Granth 11 Likhat 012: 14 Maghar 2018 Bikarmi Dalip Singh Babu Pura Jethuwal Darbar wich

੧੪ ਮੱਘਰ ੨੦੧੮ ਬਿਕਰਮੀ ਦਲੀਪ ਸਿੰਘ ਬਾਬੂ ਪੁਰਾ ਜੇਠੂਵਾਲ ਦਰਬਾਰ ਵਿਚ

ਭਗਤ ਵਛਲ ਭਗਵਾਨ, ਆਦਿ ਜੁਗਾਦਿ ਸਮਾਇੰਦਾ। ਦਾਤਾ ਦਾਨੀ ਵਡ ਮਿਹਰਵਾਨ, ਜੁਗਾ ਜੁਗੰਤਰ ਖੇਲ ਖਲਾਇੰਦਾ। ਵੇਖੇ ਵਿਗਸੇ ਦੋ ਜਹਾਨ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਲੱਖ ਚੁਰਾਸੀ ਹੋ ਪਰਧਾਨ, ਲੋਕਮਾਤ ਫੇਰਾ ਪਾਇੰਦਾ। ਨਾਮ ਨਿਧਾਨਾ ਇਕ ਗਿਆਨ, ਅੰਤਰ ਮੰਤਰ ਆਪ ਪੜ੍ਹਾਇੰਦਾ। ਧਰਮ ਵਖਾਏ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਝੁਲਾਇੰਦਾ। ਨਾਦ ਅਨਾਦੀ ਹਰਿ ਧੁਨਕਾਨ, ਧੁਨ ਆਤਮਕ ਆਪ ਅਲਾਇੰਦਾ। ਪਵਣ ਪਾਣੀ ਸੇਵ ਕਮਾਣ, ਹਵਾ ਅਗਨੀ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਖੇਲ ਖਲਾਇੰਦਾ। ਭਗਤ ਵਛਲ ਹਰਿ ਭਗਵੰਤ, ਮਹਿਮਾ ਅਕੱਥ ਕੱਥੀ ਨਾ ਜਾਈਆ। ਲੇਖਾ ਜਾਣੇ ਜੁਗਾ ਜੁਗੰਤ, ਆਦਿ ਜੁਗਾਦਿ ਬੇਪਰਵਾਹੀਆ। ਹਰਿਜਨ ਵੇਖੇ ਸਾਚੇ ਸੰਤ, ਨਿਰਗੁਣ ਸਰਗੁਣ ਵੇਸ ਵਟਾਈਆ। ਲੇਖਾ ਜਾਣੇ ਭਗਤ ਭਗਵੰਤ, ਭਗਵਨ ਆਪਣੀ ਧਾਰ ਵਖਾਈਆ। ਏਕਾ ਨਾਮ ਮਣੀਆ ਮੰਤ, ਮਨ ਮਣਕਾ ਦਏ ਭੁਵਾਈਆ। ਤੋੜੇ ਗੜ੍ਹ ਹਉਂਮੇ ਹੰਗਤ, ਮਾਇਆ ਮਮਤਾ ਮੋਹ ਚੁਕਾਈਆ। ਕਾਇਆ ਚਾੜ੍ਹੇ ਸਾਚੀ ਰੰਗਤ, ਰੰਗ ਰੰਗੀਲਾ ਏਕਾ ਮਾਹੀਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੰਗਤ ਰਿਹਾ ਸਮਾਈਆ। ਇਕ ਇਕੱਲਾ ਲੱਖ ਚੁਰਾਸੀ ਬਣੇ ਮੰਗਤ, ਗੁਰ ਅਵਤਾਰਾਂ ਰਿਹਾ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਬਣਤ, ਘਾੜਨ ਆਪਣਾ ਘਾੜ ਘੜਾਈਆ। ਲੇਖਾ ਜਾਣੇ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਖੇਲ ਕਰਾਈਆ। ਭਗਤ ਵਛਲ ਹਰਿ ਕਰਤਾਰਾ, ਕੁਦਰਤ ਕਾਦਰ ਵੇਖ ਵਖਾਇੰਦਾ। ਲੋਕ ਪਰਲੋਕ ਬ੍ਰਹਿਮੰਡ ਖੰਡ ਪਾਵੇ ਸਾਰਾ, ਵੇਸ ਅਨੇਕ ਵਟਾਇੰਦਾ। ਜੇਰਜ ਅੰਡ ਦਏ ਸਹਾਰਾ, ਉਤਭੁਜ ਸੇਤਜ ਸੰਗ ਨਿਭਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਨਿਆਰਾ, ਨਿਰਾਕਾਰ ਆਪ ਅਖਵਾਇੰਦਾ। ਨਾਦ ਧੁੰਨ ਸਚ ਜੈਕਾਰਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਬ੍ਰਹਮ ਬ੍ਰਹਿਮਾਦ ਵੇਖੇ ਵਿਗਸੇ ਵੇਖਣਹਾਰਾ, ਨੇਤਰ ਲੋਚਣ ਨੈਣ ਨਾ ਕੋਇ ਵਖਾਇੰਦਾ। ਸਾਚੇ ਮੰਦਰ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਦੀਆ ਬਾਤੀ ਏਕਾ ਧਾਰਾ, ਕਮਲਾਪਾਤੀ ਆਪ ਜਗਾਇੰਦਾ। ਬੂੰਦ ਸਵਾਂਤੀ ਠੰਡੀ ਠਾਰਾ, ਅੰਮ੍ਰਿਤ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਖੇਲ ਕਰਾਇੰਦਾ। ਭਗਤ ਵਛਲ ਗਿਰਵਰ ਗਿਰਧਾਰ, ਗ੍ਰਹਿ ਮੰਦਰ ਸੋਭਾ ਪਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਾਹ ਸੁਲਤਾਨਾ ਨਾਉਂ ਧਰਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਈਆ। ਜੁਗਾ ਜੁਗੰਤਰ ਲੈ ਅਵਤਾਰ, ਲੱਖ ਚੁਰਾਸੀ ਵੇਖ ਵਖਾਈਆ। ਸੰਤ ਸਾਜਣ ਲਏ ਉਭਾਰ, ਸਾਚਾ ਸੱਯਾ ਇਕ ਵਖਾਈਆ। ਭਗਤਾਂ ਮੀਤਾ ਵਿਚ ਸੰਸਾਰ, ਸਾਚੀ ਰੀਤਾ ਆਪ ਚਲਾਈਆ। ਠਾਂਡਾ ਸੀਤਾ ਏਕੰਕਾਰ, ਅਗਨੀ ਤੱਤ ਨਾ ਕੋਇ ਰਖਾਈਆ। ਨਾਮ ਵਸਤ ਅਨਮੁਲ ਭੰਡਾਰ, ਵਡ ਭੰਡਾਰੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਬੇਪਰਵਾਹੀਆ। ਭਗਤ ਵਛਲ ਬੇਪਰਵਾਹ, ਬੇਐਬ ਨਾਉਂ ਰਖਾਇੰਦਾ। ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹ, ਸਾਚਾ ਹੁਕਮ ਆਪ ਚਲਾਇੰਦਾ। ਦੀਨ ਦੁਨੀ ਵੇਖੇ ਥਾਉਂ ਥਾਂ, ਦੀਨਨ ਆਪਣੀ ਦਇਆ ਕਮਾਇੰਦਾ। ਰਿਖੀ ਮੁਨੀ ਭੇਵ ਜਾਣੇ ਨਾ, ਅਛਲ ਅਛੱਲ ਆਪਣਾ ਭੇਵ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਆਪਣੇ ਰੰਗ ਰੰਗਾਇੰਦਾ। ਭਗਤ ਵਛਲ ਹਰਿ ਰੰਗ ਰਾਤਾ, ਰੰਗ ਰੰਗੀਲਾ ਇਕ ਅਖਵਾਈਆ। ਆਦਿ ਜੁਗਾਦਿ ਸਾਚੀ ਗਾਥਾ, ਜੁਗਾ ਜੁਗੰਤਰ ਕਰੇ ਪੜ੍ਹਾਈਆ। ਨਾਮ ਨਿਧਾਨਾ ਦੇਵੇ ਦਾਤਾ, ਗੁਰ ਅਵਤਾਰਾਂ ਝੋਲੀ ਪਾਈਆ। ਬੈਠਾ ਰਹੇ ਇਕ ਇਕਾਂਤਾ, ਅਕਲ ਕਲਾ ਅਖਵਾਈਆ। ਨਿਤ ਨਵਿਤ ਕਰ ਕਰ ਹਿੱਤ ਜਨ ਭਗਤਾਂ ਪੁੱਛੇ ਵਾਤਾ, ਲੋਕਮਾਤ ਫੇਰਾ ਪਾਈਆ। ਬਣਿਆ ਰਹੇ ਸੱਚਾ ਪਿਤ ਮਾਤਾ, ਬਾਲਕ ਵੇਖੇ ਬਾਲ ਸਖਾਈਆ। ਚਰਨ ਕਵਲ ਬੰਧਾਏ ਨਾਤਾ, ਬਖ਼ਸ਼ੇ ਸਰਨ ਸੱਚੀ ਸ਼ਰਨਾਈਆ। ਕਰੇ ਖੇਲ ਬਹੁ ਬਿਧ ਭਾਤਾ, ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਖੇਲ ਖਲਾਈਆ। ਭਗਤ ਵਛਲ ਹਰਿ ਖੇਲ ਅਵੱਲਾ, ਏਕਾ ਇਕ ਕਰਾਇੰਦਾ। ਵਸਣਹਾਰ ਸਚ ਮਹੱਲਾ, ਸਚਖੰਡ ਸੋਭਾ ਪਾਇੰਦਾ। ਜੋਤੀ ਧਾਰ ਆਪੇ ਰਲਾ, ਨੂਰ ਨੁਰਾਨਾ ਡਗਮਗਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸਤਿ ਸੰਦੇਸ਼ਾ ਇਕੋ ਘੱਲਾ, ਹਰਿ ਮੰਤਰ ਨਾਮ ਦ੍ਰਿੜਾਇੰਦਾ। ਜਨ ਭਗਤ ਫੜਾਏ ਆਪਣਾ ਪੱਲਾ, ਪਲਕ ਝਲਕ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਵੇਖ ਵਖਾਇੰਦਾ। ਭਗਤ ਵਛਲ ਵੇਖਣਹਾਰ, ਭਗਵਨ ਦਇਆ ਕਮਾਈਆ। ਜੁਗ ਜੁਗ ਵਿਛੜੇ ਮੇਲੇ ਵਿਚ ਸੰਸਾਰ, ਮੇਲਣਹਾਰ ਆਪ ਹੋ ਜਾਈਆ। ਗੁਰ ਚੇਲੇ ਸੋਹਣ ਇਕ ਦੁਆਰ, ਦਰ ਦਰਵਾਜ਼ਾ ਆਪ ਵਖਾਈਆ। ਡੁੱਬਦੇ ਪਾਥਰ ਦੇਵੇ ਤਾਰ, ਪਾਹਨ ਆਪਣਾ ਚਰਨ ਛੁਹਾਈਆ। ਰਾਓ ਰੰਕ ਕਰੇ ਪਿਆਰ, ਜੋ ਜਨ ਆਏ ਸਰਨਾਈਆ। ਆਤਮ ਬ੍ਰਹਮ ਦਏ ਅਧਾਰ, ਪਾਰਬ੍ਰਹਮ ਮਿਲਾਈਆ। ਮਨ ਵਾਸਨਾ ਕਰ ਖ਼ੁਵਾਰ, ਸਾਂਤਕ ਸਤਿ ਕਰਾਈਆ। ਏਥੇ ਓਥੇ ਦੋ ਜਹਾਨਾਂ ਪਾਵੇ ਸਾਰ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਸਹਿਜ ਸੁਖਦਾਈਆ। ਭਗਤ ਵਛਲ ਸਹਿਜ ਸੁਖਦਾਈ, ਏਕਾ ਰੰਗ ਸਮਾਇੰਦਾ। ਆਦਿ ਜੁਗਾਦਿ ਹਰਿਜਨ ਵੇਖੇ ਚਾਈਂ ਚਾਈਂ, ਲੋਕਮਾਤ ਫੇਰਾ ਪਾਇੰਦਾ। ਕਿਰਪਾਨਿਧ ਕਿਰਪਨ ਪਕੜ ਉਠਾਏ ਫੜ ਫੜ ਬਾਹੀਂ, ਆਪ ਆਪਣੀ ਗੋਦ ਬਹਾਇੰਦਾ। ਸਮਰਥ ਦੇਵੇ ਸਦਾ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਆਪਣਾ ਸੰਗ ਨਿਭਾਇੰਦਾ। ਭਗਤ ਵਛਲ ਸਗਲਾ ਸੰਗ, ਸੋ ਪੁਰਖ ਨਿਰੰਜਣ ਆਪ ਬਣਾਈਆ। ਜੁਗ ਜੁਗ ਭਗਤ ਦੁਆਰਾ ਲਏ ਮੰਗ, ਆਵੇ ਜਾਵੇ ਬੇਪਰਵਾਹੀਆ। ਨਾ ਕੋਈ ਉਹਲਾ ਨਾ ਕੋਈ ਕੰਧ, ਪਰਦਾ ਵਿਚ ਨਾ ਕੋਇ ਰਖਾਈਆ। ਇਕ ਸੁਣਾਏ ਸੁਹਾਗੀ ਛੰਦ, ਸੋਹਲਾ ਆਪਣਾ ਆਪ ਜਣਾਈਆ। ਖ਼ੁਸ਼ੀ ਕਰਾਏ ਬੱਤੀ ਦੰਦ, ਬੰਦੀ ਬੰਦ ਨਾ ਕੋਇ ਪਾਈਆ। ਨੇਤਰ ਦੇਵੇ ਨੈਣ ਅੰਧ, ਅਗਿਆਨ ਅੰਧੇਰ ਗਵਾਈਆ। ਭਗਤਨ ਅੰਤਰ ਪਾਵੇ ਠੰਡ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਹੋਏ ਸਹਾਈਆ। ਸਦਾ ਸਹਾਈ ਪੁਰਖ ਕਰਤਾਰ, ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਬੀਤੇ ਕੋਟਨ ਵਾਰ, ਕੋਟੀ ਕੋਟ ਖੇਲ ਖਲਾਇੰਦਾ। ਕੋਟਨ ਕੋਟ ਗੁਰ ਅਵਤਾਰ, ਜੁਗਾ ਜੁਗੰਤਰ ਸੇਵ ਲਗਾਇੰਦਾ। ਹੁਕਮੀ ਹੁਕਮ ਸਚ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਅੰਤਮ ਕੱਟ ਕੇ ਜਾਣ ਸਰਬ ਵਗਾਰ, ਲੇਖਾ ਆਪਣੇ ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਲੱਖ ਚੁਰਾਸੀ ਜਾਏ ਹਾਰ, ਜੀਵ ਜੰਤ ਸਰਬ ਕੁਰਲਾਇੰਦਾ। ਮਾਇਆ ਮਮਤਾ ਕਰ ਪਿਆਰ, ਹਉਂਮੇ ਹੰਗਤਾ ਬੰਧਨ ਪਾਇੰਦਾ। ਭੁੱਖਾ ਨੰਗਤਾ ਦਰ ਭਿਖਾਰ, ਲੋਕਮਾਤ ਆਪਣੀ ਅਲਖ ਜਗਾਇੰਦਾ। ਇਕ ਭਗਤ ਹਰਿ ਭਗਵੰਤ ਕਰੇ ਪਿਆਰ, ਦੂਜੀ ਓਟ ਨਾ ਕੋਇ ਤਕਾਇੰਦਾ । ਪੁਰਖ ਅਬਿਨਾਸ਼ੀ ਪਾਵੇ ਸਾਰ, ਨਿਤ ਨਵਿਤ ਵੇਸ ਵਟਾਇੰਦਾ। ਜਗਤ ਸਾਗਰ ਵਿਚੋਂ ਕਰੇ ਪਾਰ, ਕਾਇਆ ਗਾਗਰ ਜੋਤ ਜਗਾਇੰਦਾ। ਨਿਮਖ ਨਿਮਖ ਨਾ ਮਾਰੇ ਮਾਰ, ਸਿਰ ਆਪਣਾ ਹੱਥ ਟਿਕਾਇੰਦਾ। ਪਰਖੇ ਪਾਰਖੂ ਆਪ ਨਿਰੰਕਾਰ, ਨਾਮ ਕਸਵੱਟੀ ਏਕਾ ਲਾਇੰਦਾ। ਸਚ ਕੁਠਾਲੀ ਦੇਵੇ ਗਾਲ, ਸਤਿ ਸੁਹਾਗਾ ਨਾਲ ਮਿਲਾਇੰਦਾ। ਆਪੇ ਚਲੇ ਨਾਲ ਨਾਲ, ਪਾਂਧੀ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਦਇਆ ਕਮਾਇੰਦਾ। ਜੁਗ ਜੁਗ ਭਗਤੀ ਮਾਰਗ ਦੇ, ਲੋਕਮਾਤ ਰਾਹ ਚਲਾਈਆ। ਜੁਗ ਜੁਗ ਸ਼ਬਦ ਸੰਦੇਸ਼ਾ ਦੇ, ਨਾਮ ਨਿਧਾਨ ਪੜ੍ਹਾਈਆ। ਜੁਗ ਜੁਗ ਅੰਮ੍ਰਿਤ ਬਰਸੇ ਮੇਂਹ, ਮੇਘਲਾ ਰੂਪ ਵਟਾਈਆ। ਜੁਗ ਜੁਗ ਭਗਤਨ ਲਾਏ ਨੇਂਹ, ਨੇਹੁੰ ਆਪਣਾ ਆਪ ਵਖਾਈਆ। ਅੰਤ ਕੋਈ ਨਾ ਜਾਣੇ ਥਾਉਂ ਥੇਹ, ਕਵਣ ਘਰ ਵਸਿਆ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਹਾਈਆ। ਜੁਗ ਚੌਕੜੀ ਮਾਰਗ ਦੱਸ, ਛਿੰਨ ਭੰਗਰ ਖੇਲ ਕਰਾਇੰਦਾ। ਦਰਸ਼ਨ ਦੇ ਦੇ ਜਾਏ ਨੱਸ, ਫਿਰ ਹੱਥ ਕਿਸੇ ਨਾ ਆਇੰਦਾ। ਅੱਗੇ ਚਲੇ ਨਾ ਕੋਈ ਵਸ, ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਪਾਏ ਆਪਣਾ ਸ਼ੱਕ, ਸੰਸਾ ਆਪਣਾ ਰੂਪ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਤ੍ਰੈਗੁਣ ਅਤੀਤਾ, ਤ੍ਰੈ ਲੋਕਾਂ ਵੇਖ ਵਖਾਈਆ। ਤ੍ਰਲੋਕੀ ਨਾਥਾ ਠਾਂਡਾ ਸੀਤਾ, ਸੋਲਾਂ ਕਲਾਂ ਮਿਲੀ ਵਡਿਆਈਆ। ਜੀਵਾਂ ਜੰਤਾਂ ਪਰਖੇ ਨੀਤਾ, ਦੇਵਣਹਾਰ ਸਜ਼ਾਈਆ। ਬਿਦਰ ਸੁਦਾਮੇ ਮਿਲਿਆ ਮੀਤਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਕਲਜੁਗ ਅੰਤ ਖੇਲ ਅਨਡੀਠਾ, ਲਿਖਣ ਪੜ੍ਹਨ ਵਿਚ ਨਾ ਆਈਆ। ਹਰਿ ਕਾ ਖੇਲ ਨਾ ਮਰਿਆ ਨਾ ਜੀਤਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਭੇਵ ਛੁਪਾਈਆ। ਧਾਮ ਅਵੱਲੇ ਬੈਠ ਰਹੇ ਅਤੀਤਾ, ਤ੍ਰੈਗੁਣ ਪੋਹ ਨਾ ਸਕੇ ਰਾਈਆ। ਲੇਖਾ ਜਾਣੇ ਹਸਤ ਕੀਟਾ, ਲੱਖ ਚੁਰਾਸੀ ਵੇਖ ਵਖਾਈਆ। ਭਗਤ ਵਛਲ ਪਤਤ ਪੁਨੀਤਾ, ਪਤਤ ਪਾਵਣ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਵਛਲ ਸ਼ਾਹ ਸੁਲਤਾਨਾ, ਇਕ ਇਕੱਲਾ ਸੋਭਾ ਪਾਈਆ। ਕਲਜੁਗ ਅੰਤਮ ਸ੍ਰੀ ਭਗਵਾਨਾ, ਸ੍ਰੀ ਅਸਧੁਜ ਵੇਸ ਵਟਾਈਆ। ਨਾਮ ਨਿਧਾਨਾ ਨਿਰੰਤਰ ਗਾਨਾਂ, ਨਰ ਨਰਾਇਣ ਆਪ ਬੰਨ੍ਹਾਈਆ। ਸਤਿ ਸਤਿਵਾਦੀ ਦੇਵੇ ਧੁਰ ਫ਼ਰਮਾਣਾ, ਸਚ ਸੰਦੇਸ਼ਾ ਇਕ ਜਣਾਈਆ। ਖੇਲੇ ਖੇਲ ਮਰਦ ਮਰਦਾਨਾ, ਨਾਮ ਮਰਦਾਨਗੀ ਇਕ ਵਡਿਆਈਆ। ਧਰਮ ਧੀਰਜ ਸਚ ਨਿਸ਼ਾਨਾ, ਤੀਰਨ ਤੀਰ ਇਕ ਵਖਾਈਆ। ਗੁਣੀ ਗਹੀਰ ਬਲੀ ਬਲਵਾਨਾ, ਬੇਨਜ਼ੀਰ ਵੇਸ ਵਟਾਈਆ। ਜਨ ਭਗਤਾਂ ਕਰੇ ਆਪ ਪਰਵਾਨਾ, ਨਾਮ ਪਰਵਾਨਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਭਗਤ ਮੇਲਾ ਭਗਤ ਵਛਲ, ਵਿਸ਼ਵ ਆਪਣੀ ਖੇਲ ਜਣਾਇੰਦਾ। ਲੱਖ ਚੁਰਾਸੀ ਅਛਲ ਅਛੱਲ, ਵਲ ਛਲ ਧਾਰੀ ਭੇਵ ਨਾ ਆਇੰਦਾ। ਲੇਖਾ ਜਾਣੇ ਜਲ ਥਲ, ਮਹੀਅਲ ਆਪਣਾ ਰੂਪ ਦਰਸਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿ ਜੂ ਉਠਿਆ ਉਠੇ ਜਾਗ, ਜਗਾਵਣਹਾਰਾ ਆਪ ਜਗਾਈਆ। ਕਰ ਕਿਰਪਾ ਧੋਵੇ ਦੁਰਮਤ ਦਾਗ਼, ਦੂਈ ਦਲਿਦਰ ਦਏ ਮਿਟਾਈਆ। ਦੀਪਕ ਦੀਆ ਜਗਾਏ ਚਿਰਾਗ, ਚਾਂਦ ਚਾਂਦਨੀ ਮੁਖ ਸ਼ਰਮਾਈਆ। ਅਗਨੀ ਅੱਗ ਬੁਝਾਏ ਆਗ, ਸਾਂਤਕ ਸਤਿ ਵਰਤਾਈਆ। ਮਨ ਉਪਜਾਏ ਇਕ ਵੈਰਾਗ, ਸੋਹੰ ਸੋ ਕਰੇ ਪੜ੍ਹਾਈਆ। ਘਰ ਬੈਠਿਆਂ ਕਰੇ ਲਾਡ, ਨਿਰਗੁਣ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪਣੀ ਗੋਦ ਸੁਹਾਈਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਸਹਿਜ ਸੁਖਦਾਈਆ। ਭਗਤ ਵਛਲ ਗਹਿਰ ਗੰਭੀਰ, ਗੁਣਵੰਤਾ ਖੇਲ ਖਲਾਇੰਦਾ। ਜਨ ਭਗਤਾਂ ਦੇਵੇ ਸਾਚੀ ਧੀਰ, ਧੀਰਜ ਆਪਣਾ ਨਾਉਂ ਵਰਤਾਇੰਦਾ। ਅੰਤ ਚੋਟੀ ਚਾੜ੍ਹੇ ਇਕ ਅਖ਼ੀਰ, ਆਖ਼ਰ ਆਪਣੇ ਵਿਚ ਮਿਲਾਇੰਦਾ। ਅੰਮ੍ਰਿਤ ਬਖ਼ਸ਼ੇ ਸਾਚਾ ਸੀਰ, ਰਸਨਾ ਮੁਖ ਆਪ ਚੁਆਇੰਦਾ। ਸ਼ਰਅ ਸ਼ਰੀਅਤ ਕੱਟ ਜ਼ੰਜੀਰ, ਲੱਖ ਚੁਰਾਸੀ ਫੰਦ ਤੁੜਾਇੰਦਾ। ਦਾਤਾ ਦਾਨੀ ਵਡ ਪੀਰਨ ਪੀਰ, ਪੀੜ ਸਭ ਦੀ ਆਪ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਖੇਲ ਕਰਾਇੰਦਾ। ਭਗਤ ਵਛਲ ਖੇਲੇ ਖੇਲ, ਖੇਲਣਹਾਰ ਇਕ ਅਖਵਾਇਆ। ਜਨਮ ਜੁਗ ਦੇ ਵਿਛੜੇ ਮੇਲ, ਆਪਣਾ ਬੰਧਨ ਪਾਇਆ। ਨਿਰਗੁਣ ਸਰਗੁਣ ਬਣਿਆ ਸੱਜਣ ਸੁਹੇਲ, ਨਾਤਾ ਬਿਧਾਤਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਇਆ। ਭਗਤਨ ਮੇਲਾ ਆਪਣੇ ਘਰ, ਘਰ ਘਰ ਵਿਚ ਵੱਜੇ ਵਧਾਈਆ। ਭੈ ਭਿਆਨਕ ਚੁੱਕਿਆ ਡਰ, ਪ੍ਰਭ ਮਿਲਿਆ ਸੱਚਾ ਮਾਹੀਆ। ਪੁਰਖ ਪੁਰਖੋਤਮ ਪਾਇਆ ਦਰ, ਘਰ ਸਾਚੇ ਵੱਜੇ ਵਧਾਈਆ। ਏਕਾ ਪੱਲੂ ਲਿਆ ਫੜ, ਛੁੱਟ ਕਦੇ ਨਾ ਜਾਈਆ। ਏਕਾ ਪੌੜੇ ਜਾਣਾ ਚੜ੍ਹ, ਦੂਜਾ ਡੰਡਾ ਨਾ ਕੋਇ ਰਖਾਈਆ। ਏਕਾ ਅੱਖਰ ਲੈਣਾ ਪੜ੍ਹ, ਸੋਹੰ ਸ਼ਬਦ ਸੱਚੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਆਪਣੇ ਘਰ ਮਿਲਾਈਆ। ਆਪਣਾ ਘਰ ਸੁਹਾਏ ਬੰਕ, ਬੰਕ ਦੁਵਾਰੀ ਵੇਖ ਵਖਾਇੰਦਾ। ਨਾਤਾ ਤੋੜ ਰਾਓ ਰੰਕ, ਰੰਕ ਰਾਓ ਏਕਾ ਘਰ ਵਸਾਇੰਦਾ। ਨਿਰਗੁਣ ਸਰਗੁਣ ਬਣਾਏ ਬਣਤ, ਜਗਦੀਸ਼ ਆਪਣੀ ਦਇਆ ਕਮਾਇੰਦਾ। ਏਕਾ ਨਾਮ ਏਕਾ ਮੰਤ, ਮੰਤਰ ਆਪਣਾ ਨਾਮ ਸਮਝਾਇੰਦਾ। ਲੇਖਾ ਜਾਣੇ ਸਾਚੇ ਸੰਤ, ਸਤਿਗੁਰ ਆਪਣੀ ਖੇਲ ਕਰਾਇੰਦਾ। ਭਗਤਾਂ ਮੇਲਾ ਜੁਗਾ ਜੁਗੰਤ, ਜੁਗ ਕਰਤਾ ਵੇਖ ਵਖਾਇੰਦਾ। ਕਲਜੁਗ ਲੇਖਾ ਜਾਣੇ ਅੰਤ, ਅੰਤਮ ਦ੍ਰਿਸ਼ਟੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਸੰਗ ਸਦਾ ਸਮਾਇੰਦਾ। ਭਗਤਨ ਸੰਗ ਸਦਾ ਸਮਾਇਆ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਭਗਤਾਂ ਢੋਲਾ ਆਪੇ ਗਾਇਆ, ਆਪਣਾ ਢੋਲਾ ਭਗਤਾਂ ਰਿਹਾ ਸੁਣਾਈਆ। ਭਗਤਾਂ ਚੋਲਾ ਆਪ ਬਦਲਾਇਆ, ਆਪਣਾ ਚੋਲਾ ਭਗਤਾਂ ਦਏ ਸਮਝਾਈਆ। ਭਗਤਾਂ ਉਹਲਾ ਆਪ ਮਿਟਾਇਆ, ਆਪਣਾ ਉਹਲਾ ਭਗਤਾਂ ਕੋਲੋਂ ਦਏ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਸੱਚਾ ਸ਼ਹਿਨਸ਼ਾਹੀਆ। ਭਗਤ ਵਛਲ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਖੇਲ ਕਰਾਇੰਦਾ। ਕਲਜੁਗ ਅੰਤਮ ਬਣ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਆਪ ਚਲਾਏ ਆਪਣੇ ਰਾਹ, ਸਾਚੇ ਮਾਰਗ ਆਪੇ ਲਾਇੰਦਾ। ਇਕ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਹੁਕਮ ਸੁਣਾਇੰਦਾ। ਹਰਿਜਨ ਵੇਖੇ ਥਾਉਂ ਥਾਂ, ਦਰ ਦਰ ਆਪਣਾ ਫੇਰਾ ਪਾਇੰਦਾ। ਕਰੇ ਕਰਾਏ ਸਚ ਨਿਆਂ, ਸਾਚਾ ਅਦਲ ਆਪ ਕਮਾਇੰਦਾ। ਜੁਗ ਵਿਛੜੇ ਪਕੜੇ ਬਾਂਹ, ਪਕੜੀ ਬਾਂਹ ਨਾ ਕੋਇ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਸੇਵ ਕਮਾਇੰਦਾ। ਭਗਤ ਵਛਲ ਕਰੇ ਸੇਵਾ, ਸੇਵਕ ਆਪਣਾ ਰੂਪ ਜਣਾਈਆ। ਪਾਰਬ੍ਰਹਮ ਪ੍ਰਭ ਅਲਖ ਅਭੇਵਾ, ਅਲੱਖ ਨਾ ਲਖਿਆ ਜਾਈਆ। ਵਡ ਵੱਡਾ ਦੇਵੀ ਦੇਵਾ, ਦੇਵਤ ਸੁਰ ਰੱਖੇ ਸ਼ਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਭਗਤ ਵਛਲ ਹਰਿ ਸਾਚਾ ਰੰਗ, ਜਨ ਭਗਤਾਂ ਆਪ ਵਖਾਇੰਦਾ। ਗ੍ਰਹਿ ਆਤਮ ਸੇਜ ਪਲੰਘ, ਸਾਚੀ ਖਾਟ ਸੋਭਾ ਪਾਇੰਦਾ। ਨਾਮ ਨਗਾਰਾ ਨੌਬਤ ਮਰਦੰਗ, ਤੁਰੀਆ ਰਾਗ ਅਲਾਇੰਦਾ। ਕਰ ਪਰਕਾਸ਼ ਸੂਰਜ ਚੰਦ, ਕੋਟਨ ਕੋਟ ਮਹਿਤਾਬ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਜਨਾਂ ਹਰਿ ਵੇਖ ਵਖਾਇੰਦਾ। ਭਗਤ ਜਨਾਂ ਹਰਿ ਜਾਣੀ ਜਾਣ, ਜਾਨਣਹਾਰ ਆਪ ਹੋ ਆਈਆ। ਵੇਖਣਹਾਰਾ ਜਗਤ ਮਕਾਨ, ਕਾਇਆ ਕੋਠੜੀ ਫੋਲ ਫੋਲਾਈਆ। ਲੱਖ ਚੁਰਾਸੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਚਾਰੋਂ ਕੁੰਟ ਕਰਨ ਧਿਆਨ, ਧਿਆਨ ਵਿਚ ਧਿਆਨ ਨਾ ਕੋਇ ਰਖਾਈਆ। ਦਰ ਦਰ ਘਰ ਘਰ ਮੰਦਰ ਮਸਜਿਦ ਮੱਠ ਸੁਣਨ ਗਿਆਨ, ਗਿਆਨ ਗੁਰੂ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਹੋਏ ਸਹਾਈਆ। ਭਗਤਾਂ ਹੋਏ ਸਹਾ, ਦਇਆ ਕਮਾਇੰਦਾ। ਸਾਚੇ ਮਾਰਗ ਲਾ, ਦਰਸ ਦਿਖਾਇੰਦਾ। ਅੰਧ ਅੰਧੇਰ ਗਵਾ, ਜੋਤ ਜਗਾਇੰਦਾ। ਜਨਮ ਜਨਮ ਦਾ ਕੱਟੇ ਫਾਹ, ਮਾਣਸ ਜਨਮ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਦਇਆ ਕਮਾਇੰਦਾ। ਭਗਤ ਵਛਲ ਹਰਿ ਦੀਨ ਦਿਆਲਾ, ਦਇਆਨਿਧ ਵਡਿਆਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਸਤਿ ਸਤਿਵਾਦੀ ਨਾਉਂ ਰਖਾਈਆ। ਹੱਥ ਰਖਾਏ ਕਾਲ ਮਹਾਂਕਾਲਾ, ਜੁਗਾ ਜੁਗੰਤਰ ਹੁਕਮ ਸੁਣਾਈਆ। ਕਲਜੁਗ ਅੰਤਮ ਖੇਲ ਨਿਰਾਲਾ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਧਾ ਸੂਰ ਬਣ ਬਲੀ ਬਲਵਾਨਾ, ਬਲ ਆਪਣਾ ਆਪ ਵਖਾਈਆ। ਜੀਵ ਜੰਤ ਵੇਖੇ ਮਾਰ ਧਿਆਨਾ, ਅੰਤਰ ਆਪਣਾ ਵੇਖ ਵਖਾਈਆ। ਭਗਤਾਂ ਕਰੇ ਆਪ ਪਰਵਾਨਾ, ਹਰਿਜਨ ਸਾਚੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੇਲ ਮਿਲਾਇਆ ਹਰਿ ਜੂ ਹਰਿ, ਆਪਣੀ ਦਇਆ ਕਮਾਇੰਦਾ। ਪੂਰਬ ਜਨਮ ਦਾ ਦਿਤਾ ਵਰ, ਕਲਜੁਗ ਅੰਤਮ ਮੂਲ ਚੁਕਾਇੰਦਾ। ਸੰਤ ਸੁਹੇਲੇ ਆਪੇ ਫੜ, ਘਰ ਸਾਚੇ ਆਪ ਬਹਾਇੰਦਾ। ਲੇਖਾ ਜਾਣੇ ਅੰਦਰ ਵੜ, ਲਿਖਤ ਲੇਖ ਨਾ ਕੋਇ ਰਖਾਇੰਦਾ। ਆਪਣਾ ਅੱਖਰ ਆਪੇ ਪੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸਾਚਾ ਉਠਿਆ, ਕਲਜੁਗ ਅੰਤਮ ਵਾਰ। ਪੁਰਖ ਅਬਿਨਾਸ਼ੀ ਤੁਠਿਆ, ਦੇਵੇ ਦਰਸ ਦੀਦਾਰ। ਨਾਮ ਭੰਡਾਰ ਦਏ ਅਤੁਟਿਆ, ਵਰਤੇ ਵਰਤਾਵੇ ਵਿਚ ਸੰਸਾਰ। ਮਨਮੁਖਾਂ ਭਾਗ ਨਿਖੁਟਿਆ, ਦਰ ਦੁਆਰਿਉਂ ਦਏ ਨਿਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਭਗਵਾਨ, ਹਰਿ ਭਗਵਨ ਖੇਲ ਅਵੱਲੜਾ, ਆਖਰ ਆਪ ਕਰਾਈਆ। ਜਨ ਭਗਤ ਫੜਾਏ ਪਲੜਾ, ਪੱਲੂ ਏਕਾ ਰਿਹਾ ਵਖਾਈਆ। ਸਚ ਸਿੰਘਾਸਣ ਆਪੇ ਮਲੜਾ, ਤਖ਼ਤ ਨਿਵਾਸੀ ਸਾਚੇ ਤਖ਼ਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਵੇਸ ਵਟਾਈਆ। ਭਗਤ ਵਛਲ ਹਰਿ ਵੇਸ ਵਟਾਇਆ, ਕਲਜੁਗ ਅੰਤਮ ਵਾਰ। ਹਰਿਜਨ ਸਾਚੇ ਲਏ ਜਗਾਇਆ, ਜਾਗਰਤ ਜੋਤ ਕਰ ਉਜਿਆਰ। ਜਿਸ ਜਨ ਆਪਣੇ ਨਾਲ ਮਿਲਾਇਆ, ਲੱਖ ਚੁਰਾਸੀ ਵਿਚੋਂ ਕੱਢਿਆ ਬਾਹਰ। ਜਿਸ ਜਨ ਆਪਣਾ ਦਰਸ ਕਰਾਇਆ, ਈਦ ਚੰਦ ਹੋਇਆ ਸ਼ਰਮਸ਼ਾਰ। ਜਿਸ ਜਨ ਆਪਣਾ ਰੰਗ ਰੰਗਾਇਆ, ਰੰਗ ਚੜ੍ਹੇ ਨਾ ਦੂਜੀ ਵਾਰ। ਜਿਸ ਜਨ ਆਪਣਾ ਅਨੰਦ ਕਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਲਏ ਉਭਾਰ। ਸਾਚੇ ਭਗਤ ਉਭਾਰਦਾ, ਕਲਜੁਗ ਸੇਵ ਕਮਾ। ਬਿਨ ਕਰਨੀ ਫੜ ਫੜ ਤਾਰਦਾ, ਦੀਨਨ ਦਇਆ ਕਮਾ। ਬਿਨ ਮਰਨੀ ਫੜ ਫੜ ਮਾਰਦਾ, ਜਗਤ ਤ੍ਰਿਸ਼ਨਾ ਮਿਟਾ। ਬਿਨ ਸ਼ਰਨੀ ਸਰਨ ਨਿਵਾਰਦਾ, ਆਪ ਆਪਣੇ ਚਰਨ ਲਗਾ। ਕਲਜੁਗ ਅਗਨੀ ਫੜ ਫੜ ਠਾਰਦਾ, ਅੰਮ੍ਰਿਤ ਮੇਘ ਬਰਸਾ। ਹਰਿ ਸੰਗਤ ਦਿਵਸ ਦਿਤਾ ਸਤਾਰਾਂ ਹਾੜ ਦਾ, ਸਗਲਾ ਸੰਗ ਤਜਾ। ਲੇਖਾ ਜਾਣੇ ਪੁਰਖ ਨਾਰ ਦਾ, ਬਾਲਾਂ ਬਿਰਧਾਂ ਵੇਖ ਵਖਾ। ਜੀਵ ਜੰਤ ਆਪੇ ਗਾਲਦਾ, ਜੂਨ ਅਜੂਨੀ ਦਏ ਭੁਵਾ। ਭੇਵ ਜਾਣੇ ਮੁਰੀਦਾਂ ਹਾਲ ਦਾ, ਮੁਰਸ਼ਦ ਬਣ ਬੇਪਰਵਾਹ, ਅੰਤਮ ਦੱਸਿਆ ਰਾਹ ਸੁਖਾਲ ਦਾ, ਸੋਹੰ ਢੋਲਾ ਏਕਾ ਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਲਏ ਵਡਿਆ। ਭਗਤ ਵੱਡਾ ਵਡੀ ਵਡਿਆਈ, ਲੋਕਮਾਤ ਵੱਜੇ ਵਧਾਈਆ। ਭਗਤ ਵਡਾ ਹਰਿ ਕਰੀ ਕੁੜਮਾਈ, ਨਾਤਾ ਬਿਧਾਤਾ ਜੋੜ ਜੁੜਾਈਆ। ਭਗਤ ਵੱਡਾ ਘਰ ਵੱਜੀ ਵਧਾਈ, ਹਰਿ ਸਾਚਾ ਰਾਗ ਸੁਣਾਈਆ। ਭਗਤ ਵੱਡਾ ਹਰਿ ਮਿਟੀ ਜੁਦਾਈ, ਮਿਲਿਆ ਮੇਲ ਸਾਚੇ ਮਾਹੀਆ। ਭਗਤ ਵੱਡਾ ਹਰਿ ਮਿਲਿਆ ਚਾਈਂ ਚਾਈਂ, ਚਾਰ ਜੁਗ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਹੋਏ ਸਹਾਈਆ। ਭਗਤਾਂ ਸੰਗ ਸਦਾ ਹਰਿ ਸੱਜਣ, ਸੱਜਰਾ ਸਾਕ ਬਣਾਇੰਦਾ। ਪਿਛਲਾ ਲੇਖਾ ਸਾਰੇ ਤੱਜਣ, ਜਿਨ ਆਪਣਾ ਦਰਸ ਦਿਖਾਇੰਦਾ। ਕਰ ਦਰਸ ਘਰ ਸਾਚੇ ਰੱਜਣ, ਨੇਤਰ ਨੈਣ ਮਿਲਾਇੰਦਾ। ਚਰਨ ਧੂੜ ਕਰਾਏ ਮਜਣ, ਦੁਰਮਤ ਮੈਲ ਧੁਵਾਇੰਦਾ। ਭਾਂਡੇ ਭਰਮ ਭੌ ਭੱਜਣ, ਜੋ ਗੁਰ ਚਰਨ ਓਟ ਰਖਾਇੰਦਾ। ਸਦਾ ਸੁਹੇਲਾ ਆਏ ਪਰਦੇ ਕੱਜਣ, ਨਾਮ ਦੋਸ਼ਾਲਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਸੰਗ ਆਪ ਨਿਭਾਇੰਦਾ। ਭਗਤਾਂ ਸੰਗ ਸਾਚੀ ਆਸ, ਆਸਾਵੰਦ ਰਖਾਈਆ। ਕਲਜੁਗ ਅੰਤ ਬੁਝੀ ਪਿਆਸ, ਪੁਰਖ ਅਬਿਨਾਸ਼ੀ ਖ਼ੁਸ਼ੀ ਮਨਾਈਆ। ਮੈਂ ਬਹੱਤਰਾਂ ਹੋਇਆ ਦਾਸ, ਬਣ ਦਾਸ ਸੇਵ ਕਮਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਇਕੋ ਮੇਰਾ ਕੰਮ ਖ਼ਾਸ, ਖ਼ਾਲਸ ਰੂਪ ਦਿਆਂ ਵਖਾਈਆ। ਬਿਨ ਕਾਇਆ ਕਪੜ ਵਸਾਂ ਪਾਸ, ਪੰਜ ਤੱਤ ਨਾ ਕੋਇ ਰਖਾਈਆ। ਲੇਖਾ ਜਾਣਾ ਪ੍ਰਿਥਮੀ ਆਕਾਸ਼, ਗਗਨ ਮੰਡਲ ਫੇਰਾ ਪਾਈਆ। ਜਨ ਭਗਤਾਂ ਕਰ ਕਰ ਤਲਾਸ਼, ਨੌਂ ਖੰਡ ਪ੍ਰਿਥਮੀ ਚਰਨਾਂ ਹੇਠ ਦਬਾਈਆ। ਬਣ ਤਰਖਾਣ ਹਰਿਜਨ ਲਿਆ ਤਰਾਸ, ਤਰ੍ਹਾ ਤਰ੍ਹਾ ਦਾ ਸੂਤਰ ਲਾਈਆ। ਹਰਿ ਭਗਤ ਨਾ ਹੋਏ ਵਿਨਾਸ਼, ਅਬਿਨਾਸ਼ੀ ਆਪਣੇ ਨਾਲ ਮਿਲਾਈਆ। ਝੂਠਾ ਸੰਸਾ ਕਰੇ ਫਾਸ਼ ਫਾਸ਼, ਜਗਤ ਅੰਧੇਰਾ ਦਏ ਗਵਾਈਆ। ਜਿਸ ਜਨ ਗਾਇਆ ਰਸਨ ਸਵਾਸ, ਰਸ ਰਸਨਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਹਰਿ ਭਗਤ ਤੇਰਾ ਸਾਚਾ ਮਾਣ, ਹਰਿ ਜੂ ਆਪ ਰਖਾਇੰਦਾ। ਤੇਰੇ ਪਿਛੇ ਪਿਛੇ ਫਿਰੇ ਭਗਵਾਨ, ਘਰ ਘਰ ਫੇਰਾ ਪਾਇੰਦਾ। ਫੜ ਫੜ ਸੁਤਿਆਂ ਦੇਵੇ ਗਿਆਨ, ਆਪਣਾ ਨਾਉਂ ਜਪਾਇੰਦਾ। ਆਪੇ ਬਣਿਆ ਰਹੇ ਮਹਿਮਾਨ, ਮਹਿਮਾਨੀ ਪ੍ਰੇਮ ਗੁਰਮੁਖਾਂ ਕੋਲੋਂ ਖਾਇੰਦਾ। ਆਪੇ ਬਣਿਆ ਰਹੇ ਬੇਪਹਿਚਾਨ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਸਾਲਾਹਿੰਦਾ। ਭਗਤ ਸਲਾਹੇ ਹਰਿ ਨਿਰੰਕਾਰ, ਜੁਗ ਜੁਗ ਵੇਸ ਵਟਾਈਆ। ਇਕ ਇਕ ਫੜ ਫੜ ਜਾਏ ਤਾਰ, ਤਾਰ ਤਾਰ ਨਾਲ ਮਿਲਾਈਆ। ਮੰਦਰ ਚੜ੍ਹ ਚੜ੍ਹ ਪਾਏ ਸਾਰ, ਅੰਦਰ ਵੜ ਵੜ ਖ਼ੁਸ਼ੀ ਮਨਾਈਆ। ਡਰ ਡਰ ਖੇਲ ਕਰੇ ਵਿਚ ਸੰਸਾਰ, ਲੁਕ ਲੁਕ ਆਪਣਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਜੁਗ ਚੌਕੜੀ ਧਰ ਧਰ ਵੇਸ, ਧਰਨੀ ਦਇਆ ਕਮਾਇੰਦਾ। ਇਕ ਇਕ ਏਕੋ ਰਿਹਾ ਵੇਖ, ਇਕ ਏਕਾ ਮੇਲ ਮਿਲਾਇੰਦਾ। ਫਿਰ ਵਸੇ ਆਪਣੇ ਦੇਸ, ਸਾਚੇ ਮੰਦਰ ਸੋਭਾ ਪਾਇੰਦਾ। ਕਲਜੁਗ ਅੰਤਮ ਅਵੱਲੜਾ ਵੇਸ, ਹਰਿ ਲੋਕਮਾਤ ਕਰਾਇੰਦਾ। ਹਰਿਜਨ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇੰਦਾ। ਆਪ ਤਪਿਆ ਅਗਨੀ ਜੇਠ, ਗੁਰਮੁਖਾਂ ਅੰਮ੍ਰਿਤ ਮੇਘ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਸੇਵ ਕਮਾਇੰਦਾ। ਸੇਵਾ ਕਰਨ ਆਇਆ ਭਗਵਾਨ, ਕਮੀ ਕੋਇ ਰਹਿਣ ਨਾ ਪਾਈਆ। ਸਾਚੇ ਭਗਤਾਂ ਕਰ ਪਹਿਚਾਨ, ਪੱਛਮ ਉਤਰ ਦੱਖਣ ਪੂਰਬ ਵੇਖ ਵਖਾਈਆ। ਦੇਵਤ ਸੁਰ ਸਰਬ ਗਾਣ, ਗੰਧਰਬ ਰਹੇ ਜਸ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਨੇਤਰ ਨੈਣ ਉਠਾਈਆ। ਗੁਰ ਅਵਤਾਰ ਲਾ ਲਾ ਕਾਨ, ਸੁਣ ਸੁਣ ਢੋਲਾ ਖ਼ੁਸ਼ੀ ਮਨਾਈਆ। ਕਰਿਆ ਖੇਲ ਸ੍ਰੀ ਭਗਵਾਨ, ਲੋਕਮਾਤ ਵੱਜੀ ਵਧਾਈਆ। ਜੁਗ ਜੁਗ ਦੇ ਭਗਤ ਕੱਠੇ ਕੀਤੇ ਆਣ, ਏਕਾ ਗੰਢ ਬੰਧਾਈਆ। ਸਤਿ ਸਤਿਵਾਦੀ ਹੋ ਮਿਹਰਵਾਨ, ਦੋਏ ਦੋਏ ਰੂਪ ਖੇਲ ਕਰਾਈਆ। ਸਾਤਾ ਦੂਆ ਕਰ ਪਰਧਾਨ, ਅੰਕ ਅੰਕ ਨਾਲ ਮਿਲਾਈਆ। ਬਹੱਤਰਾਂ ਦੇਵੇ ਇਕ ਅਸਥਾਨ, ਸਾਚੀ ਭੂਮਕਾ ਸੋਭਾ ਪਾਈਆ। ਭੂਪਤ ਭੂਪ ਰਾਜ ਰਾਜਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਤਿ ਸਰੂਪ ਨਿਗਹਬਾਨ, ਮਿਹਰ ਨਜ਼ਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ।