Granth 11 Likhat 002: 2 Maghar 2018 Bikarmi Jethuwal Darbar wich

੨ ਮੱਘਰ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ

ਭਗਤ ਦੁਆਰ ਕਰੇ ਹਰਿ ਸੇਵ, ਨਿਰਗੁਣ ਆਪਣਾ ਨੂਰ ਪਰਗਟਾਈਆ। ਲੇਖਾ ਜਾਣੇ ਅਲਖ ਅਭੇਵ, ਅਲਫ਼ ਯੇ ਵੇਖ ਵਖਾਈਆ। ਲੋਕਮਾਤ ਵਖਾਏ ਸਾਚਾ ਮੇਵ, ਅੰਮ੍ਰਿਤ ਫਲ ਨਾਉਂ ਧਰਾਈਆ। ਰਸ ਦੇਵੇ ਰਸਨਾ ਜੇਹਵ, ਹਰਿ ਜਸ ਜੋ ਜਨ ਗਾਈਆ। ਪਰਮ ਪੁਰਖ ਸਦਾ ਨਿਹਕੇਵ, ਕੇਵਲ ਆਪਣੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਪਾਈਆ। ਸੇਵਾ ਕਰੇ ਹਰਿ ਜੂ ਠਾਕਰ, ਦਿਵਸ ਰੈਣ ਵਡੀ ਵਡਿਆਈਆ। ਲੇਖੇ ਰੱਤ ਲੱਗੇ ਤੇਗ਼ ਬਹਾਦਰ, ਰੁੱਤੀ ਰੁੱਤ ਆਪ ਮਹਿਕਾਈਆ। ਹਰਿਜਨ ਵੇਖੇ ਸਚ ਸੌਦਾਗਰ, ਵਣਜ ਵਣਜਾਰਾ ਇਕੋ ਮਾਹੀਆ। ਨਿਰਮਲ ਕਰਮ ਕਰੇ ਉਜਾਗਰ, ਜਨ ਭਗਤ ਦਏ ਵਡਿਆਈਆ। ਲੋਕਮਾਤ ਕਰੇ ਆਦਰ, ਫੜ ਬਾਹੋਂ ਗਲੇ ਲਗਾਈਆ। ਵੇਸ ਵਟਾਏ ਕਰੀਮ ਕਾਦਰ, ਕਰਤਾ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਸਮਝਾਈਆ। ਸੇਵਾ ਕਰੇ ਸ੍ਰੀ ਭਗਵਾਨ, ਭਗਵਨ ਦਇਆ ਕਮਾਇੰਦਾ। ਭਗਤ ਬਣਾਏ ਸਚ ਨਿਸ਼ਾਨ, ਲੋਕਮਾਤ ਪਰਗਟਾਇੰਦਾ। ਜਗਤ ਦੇਵੇ ਇਕ ਗਿਆਨ, ਏਕਾ ਅੱਖਰ ਪੜ੍ਹਾਇੰਦਾ। ਚਰਨ ਧੂੜ ਸਚ ਅਸ਼ਨਾਨ, ਸਾਚਾ ਸੱਜਣ ਆਪ ਵਖਾਇੰਦਾ। ਵਸਤ ਅਨਮੁਲੜੀ ਪ੍ਰੇਮ ਦਾਨ, ਪ੍ਰੇਮੀ ਆਪ ਝੋਲੀ ਪਾਇੰਦਾ। ਆਪਣਾ ਕਰਿਆ ਪਹਿਲੋਂ ਬਲੀਦਾਨ, ਬਲ ਆਪਣਾ ਫੇਰ ਪਰਗਟਾਇੰਦਾ। ਗੁਰਮੁਖ ਸੱਜਣ ਵੇਖੇ ਵਿਚ ਜਹਾਨ, ਨਵ ਨੌਂ ਫੇਰਾ ਪਾਇੰਦਾ। ਕਰ ਕਿਰਪਾ ਦੇਵੇ ਗਿਆਨ, ਆਪਣੀ ਬੂਝ ਬੁਝਾਇੰਦਾ। ਜਗਤ ਤ੍ਰਿਸ਼ਨਾ ਮੇਟ ਸ਼ੈਤਾਨ, ਸ਼ਰੀਅਤ ਬੰਦ ਆਪ ਕਟਾਇੰਦਾ। ਦਰ ਦਰ ਘਰ ਘਰ ਦੇਵੇ ਮਾਣ, ਹਰਿ ਹਰਿ ਸੇਵ ਕਮਾਇੰਦਾ। ਅੰਦਰ ਵੜ ਵੜ ਹੋਏ ਜਾਣੀ ਜਾਣ, ਜਾਨਣਹਾਰਾ ਭੇਵ ਚੁਕਾਇੰਦਾ। ਤੀਰ ਅਣਿਆਲਾ ਮਾਰੇ ਬਾਣ, ਏਕਾ ਚਿੱਲੇ ਨਾਮ ਚੜ੍ਹਾਇੰਦਾ। ਨਾਤਾ ਤੋੜ ਮਾਣ ਅਭਿਮਾਣ, ਆਪਣੇ ਰੰਗ ਰੰਗਾਇੰਦਾ। ਹਰਿਜਨ ਸੂਰਾ ਚਤੁਰ ਸੁਘੜ ਸੁਜਾਨ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸੇਵਾ ਕਰੇ ਪੁਰਖ ਸਮਰਥ, ਸਮਰਥ ਵਡੀ ਵਡਿਆਈਆ। ਦੋ ਜਹਾਨਾਂ ਨੱਠ ਨੱਠ, ਲਹਿਣਾ ਦੇਣਾ ਰਿਹਾ ਮੁਕਾਈਆ। ਏਥੇ ਓਥੇ ਆਪਣਾ ਮਾਰਗ ਦੱਸ, ਵਾਹਵਾ ਆਪਣੀ ਧਾਰ ਚਲਾਈਆ। ਹਰਿ ਸੰਗਤ ਹਰਿ ਜੂ ਹੋਇਆ ਵਸ, ਆਪਣਾ ਬੰਧਨ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪਣੇ ਸੀਸ ਉਠਾਈਆ। ਸੇਵਾ ਕਰੇ ਸੋਹੇ ਸੀਸ, ਸੀਸ ਆਪਣਾ ਨਜ਼ਰ ਨਾ ਆਈਆ। ਗੋਬਿੰਦ ਮੇਲਾ ਇਕ ਜਗਦੀਸ਼, ਜਗਦੀਸ਼ ਹੋਏ ਸਹਾਈਆ। ਲਹਿਣਾ ਵੇਖੇ ਬੀਸ ਇਕੀਸ, ਬੀਸ ਬੀਸ ਵੱਜੇ ਵਧਾਈਆ। ਰਾਹ ਪੁੱਛੇ ਰਾਗ ਛਤੀਸ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪਣੇ ਹੱਥ ਰਖਾਈਆ। ਸਾਚੀ ਸੇਵ ਕਰੇ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਆਪ ਬਣਾਏ ਸਾਚੀ ਬਣਤ, ਆਪਣਾ ਭੇਵ ਆਪ ਖੁਲ੍ਹਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੇ ਰੰਗ ਸਮਾਈਆ। ਕਲਜੁਗ ਅੰਤਮ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਲਿਖਾਈਆ। ਜਨ ਭਗਤਾਂ ਕਾਇਆ ਚੋਲੀ ਰੰਗੇ ਬਸੰਤ, ਨਾਮ ਮਜੀਠੀ ਇਕ ਚੜ੍ਹਾਈਆ। ਰਸਨਾ ਜਿਹਵਾ ਮਣੀਆਂ ਮੰਤ, ਆਤਮ ਪਰਮਾਤਮ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਸੇਵ ਕਰਾਈਆ। ਸੇਵਾ ਕਰੇ ਸੇਵਕ ਬਣ, ਲੋਕਮਾਤ ਮਾਤ ਤਜਾਇਆ। ਜਿਸ ਬਣਾਏ ਆਪਣੇ ਜਨ, ਸੋ ਜਨਣੀ ਬਣਿਆ ਪਿਤਾ ਮਾਇਆ। ਏਕਾ ਰਾਗ ਸੁਣਾਏ ਕੰਨ, ਰਾਗੀ ਰਾਗ ਮੁਖ ਸ਼ਰਮਾਇਆ। ਏਕਾ ਦੇਵੇ ਸੱਚਾ ਧਨ, ਨਾਮ ਨਿਧਾਨਾ ਝੋਲੀ ਪਾਇਆ। ਆਪੇ ਬੇੜਾ ਰਿਹਾ ਬੰਨ੍ਹ, ਆਪਣੇ ਕੰਧ ਉਠਾਇਆ। ਗੁਰਮੁਖ ਸੱਜਣ ਜਾਏ ਮੰਨ, ਸੋ ਪੁਰਖ ਅਬਿਨਾਸ਼ੀ ਰਿਹਾ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਇਆ। ਸੇਵਾ ਕਰੇ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਜੁਗ ਚੌਕੜੀ ਕਰਦਾ ਰਿਹਾ ਕਲਿਆਣ, ਕਾਲ ਰੂਪ ਵਟਾਈਆ। ਜਿਸ ਨੂੰ ਕਹਿੰਦੇ ਰਹੇ ਭਗਵਾਨ, ਸੋ ਭਗਵਨ ਵੇਸ ਵਟਾਈਆ। ਜੋ ਦੇਂਦਾ ਰਿਹਾ ਪਰਵਾਨ, ਸਚ ਪਰਵਾਨਾ ਦਏ ਫੜਾਈਆ। ਜਿਸ ਅੰਦਰ ਸਰਬ ਗਿਆਨ, ਸਰਬ ਗਿਆਤਾ ਆਪ ਅਖਵਾਈਆ। ਸੋ ਸਾਹਿਬ ਦੇਵੇ ਦਾਨ, ਅਨਡਿਠੜੀ ਵਸਤ ਆਪ ਵਰਤਾਈਆ। ਜਿਸ ਨੂੰ ਕਹਿੰਦੇ ਗਏ ਕਾਹਨ, ਸੋ ਕਾਹਨ ਬੰਸਰੀ ਨਾਮ ਵਜਾਈਆ। ਜਿਸ ਦਾ ਰੱਖਦੇ ਗਏ ਧਿਆਨ, ਨੈਣ ਮੂੰਦ ਸੇਵ ਕਮਾਈਆ। ਸੋ ਪਰਗਟ ਹੋਇਆ ਆਣ, ਆਪ ਆਪਣਾ ਖੇਲ ਵਖਾਈਆ। ਖੇਲੇ ਖੇਲ ਦੋ ਜਹਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਸੇਵਕ ਸੇਵ ਕਮਾਈਆ। ਆਪੇ ਸੇਵਕ ਬਣਿਆ ਸੱਚਾ ਰਾਣਾ, ਰਾਜ ਭੂਪ ਅਖਵਾਇੰਦਾ। ਜਨ ਭਗਤ ਦੁਆਰੇ ਬਹਿ ਬਹਿ ਗਾਏ ਆਪਣਾ ਗਾਣਾ, ਆਪਣਾ ਰਾਗ ਅਲਾਇੰਦਾ। ਆਪੇ ਮੰਨੇ ਆਪਣਾ ਭਾਣਾ, ਸਿਰ ਭਾਣਾ ਆਪ ਰਖਾਇੰਦਾ। ਲੱਖ ਚੁਰਾਸੀ ਜੀਵ ਜੰਤ ਜੁਗ ਚੌਕੜੀ ਤਣਿਆ ਤਾਣਾ, ਤਾਣਾ ਪੇਟਾ ਆਪੇ ਪਾਇੰਦਾ। ਆਪੇ ਜਾਣੇ ਆਵਣ ਜਾਣਾ, ਆਵਣ ਜਾਵਣ ਆਪਣਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਚਲਾਇੰਦਾ। ਵਾਹ ਵਾ ਧਾਰ ਚਲੇ ਅਵੱਲੀ, ਅਵਲ ਅੱਲਾ ਆਪ ਚਲਾਈਆ। ਨਿਰਗੁਣ ਜੋਤ ਇਕ ਇਕੱਲੀ, ਅਕਲ ਕਲਾ ਅਖਵਾਈਆ। ਭਗਤ ਦੁਆਰੇ ਆ ਕੇ ਖਲੀ, ਏਕਾ ਆਸ ਤਕਾਈਆ। ਗੁਰਮੁਖ ਮੇਰਾ ਆਸਣ ਮੱਲੀਂ, ਮੇਰੀ ਸੁੰਜੀ ਸੇਜ ਦੇ ਸੁਹਾਈਆ। ਤੇਰੇ ਬਾਝੋਂ ਹੋਈ ਮੈਂ ਝੱਲੀ, ਮੇਰਾ ਪੱਲੂ ਫੜੇ ਨਾ ਕੋਇ ਸਚ ਗੁਸਾਈਂਆ। ਸਚਖੰਡ ਦੀ ਸਾਚੀ ਕਲੀ, ਲੋਕਮਾਤ ਤੇਰੇ ਦਰ ਮਹਿਕਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਤੇਰੇ ਪਿਆਰ ਅੰਦਰ ਪਲੀ, ਦੂਜੀ ਵਸਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਜਣਾਈਆ। ਵਾਹ ਵਾ ਰੰਗ ਰੰਗਾ ਕਰਤਾਰਾ, ਰੰਗ ਆਪਣਾ ਆਪ ਸਮਝਾਇੰਦਾ। ਜਿਸ ਨੂੰ ਲੱਭਦੇ ਗਏ ਗੁਰ ਅਵਤਾਰਾ, ਹੱਥ ਕਿਸੇ ਨਾ ਆਇੰਦਾ। ਜਿਸ ਦੇ ਦਰ ਬਣਦੇ ਰਹੇ ਭਿਖਾਰਾ, ਬਣ ਭਿਖਾਰੀ ਮੰਗ ਮੰਗਾਇੰਦਾ। ਜਿਸ ਅੱਗੇ ਕੱਢਦੇ ਗਏ ਹਾੜਾ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਸੇਵ ਕਮਾਇੰਦਾ। ਸੋ ਪੁਰਖ ਨਿਰੰਜਣ ਵਾਹ ਵਾ ਆਇਆ, ਵਹਿੰਦੀ ਧਾਰ ਖੇਲ ਖਲਾਈਆ। ਜਿਸ ਦਾ ਰੂਪ ਰੰਗ ਰੇਖ ਨਾ ਕੋਈ ਛਾਇਆ, ਨੇਤਰ ਨੈਣ ਨਜ਼ਰ ਨਾ ਆਈਆ। ਪੰਜ ਤੱਤ ਨਾ ਕੋਈ ਕਾਇਆ, ਭੂਤਕ ਰੂਪ ਨਾ ਕੋਇ ਵਟਾਈਆ। ਜਿਸ ਦਾ ਪਿਤਾ ਨਾ ਕੋਈ ਮਾਇਆ, ਨਾ ਕੋਈ ਗੋਦ ਸੁਹਾਈਆ। ਗੁਰ ਅਵਤਾਰਾਂ ਜਿਸ ਨੂੰ ਗਾਇਆ, ਸੋ ਚਲ ਕੇ ਆਇਆ ਸੱਚਾ ਮਾਹੀਆ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਬੇਪਰਵਾਹੀਆ। ਜਨ ਭਗਤਾਂ ਸੁਹਾਏ ਇਕ ਦੁਆਰਾ, ਦਰ ਦਰਵਾਜ਼ਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਦਿਵਸ ਰੈਣ ਰੈਣ ਰੈਣ ਨਾਲ ਮਿਲਾਈਆ। ਦਿਵਸ ਮੰਗੇ ਗੁਰਮੁਖ ਚਾ, ਗੁਰ ਗੁਰ ਵਡੀ ਵਡਿਆਈਆ। ਰਾਤ ਮੰਗਣ ਗੁਰ ਪੀਰ ਅਵਤਾਰ ਝੋਲੀ ਡਾਹ, ਦਿਸ ਕਿਸੇ ਨਾ ਆਈਆ। ਸ੍ਰਿਸ਼ਟੀ ਸੁਤਿਆਂ ਦੋ ਜਹਾਨਾਂ ਦਏ ਸਲਾਹ, ਆਲਸ ਨਿੰਦਰਾ ਨਾ ਕੋਇ ਰਖਾਈਆ। ਉਠੋ ਜਾ ਕੇ ਸੇਵਾ ਲਉ ਕਮਾ, ਸਾਚੀ ਸੇਵਾ ਇਕ ਸਮਝਾਈਆ। ਚਾਰ ਯੁਗ ਦਾ ਅੰਮ੍ਰਿਤ ਫਲ ਮੇਵਾ ਲੈਣਾ ਖਾ, ਅੰਮਿਉਂ ਰਸ ਇਕ ਚਖਾਈਆ। ਵਡ ਦੇਵੀ ਦੇਵਾ ਰੁੱਠਾ ਲੈਣਾ ਮਨਾ, ਦਰ ਅੱਗੇ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵ ਆਪ ਕਮਾਈਆ। ਸਾਚੀ ਸੇਵਾ ਕਰ ਮਨਜ਼ੂਰ, ਮੁਹੰਮਦ ਸੀਸ ਝੁਕਾਇੰਦਾ। ਮੇਰਾ ਕਰ ਮੁਆਫ ਕਸੂਰ, ਦੋਏ ਜੋੜ ਰਸਨ ਅਲਾਇੰਦਾ। ਕਰਾਂ ਮਜ਼ਦੂਰੀ ਬਣ ਮਜ਼ਦੂਰ, ਉਜਰਤ ਕੋਇ ਨਾ ਮੰਗ ਮੰਗਾਇੰਦਾ। ਤੂੰ ਸਾਹਿਬ ਰਹਿਣਾ ਹਾਜ਼ਰ ਹਜ਼ੂਰ, ਦਰ ਤੇਰਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਕਰ ਲੈ ਸੇਵਾ ਅੰਤਮ ਕਲ, ਸਦੀ ਚੌਧਵੀਂ ਗਈ ਬਿਤਾਈਆ । ਜਨ ਭਗਤਾਂ ਅੰਦਰ ਜਾਣਾ ਰਲ, ਤੇਰਾ ਲਹਿਣਾ ਦਏ ਮੁਕਾਈਆ। ਜਿਸ ਸ਼ਰੀਅਤ ਲਾਹੀ ਭਗਤਾਂ ਖੱਲ, ਸੋ ਅਸਲੀਅਤ ਦਏ ਸਜ਼ਾਈਆ। ਜੋ ਕਲਮਾ ਕਲਾਮ ਰਿਹਾ ਘੱਲ, ਸੋ ਕਲਮਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਮੁਹੰਮਦ ਵੇਖੇ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਚੌਦਾਂ ਸਦੀਆਂ ਜਗਤ ਹੁਲਾਰਾ, ਚੌਦਾਂ ਲੋਕ ਵਡਿਆਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਆਪ ਕਰਾਇੰਦਾ। ਜਨ ਭਗਤ ਬਣਾਏ ਇਕ ਦੁਆਰਾ, ਚਾਰ ਵਰਨ ਸੰਗ ਰਖਾਇੰਦਾ। ਦਿਵਸ ਚੌਦਵੇਂ ਮੁਹੰਮਦ ਮੰਗੇ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹਿੰਦਾ। ਕਰ ਕਿਰਪਾ ਮੇਰੇ ਪਰਵਰਦਿਗਾਰਾ, ਤੇਰਾ ਪਰਦਾ ਸੀਸ ਰਖਾਇੰਦਾ। ਸੇਵਾ ਕਰਾਂ ਵਿਚ ਸੰਸਾਰਾ, ਸਿਰ ਤੇਰਾ ਹੁਕਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਨ ਚੌਧਵੇਂ ਵੇਖ ਵਖਾਇੰਦਾ। ਚੌਧਵੇਂ ਦਿਨ ਚੌਦਾਂ ਲੋਕ, ਚੌਦਸ ਰੈਣ ਸੁਹਾਈਆ। ਪੁਰਖ ਅਬਿਨਾਸ਼ੀ ਸਚ ਸਲੋਕ, ਸੋਹਲਾ ਨਾਮ ਪੜ੍ਹਾਈਆ। ਭਗਤ ਦੁਆਰਾ ਸਤਿਜੁਗ ਕੋਟ, ਸਚਖੰਡ ਸਮਝਾਈਆ। ਗ੍ਰਹਿ ਲੱਗੇ ਸਾਚੀ ਚੋਟ, ਤਨ ਨਗਾਰ ਵਜਾਈਆ। ਪੁਰਖ ਅਗੰਮ ਦੇਵੇ ਓਟ, ਸਿਰ ਆਪਣਾ ਹੱਥ ਟਿਕਾਈਆ। ਘਰ ਨਿਰਮਲ ਜਗੇ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਜੁਗ ਚੌਕੜੀ ਓਤ ਪੋਤ, ਬੰਸ ਸਰਬੰਸ ਬਣਾਈਆ। ਬਿਨ ਭਗਤ ਕਿਸੇ ਉਤੇ ਨਾ ਹੋਏ ਮੋਹਤ, ਮਾਇਆ ਮਮਤਾ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਸਮਾਈਆ। ਤੇਰਾ ਰੰਗ ਮੇਰੇ ਮੀਆਂ, ਮੈਂ ਵੇਖਾਂ ਪਰਵਰਦਿਗਾਰਾ। ਤੂੰ ਆਪਣੀ ਧਾਰ ਰਖਾਈਆਂ ਨੀਹਾਂ, ਚਾਰ ਕੁੰਟ ਸਹਾਰਾ। ਤੇਰੇ ਦਰ ਲੇਖਾ ਮੁੱਕੇ ਸਾਢੇ ਤਿੰਨ ਹੱਥ ਸੀਆਂ, ਰਵਿਦਾਸ ਚੁਮਾਰ ਬਣੇ ਲਿਖਾਰਾ। ਤੇਰੇ ਮਿਲਣ ਦਾ ਇਕੋ ਹੀਆ, ਤੇਰੇ ਚਰਨ ਕਰਾਂ ਨਿਮਸਕਾਰਾ। ਸਰਬ ਜੀਆਂ ਦਾ ਇਕੋ ਜੀਆ, ਬਿਨ ਤੇਰੇ ਕੋਇ ਨਾ ਜੀਵਣ ਮੁਕਤ ਦੁਆਰਾ। ਚੌਦਾਂ ਲੋਕ ਜੋ ਬੀਜ ਬੀਆ, ਫੱਲ ਲੱਗੇ ਅੰਤਮ ਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਸਹਾਰਾ। ਸਹਾਰਾ ਦੇਵੇ ਦੱਸ, ਧੁਰ ਫ਼ਰਮਾਣ ਜਣਾਈਆ। ਚੌਧਵੀਂ ਰਾਤ ਜਾਣਾ ਨੱਠ, ਲੋਕਮਾਤ ਫੇਰਾ ਪਾਈਆ। ਪਾਰਬ੍ਰਹਮ ਦਾ ਵੇਖਣਾ ਹੱਟ, ਲੋਕਮਾਤ ਖੁਲ੍ਹਾਈਆ। ਨਾਤਾ ਤੋੜ ਤੀਰਥ ਤੱਟ, ਮੰਦਰ ਮਸਜਿਦ ਡੇਰਾ ਢਾਹੀਆ। ਨਿਰਗੁਣ ਨੂਰ ਕਰ ਪਰਗਟ, ਨੂਰ ਨੁਰਾਨਾ ਡਗਮਗਾਈਆ। ਕਰੇ ਖੇਲ ਬਿਨ ਨਾੜੀ ਰੱਤ, ਰੱਤੀ ਰੱਤ ਨਾ ਕੋਇ ਵਖਾਈਆ। ਕਰੇ ਗਿਆਨ ਬਿਨ ਬੁਧ ਮਤ, ਮਨ ਵਾਸਨਾ ਨਾ ਕੋਇ ਸਮਝਾਈਆ। ਸਗਲ ਵਸੂਰੇ ਜਾਇਣ ਲੱਥ, ਬਿਛਰਤ ਲਏ ਮਿਲਾਈਆ। ਪੂਰੀ ਕਰੇ ਆਸ, ਪੂਰਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਧਵੀਂ ਸਦੀ ਵੇਖ ਵਖਾਈਆ। ਸਦੀ ਚੌਧਵੀਂ ਖੇਲ ਅਵੱਲਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਸਚ ਦੁਆਰੇ ਸੋਭਾ ਪਾਇੰਦਾ। ਲੇਖਾ ਜਾਣੇ ਨਿਹਚਲ ਧਾਮ ਅਟੱਲਾ, ਅਟੱਲ ਆਪਣਾ ਰੂਪ ਪਰਗਟਾਇੰਦਾ। ਕਲਜੁਗ ਅੰਤਮ ਲੋਕਮਾਤ ਹੋਇਆ ਝੱਲਾ, ਬਣ ਝੱਲਾ ਝਲਕ ਵਖਾਇੰਦਾ। ਚਾਰ ਯੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਜਿਸ ਦੀਆਂ ਕਰਦੀਆਂ ਰਹੀਆਂ ਗੱਲਾਂ, ਸੋ ਆਪਣਾ ਹਾਲ ਸੁਣਾਇੰਦਾ। ਵੇਲਾ ਮਿਲਣ ਦਾ ਕਰ ਲਓ ਹੱਲਾ, ਹਲਕਾ ਸਭ ਦਾ ਭਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਸਮਝਾਇੰਦਾ। ਸੇਵਾ ਕਰੇ ਆ ਦੁਆਰ, ਦੂਰ ਦੁਰਾਡਾ ਪੰਧ ਮੁਕਾਈਆ। ਰਾਤੀਂ ਸੁਤਿਆਂ ਕੱਢੇ ਵਗਾਰ, ਵਗਾਰੀ ਆਪਣਾ ਫੇਰਾ ਪਾਈਆ। ਬਿਨ ਪੁਛਿਆਂ ਦੇਵੇ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਬਿਨ ਮੰਗਿਆਂ ਕਰੇ ਪਿਆਰ, ਪ੍ਰੇਮ ਪਿਆਰ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਈਆ। ਆਪਣਾ ਬਲ ਆਪੇ ਧਰ, ਧਰਨੀ ਧਰਤ ਧਵਲ ਵਡਿਆਇਆ। ਨਿਰਗੁਣ ਹੋ ਕੇ ਸਰਗੁਣ ਅੰਦਰ ਵੜ, ਜਨ ਭਗਤਾਂ ਰਿਹਾ ਜਗਾਇਆ। ਆਪਣੀ ਵਿਦਿਆ ਆਪੇ ਪੜ੍ਹ, ਗੁਰਮੁਖ ਸਾਚੇ ਰਿਹਾ ਪੜ੍ਹਾਇਆ। ਆਪਣੀ ਅਗਨੀ ਆਪੇ ਸੜ, ਗੁਰਸਿਖ ਸੱਜਣ ਰਿਹਾ ਬਚਾਇਆ। ਆਪਣਾ ਭਾਣਾ ਆਪੇ ਜਰ, ਹਰਿਜਨ ਆਪਣੀ ਗੋਦ ਸੁਹਾਇਆ। ਆਪਣੇ ਦੁਆਰੇ ਆਪੇ ਖੜ, ਆਪ ਆਪਣਾ ਰੂਪ ਵਟਾਇਆ। ਸੰਤ ਸੁਹੇਲੇ ਲੋਕਮਾਤ ਫੜ, ਫੜ ਪੱਲੂ ਗੰਢ ਬੰਨ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਇਆ। ਸਾਚੀ ਸੇਵ ਕਰੇ ਕਰਤਾਰ, ਨਜ਼ਰ ਕਿਸੇ ਨਾ ਆਈਆ। ਪੰਜ ਤੱਤ ਲੇਖਾ ਰਹੇ ਅੰਦਰ ਚਾਰ ਦੀਵਾਰ, ਤਨ ਮਾਟੀ ਨਾਲ ਮਿਲਾਈਆ। ਅੰਤਰ ਅੰਤਰ ਕਰੇ ਵਿਹਾਰ, ਬਣ ਬਿਵਹਾਰੀ ਸੇਵ ਕਮਾਈਆ। ਯਾਰਾਂ ਨਾਲ ਬਣਿਆ ਯਾਰ, ਸੱਥਰ ਯਾਰੜਾ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਖੇਲੇ ਖੇਲ ਅਪਰ ਅਪਾਰਾ, ਅਪਰੰਪਰ ਧਾਰ ਚਲਾਇੰਦਾ। ਗੋਬਿੰਦ ਉਠਾਇਆ ਸੁਤ ਦੁਲਾਰਾ, ਸਾਚਾ ਸੰਗ ਨਿਭਾਇੰਦਾ। ਜਨ ਭਗਤਾਂ ਨਾਲ ਕਰੇ ਪਿਆਰਾ, ਆਪ ਆਪਣਾ ਬੰਧਨ ਪਾਇੰਦਾ। ਆਪੇ ਚੁੱਕੇ ਇੱਟਾਂ ਗਾਰਾ, ਗੁਰਸਿੱਖ ਅੰਦਰ ਵੜ ਵੜ ਸੇਵ ਕਮਾਇੰਦਾ। ਜੋ ਗੁਰਸਿਖ ਆਏ ਚਲ ਦੁਆਰਾ, ਤਿਸ ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸੇਵਾ ਕਰੇ ਹਰਿ ਜੂ ਹਰਿ, ਦਿਸ ਕਿਸੇ ਨਾ ਆਈਆ। ਗੁਰਸਿਖਾਂ ਅੰਦਰ ਬੈਠਾ ਵੜ, ਦਿਵਸ ਰੈਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵ ਆਪ ਸਮਝਾਈਆ। ਗੁਰਸਿਖ ਸੇਵਾ ਕਰੇ ਦੁਆਰ, ਹਰਿ ਜੂ ਅੰਤਰ ਆਸਣ ਲਾਇਆ। ਜੇ ਕੋਈ ਕਹੀਆਂ ਦੇਵੇ ਮਾਰ, ਪੁਰਖ ਅਬਿਨਾਸ਼ੀ ਬਲ ਧਰਾਇਆ। ਜੇ ਕੋਈ ਤਗਾਰੀ ਚੁੱਕੇ ਸੀਸ ਬੰਨ੍ਹ ਦਸਤਾਰ, ਸਿਰ ਉਪਰ ਆਪਣਾ ਹੱਥ ਟਿਕਾਇਆ। ਜੇ ਕੋਈ ਪੌੜੀ ਡੰਡਾ ਚੜ੍ਹੇ ਵਾਰੋ ਵਾਰ, ਆਪਣਾ ਡੰਡਾ ਦਏ ਫੜਾਇਆ। ਜੇ ਕੋਈ ਕਾਂਡੀ ਤੇਸੀ ਦਏ ਮਾਰ, ਤਿਸ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਅੰਦਰ ਵੜ ਵੜ ਸੇਵ ਕਮਾਇਆ। ਅੰਦਰ ਵੜ ਹਰਿ ਰਘੁਨਾਥ, ਆਪਣੀ ਦਇਆ ਕਮਾਈਆ। ਬਿਨ ਡਿਠਿਆਂ ਦੇਵੇ ਸਾਥ, ਸਾਚਾ ਸੰਗ ਨਿਭਾਈਆ। ਲਹਿਣਾ ਚੁੱਕੇ ਹਾਥੋ ਹਾਥ, ਹੱਥੋ ਹੱਥੀ ਦਏ ਚੁਕਾਈਆ। ਜਿਹਨੂੰ ਪੁੱਛੋ ਸੋਈ ਕਹੇ ਵਸੇ ਮੇਰੇ ਪਾਸ, ਰਾਤੀਂ ਸੁਤਿਆਂ ਮੇਰੇ ਕੋਲ ਫੇਰਾ ਪਾਈਆ। ਪੁਰਖ ਅਬਿਨਾਸ਼ੀ ਕਹੇ ਮੇਰਾ ਸੱਚਾ ਭੋਗ ਬਿਲਾਸ, ਗੁਰਮੁਖ ਆਤਮ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵ ਕਮਾਈਆ। ਜੇ ਕੋਈ ਫੜੇ ਤੇਸਾ ਆਰੀ ਰੰਦਾ, ਏਕਾ ਰੰਦਾ ਹੱਥ ਰਖਾਈਆ। ਗੁਰਸਿਖ ਬਣਾਏ ਆਪਣਾ ਬੰਦਾ, ਬੰਦੀਖ਼ਾਨਾ ਤੋੜ ਤੁੜਾਈਆ। ਦਰ ਦੁਆਰੇ ਕੋਈ ਨਾ ਰਹੇ ਗੰਦਾ, ਗੰਦੀ ਵਾਸ਼ਨਾ ਦਏ ਮਿਟਾਈਆ। ਹਰਿ ਭਗਤ ਚੜ੍ਹੇ ਸਾਚਾ ਚੰਦਾ, ਚੰਦ ਚਾਂਦਨੀ ਮੁਖ ਸ਼ਰਮਾਈਆ। ਕਰੇ ਪਰਕਾਸ਼ ਵਿਚ ਬ੍ਰਹਿਮੰਡਾ, ਵਰਭੰਡ ਮਿਲੇ ਵਡਿਆਈਆ। ਕਰੇ ਖੇਲ ਸੂਰਾ ਸਰਬੰਗਾ, ਸੂਰਬੀਰ ਸ਼ਹਿਨਸ਼ਾਹੀਆ। ਜਿਸ ਦੁਆਰੇ ਨਿਸ਼ਾਨ ਝੁੱਲੇ ਸੱਤ ਰੰਗਾ, ਤਿਸ ਸਤਿ ਪੁਰਖ ਨਿਰੰਜਣ ਲਏ ਮਿਲਾਈਆ। ਗੁਰਮੁਖ ਗਾਓ ਸਦਾ ਸੁਹਾਗੀ ਛੰਦਾ, ਪ੍ਰਭ ਮਿਲਿਆ ਇਕੋ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਵਖਾਈਆ। ਜੇ ਕੋਈ ਫੜੇ ਤੇਸੀ ਸੱਥਰ, ਸੱਥਰਾ ਹੱਥ ਉਠਾਇਆ। ਕਰ ਕਿਰਪਾ ਮੇਲੇ ਮਨ ਪੱਥਰ, ਮਨ ਕਾ ਮਣਕਾ ਆਪ ਭੁਵਾਇਆ। ਗੁਰਸਿਖ ਤੇਰੀ ਸੇਵਾ ਵੇਖ ਪੁਰਖ ਅਬਿਨਾਸ਼ੀ ਆਪਣੇ ਨੀਰ ਵਹਾਵੇ ਅੱਥਰ, ਨੈਣ ਨੈਣ ਨੈਣ ਭਰਾਇਆ। ਜਿਸ ਵਿਛਾਇਆ ਯਾਰੜਾ ਸੱਥਰ, ਸੋ ਬਣ ਬਣ ਯਾਰ ਸੇਵ ਕਮਾਇਆ। ਭਗਤ ਦੁਆਰਾ ਨਾ ਹੋਏ ਭੱਠੜ, ਭੱਠ ਖੇੜਾ ਨਾ ਕੋਇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਨਾਲ ਮਿਲਾਇਆ। ਹਰਿਜਨ ਸਾਚੇ ਗਏ ਮਿਲ, ਮਿਲਿਆ ਏਕੰਕਾਰ। ਚੌਦਾਂ ਲੋਕ ਗਏ ਹਿਲ, ਚੌਦਾਂ ਤਬਕ ਹੋਏ ਖ਼ਬਰਦਾਰ। ਕਵਣ ਦਰ ਪ੍ਰਭ ਲਾਏ ਸਿਲ, ਭਗਤ ਦੁਆਰਾ ਕਰ ਤਿਆਰ। ਜਿਸ ਨੂੰ ਕਹਿੰਦੇ ਬਸਨ ਬਨਵਾਰੀ ਕਪੜੇ ਪਹਿਰੇ ਨੀਲ, ਰੂਪ ਅਨੂਪ ਆਪ ਧਰਾਇਆ । ਤਿਸ ਅੱਗੇ ਕਰੋ ਅਪੀਲ, ਜੇ ਦੇਵੇ ਦਇਆ ਕਮਾਇਆ। ਵਡ ਖ਼ਾਲਕ ਖ਼ਲਕ ਖ਼ਲੀਲ, ਬੇਖ਼ਬਰ ਲਏ ਜਗਾਇਆ। ਜੋਧਾ ਸੂਰਬੀਰ ਛੈਲ ਛਬੀਲ, ਛਹਿਬਰ ਆਪਣੇ ਨੂਰ ਦਰਸਾਇਆ। ਲੋਕਮਾਤ ਬਣਾਏ ਸਚ ਫ਼ਸੀਲ, ਭਗਤ ਦੁਆਰਾ ਨਾਉਂ ਰਖਾਇਆ। ਚਾਰ ਯੁਗ ਦੀ ਕੱਠੀ ਕਰੇ ਦਲੀਲ, ਗੁਰ ਅਵਤਾਰ ਜੋ ਗਏ ਸੁਣਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਵਡਿਆਇਆ। ਚਾਰ ਯੁਗ ਦੀ ਦਲੀਲ ਕਰੇ ਇਕੱਠੀ, ਆਪਣੀ ਦਇਆ ਕਮਾਈਆ। ਲੁਕਿਆ ਰਹੇ ਨਾ ਕੋਇ ਜਪੀ ਤਪੀ ਹਠੀ, ਸਤੀਆਂ ਸਤਿ ਵੇਖ ਵਖਾਈਆ। ਕਰੇ ਖੇਲ ਕਮਲਾਪਤੀ, ਕਵਲ ਨੈਣ ਨੈਣ ਮਟਕਾਈਆ। ਜੁਗਾ ਜੁਗੰਤਰ ਦੇ ਦੇ ਮਤੀ, ਗੁਰ ਸ਼ਬਦ ਗਿਆਨ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਈਆ। ਸਾਚਾ ਖੇਲ ਗੋਬਿੰਦ ਧਾਰ, ਨਿਰਗੁਣ ਸਰਗੁਣ ਆਪ ਸਮਝਾਇਆ। ਚੌਦਾਂ ਲੋਕ ਕਰਨ ਵਿਚਾਰ, ਚੌਦਾਂ ਤਬਕ ਕਰੇ ਸਲਾਹਿਆ। ਸਦੀ ਚੌਧਵੀਂ ਹੋਇਆ ਖ਼ਬਰਦਾਰ, ਬੇਐਬ ਨਾਮ ਖ਼ੁਦਾਇਆ। ਰਸੂਲ ਕਬੂਲ ਕਰੇ ਜੋ ਵਿਚ ਸੰਸਾਰ, ਸਚ ਸਬੂਤ ਦਏ ਵਖਾਇਆ। ਸੋ ਕਾਤਲ ਮਕਤੂਲ ਬਣੇ ਨਿਰੰਕਾਰ, ਏਕਾ ਖੰਡਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇਆ। ਕਾਰ ਕਮਾਏ ਕਰਤਾ ਪੁਰਖ, ਕੁਦਰਤ ਕਾਦਰ ਵਡ ਵਡਿਆਈਆ। ਕਿਸੇ ਨਾ ਆਵੇ ਸਾਚੀ ਸੁਰਤ, ਅੰਦਰ ਵੜ ਵੜ ਰਹੇ ਸੁਰਤ ਚੜ੍ਹਾਈਆ। ਕੋਈ ਨਾ ਵੇਖੇ ਅਕਾਲ ਮੂਰਤ, ਮੂਰਤ ਅਕਾਲ ਨਾ ਕੋਇ ਰੁਸ਼ਨਾਈਆ। ਕੋਇ ਨਾ ਜਾਣੇ ਨਾਦ ਤੂਰਤ, ਤੁਰੀਆ ਰਾਗ ਨਾ ਕੋਇ ਸੁਣਾਈਆ। ਕੋਇ ਨਾ ਜਾਣੇ ਸਾਚੀ ਸੂਰਤ, ਸੂਰਤ ਰੱਬ ਨਾ ਕਿਸੇ ਵਖਾਈਆ। ਕਲਜੁਗ ਨਾਤਾ ਕੂੜੋ ਕੂੜਤ, ਕੂੜੀ ਕਿਰਿਆ ਬੰਧਨ ਪਾਈਆ। ਜੀਵ ਜੰਤ ਹੋਏ ਮੂਰਖ, ਮੂੜ੍ਹ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਇਕ ਸਾਲਾਹੀਆ। ਮੂਰਖ ਮੁਗਧ ਹੋਇਆ ਸੰਸਾਰ, ਹਰਿ ਜੂ ਭਾਣਾ ਆਪ ਵਰਤਾਇਆ। ਪੜ੍ਹ ਪੜ੍ਹ ਪਾਵੇ ਨਾ ਕੋਇ ਸਾਰ, ਅੰਦਰ ਵੜ ਵੜ ਕੋਲ ਨਾ ਕਿਸੇ ਬਹਾਇਆ। ਚੋਟੀ ਚੜ੍ਹ ਚੜ੍ਹ ਗਏ ਹਾਰ, ਹਰਿ ਕਾ ਪੰਧ ਨਾ ਕਿਸੇ ਮੁਕਾਇਆ। ਨੇਤਰ ਮੀਟ ਮੀਟ ਕਰਨ ਪੁਕਾਰ, ਸੁਣੇ ਪੁਕਾਰ ਨਾ ਹਰਿ ਰਘੁਰਾਇਆ। ਸੁਰਤੀ ਸ਼ਬਦ ਕਰਨ ਵਿਚਾਰ, ਸ਼ਬਦ ਸੁਰਤ ਨਾ ਕੋਇ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਇਆ। ਖੇਲ ਵਰਤਾਇਆ ਅਲੱਖ, ਅਗੰਮ ਅਗੰਮੜੀ ਕਾਰ ਕਮਾਈਆ। ਜਿਸ ਦਾ ਭਾਣਾ ਗਏ ਮੰਨ, ਸੋ ਭਾਣੇ ਰਿਹਾ ਸਮਾਈਆ। ਜਿਸ ਸੇਵਾ ਲਾਏ ਸੂਰਜ ਚੰਨ, ਕੋਹ ਕਰੋੜੀ ਚਲਤ ਫਿਰਾਈਆ। ਜੋ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਗੁਰ ਅਵਤਾਰ ਭਾਂਡਾ ਦੇਵੇ ਭੰਨ, ਪੰਜ ਤੱਤ ਰਹਿਣ ਕੋਇ ਨਾ ਪਾਈਆ। ਸੋ ਖੇਲ ਕਰੇ ਸ੍ਰੀ ਭਗਵਨ, ਭਗਵਨ ਸੇਵਾ ਆਪ ਕਮਾਈਆ। ਕਬੀਰ ਜੁਲਾਹੇ ਦਿਤਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਵੇਲੇ ਅੰਤ ਕਰੇ ਪਛਾਣ, ਪਛੋਤਾਵਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਈਆ। ਆਪਣਾ ਵੇਸ ਆਪੇ ਰੱਖ, ਰੱਖ ਰੱਖ ਖ਼ੁਸ਼ੀ ਮਨਾਇੰਦਾ। ਆਪਣੇ ਮੰਦਰ ਹੋ ਪਰਤੱਖ, ਆਪਣੇ ਘਰ ਸੋਭਾ ਪਾਇੰਦਾ। ਆਪਣੀ ਬੋਲ ਇਕ ਅਲੱਖ, ਅਲੱਖ ਅਗੋਚਰ ਨਾਅਰਾ ਲਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਬਣ ਬਣ ਪਾਂਧੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਵਖਾਇੰਦਾ। ਸਮਰਥ ਧਾਰ ਵੇਖ ਮੌਲਾ, ਆਪਣੀ ਆਪ ਜਣਾਈਆ। ਜਿਸ ਦਾ ਨੂਰ ਅਵਲ ਅੱਲਾ, ਸੋ ਇਲਾਹੀ ਨੂਰ ਪਰਗਟਾਈਆ। ਸਚ ਸਿੰਘਾਸਣ ਇਕੋ ਮੱਲਾ, ਇਕੋ ਨੂਰ ਖ਼ੁਦਾਈਆ। ਨਿਹਚਲ ਧਾਮ ਉਚ ਅਟੱਲਾ, ਏਕਾ ਬੰਕ ਵਡਿਆਈਆ। ਬਿਸਮਲ ਹੋ ਕੇ ਬਿਸਮਲ ਰਲਾ, ਵਿਸ਼ਵ ਰਿਹਾ ਸਮਾਈਆ। ਹੱਕ ਹਕ਼ੀਕ਼ਤ ਵੇਖੇ ਇਕ ਇਕੱਲਾ, ਬੇਅਕਲ ਵਡ ਵਡਿਆਈਆ। ਪਾਵੇ ਸਾਰ ਜਲਾਂ ਥਲਾਂ, ਡੂੰਘੇ ਸਾਗਰ ਫੋਲ ਫੁਲਾਈਆ। ਚੌਦਾਂ ਲੋਕ ਪਏ ਤਰਥੱਲਾ, ਥਿਰ ਥਿਰ ਕੰਬੇ ਸਰਬ ਲੋਕਾਈਆ। ਸਚ ਸੰਦੇਸ਼ ਇਕੋ ਘੱਲਾ, ਨਰ ਨਰੇਸ਼ ਸੁਣਾਈਆ। ਵੱਡ ਅਮਾਮ ਪਕੜੋ ਪੱਲਾ, ਈਮਾਨ ਦਏ ਬਚਾਈਆ। ਪੀਰ ਪੈਗ਼ੰਬਰ ਜਿਸ ਦਾ ਕੱਟਦਾ ਰਹੇ ਛਿਲਾ, ਸਜਦਾ ਸੀਸ ਝੁਕਾਈਆ। ਜਿਸ ਨੂੰ ਗੌਂਦੇ ਰਹੇ ਇਲ ਲਿਲਾ, ਇਲਮ ਆਲਮ ਵਿਚ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਸੂਲ ਰਿਹਾ ਸਮਝਾਈਆ। ਸਚ ਰਸੂਲ ਸਾਚਾ ਨਾਅਰਾ, ਹੱਕ ਹੱਕ ਲਗਾਇਆ। ਚੌਦਾਂ ਚੌਦਾਂ ਵੇਖ ਕਿਨਾਰਾ, ਚੌਦਾਂ ਨੀਰ ਵਹਾਇਆ। ਦਾਮਨਗੀਰ ਬੇਐਬ ਪਰਵਰਦਿਗਾਰਾ, ਪੱਲੂ ਰਿਹਾ ਫੜਾਇਆ। ਕਰੇ ਖੇਲ ਗੁਪਤ ਜ਼ਾਹਰਾ, ਜ਼ਹੂਰ ਸ਼ਊਰ ਨਾ ਕੋਇ ਜਣਾਇਆ। ਏਕਾ ਦੇਵੇ ਸਚ ਸਹਾਰਾ, ਜਨ ਭਗਤਾਂ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇਆ। ਹਰਿ ਜੂ ਭੇਵ ਚੁਕਾਇੰਦਾ, ਚੁੱਕ ਚੁੱਕ ਪਰਦਾ ਲਾਹ। ਆਪਣਾ ਨੂਰ ਵਖਾਇੰਦਾ, ਨੂਰ ਨੂਰ ਪਰਗਟਾ। ਆਪਣਾ ਘਰ ਵਸਾਇੰਦਾ, ਦਰ ਘਰ ਸਾਚਾ ਆਪ ਸੁਹਾ। ਆਪਣਾ ਤਖ਼ਤ ਵਡਿਆਇੰਦਾ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹ। ਆਪਣਾ ਹੁਕਮ ਚਲਾਇੰਦਾ, ਹੁਕਮੀ ਹੁਕਮ ਜਣਾ। ਗੁਰ ਅਵਤਾਰ ਸੇਵਾ ਲਾਇੰਦਾ, ਪੀਰ ਪੈਗ਼ੰਬਰ ਦਏ ਸਲਾਹ। ਜਗਤ ਅਡੰਬਰ ਵੇਖ ਵਖਾਇੰਦਾ, ਰੂਪ ਅਨੂਪ ਧਰਾ। ਪੀਤ ਪੈਤੰਬਰ ਆਪ ਸੁਹਾਇੰਦਾ, ਸੀਸ ਜਗਦੀਸ਼ ਤਾਜ ਟਿਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇੰਦਾ। ਆਪਣਾ ਆਪ ਹਰਿ ਜੂ ਵੇਖ, ਘਰ ਸਾਚੇ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਭਗਤਾਂ ਲਿਖਾ ਲੇਖ, ਦੂਸਰ ਹੱਥ ਨਾ ਕੋਇ ਵਡਿਆਈਆ । ਨਾਲ ਰਲਾਏ ਦਸ ਦਸਮੇਸ਼, ਦਹਿ ਦਿਸ਼ਾ ਫੇਰਾ ਪਾਈਆ। ਹਰਿ ਜੂ ਰਹੇ ਸਦਾ ਹਮੇਸ਼, ਨਾ ਮਰੇ ਨਾ ਜਾਈਆ। ਆਦਿ ਜੁਗਾਦਿ ਕਰੇ ਆਪਣਾ ਵੇਸ, ਵੇਸ ਅਵੱਲੜਾ ਆਪ ਰਖਾਈਆ। ਕਲਜੁਗ ਅੰਤਮ ਭਾਗ ਲੱਗਾ ਮਾਝੇ ਦੇਸ, ਭਗਤ ਦੁਆਰੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਮਾਣ ਵਡਿਆਈਆ। ਭਗਤ ਦੁਆਰਾ ਖੁਲ੍ਹਣਾ, ਖੋਲ੍ਹੇ ਗ਼ਰੀਬ ਨਿਵਾਜ਼। ਗੁਰਮੁਖ ਸਾਚੇ ਤੋਲ ਤੁਲਣਾ, ਤੋਲਣਹਾਰੇ ਰਚਿਆ ਕਾਜ। ਹਰਿ ਸੰਗਤ ਪਾਵੇ ਮੁਲਣਾ, ਆਪ ਆਪਣਾ ਸਾਜਣ ਸਾਜ। ਹਰਿ ਕਾ ਨਾਉਂ ਕਦੇ ਨਾ ਭੁੱਲਣਾ, ਦੋ ਜਹਾਨਾਂ ਦੇਵੇ ਰਾਜ। ਲੋਕਮਾਤ ਨਾ ਰੁਲਣਾ, ਕਿਸੇ ਕੰਮ ਨਾ ਔਣਾ ਝੂਠਾ ਕਾਜ। ਭਗਤ ਦੁਆਰਾ ਫਲਣਾ ਫੁਲਣਾ, ਭਾਗ ਲਗਾਏ ਦੇਸ ਮਾਝ। ਛਤਰ ਸੀਸ ਜਗਦੀਸ਼ ਝੁਲਣਾ, ਹਰਿਜਨ ਰੱਖੇ ਲਾਜ। ਭਾਗ ਲੱਗੇ ਸਾਚੀ ਕੁਲਣਾ, ਜਿਸ ਸਤਿਗੁਰ ਸੁਣੀ ਸਾਚੀ ਵਾਜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਦਾਜ। ਹਰਿਜਨ ਦਾਜ ਵਸਤ ਅਨਮੁਲ, ਅਮੋਲਕ ਝੋਲੀ ਪਾਈਆ। ਪ੍ਰੇਮ ਸੁਗੰਧੀ ਸਾਚਾ ਫੁੱਲ, ਨਾਮ ਵਾਸ਼ਨਾ ਨਾਲ ਭਰਾਈਆ। ਸਤਿ ਸੰਤੋਖ ਨਾ ਜਾਵੇ ਡੁਲ, ਧੀਰਜ ਧੀਰ ਨਾ ਕੋਇ ਚੁਰਾਈਆ। ਉਜੜਿਆ ਘਰ ਜਾਏ ਵਸ ਦੁਆਰਾ ਜਾਏ ਖੁਲ੍ਹ, ਪੁਰਖ ਅਬਿਨਾਸ਼ੀ ਆਪ ਖੁਲ੍ਹਾਈਆ। ਗੋਬਿੰਦ ਬੂਟਾ ਜੋ ਗਿਆ ਹੁਲ, ਹਰਿਆ ਸਿੰਚ ਫੇਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਆਪ ਖੁਲ੍ਹਾਈਆ। ਭਗਤ ਦੁਆਰਾ ਖੋਲ੍ਹ ਖੋਲ੍ਹੇ ਖ਼ੁਲਾਸਾ, ਆਪਣਾ ਭੇਵ ਚੁਕਾਇਆ। ਨਿਰਗੁਣ ਸਰਗੁਣ ਵੇਖੇ ਤਮਾਸ਼ਾ, ਬਣ ਨਟੂਆ ਨਾਚ ਨਚਾਇਆ। ਹਰਿਜਨ ਪੂਰੀ ਕਰੇ ਆਸਾ, ਦੇ ਦਰਸ ਤ੍ਰਿਪਤ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਤਾਰਨਹਾਰਾ ਹਰਿਜਨ ਇਕੋ, ਆਦਿ ਜੁਗਾਦਿ ਸਮਾਇਆ। ਸਾਚੀ ਸਿਖਿਆ ਗੁਰਮੁਖ ਸਿਖੋ, ਗੁਰ ਸਤਿਗੁਰ ਆਪ ਸਮਝਾਇਆ। ਪਾਰਬ੍ਰਹਮ ਪ੍ਰਭ ਨੇਤਰ ਪੇਖੋ, ਜਿਸ ਡਿਠਿਆਂ ਦੁੱਖ ਰਹੇ ਨਾ ਰਾਇਆ। ਨਿਰਾਕਾਰ ਨਿਰਵੈਰ ਧਰਿਆ ਭੇਖੋ, ਭੇਖਾਧਾਰੀ ਰੂਪ ਵਟਾਇਆ। ਜੱਟ ਬਣ ਬਣ ਫਿਰੇ ਵਿਚ ਖੇਤੋ, ਜਗਤ ਖੇਤੀ ਵੇਖ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇਆ। ਸਾਚੀ ਸਿਖਿਆ ਕਰੋ ਵਿਚਾਰ, ਗੁਰਸਿਖ ਸਿਖ ਸਮਝਾਈਆ। ਪਿਛਲਾ ਲੇਖਾ ਦੇਵੇ ਪਾੜ, ਜੋ ਚਲ ਆਏ ਸਰਨਾਈਆ। ਅੱਗੋਂ ਮਿਲੇ ਗੋਬਿੰਦ ਯਾਰ, ਪ੍ਰੇਮ ਪਿਆਰ ਨਿਭਾਈਆ। ਪੁਰਖ ਅਬਿਨਾਸ਼ੀ ਆਪਣੀ ਗੋਦ ਲਏ ਉਠਾਲ, ਸਾਚੀ ਸੇਵ ਕਮਾਈਆ। ਆਪ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਰੂਪ ਧਰਾਈਆ। ਗੁਰਸਿਖ ਨੇੜ ਨਾ ਆਏ ਕਾਲ, ਜੋ ਢਹਿ ਪਿਆ ਸਰਨਾਈਆ। ਭਗਤ ਦੁਆਰਾ ਬਣੇ ਸੱਚੀ ਧਰਮਸਾਲ, ਚਾਰ ਵਰਨ ਸੀਸ ਝੁਕਾਈਆ। ਜਿਸ ਅੰਦਰ ਬਹੇ ਦੀਨ ਦਿਆਲ, ਸਚ ਸਿੰਘਾਸਣ ਸੋਭਾ ਪਾਈਆ। ਨਾਲ ਰਲਾਏ ਗੁਰਮੁਖ ਸਾਚੇ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਲੱਖ ਚੁਰਾਸੀ ਵਿਚੋਂ ਭਾਲ, ਭਲ ਦੇਵੇ ਨਾਮ ਵਡਿਆਈਆ। ਸਾਚਾ ਮਾਰਗ ਦਿਤਾ ਵਖਾਲ, ਬਣ ਪਾਂਧੀ ਭੁੱਲ ਨਾ ਜਾਈਆ। ਗੁਰਸਿਖ ਘਾਲਣ ਲੈਣੀ ਘਾਲ, ਘਾਲੀ ਘਾਲ ਨਾ ਬਿਰਥਾ ਜਾਈਆ। ਸਾਹਿਬ ਸਤਿਗੁਰ ਵਸੇ ਨਾਲ ਨਾਲ, ਦਿਵਸ ਰੈਣ ਵੇਖ ਵਖਾਈਆ। ਆਪੇ ਚਲੇ ਆਪਣੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਆਓ ਲੁਟੋ ਸੱਚਾ ਧੰਨ ਮਾਲ, ਪੁਰਖ ਅਬਿਨਾਸ਼ੀ ਰਿਹਾ ਲੁਟਾਈਆ। ਸੱਚੇ ਸ਼ਾਹ ਬਣੋ ਕੰਗਾਲ, ਘਰ ਸਾਚੀ ਵਸਤ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਰਿਹਾ ਵਰਤਾਈਆ। ਗੁਰਸਿਖ ਅੱਗੋਂ ਕਰੇ ਸਵਾਲ, ਕੀ ਕੁੱਛ ਰਿਹਾ ਵਰਤਾਈਆ। ਅਸੀਂ ਭੁੱਖੇ ਨੰਗੇ ਬੁਰਾ ਹਾਲ, ਲੋਕਮਾਤ ਰਹੇ ਕੁਰਲਾਈਆ। ਖਾਣ ਨੂੰ ਲੱਭੇ ਰੋਟੀ ਦਾਲ, ਦੂਸਰ ਵਸਤ ਨਾ ਕੋਇ ਥਿਆਈਆ। ਚਾਰੋਂ ਕੁੰਟ ਜਗਤ ਜੰਜਾਲ, ਦਿਵਸ ਰੈਣ ਲੜਾਈਆ। ਮਾਇਆ ਮਮਤਾ ਕੀਤਾ ਬੇਹਾਲ, ਸੁਰਤੀ ਸੁਰਤ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵਸਤ ਰਿਹਾ ਵਰਤਾਈਆ। ਕਵਣ ਵਸਤ ਤੇਰੇ ਕੋਲ, ਗੁਰਮੁਖ ਪੁੱਛ ਪੁਛਾਇੰਦਾ। ਕਵਣ ਦੁਆਰਾ ਦੇਵੇਂ ਖੋਲ੍ਹ, ਆਪਣਾ ਘਰ ਵਖਾਇੰਦਾ। ਕਵਣ ਰੂਪ ਜਾਏਂ ਮੌਲ, ਮੌਲਾ ਨਾਮ ਪਰਗਟਾਇੰਦਾ। ਕਵਣ ਵੇਲਾ ਪੂਰਾ ਕਰੇਂ ਕੌਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਸੁਣਾਇੰਦਾ। ਸਾਚੀ ਵਸਤ ਅਗੰਮੀ ਦਾਤ, ਹਰਿ ਆਪਣੇ ਹੱਥ ਰਖਾਇੰਦਾ। ਜਿਸ ਅੰਮ੍ਰਿਤ ਪਿਆਏ ਬੂੰਦ ਸਵਾਂਤ, ਤ੍ਰਿਸ਼ਨਾ ਭੁੱਖ ਨਾ ਕੋਇ ਰਖਾਇੰਦਾ। ਜਿਸ ਦਰਸ ਦਿਖਾਏ ਇਕ ਇਕਾਂਤ, ਆਪ ਆਪਣਾ ਮੇਲ ਮਿਲਾਇੰਦਾ। ਕਲਜੁਗ ਅੰਤਮ ਇਕੋ ਬੰਨ੍ਹਾਂ ਚਰਨ ਨਾਤ, ਨਾਤਾ ਫੇਰ ਨਾ ਕੋਇ ਤੁੜਾਇੰਦਾ। ਗੋਬਿੰਦ ਪੂਰਾ ਕਰਾਂ ਭਵਿਖਤ ਵਾਕ, ਭਾਖਿਆ ਹੋਰ ਨਾ ਕੋਇ ਸਮਝਾਇੰਦਾ। ਆਪਣੀ ਕਰਨੀ ਦੇਵੇ ਸਾਥ, ਕਰਤਾ ਸਾਚੀ ਕਿਰਤ ਕਮਾਇੰਦਾ। ਗੁਰਸਿਖ ਇਕੋ ਦੱਸਾਂ ਪੂਜਾ ਪਾਠ, ਜਿਸ ਦਾ ਭੇਵ ਕੋਇ ਨਾ ਪਾਇੰਦਾ। ਸੋਹੰ ਗੌਣੀ ਸਾਚੀ ਗਾਥ, ਜਗਤ ਗਾਥਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਆਪ ਪੜ੍ਹਾਇੰਦਾ। ਨਿਕੰਮਿਆਂ ਪੈਂਡਾ ਬੜਾ ਲੰਮਾ, ਹਰਿ ਜੂ ਆਪਣੇ ਨਾਲ ਰਖਾਇਆ। ਪਹਿਲਾਂ ਢੋਰ ਢੋਏ ਲਾਹਿਆ ਚੰਮਾ, ਪਾਣਾ ਗੰਢ ਵਕਤ ਲੰਘਾਇਆ। ਹੁਣ ਹਰਿ ਜੂ ਅੰਦਰ ਵਸੇ ਦਮ ਦਮਾਂ, ਕਾਇਆ ਦਮੜੀ ਮੁੱਲ ਨਾ ਕੋਇ ਰਖਾਇਆ। ਇਕੋ ਮਿਲਿਆ ਪਿਤਾ ਇਕੋ ਹੋਈ ਅੰਮਾਂ, ਅਮੜੀ ਆਪਣੀ ਗੋਦ ਸੁਹਾਇਆ। ਕਰ ਪਿਆਰ ਦਿਤਾ ਸਾਚਾ ਮੰਮਾਂ, ਸੀਰ ਸਾਚੇ ਮੁਖ ਚੁਆਇਆ। ਰਾਤੀਂ ਸੁਤਿਆਂ ਮੁਖੜਾ ਚੁੰਮਾਂ, ਆਪ ਆਪਣੇ ਗਲੇ ਲਗਾਇਆ। ਤੇਰਾ ਆਪਣੀ ਹੱਥੀਂ ਫੜਿਆ ਕੁੰਨਾ, ਜਿਸ ਵਿਚ ਪਾਣਾ ਗੰਢ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਮੇਲ ਮਿਲਾਇਆ। ਤੇਰੀ ਗ਼ਰੀਬੀ ਮੇਰਾ ਰੰਗ, ਮੇਰਾ ਨਾਉਂ ਤੇਰੀ ਵਡਿਆਈਆ। ਤੇਰੀ ਸੇਜਾ ਮੇਰਾ ਪਲੰਘ, ਮੇਰਾ ਪਿਆਰ ਤੇਰਾ ਵਿਛੌਣਾ ਲੇਫ ਤਲਾਈਆ। ਮੇਰਾ ਨਾਉਂ ਤੇਰਾ ਮਰਦੰਗ, ਤੇਰਾ ਮਰਦੰਗ ਮੇਰੀ ਸ਼ਨਵਾਈਆ। ਤੇਰਾ ਘਰ ਵੇਖਾਂ ਲੰਘ, ਰਾਤੀਂ ਸੁਤਿਆਂ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਗਲ ਲਾਈਆ । ਧੰਨ ਭਾਗ ਜੇ ਮਿਲਿਆ ਗ਼ਰੀਬ, ਪੁਰਖ ਅਬਿਨਾਸ਼ੀ ਖ਼ੁਸ਼ੀ ਮਨਾਇੰਦਾ। ਲੋਕਮਾਤ ਜਾਗੇ ਮੇਰੇ ਨਸੀਬ, ਮੇਰਾ ਸਿੱਖ ਮੋਹੇ ਧਿਆਇੰਦਾ। ਮੈਂ ਦੂਰ ਵਸਦਾ ਆਇਆ ਕਰੀਬ, ਆਪਣਾ ਪੰਧ ਮੁਕਾਇੰਦਾ। ਗੁਰਸਿਖ ਤੇਰਾ ਖੇੜਾ ਡਿਠਾ ਅਜੀਬ, ਅਜ਼ਬ ਲੀਲਾ ਤੇਰਾ ਰੂਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲ ਗ਼ਰੀਬਾਂ ਖ਼ੁਸ਼ੀ ਮਨਾਇੰਦਾ। ਗ਼ਰੀਬਾਂ ਅੰਦਰ ਵਸੇ ਯਾਰ, ਲੁਕਵੀਂ ਖੇਲ ਖਲਾਈਆ। ਆਪ ਆਪਣਾ ਆਪੇ ਹਾਰ, ਹਰਿ ਜੂ ਹਾਰਿਆਂ ਲਏ ਉਠਾਈਆ। ਜਿਸ ਨੇ ਕੰਗਣ ਕਰਿਆ ਤਿਆਰ, ਕਸੀਰਾ ਕੀਮਤ ਪਾਈਆ। ਸੋ ਵੇਖਣ ਆਇਆ ਯਾਰ, ਰਵਿਦਾਸ ਲਏ ਮਿਲਾਈਆ। ਬ੍ਰਾਹਮਣ ਡਰਦਾ ਕਰੇ ਵਿਚਾਰ, ਮੇਰਾ ਕੀਤਾ ਹਰਿ ਜੂ ਭੁੱਲ ਨਾ ਜਾਈਆ। ਜਿਸ ਦੇ ਘਰ ਬਣਿਆ ਠੱਗ ਚੋਰ ਯਾਰ, ਦਿਨ ਦਿਹਾੜੇ ਸੰਨ੍ਹ ਲਗਾਈਆ। ਤਿਸ ਕਿਰਪਾ ਕਰੀ ਅਪਾਰ, ਨੌਂ ਨੌਂ ਜਨਮ ਮਾਤ ਭੁਵਾਈਆ। ਫੇਰ ਮੇਲਿਆ ਚਰਨ ਦੁਆਰ, ਧੋਈ ਪਿਛਲੀ ਛਾਹੀਆ। ਦੋਹਾਂ ਨਿਬੇੜਾ ਕਰੇ ਵਿਚ ਸੰਸਾਰ, ਲਹਿਣਾ ਦੇਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬੀ ਰੂਪ ਆਪ ਵਟਾਈਆ। ਗ਼ਰੀਬ ਪਾ ਖ਼ਾਕ ਬਣੇ ਚਾਕਰ, ਸਾਚੀ ਸੇਵ ਕਮਾਇੰਦਾ। ਜਨ ਭਗਤਾਂ ਜਿਕਰ ਕਰੇ ਬਣ ਬਣ ਜ਼ਾਕਰ, ਜ਼ੇਰ ਜ਼ਬਰ ਨਾ ਕੋਇ ਲਗਾਇੰਦਾ। ਨਿਰਗੁਣ ਸਰਗੁਣ ਕਰੇ ਖਾਤਰ, ਖ਼ਤਰਾ ਹੋਰ ਨਾ ਕੋਇ ਵਖਾਇੰਦਾ। ਦਰ ਆਇਆਂ ਦੇਵੇ ਆਦਰ, ਕਰੀਮ ਕਾਦਰ ਦਇਆ ਕਮਾਇੰਦਾ। ਦੇਵੇ ਸਬਰ ਇਕੋ ਸਾਬਰ, ਸਬੂਰੀ ਸਾਦਕ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਇੰਦਾ । ਖ਼ਿਮਾਂ ਗ਼ਰੀਬੀ ਹਰਿ ਕਾ ਰੂਪ, ਰੂਪ ਅਨੂਪ ਜਣਾਇਆ। ਮੇਲ ਮਿਲਾਵਾ ਸਾਚੇ ਭੂਪ, ਭੂਪਤ ਹੋਏ ਸਹਾਇਆ। ਲਹਿਣਾ ਜਾਣੇ ਅੰਧ ਕੂਪ, ਅੰਧ ਅੰਧੇਰ ਮਿਟਾਇਆ । ਧੰਨ ਭਾਗ ਜੇ ਮਿਲਿਆ ਪੂਤ, ਪ੍ਰਭ ਆਪਣੀ ਗੋਦ ਸੁਹਾਇਆ। ਆਪੇ ਤਾਣਾ ਪੇਟਾ ਸੂਤ, ਆਪੇ ਵਟਣਾ ਰਿਹਾ ਚੜ੍ਹਾਇਆ। ਆਪੇ ਧਾਗਾ ਫੜ ਫੜ ਗੰਢੇ ਜੂਤ, ਤਿੱਖੀ ਰੰਬੀ ਆਰ ਕਰਾਇਆ। ਆਪੇ ਫੜ ਫੜ ਦਏ ਕਲਬੂਤ, ਉਤੇ ਹਥੌੜਾ ਠੋਕਰ ਲਾਇਆ। ਵੇਖੋ ਕਿਹੜੇ ਕੰਮ ਕਾਜ ਆਇਆ ਸੂਤ, ਹਰਿ ਜੂ ਹਰਿ ਹਰਿ ਲਏ ਮਿਲਾਇਆ। ਲੋਕੀਂ ਕਹਿਣ ਰਵਦਾਸਾ ਊਤ, ਮਤ ਬੁਧ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬੀ ਆਪਣੀ ਝੋਲੀ ਪਾਇਆ। ਤੇਰੀ ਗ਼ਰੀਬੀ ਮੇਰੀ ਦਾਤ, ਦਾਤਾ ਆਪਣੀ ਝੋਲੀ ਪਾਈਆ। ਤੇਰਾ ਨੂਰ ਮੇਰੀ ਜ਼ਾਤ, ਅਜ਼ਾਤ ਨਾ ਕੋਇ ਵਡਿਆਈਆ। ਤੇਰੀ ਵਿਦਿਆ ਮੇਰੀ ਜਮਾਤ, ਇਕੋ ਇਕ ਪੜ੍ਹਾਈਆ। ਤੇਰਾ ਨਾਤਾ ਮੇਰਾ ਸਾਕ, ਸੈਣ ਨਜ਼ਰ ਕੋਇ ਨਾ ਆਈਆ। ਤੇਰੀ ਵਸਤ ਮੇਰਾ ਹਾਟ, ਹੱਟ ਹਟਵਾਣਾ ਇਕ ਅਖਵਾਈਆ। ਮੇਰਾ ਨਾਉਂ ਤੇਰੀ ਗਾਥ, ਤੇਰੀ ਗਾਥ ਸੁਣੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬਾਂ ਅੰਦਰ ਰਿਹਾ ਸਮਾਈਆ। ਗੁਰਸਿਖ ਫਿਰਨ ਜ਼ੋਰੋ ਜ਼ੋਰੀ, ਆਪਣਾ ਜ਼ੋਰ ਵਖਾਈਆ। ਸਿਰ ਤੇ ਚੁੱਕਣ ਸੀਮਿੰਟ ਬੋਰੀ, ਫਿਰਨ ਵਾਹੋ ਦਾਹੀਆ। ਫਿਰ ਵੀ ਕਹਿਣ ਅਜੇ ਥੋੜੀ, ਮਨ ਸਾਂਤ ਨਾ ਆਈਆ। ਭੱਜੋ ਨੱਠੋ ਕਰਨ ਬੌਹੜੀ ਬੌਹੜੀ, ਵੇਲਾ ਗਿਆ ਹੱਥ ਨਾ ਆਈਆ। ਜਿਸ ਨੂੰ ਲੱਭਦੇ ਫਿਰਦੇ ਵਿਚ ਰਾਗ ਗੌੜੀ, ਸੋ ਗੌੜ ਆਪਣਾ ਰੂਪ ਵਟਾਈਆ। ਜਿਸ ਨੂੰ ਗੌਂਦਾ ਵਾਰ ਪੜ੍ਹ ਪੜ੍ਹ ਪੌੜੀ, ਸੋ ਪੌੜਾ ਰਿਹਾ ਲਗਾਈਆ। ਲੱਖ ਚੁਰਾਸੀ ਕੋਲੋਂ ਕਰੇ ਚੋਰੀ, ਬਣ ਬਣ ਚੋਰ ਵੇਖ ਵਖਾਈਆ। ਅਨਡਿਠੀ ਬੱਧੀ ਗੁਰਸਿਖਾਂ ਅੰਦਰ ਡੋਰੀ, ਅੱਠੇ ਪਹਿਰ ਹਿਲਾਈਆ। ਆਪਣੇ ਨਾਲ ਜਾਏ ਤੋਰੀ, ਤੁਰਤ ਆਪਣਾ ਪੰਧ ਮੁਕਾਈਆ। ਕੋਇ ਨਾ ਵੇਖੇ ਰੈਣ ਅੰਧੇਰ ਘੋਰੀ, ਸਾਰੇ ਕਹਿਣ ਸਤਿਗੁਰ ਕਰੀ ਰੁਸ਼ਨਾਈਆ। ਅੱਲਾ ਰਾਣੀ ਬਾਂਕੀ ਛੋਹਰੀ, ਨੇਤਰ ਨੈਣਾਂ ਨੀਰ ਵਹਾਈਆ। ਕੀ ਕਰਾਂ ਪ੍ਰਭ ਆਪਣਾ ਖੇਲ ਕਰੇ ਹੌਲੀ ਹੌਲੀ, ਹਵਾਲਾਤ ਰਿਹਾ ਬਣਾਈਆ। ਜਿਸ ਆਪਣੀ ਪਹਿਲੋਂ ਬਦਲੀ ਚੋਲੀ, ਗੁਰਮੁਖਾਂ ਚੋਲਾ ਦਏ ਬਦਲਾਈਆ। ਮੈਂ ਡਰਦੀ ਫਿਰਦੀ ਮੈਨੂੰ ਕਰ ਨਾ ਦੇਵੇ ਗੋਲੀ, ਆਪਣੇ ਭਗਤਾਂ ਦਰ ਬਹਾਈਆ। ਮੈਂ ਆਪਣੀ ਘੁੰਡੀ ਕਿਸੇ ਕੋਲ ਨਾ ਖੋਲ੍ਹੀ, ਨਾ ਦੱਸਾਂ ਕਿਸੇ ਸੁਣਾਈਆ। ਚੌਦਾਂ ਸਦੀਆਂ ਜਿਸ ਖੇਲੀ ਹੋਲੀ, ਤਿਸ ਦੇ ਹੌਕੇ ਰਹੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਵੇਖ ਵਖਾਈਆ।