੭ ਮੱਘਰ ੨੦੧੮ ਬਿਕ੍ਰਮੀ ਪ੍ਰੀਤਮ ਸਿੰਘ ਦੇ ਨਵਿਤ ਦਰਬਾਰ ਵਿਚ ਜੇਠੂਵਾਲ
ਭਗਤਨ ਸੰਗ ਵਸੇ ਭਗਵੰਤ, ਭੈ ਭਿਆਨਕ ਸਦਾ ਸਹਾਈਆ। ਮੇਲ ਮਿਲਾਵਾ ਸਾਚੇ ਸੰਤ, ਹਰਿ ਸਤਿਗੁਰ ਆਪ ਮਿਲਾਈਆ। ਜੁਗ ਜੁਗ ਬਣਾਏ ਸਾਚੀ ਬਣਤ, ਸਿਰ ਆਪਣਾ ਹੱਥ ਟਿਕਾਈਆ। ਏਕਾ ਨਾਮ ਜਣਾਏ ਮਣੀਆ ਮੰਤ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜੀਵਣ ਜੁਗਤ ਇਕ ਸਮਝਾਈਆ। ਲੇਖਾ ਜਾਣੇ ਆਦਿ ਅੰਤ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਸਾਚਾ ਮੇਲ ਮਿਲਾਈਆ। ਭਗਤ ਭਗਵਾਨ ਇਕੋ ਰਾਹ, ਏਕਾ ਦਰ ਸੁਹਾਇੰਦਾ। ਏਕਾ ਦੇਵੇ ਸਚ ਸਲਾਹ, ਸਾਚਾ ਨਾਮ ਜਣਾਇੰਦਾ। ਇਕ ਵਖਾਏ ਸਚ ਮਕਾਂ, ਸਚਖੰਡ ਦੁਆਰਾ ਸੋਭਾ ਪਾਇੰਦਾ। ਇਕ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਸਮਝਾਇੰਦਾ। ਇਕ ਇਕੱਲਾ ਦੇਵੇ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਏਕੰਕਾਰ ਪਕੜੇ ਬਾਂਹ, ਹਰਿਜਨ ਆਪਣੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣੇ ਰੰਗ ਰੰਗਾਇੰਦਾ। ਭਗਤਨ ਮੀਤਾ ਏਕੰਕਾਰ, ਅਕਲ ਕਲਾ ਵਡਿਆਈਆ। ਜੁਗ ਜੁਗ ਪੈਜ ਦਏ ਸਵਾਰ, ਲੋਕਮਾਤ ਹੋਏ ਸਹਾਈਆ। ਲੱਖ ਚੁਰਾਸੀ ਕਰੇ ਪਾਰ, ਜਮ ਕੀ ਫਾਸੀ ਤੋੜ ਤੁੜਾਈਆ। ਨਾਮ ਉਦਾਸੀ ਇਕ ਖੁਮਾਰ, ਏਕਾ ਰੰਗ ਵਖਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਿਰਪਨ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਮਾਣ ਵਡਿਆਈਆ। ਭਗਤਨ ਮੀਤਾ ਹਰਿ ਗੋਬਿੰਦ, ਅਕਲ ਕਲਾ ਅਖਵਾਇਆ। ਜੁਗ ਜੁਗ ਮੇਟੇ ਝੂਠੀ ਚਿੰਦ, ਚਿੰਤਾ ਚਿਖਾ ਨਾ ਰੂਪ ਵਟਾਇਆ। ਦਇਆ ਕਮਾਏ ਗੁਣੀ ਗਹਿੰਦ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹਿਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਸਰ ਸਰੋਵਰ ਇਕ ਵਖਾਇਆ। ਹਰਿਜਨ ਬਣਾਏ ਸਾਚੀ ਬਿੰਦ, ਪਿਤਾ ਪੂਤ ਨਾਉਂ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਵਖਾਇਆ। ਭਗਤਨ ਮੀਤਾ ਹਰਿ ਨਿਰੰਕਾਰਾ, ਨਿਰਗੁਣ ਨਿਰਵੈਰ ਖੇਲ ਖਲਾਈਆ। ਜੁਗਾ ਜੁਗੰਤਰ ਕਰ ਪਸਾਰਾ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਜੁਗ ਚੌਕੜੀ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤਮ ਖੇਲ ਨਿਆਰਾ, ਖ਼ਾਲਕ ਖ਼ਲਕ ਰੂਪ ਵਟਾਈਆ। ਧਾਮ ਅਵੱਲੜਾ ਇਕ ਦਰਬਾਰਾ, ਦਰਗਹਿ ਸਾਚੀ ਦਏ ਵਡਿਆਈਆ। ਸ਼ਬਦ ਸੰਦੇਸ਼ ਇਕ ਜੈਕਾਰਾ, ਏਕਾ ਨਾਅਰਾ ਲਾਈਆ। ਏਕਾ ਮੰਦਰ ਇਕ ਦੁਆਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਏਕਾ ਨੂਰ ਪਰਵਰਦਿਗਾਰਾ, ਬੇਐਬ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਹਰਿ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਏਕਾ ਦੇਵੇ ਨਾਮ ਨਿਧਾਨ, ਵਸਤ ਅਮੋਲਕ ਝੋਲੀ ਪਾਈਆ। ਆਤਮ ਅੰਤਰ ਬ੍ਰਹਮ ਗਿਆਨ, ਪਾਰਬ੍ਰਹਮ ਪੜ੍ਹਾਈਆ। ਨਿਰਗੁਣ ਜੋਤ ਨੂਰ ਮਹਾਨ, ਦੀਪਕ ਦੀਆ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਪੀਣ ਖਾਣ, ਆਸਾ ਤ੍ਰਿਸ਼ਨਾ ਦਏ ਗਵਾਈਆ। ਨਾਮ ਵਖਾਏ ਸਚ ਬਬਾਣ, ਮਿਹਰਬਾਨ ਆਪ ਸਮਝਾਈਆ। ਆਪੇ ਹੋਏ ਜਾਣੀ ਜਾਣ, ਘਟ ਘਟ ਆਪਣਾ ਰੂਪ ਵਟਾਈਆ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਲਏ ਮਿਲਾਈਆ। ਭਗਤਨ ਮੇਲਾ ਸਚ ਦੁਆਰ, ਬੰਕ ਦੁਆਰੀ ਆਪ ਕਰਾਇੰਦਾ। ਦੇਵੇ ਦਰਸ ਅਗੰਮ ਅਪਾਰ, ਅਲੱਖ ਅਗੋਚਰ ਸੇਵ ਕਮਾਇੰਦਾ। ਜੁਗ ਚੌਕੜੀ ਕਰ ਖ਼ੁਵਾਰ, ਸਭ ਦਾ ਪੰਧ ਮੁਕਾਇੰਦਾ। ਲਹਿਣਾ ਦੇਣਾ ਗੁਰ ਅਵਤਾਰ, ਲੋਕਮਾਤ ਵਖਾਇੰਦਾ। ਭਗਤ ਭਗਵੰਤ ਕਰ ਉਜਿਆਰ, ਏਕਾ ਚੰਦ ਚੜ੍ਹਾਇੰਦਾ। ਨਵ ਨੌਂ ਖੇਲ ਅਪਾਰ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਸ੍ਰਿਸ਼ਟ ਸਬਾਈ ਕਰੇ ਵਿਚਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਸੰਗ ਆਪ ਨਿਭਾਇੰਦਾ। ਭਗਤਾਂ ਸੰਗ ਸਾਚਾ ਮੀਤ, ਮਿੱਤਰ ਪਿਆਰਾ ਸੰਗ ਨਿਭਾਈਆ। ਆਪੇ ਬੈਠਾ ਰਹੇ ਅਤੀਤ, ਦਰ ਘਰ ਸਾਚੇ ਸੋਭਾ ਪਾਈਆ। ਨਾਮ ਜਣਾਏ ਸਾਚਾ ਗੀਤ, ਗੀਤ ਗੋਬਿੰਦ ਆਪ ਅਲਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਵਸਣਹਾਰਾ ਧਾਮ ਅਨਡੀਠ, ਸਚਖੰਡ ਸਾਚੇ ਸੋਭਾ ਪਾਈਆ। ਆਦਿ ਜੁਗਾਦੀ ਜਾਣੇ ਆਪਣੀ ਰੀਤ, ਲੇਖਾ ਲੇਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣਾ ਭੇਵ ਚੁਕਾਈਆ। ਭਗਤਨ ਭੇਵ ਦੇਵੇ ਦੱਸ, ਦਹਿ ਦਿਸ਼ਾ ਉਠ ਧਾਇਆ। ਲੋਕਮਾਤ ਹਰਿ ਆਏ ਨੱਸ, ਨਿਰਗੁਣ ਵੇਸ ਵਟਾਇਆ। ਜਨਮ ਜਨਮ ਦੀ ਪੂਰੀ ਕਰੇ ਆਸ, ਆਸਾ ਤ੍ਰਿਸ਼ਨਾ ਦਏ ਮੁਕਾਇਆ। ਲੇਖੇ ਲਾਏ ਪਵਣ ਸਵਾਸ, ਜਿਸ ਜਨ ਹਰਿ ਜੂ ਹਰਿ ਹਰਿ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਨਾਮ ਇਕ ਵਡਿਆਇਆ। ਭਗਤਨ ਨਾਮ ਵੱਡਾ ਵਡ, ਹਰਿ ਵੱਡਾ ਸਚ ਵਡਿਆਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਆਪਣਾ ਮੇਲ ਮਿਲਾਇੰਦਾ। ਲੋਆਂ ਪੁਰੀਆਂ ਕਰਾਏ ਪਾਰ ਹੱਦ, ਬ੍ਰਹਿਮੰਡ ਖੰਡ ਵੰਡ ਵੰਡਾਇੰਦਾ। ਇਕ ਸੁਣਾਏ ਸਾਚਾ ਨਦ, ਅਨਹਦ ਨਾਦ ਵਜਾਇੰਦਾ। ਅੰਮ੍ਰਿਤ ਪਿਆਏ ਸਾਚੀ ਮਧ, ਮਧੁਰ ਨੈਣ ਸੇਵ ਕਮਾਇੰਦਾ। ਜੁਗ ਜੁਗ ਆਪਣੇ ਦੁਆਰੇ ਆਪੇ ਸੱਦ, ਸਦਕੇ ਵਾਰੀ ਘੋਲੀ ਘੋਲ ਘੁਮਾਇੰਦਾ। ਕਲਜੁਗ ਅੰਤਮ ਦੇ ਕੇ ਜਾਵੇ ਅੱਧ, ਸਾਚਾ ਹਿੱਸਾ ਆਪ ਵੰਡਾਇੰਦਾ। ਭਗਤ ਬਣਾਏ ਆਪਣੀ ਯੱਦ, ਭਗਵਨ ਆਪਣਾ ਬੰਸ ਸੁਹਾਇੰਦਾ। ਕੋਟਨ ਕੋਟ ਭਾਰ ਗਏ ਲੱਦ, ਹੌਲਾ ਭਾਰ ਨਾ ਕੋਇ ਰਖਾਇੰਦਾ। ਅੰਤਮ ਪਰਦਾ ਦੇਵੇ ਨਾ ਕੋਇ ਕੱਜ, ਖ਼ਾਲੀ ਹੱਥ ਸਰਬ ਵਖਾਇੰਦਾ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਇੰਦਾ। ਭਗਤ ਹਰਿ ਭਗਵਨ ਦੁਆਰੇ ਜਾਏ ਸਜ, ਦਰ ਘਰ ਸਾਚੇ ਸੋਭਾ ਪਾਇੰਦਾ। ਲੋਕ ਲਾਜ ਮਾਤ ਤਜ, ਤਸ਼ਕਰ ਆਪਣਾ ਡੇਰਾ ਲਾਇੰਦਾ। ਏਕਾ ਚੜ੍ਹੇ ਨਾਮ ਜਹਾਜ਼, ਸਤਿਗੁਰ ਪੂਰਾ ਆਪ ਚੜ੍ਹਾਇੰਦਾ। ਸ਼ਬਦ ਅਗੰਮੀ ਮਾਰੇ ਆਵਾਜ਼, ਆਵਾ ਗਵਣ ਨਾ ਕੋਇ ਫਿਰਾਇੰਦਾ। ਏਥੇ ਓਥੇ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਪਾਰਬ੍ਰਹਮ ਪ੍ਰਭ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸੀਸ ਜਗਦੀਸ਼ ਸੋਹੇ ਤਾਜ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਧੁਰਦਰਗਾਹੀ ਸੱਚਾ ਰਾਜ, ਸ਼ਾਹ ਪਾਤਸ਼ਾਹ ਆਪ ਕਮਾਇੰਦਾ। ਜਨ ਭਗਤਾਂ ਦੇਵੇ ਇਕੋ ਦਾਜ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਸਦਾ ਸਲਾਹਿੰਦਾ। ਭਗਤ ਸਲਾਹੇ ਹਰਿ ਭਗਵੰਤ, ਗੁਣ ਮਹਿਮਾ ਆਪ ਜਣਾਈਆ। ਧੰਨ ਵਡਿਆਈ ਸਾਚੇ ਕੰਤ, ਘਰ ਮੰਗਲ ਵੱਜੇ ਵਧਾਈਆ। ਹਰਿਜਨ ਚੋਲੀ ਰੰਗੇ ਬਸੰਤ, ਕਾਇਆ ਕੱਪੜ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਲੇਖਾ ਦਏ ਮੁਕਾਈਆ। ਭਗਵਨ ਭਗਤਨ ਲੇਖਾ ਮੁੱਕਣਾ, ਕਲਜੁਗ ਅੰਤਮ ਵਾਰ। ਪਾਰਬ੍ਰਹਮ ਪ੍ਰਭ ਏਕਾ ਉਠਣਾ, ਨਿਰਗੁਣ ਨੂਰ ਕਰੇ ਉਜਿਆਰ। ਜੂਠਾ ਝੂਠਾ ਬੂਟਾ ਪੁਟਣਾ, ਦੇਵੇ ਜੜ੍ਹ ਉਖਾੜ। ਬਿਨ ਅੰਮ੍ਰਿਤ ਸਭ ਨੇ ਸੁੱਕਣਾ, ਲੱਖ ਚੁਰਾਸੀ ਹੋਏ ਖਵਾਰ। ਸਿੰਘ ਸ਼ੇਰ ਇਕੋ ਬੁੱਕਣਾ, ਨਿਰਗੁਣ ਜੋਤ ਸ਼ਬਦ ਭਬਕਾਰ। ਸ਼ਾਹ ਪਾਤਸ਼ਾਹਾਂ ਅੱਗੇ ਝੁਕਣਾ, ਨਾ ਕੋਈ ਸਕੇ ਸੀਸ ਉਠਾਲ। ਗੁਰਮੁਖ ਹਰਿ ਜੂ ਆਪਣੀ ਗੋਦੀ ਚੁੱਕਣਾ, ਚੁਕ ਚੁਕ ਕਰੇ ਪਿਆਰ। ਦੋ ਜਹਾਨਾਂ ਪੈਂਡਾ ਮੁੱਕਣਾ, ਪਾਂਧੀ ਬਣ ਨਾ ਚਲੇ ਕੋਈ ਰਫ਼ਤਾਰ। ਸਾਹਿਬ ਸੁਲਤਾਨ ਅੱਗੋਂ ਪੁਜਣਾ, ਭਗਤ ਭਗਵਾਨ ਲਏ ਉਠਾਲ। ਲੱਖ ਚੁਰਾਸੀ ਦੀਵਾ ਬੁਝਣਾ, ਨਾ ਸਕੇ ਕੋਈ ਬਾਲ। ਲਹਿਣਾ ਚੁਕੇ ਏਕਾ ਦੂਜਣਾ, ਤੀਜੇ ਹੋਰ ਨਾ ਕੋਈ ਸਵਾਲ। ਚੌਥੇ ਘਰ ਗੁਰਮੁਖ ਵਿਰਲੇ ਝੁਜਣਾ, ਨਾਤਾ ਤੋੜ ਕਾਲ ਮਹਾਂਕਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ। ਸਦਾ ਸੰਭਾਲੇ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਦਰਗਹਿ ਸਾਚੀ ਸੋਭਾ ਪਾਈਆ। ਕਲਜੁਗ ਅੰਤਮ ਭੇਵ ਨਿਰਾਲ, ਨਿਰਗੁਣ ਆਪਣਾ ਆਪ ਛੁਪਾਈਆ। ਜਗਤ ਜੁਗ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਸੰਤ ਸੁਹੇਲੇ ਲਏ ਭਾਲ, ਗੁਰ ਚੇਲੇ ਵੇਖ ਵਖਾਈਆ। ਆਪੇ ਚਲੇ ਨਾਲ ਨਾਲ, ਬਣ ਪਾਂਧੀ ਪੰਧ ਮੁਕਾਈਆ। ਜੁਗ ਚੌਕੜੀ ਜੋ ਘਾਲਣ ਗਏ ਘਾਲ, ਕੀਤੀ ਘਾਲ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਏ ਵਡਿਆਈਆ। ਭਗਤ ਵਡਿਆਇਆ ਆਪ ਪ੍ਰਭ, ਆਪਣੀ ਕਿਰਪਾ ਧਾਰ। ਲੱਖ ਚੁਰਾਸੀ ਵਿਚੋਂ ਲੱਭ, ਆਪੇ ਦਿਤਾ ਦਰਸ ਦਿਖਾਲ। ਦਰ ਦੁਆਰੇ ਆਪੇ ਸੱਦ, ਕਿਰਪਾ ਕਰੇ ਆਪ ਕਿਰਪਾਲ। ਲੱਖ ਚੁਰਾਸੀ ਨਾਲੋਂ ਕੀਤਾ ਅੱਡ, ਇਕ ਬਹਾਏ ਸੱਚੀ ਧਰਮਸਾਲ। ਬੰਸ ਬਣਾਏ ਸਾਚੀ ਯਦ, ਵਿਸ਼ਵ ਰੂਪ ਦਏ ਵਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਬਣੇ ਸਦਾ ਪ੍ਰਿਤਪਾਲ। ਪ੍ਰਿਤਪਾਲੇ ਸਾਰ ਸਮਾਲਦਾ, ਸਰਗੁਣ ਨਿਰਗੁਣ ਮਿੱਤ। ਲੇਖਾ ਜਾਣੇ ਸ਼ਾਹ ਕੰਗਾਲ ਦਾ, ਲੱਖ ਚੁਰਾਸੀ ਕਰੇ ਹਿੱਤ। ਰੂਪ ਵਟਾਏ ਆਪ ਦਲਾਲ ਦਾ, ਪਰਗਟ ਹੋਵੇ ਨਿਤ ਨਵਿਤ। ਨਾਤਾ ਤੋੜ ਜਗਤ ਜੰਜਾਲ ਦਾ, ਇਕ ਸੁਹਾਏ ਸਾਚੀ ਰੁੱਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਬਿਨਾਸ਼ੀ ਅਚੁਤ। ਅਬਿਨਾਸ਼ੀ ਅਚੁਤ ਦੀਨ ਦਿਆਲਾ, ਭਗਤਨ ਸੰਗ ਸਮਾਇਆ। ਕਲਜੁਗ ਅੰਤ ਅਵਲੜੀ ਚਾਲਾ, ਵੇਦ ਕਤੇਬ ਭੇਵ ਨਾ ਆਇਆ। ਭਗਤ ਭਗਵੰਤ ਆਪੇ ਭਾਲਾ, ਫੜ ਆਪਣਾ ਮੇਲ ਮਿਲਾਇਆ। ਏਕਾ ਦੱਸਿਆ ਰਾਹ ਸੁਖਾਲਾ, ਸੋਹੰ ਸਾਚਾ ਜਾਪ ਜਪਾਇਆ। ਨੇਤਰ ਦਰਸ਼ਨ ਸਾਚੀ ਮਾਲਾ, ਸਾਚੀ ਸੇਵਾ ਹੱਥ ਮਣਕਾ ਮਨ ਭੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਲਏ ਜਗਾਇਆ। ਭਗਤ ਜਗਾਏ ਖੋਲ੍ਹੇ ਜਾਗ, ਆਲਸ ਨਿੰਦਰਾ ਨਾ ਕੋਇ ਵਖਾਈਆ। ਆਤਮ ਅੰਤਰ ਇਕ ਵੈਰਾਗ, ਵੈਰਾਗੀ ਪੁਰਖ ਆਪ ਉਪਜਾਈਆ। ਸਾਕ ਸੱਜਣ ਸੈਣ ਸੱਯਾ ਤਿਆਗ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹੀਆ। ਮੇਲਾ ਮੇਲ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਈਆ। ਏਕਾ ਦੇਵੇ ਧੁਰ ਦੀ ਦਾਤ, ਦਾਤ ਅਨਮੁਲੜੀ ਆਪ ਵਰਤਾਈਆ। ਆਪ ਬੁਝਾਏ ਸਚ ਕਰਾਮਾਤ, ਜਿਸ ਜਨ ਆਪਣੀ ਬੂਝ ਬੁਝਾਈਆ। ਅੱਖਰ ਵੱਖਰ ਸੁਣਾਏ ਗਾਥ, ਗਾਥਾ ਏਕਾ ਏਕ ਵਡਿਆਈਆ। ਜਨਮ ਜਨਮ ਦਾ ਪੂਰਾ ਕਰੇ ਘਾਟ, ਘਾਟਾ ਕੋਇ ਰਹਿਣ ਨਾ ਪਾਈਆ। ਇਕ ਖੁਲ੍ਹਾਏ ਸਾਚਾ ਹਾਟ, ਲੋਕ ਪਰਲੋਕ ਦੇਣ ਗਵਾਹੀਆ। ਖ਼ੁਸ਼ੀ ਮਨਾਏ ਤ੍ਰਲੋਕੀ ਨਾਥ, ਲੋਆਂ ਪੁਰੀਆਂ ਵੱਜੇ ਵਧਾਈਆ। ਭਗਤਾਂ ਦੇਵੇ ਭਗਵਨ ਸਾਥ , ਵਿਛੜ ਕਦੇ ਨਾ ਜਾਈਆ। ਰਾਹ ਤੱਕੇ ਰਾਮਾ ਸੁਤ ਦਸਰਾਥ, ਨੇਤਰ ਨੈਣ ਉਠਾਈਆ। ਕਵਣ ਵੇਲਾ ਮੇਲਾ ਹੋਏ ਤਤਵ ਆਠ, ਤੱਤ ਤੱਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਸਦਾ ਸਹਾਈਆ । ਭਗਤਨ ਸਦਾ ਸਹਾਇਕ, ਸੋ ਪੁਰਖ ਬਲੀ ਬਲਵਾਨਾ। ਆਦਿ ਜੁਗਾਦੀ ਸੱਚਾ ਨਾਇਕ, ਭੂਪਤ ਭੁਪ ਰਾਜ ਰਾਜਾਨਾ। ਨਾ ਕੋਈ ਸ਼ਰਅ ਨਾ ਸ਼ਰਾਇਤ, ਲਾਸ਼ਰੀਕ ਇਕ ਮਿਹਰਵਾਨਾ। ਨਾ ਕੋਇ ਅੰਧੇਰਾ ਨਾ ਤਰੀਕ, ਨੂਰੋ ਨੂਰ ਡਗਮਗਾਨਾ। ਆਦਿ ਜੁਗਾਦਿ ਵਸੇ ਨਜ਼ਦੀਕ, ਨਿਜ਼ ਘਰ ਸਾਚਾ ਇਕ ਸੁਹਾਨਾ। ਭਗਤਨ ਕਰੇ ਆਪ ਪ੍ਰੀਤ, ਪਾਰਬ੍ਰਹਮ ਵਡ ਮਰਦਾਨਾ। ਕਲਜੁਗ ਅੰਤਮ ਸਾਚੀ ਰੀਤ, ਸਤਿਜੁਗ ਸਾਚਾ ਬੰਨ੍ਹੇ ਗਾਨਾ। ਲੱਖ ਚੁਰਾਸੀ ਪਰਖੇ ਨੀਤ, ਹਰ ਘਟ ਵੇਖ ਵਖਾਨਾ। ਗੁਰਮੁਖ ਵਿਰਲਾ ਗਾਏ ਗੀਤ, ਜਿਸ ਸੁਣਿਆਂ ਧੁਰ ਤਰਾਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਸੰਗ ਸਦਾ ਨਿਭਾਣਾ। ਭਗਤਨ ਸੰਗ ਨਿਭੇ ਤੋੜ, ਹਰਿ ਜੂ ਮਤਾ ਪਕਾਇਆ। ਨਿਰਗੁਣ ਚੜ੍ਹਿਆ ਸਾਚੇ ਘੋੜ, ਸ਼ਾਹ ਸਵਾਰ ਫੇਰਾ ਪਾਇਆ। ਦੋ ਜਹਾਨਾਂ ਆਪੇ ਦੌੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇਆ। ਜਨ ਭਗਤਾਂ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਮੇਘ ਬਰਸਾਇਆ। ਰਸ ਮਿੱਠਾ ਕਰੇ ਰੀਠਾ ਕੌੜ, ਕੂੜੀ ਕਿਰਿਆ ਦਏ ਗਵਾਇਆ। ਜਨ ਭਗਤਾਂ ਕਾਰਜ ਜਾਏ ਸੌਰ, ਸੋ ਪੁਰਖ ਨਿਰੰਜਣ ਸੇਵ ਕਮਾਇਆ। ਆਪੇ ਵੇਖੇ ਕਰੇ ਆਪਣਾ ਗੌਰ, ਗਹਿਰ ਗਵਰ ਵੇਸ ਵਟਾਇਆ। ਸਤਿ ਪੁਰਖ ਨਿਰੰਜਣ ਆਪਣੇ ਹੱਥ ਪਕੜੀ ਡੋਰ, ਚਾਰੋਂ ਕੁੰਟ ਰਿਹਾ ਭੁਵਾਇਆ। ਲੇਖਾ ਚੁਕਾਏ ਪੰਜ ਚੋਰ, ਠੱਗ ਕੋਇ ਰਹਿਣ ਨਾ ਪਾਇਆ। ਨਾਤਾ ਤੋੜੇ ਅੰਧ ਘੋਰ, ਸਾਚਾ ਨੂਰ ਕਰੇ ਰੁਸ਼ਨਾਇਆ । ਮਾਇਆ ਮਮਤਾ ਨਾ ਪਾਏ ਸ਼ੋਰ, ਛੌਹਰ ਆਪਣਾ ਬਲ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਤਾਰਨ ਕੋ ਹਰਿ ਇਕੋ ਇਕ, ਆਦਿ ਜੁਗਾਦਿ ਸਮਾਇੰਦਾ। ਤਿਸ ਸਾਹਿਬ ਕੋਲ ਸਾਚੀ ਭਿੱਖ, ਜੁਗਾ ਜੁਗੰਤਰ ਆਪ ਵਰਤਾਇੰਦਾ। ਜਿਉਂ ਭਾਵੇ ਤਿਉਂ ਦੇਵੇ ਲਿਖ, ਤਿਸ ਦਾ ਲੇਖਾ ਨਾ ਕੋਇ ਮਿਟਾਇੰਦਾ। ਵਡ ਵਡਿਆਈ ਗੁਰਮੁਖ ਵਿਰਲੇ ਪਾਇਆ ਸਿੱਖ, ਸਾਚੀ ਸਿਖਿਆ ਜਿਸ ਸਮਝਾਇੰਦਾ। ਮੇਲ ਮਿਲਾਏ ਆਪਣਾ ਤਿਸ, ਤੀਬਰ ਇਛਿਆ ਪੂਰ ਕਰਾਇੰਦਾ। ਏਥੇ ਓਥੇ ਸਾਚਾ ਹਿੱਸ, ਵੰਡਣ ਵੰਡ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣੀ ਗੋਦ ਬਹਾਇੰਦਾ। ਭਗਤਨ ਸੋਹੇ ਸੱਚੇ ਘਰ, ਭਗਵਨ ਆਪ ਸੁਹਾਇਆ। ਨਿਰਭੌ ਚੁਕਾਏ ਝੂਠਾ ਡਰ, ਭੈ ਅਵਰ ਨਾ ਕੋਇ ਵਖਾਇਆ। ਆਪਣੀ ਕਿਰਪਾ ਆਪੇ ਕਰ, ਨਰ ਨਰਾਇਣ ਮੇਲ ਮਿਲਾਇਆ। ਅੰਦਰ ਮੰਦਰ ਆਪੇ ਵੜ, ਸਚ ਸਿੰਘਾਸਣ ਸੋਭਾ ਪਾਇਆ। ਸੰਤ ਸੁਹੇਲੇ ਆਪੇ ਫੜ, ਆਪਣੀ ਬੂਝ ਬੁਝਾਇਆ। ਭਗਤ ਭਗਵਾਨ ਲਾਏ ਲੜ, ਏਕਾ ਪੱਲੂ ਗੰਢ ਵਖਾਇਆ। ਲੇਖੇ ਲਾਏ ਨਾਰੀ ਨਰ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਭਗਤਾਂ ਹੋਏ ਸਹਾਇਆ। ਭਗਤ ਸਾਰੇ ਰਹੇ ਹੱਸ, ਆਪਣੀ ਖ਼ੁਸ਼ੀ ਮਨਾਈਆ। ਵੇਖੋ ਸਾਡੇ ਹੋਇਆ ਵਸ, ਘਰ ਸਾਚੇ ਸੇਵ ਕਮਾਈਆ। ਆਪਣੀ ਪੂਰੀ ਕਰੇ ਆਸ, ਭਗਤਾਂ ਦਰਸ਼ਨ ਪਾਈਆ। ਭਗਤਨ ਕਰੇ ਜੋਤ ਪਰਕਾਸ਼, ਨਿਰਗੁਣ ਨੂਰ ਟਿਕਾਈਆ। ਸਦਾ ਸੁਹੇਲਾ ਬਣ ਬਣ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਕਰਨ ਆਇਆ ਕਾਰਜ ਖ਼ਾਸ, ਖ਼ਾਹਸ਼ ਇਕੋ ਇਕ ਰਖਾਈਆ। ਭਗਤ ਦੁਆਰਾ ਲਵਾਂ ਤਰਾਸ਼, ਆਪ ਆਪਣੀ ਵੰਡ ਵੰਡਾਈਆ। ਜੁਗ ਜੁਗ ਦੀ ਮੇਰੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਸਾਚੇ ਭਗਤਾਂ ਕੱਢੇ ਨਾ ਕੋਇ ਸੁਰਾਖ਼, ਸੋਈ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਪਾਈਆ। ਹਰਿ ਭਗਤ ਸਾਰੇ ਕਹਿਣ, ਵਾਹ ਵਾ ਸ਼ੁਕਰ ਮਨਾਇਆ। ਹਰਿ ਜੂ ਭਗਤਾਂ ਆਏ ਲੈਣ, ਨਿਰਗੁਣ ਵੇਸ ਧਰਾਇਆ। ਸਾਡਾ ਚੁੱਕੇ ਲੈਣ ਦੇਣ, ਪਿਛਲਾ ਕਰਜ਼ਾ ਰਿਹਾ ਮੁਕਾਇਆ। ਆਪੇ ਦਰਸ ਪੇਖੇ ਨੈਣ, ਨੈਣ ਨੈਣਾਂ ਨਾਲ ਮਿਲਾਇਆ। ਸਖਾ ਸਹਾਈ ਬਣੇ ਸੈਣ, ਸੱਜਣ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਆਪ ਸਮਾਇਆ। ਭਗਤ ਕਹਿਣ ਹਰਿ ਜੂ ਦਾਸ, ਦਰ ਦਰ ਫੇਰਾ ਪਾਈਆ। ਕਿਸੇ ਹੱਥ ਨਾ ਆਏ ਪ੍ਰਿਥਮੀ ਆਕਾਸ਼, ਘਰ ਸਾਡੇ ਆਵੇ ਵਾਹੋ ਦਾਹੀਆ। ਬਿਨ ਭਗਤਾਂ ਰਹੇ ਨਿਰਾਸ, ਧੀਰਜ ਧੀਰ ਨਾ ਕੋਇ ਜਣਾਈਆ। ਸਾਚਾ ਕਰੇ ਨਾ ਕੋਇ ਬਲਾਸ, ਭੋਗੀ ਬਣੀ ਸਰਬ ਲੋਕਾਈਆ। ਬਿਨ ਹਰਿ ਭਗਤ ਭਗਵਨ ਕਿਸੇ ਦਰ ਨਾ ਕਰੇ ਨਿਵਾਸ, ਮੰਦਰ ਦਏ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਰੰਗ ਚੜ੍ਹਾਈਆ। ਭਗਤ ਕਹਿਣ ਬੱਧੀ ਡੋਰ, ਹਰਿ ਜੂ ਆਪਣੇ ਤੰਦ ਬੰਧਾਇਆ। ਜਿਧਰ ਚਾਹੀਏ ਲਈਏ ਤੋਰ, ਤੋਰਾ ਮੋਰਾ ਮੋਹ ਚੁਕਾਇਆ। ਭਗਵਾਨ ਰੱਖੇ ਭਗਤਾਂ ਲੋੜ, ਜੁਗ ਜੁਗ ਭਗਤਾਂ ਹੋਏ ਸਹਾਇਆ। ਕਲਜੁਗ ਅੰਤਮ ਟੁੱਟੀ ਲਏ ਜੋੜ, ਆਪ ਆਪਣਾ ਬੰਧਨ ਪਾਇਆ। ਆਪਣੇ ਨਾਲ ਲਏ ਤੋਰ, ਸਾਚਾ ਸੰਗ ਰਖਾਇਆ। ਜੋਰਾਵਰ ਨਾ ਵਖਾਏ ਕੋਈ ਜ਼ੋਰ, ਜਾਬਰ ਜਬਰ ਨਾ ਰੂਪ ਵਟਾਇਆ। ਹੋਏ ਸਹਾਈ ਸਦਾ ਅੰਧਘੋਰ, ਅੰਧਲੇ ਰਾਹ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਮਾਰਗ ਆਪ ਚਲਾਇਆ।
