੨੫ ਸਾਵਣ ੨੦੧੮ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ
ਜਿਸ ਉਪਰ ਸਾਹਿਬ ਜਾਏ ਮੰਨ, ਤਿਸ ਦੇਵੇ ਨਾਮ ਵਡਿਆਈਆ। ਏਕਾ ਦੇਵੇ ਨਾਮ ਧੰਨ, ਅਤੋਟ ਅਤੁਟ ਰਖਾਈਆ। ਏਕਾ ਨਾਦ ਸੁਣਾਏ ਕੰਨ, ਧੁਨ ਅਨਾਦੀ ਨਾਦ ਸੁਣਾਈਆ। ਇਕ ਚੜ੍ਹਾਏ ਸਾਚਾ ਚੰਨ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਏਕਾ ਦੇਵੇ ਬੇੜਾ ਬੰਨ੍ਹ, ਸਮਰਥ ਪੁਰਖ ਬੇਪਰਵਾਹੀਆ। ਗੜ੍ਹ ਹੰਕਾਰੀ ਦੇਵੇ ਭੰਨ, ਭਾਂਡਾ ਭਰਮ ਭੌ ਭੰਨਾਈਆ। ਭਾਗ ਲਗਾਏ ਸਾਚੇ ਤਨ, ਮਾਟੀ ਖ਼ਾਕ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਈਆ। ਦਇਆ ਕਮਾਏ ਦੀਨ ਦਿਆਲਾ, ਆਦਿ ਜੁਗਾਦਿ ਖੇਲ ਖਿਲਾਇੰਦਾ। ਕਰੇ ਖੇਲ ਜਗਤ ਨਿਰਾਲਾ, ਹਰਿਜਨ ਸਾਚੇ ਵੇਖ ਵਖਾਇੰਦਾ। ਤਨ ਪਹਿਨਾਏ ਸਾਚੀ ਮਾਲਾ, ਮਨ ਮਨਕਾ ਆਪ ਭੁਆਇੰਦਾ। ਫਲ ਲਗਾਏ ਕਾਇਆ ਡਾਲਾ, ਪਤ ਡਾਲ੍ਹੀ ਆਪ ਮਹਿਕਾਇੰਦਾ। ਤ੍ਰੈਗੁਣ ਤੋੜੇ ਜਗਤ ਜੰਜਾਲਾ, ਅਗਨੀ ਤੱਤ ਬੁਝਾਇੰਦਾ। ਆਪੇ ਮਾਰਗ ਦੱਸੇ ਸੁਖਾਲਾ, ਸਾਚੇ ਮਾਰਗ ਆਪੇ ਲਾਇੰਦਾ। ਏਕਾ ਨਾਦ ਵਜਾਏ ਤਾਲਾ, ਤਾਲ ਤਲਵਾੜਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਮੰਨੇ ਹਰਿ ਹੋਏ ਮਿਹਰਵਾਨ, ਦੇਵੇ ਨਾਮ ਵਸਤ ਵਡਿਆਈਆ। ਸਤਿ ਸਤਿਵਾਦੀ ਵਖਾਏ ਸਚ ਨਿਸ਼ਾਨ, ਦਰ ਘਰ ਸਾਚੇ ਆਪ ਝੁਲਾਈਆ। ਕਾਇਆ ਮੰਦਰ ਵਖਾਏ ਇਕ ਮਕਾਨ, ਘਰ ਘਰ ਵਿਚ ਦਏ ਵਡਿਆਈਆ। ਆਤਮ ਬ੍ਰਹਮ ਕਰੇ ਪਰਧਾਨ, ਰੂਪ ਅਨੂਪ ਆਪ ਧਰਾਈਆ। ਮਨ ਮਨੂਆ ਮੇਟੇ ਪੰਚ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਆਸਾ ਤ੍ਰਿਸਨਾ ਹਉਮੇ ਹੰਗਤਾ ਨਾ ਰੱਖੇ ਕੋਇ ਦੁਕਾਨ, ਜੂਠ ਝੂਠ ਦਏ ਗਵਾਈਆ। ਭੁੱਖਾ ਨੰਗਤਾ ਕਰੇ ਪਰਵਾਨ, ਜਿਸ ਜਨ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰ ਦਏ ਜਣਾਈਆ। ਜਿਸ ਮੰਨਿਆ ਭਗਵੰਤ, ਤਿਸ ਨਾਤਾ ਮੋਹ ਤੁੜਾਇਆ। ਮਿਲੇ ਵਡਿਆਈ ਵਿਚੋਂ ਜੰਤ, ਪੁਰਖ ਅਬਿਨਾਸ਼ੀ ਹੋਏ ਸਹਾਇਆ। ਕਰੇ ਮਿਲਾਵਾ ਨਾਰ ਕੰਤ, ਕੰਤ ਕੰਤੂਹਲ ਸੇਜ ਹੰਢਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਮਨ ਮਨਤਾ ਤੋੜੇ ਹੰਗਤ, ਹੰ ਬ੍ਰਹਮ ਦਏ ਸਮਝਾਇਆ। ਇਕ ਜਪਾਏ ਆਪਣਾ ਮੰਤ, ਨਿਸ਼ਅੱਖਰ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣੇ ਅੰਗ ਲਗਾਇਆ। ਹਰਿ ਮੰਨੇ ਵੱਡ ਮਿਹਰਵਾਨਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਕਰੇ ਸਦ ਪਰਵਾਨਾ, ਹਰਿਜਨ ਸਾਚੇ ਮੇਲ ਮਿਲਾਈਆ। ਏਕੰਕਾਰਾ ਦੇਵੇ ਦਾਨਾ, ਦਾਤਾ ਦਾਨੀ ਆਪ ਅਖਵਾਈਆ। ਆਦਿ ਨਿਰੰਜਣ ਨੂਰ ਮਹਾਨਾ, ਨੂਰੋ ਨੂਰ ਡਗਮਗਾਇਆ। ਅਬਿਨਾਸ਼ੀ ਕਰਤਾ ਖੇਲ ਮਹਾਨਾ, ਖੇਲਣਹਾਰਾ ਆਪ ਹੋ ਜਾਈਆ। ਸ੍ਰੀ ਭਗਵਾਨ ਵਖਾਏ ਸਚ ਮਕਾਨਾ, ਸਚ ਮਹੱਲਾ ਆਪ ਜਣਾਈਆ। ਪਾਰਬ੍ਰਹਮ ਪ੍ਰਭ ਗੁਣ ਨਿਧਾਨਾ, ਗੁਣ ਅਵਗੁਣ ਨਾ ਕੋਇ ਵਖਾਈਆ। ਜਿਸ ਜਨ ਕਰੇ ਆਪ ਪਰਵਾਨਾ, ਆਪ ਆਪਣੀ ਗੋਦ ਬਹਾਈਆ। ਸ਼ਰੀਕਤ ਕਰੇ ਕੋਈ ਕਿਆ ਵਿਚ ਜਹਾਨਾ, ਜਿਸ ਮਿਲਿਆ ਹਰਿ ਗੋਸਾਈਂਆ। ਆਤਮ ਮਾਰੇ ਤੀਰ ਨਿਸ਼ਾਨਾ, ਬ੍ਰਹਮ ਬਾਣ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮਾਟੀ ਭਾਗ ਲਗਾਈਆ। ਕਾਇਆ ਮਾਟੀ ਕਾਚੀ ਵੰਗ, ਗੁਰ ਸਤਿਗੁਰ ਰੰਗ ਚੜ੍ਹਾਇੰਦਾ। ਆਤਮ ਰੱਖੇ ਸੇਜ ਪਲੰਘ, ਨਿਰਗੁਣ ਸਰਗੁਣ ਆਪ ਹੰਢਾਇੰਦਾ। ਸ਼ਬਦ ਅਗੰਮੀ ਵਜਾਏ ਮਰਦੰਗ, ਨਾਦ ਅਨਾਦੀ ਨਾਦ ਸੁਣਾਇੰਦਾ। ਕਰੇ ਖੇਲ ਸੂਰਾ ਸਰਬੰਗ, ਘਰ ਘਰ ਵਿਚ ਜੋਤ ਜਗਾਇੰਦਾ। ਮਾਨਸ ਜਨਮ ਨਾ ਹੋਏ ਭੰਗ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਨੰਗੀ ਹੋਏ ਨਾ ਕੰਡ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਮਨ ਮਮਤਾ ਕਰੇ ਰੰਡ, ਮਨ ਮਤ ਨਾਰ ਦੁਹਾਗਣ ਦਰ ਦੁਰਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮੇਲੇ ਆਪਣੇ ਦਰ ਆਪਣੀ ਦਇਆ ਆਪ ਕਮਾਇੰਦਾ। ਏਕਾ ਮੰਨੇ ਪੁਰਖ ਨਿਰੰਜਣ, ਆਤਮ ਪਰਮਾਤਮ ਮੇਲ ਮਿਲਾਈਆ। ਨੇਤਰ ਪਾਏ ਨਾਮ ਅੰਜਣ, ਅਗਿਆਨ ਅੰਧੇਰ ਚੁਕਾਈਆ। ਘਰ ਘਰ ਵਿਚ ਦਿਸੇ ਸਾਚਾ ਸੱਜਣ, ਘਰ ਘਰ ਵਿਚ ਵੱਜੇ ਵਧਾਈਆ। ਅੰਮ੍ਰਿਤ ਸਰੋਵਰ ਕਰਾਏ ਮੱਜਨ, ਦੁਰਮਤ ਮੈਲ ਧੁਆਈਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਮਨ ਵਾਸ਼ਨਾ ਦਏ ਖਪਾਈਆ। ਕਾਇਆ ਕਰੇ ਸਾਚੀ ਕੰਚਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਰੰਗ ਰੰਗਾਈਆ। ਏਕਾ ਪਿਤਾ ਪੁਰਖ ਅਕਾਲਾ, ਅਕਲ ਕਲਾ ਵਡਿਆਈਆ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲਾ, ਚਾਰ ਦੀਵਾਰ ਨਾ ਕੋਇ ਬਣਾਈਆ। ਨਿਰਗੁਣ ਜੋਤ ਦੀਪ ਉਜਾਲਾ, ਆਦਿ ਅੰਤ ਰੁਸ਼ਨਾਈਆ। ਅਨਹਦ ਵੱਜੇ ਸਾਚਾ ਤਾਲਾ, ਸੁੰਨ ਸਮਾਧ ਖੁਲ੍ਹਾਈਆ। ਸੁਰਤੀ ਸੁਰਤ ਕਰੇ ਬੇਹਾਲਾ, ਮੂਰਤ ਅਕਾਲ ਵਡੀ ਵਡਿਆਈਆ। ਮਨ ਮਨੂਆ ਅੰਤ ਹੋਏ ਬੇਹਾਲਾ, ਢਹਿ ਢਹਿ ਆਪਣਾ ਸੀਸ ਝੁਕਾਈਆ। ਦਹਿ ਦਿਸ਼ਾ ਨਾ ਮਾਰੇ ਕੋਈ ਛਾਲਾ, ਚਾਰ ਕੁੰਟ ਨਾ ਉਠ ਉਠ ਧਾਈਆ। ਜਿਸ ਜਨ ਮਿਲਿਆ ਗੁਰ ਗੋਪਾਲਾ, ਤਿਸ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸ਼ਿਰਕਤ ਦਏ ਮਿਟਾਈਆ। ਜਗਤ ਸ਼ਰੀਕਤ ਨਾਤਾ ਤੋੜੇ, ਗੁਰ ਸਤਿਗੁਰ ਵਡ ਵਡਿਆਈਆ। ਮਨ ਵਿਕਾਰਾ ਪੰਚਮ ਹੋੜੇ, ਸ਼ਬਦ ਡੰਡਾ ਹੱਥ ਰਖਾਈਆ। ਸੁਰਤੀ ਚਾੜ੍ਹੇ ਆਪਣੇ ਘੋੜੇ, ਸਾਚਾ ਘੋੜਾ ਇਕ ਦੌੜਾਈਆ। ਮੰਦਰ ਅੰਦਰ ਲਾਏ ਪੌੜੇ, ਡੂੰਘੀ ਕੰਦਰ ਵੇਖ ਵਖਾਈਆ। ਪੰਧ ਮੁਕਾਏ ਲੰਮਾ ਚੌੜੇ, ਦੂਰ ਨੇੜਾ ਨਾ ਕੋਇ ਜਣਾਈਆ। ਰਸ ਵੇਖੇ ਮਿੱਠੇ ਕੌੜੇ, ਲੱਖ ਚੁਰਾਸੀ ਫੋਲ ਫੋਲਾਈਆ। ਜਿਸ ਜਨ ਪ੍ਰਭ ਮਿਲਣ ਦੀ ਲੱਗੀ ਔੜੇ, ਦੇ ਦਰਸ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਦੇਵੇ ਕੱਟ, ਇਕ ਵਖਾਏ ਸਾਚਾ ਹੱਟ, ਨਿਰਗੁਣ ਜੋਤ ਨੂਰ ਕਰ ਪਰਗਟ, ਸਵੱਛ ਸਰੂਪੀ ਰੂਪ ਵਟਾਈਆ। ਜਗਤ ਵਿਛੋੜਾ ਮੁੱਕੇ ਪੰਧ, ਸ਼ਰੀਕਤ ਕੋਇ ਨਜ਼ਰ ਨਾ ਆਈਆ। ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭਓ ਭੰਨਾਈਆ। ਘਰ ਵਿਚ ਵਖਾਏ ਸਾਚਾ ਚੰਦ, ਘਰ ਘਰ ਕਰੇ ਰੁਸ਼ਨਾਈਆ। ਮਨ ਪੰਛੀ ਪਾਏ ਏਕਾ ਫੰਧ, ਨਾਮ ਡੋਰੀ ਹੱਥ ਉਠਾਈਆ। ਸਰਬ ਕਲ ਆਪੇ ਸਮਰਥ, ਸਤਿਗੁਰ ਪੂਰਾ ਬੇਪਰਵਾਹੀਆ। ਜਗਤ ਵਾਸਨਾ ਪਾਏ ਨੱਥ, ਤ੍ਰਿਸਨਾ ਤ੍ਰਿਖਾ ਨਾ ਰਹੇ ਰਾਈਆ। ਮਹਿਮਾ ਸੁਣਾਏ ਅਕਥਨਾ ਅਕਥ, ਲਿਖਣ ਪੜ੍ਹਨ ਵਿਚ ਨਾ ਆਈਆ। ਸ਼ਬਦ ਅਗੰਮੀ ਮਾਰਗ ਦੱਸ, ਬੋਧ ਅਗਾਧ ਕਰੇ ਪੜ੍ਹਾਈਆ। ਚੌਦਾਂ ਵਿਦਿਆ ਚਰਨਾਂ ਹੇਠਾਂ ਝੱਸ, ਲੋਕਮਾਤ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਸੋ ਜਨ ਦੂਸਰ ਦਰ ਨਾ ਲੱਭਣ ਜਾਈਆ। ਜਗਤ ਸ਼ਰੀਕਤ ਮਿਟੇ ਅੰਧੇਰਾ, ਗੁਰ ਸਤਿਗੁਰ ਦਇਆ ਕਮਾਇੰਦਾ। ਏਕਾ ਰੰਗ ਵਖਾਏ ਸੰਞ ਸਵੇਰਾ, ਸੂਰਜ ਚੰਦ ਨਾ ਕੋਇ ਚੜ੍ਹਾਇੰਦਾ। ਦਰਸ ਦਿਖਾਏ ਨੇਰਨ ਨੇਰਾ, ਨੇਤਰ ਲੋਚਣ ਆਪ ਖੁਲ੍ਹਾਇੰਦਾ। ਨਾਤਾ ਤੁਟੇ ਮੇਰਾ ਤੇਰਾ, ਤੇਰਾ ਮੇਰਾ ਏਕਾ ਘਰ ਬਹਾਇੰਦਾ। ਆਵਣ ਜਾਵਣ ਚੁੱਕੇ ਗੇੜਾ, ਗੇੜਾ ਆਪਣੇ ਹੱਥ ਰਖਾਇੰਦਾ। ਪੰਚ ਪੰਚਾਇਨ ਨਾ ਕਰੇ ਝੇੜਾ, ਪੰਚਮ ਸ਼ਬਦ ਨਾਦ ਵਜਾਇੰਦਾ। ਖੁਲ੍ਹਾ ਕਰੇ ਆਤਮ ਵੇਹੜਾ, ਆਤਮ ਬ੍ਰਹਮ ਧਰਾਇੰਦਾ। ਈਸ਼ ਜੀਵ ਕਰੇ ਨਿਬੇੜਾ, ਜਗਦੀਸ ਖੇਲ ਖਿਲਾਇੰਦਾ। ਹਰਿ ਕਾ ਭੇਵ ਜਾਣੇ ਕੇਹੜਾ, ਲੱਖ ਚੁਰਾਸੀ ਭਰਮ ਭੁਆਇੰਦਾ। ਆਪ ਉਪਾਏ ਦਇਆ ਕਮਾਏ ਆਪੇ ਜੋ ਘੜਿਆ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਖੇਲ ਆਪ ਕਰਾਇੰਦਾ। ਕਰੇ ਖੇਲ ਖੇਲ ਕਰਤਾਰਾ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਅਗੰਮ ਅਗੰਮੜਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਕਰੇ ਖੇਲ ਅਪਰ ਅਪਾਰਾ, ਸਾਚੇ ਤਖ਼ਤ ਸੋਭਾ ਪਾਈਆ। ਹੁਕਮੀ ਹੁਕਮ ਵਰਤੇ ਵਰਤਾਰਾ, ਹੁਕਮ ਹਾਕਮ ਆਪ ਸੁਣਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜਾ, ਆਪਣਾ ਬੰਧਨ ਪਾਈਆ। ਆਪੇ ਪੁਰਖ ਆਪੇ ਨਾਰਾ, ਜਨਨੀ ਜਨ ਆਪ ਅਖਵਾਈਆ। ਏਕਾ ਸੁਤ ਜਣੇ ਦੁਲਾਰਾ, ਸ਼ਬਦੀ ਨਾਉਂ ਧਰਾਈਆ। ਏਕਾ ਵਸਤ ਦਏ ਭੰਡਾਰਾ, ਏਕਾ ਘਰ ਸੱਚਾ ਘਰ ਬਾਰਾ, ਥਿਰ ਘਰ ਸਾਚੇ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਰੂਪ ਆਪਣੇ ਵਿਚ ਟਿਕਾਈਆ। ਆਪਣਾ ਰੂਪ ਆਪਣੇ ਅੰਦਰ, ਹਰਿ ਆਪੇ ਆਪ ਟਿਕਾਇੰਦਾ। ਲੇਖਾ ਜਾਣੇ ਸਾਚੇ ਮੰਦਰ, ਗ੍ਰਹਿ ਮੰਦਰ ਆਪ ਸੁਹਾਇੰਦਾ। ਮਨ ਪੰਖੀ ਉਠ ਉਠ ਧਾਏ ਨਾ ਬੰਦਰ, ਜਿਸ ਜਨ ਆਪਣਾ ਬੰਧਨ ਪਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਕਾਇਆ ਬੰਕ ਫੋਲ ਫੋਲਾਇੰਦਾ। ਤੋੜਨਹਾਰਾ ਆਪਣਾ ਜੰਦਰ, ਬਜਰ ਕਪਾਟੀ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਘਰ ਵਸਾਇੰਦਾ। ਉਹਨਾਂ ਨਾਲ ਸ਼ਰੀਕਤ ਕਰੇ ਕੌਣ, ਜਿਸ ਹਰਿ ਹਰਿ ਮਾਰਗ ਲਾਇਆ। ਸੇਵਾ ਕਰੇ ਉਣੰਜਾ ਪੌਣ, ਸੀਸ ਚਵਰ ਇਕ ਝੁਲਾਇਆ। ਬ੍ਰਹਮਾ ਵਿਸ਼ਨ ਸ਼ਿਵ ਸਾਰੇ ਗੌਣ, ਜਿਨ੍ਹਾਂ ਹਰਿ ਹਰਿ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪਰਦਾ ਦਏ ਉਠਾਇਆ। ਪਰਦਾ ਉਠਾਏ ਦੇਵੇ ਚੁੱਕ, ਆਪਣੀ ਦਇਆ ਕਮਾਈਆ। ਦਰਸ ਦਿਖਾਏ ਜੋ ਬੈਠਾ ਲੁਕ, ਆਪਣੀ ਬੂਝ ਬੁਝਾਈਆ। ਗੁਰਮੁਖ ਕਰੇ ਉਜਲ ਮੁਖ, ਲੋਕਮਾਤ ਵਡਿਆਈਆ। ਸੁਫ਼ਲ ਕਰੇ ਮਾਤ ਕੁੱਖ, ਧੰਨ ਧੰਨ ਜਣੇਂਦੀ ਮਾਈਆ। ਮਨ ਮਨੂਆ ਜੜ੍ਹ ਦੇਵੇ ਪੁੱਟ, ਮੂੰਹ ਦੇ ਭਾਰ ਸੁਟਾਈਆ। ਜਗਤ ਵਾਸਨਾ ਕੱਢੇ ਕੁੱਟ, ਸਤਿਗੁਰ ਪੂਰੇ ਹੱਥ ਵਡਿਆਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਤ੍ਰਿਸਨਾ ਤ੍ਰਿਪਤ ਕਰਾਈਆ। ਨਿਰਮਲ ਜਗਾਏ ਸਾਚੀ ਜੋਤ, ਨੂਰ ਨੂਰ ਰੁਸ਼ਨਾਈਆ। ਘਰ ਘਰ ਵਿਚ ਵਸਾਏ ਸਾਚਾ ਕੋਟ, ਕਿਲਾ ਕੋਟ ਆਪ ਬਣਾਈਆ। ਸ਼ਬਦ ਨਗਾਰੇ ਵੱਜੇ ਚੋਟ, ਤਾਲ ਤਲਵਾੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਸ਼ਰੀਕਤ ਦਏ ਮਿਟਾਈਆ। ਜਗਤ ਸ਼ਰੀਕਤ ਲਾਸ਼ਰੀਕ, ਹਰਿ ਸਾਚਾ ਆਪ ਗੁਆਇੰਦਾ। ਜਿਸ ਜਨ ਮੇਟੇ ਅੰਧੇਰਾ ਤਾਰੀਕ, ਚੰਦ ਚਾਂਦਨਾ ਆਪ ਵਖਾਇੰਦਾ। ਬੇਐਬ ਵਸੇ ਸਦਾ ਨਜ਼ੀਕ, ਐਬ ਸਭ ਦੇ ਆਪ ਗੁਆਇੰਦਾ। ਲੇਖਾ ਜਾਣੇ ਹੱਕ ਹਕ਼ੀਕ਼ਤ ਹਕ਼ੀਕ਼, ਹਰਿ ਹੱਕ ਆਪਣੀ ਧਾਰ ਬੰਧਾਇੰਦਾ। ਜੋ ਜਨ ਰੱਖੇ ਇਕ ਉਡੀਕ, ਤਿਸ ਆਸਾ ਪੂਰ ਕਰਾਇੰਦਾ। ਹਰਿਜਨ ਲਾਏ ਸਚ ਪ੍ਰੀਤ, ਗੁਰਮੁਖ ਵਿਰਲਾ ਪਾਰ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸ਼ਰੀਕਤ ਆਪ ਗੁਆਇੰਦਾ। ਜਗਤ ਸ਼ਰੀਕਤ ਦਏ ਗੁਆ, ਜਿਸ ਜਨ ਸਾਚੀ ਬੂਝ ਬੁਝਾਈਆ। ਅੰਮ੍ਰਿਤ ਜਾਮ ਦਏ ਪਿਆ, ਨਿਝਰ ਝਿਰਨਾ ਆਪ ਝਿਰਾਈਆ। ਸੋਈ ਸੁਰਤੀ ਲਏ ਜਗਾ, ਸ਼ਬਦ ਨਾਦ ਸੁਣਾਈਆ। ਆਪਣਾ ਪੱਲੂ ਲਏ ਫੜਾ, ਟੇਢੀ ਬੰਕ ਹੋਏ ਸਹਾਈਆ। ਸੁਖਮਨ ਤੇਰਾ ਪੰਧ ਮੁਕਾ, ਈੜਾ ਪਿੰਗਲ ਚਰਨਾਂ ਹੇਠ ਰਖਾਈਆ। ਸਚ ਸਰੋਵਰ ਦਏ ਨੁਹਾ, ਸਰ ਸਰੋਵਰ ਇਕ ਵਖਾਈਆ। ਹੰਸ ਰੂਪ ਦਏ ਵਟਾ, ਕਾਗੋਂ ਕਾਗ ਹੰਸ ਬਣਾਈਆ। ਕੋਟਨ ਦੀਪਕ ਜੋਤ ਜਗਾ, ਏਕਾ ਨੂਰ ਦਏ ਰੁਸ਼ਨਾਈਆ। ਏਕਾ ਅਨਹਦ ਨਾਦ ਸੁਣਾ, ਧੁਨ ਆਤਮਕ ਕਰੇ ਸ਼ਨਵਾਈਆ। ਸਾਚੇ ਮਾਰਗ ਦੇਵੇ ਪਾ, ਆਪਣਾ ਹੁਕਮ ਵਰਤਾਈਆ। ਬੰਦ ਤਾਕੀ ਦਏ ਖੁਲ੍ਹਾ, ਸਾਚਾ ਸਾਕੀ ਬਣ ਬਣ ਮਾਹੀਆ। ਮਨ ਆਕੀ ਦਿਸੇ ਨਾ ਕਿਸੇ ਥਾਂ, ਬੈਠਾ ਆਪਣਾ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਜਿਸ ਸਿਰ ਹੱਥ ਰੱਖੇ ਨਿਰੰਕਾਰ, ਤਿਸ ਸ਼ਰੀਕਤ ਮਾਤ ਗੁਆਇੰਦਾ। ਏਕਾ ਵਸਤ ਦਏ ਆਧਾਰ, ਦੂਜੀ ਵਸਤ ਸਰਬ ਗੁਆਇੰਦਾ। ਏਕਾ ਮਸਤ ਕਰੇ ਖ਼ੁਮਾਰ, ਜਗਤ ਮਸਤੀ ਮੇਟ ਮਿਟਾਇੰਦਾ। ਏਕਾ ਬਸਤਰ ਤਨ ਸ਼ਿੰਗਾਰ, ਜਗਤ ਸ਼ਿੰਗਾਰ ਮੁਖ ਭੁਆਇੰਦਾ। ਏਕਾ ਰੰਗ ਚਾੜ੍ਹੇ ਚਾੜ੍ਹਣਹਾਰ, ਜਗਤ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਪਾਰ ਉਤਾਰਿਆ, ਕਰ ਕਿਰਪਾ ਗੁਣ ਨਿਧਾਨ। ਜਨਮ ਜਨਮ ਦਾ ਗੇੜ ਨਿਵਾਰਿਆ, ਪੂਰਬ ਲੇਖਾ ਵੇਖੇ ਮਾਰ ਧਿਆਨ। ਏਕਾ ਬਖ਼ਸ਼ੇ ਚਰਨ ਦੁਆਰਿਆ, ਨਾਤਾ ਤੋੜੇ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਖੇਲ ਅਪਾਰਾ ਏਕਾ ਰੰਗ, ਰੰਗ ਰੰਗੀਲਾ ਆਪ ਜਣਾਈਆ। ਜੋ ਜਨ ਮੰਗੇ ਆਤਮ ਮੰਗ, ਆਤਮ ਦ੍ਰਿਸ਼ਟੀ ਏਕਾ ਦ੍ਰਿਸ਼ਟ ਦਏ ਵਖਾਈਆ। ਜੋ ਜਨ ਮੰਗੇ ਸਾਚਾ ਸੰਗ, ਸਗਲਾ ਸੰਗ ਨਿਭਾਈਆ। ਜੋ ਜਨ ਮੰਗੇ ਸ਼ਬਦ ਡੋਰ ਚੜ੍ਹੇ ਪਤੰਗ, ਸੁਰਤ ਸ਼ਬਦ ਨਾਲ ਜੁੜਾਈਆ। ਜੋ ਜਨ ਆਤਮ ਤੀਰਥ ਮੰਗੇ ਸਾਚੀ ਗੰਗ, ਜਮਨਾ ਸੁਰਸਤੀ ਗੰਗਾ ਗੋਦਾਵਰੀ ਘਰ ਘਰ ਵਿਚ ਦਏ ਵਹਾਈਆ। ਜੋ ਜਨ ਮੰਗੇ ਦਰਸ ਸੂਰਾ ਸਰਬੰਗ, ਸਵੱਛ ਸਰੂਪੀ ਦੇਵੇ ਦਰਸ ਦਿਖਾਈਆ। ਜੋ ਜਨ ਮੰਗੇ ਆਤਮ ਪਰਮਾਨੰਦ, ਅਨੰਦ ਅਨੰਦ ਦਏ ਸਮਝਾਈਆ। ਜੋ ਜਨ ਮੰਗੇ ਨਿਰਗੁਣ ਜੋਤ ਚੜ੍ਹੇ ਚੰਦ, ਜੋਤੀ ਜੋਤ ਕਰੇ ਰੁਸ਼ਨਾਈਆ। ਜੋ ਜਨ ਮੰਗੇ ਪੰਚ ਵਿਕਾਰਾ ਹੋਏ ਖੰਡ ਖੰਡ, ਸਾਚਾ ਖੰਡਾ ਨਾਮ ਫੜਾਈਆ। ਜੋ ਜਨ ਮੰਗੇ ਨਾਤਾ ਤੁਟੇ ਨਾਰ ਦੁਹਾਗਣ ਰੰਡ, ਘਰ ਘਰ ਵਿਚ ਕੰਤ ਮਿਲਾਈਆ। ਜੋ ਜਨ ਮੰਗੇ ਟੁੱਟੀ ਦੇਵੇ ਗੰਢ, ਗੰਢ ਗੰਢ ਨਾਲ ਪੁਆਈਆ। ਜੋ ਜਨ ਮੰਗੇ ਏਕਾ ਦੇਵੇ ਸੁਹਾਗੀ ਛੰਦ, ਜਿਸ ਸੁਣ ਸੁਣ ਮਨ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਇਕ ਵਖਾਈਆ। ਜਗਤ ਸ਼ਰੀਕਤ ਸਤਿਗੁਰ ਵਿਛੋੜਾ, ਲੱਖ ਚੁਰਾਸੀ ਰਹੀ ਕੁਰਲਾਈਆ। ਘਰ ਘਰ ਅੰਦਰ ਪ੍ਰਭ ਮਿਲਣ ਦੀ ਲੱਗੀ ਔੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਚੜ੍ਹ ਚੜ੍ਹ ਥੱਕੇ ਉਚੇ ਟਿੱਲੇ ਜਗਤ ਪੌੜਾ, ਹਰਿ ਕੇ ਪੌੜੇ ਨਾ ਕੋਇ ਚੜ੍ਹਾਈਆ। ਗਾ ਗਾ ਥੱਕੇ ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਖਾਣੀ ਬਾਣੀ ਤੇਰਾ ਦੋਹਰਾ, ਤੇਰੀ ਦੋਹਰੀ ਧਾਰ ਨਜ਼ਰ ਨਾ ਕੋਇ ਕਰਾਈਆ। ਮਾਰ ਮਾਰ ਥੱਕੇ ਪੰਜ ਚੋਰਾ, ਘਰ ਵਿਚ ਮੁੱਕੀ ਨਾ ਕਿਸੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸ਼ਰੀਕਤ ਰਿਹਾ ਸਮਝਾਈਆ। ਜਗਤ ਸ਼ਰੀਕਤ ਸਤਿਗੁਰ ਭੁੱਲਾ, ਮਾਇਆ ਮਮਤਾ ਮੋਹ ਜੰਜਾਲਾ। ਕਾਮੀ ਕਰੋਧੀ ਜੂਠਾ ਝੂਠਾ ਰੁਲਾ, ਫਲ ਨਾ ਲੱਗਾ ਕਾਇਆ ਡਾਲਾ। ਸਿਮਲ ਰੁੱਖ ਫਲਿਆ ਫੁਲਾ, ਅੰਤ ਹੋਏ ਬੇਹਾਲਾ। ਏਥੇ ਓਥੇ ਕੋਇ ਨਾ ਮੁੱਲਾ, ਨਾ ਕੋਈ ਸ਼ਾਹ ਨਾ ਕੰਗਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਹਰਿਜਨ ਦੇਵੇ ਰਾਹ ਸੁਖਾਲਾ। ਹਰਿ ਮੰਨੇ ਵਡ ਮਿਹਰਵਾਨ, ਮਾਇਆ ਮਮਤਾ ਮੋਹ ਤਜਾਈਆ। ਏਕਾ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਆਪ ਪੜ੍ਹਾਈਆ। ਇਕ ਵਖਾਏ ਸਚ ਨਿਸ਼ਾਨ, ਸਚ ਨਿਸ਼ਾਨਾ ਆਪ ਉਠਾਈਆ। ਇਕ ਵਖਾਏ ਮੰਦਰ ਮਕਾਨ, ਜਿਸ ਡਿਠਿਆਂ ਸਭ ਦੁੱਖ ਮਿਟ ਜਾਈਆ। ਏਕਾ ਮਾਰੇ ਤੀਰ ਬਾਣ, ਮਨ ਘਾਇਲ ਦਏ ਕਰਾਈਆ। ਮਤ ਮਤਵਾਲੀ ਹੋਏ ਹੈਰਾਨ, ਨਿਉਂ ਨਿਉਂ ਸੀਸ ਝੁਕਾਈਆ। ਬੁਧੀ ਪਾਏ ਆਪਣੀ ਆਣ, ਆਪਣਾ ਕੀਤਾ ਆਪਣੇ ਵਿਚ ਛੁਪਾਈਆ। ਹਰਿ ਸਤਿਗੁਰ ਸੱਚਾ ਵਡ ਬਲਵਾਨ, ਸਭ ਦਾ ਲੇਖਾ ਦਏ ਮੁਕਾਈਆ। ਬਿਨ ਸਤਿਗੁਰ ਪੂਰੇ ਸਰਬ ਪਛਤਾਣ, ਮਨ ਕਾ ਭਰਮ ਨਾ ਕੋਇ ਚੁਕਾਈਆ। ਪੜ੍ਹ ਪੜ੍ਹ ਥੱਕੇ ਜੀਵ ਜਹਾਨ, ਜਿਹਵਾ ਕਾਗ ਵਾਂਗ ਕੁਰਲਾਈਆ। ਆਤਮ ਅੰਤਰ ਨਾ ਕੋਇ ਧਿਆਨ, ਅੰਮਿਉਂ ਰਸ ਨਾ ਕੋਇ ਚਖਾਈਆ। ਜਗਤ ਸ਼ਰੀਕਤ ਵੇਖ ਦੁਕਾਨ, ਚੌਦਾਂ ਤਬਕ ਦੇਣ ਦੁਹਾਈਆ। ਨਾਤਾ ਤੁਟਾ ਜ਼ਿਮੀਂ ਅਸਮਾਨ, ਆਫ਼ਤਾਬ ਮੁਖ ਛੁਪਾਈਆ। ਕਲਮਾ ਕਲਮੀ ਨਾ ਕੋਇ ਈਮਾਨ, ਆਲਮ ਉਲਮਾ ਨਾ ਕੋਇ ਪੜ੍ਹਾਈਆ। ਮੁਕਾਮੇ ਹੱਕ ਨਾ ਕੋਇ ਮਿਹਬਾਨ, ਨੇਤਰ ਨੈਣ ਨਾ ਦਰਸ਼ਨ ਪਾਈਆ। ਕਲਜੁਗ ਰਚਨਾ ਪੀਵਣ ਖਾਣ, ਪੀਰ ਪੈਗ਼ੰਬਰ ਔਲੀਏ ਮੁੱਲਾਂ ਸ਼ੇਖ਼ ਮੁਸਾਇਕ ਸਾਚਾ ਨਾਇਕ ਨਾ ਕੋਇ ਮਨਾਈਆ। ਪੰਡਤ ਪਾਂਧੇ ਪੜ੍ਹ ਪੜ੍ਹ ਪੁਰਾਨ, ਚਾਰੇ ਵਰਨਾਂ ਦੇਣ ਗਿਆਨ, ਚਾਰ ਵੇਦ ਕਰਨ ਪੜ੍ਹਾਨ, ਨਿਸ਼ਅੱਖਰ ਕਰੇ ਨਾ ਕੋਇ ਪੜ੍ਹਾਈਆ। ਖਾਣੀ ਬਾਣੀ ਹੋਈ ਬਲਵਾਨ, ਚਾਰੋਂ ਕੁੰਟ ਭੁੱਲੇ ਨਾਦਾਨ, ਦਿਸ ਨਾ ਆਏ ਕਿਸੇ ਭਗਵਾਨ, ਜੂਠ ਝੂਠ ਵਣਜ ਰਹੇ ਕਰਾਈਆ। ਸਤਿਗੁਰ ਪੂਰਾ ਹੋਏ ਮਿਹਰਵਾਨ ਘਰ ਘਰ ਵਿਚ ਮੇਲੇ ਆਣ, ਨਾਤਾ ਤੋੜੇ ਪੰਜ ਸ਼ੈਤਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਆਪਣੇ ਹੱਥ ਰਖਾਈਆ। ਕਰੇ ਸ਼ਰੀਕਤ ਮਨ ਬਲਵਾਨਾ, ਦਿਵਸ ਰੈਣ ਖੇਲ ਨਿਆਰੇ। ਜੀਵ ਜੰਤ ਭੁਲਾਏ ਬਣ ਅਞਾਣਾ, ਬੁਧ ਬਿਬੇਕ ਨਾ ਕੋਇ ਕਰਾਏ। ਖ਼ਾਕ ਰੁਲਾਏ ਰਾਜਾ ਰਾਣਾ, ਸ਼ਾਹ ਸੁਲਤਾਨਾ ਮੁਖ ਭੁਆਏ। ਸਾਧਾਂ ਸੰਤਾਂ ਦੇਵੇ ਆਪਣਾ ਪਰਵਾਨਾ, ਕਾਮੀ ਕਾਮ ਲੋਭ ਮੋਹ ਹਲਕਾਏ। ਚਾਰੋਂ ਕੁੰਟ ਕਰੇ ਵੈਰਾਨਾ, ਦਹਿ ਦਿਸ਼ਾ ਉਠ ਉਠ ਧਾਏ। ਸਦ ਵਸੇ ਸਾਢੇ ਤਿੰਨ ਹੱਥ ਮੰਦਰ ਮਕਾਨਾ, ਆਪਣਾ ਮੁਖ ਨਾ ਕਿਸੇ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸ਼ਰੀਕ ਦਏ ਜਣਾਏ। ਜਗਤ ਸ਼ਰੀਕ ਮਨ ਬਲਵਾਨ, ਆਪਣੀ ਵਾਸ਼ਨਾ ਨਾਚ ਨਚਾਈਆ। ਆਪਣਾ ਰਾਗ ਸੁਣਾਏ ਕਾਨ, ਲੱਖ ਚੁਰਾਸੀ ਲਏ ਉਠਾਈਆ। ਜਗਤ ਤ੍ਰਿਸਨਾ ਮੇਰੀ ਦੁਕਾਨ, ਵਸਤ ਅਮੋਲਕ ਇਕ ਵਰਤਾਈਆ। ਮਾਇਆ ਮਮਤਾ ਪੀਣ ਖਾਣ, ਸਾਚਾ ਰੰਗ ਰੰਗਾਈਆ। ਜਾਣਾ ਭੁਲ ਗੁਣ ਨਿਧਾਨ, ਗੁਣ ਨਿਧਾਨ ਮੇਰੇ ਦਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸ਼ਰੀਕਤ ਰਿਹਾ ਕਰਾਈਆ। ਮਨ ਸ਼ਰੀਕਤ ਜਗਤ ਅਖਾੜਾ, ਘਟ ਘਟ ਅੰਦਰ ਲਾਇਆ। ਲਾਈ ਅੱਗ ਬਹੱਤਰ ਨਾੜਾ, ਤਿੰਨ ਸੌ ਸੱਠ ਹਾਡੀ ਨਾਲ ਜਲਾਇਆ। ਮਤ ਮਤਵਾਲੀ ਕੀ ਕਰੇ ਵਿਚਾਰਾ, ਵਿਚਾਰ ਵਿਚ ਕਦੇ ਨਾ ਆਇਆ। ਬੁਧ ਨਿਮਾਣੀ ਆਪਣਾ ਬਲ ਹਾਰਾ, ਬੈਠੀ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਕਾ ਖੇਲ ਆਪ ਖਿਲਾਇਆ। ਮਨ ਵਜਾਏ ਡੌਰੂ ਡੰਕ, ਆਪਣੇ ਹੱਥ ਰੱਖੇ ਵਡਿਆਈਆ। ਫੜ ਫੜ ਉਠਾਏ ਰਾਓ ਰੰਕ, ਸੋਇਆ ਕੋਇ ਰਹਿਣ ਨਾ ਪਾਈਆ। ਭਰਮ ਭੁਲਾਏ ਭਰਮੀ ਜੰਤ, ਭਰਮ ਭੁਲੇਖਾ ਇਕ ਰਖਾਈਆ। ਮੇਰਾ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਰਹੀ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸ਼ਰੀਕਤ ਆਪ ਵਧਾਈਆ। ਜਗਤ ਸ਼ਰੀਕਤ ਗਈ ਵਧ, ਕਲਜੁਗ ਖੇਲ ਖਿਲਾਇਆ। ਮਨ ਪਿਆਈ ਹੰਕਾਰੀ ਮਦਿ, ਏਕਾ ਨਸ਼ਾ ਚੜ੍ਹਾਇਆ। ਆਪਣੀਆਂ ਇੰਦਰੀਆਂ ਆਪਣੇ ਦਵਾਰੇ ਸੱਦ, ਆਪਣਾ ਭੋਗ ਵਖਾਇਆ। ਆਪਣਾ ਭਾਰ ਆਪੇ ਲਦ, ਆਪੇ ਰਿਹਾ ਉਠਾਇਆ। ਆਪਣੇ ਮੰਦਰ ਆਪੇ ਗੱਜ, ਆਪਣਾ ਨਾਅਰਾ ਲਾਇਆ । ਆਪਣੇ ਤਖ਼ਤ ਆਪੇ ਸਾਜ, ਸ਼ਾਹ ਪਾਤਸ਼ਾਹ ਆਪ ਅਖਵਾਇਆ। ਆਪ ਗਵਾਈ ਆਪਣੀ ਲਜ, ਲਜ ਅਵਰ ਨਾ ਕੋਇ ਧਰਾਇਆ। ਅਪਣਾ ਨਾਚ ਆਪੇ ਰਿਹਾ ਨੱਚ, ਲੱਖ ਚੁਰਾਸੀ ਨਾਲ ਮਿਲਾਇਆ। ਕਰੇ ਖੇਲ ਕਾਇਆ ਮਾਟੀ ਭਾਂਡੇ ਕੱਚ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪਰਦਾ ਪਾਇਆ। ਰਜੋ ਤਮੋ ਸਤੋੋ ਹੋ ਨਾ ਸਕੇ ਵੱਖ, ਏਕਾ ਬੰਧਨ ਆਪ ਰਖਾਇਆ। ਆਪੇ ਜਾਣੇ ਕਿਸ਼ਨਾ ਸੁਖਲਾ ਪੱਖ, ਆਪਣਾ ਖੇਲ ਆਪ ਕਰਾਇਆ। ਆਪਣੇ ਦਵਾਰੇ ਹੋ ਪਰਤੱਖ, ਆਪਣਾ ਰੂਪ ਧਰਾਇਆ। ਜਗਤ ਗਿਆਨ ਨਾ ਸਕੇ ਡੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸ਼ਰੀਕਤ ਕਰੇ ਮਨ, ਨਾ ਕੋਈ ਰੂਪ ਕੋਈ ਚਿਨ੍ਹ, ਨੇਤਰ ਦਿਸ ਕਿਸੇ ਨਾ ਆਇਆ। ਕਰੇ ਸ਼ਰੀਕਤ ਅੰਦਰ ਵੜ, ਹਰਿ ਸਾਚਾ ਖੇਲ ਖਿਲਾਈਆ। ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੰਗ ਨਾ ਕੋਇ ਵਖਾਈਆ। ਜਗਤ ਬਲਵਾਨ ਨਾ ਸਕੇ ਕੋਈ ਫੜ, ਵਡ ਬਲਵਾਨਾ ਖ਼ਾਕ ਮਿਲਾਈਆ। ਹੱਥ ਨਾ ਪਾਏ ਕੋਈ ਵਿਦਿਆ ਪੜ੍ਹ, ਕੋਟਨ ਕੋਟ ਵਿਦਿਆ ਪੜ੍ਹ ਪੜ੍ਹ ਬੈਠੇ ਵਾਦ ਵਧਾਈਆ। ਅਗਨੀ ਹਵਨ ਨਾ ਜਾਏ ਸੜ, ਜੋਤੀ ਅੰਸ ਆਪ ਹੋ ਜਾਈਆ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਪੁਰਖ ਅਬਿਨਾਸ਼ੀ ਅਚਰਜ ਖੇਲ ਖਿਲਾਈਆ। ਨਾ ਪੁਰਖ ਨਾ ਨਾਰੀ ਨਰ, ਘਰ ਘਰ ਆਪਣੀ ਧਾਰ ਚਲਾਈਆ। ਬਿਨ ਸਤਿਗੁਰ ਪੂਰੇ ਨਾ ਜਾਏ ਮਰ, ਮਰਿਆ ਜੀਵਤ ਨਾ ਫੇਰ ਕਰਾਈਆ। ਜੀਵਤ ਮਰਨ ਨਾ ਚੁੱਕੇ ਡਰ, ਨਿਰਭਉ ਰੂਪ ਨਾ ਕੋਇ ਸਮਾਈਆ। ਜਿਸ ਘਾੜਣ ਤੇਰਾ ਲਿਆ ਘੜ, ਘੜਨਹਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਸ਼ਰੀਕਤ ਮਨ ਤੇਰੀ ਝੋਲੀ ਪਾਈਆ। ਮਨ ਸ਼ਰੀਕਤ ਪਾ ਲੈ ਝੋਲੀ, ਗੁਰ ਸਤਿਗੁਰ ਆਪ ਸੁਣਾਇੰਦਾ। ਤੇਰੀ ਵਾਸਨਾ ਤੇਰੀ ਗੋਲੀ, ਤੇਰੇ ਦਰ ਬਹਾਇੰਦਾ। ਤੇਰੀ ਵੇਖੇ ਝੂਠੀ ਹੋਲੀ, ਆਪਣਾ ਹੁਕਮ ਸੁਣਾਇੰਦਾ। ਮੇਰੇ ਮੰਦਰ ਵੜ ਕੇ ਫੇਰ ਨਾ ਬੋਲੀਂ, ਗੁਰ ਪੂਰਾ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਜਗਤ ਸ਼ਰੀਕਤ ਮੇਟ ਮਿਟਾਇੰਦਾ। ਮੰਨੇ ਹਰਿ ਸਰਬ ਗੁਣਵੰਤਾ, ਸ਼ਰੀਕਤ ਜਗਤ ਰਹਿਣ ਨਾ ਪਾਈਆ। ਗੁਰਮੁਖ ਬਣਾਏ ਸਾਚੇ ਸੰਤਾ, ਸਤਿ ਸਤਿਵਾਦੀ ਰੰਗ ਚੜ੍ਹਾਈਆ। ਮਹਿਮਾ ਜਾਣੇ ਅਗਣਤ ਅਗਣਤਾ, ਲੇਖਾ ਲਿਖਣ ਵਿਚ ਨਾ ਆਈਆ। ਖੇਲੇ ਖੇਲ ਲੱਖ ਚੁਰਾਸੀ ਜੀਵ ਜੰਤਾ, ਜਾਗਰਤ ਜੋਤ ਕਰ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਮੰਗਤਾ, ਜੁਗ ਜੁਗ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗਈ ਸ਼ਰੀਕਤ ਮਿਲਿਆ ਮੇਲ, ਪਾਇਆ ਪੁਰਖ ਅਪਾਰਾ। ਦੀਪਕ ਜਗਿਆ ਬਿਨ ਬਾਤੀ ਤੇਲ, ਮੰਦਰ ਹੋਇਆ ਉਜਿਆਰਾ। ਸਤਿਗੁਰ ਮਿਲਿਆ ਸੱਜਣ ਸੁਹੇਲ, ਹਉਮੇ ਰੋਗ ਨਿਵਾਰਾ। ਦਰਸ ਦਿਖਾਏ ਇਕ ਇਕੇਲ, ਖੋਲ੍ਹੇ ਬੰਦ ਕਿਵਾੜਾ। ਮਨ ਵਾਸਨਾ ਕੱਢੇ ਧਕੇਲ, ਮੂੰਹ ਦੇ ਭਾਰ ਸੁੱਟੇ ਪੰਚਮ ਧਾੜਾ। ਗੁਰਮੁਖ ਤੇਰਾ ਖੁਲ੍ਹਾ ਕਰੇ ਵੇਹੜ, ਸਤਿਗੁਰ ਪੂਰਾ ਹੋਏ ਪਹਿਰੇਦਾਰਾ। ਤੇਰਾ ਝੇੜਾ ਦਏ ਨਿਬੇੜ, ਦਰਸ ਦਿਖਾਏ ਏਕਾ ਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦੇਵੇ ਚਰਨ ਪਿਆਰਾ। ਚਰਨ ਪਿਆਰਾ ਦੇਵੇ ਦਾਦ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਏਕਾ ਵਾਰ ਵਖਾਏ ਬ੍ਰਹਮ ਬ੍ਰਹਿਮਾਦਿ, ਬ੍ਰਹਮਾ ਵਿਸ਼ਨ ਸ਼ਿਵ ਨਾਲ ਰਲਾਈਆ। ਏਕਾ ਏਕ ਸੁਣਾਏ ਸਾਚਾ ਨਾਦ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕਾ ਰਿਹਾ ਵਜਾਈਆ। ਏਕਾ ਬਾਣੀ ਸੁਣਾਏ ਬੋਧ ਅਗਾਧ, ਲਿਖਣ ਪੜ੍ਹਣ ਵਿਚ ਨਾ ਆਈਆ। ਏਕਾ ਘਰ ਲਡਾਏ ਲਾਡ, ਆਪ ਆਪਣੀ ਗੋਦ ਬਹਾਈਆ। ਲੱਖ ਚੁਰਾਸੀ ਵਿਚੋਂ ਕਾਢ, ਰਾਏ ਧਰਮ ਫੰਦ ਕਟਾਈਆ। ਮੇਲ ਮਿਲਾਏ ਮੋਹਨ ਮਾਧਵ ਮਾਧ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸੁਣੇ ਫ਼ਰਿਯਾਦ, ਸਾਚੇ ਤਖ਼ਤ ਸੱਚਾ ਸ਼ਹਿਨਸ਼ਾਹੀਆ। ਸਾਚੇ ਤਖ਼ਤ ਬਹਿ ਸੁਲਤਾਨਾ, ਹਰਿ ਸਾਚਾ ਖੇਲ ਖਿਲਾਇੰਦਾ। ਜਗਤ ਸ਼ਰੀਕਤ ਜਗਤ ਬੱਧਾ ਗਾਨਾ, ਲੋਕਮਾਤ ਮੇਲ ਮਿਲਾਇੰਦਾ। ਗੁਰਮੁਖ ਵਿਰਲਾ ਚਤੁਰ ਸੁਜਾਨਾ, ਲੱਖ ਚੁਰਾਸੀ ਵਿਚੋਂ ਆਪ ਉਠਾਇੰਦਾ। ਆਤਮ ਅੰਤਰ ਦੇਵੇ ਇਕ ਗਿਆਨਾ, ਏਕਾ ਆਪਣਾ ਨਾਉਂ ਦ੍ਰਿੜਾਇੰਦਾ। ਮਨ ਕਾ ਮਣਕਾ ਤੋੜ ਅਭਿਮਾਨਾ, ਨਿਵਣ ਸੁ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਮਨ ਸੰਸਾ ਰੋਗ ਗਵਾਇੰਦਾ। ਮਨ ਸੰਸਾ ਹੋਵੇ ਦੂਰ, ਭੈ ਭਉ ਨਾ ਕੋਇ ਜਣਾਈਆ। ਦਰਸ ਦਿਖਾਏ ਹਾਜ਼ਰ ਹਜ਼ੂਰ, ਹਜ਼ਰਤ ਨੂਰ ਇਕੋ ਪਾਈਆ। ਆਸਾ ਮਨਸਾ ਕਰੇ ਪੂਰ, ਮਨਸਾ ਮਨਸਾ ਮਾਹੇਂ ਸਮਾਈਆ। ਨਾਤਾ ਤੋੜੇ ਝੂਠ ਗ਼ਰੂਰ, ਵਾਂਗ ਕਾਫੂਰ ਦਏ ਉਡਾਈਆ। ਮਨ ਮਨੂਆ ਨਾ ਪਾਏ ਫ਼ਤੂਰ, ਏਕਾ ਫ਼ਤਵਾ ਦਏ ਲਗਾਈਆ। ਮੰਨਣਾ ਪਏ ਹੁਕਮ ਜ਼ਰੂਰ, ਨਾ ਸਕੇ ਕੋਇ ਉਲਟਾਈਆ। ਸ਼ਬਦ ਅਗੰਮੀ ਪਾਏ ਜੂੜ, ਨਾ ਸਕੇ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਆਪਣੇ ਖਾਤ ਰਖਾਈਆ। ਮਨ ਰੱਖੇ ਹਰਿ ਹਰਿ ਖਾਤ, ਖਾਤਾ ਆਪਣੇ ਹੱਥ ਰਖਾਇੰਦਾ। ਮਨ ਜਣਾਈ ਆਪਣੀ ਜ਼ਾਤ, ਜ਼ਾਤ ਆਪਣੇ ਵਿਚ ਮਿਲਾਇੰਦਾ। ਮਨ ਰੱਖੀ ਅੰਧੇਰੀ ਰਾਤ, ਅੰਧੇਰਾ ਘੁੱਪ ਆਪ ਗੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਕਾ ਗੜ੍ਹ ਆਪ ਤੁੜਾਇੰਦਾ। ਮਨ ਕਾ ਗੜ੍ਹ ਦੇਵੇ ਤੋੜ, ਤੋੜਨਹਾਰਾ ਇਕ ਅਖਵਾਈਆ। ਸੁਰਤੀ ਤੁਟੀ ਲਵੇ ਜੋੜ, ਸ਼ਬਦੀ ਮੇਲ ਮਿਲਾਈਆ। ਆਪ ਚੜ੍ਹਾਏ ਆਪਣੇ ਘੋੜ, ਆਪਣਾ ਪੰਧ ਮੁਕਾਈਆ। ਦੋ ਜਹਾਨਾਂ ਆਦਿ ਜੁਗਾਦਿ ਜਾਏ ਬੌਹੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵਖਾਏ ਆਪਣੇ ਘਰ, ਸੋਭਾਵੰਤ ਤਿਸ ਦੇਵੇ ਸੱਚੀ ਵਡਿਆਈਆ। ਸੋਭਾਵੰਤ ਹੋਏ ਨਾਰ ਸੁਹਾਗਣ, ਜਿਸ ਆਪਣਾ ਰੰਗ ਵਖਾਇੰਦਾ। ਸਚਖੰਡ ਦਵਾਰ, ਮਿਲੇ ਵਡਿਆਈ ਵਡ ਵਡ ਭਾਗਣ, ਵਡ ਭਾਗੀ ਖੇਲ ਖਿਲਾਇੰਦਾ। ਇਕ ਉਪਜਾਏ ਆਪਣਾ ਵੈਰਾਗਣ, ਵਿਰਾਗੀ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਦੇਵੇ ਹਰ, ਸ਼ਰੀਕਤ ਮੂਲ ਨਾ ਕੋਇ ਰਖਾਇੰਦਾ। ਸ਼ਰੀਕਤ ਤੇਰਾ ਚੁੱਕੇ ਮੂਲ, ਸ਼ਿਰਕਤ ਅਵਰ ਨਾ ਕੋਇ ਵਧਾਈਆ। ਕਰੇ ਖੇਲ ਕੰਤ ਕੰਤੂਹਲ, ਹਰਿ ਕਰਤਾ ਬੇਪਰਵਾਹੀਆ। ਹਰਿ ਭਗਤਾਂ ਦੇਵੇ ਸਚ ਅਸੂਲ, ਸਾਚੇ ਮਾਰਗ ਆਪੇ ਲਾਈਆ। ਆਪੇ ਬਰਖੇ ਸਾਚੇ ਫੂਲ, ਫੁਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਨ ਕਾ ਮੰਦਰ ਦੇਵੇ ਢਾਹੀਆ। ਮਨ ਕਾ ਮੰਦਰ ਜਾਏ ਢੱਠ, ਸਤਿਗੁਰ ਪੂਰਾ ਧੱਕਾ ਲਾਇੰਦਾ। ਇੰਦਰੀਆਂ ਰੋਵਣ ਕਰ ਇਕੱਠ, ਵੇਲਾ ਗਿਆ ਹੱਥ ਨਾ ਆਇੰਦਾ। ਕਰੇ ਖੇਲ ਹਰਿ ਸਮਰਥ, ਸਮਰਥ ਆਪਣੀ ਕਲ ਵਰਤਾਇੰਦਾ। ਜਨ ਭਗਤਾਂ ਪਤ ਲਏ ਰੱਖ, ਪਤਵੰਤਾ ਸੇਵ ਕਮਾਇੰਦਾ। ਜੁਗਾ ਜੁਗੰਤਰ ਹੋ ਪਰਗਟ, ਹਰਿਜਨ ਸਾਚੇ ਆਪ ਤਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣਾ ਬੰਧਨ ਪਾਇੰਦਾ। ਜਿਸ ਜਨ ਮੰਨੇ ਹਰਿ ਗੁਰਦੇਵ, ਤਿਸ ਮਹਿਮਾ ਕਥੀ ਨਾ ਜਾਈਆ। ਮਿਲੇ ਮੇਲ ਅਲਖ ਅਭੇਵ, ਅਗੰਮ ਅਗੋਚਰ ਦਏ ਵਡਿਆਈਆ। ਅੰਮ੍ਰਿਤ ਰਸ ਦੇਵੇ ਸਾਚਾ ਮੇਵ, ਅੰਮ੍ਰਿਤ ਆਪਣਾ ਫਲ ਖੁਆਈਆ। ਕਿਆ ਗੁਣ ਜਾਣੇ ਰਸਨਾ ਜਿਹਵ, ਹਰਿ ਕਾ ਗੁਣ ਕੋਇ ਕਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸਾਚਾ ਹਰਿ, ਹਰਿ ਭਗਤਾਂ ਲਏ ਮਿਲਾਈਆ। ਹਰਿ ਭਗਤ ਮਿਲਾਵਾ ਸਾਚੇ ਘਰ, ਸੋ ਪੁਰਖ ਨਿਰੰਜਣ ਮੇਲ ਮਿਲਾਇੰਦਾ। ਹਰਿ ਪੁਰਖ ਨਿਰੰਜਣ ਚੁਕਾਏ ਡਰ, ਭੈ ਭਿਆਨਕ ਨਾ ਕੋਇ ਜਣਾਇੰਦਾ। ਏਕੰਕਾਰ ਬਾਹੋਂ ਫੜ, ਆਪ ਆਪਣੇ ਅੰਗ ਲਗਾਇੰਦਾ। ਆਦਿ ਨਿਰੰਜਣ ਜੋਤ ਧਰ, ਦੀਵਾ ਬਾਤੀ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨਿਸ਼ਅੱਖਰ ਪੜ੍ਹ, ਆਪਣਾ ਰਾਗ ਸੁਣਾਇੰਦਾ। ਸ੍ਰੀ ਭਗਵਾਨ ਸਾਚੇ ਮੰਦਰ ਚੜ੍ਹ, ਸਚਖੰਡ ਸਾਚੇ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਮੰਗੇ ਵਰ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਕਰਤਾ ਪੁਰਖ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਾਤ ਆਪ ਜਣਾਇੰਦਾ। ਸਾਚੀ ਦਾਤ ਦੇਵੇ ਵੰਡ, ਪਾਰਬ੍ਰਹਮ ਪ੍ਰਭ ਝੋਲੀ ਪਾਈਆ। ਮੇਰਾ ਨਾਉਂ ਵਿਚ ਵਰਭੰਡ, ਆਦਿ ਜੁਗਾਦਿ ਹੋਏ ਸਹਾਈਆ। ਮੇਰਾ ਖੇਲ ਪੰਜ ਤੱਤ, ਤਤਵ ਤਤ ਵੇਸ ਵਟਾਈਆ। ਮੇਰਾ ਭੇਵ ਬੁਧ ਮਨ ਮਤ, ਮਤ ਮਨ ਬੁਧ ਭੇਵ ਨਾ ਪਾਈਆ। ਮੇਰਾ ਖੇਲ ਮਨ ਹਠ, ਜਗਤ ਵਾਸਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਦਏ ਜਣਾਈਆ। ਗੁਣ ਜਣਾਏ ਹਰਿ ਕਰਤਾਰਾ, ਆਪਣੀ ਦਇਆ ਕਮਾਇੰਦਾ। ਮੇਰਾ ਮਨ ਮੇਰਾ ਦਵਾਰਾ, ਮੇਰਾ ਘਰ ਵਸਾਇੰਦਾ। ਮੇਰਾ ਸੁਤ ਮੇਰਾ ਦੁਲਾਰਾ, ਮੇਰਾ ਰਾਹ ਚਲਾਇੰਦਾ। ਮੇਰਾ ਵਣਜ ਮੇਰਾ ਵਾਪਾਰਾ, ਲੱਖ ਚੁਰਾਸੀ ਆਪ ਕਰਾਇੰਦਾ। ਅੰਤਮ ਮੰਨੇ ਮੇਰਾ ਭਾਣਾ, ਸਦ ਭਾਣੇ ਮਨ ਸਮਾਇੰਦਾ। ਜਿਸ ਵੇਲੇ ਸੁਣੇ ਧੁਰ ਫ਼ਰਮਾਨਾ, ਨਿਉਂ ਨਿਉਂ ਸੀਸ ਝੁਕਾਇੰਦਾ। ਚਰਨ ਡਿਗੇ ਹੋ ਨਿਮਾਣਾ, ਬਲ ਅਵਰ ਨਾ ਕੋਇ ਜਣਾਇੰਦਾ। ਹਉਂ ਮਸਕੀਨ ਟੁੱਟਾ ਮਾਣਾ, ਅਭਿਮਾਨ ਨਾ ਕੋਇ ਵਖਾਇੰਦਾ। ਤੇਰਾ ਗੁਰਸਿਖ ਚਤੁਰ ਸੁਘੜ ਸਿਆਣਾ, ਜੋ ਤੇਰਾ ਨਾਮ ਧਿਆਇੰਦਾ। ਮੈਂ ਮੰਗਾਂ ਬਣ ਦਰ ਦਰਬਾਨਾ, ਦਰ ਦਰਵੇਸ਼ ਅਲਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਅੰਦਰ ਆਪਣੀ ਖੇਲ ਖਿਲਾਇੰਦਾ। ਮੰਦਰ ਅੰਦਰ ਮਨ ਉਡਾਰੀ, ਹਰਿ ਸਾਚੇ ਸਚ ਜਣਾਈਆ। ਅੱਗੇ ਖੇਲ ਕਰੇ ਜੋਤ ਨਿਰੰਕਾਰੀ, ਨਿਰਗੁਣ ਆਪਣੀ ਧਾਰ ਚਲਾਈਆ। ਗੁਰਸਿਖਾਂ ਕਰੇ ਸਦ ਪਿਆਰੀ, ਗੁਰਮੁਖ ਆਪਣੀ ਬੂਝ ਬੁਝਾਈਆ। ਨਿਰਗੁਣ ਸਰਗੁਣ ਪਾਵੇ ਸਾਰੀ, ਸਰਗੁਣ ਨਿਰਗੁਣ ਸੇਵ ਕਮਾਈਆ। ਆਵੇ ਜਾਵੇ ਵਾਰੋ ਵਾਰੀ, ਜੁਗ ਜੁਗ ਵੇਸ ਵਟਾਈਆ। ਆਦਿ ਸ਼ਕਤ ਹੋ ਉਜਿਆਰੀ, ਚਤੁਰਭੁਜ ਰੂਪ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖੇਲ ਨਿਆਰੀ, ਆਪ ਆਪਣੀ ਖੇਲ ਖਿਲਾਈਆ। ਰਾਮਾ ਕ੍ਰਿਸ਼ਨਾ ਲਏ ਅਵਤਾਰੀ, ਸਰਗੁਣ ਆਪਣਾ ਜ਼ੋਰ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਲੇਖਾ ਜਾਣੇ ਵਾਰੋ ਵਾਰੀ, ਆਪ ਆਪਣਾ ਬੰਧਨ ਪਾਈਆ। ਭਗਤ ਭਗਵੰਤ ਲਾਏ ਉਡਾਰੀ, ਏਕਾ ਘਰ ਵਖਾਈਆ। ਸੰਤਾਂ ਦੇਵੇ ਨਾਮ ਖ਼ੁਮਾਰੀ, ਮਦਿ ਪਿਆਲਾ ਜਾਮ ਪਿਆਈਆ। ਗੁਰਮੁਖ ਵੇਖੇ ਡੂੰਘੀ ਗਾਰੀ, ਦੂਈ ਦਵੈਤੀ ਪਰਦਾ ਦਏ ਉਠਾਈਆ। ਗੁਰਸਿਖ ਚਰਨ ਕਵਲ ਕਰੇ ਪਨਿਹਾਰੀ, ਸਾਚੀ ਸੇਵ ਜਣਾਈਆ। ਮਨ ਕੀ ਵਾਸਨਾ ਮਨ ਅੰਦਰ ਜਾਏ ਮਾਰੀ, ਮਨ ਵਾਸਨਾ ਨਾ ਕੋਇ ਵਧਾਈਆ। ਅੱਗੇ ਸਤਿਗੁਰ ਪੂਰਾ ਦਿਸੇ ਜੋਧਾ ਬਲਕਾਰੀ, ਸ਼ਬਦ ਖੰਡਾ ਹੱਥ ਉਠਾਈਆ। ਜਿਸ ਚੜ੍ਹਨਾ ਆਪਣੇ ਮਹੱਲ ਅਟਾਰੀ, ਆਏ ਚਲ ਸਰਨਾਈਆ । ਹਉਮੇ ਕੱਢੇ ਵਿਚੋਂ ਬੀਮਾਰੀ, ਦੂਈ ਰੋਗ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਜੋੜੇ ਯਾਰੀ, ਯਾਰੀ ਯਾਰਾਂ ਨਾਲ ਨਿਭਾਈਆ। ਹਰਿਜਨ ਤੇਰੀ ਸੁਰਤ ਨਾ ਰਹੇ ਕਵਾਰੀ, ਸਤਿਗੁਰ ਪੂਰਾ ਲਏ ਪਰਨਾਈਆ। ਚਾਰ ਕੁੰਟ ਨਾ ਹੋਏ ਖ਼ਵਾਰੀ, ਬਿਨ ਹਰਿ ਹਰਿ ਕੋਇ ਨਾ ਪਾਰ ਕਰਾਈਆ। ਭਰਮੇ ਭੁੱਲੇ ਜੀਵ ਗਵਾਰੀ, ਮਨ ਕਾ ਭਰਮ ਨਾ ਕੋਇ ਮਿਟਾਈਆ। ਮਾਣਸ ਜਨਮ ਜੂਏ ਰਹੇ ਹਾਰੀ, ਹਾਰ ਜਿਤ ਹੱਥ ਕਿਸੇ ਨਾ ਆਈਆ। ਜੂਠੀ ਝੂਠੀ ਚੁੱਕੀ ਸੀਸ ਖਾਰੀ, ਹੋਕਾ ਦੇਵੇ ਗਲੀਓ ਗਲੀ ਉਚੀ ਕੂਕ ਕੂਕ ਸੁਣਾਈਆ। ਮਨ ਪੰਛੀ ਲਾਏ ਆਪਣੀ ਉਡਾਰੀ, ਉਡ ਉਡ ਦਹਿ ਦਿਸ਼ਾ ਫੇਰੀ ਪਾਈਆ। ਅੰਤਮ ਖਾਏ ਮੌਤ ਲਾੜੀ, ਪੰਜ ਤੱਤ ਕਾਇਆ ਕੰਮ ਕਿਸੇ ਨਾ ਆਈਆ। ਕਿਆ ਪੁਰਖ ਕਿਆ ਨਾਰੀ, ਬਿਨ ਸਤਿਗੁਰ ਪੂਰੇ ਆਪਣਾ ਮੰਦਰ ਵੇਖ ਨਾ ਸਕੇ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਸਾਚਾ ਘਰ, ਸੋ ਜਨ ਸੰਸਾ ਰੋਗ ਮੁਕਾਈਆ। ਸੰਸਾ ਰੋਗ ਚੁਕਾਵਣਾ, ਗੁਰਮੁਖਾਂ ਕਰ ਪਿਆਰ। ਘਰ ਮੰਦਰ ਇਕ ਵਖਾਵਣਾ, ਮਹੱਲ ਅਟਲ ਉਚ ਮੁਨਾਰ। ਨਿਰਗੁਣ ਦੀਪ ਜਗਮਗਾਵਣਾ, ਤੇਲ ਬਾਤੀ ਨਾ ਕੋਇ ਆਧਾਰ। ਸ਼ਬਦ ਅਨਾਦੀ ਏਕਾ ਗਾਵਨਾ, ਨਾ ਕੋਈ ਤਾਰ ਬੰਧਾਏ ਸਤਾਰ। ਸਚ ਸਿੰਘਾਸਣ ਇਕ ਸੁਹਾਵਣਾ, ਉਪਰ ਬੈਠ ਏਕੰਕਾਰ। ਜਗਤ ਵਿਛੋੜਾ ਪੰਧ ਮੁਕਾਵਣਾ, ਨਾਤਾ ਤੋੜ ਸਰਬ ਸੰਸਾਰ। ਆਪਣਾ ਬੰਧਨ ਆਪੇ ਪਾਵਣਾ, ਆਪ ਆਪਣੀ ਕਰ ਵਿਚਾਰ। ਡੂੰਘੀ ਭਵਰੀ ਪਾਰ ਕਰਾਵਣਾ, ਗੁਰਮੁਖ ਸਾਚੇ ਲਾਏ ਪਾਰ। ਜੋ ਆਇਆ ਉਠ ਜਾਵਣਾ, ਥਿਰ ਰਹੇ ਨਾ ਵਿਚ ਸੰਸਾਰ। ਜਿਸ ਕਲਜੁਗ ਅੰਤਮ ਨਿਹਕਲੰਕ ਨਰਾਇਣ ਤੇਰਾ ਦਰਸਨ ਪਾਵਣਾ, ਲੱਖ ਚੁਰਾਸੀ ਨਾ ਹੋਏ ਖ਼ਵਾਰ। ਮਨ ਮਨੂਆ ਨਿਉਂ ਨਿਉਂ ਸੀਸ ਝੁਕਾਵਣਾ, ਨੇਤਰ ਨੈਣ ਹੋਏ ਸ਼ਰਮਸਾਰ। ਜਗਤ ਸ਼ਰੀਕਤ ਪੰਧ ਮੁਕਾਵਣਾ, ਜਿਸ ਪਿਤਾ ਗੁਰ ਕਰਤਾਰ। ਹੱਕ ਹਕ਼ੀਕ਼ਤ ਇਕ ਵਖਾਵਣਾ, ਲਾਸ਼ਰੀਕ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਆਧਾਰ। ਨਾਮ ਆਧਾਰਾ ਅੰਮ੍ਰਿਤ ਰਸ, ਜਿਸ ਜਨ ਆਪ ਪਿਆਈਆ। ਹਿਰਦੇ ਅੰਦਰ ਜਾਏ ਵਸ, ਆਸਣ ਸਿੰਘਾਸਣ ਦਏ ਵਡਿਆਈਆ। ਕਰੇ ਪਰਕਾਸ਼ ਕੋਟਨ ਰਵ ਸਸ, ਨੂਰ ਨੁਰਾਨਾ ਡਗਮਗਾਈਆ। ਜਨ ਭਗਤਾਂ ਕਰੇ ਪੂਰੀ ਆਸ, ਜੁਗ ਜੁਗ ਬੇਪਰਵਾਹੀਆ। ਸਦਾ ਸੁਹੇਲਾ ਹੋਏ ਦਾਸ, ਦਾਸੀ ਦਾਸ ਸੇਵ ਕਮਾਈਆ। ਸਾਚੇ ਮੰਡਲ ਪਾਏ ਰਾਸ, ਗੋਪੀ ਕਾਹਨ ਆਪ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬੁਝਾਏ ਤੇਰੀ ਪਿਆਸ, ਸਾਂਤਕ ਸਤਿ ਸਤਿ ਵਰਤਾਈਆ। ਸਾਂਤਕ ਸੀਤਲ ਹੋਏ ਸਤਿ, ਸਤਿਗੁਰ ਸੱਚਾ ਪਾਇਆ। ਨਾੜੀ ਨਾੜ ਨਾ ਉਬਲੇ ਰਤ, ਰਤੀ ਰਤ ਦਏ ਸੁਕਾਇਆ। ਏਕਾ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਆਪ ਪੜ੍ਹਾਇਆ। ਧੀਰਜ ਸੰਤੋਖ ਸਾਚਾ ਜਤ, ਸਤਿਗੁਰ ਗੁਰ ਸੱਚੀ ਸਰਨਾਇਆ। ਮਨ ਕਾ ਬੁਰਜ ਜਾਏ ਢੱਠ, ਹਉਮੇ ਗੜ੍ਹ ਰਹਿਣ ਨਾ ਪਾਇਆ। ਨਾਤਾ ਤੁਟੇ ਤੀਰਥ ਅਠਸਠ, ਘਰ ਸਰੋਵਰ ਦਏ ਨੁਹਾਇਆ। ਜੋਤ ਜਗਾਏ ਲਟ ਲਟ, ਅੰਧ ਅੰਧੇਰ ਦਏ ਮਿਟਾਇਆ। ਦੂਈ ਦਵੈਤੀ ਮੇਟੇ ਫੱਟ, ਏਕਾ ਮੰਤਰ ਨਾਮ ਦ੍ਰਿੜਾਇਆ। ਚਾਰ ਵਰਨ ਵਖਾਏ ਏਕਾ ਹੱਟ, ਪੁਰਖ ਅਬਿਨਾਸ਼ੀ ਆਪ ਖੁਲ੍ਹਾਇਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਏਕਾ ਮਤ, ਤੱਤ ਗਿਆਨ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮੇਲੇ ਆਪਣੇ ਦਰ ਦਰ ਦਰਵਾਜ਼ਾ ਦਏ ਖੁਲ੍ਹਾਇਆ। ਦਰ ਦਰਵਾਜ਼ਾ ਦੇਵੇ ਖੋਲ੍ਹ, ਸਤਿਗੁਰ ਪੂਰਾ ਦਇਆ ਕਮਾਈਆ। ਅੰਦਰੇ ਅੰਦਰ ਆਪੇ ਬੋਲ, ਆਪਣੇ ਮੰਦਰ ਦਏ ਸੁਣਾਈਆ। ਸਾਚੇ ਕੰਡੇ ਤੋਲੇ ਤੋਲ, ਅਤੋਲ ਅਤੁਲ ਆਪ ਅਖਵਾਈਆ। ਲੱਖ ਚੁਰਾਸੀ ਵਿਚੋਂ ਹਰਿਜਨ ਸਾਚੇ ਲਏ ਵਰੋਲ, ਨਾਮ ਮਧਾਣਾ, ਏਕਾ ਪਾਈਆ। ਜੀਵ ਜੰਤ ਖ਼ਾਲੀ ਦਿਸਣ, ਬਿਨ ਹਰਿ ਨਾਮੇ ਢੋਲ, ਕਲਜੁਗ ਡੰਕਾ ਰਿਹਾ ਵਜਾਈਆ। ਮਨ ਵਾਸਨਾ ਪਿਆ ਘੋਲ, ਘਰ ਘਰ ਪਈ ਲੜਾਈਆ। ਗੁਰਮੁਖ ਵਿਰਲਾ ਬੈਠਾ ਅਡੋਲ, ਜਿਸ ਸਤਿਗੁਰ ਬੂਝ ਬੁਝਾਈਆ। ਉਲਟਾ ਕਰਿਆ ਨਾਭ ਕੌਲ, ਬੂੰਦ ਸਵਾਂਤੀ ਮੁਖ ਚੁਆਈਆ। ਸ਼ਬਦੀ ਸ਼ਬਦ ਗਿਆ ਮੌਲ, ਜੋਤੀ ਜੋਤ ਜੋਤ ਰੁਸ਼ਨਾਈਆ। ਲੇਖਾ ਜਾਣੇ ਨੂਰ ਇਲਾਹੀ ਅਵਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸ਼ਰੀਕਤ ਰਿਹਾ ਗਵਾਈਆ। ਕਰੇ ਸ਼ਰੀਕਤ ਕਿਆ ਕੋਈ ਜਗ, ਜਿਸ ਮਿਲੇ ਬੇਅੰਤ ਬੇਅੰਤਾ। ਵਸਣਹਾਰਾ ਉਪਰ ਸ਼ਾਹ ਰਗ, ਨੌਂ ਦਰ ਝੂਠਾ ਖੇਲ ਖਿਲੰਤਾ। ਗੁਰਮੁਖ ਬਣਾਏ ਸਾਚੇ ਨਗ, ਹੀਰਾ ਮੋਤੀ ਪੰਨਾ ਆਪ ਜੜੰਤਾ। ਆਪ ਬਣਾਏ ਸਿਰ ਦਾ ਤਾਜਾ, ਪਾਰਬ੍ਰਹਮ ਸ੍ਰੀ ਭਗਵੰਤਾ। ਦੋ ਜਹਾਨਾਂ ਰਚਿਆ ਕਾਜਾ, ਰਚ ਰਚ ਕਾਜ ਖੇਲ ਖਿਲੰਤਾ। ਕਰੇ ਖੇਲ ਦੇਸ ਮਾਝਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੀ ਸੰਗਤਾ। ਸਾਚੀ ਸੰਗਤ ਮਿਲੇ ਗੁਰਸਿਖ, ਮਨ ਰੋ ਰੋ ਦਏ ਦੁਹਾਈਆ। ਕਵਣ ਦਵਾਰੇ ਮਿਲੇ ਮੇਰੀ ਭਿਖ, ਝੂਠੀ ਭਿਛਿਆ ਨਾ ਕੋਇ ਵਰਤਾਈਆ। ਮੇਰਾ ਸੁਫ਼ਨਾ ਹੋਇਆ ਮਿੱਥ, ਮੇਰਾ ਦੀਸੇ ਨਾ ਕੋਇ ਸਹਾਈਆ। ਮੇਰਾ ਝਗੜਾ ਨਾ ਲਿਆ ਨਜਿਠ, ਮੈਂ ਬੈਠਾ ਮੁਖ ਸ਼ਰਮਾਈਆ। ਗੁਰਸਿਖ ਹੋਇਆ ਸਤਿਗੁਰ ਸਾਇਆ ਹੇਠ, ਮੇਰੀ ਭੁੱਲੀ ਸਰਬ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਮਤਾ ਦਏ ਮਿਟਾਈਆ। ਮਨ ਮਮਤਾ ਤੋੜੇ ਨਾਤਾ ਕੂੜ, ਕੂੜੀ ਕਿਰਿਆ ਆਪ ਗਵਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧੂੜ, ਜੋਤ ਲਲਾਟੀ ਡਗਮਗਾਇੰਦਾ। ਆਸਾ ਮਨਸਾ ਕਰੇ ਪੂਰ, ਪੂਰੀ ਆਸਾ ਆਪ ਕਰਾਇੰਦਾ। ਸਰਬ ਕਲ ਸਦਾ ਭਰਪੂਰ, ਨਾਮ ਭੰਡਾਰਾ ਆਪ ਭਰਾਇੰਦਾ। ਸਦਾ ਸਦਾ ਸਦ ਹਾਜ਼ਰ ਹਜ਼ੂਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਆਪ ਮਨਾਇੰਦਾ। ਹਰਿਜਨ ਮੰਨੇ ਹਰਿ ਮਨਾਏ, ਜੀਵ ਨਾ ਕੋਇ ਵਡਿਆਈਆ। ਪੂਰਬ ਜਨਮਾਂ ਵੇਖ ਵਖਾਏ, ਜਨਮ ਅਜਨਮ ਫੋਲ ਫੋਲਾਈਆ। ਨਿਹਕਰਮੀ ਆਪਣਾ ਕਰਮ ਕਮਾਏ, ਕਰਮ ਕਾਂਡ ਦਏ ਚੁਕਾਈਆ। ਸਾਚੀ ਸਰਨ ਇਕ ਰਖਾਏ, ਸਰਨ ਸਰਨਾਈ ਬੇਪਰਵਾਹੀਆ। ਮਰਨੀ ਮਰਨ ਡਰਨ ਚੁਕਾਏ, ਜਨਮ ਮਰਨ ਦਏ ਛੁਡਾਈਆ। ਹਰਨ ਫਰਨ ਨੈਣ ਖੁਲ੍ਹਾਏ, ਨੇਤਰ ਨੈਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਈਆ। ਪਾਰ ਉਤਾਰੇ ਹਰਿ ਕਰਤਾਰਾ, ਹਰਿਜਨ ਸਾਚੇ ਦਇਆ ਕਮਾਈਆ। ਕਲਜੁਗ ਵੇਖ ਅੰਤ ਕਿਨਾਰਾ, ਨੱਯਾ ਨਾਮ ਰਿਹਾ ਚਲਾਈਆ। ਡੁੱਬਦਾ ਜਾਏ ਸਰਬ ਸੰਸਾਰਾ, ਪਾਹਨ ਪਾਥਰ ਰੂਪ ਵਟਾਈਆ। ਮਨਮੁਖ ਰੋਵਣ ਜ਼ਾਰੋ ਜ਼ਾਰਾ, ਮਨ ਵਾਸਨਾ ਹੋਏ ਹਲਕਾਈਆ। ਗੁਰਸਿਖ ਮੰਗਣ ਬਣ ਭਿਖਾਰਾ, ਪ੍ਰਭ ਅੱਗੇ ਝੋਲੀ ਡਾਹੀਆ। ਤੇਰਾ ਨਾਮ ਸੱਚਾ ਭੰਡਾਰਾ, ਆਦਿ ਜੁਗਾਦਿ ਸੱਚੇ ਸ਼ਹਿਨਸ਼ਾਹੀਆ। ਗ਼ਰੀਬ ਨਿਮਾਣਿਆਂ ਲਾਵੇ ਪਾਰਾ, ਸਚ ਕਿਨਾਰਾ ਇਕ ਦਰਸਾਈਆ। ਹੰਕਾਰੀਆਂ ਤੋੜੇ ਗੜ੍ਹ ਹੰਕਾਰਾ, ਮਾਣ ਅਭਿਮਾਨ ਦਏ ਮਿਟਾਈਆ। ਗੁਰਮੁਖਾਂ ਵਖਾਏ ਤੇਰਾ ਦਵਾਰਾ, ਤੇਰੀ ਬੂਝ ਬੁਝਾਈਆ। ਤੂੰ ਬਖ਼ਸ਼ਿਸ਼ ਕਰ ਬਖ਼ਸ਼ਣਹਾਰਾ, ਬਖ਼ਸ਼ਿਸ਼ ਤੇਰੇ ਹੱਥ ਸਮਾਈਆ। ਤੇਰਾ ਮੰਦਰ ਸੋਹੇ ਸਚ ਦਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਮੇਰੀ ਤ੍ਰਿਸਨਾ ਤ੍ਰਿਪਤ ਕਰਾਈਆ। ਤ੍ਰਿਸਨਾ ਤ੍ਰਿਪਤ ਹੋਏ ਦੂਰ, ਮਿਲੇ ਮੇਲ ਰਘੁਰਾਇਆ। ਰਘੁਪਤ ਦਿਸੇ ਹਾਜ਼ਰ ਹਜ਼ੂਰ, ਰੂਪ ਅਨੂਪ ਧਰਾਇਆ। ਚਰਨ ਕਵਲ ਬਖ਼ਸ਼ੇ ਧੂੜ, ਧੂੜੀ ਟਿੱਕਾ ਮਸਤਕ ਲਾਇਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਏਕਾ ਮੰਤਰ ਨਾਮ ਜਣਾਇਆ। ਦੇਣੀ ਵਸਤ ਨਾਮ ਭਰਪੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ ਆਸਾ ਤ੍ਰਿਸਨਾ ਦਏ ਮਿਟਾਇਆ। ਆਸਾ ਤ੍ਰਿਸਨਾ ਮਿਟੇ ਤ੍ਰਿਖ, ਸਾਂਤਕ ਸਤਿ ਸਤਿ ਵਰਤਾਇੰਦਾ। ਨਾਮ ਨਿਧਾਨਾ ਪਾਏ ਭਿਖ, ਸਚ ਵਸਤ ਵਰਤਾਇੰਦਾ। ਲੇਖਾ ਲੇਖ ਦੇਵੇ ਲਿਖ, ਲਿਖਿਆ ਲੇਖ ਮਿਟਾਇੰਦਾ। ਹਰ ਘਟ ਅੰਦਰ ਆਏ ਦਿਸ, ਜਿਸ ਜਨ ਤੀਜਾ ਲੋਇਣ ਖੁਲ੍ਹਾਇੰਦਾ। ਚੌਥੇ ਪਦ ਮਿਟੇ ਵਿਖ, ਅੰਮ੍ਰਿਤ ਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬੰਧਾਏ ਆਪਣੇ ਲੜ, ਮਨ ਕੇ ਪੌੜੇ ਜਾਏ ਚੜ੍ਹ, ਸਾਚੇ ਘਰ ਜਾਏ ਵੜ, ਜਿਸ ਘਰ ਮਨ ਨਾ ਫੇਰਾ ਪਾਇੰਦਾ। ਤਿੰਨਾਂ ਲੋਕਾਂ ਸ਼ਬਦੀ ਭਾਰ, ਅਨਡਿਠ ਰੂਪ ਦਬਾਈਆ। ਵਾਹ ਵਾ ਖੇਲ ਕਰੇ ਕਰਤਾਰ, ਕਰਨਹਾਰ ਭੇਵ ਛੁਪਾਈਆ। ਵੰਡੇ ਵੰਡ ਆਪ ਨਿਰੰਕਾਰ, ਸਾਚਾ ਹਿੱਸਾ ਰਿਹਾ ਵੰਡਾਈਆ। ਚੌਦਾਂ ਤਬਕਾਂ ਦੇ ਹੁਲਾਰ, ਚਾਰੇ ਕੂਟਾਂ ਦਏ ਜਗਾਈਆ। ਲੇਖਾ ਜਾਣੇ ਧੁਰ ਦਰਬਾਰ, ਬੇਪਰਵਾਹ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪੇ ਵੇਖ ਵਖਾਈਆ। ਤ੍ਰਿਲੋਕੀ ਉਪਰ ਏਕਾ ਭਾਰ, ਨਿਰਗੁਣ ਨਾਉਂ ਰਖਾਇੰਦਾ। ਕੋਇ ਨਾ ਸਕੇ ਸੀਸ ਉਠਾਲ, ਰਾਮ ਕ੍ਰਿਸ਼ਨ ਸੀਸ ਝੁਕਾਇੰਦਾ। ਆਦਿ ਜੁਗਾਦਿ ਨਾ ਨਿਭਿਆ ਕੋਈ ਨਾਲ, ਸਗਲਾ ਸੰਗ ਨਾ ਕੋਇ ਰਖਾਇੰਦਾ। ਪੰਜ ਤੱਤ ਕਾਇਆ ਖਾਏ ਕਾਲ, ਕਾਲ ਗਰਾਸ ਸਰਬ ਵਖਾਇੰਦਾ। ਇਕ ਇਕੱਲਾ ਪੁਰਖ ਅਕਾਲ, ਜੁਗ ਕਰਨੀ ਵੇਖ ਵਖਾਇੰਦਾ। ਸਚਖੰਡ ਬੈਠ ਸੱਚੀ ਧਰਮਸਾਲ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਤ੍ਰਿਲੋਕੀ ਦੇਵੇ ਹਰਿ ਹਰਿ ਦੱਬ, ਤ੍ਰਿਲੋਕੀ ਨਾਥ ਨਾਲ ਰਲਾਈਆ। ਉਚੇ ਹੋ ਹੋ ਜੋ ਬੈਠੇ ਫਬ, ਸਭ ਦਾ ਲੇਖਾ ਦਏ ਮੁਕਾਈਆ। ਲੇਖਾ ਜਾਣੇ ਅੱਡੀ ਚੋਟੀ ਪਟ, ਮੂੰਹ ਦੇ ਭਾਰ ਸਰਬ ਸੁਟਾਈਆ। ਆਪਣੀ ਆਪਣੀ ਵੰਡਣ ਪਾ ਕੇ ਬੈਠੇ ਹੱਦ, ਸਭ ਦਾ ਬੰਨਾਂ ਦਏ ਮਿਟਾਈਆ। ਕੋਈ ਕਹੇ ਮੇਰੀ ਵਿਸ਼ਨੂੰ ਯੱਦ, ਕੋਇ ਬ੍ਰਹਮਾ ਰੂਪ ਧਰਾਈਆ। ਕੋਈ ਲਡਾਏ ਸ਼ੰਕਰ ਲਡ, ਕੋਇ ਆਦਿ ਸ਼ਕਤ ਮਨਾਈਆ। ਕੋਈ ਚਤੁਰਭੁਜ ਦਵਾਰੇ ਬਹੇ ਸਜ, ਕੋਇ ਸੂਰਜ ਚੰਨ ਸੀਸ ਝੁਕਾਈਆ। ਕੋਈ ਕਾਇਆ ਮੰਦਰ ਕਰੇ ਹੱਜ, ਕੋਇ ਇੱਟਾਂ ਪੱਥਰ ਸੀਸ ਝੁਕਾਈਆ। ਕੋਇ ਸ਼ਿਵਦਵਾਲੇ ਮਠ ਰਿਹਾ ਨੱਚ, ਕੋਇ ਮੰਦਰ ਮਸਜਦ ਫੇਰਾ ਪਾਈਆ। ਕੋਇ ਫਿਰ ਫਿਰ ਥੱਕਾ ਤੀਰਥ ਤਟ, ਕੋਈ ਬਹਿ ਬਹਿ ਆਸਣ ਲਾਈਆ। ਕੋਇ ਪੀਰ ਪੈਗ਼ੰਬਰ ਸੁਣਾਏ ਆਪਣੀ ਸਦ, ਬਾਂਗ ਇਲਾਹੀ ਕੂਕ ਸੁਣਾਈਆ। ਕੋਇ ਆਬ ਹਯਾਤ ਪਿਆਏ ਮਦਿ, ਸਾਚੀ ਮਦਿ ਹੱਥ ਉਠਾਈਆ। ਆਪਣੀ ਆਪਣੀ ਵਾਰ ਗਏ ਲਦ, ਥਿਰ ਕੋਇ ਰਹਿਣ ਨਾ ਪਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ਾ ਆਪਣਾ ਕਰੇ ਖੇਲ ਤਮਾਸ਼ਾ, ਕਲਜੁਗ ਅੰਤਮ ਸਭ ਨੂੰ ਆਪਣੇ ਅੰਦਰੋਂ ਲਏ ਕੱਢ ਏਕਾ ਹੁਕਮ ਏਕਾ ਵਾਰ ਸੁਣਾਈਆ। ਸਚ ਨਿਸ਼ਾਨਾ ਦੇਵੇ ਗੱਡ, ਉਚ ਮਹੱਲੇ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਰ ਦਏ ਸਮਝਾਈਆ। ਤ੍ਰਿਲੋਕੀ ਨਾਥ ਉਠ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਮੇਰਾ ਮਸਲਾ ਇਕ ਪਹਿਚਾਨ, ਤੇਰਾ ਲੇਖਾ ਵੇਲੇ ਅੰਤ ਕੰਮ ਕਿਸੇ ਨਾ ਆਇੰਦਾ। ਨਾਤਾ ਤੁਟਾ ਗਿਆਨ ਧਿਆਨ, ਗਿਆਨੀ ਗਿਆਨ ਨਾ ਕੋਇ ਦ੍ਰਿੜਾਇੰਦਾ। ਨਾ ਕੋਈ ਗੋਪੀ ਨਾ ਕੋਈ ਕਾਹਨ, ਬੰਸਰੀ ਨਾਮ ਨਾ ਕੋਇ ਵਜਾਇੰਦਾ। ਚਾਰੋਂ ਕੁੰਟ ਸੁੰਞ ਮਸਾਣ, ਦੀਪਕ ਦੀਆ ਨਾ ਕੋਇ ਜਗਾਇੰਦਾ। ਨਾ ਕੋਈ ਪਵਣ ਨਾ ਮਸਾਣ, ਸਾਚਾ ਹਵਨ ਨਾ ਕੋਇ ਵਖਾਇੰਦਾ। ਨਾ ਕੋਇ ਚਿੱਲਾ ਤੀਰ ਕਮਾਨ, ਸੂਰਬੀਰ ਨਾ ਨਾਲ ਰਲਾਇੰਦਾ। ਏਕਾ ਮਾਰੇ ਆਪਣਾ ਬਾਣ, ਤੀਰ ਨਿਰਾਲਾ ਹੱਥ ਉਠਾਇੰਦਾ। ਅੰਤਮ ਲੇਖਾ ਚੁਕਾਏ ਆਣ, ਜੁਗ ਚੌਕੜੀ ਪੰਧ ਮੁਕਾਇੰਦਾ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨ, ਸਾਚਾ ਖੇਲ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰਿਲੋਕੀ ਆਪਣੇ ਹੇਠ ਦਬਾਇੰਦਾ। ਤ੍ਰਿਲੋਕੀ ਦੱਬੀ ਹਰਿ ਕੇ ਭਾਓ, ਭੈ ਆਪਣਾ ਆਪ ਜਣਾਈਆ। ਕਰੇ ਕਰਾਏ ਸਚ ਨਿਆਉਂ, ਸਾਲਸ ਅਵਰ ਨਾ ਕੋਇ ਰਖਾਈਆ। ਜੁਗ ਜੁਗ ਵਿਛੜੇ ਪਕੜ ਉਠਾਏ ਬਾਹੋਂ, ਸਭ ਦਾ ਲੇਖਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਸਚ ਸੁਲਤਾਨਾ, ਤਖ਼ਤ ਨਿਵਾਸੀ ਤਖ਼ਤ ਸੋਭਾ ਪਾਇੰਦਾ। ਅਦਲੀ ਅਦਲ ਕਰੇ ਭਗਵਾਨਾ, ਆਦਲ ਆਪਣਾ ਨਾਉਂ ਧਰਾਇੰਦਾ। ਬਦਲੀ ਕਰੇ ਦੋ ਜਹਾਨਾਂ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਰੰਗ ਵਖਾਏ ਸ਼ਬਦ ਸਿੰਘਾਸਣ, ਹਰਿ ਆਸਣ ਸੋਭਾ ਪਾਈਆ। ਕਰੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਰੂਪ ਵਟਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼ਣ, ਆਕਾਸ਼ ਆਕਾਸ਼ਾਂ ਵਿਚ ਸਮਾਈਆ। ਵਰਭੰਡੀ ਪਾਵੇ ਰਾਸਨ, ਮੰਡਲ ਰਾਸ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਹਿੱਸਾ ਲਿਆ ਵੰਡ, ਸ੍ਰਿਸ਼ਟ ਸਿੰਘਾਸਣ ਦਏ ਡੁਲਾਈਆ। ਵੰਡਿਆ ਹਿੱਸਾ ਟੁੱਟੀ ਹੀਂ, ਵੰਡਣ ਵੰਡ ਪਾਈਆ। ਚਾਰ ਜੁਗ ਦੀ ਲੱਗੀ ਉਖੜੇ ਨੀਂਹ, ਬਿਨ ਕਹੀ ਕੁਹਾੜੇ ਰਿਹਾ ਉਖੜਾਈਆ। ਲੱਖ ਚੁਰਾਸੀ ਗੰਦਾ ਹੋਇਆ ਬੀ, ਫਲ ਕੋਇ ਨਜ਼ਰ ਨਾ ਆਈਆ। ਮੁਰੀਦ ਮੁਰਸ਼ਦ ਬਣ ਗਏ ਬਕਰੀ ਸ਼ੀਂਹ, ਭੈ ਭੌ ਨਾ ਕੋਇ ਰਖਾਈਆ। ਨਾ ਕੋਈ ਜਾਣੇ ਭੈਣ ਧੀ, ਲੋਕ ਲਾਜ ਸਰਬ ਹਲਕਾਈਆ। ਨਾ ਕੋਈ ਜਾਣੇ ਆਪਣਾ ਜੀ, ਜੀਵਣ ਮੁਕਤ ਹੱਥ ਕਿਸੇ ਨਾ ਆਈਆ। ਘਰ ਘਰ ਪੀੜ ਹੱਡੀ ਲੱਗੀ ਰੀਹ, ਦਿਵਸ ਰੈਣ ਰਹੀ ਤੜਫਾਈਆ। ਗੁਰ ਅਵਤਾਰ ਕਰਨ ਕੀ, ਪਿਛੇ ਬੈਠਾ ਸਾਚਾ ਮਾਹੀਆ। ਜੁਗ ਜੁਗ ਕਰਦੇ ਰਹੇ ਜੀ ਜੀ, ਹਾਂ ਵਿਚ ਹਾਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਟੁੱਟੀ ਹੀ, ਜਗਤ ਟੁੱਟੇ ਗੰਢ, ਗੰਢ ਫੇਰ ਨਾ ਕੋਇ ਪੁਆਈਆ। ਸਭ ਦੀ ਆਤਮ ਹੋਈ ਰੰਡ, ਬਿਨ ਗੁਰਮੁਖ ਆਤਮ ਕਿਸੇ ਨਾ ਮਾਤ ਪਰਨਾਈਆ। ਚਾਰੋਂ ਕੁੰਟ ਪਏ ਡੰਡ, ਵਰਨ ਬਰਨ ਦਏ ਦੁਹਾਈਆ। ਘਰ ਘਰ ਵੇਖੇ ਭੇਖ ਪਖੰਡ, ਮਾਇਆ ਮਮਤਾ ਨਾਚ ਨਚਾਈਆ। ਗੁਰ ਪੀਰਾਂ ਵੰਡਾਈ ਜਗਤ ਵੰਡ, ਬਿਨ ਪੁਰਖ ਅਕਾਲ ਲੇਖਾ ਸਕੇ ਨਾ ਕੋਇ ਮੁਕਾਈਆ। ਅੰਤਮ ਸਭ ਨੂੰ ਦੇਵੇ ਦੰਡ, ਬਚਿਆ ਕੋਇ ਰਹਿਣ ਨਾ ਪਾਈਆ। ਪੰਜ ਤੱਤ ਕਾਇਆ ਲੈ ਕੇ ਆਏ ਜੇਰਜ ਅੰਡ, ਬਿਨ ਜੇਰਜ ਅੰਡ ਜਨਮ ਮਾਤ ਨਾ ਕੋਇ ਵਖਾਈਆ। ਸ਼ਰਅ ਸ਼ਰੀਅਤ ਪਾ ਪਾ ਵੰਡ, ਆਪਣਾ ਬੰਧਨ ਗਏ ਪਾਈਆ। ਕੋਈ ਕਹੇ ਚੌਦਾਂ ਤਬਕ ਮੇਰਾ ਚੰਦ, ਮੇਰਾ ਨੂਰ ਰੁਸ਼ਨਾਈਆ। ਅੱਗੇ ਮੀਆਂ ਸਾਹਿਬ ਸੁਲਤਾਨ ਬਖ਼ਸ਼ੰਦ, ਜਿਸ ਦੀ ਬੀਵੀ ਨਾ ਕਿਸੇ ਪਰਨਾਈਆ। ਨਾ ਕੋਈ ਸਤਾਰ ਨਾ ਕੋਈ ਤੰਦ, ਸਤਾਰ ਵਜਦੀ ਨਜ਼ਰ ਕਿਸੇ ਨਾ ਆਈਆ। ਜੁਗ ਜੁਗ ਪੀਰ ਪੈਗ਼ੰਬਰ ਮੰਗਦੇ ਰਹੇ ਮੰਗ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਪਰਵਰਦਿਗਾਰ ਵਜੌਦਾ ਰਿਹਾ ਮਰਦੰਗ, ਸਚ ਸੰਦੇਸਾ ਇਕ ਅਲਾਈਆ। ਅਡੋਲ ਅਡੋਲ ਅਡੋਲ ਬੈਠਾ ਰਹੇ ਆਪਣੇ ਆਪ ਪਲੰਘ, ਆਪ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਟੁੱਟੀ ਹੀਂ ਚੌਦਾਂ ਤਬਕ, ਪਾਵਾ ਚੂਲ ਨਾ ਕੋਇ ਵਖਾਈਆ। ਮੁਰੀਦ ਮੁਰਸ਼ਦ ਜੋ ਦੇ ਦੇ ਗਏ ਸਬਕ, ਸਭ ਦੀ ਸਿਖਿਆ ਦਏ ਭੁਲਾਈਆ। ਸੰਗ ਮੁਹੰਮਦ ਚਾਰ ਯਾਰ ਰਹੇ ਤਬਕ, ਧੀਰਜ ਧੀਰ ਨਾ ਕੋਇ ਧਰਾਈਆ। ਖ਼ੁਦਾਵੰਦ ਕਰੀਮ ਲੋਕਮਾਤ ਆਏ ਪਰਤ, ਸਾਚਾ ਲੇਖਾ ਦਏ ਚੁਕਾਈਆ। ਅਸੀਂ ਲਾ ਲਾ ਬੈਠੇ ਝੂਠੀ ਸੁਰਤ, ਆਪਣਾ ਦਾਓ ਰਾਹ ਤਕਾਈਆ। ਬੇਮੁਰੀਦ ਬੇਵਕ਼ਤ ਪਿਆ ਕੜਕ, ਏਕਾ ਕੜਕਾ ਰਿਹਾ ਸੁਣਾਈਆ । ਚੌਦਾਂ ਤਬਕ ਲੁਕੇ ਸਾਡਾ ਦਿਲ ਰਿਹਾ ਧੜਕ, ਧੀਰਜ ਧੀਰ ਨਾ ਕੋਇ ਵਖਾਈਆ। ਕੋਈ ਦਵਾਰਾ ਨਾ ਦਿਸੇ ਜਿਸ ਉਹਲੇ ਜਾਈਏ ਅਟਕ, ਘਟ ਘਟ ਵੇਖੇ ਸੱਚਾ ਮਾਹੀਆ। ਸਾਡੀ ਬਾਕੀ ਕੱਢੇ ਰਿੜਕ, ਰਿੜਕਣਾ ਆਪਣੇ ਹੱਥ ਰਖਾਈਆ। ਜੇ ਦਰ ਆਈਏ ਤਾਂ ਅੱਗੋਂ ਦੇਵੇ ਝਿੜਕ, ਜਾ ਕੇ ਵੇਖੋ ਭੁੱਲੀ ਉਮਤ ਸਰਬ ਲੋਕਾਈਆ। ਅਸਾਂ ਮੰਗੀ ਮੰਗ ਕੱਢ ਦੇਈਏ ਤੇਰਾ ਫ਼ਰਕ਼, ਦੂਈ ਦਵੈਤ ਵਿਚੋਂ ਗਵਾਈਆ। ਆਪਣੇ ਨਾਮ ਲਗੌਣੀ ਸਾਚੀ ਸਰਕ, ਮੇਰਾ ਕਲਮਾ ਤੇਰੀ ਕਲਾਮ ਤੇਰਾ ਜਲਵਾ ਮੇਰਾ ਅਲਹਾਮ, ਤੂੰ ਸਾਹਿਬ ਮੇਰਾ ਅਮਾਮ, ਹਉਂ ਦੀਨਨ ਤੇਰਾ ਦੀਨ ਅਖਵਾਈਆ। ਮੈਂ ਸੁਣਿਆ ਤੇਰਾ ਸਚ ਪੈਗ਼ਾਮ, ਤੂੰ ਹੀ ਕ੍ਰਿਸ਼ਨਾ ਤੂੰ ਹੀ ਰਾਮ, ਤੂੰ ਹੀ ਨਾਨਕ ਗੋਬਿੰਦ ਦੇਵਾਂ ਜਾਮ, ਤੂੰ ਹੀ ਮੇਰੀ ਉਲਫ਼ਤ ਮਾਤ ਬਣਾਈਆ। ਬਿਨ ਤੇਰੇ ਹੋਈ ਅੰਧੇਰੀ ਸ਼ਾਮ, ਚੌਧਵੀਂ ਚੰਨ ਨਾ ਕੋਇ ਚੜ੍ਹਾਈਆ। ਤੇਰੇ ਦਵਾਰੇ ਆਇਆ ਤੇਰਾ ਗ਼ੁਲਾਮ, ਗ਼ੁਰਬਤ ਕੋਇ ਰਹਿਣ ਨਾ ਪਾਈਆ। ਮੇਰੀ ਮੰਨ ਇਕ ਸਲਾਮ, ਅਲੈਕਮ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਿੰਘਾਸਣ ਆਪੇ ਰਿਹਾ ਤੁੜਾਈਆ। ਟੁੱਟੀ ਹੀਂ ਬਿਆਰ ਦੀ, ਬੇਐਬ ਆਪ ਤੁੜਾਈਆ। ਖੇਲ ਪਰਵਰਦਿਗਾਰ ਦੀ, ਅਲਿਫ਼ ਯੇ ਨਾ ਕੋਇ ਵਡਿਆਈਆ। ਉਮਤ ਉਮਤੀ ਅੰਤਮ ਹਾਰਦੀ, ਐਨ ਗ਼ੈਨ ਨਾ ਕੋਇ ਸਫ਼ਾਈਆ। ਤ੍ਰਿਲੋਕੀ ਰੋ ਰੋ ਧਾਹਾਂ ਮਾਰਦੀ, ਕਾਹਨਾ ਹੋਏ ਨਾ ਕੋਇ ਸਹਾਈਆ। ਲੱਖ ਚੁਰਾਸੀ ਦਰ ਦਰ ਦਰ ਪੁਕਾਰਦੀ, ਧੀਰਜ ਧੀਰ ਨਾ ਕੋਇ ਧਰਾਈਆ। ਗੁਰਮੁਖ ਵਿਰਲੇ ਆਤਮ ਪਰਮਾਤਮ ਇਕ ਪੁਕਾਰਦੀ, ਏਕਾ ਓਟ ਤਕਾਈਆ। ਯਾਰੀ ਨਿਭੇ ਅਜੀਤ ਸਿੰਘ ਯਾਰ ਦੀ, ਗੋਬਿੰਦ ਮੁਗ਼ਲਾਂ ਨਾਲ ਨਿਭਾਈਆ। ਰੱਖੇ ਯਾਦ ਤਿੱਖੀ ਧਾਰ ਖੰਡੇ ਧਾਰ ਦੀ, ਖ਼ੰਜਰ ਆਪਣੇ ਤਨ ਛੁਹਾਈਆ। ਵਗੇ ਧਾਰ ਖ਼ੂਨ ਪਿਆਰ ਦੀ, ਲਾਲ ਲਾਲ ਰੰਗ ਚੜ੍ਹਾਈਆ। ਰੰਗ ਮਹਿੰਦੀ ਤਨ ਸ਼ਿੰਗਾਰਦੀ, ਜਗ ਜੋਬਨ ਇਕ ਵਖਾਈਆ। ਆਈ ਵਾਰੀ ਨਰ ਨਿਰੰਕਾਰ ਦੀ, ਲੇਖਾ ਲੇਖੇ ਦਏ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਲੇਖੇ ਲਾਈਆ। ਹੀਂ ਟੁੱਟੀ ਬੇਰੀ ਦੀ, ਪਰਵਰਦਿਗਾਰ ਆਪ ਤੁੜਾਈਆ। ਵੇਖੋ ਤ੍ਰਿਲੋਕੀ ਕਿਵਾਂ ਘੇਰੀ ਦੀ, ਸ਼ਬਦ ਡੋਰੀ ਹੱਥ ਉਠਾਈਆ। ਲੱਗੀ ਜੜ੍ਹ ਕਿਵਾਂ ਉਖੇੜੀ ਦੀ, ਉਖੇੜਨਹਾਰਾ ਦਿਸ ਨਾ ਆਈਆ। ਧਰਤ ਧਵਲ ਕਿਵਾਂ ਰੇੜ੍ਹੀ ਦੀ, ਮੂੰਹ ਦੇ ਭਾਰ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡਣ ਆਪ ਵੰਡਾਈਆ। ਹੀਂ ਟੁੱਟੀ ਚੀਲ ਦੀ, ਚੇਲਾ ਗੁਰ ਖੇਲ ਖਿਲਾਇੰਦਾ। ਏਹ ਖੇਲ ਛੈਲ ਛਬੀਲ ਦੀ, ਗੁਰ ਗੋਬਿੰਦ ਵੇਸ ਵਟਾਇੰਦਾ। ਗੁੰਜਾਇਸ਼ ਰਹਿਣ ਨਾ ਦੇਵੇ ਕਿਸੇ ਠਾਣੇ ਤਹਸੀਲ ਦੀ, ਤਹਕ਼ੀਕ਼ ਆਪਣੀ ਸਚ ਕਰਾਇੰਦਾ। ਆਸ ਰਹੇ ਨਾ ਕਿਸੇ ਵਕੀਲ ਦੀ, ਮੁਦਾ ਮੁਦਾਅਲੈਹ ਆਪ ਹੋ ਆਇੰਦਾ। ਔਧ ਪੁਗਦੀ ਜਾਏ ਅਪੀਲ ਦੀ, ਵੇਲਾ ਅੰਤ ਇਕ ਸਮਝਾਇੰਦਾ। ਆਸ ਰੱਖੇ ਨਾ ਕਿਸੇ ਦਲੀਲ ਦੀ, ਸਾਧ ਸੰਤ ਸਰਬ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਧਾਰਾ ਆਪ ਚਲਾਇੰਦਾ। ਦੋ ਪਾਵੇ ਦੋ ਜਹਾਨ, ਅਧਵਿਚਕਾਰੋਂ ਦਏ ਤੁੜਾਈਆ। ਕਰੇ ਖੇਲ ਹੋ ਮਿਹਰਵਾਨ, ਦਇਆਵਾਨ ਆਪਣੀ ਦਇਆ ਕਮਾਈਆ। ਨਾ ਕੋਈ ਤੀਰ ਨਾ ਕੋਈ ਕਮਾਨ, ਖੰਡਾਂ ਕਟਾਰ ਨਾ ਕੋਇ ਚਮਕਾਈਆ। ਸਭ ਦਾ ਮੇਟੇ ਆਪ ਨਿਸ਼ਾਨ, ਸਫ਼ਾ ਸਭ ਦੀ ਆਪ ਉਠਾਈਆ। ਅਭੁਲ ਕਰੇ ਸਚ ਨਿਆਂ ਭੁਲ ਕਦੇ ਨਾ ਜਾਈਆ। ਗੁਰ ਅਵਤਾਰ ਲੱਭਣ ਥਾਂ, ਲੋਕਮਾਤ ਸਾਚਾ ਧਾਮ ਨਜ਼ਰ ਕਿਸੇ ਨਾ ਆਈਆ। ਇਕ ਦੂਜੇ ਦਾ ਗੌਂਦੇ ਨਾਂ, ਪੁਰਖ ਅਕਾਲ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਪਾਵੇ ਅੰਦਰ ਲਾਈ ਚੂਲ, ਚੋਲਾ ਹਰਿ ਜੂ ਆਪ ਬਦਲਾਇਆ। ਸਭ ਦਾ ਚੁਕਾਏ ਲਹਿਣਾ ਦੇਣਾ ਮੂਲ, ਮੌਲਾ ਹੋ ਹੋ ਖੇਲ ਕਰਾਇਆ। ਜੁਗ ਚੌਕੜੀ ਨਾ ਜਾਏ ਭੂਲ, ਯਾਦ ਯਾਦ ਵਿਚ ਸਮਝਾਇਆ। ਆਪਣਾ ਸਦਾ ਰੱਖੇ ਕ਼ਾਇਮ ਅਸੂਲ, ਅਸਲੀਯਤ ਸਕੇ ਨਾ ਕੋਇ ਮਿਟਾਇਆ। ਇਕ ਗੋਬਿੰਦ ਕਰਿਆ ਕ਼ਬੂਲ, ਜਿਸ ਪੁਰਖ ਅਕਾਲ ਮਨਾਇਆ। ਸੋ ਭੰਗੂੜਾ ਰਿਹਾ ਝੂਲ, ਸਤਿ ਪੁਰਖ ਨਿਰੰਜਣ ਆਪ ਝੁਲਾਇਆ। ਨਾ ਕੋਇ ਕਾਇਦਾ ਨਾ ਕੋਈ ਰੂਲ, ਬੇਕਾਇਦਗੀ ਕਰੇ ਆਪ ਖ਼ੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਵੇਖੇ ਥਾਉਂ ਥਾਂਇਆ। ਚੂਲ ਵੜੀ ਪਾਵੇ ਅੰਦਰ, ਜਗਤ ਤਰਖਾਣ ਆਪ ਠੁਕਾਈਆ। ਲੁਕਿਆ ਰਹਿਣ ਨਾ ਦੇਵੇ ਕੋਈ ਡੂੰਘੀ ਕੰਦਰ, ਸਮੁੰਦ ਸਾਗਰ ਫੋਲੇ ਉਚੇ ਟਿੱਲੇ ਪਰਬਤ ਫੇਰਾ ਪਾਈਆ। ਸਭ ਦੇ ਤੋੜੇ ਲੱਗੇ ਜੰਦਰ, ਉਚੇ ਮੰਦਰ ਦੇਵੇ ਢਾਹੀਆ। ਮੂੰਹ ਦੇ ਭਾਰ ਸੁੱਟੇ ਗੋਰਖ ਮਛੰਦਰ, ਮਾਣ ਅਭਿਮਾਨ ਨਾ ਕੋਇ ਜਣਾਈਆ। ਤ੍ਰਿਲੋਕੀ ਬਣਾਏ ਏਕਾ ਖੰਡਰ, ਖੰਡਾ ਨਾਮ ਹੱਥ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਕਮਾਈਆ।
