੨੫ ਸਾਵਣ ੨੦੧੮ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਦੱਯਾ
ਗੁਰਸਿਖ ਮੀਨ ਜਗਤ ਬਿਲਲਾਏ, ਦਿਵਸ ਰੈਣ ਰਾਹ ਤਕਾਈਆ। ਕਵਣ ਵੇਲਾ ਹਰਿ ਅੰਮ੍ਰਿਤ ਮੇਘ ਬਰਸਾਏ, ਸਾਂਤਕ ਸਤਿ ਸਤਿ ਵਰਤਾਈਆ। ਕਵਣ ਵੇਲਾ ਵਿਛੋੜਾ ਪੰਧ ਮਿਲਾਏ, ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹੋਏ ਸਹਾਈਆ। ਗੁਰਸਿਖ ਨੀਰ ਮਛਲੀ ਪਾਣੀ, ਪਵਣ ਪਾਣੀ ਖੇਲ ਖਿਲਾਇੰਦਾ। ਲੇਖਾ ਜਾਣੇ ਦੋ ਜਹਾਨੀ, ਦੋ ਜਹਾਨਾਂ ਵੇਖ ਵਖਾਇੰਦਾ। ਘਟ ਘਟ ਸੁਣਾਏ ਆਪਣੀ ਅਕਥ ਕਹਾਣੀ, ਕਥਾ ਕਥ ਆਪ ਜਣਾਇੰਦਾ। ਨਾਮ ਨਿਧਾਨਾ ਅਗੰਮੀ ਬਾਣੀ, ਬਾਣ ਨਿਰਾਲਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ । ਗੁਰਮੁਖ ਸੱਚਾ ਆਤਮ ਆਸ, ਏਕਾ ਏਕ ਰਖਾਇੰਦਾ। ਪ੍ਰਭ ਮਿਲ ਬੁੱਝੇ ਪਿਆਸ, ਤ੍ਰਿਸਨਾ ਤ੍ਰਿਪਤ ਕਰਾਇੰਦਾ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਅਵਣ ਗਵਣ ਫੰਦ ਕਟਾਇੰਦਾ। ਸਰਬ ਸੁਖ ਦਾਤਾ ਦੀਨਾ ਬੰਧਨ ਵਸੇ ਪਾਸ, ਬੰਧਪ ਆਪਣੇ ਰੰਗ ਰੰਗਾਇੰਦਾ। ਲੱਖ ਚੁਰਾਸੀ ਕਰੇ ਬੰਦ ਖ਼ਲਾਸ, ਜਮ ਕੀ ਫਾਸੀ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਲ ਮੀਨ ਆਪ ਧਰਾਇੰਦਾ। ਜਲ ਮੀਨ ਹਰਿ ਜੂ ਡੇਰਾ, ਹਰਿ ਹਰਿ ਵੇਖ ਵਖਾਈਆ। ਨਵ ਨੌਂ ਚਾਰ ਅਗੰਮ ਘੇਰਾ, ਸ਼ਬਦੀ ਡੋਰ ਬੰਧਾਈਆ। ਲੱਖ ਚੁਰਾਸੀ ਆਪ ਭੁਲਾਏ ਕਰ ਕਰ ਹੇਰਾ ਫੇਰਾ, ਪਰਦਾ ਮਾਤ ਨਾ ਕੋਇ ਉਠਾਈਆ। ਗੁਰਮੁਖ ਵਿਰਲੇ ਚਾਉ ਘਨੇਰਾ, ਜਿਸ ਜਨ ਆਪਣੀ ਦਇਆ ਕਮਾਈਆ। ਕਾਇਆ ਨਗਰ ਵਸੇ ਖੇੜਾ, ਘਰ ਮੰਦਰ ਵੱਜੇ ਵਧਾਈਆ। ਮਿਲੇ ਮੇਲ ਪ੍ਰਭ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੰਮ੍ਰਿਤ ਰਸ ਚੁਆਈਆ। ਅੰਮ੍ਰਿਤ ਰਸ ਆਤਮ ਧਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਗੁਰਸਿਖ ਗੁਰ ਗੁਰ ਕਰ ਪਿਆਰ, ਗੁਰ ਗੋਬਿੰਦ ਮੇਲ ਮਿਲਾਇੰਦਾ। ਗੋਬਿੰਦ ਮੀਤਾ ਏਕੰਕਾਰ, ਅਕਲ ਕਲ ਖੇਲ ਖਿਲਾਇੰਦਾ। ਅਲਖ ਅਗੰਮ ਅਗੋਚਰ ਹੋ ਤਿਆਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਦੋ ਜਹਾਨਾਂ ਪਾਵੇ ਸਾਰ, ਬ੍ਰਹਿਮੰਡਾਂ ਖੰਡਾਂ ਫੋਲ ਫੋਲਾਇੰਦਾ। ਹਰਿਜਨ ਹਰਿ ਹਰਿ ਲਏ ਉਭਾਰ, ਪਤਤ ਪਾਵਨ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਮੇਲਾ ਹਰਿ ਅੰਮ੍ਰਿਤ ਨੀਰ, ਨਿਰਵੈਰ ਆਪ ਮਿਲਾਈਆ। ਬਿਰਹੋਂ ਕੱਢੇ ਹਉਮੇਂ ਪੀੜ, ਮਮਤਾ ਮੋਹ ਚੁਕਾਈਆ। ਦੂਈ ਦਵੈਤੀ ਦੇਵੇ ਚੀਰ, ਏਕਾ ਤੀਰ ਨਾਮ ਚਲਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਕੀਟ ਕੀਟਾਂ ਆਪ ਸਮਾਈਆ। ਦੇਵੇ ਨਾਮ ਸ਼ਬਦ ਅਨਡੀਠ, ਵਸਤ ਅਮੋਲਕ ਝੋਲੀ ਪਾਈਆ। ਕਾਇਆ ਕਰੇ ਠੰਡੀ ਸੀਤ, ਸਤਿਗੁਰ ਪੂਰੇ ਹੱਥ ਵਡਿਆਈਆ। ਇਕ ਸੁਣਾਏ ਸੁਹਾਗੀ ਗੀਤ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਹਰਿਜਨ ਮੇਲਾ ਹਰਿ ਹਰਿ ਕਰ, ਗੁਰ ਸਤਿਗੁਰ ਆਪ ਕਰਾਈਆ। ਜਨਮ ਜਨਮ ਦਾ ਚੁੱਕੇ ਡਰ, ਭੈ ਭੌ ਨਾ ਕੋਇ ਵਖਾਈਆ। ਦਰਸ ਦਿਖਾਏ ਏਕਾ ਵਰ, ਏਕੰਕਾਰਾ ਸ਼ਹਿਨਸ਼ਾਹ ਸੱਚਾ ਪਾਤਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਆਪ ਤਰਾਈਆ। ਹਰਿ ਸੱਜਣ ਸਾਚਾ ਮੀਤੜਾ, ਗੁਰ ਸਤਿਗੁਰ ਆਪ ਉਪਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠੜਾ, ਉਤਰ ਕਦੇ ਨਾ ਜਾਇੰਦਾ। ਕਰੇ ਕਰਾਏ ਪਤਤ ਪੁਨੀਤੜਾ, ਪਤਤ ਪਾਪੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਮ੍ਰਿਤ ਆਪ ਬਰਸਾਇੰਦਾ। ਅੰਮ੍ਰਿਤ ਬਰਸੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਕਿਰਪਾ ਕਰੇ ਕਿਰਪਨ ਕਰ ਪਿਆਰ, ਕਿਰਪਾਨਿਧ ਸਹਿਜ ਸੁਖਦਾਈਆ। ਸਾਗਰ ਵਰੋਲੇ ਏਕਾ ਵਾਰ, ਨਾਮ ਮਧਾਣਾ ਹੱਥ ਉਠਾਈਆ। ਤੋਲਾ ਤੋਲੇ ਸਰਬ ਸੰਸਾਰ, ਲੱਖ ਚੁਰਾਸੀ ਤੋਲ ਤੁਲਾਈਆ। ਬੋਲਾ ਬੋਲੇ ਏਕੰਕਾਰ, ਏਕਾ ਢੋਲਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਮਿਲਾਈਆ। ਸਾਚਾ ਬੋਲ ਸ਼ਬਦ ਜੈਕਾਰਾ, ਜੈ ਜੈਕਾਰ ਆਪ ਕਰਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰਾ, ਮਸਤਕ ਧੂੜੀ ਟਿੱਕਾ ਲਾਇੰਦਾ। ਮਾਣਸ ਜਨਮ ਪਾਰ ਉਤਾਰਾ, ਜੂਨ ਅਜੂਨ ਨਾ ਕੋਇ ਭਵਾਇੰਦਾ। ਇਕ ਵਖਾਏ ਦਰ ਠਾਂਡਾ ਦਰਬਾਰਾ, ਦਰ ਘਰ ਸਾਚਾ ਆਪ ਉਪਾਇੰਦਾ। ਲੇਖਾ ਜਾਣੇ ਪਰਵਰਦਿਗਾਰਾ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਸਾਚਾ ਮੰਦਰ ਗੁਰੂਦਵਾਰਾ, ਹਰਿ ਠਾਕਰ ਆਪ ਜਣਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਨਿਰਗੁਣ ਨੂਰ ਜੋਤ ਡਗਮਗਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਾਰਾ, ਪੁਰਖ ਅਬਿਨਾਸ਼ੀ ਆਪ ਉਪਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰਾ, ਗੁਰਮੁਖ ਵਿਰਲੇ ਮੁਖ ਚੁਆਇੰਦਾ। ਲੱਖ ਚੁਰਾਸੀ ਸੁੱਤੀ ਪੈਰ ਪਸਾਰਾ, ਕੂੜੀ ਨਿੰਦਰਾ ਨਾ ਕੋਇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਜਗਾਏ ਕਿਰਪਾ ਕਰ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਸਾਹਿਬ ਸੁਲਤਾਨ ਦੇਵੇ ਵਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਹਰਿਜਨ ਤੇਰਾ ਘਾੜਨ ਘੜ, ਤੇਰੀ ਰਚਨਾ ਆਪ ਰਚਾਈਆ। ਗ੍ਰਹਿ ਮੰਦਰ ਤੇਰੇ ਬੈਠਾ ਵੜ, ਸਚ ਸਿੰਘਾਸਣ ਸੋਭਾ ਪਾਈਆ। ਸੁਰਤੀ ਸੁਰਤ ਲਏ ਫੜ, ਸ਼ਬਦੀ ਸ਼ਬਦ ਡੋਰ ਉਠਾਈਆ। ਆਪ ਬੰਨ੍ਹਾਏ ਆਪਣੇ ਲੜ, ਪੱਲੂ ਸਕੇ ਨਾ ਕੋਇ ਛੁਡਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਨਿਵਣ ਸੁ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਰੰਗ ਰੰਗਾਈਆ। ਗੁਰਮੁਖ ਰੰਗ ਰੰਗ ਚਲੂਲ, ਚਾਰ ਵਰਨ ਆਪ ਰੰਗਾਈਆ। ਹਰਿ ਸਾਹਿਬ ਸਾਹਿਬ ਕੰਤੂਹਲ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਜੁਗਾ ਜੁਗੰਤਰ ਚੁਕਾਏ ਮੂਲ, ਲਹਿਣਾ ਕੋਇ ਰਹਿਣ ਨਾ ਪਾਈਆ। ਆਦਿ ਜੁਗਾਦਿ ਨਾ ਜਾਏ ਭੂਲ, ਅਭੁਲ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਥਾਉਂ ਥਾਈਂ ਖੋਜਿਆ, ਆਪ ਆਪਣੀ ਕਿਰਪਾ ਧਾਰ। ਆਪਣੀ ਸੋਚਨ ਆਪੇ ਸੋਚਿਆ, ਸੋਚੇ ਸੋਚ ਨਾ ਕਰੇ ਕੋਇ ਵਿਚਾਰ। ਆਪਣੀ ਆਸਾ ਆਪਣੀ ਇਛਿਆ ਆਪੇ ਲੋਚਿਆ, ਆਪੇ ਪੂਰਨ ਪੂਰ ਕਰੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਧਾਰ। ਹਰਿਜਨ ਉਧਾਰੇ ਦੀਨ ਦਿਆਲਾ, ਸਿਰ ਆਪਣਾ ਹੱਥ ਟਿਕਾਈਆ। ਏਕਾ ਮਾਰਗ ਦਏ ਸੁਖਾਲਾ, ਸੁਖ ਸਾਗਰ ਰੂਪ ਸਮਾਈਆ। ਆਤਮ ਪਰਮਾਤਮ ਪਾਏ ਸਾਚੀ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਲੱਖ ਚੁਰਾਸੀ ਤੋੜ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੀਨ ਏਕਾ ਨੀਰ ਦਏ ਵਖਾਈਆ। ਏਕਾ ਨੀਰ ਹਰਿ ਕਾ ਨਾਉਂ, ਹਰਿ ਹਰਿਜਨ ਆਪ ਜਣਾਇੰਦਾ। ਆਦਿ ਜੁਗਾਦੀ ਪਿਤਾ ਮਾਉਂ, ਗੁਰਮੁਖ ਬਾਲੇ ਗੋਦ ਸੁਹਾਇੰਦਾ। ਨਥਾਵਿਆਂ ਦੇਵੇ ਸਾਚਾ ਥਾਉਂ, ਦਰਗਾਹਿ ਸਾਚੀ ਧਾਮ ਬਹਾਇੰਦਾ। ਪਕੜ ਉਠਾਏ ਫੜ ਫੜ ਬਾਂਹੋਂ, ਦਿਵਸ ਰੈਣ ਸੇਵ ਕਮਾਇੰਦਾ। ਕਲਜੁਗ ਅੰਤਮ ਕਰੇ ਸਚ ਨਿਆਉਂ, ਸਾਚਾ ਹੁਕਮ ਆਪ ਸੁਣਾਇੰਦਾ। ਹੰਸ ਬਣਾਏ ਫੜ ਫੜ ਕਾਉਂ, ਕਾਗ ਰੂਪ ਹੰਸ ਵਟਾਇੰਦਾ। ਸਦਾ ਸੁਹੇਲਾ ਸਿਰ ਦੇਵੇ ਠੰਡੀ ਛਾਉਂ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਭਾਗ ਲਗਾਏ ਨਗਰ ਖੇੜਾ ਗਰਾਉਂ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨੀਰ ਆਪ ਚੁਆਇੰਦਾ। ਸਾਚਾ ਨੀਰ ਤੱਤ ਵਰੋਲ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਪ੍ਰੇਮ ਪਿਆਲਾ ਆਪੇ ਘੋਲ, ਗੁਰਮਤੀ ਗੁਰਮੁਖ ਆਪ ਪਿਆਈਆ। ਆਦਿ ਜੁਗਾਦੀ ਰਹੇ ਅਡੋਲ, ਅਡੁਲ ਵਡ ਵਡਿਆਈਆ। ਭਗਤਨ ਮੀਤਾ ਵਸੇ ਕੋਲ, ਸਗਲਾ ਸੰਗ ਨਿਭਾਈਆ। ਬੰਦ ਕਿਵਾੜਾ ਤਾਕੀ ਖੋਲ੍ਹ, ਘਰ ਘਰ ਵਿਚ ਕਰੇ ਰੁਸ਼ਨਾਈਆ। ਅਨਹਦ ਮਰਦੰਗ ਵਜਾਏ ਢੋਲ, ਨਾਦੀ ਨਾਦ ਆਪ ਸੁਣਾਈਆ । ਹੌਲੀ ਹੌਲੀ ਆਪੇ ਬੋਲ, ਆਪਣਾ ਰਾਗ ਆਪ ਅਲਾਈਆ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਸਤਿ ਸਤਿਵਾਦੀ ਦੇਵੇ ਸਾਚੀ ਪਾਹੁਲ, ਨਾਮ ਖੰਡਾ ਵਿਚ ਫਿਰਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਧਵਲ ਸੀਸ ਝੁਕਾਈਆ। ਹਰ ਘਟ ਅੰਦਰ ਜਾਏ ਮੌਲ, ਮੌਲਾ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਏਕਾ ਨੀਰ ਪਿਆਈਆ। ਏਕਾ ਨੀਰ ਹਰਿਜਨ ਪੀਆ, ਗੁਰ ਸਤਿਗੁਰ ਆਪ ਪਿਆਇੰਦਾ। ਲਹਿਣਾ ਦੇਣਾ ਚੁੱਕੇ ਸਾਢੇ ਤਿੰਨ ਹੱਥ ਸੀਆਂ, ਜਨਮ ਮਰਨ ਫੰਦ ਕਟਾਇੰਦਾ। ਆਤਮ ਬੀਜੇ ਸਾਚਾ ਬੀਆ, ਅੰਮ੍ਰਿਤ ਫਲ ਲਗਾਇੰਦਾ। ਪ੍ਰਭ ਮਿਲਣ ਦਾ ਸਾਚਾ ਹੀਆ, ਵੇਲਾ ਵਕ਼ਤ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਨੀਰ ਸੀਰ ਆਪ ਪਿਆਇੰਦਾ। ਨੀਰ ਸੀਰ ਸਚ ਪਿਆਲਾ, ਪੁਰਖ ਅਬਿਨਾਸ਼ੀ ਆਪ ਉਠਾਈਆ। ਗੁਰਮੁਖਾਂ ਦੇਵੇ ਗੁਰ ਗੋਪਾਲਾ, ਗੋਬਿੰਦ ਸਾਚੀ ਸੇਵ ਕਮਾਈਆ। ਹਰਿਜਨ ਵੇਖੇ ਸਾਚੇ ਲਾਲਾ, ਬਾਲ ਅਞਾਣੇ ਆਪ ਉਠਾਈਆ। ਨਿਰਗੁਣ ਸਰਗੁਣ ਬਣ ਦਲਾਲਾ, ਜਗਤ ਵਿਚੋਲਾ ਸੱਚਾ ਸ਼ਹਿਨਸ਼ਾਹੀਆ। ਅੱਠੇ ਪਹਿਰ ਰਹੇ ਰਖਵਾਲਾ, ਸਿਰ ਆਪਣਾ ਹੱਥ ਟਿਕਾਈਆ। ਨਾਤਾ ਤੋੜ ਕਾਲ ਮਹਾਕਾਲਾ, ਤ੍ਰੈਗੁਣ ਆਪਣਾ ਬੰਧਨ ਪਾਈਆ। ਗੁਰਮੁਖ ਵਖਾਏ ਸੱਚੀ ਧਰਮਸਾਲਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੀਨ ਨੀਰ ਨੀਰ ਮੀਨ ਏਕਾ ਰੰਗ ਵਖਾਈਆ। ਆਪੇ ਮਛਲੀ ਆਪੇ ਨੀਰ, ਹਰਿ ਸਾਚਾ ਖੇਲ ਖਿਲਾਈਆ। ਆਪੇ ਕੱਟੇ ਹਉਮੇਂ ਜ਼ੰਜੀਰ, ਲੱਖ ਚੁਰਾਸੀ ਆਪ ਭਵਾਈਆ। ਆਪੇ ਚੋਟੀ ਚਾੜ੍ਹੇ ਅਖ਼ੀਰ, ਆਪੇ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਮੇਲ ਮਿਲਾਈਆ। ਨੀਰ ਮੀਨ ਸਾਚਾ ਮੇਲਾ, ਸੁਰਤੀ ਸ਼ਬਦ ਮਿਲਾਇਆ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਚੇਲਾ ਵੇਖ ਵਖਾਇਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਦਰ ਘਰ ਸਾਚੇ ਸੋਭਾ ਪਾਇਆ। ਵਸਣਹਾਰਾ ਇਕ ਇਕੇਲਾ, ਨਿਰਗੁਣ ਸਰਗੁਣ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਦਰ ਬਹਾਇਆ। ਸਾਚਾ ਦਰ ਨੀਰ ਮੀਨ, ਸਾਹਿਬ ਸੁਲਤਾਨ ਇਕ ਜਣਾਈਆ। ਲੇਖਾ ਚੁੱਕੇ ਲੋਕ ਤੀਨ, ਤ੍ਰੈਗੁਣ ਮਾਇਆ ਪੋਹ ਨਾ ਸਕੇ ਰਾਈਆ। ਕਾਇਆ ਚੋਲੀ ਚਾੜ੍ਹੇ ਰੰਗ ਏਕਾ ਭੀਨ, ਰੁੱਤ ਬਸੰਤੀ ਆਪ ਵਡਿਆਈਆ। ਠਾਂਡਾ ਕਰੇ ਹਰਿ ਜੂ ਸੀਨ, ਸਾਂਤਕ ਸਤਿ ਸਤਿ ਵਰਤਾਈਆ। ਰਸਨਾ ਜੇਹਵਾ ਜੋ ਜਨ ਰਹੇ ਚੀਨ, ਚੇਤਨ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਏਕਾ ਦਰ ਮਛਲੀ ਨੀਰ ਰੂਪ ਸਮਾਈਆ। ਮੀਨ ਨੀਰ ਹਰਿ ਕਾ ਰੰਗ, ਨਿਰਗੁਣ ਨਿਰਗੁਣ ਖੇਲ ਖਿਲਾਇਆ। ਸਰਗੁਣ ਸੇਜ ਸਚ ਪਲੰਘ, ਸਤਿ ਸਤਿਵਾਦੀ ਆਪ ਹੰਢਾਇਆ। ਨਿਰਵੈਰ ਵਜਾਏ ਇਕ ਮਰਦੰਗ, ਨਾਮ ਮਰਦੰਗਾ ਹੱਥ ਉਠਾਇਆ। ਡੂੰਘੇ ਸਾਗਰ ਆਪੇ ਲੰਘ, ਆਪਣਾ ਪੰਧ ਆਪ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਲ ਮੀਨ ਵਖਾਏ ਏਕਾ ਥਾਇਆ। ਜਲ ਮੀਨ ਏਕਾ ਥਾਂ, ਹਰਿ ਚਰਨ ਦਵਾਰ ਵਡੀ ਵਡਿਆਈਆ। ਪਤਿਪਰਮੇਸ਼ਵਰ ਪਿਤਾ ਮਾਂ, ਪਾਰਬ੍ਰਹਮ ਸੱਚੀ ਸਰਨਾਈਆ। ਜਿਸ ਜਨ ਜਪਾਏ ਆਪਣਾ ਨਾਂ, ਤਿਸ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਫੰਦ ਕਟਾਈਆ। ਜਗਤ ਵਿਛੋੜਾ ਕੱਟੇ ਫੰਦ, ਗੁਰ ਸਤਿਗੁੁਰ ਦਇਆ ਕਮਾਇੰਦਾ। ਗੁਰਮੁਖ ਚੜ੍ਹਾਏ ਸਾਚਾ ਚੰਦ, ਆਫ਼ਤਾਬ ਮੁਖ ਸ਼ਰਮਾਇੰਦਾ। ਦਿਵਸ ਰੈਣ ਪਰਮਾਨੰਦ, ਨਿਜਾਨੰਦ ਖੇਲ ਖਿਲਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਆਪ ਤੁੜਾਇੰਦਾ। ਜੋ ਜਨ ਗਾਏ ਸੁਹਾਗੀ ਛੰਦ, ਸੋਹੰ ਅੱਖਰ ਆਪ ਪੜ੍ਹਾਇੰਦਾ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਲੇਖੇ ਲਾਏ ਬੱਤੀ ਦੰਦ, ਰਸਨਾ ਜੇਹਵਾ ਮੂਲ ਚੁਕਾਇੰਦਾ। ਪੰਚ ਵਿਕਾਰਾ ਕਰੇ ਖੰਡ ਖੰਡ, ਖੰਡਾ ਨਾਮ ਇਕ ਖੜਕਾਇੰਦਾ। ਲੇਖਾ ਮੁੱਕੇ ਨਾਰ ਦੁਹਾਗਣ ਜਗਤ ਰੰਡ, ਸਾਚਾ ਕੰਤ ਇਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਲ ਮੀਨ ਮਿਲੇ ਵਰ, ਏਕਾ ਨੀਰ ਸੀਰ ਪਿਆਇੰਦਾ। ਜਲ ਮੀਨ ਏਕਾ ਧੀਰ, ਇਕ ਇਕ ਨਾਲ ਮਿਲਾਈਆ। ਏਕਾ ਬਸਤਰ ਏਕਾ ਚੀਰ, ਏਕਾ ਤਨ ਸਜਾਈਆ। ਏਕਾ ਘਰ ਵਖਾਏ ਅੰਤ ਅਖ਼ੀਰ, ਦੂਜੇ ਦਰ ਨਾ ਮੰਗਣ ਜਾਈਆ। ਏਕਾ ਮਿਲੇ ਵਡ ਪੀਰਨ ਪੀਰ, ਪੀਰ ਪੈਗ਼ੰਬਰ ਜਿਸ ਰੱਖੇ ਆਪਣੀ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰਮੁਖ ਗੁਰ ਗੁਰ ਆਪਣਾ ਬੰਧਨ ਪਾਈਆ। ਭਗਤ ਵਛਲ ਸ੍ਰੀ ਭਗਵਾਨ, ਜੁਗ ਜੁਗ ਵੇਸ ਕਰਾਇੰਦਾ। ਅਛਲ ਅਛੱਲ ਦੋ ਜਹਾਨ, ਭੇਵ ਅਭੇਦ ਛੁਪਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਸ਼ਬਦ ਅਨਾਦੀ ਡੰਕ ਵਜਾਇੰਦਾ। ਹਰਿਜਨ ਸਾਚੇ ਕਰ ਪਰਵਾਨ, ਆਤਮ ਬੋਧ ਗਿਆਨ ਦ੍ਰਿੜਾਇੰਦਾ। ਨਾਦ ਅਨਾਦੀ ਧੁਰ ਫ਼ਰਮਾਨ, ਬ੍ਰਹਿਮਾਦੀ ਸ਼ਬਦ ਸੁਣਾਇੰਦਾ। ਸਚਖੰਡ ਦਵਾਰ ਵਖਾਏ ਇਕ ਮਕਾਨ, ਵਸਤ ਅਮੋਲਕ ਆਪ ਵਰਤਾਇੰਦਾ। ਦਾਤਾ ਦਾਨੀ ਗੁਣ ਨਿਧਾਨ, ਗੁਣਵੰਤਾ ਖੇਲ ਖਿਲਾਇੰਦਾ। ਗੁਰਮੁਖਾਂ ਉਪਰ ਹੋਏ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਚੜ੍ਹਾਇੰਦਾ। ਭਗਤ ਵਛਲ ਸ੍ਰੀ ਭਗਵੰਤ, ਆਦਿ ਜੁਗਾਦਿ ਸਮਾਇਆ। ਹਰਿਜਨ ਵੇਖੇ ਸਾਚੇ ਸੰਤ, ਲੱਖ ਚੁਰਾਸੀ ਫੋਲ ਫੋਲਾਇਆ। ਏਕਾ ਨਾਮ ਦਵਾਏ ਮਣੀਆ ਮੰਤ, ਨਿਸ਼ਅੱਖਰ ਆਪ ਪੜ੍ਹਾਇਆ। ਨਾਤਾ ਜੋੜੇ ਨਾਰੀ ਕੰਤ, ਨਰ ਨਰਾਇਣ ਸੇਜ ਸੁਹਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇਆ। ਨਾਤਾ ਤੋੜੇ ਭੁੱਖ ਨੰਗਤ, ਨਾਮ ਨਿਧਾਨਾ ਝੋਲੀ ਪਾਇਆ। ਹਰਿਜਨ ਮੇਲਾ ਜਿਉਂ ਨਾਨਕ ਅੰਗਦ, ਅੰਗੀਕਾਰ ਆਪ ਕਰਾਇਆ। ਮੇਲ ਮਿਲਾਵਾ ਸਾਚੀ ਸੰਗਤ, ਸਤਿਗੁਰ ਸੱਚਾ ਮੇਲ ਮਿਲਾਇਆ। ਲੱਖ ਚੁਰਾਸੀ ਭੁੱਲੀ ਜੰਤ, ਜੀਵ ਜੰਤ ਹਰਿ ਕਾ ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਇਆ। ਭਗਤ ਵਛਲ ਏਕੰਕਾਰਾ, ਅਕਲ ਕਲਾ ਅਖਵਾਈਆ। ਜੁਗ ਜੁਗ ਲੋਕਮਾਤ ਲੈ ਅਵਤਾਰਾ, ਨਿਰਗੁਣ ਸਰਗੁਣ ਰੂਪ ਧਰਾਈਆ। ਚਾਰੇ ਖਾਣੀ ਚਾਰੇ ਬਾਣੀ ਪਾਵੇ ਸਾਰਾ, ਵਰਨ ਬਰਨ ਨਾ ਕੋਇ ਲੜਾਈਆ। ਸਤਿ ਸਤਿਵਾਦੀ ਬੋਲ ਜੈਕਾਰਾ, ਜੀਵਾਂ ਜੰਤਾਂ ਦਏ ਸਮਝਾਈਆ। ਨਿਰਗੁਣ ਜੋਤੀ ਬਾਤੀ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਈਆ। ਸ਼ਬਦ ਨਾਦ ਸੁਣਾਏ ਸੱਚੀ ਧੁਨਕਾਰਾ, ਘਟ ਅਨਹਦ ਨਾਦ ਵਜਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਈਆ। ਕਾਇਆ ਮੰਦਰ ਅੰਦਰ ਵਖਾਏ ਗੁਰੂਦਵਾਰਾ, ਘਰ ਘਰ ਵਿਚ ਲਏ ਪਰਗਟਾਈਆ। ਬਜਰ ਕਪਾਟੀ ਖੋਲ੍ਹ ਤਾਲਾ, ਆਤਮ ਤਾਕੀ ਆਪ ਉਠਾਈਆ। ਦਰਸ ਦਿਖਾਏ ਅਗੰਮ ਅਪਾਰਾ, ਨਿਰਗੁਣ ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਮੂਰਤ ਅਕਾਲ ਹੋ ਉਜਿਆਰਾ, ਅਜੂਨੀ ਰਹਿਤ ਡਗਮਗਾਈਆ। ਆਤਮ ਬ੍ਰਹਮ ਕਰੇ ਪਿਆਰਾ, ਪਾਰਬ੍ਰਹਮ ਹੋਏ ਸਹਾਈਆ। ਈਸ਼ ਜੀਵ ਇਕ ਦਵਾਰਾ, ਜਗਤ ਜਗਦੀਸ ਮੇਲ ਮਿਲਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਹਰਿ ਕਾ ਭੇਵ ਨਾ ਕੋਇ ਪਾਈਆ। ਗੁਰਮੁਖ ਵਿਰਲਾ ਉਤਰੇ ਪਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਖੇਲ ਨਿਆਰਾ, ਰੂਪ ਅਨੂਪ ਵਟਾਈਆ। ਕਲਜੁਗ ਅੰਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਭਗਤ ਵਛਲ ਸ੍ਰੀ ਭਗਵਾਨਾ, ਏਕਾ ਰੰਗ ਸਮਾਇਆ। ਸਤਿ ਝੁਲਾਏ ਇਕ ਨਿਸ਼ਾਨਾ, ਸਤਿ ਸਤਿਵਾਦੀ ਹੱਥ ਉਠਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇਵੇ ਇਕ ਗਿਆਨਾ, ਬ੍ਰਹਮ ਗਿਆਨੀ ਆਪਣਾ ਖੇਲ ਖਿਲਾਇਆ। ਸ਼ਬਦ ਅਗੰਮੀ ਮਾਰੇ ਤੀਰ ਨਿਸ਼ਾਨਾ, ਲੱਖ ਚੁਰਾਸੀ ਪਾਰ ਕਰਾਇਆ। ਭਗਤ ਭਗਵੰਤ ਇਕ ਪਹਿਚਾਨਾ, ਆਪ ਆਪਣੀ ਬੂਝ ਬੁਝਾਇਆ। ਸੰਤਨ ਵਖਾਏ ਸਚ ਮਕਾਨਾ, ਘਟ ਮੰਦਰ ਖੋਲ੍ਹ ਵਖਾਇਆ। ਗੁਰਮੁਖਾਂ ਦੇਵੇ ਨਾਮ ਨਿਧਾਨਾ, ਨਿਜ ਆਤਮ ਆਪ ਟਿਕਾਇਆ। ਗੁਰਸਿਖ ਬਣਾਏ ਚਤੁਰ ਸੁਜਾਨਾ, ਮੂਰਖ ਮੂੜ੍ਹੇ ਆਪਣੇ ਧੰਦੇ ਲਾਇਆ। ਸਤਿ ਸੰਤੋਖੀ ਬੰਨ੍ਹੇ ਗਾਨਾ, ਧੀਰਜ ਜਤ ਆਪ ਧਰਾਇਆ। ਪੰਚ ਵਿਕਾਰਾ ਮੇਟੇ ਬੇਈਮਾਨਾ, ਹਉਮੇ ਹੰਗਤਾ ਗੜ੍ਹ ਤੁੜਾਇਆ। ਏਕਾ ਦੇਵੇ ਧੁਰ ਫ਼ਰਮਾਨਾ, ਸ਼ਬਦ ਅਗੰਮੀ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਤਰ ਨਾਮ ਦ੍ਰਿੜਾਇਆ। ਭਗਤ ਵਛਲ ਆਦਿ ਨਿਰੰਜਣ, ਆਦਿ ਜੁਗਾਦਿ ਸਮਾਇੰਦਾ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਜਨ ਭਗਤਾਂ ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਮਿਟਾਇੰਦਾ। ਦੋ ਜਹਾਨਾਂ ਸਾਚਾ ਸੱਜਣ, ਲੋਕਮਾਤ ਵੇਖ ਵਖਾਇੰਦਾ। ਚਰਨ ਧੂੜ ਕਰਾਏ ਸਾਚਾ ਮਜਣ, ਦੁਰਮਤ ਮੈਲ ਧਵਾਇੰਦਾ। ਜੁਗਾ ਜੁਗੰਤਰ ਪਰਦੇ ਕੱਜਣ, ਹਰਿ ਸਾਚੀ ਸੇਵ ਕਮਾਇੰਦਾ। ਗੁਰਮੁਖਾਂ ਰੱਖੇ ਆਪੇ ਲੱਜਣ, ਲਾਜਵੰਤ ਆਪ ਹੋ ਆਇੰਦਾ। ਜੋ ਘੜੇ ਸੋ ਅੰਤਮ ਭੱਜਣ, ਭੰਨਣਹਾਰਾ ਖੇਲ ਖਿਲਾਇੰਦਾ। ਕੂੜ ਨਗਾਰੇ ਚਾਰੋਂ ਕੁੰਟ ਵੱਜਣ, ਕਲਜੁਗ ਡੌਰੂ ਹੱਥ ਉਠਾਇੰਦਾ। ਨਾ ਕੋਈ ਮੀਤ ਨਾ ਕੋਈ ਸੱਜਣ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਮਦਿ ਪਿਆਲੇ ਪੀ ਪੀ ਰੱਜਣ, ਅੰਮ੍ਰਿਤ ਰਸ ਰਸਨਾ ਚੱਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਇੰਦਾ। ਭਗਤ ਵਛਲ ਪਾਰਬ੍ਰਹਮ, ਬੇਅੰਤ ਵਡੀ ਵਡਿਆਈਆ। ਜੁਗ ਜੁਗ ਜਾਣੇ ਆਪਣਾ ਕਰਮ, ਨਿਹਕਰਮੀ ਕਰਮ ਕਮਾਈਆ। ਨਾ ਕੋਈ ਗੋਤ ਨਾ ਕੋਈ ਵਰਨ, ਜ਼ਾਤ ਪਾਤ ਨਾ ਕੋਇ ਰਖਾਈਆ। ਆਦਿ ਜੁਗਾਦਿ ਨਾ ਰੱਖੇ ਕਿਸੇ ਦੀ ਸਰਨ, ਸਰਨਗਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਭਗਤ ਦਏ ਵਡਿਆਈਆ। ਭਗਤ ਵਛਲ ਸ੍ਰੀ ਭਗਵਾਨਾ, ਭਗਵਨ ਆਪਣੀ ਖੇਲ ਖਿਲਾਇੰਦਾ। ਜਨ ਭਗਤਾਂ ਦੇਵੇ ਬ੍ਰਹਮ ਗਿਆਨਾ, ਆਤਮ ਦਰਸੀ ਦ੍ਰਿਸ਼ਟ ਵਖਾਇੰਦਾ। ਏਕਾ ਰਾਗ ਏਕਾ ਗਾਣਾ, ਧੁਨ ਆਤਮਕ ਆਪ ਉਪਜਾਇੰਦਾ। ਏਕਾ ਮੰਦਰ ਇਕ ਮਕਾਨਾ, ਘਰ ਘਰ ਵਿਚ ਆਪ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਭਗਤ ਵਛਲ ਹਰਿ ਸਤਿਗੁਰ ਮੀਤਾ, ਦੂਸਰ ਅਵਰ ਨਾ ਕੋਇ ਵਡਿਆਈਆ। ਜੁਗਾ ਜੁਗੰਤਰ ਠਾਂਡਾ ਸੀਤਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚ ਨੀਚ ਨਾ ਕੋਇ ਵਖਾਈਆ। ਜਗਤ ਜੁਗ ਚਲਾਏ ਆਪਣੀ ਰੀਤਾ, ਆਪਣੀ ਕਰਨੀ ਆਪ ਕਮਾਈਆ। ਪਤਤ ਪਾਪੀ ਕਰੇ ਪੁਨੀਤਾ, ਪਤਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਆਪ ਅਖਵਾਈਆ। ਭਗਤ ਵਛਲ ਏਕਾ ਏਕ, ਏਕਾ ਰੰਗ ਸਮਾਇੰਦਾ। ਜਨ ਭਗਤਾਂ ਰਖਾਏ ਏਕਾ ਟੇਕ, ਦੂਸਰ ਓਟ ਨਾ ਕੋਇ ਜਣਾਇੰਦਾ। ਕੰਚਨ ਕਾਇਆ ਕਰੇ ਬੁਧ ਬਿਬੇਕ, ਮਨ ਮਮਤਾ ਮੋਹ ਚੁਕਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਅੱਗ ਨਾ ਕੋਇ ਜਲਾਇੰਦਾ। ਹਰਿਜਨ ਹਰਿ ਜੂ ਆਪੇ ਵੇਖ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਮੇਟਣਹਾਰਾ ਰੇਖ, ਲਿਖਿਆ ਲੇਖ ਆਪ ਪਰਗਟਾਇੰਦਾ। ਜੁਗ ਜੁਗ ਕਰੇ ਅਵੱਲੜਾ ਵੇਸ, ਵੇਸ ਅਨੇਕਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਏਕਾ ਦਰ ਵਖਾਇੰਦਾ। ਏਕਾ ਦਰ ਗੋਬਿੰਦ ਘਾਟ, ਹਰਿ ਭਗਤਨ ਆਪ ਜਣਾਈਆ। ਜੁਗ ਚੌਕੜੀ ਮੁੱਕੇ ਵਾਟ, ਥਿਰ ਕੋਇ ਨਾ ਰਹਿਣ ਨਾ ਪਾਈਆ। ਕਲਜੁਗ ਖੇਲੇ ਖੇਲ ਨਟੂਆ ਨਾਟ, ਸਵਾਂਗੀ ਆਪਣਾ ਸਾਂਗ ਵਰਤਾਈਆ। ਕੋਈ ਨਾ ਸੋਏ ਆਤਮ ਖਾਟ, ਸੁੰਞੀ ਦਿਸੇ ਸਰਬ ਲੋਕਾਈਆ। ਚੌਦਾਂ ਲੋਕ ਮਿਲੇ ਨਾਮ ਨਾ ਕਿਸੇ ਹਾਟ, ਵਣਜ ਵਣਜਾਰਾ ਨਾ ਕੋਇ ਅਖਵਾਈਆ। ਜੂਠਾ ਝੂਠਾ ਰਸ ਰਹੇ ਚਾਟ, ਸਚ ਸੁੱਚ ਨਾ ਕੋਇ ਵਰਤਾਈਆ। ਹਉਮੇ ਹੰਗਤਾ ਅੰਧੇਰੀ ਰਾਤ, ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਨਾਚ ਨਚਾਈਆ। ਚਾਰ ਵਰਨ ਲੜਾਈ ਜ਼ਾਤ ਪਾਤ, ਆਤਮ ਬ੍ਰਹਮ ਨਾ ਕੋਇ ਦਰਸਾਈਆ। ਸਰਬ ਜੀਆਂ ਦਾ ਕਮਲਾਪਾਤ, ਪੁਰਖ ਅਕਾਲ ਇਕ ਅਖਵਾਈਆ। ਕਲਜੁਗ ਅੰਤਮ ਗੁਰਮੁਖਾਂ ਪੁਛੇ ਆਪੇ ਵਾਤ, ਨਿਰਗੁਣ ਜੋਤੀ ਜਾਤਾ ਭੇਖ ਵਟਾਈਆ। ਛਾਛ ਵਿਰੋਲੇ ਆਪੇ ਮੱਖਣ ਮਾਖ, ਨਾਮ ਮਧਾਨਾ ਏਕਾ ਪਾਈਆ। ਭਗਤ ਭਗਵੰਤ ਲਏ ਰਾਖ, ਅਗਨੀ ਤੱਤ ਪੋਹ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਹੋਏ ਸਹਾਈਆ। ਭਗਤ ਵਛਲ ਹਰਿ ਗੋਬਿੰਦ, ਗੋਬਿੰਦ ਖੇਲ ਖਿਲਾਇੰਦਾ। ਗੁਰਮੁਖਾਂ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਰੋਗ ਗਵਾਇੰਦਾ। ਨਾਮ ਨਿਧਾਨਾ ਦੇਵੇ ਗੁਣੀ ਗਹਿੰਦ, ਗਹਿਰ ਗੰਭੀਰ ਆਪ ਵਰਤਾਇੰਦਾ। ਅੰਮ੍ਰਿਤ ਆਤਮ ਦੇਵੇ ਸਾਗਰ ਸਿੰਧ, ਪਿਆਲਾ ਜਾਮ ਪਿਆਇੰਦਾ। ਤਖ਼ਤੋਂ ਲਾਹੇ ਸੁਰਪਤ ਰਾਜਾ ਇੰਦ, ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕਾਇੰਦਾ। ਹਰਿਜਨ ਚੜ੍ਹਾਏ ਸਾਚਾ ਚੰਦ, ਦੋ ਜਹਾਨਾਂ ਆਪ ਚਮਕਾਇੰਦਾ । ਏਕਾ ਦੇਵੇ ਪਰਮਾਨੰਦ, ਅਨੰਦ ਅਨੰਦ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਏਕਾ ਹਰਿ, ਭਗਤ ਭਗਵੰਤ ਵੇਖ ਵਖਾਇੰਦਾ। ਭਗਤ ਭਗਵੰਤ ਗੁਰਮੁਖ ਧਾਰ, ਗੁਰ ਗੁਰ ਰੂਪ ਸਮਾਈਆ। ਗੁਰਸਿਖ ਸਾਚੇ ਕਰ ਤਿਆਰ, ਲੋਕਮਾਤ ਦਏ ਵਡਿਆਈਆ। ਭਾਂਡੇ ਕਾਚੇ ਵਸਤ ਹਰਿ ਥਾਰ, ਵਸਤ ਅਮੋਲਕ ਏਕਾ ਪਾਈਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਸਾਕਤ ਨਿੰਦਕ ਦੁਸ਼ਟ ਦੁਰਾਚਾਰ ਕਰੇ ਖ਼ੁਆਰ, ਚਾਰੋਂ ਕੁੰਟ ਹੋਏ ਹਲਕਾਈਆ। ਨੇਤਰ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਗੁਰਮੁਖ ਵਿਰਲਾ ਹਰਿ ਕਾ ਨਾਉਂ ਰਿਹਾ ਉਚਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਡੁਬਦੇ ਸਾਗਰ ਲਾਏ ਪਾਰ, ਸਾਚੀ ਨੱਯਾ ਨਾਮ ਚੜ੍ਹਾਈਆ। ਲੱਖ ਚੁਰਾਸੀ ਵਹੇ ਵਹਿੰਦੀ ਧਾਰ, ਕਲਜੁਗ ਬੇੜਾ ਰਿਹਾ ਡੁਬਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰ, ਮੰਝਧਾਰ ਪਈ ਦੁਹਾਈਆ। ਭਗਤ ਭਗਵੰਤ ਭਗਤਨ ਲਏ ਤਾਰ, ਤਾਰਨਹਾਰ ਇਕ ਅਖਵਾਈਆ। ਜੁਗ ਜੁਗ ਆਏ ਵਿਚ ਸੰਸਾਰ, ਵੇਸ ਅਨੇਕ ਵਟਾਈਆ। ਕਲਜੁਗ ਅੰਤਮ ਹੋ ਤਿਆਰ, ਜੋਤੀ ਜਾਮਾ ਵੇਸ ਵਖਾਈਆ। ਨਿਹਕਲੰਕਾ ਨਾਉਂ ਨਿਰੰਕਾਰ, ਸ਼ਬਦ ਡੰਕਾ ਇਕ ਵਜਾਈਆ। ਸ਼ਾਹ ਸੁਲਤਾਨਾ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦਰ ਦਰਵਾਜ਼ਾ ਗਿਆ ਖੁਲ੍ਹ, ਸੋ ਪੁਰਖ ਨਿਰੰਜਣ ਆਪ ਖੁਲ੍ਹਾਇਆ। ਦੇਵੇ ਵਸਤ ਨਾਮ ਅਨਮੁਲ, ਤੋਲਾ ਤੋਲ ਨਾ ਕੋਇ ਤੁਲਾਇਆ। ਚਰਨ ਪ੍ਰੀਤੀ ਜੋ ਜਾਏ ਘੁੱਲ, ਹਰਿ ਘੋਲੀ ਘੋਲ ਘੁਮਾਇਆ। ਗੁਰਮੁਖ ਫੁਲਵਾੜੀ ਵੇਖੇ ਫੁਲ, ਪਤ ਡਾਲ੍ਹੀ ਆਪ ਮਹਿਕਾਇਆ। ਲੋਕਮਾਤ ਨਾ ਜਾਏ ਰੁਲ, ਜਿਸ ਅੰਮ੍ਰਿਤ ਜਾਮ ਪਿਆਇਆ। ਭਗਵੰਤ ਭਗਤ ਉਪਜਾਏ ਆਪਣੀ ਕੁਲ, ਕੁਲਵੰਤਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਆਪੇ ਫੜ, ਕਾਇਆ ਮੰਦਰ ਅੰਦਰ ਚੜ੍ਹ, ਆਪਣਾ ਬੰਧਨ ਆਪੇ ਪਾਇਆ।
