Granth 10 Likhat 163: 22 Savan 2018 Bikarmi Bhagwan Singh de Greh Saidpur

੨੨ ਸਾਵਣ ੨੦੧੮ ਬਿਕ੍ਰਮੀ ਭਗਵਾਨ ਸਿੰਘ ਦੇ ਗ੍ਰਹਿ ਸੈਦਪੁਰ

ਸੋ ਪੁਰਖ ਨਿਰੰਜਣ ਅਗੰਮ ਅਪਾਰਾ, ਆਦਿ ਜੁਗਾਦੀ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਆਪ ਆਪਣਾ ਵੇਸ ਧਰਾਇੰਦਾ। ਏਕੰਕਾਰਾ ਕਰ ਪਸਾਰਾ, ਆਪ ਆਪਣਾ ਖੇਲ ਖਿਲਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਕਰ ਪਸਾਰਾ, ਸਚ ਦਰਬਾਰਾ ਆਪ ਸੁਹਾਇੰਦਾ। ਸ੍ਰੀ ਭਗਵਾਨ ਬਣ ਸਿਕਦਾਰਾ, ਸਾਚਾ ਹੁਕਮ ਆਪ ਚਲਾਇੰਦਾ। ਪਾਰਬ੍ਰਹਮ ਪ੍ਰਭ ਦੇ ਸਹਾਰਾ, ਆਪਣਾ ਬੰਧਨ ਆਪੇ ਪਾਇੰਦਾ। ਸਤਿ ਸਤਿਵਾਦੀ ਸਾਚੀ ਕਾਰਾ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਸਚਖੰਡ ਨਿਵਾਸੀ ਸਚਖੰਡ ਖੋਲ੍ਹ ਦਵਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਥਿਰ ਘਰ ਖੋਲ੍ਹੇ ਆਪ ਕਿਵਾੜਾ, ਘਰ ਘਰ ਵਿਚ ਆਪ ਪਰਗਟਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਰਾਜਨ ਰਾਜ ਨਾਉਂ ਧਰਾਇੰਦਾ। ਤਖ਼ਤ ਨਿਵਾਸੀ ਬੇਐਬ ਪਰਵਰਦਿਗਾਰਾ, ਮੁਕਾਮੇ ਹੱਕ ਹੱਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਭੇਵ ਅਵੱਲਾ, ਅਲਖ ਅਗੋਚਰ ਅਗੰਮ ਅਥਾਹ, ਮਹਿਮਾ ਅਕਥ ਕਥੀ ਨਾ ਜਾਈਆ। ਵਸਣਹਾਰਾ ਸਚ ਮਹੱਲਾ, ਪੁਰਖ ਅਕਾਲਾ ਦੀਨ ਦਿਆਲਾ, ਨਿਰਗੁਣ ਜੋਤ ਜੋਤ ਅਕਾਲਾ, ਆਪਣੀ ਕਲ ਆਪ ਧਰਾਈਆ। ਏਕੰਕਾਰਾ ਆਪੇ ਜਾਣੇ ਆਪਣਾ ਰਾਹ ਸੁਖਾਲਾ, ਮਾਰਗ ਪੰਧ ਨਾ ਕੋਇ ਰਖਾਈਆ। ਆਦਿ ਨਿਰੰਜਣ ਹੋ ਉਜਾਲਾ, ਨੂਰ ਨੁਰਾਨਾ ਸ਼ਾਹ ਸੁਲਤਾਨਾ ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸੀ ਰਿਹਾ ਡਗਮਗਾਈਆ। ਸ੍ਰੀ ਭਗਵਾਨ ਆਪ ਉਠਾਏ ਆਪਣਾ ਸਚ ਨਿਸ਼ਾਨ, ਸਤਿ ਸਤਿਵਾਦੀ ਆਪਣੀ ਧਾਰਾ ਆਪ ਬੰਧਾਈਆ। ਅਬਿਨਾਸ਼ੀ ਕਰਤਾ ਨੌਜਵਾਨ, ਬਿਰਧ ਬਾਲ ਨਾ ਰੂਪ ਵਖਾਣ, ਮਹਾਂਬਲੀ ਏਕਾ ਏਕ ਆਪਣੀ ਧਾਰ ਪਰਗਟਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨ, ਕਰੇ ਕਰਾਏ ਵੱਡ ਮਿਹਰਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਦਇਆ ਕਮਾਈਆ। ਸਚਖੰਡ ਦਵਾਰ ਖੋਲ੍ਹ ਦੁਕਾਨ, ਏਕਾ ਵਸੇ ਗੁਣ ਨਿਧਾਨ, ਗੁਣਵੰਤਾ ਹਰਿ ਰਘੁਰਾਈਆ। ਹੁਕਮੀ ਹੁਕਮ ਜਾਣੇ ਧੁਰ ਫ਼ਰਮਾਨ, ਆਪਣਾ ਹੁਕਮ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਆਦਿ ਪੁਰਖ ਵਡੀ ਵਡਿਆਈਆ। ਆਦਿ ਪੁਰਖ ਹਰਿ ਨਿਰੰਕਾਰਾ, ਆਪਣਾ ਬਲ ਆਪ ਧਰਾਇੰਦਾ। ਸਚਖੰਡ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਅਗੰਮ ਅਗੰਮੜਾ ਕਰੇ ਅਗੰਮੀ ਕਾਰਾ, ਕਰਤਾ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹੰਜਣਾ, ਸੋਭਾਵੰਤ ਆਪ ਸੁਹਾਈਆ। ਸੋ ਪੁਰਖ ਨਿਰੰਜਣ ਸਾਚੇ ਦਰ ਆਪੇ ਬਹਿ ਬਹਿ ਸਜਣਾ, ਮਹਿਮਾ ਗਣਤ ਗਣੀ ਨਾ ਜਾਈਆ। ਆਦਿ ਜੁਗਾਦਿ ਨਾ ਘੜਿਆ ਨਾ ਭੱਜਣਾ, ਘੜਨ ਭੰਨਣਹਾਰ ਪੁਰਖ ਸਮਰਥ ਆਪ ਅਖਵਾਈਆ। ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਪਰਦਾ ਆਪੇ ਕੱਜਣਾ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਦਿ ਆਪਣਾ ਭੇਵ ਆਪ ਖੁਲ੍ਹਾਈਆ। ਆਦਿ ਪੁਰਖ ਹਰਿ ਭੇਵ ਖੁਲ੍ਹਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਨੂਰ ਨੂਰ ਉਪਾਇਆ, ਨੂਰ ਨੁਰਾਨਾ ਡਗਮਗਾਈਆ। ਸਾਚੇ ਤਖ਼ਤ ਆਸਣ ਲਾਇਆ, ਤਖ਼ਤ ਨਿਵਾਸੀ ਬੈਠਾ ਸੱਚਾ ਸ਼ਹਿਨਸ਼ਾਹੀਆ। ਆਪਣੀ ਇਛਿਆ ਆਪ ਪਰਗਟਾਇਆ, ਇਛਿਆ ਦਿਸ ਕਿਸੇ ਨਾ ਆਈਆ। ਸਾਚਾ ਹਿੱਸਾ ਆਪ ਵੰਡਾਇਆ, ਵੰਡਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਵਸਣਹਾਰਾ ਸਾਚੇ ਘਰ, ਘਰ ਸਾਚਾ ਦਏ ਸਮਝਾਈਆ। ਘਰ ਸਾਚਾ ਹਰਿ ਸਮਝਾਇੰਦਾ, ਇਕ ਇਕੱਲਾ ਏਕੰਕਾਰ। ਸਚ ਸਿੰਘਾਸਣ ਸੋਭਾ ਪਾਇੰਦਾ, ਭੂਪਤ ਭੂਪ ਸੱਚੀ ਸਰਕਾਰ। ਹੁਕਮੀ ਹੁਕਮ ਆਪ ਵਰਤਾਇੰਦਾ, ਆਪੇ ਹੋਏ ਮੰਗਣਹਾਰ। ਦਰ ਦਰਵੇਸ਼ ਆਪ ਅਖਵਾਇੰਦਾ, ਸੇਵਕ ਕਰੇ ਸੇਵਾਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਰੇ ਆਪ ਭੰਡਾਰ। ਸਚ ਭੰਡਾਰਾ ਹਰਿ ਨਿਰੰਕਾਰਾ, ਆਪਣਾ ਆਪ ਭਰਾਈਆ। ਆਪੇ ਬਣੇ ਵਡ ਦਾਤਾਰਾ, ਵਡ ਦਾਤਾ ਬੇਪਰਵਾਹੀਆ। ਕਰੇ ਖੇਲ ਅਗੰਮ ਅਪਾਰਾ, ਅਗੰਮੜੀ ਕਾਰ ਕਮਾਈਆ। ਸਾਚਾ ਮੰਦਰ ਖੋਲ੍ਹ ਕਿਵਾੜਾ, ਧੁਰ ਦਰਬਾਰਾ ਆਪ ਸੁਹਾਈਆ। ਦਰਗਹਿ ਸਾਚੀ ਧਾਮ ਨਿਆਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸੂਰਜ ਚੰਦ ਨਾ ਕੋਇ ਸਤਾਰਾ, ਮੰਡਲ ਮੰਡਪ ਲੋਅ ਪੁਰੀ ਬ੍ਰਹਿਮੰਡ ਖੰਡ ਨਾ ਕੋਇ ਵਸਾਈਆ। ਕਰੇ ਖੇਲ ਆਪ ਕਰਤਾਰਾ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪੇ ਚੜ੍ਹ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਆਪਣੇ ਮੰਦਰ ਆਪੇ ਚੜ੍ਹਿਆ, ਆਪਣਾ ਬਲ ਧਾਰ। ਆਪਣੀ ਵਿਦਿਆ ਆਪੇ ਪੜ੍ਹਿਆ, ਕਰੇ ਖੇਲ ਅਪਰ ਅਪਾਰ। ਆਪਣਾ ਪੱਲੂ ਆਪੇ ਫੜਿਆ, ਆਪੇ ਹੋਏ ਸਦਾ ਸਹਾਰ। ਸਚਖੰਡ ਦਵਾਰ ਘਾੜਨ ਘੜ੍ਹਿਆ, ਘਾੜਨ ਘੜਤ ਘੜੇ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਕਰ ਪਸਾਰ। ਹਰਿ ਸਾਚਾ ਘਰ ਉਪਾਇੰਦਾ, ਸੋ ਪੁਰਖ ਨਿਰਜੰਣ ਹੋ ਉਜਿਆਰ। ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ, ਵੇਖਣਹਾਰ ਅਗੰਮ ਅਪਾਰ। ਏਕੰਕਾਰਾ ਖ਼ੁਸ਼ੀ ਮਨਾਇੰਦਾ, ਘਰ ਸੋਹੇ ਬੰਕ ਦਵਾਰ। ਆਦਿ ਨਿਰੰਜਣ ਜੋਤ ਜਗਾਇੰਦਾ, ਜੋਤੀ ਜੋਤ ਜੋਤ ਪਸਾਰ। ਸ੍ਰੀ ਭਗਵਾਨ ਵੇਖ ਵਖਾਇੰਦਾ, ਵੇਖਣਹਾਰਾ ਠਾਂਡਾ ਦਰਬਾਰ। ਅਬਿਨਾਸ਼ੀ ਕਰਤਾ ਸੰਗ ਨਿਭਾਇੰਦਾ, ਸਗਲਾ ਸੰਗ ਸੱਚੀ ਸਰਕਾਰ। ਪਾਰਬ੍ਰਹਮ ਮੰਗ ਮੰਗਾਇੰਦਾ, ਦੋਏ ਜੋੜ ਜੋੜ ਨਿਮਸਕਾਰ। ਆਪਣੀ ਭਿਛਿਆ ਆਪੇ ਪਾਇੰਦਾ, ਆਪੇ ਹੋਏ ਦੇਵਣਹਾਰ। ਆਪਣੀ ਮੰਗ ਆਪ ਮੰਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਸਾਚੀ ਭਿਖਿਆ ਮੰਗੇ ਮੰਗ, ਆਪਣੀ ਝੋਲੀ ਆਪਣੇ ਅੱਗੇ ਡਾਹੀਆ। ਆਪੇ ਬਣੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਪਣੇ ਘਰ ਵਜਾਏ ਸਚ ਮਰਦੰਗ, ਤਾਰ ਸਤਾਰ ਨਾ ਕੋਇ ਹਿਲਾਈਆ। ਆਪੇ ਬੈਠ ਸੇਜ ਪਲੰਘ, ਸਚ ਸਿੰਘਾਸਣ ਦਏ ਵਡਿਆਈਆ। ਆਪਣਾ ਪਾਏ ਆਪੇ ਅਨੰਦ, ਅਨੰਦ ਅਨੰਦ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦਾਤਾ ਬਣ ਦਾਤਾਰ, ਆਪੇ ਇਛਿਆ ਭਰੇ ਭੰਡਾਰ, ਦੇਵਣਹਾਰ ਆਪ ਹੋ ਜਾਈਆ। ਆਪੇ ਦਾਤਾ ਆਪੇ ਦਾਨੀ, ਦੀਨ ਦਿਆਲ ਦਇਆ ਕਮਾਇੰਦਾ। ਆਪੇ ਸ਼ਾਹ ਆਪੇ ਸੁਲਤਾਨੀ, ਸ਼ਾਹ ਪਾਤਸ਼ਾਹ ਆਪਣਾ ਨਾਉਂ ਰਖਾਇੰਦਾ। ਆਪੇ ਨਿਰਗੁਣ ਜੋਤ ਵਖਾਏ ਇਕ ਨਿਸ਼ਾਨੀ, ਨੂਰ ਨੁਰਾਨਾ ਡਗਮਗਾਇੰਦਾ। ਆਪੇ ਸਾਚੇ ਤਖ਼ਤ ਹੋਏ ਨਿਗਹਬਾਨੀ, ਸਦਾ ਸਲਾਮਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦਾਤਾ ਆਪੇ ਦਰਵੇਸ਼, ਆਪੇ ਨਰ ਆਪ ਨਰੇਸ਼, ਨਰ ਨਰਾਇਣ ਖੇਲ ਖਿਲਾਇੰਦਾ। ਬਣ ਭਿਖਾਰੀ ਮੰਗੇ ਦਾਨ, ਆਪਣੀ ਝੋਲੀ ਅੱਗੇ ਡਾਹੀਆ। ਤੂੰ ਸਾਹਿਬ ਸੱਚਾ ਸੁਲਤਾਨ, ਹਉਂ ਭਿੱਖਕ ਸੀਸ ਝੁਕਾਈਆ। ਤੇਰਾ ਮੇਰਾ ਏਕਾ ਮਾਣ, ਏਕਾ ਘਰ ਬੈਠੇ ਆਸਣ ਲਾਈਆ। ਤੇਰਾ ਮੇਰਾ ਏਕਾ ਮੰਦਰ ਇਕ ਮਕਾਨ, ਦੂਜਾ ਦਰ ਨਾ ਕੋਇ ਵਖਾਈਆ। ਤੇਰਾ ਮੇਰਾ ਇਕ ਨਿਸ਼ਾਨ, ਦੂਸਰ ਹੋਰ ਨਾ ਕੋਇ ਜਣਾਈਆ। ਤੇਰਾ ਮੰਗੇ ਤੇਰਾ ਦਾਨ, ਤੇਰਾ ਤੇਰੀ ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਣਾ ਆਪਣਾ ਵਰ, ਆਪਣੀ ਮੰਗ ਆਪ ਮੰਗਾਈਆ। ਸੋ ਪੁਰਖ ਨਿਰੰਜਣ ਬਣੇ ਦਾਤਾ, ਪਾਰਬ੍ਰਹਮ ਪ੍ਰਭ ਮੰਗ ਮੰਗਾਇੰਦਾ। ਹਰਿ ਪੁਰਖ ਨਿਰੰਜਣ ਗਾਏ ਗਾਥਾ, ਸ੍ਰੀ ਭਗਵਾਨ ਖ਼ੁਸ਼ੀ ਰਖਾਇੰਦਾ। ਏਕੰਕਾਰਾ ਬੰਨ੍ਹੇ ਨਾਤਾ, ਅਬਿਨਾਸ਼ੀ ਕਰਤਾ ਜੋੜ ਜੁੜਾਇੰਦਾ। ਆਦਿ ਨਿਰੰਜਣ ਕਮਲਾਪਾਤਾ, ਦੀਪਕ ਦੀਆ ਏਕਾ ਡਗਮਗਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਇਛਿਆ ਪਾਏ ਭਿਛਿਆ, ਏਕਾ ਵਸਤ ਆਪ ਵਰਤਾਇੰਦਾ। ਸਾਚੀ ਭਿਛਿਆ ਹਰਿ ਨਿਰੰਕਾਰਾ, ਏਕਾ ਏਕ ਵਰਤਾਈਆ। ਆਪਣਾ ਨਾਉਂ ਕਰ ਪਿਆਰਾ, ਨਾਉਂ ਨਿਰੰਕਾਰਾ ਆਪ ਹੋ ਜਾਈਆ। ਰੂਪ ਰੰਗ ਤੇ ਵਸੇ ਬਾਹਰਾ, ਦਿਸ ਕਿਸੇ ਨਾ ਆਈਆ। ਸਚਖੰਡ ਦਵਾਰ ਕਰ ਤਿਆਰਾ, ਸੀਸ ਜਗਦੀਸ ਹੱਥ ਟਿਕਾਈਆ। ਥਿਰ ਘਰ ਦੇਵੇ ਇਕ ਸਹਾਰਾ, ਆਪ ਆਪਣੀ ਦਇਆ ਕਮਾਈਆ। ਤੇਰਾ ਰੂਪ ਸੁਤ ਦੁਲਾਰਾ, ਪੁਰਖ ਅਕਾਲ ਪਿਤਾ ਮਾਈਆ। ਦਾਈ ਦਾਇਆ ਬਣੇ ਅਗੰਮ ਅਪਾਰਾ, ਸਾਚੀ ਸੇਵਾ ਸੇਵਕ ਆਪ ਕਮਾਈਆ। ਏਕਾ ਹੁਕਮ ਇਕ ਵਰਤਾਰਾ, ਏਕਾ ਇਕ ਦਏ ਸਮਝਾਈਆ। ਮੇਰਾ ਨਾਉਂ ਮੇਰਾ ਭੰਡਾਰਾ, ਨਿਖੁਟ ਕਦੇ ਨਾ ਜਾਈਆ। ਮੇਰਾ ਨਾਉਂ ਮੇਰਾ ਵਰਤਾਰਾ, ਮੇਰਾ ਮੇਰਾ ਰੂਪ ਧਰਾਈਆ। ਮੇਰਾ ਤੇਰਾ ਇਕ ਸਹਾਰਾ, ਤੇਰਾ ਮੇਰਾ ਏਕਾ ਦਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਨਾਉਂ ਆਪ ਪਰਗਟਾਈਆ। ਆਪਣਾ ਨਾਉਂ ਨਿਰੰਕਾਰ ਰੱਖ, ਸਚਖੰਡ ਨਿਵਾਸੀ ਖ਼ੁਸ਼ੀ ਮਨਾਇੰਦਾ। ਥਿਰ ਘਰ ਸਾਚੇ ਹੋ ਪਰਤੱਖ, ਆਪ ਆਪਣਾ ਰੰਗ ਰੰਗਾਇੰਦਾ। ਨਿਰਗੁਣ ਨਾਲੋਂ ਨਿਰਗੁਣ ਹੋਇਆ ਵੱਖ, ਨਿਰਗੁਣ ਵੰਡਣ ਵੰਡ ਵੰਡਾਇੰਦਾ। ਨਿਰਗੁਣ ਮਾਰਗ ਨਿਰਗੁਣ ਦੱਸ, ਨਿਰਗੁਣ ਖੇਲ ਖਿਲਾਇੰਦਾ। ਨਿਰਗੁਣ ਅੰਦਰ ਨਿਰਗੁਣ ਵਸ, ਨਿਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸਮਝਾਇੰਦਾ। ਮੇਰਾ ਨਾਉਂ ਅਪਰ ਅਪਾਰ, ਮਹਿਮਾ ਅਕਥ ਕਥੀ ਨਾ ਜਾਈਆ। ਮੇਰਾ ਨਾਉਂ ਆਦਿ ਜੁਗਾਦਿ ਕਰੇ ਕਰਾਏ ਸਾਚੀ ਕਾਰ, ਕਰਨੀ ਕਰਤਾ ਆਪ ਸਮਝਾਈਆ। ਮੇਰਾ ਨਾਉਂ ਵਸੇ ਮੇਰੇ ਚਰਨ ਦਵਾਰ, ਦੂਸਰ ਦਵਾਰ ਨਾ ਕੋਇ ਵਖਾਈਆ। ਮੇਰਾ ਨਾਉਂ ਸਤਿ ਭੰਡਾਰ, ਸਤਿ ਸਤਿਵਾਦੀ ਆਪ ਵਰਤਾਈਆ। ਮੇਰਾ ਨਾਉਂ ਸਚ ਸ਼ੰਗਾਰ, ਸਚ ਵੇਸ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਮ ਦਏ ਵਡਿਆਈਆ। ਦੇਵੇ ਵਡਿਆਈ ਹਰਿ ਆਪਣੇ ਨਾਂ, ਸਚਖੰਡ ਸਾਚਾ ਖੇਲ ਖਿਲਾਇੰਦਾ। ਥਿਰ ਘਰ ਦਿਤਾ ਏਕਾ ਥਾਂ, ਚਰਨ ਦਵਾਰੇ ਆਪ ਬਹਾਇੰਦਾ। ਆਪਣਾ ਹੁਕਮ ਆਪ ਸੁਣਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਤੇਰੀ ਵੰਡ ਦਿਆਂ ਵੰਡਾ, ਵੰਡਣਹਾਰਾ ਭੇਵ ਨਾ ਪਾਇੰਦਾ। ਤੇਰੀ ਸੇਵਾ ਦਿਆਂ ਲਗਾ ਆਪਣੀ ਇਛਿਆ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸਮਝਾਇੰਦਾ। ਹਰਿ ਨਾਉਂ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਦਾਤਾ ਸਚ ਦਾਤਾਰ, ਹਉਂ ਬਾਲ ਅਞਾਣਾ ਤੇਰਾ ਭੇਵ ਨਾ ਪਾਈਆ। ਤੂੰ ਬਖ਼ਸ਼ਿਸ਼ ਕੀਤੀ ਅਪਰ ਅਪਾਰ, ਤੇਰੀ ਰਹਿਮਤ ਮੇਰੀ ਵਡਿਆਈਆ। ਤੂੰ ਭਰਿਆ ਅਤੁਟ ਭੰਡਾਰ, ਨਿਖੁਟ ਕਦੇ ਨਾ ਜਾਈਆ। ਮੈਂ ਬਣਾਂ ਸੇਵਾਦਾਰ, ਤੇਰਾ ਸਿਰ ਸਿਰ ਹੁਕਮ ਮਨਾਈਆ। ਤੂੰ ਬਖ਼ਸ਼ਿਆ ਥਿਰ ਘਰ ਮੇਰਾ ਦਵਾਰ, ਸਚਖੰਡ ਤੇਰੀ ਸ਼ਹਿਨਸ਼ਾਹੀਆ । ਤੇਰਾ ਝੁਲਦਾ ਰਹੇ ਨਿਸ਼ਾਨ, ਆਦਿ ਜੁਗਾਦਿ ਸੱਚੇ ਮਾਹੀਆ। ਮੈਂ ਤੇਰਾ ਦਰ ਕਰਾਂ ਪਰਵਾਨ, ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪਣੇ ਹੁਕਮ ਰਖਾਈਆ। ਹੁਕਮੇ ਅੰਦਰ ਨਾਉਂ ਧਰ, ਹਰਿ ਨਾਉਂ ਨਾਮ ਪਰਗਟਾਇਆ। ਆਪ ਜਣਾਈ ਸਾਚੀ ਕਾਰ, ਸਾਚੀ ਸੇਵ ਸਮਝਾਇਆ। ਤੂੰ ਸੁਤ ਮੇਰਾ ਸੁਤ ਦੁਲਾਰ, ਹਉਂ ਮਾਤ ਪਿਤਾ ਅਖਵਾਇਆ। ਤੇਰਾ ਵਣਜ ਇਕ ਵਪਾਰ, ਸਚ ਵਣਜਾਰਾ ਦਏ ਵਖਾਇਆ। ਤੇਰੀ ਵਸਤ ਤੇਰਾ ਆਧਾਰ, ਤੇਰਾ ਤੇਰੇ ਪੱਲੂ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਾ ਤੇਰੇ ਵਿਚ ਟਿਕਾਇਆ। ਨਾਉਂ ਅੰਦਰ ਨਾਮ ਪਿਆਰਾ, ਨਾਮੇ ਹਰਿ ਹਰਿ ਰੰਗ ਰੰਗਾਇਆ। ਨਾਉਂ ਸੁਤ ਨਾਉਂ ਦੁਲਾਰਾ, ਨਾਉਂ ਪਿਤਾ ਪੂਤ ਸਮਝਾਇਆ। ਨਾਉਂ ਭਿਖਕ ਨਾਉਂ ਦਵਾਰਾ, ਨਾਉਂ ਨਾਮਾ ਮੰਗਣ ਆਇਆ। ਕਰੇ ਖੇਲ ਆਪ ਕਰਤਾਰਾ, ਆਪਣੀ ਕਰਨੀ ਦਏ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇਆ। ਭੇਵ ਅਭੇਦਾ ਹਰਿ ਹਰਿ ਖੋਲ੍ਹ, ਨਾਉਂ ਨਾਉਂ ਜਣਾਈਆ। ਆਪਣਾ ਨਿਸ਼ਅੱਖਰ ਆਪੇ ਬੋਲ, ਕਰੇ ਸਚ ਪੜ੍ਹਾਈਆ। ਆਪਣੇ ਕੰਡੇ ਤੋਲਿਆ ਤੋਲ, ਅਤੁਲ ਰੂਪ ਵਖਾਈਆ। ਤੇਰੇ ਅੰਦਰ ਜਾਵਾਂ ਮੌਲ, ਤੇਰਾ ਮਾਣ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਪਰਗਟਾਈਆ। ਆਪਣਾ ਨਾਉਂ ਆਪ ਪਰਗਟਾਇਆ, ਪਰਗਟਿਆ ਹਰਿ ਕਰਤਾਰਾ। ਨਿਰਗੁਣ ਮੇਲਾ ਨਿਰਗੁਣ ਮੇਲ ਮਿਲਾਇਆ, ਨਿਰਗੁਣ ਜੋਤ ਨਿਰਗੁਣ ਨੂਰ ਉਜਿਆਰਾ। ਨਿਰਗੁਣ ਆਸਣ ਸਿੰਘਾਸਣ ਸੋਭਾ ਪਾਇਆ, ਨਿਰਗੁਣ ਹੁਕਮ ਨਿਰਗੁਣ ਸਿਕਦਾਰਾ। ਨਿਰਗੁਣ ਦਰ ਦਰਵੇਸ਼ ਮੰਗਣ ਆਇਆ, ਨਿਰਗੁਣ ਭਰੇ ਸਚ ਭੰਡਾਰਾ। ਨਿਰਗੁਣ ਪੂਤ ਸਪੂਤਾ ਆਪੇ ਜਾਇਆ, ਨਿਰਗੁਣ ਨਿਰਗੁਣ ਦਏ ਹੁਲਾਰਾ। ਨਿਰਗੁਣ ਅੰਦਰ ਨਿਰਗੁਣ ਆਪਣਾ ਆਪ ਟਿਕਾਇਆ, ਕਰੇ ਖੇਲ ਗੁਪਤ ਜ਼ਾਹਰਾ। ਰੂਪ ਰੰਗ ਨਾ ਕੋਇ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਅਪਰ ਅਪਾਰਾ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਸਚਖੰਡ ਵਸਾਇਆ ਇਕ ਮਹੱਲਾ, ਥਿਰ ਘਰ ਦਰਬਾਰਾ ਆਪ ਦਏ ਵਡਿਆਈਆ। ਆਪਣੀ ਜੋਤੀ ਆਪੇ ਰੱਲਾ, ਪੁਰਖ ਨਾਰ ਆਪ ਹੋ ਜਾਈਆ। ਆਪਣਾ ਆਸਣ ਆਪੇ ਮੱਲਾ, ਆਪਣਾ ਫੜਿਆ ਆਪੇ ਪੱਲਾ, ਆਪੇ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਸ਼ਬਦੀ ਤੇਰਾ ਸ਼ਬਦ ਪਸਾਰ, ਹਰਿ ਹਰਿ ਆਪ ਉਪਾਇਆ। ਕਰੇ ਖੇਲ ਅਗੰਮ ਅਪਾਰ, ਭੇਵ ਕਿਸੇ ਨਾ ਆਇਆ। ਸਚਖੰਡ ਨਿਵਾਸੀ ਹੋ ਤਿਆਰ, ਆਪਣਾ ਹੁਕਮ ਆਪ ਜਣਾਇਆ। ਸੁਤ ਦੁਲਾਰਾ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਇਆ। ਤੂੰ ਦਾਤਾ ਬੇਐਬ ਪਰਵਰਦਿਗਾਰ, ਤੇਰਾ ਖੇਲ ਮੇਰੀ ਸਮਝ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣਾ ਮੰਤ ਦਏ ਸਮਝਾਇਆ। ਵਿਸ਼ਨੂੰ ਅੰਦਰ ਆਤਮ ਰਸ, ਰਸ ਰਸੀਆ ਆਪ ਰਖਾਈਆ। ਆਪਣੇ ਅੰਦਰ ਆਪੇ ਵਸ, ਆਪਣਾ ਬੰਧਨ ਪਾਈਆ। ਆਪਣੇ ਜੰਜਾਲ ਆਪੇ ਫਸ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵਿਸ਼ਨੂੰ ਅੰਦਰ ਅੰਮ੍ਰਿਤ ਧਾਰ, ਅੰਮਿਉਂ ਰਸ ਆਪਣਾ ਖੇਲ ਖਿਲਾਇੰਦਾ। ਪਾਰਬ੍ਰਹਮ ਸੋ ਪੁਰਖ ਨਿਰੰਜਣ ਕਰੇ ਖੇਲ ਅਪਾਰ, ਅਪਰ ਅਪਾਰਾ ਰੂਪ ਵਟਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰ, ਅਬਿਨਾਸ਼ੀ ਕਰਤੇ ਦਏ ਸਹਾਰ, ਏਕੰਕਾਰਾ ਵੰਡ ਵੰਡਾਇੰਦਾ। ਆਦਿ ਨਿਰੰਜਣ ਹੋਇਆ ਖ਼ਬਰਦਾਰ, ਸ੍ਰੀ ਭਗਵਾਨ ਖੋਲ੍ਹ ਕਿਵਾੜ, ਆਪਣੀ ਮਹਿਮਾ ਆਪੇ ਵੇਖ ਵਖਾਇੰਦਾ। ਮੇਰਾ ਰੂਪ ਰੰਗ ਰੇਖ ਨਾ ਕੋਇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਵੰਡ ਆਪ ਵੰਡਾਇੰਦਾ। ਪਾਰਬ੍ਰਹਮ ਪ੍ਰਭ ਵੰਡੇ ਵੰਡ, ਵੰਡਣ ਵੰਡ ਵੰਡਾਈਆ। ਵਿਸ਼ਨੂੰ ਅੰਦਰ ਪਾਏ ਠੰਡ, ਅੰਮ੍ਰਿਤ ਧਾਰ ਚਲਾਈਆ। ਕਰੇ ਖੇਲ ਸੁਹਾਗਣ ਰੰਡ, ਵਾਹ ਵਾ ਵੇਸ ਅਨੇਕ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਮਾਣੇ ਆਪਣੀ ਸੇਜ ਪਲੰਘ, ਨਾਰ ਭਤਾਰ ਆਪ ਅਖਵਾਈਆ। ਸਾਕਾਰ ਖੇਲ ਕਰਤਾਰਾ, ਸਚਖੰਡ ਨਿਵਾਸੀ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰਾ, ਏਕਾ ਦਰ ਬਹਾਇੰਦਾ। ਏਕਾ ਦਰ ਬਣ ਭਿਖਾਰਾ, ਦਰ ਦਰਵੇਸ਼ ਏਕਾ ਰੂਪ ਵਟਾਇੰਦਾ। ਵਿਸ਼ਨੂੰ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹਿੰਦਾ। ਬ੍ਰਹਮਾ ਬੈਠਾ ਸੰਗ, ਸਾਚਾ ਸੰਗ ਹਰਿ ਜਣਾਇੰਦਾ। ਵਿਸ਼ਨੂੰ ਚੜ੍ਹਿਆ ਨਾ ਏਕਾ ਚੰਦ, ਚੰਦ ਚੰਦ ਨਾ ਕੋਇ ਰੁਸ਼ਨਾਇੰਦਾ। ਵਿਸ਼ਨੂੰ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਸ਼ੰਕਰ ਚਰਨ ਧੂੜੀ ਮੰਗੇ ਛਾਰ, ਅੱਗੇ ਆਪਣੀ ਝੋਲੀ ਡਾਹਿੰਦਾ। ਏਕਾ ਹੁਕਮ ਸੁਣਾਏ ਸੱਚੀ ਸਰਕਾਰ, ਧੁਰ ਫ਼ਰਮਾਨਾ ਆਪ ਜਣਾਇੰਦਾ। ਮੇਰਾ ਮੇਰਾ ਨਾਉਂ ਮੇਰਾ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਮ ਆਪ ਦ੍ਰਿੜਾਇੰਦਾ। ਹਰਿ ਵਿਸ਼ਨੂੰ ਨਾਮ ਜਣਾਇਆ, ਮੇਰਾ ਨਾਉਂ ਮੇਰੀ ਧਾਰ। ਬ੍ਰਹਮੇ ਨਾਉਂ ਆਪ ਉਪਾਇਆ, ਮੇਰਾ ਨਾਉਂ ਮੇਰਾ ਪਿਆਰ। ਸ਼ੰਕਰ ਨਾਉਂ ਆਪ ਦਰਸਾਇਆ, ਮੇਰਾ ਨਾਉਂ ਮੇਰੀ ਚਰਨ ਧੂੜੀ ਛਾਰ। ਏਕਾ ਵਾਰ ਦਏ ਵਰਤਾਇਆ, ਅਤੋਟ ਅਤੁਟ ਭਰੇ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਖ਼ਬਰਦਾਰ। ਵਿਸ਼ਨੂੰ ਉਠ ਹਰਿ ਆਪ ਉਠਾਇਆ, ਆਪਣਾ ਭੇਵ ਦਏ ਜਣਾਈਆ। ਬ੍ਰਹਮਾ ਉਪਰ ਤੁਠ ਪਾਰਬ੍ਰਹਮ ਆਪਣੀ ਅੰਸ ਦ੍ਰਿੜਾਇਆ, ਏਕਾ ਏਕ ਰੰਗ ਵਖਾਈਆ। ਸ਼ੰਕਰ ਜਣਾਏ ਏਕਾ ਓਟ, ਦੂਸਰ ਓਟ ਨਾ ਕੋਇ ਰਖਾਈਆ। ਮੇਰਾ ਨਾਉਂ ਭਰੇ ਤੁਹਾਡੀ ਪੋਟ, ਸਚ ਭੰਡਾਰ ਇਕ ਵਰਤਾਈਆ। ਮੇਰਾ ਰੂਪ ਨਿਰਮਲ ਜੋਤ, ਜੋਤ ਜੋਤ ਰੁਸ਼ਨਾਈਆ। ਮੇਰਾ ਦਵਾਰਾ ਸਾਚਾ ਕੋਟ, ਆਦਿ ਜੁਗਾਦਿ ਸਦਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਦਰਸਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣਿਆ ਧਿਆਨ ਲਾ ਕੰਨ, ਹਰਿ ਸੱਜਣ ਸਚ ਸਮਝਾਇਆ। ਏਕਾ ਵਾਰ ਗਏ ਮੰਨ, ਨਿਉਂ ਨਿਉਂ ਸੀਸ ਝੁਕਾਇਆ। ਤੂੰ ਦਾਤਾ ਤੇਰੀ ਵਡਿਆਈ ਧੰਨ, ਹਉਂ ਬਾਲ ਬਾਲੀ ਬੁੱਧ ਤੇਰਾ ਭੇਵ ਨਾ ਆਇਆ। ਤੂੰ ਘੜੇਂ ਤੂੰ ਲਈਂ ਭੰਨ, ਘੜਨ ਭੰਨਣਹਾਰ ਤੂੰ ਬੇਪਰਵਾਹਿਆ। ਹਉਂ ਮੰਗਿਆ ਏਕਾ ਦਾਨ, ਆਪਣਾ ਨਾਉਂ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਉਂ ਦਏ ਵਰਤਾਇਆ। ਸਾਚਾ ਨਾਉਂ ਸਚ ਭੰਡਾਰ, ਹਰਿ ਸਾਚਾ ਸਚ ਵਰਤਾਇੰਦਾ। ਥਿਰ ਘਰ ਖੇਲ ਅਪਰ ਅਪਾਰ, ਥਿਰ ਦਰਬਾਰੀ ਆਪ ਕਰਾਇੰਦਾ। ਮੇਰਾ ਨਾਉਂ ਆਦਿ ਜੁਗਾਦਿ ਹੋਏ ਉਜਿਆਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਤੇਰੀ ਸੇਵਾ ਲਾਏ ਸੱਚੀ ਸਰਕਾਰ, ਸਾਚਾ ਹੁਕਮ ਆਪ ਜਣਾਇੰਦਾ। ਲੱਖ ਚੁਰਾਸੀ ਕਰ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਗੁਣ ਵਡਿਆਇੰਦਾ। ਤੇਰੇ ਨਾਲ ਦੇਵਾਂ ਪਿਆਰ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ। ਤੇਰਾ ਖੇੜਾ ਕਰਾਂ ਉਜਿਆਰ, ਪੰਜ ਤੱਤ ਘਾੜਨ ਆਪ ਘੜਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤੇਰਾ ਆਧਾਰ, ਆਪਣਾ ਬੰਧਨ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਹੁਕਮ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਿਆ ਸੁਣ, ਇਕ ਧਿਆਨ ਲਗਾਇਆ। ਪ੍ਰਭ ਅਬਿਨਾਸ਼ੀ ਕਵਣ ਜਾਣੇ ਤੇਰੇ ਗੁਣ, ਤੇਰਾ ਲੇਖਾ ਲੇਖ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਦਾਤਾ ਬੇਪਰਵਾਹਿਆ। ਵਰ ਦੇਣਾ ਸਾਚਾ ਦਾਨ, ਹਉਂ ਮੰਗਣ ਮੰਗ ਮੰਗਾਈਆ। ਤੇਰੇ ਛੋਟੇ ਬਾਲ ਨਾਦਾਨ, ਬੈਠੇ ਸੀਸ ਝੁਕਾਈਆ। ਤੂੰ ਮੀਤਾ ਸਾਹਿਬ ਬਲਵਾਨ, ਤੇਰੇ ਹੱਥ ਵਡੀ ਵਡਿਆਈਆ। ਲੱਖ ਚੁਰਾਸੀ ਕਰੀਂ ਪਰਵਾਨ, ਤੇਰੀ ਵਸਤ ਆਪਣੀ ਝੋਲੀ ਪਾਈਆ। ਤੂੰ ਦਿਤਾ ਸਾਚਾ ਦਾਨ, ਦਾਨੀ ਤੇਰੇ ਦਰ ਤੇਰੀ ਵਸਤ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਮੰਗਣ ਆਏ ਬਣ ਬਣ ਰਾਹੀਆ। ਆਏ ਬਣ ਪਾਂਧੀ ਰਾਹੀ, ਦਰ ਤੇਰਾ ਏਕਾ ਭਾਇਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀ, ਸ਼ਾਹ ਸੁਲਤਾਨ ਆਪ ਅਖਵਾਇਆ। ਤੇਰੇ ਦਰ ਵਜਦੀ ਰਹੇ ਵਧਾਈ, ਸਚਖੰਡ ਸੋਭਾ ਪਾਇਆ। ਹਉਂ ਮਾਂਗੋਂ ਇਕ ਸਰਨਾਈ, ਸਰਨਗਤ ਹੋ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਮੰਗਣ ਏਕਾ ਆਇਆ। ਏਕਾ ਵਰ ਦੇਵੇ ਦਾਤਾਰਾ, ਵਸਤ ਅਮੋਲਕ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪਸਾਰਾ, ਲੱਖ ਚੁਰਾਸੀ ਲਏ ਉਪਾਈਆ। ਘਾੜਨ ਘੜੇ ਬਣ ਠਠਿਆਰਾ, ਬਾਢੀ ਹੋਰ ਨਾ ਕੋਇ ਜਣਾਈਆ। ਵੰਡੇ ਵੰਡ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਰੂਪ ਵਟਾਈਆ। ਪੰਜ ਤੱਤ ਲਗਾਏ ਅਖਾੜਾ, ਤ੍ਰੈਗੁਣ ਮਾਇਆ ਬੰਧਨ ਪਾਈਆ। ਨੌਂ ਦਵਾਰ ਵੇਖੇ ਵਾਰੋ ਵਾਰਾ, ਡੂੰਘੀ ਭਵਰੀ ਵੇਸ ਵਟਾਈਆ। ਆਪਣਾ ਨੂਰ ਕਰ ਉਜਿਆਰਾ, ਜੋਤੀ ਜੋਤ ਜੋਤ ਜਗਾਈਆ । ਆਪਣਾ ਨਾਉਂ ਸੱਚੀ ਧੁਨਕਾਰਾ, ਨਾਦ ਅਨਾਦੀ ਆਪ ਸੁਣਾਈਆ। ਆਪਣਾ ਮੰਦਰ ਕਰ ਤਿਆਰਾ, ਘਰ ਘਰ ਵਿਚ ਲਏ ਬਣਾਈਆ। ਆਪਣਾ ਕਰ ਖੇਲ ਨਿਆਰਾ, ਪੰਜ ਤੱਤ ਕਰੇ ਹਲਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰ ਪਸਾਰਾ, ਆਸਾ ਤ੍ਰਿਸਨਾ ਨਾਲ ਮਿਲਾਈਆ। ਹਉਮੇਂ ਹੰਗਤਾ ਗੜ੍ਹ ਕਰ ਉਜਿਆਰਾ, ਜੂਠ ਝੂਠ ਕਰੇ ਕੁੜਮਾਈਆ। ਬਜਰ ਕਪਾਟੀ ਲਾਏ ਤਾਲਾ, ਨਾ ਸਕੇ ਕੋਇ ਖੁਲ੍ਹਾਈਆ। ਸੁਖਮਨ ਨਾੜੀ ਟੇਡੀ ਗਾਰਾ, ਡੂੰਘੀ ਭਵਰੀ ਵੇਸ ਵਟਾਈਆ। ਕਰੇ ਖੇਲ ਹਰਿ ਗੋਪਾਲਾ, ਭੇਵ ਕੋਇ ਨਾ ਪਾਈਆ। ਤੇਰਾ ਬ੍ਰਹਮਾ ਬ੍ਰਹਮ ਆਤਮ ਸੇਜਾ ਹੋ ਨਿਰਾਲਾ, ਆਪਣਾ ਆਪ ਦਏ ਦਰਸਾਈਆ। ਆਪ ਜਗਾਏ ਜੋਤ ਉਜਾਲਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਏਕਾ ਮੰਤ ਦਏ ਜਣਾਈਆ। ਏਕਾ ਮੰਤਰ ਹਰਿ ਜਣਾਇਆ, ਆਪ ਆਪਣਾ ਨਾਉਂ ਪਰਗਟਾ। ਪੰਜ ਤੱਤ ਘਾੜਨ ਆਪ ਘੜਾਇਆ, ਤ੍ਰੈਗੁਣ ਮੇਲਾ ਮੇਲ ਮਿਲਾ। ਸਾਚਾ ਹਿੱਸਾ ਆਪ ਰਖਾਇਆ, ਆਪਣੀ ਦਇਆ ਆਪ ਕਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾ। ਭੇਵ ਖੁਲ੍ਹਾਏ ਹਰਿ ਨਿਰੰਕਾਰਾ, ਵਿਸ਼ਨ ਬ੍ਰਹਮੇ ਸ਼ਿਵ ਸਮਝਾਈਆ। ਤ੍ਰੈਗੁਣ ਮਾਇਆ ਭਰ ਭੰਡਾਰਾ, ਪੰਜ ਤੱਤ ਨਾਤਾ ਜੋੜ ਜੁੜਾਈਆ। ਲੱਖ ਚੁਰਾਸੀ ਹੋਏ ਉਜਿਆਰਾ, ਵੰਡਣ ਵੰਡ ਵੰਡ ਕਰਾਈਆ। ਉਤਭੁਜ ਸੇਤਜ ਜੇਰਜ ਅੰਡਜ ਲੱਗੇ ਅਖਾੜਾ, ਨਵ ਨੌਂ ਵੇਖ ਵਖਾਈਆ। ਵਿਸ਼ਨੂੰ ਦੇਵੇ ਇਕ ਭੰਡਾਰਾ, ਸਚ ਭੰਡਾਰ ਆਪ ਵਰਤਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰਾ, ਸ਼ੰਕਰ ਤੇਰਾ ਅੰਤ ਨਗਾਰਾ, ਚਾਰ ਕੁੰਟ ਦਏ ਵਜਾਈਆ । ਆਪਣਾ ਰੂਪ ਧਰੇ ਕਰਤਾਰਾ, ਮਹਾਕਾਲ ਆਪ ਹੋ ਜਾਈਆ। ਦੋਹਾਂ ਕਰੇ ਫੇਰ ਪਸਾਰਾ, ਭੇਵ ਅਭੇਦਾ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਮਾਇਆ ਆਪੇ ਛਾਇਆ ਆਪਣਾ ਪਰਦਾ ਆਪਣੇ ਹੱਥ ਰਖਾਈਆ। ਆਪਣਾ ਨਾਉਂ ਕਰ ਪਸਾਰਾ, ਚਾਰ ਕੁੰਟ ਵੇਖ ਵਖਾਈਆ। ਸਚਖੰਡ ਨਿਵਾਸੀ ਖੇਲ ਅਪਾਰਾ, ਦਿਸ ਕਿਸੇ ਨਾ ਆਈਆ। ਸ਼ਬਦੀ ਸ਼ਬਦ ਸ਼ਬਦ ਨਗਾਰਾ, ਆਪਣਾ ਆਪ ਸੁਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਪਸਾਰਾ, ਆਪਣੀ ਬਣਤ ਆਪ ਬਣਾਈਆ। ਲੱਖ ਚੁਰਾਸੀ ਹੋਏ ਉਤਪਤ, ਹਰਿ ਸਾਚੇ ਸਚ ਜਣਾਈਆ। ਤ੍ਰੈਕਾਲ ਦਰਸੀ ਆਪ ਸੁਹਾਏ ਆਪਣੀ ਰੁੱਤ, ਤ੍ਰੈ ਤ੍ਰੈ ਲੇਖਾ ਦਏ ਸਮਝਾਈਆ। ਬੰਸ ਬਣਾਇਆ ਸ਼ਬਦੀ ਸੁੱਤ, ਸਰਬੰਸ ਵਿਸ਼ਨ ਬ੍ਰਹਮਾ ਸ਼ਿਵ ਜਣਾਈਆ। ਆਪਣੀ ਸੇਜਾ ਆਪੇ ਬੈਠਾ ਉਠ, ਲੱਖ ਚੁਰਾਸੀ ਸੇਜ ਹੰਢਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਵਸਣਹਾਰਾ ਕਾਇਆ ਬੁੱਤ, ਘਟ ਘਟ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਸਚ ਸਮਝਾਈਆ। ਹਰਿ ਸਮਝਾਏ ਦਇਆ ਕਮਾ, ਦੀਨਨ ਆਪਣੀ ਦਇਆ ਕਮਾਇੰਦਾ। ਬ੍ਰਹਮਾ ਤੇਰੇ ਅੰਦਰ ਆਪਣਾ ਨਾਦ ਵਜਾ, ਤੇਰਾ ਨਾਦ ਪਰਗਟਾਇੰਦਾ। ਆਪਣੀ ਇਛਿਆ ਦਏ ਸਮਝਾ, ਤੇਰੀ ਭਿਛਿਆ ਆਪ ਵਰਤਾਇੰਦਾ। ਚਾਰੇ ਵੇਦ ਆਪੇ ਗਾ, ਚਾਰੇ ਬਾਣੀ ਆਪ ਸਮਝਾਇੰਦਾ। ਪਰਾ ਪਸੰਤੀ ਤੇਰੇ ਅੰਦਰ ਦੇਵੇ ਥਾਂ, ਮਧਮ ਬੈਖਰੀ ਬਾਹਰ ਕਢਾਇੰਦਾ। ਚਾਰੇ ਖਾਣੀ ਵੰਡ ਵੰਡਾ, ਉਤਭੁਜ ਸੇਤਜ ਜੇਰਜ ਅੰਡਜ ਆਪ ਉਪਾਇੰਦਾ। ਚਾਰੇ ਜੁਗ ਸੇਵਾ ਲਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਉਂ ਧਰਾਇੰਦਾ। ਚਾਰੇ ਵਰਨ ਰੰਗ ਰੰਗਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਉਪਾਇੰਦਾ। ਚਾਰੇ ਕੁੰਟ ਖੇਲ ਖਿਲਾ, ਚਾਰੇ ਜੁਗ ਏਕਾ ਚੌਕੜ ਬੰਧਨ ਪਾਇੰਦਾ। ਨੌਂ ਨੌਂ ਦਰ ਹੁਕਮ ਸੁਣਾ, ਨੌਂ ਖੰਡ ਤੇਰੇ ਦਰ ਟਿਕਾ, ਸਤਿ ਸਤਿਵਾਦੀ ਸੋਭਾ ਪਾ, ਸਤਿ ਸਤਿ ਸਾਚਾ ਨਾਦ ਸੁਣਾਇੰਦਾ। ਬੋਧ ਅਗਾਧੀ ਸ਼ਬਦ ਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕੰਨ ਲਾ, ਹਰਿ ਸਾਚਾ ਸਚ ਜਣਾਇੰਦਾ। ਮੇਰਾ ਨਾਉਂ ਲੋਕਮਾਤ ਹੋਏ ਰੁਸ਼ਨਾ, ਆਦਿ ਜੁਗਾਦਿ ਆਪ ਪਰਗਟਾਇੰਦਾ। ਲੱਖ ਚੁਰਾਸੀ ਵੇਖ ਵਖਾ, ਘਟ ਘਟ ਸੇਜ ਹੰਢਾਇੰਦਾ। ਆਪਣੇ ਮਿਲਣ ਦਾ ਆਪੇ ਰੱਖਾਂ ਚਾ, ਮੇਲ ਮਿਲਾਵਾ ਆਪਣੇ ਹੱਥ ਵਖਾਇੰਦਾ। ਬ੍ਰਹਮ ਰੂਪ ਲੱਖ ਚੁਰਾਸੀ ਵਿਚ ਦਿਤਾ ਸਮਾ, ਉਪਰ ਆਪਣਾ ਪਰਦਾ ਪਾਇੰਦਾ। ਜਗਤ ਮਾਰਗ ਜਗਤ ਲਾ, ਜਗਤ ਮਾਇਆ ਵਿਚ ਸਮਾਇੰਦਾ। ਆਪਣਾ ਨਾਉਂ ਰੱਖਾਂ ਛੁਪਾ, ਆਪਣਾ ਮੰਦਰ ਆਪ ਸੁਹਾਇੰਦਾ। ਆਪਣੇ ਮਿਲਣ ਦੀ ਬਿਧ ਦੇਵਾਂ ਸਮਝਾ, ਬ੍ਰਹਮੇ ਤੇਰਾ ਭੇਵ ਚੁਕਾਇੰਦਾ। ਆਪਣਾ ਰੂਪ ਲਵਾਂ ਪਰਗਟਾ, ਨਿਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸਮਝਾਇੰਦਾ। ਸਰਗੁਣ ਅੰਦਰ ਹੋ ਪਰਤੱਖ, ਆਪਣਾ ਭੇਵ ਬ੍ਰਹਮ ਖੁਲ੍ਹਾਈਆ। ਆਪਣੀ ਜੋੋਤ ਆਪੇ ਰੱਖ, ਆਪਣੇ ਘਰ ਕਰਾਂ ਰੁਸ਼ਨਾਈਆ। ਆਪਣਾ ਪਰਦਾ ਬੈਠਾ ਢਕ, ਆਪੇ ਪਰਦਾ ਦਿਆਂ ਉਠਾਈਆ। ਆਪਣੀ ਵਸਤ ਆਪਣੇ ਅੰਦਰੋਂ ਕੱਢ, ਲੱਖ ਚੁਰਾਸੀ ਦਿਆਂ ਵਰਤਾਈਆ। ਸਰਗੁਣ ਹੋ ਕੇ ਨਿਰਗੁਣ ਧਾਰ ਹੱਡ ਮਾਸ ਨਾੜੀ ਅੰਦਰ ਜਾਵਾਂ ਵਸ, ਰਕਤ ਬੂੰਦ ਨਾ ਖੇਲ ਖਿਲਾਈਆ। ਆਪਣਾ ਨਾਉਂ ਕਰਾਂ ਪਰਗਟ, ਜੁਗ ਜੁਗ ਆਪਣਾ ਰੂਪ ਵਟਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲੇ ਮਾਰਗ ਦੱਸ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਕਰਾਂ ਪਰਕਾਸ਼ ਕੋਟਨ ਰਵ ਸਸ, ਸੂਰਜ ਚੰਦ ਮੁਖ ਸ਼ਰਮਾਈਆ। ਦਰਸਨ ਦੇਵਾਂ ਹੱਸ ਹੱਸ, ਮੇਰੇ ਹੱਥ ਮੇਰੀ ਵਡਿਆਈਆ। ਗੁਰਮੁਖਾਂ ਮਾਰਗ ਆਪਣਾ ਦੱਸ, ਆਪਣਾ ਗੁਣ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਸਮਝਾਈਆ। ਵਿਸ਼ਨ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇਆ। ਕਵਣ ਰੂਪ ਆਏ ਵਿਚ ਸੰਸਾਰ, ਮੇਰੇ ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹਿਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਹਉਂ ਏਕਾ ਮੰਗ ਮੰਗਾਇਆ। ਕਵਣ ਘਰ ਦਈਂ ਦੀਦਾਰ, ਦਰਸੀ ਆਪਣਾ ਦਰਸ ਦਿਖਾਇਆ। ਸ਼ੰਕਰ ਮੰਗੇ ਧੂੜ ਛਾਰ, ਚਰਨ ਮਸਤਕ ਟਿੱਕਾ ਲਾਇਆ। ਤੁਧ ਬਿਨ ਅਵਰ ਨਾ ਕੋਇ ਸਹਾਰ, ਹਉਂ ਬਾਲ ਅਞਾਣੇ ਭੁਲ ਕਦੇ ਨਾ ਜਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣਾ ਹੁਕਮ ਰਿਹਾ ਸਮਝਾਇਆ। ਮੈਂ ਜੁਗ ਜੁਗ ਲੋਕਮਾਤ ਹੋਵਾਂ ਪਰਧਾਨ, ਆਪਣਾ ਨਾਉਂ ਨਾਉਂ ਪਰਗਟਾਇਆ। ਭਗਤ ਭਗਵੰਤ ਸਚ ਨਿਸ਼ਾਨ, ਲੋਕਮਾਤ ਦਏ ਝੁਲਾਇਆ। ਸੰਤਾਂ ਦੇਵੇ ਏਕਾ ਦਾਨ, ਸਤਿ ਸਤਿਵਾਦੀ ਝੋਲੀ ਪਾਇਆ। ਗੁਰਮੁਖਾਂ ਆਤਮ ਬ੍ਰਹਮ ਗਿਆਨ, ਬ੍ਰਹਮ ਵੇਤਾ ਸੀਸ ਝੁਕਾਇਆ। ਗੁਰਸਿਖਾਂ ਚਰਨ ਧੂੜ ਕਰਾਏ ਅਸ਼ਨਾਨ, ਦੁਰਮਤ ਮੈਲ ਦਏ ਧਵਾਇਆ। ਏਕਾ ਰਾਗ ਸੁਣਾਏ ਕਾਨ, ਧੁਨ ਅਨਾਦੀ ਨਾਦ ਵਜਾਇਆ। ਏਕਾ ਅੰਮ੍ਰਿਤ ਆਤਮ ਦੇਵਾਂ ਪੀਣ ਖਾਣ, ਤ੍ਰਿਸਨਾ ਭੁੱਖ ਰਹੇ ਨਾ ਰਾਇਆ। ਜੁਗ ਜੁਗ ਖੇਲਾਂ ਖੇਲ ਮਹਾਨ, ਆਪਣੀ ਖੇਲ ਆਪ ਵਖਾਇਆ। ਚਾਰੇ ਵੇਦ ਹੋਏ ਹੈਰਾਨ, ਮੇਰਾ ਭੇਵ ਕਿਸੇ ਨਾ ਪਾਇਆ। ਬ੍ਰਹਮਾ ਮੰਗੇ ਏਕਾ ਦਾਨ, ਅੱਗੇ ਆਪਣੀ ਝੋਲੀ ਡਾਹਿਆ। ਵਿਸ਼ਨੂੰ ਮੰਨੇ ਏਕਾ ਆਣ, ਭੁਲ ਕਦੇ ਨਾ ਜਾਇਆ। ਸ਼ੰਕਰ ਕਰਿਆ ਦਰ ਪਰਵਾਨ, ਚਰਨ ਧੂੜੀ ਮਸਤਕ ਟਿੱਕਾ ਲਾਇਆ। ਚਾਰੇ ਜੁਗ ਕਰੇ ਖੇਲ ਸ੍ਰੀ ਭਗਵਾਨ, ਆਪਣਾ ਖੇਲ ਆਪ ਖਿਲਾਇਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਖੇਲ ਖੇਲੇ ਆਪ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੂਰਜ ਚੰਨ ਚੰਨ ਸੂਰਜ ਆਪਣੀ ਸੇਵਾ ਲਾਇਆ। ਬ੍ਰਹਮੇ ਕਿਹਾ ਤੇਰਾ ਨਾਉਂ ਸਤਿ, ਤੇਰੇ ਹੱਥ ਵਡੀ ਵਡਿਆਈਆ। ਕੌਣ ਜਾਣੇ ਤੇਰੀ ਗਤ ਮਿਤ, ਮਿਤ ਗਤ ਕਹਿਣ ਕੋਇ ਨਾ ਜਾਈਆ। ਤੇਰੀ ਜੋਤ ਤੇਰਾ ਸੇਵਕ ਤੇਰੇ ਮੰਦਰ ਜਗਾਏ ਲਟ ਲਟ, ਤੇਰਾ ਨੂਰ ਤੇਰੀ ਰੁਸ਼ਨਾਈਆ। ਤੂੰ ਸਭ ਦੇ ਕੋਲ ਵਸਣਾ ਕਮਲਾਪਤ, ਘਰ ਘਰ ਤੇਰਾ ਸਗਨ ਮਨਾਈਆ। ਘਰ ਘਰ ਤੇਰਾ ਪੂਜਾ ਪਾਠ, ਘਰ ਘਰ ਤੇਰਾ ਹੋਏ ਜਸ, ਜਸ ਵੇਦ ਪੁਰਾਨ ਰਹੇ ਗਾਈਆ। ਤੇਰਾ ਨਾਤਾ ਜੁੜਿਆ ਅੱਠ ਤੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰਾ ਰੰਗ ਵਖਾਈਆ। ਤੇਰਾ ਰੂਪ ਰੰਗ ਨਾ ਦਿਸੇ ਰਤ, ਹੱਡ ਮਾਸ ਨਾੜੀ ਨਾ ਕੋਇ ਦਰਸਾਈਆ। ਤੂੰ ਸਰਬ ਕਲਾ ਸਮਰਥ, ਸਮਰਥ ਪੁਰਖ ਤੇਰੀ ਵਡ ਵਡਿਆਈਆ। ਧੰਨ ਵਡਿਆਈ ਮਾਰਗ ਦਿਤਾ ਦੱਸ, ਜੁਗ ਜੁਗ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਹਰਿ, ਆਪਣਾ ਨਾਉਂ ਦਏ ਸਮਝਾਈਆ। ਮੇਰੇ ਨਾਉਂ ਵਡਿਆਈ, ਹਰਿ ਸਾਚਾ ਸਚ ਜਣਾਇੰਦਾ। ਲੋਕਮਾਤ ਵੱਜੇ ਵਧਾਈ, ਜੋ ਜਨ ਰਸਨਾ ਜੇਹਵਾ ਗਾਇੰਦਾ। ਆਦਿ ਅੰਤ ਹੋਏ ਸਹਾਈ, ਜੋ ਆਪਣਾ ਨਾਉਂ ਦ੍ਰਿੜਾਇੰਦਾ। ਤੱਤੀ ਵਾਓ ਨਾ ਲਾਗੇ ਰਾਈ, ਅਗਨੀ ਤੱਤ ਨਾ ਕੋਇ ਜਲਾਇੰਦਾ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਆਦਿ ਜੁਗਾਦਿ ਕਰੇ ਸਚ ਨਿਆਈ, ਸਚ ਅਦਾਲਤ ਆਪ ਕਮਾਇੰਦਾ। ਹਰਿ ਭਗਤ ਉਠਾਏ ਫੜ ਫੜ ਬਾਹੀਂ, ਲੱਖ ਚੁਰਾਸੀ ਵਿਚੋਂ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਉਪਾਇੰਦਾ। ਮੇਰਾ ਨਾਉਂ ਰੱਖੇ ਲਾਜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਜੁਗਾ ਜੁਗੰਤਰ ਸ਼ਬਦ ਅਗੰਮੀ ਮਾਰਾਂ ਵਾਜ, ਤਾਰ ਸਤਾਰ ਨਾ ਕੋਇ ਹਿਲਾਈਆ। ਗ਼ਰੀਬ ਨਿਮਾਣਿਆਂ ਹੋਵਾਂ ਗ਼ਰੀਬ ਨਿਵਾਜ਼, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਬੇੜਾ ਚਲੇ ਜਹਾਜ਼, ਦੋ ਜਹਾਨਾਂ ਪਾਰ ਕਰਾਈਆ। ਰਾਏ ਧਰਮ ਨਾ ਮਾਰੇ ਆਵਾਜ਼, ਲਾੜੀ ਮੌਤ ਨਾ ਕੋਇ ਪਰਨਾਈਆ। ਰਾਏ ਧਰਮ ਨਾ ਮਾਰੇ ਵਾਜ, ਚਿਤਰ ਗੁਪਤ ਨਾ ਕੋਇ ਹਿਸਾਬ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਦਏ ਸਮਝਾਈਆ। ਮੇਰਾ ਨਾਉਂ ਭਗਤ ਜਨ ਲੈਣਾ, ਜਿਸ ਆਪਣਾ ਆਪ ਬੁਝਾਇਆ। ਧਰੂ ਪ੍ਰਹਿਲਾਦ ਮੰਨਿਆ ਮੇਰਾ ਕਹਿਣਾ, ਇਕੋ ਓਟ ਗਏ ਤਕਾਇਆ। ਤਨ ਬਸਤਰ ਪਾਇਆ ਗਹਿਣਾ, ਏਕਾ ਰਾਮ ਨਾਮ ਹੰਢਾਇਆ। ਦਰਸ਼ਨ ਪਾਇਆ ਨੇਤਰ ਨੈਣਾਂ, ਨੈਣ ਨੈਣ ਨੈਣ ਬਿਗਸਾਇਆ। ਮੇਰਾ ਨਾਉਂ ਮੇਰਾ ਭਾਣਾ ਸਹਿਣਾ, ਸਦ ਭਾਣੇ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਦਏ ਸਮਝਾਇਆ। ਆਦਿ ਮੇਰਾ ਨਾਉਂ ਸੋ ਸੋ ਧਾਰ, ਹਰਿ ਸਾਚਾ ਸਚ ਜਣਾਈਆ। ਮੇਰਾ ਨਾਉਂ ਹੋਇਆ ਉਜਿਆਰ, ਹੰ ਹੰ ਰੂਪ ਵਟਾਈਆ। ਹੰ ਵਿਸ਼ਨ ਹੰ ਬ੍ਰਹਮਾ ਹੰ ਸ਼ਿਵ ਹੰ ਲੱਖ ਚੁਰਾਸੀ ਲਏ ਉਪਾਈਆ। ਚਾਰ ਚੌਕੜੀ ਜੁਗ ਆਵੇ ਵਾਰੋ ਵਾਰ, ਗੇੜਾ ਗੇੜੇ ਵਿਚ ਰਖਾਈਆ। ਨਿਰਗੁਣ ਸਰਗੁਣ ਕਰ ਪਸਾਰ, ਅਵਤਾਰ ਗੁਰ ਲਏ ਪਰਗਟਾਈਆ। ਤੇਈ ਅਵਤਾਰਾਂ ਦੇਵੇ ਧਾਰ, ਧਾਰ ਧਾਰ ਨਾਮ ਸਮਾਈਆ। ਸੰਤ ਭਗਤ ਕਰ ਪਿਆਰ, ਭਗਵੰਤ ਖੇਲ ਖਿਲਾਈਆ। ਗੁਰਮੁਖ ਨਾਦ ਨਾਦ ਜੈਕਾਰ, ਅਨਾਦੀ ਨਾਦ ਸੁਣਾਈਆ। ਗੁਰਸਿਖ ਚਰਨ ਚਰਨ ਪਿਆਰ, ਚਰਨ ਕਵਲ ਕਵਲ ਬਿਗਸਾਈਆ। ਧਰਨੀ ਧਰਨ ਦਏ ਸਹਾਰ, ਧਵਲ ਧਵਲ ਮਾਤ ਵਡਿਆਈਆ। ਕਵਲ ਕਵਲ ਕਵਲ ਫੁਲ ਬਹਾਰ, ਅੰਮ੍ਰਿਤ ਝਿਰਨਾ ਆਪ ਝਿਰਾਈਆ। ਜੋਤੀ ਜੋਤ ਜੋਤ ਉਜਿਆਰ, ਜੋਤੀ ਨੂਰ ਨੂਰ ਰੁਸ਼ਨਾਈਆ। ਗੁਰੂ ਗੁਰੂ ਗੁਰੂ ਗੁਰ ਅਵਤਾਰ, ਗੁਰ ਮੰਤਰ ਦਏ ਸਮਝਾਈਆ। ਆਦਿ ਸ਼ਕਤ ਸ਼ਕਤ ਪਸਾਰ, ਚਤਰਭੁਜ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਲਏ ਮਿਲਾਈਆ। ਏਕੰਕਾਰ ਕਰੇ ਕਾਰ, ਆਦਿ ਨਿਰੰਜਣ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਸੇ ਸਚਖੰਡ ਠਾਂਡੇ ਦਰਬਾਰ, ਸ੍ਰੀ ਭਗਵਾਨ ਖ਼ੁਸ਼ੀ ਮਨਾਈਆ। ਪਾਰਬ੍ਰਹਮ ਥਿਰ ਘਰ ਬੈਠ ਸੱਚੇ ਦਵਾਰ, ਵਿਸ਼ਨ ਬ੍ਰਹਮਾ ਸ਼ਿਵ ਲਏ ਘੜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਲੱਖ ਚੁਰਾਸੀ ਲਏ ਉਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੋ ਉਜਿਆਰ, ਗੁਰ ਅਵਤਾਰ ਸੇਵ ਕਮਾਈਆ। ਕੋਈ ਕਹੇ ਸੰਤ ਕੁਮਾਰ, ਬਰਾਹ ਰੂਪ ਕੋਇ ਦਰਸਾਈਆ। ਹਾਵ ਗ਼ਰੀਵ ਹੋ ਉਜਿਆਰ, ਨਰ ਨਰਾਇਣ ਰੂਪ ਅਪਾਰ, ਕਪਲ ਮੁਨ ਰੂਪ ਧਰਾਈਆ। ਧਨੰਤਰ ਹੋ ਤਿਆਰ, ਪਿਰਥੂ ਪਾਏ ਆਪਣੀ ਸਾਰ, ਮਤਸ ਜਲ ਜਲ ਹੋ ਉਜਿਆਰ, ਕਛਪ ਕਰੇ ਖੇਲ ਕਰਤਾਰ, ਮੋਹਣੀ ਰੂਪ ਆਪੇ ਧਾਰ, ਹੰਸਾ ਰੂਪ ਅਪਰ ਅਪਾਰ, ਸੁਤ ਬ੍ਰਹਮਾ ਦਏ ਸਮਝਾਈਆ। ਨਰ ਸਿੰਘ ਖੇਲ ਕਰੇ ਕਰਤਾਰ, ਪ੍ਰਹਿਲਾਦ ਲਏ ਤਰਾਈਆ। ਹਰੀ ਹਰਿ ਆਪਣੀ ਕਲ ਧਾਰ, ਗਜ ਦੇਵੇ ਆਪ ਸਹਾਰ, ਤੰਦੂਆ ਤੰਦ ਕਟਾਈਆ। ਘਰ ਘਰ ਆਪਣਾ ਨਾਉਂ ਕਰੇ ਉਜਿਆਰ, ਜੁਗ ਜੁਗ ਆਪਣੇ ਨਾਉਂ ਦਏ ਵਡਿਆਈਆ। ਪਰਸਰਾਮ ਦਿਤਾ ਆਪੇ ਤਾਰ, ਰਾਮ ਰਾਮਾ ਰੂਪ ਵਟਾਈਆ। ਗ਼ਰੀਬ ਨਿਮਾਣਿਆਂ ਲਏ ਉਠਾਲ, ਕੋਝੀ ਕਮਲੀ ਭੀਲਣੀ ਗਲੇ ਲਗਾਈਆ। ਵੇਦ ਵਿਆਸਾ ਬਣ ਲਿਖਾਰ, ਬ੍ਰਹਮਾ ਨਾਰਦ ਆਪਣਾ ਮੇਲ ਮੇਲ ਮਿਲਾਈਆ। ਬਾਰਾਂ ਅੱਕਸ਼ਰ ਕਰ ਵਿਚਾਰ, ਪੁਰਾਨ ਅਠਾਰਾਂ ਗਾਏ ਵਾਰੋ ਵਾਰ, ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਗਵਾਈਆ। ਨੰਦ ਯਸੋਧਾ ਦਏ ਆਧਾਰ, ਸਾਚੀ ਸਖ਼ੀਆਂ ਮੰਗਲਾਚਾਰ, ਰਾਧਾ ਕ੍ਰਿਸ਼ਨ ਖ਼ੁਸ਼ੀ ਮਨਾਈਆ। ਦੁਸ਼ਟ ਹੰਕਾਰੀ ਆਪੇ ਮਾਰ, ਬਿਪਰ ਸੁਦਾਮਾ ਗਲੇ ਲਗਾਈਆ । ਸਤਿਜੁਗ ਤ੍ਰੇਤਾ ਦੁਆਪਰ ਨਾਉਂ ਪਰਧਾਨ, ਲੋਕਮਾਤ ਚਲਾਈਆ। ਕਲਜੁਗ ਦੇਵੇ ਆਪੇ ਦਾਨ, ਖ਼ਾਲੀ ਝੋਲੀ ਆਪ ਭਰਾਈਆ। ਜੂਠ ਝੂਠ ਮੇਰੀ ਖੋਲ੍ਹ ਦੁਕਾਨ, ਲੱਖ ਚੁਰਾਸੀ ਝੋਲੀ ਪਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਮੇਰੀ ਸ਼ਾਨ, ਮੇਰਾ ਜੋਬਨ ਵੇਖ ਮੇਰੇ ਮਾਹੀਆ। ਮੈਂ ਚਾਰ ਜੁਗ ਦਾ ਅੰਤ ਬਣਿਆ ਮਿਹਮਾਨ, ਤੇਰੇ ਅੱਗੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਏਕਾ ਮੰਗ ਮੰਗਾਈਆ। ਲੱਖ ਚੁਰਾਸੀ ਤੇਰਾ ਚੁੱਕੇ ਡਰ, ਮੇਰਾ ਡੰਕਾ ਵੱਜੇ ਚਾਰੋਂ ਕੁੰਟ ਪਏ ਦੁਹਾਈਆ। ਗੁਰਦਰ ਮੰਦਰ ਮਸਜਿਦ ਬਣੇ ਵੇਸਵਾ ਘਰ, ਅਠਸਠ ਤੀਰਥ ਤੇਰਾ ਲੜ ਨਾ ਸਕੇ ਕੋਈ ਫੜ, ਇੱਟਾਂ ਮੰਦਰ ਪੂਜ ਪੂਜ ਆਪਣਾ ਆਪ ਦੇਣ ਗਵਾਈਆ। ਮੈਂ ਘਰ ਘਰ ਬਣਾਵਾਂ ਹੰਕਾਰੀ ਗੜ੍ਹ, ਤੇਰੀ ਭਿਛਿਆ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਕਿਰਪਾਨਿਧ, ਦੀਨ ਦਿਆਲ ਦਿਆਲਾ। ਸਭ ਦੇ ਕਰੇ ਕਾਰਜ ਸਿੱਧ, ਪਰਮ ਪੁਰਖ ਕਿਰਪਾਲਾ। ਕਲਜੁਗ ਤੇਰੇ ਹੱਥ ਰਖਾਈ ਤੇਰੀ ਬਿਧ, ਤੇਰੇ ਹੱਥ ਫੜਾਈ ਤੇਰੀ ਮਾਲਾ। ਪੰਚ ਵਿਕਾਰ ਕਰੇ ਯੁਧ, ਘਰ ਘਰ ਮੰਗੇ ਹਾਲਾ। ਅੰਤਮ ਰਹਿਣ ਨਾ ਦੇਵੇ ਕਿਸੇ ਦੀ ਸੁਧ, ਸੁਰਤੀ ਸੁਰਤ ਹੋਏ ਬੇਹਾਲਾ। ਮਾਰ ਛਾਲ ਚੜ੍ਹੇ ਕੁੱਦ, ਸਭ ਦਾ ਕੱਢੇ ਦੀਵਾਲਾ। ਮੇਰੇ ਨਾਉਂ ਨਾ ਸਕੇ ਕੋਈ ਉਡ, ਗਲ ਪਾ ਪਾ ਬੈਠਣ ਅਠੋਤਰੀ ਮਾਲਾ। ਅੰਦਰ ਵੜੇ ਦਵੈਤੀ ਫੁੱਟ, ਕਾਮੀ ਕਪਟੀ ਮੁਖੜਾ ਕਾਲਾ। ਮੇਰੇ ਨਾਉਂ ਰਹੇ ਨਾ ਕਿਸੇ ਸੁਧ, ਕਲਜੁਗ ਤੇਰਾ ਵਰਤੇ ਜਗਤ ਜੰਜਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸਿਆ ਰਾਹ ਸੁਖਾਲਾ। ਦੱਸਿਆ ਸੁਖਾਲਾ ਰਾਹ, ਹਰਿ ਸਾਚੇ ਸਚ ਜਣਾਇਆ। ਕਲਜੁਗ ਤੇਰੇ ਨਾਲ ਰਲਾਵਾਂ ਇਕ ਮਲਾਹ, ਆਪਣਾ ਹੁਕਮ ਸੁਣਾਇਆ। ਮੁਕਾਮੇ ਹੱਕ ਹੱਕ ਮਿਲੇ ਪਨਾਹ, ਪਨਾਹਗੀਰ ਆਪ ਅਖਵਾਇਆ। ਤੇਰਾ ਮੁਕਾਮ ਵੇਖ ਫ਼ਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇਆ। ਆਪਣੀ ਦਇਆ ਕਮਾਇੰਦਾ, ਕਿਰਪਾਨਿਧ ਗਹਿਰ ਗੁਣ ਸਾਗਰ। ਕਲਜੁਗ ਤੇਰਾ ਸੰਗ ਨਿਭਾਇੰਦਾ, ਤੇਰਾ ਕਰਮ ਕਰੇ ਉਜਾਗਰ। ਈਸਾ ਮੂਸਾ ਜੋਤ ਜਗਾਇੰਦਾ, ਸੰਗ ਮੁਹੰਮਦ ਨਾਮ ਦੇਵੇ ਰਤੀ ਰਤਨਾਗਰ। ਚਾਰ ਯਾਰੀ ਬੰਧਨ ਪਾਇੰਦਾ, ਏਕਾ ਕਲਮਾ ਕਰੇ ਸੌਦਾਗਰ। ਏਕਾ ਹੂ ਹੂ ਨਾਅਰਾ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਬਹਾਦਰ। ਈਸਾ ਮੂਸਾ ਤੇਰਾ ਸੰਗ, ਸੰਗ ਮੁਹੰਮਦ ਚਾਰ ਯਾਰ ਮਰਦੰਗ ਵਜਾਈਆ। ਚਾਰੋਂ ਕੁੰਟ ਤੇਰੀ ਵਸਤ ਭੇਖ ਪਖੰਡ, ਜੂਠ ਝੂਠ ਨਾਲ ਮਿਲਾਈਆ। ਕੋਇ ਨਾ ਮੰਗੇ ਏਕਾ ਮੰਗ, ਆਲਮੀਨ ਨੂਰ ਨੁਰਾਨਾ ਵੇਖੇ ਨਾ ਕੋਇ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਹੁਕਮ ਦਏ ਵਰਤਾਈਆ। ਕਲਜੁਗ ਸੁਣਿਆ ਹਰਿ ਫ਼ਰਮਾਨਾ, ਹੋਇਆ ਦਰ ਹੈਰਾਨਾ। ਝੱਲਿਆ ਨਾ ਜਾਏ ਤੇਰਾ ਭਾਣਾ, ਮੇਰੇ ਸ਼ਹਿਨਸ਼ਾਹ ਸੁਲਤਾਨਾ। ਚਾਰ ਕੁੰਟ ਝੂਠ ਮਕਾਨਾ, ਕੂੜੀ ਕਿਰਿਆ ਘਰ ਘਰ ਇਕ ਵਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਦਵਾਰੇ ਵਰ, ਆਪਣਾ ਘਰ ਨਾ ਮੋਹੇ ਭੁਲਾਨਾ। ਪੁਰਖ ਅਬਿਨਾਸ਼ੀ ਦਇਆ ਕਮਾ, ਆਪਣੀ ਦਇਆ ਕਮਾਇੰਦਾ। ਆਪਣਾ ਦਰ ਨਾ ਦਏ ਭੁਲਾ, ਗੁਰ ਗੁਰ ਸੇਵ ਕਮਾਇੰਦਾ। ਨਾਨਕ ਨਿਰਗੁਣ ਸਰਗੁਣ ਵੇਸ ਵਟਾ, ਜੋਤੀ ਜਾਤਾ ਜੋਤ ਡਗਮਗਾਇੰਦਾ। ਪੁਰਖ ਅਕਾਲਾ ਮੇਲ ਮਿਲਾ, ਦੀਨ ਦਿਆਲਾ ਰੰਗ ਵਖਾਇੰਦਾ। ਸਾਚੀ ਮਾਲਾ ਗਲ ਵਿਚ ਪਾ, ਨਾਮ ਸੁਖਾਲਾ ਇਕ ਸਮਝਾਇੰਦਾ। ਨਾਮ ਸਤਿ ਦਏ ਵਰਤਾ, ਆਪਣੀ ਵਸਤ ਆਪ ਵਰਤਾਇੰਦਾ। ਚਾਰ ਵਰਨਾਂ ਝੋਲੀ ਪਾ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਰੰਗ ਵਖਾਇੰਦਾ। ਭਰਮੀਆਂ ਭਰਮ ਗੜ੍ਹ ਦਏ ਤੁੜਾ, ਆਤਮ ਦਰਸੀ ਆਤਮ ਦਰਸ ਕਰਾਇੰਦਾ। ਪੰਚਮ ਨਾਦ ਸ਼ਬਦ ਧੁੰਨ ਵਜਾ, ਅਨਾਦੀ ਨਾਦ ਅਲਾਇੰਦਾ। ਸਾਚੀ ਸਖ਼ੀਆਂ ਮੰਗਲ ਗਾ, ਗੀਤ ਗੋਬਿੰਦ ਆਪੇ ਗਾਇੰਦਾ। ਆਪਣੀ ਸੇਜਾ ਸੋਭਾ ਪਾ, ਆਪਣਾ ਪਰਮ ਪੁਰਖ ਮਨਾਇੰਦਾ। ਆਪਣਾ ਪ੍ਰੀਤਮ ਅੰਗ ਲਗਾ, ਆਪਣੀ ਸੇਜ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸੰਗ ਨਿਭਾਇੰਦਾ। ਤੇਰਾ ਸੰਗ ਨਿਭਾਏ ਸੰਗਾ, ਸਗਲਾ ਸੰਗ ਨਿਭਾਈਆ। ਏਕਾ ਨਾਮ ਵਜਾਏ ਮਰਦੰਗਾ, ਮਰਦੰਗ ਹੱਥ ਉਠਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘਾ, ਆਪਣਾ ਪੰਧ ਆਪ ਮੁਕਾਈਆ। ਉਚੀ ਕੂਕ ਕੂਕ ਲੱਖ ਚੁਰਾਸੀ ਸੁਣਾਏ ਅੰਤਮ ਕੰਢਾ, ਜੀਵ ਜੰਤ ਜੰਤ ਉਠਾਈਆ। ਬਿਨ ਹਰਿ ਨਾਮੇ ਕੋਇ ਪਾਰ ਨਾ ਲੰਘਾ, ਬਿਨ ਸਤਿਗੁਰ ਹਰਿ ਕਾ ਨਾਉਂ ਹੱਥ ਕਿਸੇ ਨਾ ਆਈਆ। ਪੰਜ ਤੱਤ ਕਾਇਆ ਮਾਟੀ ਪੁਤਲਾ ਗੰਦਾ, ਕਾਮ ਕਰੋਧ ਲੋਭ ਮੋਹ ਹੰਕਾਰ ਬੈਠੇ ਆਸਣ ਲਾਈਆ। ਜੋ ਜਨ ਗਾਏ ਗੁਰ ਕਾ ਛੰਦਾ, ਗੁਰ ਮੇਲੇ ਸਹਿਜ ਸੁਭਾਈਆ। ਬੰਦ ਖ਼ਲਾਸੀ ਕਰੇ ਬੰਦੀ ਬੰਦਾ, ਬੰਦੀਖਾਨਾ ਦਏ ਤੁੜਾਈਆ। ਜੋਤ ਨਿਰੰਜਣ ਚਾੜ੍ਹੇ ਚੰਦਾ, ਘਰ ਜੋਤ ਕਰੇ ਰੁਸ਼ਨਾਈਆ। ਦੀਨ ਦਿਆਲ ਠਾਕਰ ਸਾਹਿਬ ਸਵਾਮੀ ਸਦਾ ਬਖ਼ਸ਼ੰਦਾ, ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਵਸਤ ਅਮੋਲਕ ਆਪ ਵਰਤਾਏ, ਕਾਇਆ ਗੋਲਕ ਹਰਿਜਨ ਭੰਡਾਰਾ ਆਪ ਭਰਾਈਆ। ਨਾਨਕ ਜਣਾਇਆ ਹਰਿ ਹਰਿ ਨਾਮ, ਸਤਿ ਨਾਮ ਵਡਿਆਇਆ। ਪੂਰਨ ਕਰੇ ਹਰਿਜਨ ਕਾਮ, ਆਸਾ ਤ੍ਰਿਸ਼ਨਾ ਦਏ ਮਿਟਾਇਆ। ਅੰਮ੍ਰਿਤ ਆਤਮ ਪਿਆਏ ਜਾਮ, ਮਦਿ ਹੋਰ ਨਾ ਕੋਇ ਵਖਾਇਆ। ਘਰ ਘਰ ਵਿਚ ਮਿਲਾਏ ਰਾਮ, ਜਗਤ ਵਿਛੋੜਾ ਦਏ ਕਟਾਇਆ। ਸੁਰਤ ਸੁਵਾਣੀ ਦਏ ਪੈਗ਼ਾਮ, ਸਚ ਸੰਦੇਸਾ ਇਕ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਰਿਹਾ ਸਮਝਾਇਆ। ਲੱਖ ਚੁਰਾਸੀ ਉਠਣਾ ਜਾਗ, ਹਰਿ ਕਾ ਨਾਉਂ ਜਗਾਇੰਦਾ। ਕਬੀਰ ਜੁਲਾਹੇ ਸੁਣਾਈ ਆਵਾਜ਼, ਸਚ ਮਹਿਰਾਬੇ ਦਰਸਨ ਪਾਇੰਦਾ। ਹੰਸ ਬਣਾਏ ਕਾਗ, ਜੋ ਜਨ ਸਰਨਾਈ ਆਇੰਦਾ। ਦੀਪਕ ਜਗਾਏ ਚਿਰਾਗ਼, ਅੰਧ ਅੰਧੇਰ ਮਿਟਾਇੰਦਾ। ਜਗਤ ਨਾਤਾ ਤੋੜੇ ਸਾਕ, ਆਪਣਾ ਬੰਧਨ ਪਾਇੰਦਾ। ਬੰਦ ਤਾਕੀ ਖੋਲ੍ਹੇ ਤਾਕ, ਘਰ ਘਰ ਵਿਚ ਆਪ ਵਖਾਇੰਦਾ। ਸਤਿਗੁਰ ਪੂਰਾ ਆਪ ਚੜ੍ਹਾਏ ਆਪਣੇ ਘਾਟ, ਰਾਹ ਵਿਚ ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦੇਵੇ ਆਪਣਾ ਨਾਮ ਵਰ, ਲੋਕਮਾਤ ਆਪ ਚਲਾਇੰਦਾ। ਜੁਗ ਜੁਗ ਨਾਮ ਜਪਾਇਆ, ਹਰਿ ਭਗਤਨ ਮਾਰਗ ਲਾ। ਨਾਨਕ ਨਿਰਗੁਣ ਸਰਗੁਣ ਸਮਝਾਇਆ, ਪੁਰਖ ਅਕਾਲ ਦਇਆ ਕਮਾ। ਅੰਤਮ ਕਲਜੁਗ ਭੇਵ ਚੁਕਾਇਆ, ਅਗੰਮ ਅਗੰਮਾ ਪਰਦਾ ਲਾਹ। ਵਿਸ਼ਨ ਬ੍ਰਹਮਾ ਸ਼ਿਵ ਦਰ ਬਹਾਇਆ, ਨਾਨਕ ਨਿਰਗੁਣ ਕਰੇ ਸਲਾਹ। ਚਾਰ ਜੁਗ ਸੇਵ ਕਮਾਇਆ, ਲੱਖ ਚੁਰਾਸੀ ਬਣ ਮਲਾਹ। ਏਕਾ ਜੋਤ ਨੂਰ ਰੁਸ਼ਨਾਇਆ, ਘਟ ਘਟ ਰਿਹਾ ਡਗਮਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਦਏ ਜਣਾ। ਨਾਨਕ ਨਾਮ ਜਣਾਇਆ, ਪੁਰਖ ਅਬਿਨਾਸ਼ੀ ਦੀਨਾ ਨਾਥ। ਆਪਣਾ ਨੂਰ ਆਪ ਦਰਸਾਇਆ, ਆਪ ਆਪਣਾ ਰੱਖਿਆ ਸਾਥ। ਸੋ ਪੁਰਖ ਨਿਰੰਜਣ ਆਪ ਵਡਿਆਇਆ, ਹੰ ਸੁਣਾਏ ਆਪਣੀ ਗਾਥ। ਸੋਹੰ ਨਾਨਕ ਝੋਲੀ ਪਾਇਆ, ਨਾਮ ਸਤਿ ਮਸਤਕ ਮਾਥ। ਜੋਤ ਨਿਰੰਜਣ ਡਗਮਗਾਇਆ, ਰਾਰੰ ਰੂਪ ਆਪ ਅਨਾਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਘਾਟ। ਨਿਰਗੁਣ ਸਰਗੁਣ ਬੋਲ ਜੈਕਾਰਾ, ਨਾਨਕ ਪੰਜ ਤੱਤ ਸਮਝਾਈਆ। ਜੁਗ ਜੁਗ ਔਂਦੇ ਰਹੇ ਗੁਰ ਅਵਤਾਰਾ, ਹਰਿ ਹਰਿ ਨਾਉਂ ਗਾਈਆ। ਚਾਰ ਜੁਗ ਦਾ ਪਾਰ ਕਿਨਾਰਾ, ਚੌਥਾ ਜੁਗ ਦਏ ਗਵਾਹੀਆ। ਨੌਂ ਸੌ ਚੁਰਾਨਵਾਂ ਚੌਕੜੀ ਉਤਰੇ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਕੋਟਨ ਕੋਟ ਰਾਮ ਕ੍ਰਿਸ਼ਨ ਅਵਤਾਰਾ, ਨਾਨਕ ਨਿਰਗੁਣ ਰਹੇ ਜਸ ਗਾਈਆ। ਦਰ ਦਰਵੇਸ਼ ਬਣ ਭਿਖਾਰਾ, ਕਬੀਰ ਜੁਲਾਹਾ ਸੀਸ ਝੁਕਾਈਆ। ਏਕਾ ਜੋਤੀ ਹੋਏ ਸਹਾਰਾ, ਦਸ ਦਸ ਨੂਰ ਨੂਰ ਰੁਸ਼ਨਾਈਆ। ਆਦਿ ਉਪਾਇਆ ਆਪਣਾ ਸੁਤ ਦੁਲਾਰਾ, ਆਪਣਾ ਸ਼ਬਦ ਪਰਗਟਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਕਰੇ ਖੇਲ ਨਿਆਰਾ, ਅੰਤਮ ਕਲਜੁਗ ਆਪਣਾ ਸੁਤ ਗੋਬਿੰਦ ਵੇਸ ਵਟਾਈਆ। ਗੋਬਿੰਦ ਪੰਜ ਤੱਤ ਕਾਇਆ ਚੋਲੀ ਅੰਤ ਚੜ੍ਹੇ ਕਲਜੁਗ ਖਾਰਾ, ਝੂਠੀ ਕਿਰਿਆ ਦਏ ਮਿਟਾਈਆ। ਪਰਗਟ ਹੋਵੇ ਫੇਰ ਸੰਸਾਰਾ, ਨਿਰਗੁਣ ਨਿਰਗੁਣ ਕਰ ਰੁਸ਼ਨਾਈਆ। ਨਾਉਂ ਧਰਾਏ ਮਹਾਂਬਲੀ ਅਵਤਾਰਾ, ਨਿਹਕਲੰਕਾ ਬੇਪਰਵਾਹੀਆ। ਜੁਗ ਚੌਕੜੀ ਗੁਰ ਅਵਤਾਰਾਂ ਜੋ ਦੇਂਦਾ ਰਿਹਾ ਸਹਾਰਾ, ਸਾਧਾਂ ਸੰਤਾਂ ਸਿਰ ਆਪਣਾ ਹੱਥ ਰਖਾਈਆ। ਕਲਜੁਗ ਅੰਤਮ ਕਰੇ ਖੇਲ ਨਿਆਰਾ, ਹਰਿ ਕਾ ਭੇਵ ਕੋਇ ਨਾ ਪਾਈਆ। ਨੌਂ ਖੰਡ ਪ੍ਰਿਥਮੀ ਵੇਖੇ ਲੱਗਾ ਅਖਾੜਾ, ਸੱਤਾਂ ਦੀਪਾਂ ਲਏ ਜਣਾਈਆ। ਸੁਰਤ ਸੁਵਾਣੀ ਹੋਈ ਨਾਰ ਵਿਭਚਾਰਾ, ਸਾਚਾ ਕੰਤ ਨਾ ਕੋਇ ਹੰਢਾਈਆ। ਜੋਗ ਅਭਿਆਸ ਕਰ ਕਰ ਥੱਕੇ ਅੰਦਰ ਵੜ ਡੂੰਘੀ ਗਾਰਾ, ਮਨ ਕਾ ਮਣਕਾ ਨਾ ਕੋਇ ਭੁਆਈਆ। ਪੁਰਖ ਅਕਾਲ ਵੇਖਣਹਾਰਾ, ਨਿਰਗੁਣ ਦਾਤਾ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਲੈ ਅਵਤਾਰਾ, ਕੂੜੀ ਮੇਟੇ ਝੂਠੀ ਸ਼ਾਹੀਆ। ਸਚ ਸੁੱਚ ਕਰੇ ਪਸਾਰਾ, ਸਾਚੀ ਸਿਖਿਆ ਦਏ ਸਮਝਾਈਆ। ਏਕਾ ਨਾਉਂ ਹਰਿ ਨਿਰੰਕਾਰਾ ਦੂਸਰ ਨਾਉਂ ਨਾ ਕੋਇ ਵਖਾਈਆ। ਏਕਾ ਹੱਟ ਇਕ ਵਣਜਾਰਾ, ਏਕਾ ਬੈਠਾ ਆਸਣ ਲਾਈਆ। ਏਕਾ ਦਰ ਇਕ ਦਵਾਰਾ, ਦੇਵਣਹਾਰ ਬੇਪਰਵਾਹੀਆ। ਕਲਜੁਗ ਅੰਤਮ ਆਤਮ ਬ੍ਰਹਮ ਭੁੱਲਾ ਸਰਬ ਸੰਸਾਰਾ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਘਰ ਘਰ ਮੰਦਰ ਗੁਰਦਰ ਠਾਕਰ ਦਵਾਰਾ, ਅਠਸਠ ਬੈਠੇ ਆਪਣਾ ਘਾਟ ਬਣਾਈਆ। ਕੋਈ ਕਹੇ ਮੈਂ ਅਗੰਮ ਘਰ ਦਾ ਬਣਿਆ ਲਾੜਾ, ਕੋਈ ਅਲਖ ਅਲਖ ਅਲਖ ਆਪ ਅਖਵਾਈਆ। ਕੋਈ ਕਹੇ ਮੈਂ ਸਚਖੰਡ ਬਣਿਆ ਬਣ ਸਚ ਨਿਰੰਕਾਰਾ, ਨਿਰਗੁਣ ਮੇਰਾ ਰੂਪ ਅਖਵਾਈਆ। ਕੋਈ ਕਹੇ ਮੈਂ ਥਿਰ ਘਰ ਖੋਲ੍ਹਿਆ ਆਪ ਕਿਵਾੜਾ, ਮੇਰੀ ਮਹਿਮਾ ਵੇਦ ਪੁਰਾਨ ਰਹੇ ਜਸ ਗਾਈਆ। ਕੋਈ ਕਹੇ ਵਿਸ਼ਨ ਬ੍ਰਹਮਾ ਸ਼ਿਵ ਮੇਰੇ ਚਰਨ ਆਧਾਰਾ, ਮੈਂ ਸਭ ਦਾ ਸੱਚਾ ਮਾਹੀਆ। ਕੋਈ ਕਹੇ ਮੈਂ ਕਲਜੁਗ ਦਾ ਸੱਚਾ ਅਵਤਾਰਾ, ਮੇਰੇ ਹੱਥ ਧੁਰ ਦਰਗਹਿ ਦੀ ਸੱਚੀ ਸ਼ਾਹੀਆ। ਕੋਈ ਕਹੇ ਮੈਂ ਸੁਰਤੀ ਦਾ ਸ਼ਾਹ ਸਿਕਦਾਰਾ, ਸੁਰਤੀ ਸ਼ਬਦ ਨਾਲ ਮਿਲਾਈਆ। ਕੋਈ ਕਹੇ ਮੇਰੇ ਘਰ ਅੰਮ੍ਰਿਤ ਭੰਡਾਰਾ, ਸਰੋਵਰ ਸਾਚੇ ਦਿਆਂ ਨੁਹਾਈਆ। ਪੁਰਖ ਅਬਿਨਾਸ਼ੀ ਹੋ ਉਜਿਆਰਾ, ਕਲਜੁਗ ਅੰਤਮ ਖੇਲ ਖਿਲਾਈਆ। ਸਾਧਾਂ ਸੰਤਾਂ ਦਿਤਾ ਹੁਲਾਰਾ, ਭੁਲ ਕੋਇ ਨਾ ਜਾਈਆ। ਆਓ ਸੰਤੋ ਲੱਗਾ ਅਖਾੜਾ, ਪ੍ਰਭ ਸਾਚਾ ਮਾਤ ਲਗਾਈਆ। ਵੇਖਣਹਾਰਾ ਡੂੰਘੀ ਗਾਰਾ, ਘਰ ਘਰ ਵਿਚ ਫੋਲ ਵਖਾਈਆ। ਪਹਿਲਾ ਦੂਜਾ ਤੀਜਾ ਚੌਥਾ ਵੇਖੇ ਬਣਿਆ ਮਨਾਰਾ, ਪੰਚਮ ਵੇਖੇ ਖੇਲ ਬੇਪਰਵਾਹੀਆ। ਛੇਵਾਂ ਛੱਪਰ ਛੰਨ ਨਾ ਕੋਇ ਸਹਾਰਾ, ਸਤਵਾਂ ਸਤਿ ਸਤਿਵਾਦੀ ਆਪਣਾ ਸਾਂਗ ਵਰਤਾਈਆ। ਅੱਠਾਂ ਤੱਤਾਂ ਨਾ ਕੋਇ ਪਸਾਰਾ, ਨੌਂ ਦਵਾਰ ਨਾ ਖੋਜੇ ਖੋਜ ਖੁਜਾਈਆ। ਦਸਮ ਦਵਾਰੀ ਖੇਲ ਨਿਆਰੀ, ਨਿਰਗੁਣ ਦੀਆ ਨਿਰਗੁਣ ਬਾਤੀ, ਕਮਲਾਪਾਤੀ ਬੈਠਾ ਆਪ ਜਗਾਈਆ। ਬਣਿਆ ਸਾਕੀ ਖੋਲ੍ਹੇ ਤਾਕੀ ਚੁਕਾਏ ਬਾਕੀ, ਲਹਿਣਾ ਕੋਇ ਰਹਿਣ ਨਾ ਪਾਈਆ। ਮਾਤਲੋਕ ਰਹਿਣ ਨਾ ਦੇਵੇ ਕੋਇ ਆਕੀ, ਜੇ ਕੋਈ ਕਹੇ ਮੈਂ ਸਚਖੰਡ ਬੈਠਾ ਆਸਣ ਲਾਈਆ। ਸੁਰਤ ਸੁਵਾਣੀ ਚੜ੍ਹ ਨਾ ਸਕੇ ਆਪਣੀ ਹਾਟੀ, ਕਾਇਆ ਮਾਟੀ ਖ਼ਾਕ ਖ਼ਾਕ ਵਿਚ ਮਿਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਜਿਸ ਜਨ ਲਾਏ ਆਪਣੀ ਛਾਤੀ, ਨਾਮ ਭੰਡਾਰਾ ਏਕਾ ਵਾਰ ਝੋਲੀ ਪਾਈਆ। ਮੇਟੇ ਰੈਣ ਅੰਧੇਰੀ ਰਾਤੀ, ਸਾਚਾ ਚੰਦ ਕਰੇ ਰੁਸ਼ਨਾਈਆ। ਸਾਚੇ ਸੰਤਾਂ ਸਾਚੇ ਭਗਤਾਂ ਮੇਲ ਮਿਲਾਵਾ ਕਮਲਾਪਾਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਦਿ ਜੁਗਾਦਿ ਵਰਤਾਈਆ। ਕਲਜੁਗ ਅੰਤਮ ਨਾਮ ਵਰਤੌਣਾ, ਚਾਰ ਵਰਨ ਹਰਿ ਧਾਰ। ਆਤਮ ਬ੍ਰਹਮ ਸਰਬ ਦਰਸੌਣਾ, ਜ਼ਾਤ ਪਾਤ ਨਾ ਕੋਇ ਵਿਚਾਰ। ਊਚ ਨੀਚ ਤੇਰਾ ਪਰਦਾ ਲੌਹਣਾ, ਰਾਓ ਰੰਕ ਇਕ ਦਵਾਰ। ਘਟ ਘਟ ਅੰਦਰ ਦੀਪਕ ਜੋਤ ਜਗੌਣਾ, ਮੁੱਕੇ ਅੰਧ ਅੰਧਿਆਰ। ਅਨਹਦ ਨਾਦੀ ਸ਼ਬਦ ਸੁਣੌਣਾ, ਛੱਤੀ ਰਾਗ ਨਾ ਪਾਵਣ ਸਾਰ। ਫੜ ਫੜ ਕਾਗੀ ਹੰਸ ਬਣੌਣਾ, ਕਾਗ ਉਠਾਏ ਹੰਸਾਂ ਡਾਰ। ਮਾਣਕ ਮੋਤੀ ਨਾਮ ਚੁਗੌਣਾ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਸਾਚੀ ਚੋਟੀ ਆਪ ਚੜ੍ਹੌਣਾ, ਕਿਰਪਾ ਕਰੇ ਸ੍ਰੀ ਭਗਵਾਨ। ਵਾਸਨਾ ਖੋਟੀ ਦਰ ਕਢੌਣਾ, ਨਾਤਾ ਤੋੜੇ ਪੰਜ ਸ਼ੈਤਾਨ। ਏਕਾ ਓਟ ਹਰਿ ਦਰਸੌਣਾ, ਆਦਿ ਅੰਤ ਹੋਏ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਾ ਨਾਉਂ ਹਰਿਜਨ ਕਰਨ ਪਰਵਾਨ। ਹਰਿਜਨ ਕਰੇ ਨਾਮ ਪਰਵਾਨ, ਮਨਮੁਖ ਨੇੜ ਕਦੇ ਨਾ ਆਈਆ। ਹਰਿਜਨ ਸੁਣੇ ਜਸ ਭਗਵਾਨ, ਮਨਮੁਖ ਗੂੜ੍ਹੀ ਨੀਦ ਸਵਾਈਆ। ਹਰਿਜਨ ਮੰਗੇ ਏਕਾ ਦਾਨ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਤੇਰਾ ਨਾਉਂ ਮੇਰੀ ਵਡਿਆਈਆ। ਮਨਮੁਖ ਮੰਗੇ ਨਾਤਾ ਪੰਜ ਸ਼ੈਤਾਨ, ਜੂਠ ਝੂਠ ਵੱਜੇ ਵਧਾਈਆ। ਦੋਹਾਂ ਖੇਲ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪ ਖਿਲਾਈਆ। ਕਲਜੁਗ ਅੰਤਮ ਹੋ ਪਰਧਾਨ, ਪਰਮ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਚਾਰ ਵਰਨਾਂ ਇਕ ਗਿਆਨ, ਚਾਰੋਂ ਕੁੰਟ ਦਏ ਸਮਝਾਈਆ। ਸੋ ਪੁਰਖ ਨਿਰੰਜਣ ਨੌਜਵਾਨ, ਹੰ ਬ੍ਰਹਮ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਨਾਮ ਦਏ ਵਡਿਆਈਆ। ਹਰਿ ਕਾ ਨਾਉਂ ਸੂਰਬੀਰ, ਬਲੀ ਬਲਵਾਨ ਅਖਵਾਇੰਦਾ। ਹਰਿ ਕਾ ਨਾਉਂ ਨਿਰਾਲਾ ਤੀਰ, ਗੁਰਮੁਖ ਵਿਰਲੇ ਘਾਓ ਲਗਾਇੰਦਾ। ਹਰਿ ਕਾ ਨਾਉਂ ਬਜਰ ਕਪਾਟੀ ਦੇਵੇ ਚੀਰ, ਪਰਦਾ ਦੂਈ ਦਵੈਤ ਉਠਾਇੰਦਾ। ਹਰਿ ਕਾ ਨਾਉਂ ਕੱਢੇ ਪੀੜ, ਬਿਰਹੋਂ ਪੀੜ ਨਾ ਕੋਇ ਜਣਾਇੰਦਾ। ਹਰਿ ਕਾ ਨਾਉਂ ਚੋਟੀ ਚਾੜ੍ਹੇ ਅਖ਼ੀਰ, ਜਗਤ ਮੰਜ਼ਲ ਪੰਧ ਮੁਕਾਇੰਦਾ। ਹਰਿ ਕਾ ਨਾਉਂ ਬਦਲੇ ਤਕ਼ਦੀਰ, ਤਦਬੀਰ ਆਪਣੀ ਇਕ ਸਮਝਾਇੰਦਾ। ਹਰਿ ਕਾ ਨਾਉਂ ਕੱਟੇ ਜ਼ੰਜੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਮ ਜਗਤ ਚਲਾਇੰਦਾ। ਏਕਾ ਨਾਮ ਚਲੌਣਾ ਜਗ, ਸਤਿਗੁਰ ਸਾਚਾ ਦਇਆ ਕਮਾਈਆ। ਗੁਰਸਿਖਾਂ ਰਖਾਏ ਉਪਰ ਸ਼ਾਹ ਰਗ, ਨੌਂ ਦਵਾਰੇ ਪਾਰ ਕਰਾਈਆ। ਡੂੰਘੀ ਭਵਰੀ ਟੇਢੀ ਬੰਕ ਦੇਵੇ ਕੱਢ, ਹੋਏ ਆਪ ਸਹਾਈਆ। ਆਤਮ ਸੇਜਾ ਲਡਾਏ ਲਡ, ਜਿਉਂ ਬਾਲਕ ਮਾਤਾ ਮਾਈਆ। ਆਪਣੇ ਘਰ ਆਪੇ ਲਏ ਸੱਦ, ਸਚ ਸੰਦੇਸਾ ਇਕ ਸੁਣਾਈਆ। ਜੋ ਜਨ ਗਾਏ ਸੋਹੰ ਸੁਹਾਗੀ ਛੰਦ, ਤਿਸ ਆਤਮ ਪਰਮਾਤਮ ਏਕਾ ਰੰਗ ਵਖਾਈਆ। ਅੱਠੇ ਪਹਿਰ ਰਖਾਏ ਪਰਮਾਨੰਦ, ਨਿਜਾਨੰਦ ਦਏ ਵਡਿਆਈਆ। ਮਨਮੁਖ ਜੀਵ ਭਾਗਾਂਮੰਦ, ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤ ਦਵਾਰੇ ਵਖਾਏ ਏਕਾ ਅਨੰਦ, ਅਨੰਦ ਮੰਗਲ ਏਕਾ ਗਾਈਆ। ਸੰਤ ਦਵਾਰਾ ਸਚ ਅਨੰਦਾ, ਅਨੰਦ ਮੰਗਲ ਹਰਿ ਗਾਇਆ। ਸੰਤ ਦਵਾਰੇ ਸਾਚਾ ਚੰਦਾ, ਸਤਿ ਪੁਰਖ ਨਿਰੰਜਣ ਆਪ ਚੜ੍ਹਾਇਆ। ਸੰਤ ਦਵਾਰਾ ਉਚ ਨਵ ਖੰਡਾ, ਕੋਟਨ ਬ੍ਰਹਿਮੰਡ ਚਰਨਾਂ ਹੇਠ ਦਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸੰਤ ਆਪਣਾ ਨਾਮ ਜਣਾਇਆ। ਸੰਤ ਜਣਾਏ ਜਾਣੇ ਜਨ, ਜਾਨਣਹਾਰ ਗੋਪਾਲਾ। ਸੰਤ ਸਾਜਣ ਸਤਿਗੁਰ ਗਏ ਬਣ, ਏਕਾ ਪਾਈ ਨਾਮ ਸੱਚੀ ਮਾਲਾ। ਏਕਾ ਨੂਰ ਏਕਾ ਚੰਨ, ਏਕਾ ਜੋਤ ਜੋਤ ਉਜਾਲਾ। ਏਕਾ ਰਾਗ ਏਕਾ ਕੰਨ, ਏਕਾ ਦਵਾਰ ਸੱਚੀ ਧਰਮਸਾਲਾ। ਏਕਾ ਬੇੜਾ ਦੇਵੇ ਬੰਨ੍ਹ ਤੋੜਣਹਾਰ ਜਗਤ ਜੰਜਾਲਾ। ਜਿਸ ਜਨ ਦੇਵੇ ਨਾਮ ਧਨ, ਸੋ ਹੋਏ ਨਾ ਮਾਤ ਕੰਗਾਲਾ। ਹਰਿ ਜਨ ਤੇਰਾ ਵਸੇਰਾ ਬਿਨ ਛੱਪਰੀ ਛੰਨ, ਪੁਰਖ ਅਬਿਨਾਸ਼ੀ ਤੇਰਾ ਰਖਵਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸਦਾ ਪ੍ਰਿਤਪਾਲਾ। ਪ੍ਰਿਤਪਾਲ ਕਰੇ ਸਦਾ ਪ੍ਰਿਤਪਾਲਕ, ਆਦਿ ਜੁਗਾਦਿ ਵਡਿਆਈਆ। ਖ਼ਲਕਤ ਵੇਖੇ ਹਰਿ ਹਰਿ ਖ਼ਾਲਕ, ਖ਼ਾਲਕ ਮਖ਼ਲੂਕ ਖੇਲ ਖਿਲਾਈਆ। ਜਨ ਭਗਤਾਂ ਬਣਿਆ ਸਾਚਾ ਸਾਲਸ, ਸਚ ਸਾਲਸੀ ਆਪ ਕਮਾਈਆ। ਨਾਤਾ ਤੋੜੇ ਨਿੰਦਰਾ ਆਲਸ, ਸਾਚਾ ਨਾਮ ਝੋਲੀ ਪਾਈਆ। ਏਕਾ ਨਾਮ ਵਖਾਏ ਖ਼ਾਲਸ, ਬ੍ਰਹਮ ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਏਕਾ ਨਾਮ ਰਿਹਾ ਜਪਾਈਆ। ਅੰਮ੍ਰਿਤ ਬਰਖਾ ਗੁਰਸਿਖ ਅੰਦਰ, ਮਨਮੁਖ ਅਗਨੀ ਅੱਗ ਜਲਾਈਆ। ਅੰਮ੍ਰਿਤ ਬਰਖਾ ਗੁਰਸਿਖ ਮੰਦਰ, ਮਨਮੁਖ ਧੂੰਆਂਧਾਰ ਰਖਾਈਆ। ਅੰਮ੍ਰਿਤ ਬਰਖਾ ਗੁਰਸਿਖ ਤੇਰੀ ਡੂੰਘੀ ਕੰਦਰ, ਮਨਮੁਖ ਬੈਠੇ ਮੁਖ ਛੁਪਾਈਆ। ਅੰਮ੍ਰਿਤ ਬਰਖਾ ਤੋੜੇ ਜੰਦਰ, ਤ੍ਰੈ ਧਾਤੂ ਤਾਲਾ ਰਹਿਣ ਨਾ ਪਾਈਆ। ਅੰਮ੍ਰਿਤ ਬਰਖਾ ਫੁਲ ਫੁਲਵਾੜੀ ਮਹਿਕਾਏ ਕਾਇਆ ਖੰਡਰ, ਪੱਤ ਪੱਤ ਡਾਲ੍ਹੀ ਤਨ ਮਹਿਕਾਈਆ। ਅੰਮ੍ਰਿਤ ਬਰਖਾ ਮੂਰਛਾ ਕਰੇ ਮਨ ਬੰਦਰ, ਉਠ ਉਠ ਨਾ ਦਹਿ ਦਿਸ਼ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਬਰਖਾ ਦਏ ਸਮਝਾਈਆ। ਅੰਮ੍ਰਿਤ ਬਰਖਾ ਆਤਮ ਰਸ, ਗੁਰਮੁਖ ਵਿਰਲਾ ਪਾਇੰਦਾ। ਸਤਿਗੁਰ ਪੂਰਾ ਦੇਵੇ ਹੱਸ ਹੱਸ, ਆਪਣਾ ਭੰਡਾਰਾ ਆਪ ਵਰਤਾਇੰਦਾ। ਆਪਣੀ ਹੱਥੀਂ ਕਰ ਕਿਰਪਾ ਗੁਰਸਿਖ ਤੇਰੇ ਅੰਦਰ ਦੇਵੇ ਰੱਖ, ਫੇਰ ਬਾਹਰ ਨਾ ਕੋਇ ਕਢਾਇੰਦਾ। ਆਪਣੇ ਪਰਦੇ ਦੇਵੇ ਢਕ, ਜਗਤ ਪਰਦਾ ਨਾ ਕੋਇ ਪਾਇੰਦਾ। ਅੰਮ੍ਰਿਤ ਬਰਸ ਆਪ ਹੋਏ ਵਸ, ਆਪਣਾ ਰਸ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਬਰਖਾ ਆਪੇ ਲਾਇੰਦਾ। ਅੰਮ੍ਰਿਤ ਬਰਖਾ ਨਿਝਰ ਧਾਰ, ਝਿਰਨਾ ਆਪ ਝਿਰਾਈਆ। ਕਵਲੀ ਕਵਲ ਪਏ ਫੁਹਾਰ, ਬੂੰਦੀ ਬੂੰਦ ਬੂੰਦ ਟਪਕਾਈਆ। ਸੁਰਤੀ ਮੌਲੇ ਖਿੜੇ ਗੁਲਜ਼ਾਰ, ਬਸੰਤੀ ਰੁੱਤ ਆਪ ਬਣਾਈਆ। ਭੌਰਾ ਗੂੰਜੇ ਆਪ ਨਿਰੰਕਾਰ, ਕਲੀ ਕਲੀ ਵੇਖ ਮਹਿਕਾਈਆ। ਗੁਰਸਿਖ ਤੇਰੀ ਅੰਮ੍ਰਿਤ ਬਹਾਰ, ਤੇਰੀ ਕਾਇਆ ਅੰਦਰ ਸੋਭਾ ਪਾਈਆ। ਲੱਖ ਚੁਰਾਸੀ ਨਿਤ ਨਵਿਤ ਛਿਆਨਵੇ ਕਰੋੜ ਮੇਘਲਾ ਬਰਸੇ ਆਪਣੀ ਧਾਰ, ਸਾਂਤ ਕਿਸੇ ਹੱਥ ਨਾ ਆਈਆ। ਗੁਰਸਿਖ ਚਾਤਰਕ ਏਕਾ ਬੂੰਦ ਸਵਾਂਤੀ ਮੰਗੇ ਏਕਾ ਵਾਰ, ਪੀ ਪੀ ਪੀ ਪੀਆ ਆਪਣਾ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅੰਮ੍ਰਿਤ ਮੇਘ ਬਰਸਾਈਆ। ਅੰਮ੍ਰਿਤ ਮੇਘ ਠੰਡਾ ਪਾਣੀ, ਗੁਰ ਸਤਿਗੁਰ ਆਪ ਬਰਸਾਇੰਦਾ। ਸੁਰਤੀ ਮਿਲਾਏ ਸ਼ਬਦ ਹਾਣੀ, ਦੋਹਾਂ ਵਿਚੋਲਾ ਆਪ ਹੋ ਜਾਇੰਦਾ। ਆਪ ਸੁਣਾਏ ਆਪਣੀ ਅਕਥ ਕਹਾਣੀ, ਜਗਤ ਕਿਤਾਬ ਨਾ ਕੋਇ ਪੜ੍ਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ, ਜੀਵ ਜੰਤ ਜਸ ਗੌਣ ਸ਼ਾਹ ਸੁਲਤਾਨੀ, ਹਰਿ ਕਾ ਨਾਉਂ ਸ਼ਹਿਨਸ਼ਾਹ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਮ੍ਰਿਤ ਭੰਡਾਰਾ ਏਕਾ ਭਰ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਗੁਰ ਸਤਿਗੁਰ ਸੱਚਾ ਏਕ ਹੈ, ਆਦਿ ਜੁਗਾਦਿ ਸਮਾਏ। ਜੁਗ ਜੁਗ ਜਨ ਭਗਤਾਂ ਦੇਵੇ ਟੇਕ ਹੈ, ਰੂਪ ਅਨੂਪ ਵਟਾਏ। ਤ੍ਰੈਗੁਣ ਮਾਇਆ ਨਾ ਲਾਏ ਸੇਕ ਹੈ, ਜਿਸ ਜਨ ਆਪਣੀ ਬੂਝ ਬੁਝਾਏ। ਧੁਰ ਦਾ ਮਸਤਕ ਲਿਖੇ ਲੇਖ ਹੈ, ਪੂਰਬ ਲੇਖਾ ਦਏ ਚੁਕਾਏ। ਸਦ ਵਸੇ ਕਾਇਆ ਦੇਸ ਹੈ, ਹਰ ਘਰ ਆਪਣਾ ਆਸਣ ਲਾਏ। ਤਖ਼ਤ ਨਿਵਾਸੀ ਨਰ ਨਰੇਸ਼ ਹੈ, ਨਰ ਨਰਾਇਣ ਸੱਚਾ ਸ਼ਹਿਨਸ਼ਾਹੇ। ਤਿਸ ਅੱਗੇ ਚਲੇ ਨਾ ਕੋਈ ਪੇਸ਼ ਹੈ, ਮਨ ਮਮਤਾ ਦਏ ਖਪਾਏ। ਤਿਸ ਸਤਿਗੁਰ ਸਦਾ ਆਦੇਸ ਹੈ, ਜੋ ਮਨ ਕਾ ਭੌ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਇਕ ਸਮਝਾਏ। ਸਤਿਗੁਰ ਸੱਚਾ ਦੀਨ ਦਿਆਲਾ, ਆਦਿ ਜੁਗਾਦਿ ਸਮਾਇਆ। ਜੁਗਾ ਜੁਗੰਤਰ ਕਰੇ ਪ੍ਰਿਤਪਾਲਾ, ਹਰਿਜਨ ਸਾਚੇ ਲਏ ਤਰਾਇਆ। ਦੋ ਜਹਾਨ ਬਣੇ ਰਖਵਾਲਾ, ਏਥੇ ਓਥੇ ਹੋਏ ਸਹਾਇਆ। ਨੇੜ ਨਾ ਆਏ ਕਾਲ ਮਹਾਕਾਲਾ, ਜਿਸ ਸਿਰ ਆਪਣਾ ਹੱਥ ਟਿਕਾਇਆ । ਤਨ ਅੰਤਰ ਆਪਣਾ ਨਾਉਂ ਪਾਏ ਸਾਚੀ ਮਾਲਾ, ਮਨ ਕਾ ਮਣਕਾ ਆਪ ਭੁਆਇਆ। ਤ੍ਰੈਗੁਣ ਤੋੜੇ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਇਆ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲਾ, ਘਰ ਮੰਦਰ ਆਪ ਸੁਹਾਇਆ। ਘਰ ਦੀਪ ਕਰੇ ਉਜਾਲਾ, ਨਿਰਗੁਣ ਜੋਤ ਨੂਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਇਆ। ਸਤਿਗੁਰ ਸੱਚਾ ਸਦਾ ਸਮਰਥ, ਮਹਿਮਾ ਕਥ ਕਥੀ ਨਾ ਜਾਈਆ। ਗੁਰਸਿਖਾਂ ਦੇਵੇ ਨਾਮ ਵੱਥ, ਵਸਤ ਅਮੋਲਕ ਝੋਲੀ ਪਾਈਆ। ਅੰਦਰੇ ਅੰਦਰ ਮਾਰਗ ਦੱਸ, ਰਸਨਾ ਜੇਹਵਾ ਨਾ ਕੋਇ ਹਿਲਾਈਆ। ਆਪਣਾ ਤੀਰ ਨਿਰਾਲਾ ਮਾਰੇ ਬਾਣ ਕਸ, ਪੰਚ ਵਿਕਾਰਾ ਢਹਿ ਢੇਰੀ ਹੋਏ ਨਾ ਕੋਇ ਸਕੇ ਸੀਸ ਉਠਾਈਆ। ਨਿਰਗੁਣ ਸੁਰਤੀ ਸ਼ਬਦੀ ਮੇਲ ਕਰਾਏ ਹੱਸ ਹੱਸ, ਵਾਹ ਵਾ ਵਜਦੀ ਰਹੇ ਵਧਾਈਆ। ਪੂਰੀ ਕਰੇ ਸਦਾ ਆਸ, ਨਿਰਾਸ ਨਾ ਕੋਇ ਜਣਾਈਆ । ਗੁਰਸਿਖ ਕਦੇ ਨਾ ਹੋਏ ਨਿਰਾਸ, ਜਿਸ ਸਤਿਗੁਰ ਮਿਲਿਆ ਸੱਚਾ ਮਾਹੀਆ। ਪਾਰ ਕਰਾਏ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਚਰਨਾਂ ਹੇਠ ਦਬਾਈਆ। ਏਕਾ ਆਪਣੀ ਜੋਤ ਨਿਰਮਲ ਨਿਰਮਲ ਕਰੇ ਪਰਕਾਸ਼, ਦੀਪਕ ਦੀਪਕ ਨਾਲ ਜਗਾਈਆ। ਨਿਜ ਘਰ ਅੰਦਰ ਕਰ ਕਰ ਵਾਸ, ਆਪਣਾ ਪਰਦਾ ਦਏ ਉਠਾਈਆ। ਆਪੇ ਵਸੇ ਪਵਣ ਸਵਾਸ, ਸਵਾਸ ਸਵਾਸਾਂ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਸਮਝਾਈਆ। ਸਤਿਗੁਰ ਸੱਚਾ ਸ੍ਰੀ ਭਗਵਾਨ, ਆਪਣੀ ਖੇਲ ਖਿਲਾਇੰਦਾ। ਗੁਰ ਸਤਿਗੁਰ ਰੂਪ ਹੋ ਪਰਧਾਨ, ਲੋਕਮਾਤ ਵੇਸ ਵਟਾਇੰਦਾ। ਗੁਰਸਿਖਾਂ ਦੇਵੇ ਨਾਮ ਦਾਨ, ਦਾਤਾ ਦਾਨੀ ਝੋਲੀ ਪਾਇੰਦਾ। ਏਕਾ ਰਾਗ ਸੁਣਾਏ ਕਾਨ, ਅਨਹਦ ਨਾਦੀ ਨਾਦ ਵਜਾਇੰਦਾ। ਅੱਠੇ ਪਹਿਰ ਰਹੇ ਧੁਨਕਾਨ, ਧੁਨ ਆਤਮਕ ਆਪ ਸੁਣਾਇੰਦਾ। ਸੁਰਤ ਸੁਆਣੀ ਸੁਣ ਸੁਣ ਹੋਏ ਹੈਰਾਨ, ਸੁਰਤੀ ਸੁਰਤ ਸੁਰਤ ਗਵਾਇੰਦਾ। ਸਤਿਗੁਰ ਸਦਾ ਸਦਾ ਸਦ ਜਾਣੀ ਜਾਣ, ਕਿਸੇ ਕੋਲੋਂ ਪੜ੍ਹਨ ਕਦੇ ਨਾ ਜਾਇੰਦਾ। ਆਪਣੀ ਸਿਖਿਆ ਦੇਵੇ ਧੁਰ ਫ਼ਰਮਾਨ, ਗੁਰਸਿਖਾਂ ਆਪ ਪੜ੍ਹਾਇੰਦਾ। ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਧਿਆਨ, ਧਿਆਨ ਧਿਆਨ ਵਿਚ ਟਿਕਾਇੰਦਾ। ਆਪਣਾ ਨਾਉਂ ਦੇਵੇ ਸ਼ਬਦ ਬਬਾਣ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਆਪਣਾ ਨੂਰ ਆਪ ਪਰਗਟਾਇੰਦਾ। ਕਾਇਆ ਕਾਅਬਾ ਵੇਖੇ ਆਪ ਮਿਹਰਵਾਨ, ਦੋ ਦੋ ਆਬਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਏਕਾ ਵਰ, ਆਪਣਾ ਨਾਉਂ ਜਣਾਇੰਦਾ। ਦੇਵੇ ਨਾਉਂ ਸਤਿਗੁਰ ਦੇਵ, ਗੁਰ ਸਤਿਗੁਰ ਦਇਆ ਕਮਾਈਆ। ਮਿਹਰਵਾਨ ਹੋਏ ਅਲਖ ਅਭੇਵ, ਅਗੰਮ ਅਗੋਚਰ ਸੱਚਾ ਸ਼ਹਿਨਸ਼ਾਹੀਆ। ਗੁਰ ਕੀ ਮਹਿਮਾ ਕੀ ਰਸਨਾ ਗਾਏ ਜੇਹਵ, ਲੱਖ ਲੱਖ ਜੇਹਵਾ ਕੋਟਨ ਕੋਟ ਰੂਪ ਧਰ ਧਰ ਹਰਿ ਕਾ ਜਸ ਕਥ ਨਾ ਸਕੇ ਰਾਈਆ। ਜਿਸ ਜਨ ਬਖ਼ਸ਼ੇ ਆਪਣੀ ਸੇਵ, ਤਿਸ ਆਪਣੀ ਬੂਝ ਬੁਝਾਈਆ। ਆਪਣਾ ਪ੍ਰੇਮ ਬਖ਼ਸ਼ੇ ਅੰਮ੍ਰਿਤ ਮੇਵ, ਗੁਰਸਿਖ ਰਸ ਚਖ ਚਖ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਦਿ ਜੁਗਾਦਿ ਸਦਾ ਸਦਾ ਸਦਾ ਸਹਾਈਆ। ਸਤਿਗੁਰ ਕੀ ਵੰਡ ਕੋਇ ਨਾ ਵੰਡੇ, ਵੰਡਣ ਵਿਚ ਕਦੇ ਨਾ ਆਇਆ। ਸਤਿਗੁਰ ਵਸੇ ਕੋਟਨ ਕੋਟ ਬ੍ਰਹਿਮੰਡੇ, ਬ੍ਰਹਿਮੰਡ ਆਪਣਾ ਖੇਲ ਖਿਲਾਇਆ। ਸਤਿਗੁਰ ਪਾਵੇ ਸਾਰ ਜੇਰਜ ਅੰਡੇ, ਉਤਭੁਜ ਸੇਤਜ ਆਪਣਾ ਰੂਪ ਪਰਗਟਾਇਆ। ਸਤਿਗੁਰ ਸ਼ਬਦ ਤਿਖੀ ਧਾਰ ਖੰਡੇ, ਖੰਡਾ ਧਾਰ ਮੁਖ ਸ਼ਰਮਾਇਆ। ਸਤਿਗੁਰ ਸਿੰਘ ਗੁਰਮੁਖ ਵਿਰਲੀ ਨਾਰੀ ਹੰਢੇ, ਲੱਖ ਚੁਰਾਸੀ ਬੈਠੀ ਮੁਖ ਛੁਪਾਇਆ। ਸਤਿਗੁਰ ਪੂਰਾ ਗੁਰਸਿਖ ਤੇਰੀ ਟੁੱਟੀ ਗੰਢੇ, ਟੁੱਟੀ ਗੰਢਣਹਾਰ ਦਇਆ ਕਮਾਇਆ। ਮਨ ਵਾਸਨਾ ਮਨ ਇਛਿਆ ਜਗਤ ਵਿਚਾਰ ਪਾਏ ਡੰਡੇ, ਗੁਰਮਤ ਗੁਰਸਿਖ ਗੁਰ ਕਾ ਬਚਨ ਨਾ ਕੋਇ ਉਲਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਜਿਸ ਜਨ ਵਖਾਏ ਸਾਚਾ ਘਰ, ਤਿਸ ਜਨ ਗ਼ੱੁਸਾ ਕਦੇ ਨਾ ਆਇਆ। ਆਪੇ ਸੰਤ ਆਪੇ ਸਾਧ, ਸਗਲ ਸ੍ਰਿਸ਼ਟ ਆਪ ਉਪਾਇੰਦਾ। ਆਪੇ ਸ਼ਬਦ ਬੋਧ ਅਗਾਧ, ਆਪੇ ਨਾਦ ਅਨਾਦਿ ਸੁਣਾਇੰਦਾ। ਆਪੇ ਵਾਦ ਆਪੇ ਵਿਵਾਦ, ਆਪੇ ਵਿਸ ਰੂਪ ਹੋ ਜਾਇੰਦਾ। ਆਪੇ ਭਗਤ ਆਪ ਭਗਵਾਨ, ਭਗਤੀ ਨਾਮ ਆਪ ਦ੍ਰਿੜਾਇੰਦਾ। ਆਪੇ ਹੋਏ ਪੰਜ ਸ਼ੈਤਾਨ, ਘਰ ਘਰ ਖੇਲ ਖਿਲਾਇੰਦਾ। ਆਪੇ ਪੰਚ ਸ਼ਬਦ ਧੁੰਨਕਾਰ, ਨਾਦੀ ਨਾਦ ਵਜਾਇੰਦਾ। ਆਪੇ ਪੰਜ ਤੱਤ ਜੂਠਾ ਝੂਠਾ ਹੋਏ ਨਿਸ਼ਾਨ, ਨੌਂ ਖੰਡ ਸੱਤ ਦੀਪ ਲੱਖ ਚੁਰਾਸੀ ਘਟ ਘਟ ਅੰਦਰ ਡੌਰੂ ਵਾਇੰਦਾ। ਆਪੇ ਹੋਏ ਬੇਪਛਾਣ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੀ ਕਲ ਕੁਲਵੰਤਾ ਅਕਲ ਕਲ ਧਾਰੀ ਆਪਣੇ ਵਿਚ ਰਖਾਇੰਦਾ। ਸਤਿਗੁਰ ਪੂਰਾ ਸਿਮਰੋ ਏਕ, ਦੂਸਰ ਅਵਰ ਨਾ ਕੋਇ ਚਤੁਰਾਈਆ। ਚਰਨ ਕਵਲ ਜਨ ਰਾਖੋ ਟੇਕ, ਗੁਰ ਪੂਰੇ ਬੂਝ ਬੁਝਾਈਆ। ਤ੍ਰੈਗੁਣ ਮਾਇਆ ਨਾ ਲੱਗੇ ਸੇਕ, ਅਗਨੀ ਤੱਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਈਆ। ਸਤਿਗੁਰ ਪੂਰਾ ਦੀਨ ਦਿਆਲਾ, ਆਦਿ ਜੁਗਾਦਿ ਸਮਾਇਆ। ਗੁਰਮੁਖਾਂ ਕਰੇ ਸਦਾ ਪ੍ਰਿਤਪਾਲਾ, ਜਿਸ ਜਨ ਆਪਣੀ ਦਇਆ ਕਮਾਇਆ। ਚਰਨ ਕਵਲ ਵਖਾਏ ਸੱਚੀ ਧਰਮਸਾਲਾ, ਦਰ ਘਰ ਸਾਚਾ ਦਏ ਸਮਝਾਇਆ। ਨੇੜ ਨਾ ਆਏ ਕਾਲ ਮਹਾਕਾਲਾ, ਪੁਰਖ ਅਬਿਨਾਸ਼ੀ ਹੋਏ ਸਹਾਇਆ। ਏਕਾ ਦੇਵੇ ਨਾਮ ਸੱਚਾ ਧੰਨ ਮਾਲਾ, ਸਚ ਖ਼ਜ਼ੀਨਾ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਦਏ ਖੁਲ੍ਹਾਇਆ। ਸਤਿਗੁਰ ਪੂਰਾ ਏਕਾ ਦਾਤਾ, ਦਇਆਨਿਧ ਅਖਵਾਈਆ। ਹਰਿਜਨ ਮੇਟੇ ਅੰਧੇਰੀ ਰਾਤਾ, ਅਗਿਆਨ ਅੰਧੇਰ ਦਏ ਗਵਾਈਆ। ਮੇਲ ਮਿਲਾਏ ਕਮਲਾਪਾਤਾ, ਕਵਲ ਨੈਣ ਸੱਚਾ ਸ਼ਹਿਨਸ਼ਾਹੀਆ। ਨਾਤਾ ਤੋੜੇ ਜ਼ਾਤਾ ਪਾਤਾ, ਵਰਨ ਬਰਨ ਦਏ ਮਿਟਾਈਆ। ਏਥੇ ਓਥੇ ਨਿਭਾਏ ਸਗਲਾ ਸਾਥਾ, ਵਿਛੜ ਕਦੇ ਨਾ ਜਾਈਆ। ਏਕਾ ਮੰਤਰ ਜਣਾਏ ਪੂਜਾ ਪਾਠਾ, ਪੜ੍ਹ ਪੜ੍ਹ ਰਸਨਾ ਵਾਦ ਨਾ ਕੋਇ ਵਧਾਈਆ। ਏਕਾ ਵਖਾਏ ਤੀਰਥ ਤਾਟਾ, ਸਰ ਸਰੋਵਰ ਇਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਮੇਲੇ ਮੇਲ ਸੱਚਾ ਸ਼ਹਿਨਸ਼ਾਹੀਆ। ਗੁਰਸਿਖ ਉਠਣਾ ਜਾਗ, ਹਰਿ ਸਾਚਾ ਸਚ ਜਗਾਇੰਦਾ। ਗੁਰ ਕਾ ਸ਼ਬਦ ਤੇਰਾ ਵੈਰਾਗ, ਤੇਰੀ ਸੁਰਤੀ ਬੰਧਨ ਪਾਇੰਦਾ। ਤੇਰੀ ਆਸਾ ਤ੍ਰਿਸਨਾ ਵੇਖੇ ਉਡਦੀ ਵਾਂਗ ਕਾਗ, ਫੜ ਫੜ ਹੰਸ ਰੂਪ ਵਟਾਇੰਦਾ। ਤੇਰਾ ਦੀਪਕ ਜੋਤ ਜਗੇ ਚਿਰਾਗ਼, ਸਤਿਗੁਰ ਪੂਰਾ ਆਪ ਜਗਾਇੰਦਾ। ਹੰ ਬ੍ਰਹਮ ਬਣਾਏ ਤੇਰਾ ਸਾਕ, ਸਗਲਾ ਸੰਗ ਆਪ ਨਿਭਾਇੰਦਾ। ਦਰਸ ਦਿਖਾਏ ਇਕ ਇਕਾਂਤ, ਇਕ ਇਕੱਲਾ ਵੇਸ ਵਟਾਇੰਦਾ। ਅੰਮ੍ਰਿਤ ਪਿਆਏ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਵਸੇ ਏਕਾ ਘਰ, ਘਰ ਸਾਚਾ ਆਪ ਵਡਿਆਇੰਦਾ। ਗੁਰਸਿਖ ਆਸਾ ਮਨਸਾ ਪੂਰ, ਅਗਨੀ ਤੱਤ ਨਾ ਕੋਇ ਜਲਾਈਆ। ਸਤਿਗੁਰ ਸਾਚਾ ਹਾਜ਼ਰ ਹਜ਼ੂਰ, ਹਰਿ ਕੇ ਪੌੜੇ ਦਏ ਚੜ੍ਹਾਈਆ। ਆਤਮ ਦੇਵੇ ਸਾਚਾ ਨੂਰ, ਨੂਰ ਨੁਰਾਨਾ ਸੱਚਾ ਸ਼ਹਿਨਸ਼ਾਹੀਆ। ਹਉਮੇ ਹੰਗਤਾ ਤੋੜੇ ਗੜ੍ਹ ਗ਼ਰੂਰ, ਸਾਚੀ ਸੰਗਤਾ ਲਏ ਮਿਲਾਈਆ। ਕਾਇਆ ਤਪੇ ਨਾ ਵਾਂਗ ਤੰਦੂਰ, ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇਲ ਰਿਹਾ ਖਲਾਈਆ। ਹਰਿ ਹਰਿ ਖੇਲ ਖਿਲਾਇੰਦਾ, ਆਦਿ ਜੁਗਾਦੀ ਕਾਰ। ਨਿਰਗੁਣ ਰੂਪ ਆਪ ਅਖਵਾਇੰਦਾ, ਰੂਪ ਰੰਗ ਰੇਖ ਤੇ ਵਸਿਆ ਬਾਹਰ। ਸਰਗੁਣ ਆਪਣੀ ਧਾਰ ਚਲਾਇੰਦਾ, ਗੁਰ ਗੁਰ ਲੋਕਮਾਤ ਹੋ ਉਜਿਆਰ। ਸ਼ਬਦੀ ਸ਼ਬਦ ਨਾਦ ਵਜਾਇੰਦਾ, ਇਕ ਇਕੱਲਾ ਏਕੰਕਾਰ। ਬ੍ਰਹਮ ਬ੍ਰਹਿਮਾਦਿ ਖੋਜ ਖੋਜਾਇੰਦਾ, ਲੱਖ ਚੁਰਾਸੀ ਪਾਵੇ ਸਾਰ। ਭਗਤ ਭਗਵੰਤ ਆਪ ਉਠਾਇੰਦਾ, ਦੇਵੇ ਨਾਮ ਆਧਾਰ। ਸਾਚੇ ਸੰਤਾਂ ਮੇਲ ਮਿਲਾਇੰਦਾ, ਖੋਲ੍ਹੇ ਬੰਦ ਕਿਵਾੜ। ਗੁਰਮੁਖ ਆਪਣੀ ਗੋਦ ਬਹਾਇੰਦਾ, ਲੱਖ ਚੁਰਾਸੀ ਵਿਚੋਂ ਕੱਢੇ ਬਾਹਰ। ਗੁਰਸਿਖ ਸਾਚਾ ਰਾਹ ਵਖਾਇੰਦਾ, ਸਾਚੀ ਸਿਖਿਆ ਕਰ ਵਿਚਾਰ। ਏਕਾ ਮੰਤਰ ਸ਼ਬਦ ਨਾਮ ਦ੍ਰਿੜਾਇੰਦਾ, ਇਸ਼ਟ ਦੇਵ ਗੁਰ ਕਰਤਾਰ। ਜਿਸ ਸਿਰ ਆਪਣਾ ਹੱਥ ਟਿਕਾਇੰਦਾ, ਸੋ ਜਨ ਉਧਰੇ ਪਾਰ। ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ, ਆਸਾ ਤ੍ਰਿਸਨਾ ਕਰੇ ਖ਼ਵਾਰ। ਸਾਚੇ ਮੰਦਰ ਆਪ ਬਹਾਇੰਦਾ, ਸਤਿਗੁਰ ਪੂਰਾ ਕਰੇ ਪਿਆਰ। ਲਾੜੀ ਮੌਤ ਦਰ ਦੁਰਕਾਇੰਦਾ, ਰਾਏ ਧਰਮ ਨਾ ਮਾਰੇ ਮਾਰ। ਚਿਤਰ ਗੁਪਤ ਨਾ ਲੇਖ ਵਖਾਇੰਦਾ, ਗੁਰਸਿਖ ਤੇਰੀ ਮਹਿਮਾ ਅਪਰ ਅਪਾਰ। ਤੇਰਾ ਸਤਿਗੁਰ ਤੇਰੀ ਸੇਵ ਕਮਾਇੰਦਾ, ਅੱਠੇ ਪਹਿਰ ਖ਼ਬਰਦਾਰ। ਜੋ ਜਨ ਗੁਰ ਤੋਂ ਮੁਖ ਭਵਾਇੰਦਾ, ਮਰ ਮਰ ਜੰਮੇ ਆਵੇ ਵਾਰੋ ਵਾਰ। ਸੁਰਤੀ ਸ਼ਬਦ ਨਾ ਕੋਇ ਮਿਲਾਇੰਦਾ, ਨਾਰ ਦੁਹਾਗਣ ਫਿਰੇ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰ। ਸਤਿਗੁਰ ਪੂਰੇ ਲੱਗੋ ਚਰਨ, ਚਰਨ ਕਵਲ ਵਡੀ ਵਡਿਆਈਆ। ਨੇਤਰ ਖੋਲ੍ਹੇ ਹਰਨ ਫਰਨ, ਨੈਣ ਨੈਣ ਨੈਣ ਦਰਸਾਈਆ। ਨਾਤਾ ਤੋੜੇ ਮਰਨ ਡਰਨ, ਮਰਨ ਡਰਨ ਵਿਚ ਨਾ ਆਈਆ। ਕਿਰਪਾ ਕਰੇ ਕਰਨੀ ਕਰਨ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਰਿਹਾ ਵਖਾਈਆ। ਏਕਾ ਮਾਰਗ ਪੁਰਖ ਸਮਰਥ, ਆਦਿ ਜੁਗਾਦਿ ਰਖਾਇੰਦਾ। ਜੁਗ ਜੁਗ ਚਲਾਏ ਭਗਤਾਂ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਸੰਤਾਂ ਦੇਵੇ ਏਕਾ ਮਤ, ਆਪਣੀ ਮਤ ਆਪ ਜਣਾਇੰਦਾ। ਗੁਰਮੁਖਾਂ ਬੰਨ੍ਹੇ ਸਾਚਾ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਗੁਰਸਿਖਾਂ ਸੁਣਾਏ ਸਾਚੀ ਗਾਥ, ਆਪਣਾ ਮੰਤਰ ਆਪ ਅਲਾਇੰਦਾ। ਲਹਿਣਾ ਦੇਣਾ ਚੁੱਕੇ ਪੂਜਾ ਪਾਠ, ਜਿਸ ਜਨ ਉਪਰ ਸਤਿਗੁਰ ਪੂਰਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਈ ਸੁਰਤੀ ਆਪ ਜਗਾਇੰਦਾ। ਸੋਈ ਸੁਰਤੀ ਜਾਏ ਉਠ, ਸਤਿਗੁਰ ਪੂਰਾ ਆਪ ਜਗਾਈਆ। ਹੋ ਮਿਹਰਵਾਨ ਜਾਏ ਤੁਠ, ਦੀਨਨ ਦੀਨ ਦਿਆਲਾ ਆਪਣੀ ਦਇਆ ਕਮਾਈਆ। ਪੰਚ ਵਿਕਾਰਾ ਕੱਢੇ ਕੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਬੂੰਦ ਸਵਾਂਤੀ ਆਪ ਚੁਆਈਆ। ਆਪ ਜਗਾਏ ਨਿਰਮਲ ਜੋਤ, ਜੋਤ ਨਿਰੰਜਣ ਕਰ ਰੁਸ਼ਨਾਈਆ। ਝੂਠਾ ਢਾਏ ਕਿਲਾ ਕੋਟ, ਬਜਰ ਕਪਾਟੀ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਏਕਾ ਵਰ, ਸਾਚਾ ਮਾਰਗ ਏਕਾ ਲਾਈਆ। ਸਾਚਾ ਮਾਰਗ ਆਦਿ ਜੁਗਾਦਿ, ਹਰਿ ਸੰਤਾਂ ਸਤਿ ਜਣਾਇੰਦਾ। ਭਗਤਨ ਦੇਵੇ ਏਕਾ ਦਾਦ, ਵਸਤ ਅਮੋਲਕ ਝੋਲੀ ਪਾਇੰਦਾ। ਗੁਰਮੁਖਾਂ ਸੁਣਾਏ ਏਕਾ ਨਾਦ, ਧੁਨ ਅਨਾਦੀ ਨਾਦ ਵਜਾਇੰਦਾ। ਗੁਰਸਿਖ ਗੁਰ ਗੁਰ ਆਪੇ ਲਾਧ, ਗੁਰ ਪੂਰਾ ਮੇਲ ਮਿਲਾਇੰਦਾ। ਜੁਗਾ ਜੁਗੰਤਰ ਸੁਣ ਫ਼ਰਯਾਦ, ਲੋਕਮਾਤ ਫੇਰਾ ਪਾਇੰਦਾ। ਲੱਖ ਚੁਰਾਸੀ ਵਿਚੋਂ ਲਏ ਕਾਢ, ਆਪ ਆਪਣੀ ਗੋਦ ਬਹਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਦੁੱਖ ਰੂਪ ਨਾ ਕੋਇ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਆਪੇ ਲਾਇੰਦਾ। ਏਕਾ ਮਾਰਗ ਹਰਿ ਹਰਿ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਹਰਿਜਨ ਹਿਰਦੇ ਵਸ, ਹਰਿ ਹਰਿ ਆਪਣਾ ਰੂਪ ਦਰਸਾਈਆ। ਅੰਮ੍ਰਿਤ ਪਿਆਏ ਏਕਾ ਰਸ, ਰਸਕ ਰਸਕ ਏਕਾ ਰਸ ਚੁਆਈਆ। ਨਿਰਗੁਣ ਨੂਰ ਕਰੇ ਪਰਕਾਸ਼, ਪਰਕਾਸ਼ ਪਰਕਾਸ਼ ਵਿਚ ਟਿਕਾਈਆ। ਗੁਰਸਿਖ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਵੇਲੇ ਅੰਤ ਕਰੇ ਬੰਦ ਖ਼ੁਲਾਸ, ਸਗਲਾ ਸੰਗ ਰਖਾਈਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਚਰਨਾਂ ਹੇਠ ਦਬਾਈਆ। ਗੁਰਸਿਖ ਰੱਖੇ ਆਪਣੇ ਪਾਸ, ਦੂਸਰ ਡੋਰ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਏਕਾ ਗੁਣ ਗੁਰੂ ਗੁਰਦੇਵਾ, ਗੁਰ ਮੰਤਰ ਨਾਮ ਜਣਾਇੰਦਾ। ਹਰਿ ਕਾ ਨਾਉਂ ਸਤਿਗੁਰ ਸੇਵਾ, ਅਜੱਪਾ ਜਾਪ ਆਪ ਜਪਾਇੰਦਾ। ਅੰਤਰ ਆਤਮ ਅਗੰਮੀ ਮੇਵਾ, ਨਿਜ ਆਤਮ ਆਪ ਚਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਅਲਖ ਅਭੇਵਾ, ਅਗੰਮ ਅਗੰਮੜਾ ਖੇਲ ਖਿਲਾਇੰਦਾ। ਗੁਰ ਕੀ ਮਹਿਮਾ ਕਥ ਨਾ ਸਕੇ ਰਸਨਾ ਜੇਹਵਾ, ਕੋਟਨ ਕੋਟ ਜੀਵ ਬਿਲਲਾਇੰਦਾ। ਜਿਸ ਜਨ ਕੌਸਤਕ ਮਣੀਆ ਮਸਤਕ ਲਾਏ ਆਪਣਾ ਥੇਵਾ, ਜੋਤ ਲਲਾਟੀ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਦਰਸਾਇੰਦਾ। ਸਾਚਾ ਮਾਰਗ ਹਰਿ ਕਾ ਦਰਸ, ਗੁਰ ਦਰਸੀ ਦਰਸ ਕਰਾਈਆ। ਜਗਤ ਚਿੰਤਾ ਮਿਟੇ ਹਰਸ, ਰੋਗ ਸੋਗ ਨਾ ਕੋਇ ਵਖਾਈਆ। ਨਾਤਾ ਤੋਟੇ ਅਰਸ਼ ਫਰਸ਼, ਮਿਲੇ ਮੇਲ ਸੱਚੇੇ ਸ਼ਹਿਨਸ਼ਾਹੀਆ। ਅੰਮ੍ਰਿਤ ਮੇਘ ਦੇਵੇ ਬਰਸ, ਤ੍ਰੈਕਾਲ ਦਰਸੀ ਤ੍ਰੈ ਤ੍ਰੈ ਨਾਤਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਆਪਣਾ ਬੰਧਨ ਪਾਇਆ ਪੰਜ ਤੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇਆ। ਨਾਤਾ ਜੋੜ੍ਹਿਆ ਹੱਡ ਮਾਸ ਰਕਤ, ਬੂੰਦ ਰਤ ਨਾੜ ਬਹੱਤਰ ਜੋੜ ਜੁੜਾਇਆ। ਮਨ ਮਤ ਬੁਧ ਅੰਦਰ ਰੱਖ, ਕਮਲਾਪਤ ਵੇਖ ਵਖਾਇਆ। ਨੌਂ ਨੌਂ ਵੇਖੇ ਆਪਣੇ ਸੱਥ, ਸੱਥਰ ਆਪਣਾ ਰਿਹਾ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਬਿਨ ਸਤਿਗੁਰ ਸਾਚਾ ਮਾਰਗ ਨਾ ਕੋਇ ਜਣਾਇਆ। ਸਤਿਗੁਰ ਪੂਰਾ ਹੋਏ ਮਿਹਰਵਾਨ, ਦੀਨਨ ਆਪਣੀ ਦਇਆ ਕਮਾਈਆ। ਪਹਿਲਾਂ ਬਖ਼ਸ਼ੇ ਚਰਨ ਧਿਆਨ, ਦੂਜੇ ਆਪਣਾ ਨਾਮ ਦ੍ਰਿੜਾਈਆ। ਤੀਜੇ ਨੇਤਰ ਲੋਚਣ ਖੋਲ੍ਹੇ ਆਣ, ਤੀਜੇ ਨੈਣ ਕਰੇ ਰੁਸ਼ਨਾਈਆ। ਚੌਥੇ ਚੌਥੇ ਪਦ ਮਿਲਾਵੇ ਆਣ, ਘਰ ਘਰ ਵਿਚ ਵੱਜੇ ਵਧਾਈਆ। ਪੰਚਵਾਂ ਸ਼ਬਦ ਨਾਦ ਧੁੰਨਕਾਨ, ਗ੍ਰਹਿ ਮੰਦਰ ਆਪ ਸੁਣਾਈਆ। ਛੇਵਾਂ ਛੇ ਘਰ ਕਰੇ ਪਰਵਾਨ, ਪਰਮ ਪੁਰਖ ਵਡੀ ਵਡਿਆਈਆ। ਸੱਤਵਾਂ ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਆਪੇ ਹੋਏ ਜਾਣੀ ਜਾਣ, ਜਾਨਣਹਾਰ ਇਕ ਅਖਵਾਈਆ। ਅੱਠਾਂ ਤੱਤਾਂ ਦੇਵੇ ਗਿਆਨ, ਮਨ ਮਤ ਬੁਧ ਏਕਾ ਵਾਰ ਸਮਝਾਈਆ। ਨੌਂ ਦਵਾਰੇ ਝੂਠਾ ਢਾਏ ਮਕਾਨ, ਸੁਰਤੀ ਆਪਣੇ ਪ੍ਰੇਮ ਖਿਚਾਈਆ। ਏਕਾ ਨਾਦ ਨਾਦ ਧੁਨਕਾਨ, ਘਰ ਬੈਠਾ ਰਿਹਾ ਵਜਾਈਆ। ਸੁਖਮਨ ਵੇਖੇ ਨੌਜਵਾਨ, ਡੂੰਘੀ ਭਵਰੀ ਫੇਰਾ ਪਾਈਆ। ਈੜਾ ਪਿੰਗਲ ਹੋਏ ਹੈਰਾਨ, ਸਤਿਗੁਰ ਪੂਰਾ ਆਵੇ ਵਾਹੋ ਦਾਹੀਆ। ਗੁਰਮੁਖ ਸਾਚੇ ਕਰ ਪਛਾਣ, ਆਪਣਾ ਪੱਲੂ ਨਾਮ ਫੜਾਈਆ। ਅੰਮ੍ਰਿਤ ਆਤਮ ਪਿਆਏ ਆਣ, ਸਚ ਪਿਆਲਾ ਹੱਥ ਉਠਾਈਆ। ਰਾਗੀ ਰਾਗ ਸੁਣਾਏ ਸੱਚੀ ਧੁਨਕਾਨ, ਅਨਹਦ ਨਾਦੀ ਨਾਦ ਵਜਾਈਆ। ਪੰਚਮ ਸਖ਼ੀਆਂ ਇਕ ਧਿਆਨ, ਏਕਾ ਰੂਪ ਦਰਸਾਈਆ। ਆਤਮ ਸੇਜਾ ਕਰ ਪਰਵਾਨ, ਸਚ ਸਿੰਘਾਸਣ ਸੋਭਾ ਪਾਈਆ। ਰਵ ਸਸ ਮੁਖ ਸ਼ਰਮਾਨ, ਨੇਤਰ ਨੈਣ ਨਾ ਕੋਇ ਉਠਾਈਆ। ਸੁਰਤੀ ਸ਼ਬਦ ਮੇਲਾ ਮੇਲ ਮੇਲੇ ਭਗਵਾਨ, ਨਾਰੀ ਕੰਤ ਜੋੜ ਜੁੜਾਈਆ। ਏਕਾ ਸੇਜ ਵਖਾਏ ਆਣ, ਹਰਿ ਸੱਚਾ ਸੱਚਾ ਮਾਹੀਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਦੀਪ ਸੱਤ ਦਿਸੇ ਝੂਠ ਮਕਾਨ, ਘਰ ਵਿਚ ਘਰ ਸਾਚਾ ਮੰਦਰ ਸਤਿਗੁਰ ਪੂਰਾ ਦਏ ਵਖਾਈਆ। ਏਕਾ ਜੋਤੀ ਜੋਤ ਜਗੇ ਮਹਾਨ, ਦੀਪਕ ਦੀਆ ਤੇਲ ਬਾਤੀ ਨਾ ਕੋਈ ਰਖਾਈਆ। ਨਾ ਕੋਈ ਪੰਡਤ ਕਰੇ ਗਿਆਨ, ਨਾ ਕੋਈ ਗ੍ਰੰਥੀ ਕਰੇ ਪੜ੍ਹਾਈਆ। ਨਾ ਕੋਈ ਮੁੱਲਾਂ ਸ਼ੇਖ਼ ਮੁਸਾਇਕ ਪੀਰ ਸੁਣਾਏ ਕ਼ੁਰਾਨ, ਹਦੀਸ ਹਦੀਸ ਨਾ ਕੋਇ ਪੜ੍ਹਾਈਆ। ਨਾ ਕੋਈ ਵੇਦ ਸ਼ਾਸਤਰ ਸਿਮਰਤ ਗਾਇਣ ਗਾਣ, ਰਾਗ ਨਾਦ ਨਾ ਕੋਇ ਵਜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਵਾਮੀ ਏਕਾ ਸੁਰਤੀ ਸੁਰਤ ਕਰੇ ਪਰਵਾਨ, ਆਪੇ ਦੇਵੇ ਆਪਣਾ ਦਾਨ, ਦਾਤਾ ਦਾਨੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਆਪਣੇ ਘਰ, ਆਦਿ ਜੁਗਾਦੀ ਸਾਚਾ ਹਰਿ, ਸਾਚੇ ਮਾਰਗ ਆਪੇ ਲਾਈਆ। ਸਾਚਾ ਮਾਰਗ ਹਰਿ ਹਰਿ ਲੌਣਾ, ਆਦਿ ਜੁਗਾਦੀ ਕਾਰ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਪੰਧ ਮੁਕੌਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਉਤਰੇ ਪਾਰ। ਪੂਰਬ ਲਹਿਣਾ ਸਭ ਦੀ ਝੋਲੀ ਪੌਣਾ, ਲੇਖਾ ਚੁਕਾਏ ਗੁਰ ਅਵਤਾਰ। ਭਗਤ ਭਗਵੰਤ ਭੇਵ ਖੁਲ੍ਹੌਣਾ, ਕਬੀਰ ਜੁਲਾਹਾ ਕਰੇ ਪੁਕਾਰ। ਸਾਚੇ ਸੰਤਾਂ ਸਤਿ ਦਰਸੌਣਾ, ਦਰ ਠਾਂਡਾ ਦਰਬਾਰ। ਗੁਰਮੁਖ ਗੁਰ ਗੁਰ ਆਪ ਜਗੌਣਾ, ਨਾਦ ਸ਼ਬਦ ਵਜਾਏ ਸੱਚੀ ਧੁੰਨਕਾਰ। ਗੁਰਸਿਖ ਗੁਰ ਗੁਰ ਵੇਖ ਵਖੌਣਾ, ਗੁਰ ਮੂਰਤ ਅਕਾਲ। ਚਾਰ ਵਰਨਾਂ ਏਕਾ ਰੂਪ ਪਰਗਟੌਣਾ, ਅਠਾਰਾਂ ਬਰਨ ਵਜਾਏ ਨਾ ਕੋਇ ਤਾਲ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਦਰ ਬਹੌਣਾ, ਲੇਖਾ ਚੁੱਕੇ ਸ਼ਾਹ ਕੰਗਾਲ। ਪੁਰਖ ਅਕਾਲ ਇਕ ਅਖਵੌਣਾ, ਲੱਖ ਚੁਰਾਸੀ ਦੀਨ ਦਿਆਲ। ਏਕਾ ਮੰਤਰ ਨਾਮ ਨਾਮ ਦ੍ਰਿੜੌਣਾ, ਜੀਵ ਜੰਤ ਕਰੇ ਪ੍ਰਿਤਪਾਲ। ਦੋ ਜਹਾਨਾਂ ਦਲਾਲ ਆਪ ਅਖਵੌਣਾ, ਲੋਆਂ ਪੁਰੀਆਂ ਸੁਰਤ ਸੰਭਾਲ। ਬ੍ਰਹਮਾ ਵਿਸ਼ਨ ਸ਼ਿਵ ਉਠੌਣਾ, ਸੁਰਪਤ ਰਾਜਾ ਇੰਦ ਮਿਲਾਏ ਨਾਲ। ਗਣ ਗੰਧਰਬ ਕਿੰਨਰ ਜੱਛਪ ਨੇਤਰ ਨੈਣ ਸਰਬ ਖੁਲੌਣਾ, ਕਰੇ ਖੇਲ ਆਪ ਕਿਰਪਾਲ। ਮਹਾਕਾਲ ਹੁਕਮ ਸੁਣੌਣਾ, ਹੁਕਮੀ ਹੁਕਮ ਵਰਤੇ ਵਰਤਣਹਾਰਾ ਨੌਜਵਾਨ। ਕਾਲ ਦਵਾਰ ਇਕ ਵਖੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪੇ ਚਲੇ ਆਪਣੀ ਚਾਲ। ਚਾਲ ਅਵੱਲੜੀ ਚਲਣਹਾਰਾ, ਆਦਿ ਜੁਗਾਦਿ ਵੇਸ ਵਟਾਇੰਦਾ। ਜੁਗਾ ਜੁਗੰਤਰ ਗੁਰ ਅਵਤਾਰਾ, ਲੋਕਮਾਤ ਸੇਵ ਲਗਾਇੰਦਾ। ਏਕਾ ਦੇਵੇ ਨਾਮ ਭੰਡਾਰਾ, ਸਤਿ ਸਤਿਵਾਦੀ ਸਤਿ ਵਰਤਾਇੰਦਾ। ਭਗਤਾਂ ਦੇਵੇ ਭਗਤੀ ਆਧਾਰਾ, ਸੰਤਾਂ ਸਾਚਾ ਸੰਗ ਨਿਭਾਇੰਦਾ। ਜੁਗ ਜੁਗ ਕੂਕਣ ਉਚੀ ਬੋਲ ਜੈਕਾਰਾ, ਸਾਚਾ ਨਾਅਰਾ ਆਪ ਸੁਣਾਇੰਦਾ। ਏਕਾ ਮੰਦਰ ਵਸੇ ਠਾਕਰ ਠਾਕਰ ਦਵਾਰਾ, ਹਰਿ ਠਾਕਰ ਅਬਿਨਾਸ਼ੀ ਆਪਣਾ ਖੇਲ ਖਿਲਾਇੰਦਾ। ਏਕਾ ਵਸਤ ਇਕ ਭੰਡਾਰਾ, ਜੁਗਾ ਜੁਗੰਤਰ ਆਪ ਵਰਤਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਚਾਰ ਜੁਗ ਦਾ ਪਾਰ ਕਿਨਾਰਾ, ਕਲਜੁਗ ਅੰਤਮ ਅੰਤ ਆਪ ਕਰਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਸੱਤ ਸਮੁੰਦ ਸਾਗਰ ਬਨਾਸਪਤ ਕ਼ਲਮ ਸ਼ਾਹੀ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਆਪ ਜਣਾਇੰਦਾ। ਸਾਚਾ ਮਾਰਗ ਜਾਣਾ ਲੱਗ, ਸਤਿਗੁਰ ਪੂਰਾ ਆਪ ਲਗਾਈਆ। ਕਰੇ ਖੇਲ ਸੂਰਾ ਸਰਬੱਗ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਵੇਖੇ ਜੀਵ ਕਗ, ਬੁੱਧੀ ਕਾਗ ਵਾਂਗ ਕੁਰਲਾਈਆ। ਗੁਰਮੁਖ ਵਿਰਲਾ ਬੈਠਾ ਉਪਰ ਸ਼ਾਹ ਰਗ, ਜੋ ਸਤਿਗੁਰ ਪੂਰੇ ਆਸ ਤਕਾਈਆ। ਨਿਰਗੁਣ ਜੋਤ ਦੀਪਕ ਜਾਏ ਜਗ, ਹਰਿ ਸਾਚਾ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਆਪਣੇ ਹੱਥ ਰਖਾਈਆ। ਸੱਚਾ ਮਾਰਗ ਹੱਥ ਕਰਤਾਰ, ਕਿਰਪਾਨਿਧ ਆਪ ਰਖਾਇੰਦਾ। ਬਿਨ ਕਰਨੀ ਫੜ ਫੜ ਦੇਵੇ ਤਾਰ, ਜਿਸ ਆਪਣੇ ਗਲੇ ਲਗਾਇੰਦਾ। ਕਰਮ ਕੁਕਰਮ ਨਾ ਕਰੇ ਵਿਚਾਰ, ਨਿਹਕਰਮੀ ਆਪ ਹੋ ਆਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਪੂਜਾ ਪਾਠ ਨਾ ਕੋਇ ਕਰਾਇੰਦਾ। ਅੱਠੇ ਪਹਿਰ ਦੇਵੇ ਦਰਸ ਦੀਦਾਰ, ਘਟ ਅੰਦਰ ਜੋਤੀ ਜੋਤ ਡਗਮਗਾਇੰਦਾ। ਦਿਵਸ ਰੈਣ ਰਹੇ ਸ਼ਬਦ ਧੁੰਨਕਾਰ, ਅਨਹਦ ਨਾਦੀ ਨਾਦ ਵਜਾਇੰਦਾ। ਜਿਸ ਜਨ ਵਖਾਏ ਆਪਣਾ ਸੱਚਾ ਘਰ ਬਾਰ, ਦੂਸਰ ਦਰ ਮੰਗਣ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਲਗਾਇੰਦਾ। ਸਾਚਾ ਮਾਰਗ ਆਪ ਲਗਾਇਆ, ਕਲਜੁਗ ਤੇਰੀ ਅੰਤਮ ਵਾਰ। ਨਿਰਗੁਣ ਨਿਰਵੈਰ ਜਾਮਾ ਪਾਇਆ, ਜੋਤੀ ਜੋਤ ਜੋਤ ਉਜਿਆਰ। ਪੁਰਖ ਅਕਾਲ ਵੇਸ ਵਟਾਇਆ, ਅਜੂਨੀ ਰਹਿਤ ਹੋਇਆ ਖ਼ਬਰਦਾਰ। ਲੱਖ ਚੁਰਾਸੀ ਫੋਲ ਫੋਲਾਇਆ, ਹਰਿਜਨ ਮੇਲੇ ਜੁਗਾ ਜੁਗਾਂ ਦੇ ਵਿਛੜੇ ਯਾਰ। ਸੰਤ ਭਗਤ ਭਗਵੰਤ ਵੇਖੇ ਥਾਉਂ ਥਾਇਆਂ ਆਪੇ ਹੋਏ ਵੇਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸੱਚੀ ਸਰਕਾਰ। ਸਚ ਸਰਕਾਰ ਸ਼ਾਹ ਸੁਲਤਾਨਾ, ਆਪਣੀ ਦਇਆ ਕਮਾਇੰਦਾ। ਚਾਰ ਵਰਨ ਦੇਵੇ ਇਕ ਗਿਆਨਾ, ਏਕਾ ਵਾਰ ਸਮਝਾਇੰਦਾ। ਏਕਾ ਬ੍ਰਹਮ ਸਰਬ ਪਛਾਨਾ, ਪਾਰਬ੍ਰਹਮ ਵੇਖ ਵਖਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਨੌਜਵਾਨ ਆਪਣਾ ਰੂਪ ਧਰਾਇੰਦਾ। ਏਕਾ ਖੰਡਾ ਤੀਰ ਕਮਾਨਾ, ਚੰਡ ਪਰਚੰਡ ਹੱਥ ਉਠਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਆਪਣਾ ਬੰਧਨ ਪਾਇੰਦਾ। ਆਪੇ ਮਰਦ ਆਪ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਏਕਾ ਦੇਵੇ ਧੁਰ ਫ਼ਰਮਾਨਾ, ਲੱਖ ਚੁਰਾਸੀ ਆਪ ਸਮਝਾਇੰਦਾ। ਕਲਜੁਗ ਵੇਲਾ ਅੰਤ ਅੰਤ ਮਿਟੇ ਨਿਸ਼ਾਨਾ, ਕੂੜ ਕੂੜ ਸਰਬ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਲਾਏ ਗੋਪਾਲ, ਗੋਬਿੰਦ ਆਪਣੀ ਧਾਰ ਚਲਾਈਆ। ਚਾਰ ਵਰਨਾਂ ਰਾਹ ਦੱਸੇ ਸੁਖਾਲ, ਸੁਖ ਆਤਮ ਦਏ ਉਪਜਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਚਾਰ ਦੀਵਾਰ ਮਠ ਨਾ ਕੋਇ ਤਪਾਈਆ। ਅੰਦਰ ਬੈਠਾ ਸ਼ਾਹ ਕੰਗਾਲ, ਨਿਰਗੁਣ ਸਰਗੁਣ ਅੰਦਰ ਮੁਖ ਛੁਪਾਈਆ। ਅੱਠੇ ਪਹਿਰ ਕਰੇ ਪ੍ਰਿਤਪਾਲ, ਦਿਵਸ ਰੈਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਮਾਰਗ ਆਪਣੇ ਹੱਥ ਰਖਾਈਆ। ਜੁਗ ਮਾਰਗ ਜਗ ਲਾਇੰਦਾ, ਜਗਤ ਜੁਗ ਹਰਿ ਕਾਰ। ਸੰਤਨ ਸਤਿ ਸਮਝਾਇੰਦਾ, ਸਤਿ ਸਤਿਵਾਦੀ ਹੋ ਉਜਿਆਰ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤੀ ਜਾਤਾ ਹਰਿ ਨਿਰੰਕਾਰ। ਕਮਲਾਪਾਤਾ ਆਪ ਅਖਵਾਇੰਦਾ, ਲੱਖ ਚੁਰਾਸੀ ਵਰੇ ਨਾਰ ਭਤਾਰ। ਪਿਛਲਾ ਸਾਕਾ ਆਪ ਮਿਟਾਇੰਦਾ, ਅੱਗੇ ਜਾਣੇ ਆਪਣੀ ਗੁਫ਼ਤਾਰ। ਹੱਕ ਹਕ਼ੀਕ਼ਤ ਆਪਣੇ ਵਿਚ ਛੁਪਾਇੰਦਾ, ਲਾਸ਼ਰੀਕ ਪਰਵਰਦਿਗਾਰ। ਕਾਇਨਾਤ ਵੇਖ ਵਖਾਇੰਦਾ, ਮੁਕਾਮੇ ਹੱਕ ਵਸੇ ਸਾਂਝਾ ਯਾਰ। ਉਲਫ਼ਤ ਵਿਚ ਕਦੇ ਨਾ ਆਇੰਦਾ, ਗ਼ਫ਼ਲਤ ਵੇਖੇ ਵੇਖਣਹਾਰ। ਕਲਮਾ ਕਲਾਮ ਆਪ ਪੜ੍ਹਾਇੰਦਾ, ਨਬੀ ਰਸੂਲਾਂ ਦਏ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਵਖਾਲ। ਸਾਚਾ ਮਾਰਗ ਚਾਰ ਵੇਦ, ਹਰਿ ਕਾ ਭੇਵ ਕੋਇ ਨਾ ਪਾਈਆ। ਪੁਰਾਨ ਅਠਾਰਾਂ ਨਾ ਸਕਣ ਵੇਖ, ਲਿਖ ਲਿਖ ਥੱਕੀ ਕ਼ਲਮ ਸ਼ਾਹੀਆ। ਸ਼ਾਸਤਰ ਸਿਮਰਤ ਨਾ ਜਾਨਣ ਰੇਖ, ਰੂਪ ਰੰਗ ਨਾ ਕੋਇ ਜਣਾਈਆ। ਅਠਾਰਾਂ ਧਿਆਏ ਗੀਤਾ ਕਹੇ ਅਲਖ ਅਲਖਨਾ ਲੇਖ, ਅਲਖ ਅਗੋਚਰ ਬੇਪਰਵਾਹੀਆ। ਅੰਜੀਲ ਕ਼ੁਰਾਨ ਦਰ ਦਰ ਵੇਖਿਆ ਭੇਖ, ਭੇਖ ਅਵੱਲੜਾ, ਸੱਚਾ ਸ਼ਹਿਨਸ਼ਾਹੀਆ। ਖਾਣੀ ਬਾਣੀ ਗਾਏ ਹਰਿ ਕਾ ਦੇਸ, ਮਹਿਮਾ ਕਥ ਕਥ ਸੁਣਾਈਆ। ਕਿਸੇ ਨਾ ਚਲੇ ਅੱਗੇ ਪੇਸ਼, ਅਧਵਿਚਕਾਰੇ ਬੈਠੇ ਸਭ ਆਸਣ ਲਾਈਆ। ਨਾਨਕ ਕਬੀਰਾ ਕਰ ਆਦੇਸ, ਘਰ ਪਾਇਆ ਸਾਚਾ ਮਾਹੀਆ। ਜੁਗ ਜੁਗ ਕਰਿਆ ਅਵੱਲੜਾ ਵੇਸ, ਜੋਤੀ ਜਾਮਾ ਭੇਖ ਵਟਾਈਆ। ਤੂੰ ਸਾਹਿਬ ਦਾਤਾ ਦਾਤਾਰ ਨਰ ਨਰੇਸ਼, ਤੇਰੀ ਸੱਚੀ ਸ਼ਹਿਨਸ਼ਾਹੀਆ। ਹਉਂ ਦਰ ਠਾਂਡਾ ਲਿਆ ਵੇਖ, ਅਗਨੀ ਪੋਹ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਇਕ ਜਣਾਈਆ। ਮਾਰਗ ਹਰਿ ਜਣਾਇੰਦਾ, ਕਰ ਕਿਰਪਾ ਗੁਣ ਨਿਧਾਨ। ਨਾਨਕ ਨਿਰਗੁਣ ਸਰਗੁਣ ਆਪ ਸਮਝਾਇੰਦਾ, ਦੇਵੇ ਤੱਤ ਗਿਆਨ। ਏਕਾ ਵਸਤ ਝੋਲੀ ਪਾਇੰਦਾ, ਪਾਰਬ੍ਰਹਮ ਬ੍ਰਹਮ ਕਰੇ ਪਛਾਣ। ਆਪਣਾ ਨਾਉਂ ਆਪ ਦ੍ਰਿੜਾਇੰਦਾ, ਨਾਉਂ ਰੱਖ ਸ੍ਰੀ ਭਗਵਾਨ। ਸਤਿ ਸਤਿ ਆਪ ਵਰਤਾਇੰਦਾ, ਸਤਿ ਸਤਿਵਾਦੀ ਹੋ ਮਿਹਰਵਾਨ। ਨਾਮ ਨਾਮਾ ਨਾਮ ਚਲਾਇੰਦਾ, ਨਾਮ ਨਾਮੇ ਖੋਲ੍ਹ ਦੁਕਾਨ। ਚੌਦਾਂ ਹੱਟਾਂ ਵੇਖ ਵਖਾਇੰਦਾ, ਚੌਦਾਂ ਲੋਕਾਂ ਇਕ ਧਿਆਨ। ਚੌਦਾਂ ਤਬਕਾਂ ਫੋਲ ਫੋਲਾਇੰਦਾ, ਲੇਖਾ ਜਾਣ ਜ਼ਿਮੀਂ ਅਸਮਾਨ। ਏਕਾ ਕਲਮਾ ਕਲਾਮ ਪੜ੍ਹਾਇੰਦਾ, ਆਲਮੀਨ ਹੋਇਆ ਮਿਹਰਵਾਨ। ਮਿਹਬਾਨ ਬੀਦੋ ਆਪਣਾ ਖੇਲ ਖਿਲਾਇੰਦਾ, ਇਲਾਹੀ ਨੂਰ ਸ਼ਾਹ ਸੁਲਤਾਨ। ਨਾਨਕ ਹੁਕਮੀ ਹੁਕਮ ਜਣਾਇੰਦਾ, ਦੇਵੇ ਧੁਰ ਫ਼ਰਮਾਨ। ਮੰਤਰ ਸਤਿ ਨਾਮ ਦ੍ਰਿੜਾਇੰਦਾ, ਚਾਰ ਵਰਨਾਂ ਇਕ ਗਿਆਨ। ਜੋ ਜਨ ਗੁਰ ਕਾ ਸ਼ਬਦ ਭੁਲਾਇੰਦਾ, ਹਰਿ ਸਤਿਗੁਰ ਵੇਖੇ ਆਣ। ਕਲਜੁਗ ਚਾਰੋਂ ਕੁੰਟ ਅੰਧੇਰਾ ਛਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਜੁਗ ਜੁਗ ਖੇਲ ਸ੍ਰੀ ਭਗਵਾਨ, ਆਪਣਾ ਆਪ ਕਰਾਈਆ। ਸੰਤਨ ਦੇਵੇ ਨਾਮ ਨਿਸ਼ਾਨ, ਲੋਕਮਾਤ ਝੁਲਾਈਆ। ਆਤਮ ਦਰਸੀ ਆਤਮ ਬ੍ਰਹਮ ਗਿਆਨ, ਆਤਮ ਵਿਦਿਆ ਕਰੇ ਪੜ੍ਹਾਈਆ। ਪੂਜਾ ਪਾਠ ਇਕ ਵਖਾਣ, ਏਕਾ ਹਵਨ ਦਏ ਸਮਝਾਈਆ। ਏਕਾ ਮੂਰਤ ਸਾਚੀ ਸੂਰਤ ਦਰਸ ਦੇਵੇ ਆਣ, ਅਜੂਨੀ ਰਹਿਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪਣਾ ਪੰਥ ਵਖਾਈਆ। ਸਾਚਾ ਮਾਰਗ ਹਰਿ ਕਾ ਪੰਥ, ਹਰਿ ਸਤਿਗੁਰ ਆਪ ਜਣਾਇੰਦਾ। ਗੁਰਮੁਖਾਂ ਅੰਦਰ ਅੱਠੇ ਪਹਿਰ ਵੱਜੇ ਹਰਿ ਕਾ ਸੰਖ, ਸੁਰਤੀ ਸੋਈ ਆਪ ਉਠਾਇੰਦਾ। ਸਤਿਗੁਰ ਪੂਰੇ ਦੀ ਕਿਆ ਕੋਈ ਕਰੇ ਪਰਖ, ਪਰੀਖਿਆ ਵਿਚ ਕਦੇ ਨਾ ਆਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਗੁਰਮੁਖਾਂ ਉਪਰ ਕਰੇ ਤਰਸ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰ, ਸਚ ਮਲਾਹ ਬੇਪਰਵਾਹ ਸਾਚਾ ਬੇੜਾ ਆਪ ਚਲਾਇੰਦਾ। ਕਲਜੁਗ ਬੇੜਾ ਅੰਤ ਚਲੌਣਾ, ਸਤਿਜੁਗ ਸਾਚਾ ਮਾਰਗ ਲਾਈਆ। ਖੇਵਟ ਖੇਟਾ ਹੋ ਹੋ ਸੇਵ ਕਮੌਣਾ, ਸੇਵਾਦਾਰ ਬੇਪਰਵਾਹੀਆ। ਗੁਰਮੁਖ ਬੇਟਾ ਆਪ ਉਠੌਣਾ, ਆਲਸ ਨਿੰਦਰਾ ਦਏ ਗਵਾਈਆ। ਏਕਾ ਮੰਤਰ ਨਾਮ ਸਮਝੌਣਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹੰ ਬ੍ਰਹਮ ਪਾਰਬ੍ਰਹਮ ਪ੍ਰਭ ਮੇਲ ਮਿਲੌਣਾ, ਆਤਮ ਪਰਮਾਤਮ ਮੇਲਾ ਚਾਈਂ ਚਾਈਂਆ। ਈਸ਼ ਜੀਵ ਰੰਗ ਰੰਗੌਣਾ, ਜਗਦੀਸ ਵਡੀ ਵਡਿਆਈਆ। ਸਚ ਹਦੀਸ ਇਕ ਪੜ੍ਹੌਣਾ, ਗਾਏ ਸਰਬ ਲੋਕਾਈਆ। ਨੌਂ ਖੰਡ ਪ੍ਰਿਥਮੀ ਏਕਾ ਮੰਤਰ ਏਕਾ ਨਾਮ ਦ੍ਰਿੜੌਣਾ, ਇਸ਼ਟ ਦੇਵ ਇਕ ਹੋ ਜਾਈਆ। ਘਰ ਘਰ ਆਪਣਾ ਨਾਦ ਸੁਣੌਣਾ, ਨਾਦ ਅਨਾਦੀ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਸਾਚਾ ਮਾਰਗ ਜਾਏ ਆ, ਹਰਿ ਸਾਚਾ ਆਪ ਲਗਾਇੰਦਾ। ਚਾਰ ਵਰਨ ਵਖਾਏ ਏਕਾ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਚਾਰ ਵਰਨ ਮੰਤਰ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਆਪੇ ਬਣੇ ਪਿਤਾ ਮਾਂ, ਬਾਲ ਅਞਾਣੇ ਗੋਦ ਉਠਾਇੰਦਾ। ਸਦਾ ਸੁਹੇਲਾ ਸਦ ਦੇਵੇ ਠੰਡੀ ਛਾਂ, ਸਮਰਥ ਪੁਰਖ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੱਗੇ ਮਾਰਗ ਆਪੇ ਲਾਇੰਦਾ। ਅੱਗੇ ਮਾਰਗ ਆਪਾ ਰੱਖ, ਆਪਣੀ ਖੇਲ ਖਿਲਾਇਆ। ਨਿਰਗੁਣ ਨੂਰ ਹੋ ਪਰਤੱਖ, ਸਰਗੁਣ ਵੇਖ ਵਖਾਇਆ। ਗੁਰਸਿਖ ਵਰੋਲੇ ਜਗਤ ਛਾਛ ਵਿਚੋਂ ਲੱਖ, ਨਾਮ ਮਧਾਣਾ ਏਕਾ ਪਾਇਆ। ਆਪਣੇ ਭਾਂਡੇ ਅੰਦਰ ਰੱਖੇ ਢਕ, ਆਪਣਾ ਪਰਦਾ ਹੱਥ ਉਠਾਇਆ। ਕਲਜੁਗ ਜੂਠ ਝੂਠ ਕੂਕਰ ਕੋਈ ਨਾ ਸਕੇ ਲਕ, ਕਾਮ ਕਰੋਧ ਲੋਭ ਮੋਹ ਹੰਕਾਰ ਸੂਕਰ ਨੇੜ ਕੋਇ ਨਾ ਆਇਆ। ਸੁਰਤ ਸੁਆਣੀ ਕਰੇ ਵੱਖ, ਡੂੰਘੀ ਕੰਦਰ ਫੇਰਾ ਪਾਇਆ। ਅਪਣਾ ਮਾਰਗ ਆਪੇ ਦੱਸ, ਆਪਣਾ ਪੱਲੂ ਦਏ ਫੜਾਇਆ। ਸ਼ਬਦੀ ਮੇਲਾ ਹੱਸ ਹੱਸ, ਘਰ ਸਾਚੇ ਮੇਲ ਮਿਲਾਇਆ। ਗੁਰ ਸਤਿਗੁਰ ਗੁਰਸਿਖ ਇਕ ਦੂਜੇ ਦੇ ਹੋਣ ਵਸ, ਪੱਲਾ ਸਕੇ ਨਾ ਕੋਇ ਛੁਡਾਇਆ। ਗੁਰਸਿਖ ਕੋਲੋਂ ਸਤਿਗੁਰ ਕਦੇ ਨਾ ਜਾਏ ਨੱਠ, ਜੋ ਗੁਰਸਿਖ ਗੁਰ ਗੁਰ ਦਰਸ ਤਿਹਾਇਆ। ਸਤਿਗੁਰ ਕੋਲੋਂ ਗੁਰਸਿਖ ਕਦੇ ਨਾ ਹੋਏ ਵੱਖ, ਜਿਸ ਪ੍ਰੇਮ ਬੰਧਨ ਪਾਇਆ। ਸ਼ਬਦ ਡੋਰੀ ਸਾਚੀ ਨੱਥ, ਆਪਣੀ ਹੱਥੀਂ ਦੇਵੇ ਗੰਢ, ਗੰਢ ਦੇਵਣਹਾਰਾ ਦਿਸ ਕਿਸੇ ਨਾ ਆਇਆ। ਗੁਰਮੁਖ ਚੜ੍ਹਾਏ ਆਪਣੇ ਰਥ, ਬਣ ਰਥਵਾਹੀ ਸੇਵ ਕਮਾਇਆ। ਗੁਰਸਿਖ ਤੇਰੇ ਸਗਲ ਵਿਸੂਰੇ ਜਾਇਣ ਲਥ, ਸਤਿਗੁਰ ਪੂਰਾ ਦਰਸ ਦਿਖਾਇਆ। ਜਿੰਨਾਂ ਚਿਰ ਗੁਰਸਿਖ ਕਹੇ ਨਾ ਬਸ ਬਸ, ਗੁਰ ਪੂਰਾ ਆਪਣਾ ਰੂਪ ਨਾ ਸਕੇ ਪਲਟਾਇਆ। ਕੋਟਨ ਕੋਟ ਬ੍ਰਹਿਮੰਡ ਪਾਰ ਕਰ ਗੁਰਸਿਖ ਤੇਰੇ ਦਵਾਰੇ ਆਏ ਨੱਸ, ਬ੍ਰਹਮਾ ਵਿਸ਼ਨ ਸ਼ਿਵ ਅਧਵਿਚਕਾਰ ਬੈਠੇ ਰਾਹ ਤਕਾਇਆ। ਤੇਰਾ ਮੇਲਾ ਹੱਸ ਹੱਸ, ਤੇਰੀ ਸੁਰਤੀ ਤੇਰੀ ਆਤਮ ਤੇਰਾ ਪਰਮਾਤਮ ਲਏ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇਵੇ ਦਰ, ਹਰਿ ਕਾ ਨਾਉਂ ਹਰਿ ਸੰਤ ਭਗਵੰਤ ਮੇਲ ਮਿਲਾਇਆ। ਪੰਜ ਤੱਤ ਕਾਇਆ ਰੋਗ, ਦੁੱਖ ਦੁੱਖ ਸਤਾਈਆ। ਕਰਮ ਕਰਮਾਂ ਮਿਲਿਆ ਭੋਗ, ਭੋਗੀ ਭੋਗ ਭੋਗਾਈਆ। ਇਸਤਰੀ ਪੁਰਸ਼ ਹੋਇਆ ਸੰਜੋਗ, ਜੋੜੀ ਜੋੜ ਜੁੜਾਈਆ। ਜੋ ਜਨ ਸਤਿਗੁਰ ਪੂਰੇ ਰੱਖੇ ਓਟ, ਤਿਸ ਜਨ ਜਗਤ ਦੁੱਖ ਰਹੇ ਨਾ ਰਾਈਆ। ਹਰਿ ਕਾ ਨਾਉਂ ਚੁਗੇ ਚੋਗ, ਅੰਮ੍ਰਿਤ ਰਸ ਮੁਖ ਪਾਈਆ। ਰਸਨਾ ਗਾਏ ਇਕ ਸਲੋਕ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਅਗਨੀ ਤੱਤ ਦਏ ਮਿਟਾਈਆ। ਮਨ ਦੁਬਧਾ ਹੋਏ ਦੂਰ, ਮਨ ਵਾਸਨਾ ਦਏ ਖਪਾਈਆ। ਮਨ ਵਾਸਨਾ ਦਿਸੇ ਕੂੜ, ਕੂੜੀ ਕਿਰਿਆ ਦਏ ਮਿਟਾਈਆ। ਮਨ ਅੰਦਰ ਵਖਾਏ ਸਾਚਾ ਨੂਰ, ਮਨ ਜੋਤ ਨੂਰ ਰੁਸ਼ਨਾਈਆ। ਮਨ ਕਰੇ ਆਸਾ ਪੂਰ, ਮਨ ਮਨਸਾ ਦਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਸਾਚੇ ਧੰਦੇ ਲਾਈਆ। ਮਨ ਧੰਦਾ ਸ਼ਬਦ ਗੁਰਦੇਵ, ਹਰਿ ਸਾਚਾ ਸਚ ਜਣਾਇੰਦਾ। ਮਨ ਅੰਧਾ ਲੱਗੇ ਸੇਵ, ਸਾਚੀ ਸੇਵਾ ਆਪ ਕਰਾਇੰਦਾ। ਮਨ ਵਾਸਨਾ ਗੰਦਾ ਖਾਏ ਸਾਚਾ ਮੇਵ, ਅੰਮ੍ਰਿਤ ਰਸ ਆਪ ਚਖਾਇੰਦਾ। ਮਨ ਅੰਧਾ ਭੁਲਿਆ ਅਲਖ ਅਭੇਵ, ਅਲਖ ਅਭੇਵ ਆਪਣਾ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਕਾ ਮਣਕਾ ਆਪ ਭਵਾਇੰਦਾ। ਮਨ ਕਾ ਮਣਕਾ ਦੇਵੇ ਫੇਰ, ਗੁਰ ਸਤਿਗੁਰ ਹੱਥ ਵਡਿਆਈਆ। ਅੱਠੇ ਪਹਿਰ ਜੋ ਛੇੜਾਂ ਰਿਹਾ ਛੇੜ, ਏਕਾ ਬੰਧਨ ਪਾਈਆ। ਆਪੇ ਦੇਵੇ ਆਪਣਾ ਗੇੜ, ਉਲਟਾ ਗੇੜਾ ਮੁਖ ਭਵਾਈਆ। ਉਚੇ ਟਿੱਲੇ ਪਰਬਤ ਚੜ੍ਹ ਕੇ ਜੋ ਬੈਠਾ ਥੱਲੇ ਦੇਵੇ ਰੇੜ੍ਹ, ਮਨ ਹੰਕਾਰ ਵਿਕਾਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਮਤਾ ਦਏ ਚੁਕਾਈਆ। ਮਨ ਮਮਤਾ ਵਾਸਨਾ ਜਗ, ਜੂਠ ਝੂਠ ਪਰਨਾਇਆ। ਦਿਵਸ ਰੈਣ ਲੱਗੀ ਅੱਗ, ਤਤਵ ਤਤ ਨਾ ਕੋਇ ਸਮਝਾਇਆ। ਚਾਰੋਂ ਕੁੰਟ ਰਿਹਾ ਭੱਜ, ਦਹਿ ਦਿਸ਼ਾ ਫੇਰਾ ਪਾਇਆ। ਘਰ ਵੜ ਨਾ ਕੀਤਾ ਆਪਣਾ ਹੱਜ, ਕਾਅਬਾ ਨਜ਼ਰ ਕੋਇ ਨਾ ਆਇਆ। ਨਾ ਕੋਈ ਸ਼ਰਮ ਹੱਯਾ ਨਾ ਦਿਸੇ ਲੱਜ, ਬੇਲੱਜਾ ਹੋ ਹੋ ਉਠ ਧਾਇਆ। ਬਿਨ ਸਤਿਗੁਰ ਪੂਰੇ ਪਰਦਾ ਦੇਵੇ ਨਾ ਕੋਇ ਕੱਜ, ਨਾਮ ਦੁਸ਼ਾਲਾ ਉਪਰ ਪਾਇਆ। ਬਣ ਰਾਜਾ ਘਰ ਬੈਠਾ ਸਜ, ਆਪਣਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਦੁਬਧਾ ਦਏ ਗਵਾਇਆ। ਮਨ ਦੁਬਧਾ ਜਾਏ ਨੱਠ, ਅੰਦਰ ਰਾਮ ਨਾਮ ਵਸਾਈਆ। ਮਨ ਦੁਬਧਾ ਤੁਟੇ ਹਠ, ਗੁਰ ਸ਼ਬਦ ਖੰਡਾ ਇਕ ਚਮਕਾਈਆ। ਮਨ ਦੁਬਧਾ ਜਾਏ ਢੱਠ, ਸਤਿਗੁਰ ਪੂਰਾ ਧੱਕਾ ਲਾਈਆ। ਮਨ ਰੋਵੇ ਆਪਣੇ ਇੰਦਰਿਆਂ ਦਾ ਕਰੇ ਇਕੱਠ, ਚਾਰੋਂ ਕੁੰਟ ਵੇਖੇ ਨੇਤਰ ਨੈਣਾਂ ਨੀਰ ਵਹਾਈਆ। ਕਵਣ ਗੁਰੂ ਜਿਸ ਲਾਇਆ ਫੱਟ, ਮੇਰਾ ਦੁੱਖ ਮੇਰੇ ਕੋਲੋਂ ਝੱਲਿਆ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਦੁਬਧਾ ਦਏ ਧਵਾਈਆ। ਮਨ ਦਰੁਬਧਾ ਦੇਵੇ ਧੋ, ਹਰਿ ਸਤਿਗੁਰ ਦਇਆ ਕਮਾਇੰਦਾ। ਅੰਮ੍ਰਿਤ ਆਤਮ ਸਾਚਾ ਚੋ, ਨਿਰਮਲ ਨੀਰ ਪਿਆਇੰਦਾ। ਦਰਸ ਦਿਖਾਏ ਅੱਗੇ ਹੋ, ਸਵੱਛ ਸਰੂਪੀ ਰੂਪ ਵਟਾਇੰਦਾ। ਨਾਤਾ ਤੋੜੇ ਜੂਠਾ ਮੋਹ, ਆਪਣਾ ਬੰਧਨ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮਨ ਦੀ ਦੁਬਧਾ ਮੈਲ ਧਵਾਇੰਦਾ। ਮਨ ਦੁਬਧਾ ਜਾਏ ਧੁਪ, ਕੂੜੀ ਕਿਰਿਆ ਰਹਿਣ ਨਾ ਪਾਈਆ। ਦਰਸ ਦਿਖਾਏ ਜੋ ਅੰਦਰ ਬੈਠਾ ਛੁਪ, ਆਪ ਆਪਣਾ ਰੂਪ ਵਟਾਈਆ। ਸਦਾ ਬੈਠਾ ਰਹੇ ਚੁਪ, ਸੁੰਨ ਸਮਾਧ ਸਮਾਈਆ। ਮਨ ਬੁੱਕਦਾ ਰਹੇ ਅੰਧੇਰੇ ਘੁੱਪ, ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਦਰ, ਤਿਸ ਮਨ ਦੁਬਧਾ ਰਹੇ ਨਾ ਰਾਈਆ। ਮਨ ਦੁਬਧਾ ਰਹੇ ਨਾ ਰਾਇਆ, ਘਰ ਕਾਇਆ ਕੰਚਨ ਗੜ੍ਹ ਅਪਾਰ। ਬੁੱਧੀ ਬੁਧ ਬਿਬੇਕ ਵਖਾਇਆ, ਮਤ ਮਤਵਾਲੀ ਦਏ ਆਧਾਰ। ਸਾਚੇ ਧੰਦੇ ਆਪੇ ਲਾਇਆ, ਸੁਰਤ ਸੁਆਣੀ ਲਏ ਉਠਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਏਥੇ ਓਥੇ ਓਥੇ ਏਥੇ ਰਿਹਾ ਸੁਰਤ ਸੰਭਾਲ।