Granth 10 Likhat 159: 3 Savan 2018 Bikarmi Tehal Singh de Greh Rupo Wali

੩ ਸਾਵਣ ੨੦੧੮ ਬਿਕ੍ਰਮੀ ਟੈਹਲ ਸਿੰਘ ਦੇ ਗ੍ਰਹਿ ਰੂਪੋ ਵਾਲੀ

ਚਾਰ ਵਰਨ ਏਕਾ ਓਟ, ਹਰਿ ਸਤਿਗੁਰ ਸਚ ਸਰਨਾਈਆ। ਚਾਰ ਵਰਨ ਏਕਾ ਜੋਤ, ਨਿਰਮਲ ਨਿਰਵੈਰ ਆਪ ਜਗਾਈਆ। ਚਾਰ ਵਰਨ ਏਕਾ ਕਿਲਾ ਏਕਾ ਕੋਟ, ਪਾਰਬ੍ਰਹਮ ਪ੍ਰਭ ਆਪ ਬਣਾਈਆ। ਚਾਰ ਵਰਨ ਏਕਾ ਗੋਤ, ਬ੍ਰਹਮ ਰੂਪ ਸਰਬ ਦਰਸਾਈਆ। ਚਾਰ ਵਰਨ ਏਕਾ ਸੋਤ, ਨੌਂ ਦਵਾਰੇ ਬਣਤ ਬਣਾਈਆ। ਚਾਰ ਵਰਨ ਏਕਾ ਓਟ, ਰਸਨਾ ਜੇਹਵਾ ਏਕਾ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰਨ ਚਾਰ ਕਰੇ ਕੁੜਮਾਈਆ। ਚਾਰ ਵਰਨ ਏਕਾ ਗੁਰ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਚਾਰ ਵਰਨ ਏਕਾ ਸੁਰ, ਘਰ ਅਨਾਦੀ ਨਾਦ ਸੁਣਾਇੰਦਾ। ਚਾਰ ਵਰਨ ਏਕਾ ਜੋੜ, ਜੋਤੀ ਸ਼ਬਦੀ ਮੇਲ ਮਿਲਾਇੰਦਾ। ਚਾਰ ਵਰਨ ਏਕਾ ਘੋੜ, ਹਰਿ ਕਾ ਨਾਉਂ ਹਰਿ ਵਖਾਇੰਦਾ। ਚਾਰ ਵਰਨ ਏਕਾ ਲੋੜ, ਬ੍ਰਹਮ ਰੂਪ ਨਜ਼ਰੀ ਆਇੰਦਾ। ਚਾਰ ਵਰਨ ਏਕਾ ਪੌੜ, ਹਰੀ ਦਵਾਰ ਆਪ ਚੜ੍ਹਾਇੰਦਾ । ਚਾਰ ਵਰਨ ਏਕਾ ਜਾਏ ਬੌਹੜ, ਅੰਤਰ ਆਤਮ ਜੋ ਲਿਵ ਲਾਇੰਦਾ। ਚਾਰ ਵਰਨ ਚੌਥੇ ਜੁਗ ਦਰ ਤੋਂ ਦੇਵੇ ਹੋੜ, ਏਕਾ ਬੰਧਨ ਪਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਰ ਨਿਰੰਕਾਰਾ ਜਾਏ ਬੌਹੜ, ਰੂਪ ਅਨੂਪ ਆਪ ਵਟਾਇੰਦਾ। ਲੱਖ ਚੁਰਾਸੀ ਵੇਖੇ ਪਰਖੇ ਮਿੱਠਾ ਕੌੜ, ਪੱਤ ਡਾਲ੍ਹੀ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਸੰਗ ਨਿਭਾਇੰਦਾ। ਚਾਰ ਵਰਨ ਏਕਾ ਸੰਗ, ਆਤਮ ਪਰਮਾਤਮ ਜੋੜ ਜੁੜਾਈਆ। ਚਾਰ ਵਰਨ ਇਕ ਮਰਦੰਗ, ਨਾਮ ਨਿਧਾਨਾ ਆਪ ਸੁਣਾਈਆ। ਚਾਰ ਵਰਨ ਏਕਾ ਰੰਗ, ਰੰਗ ਰੰਗੇ ਸਾਚਾ ਮਾਹੀਆ। ਚਾਰ ਵਰਨ ਏਕਾ ਚੰਦ, ਏਕਾ ਸੂਰਯਾ ਕਰੇ ਰੁਸ਼ਨਾਈਆ। ਚਾਰ ਵਰਨ ਏਕਾ ਅਨੰਦ, ਘਰ ਘਰ ਵਿਚ ਰਿਹਾ ਦਰਸਾਈਆ। ਚਾਰ ਵਰਨ ਏਕਾ ਗੰਢ, ਗੁਰ ਸਤਿਗੁਰ ਆਪ ਪਵਾਈਆ। ਚਾਰ ਵਰਨ ਦੇਵੇ ਠੰਡ, ਅਗਨੀ ਤੱਤ ਬੁਝਾਈਆ। ਚਾਰ ਵਰਨ ਰੰਡੇਪਾ ਕੱਟੇ ਰੰਡ, ਕੰਤ ਸੁਹਾਗ ਦਏ ਮਿਲਾਈਆ। ਚਾਰ ਵਰਨ ਮੇਟੇ ਅੰਧੇਰਾ ਅੰਧ, ਗਿਆਨ ਪਰਕਾਸ਼ ਇਕ ਵਖਾਈਆ। ਚਾਰ ਵਰਨ ਮੇਟੇ ਪੰਧ, ਕਲਜੁਗ ਕੂੜੀ ਕਿਰਿਆ ਦਏ ਮਿਟਾਈਆ। ਚਾਰ ਵਰਨ ਸੁਣਾਏ ਏਕਾ ਛੰਦ, ਸੋਹੰ ਢੋਲਾ ਆਪੇ ਗਾਈਆ। ਚਾਰ ਵਰਨ ਉਪਜਾਏ ਪਰਮਾਨੰਦ, ਪੀਆ ਪ੍ਰੀਤਮ ਸੱਚਾ ਮਾਹੀਆ। ਚਾਰ ਵਰਨ ਲੇਖਾ ਜਾਣੇ ਬੱਤੀ ਦੰਦ, ਰਸਨਾ ਜੇਹਵਾ ਸੇਵ ਲਗਾਈਆ। ਚਾਰ ਵਰਨ ਟੁੱਟੀ ਦੇਵੇ ਗੰਢ, ਚੌਥਾ ਜੁਗ ਪਾਰ ਵਖਾਈਆ। ਚਾਰ ਵਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਬੰਧਨ ਪਾਈਆ। ਚਾਰ ਵਰਨ ਏਕਾ ਬੰਧਨ, ਪੁਰਖ ਬਿਧਾਤਾ ਆਪੇ ਪਾਇੰਦਾ। ਚਾਰ ਵਰਨਾਂ ਏਕਾ ਤੰਦਨ, ਨਾਮ ਡੋਰੀ ਹੱਥ ਰਖਾਇੰਦਾ। ਚਾਰ ਵਰਨਾਂ ਤੋੜੇ ਫੰਦਨ, ਮਾਇਆ ਮਮਤਾ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਵਰਨਾਂ ਮੇਲ ਮਿਲਾਇੰਦਾ । ਚਾਰ ਵਰਨ ਹਰਿ ਹਰਿ ਮੇਲਾ, ਆਤਮ ਪਰਮਾਤਮ ਹੋਏ ਸਹਾਈਆ। ਚਾਰ ਵਰਨ ਗੁਰੂ ਗੁਰ ਚੇਲਾ, ਗੁਰ ਗੋਬਿੰਦ ਰੂਪ ਧਰਾਈਆ। ਚਾਰ ਵਰਨ ਹਰਿ ਸੱਜਣ ਸੁਹੇਲਾ, ਊਚਾਂ ਨੀਚਾਂ ਵੇਖ ਵਖਾਈਆ। ਚਾਰ ਵਰਨ ਹਰਿ ਚਾੜ੍ਹੇ ਤੇਲਾ, ਨਿਰਗੁਣ ਸਰਗੁਣ ਸਗਨ ਮਨਾਈਆ। ਚਾਰ ਵਰਨ ਬਣੇ ਸੱਜਣ ਸੁਹੇਲਾ, ਸਤਿਗੁਰ ਪੂਰਾ ਹਰਿ ਨਿਰੰਕਾਰਾ ਸਮਰਥ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਏਕਾ ਰੰਗ ਰੰਗਾਈਆ। ਚਾਰ ਵਰਨ ਰੰਗੇ ਰੰਗ, ਰੰਗਣ ਨਾਮ ਇਕ ਰਖਾਇੰਦਾ। ਚਾਰ ਵਰਨ ਖ਼ੁਸ਼ੀ ਕਰੇ ਬੰਦ ਬੰਦ, ਬੰਦੀ ਤੋੜ ਦਇਆ ਕਮਾਇੰਦਾ। ਚਾਰ ਵਰਨ ਚੌਥੇ ਜੁਗ ਕਰੇ ਖੰਡ ਖੰਡ, ਨਾਮ ਖੰਡਾ ਇਕ ਚਮਕਾਇੰਦਾ। ਚਾਰ ਵਰਨ ਲੇਖਾ ਚੁੱਕੇ ਜੇਰਜ ਅੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਦਰ ਬਹਾਇੰਦਾ। ਚਾਰ ਵਰਨ ਏਕਾ ਦਰ, ਦਰ ਦਰਵਾਜ਼ਾ ਹਰਿ ਖੁਲ੍ਹਾਈਆ। ਚਾਰ ਵਰਨ ਏਕਾ ਹਰਿ, ਦੂਸਰ ਅਵਰ ਨਾ ਕੋਇ ਵਡਿਆਈਆ। ਚਾਰ ਵਰਨ ਭੰਡਾਰਾ ਦੇਵੇ ਭਰ, ਪਾਰਬ੍ਰਹਮ ਬੇਪਰਵਾਹੀਆ। ਚਾਰ ਵਰਨ ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਰੂਪ ਧਰਾਈਆ। ਚਾਰ ਵਰਨ ਏਕਾ ਵਿਦਿਆ ਲੈਣ ਪੜ੍ਹ, ਏਕਾ ਅੱਖਰ ਕਰੇ ਸ਼ਨਵਾਈਆ। ਚਾਰ ਵਰਨ ਏਕਾ ਅਗਨੀ ਜਾਏ ਸੜ, ਮੜ੍ਹੀ ਗੋਰ ਨਾ ਕੋਇ ਦਬਾਈਆ। ਚਾਰ ਵਰਨ ਏਕਾ ਚੋਟੀ ਜਾਇਣ ਚੜ੍ਹ, ਸਾਚਾ ਪੌੜਾ ਨਾਮ ਵਖਾਈਆ। ਚਾਰ ਵਰਨ ਮੇਲੇ ਨਰ ਹਰਿ, ਨਰ ਨਰਾਇਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੂਪ ਦਏ ਦਰਸਾਈਆ। ਚਾਰ ਵਰਨ ਏਕਾ ਜ਼ਾਤ, ਜਾਤ ਅਜ਼ਾਤੀ ਮੇਟ ਮਿਟਾਇੰਦਾ। ਚਾਰ ਵਰਨ ਏਕਾ ਸਾਥ, ਸਗਲਾ ਸੰਗ ਆਪ ਰਖਾਇੰਦਾ। ਚਾਰ ਵਰਨ ਏਕਾ ਗਾਥ, ਬੋਧ ਅਗਾਧਾ ਨਾਮ ਪੜ੍ਹਾਇੰਦਾ। ਚਾਰ ਵਰਨ ਏਕਾ ਦਾਤ, ਪੁਰਖ ਅਬਿਨਾਸ਼ੀ ਝੋਲੀ ਪਾਇੰਦਾ। ਚਾਰ ਵਰਨ ਏਕਾ ਪਿਤਾ ਏਕਾ ਮਾਤ, ਪੁਰਖ ਅਕਾਲ ਆਪ ਅਖਵਾਇੰਦਾ। ਚਾਰ ਵਰਨ ਏਕਾ ਨਾਤ, ਬ੍ਰਹਮ ਪਾਰ੍ਰਬਹਮ ਜੋੜ ਜੁੜਾਇੰਦਾ। ਚਾਰ ਵਰਨ ਏਕਾ ਘਾਟ, ਸਚ ਕਿਨਾਰਾ ਆਪ ਦਰਸਾਇੰਦਾ। ਚਾਰ ਵਰਨ ਏਕਾ ਜੋਤ ਜਗੇ ਲਲਾਟ, ਨੂਰ ਨੁਰਾਨਾ ਡਗਮਗਾਇੰਦਾ। ਚਰ ਵਰਨ ਏਕਾ ਹਾਟ, ਸਤਿਗੁਰ ਪੂਰਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਚਾਰ ਵਰਨ ਇਕ ਸੁਗੰਧ, ਦੂਸਰ ਇਸ਼ਟ ਨਾ ਕੋਇ ਵਡਿਆਈਆ। ਚਾਰ ਵਰਨ ਇਕ ਪਲੰਘ, ਆਤਮ ਸੇਜਾ ਇਕ ਹੰਢਾਈਆ। ਚਾਰ ਵਰਨ ਏਕਾ ਛੰਦ, ਸੋਹੰ ਢੋਲਾ ਰਿਹਾ ਸੁਣਾਈਆ। ਚਾਰ ਵਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਮਾਰਗ ਰਿਹਾ ਲਗਾਈਆ। ਚਾਰ ਵਰਨ ਸਾਚਾ ਰਾਹ, ਰਹਿਬਰ ਹਰਿ ਹਰਿ ਆਪ ਅਖਵਾਇੰਦਾ। ਚਾਰ ਵਰਨ ਬਣ ਮਲਾਹ, ਹਰਿ ਜੂ ਬੇੜਾ ਆਪ ਚਲਾਇੰਦਾ। ਚਾਰ ਵਰਨ ਦੇਵੇ ਸਚ ਸਲਾਹ, ਜ਼ਾਤ ਪਾਤ ਮੇਟ ਮਿਟਾਇੰਦਾ। ਚਾਰ ਵਰਨ ਜਪਣਾ ਏਕਾ ਨਾਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਚਾਰ ਵਰਨ ਮੰਗਣਾ ਏਕਾ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਚਾਰ ਵਰਨਾਂ ਦੇਵੇ ਠੰਡੀ ਛਾਂ, ਸਮਰਥ ਹੱਥ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰ ਵਰਨਾਂ ਜੋੜ ਜੁੜਾਇੰਦਾ। ਚਾਰ ਵਰਨਾਂ ਜੋੜੇ ਜੋੜਾ, ਜਗਤ ਜੁਗਤ ਆਪਣੇ ਹੱਥ ਰਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਰਗੁਣ ਸ਼ਬਦ ਅਗੰਮੀ ਫੇਰੇ ਘੋੜਾ, ਚਾਰੋਂ ਕੁੰਟ ਰਿਹਾ ਦੌੜਾਈਆ। ਅੰਤਮ ਅੰਤ ਵਕ਼ਤ ਰਹਿ ਗਿਆ ਥੋੜਾ, ਦੀਨ ਦੁਨੀ ਦਏ ਖਪਾਈਆ। ਆਪਣਾ ਲੇਖਾ ਆਪਣੇ ਹੱਥ ਰੱਖਿਆ ਕੋਰਾ, ਨਾ ਕੋਈ ਲਿਖੇ ਕ਼ਲਮ ਸ਼ਾਹੀਆ। ਚਾਰ ਜੁਗ ਵੇਖੇ ਕਰ ਕਰ ਗ਼ੌਰਾ, ਗਹਿਰ ਗੰਭੀਰ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾਂ ਹੋਏ ਸਹਾਈਆ। ਚਾਰ ਵਰਨ ਚਾਰ ਯੁਗ, ਏਕਾ ਬੰਧਨ ਪਾਇਆ। ਅੰਤਮ ਔਧ ਗਈ ਪੁਗ, ਸਭ ਦਾ ਲੇਖਾ ਦਏ ਚੁਕਾਇਆ। ਜ਼ਾਤ ਪਾਤ ਮੇਟੇ ਚੁਗ ਚੁਗ, ਦਹਿ ਦਿਸ਼ਾ ਫੋਲ ਫੋਲਾਇਆ। ਗੁਰ ਅਵਤਾਰ ਨਾ ਬੈਠੇ ਕੋਈ ਲੁਕ, ਮਾਤ ਪਾਤਾਲ ਆਕਾਸ਼ ਸਚਖੰਡ ਨਿਵਾਸੀ ਆਪਣਾ ਪਰਦਾ ਦਏ ਉਠਾਇਆ। ਸਿੰਘ ਸ਼ੇਰ ਰਿਹਾ ਬੁੱਕ, ਏਕਾ ਗਰਜ ਰਿਹਾ ਸੁਣਾਇਆ। ਆਪਣੀ ਵਾਰ ਆਪੇ ਉਠ, ਆਪ ਆਪਣਾ ਰੂਪ ਧਰਾਇਆ। ਕਿਰਪਾ ਨਿਧਾਨ ਠਾਕਰ ਗਿਆ ਤੁਠ, ਜਨਨੀ ਜਨ ਨਾ ਕਿਸੇ ਜਾਇਆ। ਆਪਣੀ ਲੱਖ ਚੁਰਾਸੀ ਆਪੇ ਲਏ ਲੁੱਟ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਇਆ। ਜਿਸ ਲਗਾਈ ਜੜ੍ਹ ਸੋ ਦੇਵੇ ਪੁੱਟ, ਬੂਟਾ ਹੱਥ ਕਿਸੇ ਨਾ ਆਇਆ। ਸ਼ਬਦ ਨਿਰਾਲਾ ਤੀਰ ਰਿਹਾ ਛੁੱਟ, ਦੋ ਜਹਾਨਾਂ ਦਏ ਹਿਲਾਇਆ। ਜਿਸ ਰੱਖੀ ਇਕ ਅਕਾਲ ਓਟ, ਤਿਸ ਸੱਜਣ ਲਏ ਮਿਲਾਇਆ। ਨਾ ਕੋਈ ਬਚਾਏ ਕਿਲਾ ਕੋਟ, ਕੱਲਰ ਕੰਧ ਸਰਬ ਵਖਾਇਆ। ਲੱਖ ਚੁਰਾਸੀ ਭਰੀ ਨਾ ਮਮਤਾ ਪੋਟ, ਆਸਾ ਤ੍ਰਿਸਨਾ ਨਾ ਪੰਧ ਮੁਕਾਇਆ। ਚਾਰੋਂ ਕੁੰਟ ਵੇਖੇ ਵਾਸਨਾ ਖੋਟ, ਹਿਰਦੇ ਹਰਿ ਨਾ ਕਿਸੇ ਧਰਾਇਆ। ਘਰ ਘਰ ਦੀਵਾ ਬਾਤੀ ਜਗੌਂਦੇ ਜੋਤ, ਘਰ ਜੋਤੀ ਨੂਰ ਨਾ ਕੋਇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਵਰਨ ਫੋਲ ਫੋਲਾਇਆ। ਚਾਰ ਵਰਨ ਜਗਤ ਝੇੜਾ, ਕਲਜੁਗ ਰੂਪ ਵਟਾਈਆ। ਸਾਚਾ ਵਸੇ ਨਾ ਕੋਇ ਖੇੜਾ, ਨਗਰ ਨਾਮ ਨਾ ਵੱਜੇ ਵਧਾਈਆ। ਪੰਚਮ ਪੰਚਮ ਭੇੜ ਭੇੜਾ, ਦਿਵਸ ਰੈਣ ਲੜਾਈਆ। ਡੂੰਘੀ ਕੰਦਰ ਹੋਇਆ ਅੰਧੇਰਾ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਜਗਤ ਵਿਕਾਰ ਪਾਇਆ ਘੇਰਾ, ਚਾਰੋਂ ਕੁੰਟ ਰਿਹਾ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਲੇਖਾ ਰਿਹਾ ਮੁਕਾਈਆ। ਚਾਰ ਵਰਨ ਪਾਏ ਡੰਡ, ਕੂਕ ਕੂਕ ਪੁਕਾਰ। ਬਿਨ ਹਰਿ ਨਾਮੇ ਹੋਈ ਰੰਡ, ਸੁਰਤ ਸੁਵਾਣੀ ਨਾਰ ਵਿਭਚਾਰ। ਦਰ ਦਰ ਵੇਖੇ ਭੇਖ ਪਖੰਡ, ਇਸ਼ਟ ਦਿਸੇ ਨਾ ਗੁਰ ਅਵਤਾਰ। ਨੰਗੀ ਹੋਈ ਸਭ ਦੀ ਕੰਡ, ਪਰਦਾ ਸਕੇ ਨਾ ਕੋਇ ਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਖੇਲ ਅਪਾਰਾ ਹਰਿ ਨਿਰੰਕਾਰਾ, ਕਲਜੁਗ ਅੰਤਮ ਆਪ ਕਰਾਈਆ। ਚਾਰ ਵਰਨ ਹੋਇਆ ਗਵਾਰਾ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਜੂਠ ਝੂਠ ਬੋਲ ਜੈਕਾਰਾ, ਮਾਇਆ ਮਮਤਾ ਬਲ ਵਧਾਈਆ। ਏਕਾ ਭੁੱਲਿਆ ਧੁਰ ਦਰਬਾਰਾ, ਧੁਰ ਦੀ ਬਾਣੀ ਨਾ ਬਾਣ ਲਗਾਈਆ। ਕਾਗਦ ਕ਼ਲਮ ਕਰੇ ਪੁਕਾਰਾ, ਨੇਤਰ ਰੋਵੇ ਬਣ ਬਣ ਸ਼ਾਹੀਆ। ਚਾਰ ਜੁਗ ਜੋ ਬਣਿਆ ਰਿਹਾ ਲਿਖਾਰਾ, ਸ਼ਬਦ ਸੰਦੇਸਾ ਇਕ ਸੁਣਾਈਆ। ਲਿਖਿਆ ਲੇਖ ਨਾ ਕਿਸੇ ਵਿਚਾਰਾ, ਭੁੱਲੀ ਸਰਬ ਲੋਕਾਈਆ। ਨਾਨਕ ਗੋਬਿੰਦ ਬੋਲ ਜੈਕਾਰਾ, ਲੱਖ ਚੁਰਾਸੀ ਗਿਆ ਸਮਝਾਈਆ। ਸਰਬ ਜੀਆਂ ਦਾ ਏਕਾ ਯਾਰਾ, ਕਰੇ ਖੇਲ ਖ਼ਲਕ ਖ਼ੁਦਾਈਆ। ਐਹਮਦ ਮੁਹੰਮਦ ਏਕਾ ਨਾਅਰਾ, ਏਕਾ ਜਲਵਾ ਨੂਰ ਦਰਸਾਈਆ। ਈਸਾ ਮੂਸਾ ਇਕ ਸਹਾਰਾ, ਏਕਾ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕ ਪੈਗ਼ੰਬਰ, ਦੋ ਜਹਾਨਾਂ ਵੇਖੇ ਅਡੰਬਰ, ਲੱਖ ਚੁਰਾਸੀ ਰਚ ਸਵੰਬਰ, ਸਾਚਾ ਸਗਨ ਆਪ ਕਰਾਈਆ। ਰਚਿਆ ਸਵੰਬਰ ਰੱਖੇ ਸਾਹ, ਦਿਵਸ ਦਿਵਸ ਨਾਲ ਮਿਲਾਈਆ। ਕਰੇ ਖੇਲ ਬੇਪਰਵਾਹ, ਲੋਕਮਾਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਰੀਤ ਆਪ ਜਣਾਈਆ। ਅਚਰਜ ਰੀਤ ਕਰਨ ਦੀ ਖ਼ਾਤਰ, ਨਿਰਗੁਣ ਆਪਣਾ ਰੂਪ ਵਟਾਇਆ। ਸਰਗੁਣ ਬਣਾਇਆ ਮਾਤ ਚਾਤਰ, ਸ਼ਬਦ ਸੰਦੇਸਾ ਇਕ ਘਲਾਇਆ। ਮੁਹੰਮਦ ਲਿਖ ਲਿਖ ਘੱਲਿਆ ਪਾਤਰ, ਚੌਦਾਂ ਲੋਕ ਸਬਕ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇਆ। ਸਚ ਸੰਦੇਸਾ ਏਕਾ ਰਾਗ, ਨਿਰਗੁਣ ਆਪਣਾ ਆਪ ਜਣਾਈਆ। ਅੰਤਰ ਅੰਤਰ ਇਕ ਵੈਰਾਗ, ਵੈਰਾਗੀ ਰੂਪ ਵਟਾਈਆ। ਸਾਚਾ ਮੰਤਰ ਗੁਰ ਸ਼ਬਦ ਸੁਹਾਗ, ਪਾਰਬ੍ਰਹਮ ਪ੍ਰਭ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਵਰਨ ਬੁਝਾਏ ਅੱਗ, ਅਗਨੀ ਅੱਗ ਨਾ ਕੋਇ ਤਪਾਈਆ। ਚਾਰ ਵਰਨ ਖੋਲ੍ਹੇ ਅੱਖ, ਦੂਈ ਦਵੈਤੀ ਪਰਦਾ ਲਾਹਿੰਦਾ। ਚਾਰ ਵਰਨ ਹੋ ਪਰਤੱਖ, ਆਪਣਾ ਦਰਸ ਦਿਖਾਇੰਦਾ। ਚਾਰ ਵਰਨ ਲਏ ਰੱਖ, ਜੋ ਜਨ ਸਰਨਾਈ ਆਇੰਦਾ। ਚਾਰ ਵਰਨ ਪਰਦਾ ਲਏ ਢਕ, ਢਾਕਣ ਕੋ ਪਤ ਆਪਣੀ ਬਣਤ ਬਣਾਇੰਦਾ। ਚਾਰ ਵਰਨ ਲਏ ਕੱਢ, ਲੱਖ ਚੁਰਾਸੀ ਅਗਨੀ ਭੱਠ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਤਰਾਇੰਦਾ। ਤਾਰਨਹਾਰਾ ਇਕ ਦਿਆਲਾ, ਦੀਨਨ ਆਪਣੇ ਹੱਥ ਰੱਖੀ ਵਡਿਆਈਆ। ਲੋਕਮਾਤ ਵਖਾਏ ਸੱਚੀ ਧਰਮਸਾਲਾ, ਹਰਿ ਮੰਦਰ ਜੋਤ ਰੁਸ਼ਨਾਈਆ। ਸ਼ਬਦ ਸੁਣਾਏ ਅਨਾਦੀ ਤਾਲਾ, ਤਾਲ ਤਲਵਾੜਾ ਆਪ ਵਜਾਈਆ। ਲਹਿਣਾ ਦੇਣਾ ਚੁੱਕੇ ਕਾਲ ਮਹਾਕਾਲਾ, ਮਹਾਕਾਲ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਏਕਾ ਗੁਣ ਵਖਾਈਆ। ਚਾਰ ਵਰਨ ਏਕਾ ਗੁਣ, ਹਰਿ ਸਾਚਾ ਸਚ ਜਣਾਇੰਦਾ। ਸਰਬ ਜੀਆਂ ਪੁਕਾਰ ਰਿਹਾ ਸੁਣ, ਥਿਰ ਘਰ ਸਾਚੇ ਸੋਭਾ ਪਾਇੰਦਾ। ਹਰਿ ਕਾ ਭੇਵ ਜਾਣੇ ਕਵਣ, ਬੇਅੰਤ ਬੇਅੰਤ ਬੇਅੰਤ ਸਰਬ ਗਾਇੰਦਾ। ਦੇਵੇ ਸਨੇਹੁੜਾ ਉਣੰਜਾ ਪਵਣ, ਪਵਣ ਸਵਾਸ ਆਪ ਚਲਾਇੰਦਾ। ਚਾਰ ਜੁਗ ਭੌਂਦਾ ਰਿਹਾ ਅਵਣ ਗਵਣ, ਨੌਂ ਖੰਡ ਨੌਂ ਦਵਾਰ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਰੀਤੀ ਆਪ ਬਦਲਾਇੰਦਾ। ਆਪਣੀ ਰੀਤੀ ਆਪ ਬਦਲਾਏ, ਭੇਵ ਕਿਸੇ ਨਾ ਆਇਆ। ਸਰਗੁਣ ਨਿਰਗੁਣ ਰੂਪ ਧਰਾਏ, ਨਿਰਗੁਣ ਸਰਗੁਣ ਖੇਲ ਖਿਲਾਇਆ। ਜੋਤੀ ਜਾਤਾ ਡਗਮਗਾਏ, ਨੂਰੋ ਨੂਰ ਹੋਏ ਰੁਸ਼ਨਾਇਆ। ਸਾਚੀ ਸੋਟੀ ਸ਼ਬਦ ਹੱਥ ਉਠਾਏ, ਲੱਖ ਚੁਰਾਸੀ ਰਿਹਾ ਡਰਾਇਆ। ਕੋਟਨ ਕੋਟੀ ਜੀਵ ਦਏ ਖਪਾਏ, ਜੋ ਬੈਠੇ ਰਾਮ ਭੁਲਾਇਆ। ਗੁਰਮੁਖ ਸਾਚੀ ਚੋਟੀ ਚੜ੍ਹਾਏ, ਆਪ ਆਪਣਾ ਪੱਲੂ ਨਾਮ ਫੜਾਇਆ। ਵਾਸਨਾ ਖੋਟੀ ਦਏ ਕਢਾਏ, ਏਕਾ ਹਿਰਦੇ ਹਰਿ ਵਸਾਇਆ। ਜੋਤੀ ਜੋਤ ਜੋਤ ਮਿਲਾਏ, ਜੋਤੀ ਜਾਤਾ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਵਖਾਏ ਏਕਾ ਘਰ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਦਰ ਦਰਵਾਜ਼ਾ ਖੋਲ੍ਹਿਆ, ਕਰ ਕਿਰਪਾ ਗੁਣ ਨਿਧਾਨ। ਗ਼ਰੀਬ ਨਿਵਾਜ਼ਾ ਆਪੇ ਬੋਲਿਆ, ਸਤਿਗੁਰ ਪੂਰਾ ਨੌਜਵਾਨ। ਅਸਵ ਤਾਜਾ ਘੋੜਾ ਇਕ ਅਡੋਲਿਆ, ਫਿਰੇ ਦੋ ਜਹਾਨ। ਆਪਣਾ ਬਦਲੇ ਆਪੇ ਚੋਲਿਆ, ਆਪੇ ਰੱਖੇ ਆਪਣੀ ਲਾਜਾ ਕਰੇ ਖੇਲ ਸ੍ਰੀ ਭਗਵਾਨ। ਸ਼ਬਦ ਅਗੰਮੀ ਵਜਾਏ ਵਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਧੁਰ ਫ਼ਰਮਾਨ। ਧੁਰ ਫ਼ਰਮਾਨ ਅਗੰਮੀ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਗੁਰਸਿਖਾਂ ਅੰਦਰ ਆਪੇ ਲੰਘ, ਤਾਰ ਸਤਾਰ ਆਪ ਹਲਾਈਆ। ਕਿੰਗਰੇ ਕਿੰਗਰੇ ਵੱਜੇ ਮਰਦੰਗ, ਸਾਚੀ ਕਿੰਗ ਆਪ ਰਖਾਈਆ। ਕਰੇ ਖੇਲ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਰਖਾਏ ਏਕਾ ਦਰ, ਦਰ ਘਰ ਸਾਚਾ ਆਪ ਉਪਾਈਆ। ਦਰ ਘਰ ਉਪਾਇਆ ਪਾਰਬ੍ਰਹਮ, ਕਰ ਕਿਰਪਾ ਅਪਰ ਅਪਾਰ। ਗੁਰਸਿਖ ਸਤਿਗੁਰ ਘਰ ਪਏ ਜੰਮ, ਨਾਤਾ ਤੋੜ ਸਰਬ ਸੰਸਾਰ। ਨਿਹਕਰਮੀ ਕਰਾਏ ਆਪਣਾ ਕੰਮ, ਏਕਾ ਬਖ਼ਸ਼ੇ ਚਰਨ ਪਿਆਰ। ਲੇਖੇ ਲਾਏ ਹੱਡ ਮਾਸ ਨਾੜੀ ਚੰਮ, ਬਹੱਤਰ ਨਾੜ ਵਜਾਏ ਸਤਾਰ। ਮਾਣਸ ਜਨਮ ਬੇੜਾ ਦੇਵੇ ਬੰਨ੍ਹ, ਜਿਸ ਦੇਵੇ ਦਰਸ ਦੀਦਾਰ। ਲਹਿਣਾ ਦੇਣਾ ਚੁੱਕੇ ਛੱਪਰੀ ਛੰਨ, ਇਕ ਵਖਾਏ ਸਚਖੰਡ ਸੱਚਾ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨਾਂ ਕਰੇ ਪਿਆਰ। ਚਾਰ ਵਰਨ ਕਰੇ ਪਿਆਰਾ, ਊਚ ਨੀਚ ਜ਼ਾਤ ਪਾਤ ਨਾ ਕੋਇ ਰਖਾਇੰਦਾ। ਹੰਕਾਰੀਆਂ ਤੋੜੇ ਗੜ੍ਹ ਹੰਕਾਰਾ, ਨਾਮ ਖੰਡਾ ਇਕ ਚਮਕਾਇੰਦਾ। ਨਿਮਾਣਿਆਂ ਦੇਵੇ ਆਪ ਸਹਾਰਾ, ਨਿਥਾਵਿਆਂ ਸਿਰ ਆਪਣਾ ਹੱਥ ਟਿਕਾਇੰਦਾ। ਜ਼ੋਰੂ ਜ਼ਰ ਕਰ ਖ਼ਵਾਰਾ, ਚਾਰੋਂ ਕੁੰਟ ਖ਼ਾਕ ਉਡਾਇੰਦਾ। ਜਿਸ ਜਨ ਕਰਿਆ ਨਾਮ ਪਿਆਰਾ, ਤਿਸ ਆਪਣਾ ਮੇਲ ਮਿਲਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰੇ ਨਿਮਸਕਾਰਾ, ਦੋਏ ਜੋੜ ਜੋੜ ਸੀਸ ਝੁਕਾਇੰਦਾ। ਈਸਾ ਮੂਸਾ ਸੰਗ ਮੁਹੰਮਦ ਰੋਵਣ ਜ਼ਾਰੋ ਜ਼ਾਰਾ, ਨੇਤਰ ਨੀਰ ਸਰਬ ਕੁਰਲਾਇੰਦਾ। ਮੁਕਾਮੇ ਹੱਕ ਤੇਰਾ ਧਾਮ ਨਿਆਰਾ, ਤੂੰ ਇਕ ਇਕੱਲਾ ਵਸੇਂ ਪਰਵਰਦਿਗਾਰਾ, ਹੱਕ ਤੇਰਾ ਰੂਪ ਜਣਾਇੰਦਾ। ਤੇਰੀ ਖ਼ੁਦਾਈ ਤੇਰਾ ਸਹਾਰਾ, ਤੇਰੀ ਖ਼ਲਕਤ ਤੇਰਾ ਕਿਨਾਰਾ, ਮਖ਼ਲੂਕ ਤੇਰਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਭੈ ਭੈ ਆਪਣਾ ਸਰਬ ਵਖਾਇੰਦਾ। ਨਿਰਭੈ ਭੈ ਵਖਾਏ ਅਚਾਨਕ, ਕਲਜੁਗ ਵੇਲਾ ਅੰਤਮ ਆਈਆ। ਵੇਦ ਕਤੇਬ ਨਾ ਹੋਏ ਜਾਣਤ, ਭੇਦ ਅਭੇਦ ਸਕੇ ਨਾ ਕੋਇ ਖੁਲ੍ਹਾਈਆ। ਗੁਰ ਅਵਤਾਰ ਨਾ ਕਰੇ ਪਛਾਣਤ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਪੱਲੂ ਗਏ ਛੁਡਾਈਆ। ਚਾਰ ਜੁਗ ਜੋ ਦਿਤੀ ਅਮਾਨਤ, ਚਾਰ ਵਰਨ ਜਗਤ ਵਰਤਾਈਆ। ਅੰਤਮ ਕਿਸੇ ਨਾ ਦੇਵੇ ਕਰਨ ਖ਼ਿਆਨਤ, ਲੇਖਾ ਮੰਗੇ ਥਾਉਂ ਥਾਈਂਆ। ਮੁਹੰਮਦ ਤੇਰੀ ਦੇਵੇ ਨਾ ਕੋਇ ਜ਼ਮਾਨਤ, ਨਾ ਸਕੇ ਕੋਇ ਛੁਡਾਈਆ। ਤੇਰਾ ਇਸਲਾਮ ਨਾ ਰਿਹਾ ਸਲਾਮਤ, ਸਲਾਮ ਅਲੈਕਮ ਚੌਧਵੀਂ ਸਦੀ ਰਹੀ ਬੁਲਾਈਆ। ਤੇਰਾ ਕਲਮਾ ਨਾ ਬਣੀ ਕਲਾਮਤ, ਕਾਇਨਾਤ ਨਾ ਕੋਇ ਪੜ੍ਹਾਈਆ। ਜੇਹੜਾ ਲੁਕਿਆ ਰਿਹਾ ਬੇਪਛਾਣਤ, ਅੰਤਮ ਆਪਣਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਆਪ ਧਰਾਈਆ। ਰੂਪ ਅਨੂਪ ਧਰਿਆ ਨਿਹਕਾਮ, ਨਿਰਗੁਣ ਭੇਵ ਕਿਸੇ ਨਾ ਆਇਆ। ਮੁਹੰਮਦ ਭੇਜਿਆ ਕਰ ਗ਼ੁਲਾਮ, ਸਾਚੀ ਸੇਵਾ ਇਕ ਸਮਝਾਇਆ। ਅਧਵਿਚਕਾਰ ਸੁਣਾਇਆ ਪੈਗ਼ਾਮ, ਸਚ ਸੰਦੇਸਾ ਇਕ ਪੜ੍ਹਾਇਆ। ਮੇਰਾ ਇਸ਼ਟ ਤੇਰਾ ਅਮਾਮ, ਅਮਾਮ ਅਮਾਮਾਂ ਸਿਰ ਆਪ ਖ਼ੁਦਾਇਆ। ਤੇਰਾ ਸਯਦਾ ਮੇਰਾ ਸਲਾਮ, ਸਲਾਮਾਲੈਕਮ ਇਕ ਰਖਾਇਆ। ਤੂੰ ਸੁਣਨਾ ਕਰ ਧਿਆਨ, ਖ਼ੁਦਾਵੰਦ ਤੇਰਾ ਰਿਹਾ ਸਮਝਾਇਆ। ਅੰਤਮ ਬਣਨਾ ਪਏ ਨਾਦਾਨ, ਬਾਲੀ ਬੁਧ ਹਰਿ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰਚਨਾ ਆਪ ਰਚਾਇਆ। ਸਾਚੀ ਰਚਨਾ ਰਚੇ ਨਿਰੰਕਾਰਾ, ਰਚ ਰਚ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਵਿਸ਼ਨੂੰ ਬ੍ਰਹਮਾ ਸ਼ਿਵ ਦਏ ਹੁਲਾਰਾ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਨਾਲ ਰਲਾਇੰਦਾ। ਲੇਖਾ ਜਾਣੇ ਸੂਰਜ ਚੰਦ ਸਤਾਰਾ, ਮੰਡਲ ਮੰਡਪ ਫੋਲ ਫੋਲਾਇੰਦਾ। ਜ਼ਿਮੀਂ ਅਸਮਾਨਾਂ ਵੇਖੇ ਅਖਾੜਾ, ਧਰਤ ਧਵਲ ਡੌਰੂ ਡੰਕਾ ਇਕ ਵਜਾਇੰਦਾ। ਲੱਖ ਚੁਰਾਸੀ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਚਾਰੋਂ ਕੁੰਟ ਖੇਲ ਅਪਾਰਾ, ਅਪਰੰਪਰ ਆਪਣਾ ਆਪ ਕਰਾਇੰਦਾ। ਪਿਛਲਾ ਲੇਖਾ ਕਰੇ ਪਾਰ ਕਿਨਾਰਾ, ਚਾਰ ਜੁਗ ਦੀ ਰੀਤੀ ਆਪ ਮੁਕਾਇੰਦਾ। ਅੱਗੇ ਵਖਾਏ ਸਚ ਦਰਬਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਸਾਚਾ ਨਾਮ ਬੋਲ ਜੈਕਾਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਸੋਹੰ ਅੱਖਰ ਦੋਹਰੀ ਧਾਰਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਨਾਨਕ ਗਾਇਆ ਏਕਾ ਵਾਰਾ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਜਾਗਰਤ ਜੋਤ ਜਗੇ ਸੰਸਾਰਾ, ਜੁਗਤੀ ਹੱਥ ਨਾ ਕਿਸੇ ਰਖਾਇੰਦਾ। ਜਿਸ ਜਨ ਘੜਿਆ ਤੇਰਾ ਭਾਂਡਾ ਬਣ ਠਠਿਆਰਾ, ਕਾਇਆ ਮਾਟੀ ਪੋਚ ਪੁਚਾਇੰਦਾ। ਸੋ ਭੰਨੇ ਭੰਨਣਹਾਰਾ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਉਠ ਜੀਵ ਬਣ ਵਣਜਾਰਾ, ਹਰਿ ਸਾਚਾ ਹੱਟ ਖੁਲ੍ਹਾਇੰਦਾ। ਦੂਸਰ ਦਿਸੇ ਨਾ ਕੋਇ ਦੁਕਾਨਦਾਰਾ, ਬਾਣੀਆ ਰੂਪ ਨਾ ਕੋਇ ਵਖਾਇੰਦਾ। ਜੋ ਜਨ ਮੰਗੇ ਮੰਗ ਏਕਾ ਵਾਰਾ, ਦੂਜੀ ਵਾਰ ਦੂਜੇ ਦਰ ਨਾ ਮੰਗਣ ਜਾਇੰਦਾ। ਨਾਮ ਸਤਿ ਭਰੇ ਭੰਡਾਰਾ, ਅਤੋਟ ਅਤੁਟ ਆਪ ਵਰਤਾਇੰਦਾ। ਗੁਰਮੁਖ ਦੇਵੇ ਗੁਰ ਸਹਾਰਾ, ਗੁਰ ਗੋਦੀ ਸ਼ਬਦ ਬਹਾਇੰਦਾ। ਸੇਵਕ ਸੇਵਾ ਕਰਾਏ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਇੰਦਾ। ਟੈਹਲੀਆ ਟੈਹਲ ਕਰੇ ਵਿਚ ਸੰਸਾਰਾ, ਜੁਗ ਜੁਗ ਵੇਸ ਵਟਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਭਗਵੰਤ ਮੇਲੇ ਆਪਣੀ ਵਾਰਾ, ਆਪ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ, ਗੁਰਮੁਖ ਵਿਰਲੇ ਲਏ ਫੜ, ਬਿਰਧ ਬਾਲ ਜਵਾਨ ਰੂਪ ਨਾ ਕੋਇ ਦਸਾਇੰਦਾ। ਬਿਰਧ ਬਾਲ ਨਾ ਕੋੋਇ ਜਵਾਨ, ਜਿਸ ਜਨ ਆਪਣੀ ਦਇਆ ਕਮਾਈਆ। ਮਾਤ ਗਰਭ ਦੇਵੇ ਗਿਆਨ, ਸਤਿਗੁਰ ਪੂਰਾ ਬੇਪਰਵਾਹੀਆ। ਤ੍ਰੈਗੁਣ ਮਾਇਆ ਚੁੱਕੇ ਕਾਣ, ਪੰਜ ਤੱਤ ਨਾ ਕੋਇ ਲੜਾਈਆ। ਜਿਸ ਵਖਾਏ ਧਰਮ ਨਿਸ਼ਾਨ, ਸਤਿ ਸਤਿਵਾਦੀ ਇਕ ਉਠਾਈਆ। ਸੋ ਗੁਰਸਿਖ ਹੋਏ ਪਰਵਾਨ, ਜਿਸ ਗੁਰਮਤ ਮਿਲੀ ਵਡਿਆਈਆ। ਸੋ ਬਾਲੀ ਬੁਧ ਬੁਧ ਅਞਾਣ, ਚਤੁਰ ਸੁਜਾਨਾ ਦਏ ਸਮਝਾਈਆ। ਪੂਰਬ ਜਨਮ ਦਾ ਲੇਖਾ ਚੁੱਕਿਆ ਆਣ, ਕਲਜੁਗ ਅੰਤਮ ਹੋਏ ਸਹਾਈਆ। ਰਸਨਾ ਗਾਇਆ ਇਕ ਭਗਵਾਨ, ਸੋ ਪੁਰਖ ਨਿਰੰਜਣ ਨਜ਼ਰੀ ਆਈਆ। ਹੰ ਬ੍ਰਹਮ ਪਾਇਆ ਮਾਣ, ਪਾਰਬ੍ਰਹਮ ਪ੍ਰਭ ਖ਼ੁਸ਼ੀ ਮਨਾਈਆ। ਦੋਹਾਂ ਵਿਚੋਲਾ ਬਣਿਆ ਆਣ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਧਰਾਈਆ। ਗੁਰਸਿਖ ਸਾਚੇ ਕਰ ਪਰਵਾਨ, ਸ਼ਬਦ ਪਰਵਾਨਾ ਹੱਥ ਫੜਾਈਆ। ਧਰਮ ਰਾਏ ਦੀ ਚੁੱਕੇ ਕਾਣ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਲਾੜੀ ਮੌਤ ਨਾ ਵੇਖੇ ਮਾਰ ਧਿਆਨ, ਗੁਰਸਿਖ ਤੇਰਾ ਦਰਸ ਕਦੇ ਨਾ ਪਾਈਆ। ਜਿਸ ਮਿਲਿਆ ਆਪ ਮਿਹਰਵਾਨ, ਤਿਸ ਭੁੱਲੀ ਸਰਬ ਲੋਕਾਈਆ। ਮਾਤਾ ਪਿਤਾ ਫੇਰ ਪਛਤਾਣ, ਵੇਲਾ ਗਿਆ ਹੱਥ ਨਾ ਆਈਆ। ਪੂਤ ਸਪੂਤਾ ਚੜ੍ਹੇ ਸਚ ਬਬਾਣ, ਸਤਿਗੁਰ ਪੂਰਾ ਆਪ ਚੜ੍ਹਾਈਆ। ਏਥੇ ਓਥੇ ਹੋਏ ਨਿਗਹਬਾਨ, ਦੋ ਜਹਾਨਾਂ ਸਦਾ ਸਹਾਈਆ। ਸਚਖੰਡ ਦੇਵੇ ਇਕ ਮਕਾਨ, ਦਰਗਹਿ ਸਾਚੀ ਨਾਮ ਰਖਾਈਆ। ਅੱਠੇ ਪਹਿਰ ਦਰਸ ਮਹਾਨ, ਨੇਤਰ ਨੈਣ ਨੈਣ ਬਿਗਸਾਈਆ। ਲੇਖਾ ਚੁੱਕੇ ਆਵਣ ਜਾਣ, ਮਾਤ ਗਰਭ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਸਾਚੇ ਆਪ ਤਰਾਈਆ। ਗੁਰਸਿਖ ਸੱਚਾ ਤਾਰਿਆ, ਕਰ ਕਿਰਪਾ ਗੁਣ ਨਿਧਾਨ। ਜੋ ਆਇਆ ਚਲ ਦਵਾਰਿਆ, ਆਤਮ ਦੇਵੇ ਸਾਚਾ ਦਾਨ। ਮਾਣਸ ਜਨਮ ਪੈਜ ਸਵਾਰਿਆ, ਨਾਤਾ ਤੋੜ ਜਗਤ ਜਹਾਨ। ਕਾਗਦ ਕ਼ਲਮ ਕਰੇ ਗਿਰਿਆਜ਼ਾਰਿਆ, ਲੇਖਾ ਲਿਖੇ ਨਾ ਕੋਈ ਨਾਦਾਨ। ਜਿਸ ਮਿਲਿਆ ਆਪ ਨਿਰੰਕਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਣਾਏ ਚਤੁਰ ਸੁਜਾਨ। ਚਤੁਰ ਸੁਜਾਨ ਹਰਿਜਨ ਸੂਰਾ, ਸੂਰਬੀਰ ਦਏ ਵਡਿਆਈਆ। ਆਤਮ ਅੰਤਰ ਬਖ਼ਸ਼ੇ ਨੂਰਾ, ਕੋਹਤੂਰ ਮੁਖ ਸ਼ਰਮਾਈਆ। ਮੂਸਾ ਏਕਾ ਵਾਰ ਤੱਕਿਆ ਜ਼ਾਹਰ ਜ਼ਹੂਰਾ, ਗੁਰਮੁਖਾਂ ਨਿਤ ਨਿਤ ਦਰਸ ਦਿਖਾਈਆ। ਕਾਇਆ ਚੋਲੀ ਰੰਗਣ ਚਾੜ੍ਹੇ ਗੂੜ੍ਹਾ, ਉਤਰ ਕਦੇ ਨਾ ਜਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਆਪਣਾ ਪਰਦਾ ਦਏ ਉਠਾਈਆ। ਗੁਰਸਿਖ ਤੇਰੇ ਮਗਰ ਚੌਦਾਂ ਲੋਕਾਂ ਫਿਰਨ ਹੂਰਾਂ, ਤੇਰਾ ਨੈਣ ਨੈਣ ਵਿਚ ਨਾ ਸਕੇ ਮਿਲਾਈਆ। ਤੇਰੇ ਸਿਰ ਹੱਥ ਰਖਾਏ ਸਤਿਗੁਰ ਪੂਰਾ, ਨੌਂ ਅਠਾਰਾਂ ਡੇਰਾ ਢਾਹੀਆ। ਜਿਸ ਨੂੰ ਕਹਿੰਦੇ ਪੈਂਡਾ ਦੂਰਾ, ਉਚੀ ਕੂਕ ਕੂਕ ਸੁਣਾਈਆ। ਸੋ ਆਸਾ ਮਨਸਾ ਕਰੇ ਪੂਰਾ, ਮਨ ਮਨਸਾ ਵਿਚ ਸਮਾਈਆ। ਮਾਣਸ ਜਨਮ ਨਾ ਰਹੇ ਅਧੂਰਾ, ਜਿਸ ਜਨ ਆਪਣੇ ਗਲੇ ਲਗਾਈਆ। ਜਨਮ ਜਨਮ ਦਾ ਹੂੰਝੇ ਕੂੜਾ, ਦੁਰਮਤ ਮੈਲ ਦਏ ਧਵਾਈਆ। ਜਿਸ ਮਸਤਕ ਲਾਏ ਚਰਨ ਧੂੜਾ, ਚਰਨ ਚਰਨੋਦਕ ਮੁਖ ਪਿਆਈਆ। ਗੁਰਸਿਖ ਤੇਰਾ ਪੀਆ ਪ੍ਰੀਤਮ ਮੇਲੇ ਸਤਿਗੁਰ ਪੂਰਾ, ਪੂਰਾ ਸਤਿਗੁਰ ਇਕ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਨਾ ਮਰੇ ਨਾ ਜਾਈਆ।