Granth 11 Likhat 010: 12 Maghar 2018 Bikarmi Hazara Singh Piara Singh Balaka Singh Aasa Singh Jethuwal Darbar wich

੧੨ ਮੱਘਰ ੨੦੧੮ ਬਿਕਰਮੀ ਹਜ਼ਾਰਾ ਸਿੰਘ ਪਿਆਰਾ ਸਿੰਘ ਬਲਾਕਾ ਸਿੰਘ ਆਸਾ ਸਿੰਘ ਜੇਠੂਵਾਲ ਦਰਬਾਰ ਵਿਚ

ਕੈਲਾਸ਼ ਹੋਇਆ ਕਲੇਸ਼, ਹਰਿ ਕੇਸ਼ਵ ਆਪ ਕਰਾਇੰਦਾ। ਸ਼ੰਕਰ ਰਿਹਾ ਵੇਖ, ਨੇਤਰ ਨੈਣ ਉਠਾਇੰਦਾ। ਮੇਰੀ ਮਿਟਦੀ ਜਾਏ ਰੇਖ, ਵੇਲਾ ਅੰਤ ਨੇੜੇ ਆਇੰਦਾ । ਨਿਰਗੁਣ ਧਰਿਆ ਸਾਚਾ ਭੇਖ, ਰੂਪ ਰੰਗ ਨਾ ਕੋਈ ਵਖਾਇੰਦਾ। ਜਿਸ ਸਾਹਿਬ ਨੂੰ ਕਰੀ ਆਦੇਸ, ਸੋ ਸਾਹਿਬ ਖੇਲ ਕਰਾਇੰਦਾ। ਤਿਸ ਅੱਗੇ ਚਲੇ ਨਾ ਕੋਈ ਪੇਸ਼, ਜੋਰੂ ਜਰ ਨਾ ਕੋਈ ਵਖਾਇੰਦਾ। ਸਾਚਾ ਸਾਹਿਬ ਨਰ ਨਰੇਸ਼, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਕੈਲਾਸ਼ ਮਾਰੇ ਧਾਹ, ਰੋ ਰੋ ਪੁਕਾਰਿਆ। ਕਰੇ ਖੇਲ ਬੇਪਰਵਾਹ, ਅੰਤ ਕੋਈ ਨਾ ਪਾ ਰਿਹਾ। ਨਿਰਗੁਣ ਨੂਰ ਜੋਤ ਜਗਾ, ਲੋਕਮਾਤ ਕਰੇ ਉਜਿਆਰਿਆ। ਸਰਗੁਣ ਦਏ ਜਗਾ, ਆਪਣੀ ਆਪ ਵੰਡ ਵੰਡਾ ਰਿਹਾ। ਏਕਾ ਮਾਰਗ ਦਏ ਵਖਾ, ਬ੍ਰਹਿਮੰਡਾਂ ਖੰਡਾਂ ਆਪ ਹਿਲਾ ਰਿਹਾ। ਸਚ ਮਰਦੰਗਾ ਦਏ ਸੁਣਾ, ਨਾਮ ਨਿਧਾਨਾ ਏਕਾ ਗਾ ਰਿਹਾ। ਸਚ ਨਿਸ਼ਾਨਾ ਦਏ ਚੜ੍ਹਾ, ਸਤਿ ਸਤਿਵਾਦੀ ਸੋਭਾ ਪਾ ਰਿਹਾ। ਜੁਗ ਜੁਗ ਦੀ ਖੇਲ ਦਏ ਮਿਟਾ, ਆਪਣੀ ਖੇਲ ਆਪ ਕਰਾ ਰਿਹਾ। ਨੌਂ ਸੌ ਚੁਰਾਨਵੇਂ ਚੌਕੜੀ ਬਣਦੇ ਰਹੇ ਗਵਾਹ, ਜੀਵਾਂ ਜੰਤਾਂ ਨਾਲ ਰਲਾ ਲਿਆ। ਅੰਤਮ ਲੇਖਾ ਦੇਣਾ ਪਿਆ, ਲਿਖਿਆ ਲੇਖ ਨਾ ਕੋਈ ਮਿਟਾ ਰਿਹਾ। ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ, ਧੁਰ ਫ਼ਰਮਾਣਾ ਹੁਕਮ ਸੁਣਾ ਰਿਹਾ। ਸ਼ੰਕਰ ਤੇਰਾ ਪੰਧ ਮੁਕਾ, ਸ਼ਰਅ ਆਪਣੀ ਆਪ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾ ਰਿਹਾ। ਸ਼ੰਕਰ ਵੇਖ ਕੈਲਾਸ਼, ਨੇਤਰ ਨੈਣਾਂ ਨੀਰ ਵਹਾਈਆ। ਮੇਰੀ ਕੋਈ ਨਾ ਕਰੇ ਪੂਰੀ ਆਸ, ਆਸਾ ਆਸਾ ਨਾਲ ਮਿਲਾਈਆ। ਨਾਤਾ ਤੁਟਾ ਪ੍ਰਿਥਮੀ ਆਕਾਸ਼, ਗਗਨ ਮੰਡਲ ਨਾ ਕੋਈ ਵਡਿਆਈਆ। ਲੱਖ ਚੁਰਾਸੀ ਨਾ ਕੋਈ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਕੈਲਾਸ਼ ਖ਼ਾਲੀ ਵੇਖ ਸਿੰਘਾਸਣ, ਸਿੰਘ ਨਜ਼ਰ ਕੋਈ ਨਾ ਆਇੰਦਾ। ਕਰਿਆ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਆਪਣੀ ਚਾਲ ਚਲਾਇੰਦਾ। ਪਰਗਟ ਹੋ ਘਨਕ ਪੁਰ ਵਾਸਨ, ਏਕਾ ਆਪਣਾ ਬਲ ਰਖਾਇੰਦਾ। ਦੋ ਜਹਾਨਾਂ ਖੇਲ ਤਮਾਸ਼ਨ, ਬ੍ਰਹਿਮੰਡਾਂ ਖੰਡਾਂ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਹਰਿ ਨਿਰੰਕਾਰ, ਆਦਿ ਪੁਰਖ ਚੁਕਾਈਆ। ਸ਼ੰਕਰ ਹੋਣਾ ਖ਼ਬਰਦਾਰ, ਬੇਖ਼ਬਰ ਆਪ ਜਗਾਈਆ। ਨਾਤਾ ਤੁਟੇ ਵਿਚ ਸੰਸਾਰ, ਸਾਕ ਸੱਜਣ ਸੈਣ ਨਾ ਕੋਈ ਅਖਵਾਈਆ। ਇਸ਼ਟ ਦੇਵ ਆਈ ਹਾਰ, ਗੁਰਦੇਵ ਨਾ ਕੋਈ ਮਨਾਈਆ। ਖੜਗ ਖੰਡਾ ਨਾ ਕੋਈ ਕਟਾਰ, ਤ੍ਰਿਸੂਲ ਨਿਸ਼ਾਨਾ ਨਾ ਕੋਈ ਲਗਾਈਆ। ਜਟਾ ਜੂਟ ਆਈ ਹਾਰ, ਸੇਹਰਾ ਸੀਸ ਨਾ ਕੋਈ ਵਖਾਈਆ। ਬਾਸ਼ਕ ਤਸ਼ਕ ਨਾ ਕੋਈ ਸ਼ਿੰਗਾਰ, ਕੰਠ ਮਾਲਾ ਨਾ ਕੋਈ ਪਹਿਨਾਈਆ। ਨਾਰ ਸੁਹਾਗਣ ਨਾ ਕੋਈ ਉਧਾਰ, ਲੇਖਾ ਸਭ ਦਾ ਰਿਹਾ ਮੁਕਾਈਆ। ਜਗਤ ਵਿਛੋੜਾ ਅੰਤਮ ਵਾਰ, ਸ਼ਾਹ ਪਾਤਸ਼ਾਹ ਰਿਹਾ ਸੁਣਾਈਆ। ਸਚ ਸੰਦੇਸ਼ਾ ਹਰਿ ਸੁਣਾਇਆ, ਏਕਾ ਸ਼ਬਦ ਅਡੋਲ। ਸ਼ੰਕਰ ਨਿਉਂ ਨਿਉਂ ਸੀਸ ਝੁਕਾਇਆ, ਅੱਗੇ ਸਕੇ ਨਾ ਕੋਈ ਬੋਲ। ਤੂੰ ਸਾਹਿਬ ਮੈਂ ਤੇਰੀ ਸੇਵ ਕਮਾਇਆ, ਸਦਾ ਵਸਾਂ ਤੇਰੇ ਕੋਲ। ਤੇਰਾ ਕੀਤਾ ਨਾ ਕਦੇ ਭੁਲਾਇਆ, ਤੇਰਾ ਨਾਉਂ ਗਿਆ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਤੋਲਨਾ ਸਾਚਾ ਤੋਲ। ਤੋਲ ਤੋਲੇ ਹਰਿ, ਹਰਿ ਜੂ ਆਖਰ ਆਪ ਸੁਣਾਇਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਦਿਤਾ ਵਰ, ਸਾਚੇ ਤਖ਼ਤ ਆਪ ਬਹਾਇਆ। ਆਪੇ ਤੇਰਾ ਘਾੜਨ ਲਿਆ ਘੜ, ਘੜ ਘੜ ਭਾਂਡੇ ਵੇਖ ਵਖਾਇਆ। ਆਪੇ ਅੰਦਰ ਗਿਆ ਵੜ, ਨਿਰਗੁਣ ਜੋਤ ਕਰ ਰੁਸ਼ਨਾਇਆ। ਆਪੇ ਲਾਏ ਸਾਚੀ ਜੜ੍ਹ, ਆਪੇ ਲਏ ਉਖੜਾਇਆ। ਜੁਗ ਚੌਕੜੀ ਸੰਤ ਭਗਤ ਭਗਵੰਤ ਸਭ ਨੂੰ ਲਏ ਫੜ, ਲੇਖਾ ਕੋਇ ਰਹਿਣ ਨਾ ਪਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਉਚੇ ਟਿੱਲੇ ਪਰਬਤ ਵੇਖੇ ਚੜ੍ਹ, ਕੈਲਾਸ਼ ਚਰਨ ਹੇਠ ਦਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਇਆ। ਸਾਚਾ ਰਾਹ ਸ਼ਾਹ ਸੁਲਤਾਨ, ਏਕਾ ਵਾਰ ਜਣਾਈਆ। ਏਕਾ ਅੱਖਰ ਨਾਮ ਗਿਆਨ, ਏਕਾ ਵਾਰ ਕਰੇ ਪੜ੍ਹਾਈਆ। ਏਕਾ ਮੰਦਰ ਇਕ ਮਕਾਨ, ਏਕਾ ਘਰ ਵਸਾਈਆ। ਏਕਾ ਵਸਤ ਦਿਤਾ ਦਾਨ, ਸਾਚਾ ਨਾਮ ਝੋਲੀ ਪਾਈਆ। ਏਕਾ ਗ੍ਰਹਿ ਕਰ ਪਰਵਾਨ, ਦਰ ਸਾਚਾ ਇਕ ਸੁਹਾਈਆ। ਏਕਾ ਖੇਲ ਕਰੇ ਭਗਵਾਨ, ਖੇਲਣਹਾਰ ਸ਼ਹਿਨਸ਼ਾਹੀਆ। ਜੁਗ ਜੁਗ ਆਪਣੀ ਰੱਖੇ ਆਣ, ਸਿਰ ਆਪਣਾ ਹੁਕਮ ਮਨਾਈਆ। ਜੁਗ ਚੌਕੜੀ ਕਰ ਕਲਿਆਣ, ਪਾਂਧੀ ਸਾਚਾ ਪੰਧ ਮੁਕਾਈਆ। ਥਿਰ ਰਹੇ ਨਾ ਕੋਈ ਵਿਚ ਮਕਾਨ, ਜੋ ਘੜਿਆ ਭੰਨ ਵਖਾਈਆ। ਸ਼ੰਕਰ ਤੇਰਾ ਵੇਲਾ ਪੁਜੇ ਆਣ, ਤੇਰਾ ਲਹਿਣਾ ਦਏ ਮੁਕਾਈਆ। ਨੇਤਰ ਨੈਣ ਮਾਰ ਧਿਆਨ, ਧਿਆਨ ਧਿਆਨ ਨਾਲ ਰਲਾਈਆ। ਕਰੇ ਖੇਲ ਸ੍ਰੀ ਭਗਵਾਨ, ਸਭ ਦਾ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਅਭੇਦ ਸਮਝਾਈਆ। ਅੰਤਮ ਲੇਖ ਮੁਕਾਵਣਾ, ਮੁਕਾਵਣਹਾਰ ਕਰਤਾਰ। ਸ਼ੰਕਰ ਤੇਰਾ ਵਕਤ ਚੁਕਾਵਣਾ, ਵੇਲਾ ਜਾਣੇ ਆਪ ਨਿਰੰਕਾਰ, ਜੋ ਘੜਿਆ ਭੰਨ ਵਖਾਵਣਾ, ਘੜਨ ਭੰਨਣਹਾਰ ਅਗੰਮ ਅਪਾਰ। ਤੇਰਾ ਲੇਖਾ ਤੇਰੀ ਝੋਲੀ ਪਾਵਣਾ, ਅੰਤ ਭਰੇ ਤੇਰਾ ਭੰਡਾਰ। ਤੇਰਾ ਖਾਤਾ ਪੂਰ ਕਰਾਵਣਾ, ਜੁਗ ਚੌਕੜੀ ਕਰਜ਼ਾ ਦਏ ਉਤਾਰ। ਅੱਗੇ ਸਾਕਾ ਫਿਰ ਚਲਾਵਣਾ, ਸਚ ਕਰੇ ਵਿਹਾਰ। ਗੁਰਮੁਖ ਸਾਚੇ ਆਪ ਉਠਾਵਣਾ, ਲੋਕਮਾਤ ਕਰ ਪਿਆਰ। ਸਾਚਾ ਰਾਹ ਇਕ ਵਿਖਾਵਣਾ, ਮਹੱਲ ਅਟੱਲ ਉਚ ਮਿਨਾਰ। ਸਾਚਾ ਨਾਮ ਇਕ ਦ੍ਰਿੜਾਵਣਾ, ਅੱਖਰ ਅੱਖਰ ਕਰ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਸਾਚਾ ਖੇਲ ਕਰੇ ਕਰਤਾਰ, ਕਰਤਾ ਆਪ ਜਣਾਈਆ। ਨੌਂ ਨੌਂ ਚਾਰ ਉਤਰੇ ਪਾਰ, ਉਰਾਰ ਪਾਰ ਆਪ ਕਰਾਈਆ। ਅੰਤਮ ਲਹਿਣਾ ਦਏ ਉਤਾਰ, ਨੇਤਰ ਨੈਣਾਂ ਦਏ ਵਖਾਈਆ। ਸਾਚੀ ਪੁਰੀ ਪਾਵੇ ਸਾਰ, ਪਾਰਬ੍ਰਹਮ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਵਿਚ ਲਗਾਈਆ। ਸੁਣ ਸੰਦੇਸ਼ ਸ੍ਰੀ ਭਗਵਾਨ, ਸ਼ੰਕਰ ਨੀਰ ਵਹਾਇੰਦਾ। ਦੋਏ ਜੋੜ ਕਰੇ ਪਰਨਾਮ, ਪੀਆ ਪ੍ਰੀਤਮ ਇਕ ਮਨਾਇੰਦਾ। ਹਉਂ ਬਾਲਕ ਬਾਲ ਨਿਧਾਨ, ਦਰ ਦਰ ਇਕੋ ਮੰਗ ਮੰਗਾਇੰਦਾ। ਏਕਾ ਬਖ਼ਸ਼ ਚਰਨ ਧਿਆਨ, ਚਰਨੋਧਕ ਟਿੱਕਾ ਮਸਤਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਝੋਲੀ ਅੱਗੇ ਡਾਹਿੰਦਾ। ਨਿਰਧਨ ਹੋਇਆ ਬਲਹੀਣ, ਜ਼ੋਰ ਜਾਬਰ ਨਾ ਕੋਇ ਵਡਿਆਈਆ। ਨੇਤਰ ਵੇਖ ਵੇਖ ਥੱਕੇ ਅਰਸ਼ ਫਰਸ਼ ਜਮੀਨ, ਜ਼ਾਲਮ ਹੋਈ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਉਂ ਏਕਾ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਉਠ ਸੁਲਤਾਨ, ਏਕਾ ਹੁਕਮ ਸੁਣਾਇੰਦਾ । ਤੂੰ ਬਣਿਆ ਰਿਹਾ ਹੁਕਮਰਾਨ, ਆਪਣਾ ਹੁਕਮ ਮਨਾਇੰਦਾ। ਜੀਵ ਜੰਤ ਝਲੌਂਦੇ ਰਹੇ ਤੇਰਾ ਨਿਸ਼ਾਨ, ਸ਼ੰਕਰ ਤ੍ਰਿਸੂਲ ਹੱਥ ਰਖਾਇੰਦਾ। ਚਾਰ ਯੁਗ ਤੈਨੂੰ ਮੰਨਦੇ ਆਏ ਬਲਵਾਨ, ਤੇਰਾ ਬਲ ਨਾ ਕੋਈ ਵੇਖ ਵਖਾਇੰਦਾ। ਤੂੰ ਭੁੱਲਿਆ ਗੁਣ ਨਿਧਾਨ, ਗੁਣ ਆਪਣਾ ਆਪ ਵਧਾਇੰਦਾ। ਅੰਤਮ ਲੇਖਾ ਦੇਣਾ ਪਿਆ ਵਿਚ ਜਹਾਨ, ਅੱਗੇ ਹੋ ਨਾ ਕੋਈ ਛੁਡਾਇੰਦਾ। ਨਿਰਗੁਣ ਆਇਆ ਇਕੋ ਵਿਚ ਮੈਦਾਨ, ਫੜ ਫੜ ਸਾਰੇ ਆਪੇ ਢਾਹਿੰਦਾ। ਜਿਸ ਉਪਜਾਏ ਸੋ ਕਰੇ ਵੈਰਾਨ, ਆਪ ਆਪਣਾ ਖੇਲ ਖਿਲਾਇੰਦਾ। ਕਰੋੜ ਤੇਤੀਸਾ ਆਈ ਹਾਣ, ਸੁਰਪਤ ਇੰਦ ਪੰਧ ਮੁਕਾਇੰਦਾ। ਸ਼ੰਕਰ ਤੇਰਾ ਨਾਤਾ ਤੁਟਾ ਪੀਣ ਖਾਣ, ਅੱਗੇ ਰੱਖ ਭੋਗ ਨਾ ਕੋਈ ਲਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦੀ ਰੀਤੀ ਆਪ ਮੁਕਾਇੰਦਾ। ਜੁਗ ਜੁਗ ਰੀਤੀ ਸ਼ੰਕਰ ਰੰਗ, ਹਰਿ ਸਤਿਗੁਰ ਆਪ ਸਮਝਾਈਆ । ਰਾਮਾ ਮੰਗੇ ਤੈਥੋਂ ਮੰਗ, ਬਣ ਅਵਤਾਰ ਝੋਲੀ ਡਾਹੀਆ। ਤੂੰ ਬਣ ਬਣ ਬੈਠਾ ਸੂਰਾ ਸਰਬੰਗ, ਆਪਣਾ ਬਲ ਰਖਾਈਆ। ਤੂੰ ਵਸਿਆ ਅੰਧੇਰੇ ਅੰਧ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਇਕੋ ਲੱਭਿਆ ਹਰਿ ਖਾਵੰਦ, ਖ਼ਾਹਿਸ਼ ਇਕ ਜਗਤ ਵਧਾਈਆ। ਅੰਤਮ ਕੋਈ ਨਾ ਦੇਵੇ ਅਨੰਦ, ਪਰਮਾਨੰਦ ਨਾ ਕੋਈ ਵਖਾਈਆ। ਏਕੰਕਾਰਾ ਦੇਵਣਹਾਰਾ ਦੰਡ, ਜੁਗ ਜੁਗ ਆਪਣਾ ਹੁਕਮ ਸੁਣਾਈਆ। ਅੰਤਮ ਤੇਰਾ ਮੁਕਿਆ ਪੰਧ, ਧੀਰਜ ਧੀਰ ਨਾ ਕੋਈ ਰਖਾਈਆ। ਜੋ ਤੇਰਾ ਨਾਉਂ ਗਾਉਂਦੇ ਰਹੇ ਬੱਤੀ ਦੰਦ, ਨਿਉਂ ਨਿਉਂ ਸੀਸ ਝੁਕਾਈਆ। ਅੰਤਮ ਆਤਮ ਸਭ ਦੀ ਹੋਣੀ ਰੰਡ, ਜਗਤ ਰੰਡੇਪਾ ਦਏ ਮੁਕਾਈਆ। ਤੂੰ ਆਪਣੀ ਢਕ ਨਾ ਸਕਿਆ ਕੰਡ, ਦੋ ਜਹਾਨਾਂ ਉਪਰ ਪਰਦਾ ਕਵਣ ਪਾਈਆ। ਤੂੰ ਫਿਰੇਂ ਹਾਲ ਮੰਦ, ਨੇਤਰ ਨੈਣਾਂ ਨੀਰ ਵਹਾਈਆ। ਜੋ ਤੇਰਾ ਗੌਂਦੇ ਛੰਦ, ਆਪਣਾ ਬੇੜ੍ਹਾ ਰਹੇ ਰੁੜ੍ਹਾਈਆ। ਬਿਨ ਹਰਿ ਝੂਠੀ ਸਿਰ ਤੇ ਚੁੱਕੀ ਪੰਡ, ਹੌਲਾ ਭਾਰ ਨਾ ਕੋਈ ਕਰਾਈਆ। ਅੰਤਮ ਹੋਣਾ ਖੰਡ ਖੰਡ, ਦੇਵੇ ਹਰਿ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਵਰਤਾਈਆ। ਜਟਾ ਜੂਟ ਧਾਰ ਤਨ ਵੇਖ ਭਿਬੂਤ, ਭੁੱਬਾਂ ਮਾਰ ਕੁਰਲਾਇਆ। ਮੈਂ ਕਿਉਂ ਬਣਿਆ ਕਪੂਤ, ਏਕਾ ਆਪਣਾ ਪੁਰਖ ਭੁਲਾਇਆ। ਕੋਇ ਨਾ ਕਰੇ ਕਾਰਜ ਸੂਤ, ਸਗਲਾ ਸੰਗ ਨਾ ਕੋਇ ਰਖਾਇਆ। ਅੰਤਮ ਆਵਾ ਗਿਆ ਊਤ, ਬੇੜਾ ਪਾਰ ਨਾ ਕੋਈ ਕਰਾਇਆ। ਨਾ ਸੱਚਾ ਨਾ ਕੋਈ ਝੂਠ, ਝੂਠਾ ਸੱਚਾ ਆਪੇ ਵੇਖ ਵਖਾਇਆ। ਲੇਖਾ ਜਾਣੇ ਅਬਿਨਾਸ਼ੀ ਅਚੁੱਤ, ਚਾਰੋਂ ਕੁੰਟ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਇਆ। ਸਾਚਾ ਹੁਕਮ ਧੁਰ ਫ਼ਰਮਾਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਅੰਤਮ ਛੱਡਣਾ ਪਏ ਟਿਕਾਨਾ, ਵੇਲਾ ਵਕਤ ਮੁਕਾਈਆ। ਅੱਗੇ ਮਿਲੇ ਨਾ ਨਿਸ਼ਾਨਾ, ਪਿਛਾ ਨਜ਼ਰ ਕੋਈ ਨਾ ਆਈਆ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣੇ ਹੱਥ ਰੱਖੇ ਵਡਿਆਈਆ। ਸਤਿਜੁਗ ਸਾਚਾ ਰਾਹ ਚਲਾਣਾ, ਸਾਚੀ ਕਾਰ ਕਮਾਈਆ। ਗੁਰਮੁਖ ਸਾਚੇ ਕਰ ਪ੍ਰਧਾਨਾ, ਨਾਮ ਪਰਵਾਨਾ ਹੱਥ ਫੜਾਈਆ। ਸਾਚਾ ਢੋਲਾ ਇਕੋ ਗਾਣਾ, ਇਕੋ ਕਰੇ ਪੜ੍ਹਾਈਆ। ਸ਼ਿਵ ਪੁਰੀ ਬੰਕ ਸੁਹਾਨਾ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਸ਼ੰਕਰ ਲੇਖਾ ਅੰਤ ਮੁਕਾਨਾ, ਲਿਖ ਲਿਖ ਲੇਖ ਦਏ ਸਮਝਾਈਆ। ਸਭ ਨੂੰ ਮੰਨਣਾ ਪਏ ਭਾਣਾ, ਸਦ ਭਾਣੇ ਅੰਦਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਸੁਣਾਈਆ। ਹੁਕਮ ਸੁਣਿਆ ਹਰਿ ਨਰੇਸ਼, ਨਿਰਾਕਾਰ ਜਣਾਇਆ। ਜਟਾ ਜੂਟ ਖੁਲ੍ਹੜੇ ਕੇਸ, ਕੇਸਾਧਾਰੀ ਵੇਖ ਵਖਾਇਆ। ਅੱਗੇ ਚਲੇ ਨਾ ਕੋਈ ਪੇਸ਼, ਪਰਦਾ ਸਕੇ ਨਾ ਕੋਈ ਪਾਇਆ। ਕਰੇ ਖੇਲ ਨਰ ਨਰੇਸ਼, ਨਰ ਨਰਾਇਣ ਵੇਸ ਵਟਾਇਆ। ਨਿਰਗੁਣ ਕਰ ਅਵੱਲੜਾ ਵੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਚਲਾਇਆ। ਸ਼ੰਕਰ ਉਠੇ ਦੋਏ ਜੋੜ, ਚਰਨ ਕਵਲ ਸ਼ਰਨਾਈਆ। ਪਾਰਬ੍ਰਹਮ ਹੱਥ ਤੇਰੇ ਡੋਰ, ਜਿਉਂ ਭਾਵੇ ਤਿਉਂ ਚਲਾਈਆ। ਤੁਧ ਬਿਨ ਬੰਧਪ ਨਾ ਕੋਈ ਹੋਰ, ਸੱਜਣ ਕੋਈ ਨਜ਼ਰ ਨਾ ਆਈਆ। ਆਦਿ ਜੁਗਾਦਿ ਤੇਰੀ ਲੋੜ, ਤੁਧ ਬਿਨ ਥਾਏ ਨਾ ਕੋਈ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਮੇਰੇ ਸਿਰ ਤੇ ਰੱਖ ਹੱਥ, ਮੰਗੇ ਚਰਨ ਪਨਾਹ। ਏਕਾ ਦੇਣੀ ਸਾਚੀ ਵੱਥ, ਬਖ਼ਸ਼ੀਂ ਸਰਬ ਗੁਨਾਹ। ਸਾਚਾ ਮਾਰਗ ਦੇਣਾ ਦੱਸ, ਏਕਾ ਤੇਰਾ ਨਾਮ ਧਿਆ। ਅੰਤਰ ਮੇਰੇ ਜਾਣਾ ਵਸ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹ। ਮੇਰੀ ਪੂਰੀ ਕਰਨੀ ਆਸ, ਵਡ ਦਾਤੇ ਬੇਪਰਵਾਹ। ਤੇਰੇ ਦਰ ਤੋਂ ਜਾਏ ਨਾ ਕੋਈ ਨਿਰਾਸ, ਤੂੰ ਦੇਵਣਹਾਰ ਇਕ ਖ਼ੁਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਵਸਤ ਝੋਲੀ ਪਾ। ਪੁਰਖ ਅਬਿਨਾਸ਼ੀ ਰਿਹਾ ਦੱਸ, ਆਪਣਾ ਭੇਵ ਖੁਲ੍ਹਾਈਆ। ਮੇਰਾ ਚਲੇ ਨਾ ਕੋਈ ਵਸ, ਨਿਰਗੁਣ ਬਲ ਨਾ ਕੋਈ ਰਖਾਈਆ। ਏਕਾ ਮਾਰਗ ਦੇਵਾਂ ਦੱਸ, ਸਾਚਾ ਰਾਹ ਸਮਝਾਈਆ। ਲੋਕਮਾਤ ਜਾਣਾ ਨੱਠ, ਆਪਣਾ ਪੰਧ ਮੁਕਾਈਆ। ਹਰਿ ਜੂ ਵਸੇ ਭਗਤਾਂ ਪਾਸ, ਸਾਚਾ ਸੰਗ ਰਖਾਈਆ। ਸੇਵਾ ਕਰੇ ਬਣ ਦਾਸੀ ਦਾਸ, ਚਾਕਰ ਖ਼ਾਕ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਰਿਹਾ ਸਮਝਾਈਆ। ਸ਼ੰਕਰ ਸੁਣ ਸਲਾਹ, ਸ਼ਬਦੀ ਸ਼ਬਦ ਜਣਾਇਆ। ਲੋਕਮਾਤ ਜਾਣਾ ਸਾਚੇ ਥਾਂ, ਥਾਨ ਥਨੰਤਰ ਰਿਹਾ ਵਖਾਇਆ। ਭਗਤ ਭਗਵੰਤ ਰਿਹਾ ਜਣਾ, ਜਾਗਰਤ ਜੋਤ ਕਰੇ ਰੁਸ਼ਨਾਇਆ। ਜੁਗ ਜੁਗ ਦੇ ਵਿਛੜੇ ਰਿਹਾ ਮਿਲਾ, ਫੜ ਫੜ ਆਪਣੀ ਗੋਦ ਬਹਾਇਆ। ਕਾਦਰ ਕਰੀਮ ਕਰਤਾ ਬਣ ਖ਼ੁਦਾ, ਬੇਐਬ ਰੂਪ ਵਟਾਇਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਦਰ ਆਇਆਂ ਹੋਏ ਸਹਾਇਆ। ਦੋ ਜਹਾਨਾਂ ਕਰੇ ਸਚ ਨਿਆਂ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਰਿਹਾ ਚੁਕਾਇਆ। ਆਪਣਾ ਪਰਦਾ ਆਪੇ ਚੁੱਕ, ਚੁੱਕ ਚੁੱਕ ਰਿਹਾ ਸਮਝਾਈਆ। ਸ਼ੰਕਰ ਜਿਸ ਨੂੰ ਕਹਿੰਦੇ ਰਹੇ ਬੈਠਾ ਲੁਕ, ਸੋ ਆਪਣਾ ਰੂਪ ਵਟਾਈਆ। ਜਿਸ ਨੂੰ ਕਹਿੰਦੇ ਅਬਿਨਾਸ਼ੀ ਅਚੁਤ, ਸੋ ਅਬਿਨਾਸ਼ੀ ਖੇਲ ਖਲਾਈਆ। ਜਿਸ ਨੂੰ ਕਹਿੰਦੇ ਸੁਹਾਏ ਰੁੱਤ, ਸੋ ਆਪਣੀ ਰੁੱਤ ਸੁਹਾਈਆ। ਜਿਸ ਨੂੰ ਕਹਿੰਦੇ ਭਗਤਾਂ ਬਣਾਏ ਸਾਚੇ ਪੁੱਤ, ਸੋ ਭਗਤ ਰਿਹਾ ਉਠਾਈਆ। ਜਿਸ ਨੂੰ ਕਹਿੰਦੇ ਸਭ ਦੀ ਜੜ੍ਹ ਦੇਵੇ ਪੁੱਟ, ਸੋ ਪੁੱਟ ਪੁੱਟ ਰਿਹਾ ਵਖਾਈਆ। ਜਿਸ ਨੂੰ ਕਹਿੰਦੇ ਜਾਏ ਲੁੱਟ, ਸੋ ਘਰ ਘਰ ਲੁੱਟ ਰਿਹਾ ਮਚਾਈਆ। ਜਿਸ ਨੂੰ ਕਹਿੰਦੇ ਦਰਸ਼ਨ ਕੀਤਿਆਂ ਆਵਣ ਜਾਵਣ ਜਾਏ ਛੁੱਟ, ਸੋ ਗੇੜਾ ਰਿਹਾ ਮੁਕਾਈਆ। ਜਿਸ ਨੂੰ ਕਹਿੰਦੇ ਵਸੇ ਸਚਖੰਡ ਕਿਲੇ ਕੋਟ, ਸੋ ਦਰ ਘਰ ਸਾਚੇ ਸੋਭਾ ਪਾਈਆ। ਜਿਸ ਦੀ ਰੱਖਦੇ ਰਹੇ ਓਟ, ਸੋ ਕਲਜੁਗ ਅੰਤਮ ਭਗਤਾਂ ਓਟ ਤਕਾਈਆ। ਚਾਰ ਜੁਗ ਦੇ ਕੱਢੇ ਖੋਟ, ਖੋਟੀ ਮੱਤ ਨਾ ਕੋਈ ਰਖਾਈਆ। ਜਨਮ ਜਨਮ ਦੇ ਆਲ੍ਹਣੇ ਡਿੱਗੇ ਫੜੇ ਬੋਟ, ਫੜ ਆਪਣੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦਏ ਸੁਣਾਈਆ। ਸਚ ਸੰਦੇਸ਼ਾ ਸੁਣਾਏ ਬਾਤ, ਬਾਤਨ ਹਰਿ ਜਣਾਈਆ। ਲੋਕਮਾਤ ਮਾਰ ਝਾਤ, ਹਰਿ ਝਾਕੀ ਇਕ ਵਖਾਈਆ। ਕਰੇ ਖੇਲ ਪੁਰਖ ਸਮਰਾਥ, ਭੇਵ ਅਭੇਦ ਜਣਾਈਆ। ਜਨ ਭਗਤਾਂ ਜਣਾਏ ਇਕ ਜਮਾਤ, ਏਕਾ ਅੱਖਰ ਰਿਹਾ ਪੜ੍ਹਾਈਆ। ਨਾ ਕੋਈ ਕਲਮ ਨਾ ਕੋਈ ਦਵਾਤ, ਨਾ ਕੋਈ ਪੰਡਤ ਰਿਹਾ ਸਖਾਈਆ। ਕਰ ਕਿਰਪਾ ਦੇਵੇ ਆਪਣੀ ਦਾਤ, ਘਰ ਭਗਤਾਂ ਝੋਲੀ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ੰਕਰ ਰਿਹਾ ਸਮਝਾਈਆ। ਸ਼ੰਕਰ ਸੁਣ ਲਾ ਕਰ ਕੰਨ, ਬਿਨ ਕੰਨਾਂ ਆਪ ਸੁਣਾਇੰਦਾ। ਇਕੋ ਕਹਿਣਾ ਲੈਣਾ ਮੰਨ, ਹਰਿ ਜੂ ਆਪ ਜਣਾਇੰਦਾ। ਅੰਤਮ ਮਿਲਣਾ ਸਭ ਨੂੰ ਡੰਨ, ਥਿਰ ਕੋਈ ਰਹਿਣ ਨਾ ਪਾਇੰਦਾ। ਜੋ ਘੜਿਆ ਸੋ ਦੇਵੇ ਭੰਨ, ਆਪਣੀ ਚਾਲ ਆਪ ਚਲਾਇੰਦਾ। ਕਲਜੁਗ ਖੇਲ ਕਰੇ ਸ੍ਰੀ ਭਗਵਾਨ, ਨਿਰਗੁਣ ਜੋਤ ਡਗਮਗਾਇੰਦਾ। ਗੁਰਮੁਖ ਚੜ੍ਹਾਏ ਸਾਚਾ ਚੰਦ, ਲੋਕਮਾਤ ਆਪ ਚਮਕਾਇੰਦਾ। ਭਗਤਾਂ ਬੇੜਾ ਬੰਨ੍ਹ, ਆਪਣੇ ਕੰਧ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਮੁਲਾਂ ਸ਼ੇਖ਼ ਮੁਸਾਇਕ ਹਰਿ ਦੇਵੇ ਡੰਨ, ਬਚਿਆ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਲਾਹ ਇਕ ਸਮਝਾਇੰਦਾ। ਸਚ ਸਲਾਹ ਦੇਵੇ ਸਲਾਹਗੀਰ, ਏਕਾ ਏਕ ਕਰੇ ਪੜ੍ਹਾਈਆ। ਸ਼ੰਕਰ ਲੋਕਮਾਤ ਘੱਤ ਵਹੀਰ, ਬਣ ਪਾਂਧੀ ਪੰਧ ਮੁਕਾਈਆ। ਸ਼ਿਵ ਪੁਰੀ ਹੋਈ ਦਿਲਗੀਰ, ਦਿਲਬਰ ਸਕੇ ਨਾ ਕੋਈ ਮਿਲਾਈਆ। ਹੁਣ ਵੇਲਾ ਅੰਤ ਅਖ਼ੀਰ, ਆਖਰ ਵੇਖੇ ਸਰਬ ਲੋਕਾਈਆ। ਕੋਈ ਨਾ ਬਦਲ ਦੇਵੇ ਤਕਦੀਰ, ਤਕਸੀਰ ਸਕੇ ਨਾ ਕੋਈ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਸਚ ਸੰਦੇਸ਼ਾ ਸੁਣ ਇਕ ਵਾਰ, ਏਕਾ ਇਕ ਜਣਾਈਆ। ਤੇਰਾ ਦੱਸਾਂ ਸਚ ਸਹਾਰ, ਸਚ ਸਹਾਰਾ ਇਕ ਵਡਿਆਈਆ। ਲੋਕਮਾਤ ਜਾਣਾ ਭਗਤ ਦੁਆਰ, ਭਗਤ ਦੁਆਰਾ ਇਕ ਵਖਾਈਆ। ਜਿਥੇ ਵਸੇ ਏਕੰਕਾਰ, ਆਪਣਾ ਰੂਪ ਛੁਪਾਈਆ। ਦਿਸ ਨਾ ਆਏ ਵਿਚ ਸੰਸਾਰ, ਲੱਖ ਚੁਰਾਸੀ ਰਿਹਾ ਭੁਲਾਈਆ। ਤੂੰ ਜਾ ਕੇ ਕਰੀਂ ਨਿਮਸਕਾਰ, ਮੇਰੇ ਭਗਤਾਂ ਸੀਸ ਝੁਕਾਈਆ। ਜੇ ਤੇਰੇ ਨਾਲ ਕਰਨ ਪਿਆਰ, ਅੰਤਮ ਤੇਰਾ ਪੱਲਾ ਦੇਣ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਹਰਿ ਸੁਣਾਇਆ ਸੁਣਿਆ ਸ਼ਿਵ, ਸ਼ੰਕਰ ਆਪਣਾ ਆਪ ਜਣਾਇੰਦਾ। ਤੂੰ ਸਾਹਿਬ ਵੱਡਾ ਵਡ ਦੇਵੀ ਦੇਵ, ਤੇਰਾ ਇਸ਼ਟ ਸਰਬ ਮਨਾਇੰਦਾ। ਮੈਂ ਲੱਗਾ ਰਿਹਾ ਤੇਰੀ ਸੇਵ, ਸਾਚੀ ਸੇਵਾ ਮੰਗ ਮੰਗਾਇੰਦਾ। ਤੂੰ ਦਾਤਾ ਦਾਨੀ ਅਲਖ ਅਭੇਵ, ਅਗੋਚਰ ਤੇਰਾ ਭੇਵ ਕੋਈ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਏਕਾ ਵਸਤ ਮੰਗ ਮੰਗਾਇੰਦਾ। ਮੰਗਾਂ ਮੰਗ ਤੇਰੇ ਭਗਤ ਦੁਆਰ, ਦਰ ਆਪਣੀ ਅਲਖ ਜਗਾਈਆ। ਕਵਣ ਵੇਲਾ ਜਾਵਾਂ ਵਕਤ ਵਿਚਾਰ, ਕਵਣ ਥਿਤ ਮਿਲੇ ਵਡਿਆਈਆ। ਕਵਣ ਨੇਤਰ ਪਾਵਾਂ ਸਾਰ, ਘੜੀ ਪਲ ਵੰਡ ਵੰਡਾਈਆ। ਕਵਣ ਮੁਖ ਕਰੇ ਵਿਹਾਰ, ਕਿਸ਼ਨਾ ਸੁਖਲਾ ਦੇਣ ਗਵਾਹੀਆ। ਕਵਣ ਚੰਦ ਹੋਏ ਉਜਿਆਰ, ਚੰਦ ਚਾਂਦਨੀ ਲਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਥਿਤ ਦਏ ਸਮਝਾਈਆ। ਏਕਾ ਵਾਰ ਏਕਾ ਥਿਤ, ਅਸਥਿਲ ਆਪ ਜਣਾਇੰਦਾ। ਭਗਵਨ ਕਰੇ ਭਗਤਾਂ ਹਿੱਤ, ਭਗਤਾਂ ਮਾਰਗ ਆਪ ਜਣਾਇੰਦਾ। ਲੇਖਾ ਜਾਣੇ ਸਾਚੇ ਖੇਤ, ਸਾਚਾ ਖੇੜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਵਖਾਇੰਦਾ। ਵਾਰ ਥਿਤ ਛੱਬੀ ਪੋਹ ਦਿਹਾੜਾ, ਜਨ ਭਗਤ ਮਿਲੇ ਵਡਿਆਈਆ। ਸਚ ਦੁਆਰਾ ਬਹਿ ਨਿਰੰਕਾਰਾ, ਸਚਖੰਡ ਰੂਪ ਬਣਾਈਆ। ਚਾਰ ਯੁਗ ਦੀ ਵੇਖੇ ਕਾਰਾ, ਗੁਰ ਅਵਤਾਰ ਜੋ ਗਏ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਜੋ ਲਾਇਆ , ਸੇਵਾ ਸਭ ਦੀ ਸੇਵ ਵਖਾਈਆ। ਲਹਿਣਾ ਦੇਣਾ ਦੇਵੇ ਇਕੋ ਵਾਰਾ, ਏਕਾ ਵਸਤ ਵਰਤਾਈਆ। ਹੁਕਮੀ ਹੁਕਮ ਖੇਲ ਨਿਆਰਾ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਸਭ ਦਾ ਲੇਖਾ ਦੇਵੇ ਵਾਰੋ ਵਾਰਾ, ਬਾਕੀ ਕੋਈ ਨਜ਼ਰ ਨਾ ਆਈਆ। ਦਰ ਬੁਲਾਏ ਗੁਰ ਅਵਤਾਰਾ, ਹੁਕਮੀ ਹੁਕਮ ਸੁਣਾਈਆ। ਕੀ ਕਰ ਕੇ ਆਏ ਆਏ ਸੰਸਾਰਾ, ਕਰਤਾ ਕੀਮਤ ਸਭ ਦੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਭੇਵ ਦਏ ਖੁਲ੍ਹਾਈਆ। ਸਭ ਦਾ ਖੋਲ੍ਹੇ ਭੇਵ ਵੇਖੇ ਪਰਤਾਪ, ਵਡ ਪਰਤਾਪੀ ਖੇਲ ਖਲਾਇਆ। ਤੁਸੀਂ ਮੈਨੂੰ ਮੰਨਦੇ ਰਹੇ ਆਪ, ਪਰ ਆਪਾ ਕਿਉਂ ਜਪਾਇਆ। ਤੁਸੀਂ ਮੈਨੂੰ ਮੰਨਦੇ ਰਹੇ ਮਾਈ ਬਾਪ, ਬਣ ਬਣ ਮਾਈ ਬਾਪ ਕਿਉਂ ਆਪਣਾ ਹੁਕਮ ਚਲਾਇਆ। ਤੁਸੀਂ ਕਰਦੇ ਰਹੇ ਮੇਰਾ ਜਾਪ, ਕਿਉਂ ਆਪਣਾ ਜਾਪ ਜਪਾਇਆ। ਮੈਂ ਇਕ ਇਕੱਲਾ ਸਭ ਦਾ ਰੱਖਾਂ ਹਿਸਾਬ, ਭੁੱਲ ਕਦੇ ਨਾ ਜਾਇਆ। ਮੈਂ ਸਨੇਹੁੜਾ ਦੇ ਦੇ ਲਿਖਾਈ ਜਗਤ ਕਿਤਾਬ, ਸਾਸ਼ਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਜੀਲ ਕੁਰਾਨ ਨਾਮ ਧਰਾਇਆ। ਮੈਂ ਖੇਲ ਵਖਾਇਆ ਦਿਵਸ ਰਾਤ, ਸੂਰਜ ਚੰਦ ਚੜ੍ਹਾਇਆ। ਮੈਂ ਲੱਖ ਚੁਰਾਸੀ ਥਾਪਣ ਥਾਪ, ਜੁਗ ਜੁਗ ਆਪਣਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦਏ ਸਮਝਾਇਆ। ਸਭ ਦਾ ਲਹਿਣਾ ਜਾਏ ਹਰ, ਸ਼ੰਕਰ ਭੁੱਲ ਨਾ ਜਾਈਆ। ਚਲ ਕੇ ਔਣਾ ਸਭ ਨੇ ਦਰ, ਭਗਤ ਦੁਆਰ ਵੱਜੇ ਵਧਾਈਆ। ਹਰਿ ਜੂ ਹਰਿ ਇਕੋ ਵਾਰ ਸਾਰੇ ਲੈਣੇ ਫੜ, ਇਕ ਦੂਜੇ ਨਾਲ ਕੋਈ ਕਰ ਨਾ ਸਕੇ ਸਲਾਹੀਆ। ਆਪਣਾ ਨਾਉਂ ਜੋ ਲੋਕਮਾਤ ਗਏ ਧਰ, ਮੇਰਾ ਨਾਮ ਭੁਲਾਈਆ। ਬਿਨ ਹੱਥਕੜੀ ਲੈਣੇ ਫੜ, ਦੋਵੇਂ ਜੋੜ ਪੈਣ ਸ਼ਰਨਾਈਆ। ਚਰਨਾਂ ਹੇਠਾਂ ਰੱਖਣ ਧੜ, ਕਾਇਆ ਮਾਟੀ ਖ਼ਾਕ ਕੰਮ ਕਿਸੇ ਨਾ ਆਈਆ। ਜੋ ਦਸਰਥ ਰਾਮ ਰਹਿਆ ਪੜ੍ਹ, ਤਿਸ ਰਾਮ ਨਾ ਹੋਏ ਸਹਾਈਆ। ਜਿਸ ਨੰਦ ਜਸੋਧਾ ਕਾਹਨ ਲਿਆ ਵਰ, ਤਿਸ ਹਰਿ ਕਾਹਨ ਮਿਲਣ ਨਾ ਜਾਈਆ। ਜਿਸ ਨਾਨਕ ਪੰਜ ਤੱਤ ਪੱਲੂ ਲਿਆ ਫੜ, ਤਿਸ ਨਾਨਕ ਨਿਰਗੁਣ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਮੁਕਾਈਆ। ਸ਼ੰਕਰ ਵੇਲਾ ਹੁਣ ਮੁਕਦਾ, ਪ੍ਰਭ ਸਾਚਾ ਦਏ ਵਖਾਈਆ। ਲੱਖ ਚੁਰਾਸੀ ਬੂਟਾ ਸੁੱਕਦਾ, ਸੁੱਕਾ ਹਰਾ ਨਾ ਕੋਈ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਵਡਿਆਈ ਅੰਦਰ ਮੁੱਕਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਿਸ਼ਾਨਾ ਕਦੇ ਨਾ ਉਕਦਾ,। ਸ਼ੰਕਰ ਕਹੇ ਮੇਰੇ ਭਗਵਾਨ, ਮੇਰੀ ਮੰਨ ਅਰਜ਼ੋਈਆ। ਤੂੰਹੀ ਦਿਤਾ ਇਕੋ ਦਾਨ, ਆਪਣੀ ਦਇਆ ਕਮਾਈਆ। ਜੁਗ ਚੌਕੜੀ ਸੇਵਾ ਕਰੀ ਵਿਚ ਜਹਾਨ, ਜੋ ਘੜਿਆ ਭੰਨ ਵਖਾਈਆ। ਅੰਤਮ ਮਿਟਦਾ ਜਾਏ ਨਿਸ਼ਾਨ, ਮੈਂ ਜਗਤ ਨਿਸ਼ਾਨਾ ਰਿਹਾ ਮਿਟਾਈਆ। ਕਰ ਕਿਰਪਾ ਕਰ ਪਰਵਾਨ, ਤੇਰੇ ਅੱਗੇ ਸੀਸ ਝੁਕਾਈਆ। ਚਰਨ ਧੂੜ ਸੱਚਾ ਅਸ਼ਨਾਨ, ਆਸਾ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਟੁੱਟੀ ਗੰਢ ਪਵਾਈਆ। ਸ੍ਰੀ ਭਗਵਾਨ ਕਹੇ ਸਮਰਥ, ਤੇਰੀ ਪੂਰੀ ਹੋਈ ਅਰਦਾਸ। ਭਗਤ ਦੁਆਰੇ ਜਾਣਾ ਨੱਸ, ਹਰਿ ਭਗਤ ਪੁੱਛਣ ਤੇਰੀ ਵਾਤ। ਤੂੰ ਆਪਣੀ ਜਾ ਕੇ ਦੱਸ, ਕਰ ਬਚਨ ਬਲਾਸ। ਜੇ ਤੇਰੇ ਉਤੇ ਪੈ ਗਿਆ ਭਗਤਾਂ ਸ਼ੱਕ, ਤੇਰੀ ਕਰੇ ਨਾ ਕੋਈ ਬੰਦ ਖ਼ਲਾਸ। ਓਥੇ ਨਬੇੜਾ ਹੱਕੋ ਹੱਕ, ਸਭ ਦੀ ਪੁੱਛੇ ਵਾਤ। ਜੇ ਸਚ ਪੁੱਛੇਂ ਤੇਰਾ ਫਲ ਗਿਆ ਪੱਕ, ਅੰਤਮ ਰੱਖਣਾ ਤੋੜ ਤਾਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਭਵਿਖਤ ਵਾਕ। ਸ਼ੰਕਰ ਪਿਛਲਾ ਛੱਡ ਦੇ ਖਹਿੜਾ, ਹਰਿ ਸਾਚਾ ਸਚ ਜਣਾਇੰਦਾ। ਤੇਰਾ ਖ਼ਾਲੀ ਹੋਣਾ ਵੇਹੜਾ, ਭਾਗ ਨਾ ਕੋਈ ਲਗਾਇੰਦਾ। ਗੁਰਮੁਖਾਂ ਬੰਨ੍ਹੇ ਹਰਿ ਜੂ ਬੇੜਾ, ਗੁਰਸਿਖ ਆਪ ਉਠਾਇੰਦਾ। ਜੇ ਪੁੱਛੇ ਮੈਂ ਦੱਸਾਂ ਕਿਹੜਾ ਕਿਹੜਾ, ਛੋਟੇ ਬਾਲੇ ਅੱਗੇ ਲਾਇੰਦਾ। ਜਿਸ ਨੇ ਵਖਾਇਆ ਤੇਰਾ ਡੇਰਾ, ਸੋ ਸਿੰਘ ਜਗਦੀਸ਼ ਨਾਉਂ ਰਖਾਇੰਦਾ। ਤਿਸ ਉਪਰ ਕਰੀ ਆਪ ਪ੍ਰਭ ਮਿਹਰਾ, ਮਿਹਰ ਨਜ਼ਰ ਇਕੋ ਪਾਇੰਦਾ। ਖੇਲ ਖਲਾਏ ਸਿੰਘ ਸ਼ੇਰਾ, ਸ਼ੇਰ ਰੂਪ ਆਪ ਹੋ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਾਇਆ ਘੇਰਾ, ਚਾਰੋਂ ਕੁੰਟ ਆਪ ਫਿਰਾਇੰਦਾ। ਕਰੇ ਹੱਕੋ ਹੱਕ ਨਬੇੜਾ, ਲੇਖਾ ਸਭ ਦਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੇੜਾ ਆਪ ਦਵਾਇੰਦਾ। ਆਪਣਾ ਗੇੜਾ ਦੇਵੇ ਕਰਤਾਰ, ਗੇੜਾ ਗੇੜੇ ਵਿਚ ਰਖਾਈਆ। ਤੇਰਾ ਅੰਤ ਦੇਵੇ ਸਵਾਰ, ਜਨ ਭਗਤਾਂ ਨਾਲ ਮਿਲਾਈਆ। ਸ਼ਿਵ ਪੁਰੀ ਕਰਨੀ ਨਾ ਫਿਰ ਵਿਚਾਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰੀ ਵਾਰੀ ਕਦੇ ਨਾ ਆਈਆ। ਓਥੇ ਗੁਰਮੁਖ ਬਣ ਬਹੇ ਸੱਚੀ ਸਰਕਾਰ, ਸੋ ਪੁਰਖ ਨਿਰੰਜਣ ਆਪਣਾ ਹੁਕਮ ਮਨਾਈਆ। ਸਤਿਜੁਗ ਸਾਚੀ ਚਲੇ ਧਾਰ, ਧਰਨੀ ਧਰਤ ਧਵਲ ਸੋਭਾ ਪਾਈਆ। ਸੋਹੰ ਸ਼ਬਦ ਬੋਲ ਜੈਕਾਰ, ਜੈ ਜੈ ਕਾਰ ਵੇਖੇ ਸਰਬ ਲੋਕਾਈਆ। ਭਗਤਾਂ ਰੰਗ ਰੰਗੇ ਕਰਤਾਰ, ਰੰਗ ਰੰਗੀਲਾ ਇਕੋ ਮਾਹੀਆ। ਤੇਰਾ ਵਸੀਲਾ ਬਣਨ ਵਿਚ ਸੰਸਾਰ, ਆਪਣੇ ਨਾਲ ਲੈਣ ਮਨਾਈਆ। ਬਣਾਇਆ ਕਬੀਲਾ ਆਪ ਨਿਰੰਕਾਰ, ਬਿਰਧ ਬਾਲ ਜਵਾਨ ਨਾਲ ਰਲਾਈਆ। ਕਰੇ ਮੇਲਾ ਅੰਤਮ ਵਾਰ, ਵੇਲਾ ਗਿਆ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਸ਼ਿਵ ਕਹੇ ਮੇਰੀ ਹੋਏ ਪੂਜਾ, ਪੂਜਸ ਪੂਜ ਪੂਜ ਜਗਤ ਖ਼ੁਸ਼ੀ ਮਨਾਈਆ। ਮੇਰੀ ਇਛਿਆ ਨਾ ਕੋਈ ਦੂਜਾ, ਦੂਈ ਆਪਣੇ ਵਿਚ ਵਧਾਈਆ। ਹਰਿ ਕਾ ਭੇਵ ਨਾ ਕੋਈ ਸੂਝਾ, ਸੁਰਤੀ ਸੁਰਤ ਨਾ ਕੋਈ ਭਵਾਈਆ। ਹਰਿ ਕਾ ਖੇਲ ਸਦਾ ਗੂਝਾ, ਲੇਖਾ ਲਿਖਤ ਨਾ ਕੋਈ ਵਖਾਈਆ। ਸਭ ਦਾ ਠੂਠਾ ਕਰੇ ਮੂਧਾ, ਜਿਸ ਭਰਿਆ ਸੋ ਖ਼ਾਲੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਸ਼ੰਕਰ ਕਹੇ ਮੈਂ ਭੋਲਾ ਨਾਥ, ਇਕੋ ਗੁਰ ਅਖਵਾਇੰਦਾ। ਬਾਸ਼ਕ ਤਸ਼ਕਾ ਮੇਰੇ ਸਾਥ, ਗਲ ਮਾਲਾ ਸੋਭਾ ਪਾਇੰਦਾ। ਲੱਖ ਚੁਰਾਸੀ ਉਤਾਰਾਂ ਆਪਣੇ ਘਾਟ, ਜੋ ਘੜਿਆ ਭੰਨ ਵਖਾਇੰਦਾ। ਅੰਤਮ ਸੁੱਟੇ ਡੂੰਘੇ ਖਾਤ, ਖਾਤਾ ਨਜ਼ਰ ਕਿਸੇ ਨਾ ਆਇੰਦਾ। ਇਕੋ ਭੁੱਲਿਆ ਹਰਿ ਜੂ ਸਾਕ, ਸਾਚਾ ਸੱਜਣ ਨਾ ਕੋਈ ਮਿਲਾਇੰਦਾ। ਆਪਣੀ ਇਛਿਆ ਕਰ ਬਹੁ ਬਿਧ ਭਾਂਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਛੁਪਾਇੰਦਾ। ਸ਼ਿਵ ਕਹੇ ਮੈਂ ਵਸਾਂ ਕੈਲਾਸ਼, ਆਪਣਾ ਬਲ ਧਰਾਈਆ। ਮੇਰੀ ਕਰ ਨਾ ਸਕੇ ਕੋਈ ਤਲਾਸ਼, ਉਚੇ ਟਿੱਲੇ ਸੋਭਾ ਪਾਈਆ। ਮੇਰੀ ਕੋਈ ਨਾ ਜਾਣੇ ਵਾਟ, ਵਾਤਾਵਰਨ ਨਾ ਕੋਈ ਵਖਾਈਆ। ਮੈਂ ਸਭ ਦਾ ਕਰਦਾ ਘਾਤ, ਮੇਰਾ ਘਾਤ ਨਾ ਕੋਈ ਕਰਾਈਆ। ਪਾਰਬ੍ਰਹਮ ਕਹੇ ਮੈਂ ਪੁਰਖ ਅਬਿਨਾਸ਼, ਏਕੰਕਾਰਾ ਇਕ ਅਖਵਾਈਆ। ਸਭ ਦਾ ਕਰਾਂ ਵਿਨਾਸ, ਵਿਸ਼ਨ ਚਲੇ ਨਾ ਕੋਈ ਚਤੁਰਾਈਆ। ਬ੍ਰਹਮਾ ਹੋਇਆ ਰਹੇ ਉਦਾਸ, ਸ਼ੰਕਰ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੋਲੇ ਨਾਥ ਰਿਹਾ ਸਮਝਾਈਆ। ਸੁਣ ਨਾਥ ਨਾਥ ਭੋਲੇ, ਭੋਲੇ ਭਾਓ ਮਨਾਇੰਦਾ। ਨਿਰਗੁਣ ਵਸਿਆ ਰਿਹਾ ਤੈਥੋਂ ਉਹਲੇ, ਤੇਰੀ ਨਜ਼ਰ ਵਿਚ ਨਾ ਆਇੰਦਾ। ਸ਼ਿਵ ਪੁਰੀ ਤੈਨੂੰ ਪਾਇਆ ਡੋਲੇ, ਚਾਰ ਜੁਗ ਕਹਾਰ ਬਣਾਇੰਦਾ। ਚੌਕੜੀ ਤੋਰੇ ਹੌਲੀ ਹੌਲੇ, ਆਪਣਾ ਪੰਧ ਮੁਕਾਇੰਦਾ। ਅੰਤਮ ਪਰਦਾ ਤੇਰਾ ਖੋਲ੍ਹੇ, ਇਕੋ ਗੁਣ ਸਮਝਾਇੰਦਾ। ਜੋ ਤੇਰੇ ਅੰਦਰ ਵੜ ਕੇ ਬੋਲੇ, ਸੋ ਆਪਣਾ ਹੁਕਮ ਵਰਤਾਇੰਦਾ । ਤੂੰ ਗਾਏਂ ਆਪਣੇ ਢੋਲੇ, ਮੈਂ ਢੋਲਾ ਫਿਰ ਸੁਣਾਇੰਦਾ। ਤੂੰ ਜੀਵ ਜੰਤ ਤੋਲੇ, ਮੈਂ ਬਣ ਤੋਲਾ ਤੇਰਾ ਭਾਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੰਕਰ ਇਕੋ ਗੱਲ ਸਮਝਾਇੰਦਾ। ਸ਼ੰਕਰ ਤੈਨੂੰ ਝੁਕੇ ਸੀਸ, ਚਾਰ ਜੁਗ ਵਡਿਆਈਆ। ਅੰਤਮ ਕਲ ਵੇਖੋ ਜਗਦੀਸ਼, ਜੁਗਤ ਆਪਣੇ ਹੱਥ ਰਖਾਈਆ। ਜੁਗ ਚੌਕੜੀ ਪੀਸਣ ਲਿਆ ਪੀਸ, ਚੱਕੀ ਜਗਤ ਚਲਾਈਆ। ਅੰਤਮ ਖ਼ਾਲੀ ਹੋਇਆ ਖ਼ੀਸ, ਖ਼ਾਲੀ ਹੱਥ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਹਦੀਸ, ਇਕ ਕਰੇ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਸਭ ਦਾ ਰਿਹਾ ਮੁਕਾਈਆ।