੨੦ ਜੇਠ ੨੦੧੮ ਬਿਕ੍ਰਮੀ ਕੇਸਰ ਸਿੰਘ ਦੇ ਗ੍ਰਹਿ ਪਿੰਡ ਝੱਮਾਂ ਜੰਮੂ
ਆਦਿ ਪੁਰਖ ਹਰਿ ਖੇਲ ਅਪਾਰਾ, ਆਪਣਾ ਖੇਲ ਖਿਲਾਇੰਦਾ। ਸਚਖੰਡ ਥਿਰ ਘਰ ਖੋਲ੍ਹ ਕਿਵਾੜਾ, ਗਗਨ ਮੰਡਲ ਆਪ ਉਪਾਇੰਦਾ। ਰਵ ਸਸ ਕਰ ਪਰਕਾਸ਼ ਸੂਰਜ ਚੰਨ ਸਤਾਰਾ, ਨੂਰੋ ਨੂਰ ਨੂਰ ਧਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਜੋਤੀ ਜੋਤ ਜੋਤ ਜਗਾਇੰਦਾ। ਇਛਿਆ ਭਿਛਿਆ ਦੇਵੇ ਭੰਡਾਰਾ, ਸਾਚੀ ਵਸਤ ਆਪ ਵਰਤਾਇੰਦਾ। ਤ੍ਰੈ ਪੰਜ ਸਤਿ ਸਹਾਰਾ, ਸਾਚਾ ਰੰਗ ਚੜ੍ਹਾਇੰਦਾ। ਜਲ ਜਲ ਰੂਪ ਬਿੰਬ ਬਿੰਬ ਧਾਰਾ, ਬਿਮਲ ਆਪ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਜਲ ਬਿੰਬ ਜਲ ਜਲ ਧਾਰ, ਜਲ ਜਲ ਰੂਪ ਆਪ ਸਮਾਈਆ। ਆਕਾਸ਼ ਆਕਾਸ਼ ਆਕਾਸ਼ ਉਜਿਆਰ, ਆਕਾਸ਼ ਪਰਕਾਸ਼ ਆਪ ਧਰਾਈਆ। ਕਰੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਚਾਲ ਚਲਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਭਿਖਾਰ, ਬੈਠੇ ਸੀਸ ਝੁਕਾਈਆ। ਵਿਸ਼ਨ ਮੰਗੇ ਏਕਾ ਵਾਰ, ਝੋਲੀ ਅੱਗੇ ਡਾਹੀਆ। ਏਕਾ ਦੇਣਾ ਸਤਿ ਵਰਤਾਰ, ਸਤਿ ਸਤਿਵਾਦੀ ਦਇਆ ਕਮਾਈਆ। ਬ੍ਰਹਮਾ ਕਰੇ ਗਿਰਿਆਜ਼ਾਰ, ਪਾਰਬ੍ਰਹਮ ਤੇਰੀ ਸੱਚੀ ਸਰਨਾਈਆ। ਏਕਾ ਵਸਤ ਦੇ ਆਧਾਰ, ਵਸਤ ਅਮੋਲਕ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਵਿਸ਼ਨੂੰ ਮੰਗੇ ਮੰਗ ਸਚ ਭੰਡਾਰਾ, ਸਤਿ ਸਤਿਵਾਦੀ ਝੋਲੀ ਪਾਇੰਦਾ। ਬ੍ਰਹਮਾ ਮੰਗੇ ਬ੍ਰਹਮ ਪਸਾਰਾ, ਲੱਖ ਚੁਰਾਸੀ ਰੰਗ ਰੰਗਾਇੰਦਾ। ਸ਼ੰਕਰ ਮੰਗੇ ਇਕ ਅਖਾੜਾ, ਲੇਖਾ ਲੇਖ ਸਰਬ ਮੁਕਾਇੰਦਾ। ਪੁਰਖ ਅਬਿਨਾਸ਼ੀ ਹੋਇਆ ਖ਼ਬਰਦਾਰਾ, ਦੋ ਜਹਾਨਾਂ ਵੇਖ ਵਖਾਇੰਦਾ। ਉਪਰ ਜੋਤ ਨੂਰ ਉਜਿਆਰਾ, ਜਲ ਧਾਰਾ ਚਰਨਾਂ ਹੇਠ ਵਖਾਇੰਦਾ। ਅਧਵਿਚਕਾਰ ਬ੍ਰਹਿਮੰਡ ਪਸਾਰਾ, ਲੋਆਂ ਪੁਰੀਆਂ ਗਗਨ ਪਾਤਾਲ ਸੂਰਜ ਚੰਨ ਆਪ ਚੜ੍ਹਾਇੰਦਾ। ਵਿਸ਼ਨੂੰ ਭੰਡਾਰ ਮਿਲੇ ਕਵਣ ਦਵਾਰਾ, ਕਵਣ ਵਸਤ ਰੰਗ ਰੰਗਾਇੰਦਾ । ਬ੍ਰਹਮਾ ਲੱਖ ਚੁਰਾਸੀ ਦੇਵੇ ਕਵਣ ਸਹਾਰਾ, ਕਵਣ ਸੇਜ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਇੰਦਾ। ਆਪਣੀ ਇਛਿਆ ਹਰਿ ਨਿਰੰਕਾਰਾ, ਆਪੇ ਆਪ ਪਰਗਟਾਈਆ। ਆਪਣੀ ਚਰਨ ਧੂੜ ਲਾਹੇ ਛਾਰਾ, ਜਲ ਉਪਰ ਆਪ ਟਿਕਾਈਆ। ਧਵਲ ਧਰਤ ਹੋਈ ਉਜਿਆਰਾ, ਆਪਣਾ ਰੂਪ ਲਏ ਪਰਗਟਾਈਆ। ਚਾਰੋਂ ਕੁੰਟ ਕਰੇ ਪਸਾਰਾ, ਬਣ ਬਣ ਤਾਰੂ ਤਾਰੀਆਂ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਦਏ ਆਪ ਵਡਿਆਈਆ। ਧਰਨੀ ਰੱਖੀ ਉਪਰ ਜਲ, ਪੁਰਖ ਅਬਿਨਾਸ਼ੀ ਦਇਆ ਕਮਾ। ਕਰਿਆ ਖੇਲ ਸੂਰੇ ਪਰਬਲ, ਆਪ ਆਪਣਾ ਰੰਗ ਰਮਾ। ਆਪਣਾ ਸੁਹਾਇਆ ਨਿਹਚਲ ਧਾਮ ਅਟਲ, ਸਚਖੰਡ ਨਿਵਾਸੀ ਸਹਿਜ ਸੁਭਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਲ ਧਰਨੀ ਮੇਲਾ ਦਿਤਾ ਮਿਲਾ। ਜਲ ਉਪਰ ਧਰਨੀ ਪਾਇਆ ਭਾਰ, ਜਲ ਕੂਕੇ ਦਏ ਦੁਹਾਈਆ। ਪਾਰਬ੍ਰਹਮ ਮੈਂ ਤੇਰੀ ਅੰਸ ਤੂੰ ਪਿਤਾ ਮੀਤ ਮੁਰਾਰ, ਮੇਰਾ ਹੋਣਾ ਸਦਾ ਸਹਾਈਆ। ਮੇਰਾ ਰਸ ਠੰਡਾ ਠਾਰ, ਤੇਰਾ ਪ੍ਰੇਮ ਮੇਰੀ ਧਾਰ ਵਹਾਈਆ। ਤੇਰੇ ਚਰਨ ਕਵਲ ਕਰਾਂ ਨਿਮਸਕਾਰ, ਤੇਰੀ ਧੂੜੀ ਆਪਣੇ ਵਿਚ ਸਮਾਈਆ। ਮੇਰਾ ਕਰ ਹੌਲਾ ਭਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ। ਹੌਲਾ ਕਰ ਭਾਰ ਮੇਰਾ, ਜਲ ਜਲ ਆਖ ਸੁਣਾਇਆ। ਸਦਾ ਸਦਾ ਮੇਰੇ ਮਨ ਚਾਓ ਘਨੇਰਾ, ਤੇਰੇ ਚਰਨਾਂ ਦਰਸ਼ਨ ਪਾਇਆ। ਮੇਰਾ ਉਜੜਦਾ ਜਾਏ ਖੇੜਾ, ਸਾਚਾ ਘਰ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋਏ ਦੋਏ ਬੈਠਾ ਮੰਗ ਮੰਗਾਇਆ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਗੁਣ ਸਮਝਾਇੰਦਾ। ਬ੍ਰਹਮਾ ਝੋਲੀ ਬੈਠਾ ਡਾਹ, ਨਿਉਂ ਨਿਉਂ ਸੀਸ ਝੁਕਾਇੰਦਾ। ਲੱਖ ਚੁਰਾਸੀ ਧਰਾਂ ਕੇਹੜੇ ਥਾਂ, ਕਵਣ ਘਰ ਟਿਕਾਇੰਦਾ। ਮੈਂ ਕਰਨਹਾਰਾ ਸਚ ਨਿਆਂ, ਸਭ ਦੀ ਆਸਾ ਪੂਰ ਕਰਾਇੰਦਾ। ਤੇਰੀ ਫੜਾਈ ਏਕਾ ਬਾਂਹ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਣ ਇਕ ਜਣਾਇੰਦਾ। ਸੁਣਿਆ ਗੁਣ ਸ੍ਰੀ ਭਗਵਾਨ, ਜਲ ਜਲ ਦਏ ਦੁਹਾਈਆ। ਤੂੰ ਦਾਤਾ ਵਡ ਮਿਹਰਵਾਨ, ਸਾਚੇ ਸਚ ਤੇਰੀ ਵਡਿਆਈਆ। ਮੈਂ ਮੰਨਾਂ ਤੇਰੀ ਆਣ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਦੀਆ ਮੈਨੂੰ ਦਾਨ, ਮੈਂ ਅੱਗੇ ਝੋਲੀ ਡਾਹੀਆ। ਲੱਖ ਚੁਰਾਸੀ ਤੇਰੀ ਹੋਏ ਪਰਧਾਨ, ਬਿਨ ਮੇਰੇ ਰਹਿ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਤੇਰੀ ਤੇਰੇ ਅੱਗੇ ਮੰਗ ਮੰਗਾਈਆ। ਤੇਰੀ ਵਸਤ ਮੰਗਾਂ ਨਿਰੰਕਾਰ, ਤੂੰ ਸ਼ਾਹ ਸੁਲਤਾਨ ਅਖਵਾਇੰਦਾ। ਮੈਂ ਸਦਾ ਸਦਾ ਰਿਹਾ ਠੰਡਾ ਠਾਰ, ਮੇਰਾ ਤੱਤ ਨਾ ਕੋਇ ਬਦਲਾਇੰਦਾ। ਧਰਨੀ ਧਰਤ ਮੇਰੇ ਅੰਦਰ ਨਾ ਵਾੜ, ਮੇਰਾ ਘਰ ਨਾ ਸੋਭਾ ਪਾਇੰਦਾ। ਮੇਰੇ ਦੁੱਖ ਹੋਇਆ ਨਾੜ ਨਾੜ, ਸੁਖ ਕੋਇ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਇਸ ਦੇ ਉਤੇ ਲਾਏ ਅਖਾੜ, ਲੋਕਮਾਤ ਨਾਚ ਨਚਾਇੰਦਾ। ਤੇਰਾ ਚਲੇ ਉਪਰ ਵਿਹਾਰ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਜੁਗ ਚੌਕੜੀ ਕਰਨੀ ਕਾਰ, ਸਾਚਾ ਬੰਧਨ ਇਕ ਰਖਾਇੰਦਾ। ਚਾਰ ਜੁਗ ਵੱਜੇ ਤੇਰੀ ਸਤਾਰ, ਵਿਸ਼ਨ ਬ੍ਰਹਮਾ ਸ਼ਿਵ ਵਜਾਇੰਦਾ। ਚੌਥਾ ਜੁਗ ਚੌਥੀ ਵਾਰ, ਚੌਥਾ ਹਿੱਸਾ ਏਕਾ ਏਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਤੁਧ ਅਵਰ ਕੋਇ ਨਾ ਪਾਰ ਲੰਘਾਇੰਦਾ। ਕਿਰਪਾ ਕਰ ਗੁਣ ਨਿਧਾਨ, ਮੈਂ ਆਇਆ ਚਲ ਦਵਾਰ। ਮੇਰੀ ਮਿੰਨਤ ਕਰ ਪਰਵਾਨ, ਮੈਂ ਰੋ ਰੋ ਕਰਾਂ ਪੁਕਾਰ। ਤੇਰਾ ਲੇਖਾ ਦੋ ਜਹਾਨ, ਸਾਹਿਬ ਸੱਚੀ ਸਰਕਾਰ। ਚੌਥਾ ਹਿੱਸਾ ਵੰਡ ਧਰਨੀ ਦੇ ਇਕ ਮਕਾਨ, ਤਿੰਨ ਹਿੱਸੇ ਦਿਸੇ ਮੇਰਾ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਉਤੇ ਪਰਦਾ ਨਾ ਕੋਇ ਡਾਰ। ਧਰਨੀ ਪਰਦਾ ਮੇਰੇ ਉੁਤੇ ਨਾ ਰੱਖ, ਮੈਂ ਨਿਤ ਉਠ ਤੇਰਾ ਦਰਸ਼ਨ ਪਾਈਆ। ਮੈਂ ਆਪਣਾ ਆਪ ਕਰਾਂ ਵੱਖ, ਆਪਣੀ ਵੱਖਰੀ ਧਾਰ ਚਲਾਈਆ। ਤੂੰ ਕਰਨਾ ਮੇਰਾ ਪੱਖ, ਹੋਣਾ ਆਣ ਸਹਾਈਆ। ਮੇਰੇ ਅੰਦਰ ਭਰਨਾ ਆਪਣਾ ਰਸ, ਪ੍ਰੇਮ ਰਸ ਇਕ ਸਮਝਾਈਆ। ਮੈਂ ਉਡ ਉਡ ਤੇਰੇ ਦਵਾਰੇ ਆਵਾਂ ਨੱਸ, ਤੇਰੀ ਸੀਤਲ ਧਾਰ ਆਪਣੇ ਸੀਸ ਪਵਾਈਆ। ਤੂੰ ਮਿਲਣਾ ਅੱਗੋਂ ਹੱਸ ਹੱਸ, ਮੇਰੀ ਆਸਾ ਪੂਰ ਕਰਾਈਆ। ਮੇਰਾ ਦਵਾਰਾ ਜਾਏ ਨਾ ਖਸ, ਦਰ ਦਰਵਾਜ਼ਾ ਦੇ ਖੁਲ੍ਹਾਈਆ। ਮੈਂ ਕਰ ਕੇ ਆਇਆ ਹੱਠ, ਖ਼ਾਲੀ ਹੱਥ ਮੁੜ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਮੇਰੀ ਝੋਲੀ ਪਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲਾ, ਆਪਣੀ ਦਇਆ ਕਮਾਇੰਦਾ। ਜਲ ਜਲ ਦੇਵੇ ਰਾਹ ਸੁਖਾਲਾ, ਮਾਰਗ ਇਕ ਵਖਾਇੰਦਾ। ਤੇਰਾ ਰੂਪ ਰੱਖਾਂ ਨਿਰਾਲਾ, ਧਰਤੀ ਵਿਚ ਨਾ ਕਦੇ ਮਿਲਾਇੰਦਾ। ਤੇਰਾ ਤੋੜਾਂ ਆਪ ਜੰਜਾਲਾ, ਜੰਜਾਲ ਹੋਰ ਨਾ ਕੋਇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਆਪਣਾ ਰੰਗ ਰੰਗੇ ਕਰਤਾਰ, ਏਕਾ ਗੁਣ ਦਏ ਸਮਝਾਈਆ। ਤੂੰ ਔਣਾ ਚਲ ਦਵਾਰ, ਚਰਨ ਕਵਲ ਸੱਚੀ ਸਰਨਾਈਆ। ਤੂੰ ਉਠੀਂ ਬੰਨ੍ਹ ਬੰਨ੍ਹ ਧਾਰ, ਤੇਰੀ ਧਾਰ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਰ ਦੇਵੇ ਝੋਲੀ ਪਾਈਆ। ਸਾਚਾ ਵਰ ਝੋਲੀ ਪਾਇਆ, ਘਰ ਆਪਣੇ ਖ਼ੁਸ਼ੀ ਮਨਾਇੰਦਾ। ਆਪਣਾ ਹਿੱਸਾ ਲਿਆ ਵੰਡਾਇਆ, ਲੁੱਟ ਕੋਇ ਨਾ ਜਾਇੰਦਾ। ਆਪਣਾ ਜ਼ੋਰ ਰਿਹਾ ਧਰਾਇਆ, ਆਪਣਾ ਬਲ ਪਰਗਟਾਇੰਦਾ। ਪ੍ਰਭ ਮਿਲਣ ਦੀ ਆਸ ਰਖਾਇਆ, ਉਪਰ ਨੈਣ ਉਠਾਇੰਦਾ। ਚਾਰ ਜੁਗ ਦਾ ਗੇੜਾ ਵੇਖ ਵਖਾਇਆ, ਜੁਗ ਜੁਗ ਬੰਧਨ ਲਾਹਿੰਦਾ। ਪਾਰਬ੍ਰਹਮ ਤੇਰਾ ਰਾਹ ਮੋਹੇ ਇਕ ਭਾਇਆ, ਦੂਸਰ ਮਾਰਗ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਆਪ ਵਰਤਾਇੰਦਾ। ਜਲ ਜਲ ਪਾਇਆ ਹਰਿ ਘਰ ਵਰ , ਧਰਨੀ ਆਪਣੀ ਲਏ ਅੰਗੜਾਈਆ। ਮੈਂ ਕਿਉਂ ਸੁੱਤੀ ਪੈਰ ਪਸਾਰ, ਖ਼ਾਲੀ ਹੱਥ ਦਏ ਦੁਹਾਈਆ। ਨਜ਼ਰ ਨਾ ਆਏ ਕੋਈ ਕੰਤ ਭਤਾਰ, ਨਾਰ ਦੁਹਾਗਣ ਨੈਣ ਸ਼ਰਮਾਈਆ। ਜਿਸ ਕੀਤਾ ਮੇਰਾ ਪਸਾਰ, ਸੋ ਮਾਹੀ ਨਜ਼ਰ ਕਿਤੇ ਨਾ ਆਈਆ। ਜਿਸ ਧੂੜੀ ਲਾਹੀ ਛਾਰ, ਜਲ ਉਪਰ ਦਿਤਾ ਟਿਕਾਈਆ। ਤਿਸ ਵੇਖਾਂ ਨੈਣ ਉਠਾਲ, ਨਜ਼ਰ ਆਵੇ ਸਾਚਾ ਮਾਹੀਆ। ਕਰ ਕਿਰਪਾ ਮੈਨੂੰ ਆਪਣੇ ਧਾਮ ਦਏ ਬਠਾਲ, ਫੇਰ ਸਕੇ ਨਾ ਕੋਇ ਉਠਾਈਆ। ਮੇਰਾ ਵਿੰਗਾ ਨਾ ਹੋਏ ਵਾਲ, ਖੁਲ੍ਹੀ ਮੀਂਢੀ ਨਾ ਵੇਖ ਵਖਾਈਆ। ਲੱਖ ਚੁਰਾਸੀ ਮੇਰੀ ਗੋਦੀ ਦਏ ਬਹਾਲ, ਮੈਂ ਸਾਚੀ ਸੇਵ ਕਮਾਈਆ। ਮੈਂ ਲੇਖਾ ਜਾਣਾਂ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਮੇਰੇ ਨਾਲ ਮਿਲਾਈਆ। ਮੈਂ ਤਣ ਤਣ ਪਾਵਾਂ ਆਪਣਾ ਜਾਲ, ਤ੍ਰੈਗੁਣ ਆਪਣੇ ਸੰਗ ਨਿਭਾਈਆ। ਮੈਂ ਧੂੜੀ ਬਣ ਬਣ ਉਡਾਂ ਮਾਰ ਉਛਾਲ, ਪਵਣ ਪਵਣਾਂ ਵਿਚ ਸਮਾਈਆ। ਕਰਾਂ ਦਰਸ ਦੀਨ ਦਿਆਲ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਜਾ ਜਾ ਦੱਸਾਂ ਆਪਣਾ ਹਾਲ, ਸਚ ਸੰਦੇਸਾ ਆਪ ਸੁਣਾਈਆ। ਮੇਰੀ ਪ੍ਰੀਤੀ ਨਿਭ ਜਾਏ ਮੇਰੇ ਮਾਹੀ ਨਾਲ, ਵਿਛੋੜਾ ਸਹਿ ਨਾ ਸਕਾਂ ਰਾਈਆ। ਨਿਤ ਨਿਤ ਘਾਲਾਂ ਤੇਰੀ ਘਾਲ, ਘਾਲਣ ਏਕਾ ਵਾਰ ਦੇ ਸਮਝਾਈਆ। ਜੁਗ ਜੁਗ ਵੇਖਾਂ ਤੇਰੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬੈਠੀ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਸਚ ਜਣਾਇਆ, ਏਕਾ ਹੁਕਮ ਸੁਣਾਇੰਦਾ। ਤੇਰਾ ਹਿੱਸਾ ਤੇਰੀ ਝੋਲੀ ਪਾਇਆ, ਏਕਾ ਚੌਕਾ ਮੂਲ ਚੁਕਾਇੰਦਾ। ਆਪਣੇ ਮਿਲਣ ਦੀ ਬਿਧ ਵਖਾਇਆ, ਏਕਾ ਗੁਣ ਰਖਾਇੰਦਾ। ਤੇਰਾ ਤੱਤ ਆਪਣੇ ਤੱਤ ਨਾਲ ਤਪਾਇਆ, ਤਤਵ ਤਤ ਆਪ ਜਲਾਇੰਦਾ। ਤੇਰੀ ਰਤ ਅਪਣੀ ਰਤ ਰੰਗ ਰੰਗਾਇਆ, ਰੰਗ ਰਤੜਾ ਆਪ ਅਖਵਾਇੰਦਾ। ਤੇਰੀ ਗੋਦ ਚਾਰ ਖਾਣੀ ਦਏ ਬਹਾਇਆ, ਲੇਖਾ ਲਿਖਤ ਨਾ ਕੋਇ ਜਣਾਇੰਦਾ। ਤੇਰਾ ਜੇਠਾ ਪੁਤ ਏਕਾ ਲਏ ਪਰਗਟਾਇਆ, ਪਰਬਤ ਆਪਣਾ ਰੂਪ ਟਿਕਾਇੰਦਾ। ਤੇਰੀ ਕੁੱਖੋਂ ਬਾਹਰ ਕਢਾਇਆ, ਆਪਣਾ ਰਾਹ ਜਣਾਇੰਦਾ। ਵਧ ਵਧ ਅੱਗੇ ਕ਼ਦਮ ਰਖਾਇਆ, ਦੋ ਜਹਾਨਾਂ ਪੈਂਡਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਦਿਤਾ ਏਕਾ ਵਰ, ਏਕਾ ਗੁਣ ਰਖਾਇੰਦਾ। ਜਲ ਸੁਣਿਆ ਧਰਤੀ ਮੰਗੀ ਮੰਗ, ਪ੍ਰਭ ਚਰਨ ਮੰਗੀ ਸਰਨਾਈਆ। ਪੁਰਖ ਅਬਿਨਾਸ਼ੀ ਮਾਣੀ ਸੇਜ ਇਕ ਪਲੰਘ, ਵਸਤ ਅਮੋਲਕ ਇਕ ਵਰਤਾਈਆ। ਆਪਣਾ ਚਾੜ੍ਹਿਆ ਸਾਚਾ ਰੰਗ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਬਣਾਈਆ। ਧਰਨੀ ਖ਼ਾਕ ਅੰਦਰ ਉਤਪਤ ਕਰੇ ਪਰਬਤ, ਉਚੀ ਚੋਟੀ ਆਪ ਬਣਾਈਆ। ਆਪਣੀ ਬਦਲੇ ਆਪੇ ਕਰਵਟ, ਦੂਸਰ, ਭੇਸ ਨਾ ਕਿਸੇ ਜਣਾਈਆ। ਆਪਣੇ ਵਿਚੋਂ ਕਰ ਕੇ ਆਪਾ ਪਰਗਟ, ਆਪਣੀ ਗੋਦੀ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਚੀ ਚੋਟੀ ਰਿਹਾ ਚੜ੍ਹਾਈਆ। ਧਰਨੀ ਸੁਤ ਸੁਤ ਦੁਲਾਰਾ, ਪ੍ਰਭ ਮਿਲਣ ਦੀ ਆਸ ਰਖਾਈਆ। ਉਚਾ ਟਿੱਲਾ ਪਰਬਤ ਮੁਨਾਰਾ, ਉਠ ਉਠ ਆਪਣਾ ਪੰਧ ਮੁਕਾਈਆ। ਕਵਣ ਵੇਲਾ ਮਿਲੇ ਮੇਲ ਹਰਿ ਨਿਰੰਕਾਰਾ, ਘਰ ਸਾਚੇ ਵੱਜੇ ਵਧਾਈਆ। ਹਰਿ ਕਾ ਭੇਵ ਨਾ ਕਿਸੇ ਵਿਚਾਰਾ, ਪੁਰਖ ਅਬਿਨਾਸ਼ੀ ਖੇਲ ਖਿਲਾਈਆ। ਜਲ ਜਲ ਧਰੇ ਆਪਣਾ ਬਲ ਅਪਾਰਾ, ਬਲ ਆਪਣਾ ਆਪ ਰਖਾਈਆ। ਹਿੱਸੇ ਤਿੰਨ ਵੰਡ ਆਈ ਮੇਰੀ ਮੈਂ ਤੇਰੇ ਨਾਲੋਂ ਵਸਾਂ ਨਿਆਰਾ, ਤੇਰੇ ਵਿਚ ਛੁਪ ਕਦੇ ਨਾ ਜਾਈਆ। ਮੈਂ ਤੇਰੇ ਪਰਬਤ ਤਨ ਆਪੇ ਪਾੜਾਂ, ਚੀਰ ਚੀਰ ਆਪਣਾ ਚੀਰ ਪਵਾਈਆ। ਉਚੀ ਚੋਟੀ ਚੜ੍ਹ ਕੇ ਤੇਰੇ ਵਿਚੋਂ ਪੁਕਾਰਾਂ, ਮੈਂ ਪਹਿਲੋਂ ਮਿਲਣਾ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਮਾਰਗ ਏਕਾ ਲਾਈਆ। ਪਰਬਤ ਕਹੇ ਮੈਂ ਉਪਰ ਚੜ੍ਹਨਾ, ਆਪਣਾ ਬਲ ਆਪ ਰਖਾਇੰਦਾ। ਜਲ ਕਹੇ ਮੈਂ ਤੇਰੇ ਨਾਲੋਂ ਪਹਿਲਾਂ ਵੜਨਾ, ਆਪਣਾ ਜ਼ੋਰ ਲਗਾਇੰਦਾ। ਪੁਰਖ ਅਬਿਨਾਸ਼ੀ ਦੋਹਾਂ ਵਿਚੋਲਾ ਬਣ ਕੇ ਖੇਲ ਆਪਣਾ ਕਰਨਾ, ਉਪਰ ਦੋਹਾਂ ਆਪਣਾ ਪਰਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਅੰਦਰ ਜਲ ਜਲ ਧਰਨੀ ਵਿਚ ਰਖਾਇੰਦਾ। ਜਲ ਧਰਨੀ ਲਾ ਲਾ ਜ਼ੋਰ, ਆਪਣਾ ਪੰਧ ਰਹੇ ਮੁਕਾਈਆ। ਅੱਗੇ ਦਿਸੇ ਅੰਧ ਘੋਰ, ਜਗਤ ਸਮੇਰੂ ਦਏ ਦੁਹਾਈਆ। ਕੈਲਾਸ਼ ਪਰਬਤ ਆਪਣੀ ਛੱਡ ਕੇ ਬੈਠਾ ਡੋਰ, ਗੁੱਡੀ ਹੋਰ ਨਾ ਕੋਇ ਚੜ੍ਹਾਈਆ। ਜਲ ਜਲ ਪਾ ਪਾ ਬੈਠਾ ਆਪਣਾ ਸ਼ੋਰ, ਉਚੇ ਟਿੱਲੇ ਆਪਣੀ ਧਾਰ ਵਹਾਈਆ। ਅੰਤਮ ਹੋਏ ਕਮਜ਼ੋਰ, ਹਰਿ ਕਾ ਅੰਤ ਕੋਇ ਨਾ ਪਾਈਆ। ਦੋਵਾਂ ਨਿਉਂ ਨਿਉਂ ਮੰਗਣ ਨਾਤਾ ਤੁਟਾ ਮੋਰ ਤੋਰ, ਬਿਨ ਤੁਧ ਕੋਇ ਨਾ ਕਰੇ ਸਾਡੀ ਰਸਾਈਆ। ਪੁਰਖ ਅਬਿਨਾਸ਼ੀ ਚੜ੍ਹਕੇ ਆਇਆ ਘੋੜ, ਆਪਣਾ ਚਰਨ ਦਏ ਛੁਹਾਈਆ। ਜਲ ਧਾਰਾ ਧਰਤੀ ਵਲ ਦੇਵੇ ਰੋਹੜ, ਉਪਰੋਂ ਨੀਚੇ ਆਪ ਵਹਾਈਆ। ਪਾਥਰ ਪਾਹਨ ਨਾਲ ਦੇਵੇ ਤੋਰ, ਇਕ ਦੂਜੇ ਦਾ ਮੇਲ ਮਿਲਾਈਆ। ਉਚੀ ਪੌਂਦੇ ਆਵਣ ਸ਼ੋਰ, ਲੱਖ ਚੁਰਾਸੀ ਜੀਵ ਜੰਤ ਸਮਝਾਈਆ। ਉਤੇ ਦਿਸੇ ਅੰਧੇਰਾ ਘੋਰ, ਚੋਟੀ ਚੜ੍ਹਨ ਕੋਇ ਨਾ ਪਾਈਆ। ਕਿਸੇ ਨਾ ਚਲੇ ਕੋਈ ਜ਼ੋਰ, ਤਾਕਤ ਬਲ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵਾਗ ਆਪ ਭਵਾਈਆ। ਦੋਹਾਂ ਵਾਗਾਂ ਆਪੇ ਮੋੜ, ਲੋਕਮਾਤ ਰਾਹ ਚਲਾਇੰਦਾ। ਇਕ ਦੂਜੇ ਨਾਲ ਜੋੜਿਆ ਜੋੜ, ਬਿਰਹੋਂ ਵਿਛੋੜਾ ਆਪ ਕਟਾਇੰਦਾ। ਇਕ ਦੂਜੇ ਦੀ ਸਦਾ ਲੋੜ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਲ ਜਲ ਰੂਪ ਆਪ ਸਮਾਇੰਦਾ। ਜਲ ਜਲ ਰੂਪ ਨਦੀਆਂ ਨਾਲੇ, ਨੀਰ ਨੀਰ ਬਰਸਾਇਆ। ਉਚੇ ਟਿੱਲੇ ਪਰਬਤ ਵੇਖੇ ਕਾਲੇ, ਏਕਾ ਬੰਧਨ ਬੰਧ ਬੰਧਾਇਆ। ਆਪ ਚਲਾਈ ਅਵੱਲੜੀ ਚਾਲੇ, ਭੇਵ ਕਿਸੇ ਨਾ ਆਇਆ। ਆਦਿ ਜੁਗਾਦਿ ਕਰੇ ਪ੍ਰਿਤਪਾਲੇ, ਪ੍ਰਿਤਪਾਲਕ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਏਕਾ ਤੱਤ ਵਖਾਇਆ। ਦੋਹਾਂ ਵੇਖਿਆ ਏਕਾ ਰੰਗ, ਘਰ ਸਾਚੇ ਖ਼ੁਸ਼ੀ ਮਨਾਈਆ। ਪਰਬਤ ਪਾਣੀ ਮੰਗਣ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਜੁਗ ਚੌਕੜੀ ਸਾਡਾ ਬਣਿਆ ਰਹੇ ਸੰਗ, ਮਿਲ ਮਿਲ ਤੇਰਾ ਰਹੇ ਜਸ ਗਾਈਆ। ਕਵਣ ਵੇਲਾ ਹੋਏ ਬਖ਼ਸ਼ੰਦ, ਫਿਰ ਦਰਸ਼ਨ ਦੇਵਾਂ ਸੱਚੇ ਮਾਹੀਆ। ਸਾਡਾ ਚਲਦਿਆਂ ਚਲਦਿਆਂ ਮੁੱਕੇ ਨਾ ਪੰਧ, ਕੋਟਨ ਕੋਟ ਕਾਲ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰ ਦਏ ਸਮਝਾਈਆ। ਪਾਹਨ ਪੱਥਰ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇਆ। ਤੁਧ ਬਿਨ ਕੋਇ ਨਾ ਪਾਏ ਮੇਰੀ ਸਾਰ, ਮੈਂ ਮੂਰਖ ਕੰਮ ਕਿਸੇ ਨਾ ਆਇਆ। ਜੇ ਕੋਈ ਮੇਰੇ ਉਪਰ ਚਲੇ ਮੈਂ ਠੋਕਰ ਦੇਵਾਂ ਮਾਰ, ਸਾਚਾ ਸੰਗ ਨਾ ਕੋਇ ਰਖਾਇਆ। ਜੇ ਕੋਈ ਚੁੱਕੇ ਮੇਰਾ ਭਾਰ, ਮੂੰਹ ਦੇ ਭਾਰ ਦਿਆਂ ਸੁਟਾਇਆ। ਜੇ ਕੋਈ ਕਰੇ ਮੇਰਾ ਪਿਆਰ, ਖ਼ਾਲੀ ਹੱਥ ਦਿਆਂ ਵਖਾਇਆ। ਨਾ ਕਿਛ ਅੰਦਰ ਨਾ ਕਿਛ ਬਾਹਰ, ਨਾ ਕੋਈ ਸੰਗ ਰਖਾਇਆ। ਏਕਾ ਬਖ਼ਸ਼ ਚਰਨ ਪ੍ਰੀਤੀ ਬਖ਼ਸ਼ਣਹਾਰ, ਤੁਧ ਬਿਨ ਅਵਰ ਨਾ ਕੋਇ ਸਹਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਚਾ ਵਰ ਏਕਾ ਝੋਲੀ ਪਾਇਆ। ਸੁਣ ਕਾਲੇ ਪੱਥਰ ਕਾਲੇ ਰੰਗ, ਤੇਰਾ ਤੇਰੇ ਉਪਰ ਦਇਆ ਕਮਾਈਆ। ਤੇਰੇ ਤਨ ਪਹਿਨਾਏ ਏਕਾ ਵੰਗ, ਨਜ਼ਰ ਕਿਸੇ ਨਾ ਆਈਆ। ਤੇਰਾ ਰੂਪ ਆਪਣੇ ਲਾਏ ਅੰਗ, ਅੰਗੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਸਾਚਾ ਹਰਿ, ਸਿਰ ਆਪਣਾ ਹੱਥ ਰਖਾਇੰਦਾ। ਪੱਥਰ ਪਾਹਨ ਪੂਜਣ ਘਰ ਘਰ, ਠਾਕਰ ਠਾਕਰ ਰੂਪ ਵਟਾਇੰਦਾ। ਹੱਥ ਮੂੰਹ ਨੱਕ ਤੇਰਾ ਲੈਣ ਘੜ, ਭੁਜਾਂ ਲਿੰਗ ਨਾਲ ਰਲਾਇੰਦਾ। ਮਾਣਸ ਅੱਗੇ ਲੈਣ ਧਰ, ਸਿਲ ਪੂਜਸ ਪੂਜ ਪੁਜਾਇੰਦਾ। ਮਸਤਕ ਟਿੱਕਾ ਲਾਲ ਦੇਣ ਧਰ, ਲਾਲ ਲਾਲਾ ਰੰਗ ਚੜ੍ਹਾਇੰਦਾ। ਤੂੰ ਕੋਲੋਂ ਮੇਰਿਉਂ ਮੰਗਿਆ ਵਰ, ਤੇਰਾ ਮਾਣ ਮਾਣ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਤੇਰਾ ਮਾਣ ਵਡਿਆਇੰਦਾ। ਪਾਥਰ ਪਾਹਨ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਬਿਨ ਤੁਧ ਚਰਨ ਨਾ ਮੈਨੂੰ ਕੋਈ ਹੋਰ ਮਾਣ, ਪੂਜਾ ਪਾਠ ਨਾ ਮੋਹੇ ਭਾਈਆ। ਤੇਰਾ ਦਰਸ ਮੰਗਾਂ ਸ੍ਰੀ ਭਗਵਾਨ, ਦੇ ਦਰਸ ਮੈਂ ਕਿਸੇ ਥਾਂ ਨਾ ਤ੍ਰਿਪਤ ਕਰਾਈਆ। ਮੇਰਾ ਨਾ ਕੁਛ ਪੀਣ ਨਾ ਕੁਛ ਖਾਣ, ਨਾ ਕੋਈ ਰਸਨਾ ਬੋਲੇ ਜ਼ਬਾਨ ਨਾ ਤੇਰਾ ਭੇਵ ਸਕਾਂ ਜਣਾਈਆ। ਤੂੰ ਪਰਦਾ ਪਾਇਆ ਕਿਉਂ ਜਹਾਨ, ਭਰਮ ਭੁਲੇਖਾ ਵਸਿਆ ਮਾਤ ਲੋਕਾਈਆ। ਪੱਥਰ ਕਦੇ ਨਾ ਬਣਿਆ ਕਾਹਨ, ਪੱਥਰ ਕਦੇ ਨਾ ਬਣਿਆ ਭਗਵਾਨ, ਭਗਵਨ ਤੇਰਾ ਰੂਪ ਤੋਹੇ ਭਾਈਆ। ਮੈਂ ਮੂਰਖ ਮੁਗਧ ਅਞਾਣ, ਮੇਰਾ ਨੱਕ ਮੂੰਹ ਹੱਥ ਘੜਨ ਤਰਖਾਨ, ਹੱਥ ਵਿਚ ਤਿਖੀ ਤੇਸੀ ਉਠਾਈਆ। ਫਿਰ ਚੁੱਕ ਕੇ ਚਾਰ ਦੀਵਾਰੀ ਅੰਦਰ ਟਿਕਾਣ, ਜਿਥੇ ਬਹਾਵਣ ਓਥੇ ਬੈਠਾ ਰਹਾਂ, ਉਠ ਉਠ ਦਿਸ਼ਾ ਨਾ ਕਿਸੇ ਜਾਈਆ। ਨਾ ਕੋਈ ਖਾਵਾਂ ਪੀਆਂ ਪਕਵਾਨ, ਨਾ ਕੋਈ ਨਹਾਵਾਂ ਨਹਾਨ, ਜੇ ਕੋਈ ਨੁਹਾਵੇ ਆਪਣੇ ਉਪਰੋਂ ਬਾਹਰ ਬਾਹਰ ਧਾਰ ਦਿਆਂ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਪੱਥਰ ਤੁਧ ਬਿਨ ਲੱਥਾ ਸੱਥਰ, ਮੇਰੀ ਸੇਜ ਨਾ ਕੋਇ ਸੁਹਾਈਆ। ਮੈਂ ਪਾਥਰ ਘੜਿਆ ਬੁੱਤ, ਜਗ ਮੰਦਰ ਆਪ ਟਿਕਾਇਆ। ਮੈਂ ਰਾਹ ਤੱਕਾਂ ਤੇਰਾ ਅਬਿਨਾਸ਼ੀ ਅਚੁਤ, ਦੂਸਰ ਸਕਾਂ ਕੀ ਰਾਹ ਵਖਾਇਆ। ਮੈਂ ਰੱਖਾਂ ਤੇਰੀ ਓਟ, ਮੇਰੀ ਓਟ ਕੋਈ ਕਿਆ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਇਆ। ਪੁਰਖ ਅਬਿਨਾਸ਼ੀ ਦਇਆ ਕਮਾ, ਸਿਰ ਆਪਣਾ ਹੱਥ ਟਿਕਾਇੰਦਾ। ਚਾਰ ਜੁਗ ਤੇਰਾ ਰੂਪ ਧਰਾ, ਲੋਕਮਾਤ ਖੇਲ ਖਿਲਾਇੰਦਾ। ਕਲਜੁਗ ਅੰਤਮ ਵੇਲਾ ਜਾਏ ਆ, ਤੇਰਾ ਪਿਛਲਾ ਪੰਧ ਮੁਕਾਇੰਦਾ। ਨਿਰਗੁਣ ਮੇਲਾ ਨਿਰਗੁਣ ਲਏ ਕਰਾ, ਨਜ਼ਰ ਕਿਸੇ ਨਾ ਆਇੰਦਾ। ਜਲ ਉਠਿਆ ਪੁਰਖ ਅਬਿਨਾਸ਼ੀ ਪਾਹਨ ਪੱਥਰ ਰਿਹਾ ਸਮਝਾ, ਮੈਂ ਭੁਲ ਭੁੱਲ ਵਕ਼ਤ ਲੰਘਾਇੰਦਾ। ਦਰ ਆ ਕੇ ਉਚੀ ਮਾਰੀ ਧਾਹ, ਨੇਤਰ ਨੈਣਾਂ ਨੀਰ ਵਹਾਇੰਦਾ। ਕਵਣ ਸੋ ਵੇਲਾ ਕਵਣ ਵਕ਼ਤ ਮੇਰੀ ਪਕੜੇ ਬਾਂਹ, ਚਾਰ ਜੁਗ ਮੇਰੀ ਰਫ਼ਤਾਰ ਨਾ ਕੋਇ ਬਦਲਾਇੰਦਾ। ਪੁਰਖ ਅਬਿਨਾਸ਼ੀ ਏਕਾ ਦੇਣੀ ਸਚ ਸਲਾਹ, ਤੇਰੀ ਸੀਤਲ ਧਾਰ ਮੇਰਾ ਚੰਨ ਨਜ਼ਰੀ ਆਇੰਦਾ। ਠੰਡਾ ਚੰਨ ਆਬ ਨਾਲ ਦੇਣਾ ਮਿਲਾ, ਮਿਲਿਆ ਮੇਲ ਵਿਛੜ ਕਦੇ ਨਾ ਜਾਇੰਦਾ। ਕਰ ਕਿਰਪਾ ਮੇਰਾ ਨਾਉਂ ਦੇਣਾ ਪਰਗਟਾ, ਲੋਕਮਾਤ ਜੀਵ ਜੰਤ ਸਮਝਾਇੰਦਾ। ਮੈਂ ਤੱਕਾਂ ਤੇਰਾ ਰਾਹ, ਨਿਤ ਉਠ ਉਠ ਧਿਆਨ ਲਗਾਇੰਦਾ। ਪਾਥਰ ਮੇਲਾ ਸਹਿਜ ਸੁਭਾ, ਆਪਣੇ ਹੇਠਾਂ ਸੱਥਰ ਵਿਛਾਇੰਦਾ। ਉਤੋਂ ਨੱਠਾ ਜਾਵਾਂ ਵਾਹੋ ਦਾਹ, ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੱਗੇ ਤੇਰੇ ਵਾਸਤਾ ਪਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਏਕਾ ਹੁਕਮ ਸੁਣਾਇਆ। ਠਾਂਡੇ ਚੰਨ ਦਿਆਂ ਦਾਨ, ਆਬ ਰੂਪ ਵਟਾਇਆ। ਲੋਕਮਾਤ ਕਰਾਂ ਪਰਧਾਨ, ਤੇਰਾ ਨਾਉਂ ਧਰਾਇਆ। ਪਾਥਰ ਪਾਹਨ ਕਰ ਪਰਵਾਨ, ਆਪਣੇ ਰੰਗ ਰੰਗਾਇਆ। ਜੀਵ ਜੰਤ ਸਾਰੇ ਗਾਨ, ਤੇਰਾ ਨਾਉਂ ਚੰਨ ਆਬ ਰਖਾਇਆ। ਤੇਰੇ ਕੰਢੇ ਆਸ਼ਕ ਮਾਸ਼ੂਕ ਮੌਜਾਂ ਮਾਣ, ਰੰਗ ਆਪਣਾ ਜਾਣ ਵਖਾਇਆ। ਇਕ ਦੂਜੇ ਦਾ ਕਰਨ ਧਿਆਨ, ਨੇਤਰ ਨੈਣ ਨੈਣ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਦਏ ਸਮਝਾਇਆ। ਤੇਰਾ ਕੰਢਾ ਆਸ਼ਕ ਮਾਸ਼ੂਕ, ਮਾਰਫਤ ਰੂਪ ਵਟਾਈਆ। ਸੋਹਣੀ ਮਾਰੇ ਏਕਾ ਕੂਕ, ਮਹੀਵਾਲ ਦਏ ਦੁਹਾਈਆ। ਬਿਰਹੋਂ ਅਗਨੀ ਰਹੀ ਫੂਕ, ਸੀਤਲ ਧਾਰ ਨਾ ਕੋਇ ਵਗਾਈਆ। ਇਕ ਦੂਜੇ ਦੀ ਕਰਨ ਉਡੀਕ, ਕਵਣ ਵੇਲਾ ਮਿਲੇ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪਰਦਾ ਦਏ ਉਠਾਈਆ। ਜਗਤ ਮਾਸ਼ੂਕ ਇਕ ਦੂਜੇ ਦੇ ਚਾਕਰ, ਹਰਿ ਕਾ ਧਿਆਨ ਨਾ ਕੋਇ ਲਗਾਇੰਦਾ। ਮੰਗੀ ਮੰਗ ਜਲ ਪਾਹਨ ਪਾਥਰ, ਕਵਣ ਬਿਧ ਹਰਿ ਪੂਰ ਕਰਾਇੰਦਾ। ਚੌਥਾ ਜੁਗ ਆਏ ਆਖ਼ਰ, ਵੇਲਾ ਵਕ਼ਤ ਆਪ ਸੁਹਾਇੰਦਾ। ਤੇਰਾ ਮਾਣ ਰਖਾਏ ਜਿਉਂ ਸੁਧਾ ਸਰ, ਸ਼ੁਧੀ ਆਪਣੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੇਲਾ ਵਕ਼ਤ ਆਪ ਜਣਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਪਾਰਬ੍ਰਹਮ ਸਮਝਾਈਆ। ਪਾਥਰ ਪਾਹਨ ਆਪ ਤਰੌਣਾ, ਜਲ ਬਿੰਬ ਦਏ ਵਡਿਆਈਆ। ਚਾਰ ਜੁਗ ਦੇ ਵਿਛੜੇ ਹਰਿ ਹਰਿਜਨ ਸਾਚੇ ਮੇਲ ਮਿਲੌਣਾ, ਮਿਲ ਕੇ ਆਏ ਸਾਚਾ ਮਾਹੀਆ। ਤੇਰੇ ਕੰਢੇ ਚਰਨ ਟਿਕੌਣਾ, ਕੰਢੀ ਵੇਖੇ ਬੇਪਰਵਾਹੀਆ । ਗੁਰਮੁਖ ਸਾਚੇ ਤੇਰੇ ਸੰਗ ਰਖੌਣਾ, ਤੇਰੀ ਜਗਤ ਪਿਆਸ ਬੁਝਾਈਆ। ਗੁਰਸਿਖਾਂ ਧੂੜ ਤੇਰੇ ਵਿਚ ਛੁਹੌਣਾ, ਤੇਰਾ ਜੁਗ ਯੁਗ ਦਾ ਪੰਧ ਮੁਕਾਈਆ। ਆਪ ਵੇਖ ਵੇਖ ਖ਼ੁਸ਼ੀ ਮਨੌਣਾ, ਕੀਤਾ ਕੌਲ ਪੂਰ ਕਰਾਈਆ। ਦੋਹਾਂ ਢੋਲਾ ਏਕਾ ਗੌਣਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਕਰਾਈਆ। ਤੇਰਾ ਨੀਰ ਸੱਤ ਸਮੁੰਦਰ ਵਿਚ ਸਮੌਣਾ, ਸਮੁੰਦ ਸਾਗਰ ਦਏ ਵਡਿਆਈਆ। ਆਪਣਾ ਨਾਮ ਤੇਰੀ ਧਾਰ ਵਿਚ ਲੁਕੌਣਾ, ਗੁਰਸਿਖਾਂ ਪਿਆਰ ਤੇਰੇ ਵਿਚ ਰਖਾਈਆ। ਬਤਾਲੀ ਲੱਖ ਜੀਵ ਜੰਤ ਜੂਨੀ ਅੰਮ੍ਰਿਤ ਰਸ ਮੁਖ ਚਵੌਣਾ, ਆਪਣਾ ਖੇਲ ਆਪ ਖਿਲਾਈਆ। ਘਟ ਘਟ ਅੰਦਰ ਏਕਾ ਨੂਰ ਨਜ਼ਰੀ ਔਣਾ, ਮਛ ਕਛ ਬੈਠਣ ਸੀਸ ਝੁਕਾਈਆ। ਪਾਤਾਲ ਪਾਤਾਲ ਪਾਤਾਲਾਂ ਸੋਹੰ ਢੋਲਾ ਸਭ ਨੇ ਗੌਣਾ, ਜਲ ਜਲ ਅੰਦਰ ਪੱਥਰ ਪਾਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਓਟ ਤਕਾਈਆ। ਆਦਿ ਅੰਤ ਸ੍ਰੀ ਭਗਵਾਨ, ਆਪਣਾ ਲੇਖ ਚੁਕਾਏ ਆਣ, ਲੇਖਾ ਰਹਿਣ ਨਾ ਦੇਵੇ ਰਾਈਆ।
