Granth 10 Likhat 164: 23 Savan 2018 Bikarmi Girdhara Singh de Greh Balowali

੨੩ ਸਾਵਣ ੨੦੧੮ ਬਿਕ੍ਰਮੀ ਗਿਰਧਾਰਾ ਸਿੰਘ ਦੇ ਗ੍ਰਹਿ ਬਲੋਵਾਲੀ

ਸੋ ਪੁਰਖ ਨਿਰੰਜਣ ਸਾਚੀ ਕਾਰ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਬੇਐਬ ਪਰਵਰਦਿਗਾਰ, ਸਾਚੀ ਧਾਰਾ ਆਪ ਚਲਾਇੰਦਾ। ਏਕੰਕਾਰਾ ਅਗੰਮ ਅਪਾਰ, ਅਲਖ ਅਗੋਚਰ ਆਪਣਾ ਖੇਲ ਖਿਲਾਇੰਦਾ। ਆਦਿ ਨਿਰੰਜਣ ਰੂਪ ਰੰਗ ਰੇਖ ਤੇ ਵਸੇ ਬਾਹਰ, ਜੋਤੀ ਜਾਤਾ ਜੋਤੀ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪ ਆਪਣਾ ਕਰ ਪਸਾਰ, ਆਪਣਾ ਬਲ ਆਪ ਧਰਾਇੰਦਾ। ਸ੍ਰੀ ਭਗਵਾਨ ਜੋਧਾ ਸੂਰਬੀਰ ਬਲੀ ਬਲਕਾਰ, ਆਪਣਾ ਖੇਲ ਆਪ ਖਿਲਾਇੰਦਾ। ਪਾਰਬ੍ਰਹਮ ਪ੍ਰਭ ਕਰ ਪਸਾਰ, ਆਪਣਾ ਘਾੜਨ ਘੜਤ ਆਪ ਘੜਾਇੰਦਾ। ਆਪਣੀ ਇਛਿਆ ਵੇਖ ਵਿਚਾਰ, ਭਿਛਿਆ ਆਪਣੀ ਝੋਲੀ ਪਾਇੰਦਾ। ਕਰੇ ਖੇਲ ਕਰਨੇਹਾਰ, ਕਰਤਾ ਪੁਰਖ ਆਪਣੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਸੋ ਪੁਰਖ ਨਿਰੰਜਣ ਭੇਵ ਨਿਆਰਾ, ਇਕ ਇਕੱਲਾ ਆਪ ਖੁਲ੍ਹਾਈਆ। ਹਰਿ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਬਣ ਸੱਚੀ ਸਰਕਾਰਾ, ਸ਼ਾਹ ਸੁਲਤਾਨਾ ਸਾਚਾ ਹੁਕਮ ਜਣਾਈਆ। ਏਕੰਕਾਰਾ ਹੁਕਮੀ ਹੁਕਮ ਵਰਤੇ ਵਰਤਾਰਾ, ਹੁਕਮ ਹਾਕਮ ਆਪ ਹੋ ਜਾਈਆ। ਆਦਿ ਨਿਰੰਜਣ ਆਪੇ ਪਾਵੇ ਆਪਣੀ ਸਾਰਾ, ਆਪਣਾ ਪਰਦਾ ਆਪ ਉਠਾਈਆ। ਅਬਿਨਾਸ਼ੀ ਕਰਤਾ ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪਣਾ ਰੰਗ ਰੰਗਾਈਆ। ਸ੍ਰੀ ਭਗਵਾਨ ਆਪ ਉਪਾਏ ਆਪਣਾ ਸਚ ਨਿਸ਼ਾਨ, ਸਚ ਨਿਸ਼ਾਨਾ ਆਪਣਾ ਰੂਪ ਵਟਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਕਰੇ ਖੇਲ ਵਡ ਮਿਹਰਵਾਨ, ਸਾਚੀ ਰਚਨਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਾਕਾਰ ਆਪਣੀ ਕਲ ਆਪ ਧਰਾਈਆ। ਸੋ ਪੁਰਖ ਨਿਰੰਜਣ ਆਪਣੀ ਕਲ ਧਾਰ, ਅਕਲ ਕਲਾ ਖੇਲ ਖਿਲਾਈਆ। ਹਰਿ ਪੁਰਖ ਨਿਰੰਜਣ ਬਣੇ ਸੇਵਾਦਾਰ, ਸਾਚੀ ਸੇਵਾ ਆਪ ਕਮਾਈਆ। ਏਕੰਕਾਰਾ ਚੁੱਕੇ ਆਪਣਾ ਭਾਰ, ਹਰਿ ਜਗਦੀਸ ਵਡ ਵਡਿਆਈਆ। ਆਦਿ ਨਿਰੰਜਣ ਆਪਣਾ ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਡਗਮਗਾਈਆ। ਅਬਿਨਾਸ਼ੀ ਕਰਤਾ ਵੇਖੇ ਵਿਗਸੇ ਵੇਖਣਹਾਰ, ਰੂਪ ਅਨੂਪ ਆਪ ਧਰਾਈਆ। ਸ੍ਰੀ ਭਗਵਾਨ ਦੇਵੇ ਦਾਨ ਗੁਣ ਨਿਧਾਨ, ਆਪਣੀ ਝੋਲੀ ਆਪ ਭਰਾਈਆ । ਪਾਰਬ੍ਰਹਮ ਪ੍ਰਭ ਕਰ ਪਰਵਾਨ, ਦਰ ਦਰਵੇਸ਼ ਬਣੇ ਦਰਬਾਨ, ਅਲਖ ਅਲਖਨਾ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਮਹਿਮਾ ਆਪਣੇ ਵਿਚ ਟਿਕਾਈਆ। ਸੋ ਪੁਰਖ ਨਿਰੰਜਣ ਅਲਖਨਾ ਅਲਖ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਹਰਿ ਪੁਰਖ ਨਿਰੰਜਣ ਹੋ ਪਰਤੱਖ, ਰੂਪ ਅਨੂਪ ਆਪ ਵਟਾਇੰਦਾ। ਏਕੰਕਾਰਾ ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਆਦਿ ਨਿਰੰਜਣ ਆਪਣਾ ਨੂਰ ਆਪੇ ਰੱਖ, ਨੂਰ ਨੁਰਾਨਾ ਵੇਖ ਵਖਾਇੰਦਾ। ਸ੍ਰੀ ਭਗਵਾਨ ਆਪਣੀ ਕਰਨੀ ਆਪੇ ਦੱਸ, ਸਾਚੀ ਕਰਨੀ ਕਿਰਤ ਕਮਾਇੰਦਾ। ਅਬਿਨਾਸ਼ੀ ਕਰਤਾ ਆਪ ਆਪਣਾ ਕਰੇ ਵਸ, ਦੂਸਰ ਅਵਰ ਨਾ ਕੋਇ ਜਣਾਇੰਦਾ। ਪਾਰਬ੍ਰਹਮ ਪ੍ਰਭ ਆਪਨੜਾ ਆਪੇ ਕਰ ਕਰ ਵਸ, ਆਪਣਾ ਹੁਕਮ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਹੁਕਮ ਆਪ ਸੁਣਾਇੰਦਾ। ਸੋ ਪੁਰਖ ਨਿਰੰਜਣ ਹੁਕਮੀ ਧਾਰ, ਆਪਣੀ ਆਪ ਪਰਗਟਾਈਆ। ਏਕੰਕਾਰਾ ਕਰਿਆ ਖ਼ਬਰਦਾਰ, ਹਰਿ ਪੁਰਖ ਨਿਰੰਜਣ ਇਕ ਜਣਾਈਆ। ਅਬਿਨਾਸ਼ੀ ਕਰਤਾ ਲਏ ਉਠਾਲ, ਆਦਿ ਨਿਰੰਜਣ ਜੋਤ ਨੂਰ ਰੁਸ਼ਨਾਈਆ। ਪਾਰਬ੍ਰਹਮ ਪ੍ਰਭ ਕਰੇ ਖੇਲ ਦੀਨ ਦਿਆਲ, ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਈਆ। ਆਪਣੀ ਇਛਿਆ ਆਪੇ ਧਰ, ਹਰਿ ਸਾਚਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਏਕਾ ਨਰ, ਹਰਿ ਪੁਰਖ ਨਿਰੰਜਣ ਨਾਰੀ ਰੂਪ ਅਖਵਾਇੰਦਾ। ਏਕੰਕਾਰਾ ਸੇਜਾ ਚੜ੍ਹ, ਆਦਿ ਨਿਰੰਜਣ ਸੰਗ ਨਿਭਾਇੰਦਾ। ਅਬਿਨਾਸ਼ੀ ਕਰਤਾ ਘਾੜਨ ਘੜ, ਸ੍ਰੀ ਭਗਵਾਨ ਵੇਖ ਵਖਾਇੰਦਾ। ਪਾਰਬ੍ਰਹਮ ਆਪਣੀ ਕਿਰਪਾ ਆਪੇ ਕਰ, ਕਿਰਪਾਨਿਧ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਇਛਿਆ ਆਪੇ ਪੂਰ ਕਰਾਇੰਦਾ। ਆਪਣੀ ਇਛਿਆ ਕਰੇ ਪੂਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਹਾਜ਼ਰ ਹਜ਼ੂਰ, ਹਰਿ ਹਰਿ ਆਪਣਾ ਖੇਲ ਖਿਲਾਈਆ। ਏਕੰਕਾਰਾ ਭੇਵ ਚੁਕਾਏ ਆਦਿ ਨਿਰੰਜਣ ਜੋਤੀ ਨੂਰ, ਨੂਰ ਨੂਰ ਵਿਚ ਧਰਾਈਆ। ਅਬਿਨਾਸ਼ੀ ਕਰਤਾ ਆਪੇ ਵੇਖੇ ਆਪਾ ਨੇੜੇ ਦੂਰ, ਸ੍ਰੀ ਭਗਵਾਨ ਦੂਸਰ ਪੰਧ ਨਾ ਕੋਇ ਜਣਾਈਆ। ਪਾਰਬ੍ਰਹਮ ਪ੍ਰਭ ਏਕਾ ਹੁਕਮ ਮੰਨੇ ਜ਼ਰੂਰ, ਨਿਉਂ ਨਿਉਂ ਏਕਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਦਏ ਸਮਝਾਈਆ। ਆਪਣੀ ਇਛਿਆ ਹਰਿ ਸਮਝਾਇੰਦਾ, ਆਪ ਆਪਣੀ ਕਿਰਪਾ ਧਾਰ। ਆਪਣੀ ਸੇਵਾ ਆਪ ਲਗਾਇੰਦਾ, ਪੁਰਖ ਅਗੰਮ ਅਗੰਮੜੀ ਕਾਰ। ਆਪਣਾ ਹੁਕਮ ਆਪ ਵਰਤਾਇੰਦਾ, ਸ਼ਾਹ ਪਾਤਸ਼ਾਹ ਬਣ ਸੱਚੀ ਸਰਕਾਰ। ਸਾਚਾ ਘਾੜਨ ਆਪ ਘੜਾਇੰਦਾ, ਬਾਢੀ ਬਣ ਹਰਿ ਨਿਰੰਕਾਰ। ਆਪਣੀ ਰਚਨਾ ਆਪ ਰਚਾਇੰਦਾ, ਆਪੇ ਰਚ ਰਚ ਵੇਖਣਹਾਰ। ਆਪਣਾ ਮੰਦਰ ਆਪ ਉਪਾਇੰਦਾ, ਨਾਉਂ ਰਖਾਏ ਸਚਖੰਡ ਦਵਾਰ। ਛੱਪਰ ਛੰਨ ਨਾ ਕੋਇ ਛੁਹਾਇੰਦਾ, ਨਾ ਕੋਈ ਦੀਸੇ ਚਾਰ ਦੀਵਾਰ। ਦੀਵਾ ਬਾਤੀ ਨਾ ਕੋਇ ਜਗਾਇੰਦਾ, ਅੱਠੇ ਪਹਿਰ ਨੂਰ ਉਜਿਆਰ। ਦਰ ਦਰਵਾਜ਼ਾ ਨਾ ਕੋਇ ਵਖਾਇੰਦਾ, ਨਾ ਕੋਈ ਜਾਣੇ ਬੰਦ ਕਿਵਾੜ। ਦਿਸ਼ਾ ਵੰਡ ਨਾ ਕੋਇ ਵੰਡਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਸਚਖੰਡ ਦਵਾਰਾ ਘਾੜਨ ਘੜ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਨਿਰਗੁਣ ਨਿਰਵੈਰ ਅੰਦਰ ਵੜ, ਹਰਿ ਪੁਰਖ ਨਿਰੰਜਣ ਆਪਣਾ ਆਸਣ ਲਾਈਆ। ਅਜੂਨੀ ਰਹਿਤ ਆਪਣੇ ਪੌੜੇ ਆਪੇ ਚੜ੍ਹ, ਏਕੰਕਾਰਾ ਏਕਾ ਥਾਨ ਸੁਹਾਈਆ। ਨਿਰਗੁਣ ਜੋਤ ਪਰਕਾਸ਼ ਕਰ, ਆਦਿ ਨਿਰੰਜਣ ਡਗਮਗਾਈਆ। ਅਬਿਨਾਸ਼ੀ ਕਰਤਾ ਆਪਣਾ ਵਾਸ ਧਰ, ਵਾਸ ਨਿਵਾਸਾ ਆਪ ਅਖਵਾਈਆ। ਸ੍ਰੀ ਭਗਵਾਨ ਆਪਣੀ ਰਾਸ ਕਰ, ਸਾਚੀ ਰਚਨਾ ਆਪ ਰਚਾਈਆ। ਪਾਰਬ੍ਰਹਮ ਪ੍ਰਭ ਦਾਸੀ ਦਾਸ ਕਰ, ਸੇਵਕ ਸੇਵਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਲਏ ਉਪਾਈਆ। ਸਚਖੰਡ ਦਵਾਰ ਉਪੰਨਿਆ, ਉਪਾਏ ਪੁਰਖ ਅਕਾਲ। ਨਾ ਕੋਈ ਸੂਰਜ ਚੰਨਿਆ, ਕਰੇ ਖੇਲ ਦੀਨ ਦਿਆਲ। ਨਾ ਘੜਿਆ ਨਾ ਭੰਨਿਆ, ਆਪ ਉਪਾਈ ਆਪਣੀ ਸੱਚੀ ਧਰਮਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਗੋਪਾਲ। ਸਚਖੰਡ ਦਵਾਰਾ ਖੋਲ੍ਹਿਆ, ਕਰ ਕਿਰਪਾ ਗੁਣ ਨਿਧਾਨ। ਨਿਰਗੁਣ ਅੰਦਰ ਵੜ ਵੜ ਬੋਲਿਆ, ਜੋਧਾ ਸੂਰਬੀਰ ਬਲੀ ਬਲਵਾਨ। ਆਪਣਾ ਪਰਦਾ ਆਪੇ ਖੋਲ੍ਹਿਆ, ਕਰੇ ਖੇਲ ਸ੍ਰੀ ਭਗਵਾਨ। ਆਪਣਾ ਬਣੇ ਆਪ ਵਿਚੋਲਿਆ, ਲੇਖਾ ਜਾਣੇ ਧੁਰ ਦੀਬਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਮਹਾਨ। ਹਰਿ ਕਾ ਖੇਲ ਆਦਿ ਮਹਾਨਾ, ਆਦਿ ਆਦੀ ਆਪ ਕਰਾਈਆ। ਰੂਪ ਰੰਗ ਨਾ ਕੋਇ ਵਖਾਨਾ, ਬੇਅੰਤ ਵਡੀ ਵਡਿਆਈਆ। ਸਾਚਾ ਮੰਦਰ ਇਕ ਸੁਹਾਨਾ, ਦਰ ਘਰ ਸਾਚੇ ਵੱਜੇ ਵਧਾਈਆ। ਏਕਾ ਰੂਪ ਧਰ ਸ੍ਰੀ ਭਗਵਾਨਾ, ਰੂਪ ਅਨੂਪ ਆਪ ਉਪਾਈਆ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਗੁਣ ਜਣਾਈਆ। ਏਕਾ ਭੂਪ ਬਣ ਰਾਜਾਨਾ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਏਕਾ ਮੰਦਰ ਇਕ ਮਕਾਨਾ, ਸੋਭਾਵੰਤ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚਖੰਡ ਦਏ ਵਡਿਆਈਆ। ਸਚਖੰਡ ਦਵਾਰ ਹਰਿ ਵਡਿਆਇੰਦਾ, ਆਪ ਆਪਣੀ ਜੋਤ ਧਰਾ। ਆਪਣੀ ਦਇਆ ਆਪ ਕਮਾਇੰਦਾ, ਪਾਰਬ੍ਰਹਮ ਪ੍ਰਭ ਬੇਪਰਵਾਹ। ਆਪਣੀ ਬਣਤ ਆਪ ਬਣਾਇੰਦਾ, ਆਪੇ ਬਣੇ ਸਚ ਮਲਾਹ। ਆਪਣਾ ਬੇੜਾ ਆਪ ਚਲਾਇੰਦਾ, ਆਪ ਆਪਣੇ ਕੰਧ ਉਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਦਏ ਸੁਹਾ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਆਪੇ ਨਾਰੀ ਆਪੇ ਕੰਤ, ਹਰਿ ਪੁਰਖ ਨਿਰੰਜਣ ਸੇਜ ਹੰਢਾਈਆ। ਏਕੰਕਾਰਾ ਆਪੇ ਚਾੜ੍ਹੇ ਆਪਣਾ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਆਦਿ ਨਿਰੰਜਣ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਸ੍ਰੀ ਭਗਵਾਨ ਆਪੇ ਜਾਣੇ ਆਪਣੀ ਬਣਤ, ਅਬਿਨਾਸ਼ੀ ਕਰਤਾ ਘਾੜਨ ਲਏ ਘੜਾਈਆ। ਪਾਰਬ੍ਰਹਮ ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਦਏ ਸੁਹਾਈਆ। ਸਚਖੰਡ ਦਵਾਰ ਸੁਹਾਇੰਦਾ, ਸੋ ਪੁਰਖ ਨਿਰੰਜਣ ਵਡ ਮਿਹਰਵਾਨ। ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ, ਕਿਰਪਾ ਨਿਧ ਗੁਣ ਨਿਧਾਨ। ਏਕੰਕਾਰਾ ਭੇਵ ਚੁਕਾਇੰਦਾ, ਜੋਧਾ ਸੂਰਬੀਰ ਬਲਵਾਨ। ਆਦਿ ਨਿਰੰਜਣ ਵੇਸ ਵਟਾਇੰਦਾ, ਏਕਾ ਨੂਰ ਨੂਰ ਮਹਾਨ। ਅਬਿਨਾਸ਼ੀ ਕਰਤਾ ਸੋਭਾ ਪਾਇੰਦਾ, ਦਰ ਮੰਦਰ ਇਕ ਮਕਾਨ। ਸ੍ਰੀ ਭਗਵਾਨ ਸਚ ਨਿਸ਼ਾਨ ਵਖਾਇੰਦਾ, ਇਕ ਨਿਸ਼ਾਨਾ ਨੌਜਵਾਨ। ਪਾਰਬ੍ਰਹਮ ਪ੍ਰਭ ਸੇਵ ਕਮਾਇੰਦਾ, ਵੇਖਣਹਾਰਾ ਮਾਰ ਧਿਆਨ। ਆਪਣੀ ਦਿਸ਼ਾ ਆਪ ਫੋਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸੁਲਤਾਨ। ਸ਼ਾਹ ਪਾਤਸ਼ਾਹ ਹਰਿ ਸੁਲਤਾਨਾ, ਸਚਖੰਡ ਆਪਣਾ ਆਸਣ ਲਾਈਆ। ਆਪੇ ਹੁਕਮ ਆਪ ਫ਼ਰਮਾਨਾ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਆਪੇ ਭੂਪਤ ਭੂਪ ਰਾਜ ਰਾਜਾਨਾ, ਆਪੇ ਰੱਯਤ ਵੇਸ ਵਟਾਈਆ। ਆਪੇ ਦਰ ਦਰਵੇਸ਼ ਬਣੇ ਦਰਬਾਨਾ, ਆਪੇ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਹਰਿ ਕਰਤਾਰ, ਸਚਖੰਡ ਦਵਾਰ ਕਰਾਇੰਦਾ। ਆਪਣੀ ਇਛਿਆ ਆਪ ਵਿਚਾਰ, ਆਪਣਾ ਮੇਲ ਆਪ ਮਿਲਾਇੰਦਾ। ਆਪੇ ਪੁਰਖ ਆਪੇ ਨਾਰ, ਆਪੇ ਸਾਚੀ ਸੇਜ ਹੰਢਾਇੰਦਾ। ਆਪੇ ਜਾਣੇ ਆਪਣਾ ਮੰਗਲਾਚਾਰ, ਗੀਤ ਗੋਬਿੰਦ ਆਪ ਅਲਾਇੰਦਾ। ਆਪੇ ਜਨਨੀ ਜਨ ਬਣੇ ਅਗੰਮ ਅਪਾਰ, ਦਾਈ ਦਾਇਆ ਆਪਣਾ ਰੂਪ ਵਟਾਇੰਦਾ। ਆਪੇ ਸਗਨ ਮਨਾਏ ਆਪਣੀ ਵਾਰ, ਸਗਲਾ ਸੰਗ ਆਪ ਨਿਭਾਇੰਦਾ। ਸੌਹਰੇ ਪੇਈਏ ਆਪੇ ਫਿਰੇ ਹੋ ਖ਼ਬਰਦਾਰ, ਆਪਣਾ ਭੇਵ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਬੈਠਾ ਚੜ੍ਹ, ਉਚ ਮਹੱਲਾ ਇਕ ਅਟੱਲਾ, ਆਪਣਾ ਆਪ ਸੁਹਾਇੰਦਾ। ਸਚਖੰਡ ਦਵਾਰਾ ਉਚ ਮਹੱਲਾ, ਹਰਿ ਸਾਚਾ ਸਚ ਸੁਹਾਈਆ। ਵਸਣਹਾਰਾ ਇਕ ਇਕੱਲਾ, ਘਰ ਸਾਚੇ ਸੋਭਾ ਪਾਈਆ। ਆਪ ਫੜਾਏ ਆਪਣਾ ਪੱਲਾ, ਆਪਣੀ ਨਾਰੀ ਆਪ ਪਰਨਾਈਆ। ਆਪਣਾ ਆਸਣ ਆਪੇ ਮੱਲਾ, ਆਪਣਾ ਸਿੰਘਾਸਣ ਦਏ ਸੁਹਾਈਆ। ਆਪਣੀ ਜੋਤੀ ਆਪੇ ਰੱਲਾ, ਜੋਤੀ ਜੋਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਵੜ, ਆਪਣਾ ਬੰਧਨ ਆਪੇ ਪਾਈਆ। ਨਿਰਗੁਣ ਨਾਰ ਨਿਰਗੁਣ ਭਤਾਰ, ਨਿਰਗੁਣ ਕੰਤ ਕੰਤੂਹਲ ਅਖਵਾਇੰਦਾ। ਨਿਰਗੁਣ ਕਰਤਾ ਪੁਰਖ ਕਰਤਾਰ, ਨਿਰਗੁਣ ਕਰਨੀ ਕਿਰਤ ਕਮਾਇੰਦਾ। ਨਿਰਗੁਣ ਮੰਦਰ ਨਿਰਗੁਣ ਦਵਾਰ, ਨਿਰਗੁਣ ਵਸੇ ਵਸਣਹਾਰ, ਨਿਰਗੁਣ ਆਪਣਾ ਆਸਣ ਲਾਇੰਦਾ। ਨਿਰਗੁਣ ਦੀਵਾ ਬਾਤੀ ਕਰ ਉਜਿਆਰ, ਨਿਰਗੁਣ ਕਮਲਾਪਾਤੀ ਵੇਖੇ ਠਾਂਡਾ ਦਰਬਾਰ, ਸਚਖੰਡ ਦਵਾਰਾ ਆਪ ਵਡਿਆਇੰਦਾ। ਨਿਰਗੁਣ ਖੋਲ੍ਹੇ ਤਾਕੀ ਬੰਦ ਕਿਵਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਚੜ੍ਹ, ਆਪਣਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਕਰੇ ਗੋਬਿੰਦ, ਬੇਐਬ ਪਰਵਰਦਿਗਾਰਾ। ਵਡ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਅਗੰਮ ਅਪਾਰਾ। ਆਪੇ ਜਾਣੇ ਆਪਣੀ ਬਿੰਦ, ਆਪੇ ਕਰੇ ਸਚ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਖੰਡ ਸੱਚੇ ਦਰਬਾਰਾ। ਸਚਖੰਡ ਦਰਬਾਰਾ ਸੋਹਿਆ, ਸੋਭਾਵੰਤ ਸ੍ਰੀ ਭਗਵਾਨ। ਆਪਣੇ ਜੇਹਾ ਆਪੇ ਹੋਇਆ, ਦੂਸਰ ਅਵਰ ਨਾ ਕੋਇ ਨਿਸ਼ਾਨ। ਆਪਣਾ ਬੀਜ ਆਪੇ ਬੋਇਆ, ਆਪੇ ਹੋਏ ਹਰਿ ਪਰਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਮਿਹਰਵਾਨ। ਵਡ ਮਿਹਰਵਾਨ ਖੇਲ ਖਿਲਾਇਆ, ਆਪਣੀ ਗਤ ਮਿਤ ਆਪ ਜਣਾਇੰਦਾ। ਆਪਣਾ ਮੇਲਾ ਆਪ ਮਿਲਾਇਆ, ਨਾਰੀ ਕੰਤ ਆਪ ਅਖਵਾਇੰਦਾ। ਨਿਰਗੁਣ ਅੰਦਰ ਨਿਰਗੁਣ ਧਰਾਇਆ, ਨਿਰਗੁਣ ਵੇਖੇ ਨਿਰਗੁਣ ਵਿਚਾਰੇ, ਨਿਰਗੁਣ ਦਿਸ ਕਿਸੇ ਨਾ ਆਇੰਦਾ। ਕਰੇ ਖੇਲ ਅਗੰਮ ਅਪਾਰ, ਪਾਰਬ੍ਰਹਮ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚਾ ਹਰਿ, ਆਪਣਾ ਮੇਲਾ ਆਪ ਕਰਾਇੰਦਾ। ਮੇਲ ਮਿਲਾਵਾ ਆਪੇ ਕਰ, ਸਚਖੰਡ ਖ਼ੁਸ਼ੀ ਮਨਾਈਆ। ਨਿਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਨਿਰਗੁਣ ਰੂਪ ਵਟਾਈਆ। ਨਿਰਗੁਣ ਪੱਲੂ ਨਿਰਗੁਣ ਫੜ, ਨਿਰਗੁਣ ਵੇਖ ਵਖਾਈਆ। ਨਿਰਗੁਣ ਅੱਗੇ ਨਿਰਗੁਣ ਧਰ, ਨਿਰਗੁਣ ਨਿਰਗੁਣ ਦਏ ਵਡਿਆਈਆ। ਕਰਤਾ ਪੁਰਖ ਆਪਣੀ ਕਰਨੀ ਕਰ, ਆਪਣੀ ਕਿਰਤ ਦਏ ਸਮਝਾਈਆ। ਸਚਖੰਡ ਦਵਾਰੇ ਮਿਲਿਆ ਵਰ, ਨਾਰੀ ਕੰਤ ਆਪ ਰਘੁਰਾਈਆ। ਆਪਣੀ ਇਛਿਆ ਭੰਡਾਰਾ ਭਰ, ਆਪਣੀ ਗੋਦੀ ਲਏ ਸੁਹਾਈਆ। ਜਨਨੀ ਜਨ ਆਪੇ ਬਣ, ਧੰਨ ਧੰਨ ਜਣੇਂਦੀ ਹੋਏ ਮਾਈਆ। ਦਾਈ ਦਾਇਆ ਸੇਵ ਕਰ, ਸਾਚੀ ਸੇਵ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਏਕਾ ਹਰਿ, ਆਪਣੀ ਇਛਿਆ ਆਪ ਪਰਗਟਾਈਆ। ਆਪਣੀ ਇਛਿਆ ਪੁਰਖ ਨਾਰਾ, ਨਰ ਨਰਾਇਣ ਆਪ ਪਰਗਟਾਇੰਦਾ। ਸਚਖੰਡ ਦਵਾਰੇ ਕਰ ਵਿਹਾਰਾ, ਭਸਮੜ ਆਪਣਾ ਭੋਗ ਆਪ ਭੁਗਾਇੰਦਾ। ਅੰਦਰ ਬਾਹਰ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਆਪਣੀ ਵਸਤ ਜਾਣੇ ਹਰਿ ਥਾਰਾ, ਸਚ ਵਸਤ ਆਪ ਜਣਾਇੰਦਾ। ਆਪਣਾ ਧਾਮ ਕਰ ਤਿਆਰਾ, ਸਚਖੰਡ ਦਵਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਚਖੰਡ ਵਸੇ ਨਿਰੰਕਾਰ, ਆਪਣਾ ਆਸਣ ਲਾਈਆ। ਆਪਣਾ ਸੁਤ ਜਣੇ ਦੁਲਾਰ, ਪੂਤ ਸਪੂਤਾ ਲਏ ਉਪਾਈਆ। ਦੂਜਾ ਘਰ ਕਰੇ ਤਿਆਰ, ਘਰ ਘਰ ਵਿਚ ਲਏ ਬਣਾਈਆ। ਨਾਉਂ ਰਖਾਏ ਥਿਰ ਦਰਬਾਰ, ਥਿਰ ਘਰ ਸਾਚਾ ਆਪ ਸਮਝਾਈਆ। ਬਾਲ ਅਞਾਣਾ ਦਏ ਬਹਾਲ, ਸੁਤ ਸ਼ਬਦ ਦਏ ਵਡਿਆਈਆ। ਆਪੇ ਜਾਣੇ ਲੇਖਾ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਨਿਰਗੁਣ ਨਿਰਵੈਰ ਆਪਣਾ ਦਰਸ ਦਿਖਾਲ, ਸਾਂਤ ਸਾਂਤ ਸਤਿ ਸਤਿ ਵਰਤਾਈਆ। ਸਦਾ ਸੁਹੇਲਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਬੇਪਰਵਾਹੀਆ। ਥਿਰ ਘਰ ਬਣਾਏ ਸੱਚੀ ਧਰਮਸਾਲ, ਸਾਚੇ ਮੰਦਰ ਦਏ ਬਿਠਾਈਆ। ਆਪਣਾ ਚਰਨ ਕਵਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਘਰ ਵਿਚ ਆਪ ਪਰਗਟਾਈਆ। ਸਚ ਸਿੰਘਾਸਣ ਆਸਣ ਲਾ, ਸਚਖੰਡ ਦਵਾਰ ਸੁਹਾਇੰਦਾ। ਥਿਰ ਘਰ ਕਿਵਾੜਾ ਦਏ ਖੁਲ੍ਹਾ, ਆਪਣੀ ਦਇਆ ਕਮਾਇੰਦਾ। ਚਰਨ ਕਵਲ ਦਏ ਟਿਕਾ, ਚਰਨ ਸਰਨ ਇਕ ਰਖਾਇੰਦਾ। ਸੁਤ ਦੁਲਾਰੇ ਦਏ ਸਮਝਾ, ਏਕਾ ਵਾਰ ਏਕਾ ਗੁਣ ਵਖਾਇੰਦਾ। ਤੇਰਾ ਮੇਰਾ ਏਕਾ ਨਾ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਆਦਿ ਜੁਗਾਦਿ ਪਕੜਾਂ ਤੇਰੀ ਬਾਂਹ, ਸਦ ਤੇਰਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦੇਵੇ ਸਾਚਾ ਵਰ, ਸੁਤ ਸ਼ਬਦ ਆਪ ਸਮਝਾਇੰਦਾ। ਸੁਤ ਸ਼ਬਦ ਬਾਲ ਨਿਧਾਨਾ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਬੇਅੰਤ ਤੇਰੀ ਵਡਿਆਈਆ। ਹਉਂ ਦਰਵੇਸ਼ ਦਰ ਨਿਮਾਣਾ, ਮੰਗਾਂ ਇਕ ਸਰਨਾਈਆ। ਆਦਿ ਜੁਗਾਦਿ ਸਦ ਰੱਖੀਂ ਆਪਣੇ ਅੰਦਰ ਭਾਣਾ, ਤੇਰੇ ਭਾਣੇ ਵਡ ਵਡਿਆਈਆ। ਚਰਨ ਕਵਲ ਦੇਣਾ ਮਾਣਾ, ਤੇਰੀ ਸਰਨ ਮੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹੋਣਾ ਸਦਾ ਸਹਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਬਾਲੀ ਬੁਧ ਸਮਝਾਇੰਦਾ। ਤੇਰਾ ਘਾੜਨ ਲਿਆ ਘੜਾ, ਘਾੜਤ ਆਪਣੇ ਹੱਥ ਵਖਾਇੰਦਾ। ਤੇਰਾ ਰੂਪ ਲਿਆ ਧਰਾ, ਆਪਣਾ ਰੂਪ ਪਰਗਟਾਇੰਦਾ। ਤੇਰਾ ਮੰਦਰ ਦਿਤਾ ਵਸਾ, ਆਪਣੀ ਸੇਵ ਕਮਾਇੰਦਾ। ਥਿਰ ਘਰ ਸਾਚੇ ਦਿਤਾ ਬਹਾ, ਅਡੋਲ ਅਡੁਲ ਜਣਾਇੰਦਾ। ਏਕਾ ਹੁਕਮ ਰਿਹਾ ਸੁਣਾ, ਸਚ ਸੰਦੇਸਾ ਝੋਲੀ ਪਾਇੰਦਾ। ਏਕਾ ਪਿਤਾ ਏਕਾ ਮਾਂ, ਏਕਾ ਬਾਲ ਗੋਦ ਬਹਾਇੰਦਾ। ਏਕਾ ਰੱਖੇ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਦੇਵੇ ਵਰ, ਸਾਚੇ ਸੁਤ ਆਪ ਪਰਗਟਾਇੰਦਾ। ਸ਼ਬਦ ਪਰਗਟਾਇਆ ਹਰਿ ਹਰਿ ਧਾਰ, ਜਨਨੀ ਜਨ ਖੇਲ ਖਿਲਾਇਆ। ਨੂਰੋ ਨੂਰ ਕਰ ਉਜਿਆਰ, ਨੂਰ ਨੁਰਾਨਾ ਦੀਪ ਟਿਕਾਇਆ। ਵੇਖੇ ਵੇਖੇ ਵੇਖਣਹਾਰ, ਵੇਖਣਹਾਰਾ ਦਿਸ ਨਾ ਆਇਆ। ਅਗੰਮ ਅਗੰਮੜਾ ਅਗੰਮੀ ਕਰੇ ਪਿਆਰ, ਪਿਆਰ ਆਪਣਾ ਆਪ ਵਧਾਇਆ। ਆਦਿ ਜੁਗਾਦਿ ਪਾਵੇ ਸਾਰ, ਭੁਲ ਕਦੇ ਨਾ ਜਾਇਆ। ਬਾਲੇ ਬਾਲੇ ਹੋਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਇਹ ਸਮਝਾਇਆ। ਤੇਰਾ ਵਰਤੇ ਸਚ ਵਰਤਾਰ, ਤੇਰੀ ਮਹਿਮਾ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਦਿਤਾ ਏਕਾ ਵਰ, ਏਕਾ ਬਾਲਾ ਸੇਵਾ ਲਾਇਆ। ਸਾਚੀ ਸੇਵਾ ਹਰਿ ਜਣਾ, ਏਕਾ ਹੁਕਮ ਸੁਣਾਇੰਦਾ। ਥਿਰ ਘਰ ਦੇਵੇ ਸਾਚਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਸਚਖੰਡ ਦਵਾਰ ਦਏ ਵਖਾ, ਏਕਾ ਨੈਣ ਖੁਲ੍ਹਾਇੰਦਾ। ਏਕਾ ਮੰਦਰ ਦਏ ਵਖਾ, ਏਕਾ ਆਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਦਿਤਾ ਵਰ, ਸਾਚੀ ਸੇਵਾ ਆਪ ਰਖਾਇੰਦਾ। ਸਾਚੀ ਸੇਵਾ ਹਰਿ ਨਿਰੰਕਾਰਾ, ਆਪਣੀ ਆਪ ਜਣਾਈਆ। ਥਿਰ ਘਰ ਵਸਦਾ ਰਹੇ ਦਵਾਰਾ, ਪੁਰਖ ਅਬਿਨਾਸ਼ੀ ਆਪ ਵਸਾਈਆ। ਤੇਰਾ ਚਲੇ ਸਚ ਵਰਤਾਰਾ, ਬੰਸ ਸਰਬੰਸ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਆਧਾਰਾ, ਲੱਖ ਚੁਰਾਸੀ ਤੇਰੀ ਰਚਨ ਰਚਾਈਆ। ਕੋਟਨ ਕੋਟ ਬ੍ਰਹਿਮੰਡ ਕਰ ਪਸਾਰਾ, ਲੋਆਂ ਪੁਰੀਆਂ ਤੇਰਾ ਬੰਧਨ ਪਾਈਆ। ਤੇਰਾ ਨੂਰ ਰਵ ਸਸ ਸਤਾਰਾ, ਕਿਰਨ ਕਿਰਨ ਕਿਰਨ ਨਾਲ ਮਿਲਾਈਆ। ਦੋ ਜਹਾਨ ਤੇਰਾ ਅਖਾੜਾ, ਪਾਰਬ੍ਰਹਮ ਪ੍ਰਭ ਆਪ ਲਗਾਈਆ। ਕਰੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਥਿਰ ਘਰ ਸਾਚੇ ਆਪ ਬਹਾਈਆ। ਸ਼ਬਦ ਸੁਣਿਆ ਹਰਿ ਫ਼ਰਮਾਨ, ਪ੍ਰਭ ਅੱਗੇ ਸੀਸ ਝੁਕਾਇਆ। ਹਉਂ ਬਾਲਕ ਬਾਲੀ ਬਾਲ ਅਞਾਣ, ਦਰ ਏਕਾ ਮੰਗ ਮੰਗਾਇਆ। ਤੇਰੀ ਸੇਵਾ ਕਰਾਂ ਦੋ ਜਹਾਨ, ਲੋਆਂ ਪੁਰੀਆਂ ਤੇਰਾ ਚੱਕਰ ਚਲਾਇਆ। ਲੱਖ ਚੁਰਾਸੀ ਦੇਵਾਂ ਦਾਨ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਭਰਾਇਆ। ਖੇਲਾਂ ਖੇਲ ਖੇਲ ਮਹਾਨ, ਨੂਰੋ ਨੂਰ ਨੂਰ ਪਰਗਟਾਇਆ। ਤੂੰ ਭੁਲ ਨਾ ਜਾਣਾ ਗੁਣ ਨਿਧਾਨ, ਹਉਂ ਭੁਲ ਅਭੁਲ ਤੇਰੇ ਅੱਗੇ ਝੋਲੀ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਮੰਗ ਮੰਗਾਇਆ। ਮੰਗੀ ਮੰਗ ਸੁਤ ਦੁਲਾਰ, ਪ੍ਰਭ ਅੱਗੇ ਝੋਲੀ ਡਾਹੀਆ। ਕਿਰਪਾ ਕਰੇ ਆਪ ਨਿਰੰਕਾਰ, ਏਕਾ ਗੁਣ ਦਏ ਸਮਝਾਈਆ। ਤੇਰਾ ਮੇਰਾ ਮੇਲਾ ਰਹੇ ਵਿਚ ਸੰਸਾਰ, ਨਿਰਗੁਣ ਸਰਗੁਣ ਧਾਰ ਚਲਾਈਆ। ਲੱਖ ਚੁਰਾਸੀ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਤੇਰਾ ਹੁਕਮ ਸ਼ਬਦ ਧੁੰਨਕਾਰ, ਨਾਦ ਅਨਾਦੀ ਦਏ ਵਜਾਈਆ। ਕੋਟਨ ਕੋਟ ਰੂਪ ਅਨੂਪ ਕਰ ਤਿਆਰ, ਸਾਚਾ ਘਾੜਨ ਲਏ ਘੜਾਈਆ। ਘਾੜਤ ਘੜੇ ਬਣ ਠਠਿਆਰ, ਆਪਣੀ ਸੇਵਾ ਆਪ ਕਮਾਈਆ। ਜੁਗ ਚੌਕੜੀ ਕਰੇ ਪਾਰ, ਲੇਖਾ ਸਭ ਦਾ ਦਏ ਮੁਕਾਈਆ। ਸਾਚੇ ਸੁਤ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਤੇਰਾ ਹੋਏ ਸਹਾਈਆ। ਵੇਲੇ ਅੰਤ ਕਰੇ ਪਿਆਰ, ਆਪ ਆਪਣੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਬੈਠਾ ਰਿਹਾ ਸਮਝਾਈਆ। ਸੁਤ ਦੁਲਾਰਾ ਸੀਸ ਝੁਕਾ, ਦੋਏ ਜੋੜ ਕਰੇ ਨਿਮਸਕਾਰ। ਪੁਰਖ ਅਬਿਨਾਸ਼ੀ ਤੂੰ ਬੇਪਰਵਾਹ, ਵਡ ਦਾਤਾ ਬੇਐਬ ਪਰਵਰਦਿਗਾਰ। ਮੈਂ ਮੰਨਾਂ ਤੇਰੀ ਸਚ ਸਲਾਹ, ਭੁਲ ਨਾ ਜਾਵਾਂ ਵਿਚ ਸੰਸਾਰ। ਕਵਣ ਵੇਲਾ ਬਣੇਂ ਮਲਾਹ, ਮੇਰਾ ਬੇੜਾ ਦੇਵਾਂ ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੰਗੇ ਮੰਗ ਬਣ ਭਿਖਾਰ। ਕਵਣ ਵੇਲਾ ਆਏਂ ਮਾਤ, ਸ਼ਬਦੀ ਜੋਤ ਹਰਿ ਮਿਲਾਈਆ। ਕਵਣ ਵੇਲਾ ਦੇਵਾਂ ਦਾਤ, ਕਵਲ ਨੈਣ ਮੇਰੇ ਮਾਹੀਆ। ਕਵਣ ਵੇਲਾ ਵਿਛੋੜਾ ਕੱਟੇਂ ਅੰਧੇਰੀ ਰਾਤ, ਆਪ ਆਪਣਾ ਬੰਧਨ ਪਾਈਆ। ਕਵਣ ਵੇਲਾ ਬੰਨ੍ਹੇਂ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ । ਕਵਣ ਵੇਲਾ ਦਰਸ ਦਿਖਾਏਂ ਪੁਰਖ ਸਮਰਾਥ, ਸਚਖੰਡ ਨਿਵਾਸੀ ਆਪਣਾ ਰੂਪ ਵਟਾਈਆ। ਕਵਣ ਵੇਲਾ ਮੇਰੀ ਪੂਰੀ ਕਰੇਂ ਆਸ, ਆਸ ਨਿਰਾਸ ਨਾ ਕੋਇ ਜਣਾਈਆ। ਕਵਣ ਵੇਲਾ ਕਰੇਂ ਪਰਕਾਸ਼, ਦੋ ਜਹਾਨ ਹੋਏ ਰੁਸ਼ਨਾਈਆ। ਸੋਹੇ ਵੇਲਾ ਜਦ ਵਸੇਂ ਪਾਸ, ਆਪਣਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਸੋ ਪੁਰਖ ਨਿਰੰਜਣ ਸਮਝਾਇੰਦਾ, ਇਕ ਇਕੱਲਾ ਏਕੰਕਾਰ। ਹਰਿ ਪੁਰਖ ਨਿਰੰਜਣ ਭੇਵ ਚੁਕਾਇੰਦਾ, ਆਦਿ ਨਿਰੰਜਣ ਹੋ ਉਜਿਆਰ। ਅਬਿਨਾਸ਼ੀ ਕਰਤਾ ਪਰਦਾ ਲਾਹਿੰਦਾ, ਸ੍ਰੀ ਭਗਵਾਨ ਬੈਠ ਠਾਂਡੇ ਦਰਬਾਰ। ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ, ਆਦਿ ਜੁਗਾਦੀ ਵੇਖਣਹਾਰ। ਸਚਖੰਡ ਆਪਣੀ ਖੇਲ ਖਿਲਾਇੰਦਾ, ਤਖ਼ਤ ਨਿਵਾਸੀ ਸਾਚੇ ਤਖ਼ਤ ਬੈਠ ਸੱਚਾ ਸ਼ਾਹ ਕਾਰ। ਥਿਰ ਘਰ ਤੇਰਾ ਰੰਗ ਰੰਗਾਇੰਦਾ, ਸਾਚੇ ਸ਼ਬਦ ਸੁਤ ਦੁਲਾਰ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਤੇਰੀ ਸੇਵ ਲਗਾਇੰਦਾ, ਜੁਗ ਜੁਗ ਖੇਲ ਕਰੇ ਨਿਰੰਕਾਰ। ਲੋਕਮਾਤ ਵੇਖ ਵਖਾਇੰਦਾ, ਪੁਰਖ ਬਿਧਾਤਾ ਹੋ ਤਿਆਰ। ਤੇਰੀ ਰਤੀ ਰਤ ਆਪ ਸੁਹਾਇੰਦਾ, ਲੱਖ ਚੁਰਾਸੀ ਖਿੜੇ ਗੁਲਜ਼ਾਰ। ਪੱਤ ਡਾਲ੍ਹੀ ਫੋਲ ਫੋਲਾਇੰਦਾ, ਲੇਖਾ ਜਾਣੇ ਆਪਣੀ ਵਾਰ। ਗੁਰ ਅਵਤਾਰ ਤੇਰਾ ਰੂਪ ਵਟਾਇੰਦਾ, ਹੁਕਮੀ ਹੁਕਮ ਵਰਤੇ ਵਰਤਾਰ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇੰਦਾ, ਨਵ ਨੌਂ ਚਾਰ ਖੇਲ ਨਿਆਰ। ਅੰਤਮ ਕੋਇ ਰਹਿਣ ਨਾ ਪਾਇੰਦਾ, ਜੋ ਘੜਿਆ ਸੋ ਦੇਵੇ ਭੰਨ, ਕਰੇ ਖੇਲ ਸੱਚਾ ਠਠਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਆਧਾਰ। ਸਾਚੇ ਸੁਤ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਨੌਂ ਸੌ ਚੁਰਾਨਵਾਂ ਚੌਕੜੀ ਪੰਧ ਮੁਕਾਏ ਆਣ, ਨਿਰਗੁਣ ਆਪਣਾ ਰੂਪ ਵਟਾਈਆ । ਮਾਤਲੋਕ ਬਣਾਏ ਸਚਖੰਡ ਸੱਚਾ ਮਕਾਨ, ਆਪਣਾ ਘਾੜਨ ਆਪ ਘੜਾਈਆ। ਘਰ ਵਿਚ ਘਰ ਦੇਵੇ ਦਾਨ, ਥਿਰ ਦਰਬਾਰਾ ਤੇਰਾ ਆਸਣ ਸੁਹਾਈਆ। ਦਿਸ ਨਾ ਆਏ ਵਿਚ ਜਹਾਨ, ਨੇਤਰ ਵੇਖ ਨਾ ਸਕੇ ਕੋਇ ਰਾਈਆ। ਸਾਚੇ ਮੰਦਰ ਵਸੇ ਭਗਵਾਨ, ਪਾਰਬ੍ਰਹਮ ਬੇਪਰਵਾਹੀਆ। ਆਪਣਾ ਝੁਲਾਏ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਈਆ। ਤੇਰੀ ਇਛਿਆ ਪੂਰੀ ਕਰੇ ਆਣ, ਮੇਲਾ ਮੇਲੇ ਸਹਿਜ ਸੁਭਾਈਆ। ਵਿਸ਼ਨ ਬ੍ਰਹਮਾ ਸ਼ਿਵ ਸਰਬ ਕੁਰਲਾਨ, ਨੇਤਰ ਰੋ ਰੋ ਦੇਣ ਦੁਹਾਈਆ। ਗੁਰ ਅਵਤਾਰ ਮੰਗਣ ਦਾਨ, ਅੱਗੇ ਆਪਣੀ ਝੋਲੀ ਡਾਹੀਆ। ਤੇਰਾ ਮੰਦਰ ਸੋਹੇ ਮਕਾਨ, ਦਰ ਦਰਵਾਜ਼ਾ ਸੋਭਾ ਪਾਈਆ। ਤੇਰੇ ਸਿਰ ਹੱਥ ਰੱਖੇ ਭਗਵਾਨ, ਬੇਅੰਤ ਬੇਅੰਤ ਬੇਅੰਤ ਸੱਚਾ ਸ਼ਹਿਨਸ਼ਾਹੀਆ। ਤੇਰਾ ਰੂਪ ਬਣਾਏ ਸੱਚਾ ਕਾਹਨ, ਲੱਖ ਚੁਰਾਸੀ ਗੋਪੀ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦੇਵੇ ਏਕਾ ਵਰ, ਸ਼ਬਦੀ ਸ਼ਬਦ ਸੁਤ ਸਮਝਾਈਆ। ਸ਼ਬਦ ਸੁਤ ਸੁਣ ਸਾਚੇ ਲਾਲ, ਹਰਿ ਸਾਚਾ ਸਚ ਜਣਾਇੰਦਾ। ਕੋਟਨ ਕੋਟ ਬੀਤਣ ਕਾਲ, ਕਾਲ ਗਰਾਸ ਸਭ ਨੂੰ ਖਾਇੰਦਾ। ਕਰੇ ਖੇਲ ਰੂਪ ਮਹਾਕਾਲ, ਮਹਾਕਾਲ ਆਪਣੀ ਧਾਰ ਚਲਾਇੰਦਾ। ਤੇਰਾ ਕਦੇ ਨਾ ਆਏ ਜ਼ਵਾਲ, ਤੇਰਾ ਰਹਿਬਰ ਹਰਿ ਅਖਵਾਇੰਦਾ। ਦੋ ਜਹਾਨਾਂ ਰਿਹਾ ਸੁਰਤ ਸੰਭਾਲ, ਜੁਗ ਜੁਗ ਸੇਵ ਕਮਾਇੰਦਾ। ਤੇਰੇ ਮਾਣਕ ਮੋਤੀ ਤੇਰੇ ਵਿਚੋਂ ਲਏ ਉਛਾਲ, ਭਗਤ ਭਗਵੰਤ ਆਪ ਉਠਾਇੰਦਾ। ਤੇਰਾ ਖ਼ਜਾਨਾ ਦੇਵੇ ਸੱਚਾ ਧਨ ਮਾਲ, ਸਾਚੇ ਸੰਤਾਂ ਝੋਲੀ ਨਾਮ ਭਰਾਇੰਦਾ। ਤੇਰਾ ਫੁਲ ਫੁਲਵਾੜੀ ਵੇਖੇ ਪੱਤ ਡਾਲ੍ਹ, ਗੁਰਮੁਖ ਬੂਟੇ ਆਪ ਲਗਾਇੰਦਾ। ਗੁਰਸਿਖ ਸਾਚੇ ਆਪੇ ਭਾਲ, ਸ਼ਬਦੀ ਤੇਰਾ ਮੇਲ ਮਿਲਾਇੰਦਾ। ਤੇਰਾ ਘਰ ਸੱਚੀ ਧਰਮਸਾਲ, ਧੁਰਦਰਗਾਹੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਰ ਦਾਤਾ ਝੋਲੀ ਪਾਇੰਦਾ। ਵਰ ਦੀਆ ਦੀਨਾਂ ਨਾਥ, ਦੀਨਨ ਦਇਆ ਕਮਾਈਆ। ਨਵ ਨੌਂ ਚਾਰ ਪੂਜਾ ਪਾਠ, ਤੇਰਾ ਤੇਰੀ ਕਰੇ ਪੜ੍ਹਾਈਆ। ਤੇਰਾ ਖੇਲ ਤ੍ਰਿਲੋਕੀ ਨਾਥ, ਰੂਪ ਅਨੂਪ ਆਪ ਸਮਝਾਈਆ। ਚੌਦਾਂ ਲੋਕ ਤੇਰਾ ਘਾਟ, ਘਟ ਘਟ ਵਾਸੀ ਆਪ ਬਣਾਈਆ। ਆਪੇ ਜਾਣੇ ਤੇਰੀ ਵਾਟ, ਤੇਰਾ ਪੰਧ ਨਾ ਕੋਇ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਜੀਲ ਕ਼ੁਰਾਨ ਤੇਰੀ ਮਹਿਮਾ ਗਾਏ ਗਾਥ, ਤੇਰਾ ਭੇਵ ਕੋਇ ਨਾ ਪਾਈਆ। ਤੇਰਾ ਪਿਤਾ ਪੁਰਖ ਸਮਰਾਥ, ਸਮਰਥ ਪੁਰਖ ਤੇਰੀ ਮਾਈਆ। ਤੇਰੀ ਪੂਰੀ ਕਰੇ ਆਸ, ਮੇਟੇ ਅੰਤ ਜੁਦਾਈਆ। ਆਪਣੇ ਚਰਨ ਦਏ ਧਰਵਾਸ, ਚਰਨ ਦਵਾਰਾ ਇਕ ਵਖਾਈਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਪੰਧ ਮੁਕਾਈਆ। ਤੇਰੇ ਮੰਦਰ ਪਾਵੇ ਰਾਸ, ਗੋਪੀ ਕਾਹਨ ਆਪ ਨਚਾਈਆ। ਤੇਰਾ ਨੂਰ ਕਰੇ ਪਰਕਾਸ਼, ਏਕਾ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਸਮਝਾਈਆ। ਸੁਤ ਦੁਲਾਰੇ ਨਵ ਨੌਂ ਚਾਰ ਅੰਤ ਕਰੌਣਾ, ਹਰਿ ਸਾਚਾ ਸਚ ਜਣਾਇੰਦਾ। ਲੋਕਮਾਤ ਵੇਸ ਵਟੌਣਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਸਚਖੰਡ ਦਵਾਰ ਆਪ ਬਣੌਣਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਘਰ ਵਿਚ ਘਰ ਆਪ ਟਿਕੌਣਾ, ਥਿਰ ਘਰ ਤੇਰਾ ਮੰਦਰ ਸੁਹਾਇੰਦਾ । ਆਪਣਾ ਪੱਲੂ ਆਪ ਫੜੌਣਾ, ਸਾਚਾ ਪੱਲੂ ਅੱਗੇ ਡਾਹਿੰਦਾ। ਆਪਣਾ ਹੁਕਮ ਆਪ ਸੁਣੌਣਾ, ਤੇਰਾ ਨਾਦ ਵਜਾਇੰਦਾ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਆਪ ਉਠੌਣਾ, ਤੇਰਾ ਹੁਕਮ ਵਰਤਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਹਲੌਣਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਪਰਦਾ ਲੌਹਣਾ, ਮਾਇਆ ਪਰਦਾ ਨਾ ਕੋਇ ਰਖਾਇੰਦਾ । ਢੋਲ ਮਰਦੰਗਾ ਇਕ ਵਜੌਣਾ, ਸਚ ਸਰੰਗਾ ਹੱਥ ਉਠਾਇੰਦਾ। ਨਵ ਖੰਡਾਂ ਫੇਰਾ ਪੌਣਾ, ਜੇਰਜ ਅੰਡਾਂ ਫੋਲ ਫੋਲਾਇੰਦਾ। ਧਰਨੀ ਧਰਤ ਧਵਲ ਡੇਰਾ ਢੌਣਾ, ਜ਼ਿਮੀਂ ਅਸਮਾਨਾਂ ਪਾਰ ਕਰਾਇੰਦਾ। ਰਵ ਸਸ ਮੁਖ ਸ਼ਰਮੌਣਾ, ਜੋਤੀ ਜੋਤ ਨਾ ਕੋਇ ਜਗਾਇੰਦਾ। ਅੰਤਮ ਲੇਖਾ ਆਪ ਮੁਕੌਣਾ, ਲਿਖ ਲਿਖ ਲੇਖਾ ਸਰਬ ਵਖਾਇੰਦਾ। ਲੱਖ ਚੁਰਾਸੀ ਨਾਤਾ ਤੋੜ ਤੁੜੌਣਾ, ਬੰਧਨ ਅਵਰ ਨਾ ਕੋਇ ਪਾਇੰਦਾ। ਰਾਏ ਧਰਮ ਪੰਧ ਮੁਕੌਣਾ, ਚਿਤਰ ਗੁਪਤ ਚਰਨਾਂ ਹੇਠ ਰਖਾਇੰਦਾ। ਲਾੜੀ ਮੌਤ ਨੈਣ ਸ਼ਰਮੌਣਾ, ਨੇਤਰ ਨੈਣ ਨਾ ਕੋਇ ਉਠਾਇੰਦਾ। ਸੁਤ ਦੁਲਾਰੇ ਤੇਰਾ ਹੁਕਮ ਵਰਤੌਣਾ, ਦੋ ਜਹਾਨਾਂ ਡੰਕ ਵਜਾਇੰਦਾ। ਆਪਣਾ ਕੀਤਾ ਆਪੇ ਢੌਣਾ, ਆਪਣੀ ਕਰਨੀ ਆਪਣਾ ਖੇਲ ਖਿਲਾਇੰਦਾ। ਤੇਰਾ ਮੇਲਾ ਫੇਰ ਮਿਲੌਣਾ, ਮੇਲ ਮਿਲਾਵਾ ਆਪ ਸਮਝਾਇੰਦਾ। ਸਚਖੰਡ ਦਵਾਰਾ ਥਿਰ ਦਰਬਾਰਾ ਜੋਤ ਪਰਕਾਸ਼ ਇਕ ਕਰੌਣਾ, ਅਨਹਦ ਨਾਦੀ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦੇਵੇ ਨਿਰਗੁਣ ਵਰ, ਨਿਰਗੁਣ ਦਾਤਾ ਨਿਰਗੁਣ ਭਿਖਾਰੀ, ਨਿਰਗੁਣ ਰਾਜਾ ਨਿਰਗੁਣ ਸਿਕਦਾਰੀ, ਨਿਰਗੁਣ ਅੱਗੇ ਨਿਰਗੁਣ ਸੀਸ ਝੁਕਾਇੰਦਾ। ਆਦਿ ਪੁਰਖ ਅਪਰੰਪਰ ਸਵਾਮੀ ਏਕਾ ਏਕੰਕਾਰਿਆ, ਜੁਗਾਦਿ ਜੁਗ ਜਗ ਆਪਣਾ ਖੇਲ ਖਿਲਾਇੰਦਾ।