ੍ਹਾਇੰਦਾ। ਜੁਗਾ ਜੁਗੰਤਰ ਪਕੜੇ ਦਾਮਨ, ਦਾਮਨਗੀਰ ਖੇਲ ਖਿਲਾਇੰਦਾ। ਲੇਖਾ ਜਾਣੇ ਕਾਇਆ ਨਗਰ ਗਰਾਮਨ, ਕਾਇਆ ਖੇੜਾ ਫੋਲ ਫੁਲਾਇੰਦਾ। ਲਹਿਣਾ ਚੁੱਕੇ ਸ਼ੂਦਰ ਵੈਸ਼ ਛੱਤ੍ਰੀ ਬ੍ਰਹਿਮਣ, ਬ੍ਰਹਮ ਆਪਣਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਇੰਦਾ। ਸਾਚਾ ਸੰਗ ਰਮਈਆ ਰਾਮ, ਰਾਮ ਰਾਮ ਰਾਮ ਨਿਭਾਈਆ। ਪੂਰਨ ਕਰੇ ਹਰਿ ਹਰਿ ਕਾਮ, ਆਦਿ ਜੁਗਾਦਿ ਵਡੀ ਵਡਿਆਈਆ। ਹਰਿਜਨ ਪਿਆਏ ਅੰਮ੍ਰਿਤ ਜਾਮ, ਨਿਝਰ ਝਿਰਨਾ ਆਪ ਝਿਰਾਈਆ। ਜਗਤ ਅੰਧੇਰਾ ਮੇਟੇ ਸ਼ਾਮ, ਸਾਚਾ ਨੂਰ ਕਰ ਰੁਸ਼ਨਾਈਆ। ਸ਼ਬਦ ਅਗੰਮੀ ਮਾਰੇ ਬਾਣ, ਚਿੱਲਾ ਤੀਰ ਕਮਾਨ ਉਠਾਈਆ। ਲੇਖਾ ਜਾਣੇ ਚਤੁਰ ਸੁਘੜ ਸੁਜਾਨ, ਅਭੁਲ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਰਾਮ ਉਪਾਇਆ ਰਾਮ ਰਾਜ, ਰਾਮ ਰਾਮ ਵੱਜੀ ਵਧਾਈਆ । ਸਤਿਜੁਗ ਤ੍ਰੇਤਾ ਦੁਆਪਰ ਚਲ ਆਇਆ ਬਣ , ਕਲਜੁਗ ਅੰਤਮ ਵੇਖ ਵਖਾਈਆ। ਨਿਰਗੁਣ ਸਰਗੁਣ ਦੇਵੇ ਦਾਜ, ਨਾਮ ਭੰਡਾਰਾ ਇਕ ਵਰਤਾਈਆ। ਨਾਤਾ ਤੋੜੇ ਜਗਤ ਲਾਜ, ਲੋਕ ਲਾਜ ਰਹਿਣ ਨਾ ਪਾਈਆ। ਜਗਤ ਮੁਲੰਮਾ ਲਾਹੇ ਪਾਜ, ਕੰਚਨ ਰੂਪ ਆਪ ਵਟਾਈਆ। ਕਿਰਪਾ ਕਰੇ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਈਆ। ਸਚ ਚੜ੍ਹਾਏ ਇਕ ਜਹਾਜ਼, ਨਾਮ ਨਈਆ ਰਾਮ ਰਖਾਈਆ। ਸ਼ਬਦ ਅਗੰਮੀ ਮਾਰੇ ਅਵਾਜ਼, ਸੋਈ ਸੁਰਤ ਮਾਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਦਏ ਵਡਿਆਈਆ। ਏਕਾ ਘਰ ਵਸਿਆ ਰਾਮ, ਰਾਮ ਰੂਪ ਅਖਵਾਇੰਦਾ। ਹੱਡ ਮਾਸ ਨਾੜੀ ਨਾ ਦਿਸੇ ਚਾਮ, ਹੱਡ ਮਾਸ ਨਾੜੀ ਰਤ ਮੇਲ ਮਿਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਿਸੇ ਨਾ ਲਏ ਆਣ, ਲੱਖ ਚੁਰਾਸੀ ਹੁਕਮ ਸੁਣਾਇੰਦਾ। ਸ਼ਬਦ ਅਨਾਦ ਧੁਰ ਫ਼ਰਮਾਨ, ਧੁਰ ਦੀ ਬਾਣੀ ਬਾਣ ਲਗਾਇੰਦਾ। ਜਨ ਭਗਤਾਂ ਦੇਵੇ ਸਾਚਾ ਮਾਣ, ਮਾਣ ਨਿਮਾਣਿਆਂ ਆਪ ਹੋ ਆਇੰਦਾ। ਨੌਂ ਖੰਡ ਪ੍ਰਿਥਮੀ ਵਿਚੋਂ ਲਏ ਪਛਾਣ, ਜਿਸ ਜਨ ਆਪਣਾ ਬੰਧਨ ਪਾਇੰਦਾ। ਕੋਟਨ ਕੋਟ ਰਸਨਾ ਜਿਹਵਾ ਗਾਣ, ਰਾਮ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਬੈਠੀ ਬਣ ਅਨਜਾਣ, ਬੁੱਧ ਬਬੇਕ ਨਾ ਕੋਇ ਕਰਾਇੰਦਾ। ਮਾਇਆ ਮਮਤਾ ਮੋਹ ਹੋਈ ਬਲਵਾਨ, ਦਰ ਦਰ ਘਰ ਘਰ ਡੰਕ ਵਜਾਇੰਦਾ। ਨਾਤਾ ਜੁੜਿਆ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਸਰਬ ਹਲਕਾਇੰਦਾ। ਜੂਠ ਝੂਠ ਬੇਈਮਾਨ, ਸਾਚਾ ਧਰਮ ਨਾ ਕੋਇ ਧਰਾਇੰਦਾ। ਆਸਾ ਤ੍ਰਿਸ਼ਨਾ ਭਰੀ ਨਾ ਖਾਣ, ਮਤ ਮੋਹ ਨਾ ਕੋਇ ਛੁਡਾਇੰਦਾ। ਪੜ੍ਹ ਪੜ੍ਹ ਵਿਦਿਆ ਥੱਕੇ ਵੇਦ ਪੁਰਾਣ, ਆਤਮ ਬ੍ਰਹਮ ਨਾ ਕੋਇ ਦ੍ਰਿੜਾਇੰਦਾ। ਹਵਣ ਧੂਪ ਕਰੇ ਜਹਾਨ, ਸਚ ਸਮਗਰੀ ਹੱਥ ਨਾ ਕੋਇ ਰਖਾਇੰਦਾ। ਰਾਮ ਰਾਮ ਕਰਨ ਪਰਨਾਮ, ਰਾਮ ਸੀਸ ਜਗਦੀਸ਼ ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਸਰਬ ਸਮਾਇੰਦਾ। ਏਕਾ ਰਾਮ ਸਰਬ ਸਮਾਇਆ, ਦਸਰਥ ਬੇਟਾ ਰਾਮ ਅਖਵਾਈਆ। ਏਕਾ ਰਾਮ ਘਟ ਘਟ ਆਸਣ ਲਾਇਆ, ਏਕਾ ਬੈਠਾ ਮੁਖ ਛੁਪਾਈਆ। ਏਕਾ ਹਰਿਜਨ ਲਏ ਜਗਾਇਆ, ਜੁਗਾ ਜੁਗੰਤਰ ਵੇਖ ਵਖਾਈਆ। ਏਕਾ ਆਪਣਾ ਨਾਉਂ ਦਏ ਦ੍ਰਿੜਾਇਆ, ਏਕਾ ਨਾਮ ਕਰੇ ਪੜ੍ਹਾਈਆ। ਏਕਾ ਮੰਦਰ ਦਏ ਵਖਾਇਆ, ਉਚ ਅਟਲ ਮਨਾਰ ਸੁਹਾਈਆ। ਏਕਾ ਜੋਤੀ ਜੋਤ ਦਏ ਜਗਾਇਆ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਏਕਾ ਕਿਲਾ ਕੋਟ ਦਏ ਬਣਾਇਆ, ਚਾਰ ਦੀਵਾਰ ਨਾ ਕੋਇ ਰਖਾਈਆ। ਏਕਾ ਸ਼ਬਦ ਨਗਾਰੇ ਚੋਟ ਦਏ ਲਗਾਇਆ, ਲੱਖ ਚੁਰਾਸੀ ਸੋਈ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਰਾਮ ਸਮਝਾਈਆ। ਏਕਾ ਰਾਮ ਰਾਮ ਜੀ ਦਾਸ, ਦਾਸੀ ਦਾਸ ਸੇਵ ਕਮਾਇੰਦਾ। ਏਕਾ ਹਰਿਜਨ ਵਸੇ ਪਾਸ, ਆਦਿ ਜੁਗਾਦਿ ਵਿਛੜ ਨਾ ਜਾਇੰਦਾ। ਏਕਾ ਦੇਵੇ ਪਵਣ ਸਵਾਸ, ਪਵਣ ਪਵਣ ਖੇਲ ਖਿਲਾਇੰਦਾ। ਏਕਾ ਲੇਖਾ ਜਾਣੇ ਦਸ ਦਸ ਮਾਸ, ਮਾਤ ਗਰਭ ਵੇਖ ਵਖਾਇੰਦਾ। ਏਕਾ ਦੇਵੇ ਸਾਸ ਗਰਾਸ, ਏਕਾ ਆਲਸ ਨਿੰਦਰਾ ਮੋਹ ਚੁਕਾਇੰਦਾ। ਏਕਾ ਕਾਇਆ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਏਕਾ ਨਿਰਮਲ ਜੋਤ ਕਰੇ ਪਰਕਾਸ਼, ਅਗਿਆਨ ਅੰਧੇਰ ਚੁਕਾਇੰਦਾ। ਏਕਾ ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੋਭਾ ਪਾਇੰਦਾ। ਏਕਾ ਵਿਸ਼ਨ ਬ੍ਰਹਮਾ ਸ਼ਿਵ ਕਰੇ ਦਾਸੀ ਦਾਸ, ਸੇਵਕ ਸੇਵਾ ਸਚ ਸਮਝਾਇੰਦਾ। ਏਕਾ ਆਦਿ ਜੁਗਾਦਿ ਨਾ ਜਾਏ ਵਿਨਾਸ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਰਾਮਾ ਵੇਖ ਵਖਾਇੰਦਾ। ਰਾਮ ਚੰਦ ਵੇਖਿਆ ਰਾਮ ਰਾਮਾ ਕਥ ਕਥੀ ਨਾ ਜਾਈਆ। ਹਰਿਜਨ ਲਿਖਣਹਾਰਾ ਲੇਖ, ਲੇਖਾ ਲੇਖੇ ਰਿਹਾ ਵਖਾਈਆ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਸੋ ਰਾਮ ਸਰਬ ਗੋਸਾਈਂਆ। ਤਿਸ ਅੱਗੇ ਚਲੇ ਨਾ ਕੋਈ ਕਿਸੇ ਪੇਸ਼, ਲੱਖ ਚੁਰਾਸੀ ਘੜੇ ਭੰਨੇ ਘੜਣ ਭੰਨਣਹਾਰ ਆਪ ਅਖਵਾਈਆ। ਜਨ ਭਗਤਾਂ ਦੇਵੇ ਸਚ ਸੰਦੇਸ਼, ਏਕਾ ਰਾਮ ਨਾਮ ਵਡਿਆਈਆ। ਦਾਤਾ ਦਾਨੀ ਵਡ ਮਰਗੇਸ਼, ਨਰ ਨਰੇਸ਼ ਸੱਚਾ ਸ਼ਹਿਨਸ਼ਾਹੀਆ। ਟਿੱਲੇ ਪਰਬਤ ਰਿਹਾ ਵੇਖ, ਡੂੰਘੀ ਕੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਰਾਮ ਪਾਇਆ ਰਾਮ ਰਘੁਨਾਥ, ਰਘਪਤ ਆਪਣੀ ਦਇਆ ਕਮਾਇੰਦਾ। ਦੀਨਾਂ ਬੰਧਪ ਦੀਨਾਂ ਸਾਥ, ਦੀਨਣ ਆਪਣਾ ਸੰਗ ਨਿਭਾਇੰਦਾ। ਸਗਲ ਵਸੂਰੇ ਜਾਇਣ ਲਾਥ, ਜਿਸ ਜਨ ਆਪਣਾ ਦਰਸ ਵਖਾਇੰਦਾ। ਏਕਾ ਰਾਮ ਏਕਾ ਪੂਜਾ ਪਾਠ, ਇਸ਼ਟ ਦੇਵ ਇਕ ਹੋ ਜਾਇੰਦਾ। ਏਕਾ ਤੀਰਥ ਏਕਾ ਤਾਟ, ਸਰ ਸਰੋਵਰ ਇਕ ਨੁਹਾਇੰਦਾ। ਇਕ ਦੁਆਰਾ ਏਕਾ ਹਾਟ, ਏਕਾ ਮੰਦਰ ਸੋਭਾ ਪਾਇੰਦਾ। ਏਕਾ ਭੂਸ਼ਨ ਏਕਾ ਖਾਟ, ਏਕਾ ਬਸਤਰ ਆਪ ਸੁਹਾਇੰਦਾ। ਏਕਾ ਪਾਂਧੀ ਏਕਾ ਵਾਟ, ਏਕਾ ਪੰਧ ਆਪ ਮੁਕਾਇੰਦਾ। ਨਾ ਕੋਈ ਵਰਨ ਨਾ ਕੋਈ ਜ਼ਾਤ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਸਰਬ ਜੀਆਂ ਦਾ ਕਮਲਾਪਾਤ, ਕਵਲ ਨੈਣ ਰੂਪ ਧਰਾਇੰਦਾ। ਹਰਿਜਨ ਮੇਲਾ ਹਰਿ ਹਰਿ ਮਾਈ ਬਾਪ, ਪਿਤਾ ਪੂਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਇੰਦਾ। ਰਾਮ ਪਾਇਆ ਰਾਮ ਰਘਵੰਸ, ਭੇਵ ਕੋਇ ਨਾ ਜਾਣਿਆ। ਲੇਖਾ ਜਾਣੇ ਕੋਟਨ ਕੋਟ ਜਨਮ ਸਹੰਸ, ਸਹੰਸਰ ਰੂਪ ਸ੍ਰੀ ਭਗਵਾਨਿਆ। ਆਪੇ ਜਾਣੇ ਆਪਣਾ ਬੰਸ, ਸਰਬੰਸ ਕਰ ਪਰਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਕਰੇ ਪਰਵਾਨਿਆ। ਦਰ ਪਰਵਾਨ ਕਰੇ ਰਾਮ, ਰਾਮ ਚੰਦ ਵਡਿਆਈਆ। ਕਵਲ ਚਰਨ ਚਰਨ ਕਵਲ ਬਖ਼ਸ਼ੇ ਇਕ ਧਿਆਨ, ਬੰਦੀ ਬੰਦ ਬੰਦ ਬੰਧਨ ਦਏ ਤੁੜਾਈਆ। ਆਤਮ ਅੰਤਰ ਇਕ ਗਿਆਨ, ਗੀਤ ਸੁਹਾਗੀ ਛੰਦ ਸੁਣਾਈਆ। ਚਤੁਰ ਸੁਘੜ ਬਣਾਏ ਬਾਲ ਅਞਾਣ, ਜਿਸ ਜਨ ਆਪਣੀ ਦਇਆ ਕਮਾਈਆ। ਨਾਤਾ ਤੁੱਟੇ ਜੀਵ ਜਹਾਨ, ਹਰਿ ਸੰਗਤ ਮੇਲ ਮਿਲਾਈਆ। ਅੰਮ੍ਰਿਤ ਆਤਮ ਪੀਣ ਖਾਣ, ਰਸਨਾ ਰਸ ਨਾ ਕੋਇ ਵਖਾਈਆ। ਸਾਚੇ ਮੰਦਰ ਹੋ ਪਰਧਾਨ, ਕਾਇਆ ਬੰਕ ਦਏ ਵਡਿਆਈਆ। ਰਾਮ ਨਾਮ ਸੁਣਾਏ ਏਕਾ ਕਾਨ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਵਸਤ ਦੇਵੇ ਦਾਨ, ਅਤੋਟ ਅਤੁਟ ਰਖਾਈਆ। ਏਕਾ ਰਾਜ ਰਾਜ ਰਾਜਾਨ, ਰਾਮ ਰਾਜਾ ਇਕ ਹੋ ਜਾਈਆ। ਏਕਾ ਸ਼ਾਹ ਇਕ ਸੁਲਤਾਨ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਏਕਾ ਤਖ਼ਤ ਬਹੇ ਹੋ ਮਿਹਰਬਾਨ, ਦੀਨਨ ਆਪਣੀ ਦਇਆ ਕਮਾਈਆ। ਏਕਾ ਸਚ ਝੁਲਾਏ ਨਿਸ਼ਾਨ, ਸਤਿ ਸਤਿਵਾਦੀ ਧਾਰ ਬੰਧਾਈਆ। ਏਕਾ ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਟਾਈਆ। ਏਕਾ ਭਗਤ ਭਗਵੰਤ ਕਰੇ ਪਰਵਾਨ, ਭਗਤਨ ਭਗਤੀ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਚਿੱਲਾ ਦਏ ਵਖਾਈਆ। ਰਾਮ ਚਿੱਲਾ ਨਾਮ ਕਮਾਨ, ਤੀਰ ਤੁਫ਼ੰਗ ਉਠਾਇੰਦਾ। ਰਾਮ ਸੂਰਾ ਨਾਮ ਬਲਵਾਨ, ਜੋਧਾ ਆਪਣਾ ਮਰਦੰਗ ਵਜਾਇੰਦਾ। ਰਾਮ ਭਗਵਨ ਨਾਮ ਦਾਨ, ਭਗਤਨ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਇੰਦਾ। ਹਰਿ ਮੰਦਰ ਹਰਿ ਸੁਹੰਜਣਾ, ਸੋਭਾਵੰਤ ਸੁਹਾਏ ਰਾਮ। ਆਦਿ ਜੁਗਾਦੀ ਦਰਦ ਦੁੱਖ ਭੈ ਭੰਜਨਾ, ਜਨ ਭਗਤਾਂ ਪੂਰ ਕਰਾਏ ਕਾਮ। ਨੇਤਰ ਨਾਮ ਨਰਾਇਣ ਪਾਏ ਅੰਜਨਾ, ਜਗਤ ਅੰਧੇਰੀ ਮੇਟੇ ਸ਼ਾਮ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨਾ, ਹਰਿਜਨ ਪਕੜੇ ਆਪਣਾ ਦਾਮ। ਦੋ ਜਹਾਨ ਰੱਖੇ ਲੱਜਨਾ, ਚਰਨ ਕਵਲ ਕਵਲ ਚਰਨ ਦੇਵੇ ਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਚੰਦ ਕਰੇ ਪਰਧਾਨ। ਸਾਚਾ ਚੰਦ ਸੀਤਲ ਧਾਰ, ਕਿਰਨ ਕਿਰਨ ਟਪਕਾਈਆ। ਲੋਕਮਾਤ ਦਏ ਆਧਾਰ, ਨੂਰ ਨੂਰ ਵਿਚ ਸਮਾਈਆ। ਅੱਠੇ ਪਹਿਰ ਇਕ ਗੁਲਜ਼ਾਰ, ਦਿਵਸ ਰੈਣ ਨਾ ਕੋਇ ਜਣਾਈਆ। ਰਸਨਾ ਗਾਏ ਏਕਾ ਰਾਮ, ਰਾਮ ਅੱਖਰ ਲਏ ਪੜ੍ਹਾਈਆ। ਏਕਾ ਰਾਮ ਇਕ ਅਵਤਾਰ, ਇਕ ਦਰਬਾਰ ਦਏ ਸਮਝਾਈਆ। ਏਕਾ ਖੇੜਾ ਕਰ ਤਿਆਰ, ਏਕਾ ਮੰਦਰ ਦਏ ਬਹਾਈਆ। ਏਕਾ ਬੇੜਾ ਲਾਵੇ ਪਾਰ, ਭਵ ਸਾਗਰ ਹੋਏ ਸਹਾਈਆ। ਏਕਾ ਰਾਹ ਤੱਕੇ ਸਾਚੇ ਯਾਰ, ਨੇਤਰ ਨੈਣ ਨੈਣ ਉਠਾਈਆ। ਏਕਾ ਉਠ ਉਠ ਵੇਖੇ ਵਾਰੋ ਵਾਰ, ਵੇਖਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਰਾਮ ਰਹੇ ਸ਼ਰਨਾਈਆ। ਰਾਮ ਰਾਜਾ ਰਾਮ ਸਰਨਾਗਤ, ਰਾਮ ਰਾਮ ਨਿਮਸਕਾਰਿਆ। ਰਾਮ ਰੱਖੇ ਹਰਿਜਨ ਪਤ, ਰਾਮ ਰਾਮ ਲਏ ਅਧਾਰਿਆ। ਰਾਮ ਧੀਰਜ ਰਾਮ ਜਤ, ਰਾਮ ਸਤਿ ਸੰਤੋਖ ਸੁਣਾ ਰਿਹਾ। ਰਾਮ ਪੂਜਾ ਰਾਮ ਪਾਠ, ਰਾਮ ਰਸਨਾ ਜਿਹਵਾ ਕਰੇ ਪੁਕਾਰਿਆ। ਰਾਮ ਸਰੋਵਰ ਰਾਮ ਠਾਠ, ਤੱਟ ਕਿਨਾਰਾ ਰਾਮ ਅਖਵਾ ਰਿਹਾ। ਰਾਮ ਪਿਤਾ ਰਾਮ ਮਾਤ, ਪੂਤ ਸਪੂਤਾ ਰਾਮ ਜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਰਾਮ ਮੇਲ ਮਿਲਾ ਲਿਆ। ਰਾਮ ਅੰਦਰ ਰਾਮ ਵੜਿਆ, ਰੰਗ ਆਪਣਾ ਆਪ ਰੰਗਾਈਆ। ਰਾਮ ਪੌੜ੍ਹੇ ਰਾਮ ਚੜ੍ਹਿਆ, ਰਾਮ ਰਾਮ ਵੇਖ ਵਖਾਈਆ। ਰਾਮ ਦੂਆ ਰਾਮ ਤ੍ਰੀਆ, ਰਾਮ ਰਾਮ ਕਰੇ ਪੜ੍ਹਾਈਆ। ਰਾਮ ਰੂਪ ਰਾਮ ਘੜਿਆ, ਵੇਖਣਹਾਰ ਰਾਮ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਦਏ ਵਡਿਆਈਆ। ਰਾਮ ਸੇਵਕ ਰਾਮ ਸੇਵਾਦਾਰ, ਰਾਮ ਸੇਵਾ ਰਾਮ ਕਮਾਈਆ । ਰਾਮ ਰੰਗ ਸਰਬ ਸੰਸਾਰ, ਰੰਗ ਰੰਗੀਲਾ ਰਾਮ ਅਖਵਾਈਆ। ਰਾਮ ਹਰਿਜਨ ਸਾਚੇ ਕਰੇ ਪਿਆਰ, ਹਰਿਜਨ ਸਾਚਾ ਰਾਮ ਸਮਾਈਆ। ਜਗਤ ਕ਼ਬੀਲਾ ਅਪਰ ਅਪਾਰ, ਗੁਰਮੁਖ ਹਰਿ ਹਰਿ ਹਰਿਜਨ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪਣੇ ਲੇਖੇ ਪਾਈਆ। ਰਾਮ ਸੇਵਾ ਰਾਮ ਕਰ ਕਰ, ਚੰਦ ਚਕੋਰ ਮਸਤਾਨਿਆ। ਰਾਮ ਵੇਖੇ ਰਾਮ ਘਰ ਘਰ, ਦੂਰ ਦੁਰਾਡਾ ਪੰਧ ਮੁਕਾਨਿਆ। ਰਾਮ ਚੁਕਾਏ ਰਾਮ ਡਰ ਡਰ, ਨਿਰਭਉ ਭੈ ਨਾ ਕੋਇ ਵਖਾਨਿਆ। ਰਾਮ ਲੇਖਾ ਚੁਕਾਏ ਰਾਮ ਰਾਮ, ਰਾਮ ਰਾਮ ਕਰੇ ਪਰਵਾਨਿਆ। ਰਾਮ ਅਗਨੀ ਰਾਮ ਸੜ ਸੜ, ਰਾਮ ਲੇਖਾ ਜਾਣੇ ਦੋ ਜਹਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨਿਆ। ਰਾਮ ਸੇਵਾ ਰਾਮ ਦੁਆਰ, ਰਾਮ ਰਾਮ ਰਹੀ ਜਸ ਗਾਈਆ। ਰਾਮ ਸ਼ਾਹ ਰਾਮ ਭਿਖਾਰ, ਰਾਮ ਮੰਗੇ ਦੇਵਣਹਾਰ ਰਾਮ ਅਖਵਾਈਆ। ਰਾਮ ਭਿਖਕ ਰਾਮ ਦਰਵੇਸ਼ ਰਾਮ ਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਰਾਮ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰ ਇਕ ਵਖਾਈਆ। ਰਾਮ ਭੰਡਾਰ ਰਾਮ ਵਰਤਾਰਾ, ਰਾਮ ਆਪਣੀ ਮੰਗ ਮੰਗਾਈਆ। ਰਾਮ ਵਸਤ ਹਰਿ ਏਕਾ ਥਾਰਾ, ਦੂਸਰ ਵਸਤ ਨਾ ਕੋਈ ਰਖਾਈਆ। ਰਾਮ ਰਾਮ ਦਏ ਕਰ ਪਿਆਰਾ, ਪੀਆ ਪ੍ਰੀਤਮ ਇਕ ਜਣਾਈਆ। ਰਾਮ ਕੰਤ ਰਾਮ ਨਾਰਾ, ਰਾਮ ਰਾਮ ਲਏ ਪਰਨਾਈਆ। ਰਾਮ ਸੇਜਾ ਰਾਮ ਸੁੱਤਾ ਪੈਰ ਪਸਾਰਾ, ਰਾਮ ਭਤਾਰਾ ਖ਼ੁਸ਼ੀ ਮਨਾਈਆ। ਰਾਮ ਰੂਪ ਰਾਮ ਸ਼ਿੰਗਾਰਾ, ਰਾਮ ਨੇਤਰ ਨੈਣ ਰਿਹਾ ਮਟਕਾਈਆ। ਰਾਮ ਨੂਰ ਰਾਮ ਉਜਿਆਰਾ, ਰਾਮ ਜੋਤ ਜੋਤ ਰੁਸ਼ਨਾਈਆ। ਰਾਮ ਦੂਲ੍ਹਾ ਰਾਮ ਦੂਲ੍ਹਣ ਰਾਮ ਵਿਚੋਲਾ ਬਣ ਸੰਸਾਰਾ, ਰਾਮ ਰਾਮ ਕਰੇ ਕੁੜਮਾਈਆ। ਰਾਮ ਅੰਮ੍ਰਿਤ ਬਖ਼ਸ਼ੇ ਠੰਡਾ ਠਾਰਾ, ਅੰਮ੍ਰਿਤ ਧਾਰਾ ਰਾਮ ਚੁਆਈਆ। ਸੌਹਰੇ ਪੇਈਏ ਰਾਮ ਪਿਆਰਾ, ਲੇਖਾ ਜਾਣੇ ਵਾਰੋ ਵਾਰਾ, ਆਵਣ ਜਾਵਣ ਆਪਣਾ ਖੇਲ ਖਿਲਾਈਆ। ਚੰਦ ਚਕੋਰ ਦਏ ਸਹਾਰਾ, ਆਲਸ ਨਿੰਦਰਾ ਕਰ ਖਵਾਰਾ, ਨੈਣ ਨੈਣ ਲਏ ਮਿਲਾਈਆ। ਜਿਸ ਜਨ ਖੋਲ੍ਹੇ ਬੰਦ ਕਿਵਾੜਾ, ਅੱਠੇ ਪਹਿਰ ਸ਼ਬਦ ਅਗੰਮੀ ਵੱਜੇ ਤਾੜਾ, ਅਨਹਦ ਨਾਦ ਨਾਦ ਵਜਾਈਆ। ਮੰਦਰ ਸੋਹੇ ਬੰਕ ਦੁਆਰਾ, ਹੋਏ ਪਰਕਾਸ਼ ਡੂੰਘੀ ਗਾਰਾ, ਸਾਚਾ ਚੰਦ ਚੰਦ ਚੜ੍ਹਾਈਆ। ਚੇਤਨ ਮਿਲੇ ਰੂਪ ਨਿਰੰਕਾਰਾ, ਬਾਤਨ ਸੁਣੇ ਆਪ ਪੁਕਾਰਾ, ਅੰਤਰ ਮੰਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਏਕਾ ਚੰਦ, ਇਕ ਚਕੋਰ ਰੂਪ ਧਰਾਈਆ। ਰਾਮ ਚੰਦ ਮਾਤ ਚਕੋਰ, ਨੇਤਰ ਨੈਣ ਉਠਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਨੇਤਰ ਆਪੇ ਖੋਲ੍ਹ, ਵੇਖਣਹਾਰਾ ਵੇਖਣ ਆਇਆ। ਤ੍ਰੇਤਾ ਦੁਆਪਰ ਰਿਹਾ ਅਨਭੋਲ, ਕਲਜੁਗ ਭੇਵ ਚੁਕਾਇਆ। ਕਲਜੁਗ ਕੰਢੀ ਬੈਠਾ ਅਡੋਲ, ਅਡੋਲ ਲਏ ਮਿਲਾਇਆ। ਸਾਚੇ ਕੰਡੇ ਤੋਲੇ ਤੋਲ, ਏਕਾ ਵੱਟਾ ਨਾਮ ਰਖਾਇਆ। ਜਗਤ ਪੱਥਰਾਂ ਵਿਚੋਂ ਲਏ ਫੋਲ, ਮਾਣਕ ਮੋਤੀ ਹੀਰਾ ਲਾਲ ਅਨਮੁਲੜਾ ਆਪਣੇ ਹੱਥ ਰਖਾਇਆ। ਸਦਾ ਸੁਹੇਲਾ ਰੱਖੇ ਕੋਲ, ਆਪ ਆਪਣੇ ਰੰਗ ਰੰਗਾਇਆ। ਰਾਮ ਅੰਦਰ ਰਾਮ ਗਿਆ ਮੌਲ, ਫੁੱਲ ਫੁਲਵਾੜੀ ਆਪ ਮਹਿਕਾਇਆ। ਰਾਮ ਵਜੌਣਾ ਰਾਮ ਢੋਲ, ਰਾਮ ਰਾਮਾ ਘਰ ਮੇਂ ਪਾਇਆ। ਜਿਸ ਦੇ ਗੌਂਦੇ ਰਹੇ ਬੋਲ, ਸੋ ਬੋਲ ਸੁਨਾਵਣ ਆਪਣੀ ਸੇਵ ਕਮਾਈਆ। ਆਂਢ ਗੁਆਂਢ ਨਾ ਰਹੇ ਅਨਭੋਲ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਕਰ ਕਿਰਪਾ ਪਰਦਾ ਜਾਏ ਖੋਲ੍ਹ, ਜਿਸ ਜਨ ਨੇਤਰ ਦਰਸ਼ਨ ਪਾਇਆ। ਹਰਿ ਨਾਮ ਵਸਤ ਅਮੋਲ, ਰਾਮ ਰਾਮ ਰਿਹਾ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਆਪਣਾ ਦਾਨ, ਆਪ ਆਪਣਾ ਰੰਗ ਰੰਗਾਇਆ।
