੨੭ ਸਾਵਣ ੨੦੧੮ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਕ਼ਾਦਰਾਬਾਦ
ਸਤਿ ਅੰਦਰ ਸਤਿ ਧਾਰ, ਸਤਿ ਪੁਰਖ ਨਿਰੰਜਣ ਆਪ ਰਖਾਇੰਦਾ। ਬ੍ਰਹਮ ਅੰਦਰ ਬ੍ਰਹਮ ਪਿਆਰ, ਪਾਰਬ੍ਰਹਮ ਛੁਪਾਇੰਦਾ। ਰਤ ਅੰਦਰ ਰਤ ਅਪਾਰ, ਰਤੀ ਰਤ ਆਪ ਟਿਕਾਇੰਦਾ। ਮਤ ਅੰਦਰ ਮਤ ਅਪਾਰ, ਗੁਰਮਤ ਆਪ ਜਣਾਇੰਦਾ। ਘਰ ਵਿਚ ਘਰ ਖੋਲ੍ਹ ਕਿਵਾੜ, ਘਰ ਘਰ ਵਿਚ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਰੰਗਾਇੰਦਾ। ਸਤਿ ਅੰਦਰ ਸਤਿ ਰੰਗ, ਸਤਿ ਸਤਿਵਾਦੀ ਆਪ ਰਖਾਇੰਦਾ। ਬ੍ਰਹਮ ਅੰਦਰ ਬ੍ਰਹਮ ਤੱਤ, ਪਾਰਬ੍ਰਹਮ ਪਰਗਟਾਇੰਦਾ। ਘਰ ਵਿਚ ਘਰ ਘਰ ਪਲੰਘ, ਘਰ ਸਾਚੀ ਸੇਜ ਸੁਹਾਇੰਦਾ। ਘਰ ਵਸਤ ਘਰ ਮੰਗੇ ਮੰਗ, ਘਰ ਝੋਲੀ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਆਪ ਸੁਹਾਇੰਦਾ। ਘਰ ਦਾਤ ਘਰ ਦਾਤਾਰਾ, ਦੇਵਣਹਾਰ ਹਰਿ ਅਖਵਾਈਆ। ਘਰ ਨਾਮ ਘਰ ਭੰਡਾਰਾ, ਘਰ ਘਰ ਵਿਚ ਰਿਹਾ ਵਰਤਾਈਆ। ਘਰ ਮੰਦਰ ਘਰ ਗੁਰੂਦਵਾਰਾ, ਘਰ ਬੈਠਾ ਬੇਪਰਵਾਹੀਆ। ਘਰ ਨੂਰ ਘਰ ਜੋਤ ਉਜਿਆਰਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਘਰ ਨਾਦ ਘਰ ਸ਼ਬਦ ਧੁਨਕਾਰਾ, ਘਰ ਰਾਗੀ ਰਾਗ ਸੁਣਾਈਆ। ਘਰ ਅੰਮ੍ਰਿਤ ਘਰ ਠੰਡਾ ਠਾਰਾ, ਘਰ ਬੂੰਦ ਸਵਾਂਤ ਚੁਆਈਆ। ਘਰ ਪੁਰਖ ਘਰ ਨਾਰਾ, ਨਾਰ ਕੰਤ ਘਰ ਘਰ ਵੇਸ ਵਟਾਈਆ। ਘਰ ਸਾਜਨ ਘਰ ਮੀਤ ਮੁਰਾਰਾ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਘਰ ਆਪ ਸੁਹਾਈਆ। ਸਤਿ ਅੰਦਰ ਸਤਿ ਰੱਖ, ਸਤਿ ਸਤਿਵੰਤਾ ਖੇਲ ਖਿਲਾਇੰਦਾ। ਘਰ ਵਿਚ ਘਰ ਕਰ ਪਰਤੱਖ, ਘਰ ਘਰ ਜੋਤ ਜਗਾਇੰਦਾ। ਘਰ ਘਰ ਕਰੇ ਆਪਾ ਵਖ, ਆਪ ਆਪਣਾ ਮੁਖ ਛੁਪਾਇੰਦਾ। ਘਰ ਘਰ ਬੋਲੇ ਇਕ ਅਲਖ, ਅਲਖਨਾ ਅਲਖ ਆਪ ਸੁਣਾਇੰਦਾ। ਘਰ ਅੰਦਰ ਘਰ ਰਿਹਾ ਦੱਸ, ਘਾੜਤ ਘੜਤ ਨਾ ਕੋਇ ਜਣਾਇੰਦਾ। ਪੁਰਖ ਅਬਿਨਾਸ਼ੀ ਰਿਹਾ ਵਸ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਹਰਿਜਨ ਮਾਰਗ ਦੇਵੇ ਦੱਸ, ਆਦਿ ਜੁਗਾਦਿ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਮੇਂ ਸੋਭਾ ਪਾਇੰਦਾ। ਸਤਿ ਅੰਦਰ ਸਤਿ ਸਤਿਵਾਦ, ਹਰਿ ਸਾਚਾ ਸਚ ਜਣਾਈਆ। ਘਰ ਵਿਚ ਘਰ ਘਰ ਬ੍ਰਹਿਮਾਦ, ਬ੍ਰਹਿਮਾਦੀ ਆਪ ਵਖਾਈਆ। ਘਰ ਵਿਚ ਸੱਜਣ ਸਾਚਾ ਲਾਧ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਘਰ ਰੱਖੇ ਸਾਚੀ ਯਾਦ, ਘਰ ਵਿਸਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਸਮਝਾਈਆ। ਸਾਚਾ ਘਰ ਗੁਰੂ ਚਰਨ ਦਵਾਰਾ, ਗੁਰ ਸਾਚਾ ਸਚ ਜਣਾਇੰਦਾ। ਆਦਿ ਜੁਗਾਦੀ ਖੇਲ ਨਿਆਰਾ, ਜੁਗ ਜੁਗ ਵੇਸ ਵਟਾਇੰਦਾ। ਘਰ ਘਰ ਬੈਠੇ ਹੋ ਨਿਆਰਾ, ਨਿਰਗੁਣ ਆਪਣਾ ਦਰ ਸੁਹਾਇੰਦਾ। ਸਚ ਸਿੰਘਾਸਣ ਅਪਰ ਅਪਾਰਾ, ਸਚਖੰਡ ਦਵਾਰੇ ਆਪ ਟਿਕਾਇੰਦਾ। ਥਿਰ ਘਰ ਚਰਨ ਕਵਲ ਦਏ ਸਹਾਰਾ, ਆਪ ਆਪਣਾ ਚਰਨ ਟਿਕਾਇੰਦਾ। ਗੁਰਮੁਖ ਸੱਜਣ ਕਰ ਪਿਆਰਾ, ਆਪ ਆਪਣੇ ਰੰਗ ਰੰਗਾਇੰਦਾ। ਮਸਤਕ ਧੂੜ ਖ਼ਾਕ ਦੇਵੇ ਛਾਰਾ, ਦੁਰਮਤ ਮੈਲ ਧਵਾਇੰਦਾ। ਪਾਕੀ ਪਾਕ ਪਰਵਰਦਿਗਾਰਾ, ਪਤਤ ਪੁਨੀਤ ਪਾਰ ਕਰਾਇੰਦਾ। ਸਾਚੀ ਰੀਤ ਵਿਚ ਸੰਸਾਰਾ, ਜੁਗ ਜੁਗ ਆਪ ਚਲਾਇੰਦਾ। ਹਰਿਜਨ ਮੇਲੇ ਆਪਣੀ ਵਾਰਾ, ਆਪ ਆਪਣਾ ਬੰਧਨ ਪਾਇੰਦਾ। ਘਰ ਵਿਚ ਖੋਲ੍ਹੇ ਬੰਦ ਕਿਵਾੜਾ, ਘਰ ਮੰਦਰ ਆਪ ਸੁਹਾਇੰਦਾ। ਘਰ ਦੀਵਾ ਬਾਤੀ ਕਰ ਉਜਿਆਰਾ, ਘਰ ਕਮਲਾਪਾਤੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਮਿਲਾਇੰਦਾ। ਗੁਰਮੁਖ ਸਾਚੇ ਘਰ ਘਰ ਮੇਲਾ, ਗੁਰ ਸਤਿਗੁਰ ਆਪ ਕਰਾਈਆ। ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਭੇਖ ਵਟਾਈਆ। ਜਗਤ ਜੁਗ ਸੱਜਣ ਸੁਹੇਲਾ, ਜੁਗ ਜੁਗ ਹੋਏ ਸਹਾਈਆ। ਆਦਿ ਜੁਗਾਦੀ ਇਕ ਇਕੇਲਾ, ਬ੍ਰਹਿਮਾਦੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਹੋਏ ਸਹਾਈਆ। ਸਤਿ ਅੰਦਰ ਸਤਿ ਰਿਹਾ ਛੁਪ, ਸੋ ਪੁਰਖ ਨਿਰੰਜਣ ਆਪ ਛੁਪਾਇਆ। ਘਰ ਘਰ ਦਿਸੇ ਅੰਧੇਰਾ ਘੁੱਪ, ਚੰਦ ਚਾਂਦਨੀ ਨਾ ਕੋਇ ਚਮਕਾਇਆ। ਘਰ ਵਿਚ ਘਰ ਬੈਠਾ ਲੁਕ, ਪਰਦਾ ਸਕੇ ਨਾ ਕੋਇ ਉਠਾਇਆ। ਨਜ਼ਰ ਨਾ ਆਏ ਚਾਰੇ ਕੁੰਟ, ਦਹਿ ਦਿਸ਼ਾ ਵੇਖ ਵਖਾਇਆ। ਗੁਰਮੁਖ ਵਿਰਲੇ ਤੇਰੇ ਮੰਦਰ ਬਹੇ ਉਠ, ਆਪ ਆਪਣਾ ਪਰਦਾ ਲਾਹਿਆ। ਸਾਹਿਬ ਸੁਲਤਾਨ ਜਾਏ ਤੁਠ, ਗੁਰ ਸਤਿਗੁਰ ਰੂਪ ਵਟਾਇਆ। ਅੰਮ੍ਰਿਤ ਜਾਮ ਪਿਆਏ ਘੁੱਟ, ਸਚ ਪਿਆਲਾ ਹੱਥ ਉਠਾਇਆ। ਸਚ ਫੁਲਵਾੜੀ ਜਾਏ ਫੁੱਟ, ਪੱਤ ਡਾਲ੍ਹੀ ਆਪ ਮਹਿਕਾਇਆ। ਗੁਰਸਿਖ ਸੁਹਾਏ ਤੇਰੀ ਰੁਤ, ਰੁਤ ਰੁਤੜੀ ਵੇਖ ਵਖਾਇਆ। ਕਰੇ ਖੇਲ ਅਬਿਨਾਸ਼ੀ ਅਚੁਤ, ਅਚਰਜ ਆਪਣੀ ਰੀਤ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਦੀਪ ਜਗਾਇਆ। ਘਰ ਦੀਪਕ ਪਰਕਾਸ਼, ਅੰਧ ਅੰਧੇਰ ਗਵਾਈਆ। ਘਰ ਪੁਰਖ ਅਬਿਨਾਸ਼, ਏਕਾ ਰੰਗ ਚੜ੍ਹਾਈਆ। ਘਰ ਸੱਜਣ ਮਿਲੇ ਸਾਕ, ਨਾਤਾ ਬੰਧਨ ਤੋੜ ਤੁੜਾਈਆ। ਘਰ ਗੁਰਮੁਖ ਲੇਵੇ ਰਾਖ, ਸਿਰ ਆਪਣਾ ਹੱਥ ਟਿਕਾਈਆ। ਘਰ ਦੇਵੇ ਸਾਚਾ ਸਾਥ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵੇਖੇ ਥਾਉਂ ਥਾਈਂਆ। ਘਰ ਵੇਖੇ ਥਾਨ ਥਨੰਤਰ, ਦਰ ਦਰ ਘਰ ਘਰ ਖੇਲ ਖਿਲਾਇੰਦਾ। ਘਰ ਬੁਝਾਏ ਲੱਗੀ ਬਸੰਤਰ, ਅਗਨੀ ਅੱਗ ਤੱਤ ਮਿਟਾਇੰਦਾ। ਘਰ ਜਣਾਏ ਸਾਚਾ ਮੰਤਰ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਘਰ ਵਖਾਏ ਗਗਨ ਗਗਨੰਤਰ, ਗਗਨ ਮੰਡਲ ਸੋਭਾ ਪਾਇੰਦਾ। ਘਰ ਹੰ ਬ੍ਰਹਮ ਬਣਾਏ ਬਣਤਰ, ਆਤਮ ਬ੍ਰਹਮ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਅੰਦਰ ਸਤਿ ਧਰਾਇੰਦਾ। ਸਤਿ ਅੰਦਰ ਸਤਿ ਪਰਕਾਸ਼, ਹਰਿ ਸਾਚਾ ਸਚ ਕਰਾਈਆ। ਆਦਿ ਅੰਤ ਨਾ ਹੋਏ ਵਿਨਾਸ, ਅਬਿਨਾਸ਼ੀ ਖੇਲ ਖਿਲਾਈਆ। ਲੱਖ ਚੁਰਾਸੀ ਕਰ ਕਰ ਵਾਸ, ਘਰ ਘਰ ਜੋਤ ਜਗਾਈਆ। ਦਰ ਦਰ ਪਾਵੇ ਮੰਡਲ ਰਾਸ, ਸਾਚੀ ਸਖ਼ੀਆਂ ਨਾਚ ਨਚਾਈਆ। ਗੁਰਮੁਖਾਂ ਕਰੇ ਪੂਰੀ ਆਸ, ਪੂਰਬ ਲਹਿਣਾ ਝੋਲੀ ਪਾਈਆ। ਨਾਤਾ ਤੋੜੇ ਦਸ ਦਸ ਮਾਸ, ਮਾਤ ਗਰਭ ਨਾ ਫੇਰਾ ਪਾਈਆ। ਸੇਵਾ ਕਰੇ ਦਾਸੀ ਦਾਸ, ਮਾਣਸ ਜਨਮ ਸੇਵ ਕਮਾਈਆ। ਬੰਦੀਖ਼ਾਨਾ ਤੋੜ ਕਰੇ ਬੰਦ ਖ਼ੁਲਾਸ, ਰਾਏ ਧਰਮ ਨਾ ਦਏ ਸਜ਼ਾਈਆ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਹੇ ਹਰਿ ਹਰਿ ਗਾਈਆ। ਜਨਮ ਜਨਮ ਦੀ ਬੁਝਾਏ ਪਿਆਸ, ਤ੍ਰਿਸਨਾ ਤ੍ਰਿਖਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਵੱਜੇ ਵਧਾਈਆ। ਘਰ ਵੱਜੇ ਨਾਦ ਧੁਨ, ਹਰਿ ਸਾਚਾ ਸਚ ਵਜਾਇੰਦਾ। ਗੁਰਸਿਖ ਵਿਰਲਾ ਲਏ ਸੁਣ, ਸ੍ਰਿਸ਼ਟ ਸਬਾਈ ਗੂੜ੍ਹੀ ਨੀਂਦ ਸਵਾਇੰਦਾ। ਨੌਂ ਖੰਡ ਪ੍ਰਿਥਮੀ ਵਿਚੋਂ ਚੁਣ, ਹਰਿਜਨ ਆਪਣੇ ਮੇਲ ਮਿਲਾਇੰਦਾ। ਆਪੇ ਜਾਣੇ ਗੁਣ ਅਵਗੁਣ, ਲੇਖਾ ਲੇਖ ਨਾ ਕੋਇ ਵਖਾਇੰਦਾ। ਸ੍ਰਿਸ਼ਟ ਸਬਾਈ ਛਾਣ ਪੁਣ, ਹਰਿਜਨ ਸਾਚੇ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਖੇਲ ਖਿਲਾਇੰਦਾ। ਘਰ ਨਾਮ ਮਧਾਣਾ ਵਰੋਲੇ ਛਾਛ, ਗੁਰ ਸਤਿਗੁਰ ਗੇੜਾ ਆਪ ਦਿਵਾਈਆ। ਘਰ ਗੁਰਮੁਖ ਗੁਰਸਿਖ ਮੱਖਣ ਲਏ ਰਾਖ, ਆਪ ਆਪਣੀ ਝੋਲੀ ਪਾਈਆ। ਕਰੇ ਖੇਲ ਪੁਰਖ ਅਬਿਨਾਸ਼, ਗਤ ਮਿਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਅੰਦਰ ਕਰ ਕਰ ਵਾਸ, ਘਰ ਘਰ ਲੇਖਾ ਰਿਹਾ ਮੁਕਾਈਆ। ਘਰ ਲੇਖਾ ਮੁਕੇ ਮੁਕੇ ਹੱਕ, ਬਾਕੀ ਕੋਇ ਰਹਿਣ ਨਾ ਪਾਈਆ। ਘਰ ਲਹਿਣਾ ਚੁੱਕੇ ਗੁਰਮੁਖ ਰਾਹ ਰਿਹਾ ਤੱਕ, ਨੇਤਰ ਨੈਣ ਨੈਣ ਉਠਾਈਆ। ਘਰ ਸਿੰਘ ਸ਼ੇਰ ਏਕਾ ਬੁੱਕੇ, ਜੰਬਕ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਭੈ ਭੌ ਸਰਬ ਚੁਕਾਈਆ। ਘਰ ਚੁੱਕੇ ਭੈ, ਭੌ ਕੋਇ ਨਜ਼ਰ ਨਾ ਆਇਆ। ਜਿਸ ਦਰ ਸਤਿਗੁਰ ਸੱਚਾ ਬਹੇ, ਸੋ ਦਰ ਸੋਭਾ ਪਾਇਆ। ਜਗਤ ਵਿਕਾਰਾ ਹੋਏ ਖੈ, ਖੰਡਾ ਨਾਮ ਚਮਕਾਇਆ। ਗੁਰਸਿਖ ਗੁਰ ਏਕਾ ਰਹੇ, ਦੂਸਰ ਅਵਰ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮੇਲ ਮਿਲਾਇਆ । ਘਰ ਮੇਲਾ ਗੁਰ ਕਰਤਾਰ, ਸਤਿ ਪੁਰਖ ਨਿਰੰਜਣ ਆਪ ਕਰਾਈਆ। ਲੱਖ ਚੁਰਾਸੀ ਅੰਦਰ ਗੁਰਸਿਖ ਧਾਰ, ਸਤਿਗੁਰ ਪੂਰੇ ਆਪ ਵਹਾਈਆ। ਕੋਟਨ ਵਿਚੋਂ ਕਰ ਪਿਆਰ, ਗੁਰਮੁਖ ਹੀਰਾ ਇਕ ਉਠਾਈਆ। ਲਾਲ ਅਨਮੁਲੜਾ ਆਪ ਸੰਭਾਲ, ਆਪਣੇ ਖ਼ਜ਼ਾਨੇ ਲਵੇ ਪਾਈਆ। ਨਾ ਸ਼ਾਹ ਨਾ ਕੋਇ ਕੰਗਾਲ, ਭਗਤਾਂ ਆਪਣੀ ਖੇਲ ਖਿਲਾਈਆ। ਨਿਰਧਨ ਸਰਧਨ ਬਣ ਦਲਾਲ, ਨਿਰਧਨ ਆਪਣੀ ਝੋਲੀ ਪਾਈਆ। ਆਦਿ ਜੁਗਾਦਿ ਬਣੇ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਈਆ। ਗੁਰਸਿਖ ਸੱਜਣ ਸਾਚੀ ਘਾਲਨ ਰਹੇ ਘਾਲ, ਸੋਹੰ ਢੋਲਾ ਸਾਚਾ ਗਾਈਆ। ਪੁਰਖ ਅਬਿਨਾਸ਼ੀ ਚਲੇ ਨਾਲ ਨਾਲ, ਦਿਵਸ ਰੈਣ ਸੰਗ ਨਿਭਾਈਆ। ਕਲਜੁਗ ਕੂੜ ਨਾ ਖਾਏ ਕਾਲ, ਕਾਲਖ ਟਿੱਕਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰ ਗੁਰ ਰੂਪ ਵਖਾਈਆ।
