Granth 10 Likhat 169: 26 Savan 2018 Bikarmi Kashi Ram de Greh Pind Sanayia

੨੬ ਸਾਵਣ ੨੦੧੮ ਬਿਕ੍ਰਮੀ ਕਾਸ਼ੀ ਰਾਮ ਦੇ ਗ੍ਰਹਿ ਪਿੰਡ ਸਨੱਯਾ

ਸੋ ਪੁਰਖ ਨਿਰੰਜਣ ਸਚ ਦਰਬਾਰ, ਸਚਖੰਡ ਦਵਾਰ ਲਗਾਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਸਚ ਸਿੰਘਾਸਣ ਸੋਭਾ ਪਾਈਆ। ਏਕੰਕਾਰ ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਨਾ ਇਕ ਜਣਾਈਆ। ਆਦਿ ਨਿਰੰਜਣ ਸਾਚਾ ਨੂਰ ਕਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜ, ਸਾਚਾ ਮੰਦਰ ਦਏ ਸਮਝਾਈਆ। ਸ੍ਰੀ ਭਗਵਾਨ ਖੇਲ ਕਰੇ ਅਪਾਰ, ਅਪਰੰਪਰ ਆਪਣੀ ਧਾਰ ਚਲਾਈਆ। ਪਾਰਬ੍ਰਹਮ ਪ੍ਰਭ ਹੋਇਆ ਖ਼ਬਰਦਾਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਆਪਣੀ ਇਛਿਆ ਆਪੇ ਧਾਰ ਆਪਣੀ ਆਸਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਸਚ ਦਰਬਾਰ ਠਾਂਡੇ ਘਰ, ਹਰਿ ਸਾਚਾ ਆਪ ਲਗਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਵੇਖ ਵਖਾਇੰਦਾ। ਨਿਰਭੌ ਭੈ ਨਾ ਰਖਾਏ ਕੋਇ ਡਰ, ਭਿਆਨਕ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਸਚਖੰਡ ਦਵਾਰਾ ਹਰਿ ਕਰਤਾਰਾ, ਸਾਚਾ ਹੁਕਮ ਆਪ ਵਰਤਾਈਆ। ਜੁਗ ਚੌਕੜੀ ਕਰੇ ਪਾਰ ਕਿਨਾਰਾ, ਜੁਗ ਜੁਗ ਲੇਖਾ ਆਪ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸੋਇਆ ਕੋਇ ਰਹਿਣ ਨਾ ਪਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਵੇਖੇ ਅਖਾੜਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਨਿਰਗੁਣ ਸਰਗੁਣ ਨਾਚ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਬੈਠਾ ਵੜ, ਸਚ ਸਿੰਘਾਸਣ ਸੋਭਾ ਪਾਈਆ। ਸਚਖੰਡ ਦਵਾਰਾ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਇਕ ਇਕੱਲਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ, ਬੇਪਰਵਾਹ ਆਪਣਾ ਨਾਉਂ ਧਰਾਇੰਦਾ। ਏਕੰਕਾਰਾ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਆਦਿ ਨਿਰੰਜਣ ਦੇਵੇ ਸਚ ਸਲਾਹ, ਲੇਖਾ ਲਿਖਣ ਪੜ੍ਹਨ ਵਿਚ ਨਾ ਆਇੰਦਾ। ਅਬਿਨਾਸ਼ੀ ਕਰਤਾ ਆਪਣਾ ਸੰਗ ਦਏ ਨਿਭਾ, ਸਗਲਾ ਸੰਗ ਆਪ ਹੋ ਜਾਇੰਦਾ। ਸ੍ਰੀ ਭਗਵਾਨ ਆਪ ਵਖਾਏ ਸਚ ਨਿਸ਼ਾਂ, ਦੋ ਜਹਾਨਾਂ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਕਰੇ ਸਚ ਨਿਆਂ, ਤਖ਼ਤ ਨਿਵਾਸੀ ਸਾਚਾ ਹੁਕਮ ਆਪ ਸੁਣਾਇੰਦਾ । ਘਰ ਖੋਲ੍ਹੇ ਇਕ ਮਕਾਨ, ਮੁਕਾਮੇ ਹੱਕ ਡੇਰਾ ਲਾਇੰਦਾ। ਦਾਮਨਗੀਰ ਹੋ ਬੇਪਰਵਾਹ, ਬੇਪਨਾਹ ਆਪ ਹੋ ਜਾਇੰਦਾ। ਆਪ ਧਰਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੁਗ ਚੌਕੜੀ ਪੰਧ ਮੁਕਾ, ਆਪ ਆਪਣਾ ਖੇਲ ਕਰਾਇੰਦਾ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾ, ਸਾਚੀ ਸੇਵਾ ਇਕ ਸਮਝਾਇੰਦਾ। ਤ੍ਰੈਗੁਣ ਮਾਇਆ ਦੇਵੇ ਡੇਰਾ ਢਾਹ, ਘੜਣ ਭੰਨਣਹਾਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚਾ ਹਰਿ, ਸਾਚੀ ਇਛਿਆ ਆਪ ਪਰਗਟਾਇੰਦਾ। ਸਾਚੀ ਇਛਿਆ ਸਚਖੰਡ, ਹਰਿ ਸਾਚਾ ਸਚ ਪਰਗਟਾਈਆ। ਲੇਖਾ ਜਾਣੇ ਕੋਟਨ ਕੋਟ ਬ੍ਰਹਿਮੰਡ, ਬ੍ਰਹਿਮੰਡ ਖੰਡ ਵੇਖੇ ਥਾਉਂ ਥਾਈਂਆ। ਲਹਿਣਾ ਦੇਣਾ ਚੁਕਾਏ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਹਰਿ ਨਿਰੰਕਾਰ ਆਪਣੀ ਕਰੇ ਸਚ ਸਲਾਹੀਆ। ਸਚ ਸਲਾਹ ਕਰੇ ਨਿਰੰਕਾਰਾ, ਦੂਸਰ ਅਵਰ ਨਾ ਕੋਇ ਰਖਾਇੰਦਾ। ਜੁਗ ਚੌਕੜੀ ਉਤਰੇ ਪਾਰ ਕਿਨਾਰਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਇੰਦਾ। ਜੁਗਾ ਜੁਗੰਤਰ ਗੁਰ ਅਵਤਾਰ ਬਣਾਏ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਇੰਦਾ। ਏਕਾ ਵਸਤ ਦੇਵੇ ਭੰਡਾਰਾ, ਨਾਮ ਵਸਤ ਅਮੋਲਕ ਝੋਲੀ ਪਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਆਪਣਾ ਪਰਦਾ ਆਪ ਉਠਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਵਖਾਇੰਦਾ। ਹਰਿ ਕਾ ਭੇਦ ਆਦਿ ਜੁਗਾਦਿ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਚਖੰਡ ਦਵਾਰਾ, ਸਾਚਾ ਦਰ ਆਪ ਸੁਹਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਬੈਠਾ ਏਕਾ ਕੰਤ, ਕੰਤ ਕੰਤੂਹਲ ਵਡੀ ਵਡਿਆਈਆ । ਏਕੰਕਾਰਾ ਬਣਾਏ ਬਣਤ, ਮਹਿਮਾ ਅਕਥ ਕਥੀ ਨਾ ਜਾਈਆ। ਆਦਿ ਨਿਰੰਜਣ ਸਾਚਾ ਧਾਮ ਸੁੁਹੰਤ, ਘਰ ਸਾਚੇ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਲੇਖਾ ਜਾਣੇ ਆਦਿ ਅੰਤ, ਸ੍ਰੀ ਭਗਵਾਨ ਪਰਦਾ ਦਏ ਉਠਾਈਆ। ਪਾਰਬ੍ਰਹਮ ਪ੍ਰਭ ਹੋਏ ਮੰਗਤ, ਦਰ ਦਰਵੇਸ਼ ਆਪਣੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਇਕ ਸੁਹਾਈਆ। ਦਰ ਘਰ ਸਾਚਾ ਹਰਿ ਸੁਹੰਜਣਾ, ਹਰਿ ਸਾਚਾ ਆਪ ਸੁਹਾਇੰਦਾ। ਜੋਤ ਜਗਾਏ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਬੈਠਾ ਚੜ੍ਹ ਸਚ ਸਿੰਘਾਸਣ ਆਪ ਸੁਹਾਇੰਦਾ। ਸਚਖੰਡ ਦਵਾਰੇ ਹਰਿ ਜੂ ਚੜ੍ਹਿਆ, ਆਪ ਆਪਣਾ ਰੰਗ ਵਖਾਈਆ। ਆਪਣੇ ਮੰਦਰ ਆਪੇ ਵੜਿਆ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਆਪਣਾ ਘਾੜਨ ਆਪੇ ਘੜਿਆ, ਨਾ ਕੋਈ ਬਾਢੀ ਬਣਤ ਬਣਾਈਆ। ਆਪਣਾ ਨਿਸ਼ਅੱਖਰ ਆਪੇ ਪੜ੍ਹਿਆ, ਨਾ ਕਰੇ ਕੋਇ ਪੜ੍ਹਾਈਆ। ਆਦਿ ਜੁਗਾਦਿ ਕਦੇ ਨ ਮਰਿਆ, ਮਾਤ ਗਰਭ ਕਦੇ ਨਾ ਆਈਆ। ਆਪਣੀ ਕਰਨੀ ਆਪੇ ਕਰਿਆ, ਕਰਤਾ ਪੁਰਖ ਨਾਉਂ ਧਰਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਖੇਲ ਕਰਿਆ, ਵੇਸ ਅਨੇਕ ਵਟਾਈਆ। ਗੁਰ ਅਵਤਾਰ ਭੰਡਾਰਾ ਭਰਿਆ, ਦੇਵੇ ਨਾਮ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਦਰ, ਦਰ ਦਰਬਾਰਾ ਸੋਭਾ ਪਾਈਆ। ਨਾਦ ਅਨਾਦੀ ਏਕਾ ਬੋਲ, ਅਗੰਮ ਅਗੰਮੜੀ ਧਾਰ ਚਲਾਈਆ। ਸਾਚੀ ਵਸਤ ਰੱਖੇ ਅਨਤੋਲ, ਤੋਲਣਹਾਰਾ ਸਾਚਾ ਮਾਹੀਆ। ਆਦਿ ਜੁਗਾਦਿ ਰਹੇ ਅਡੋਲ, ਜੁਗ ਜੁਗ ਵੇਖੇ ਆਪਣੀ ਸ਼ਹਿਨਸ਼ਾਹੀਆ। ਆਪਣਾ ਪੂਰਾ ਕਰੇ ਕੀਤਾ ਕੌਲ, ਕੀਤਾ ਕੌਲ ਭੁਲ ਨਾ ਜਾਈਆ। ਲਹਿਣਾ ਦੇਣਾ ਚੁਕਾਏ ਧਰਨੀ ਧਰਤ ਧਵਲ ਧੌਲ, ਪੂਰਬ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰ ਇਕ ਦਰਬਾਰ ਲਗਾਈਆ। ਸਚ ਦਰਬਾਰ ਲਗਾਇਆ, ਸੋ ਪੁਰਖ ਨਿਰੰਜਣ ਹੋ ਮਿਹਰਵਾਨ। ਸੀਸ ਆਪਣੇ ਛਤਰ ਝੁਲਾਇਆ, ਪੁਰਖ ਅਬਿਨਾਸ਼ੀ ਨੌਜਵਾਨ। ਦਰ ਦਰਬਾਨ ਨਾ ਕੋਇ ਰਖਾਇਆ, ਕਰੇ ਖੇਲ ਇਕ ਇਕੱਲਾ ਸ੍ਰੀ ਭਗਵਾਨ। ਆਪਣਾ ਹੁਕਮ ਆਪ ਜਣਾਇਆ, ਦੋ ਜਹਾਨਾਂ ਦੇਵੇ ਧੁਰ ਫ਼ਰਮਾਨ। ਸਤਿਜੁਗ ਤ੍ਰੇਤਾ ਦੁਆਪਰ ਪਾਰ ਲੰਘਾਇਆ, ਕਲਜੁਗ ਅੰਤਮ ਕਰੇ ਖੇਲ ਮਹਾਨ। ਨਿਰਗੁਣ ਜੋਤੀ ਜਾਮਾ ਭੇਸ ਵਟਾਇਆ, ਜੋਧਾ ਸੂਰਬੀਰ ਬਲੀ ਬਲਵਾਨ। ਨਾਮ ਖੰਡਾ ਹੱਥ ਚਮਕਾਇਆ, ਬ੍ਰਹਿਮੰਡ ਖੰਡ ਮਾਰ ਧਿਆਨ। ਵਿਸ਼ਨ ਬ੍ਰਹਮਾ ਸ਼ਿਵ ਦਏ ਹਿਲਾਇਆ, ਸੁਰਪਤ ਇੰਦ ਹੋਏ ਹੈਰਾਨ। ਲੱਖ ਚੁਰਾਸੀ ਧੀਰ ਨਾ ਕੋਇ ਧਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਮਹਾਨ। ਖੇਲ ਮਹਾਨ ਕਰਾਇੰਦਾ, ਹਰਿ ਸਤਿਗੁਰ ਸ਼ਹਿਨਸ਼ਾਹ। ਆਪਣਾ ਰੂਪ ਵਟਾਇੰਦਾ, ਨਿਰਗੁਣ ਜੋਤੀ ਜੋਤ ਜਗਾ। ਸ਼ਬਦੀ ਸ਼ਬਦ ਨਾਦ ਵਜਾਇੰਦਾ, ਨਾਦ ਅਨਾਦੀ ਆਪ ਸੁਣਾ। ਬੋਧ ਅਗਾਧੀ ਭੇਵ ਖੁਲ੍ਹਾਇੰਦਾ, ਆਪਣਾ ਪਰਦਾ ਆਪ ਉਠਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ, ਸਾਚਾ ਹਰਿ ਬੇਪਰਵਾਹ। ਆਦਿ ਜੁਗਾਦੀ ਵੇਸ ਵਟਾਇੰਦਾ, ਨਿਰਗੁਣ ਸਰਗੁਣ ਰੂਪ ਵਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਰਿਹਾ ਵਸਾ। ਸਚਖੰਡ ਦਵਾਰਾ ਵਸਿਆ, ਹਰਿ ਵਸੇ ਏਕੰਕਾਰ। ਕਰੇ ਖੇਲ ਖੇਲ ਤਮਾਸਿਆ, ਆਪ ਆਪੇ ਆਪਣੀ ਵਾਰ। ਆਪੇ ਮੰਡਲ ਆਪੇ ਰਾਸਿਆ, ਆਪੇ ਗੋਪੀ ਕਾਹਨ ਨਚਾਰ। ਆਪੇ ਆਪਣੀ ਪੂਰੀ ਕਰੇ ਆਸਿਆ, ਆਪੇ ਭਰੇ ਸਤਿ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚ ਸਰਕਾਰ ਸੱਚਾ ਸ਼ਹਿਨਸ਼ਾਹ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਲੇਖਾ ਦਏ ਮੁਕਾ, ਲੇਖਾ ਆਪਣੇ ਹੱਥ ਰਖਾਇਆ। ਗੁਰ ਅਵਤਾਰ ਸੇਵਾ ਲਾ, ਸਾਚਾ ਹੁਕਮ ਜਣਾਇਆ। ਜੁਗ ਚੌਕੜੀ ਗੇੜ ਭਵਾ, ਅੰਤਮ ਗੇੜਾ ਦਏ ਭਵਾਇਆ। ਜੋਤੀ ਜੋਤ ਲਏ ਮਿਲਾ, ਜੋਤੀ ਜਾਤਾ ਆਪਣਾ ਨਾਉਂ ਧਰਾਇਆ। ਕਲਜੁਗ ਖੇਲ ਕਰੇ ਬੇਪਰਵਾਹ, ਬੇਐਬ ਪਰਵਰਦਿਗਾਰ ਆਪਣਾ ਰੂਪ ਵਟਾਇਆ। ਪੀਰ ਪੈਗ਼ੰਬਰ ਔਲੀਏ ਸ਼ੇਖ਼ ਵੇਖੇ ਥਾਉਂ ਥਾਂ, ਚਾਰੋਂ ਕੁੰਟ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਦਰ ਦਰਵਾਜ਼ਾ ਗਿਆ ਖੁਲ੍ਹ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ। ਹਰਿ ਪੁਰਖ ਨਿਰੰਜਣ ਦੇਵੇ ਵਸਤ ਨਾਮ ਅਨਮੁਲ, ਅਤੋਟ ਅਤੁੱਟ ਵਰਤਾਈਆ। ਭਾਗ ਲਗਾਏ ਜਗਤ ਕੁਲ, ਕੁਲਵੰਤਾ ਬੇਪਰਵਾਹੀਆ। ਲੱਖ ਚੁਰਾਸੀ ਰਹੀ ਰੁਲ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਵਰਨ ਬਰਨ ਗਏ ਭੁੱਲ, ਸਾਚੀ ਸਰਨ ਨਾ ਕੋਇ ਤਕਾਈਆ। ਅੰਮ੍ਰਿਤ ਆਤਮ ਗਿਆ ਡੁੱਲ੍ਹ, ਗੋਬਿੰਦ ਭੁੱਲਿਆ ਸਾਚਾ ਮਾਹੀਆ। ਪਾਣੀ ਪਿਆ ਕਾਇਆ ਚੁਲ੍ਹ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚਾ ਹਰਿ, ਸਾਚਾ ਹੁਕਮ ਆਪ ਜਣਾਈਆ। ਹੁਕਮ ਜਣਾਏ ਧੁਰ ਫ਼ਰਮਾਨਾ, ਆਦਿ ਜੁਗਾਦੀ ਕਾਰ। ਕਰੇ ਖੇਲ ਸ੍ਰੀ ਭਗਵਾਨਾ, ਕਲਜੁਗ ਤੇਰੀ ਅੰਤਮ ਵਾਰ। ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨਾ, ਨਿਰਗੁਣ ਜੋਤ ਨੂਰ ਉਜਿਆਰ। ਆਪੇ ਵਰਤੇ ਆਪਣਾ ਭਾਣਾ, ਲੇਖਾ ਜਾਣੇ ਸਰਬ ਸੰਸਾਰ। ਤਖ਼ਤੋਂ ਲਾਹੇ ਰਾਜਾ ਰਾਣਾ, ਨੌਂ ਖੰਡ ਪ੍ਰਿਥਮੀ ਕਰੇ ਖ਼ਵਾਰ। ਸੱਤਾਂ ਦੀਪਾਂ ਤੋੜੇ ਮਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਖਿਲੌਣਾ, ਸਚਖੰਡ ਮਤਾ ਪਕਾਈਆ। ਕਲਜੁਗ ਝੂਠਾ ਬੁਰਜ ਢੌਣਾ, ਵੇਲਾ ਅੰਤ ਦਏ ਸਮਝਾਈਆ। ਗੁਰ ਅਵਤਾਰਾਂ ਦਰ ਬਹੌਣਾ, ਏਕਾ ਹੁਕਮ ਸੁਣਾਈਆ। ਸਭ ਦਾ ਲੇਖਾ ਵੇਖ ਵਖੌਣਾ, ਅਭੁਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸੱਚਾ ਸ਼ਹਿਨਸ਼ਾਹ ਨਿਰੰਕਾਰ, ਇਕ ਇਕੱਲਾ ਖੇਲ ਖਿਲਾਇੰਦਾ। ਤਖ਼ਤ ਨਿਵਾਸੀ ਬਣ ਸਿਕਦਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਨਵ ਨੌਂ ਚਾਰ ਕਰੇ ਖ਼ਵਾਰ, ਚਾਰ ਕੁੰਟ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਜਾਏ ਹਾਰ, ਹਾਰ ਜਿਤ ਨਾ ਕੋਇ ਜਣਾਇੰਦਾ। ਲੇਖਾ ਜਾਣੇ ਤੇਈ ਅਵਤਾਰ, ਗੁਰ ਗੁਰ ਦਸ ਵੇਖ ਵਖਾਇੰਦਾ। ਗੋਬਿੰਦ ਮੀਤਾ ਸਾਂਝਾ ਯਾਰ, ਖੰਡਾ ਏਕਾ ਨਾਮ ਚਮਕਾਇੰਦਾ। ਵਰਨ ਬਰਨ ਮਾਰੇ ਮਾਰ, ਤੇਜ਼ ਧਾਰ ਆਪ ਰਖਾਇੰਦਾ। ਦਰ ਵਖਾਏ ਪੁਰਖ ਅਕਾਲ, ਦੂਜਾ ਇਸ਼ਟ ਨਾ ਕੋਇ ਜਣਾਇੰਦਾ। ਆਪਣਾ ਕਰੇ ਹੱਲ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਪਣਾ ਬੰਧਨ ਆਪੇ ਪਾਇੰਦਾ। ਪਾਇਆ ਬੰਧਨ ਹਰਿ ਗੋਬਿੰਦ, ਗੋਬਿੰਦ ਭੇਵ ਅਭੇਦ ਖੁਲ੍ਹਾਈਆ। ਨੌਂ ਖੰਡ ਪ੍ਰਿਥਮੀ ਮੇਟੇ ਚਿੰਦ, ਚਿੰਤਾ ਚਿਖਾ ਦਏ ਗਵਾਈਆ। ਚਾਰ ਕੁੰਟ ਨਾ ਕਰੇ ਕੋਈ ਨਿੰਦ, ਪੁਰਖ ਅਕਾਲ ਸਰਬ ਮਨਾਈਆ। ਘਟ ਘਟ ਦੇਵੇ ਅੰਮ੍ਰਿਤ ਆਤਮ ਸਾਗਰ ਸਿੰਧ, ਨਿਝਰ ਝਿਰਨਾ ਆਪ ਝਿਰਾਈਆ। ਮਿਹਰਵਾਨ ਹੋਏ ਗਹਿਰ ਗੰਭੀਰ ਗੁਣੀ ਗਹਿੰਦ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਏਕਾ ਮਤਾ ਪਕਾਈਆ। ਸਚਖੰਡ ਦਵਾਰੇ ਮਤਾ ਪਕਾਇਆ, ਪੁਰਖ ਅਬਿਨਾਸ਼ੀ ਆਪਣਾ ਮੇਲਾ ਆਪ ਮਿਲਾਈਆ। ਲੱਖ ਚੁਰਾਸੀ ਵੇਖ ਵਖਾਇਆ, ਘਟ ਘਟ ਆਪਣਾ ਫੇਰਾ ਪਾਈਆ। ਚੌਥੇ ਜੁਗ ਚੌਥੇ ਵਰਨ ਵੰਡ ਵੰਡਾਇਆ, ਚਾਰੇ ਖਾਣੀ ਚਾਰੇ ਬਾਣੀ ਚਾਰੇ ਵੇਦ ਦੇਣ ਗਵਾਹੀਆ। ਗੁਰ ਸ਼ਬਦ ਹਾਣੀ ਕਿਸੇ ਨਜ਼ਰ ਨਾ ਆਇਆ, ਭੁੱਲੀ ਸਰਬ ਲੋਕਾਈਆ। ਅਠਸਠ ਤੀਰਥ ਪਾਣੀ ਵਰੋਲ ਵਖਾਇਆ, ਸਚ ਅਸ਼ਨਾਨ ਨਾ ਕੋਇ ਕਰਾਈਆ। ਰਸਨਾ ਪੜ੍ਹ ਪੜ੍ਹ ਵਾਦ ਵਧਾਇਆ, ਅਨਹਦ ਤਾਲ ਨਾ ਕੋਇ ਵਜਾਈਆ। ਤੇਲ ਬਾਤੀ ਦੀਪਕ ਰਹੇ ਜਗਾਇਆ, ਘਰ ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਸਾਚਾ ਸਾਥੀ ਕੋਈ ਨਜ਼ਰ ਨਾ ਆਇਆ, ਬਿਨ ਸਤਿਗੁਰ ਪੂਰੇ ਸੰਗ ਨਾ ਕੋਇ ਨਿਭਾਈਆ। ਝੂਠੀ ਹਾਟੀ ਜਗਤ ਵਿਕਾਇਆ, ਗੁਰ ਕਾ ਹੱਟ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਸਰਬ ਭੁਲਾਇਆ, ਆਪਣਾ ਆਪਣਾ ਇਸ਼ਟ ਰਹੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਹਰਿ ਜੂ ਖੜ, ਆਪਣਾ ਪਰਦਾ ਆਪ ਉਠਾਈਆ। ਕਲਜੁਗ ਅੰਤਮ ਆਪਣੇ ਕੰਡੇ ਆਪੇ ਤੋਲੇ, ਲੱਖ ਚੁਰਾਸੀ ਤੋਲ ਤੁਲਾਈਆ। ਸਭ ਦਾ ਲੇਖਾ ਝੂਠਾ ਪਰਦਾ ਆਪੇ ਖੋਲ੍ਹੇ, ਆਪੇ ਖੋਲ੍ਹ ਖੁਲ੍ਹਾਈਆ। ਸਾਚੀ ਵਸਤ ਕਿਸੇ ਨਾ ਕੋਲੇ, ਅੰਤਮ ਬੈਠੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਬਣਿਆ ਤੋਲਾ, ਨਾਮ ਕੰਡਾ ਹੱਥ ਉਠਾਇੰਦਾ। ਸ੍ਰਿਸ਼ਟ ਸਬਾਈ ਰੱਖੇ ਓਹਲਾ, ਗੁਰਮੁਖ ਵਿਰਲੇ ਦਰਸ ਦਿਖਾਇੰਦਾ। ਆਪੇ ਬਦਲੇ ਆਪਣਾ ਚੋਲਾ, ਪੰਜ ਤੱਤ ਨਾ ਕੋਇ ਜਣਾਇੰਦਾ। ਧਰਨੀ ਕਰੇ ਭਾਰ ਹੌਲਾ, ਲੱਖ ਚੁਰਾਸੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਆਪੇ ਵੜ, ਆਪਣਾ ਪਰਦਾ ਆਪ ਉਠਾਇੰਦਾ। ਕਲਜੁਗ ਪੈਂਡਾ ਰਿਹਾ ਮੁੱਕ, ਹਰਿ ਪੁਰਖ ਨਿਰੰਜਣ ਰਿਹਾ ਮੁਕਾਈਆ। ਗੋਬਿੰਦ ਲੇਖਾ ਗਿਆ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਨੌਂ ਖੰਡ ਪ੍ਰਿਥਮੀ ਨੇਤਰ ਨੈਣਾਂ ਪੇਖ, ਆਪ ਆਪਣੇ ਰੰਗ ਆਪ ਸਮਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਹਰਖ ਸੋਗ ਨਾ ਕੋਇ ਜਣਾਈਆ। ਘਰ ਘਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਦੇਵੇ ਦਰਸ, ਜੋਤੀ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਆਪਣਾ ਵੇਸ ਵਟਾਈਆ। ਅੰਤਮ ਵੇਸ ਵੇਸ ਅਪਾਰਾ, ਅਨਕ ਕਲਧਾਰੀ ਆਪ ਕਰਾਇੰਦਾ। ਲੋਕਮਾਤ ਮਾਤ ਹੋ ਉਜਿਆਰਾ, ਲੋਕਮਾਤ ਵੇਖ ਵਖਾਇੰਦਾ। ਚੌਦਾਂ ਲੋਕ ਲੋਕ ਅਖਾੜਾ, ਸਚ ਅਖਾੜਾ ਆਪ ਲਗਾਇੰਦਾ। ਚੌਦਾਂ ਤਬਕ ਤਬਕ ਕਿਨਾਰਾ, ਅੰਤ ਕਿਨਾਰਾ ਆਪ ਜਣਾਇੰਦਾ। ਲੇਖਾ ਚੁੱਕੇ ਰਵ ਸਸ ਸਤਾਰਾ, ਸੂਰਜ ਚੰਨ ਮੁਖ ਸ਼ਰਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਾਰ ਕਿਨਾਰਾ, ਨੇਤਰ ਨੀਰ ਸਰਬ ਵਹਾਇੰਦਾ। ਸੁਰਪਤ ਰਾਜਾ ਇੰਦ ਹੋਏ ਖ਼ਵਾਰਾ, ਕਰੋੜ ਤੇਤੀਸ ਨਾ ਸੰਗ ਨਿਭਾਇੰਦਾ। ਨੌਂ ਖੰਡ ਪ੍ਰਿਥਮੀ ਦੇਵੇ ਏਕਾ ਨਾਮ ਆਧਾਰਾ, ਨਵ ਨੌਂ ਆਪਣੀ ਧਾਰ ਚਲਾਇੰਦਾ। ਏਕਾ ਨਾਦ ਸ਼ਬਦ ਧੁੰਨਕਾਰਾ, ਘਟ ਘਟ ਅੰਦਰ ਆਪ ਵਜਾਇੰਦਾ। ਏਕਾ ਅੰਮ੍ਰਿਤ ਠੰਡੀ ਠਾਰਾ, ਘਰ ਸਰੋਵਰ ਆਪ ਵਖਾਇੰਦਾ। ਏਕਾ ਸਤਿਗੁਰ ਮੀਤ ਮੁਰਾਰਾ, ਘਟ ਘਟ ਆਸਣ ਲਾਇੰਦਾ। ਏਕਾ ਬ੍ਰਹਮ ਕਰੇ ਪਸਾਰਾ, ਏਕਾ ਈਸ਼ ਜੀਵ ਨਗਾਰਾ, ਤਾਲ ਤਲਵਾੜਾ ਆਪ ਵਜਾਇੰਦਾ। ਏਕਾ ਮੰਦਰ ਇਕ ਦਵਾਰਾ, ਏਕਾ ਗੁਰੂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਲੋਕਮਾਤ ਵੇਸ ਵਟਾਇੰਦਾ। ਲੋਕਮਾਤ ਸਾਚਾ ਹਰਿ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਸੰਬਲ ਨਗਰ ਬੈਠਾ ਵੜ, ਦਿਸ ਕਿਸੇ ਨਾ ਆਈਆ। ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਆਪਣੀ ਵਿਦਿਆ ਆਪੇ ਪੜ੍ਹ, ਬ੍ਰਹਿਮੰਡ ਬ੍ਰਹਿਮਾਂਡ ਕਰੇ ਪੜ੍ਹਾਈਆ। ਨਾ ਪੁਰਖ ਨਾ ਨਾਰੀ ਨਰ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਆਪਣੀ ਕਰਨੀ ਰਿਹਾ ਕਰ, ਕਰਨੀ ਕਰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਦਏ ਵਡਿਆਈਆ। ਸਚਖੰਡ ਨਿਵਾਸੀ ਸਚ ਨਰੇਸ਼, ਨਿਰਗੁਣ ਨਿਰਵੈਰ ਪੁਰਖ ਅਕਾਲ ਅਖਵਾਈਆ। ਆਦਿ ਜੁਗਾਦਿ ਸਦਾ ਆਦੇਸ, ਨਿਹਚਲ ਧਾਮ ਅਟਲ ਬੈਠਾ ਆਸਣ ਲਾਈਆ। ਜੁਗਾ ਜੁਗੰਤਰ ਕਰੇ ਵੇਸ, ਵੇਸ ਅਨੇਕਾ ਰੂਪ ਵਟਾਈਆ। ਸੇਵਾ ਲਾਏ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਆਪਣੀ ਗਤ ਜਣਾਈਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਮੂਡ ਮੁੰਡਾਏ ਨਾ ਸੱਚਾ ਮਾਹੀਆ । ਆਪਣੇ ਨੂਰ ਆਪ ਪਰਵੇਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਵਸੇ ਸਾਚਾ ਮਾਹੀਆ। ਸਾਚੇ ਘਰ ਵਸੇ ਪਰਵਰਦਿਗਾਰ, ਬੇਐਬ ਨਾਮ ਖ਼ੁਦਾਇਆ। ਮੁਕਾਮੇ ਹੱਕ ਕਰ ਤਿਆਰ, ਆਸਣ ਸਿੰਘਾਸਣ ਇਕ ਸੁਹਾਇਆ। ਨੂਰ ਨੁਰਾਨਾ ਜਲਵਾ ਅਪਾਰ, ਨੂਰੋ ਨੂਰ ਡਗਮਗਾਇਆ। ਮਿਹਬਾਨ ਬੀਦੋ ਸਾਂਝਾ ਯਾਰ, ਸਗਲਾ ਸੰਗ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਆਪ ਵਡਿਆਇਆ । ਸਾਚੇ ਤਖ਼ਤ ਬਹੇ ਨਿਰੰਕਾਰਾ, ਅਜੂਨੀ ਰਹਿਤ ਵਡੀ ਵਡਿਆਈਆ। ਦੋ ਜਹਾਨਾਂ ਪਾਵੇ ਸਾਰਾ, ਦੋ ਜਹਾਨਾਂ ਵਾਲੀ ਇਕ ਖ਼ੁਦਾਈਆ। ਲੱਖ ਚੁਰਾਸੀ ਦਏ ਅਧਾਰਾ, ਖ਼ਾਲਕ ਖ਼ਲਕ ਮਖ਼ਲੂਕ ਆਪਣੀ ਧਾਰ ਬੰਧਾਈਆ। ਘਟ ਘਟ ਅੰਦਰ ਨਾਦ ਵਜਾਏ ਨਾਮ ਜੈਕਾਰਾ, ਆਪਣੀ ਸਦ ਬਾਂਗ ਸੁਣਾਈਆ। ਗ੍ਰਹਿ ਗ੍ਰਹਿ ਅੰਦਰ ਨਿਰਗੁਣ ਨੂਰ ਜੋਤ ਕਰ ਉਜਿਆਰਾ, ਘਰ ਘਰ ਜੋਤੀ ਜੋਤ ਦੀਪਕ ਦੀਪ ਕਰੇ ਰੁਸ਼ਨਾਈਆ। ਦਰ ਦਰ ਸਖ਼ੀਆਂ ਗਾਏ ਮੰਗਲਚਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਸ ਵਟਾਈਆ। ਵੇਸ ਵਟਾਏ ਹਰਿ ਕਰਤਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਵੇਲਾ ਅੰਤਮ ਆਈਆ। ਲੇਖਾ ਜਾਣੇ ਗੁਰ ਅਵਤਾਰ, ਈਸਾ ਮੂਸਾ ਕਰੇ ਸਬਕ ਪੜ੍ਹਾਈਆ। ਕਲਮੀ ਕਲਮਾ ਕਰ ਤਿਆਰ, ਆਲਮੀਨ ਜਣਾਈਆ। ਏਕਾ ਨਬੀ ਰਸੂਲ ਹੋਇਆ ਖ਼ਬਰਦਾਰ, ਜਲਵਾ ਨੂਰ ਜਲਾਲ ਵਖਾਈਆ। ਏਕਾ ਤਾਲੀਮ ਦਏ ਸੰਸਾਰ, ਅਜ਼ੀਮੁਲਸ਼ਾਨ ਆਪਣੀ ਸ਼ਾਨ ਵਧਾਈਆ। ਅਲਿਫ਼ ਯੇ ਕਰ ਪਿਆਰ, ਸਾਬਤ ਸੂਰਤ ਰੱਬ ਦੀ ਦਏ ਵਖਾਈਆ। ਸਚ ਹਦੀਸ ਬੋਲ ਜੈਕਾਰ, ਨਗ਼ਮਾ ਨਾਅਰਾ ਦਏ ਸੁਣਾਈਆ। ਮੁਰਸ਼ਦ ਮੁਰੀਦ ਬਣੇ ਨਿਰੰਕਾਰ, ਹਕ ਹੱਕ ਕਰੇ ਪੜ੍ਹਾਈਆ। ਸਚ ਮਹਿਰਾਬੇ ਹੋ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਰੰਗ ਵਖਾਏ ਏਕਾ ਅੱਲਾ, ਇਲਾਹੀ ਨੂਰ ਪਰਗਟਾਇਆ। ਆਪਣਾ ਆਪ ਕਰੇ ਬਿਸਮਿੱਲਾ, ਬਿਸਮਿਲ ਆਪਣੀ ਧਾਰ ਚਲਾਇਆ। ਨਾਲ ਰਲਾਏ ਇਲਲਿੱਲਾ, ਲਿਖਣ ਪੜ੍ਹਨ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਪਾਇਆ। ਆਪਣਾ ਬੰਧਨ ਕਲਮੀ ਕਲਾਮ, ਕਲਮਾ ਨਬੀ ਆਪ ਪੜ੍ਹਾਈਆ। ਆਪੇ ਦੀਨ ਆਪ ਇਸਲਾਮ, ਇਸਮ ਆਜ਼ਮ ਆਪ ਜਣਾਈਆ। ਆਪੇ ਨੂਰ ਆਪੇ ਬਾਤਨ ਆਪੇ ਦਏ ਜਲਾਲ, ਆਪੇ ਬੈਠਾ ਮੁਖ ਛੁਪਾਈਆ। ਆਪੇ ਹੱਕ ਆਪ ਹਲਾਲ, ਆਪੇ ਹਕ਼ੀਕ਼ਤ ਬੇਮਿਸਾਲ, ਬੇਐਬ ਆਪ ਹੋ ਜਾਈਆ। ਆਪੇ ਬਣੇ ਜਗਤ ਦਲਾਲ, ਵਣਜ ਵਣਜਾਰਾ ਇਕ ਕਰਾਈਆ। ਆਪੇ ਵਸੇ ਕਾਇਆ ਮਾਟੀ ਖਾਲ, ਆਪੇ ਕਾਇਆ ਕਾਅਬਾ ਕਰੇ ਵਡਿਆਈਆ। ਆਪੇ ਚਲੇ ਅਵੱਲੜੀ ਚਾਲ, ਦੋ ਦੋ ਆਬਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪੁਨ ਆਪ ਸਵਾਬਾ, ਆਪ ਵਜਾਏ ਸਚ ਰਬਾਬਾ, ਆਪ ਮਿਲਾਏ ਇਕ ਅਹਿਬਾਬਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਆਪੇ ਰਿਹਾ ਮੁਕਾਈਆ। ਜੁਗ ਜੁਗ ਲੇਖਾ ਪੀਰ ਦਸਤਗੀਰ, ਹਰਿ ਸਾਚਾ ਆਪ ਵਖਾਇੰਦਾ। ਲੋਕਮਾਤ ਘੱਲੇ ਮਾਰ ਜ਼ੰਜੀਰ, ਨਾਮ ਜ਼ੰਜੀਰ ਆਪਣੇ ਹੱਥ ਰਖਾਇੰਦਾ। ਅੰਤਮ ਮੇਲਾ ਕਰੇ ਅਖ਼ੀਰ, ਆਪਣੀ ਕਰਨੀ ਆਪ ਕਰਾਇੰਦਾ। ਪੰਜ ਤੱਤ ਤੁਟੇ ਬਸਤਰ ਚੀਰ, ਚੀਰਾ ਸੀਸ ਜਗਦੀਸ ਆਪ ਬੰਧਾਇੰਦਾ। ਸਦੀ ਚੌਧਵੀਂ ਘੱਤੇ ਵਹੀਰ, ਧੀਰਜ ਧੀਰ ਨਾ ਕੋਇ ਕਰਾਇੰਦਾ। ਸੰਗ ਮੁਹੰਮਦ ਚਾਰ ਯਾਰ ਕੋਇ ਨਾ ਦੇਵੇ ਕਿਸੇ ਨੀਰ, ਆਬ ਹਯਾਤ ਨਾ ਕੋਇ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਭ ਦਾ ਲੇਖਾ ਆਪ ਮੁਕਾਇੰਦਾ। ਲੇਖਾ ਮੁੱਕੇ ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਮੁਖ ਸ਼ਰਮਾਈਆ। ਮਕਤਬ ਪੜ੍ਹੇ ਨਾ ਕੋਇ ਕਰੇ ਵਿਚਾਰ, ਆਲਮ ਇਲਮ ਨਾ ਕੋਇ ਜਣਾਈਆ। ਮੁਖ਼ਾਤਬ ਹੋ ਖ਼ਤਾਬ ਦੇਵੇ ਨਾ ਵਿਚ ਕੋਇ ਸੰਸਾਰ, ਸ਼ਰਅ ਸ਼ਰੀਅਤ ਦਏ ਮਿਟਾਈਆ। ਏਕਾ ਕਲਮਾ ਜਣਾਏ ਆਪ ਨਿਰੰਕਾਰ, ਹਰਫ਼ ਬਹਰਫ਼ ਕਰੇ ਪੜ੍ਹਾਈਆ। ਵਰਨ ਬਰਨ ਕਰੇ ਖ਼ਵਾਰ, ਵੰਡਣ ਵੰਡ ਨਾ ਕੋਇ ਵੰਡਾਈਆ। ਨੌਂ ਖੰਡ ਪ੍ਰਿਥਮੀ ਬਣੇ ਇਕ ਸਿਕਦਾਰ, ਏਕਾ ਮਾਰਗ ਦਏ ਲਗਾਈਆ। ਚਾਰ ਵਰਨ ਸੋਹਣ ਇਕ ਦਰਬਾਰ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਨਾ ਕੋਇ ਅਖਵਾਈਆ। ਏਕਾ ਨਾਮ ਬੋਲਣ ਜੈਕਾਰ, ਪੁਰਖ ਅਕਾਲ ਸਰਬ ਧਿਆਈਆ। ਕਾਇਆ ਮੰਦਰ ਅੰਦਰ ਵਖਾਏ ਸੱਚਾ ਗੁਰੂਦਵਾਰ, ਹਰਿ ਮੰਦਰ ਬੈਠਾ ਸਾਚਾ ਮਾਹੀਆ। ਉੱਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਪਾਵੇ ਸਾਰ, ਆਲਸ ਨਿੰਦਰਾ ਵਿਚ ਨਾ ਆਈਆ। ਠਾਕਰ ਮਿਲੇ ਠਾਕਰ ਦਵਾਰ, ਠੋਕਰ ਠਾਕਰ ਨਾਮ ਲਗਾਈਆ। ਮੀਆਂ ਕਰੇ ਅੱਲਾ ਪਿਆਰ, ਅੱਲਾ ਮੀਆਂ ਏਕਾ ਘਰ ਵੱਜੇ ਵਧਾਈਆ। ਗੁਰਮੁਖ ਗੁਰ ਗੁਰ ਬਣੇ ਨਾਰ ਕੰਤ ਭਤਾਰ, ਨਾਰ ਕੰਤ ਏਕਾ ਸੇਜਾ ਸੋਭਾ ਪਾਈਆ। ਗੋਪੀ ਕਾਹਨ ਕਰੇ ਮੰਗਲਾਚਾਰ, ਸਚੇ ਮੰਡਲ ਰਾਸ ਰਚਾਈਆ। ਕਰੇ ਖੇਲ ਆਪ ਕਰਤਾਰ, ਦੂਸਰ ਓਟ ਨਾ ਕੋਇ ਤਕਾਈਆ। ਦੀਨ ਮਜ਼੍ਹਬ ਕਰ ਖ਼ਵਾਰ, ਏਕਾ ਬ੍ਰਹਮ ਦਏ ਵਖਾਈਆ। ਗੋਬਿੰਦ ਗੋਬਿੰਦ ਗੋਬਿੰਦ ਨਜ਼ਰੀ ਆਏ ਵਿਚ ਸੰਸਾਰ, ਜਗਤ ਨੇਤਰ ਦਏ ਖੁਲ੍ਹਾਈਆ। ਕਲਜੁਗ ਜੜ੍ਹ ਉਖੜੇ ਅੰਤਮ ਵਾਰ, ਛੋਟੇ ਬਾਲੇ ਰਹੇ ਉਖੜਾਈਆ। ਸਤਿਜੁਗ ਮਹੱਲਾ ਵਸੇ ਆਪਣੀ ਵਾਰ, ਸਤਿਗੁਰ ਪੂਰਾ ਆਪ ਵਸਾਈਆ। ਕਲਗ਼ੀ ਤੋੜਾ ਸੋਹੇ ਸੀਸ ਦਸਤਾਰ, ਪਰਗਟ ਹੋਵੇ ਸੱਚਾ ਸ਼ਹਿਨਸ਼ਾਹੀਆ। ਨੌਂ ਖੰਡ ਪ੍ਰਿਥਮੀ ਬੋਲੇ ਇਕ ਜੈਕਾਰ, ਫ਼ਤਹਿ ਡੰਕਾ ਦਏ ਵਜਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਆਇਣ ਚਲ ਦਵਾਰ, ਬੈਠਣ ਸੀਸ ਝੁਕਾਈਆ। ਕ਼ੁਦਰਤ ਕ਼ਾਦਰ ਕਰੇ ਪਿਆਰ, ਬਖ਼ਸ਼ਿਸ਼ ਬਖ਼ਸ਼ੇ ਨਾ ਦੀਸੇ ਕੋਇ ਗੁਨਾਹੀਆ। ਗੁਰਮੁਖਾਂ ਦੇਵੇ ਇਕ ਆਧਾਰ, ਅੰਮ੍ਰਿਤ ਆਤਮ ਜਾਮ ਪਿਆਈਆ। ਗੁਰਸਿਖਾਂ ਕਰੇ ਸਚ ਪਿਆਰ, ਦਿਵਸ ਰੈਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਜੁਗ ਜੁਗ ਵੇਸ ਆਪੇ ਕਰ, ਜਗ ਜੁਗ ਜਗਤ ਬੰਧਨ ਦੇਵੇ ਕਟਾਈਆ।