Granth 10 Likhat 090: 10 Jeth 2018 Bikarmi Firangi Ram de Greh Tootan Wali Jammu

੧੦ ਜੇਠ ੨੦੧੮ ਬਿਕ੍ਰਮੀ ਫ਼ਰੰਗੀ ਰਾਮ ਦੇ ਗ੍ਰਹਿ ਤੂਤਾਂ ਵਾਲੀ ਜੰਮੂ

ਹਰਿ ਠਾਕਰ ਸਤਿਗੁਰ ਦੀਨ ਦਿਆਲ, ਦੀਨਨ ਦਇਆ ਆਪ ਕਮਾਇੰਦਾ। ਲੇਖਾ ਜਾਣੇ ਜਗਤ ਜੰਜਾਲ, ਤ੍ਰੈਭਵਨ ਧਨੀ ਵੇਖ ਵਖਾਇੰਦਾ। ਨਾਤਾ ਤੋੜੇ ਕਾਲ ਮਹਾਕਾਲ, ਧਰਮਸਾਲ ਇਕ ਸੁਹਾਇੰਦਾ। ਲੱਖ ਚੁਰਾਸੀ ਕਰ ਕਰ ਭਾਲ, ਹਰਿਜਨ ਹਰਿ ਹਰਿ ਵੇਖ ਵਖਾਇੰਦਾ। ਹਰਿ ਭਗਤ ਉਠਾਏ ਸਾਚੇ ਲਾਲ, ਲਾਲ ਅਨਮੁਲੜਾ ਆਪ ਉਪਾਇੰਦਾ। ਚਰਨ ਪ੍ਰੀਤੀ ਸਾਚੀ ਨੀਤੀ ਦਸੇ ਘਾਲ, ਘਾਲੀ ਘਾਲ ਲੇਖੇ ਲਾਇੰਦਾ। ਏਥੇ ਓਥੇ ਹੋਏ ਹੱਲ ਸਵਾਲ, ਪੱਟੀ ਅਵਰ ਨਾ ਕੋਇ ਪੜ੍ਹਾਇੰਦਾ। ਦੀਪਕ ਜੋਤੀ ਏਕਾ ਬਾਲ, ਅਗਿਆਨ ਅੰਧੇਰ ਚੁਕਾਇੰਦਾ। ਸ਼ਬਦ ਸਰੂਪੀ ਦੇਵੇ ਸਤਿ ਦੋਸ਼ਾਲ, ਨਾਮ ਪਰਦਾ ਹੱਥ ਉਠਾਇੰਦਾ। ਫਲ ਲਗਾਏ ਕਾਇਆ ਡਾਲ੍ਹ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨਨ ਆਪਣੇ ਰੰਗ ਰੰਗਾਇੰਦਾ। ਦੀਨ ਦਿਆਲ ਸਰਬ ਗੁਣਵੰਤਾ, ਹਰਿ ਸਵਾਮੀ ਵਡੀ ਵਡਿਆਈਆ। ਹਰਿਜਨ ਵੇਖੇ ਸਾਜਣ ਸੰਤਾਂ, ਸਤਿਗੁਰ ਸਾਹਿਬ ਸੱਚਾ ਬੇਪਰਵਾਹੀਆ। ਨਾਮ ਜਣਾਏ ਮਣੀਆ ਮੰਤਾ, ਨਿਸ਼ਅੱਖਰ ਕਰੇ ਪੜ੍ਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਮਹਿਮਾ ਅਕਥ ਅਗਣਤ ਅਗਣਤਾ, ਲੇਖਾ ਲਿਖਤ ਵਿਚ ਨਾ ਆਈਆ। ਜਿਸ ਜਨ ਬਣਾਏ ਸਾਚੀ ਬਣਤਾ, ਜੁਗ ਜੁਗ ਬੇੜਾ ਬੰਨ੍ਹ ਤਰਾਈਆ। ਆਤਮ ਅੰਤਰ ਗੜ੍ਹ ਤੋੜੇ ਹਉਮੇ ਹੰਗਤਾ, ਮਾਇਆ ਮਮਤਾ ਮੋਹ ਚੁਕਾਈਆ। ਮੇਲ ਮਿਲਾਵਾ ਸਾਚੀ ਸੰਗਤਾ, ਸਤਿਗੁਰ ਬਖ਼ਸ਼ੇ ਸਚ ਸਰਨਾਈਆ। ਲੇਖਾ ਜਾਣੇ ਨਾਨਕ ਅੰਗਦਾ, ਅੰਗੀਕਾਰ ਆਪ ਅਖਵਾਈਆ। ਗੁਰਮੁਖ ਦੂਸਰ ਦਰ ਨਾ ਕੋਇ ਮੰਗਦਾ, ਮੰਗਣ ਦਰ ਨਾ ਕੋਇ ਜਾਈਆ। ਨਾਤਾ ਤੁੱਟੇ ਭੁੱਖ ਨੰਗ ਦਾ, ਤ੍ਰਿਸ਼ਨਾ ਤ੍ਰਿਪਤ ਆਪ ਕਰਾਈਆ। ਕਰੇ ਖੇਲ ਸੂਰੇ ਸਰਬੰਗ ਦਾ, ਸੂਰਬੀਰ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਵਿਰਲੇ ਨਾਲ ਮੰਨਦਾ, ਲੱਖ ਚੁਰਾਸੀ ਭਰਮੇ ਰਿਹਾ ਭੁਲਾਈਆ। ਜੋ ਘੜਿਆ ਸੋ ਭੰਨਦਾ, ਭੰਨਣਹਾਰਾ ਦਿਸ ਨਾ ਆਈਆ। ਜੀਵ ਜੰਤ ਆਪੇ ਡੰਨਦਾ, ਸਾਧ ਸੰਤ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਠਾਕਰ ਸਵਾਮੀ ਹਰਿ ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਦੀਨ ਦਿਆਲ ਸ੍ਰੀ ਭਗਵਾਨਾ, ਘਰ ਸਾਚੇ ਸੋਭਾ ਪਾਇੰਦਾ। ਭਗਤ ਵਛਲ ਨੌਜਵਾਨਾ, ਆਦਿ ਜੁਗਾਦਿ ਵੇਖ ਵਖਾਇੰਦਾ। ਸ਼ਬਦ ਅਨਾਦੀ ਸਤਿ ਤਰਾਨਾ, ਧੁਰ ਦੀ ਬਾਣੀ ਆਪ ਅਲਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਨਿਰਗੁਣ ਸਰਗੁਣ ਵੇਸ ਵਟਾਇੰਦਾ, ਨਾਮ ਨਿਧਾਨਾ ਹਰਿ ਫ਼ਰਮਾਨਾ ਹਰਿਜਨ ਸਾਚੇ ਆਪ ਸੁਣਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਧੁਨ ਵਜਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਬੰਕ ਸੁਹਾਇੰਦਾ। ਗੁਰਮੁਖਾਂ ਹੋਏ ਆਪ ਮਿਹਰਵਾਨਾ, ਮਿਹਰਵਾਨ ਦਇਆ ਕਮਾਇੰਦਾ। ਆਤਮ ਦੇਵੇ ਜੀਆ ਦਾਨਾ, ਜੀਵਣ ਦਾਤਾ ਆਪ ਅਖਵਾਇੰਦਾ। ਸੁਰਤੀ ਮਿਲੇ ਗੋਪੀ ਕਾਹਨਾ, ਸ਼ਬਦੀ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਠਾਕਰ ਆਪਣਾ ਨਾਉਂ ਧਰਾਇੰਦਾ। ਦੀਨ ਦਿਆਲ ਹਰਿ ਹਰਿ ਠਾਕਰ, ਜਗਤ ਠਗੌਰੀ ਕੋਇ ਨਾ ਪਾਈਆ। ਏਕਾ ਨਾਮ ਰਤੀ ਰਤਨਾਗਰ, ਰਤੀ ਰਤ ਵੇਖ ਵਖਾਈਆ। ਨਵ ਨੌਂ ਵੇਖੇ ਜਗਤ ਸਾਗਰ, ਭਵਰੀ ਭਵਰ ਰਿਹਾ ਸਮਾਈਆ। ਗੁਰਮੁਖ ਵਿਰਲੇ ਕਰੇ ਕਰਮ ਉਜਾਗਰ, ਜਿਸ ਜਨ ਆਪਣੀ ਬੂਝ ਬੁਝਾਈਆ। ਨਾਮ ਵਣਜਾਰਾ ਕਰਾਏ ਵਣਜ ਸਚ ਸੌਦਾਗਰ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨ ਦਿਆਲ ਦਇਆ ਕਮਾਈਆ। ਦੀਨ ਦਿਆਲ ਸ੍ਰੀ ਭਗਵੰਤ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿਜਨ ਮੇਲਾ ਹਰਿ ਹਰਿ ਕੰਤ, ਕੰਤ ਸੁਹਾਗੀ ਵੇਖ ਵਖਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੇ ਰੰਗ ਰੰਗਾਇੰਦਾ। ਦੀਨਨ ਰੰਗੇ ਹਰਿ ਹਰਿ ਰੰਗ, ਰੰਗ ਅਨਡਿਠੜਾ ਆਪ ਚੜ੍ਹਾਈਆ। ਘਟ ਘਟ ਉਪਜਾਏ ਨਾਮ ਤਰੰਗ, ਤੁਰੀਆ ਰਾਗ ਨਾਦ ਸੁਣਾਈਆ। ਨਿਜ ਆਤਮ ਉਪਜਾਏ ਪਰਮਾਨੰਦ, ਨਿਜਾਨੰਦ ਸਹਿਜ ਸੁਖਦਾਈਆ। ਸੋ ਪੁਰਖ ਨਿਰੰਜਣ ਅਲਾਏ ਏਕਾ ਛੰਦ, ਹੰ ਬ੍ਰਹਮ ਕਰੇ ਪੜ੍ਹਾਈਆ। ਆਵਣ ਜਾਵਣ ਚੁੱਕੇ ਪੰਧ, ਲੱਖ ਚੁਰਾਸੀ ਗੇੜ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੇ ਅੰਗ ਲਗਾਈਆ । ਦੀਨਨ ਦੀਨ ਲਗਾਏ ਅੰਗ, ਦੀਨਾ ਨਾਥ ਵਡੀ ਵਡਿਆਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਵ ਨੌਂ ਵਜਾਏ ਮਰਦੰਗ, ਗ੍ਰਹਿ ਗ੍ਰਹਿ ਰਿਹਾ ਸੁਣਾਈਆ। ਹਰਿਜਨ ਮੰਦਰ ਆਪੇ ਲੰਘ, ਖੇਵਟ ਖੇਟਾ ਖਾਟ ਵੇਖੇ ਬੇਪਰਵਾਹੀਆ। ਨਾਤਾ ਤੁੱਟੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਨਿਰਗੁਣ ਨਿਰਵੈਰ ਚੜ੍ਹਾਏ ਚੰਦ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਬੰਦੀਤੋੜ ਤੋੜੇ ਬੰਦ, ਬੰਦੀਖ਼ਾਨਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦੀਨਨ ਆਪਣੀ ਗੋਦ ਬਹਾਈਆ। ਦੀਨਨ ਦਇਆ ਕਮਾਇੰਦਾ, ਹਰਿ ਸੱਜਣ ਮੀਤ ਮੁਰਾਰ। ਕਲਜੁਗ ਵਿਛੜੇ ਮੇਲ ਮਿਲਾਇੰਦਾ, ਜੁਗ ਕਰਤਾ ਕਰ ਪਿਆਰ। ਭਾਂਡਾ ਭਰਮ ਭੌ ਭੰਨਾਇੰਦਾ, ਗੜ੍ਹ ਤੋੜ ਜਗਤ ਹੰਕਾਰ। ਸਾਚਾ ਮੰਦਰ ਇਕ ਵਖਾਇੰਦਾ, ਨਾਤਾ ਤੋੜ ਸਰਬ ਸੰਸਾਰ। ਕਿਲਾ ਕੋਟ ਇਕ ਸੁਹਾਇੰਦਾ, ਛੱਪਰ ਛੰਨ ਦਏ ਆਧਾਰ। ਨਿਰਗੁਣ ਜੋਤ ਜੋਤ ਜਗਾਇੰਦਾ, ਜੋਤੀ ਜਾਤਾ ਪਰਵਰਦਿਗਾਰ। ਮਾਣਕ ਮੋਤੀ ਗੁਰਮੁਖ ਆਪ ਉਠਾਇੰਦਾ, ਸੁਰਤੀ ਸੋਈ ਲਏ ਉਠਾਲ। ਅਕਾਲ ਮੂਰਤ ਨਜ਼ਰੀ ਆਇੰਦਾ, ਦੀਨਾ ਬੰਧਪ ਦੀਨ ਦਿਆਲ। ਸਚ ਮਹੂਰਤ ਇਕ ਸਮਝਾਇੰਦਾ, ਥਿਤ ਵਾਰ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਭਾਲ। ਹਰਿਜਨ ਸਾਚਾ ਭਾਲਿਆ, ਭਰਮ ਭੁਲੇਖਾ ਕੱਢ। ਦੇਵੇ ਨਾਮ ਇਕ ਸੁਖਾਲਿਆ, ਜਗਤ ਤ੍ਰਿਸ਼ਨਾ ਦੇਵੇ ਵੱਢ। ਤ੍ਰੈਗੁਣ ਮਾਇਆ ਤੋੜ ਜੰਜਾਲਿਆ, ਨਾਮ ਨਿਸ਼ਾਨਾ ਦੇਵੇ ਗੱਡ। ਦਿਵਸ ਰੈਣ ਕਰੇ ਪ੍ਰਿਤਪਾਲਿਆ, ਹੋਏ ਸਹਾਈ ਅੰਧੇਰੀ ਖੱਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਰੈਣ ਲਡਾਏ ਲਡ। ਦਿਵਸ ਰੈਣ ਵੇਖ ਪਰਭਾਤ, ਘੜੀ ਪਲ ਖੇਲ ਖਿਲਾਈਆ। ਗੁਰਮੁਖ ਤੇਰੀ ਉਤਮ ਜ਼ਾਤ, ਜੋਤੀ ਜਾਤਾ ਆਪ ਬਣਾਈਆ। ਸਾਚਾ ਮੇਲਾ ਹਰਿ ਰਘੁਨਾਥ, ਰਘਵੰਸ ਆਪ ਮਿਲਾਈਆ। ਲੇਖਾ ਜਾਣੇ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਸੰਸਾ ਦਏ ਮੁਕਾਈਆ। ਏਕਾ ਮੰਦਰ ਏਕਾ ਪੂਜਾ ਪਾਠ, ਇਸ਼ਟ ਗੁਰ ਦੇਵ ਇਕ ਸਮਝਾਈਆ। ਏਕਾ ਤੀਰਥ ਸਰੋਵਰ ਤਾਟ, ਤਟ ਕਿਨਾਰਾ ਇਕ ਵਡਿਆਈਆ। ਏਕਾ ਆਦਿ ਜੁਗਾਦਿ ਚਲੇ ਸਾਥ, ਵਿਛੜ ਕਦੇ ਨਾ ਜਾਈਆ। ਏਕਾ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਬਿਧਨਾ ਲੇਖਾ ਵੇਖੇ ਥਾਉਂ ਥਾਈਂਆ। ਇਕ ਚੜ੍ਹਾਏ ਸਾਚੇ ਰਾਥ, ਰਥ ਰਥਵਾਹੀ ਸੇਵ ਕਮਾਈਆ। ਏਕਾ ਲੇਖਾ ਜਾਣੇ ਤੱਤ ਆਠ, ਨੌਂ ਦਰ ਏਕਾ ਖੋਜ ਖੁਜਾਈਆ। ਏਕਾ ਮਾਣਸ ਜਨਮ ਪੂਰਾ ਕਰੇ ਘਾਟ, ਸਾਚਾ ਤੋਲਾ ਤੋਲ ਤੁਲਾਈਆ। ਏਕਾ ਨੇੜੇ ਰੱਖੇ ਵਾਟ, ਦੂਰ ਦੁਰਾਡਾ ਪੰਧ ਮੁਕਾਈਆ। ਏਕਾ ਪੁਛੇ ਅੰਤਮ ਵਾਤ, ਸਾਕ ਸੱਜਣ ਸੈਣ ਨਾ ਕੋਇ ਸਹਾਈਆ। ਏਕਾ ਮੇਟੇ ਅੰਧੇਰੀ ਰਾਤ, ਸੰਞ ਸਵੇਰ ਏਕਾ ਰੰਗ ਵਖਾਈਆ। ਏਕਾ ਮੇਲਾ ਕਮਲਾਪਾਤ, ਨਾਰੀ ਕੰਤ ਲਏ ਪਰਨਾਈਆ। ਏਕਾ ਵਰ ਸਤਿ ਸੁਹਾਗ, ਸੁਹਾਗੀ ਰੁੱਤ ਆਪ ਸਮਝਾਈਆ। ਏਕਾ ਹੰਸ ਬਣਾਏ ਕਾਗ, ਸਰ ਸਰੋਵਰ ਆਪ ਨੁਹਾਈਆ। ਏਕਾ ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਦਏ ਧਵਾਈਆ। ਇਕ ਉਪਜਾਏ ਵੈਰਾਗ ਅਨਰਾਗ, ਆਪਣੀ ਤਾਰ ਸਤਾਰ ਹਿਲਾਈਆ। ਗੁਰਮੁਖ ਤੇਰੇ ਵਡ ਵਡ ਭਾਗ, ਤੇਰੀ ਵਡਿਆਈ ਹਰਿ ਜਸ ਗਾਈਆ। ਤੇਰਾ ਨਾਮ ਜਗਤ ਚਿਰਾਗ਼, ਤੇਰੀ ਜੋਤ ਨੂਰ ਰੁਸ਼ਨਾਈਆ। ਤੇਰਾ ਨਾਉਂ ਆਦਿ ਜੁਗਾਦਿ, ਵੇਦ ਸ਼ਾਸਤਰ ਸਿਮਰਤ ਰਹੇ ਜਸ ਗਾਈਆ। ਤੇਰਾ ਮੇਲ ਮੋਹਣ ਮਾਧਵ ਮਾਧ, ਮੁਕੰਦ ਮਨੋਹਰ ਲਖਮੀ ਨਰਾਇਣ ਆਪਣੇ ਗਲੇ ਲਗਾਈਆ। ਤੇਰਾ ਰੂਪ ਸੰਤਨ ਸਾਧ, ਤੇਰਾ ਘਰ ਭਗਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਸਰਬ ਗੁਣਵੰਤਾ, ਲੇਖਾ ਜਾਣੇ ਆਦਿ ਅੰਤਾ, ਹਰਿਜਨ ਸਾਚੇ ਲਏ ਮਿਲਾਈਆ। ਮੇਲ ਮਿਲਾਵਾ ਹਰਿ ਹਰਿ ਸੱਜਣ, ਧੁਰ ਮਸਤਕ ਵੇਖ ਵਖਾਇਆ। ਦੋ ਜਹਾਨਾਂ ਵਾਲੀ ਆਇਆ ਪਰਦੇ ਕੱਜਣ, ਨਿਰਗੁਣ ਨਿਰਗੁਣ ਰੂਪ ਧਰਾਇਆ। ਏਥੇ ਓਥੇ ਸਾਚਾ ਸੱਜਣ, ਸਗਲਾ ਸੰਗ ਵਖਾਇਆ। ਚਰਨ ਧੂੜ ਕਰਾਏ ਮਜਨ, ਸਾਚਾ ਮਜਨ ਇਕ ਸਮਝਾਇਆ। ਕਲਜੁਗ ਜੀਵ ਤ੍ਰੈਗੁਣ ਮਾਇਆ ਦਝਣ, ਅਗਨੀ ਅੱਗ ਇਕ ਲਗਾਇਆ। ਜੋ ਘੜਿਆ ਸੋ ਅੰਤਮ ਭੱਜਣ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਹੋਏ ਸਹਾਇਆ। ਦੀਨ ਦਿਆਲ ਸਦਾ ਸਹਾਇਕ, ਸਿਫ਼ਤੀ ਸਿਫ਼ਤ ਵਡੀ ਵਡਿਆਈਆ। ਸਰਬ ਜੀਆਂ ਦਾ ਏਕਾ ਨਾਇਕ, ਨਾਇਕਾ ਵੇਖੇ ਸ੍ਰਿਸ਼ਟ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਰੀਤ ਬਿਨ ਗੁਰੂਦੁਆਰ ਮੰਦਰ ਮਸੀਤ ਮਾਤ ਚਲਾਈਆ।