੨੪ ਸਾਵਣ ੨੦੧੮ ਬਿਕ੍ਰਮੀ ਬੰਤਾ ਸਿੰਘ ਦੇ ਗ੍ਰਹਿ ਪੰਜ ਗਰਾਈ
ਆਦਿ ਅੰਤ ਹਰਿ ਹਰਿ ਵੇਲਾ, ਹਰਿ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਗੁਰ ਗੁਰ ਚੇਲਾ, ਗੁਰ ਚੇਲਾ ਰੂਪ ਧਰਾਇੰਦਾ। ਜੁਗਾ ਜੁਗੰਤਰ ਸੱਜਣ ਸੁਹੇਲਾ, ਸ਼ਾਹ ਪਾਤਸ਼ਾਹ ਸੰਗ ਨਿਭਾਇੰਦਾ। ਵਸਣਹਾਰਾ ਧਾਮ ਨਵੇਲਾ, ਧਾਮ ਅਗੰਮੜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਵੇਲਾ ਆਪਣੇ ਹੱਥ ਰਖਾਇੰਦਾ। ਆਪਣਾ ਵੇਲਾ ਹੱਥ ਕਰਤਾਰ, ਆਪੇ ਆਪ ਰਖਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਸ਼ਾਹ ਸੁਲਤਾਨਾ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਬੇਅੰਤ ਵਡ ਵਡਿਆਈਆ। ਏਕੰਕਾਰਾ ਆਪੇ ਜਾਣੇ ਆਪਣੀ ਧਾਰ, ਜੁਗਾ ਜੁਗੰਤ ਵੇਸ ਵਟਾਈਆ। ਆਦਿ ਨਿਰੰਜਣ ਨਿਰਗੁਣ ਜੋਤ ਨੂਰ ਉਜਿਆਰ, ਨੂਰ ਨੂਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਕਰਤਾ ਪੁਰਖ ਕਰਨੇਹਾਰ, ਆਪਣੀ ਕਰਨੀ ਆਪ ਕਮਾਈਆ। ਸ੍ਰੀ ਭਗਵਾਨ ਲੇਖਾ ਜਾਣੇ ਦੋ ਜਹਾਨ, ਗੁਣ ਨਿਧਾਨ ਭੇਵ ਅਭੇਦ ਆਪਣੇ ਵਿਚ ਛੁਪਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਆਪ ਝੁਲਾਏ ਆਪਣਾ ਸਚ ਨਿਸ਼ਾਨ, ਸਤਿ ਸਤਿਵਾਦੀ ਸਤਿ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣੀ ਖੇਲ ਖਿਲਾਈਆ। ਆਦਿ ਅੰਤ ਖੇਲ ਅਵੱਲਾ, ਪਾਰਬ੍ਰਹਮ ਪ੍ਰਭ ਆਪ ਕਰਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਧਾਮ ਉਚ ਅਟੱਲਾ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਆਪਣਾ ਨੂਰ ਨੂਰ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਹਰਿ ਮਿਹਰਵਾਨ, ਆਪੇ ਹੋਏ ਸਚ ਅਮਾਮ, ਅਮਾਮ ਅਮਾਮਾ ਸ਼ਾਹ ਸੁਲਤਾਨਾ ਮੁਕਾਮੇ ਹੱਕ ਸੋਭਾ ਪਾਇੰਦਾ। ਆਦਿ ਨਿਰੰਜਣ ਜੋਤ ਨੂਰ ਮਹਾਨਾ, ਸਚ ਮਹਿਰਾਬੇ ਇਕ ਨਿਸ਼ਾਨਾ, ਬੇਐਬ ਪਰਵਰਦਿਗਾਰ ਆਪਣਾ ਖੇਲ ਖਿਲਾਇੰਦਾ। ਏਕੰਕਾਰਾ ਕਰੇ ਖੇਲ ਨਿਆਰਾ, ਖੇਲਣਹਾਰਾ ਦਿਸ ਨਾ ਆਇੰਦਾ। ਹਰਿ ਪੁਰਖ ਨਿਰੰਜਣ ਆਪੇ ਜਾਣੇ ਆਪਣਾ ਸਤਿ ਪਸਾਰਾ, ਨਾ ਕੋਇ ਦੂਸਰ ਮੀਤ ਮੁਰਾਰਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਸੋ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸਿਕਦਾਰਾ, ਭੂਪਤ ਭੂਪ ਰਾਜ ਰਾਜਾਨ ਹੁਕਮੀ ਹੁਕਮ ਵਰਤੇ ਵਰਤਾਰਾ, ਹੁਕਮ ਹਾਕਮ ਆਪ ਅਖਵਾਇੰਦਾ। ਆਦਿ ਅੰਤ ਖੇਲ ਨਿਆਰਾ, ਕਰੇ ਕਰਾਏ ਕਰਨੇਹਾਰਾ, ਕਰਨੀ ਆਪਣੀ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਦਿ ਅੰਤ ਸ੍ਰੀ ਭਗਵੰਤ, ਲੇਖਾ ਜਾਣੇ ਜੁਗਾ ਜੁਗੰਤ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਆਦਿ ਅੰਤ ਸ੍ਰੀ ਭਗਵਾਨ, ਆਪਣੇ ਹੱਥ ਰਖਾਈਆ। ਸਚਖੰਡ ਦਵਾਰੇ ਹੋ ਪਰਧਾਨ, ਸਚਖੰਡ ਨਿਵਾਸੀ ਸੋਭਾ ਪਾਈਆ। ਸ਼ਬਦ ਅਗੰਮੀ ਇਕ ਨਿਸ਼ਾਨ, ਵਡ ਮਿਹਰਵਾਨ ਆਪ ਝੁਲਾਈਆ। ਦਾਤਾ ਦਾਨੀ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਈਆ। ਗੁਣ ਨਿਧਾਨਾ ਬਣ ਦਰਬਾਨਾ ਦਰ ਦਰਵੇਸ਼ ਮੰਗੇ ਆਣ, ਨਰ ਨਰੇਸ਼ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣਾ ਪਰਦਾ ਆਪਣੇ ਵਿਚ ਛੁਪਾਈਆ। ਆਦਿ ਅੰਤ ਸ੍ਰੀ ਭਗਵੰਤ, ਭੇਵ ਅਭੇਦ ਛੁਪਾਇੰਦਾ। ਜੁਗ ਜੁਗ ਮਹਿਮਾ ਗਣਤ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਨਿਰਗੁਣ ਨਿਰਗੁਣ ਬਣਾਏ ਬਣਤ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਨਾਰੀ ਨਿਰਗੁਣ ਕੰਤ, ਨਿਰਗੁਣ ਸਾਚੀ ਸੇਜ ਸੁਹਾਇੰਦਾ। ਨਿਰਗੁਣ ਨਾਦ ਸ਼ਬਦ ਨਿਰਗੁਣ ਮੰਤ, ਨਿਰਗੁਣ ਆਦਿ ਨਿਰਗੁਣ ਅੰਤ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣੀ ਧਾਰਾ ਆਪ ਚਲਾਇੰਦਾ। ਨਿਰਗੁਣ ਧਾਰ ਹਰਿ ਨਿਰੰਕਾਰ, ਆਦਿ ਜੁਗਾਦਿ ਚਲਾਈਆ। ਆਪਣੀ ਇਛਿਆ ਭਰ ਭੰਡਾਰ, ਆਪੇ ਹਰਿ ਵਰਤਾਈਆ। ਆਪੇ ਦਾਤਾ ਬਣ ਭਿਖਾਰ, ਦਰ ਦਰਵੇਸ਼ ਅਲਖ ਜਗਾਈਆ। ਆਪੇ ਹੁਕਮੀ ਹੁਕਮ ਵਰਤੇ ਵਰਤਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਪੇ ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰਾ ਦਿਸ ਨਾ ਆਈਆ। ਪਾਰਬ੍ਰਹਮ ਬੇਅੰਤ ਬੇਅੰਤ ਬੇਅੰਤ ਕਰੇ ਕਰਾਏ ਆਪਣੀ ਕਾਰ, ਕਰਨੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਦਿ ਅੰਤ ਆਪਣਾ ਭੇਵ ਆਪ ਖੁਲ੍ਹਾਈਆ। ਨਿਰਗੁਣ ਨਿਰਗੁਣ ਹੋ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਘਰ ਵਿਚ ਘਰ ਕਰ ਤਿਆਰਾ, ਆਪ ਬਹਾਇਆ ਸੁਤ ਦੁਲਾਰਾ, ਸ਼ਬਦੀ ਨਾਉਂ ਰਖਾਈਆ। ਆਦਿ ਅੰਤ ਏਕਾ ਹਰਿ, ਆਪਣੀ ਧਾਰ ਆਪ ਚਲਾਈਆ। ਆਦਿ ਅੰਤ ਆਦਿ ਨਿਰੰਜਣ, ਆਦਿ ਆਦਿ ਅਖਵਾਈਆ। ਆਪੇ ਹੋਏ ਸਾਚਾ ਸੱਜਣ, ਸਗਲਾ ਸੰਗ ਆਪ ਨਿਭਾਈਆ। ਆਪੇ ਧੂੜ ਆਪੇ ਮਜਨ, ਆਪੇ ਸਰੋਵਰ ਸਰ ਸੁਹਾਈਆ। ਆਪੇ ਹੋਏ ਪਰਦਾ ਕੱਜਣ, ਪਤ ਆਪਣੀ ਆਪਣੇ ਹੱਥ ਰਖਾਈਆ। ਆਪੇ ਘੜੇ ਆਪੇ ਭੱਜਣ, ਘੜਨ ਭੰਨਣਹਾਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਇਕ ਸ਼ਹਿਨਸ਼ਾਹੀਆ। ਆਦਿ ਅੰਤ ਇਕ ਸ਼ਹਿਨਸ਼ਾਹ ਸੁਲਤਾਨਾ, ਹਰਿ ਸਾਚਾ ਸਚ ਅਖਵਾਇੰਦਾ। ਸਾਚੇ ਤਖ਼ਤ ਬਹੇ ਸ੍ਰੀ ਭਗਵਾਨਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਏਕਾ ਹੁਕਮ ਧੁਰ ਫ਼ਰਮਾਨਾ, ਧੁਰ ਦਰਬਾਰੀ ਆਪ ਸੁਣਾਇੰਦਾ। ਸਤਿ ਸਤਿਵਾਦੀ ਇਕ ਨਿਸ਼ਾਨਾ, ਸਤਿ ਦਵਾਰੇ ਆਪ ਝੁਲਾਇੰਦਾ। ਦਰ ਦਰਵੇਸ਼ ਬਣ ਦਰਬਾਨਾ, ਪਾਰਬ੍ਰਹਮ ਆਪਣਾ ਰੂਪ ਵਟਾਇੰਦਾ। ਬਣ ਭਿਖਾਰੀ ਮੰਗੇ ਦਾਨਾ, ਨਿਉਂ ਨਿਉਂ ਸੀਸ ਝੁਕਾਇੰਦਾ। ਲੇਖਾ ਜਾਣੇ ਮਰਦ ਮਰਦਾਨਾ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਹਰਿ, ਆਪਣੀ ਕਲ ਆਪ ਧਰਾਇੰਦਾ। ਆਦਿ ਅੰਤ ਹਰਿ ਕਲ, ਆਪਣੀ ਆਪ ਧਰਾਈਆ। ਜੁਗਾ ਜੁਗੰਤਰ ਵਲ ਛਲ, ਜੁਗ ਕਰਤਾ ਆਪ ਕਰਾਈਆ। ਆਪਣੀ ਜੋਤੀ ਆਪੇ ਬਲ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਉਚ ਮਹੱਲੇ ਡੇਰਾ ਲਾਈਆ। ਅੰਮ੍ਰਿਤ ਸਰੋਵਰ ਰੱਖੇ ਜਲ, ਆਪਣੀ ਧਾਰਾ ਆਪ ਉਪਾਈਆ। ਆਪੇ ਜਾਣੇ ਆਪਣਾ ਫਲ, ਗੁਣ ਅਵਗੁਣ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸ੍ਰੀ ਭਗਵੰਤ, ਲੇਖਾ ਜਾਣੇ ਨਾਰੀ ਕੰਤ, ਕਾਗਦ ਕ਼ਲਮ ਨਾ ਲਿਖਣਹਾਰਾ, ਪੜ੍ਹ ਪੜ੍ਹ ਕੋਇ ਨਾ ਸਕੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣਾ ਭੇਵ ਆਪ ਖੁਲ੍ਹਾਇਆ। ਸੋ ਪੁਰਖ ਨਿਰੰਜਣ ਮਿਲਿਆ ਵਰ, ਹਰਿ ਪੁਰਖ ਨਿਰੰਜਣ ਲਏ ਪਰਨਾਈਆ। ਏਕੰਕਾਰਾ ਪੱਲੂ ਫੜ, ਆਦਿ ਨਿਰੰਜਣ ਵੇਖ ਵਖਾਈਆ। ਅਬਿਨਾਸ਼ੀ ਕਰਤਾ ਸੇਜੇ ਚੜ੍ਹ, ਸ੍ਰੀ ਭਗਵਾਨ ਸੇਜ ਹੰਢਾਈਆ। ਪਾਰਬ੍ਰਹਮ ਦਾਈ ਦਾਇਆ ਆਪੇ ਬਣ, ਜਨ ਜਨਨੀ ਵੇਖ ਵਖਾਈਆ। ਸੁਤ ਦੁਲਾਰਾ ਆਪੇ ਜਣ, ਸ਼ਬਦੀ ਨਾਉਂ ਧਰਾਈਆ। ਸਚਖੰਡ ਦਵਾਰੇ ਆਪੇ ਵੜ, ਆਪਣਾ ਪਰਦਾ ਦਏ ਉਠਾਈਆ। ਸਚ ਸਿੰਘਾਸਣ ਬੈਠਾ ਨਰ, ਰਾਜ ਰਾਜਾਨ ਇਕ ਅਖਵਾਈਆ। ਥਿਰ ਘਰ ਦਵਾਰੇ ਚਰਨ ਧਰ, ਚਰਨ ਚਰਨੋਦਕ ਦਏ ਵਡਿਆਈਆ। ਸੁਤ ਦੁਲਾਰੇ ਦੇਵੇ ਵਰ, ਵਰ ਦਾਤਾ ਆਪ ਹੋ ਜਾਈਆ। ਤੇਰੀ ਲਾਈ ਆਪੇ ਜੜ੍ਹ, ਮਾਲੀ ਬਣਿਆ ਬੇਪਰਵਾਹੀਆ। ਦਰਸ ਦਿਖਾਏ ਅੱਗੇ ਖੜ, ਅਜੂਨੀ ਰਹਿਤ ਮੂਰਤ ਅਕਾਲ, ਪੁਰਖ ਅਕਾਲਾ ਦੀਨ ਦਿਆਲਾ ਸਵੱਛ ਸਰੂਪੀ ਰੂਪ ਵਟਾਈਆ। ਆਦਿ ਜੁਗਾਦਿ ਜੁਗ ਤੇਰਾ ਲੱਗੇ ਫਲ, ਤੇਰਾ ਬੂਟਾ ਇਕ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪਣਾ ਪਰਦਾ ਆਪ ਉਠਾਈਆ। ਹਰਿ ਪਰਦਾ ਆਪ ਉਠਾਇੰਦਾ, ਨਿਸ਼ਅੱਖਰ ਆਪੇ ਬੋਲ। ਸੁਤ ਸ਼ਬਦੀ ਆਪ ਸੁਣਾਇੰਦਾ, ਅਗੰਮ ਅਗੰਮੜਾ ਤੋਲੇ ਤੋਲ। ਆਦਿ ਆਪਣੀ ਧਾਰ ਉਪਾਇੰਦਾ, ਅੰਤ ਵਸੇ ਤੇਰੇ ਕੋਲ। ਮਦਿ ਆਪਣੀ ਖੇਲ ਖਿਲਾਇੰਦਾ, ਲੱਖ ਚੁਰਾਸੀ ਜਾਏ ਮੌਲ। ਜੁਗ ਚੌਕੜੀ ਵੇਸ ਵਟਾਇੰਦਾ, ਕੀਤਾ ਕਰੇ ਪੂਰਾ ਕੌਲ। ਜੁਗ ਜੁਗ ਆਪਣਾ ਨਾਮ ਮਰਦੰਗ ਢੋਲ ਵਜਾਇੰਦਾ, ਇਕ ਸੁਣਾਏ ਸਾਚਾ ਬੋਲ। ਸਚ ਸਤਾਰ ਆਪਣੇ ਹੱਥ ਰਖਾਇੰਦਾ, ਪੁਰਖ ਅਬਿਨਾਸ਼ੀ ਬੈਠ ਅਡੋਲ। ਬ੍ਰਹਿਮੰਡ ਖੰਡ ਏਕਾ ਨਾਚ ਨਚਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤੋਲੇ ਸਾਚਾ ਤੋਲ। ਸਾਚਾ ਤੋਲਾ ਹਰਿ ਜੂ ਹਰਿ ਹਰਿ, ਆਦਿ ਪੁਰਖ ਆਪਣਾ ਨਾਉਂ ਧਰਾਈਆ। ਸੁਤ ਦੁਲਾਰੇ ਦਿਤਾ ਵਰ ਵਰ, ਸ਼ਬਦੀ ਸ਼ਬਦ ਸ਼ਬਦ ਵਡਿਆਈਆ। ਤੇਰਾ ਭੰਡਾਰਾ ਵੇਖੇ ਭਰ ਭਰ, ਅਤੋਟ ਅਤੁਟ ਰਖਾਈਆ। ਆਦਿ ਜੁਗਾਦੀ ਖੇਲ ਕਰ ਕਰ, ਜੁਗ ਜੁਗ ਆਪਣਾ ਬੰਧਨ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਫੜ ਫੜ, ਤੇਰੀ ਸਾਚੀ ਸੇਵ ਲਗਾਈਆ। ਤ੍ਰੈਗੁਣ ਮਾਇਆ ਆਪੇ ਧਰ ਧਰ, ਪੰਚਮ ਨਾਤਾ ਜੋੜ ਜੁੜਾਈਆ। ਲੱਖ ਚੁਰਾਸੀ ਭਾਂਡੇ ਘੜ ਘੜ, ਨਿਰਗੁਣ ਸਰਗੁਣ ਵੇਖ ਵਖਾਈਆ। ਸਰਗੁਣ ਅੰਦਰ ਆਪੇ ਵੜ ਵੜ, ਆਪਣਾ ਆਸਣ ਲਏ ਬਣਾਈਆ। ਮਨ ਮਤ ਬੁਧ ਦੇਵੇ ਵਰ ਵਰ, ਨਿਰਗੁਣ ਆਪਣੀ ਵੰਡ ਵੰਡਾਈਆ। ਸਚ ਮਹੱਲੇ ਆਪੇ ਚੜ੍ਹ ਚੜ੍ਹ, ਘਰ ਘਰ ਵਿਚ ਸੋਭਾ ਪਾਈਆ। ਅੰਮ੍ਰਿਤ ਸਰੋਵਰ ਆਪਣਾ ਆਪੇ ਭਰ ਭਰ, ਘਰ ਘਰ ਵਿਚ ਤਾਲ ਲਗਾਈਆ। ਆਪਣਾ ਨਾਦ ਆਪੇ ਫੜ ਫੜ, ਗ੍ਰਹਿ ਮੰਦਰ ਅੰਦਰ ਆਪ ਵਜਾਈਆ। ਆਪਣੀ ਵੰਡਾ ਆਪੇ ਕਰ ਕਰ, ਪਾਰਬ੍ਰਹਮ ਆਪਣਾ ਰੂਪ ਵਟਾਈਆ। ਈਸ਼ ਜੀਵ ਖੇਲ ਕਰ ਕਰ, ਜਗਦੀਸ ਰੂਪ ਧਰਾਈਆ। ਡੂੰਘੀ ਭਵਰੀ ਆਪੇ ਖੜ ਖੜ, ਟੇਢੀ ਬੰਕ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦਿਤਾ ਵਰ, ਸ਼ਬਦੀ ਸ਼ਬਦ ਸ਼ਬਦ ਵਡਿਆਈਆ। ਸ਼ਬਦ ਵਡਿਆਇਆ ਪਾਰਬ੍ਰਹਮ, ਆਪਣੀ ਕਿਰਪਾ ਧਾਰ। ਨਾ ਮਰੇ ਨਾ ਪਏ ਜੰਮ, ਖੇਲੇ ਖੇਲ ਵਿਚ ਸੰਸਾਰ। ਨਿਹਕਰਮੀ ਕਰੇ ਆਪਣਾ ਕੰਮ, ਕਾਗਦ ਕ਼ਲਮ ਨਾ ਲਿਖਣਹਾਰ। ਨਾ ਕੋਈ ਤੱਤ ਨਾ ਕੋਈ ਤਨ, ਨਾ ਕੋਈ ਕਰੇ ਸ਼ੰਗਾਰ। ਨਾ ਕੋਈ ਬੁਧੀ ਨਾ ਕੋਈ ਮਨ, ਨਾ ਕੋਈ ਮਤ ਦਏ ਆਧਾਰ। ਨਾ ਕੋਈ ਛੱਪਰ ਨਾ ਕੋਈ ਛੰਨ, ਨਾ ਕੋਈ ਮੰਦਰ ਗੁਰੂਦਵਾਰ। ਨਾ ਕੋਈ ਜਨਨੀ ਨਾ ਕੋਈ ਜਨ, ਨਾ ਕੋਈ ਦੇਵਣਹਾਰ ਸਹਾਰ। ਨਾ ਕੋਈ ਮਾਲ ਨਾ ਕੋਈ ਧਨ, ਨਾ ਕੋਈ ਵਣਜ ਨਾ ਵਪਾਰ। ਨਾ ਕੋਈ ਰਾਗ ਨਾ ਕੋਈ ਕੰਨ, ਨਾ ਕੋਈ ਹੋਏ ਸੁਣਨੇਹਾਰ। ਕਰੇ ਖੇਲ ਸ੍ਰੀ ਭਗਵਨ, ਆਪ ਆਪਣੀ ਕਿਰਪਾ ਧਾਰ। ਵਿਸ਼ਨ ਬ੍ਰਹਮਾ ਸ਼ਿਵ ਬੇੜਾ ਦੇਵੇ ਬੰਨ੍ਹ, ਆਪੇ ਆਪਣੇ ਸਾਗਰ ਲੇਵੇ ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਏਕਾ ਏਕਾ ਵਾਰ। ਏਕਾ ਵਾਰ ਦੀਆ ਵਰ, ਆਦਿ ਪੁਰਖ ਵਡਿਆਈਆ। ਸ਼ਬਦ ਭੰਡਾਰਾ ਦਿਤਾ ਭਰ, ਅਤੋਟ ਅਤੁਟ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਰਹੇ ਡਰ, ਨਿਉਂ ਨਿਉਂ ਸੀਸ ਝੁਕਾਈਆ। ਪਾਰਬ੍ਰਹਮ ਫੜਿਆ ਲੜ, ਛੁੱਟ ਕਦੇ ਨਾ ਜਾਈਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਲੱਖ ਚੁਰਾਸੀ ਘਾੜਨ ਰਿਹਾ ਘੜ, ਘੜਨਹਾਰ ਇਕ ਅਖਵਾਈਆ। ਘਟ ਘਟ ਅੰਦਰ ਬੈਠਾ ਵੜ, ਔਂਦਾ ਜਾਂਦਾ ਦਿਸ ਨਾ ਆਈਆ। ਆਪਣੀ ਵਿਦਿਆ ਆਪੇ ਪੜ੍ਹ, ਜੁਗਾ ਜੁਗੰਤ ਕਰੇ ਪੜ੍ਹਾਈਆ। ਹੱਡ ਮਾਸ ਨਾ ਦਿਸੇ ਨਾੜੀ ਨੜ, ਤਤਵ ਤਤ ਨਾ ਕੋਇ ਰਖਾਈਆ। ਨਿਰਗੁਣ ਰੂਪ ਸਰਗੁਣ ਕਰ, ਆਪਣੀ ਖੇਲ ਕਰਾਈਆ। ਸੁਤ ਦੁਲਾਰੇ ਮਿਲਿਆ ਵਰ, ਸ਼ਾਹ ਪਾਤਸ਼ਾਹ ਹਰਿ ਸਾਚਾ ਆਪੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਅੰਤ ਆਪਣੇ ਹੱਥ ਰਖੇ ਵਡਿਆਈਆ। ਆਦਿ ਉਪਾਇਆ ਸ਼ਬਦ ਧਾਰ, ਹਰਿ ਆਪਣਾ ਖੇਲ ਉਪਾਇਆ। ਆਪੇ ਖੇਲ ਸਚਖੰਡ ਦਵਾਰ, ਆਪਣਾ ਆਸਣ ਲਾਇਆ। ਆਪ ਝੁਲਾਏ ਸਚ ਨਿਸ਼ਾਨ, ਸਤਿ ਸਤਿਵਾਦੀ ਹੱਥ ਉਠਾਇਆ। ਆਪੇ ਥਿਰ ਘਰ ਖੋਲ੍ਹੇ ਇਕ ਮਕਾਨ, ਮਹਿਮਾ ਗਣਤ ਗਣੀ ਨਾ ਜਾਇਆ। ਸੁਤ ਦੁਲਾਰੇ ਦੇਵੇ ਦਾਨ, ਬਾਲ ਨਾਦਾਨਾ ਵਿਚ ਬਹਾਇਆ। ਆਪਣੀ ਕਿਰਪਾ ਕਰ ਹੋ ਮਿਹਰਵਾਨ, ਮਿਹਰਵਾਨ ਮਿਹਰਵਾਨ ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਬੰਧਨ ਆਪੇ ਪਾਇਆ। ਆਪਣਾ ਬੰਧਨ ਪਾਏ ਬੰਧ, ਹਰਿ ਵੱਡਾ ਵਡ ਵਡਿਆਈਆ। ਨਿਰਗੁਣ ਬੱਧਾ ਏਕਾ ਤੰਦ, ਤੁੱਟ ਕਦੇ ਨਾ ਜਾਈਆ। ਨਾਉਂ ਸੁਣਾਇਆ ਸੁਹਾਗੀ ਛੰਦ, ਨਾਉਂ ਨਿਰੰਕਾਰਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਸੇ ਸਾਚਾ ਮਾਹੀਆ। ਸੁਣ ਸੁਤ ਦੁਲਾਰਾ ਕਰੇ ਪੁਕਾਰਾ, ਪ੍ਰਭ ਅੱਗੇ ਸੀਸ ਝੁਕਾਇਆ। ਤੂੰ ਸਾਹਿਬ ਸੱਚਾ ਸਿਰਜਣਹਾਰਾ, ਹਉਂ ਬਾਲ ਅਞਾਣਾ ਤੇਰੇ ਚਰਨ ਧਿਆਨ ਲਗਾਇਆ। ਨਿਜ ਘਰ ਸੁਣਿਆ ਤੇਰਾ ਗਾਣਾ, ਰਾਗ ਅਨਾਦੀ ਇਕ ਅਲਾਇਆ। ਸਦ ਵਸਾਂ ਤੇਰੇ ਭਾਣਾ, ਤੇਰਾ ਭਾਣਾ ਮੋਹੇ ਭਾਇਆ। ਸ਼ਾਹ ਪਾਤਸ਼ਾਹ ਤੂੰ ਸੱਚਾ ਰਾਣਾ, ਹਉਂ ਰੱਯਤ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਭੁਲ ਕਦੇ ਨਾ ਜਾਇਆ। ਹਉਂ ਅਭੁਲ ਤੇਰੀ ਕਿਰਪਾ ਰੰਗ, ਦੂਸਰ ਅਵਰ ਨਾ ਕੋਇ ਵਡਿਆਈਆ। ਚਰਨ ਧੂੜ ਦਰ ਮੰਗਾਂ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਤੇਰੀ ਡੋਰ ਮੇਰਾ ਪਤੰਗ, ਆਦਿ ਜੁਗਾਦਿ ਉਡਾਈਆ। ਤੇਰੀ ਸੇਜ ਮੇਰਾ ਪਲੰਘ, ਤੇਰੀ ਮੇਹਰ ਮੇਰੀ ਸ਼ਹਿਨਸ਼ਾਹੀਆ। ਤੇਰਾ ਨੂਰ ਮੇਰਾ ਚੰਦ, ਮੇਰਾ ਚੰਦ ਤੇਰੀ ਰੁਸ਼ਨਾਈਆ। ਤੇਰਾ ਭਾਗ ਮੇਰੀ ਮੰਗ, ਮੇਰੀ ਮੰਗ ਤੇਰਾ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਅੰਤ ਮਿਲੇ ਤੇਰੀ ਸਰਨਾਈਆ। ਸੁਤ ਦੁਲਾਰਾ ਮੰਗਦਾ, ਥਿਰ ਘਰ ਹੋਏ ਨਿਮਾਣਾ। ਪ੍ਰਭ ਦਰ ਮੂਲ ਨਾ ਸੰਗਦਾ, ਸਿਰ ਮੰਨੇ ਹਰਿ ਜੂ ਭਾਣਾ। ਕੋਟਨ ਕੋਟ ਜੁਗ ਕਾਲ ਲੰਘਦਾ, ਥਿਰ ਕੋਇ ਨਾ ਰਹੇ ਰਾਜਾ ਰਾਣਾ। ਏਕਾ ਦਵਾਰਾ ਵਸੇ ਤੇਰਾ ਸੂਰੇ ਸਰਬੰਗ ਦਾ, ਸਚਖੰਡ ਸੱਚਾ ਟਿਕਾਣਾ। ਬਿਨ ਤੇਰੇ ਦਰਸ ਹੋਰ ਵਸਤ ਨਾ ਕੋਇ ਮੰਗਦਾ, ਸੀਸ ਝੁਕਾਏ ਬਣ ਨਿਮਾਣਾ। ਲੱਖ ਚੁਰਾਸੀ ਖੇਲ ਜੇਰਜ ਅੰਡ ਦਾ, ਉਤਭੁਜ ਸੇਤਜ ਤੇਰਾ ਭੇਵ ਛੁਪਾਨਾ। ਮੈਂ ਝੱਲਾਂ ਨਾ ਵਿਛੋੜਾ ਨਾਰ ਦੁਹਾਗਣ ਰੰਡ ਦਾ, ਕੰਤ ਸੁਹਾਗ ਇਕ ਹੰਢਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵੇਲਾ ਆਪਣੇ ਹੱਥ ਰਖਾਨਾ। ਹਰਿ ਦੇਵੇ ਵਸਤ ਅਪਾਰ, ਆਪਣੀ ਦਇਆ ਕਮਾਈਆ। ਸੁਤ ਦੁਲਾਰੇ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਆਪ ਜਣਾਈਆ। ਸ਼ਬਦੀ ਤੇਰਾ ਖੇਲ ਅਪਰ ਅਪਾਰ, ਬ੍ਰਹਿਮੰਡ ਖੰਡ ਤੇਰੀ ਰਚਨ ਰਚਾਈਆ। ਉਤਭੁਜ ਸੇਤਜ ਜੇਰਜ ਅੰਡ ਤੇਰਾ ਆਧਾਰ, ਚਾਰੇ ਖਾਣੀ ਤੇਰਾ ਜਸ ਗਾਈਆ। ਚਾਰੇ ਬਾਣੀ ਤੇਰਾ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਗਾਈਆ। ਚਾਰੇ ਜੁਗ ਤੇਰਾ ਵਿਹਾਰ, ਚਾਰੇ ਵੇਦ ਬ੍ਰਹਮਾ ਮੁਖ ਸਾਲਾਹੀਆ। ਚਾਰੇ ਵਰਨ ਤੇਰਾ ਸ਼ੰਗਾਰ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾਲ ਰਲਾਈਆ। ਜੁਗ ਚੌਕੜੀ ਰੂਪ ਵਟਾਏ ਅਪਰ ਅਪਾਰ, ਪਾਰਬ੍ਰਹਮ ਬੇਪਰਵਾਹੀਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਆਵੇ ਵਾਰੋ ਵਾਰ, ਚਾਰ ਜੁਗ ਚੌਕੜ ਏਕਾ ਬੰਧਨ ਪਾਈਆ। ਤੇਰੀ ਸੇਵਾ ਲਾਏ ਗੁਰ ਅਵਤਾਰ, ਜੁਗ ਜੁਗ ਆਪਣਾ ਨਾਮ ਜਪਾਈਆ। ਭਗਤਾਂ ਦੇਵੇ ਇਕ ਆਧਾਰ, ਸੰਤਨ ਸਾਚਾ ਸਤਿ ਜਣਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਆਤਮ ਬ੍ਰਹਮ ਬ੍ਰਹਮ ਸਮਝਾਈਆ। ਗੁਰਸਿਖਾਂ ਵਖਾਏ ਇਕ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸ਼ਬਦ ਸੁਣਾਏ ਨਾਦ ਜੈਕਾਰ, ਅਗੰਮੀ ਧੁਨ ਅਲਾਈਆ। ਸਰਗੁਣ ਖੇਲ ਕਰੇ ਕਰਤਾਰ, ਨਿਰਗੁਣ ਸਰਗੁਣ ਉਠ ਉਠ ਧਾਈਆ। ਜਗਤ ਵਿਚੋਲਾ ਕਰੇ ਸਚ ਵਿਹਾਰ, ਚੋਲਾ ਆਪਣਾ ਲਏ ਬਦਲਾਈਆ। ਢੋਲਾ ਗਾਏ ਆਪਣੀ ਵਾਰ, ਵਾਰ ਥਿਤ ਨਾ ਕੋਇ ਵਖਾਈਆ। ਤੇਰੇ ਮੰਦਰ ਦਏ ਸਹਾਰ, ਥਿਰ ਘਰ ਸਾਚੇ ਮਾਣ ਵਡਿਆਈਆ। ਤੇਰੇ ਬੰਸ ਪੈਜ ਸੁਆਰ, ਸਰਬੰਸ ਹੋਏ ਸਹਾਈਆ। ਤੇਰਾ ਖੋਲ੍ਹ ਹੱਟ ਬਾਜ਼ਾਰ, ਚੌਦਾਂ ਲੋਕ ਲਏ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਏ ਵਾਰੋ ਵਾਰ, ਥਿਰ ਕੋਇ ਰਹਿਣ ਨਾ ਪਾਈਆ। ਨਵ ਨੌਂ ਚਾਰ ਪੰਧ ਵਿਚਾਰ, ਗੁਣ ਅਵਗੁਣ ਆਪ ਸਮਝਾਈਆ। ਕਲਜੁਗ ਆਏ ਅੰਤਮ ਵਾਰ, ਕਰੇ ਖੇਲ ਬੇਪਰਵਾਹੀਆ। ਜੋਤੀ ਜੋਤ ਕਰ ਉਜਿਆਰ, ਨਿਰਗੁਣ ਆਪਣਾ ਨੂਰ ਕਰੇ ਰੁਸ਼ਨਾਈਆ। ਪੂਰਬ ਲੇਖਾ ਸਭ ਦਾ ਲਏ ਵਿਚਾਰ, ਅਭੁਲ ਭੁਲ ਕਦੇ ਨਾ ਜਾਈਆ। ਵਿਸ਼ਨੂੰ ਵਿਸ਼ਵ ਲਏ ਉਠਾਲ, ਸ਼ਬਦ ਹੁਲਾਰਾ ਇਕ ਲਗਾਈਆ। ਬ੍ਰਹਮਾ ਉਠ ਉਠ ਸੁਰਤ ਸੰਭਾਲ, ਪ੍ਰਭ ਸਾਚਾ ਹੁਕਮ ਸੁਣਾਈਆ। ਸ਼ੰਕਰ ਬਣੇ ਨਾ ਕੋਇ ਦਲਾਲ, ਭਾਣਾ ਵਰਤੇ ਬੇਪਰਵਾਹੀਆ। ਸੁਰਪਤ ਰਾਜਾ ਇੰਦ ਹੋਏ ਕੰਗਾਲ, ਕਰੋੜ ਤੇਤੀਸਾ ਮੁਖ ਭਵਾਈਆ। ਲੋਕਮਾਤ ਕਰੇ ਖੇਲ ਆਪ ਨਿਰੰਕਾਰ, ਨਿਰਗੁਣ ਨਿਰਵੈਰ ਆਪਣਾ ਘਰ ਸੁਹਾਈਆ। ਸਚਖੰਡ ਖੋਲ੍ਹੇ ਆਪ ਦਵਾਰ, ਥਿਰ ਘਰ ਤੇਰਾ ਧਾਮ ਬਣਾਈਆ। ਤੇਰਾ ਨਾਦ ਵਜਾਏ ਸੱਚਾ ਜੈਕਾਰ, ਚਾਰੋਂ ਕੁੰਟ ਦਏ ਸੁਣਾਈਆ। ਦਹਿ ਦਿਸ਼ਾ ਦਏ ਹੁਲਾਰ, ਆਲਸ ਨਿੰਦਰਾ ਸਭ ਦੀ ਦਏ ਮੁਕਾਈਆ। ਤ੍ਰੈਗੁਣ ਮਾਇਆ ਤੋੜੇ ਜਗਤ ਜੰਜਾਲ, ਹੁਕਮੀ ਹੁਕਮ ਆਪ ਵਰਤਾਈਆ। ਪੰਜਾਂ ਤੱਤਾਂ ਹੱਲ ਕਰੇ ਸਵਾਲ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਈਆ। ਮਨ ਮਤ ਬੁਧ ਕਰੇ ਜ਼ਵਾਲ, ਮਨ ਵਾਸਨਾ ਮੇਟ ਮਿਟਾਈਆ। ਚਾਰੋਂ ਕੁੰਟ ਵੇਖੇ ਧੂੰਆਂਧਾਰ, ਜੂਠ ਝੂਠ ਫੋਲ ਫੋਲਾਈਆ। ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਮੇਟ ਮਿਟਾਈਆ। ਲੋਕਮਾਤ ਬਣਾਏ ਸਚਖੰਡ ਸੱਚਾ ਦਵਾਰ, ਜੋਤੀ ਜਾਤਾ ਬੇਪਰਵਾਹੀਆ। ਸਾਚੇ ਤਖ਼ਤ ਬਹੇ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਈਆ। ਸੱਤ ਰੰਗ ਨਿਸ਼ਾਨ ਝੁਲਾਏ ਏਕਾ ਵਾਰ, ਦੋ ਜਹਾਨਾਂ ਦਏ ਵਖਾਈਆ। ਉਠੇ ਜੋਧਾ ਸੂਰਬੀਰ ਬਲਕਾਰ, ਬਲਧਾਰੀ ਬੇਪਰਵਾਹੀਆ। ਨਾਮ ਖੰਡਾ ਤੇਜ਼ ਕਟਾਰ, ਚੰਡ ਪਰਚੰਡ ਆਪ ਚਮਕਾਈਆ। ਵਰਭੰਡੀ ਮਾਰੇ ਮਾਰ, ਬ੍ਰਹਿਮੰਡੀ ਖੋਜ ਖੁਜਾਈਆ। ਆਦਿ ਪੁਰਖ ਆਪੇ ਜਾਣੇ ਆਪਣੀ ਆਦੀ ਕਾਰ, ਮਧ ਆਪਣਾ ਖੇਲ ਖਿਲਾਈਆ। ਸ਼ਬਦੀ ਸ਼ਬਦ ਵਰਤੇ ਵਰਤਾਰ, ਲਿਖਣ ਪੜ੍ਹਨ ਵਿਚ ਨਾ ਆਈਆ। ਏਕਾ ਹੁਕਮ ਦੇਵੇ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਦਰ ਸੱਦੇ ਤੇਈ ਅਵਤਾਰ, ਏਕਾ ਹੁਕਮ ਜਣਾਈਆ। ਗੁਰ ਦਸ ਭਗਤ ਅਠਾਰਾਂ ਕਰ ਪਿਆਰ, ਏਕਾ ਵਾਰ ਗੋਦ ਬਹਾਈਆ। ਸਭ ਦਾ ਪਰਦਾ ਦਏ ਉਤਾਰ, ਕਲਜੁਗ ਵੇਖੇ ਬੇਪਰਵਾਹੀਆ। ਵੇਦ ਵਿਆਸਾ ਕਰ ਪੁਕਾਰ, ਉਚੀ ਕੂਕੇ ਆਪਣੀ ਧਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਸੰਬਲ ਨਗਰੀ ਧਾਮ ਸੁਹਾਈਆ। ਸਾਚੇ ਸੁਤ ਕਰ ਧਿਆਨਾ, ਹਰਿ ਸਾਚਾ ਸਚ ਜਣਾਈਆ। ਸ਼ਬਦੀ ਸ਼ਬਦ ਮੇਰਾ ਪਰਵਾਨਾ, ਸ਼ਬਦੀ ਸ਼ਬਦ ਤਾਰ ਹਿਲਾਈਆ। ਸ਼ਬਦੀ ਸ਼ਬਦ ਮੇਰਾ ਗਾਨਾ, ਸ਼ਬਦੀ ਸ਼ਬਦ ਸਗਨ ਮਨਾਈਆ। ਸ਼ਬਦੀ ਸ਼ਬਦ ਮੇਰਾ ਮਕਾਨਾ, ਸ਼ਬਦੀ ਸ਼ਬਦ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣਾ ਪਰਦਾ ਆਪ ਉਠਾਈਆ। ਅੰਤਮ ਪਰਦਾ ਆਪਣਾ ਲੌਹਣਾ, ਆਦਿ ਪੁਰਖ ਸਮਝਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕੌਣਾ, ਭੇਵ ਕਿਸੇ ਨਾ ਆਇਆ। ਗੁਰ ਅਵਤਾਰਾਂ ਬੇਅੰਤ ਬੇਅੰਤ ਬੇਅੰਤ ਹਰਿ ਹਰਿ ਗੌਣਾ, ਦੋਏ ਜੋੜ ਜੋੜ ਸੀਸ ਝੁਕਾਇਆ। ਪਾਰਬ੍ਰਹਮ ਪਤਿਪਰੇਸ਼ਵਰ ਆਪਣਾ ਭਾਣਾ ਆਪਣੇ ਹੱਥ ਰਖੌਣਾ, ਨਾ ਕੋਈ ਮੇਟੇ ਮੇਟ ਮਿਟਾਇਆ। ਜੁਗ ਚੌਕੜੀ ਭਾਂਡਾ ਭੰਨ ਵਖੌਣਾ, ਘੜਨ ਭੰਨਣਹਾਰ ਆਪ ਅਖਵਾਇਆ। ਅੰਤਮ ਰੰਗੇ ਆਪਣਾ ਰੰਗ, ਸ਼ਬਦੀ ਸ਼ਬਦ ਉਪਾਇੰਦਾ। ਸਾਚੇ ਤਖ਼ਤ ਬੈਠ ਸੂਰਾ ਸਰਬੰਗ, ਸਾਚਾ ਹੁਕਮ ਸੁਣਾਇੰਦਾ। ਕਰੇ ਖੇਲ ਵਿਚ ਵਰਭੰਡ, ਬ੍ਰਹਿਮੰਡ ਵੇਖ ਵਖਾਇੰਦਾ। ਗੋਬਿੰਦ ਮੰਗੇ ਏਕਾ ਮੰਗ, ਪ੍ਰਭ ਅੱਗੇ ਝੋਲੀ ਡਾਹਿੰਦਾ। ਨਿਰਗੁਣ ਸਰਗੁਣ ਕਰੇ ਜੰਗ, ਦਿਸ ਕਿਸੇ ਨਾ ਆਇੰਦਾ। ਆਪੇ ਤੀਰ ਆਪੇ ਕਮੰਦ, ਆਪੇ ਚਿੱਲਾ ਹੱਥ ਉਠਾਇੰਦਾ। ਸੁਤ ਦੁਲਾਰੇ ਅੰਤਮ ਜਾਗਣਾ, ਹਰਿ ਸਾਚਾ ਸਚ ਜਗਾਈਆ। ਤੇਰੇ ਅੰਤਰ ਆਵੇ ਇਕ ਵੈਰਾਗਨਾ, ਪ੍ਰਭ ਅਬਿਨਾਸ਼ੀ ਇਕ ਵੈਰਾਗ ਉਪਜਾਈਆ। ਤੇਰਾ ਮਿਲੇ ਕੰਤ ਸੁਹਾਗਣਾ, ਤੇਰੇ ਘਰ ਵੱਜੇ ਵਧਾਈਆ। ਲੱਖ ਚੁਰਾਸੀ ਵੇਖੇ ਤ੍ਰੈਗੁਣ ਲੱਗੀ ਆਗਣਾ, ਘਟ ਘਟ ਅਗਨੀ ਤੱਤ ਜਲਾਈਆ। ਕਿਸੇ ਘਰ ਨਾ ਦਿਸੇ ਚਿਰਾਗ਼ਨਾ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਕਲਜੁਗ ਜੀਵ ਹੋਇਆ ਕਾਗਣਾ, ਕਾਗੀ ਕਾਗ ਕੁਰਲਾਈਆ। ਹਰਿ ਚਰਨ ਧੂੜ ਮਿਲੇ ਨਾ ਮਜਣ ਮਾਘਨਾ, ਅਠਸਠ ਤੀਰਥ ਫੇਰਾ ਪਾਈਆ। ਦੁਰਮਤ ਮੈਲ ਨਾ ਧੋਵੇ ਕੋਈ ਦਾਗ਼ਨਾ, ਚਾਰ ਕੁੰਟ ਚਾਰ ਵਰਨ ਅਠਾਰਾਂ ਬਰਨ ਮੁਖ ਸ਼ਰਮਾਈਆ। ਲੱਖ ਚੁਰਾਸੀ ਵਿਚੋਂ ਕਿਸੇ ਨਾ ਕਾਢਣਾ, ਗੁਰ ਸਤਿਗੁਰ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦੇਵੇ ਵਰ, ਆਪਣੇ ਹੱਥ ਰੱਖੇ ਵਡਿਆਈਆ। ਅੰਤਮ ਧਾਰ ਚਲੇ ਅਕਾਲਾ, ਦੂਸਰ ਕੋਇ ਰਹਿਣ ਨਾ ਪਾਈਆ। ਪਰਗਟ ਹੋਇਆ ਦੀਨ ਦਿਆਲਾ, ਸਭ ਦਾ ਪਰਦਾ ਰਿਹਾ ਚੁਕਾਈਆ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਆਤਮ ਅੰਤਰ ਕਰੇ ਪੜ੍ਹਾਈਆ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲਾ, ਕਾਇਆ ਮੰਦਰ ਵੇਖ ਵਖਾਈਆ। ਤਨ ਪਾਏ ਅਗੰਮੀ ਮਾਲਾ, ਅਜਪਾ ਜਾਪ ਕਰਾਈਆ। ਰਾਏ ਧਰਮ ਨਾ ਮੰਗੇ ਹਾਲਾ, ਜਿਸ ਜਨ ਆਪਣੀ ਸਰਨ ਲਗਾਈਆ। ਜੀਆ ਦਾਨ ਦੇਵੇ ਦਾਤਾਰਾ, ਆਪਣੀ ਦਇਆ ਕਮਾਈਆ। ਏਕਾ ਨਾਮ ਸਤਿ ਭੰਡਾਰਾ, ਚਾਰ ਵਰਨ ਵਰਤਾਈਆ। ਏਕਾ ਮੰਦਰ ਗੁਰੂਦਵਾਰਾ, ਹਰਿ ਚਰਨ ਸੱਚੀ ਸਰਨਾਈਆ। ਏਕਾ ਅੰਮ੍ਰਿਤ ਠੰਡਾ ਠਾਰਾ, ਆਤਮ ਸਰੋਵਰ ਦਏ ਵਖਾਈਆ। ਏਕਾ ਸੱਜਣ ਮੀਤ ਮੁਰਾਰਾ, ਹਰਿ ਸਤਿਗੁਰ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਉਪਾਈਆ। ਸਾਚਾ ਮਾਰਗ ਹਰਿ ਕਰਤਾਰਾ, ਆਦਿ ਜੁਗਾਦਿ ਲਗਾਇੰਦਾ। ਜੁਗ ਜੁਗ ਚਲਾਏ ਆਪਣੀ ਧਾਰਾ, ਭੇਵ ਕੋਇ ਨਾ ਪਾਇੰਦਾ। ਕਲਜੁਗ ਉਤਰੇ ਪਾਰ ਕਿਨਾਰਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਤਿਜੁਗ ਲਾਏ ਵਿਚ ਸੰਸਾਰਾ, ਧਰਤ ਧਵਲ ਗੋਦ ਸੁਹਾਇੰਦਾ। ਏਕਾ ਦੇਵੇ ਸਚ ਆਧਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਏਕਾ ਬ੍ਰਹਮ ਕਰੇ ਪਸਾਰਾ, ਹੰ ਬ੍ਰਹਮ ਸਰਬ ਦ੍ਰਿੜਾਇੰਦਾ। ਏਕਾ ਕਰਮ ਕਰੇ ਕਰਤਾਰਾ, ਨਿਹਕਰਮੀ ਕਰਮ ਕਮਾਇੰਦਾ। ਏਕਾ ਵਰਨ ਬਣੇ ਸੰਸਾਰਾ, ਚਾਰ ਵਰਨ ਪੰਧ ਮੁਕਾਇੰਦਾ। ਆਦਿ ਅੰਤ ਭਾਣਾ ਸਮਰਥ, ਹਰਿ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਮਹਿਮਾ ਗਾਏ ਅਕਥਨਾ ਅਕਥ, ਕਥਨੀ ਕਥ ਨਾ ਕੋਇ ਵਖਾਇੰਦਾ। ਨਿਰਗੁਣ ਸਰਗੁਣ ਚਲਾਏ ਰਥ, ਰਥ ਰਥਵਾਹੀ ਵੇਸ ਵਟਾਇੰਦਾ। ਗੁਰ ਅਵਤਾਰਾਂ ਦੇਵੇ ਵਥ, ਨਾਮ ਵਸਤ ਆਪ ਵਰਤਾਇੰਦਾ। ਸਤਿ ਸੰਤੋਖੀ ਧੀਰਜ ਜਤ, ਬ੍ਰਹਮ ਮਤ ਆਪ ਦ੍ਰਿੜਾਇੰਦਾ। ਨਾੜ ਬਹੱਤਰ ਨਾ ਉਬਲੇ ਰਤ, ਸਾਂਤਕ ਸਤਿ ਸਤਿ ਕਰਾਇੰਦਾ। ਚਰਨ ਕਵਲ ਬੰਧਾਏ ਨੱਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਨਾਮ ਬੀਜੇ ਸਾਚੇ ਵਤ, ਕਾਇਆ ਖੇਤਰ ਹੱਲ ਚਲਾਇੰਦਾ। ਫੁਲ ਫੁਲਵਾੜੀ ਵੇਖੇ ਪੱਤ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਫੁਲ ਤੋੜੇ ਕਮਲਾਪਤ, ਬਣ ਮਾਲਣ ਸੇਵ ਕਮਾਇੰਦਾ। ਦੋ ਜਹਾਨਾਂ ਜੁਗਾ ਜੁਗੰਤਰ ਰਿਹਾ ਨੱਸ, ਪਾਂਧੀ ਆਪਣਾ ਪੰਧ ਮੁਕਾਇੰਦਾ। ਗੁਰਮੁਖ ਵਿਰਲੇ ਹਿਰਦੇ ਅੰਦਰ ਜਾਏ ਵਸ, ਜਿਸ ਜਨ ਆਪਣੀ ਦਇਆ ਕਮਾਇੰਦਾ। ਕੋਟਨ ਕੋਟ ਕਰੇ ਪਰਕਾਸ਼ ਰਵ ਸਸ, ਕਿਰਨ ਕਿਰਨ ਜੋਤ ਜਗਾਇੰਦਾ। ਅੰਮ੍ਰਿਤ ਆਤਮ ਪਿਆਏ ਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਸਤਿ ਸਤਿਵਾਦੀ ਮਾਰਗ ਦੱਸ, ਸਾਚੇ ਮਾਰਗ ਆਪੇ ਲਾਇੰਦਾ। ਜੁਗਾ ਜੁਗਾਂ ਦੀ ਪੂਰੀ ਕਰੇ ਆਸ, ਜਨਮ ਜਨਮ ਦੀ ਪਿਆਸ ਮਿਟਾਇੰਦਾ। ਲੇਖੇ ਲਾਏ ਪਵਣ ਸਵਾਸ, ਸਵਾਸ ਸਵਾਸਾਂ ਆਪ ਸਮਾਇੰਦਾ। ਹਰਿਜਨ ਹੋਏ ਨਾ ਕਦੇ ਨਿਰਾਸ, ਹਰਿ ਸਤਿਗੁਰ ਦਇਆ ਕਮਾਇੰਦਾ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਜਗਾਇਆ ਕਿਰਪਾਨਿਧ, ਕਿਰਪਾ ਕਰੀ ਆਪ ਕਿਰਪਾਲ। ਆਪਣੇ ਮਿਲਣ ਦੀ ਆਪ ਬਣਾਈ ਬਿਧ, ਪਰਗਟ ਹੋ ਦੀਨ ਦਿਆਲ। ਪੂਰਬ ਜਨਮ ਦਾ ਕਾਰਜ ਕੀਤਾ ਸਿਧ, ਮਾਣਸ ਜਨਮ ਹੋਏ ਰਖਵਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ। ਹਰਿਜਨ ਸਦਾ ਸੰਭਾਲਦਾ, ਸੰਭਾਲਣਹਾਰਾ ਏਕੋ ਏਕ। ਨਾਤਾ ਤੋੜੇ ਸ਼ਾਹ ਕੰਗਾਲ ਦਾ, ਹਰਿਜਨ ਸਾਚੇ ਬਖ਼ਸ਼ੇ ਚਰਨ ਟੇਕ। ਸਾਚਾ ਮੰਦਰ ਆਪ ਵਖਾਲ ਦਾ, ਤ੍ਰੈਗੁਣ ਮਾਇਆ ਨਾ ਲਾਏ ਸੇਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਹੋਏ ਲਿਖਣਹਾਰਾ ਲੇਖ। ਏਕਾ ਹਰਿ ਇਕ ਦਾਤਾਰਾ, ਆਦਿ ਜੁਗਾਦਿ ਸਮਾਇਆ। ਏਕਾ ਗੁਰ ਇਕ ਅਵਤਾਰਾ, ਏਕਾ ਜੁਗ ਜੁਗ ਵੇਸ ਵਟਾਇਆ। ਏਕਾ ਗੁਰਮੁਖ ਗੁਰੂ ਪਿਆਰਾ, ਏਕਾ ਗੁਰਸਿਖ ਦਏ ਆਧਾਰਾ, ਘਰ ਘਰ ਵਿਚ ਦਏ ਜਣਾਇਆ। ਬਜਰ ਕਪਾਟੀ ਲਾਏ ਪਾੜਾ, ਆਤਮ ਤਾਕੀ ਪਰਦਾ ਲਾਹਿਆ। ਏਕਾ ਜੋਤ ਕਰੇ ਉਜਿਆਰਾ, ਨੂਰੋ ਨੂਰ ਨੂਰ ਦਰਸਾਇਆ। ਏਕਾ ਆਤਮ ਸੇਜਾ ਕਰੇ ਪਿਆਰਾ, ਸੁਰਤੀ ਸ਼ਬਦ ਮੇਲ ਮਿਲਾਇਆ। ਏਕਾ ਨਾਉਂ ਏਕਾ ਮੰਤ ਦਏ ਸਹਾਰਾ, ਏਕਾ ਆਪਣੀ ਗੋਦ ਬਹਾਇਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਏਕਾ ਵਾਰ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਹਰਿ, ਹਰਿ ਜੂ ਹਰਿ ਮੰਦਰ ਬੈਠਾ ਆਸਣ ਲਾਇਆ। ਹਰਿ ਮੰਦਰ ਹਰਿ ਵਸਿਆ, ਪਾਰਬ੍ਰਹਮ ਕਰਤਾਰ। ਆਪਣਾ ਕਰੇ ਆਪ ਪਰਕਾਸਿਆ, ਦੂਸਰ ਅਵਰ ਨਾ ਕੋਇ ਉਜਿਆਰ। ਆਪੇ ਜਾਣੇ ਆਪਣਾ ਭੋਗ ਬਲਾਸਿਆ, ਆਪੇ ਪੁਰਖ ਪੁਰਖੋਤਮ ਆਪੇ ਨਾਰ। ਆਪੇ ਸੇਵਕ ਸੇਵਾ ਕਰੇ ਦਾਸੀ ਦਾਸਿਆ, ਆਪੇ ਸ਼ਾਹ ਭੂਪ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰ ਖੇਲ ਖਿਲੰਦੜਾ, ਅਲਖ ਅਗੋਚਰ ਬੇਪਰਵਾਹ। ਸਚਖੰਡ ਧਾਮ ਸੁਹੰਦੜਾ, ਨਿਰਮਲ ਜੋਤ ਨੂਰ ਰੁਸ਼ਨਾ। ਸਾਚਾ ਤਖ਼ਤ ਆਪ ਵਿਛੰਦੜਾ, ਸਚ ਸਿੰਘਾਸਣ ਸੋਭਾ ਪਾ। ਪੰਚਮ ਮੁਖ ਤਾਜ ਸੀਸ ਟਿਕੰਦੜਾ, ਹਰਿ ਸੱਚਾ ਸ਼ਹਿਨਸ਼ਾਹ। ਸਤਿ ਸਤਿਵਾਦੀ ਸਚ ਨਿਸ਼ਾਨ ਝੁਲੰਦੜਾ, ਸਚ ਨਿਸ਼ਾਨਾ ਇਕ ਵਖਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੇੜਾ ਆਪ ਵਸੰਦੜਾ, ਅੰਤਮ ਆਪੇ ਦੇਵੇ ਢਾਹ। ਰਵ ਸਸ ਜੋਤੀ ਜੋਤ ਜਗੰਦੜਾ, ਕਿਰਨ ਕਿਰਨ ਕਿਰਨ ਪਰਗਟਾ। ਵਿਸ਼ਨ ਬ੍ਰਹਮਾ ਸ਼ਿਵ ਵੰਸ ਵਖੰਦੜਾ, ਅੰਤਮ ਜੋਤੀ ਜੋਤ ਲਏ ਮਿਲਾ। ਲੱਖ ਚੁਰਾਸੀ ਘਾੜਤ ਘੜਨ ਆਪ ਘੜੰਦੜਾ, ਘੜਿਆ ਠੀਕਰ ਦਏ ਭੰਨਾ। ਜ਼ਿਮੀਂ ਅਸਮਾਨ ਖੇਲ ਰਚੰਦੜਾ, ਆਪਣੀ ਖੇਲ ਆਪਣੇ ਵਿਚ ਲਏ ਸਮਾ। ਜਲ ਜਲ ਧਾਰ ਆਪ ਵਹੰਦੜਾ, ਸੱਤ ਸਾਗਰ ਡੇਰਾ ਦੇਵੇ ਢਾਹ। ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖੰਦੜਾ, ਵੇਖਣਹਾਰਾ ਥਾਉਂ ਥਾਂ। ਜੁਗ ਜੁਗ ਗੁਰ ਅਵਤਾਰ ਸੇਵ ਲਗੰਦੜਾ, ਸਭ ਦੀ ਸੇਵਾ ਆਪਣੀ ਝੋਲੀ ਲਏ ਪਾ। ਆਪਣਾ ਭੇਵ ਨਾ ਕਿਸੇ ਖੁਲੰਦੜਾ, ਬੇਅੰਤ ਗਏ ਸਰਬ ਸੁਣਾ। ਕਲਜੁਗ ਅੰਤਮ ਵੇਸ ਵਟੰਦੜਾ, ਨਿਰਗੁਣ ਜੋਤੀ ਜਾਮਾ ਆਪ ਹੰਢਾ। ਗੋਬਿੰਦ ਆਸਾ ਪੂਰ ਕਰੰਦੜਾ, ਮਾਛੂਵਾੜਾ ਰੁੱਤ ਸੁਹਾ। ਸੱਥਰ ਯਾਰ ਆਪ ਹਢੰਦੜਾ, ਸਾਚਾ ਸੱਥਰ ਦਏ ਵਖਾ। ਪੁਰਖ ਅਕਾਲ ਚਾਰ ਵਰਨ ਇਕ ਵਸੰਦੜਾ, ਦੂਸਰ ਓਟ ਨਾ ਕੋਇ ਰਖਾ। ਸੁਤ ਦੁਲਾਰ ਹਰਿ ਕਾ ਸ਼ਬਦ ਉਚੀ ਕੂਕ ਕੂਕ ਸੁਣੰਦੜਾ, ਕਲਜੁਗ ਅੰਤਮ ਲੱਖ ਚੁਰਾਸੀ ਭੁੱਲੀ ਤੇਰੇ ਅੱਗੇ ਵਾਸਤਾ ਪਾ। ਮਾਇਆ ਮਮਤਾ ਝੂਠੀ ਰੁਲੀ, ਵੇਲੇ ਅੰਤ ਨਾ ਕੋਇ ਸਹਾ। ਕਿਸੇ ਸੰਗ ਨਾ ਜਾਏ ਲੱਖਾਂ ਕੁਲੀ, ਖ਼ਾਲੀ ਹੱਥੀਂ ਜਾਂਦੇ ਦਿਸਣ ਸ਼ਹਿਨਸ਼ਾਹ। ਹਰਿ ਕਾ ਨਾਮ ਵਸਤ ਅਨਮੁਲੀ, ਪ੍ਰਭ ਦੇਵਣ ਆਇਆ ਆਪ ਬੇਪਰਵਾਹ। ਆਦਿ ਜੁਗਾਦਿ ਕਿਸੇ ਤੋਲ ਨਾ ਤੁਲੀ, ਨਾਨਕ ਤੇਰਾਂ ਧਾਰ ਗਿਆ ਗਾ। ਜੋ ਰੋ ਰੋ ਨਿਮਾਣੀ ਦਰ ਤੇ ਆਏ ਭੁੱਲੀ, ਕਰ ਦਇਆ ਲਏ ਬਖ਼ਸ਼ਾ। ਏਥੇ ਫਲੀ ਅੱਗੇ ਫੁਲੀ, ਜਿਸ ਆਪਣੀ ਗੋਦ ਲਿਆ ਬਹਾ। ਗੁਰਮੁਖ ਆਦਿ ਜੁਗਾਦਿ ਕਦੇ ਨਾ ਭੁੱਲੀ, ਪੁਰਖ ਅਕਾਲ ਸਰਬ ਜੀਆਂ ਦਾ ਪਿਤਾ ਮਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਬਣਾਏ ਭੈਣ ਭਰਾ। ਚਾਰ ਵਰਨ ਭੈਣਾਂ ਭੱਯਾ, ਹਰਿ ਸਤਿਗੁਰ ਆਪ ਬਣਾਈਆ। ਸਤਿਜੁਗ ਚਲਾਏ ਸਾਚੀ ਨੱਯਾ, ਸੰਸਾਰ ਸਾਗਰ ਵੇਖ ਵਖਾਈਆ। ਸਰਬ ਜੀਆਂ ਦਾ ਏਕਾ ਸੱਯਾ, ਏਕਾ ਕਾਹਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਲਏ ਤਰਾਈਆ। ਚਾਰ ਵਰਨ ਹਰਿ ਕਾ ਰੰਗ, ਘਟ ਘਟ ਆਸਣ ਲਾਇਆ। ਘਰ ਘਰ ਵਿਛਾਈ ਸੇਜ ਪਲੰਘ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਮਨਮੁਖ ਜੀਵ ਭਾਗਾਂ ਮੰਦ, ਘਰ ਘਰ ਵਿਚ ਲੱਭਣ ਕੋਇ ਨਾ ਧਾਇਆ। ਆਪਣੇ ਖ਼ਜ਼ਾਨਿਉਂ ਆਪੇ ਹੋਇਆ ਨੰਗ, ਚਾਰੋਂ ਕੁੰਟ ਨੈਣਾਂ ਨੀਰ ਵਹਾਇਆ। ਜੋ ਜਨ ਸਤਿਗੁਰ ਸਰਨਾਈ ਜਾਏ ਲਗ, ਕਿਰਪਾ ਕਰੇ ਬੇਪਰਵਾਹਿਆ। ਘਰ ਦੀਪਕ ਜੋਤੀ ਜਾਏ ਜਗ, ਅਗਿਆਨ ਅੰਧੇਰ ਚੁਕਾਇਆ। ਹੰਸ ਬਣਾਏ ਕਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇਆ। ਦਰਸ ਦਿਖਾਏ ਉਪਰ ਸ਼ਾਹ ਰਗ, ਨੌਂ ਦਵਾਰੇ ਪੰਧ ਮੁਕਾਇਆ। ਸੁਰਤ ਸੁਆਣੀ ਡੂੰਘੀ ਭਵਰੀ ਕੱਢ, ਸ਼ਬਦ ਹਾਣੀ ਮੇਲ ਮਿਲਾਇਆ। ਆਤਮ ਸੇਜ ਲਡਾਏ ਲੱਡ, ਅਨਹਦ ਸਾਚਾ ਤਾਲ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦਵਾਰੇ ਆਪਣੇ ਸਦ, ਘਰ ਮੰਦਰ ਇਕ ਵਖਾਇਆ। ਘਰ ਮੰਦਰ ਮੂਰਤ ਅਕਾਲ, ਨੂਰ ਨੂਰ ਦਰਸਾਈਆ। ਘਰ ਮੰਦਰ ਦੀਨ ਦਿਆਲ, ਅੱਠੇ ਪਹਿਰ ਹੋਏ ਸਹਾਈਆ। ਘਰ ਮੰਦਰ ਮਿਲੇ ਪ੍ਰਿਤਪਾਲ, ਦਿਵਸ ਰੈਣ ਸੇਵ ਰਿਹਾ ਕਮਾਈਆ। ਘਰ ਮੰਦਰ ਮਿਲੇ ਸੱਚਾ ਧਨ ਮਾਲ, ਨਾਮ ਧਨ ਝੋਲੀ ਪਾਈਆ। ਘਰ ਮੰਦਰ ਤੁਟੇ ਜਗਤ ਜੰਜਾਲ, ਜੀਵਣ ਜੁਗਤ ਇਕ ਸਮਝਾਈਆ। ਘਰ ਮੰਦਰ ਵੱਜੇ ਸਾਚਾ ਤਾਲ, ਤਾਲ ਤਲਵਾੜਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾਂ ਏਕਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਚਾਰ ਵਰਨਾਂ ਦਰ ਦਰਵਾਜ਼ਾ, ਦਰ ਦਰਵੇਸ਼ ਆਪ ਖੁਲ੍ਹਾਇੰਦਾ। ਸੋ ਪੁਰਖ ਨਿਰੰਜਣ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਆਪ ਉਠਾਇੰਦਾ। ਹਰਿ ਪੁਰਖ ਨਿਰੰਜਣ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਇੰਦਾ। ਏਕੰਕਾਰਾ ਫਿਰੇ ਭਾਜਾ, ਲੋਕਮਾਤ ਵੇਖ ਵਖਾਇੰਦਾ। ਆਦਿ ਨਿਰੰਜਣ ਬਣ ਬਣ ਰਾਜਾ, ਸਾਚਾ ਹੁਕਮ ਆਪ ਸੁਣਾਇੰਦਾ। ਅਬਿਨਾਸ਼ੀ ਕਰਤਾ ਮਾਰੇ ਵਾਜਾਂ, ਨਾਦ ਅਨਾਦੀ ਆਪ ਉਪਾਇੰਦਾ। ਸ੍ਰੀ ਭਗਵਾਨ ਸਾਜਣ ਸਾਜਾ, ਸਾਚੀ ਬਣਤ ਬਣਾਇੰਦਾ। ਪਾਰਬ੍ਰਹਮ ਪ੍ਰਭ ਰਚਿਆ ਕਾਜਾ, ਆਪਣਾ ਕਾਜ ਆਪ ਰਚਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਕਲ ਮਾਝਾ, ਮੰਝ ਆਪਣੀ ਧਾਰ ਚਲਾਇੰਦਾ। ਸ਼ਬਦ ਅਗੰਮੀ ਅਸਵ ਤਾਜਾ, ਸ਼ਾਹ ਸੁਲਤਾਨਾ ਆਪ ਦੌੜਾਇੰਦਾ। ਭੂਪਤ ਭੂਪ ਬਣ ਨਵਾਬਾ, ਨੌਬਤ ਆਪਣੇ ਨਾਮ ਵਜਾਇੰਦਾ। ਸ਼ਬਦੀ ਸ਼ਬਦ ਬੋਧ ਅਗਾਧਾ, ਬੋਧ ਅਗਾਧੀ ਆਪ ਸੁਣਾਇੰਦਾ। ਗੁਰਮੁਖ ਗੁਰ ਗੁਰ ਆਪੇ ਲਾਧਾ, ਗੁਰ ਸਤਿਗੁਰ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਮਿਲਾਇੰਦਾ। ਗੁਰਮੁਖ ਮੇਲ ਮਿਲਾਇਆ, ਹਰਿ ਸੱਜਣ ਮੀਤ ਮੁਰਾਰ। ਜਨਮ ਜਨਮ ਦਾ ਮੂਲ ਚੁਕਾਇਆ, ਪੂਰਬ ਲਹਿਣਾ ਕ਼ਰਜ਼ ਉਤਾਰ। ਅੱਗੇ ਆਪਣਾ ਮਾਰਗ ਆਪ ਵਖਾਇਆ, ਨਿਰਗੁਣ ਸਰਗੁਣ ਸਾਚੀ ਧਾਰ। ਸੋ ਪੁਰਖ ਨਿਰੰਜਣ ਵੇਖ ਵਖਾਇਆ, ਹੰ ਬ੍ਰਹਮ ਕਰ ਪਿਆਰ। ਸੋਹੰ ਮੰਤਰ ਨਾਮ ਦ੍ਰਿੜਾਇਆ, ਆਪ ਆਪਣੀ ਕਿਰਪਾ ਧਾਰ। ਲੱਖ ਚੁਰਾਸੀ ਗੇੜ ਚੁਕਾਇਆ, ਮਰ ਜੰਮੇ ਨਾ ਵਿਚ ਸੰਸਾਰ। ਜਮ ਕੀ ਫਾਸੀ ਆਪ ਤੁੜਾਇਆ, ਰਾਏ ਧਰਮ ਦਰ ਦੁਰਕਾਰ। ਨਿਜ ਘਰ ਵਾਸੀ ਮੇਲ ਮਿਲਾਇਆ, ਘਰ ਮੰਦਰ ਮੰਗਲਾਚਾਰ। ਸਾਚੀ ਘਾਟੀ ਆਪ ਚੜ੍ਹਾਇਆ, ਫੜ ਬਾਹੋਂ ਕਰਿਆ ਪਾਰ। ਪੂਜਾ ਪਾਠ ਨਾ ਕੋਇ ਵਖਾਇਆ, ਦਰਸ ਦੇਵੇ ਏਕਾ ਵਾਰ। ਜਿਸ ਜਨ ਹਰਿ ਹਰਿ ਦਰਸਨ ਪਾਇਆ, ਤੀਰਥ ਤਟ ਨਾ ਜਾਏ ਕਿਨਾਰ। ਜਨਮ ਜਨਮ ਦੀ ਹਿਰਸ ਮਿਟਾਇਆ, ਆਸਾ ਤ੍ਰਿਸਨਾ ਭੁੱਖ ਨਿਵਾਰ। ਅਰਸ਼ ਫ਼ਰਸ਼ ਕੁਰਸ਼ ਏਕਾ ਰੰਗ ਰੰਗਾਇਆ, ਰੰਗ ਵੇਖੇ ਰੰਗਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਪਾਰ ਉਤਾਰ। ਗੁਰਮੁਖ ਉਤਰੇ ਆਪਣੇ ਘਾਟ, ਗੁਰ ਸਤਿਗੁਰ ਪਾਰ ਕਰਾਈਆ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚਮਾਰਾ ਦਏ ਗਵਾਹੀਆ। ਕਸੀਰਾ ਚੁੱਕਿਆ ਤੁੱਟਾ ਨਾਤ, ਨਾਤਾ ਬਿਧਾਤਾ ਫੇਰ ਜੁੜਾਈਆ। ਜਿਸ ਜਣਾਏ ਆਪਣੀ ਗਾਥ, ਦੂਸਰ ਦਰ ਪੜ੍ਹਨ ਕਦੇ ਨਾ ਜਾਈਆ। ਗੁਰਸਿਖ ਤੇਰੀ ਇਕੋ ਜਮਾਤ, ਏਕਾ ਅਲਿਫ਼ ਤੇਰੀ ਲਿਖਾਈਆ। ਤੇਰੀ ਮਹਿਮਾ ਗਾਏ ਕਾਇਨਾਤ, ਚੌਦਾਂ ਵਿਦਿਆ ਤੇਰੀ ਸੇਵ ਕਮਾਈਆ। ਚੌਦਾਂ ਲੋਕ ਤੇਰਾ ਮੰਗਣ ਆਬੇ ਹਯਾਤ, ਚੌਦਾਂ ਤਬਕ ਤੇਰੀ ਸਰਨਾਈਆ। ਤੇਰਾ ਰੂਪ ਪਾਰਜਾਤ, ਤੇਰੀ ਪੰਖੜੀ ਹੱਥ ਕਿਸੇ ਨਾ ਆਈਆ। ਤੇਰੀ ਵਾਸਨਾ ਮੰਗੇ ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਮਾਰਨ ਝਾਤ, ਚਾਰੋਂ ਕੁੰਟ ਵੇਖ ਵਖਾਈਆ। ਕਵਣ ਦਵਾਰੇ ਬੈਠਾ ਹਰਿ ਜੂ ਕਮਲਾਪਾਤ, ਗੁਰਸਿਖ ਆਪਣੇ ਚਰਨ ਬਹਾਈਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਸਰਬ ਜੀਆਂ ਦੇਵੇ ਏਕੋ ਦਾਤ, ਦਾਤਾ ਦਾਨੀ ਆਪ ਵਰਤਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਮੰਗੇ ਮੰਗ ਧਰਤ ਮਾਤ, ਅੱਗੇ ਆਪਣੀ ਝੋਲੀ ਡਾਹੀਆ। ਮੇਰਾ ਭਰਨਾ ਡੂੰਘਾ ਖਾਤ, ਖ਼ਾਲੀ ਹੱਥ ਰਹੀ ਵਖਾਈਆ। ਮੇਰੇ ਵਿਚ ਰਹਿਣ ਨਾ ਦੇਣੀ ਮਨ ਮਤ ਨਾਰ ਕਮਜ਼ਾਤ, ਕੁਲੱਖਣੀ ਡੂਮਣੀ ਦਰ ਨਾ ਫੇਰਾ ਪਾਈਆ। ਮੈਂ ਤੇਰੇ ਗੁਰਸਿਖਾਂ ਦੀ ਮੰਗਾਂ ਇਕੋ ਜਮਾਤ, ਜੇਹੜੇ ਤੇਰਾ ਸੋਹੰ ਅੱਖਰ ਕਰਨ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਇਣ ਗਾਥ, ਕਰੋੜ ਤੇਤੀਸਾ ਜਸ ਗਾਈਆ। ਤੇਈ ਅਵਤਾਰ ਦੇਣ ਸਾਥ, ਨਾਨਕ ਗੋਬਿੰਦ ਦਏ ਗਵਾਹੀਆ। ਈਸਾ ਮੂਸਾ ਭੁੱਲਾ ਜ਼ਾਤ, ਜ਼ਾਤ ਰੱਬ ਦੀ ਨਜ਼ਰ ਕਿਸੇ ਨਾ ਆਈਆ। ਮੁਹੰਮਦ ਮੰਗੇ ਏਕਾ ਵਾਰ ਨਿਉਂ ਨਿਉਂ ਕਰੇ ਨਿਮਸਕਾਰ ਮੇਰੇ ਨਬੀ ਮਾਰ ਝਾਤ, ਤੇਰੀ ਰਹਿਮਤ ਰਹਿਮਾਨ ਮੇਰੀ ਹੋਏ ਜੁਦਾਈਆ। ਅੱਲਾ ਰਾਣੀ ਅੱਗੇ ਰੱਖੇ ਆਪਣਾ ਖਾਤ, ਤੂੰ ਸਾਹਿਬ ਪੁਰਖ ਸਮਰਾਥ, ਮੇਰਾ ਅੰਤ ਨਾ ਤੋੜੀਂ ਸਾਥ, ਮੈਂ ਤੇਰੀ ਦਾਸੀ ਬਣ ਬਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਇਕੋ ਓਟ ਤਕਾਈਆ। ਹਰਿ ਸਮਝਾਏ ਤੇਈ ਅਵਤਾਰ, ਏਕਾ ਹੁਕਮ ਸੁਣਾਇੰਦਾ। ਹਰਿ ਜਣਾਏ ਗੁਰੂ ਗੁਰ ਨਿਰੰਕਾਰ, ਸਾਚੇ ਸੰਤਾਂ ਆਪ ਜਗਾਇੰਦਾ। ਭਗਤਾਂ ਦਏ ਹੁਲਾਰ, ਭਗਤੀ ਇਕ ਦ੍ਰਿੜਾਇੰਦਾ। ਹਰਿ ਗੁਰਮੁਖਾਂ ਵਖਾਏ ਦਵਾਰ, ਇਕ ਦਵਾਰ ਖੁਲ੍ਹਾਇੰਦਾ। ਗੁਰਸਿਖਾਂ ਕਰੇ ਪਿਆਰ, ਏਕਾ ਗੁਣ ਜਣਾਇੰਦਾ। ਹਰਿ ਈਸਾ ਮੂਸਾ ਕਰੇ ਖ਼ਬਰਦਾਰ, ਹੁਕਮੀ ਹੁਕਮ ਫ਼ਰਮਾਇੰਦਾ। ਹਰਿ ਮੁਹੰਮਦ ਕਰਿਆ ਬੇਦਾਰ, ਆਲਸ ਨਿੰਦਰਾ ਸਰਬ ਗਵਾਇੰਦਾ। ਹਰਿ ਅੱਲਾ ਰਾਣੀ ਦਏ ਹੁਲਾਰ ਕਰੇ ਬੇਦਾਰ, ਗ਼ਫ਼ਲਤ ਸਭ ਦੀ ਆਪ ਮਿਟਾਇੰਦਾ। ਸਭ ਨੂੰ ਸੱਦਾ ਦਿਤਾ ਏਕਾ ਵਾਰ, ਭੁਲ ਕੋਇ ਨਾ ਜਾਇੰਦਾ। ਕਰਿਆ ਖੇਲ ਬੇਐਬ ਪਰਵਰਦਿਗਾਰ, ਆਪਣਾ ਪਰਦਾ ਆਪ ਉਠਾਇੰਦਾ। ਏਕਾ ਨਾਮ ਬੋਲ ਜੈਕਾਰ, ਸਚ ਸੰਦੇਸਾ ਆਪ ਸੁਣਾਇੰਦਾ। ਵਕ਼ਤ ਵਖਾਇਆ ਸਤਾਰਾਂ ਹਾੜ, ਸਭ ਨੂੰ ਆਪਣੇ ਦਰ ਬੁਲਾਇੰਦਾ। ਸਭ ਦਾ ਲੇਖਾ ਵੇਖੇ ਵਾਰੋ ਵਾਰ, ਚੌਥੇ ਜੁਗ ਆਪਣਾ ਕਰਮ ਕਮਾਇੰਦਾ। ਨੇਤਰ ਰੋਵਣ ਜ਼ਾਰੋ ਜ਼ਾਰ, ਸਾਡੀ ਸੁਣੇ ਨਾ ਹਰਿ ਪੁਕਾਰ, ਰੋ ਰੋ ਸਰਬ ਸੁਣਾਇੰਦਾ। ਨਾਨਕ ਅੱਗੇ ਕਰਨ ਪੁਕਾਰ, ਦੋਏ ਜੋੜ ਵਾਸਤਾ ਪਾਇੰਦਾ। ਗੋਬਿੰਦ ਉਠੇ ਜੋਧਾ ਸੂਰਬੀਰ ਬਲਕਾਰ, ਮੁਹੰਮਦ ਤੇਰਾ ਦੁਖੜਾ ਦਏ ਨਿਵਾਰ, ਦਰਦੀ ਤੇਰਾ ਦਰਦ ਵੰਡਾਇੰਦਾ। ਬਣੇ ਵਿਚੋਲਾ ਵਿਚ ਸੰਸਾਰ, ਉਮਤੀ ਉਮਤ ਮੇਲ ਮਿਲਾਇੰਦਾ । ਚਾਰ ਜੁਗ ਦੇ ਦਿਨ ਚਾਰ ਚਾਰ, ਹਰਿ ਸਭ ਦੀ ਝੋਲੀ ਪਾਇੰਦਾ। ਅੰਤਮ ਔਣਾ ਸਭ ਨੇ ਗੁਰਸਿਖਾਂ ਦੇ ਚਲ ਦਵਾਰ, ਗੁਰਸਿਖ ਤੇਰਾ ਦਵਾਰਾ ਬ੍ਰਹਿਮੰਡ ਖੰਡ ਦਾ ਸਚ ਮਨਾਰਾ, ਜਿਥੇ ਵਸੇ ਆਪ ਨਿਰੰਕਾਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਬੇਅੰਤ ਬੇਅੰਤ ਬੇਅੰਤ ਬੰਤਾ ਸਿੰਘ ਕੀਆ ਪਿਆਰਾ, ਬੇਅੰਤ ਆਪਣੇ ਵਿਚ ਮਿਲਾਇੰਦਾ।
