Granth 10 Likhat 138: 20 Jeth 2018 Bikarmi Om Parkash de Greh Jammu

੨੦ ਜੇਠ ੨੦੧੮ ਬਿਕ੍ਰਮੀ ਓਮ ਪਰਕਾਸ਼ ਦੇ ਗ੍ਰਹਿ ਜੰਮੂ

ਪਾਥਰ ਪਾਹਨ ਤਾਰਨਹਾਰਾ, ਏਕੰਕਾਰਾ ਦਇਆ ਕਮਾਇੰਦਾ। ਜਲ ਥਲ ਮਹੀਅਲ ਖੇਲ ਨਿਆਰਾ, ਅਲਖ ਅਗੋਚਰ ਆਪ ਕਰਾਇੰਦਾ। ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਵੇਖ ਵਖਾਇੰਦਾ। ਸਮੁੰਦ ਸਾਗਰ ਪਾਵੇ ਸਾਰਾ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਜ਼ਿਮੀਂ ਅਸਮਾਨਾਂ ਦਏ ਸਹਾਰਾ, ਗਗਨ ਮੰਡਲ ਖੇਲ ਖਿਲਾਇੰਦਾ। ਜੋਤ ਪਰਕਾਸ਼ ਰਵ ਸਸ ਸਤਾਰਾ, ਰੂਪ ਅਨੂਪ ਆਪ ਧਰਾਇੰਦਾ। ਬ੍ਰਹਿਮੰਡ ਖੰਡ ਹੋ ਉਜਿਆਰਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣੇ ਰੰਗ ਸਮਾਇੰਦਾ। ਥਿਰ ਘਰ ਵਾਸੀ ਥਿਰ ਘਰ ਖੋਲ੍ਹ ਕਿਵਾੜਾ, ਚਰਨ ਕਵਲ ਆਪ ਟਿਕਾਇੰਦਾ। ਸਚਖੰਡ ਸਚ ਮਨਾਰਾ ਹਰਿ ਨਿਰੰਕਾਰਾ, ਊਚ ਮਹੱਲ ਅਟਲ ਆਪ ਉਪਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਸਾਚੇ ਮੰਦਰ ਆਪ ਟਿਕਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਦੂਸਰ ਅਵਰ ਨਾ ਕੋਇ ਸੰਗ ਰਖਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲਖ ਅਲਖਨਾ ਆਪਣੀ ਅਲਖ ਜਗਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਦਰ ਘਰ ਆਪਣਾ ਆਪ ਸੁਹਾਇੰਦਾ। ਸ਼ਾਹੋ ਭੂਪ ਬਣ ਵਣਜਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਏਕਾ ਨਾਮ ਸਤਿ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ, ਡੂੰਘੇ ਸਾਗਰ ਫੋਲ ਫੋਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਹੋ ਉਜਿਆਰ, ਨਿਰਗੁਣ ਨਿਰਵੈਰ ਪੁਰਖ ਅਕਾਲ ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਲ ਆਪ ਧਰਾਈਆ। ਜਗਤ ਜੁਗ ਚਲੇ ਅਵੱਲੜੀ ਚਾਲ, ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਭੇਵ ਅਭੇਦਾ ਅਛੱਲ ਅਛੇਦਾ ਆਪਣੇ ਵਿਚ ਸਮਾਈਆ। ਨਿਰਗੁਣ ਸਰਗੁਣ ਬਣ ਦਲਾਲ, ਖੇਲੇ ਖੇਲ ਵਿਚ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਪਾਰਬ੍ਰਹਮ ਆਪਣੀ ਧਾਰ ਆਪ ਚਲਾਈਆ। ਸਾਚੀ ਧਾਰ ਹਰਿ ਨਿਰੰਕਾਰ, ਲੋਕਮਾਤ ਆਪ ਚਲਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰ, ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਏਕੰਕਾਰਾ ਵਸਣਹਾਰਾ ਠਾਂਡੇ ਦਰਬਾਰ, ਆਦਿ ਨਿਰੰਜਣ ਅਜੂਨੀ ਰਹਿਤ ਜੋਤੀ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਇਕ ਇਕੱਲਾ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਇੰਦਾ। ਸ੍ਰੀ ਭਗਵਾਨ ਕਰੇ ਕਰਾਏ ਆਪਣੀ ਕਾਰ, ਕਰਤਾ ਪੁਰਖ ਆਪਣੀ ਕਰਨੀ ਆਪ ਕਰਾਇੰਦਾ। ਪਾਰਬ੍ਰਹਮ ਆਪਣੀ ਇਛਿਆ ਆਪੇ ਕਰ ਵਿਚਾਰ, ਆਪਣੀ ਵੰਡ ਵੰਡਾਇੰਦਾ। ਏਕਾ ਸੁਤ ਇਕ ਦੁਲਾਰ, ਸ਼ਬਦ ਸ਼ਬਦੀ ਨਾਉਂ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਸੁਹਾਇੰਦਾ। ਸ਼ਬਦੀ ਸ਼ਬਦ ਸਚ ਵਿਹਾਰਾ, ਹਰਿ ਸਾਚਾ ਆਪ ਕਰਾਈਆ। ਨਿਰਗੁਣ ਨਿਰਗੁਣ ਕਰ ਪਿਆਰਾ, ਨਿਰਗੁਣ ਮੇਲ ਮਿਲਾਈਆ। ਨਿਰਗੁਣ ਮੰਦਰ ਨਿਰਗੁਣ ਦਵਾਰਾ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਜੋਤ ਨਿਰਗੁਣ ਅਕਾਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਿਰਗੁਣ ਹੁਕਮ ਨਿਰਗੁਣ ਫ਼ਰਮਾਨਾ, ਸਾਚਾ ਗਾਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਸੱਚਾ ਸ਼ਹਿਨਸ਼ਾਹੀਆ। ਧੁਰ ਫ਼ਰਮਾਨਾ ਸਚ ਸੰਦੇਸ, ਨਿਰਵੈਰ ਪੁਰਖ ਆਪ ਸੁਣਾਇੰਦਾ। ਹੁਕਮ ਜਣਾਏ ਵਿਸ਼ਨ ਬ੍ਰਹਮ ਮਹੇਸ਼, ਏਕਾ ਮੰਤਰ ਨਾਮ ਦ੍ਰਿੜਾਇੰਦਾ। ਆਪਣੇ ਨੇਤਰ ਆਪੇ ਲਏ ਵੇਖ, ਦੂਸਰ ਨੈਣ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਬੰਧਨ ਆਪੇ ਪਾਇੰਦਾ। ਤ੍ਰੈ ਤ੍ਰੈ ਬੰਧਨ ਏਕਾ ਰੰਗ, ਤ੍ਰੈਗੁਣ ਅਤੀਤਾ ਆਪ ਰਖਾਈਆ। ਸਾਹਿਬ ਸੁਲਤਾਨ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਇਕ ਵਜਾਏ ਨਾਮ ਮਰਦੰਗ, ਨਾਉਂ ਨਿਰੰਕਾਰਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਹਰਿ ਜਣਾਇੰਦਾ, ਨਿਸ਼ਅੱਖਰ ਆਖਰ ਬੋਲ। ਸਾਚਾ ਮਾਰਗ ਇਕ ਰਖਾਇੰਦਾ, ਆਦਿ ਜੁਗਾਦਿ ਅਡੋਲ। ਲੋਕਮਾਤ ਵੇਸ ਵਟਾਇੰਦਾ, ਲੱਖ ਚੁਰਾਸੀ ਆਪੇ ਮੌਲ। ਹਰ ਘਟ ਆਪਣਾ ਡੇਰਾ ਲਾਇੰਦਾ, ਸਦਾ ਸੁਹੇਲਾ ਵਸੇ ਕੋਲ। ਨਵ ਨੌਂ ਆਪਣਾ ਖੇਲ ਖਿਲਾਇੰਦਾ, ਚਾਰ ਚਾਰ ਆਪੇ ਬੋਲ। ਸਾਚਾ ਮਰਦੰਗ ਢੋਲ ਵਜਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਅਨਮੋਲ। ਖੇਲ ਅਨਮੋਲਾ ਹਰਿ ਕਰਤਾਰਾ, ਕ਼ੁਦਰਤ ਕ਼ਾਦਰ ਆਪ ਵਖਾਈਆ। ਵਸਣਹਾਰਾ ਜੰਗਲ ਜੂਹ ਉਜਾੜ ਪਹਾੜਾ, ਪੱਥਰ ਪਾਹਨ ਵੇਖ ਵਖਾਈਆ। ਮੇਲ ਮਿਲਾਵਾ ਜਲ ਜਲ ਧਾਰਾ, ਬਿੰਬ ਰੂਪ ਅਨੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਖੇਲ ਨਿਆਰਾ, ਖੇਲਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਪਰਬਤ ਪੱਥਰ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਜਲ ਜਲ ਕਰੇ ਇਕ ਪੁਕਾਰ, ਕੂਕ ਕੂਕ ਸੁਣਾਈਆ। ਚਾਰੋਂ ਕੁੰਟ ਧੰੂਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸਮੇਰੂ ਵੇਖ ਵੇਖ ਆਪਣਾ ਬਲ ਗਿਆ ਹਾਰ, ਬਲ ਅਵਰ ਨਾ ਕੋਇ ਰਖਾਈਆ। ਕਰੋੜ ਛਿਆਨਵੇ ਬਰਖ ਬਰਖ ਧਾਰ, ਆਪਣਾ ਆਪ ਰਹੇ ਮਿਟਾਈਆ। ਸਾਂਤਕ ਕਰੇ ਨਾ ਕੋਇ ਸੰਸਾਰ, ਕਲਜੁਗ ਅਗਨੀ ਤੱਤ ਤਪਾਈਆ। ਹੇਮ ਕੁੰਡ ਖੜ ਤੇਰਾ ਕੀਤਾ ਦੀਦਾਰ, ਸਾਚੇ ਪਾਥਰ ਆਸਣ ਲਾਈਆ। ਪਰਬਤ ਤੇਰਾ ਸਚ ਪਿਆਰ, ਭੁਲ ਕਦੇ ਨਾ ਜਾਈਆ। ਦੋਹਾਂ ਵਿਚੋਲਾ ਹਰਿ ਨਿਰੰਕਾਰ, ਵੇਖੇ ਥਾਉਂ ਥਾਈਂਆ। ਲਹਿਣਾ ਦੇਣਾ ਦੇਵੇ ਕ਼ਰਜ਼ ਉਤਾਰ, ਜੁਗ ਜੁਗ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੱਥਰ ਪਾਹਨ ਪਰਬਤ ਉਚਾ ਟਿੱਲਾ, ਹਰਿ ਘਾੜਤ ਘੜਨ ਘੜਾਇੰਦਾ। ਇਕ ਇਕੱਲਾ ਕੱਟੇ ਆਪਣਾ ਛਿਲਾ, ਦਰ ਸਾਚਾ ਆਸਣ ਲਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਮਿਲਾ, ਸਤਿ ਸਰੂਪੀ ਦਰਸ ਦਿਖਾਇੰਦਾ। ਮੇਰਾ ਨਾਉਂ ਤੇਰਾ ਕੋਟ ਕਿਲਾ, ਸਾਚਾ ਗੜ੍ਹ ਸਮਝਾਇੰਦਾ। ਆਪ ਜਣਾਏ ਸਾਚਾ ਵੇਲਾ, ਵਕ਼ਤ ਆਪਣੇ ਹੱਥ ਰਖਾਇੰਦਾ। ਤੇਰਾ ਰੂਪ ਹੋਏ ਚੇਲਾ, ਗੁਰ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਪਰ ਪਾਥਰ ਦਇਆ ਕਮਾਇੰਦਾ। ਪਾਥਰ ਉਪਰ ਦੁਸ਼ਟ ਦਮਨ, ਆਸਣ ਸਿੰਘਾਸਣ ਵਛਾਈਆ। ਪਰਬਤ ਹਰਿਆ ਹੋਇਆ ਚਮਨ, ਪਤ ਡਾਲ੍ਹੀ ਰਿਹਾ ਮਹਿਕਾਈਆ। ਸਚ ਸੁਗੰਧੀ ਮਿਲਿਆ ਹਵਨ, ਪਵਣ ਪਵਣ ਸਮਾਈਆ। ਭੇਖਾ ਧਾਰੀ ਮਿਲਿਆ ਬਾਵਨ, ਰੂਪ ਅਨੂਪ ਕਰਾਈਆ। ਆਪ ਫੜਾਏ ਆਪਣਾ ਦਾਮਨ, ਆਪਣੀ ਗੋਦ ਬਹਾਈਆ। ਤੇਰਾ ਤੇਰਾ ਬਣੇ ਜ਼ਾਮਨ, ਸਾਚੀ ਜ਼ਾਮਨੀ ਇਕ ਰਖਾਈਆ। ਤੇਰਾ ਰੂਪ ਮੇਟੇ ਅੰਧੇਰਾ ਸ਼ਾਮਨ, ਅੰਧ ਅੰਧੇਰਾ ਦਏ ਗਵਾਈਆ। ਤੇਰਾ ਨਾਮ ਮੇਟੇ ਕਾਮਨੀ ਕਾਮਨ, ਕੂੜੀ ਕਿਰਿਆ ਦਏ ਖਪਾਈਆ। ਜਿਸ ਪਾਹਨ ਕੋ ਪੂਜਣ ਬ੍ਰਾਹਮਣ, ਸੋ ਪਾਹਨ ਤੇਰੇ ਚਰਨ ਹੇਠ ਦਬਾਈਆ। ਕਰੇ ਖੇਲ ਸ੍ਰੀ ਭਗਵਾਨਨ, ਆਪ ਆਪਣਾ ਪਰਦਾ ਲਾਹੀਆ। ਤੇਰਾ ਝੁਲਾਏ ਸਚ ਨਿਸ਼ਾਨਨ, ਦੋ ਜਹਾਨ ਆਪ ਉਠਾਈਆ। ਤੇਰਾ ਕਰੇ ਪਰਕਾਸ਼ ਕੋਟਨ ਭਾਨਨ, ਰਵ ਸਸ ਸੀਸ ਝੁਕਾਈਆ। ਤੇਰਾ ਬੇੜਾ ਬੰਨ੍ਹੇ ਬਾਨ੍ਹਣ, ਏਕਾ ਗੰਢ ਰਖਾਈਆ। ਤੇਰਾ ਨਗਰ ਖੇੜਾ ਵਸੇ ਗਰਾਮਨ, ਸਾਚਾ ਬੰਕ ਦਏ ਸੁਹਾਈਆ। ਤੇਰਾ ਰੂਪ ਵਟਾਏ ਬਾਲ ਅਞਾਣਨ, ਬਾਲ ਬਾਲਾ ਆਪ ਵਖਾਈਆ। ਤੇਰੀ ਗੁਜਰੀ ਤੇਰਾ ਕਰੇ ਪਾਲਣ, ਨੀਰ ਸੀਰ ਪਿਆਈਆ। ਲੋਕਮਾਤ ਜਾਣਾ ਬਣ ਕੇ ਸਾਚਾ ਕਾਹਨਨ, ਚਾਰ ਵਰਨ ਰਹੇ ਸਰਨਾਈਆ। ਤੇਰਾ ਰੂਪ ਨਾ ਕੋਇ ਪਛਾਨਣ, ਜਗਤ ਵਿਦਿਆ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰ ਰਿਹਾ ਸਮਝਾਈਆ। ਸਾਚਾ ਵਰ ਸੁਣ ਸੰਦੇਸ, ਨਿਉਂ ਨਿਉਂ ਨਿਮਸਕਾਰਿਆ। ਤੂੰ ਸਾਹਿਬ ਮੇਰੀ ਸਦਾ ਆਦੇਸ, ਤੇਰੇ ਚਰਨ ਜਾਵਾਂ ਬਲਹਾਰਿਆ। ਕਵਣ ਰੂਪ ਧਰਾਂ ਵੇਸ, ਲੋਕਮਾਤ ਹੋ ਉਜਿਆਰਿਆ। ਮੇਰਾ ਆਪਣੀ ਹੱਥੀਂ ਲਿਖ ਲੇਖ, ਤੇਰਾ ਲੇਖਾ ਨਾ ਕੋਇ ਮਿਟਾ ਰਿਹਾ। ਪੁਰਖ ਅਬਿਨਾਸ਼ੀ ਖੋਲ੍ਹਿਆ ਆਪਣਾ ਭੇਤ, ਨਿਰਗੁਣ ਸਰਗੁਣ ਰੂਪ ਵਖਾ ਲਿਆ। ਤੇਰਾ ਰੂਪ ਜਣਾਏ ਨਾਲ ਰਲਾਏ ਮੁੱਛ ਦਾੜ੍ਹੀ ਕੇਸ, ਖੰਡਾ ਖੜਗ ਨਾਮ ਪਹਿਨਾ ਲਿਆ। ਤੇਰਾ ਨਾਉਂ ਧਰਾਏ ਦਸ ਦਸਮੇਸ, ਦਹਿ ਦਿਸ਼ਾ ਵੇਖ ਵਖਾ ਲਿਆ। ਤੇਰੇ ਸੀਸ ਕਲਗੀ ਤੋੜਾ ਟਿਕਾਏ ਬਣਾਏ ਨਰ ਨਰੇਸ਼, ਸਾਚਾ ਤਾਜ ਇਕ ਵਖਾ ਲਿਆ। ਤੇਰੀ ਤਾਬੇ ਕੋਟਨ ਕੋਟ ਬ੍ਰਹਮਾ ਵਿਸ਼ਨ ਮਹੇਸ਼, ਕਰੋੜ ਤੇਤੀਸਾ ਸੀਸ ਝੁਕਾ ਲਿਆ। ਤੇਰੇ ਮੰਦਰ ਅੰਦਰ ਮੇਰਾ ਨੂਰ ਪਰਵੇਸ਼, ਜੋਤੀ ਜੋਤ ਹੋਏ ਉਜਾਲਿਆ। ਮੈਂ ਤੇਰਾ ਜੋਬਨ ਲਵਾਂ ਵੇਖ, ਜਿਉਂ ਪਿਤਾ ਪੂਤ ਬਾਲ ਅਞਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਧੁਰ ਫ਼ਰਮਾਨਿਆ। ਧੁਰ ਫ਼ਰਮਾਨਾ ਹਰਿ ਜਣਾਇਆ, ਆਪਣੀ ਦਇਆ ਕਮਾਇੰਦਾ। ਪਾਥਰ ਸੁਣ ਸੁਣ ਖ਼ੁਸ਼ੀ ਮਨਾਇਆ, ਜਿਸ ਉਪਰ ਚਰਨ ਟਿਕਾਇੰਦਾ। ਪਕੜ ਚਰਨ ਅੱਗੇ ਝੋਲੀ ਡਾਹਿਆ, ਹੋਏ ਨਿਮਾਣਾ ਸੀਸ ਝੁਕਾਇੰਦਾ। ਸਾਲ ਬਹੱਤਰ ਤੇਰਾ ਭਾਰ ਉਠਾਇਆ, ਮੁਖੋਂ ਸੀ ਨਾ ਕਦੇ ਸੁਣਾਇੰਦਾ। ਤੂੰ ਮੇਰੇ ਉਤੇ ਬਹਿ ਬਹਿ ਹਰਿ ਗੁਣ ਗਾਇਆ, ਹਰਿ ਤੇਰੇ ਰੰਗ ਸਮਾਇੰਦਾ। ਪੁਰਖ ਅਬਿਨਾਸ਼ੀ ਤੇਰੇ ਦਰ ਤੇਰਾ ਬਣ ਕੇ ਆਇਆ, ਤੂੰ ਕਿਉਂ ਮੇਰਾ ਪੱਲਾ ਛੁਡਾਇੰਦਾ। ਮੈਂ ਤੇਰਾ ਵਿਛੋੜਾ ਸਹਿ ਨਾ ਸਕਾ ਰਾਇਆ, ਨੇਤਰ ਨੈਣਾਂ ਨੀਰ ਵਹਾਇੰਦਾ। ਹੋਏ ਨਿਮਾਣਾ ਗਲ ਵਿਚ ਪੱਲਾ ਪਾਇਆ, ਧੂੜੀ ਟਿੱਕਾ ਮਸਤਕ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਮੰਗ ਆਪ ਮੰਗਾਇੰਦਾ। ਦੇਵੇ ਵਰ ਦੁਸ਼ਟ ਦਮਨ, ਦਾਮਨਗੀਰ ਏਕਾ ਏਕ ਬਣਾਈਆ। ਮੈਂ ਧਰ ਕੇ ਰੂਪ ਤੇਰੇ ਉਤੇ ਕਰਾਂ ਹਵਨ, ਪੁਰਖ ਅਕਾਲ ਤੇਰੇ ਨਾਲ ਦਿਆਂ ਮਿਲਾਈਆ। ਨੈਣਾਂ ਦੇਵੀ ਮੇਰਾ ਭੇਵ ਜਾਣੇ ਕਵਣ, ਕਵਣ ਖੇਲ ਮਾਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਸੁਣਾਈਆ। ਸੁਣ ਹੁਕਮ ਨਾ ਪੱਥਰ ਮੰਨੇ, ਮਿਲ ਵਿਛੜਨਾ ਮੋਹੇ ਮੂਲ ਨਾ ਭਾਈਆ। ਮੇਰੀ ਰੱਖਣੀ ਲਾਜ ਜਿਉਂ ਜੱਟ ਧੰਨੇ, ਮੇਰਾ ਮੇਰਾ ਰੂਪ ਵਟਾਈਆ। ਲੱਖ ਚੁਰਾਸੀ ਜੀਵ ਜੰਤ ਕਲਜੁਗ ਅੰਤਮ ਹੋਇਣ ਅੰਨ੍ਹੇ, ਭੇਵ ਕੋਇ ਨਾ ਪਾਈਆ। ਮੇਰਾ ਸਾਹਿਬ ਮੇਰੇ ਉਪਰ ਮੰਨੇ, ਦੀਨਨ ਉਤੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇ ਵਡਿਆਈਆ। ਏਕਾ ਗੁਣ ਸਮਝਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਗੋਬਿੰਦ ਮੇਲਾ ਮੇਲ ਮਿਲਾਇੰਦਾ, ਮੇਲਣਹਾਰਾ ਏਕੰਕਾਰ। ਆਪਣਾ ਵੇਲਾ ਵਕ਼ਤ ਆਪ ਸੁਹਾਇੰਦਾ, ਲੱਖ ਚੁਰਾਸੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਸਚ ਵਿਹਾਰ। ਸਚ ਵਿਹਾਰਾ ਹਰਿ ਨਿਰੰਕਾਰਾ, ਆਪਣਾ ਆਪ ਜਣਾਈਆ। ਲੇਖਾ ਜਾਣੇ ਗੋਬਿੰਦ ਸੁਤ ਸੁਤ ਦੁਲਾਰਾ, ਪੁਰਖ ਅਕਾਲ ਬੇਪਰਵਾਹੀਆ। ਇਕ ਵਜਾਏ ਨਾਮ ਨਗਾਰਾ, ਡੰਕਾ ਫਤਿਹ ਇਕ ਸੁਣਾਈਆ। ਚਾਰ ਵਰਨਾਂ ਕਰੇ ਪਿਆਰਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਧਾਮ ਬਹਾਈਆ। ਪੰਚਮ ਮੀਤਾ ਹੋ ਉਜਿਆਰਾ, ਪੰਚਮ ਦੇਵੇ ਨਾਮ ਵਡਿਆਈਆ। ਅੰਮ੍ਰਿਤ ਆਤਮ ਠੰਡਾ ਠਾਰਾ, ਭਰ ਪਿਆਲਾ ਜਾਮ ਪਿਆਈਆ। ਖੰਡਾ ਫੇਰੇ ਅਪਰ ਅਪਾਰਾ, ਅਜੱਪਾ ਜਾਪ ਵਿਚ ਸਮਾਈਆ। ਮਿੱਠਾ ਪਾਏ ਗੁਰਸਿਖਾਂ ਦਏ ਆਧਾਰਾ, ਚਰਨ ਕਵਲ ਸੱਚੀ ਸਰਨਾਈਆ। ਪੁਰਖ ਅਕਾਲ ਬੋਲ ਜੈਕਾਰਾ, ਏਕਾ ਫਤਹਿ ਦਏ ਸੁਣਾਈਆ। ਸ਼ਸਤਰ ਬਸਤਰ ਤਨ ਸ਼ੰਗਾਰਾ, ਪੰਚਮ ਪੰਚਮ ਰੰਗ ਰੰਗਾਈਆ। ਪੰਚਮ ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰਾ, ਪੰਚਮ ਨਾਦ ਸ਼ਬਦ ਧੁੰਨ ਕਰੇ ਸ਼ਨਵਾਈਆ। ਪੰਚਮ ਖੋਲ੍ਹੇ ਬੰਦ ਕਿਵਾੜਾ, ਪੰਚਮ ਆਤਮ ਜੋਤ ਨੂਰ ਰੁਸ਼ਨਾਈਆ। ਪੰਚਮ ਸੁਣਾਏ ਇਕ ਨਗਾਰਾ, ਅਨਹਦ ਆਪਣਾ ਰਾਗ ਅਲਾਈਆ। ਪੰਚਮ ਵਖਾਏ ਇਕ ਅਖਾੜਾ, ਗੋਪੀ ਕਾਹਨ ਆਪ ਨਚਾਈਆ। ਪੰਚਮ ਬੋਲ ਸਚ ਜੈਕਾਰਾ, ਏਕਾ ਰੂਪ ਦਏ ਦਰਸਾਈਆ। ਪੰਚਮ ਅੱਗੇ ਮੰਗੇ ਮੰਗ ਬਣ ਭਿਖਾਰਾ, ਆਪਣੀ ਝੋਲੀ ਅੱਗੇ ਡਾਹੀਆ। ਗੁਰ ਚੇਲਾ ਰੂਪ ਧਰ ਸੰਸਾਰਾ, ਸੁਤ ਦੁਲਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖਾ ਰਿਹਾ ਜਣਾਈਆ। ਤੇਰਾ ਲੇਖਾ ਸਾਚੇ ਪੱਥਰ ਮੀਤ, ਗੁਰ ਸਤਿਗੁਰ ਆਪ ਚੁਕਾਵਣਾ। ਤੇਰੀ ਲੱਗੀ ਸਚ ਪ੍ਰੀਤ, ਲੱਗੀ ਪ੍ਰੀਤੀ ਤੋੜ ਨਿਭਾਵਣਾ। ਕਰੇ ਖੇਲ ਆਪ ਅਨਡੀਠ, ਨੇਤਰ ਨਜ਼ਰ ਕਿਸੇ ਨਾ ਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਵਣਾ। ਆਪਣੇ ਰੰਗ ਹਰਿ ਸਮਾਏ, ਮਹਿਮਾ ਅਕਥ ਕਥੀ ਨਾ ਜਾਈਆ। ਗੋਬਿੰਦ ਮੇਲਾ ਇਕ ਬਣਾਏ, ਸਿੰਘ ਰੂਪ ਵਟਾਈਆ। ਸੱਜਣ ਸੁਹੇਲਾ ਸੰਗ ਨਿਭਾਏ, ਲੋਕਮਾਤ ਵੱਜੇ ਵਧਾਈਆ। ਆਪਣਾ ਵੇਲਾ ਆਪਣੇ ਹੱਥ ਰਖਾਏ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਉਚੇ ਟਿੱਲੇ ਦੇਵੇ ਢਾਹੇ, ਪੁਰੀ ਅਨੰਦ ਨਾ ਕੋਇ ਵਡਿਆਈਆ। ਸਰਸਾ ਲੇਖਾ ਆਪ ਮੁਕਾਏ, ਗੜ੍ਹੀ ਚਮਕੌਰ ਵੇਖ ਵਖਾਈਆ। ਸਗਲਾ ਸੰਗ ਸਰਬ ਤਜਾਏ, ਬੰਧਨ ਕੋਇ ਰਹਿਣ ਨਾ ਪਾਈਆ। ਹੇਮ ਕੁੰਟ ਵਾਲਾ ਵੇਲਾ ਤੇਰੇ ਚੇਤੇ ਦਏ ਕਰਾਏ, ਚੇਤਨ ਤੇਰਾ ਰੂਪ ਕਰਾਈਆ। ਪੁਰਖ ਅਕਾਲ ਸੁਤ ਦੁਲਾਰਾ ਸੂਲਾਂ ਸੱਥਰ ਹੇਠ ਵਿਛਾਏ, ਪਾਖਰ ਤੇਰਾ ਸਰਹਾਣਾ ਲਏ ਬਣਾਈਆ। ਆਪਣਾ ਤਪ ਤੇਰੇ ਤਪਦੇ ਹਿਰਦੇ ਦਏ ਠਰਾਏ, ਆਪਣਾ ਖ਼ੂਨ ਤੇਰੀਆਂ ਨੀਹਾਂ ਵਿਚ ਦਬਾਈਆ। ਫੇਰ ਸਨੇਹੁੜਾ ਸਚ ਸੁਣਾਏ, ਸੁਣਨੇਹਾਰਾ ਏਕਾ ਮਾਹੀਆ। ਸਥਰ ਤੇਰਾ ਰਿਹਾ ਹੰਢਾਏ, ਜਗਤ ਸੇਜ ਨਾ ਕੋਇ ਵਡਿਆਈਆ। ਪੁਰਖ ਅਬਿਨਾਸ਼ੀ ਹੋਏ ਸਹਾਏ, ਰੂਪ ਅਨੂਪ ਆਪ ਵਟਾਈਆ। ਗੋਬਿੰਦ ਗੁਰ ਗੁਰ ਗਲੇ ਲਗਾਏ, ਆਪ ਆਪਣੀ ਗੋਦ ਬਹਾਈਆ। ਤੇਰਾ ਮੇਲਾ ਸਹਿਜ ਸੁਭਾਏ, ਦਰ ਘਰ ਸਾਚੇ ਵੱਜੇ ਵਧਾਈਆ। ਤੇਰਾ ਆਸਣ ਸਿੰਘਾਸਣ ਨਵੇਲਾ ਰਿਹਾ ਵਿਛਾਏ, ਸਾਚੀ ਬਣਤ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਈਆ। ਸੁਣਾਇਆ ਹਾਲ ਮਿੱਤਰ ਪਿਆਰੇ, ਲਿਖਣ ਪੜ੍ਹਣ ਵਿਚ ਨਾ ਆਇਆ। ਕਿਰਪਾ ਕਰੇ ਆਪ ਨਿਰੰਕਾਰੇ, ਸੁਣ ਸੁਣ ਆਪਣੇ ਰੰਗ ਵਖਾਇਆ। ਤੇਰਾ ਨੂਰ ਹੋਏ ਉਜਿਆਰੇ, ਤੇਰੀ ਜੋਤ ਕਰੇ ਰੁਸ਼ਨਾਇਆ। ਤੇਰਾ ਖ਼ੂਨ ਡਲਕਾਂ ਮਾਰੇ, ਨੌਂ ਖੰਡ ਪ੍ਰਿਥਮੀ ਦਏ ਹਿਲਾਇਆ। ਤੇਰਾ ਮੰਦਰ ਬਣੇ ਇਕ ਨੌਂ ਦਵਾਰੇ, ਸੰਬਲ ਨਗਰੀ ਨਾਉਂ ਰਖਾਇਆ। ਵਿਚ ਵਸੇ ਵਸਣਹਾਰੇ, ਵਸਣਹਾਰਾ ਆਪਣਾ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇਆ। ਸਚ ਸੰਦੇਸ ਸੁਣਾਇਆ ਕਰਤਾਰ, ਏਕਾ ਸ਼ਬਦ ਨਾਦ ਵਜਾਈਆ। ਗੋਬਿੰਦ ਸੂਰਾ ਹੋਇਆ ਖ਼ਬਰਦਾਰ, ਸਿੰਘ ਆਪਣਾ ਬਲ ਧਰਾਈਆ। ਤੇਰਾ ਖੇਲ ਅਗੰਮ ਅਪਾਰ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਤੇਰਾ ਕਰਾਂ ਅੰਤ ਦਰਸ ਦੀਦਾਰ, ਨੇਤਰ ਨੈਣ ਨੈਣ ਬਿਗਸਾਈਆ। ਤੇਰਾ ਰੂਪ ਵੇਖਾਂ ਵਿਚ ਸੰਸਾਰ, ਜੋਤ ਜੋਤ ਤੇਰੀ ਰੁਸ਼ਨਾਈਆ। ਤੇਰਾ ਮੰਦਰ ਧਾਮ ਨਿਆਰ, ਇੱਟ ਗਾਰਾ ਨਾ ਕੋਇ ਲਗਾਈਆ। ਛੱਪਰ ਛੰਨ ਨਾ ਕੋਇ ਸਹਾਰ, ਚਾਰ ਦੀਵਾਰ ਨਾ ਕੋਇ ਬਣਾਈਆ। ਕਰੇ ਖੇਲ ਅਪਰ ਅਪਾਰ, ਮਹਿਮਾ ਗਣਤ ਗਣੀ ਨਾ ਜਾਈਆ। ਤੇਰਾ ਰੂਪ ਨਿਹਕਲੰਕ ਨਰਾਇਣ ਨਰ ਹੋਏ ਅਵਤਾਰ, ਨਾ ਕੋਈ ਜਨਮੇ ਪਿਤਾ ਮਾਈਆ। ਮੈਂ ਵਸਾਂ ਤੇਰੇ ਸਚ ਸਦਾ ਦਰਬਾਰ, ਵਿਛੜ ਕਦੇ ਨਾ ਜਾਈਆ। ਤੇਰਾ ਸੰਦੇਸਾ ਦੇਵਾਂ ਸਰਬ ਸੰਸਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਿਸ਼ਨ ਬ੍ਰਹਮਾ ਸ਼ਿਵ ਜਗਾਈਆ। ਸਰਬ ਜੀਆਂ ਦਾ ਤੂੰ ਸਾਂਝਾ ਯਾਰ, ਬੇਐਬ ਨਾਉਂ ਖ਼ੁਦਾਈਆ। ਖ਼ਾਲਕ ਖ਼ਲਕ ਕਰੇ ਪਿਆਰ, ਮਖ਼ਲੂਕ ਤੇਰੀ ਸਰਬ ਰੁਸ਼ਨਾਈਆ। ਤੇਰਾ ਕਰ ਦਰਸ ਦੀਦਾਰ, ਦੀਦ ਈਦ ਚੰਦ ਹੋਏ ਰੁਸ਼ਨਾਈਆ। ਲੱਖ ਚੁਰਾਸੀ ਪਾਵਾਂ ਸਾਰ, ਨਵ ਨੌਂ ਆਪਣੀ ਬਣਤ ਬਣਾਈਆ। ਚਾਰ ਚਾਰ ਕਰੇ ਵਿਚਾਰ, ਚਾਰ ਜੁਗ ਦਾ ਪੰਧ ਮੁਕਾਈਆ। ਚਾਰ ਵੇਦ ਚਾਰ ਵਰਨ ਚਾਰ ਖਾਣੀ ਚਾਰ ਬਾਣੀ ਏਕਾ ਕਰੇਂ ਸਚ ਵਿਹਾਰ, ਸਾਚਾ ਮਾਰਗ ਇਕ ਵਖਾਈਆ। ਲੱਖ ਚੁਰਾਸੀ ਦੇਵਾਂ ਬ੍ਰਹਮ ਵਿਚਾਰ, ਆਤਮ ਵਿਦਿਆ ਤੇਰੀ ਪੜ੍ਹਾਈਆ। ਤੀਰ ਨਿਸ਼ਾਨਾ ਮਾਰੇਂ ਏਕਾ ਵਾਰ, ਸਾਚਾ ਚਿੱਲਾ ਨਾਮ ਚੜ੍ਹਾਈਆ। ਚੰਡ ਪਰਚੰਡ ਫੜੇ ਤੇਜ਼ ਕਟਾਰ, ਬ੍ਰਹਿਮੰਡ ਦਏ ਹਿਲਾਈਆ। ਵੰਡੇ ਵੰਡ ਅੰਤਮ ਵਾਰ, ਲੱਖ ਚਾਰ ਲੇਖਾ ਮੁੱਕੇ ਬੱਤੀ ਹਜ਼ਾਰ, ਪੂਰਾ ਸਕੇ ਨਾ ਕੋਇ ਕਰਾਈਆ। ਸਮੁੰਦ ਸਾਗਰ ਪੱਥਰ ਪਾਹਨ ਜੋ ਰੋਵਣ ਜ਼ਾਰੋ ਜ਼ਾਰ, ਦੇ ਦਰਸ ਅੰਤ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਮੁਕਾਈਆ। ਪੂਰਬ ਲਹਿਣਾ ਮੁਕਾਵਣ ਆਇਆ, ਨਿਰਗੁਣ ਸਰਗੁਣ ਲੈ ਅਵਤਾਰ। ਜੋਤੀ ਜੋਤ ਭੇਖ ਵਟਾਇਆ, ਰੂਪ ਅਨੂਪ ਅਗੰਮ ਅਪਾਰ। ਕਿਲਾ ਕੋਟ ਨਾ ਕੋਇ ਬਣਾਇਆ, ਕਿਸੇ ਵਸੇ ਮੰਦਰ ਨਾ ਗੁਰੂਦਵਾਰ। ਸਚ ਸਿੰਘਾਸਣ ਸੋਭਾ ਪਾਇਆ, ਸਚਖੰਡ ਨਿਵਾਸੀ ਇਕ ਇਕੱਲਾ ਏਕੰਕਾਰ। ਤਖ਼ਤ ਨਿਵਾਸੀ ਹੁਕਮ ਸੁਣਾਇਆ, ਆਪ ਆਪਣੀ ਕਿਰਪਾ ਧਾਰ। ਲੋਕਮਾਤ ਵੇਖ ਵਖਾਇਆ, ਲੱਖ ਚੁਰਾਸੀ ਜਗਤ ਪਸਾਰ। ਭਗਤ ਭਗਵੰਤ ਲਏ ਉਠਾਇਆ, ਸੰਤ ਸੁਹੇਲੇ ਕਰ ਪਿਆਰ। ਗੁਰਮੁਖਾਂ ਆਪਣੇ ਅੰਗ ਲਗਾਇਆ, ਗੁਰਸਿਖਾਂ ਬਖ਼ਸ਼ੇ ਚਰਨ ਪਿਆਰ। ਗੁਰਸਿਖਾਂ ਅੰਦਰ ਬਜਰ ਕਪਾਟੀ ਪਾਥਰ ਦਏ ਤੁੜਾਇਆ, ਨਾਮ ਖੰਡਾ ਏਕਾ ਮਾਰ। ਉਪਰ ਆਪਣਾ ਆਸਣ ਲਾਇਆ, ਆਤਮ ਸੇਜਾ ਕਰ ਤਿਆਰ। ਸ਼ਬਦ ਅਨਾਦੀ ਰਿਹਾ ਗਾਇਆ, ਅੱਠੇ ਪਹਿਰ ਇਕ ਗੁਫ਼ਤਾਰ। ਸਾਚਾ ਇਸ਼ਟ ਰਿਹਾ ਮਨਾਇਆ, ਜੋਤੀ ਨੂਰ ਨੂਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਪਾਥਰ ਤੋੜੇ ਮਾਤ ਹੰਕਾਰ। ਜਗਤ ਪਾਥਰ ਤੁੱਟਣਾ, ਗੁਰਸਿਖ ਵਿਰਲੇ ਮਿਲੇ ਵਡਿਆਈਆ। ਸਾਰੇ ਘਰ ਘਰ ਸੁਖਦੇ ਸੁਖਣਾ, ਮਿਲੇ ਗੋਬਿੰਦ ਸੱਚਾ ਮਾਹੀਆ। ਉਜਲ ਹੋਏ ਨਾ ਕਿਸੇ ਮੁਖਣਾ, ਆਤਮ ਅੰਤਰ ਆਪਣਾ ਆਪ ਵਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪੱਥਰ ਰਿਹਾ ਵਖਾਈਆ। ਪਾਥਰ ਲੇਖਾ ਜਾਣਾ ਮੁੱਕ, ਹਰਿ ਸਤਿਗੁਰ ਆਪ ਮੁਕਾਏ। ਗੁਰਸਿਖਾਂ ਅੰਦਰੋਂ ਪਰਦਾ ਚੁੱਕ, ਜਲਵਾ ਨੂਰ ਆਪ ਦਰਸਾਏ। ਪਰਗਟ ਹੋਏ ਜੋ ਬੈਠਾ ਲੁੱਕ, ਆਪ ਆਪਣੀ ਦਇਆ ਕਮਾਏ। ਹੇਮ ਕੁੰਟ ਜੋ ਬੈਠਾ ਰਿਹਾ ਕਰ ਕਰ ਚੁੱਪ, ਕਲਜੁਗ ਅੰਤਮ ਆਪਣਾ ਨਾਉਂ ਸ਼ਬਦ ਡੰਕ ਵਜਾਏ। ਨਾਲ ਰਖਾਏ ਗੋਬਿੰਦ ਸੁਤ, ਸੁਤ ਦੁਲਾਰਾ ਵਿਛੜ ਕਦੇ ਨਾ ਜਾਏ। ਕਰੇ ਖੇਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬੇਪਰਵਾਹੇ। ਸਚ ਸੁਹੰਜਣੀ ਸੋਹੇ ਰੁੱਤ, ਪੱਤ ਡਾਲ੍ਹੀ ਆਪ ਮਹਿਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਹਨ ਪਾਥਰ ਵੇਖ ਵਖਾਏ। ਪਾਹਨ ਪਾਥਰ ਚੁੱਕਿਆ, ਕਾਇਆ ਬੰਕ ਗੜ੍ਹ ਦਵਾਰ। ਗੋਬਿੰਦ ਸੂਰਾ ਏਕਾ ਉਠਿਆ, ਸ਼ਸਤਰ ਬਸਤਰ ਪਹਿਨ ਕਟਾਰ। ਇਕ ਵਖਾਏ ਸਾਚਾ ਕਿਲਾ ਕੋਟਿਆ, ਨਾਮ ਸਰੂਪੀ ਚਾਰ ਦੀਵਾਰ। ਜੋ ਜਨ ਰੱਖੇ ਮੇਰੀ ਓਟਿਆ, ਦੇਵਾਂ ਦਰਸ ਖੋਲ੍ਹ ਕਿਵਾੜ। ਕਲਜੁਗ ਜੀਵ ਆਹਲਣਿਉਂ ਡਿਗੇ ਬੋਟਿਆ, ਨਾ ਸਕੇ ਕੋਇ ਉਠਾਲ। ਆਸਾ ਤ੍ਰਿਸਨਾ ਮਾਇਆ ਮਮਤਾ ਭਰੀ ਨਾ ਕਿਸੇ ਪੋਟਿਆ, ਆਸਣ ਲਾ ਲਾ ਬੈਠੇ ਧਰਮਸਾਲ। ਗੁਰਮੁਖ ਵਿਰਲੇ ਤਨ ਨਗਾਰੇ ਲੱਗੇ ਚੋਟਿਆ, ਲੇਖਾ ਚੁੱਕੇ ਸ਼ਾਹ ਕੰਗਾਲ। ਜਿਸ ਜਨ ਅੰਦਰੋਂ ਕੱਢੇ ਖੋਟਿਆ, ਦੇਵੇ ਨਾਮ ਸੱਚਾ ਧੰਨ ਮਾਲ। ਨਿਰਮਲ ਨੂਰ ਜਗਾਏ ਜੋਤਿਆ, ਜੋਤੀ ਜਾਤਾ ਪੁਰਖ ਅਕਾਲ। ਨਾ ਕੋਈ ਵਰਨ ਨਾ ਕੋਈ ਗੋਤਿਆ, ਘਟ ਘਟ ਅੰਦਰ ਰਿਹਾ ਸਮਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਅਵੱਲਾ, ਕਲਜੁਗ ਅੰਤਮ ਆਪ ਕਰਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਬੈਠ ਇਕੱਲਾ, ਧੁਰ ਫ਼ਰਮਾਨਾ ਸ਼ਬਦ ਜਣਾਈਆ। ਗੁਰ ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਗੁਰਮੁਖਾਂ ਫੜੇ ਆਪੇ ਪੱਲਾ, ਆਪਣਾ ਪੱਲਾ ਗੁਰਮੁਖਾਂ ਰਿਹਾ ਫੜਾਈਆ। ਜੋਤੀ ਸ਼ਬਦੀ ਸ਼ਬਦੀ ਜੋਤੀ ਧਾਰ ਆਪੇ ਰੱਲਾ, ਪੰਜ ਤੱਤ ਨਾ ਕੋਇ ਰਖਾਈਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਅਛਲ ਛਲ ਧਾਰੀ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਦੀਨਨ ਹੋਏ ਆਪ ਸਹਾਈਆ। ਦੀਨ ਦਿਆਲ ਦਇਆ ਨਿਧ ਠਾਕਰ, ਪਾਰਬ੍ਰਹਮ ਬੇਅੰਤਿਆ। ਅੰਮ੍ਰਿਤ ਧਾਰ ਵਹਾਏ ਡੂੰਘਾ ਸਾਗਰ, ਗੁਰਮੁਖ ਵਿਰਲਾ ਪੀਵੇ ਸੰਤ ਆ। ਨਿਰਮਲ ਕਰਮ ਹੋਏ ਉਜਾਗਰ, ਮਿਲੇ ਮੇਲ ਸ੍ਰੀ ਭਗਵੰਤਿਆ। ਸਾਚੇ ਘਰ ਬਣੇ ਸੌਦਾਗਰ, ਨਾਮ ਵਣਜ ਇਕ ਰਖੰਤਿਆ। ਲੇਖਾ ਜਾਣੇ ਕਰਤਾ ਕ਼ਾਦਰ, ਜੁਗ ਜੁਗ ਵੇਸ ਅਨੇਕ ਵਟੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦੇਵੇ ਵਡਿਆਈ ਗੁਰ ਤੇਗ਼ ਬਹਾਦਰ, ਜਿਸ ਆਪਣਾ ਖ਼ੂਨ ਗੁਰਮੁਖ ਚੋਲੀ ਚਾੜ੍ਹਿਆ ਰੰਗ ਬਸੰਤਿਆ। ਸੰਸਾਰ ਚੋਲੀ ਚੜ੍ਹਿਆ ਰੰਗ ਬਸੰਤ, ਗੁਰ ਸਤਿਗੁਰ ਆਪ ਚੜ੍ਹਾਈਆ। ਹੋਏ ਸਹਾਈ ਕਲਜੁਗ ਅੰਤ, ਸੁਤ ਦੁਲਾਰਾ ਲਏ ਮਿਲਾਈਆ। ਪੱਲਾ ਫੜਾਏ ਸ੍ਰੀ ਭਗਵੰਤ, ਛੁੱਟ ਕਦੇ ਨਾ ਜਾਈਆ। ਮਿਲੇ ਵਡਿਆਈ ਵਿਚ ਜੀਵ ਜੰਤ, ਅਜੂਨੀ ਰਹਿਤ ਹੋਏ ਸਹਾਈਆ। ਗੁਰਸਿਖ ਨਾਰ ਸੁਹਾਗਣ ਮਿਲੇ ਹਰਿ ਹਰਿ ਕੰਤ, ਘਰ ਵੱਜੇ ਨਾਮ ਵਧਾਈਆ। ਸਾਚੀ ਸੇਜ ਸੁਹਾਏ ਸੋਭਾਵੰਤ, ਆਸਣ ਸਿੰਘਾਸਣ ਡੇਰਾ ਲਾਈਆ। ਕਲਜੁਗ ਲਹਿਣਾ ਦੇਣ ਚੁਕਾਏ ਅੰਤ, ਲੇਖਾ ਕੋਇ ਰਹੇ ਨਾ ਰਾਈਆ। ਲੱਖ ਚੁਰਾਸੀ ਏਕਾ ਦੇਵੇ ਨਾਮ ਮਣੀਆ ਮੰਤ, ਅੱਖਰ ਵੱਖਰ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਤੋੜੇ ਗੜ੍ਹ ਹਉਮੇਂ ਹੰਗਤ, ਹੰ ਬ੍ਰਹਮ ਦਏ ਦਰਸਾਈਆ। ਸੋਹੰ ਰੂਪ ਸਾਚਾ ਰੰਗ ਜਿਉਂ ਨਾਨਕ ਚਾੜ੍ਹੇ ਅੰਗਦ, ਰੰਗਿਆ ਰੰਗ ਉਤਰ ਨਾ ਜਾਈਆ। ਮਾਣਸ ਜਨਮ ਨਾ ਹੋਏ ਭੰਗਤ, ਜੋ ਜਨ ਆਤਮ ਪਰਮਾਤਮ ਵਿਚ ਸਮਾਈਆ। ਧੰਨ ਵਡਿਆਈ ਗੁਰਮੁਖਾਂ ਬਣਾਈ ਸਾਚੀ ਸੰਗਤ, ਹਰਿ ਜਸ ਹਰਿ ਮੰਦਰ ਕਾਇਆ ਅੰਦਰ ਬਹਿ ਬਹਿ ਰਹੇ ਗਾਈਆ। ਦੂਸਰ ਦਰ ਨਾ ਜਾਏ ਮੰਗਤ, ਜਿਸ ਜਨ ਸਤਿਗੁਰ ਮਿਲਿਆ ਪੁਰਖ ਅਕਾਲ ਬੇਪਰਵਾਹੀਆ। ਜਨਮ ਜਨਮ ਦੀ ਗਵਾਏ ਭੁੱਖ ਨੰਗਤ, ਕਰਮ ਕੁਕਰਮਾਂ ਮੈਲ ਧਵਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪਾਂਧਾ ਪੰਡਤ, ਪੜ੍ਹ ਪੜ੍ਹ ਵਿਦਿਆ ਥੱਕੀ ਸਰਬ ਲੋਕਾਈਆ। ਹਰਿ ਕਾ ਰੂਪ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਨਾਨਕ ਗੋਬਿੰਦ ਵੰਡੀ ਏਕਾ ਵੰਡਤ, ਚਾਰ ਵਰਨਾਂ ਝੋਲੀ ਪਾਈਆ। ਨਾਮ ਸਤਿ ਲੋਕਮਾਤ ਲਿਖ ਕੇ ਦਿਤੀ ਸਾਚੀ ਮੰਨਤ, ਸਾਚੇ ਸੰਤਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਲੇਖਾ ਜਾਣੇ ਸਰਬ ਘਟ ਅੰਤਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਪਤਿਤ ਪੁਨੀਤਾ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਭਗਵੰਤ ਅੰਤ ਕੰਤ ਆਪਣਾ ਮੇਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ।