Granth 11 Likhat 007: 9 Maghar 2018 Bikarmi Boorh Singh Bhagwan Singh de Navit Jethuwal

੯ ਮੱਘਰ ੨੦੧੮ ਬਿਕਰਮੀ ਬੂੜ ਸਿੰਘ ਭਗਵਾਨ ਸਿੰਘ ਦੇ ਨਵਿਤ ਜੇਠੂਵਾਲ

ਸੋ ਪੁਰਖ ਨਿਰੰਜਣ ਮਿਹਰਵਾਨ, ਵਡੀ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਸਾਹਿਬ ਸੁਲਤਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕੰਕਾਰਾ ਵੱਡਾ ਬਲਵਾਨ, ਬਲਧਾਰੀ ਨਾਉਂ ਰਖਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਲੇਖਾ ਜਾਣੇ ਦੋ ਜਹਾਨ, ਆਪ ਆਪਣੇ ਰੰਗ ਸਮਾਈਆ। ਸ੍ਰੀ ਭਗਵਾਨ ਹੋ ਪਰਧਾਨ, ਸਚਖੰਡ ਦੁਆਰੇ ਆਸਣ ਲਾਈਆ। ਪਾਰਬ੍ਰਹਮ ਪ੍ਰਭ ਮੰਗੇ ਦਾਨ, ਨਿਰਗੁਣ ਆਪਣੀ ਝੋਲੀ ਡਾਹੀਆ। ਖੇਲੇ ਖੇਲ ਸਚਖੰਡ ਸੱਚੇ ਮਕਾਨ, ਦਰ ਘਰ ਸਾਚਾ ਆਪ ਸੁਹਾਈਆ। ਦੀਵਾ ਬਾਤੀ ਇਕ ਮਹਾਨ, ਕਮਲਾਪਾਤੀ ਆਪ ਜਗਾਈਆ। ਸਾਚਾ ਸਾਕੀ ਦੇਵੇ ਦਾਨ, ਸਚ ਭੰਡਾਰਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੋ ਪੁਰਖ ਨਿਰੰਜਣ ਬੇਪਰਵਾਹ, ਆਦਿ ਆਦਿ ਵਡਿਆਈਆ। ਹਰਿ ਪੁਰਖ ਨਿਰੰਜਣ ਸਿਫ਼ਤ ਸਾਲਾਹ, ਏਕੰਕਾਰਾ ਸੋਭਾ ਪਾਈਆ। ਆਦਿ ਨਿਰੰਜਣ ਨੂਰ ਰੁਸ਼ਨਾ, ਅਬਿਨਾਸ਼ੀ ਕਰਤਾ ਇਕ ਵਖਾਈਆ। ਸ੍ਰੀ ਭਗਵਾਨ ਵਸਣਹਾਰਾ ਹਰ ਘਟ ਥਾਂ, ਪਾਰਬ੍ਰਹਮ ਰਿਹਾ ਸਮਾਈਆ। ਸਚ ਸਿੰਘਾਸਣ ਇਕ ਵਡਿਆ, ਤਖ਼ਤ ਨਿਵਾਸੀ ਸੋਭਾ ਪਾਈਆ। ਰਾਜਨ ਰਾਜ ਆਪ ਅਖਵਾ, ਭੂਪਤ ਭੂਪ ਵੇਸ ਵਟਾਈਆ । ਹੁਕਮੀ ਹੁਕਮ ਆਪ ਚਲਾ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਆਪਣਾ ਗੇੜਾ ਆਪ ਦਵਾ, ਵੇਖਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਪਰਗਟਾਈਆ। ਆਪਣੀ ਧਾਰ ਆਪ ਪਰਗਟਾ, ਹਰਿ ਆਪਣਾ ਖੇਲ ਖਲਾਇੰਦਾ। ਨਿਰਗੁਣ ਮੇਲਾ ਸਹਿਜ ਸੁਭਾ, ਸਗਲਾ ਸੰਗ ਰਖਾਇੰਦਾ। ਦਰ ਘਰ ਸਾਚੇ ਸੋਭਾ ਪਾ, ਸੋਭਾਵੰਤ ਖ਼ੁਸ਼ੀ ਮਨਾਇੰਦਾ। ਆਪ ਆਪਣਾ ਮਰਦੰਗ ਵਜਾ, ਨਾਮ ਨਿਧਾਨਾ ਆਪੇ ਗਾਇੰਦਾ। ਵੇਸ ਅਨੇਕ ਆਪ ਕਰਾ, ਆਦਿ ਜੁਗਾਦੀ ਰੂਪ ਵਟਾਇੰਦਾ। ਜੁਗ ਜੁਗ ਲੇਖਾ ਮਾਤ ਚੁਕਾ, ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਆਪਣੇ ਰੰਗ ਆਪੇ ਰਾਤਾ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਜੁਗ ਜੁਗ ਖੇਲੇ ਖੇਲ ਤਮਾਸ਼ਾ, ਨਿਰਗੁਣ ਨਿਰਵੈਰ ਸੱਚਾ ਸ਼ਹਿਨਸ਼ਾਹੀਆ । ਲੇਖਾ ਜਾਣੇ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਫੇਰਾ ਪਾਈਆ। ਲੱਖ ਚੁਰਾਸੀ ਜਾਣੇ ਭੋਗ ਬਲਾਸਾ, ਘਰ ਘਰ ਆਪਣੀ ਸੇਜ ਸੁਹਾਈਆ। ਜਨ ਭਗਤਾਂ ਹੋਏ ਦਾਸੀ ਦਾਸਾ, ਦਾਸੀ ਦਾਸ ਸੇਵ ਕਮਾਈਆ। ਮੰਡਲ ਮੰਡਪ ਬ੍ਰਹਿਮੰਡ ਖੰਡ ਪਾਏ ਰਾਸਾ, ਆਪਣੀ ਰਾਸ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਆਦਿ ਜੁਗਾਦਿ ਕਰਾਇੰਦਾ। ਸਚਖੰਡ ਦੁਆਰੇ ਵਸੇ ਇਕ ਇਕੱਲਾ, ਥਿਰ ਘਰ ਸਾਚਾ ਆਪ ਸੁਹਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਿਸ਼ਨ ਬ੍ਰਹਮਾ ਸ਼ਿਵ ਫੜਾਏ ਪੱਲਾ, ਏਕਾ ਡੋਰੀ ਨਾਮ ਰਖਾਇੰਦਾ। ਜੋਤੀ ਸ਼ਬਦੀ ਨਿਰਗੁਣ ਸਰਗੁਣ ਆਪੇ ਰਲਾ, ਆਪ ਆਪਣੀ ਕਲ ਵਖਾਇੰਦਾ। ਸਚ ਸੰਦੇਸ਼ ਨਰ ਨਰੇਸ਼ ਏਕੰਕਾਰ ਏਕਾ ਘੱਲਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਆਤਮ ਪਰਮਾਤਮ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਸਵਾਂਗ ਵਰਤਾਇੰਦਾ। ਜੁਗ ਜੁਗ ਵਰਤੇ ਸਵਾਂਗੀ ਸਵਾਂਗ, ਸਗਲਾ ਸੰਗ ਆਪ ਹੋ ਜਾਈਆ। ਜਨ ਭਗਤਾਂ ਰੱਖੇ ਸਾਚੀ ਤਾਂਘ, ਨੇਤਰ ਨੈਣ ਨੈਣ ਉਠਾਈਆ। ਲੋਕਮਾਤ ਬਣਾਏ ਸਾਂਝ, ਆਪ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਜੁਗ ਜੁਗ ਮੇਲਾ ਹਰਿ ਕਰਤਾਰ, ਜਨ ਭਗਤਾਂ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਲੱਖ ਚੁਰਾਸੀ ਖੇਲ ਖਲਾਇੰਦਾ। ਸੰਤ ਸੁਹੇਲੇ ਲਏ ਉਭਾਰ, ਗੁਰ ਚੇਲੇ ਗੋਦ ਬਹਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਨੂਰ ਕਰ ਉਜਿਆਰ, ਅੰਧ ਅੰਧੇਰ ਮਿਟਾਇੰਦਾ। ਮਨ ਵਾਸਨਾ ਕਰ ਖੁਵਾਰ, ਕਾਮ ਕਰੋਧ ਲੋਭ ਮੋਹ ਹੰਕਾਰ ਜਲਾਇੰਦਾ। ਘਰ ਵਿਚ ਘਰ ਦਏ ਵਖਾਲ, ਸਿਰ ਆਪਣਾ ਹੱਥ ਟਿਕਾਇੰਦਾ। ਕਿਰਪਾ ਕਰੇ ਦੀਨ ਦਿਆਲ, ਦੀਨਾਂ ਅਨਾਥਾਂ ਗਲੇ ਲਗਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਸਾਚੀ ਧਰਮਸਾਲ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਪੇਖਿਆ, ਨਿਰਗੁਣ ਕਿਰਪਾ ਧਾਰ। ਜਨਮ ਜਨਮ ਦਾ ਜਾਣੇ ਲੇਖਿਆ, ਗੁਰ ਸਤਿਗੁਰ ਹਰਿ ਅਵਤਾਰ। ਜਿਸ ਜਨ ਦੇਵੇ ਸਾਚੀ ਸਿਖਿਆ, ਗੁਰਮੁਖ ਉਜਲ ਵਿਚ ਸੰਸਾਰ। ਨਾਮ ਨਿਧਾਨਾ ਪਾਏ ਭਿਛਿਆ, ਵਸਤ ਅਮੋਲਕ ਏਕਾ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਰੇ ਸਦਾ ਪਿਆਰ। ਹਰਿਜਨ ਪਿਆਰਾ ਮੀਤੜਾ, ਹਰਿ ਜੂ ਹਰਿ ਹਰਿ ਭਾਏ। ਕਾਇਆ ਚੋਲੀ ਰੰਗੇ ਚੀਥੜਾ, ਏਕਾ ਰੰਗ ਚੜ੍ਹਾਏ। ਦੇਵੇ ਨਾਮ ਸ਼ਬਦ ਅਨਡੀਠੜਾ, ਬਿਨ ਰਸਨਾ ਜਿਹਵਾ ਗਾਏ। ਪਤਤ ਪੁਨੀਤ ਕਰੇ ਪੁਨੀਤੜਾ, ਪਤਤ ਪਾਪੀ ਆਪ ਤਰਾਏ। ਇਕ ਸੁਣਾਏ ਸੁਹਾਗੀ ਗੀਤੜਾ, ਅੰਤਰ ਮੰਤਰ ਨਾਮ ਅਲ੍ਹਾਏ। ਮਿੱਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਰਸ ਆਪ ਚਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਏ। ਹਰਿਜਨ ਮੇਲਾ ਸਾਚੇ ਘਰ, ਘਰ ਸਾਚੇ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਮਿਲਿਆ ਹਰਿ, ਭਾਂਡਾ ਭਰਮ ਭੌ ਭੰਨਾਈਆ। ਜਗਤ ਵਿਕਾਰਾ ਚੁੱਕੇ ਡਰ, ਜੀਵਣ ਜੁਗਤ ਇਕ ਸਮਝਾਈਆ। ਪੁਰਖ ਅਬਿਨਾਸ਼ੀ ਦੇਵੇ ਵਰ, ਵਰ ਦਾਤਾ ਸਹਿਜ ਸੁਭਾਈਆ। ਇਕੋ ਮੇਲਾ ਸਾਚੇ ਨਰ, ਨਰ ਨਰਾਇਣ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਹੱਥ ਰੱਖ ਸਮਰਥ, ਸੰਸਾ ਰੋਗ ਸਰਬ ਚੁਕਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਨਿਜ ਘਰ ਆਤਮ ਕਰ ਕਰ ਵਾਸ, ਪਰਮ ਆਤਮ ਮੇਲ ਮਿਲਾਇੰਦਾ। ਲੱਖ ਚੁਰਾਸੀ ਬੰਦ ਖੁਲਾਸ, ਬੰਦੀਖ਼ਾਨਾ ਆਪ ਤੁੜਾਇੰਦਾ। ਦੀਪਕ ਦੀਆ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਇੰਦਾ। ਲੇਖੇ ਲਾਏ ਪਵਣ ਸਵਾਸ, ਰਸਨਾ ਜਿਹਵਾ ਜੋ ਹਰਿ ਗੁਣ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਮੇਲ ਮਿਲਾਇੰਦਾ। ਹਰਿਜਨ ਮੇਲਾ ਸਚ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਕਿਰਪਾ ਕਰੇ ਆਪ ਕਰਤਾਰ, ਕਰਤਾ ਪੁਰਖ ਵੇਸ ਵਟਾਈਆ। ਲੱਖ ਚੁਰਾਸੀ ਜੀਵ ਜੰਤ ਪਾਵੇ ਸਾਰ, ਬੇਅੰਤ ਭੇਵ ਖੁਲ੍ਹਾਈਆ। ਗੁਰਮੁਖ ਸੱਜਣ ਲਏ ਭਾਲ, ਆਪ ਆਪਣਾ ਪਰਦਾ ਲਾਹੀਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਹੋਏ ਸਹਾਈਆ। ਸ਼ਬਦ ਸਰੂਪੀ ਬਣ ਦਲਾਲ, ਜਗਤ ਵਣਜਾਰਾ ਨਾਉਂ ਧਰਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਦਾਤਾ ਬੇਪਰਵਾਹੀਆ। ਨਾਤ ਤੋੜ ਕਾਲ ਮਹਾਂਕਾਲ, ਆਪਣੀ ਡੋਰੀ ਤੰਦ ਬਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਮਿਲਾਈਆ। ਹਰਿਜਨ ਮਿਲਿਆ ਸੰਗ, ਸਗਲਾ ਸੰਗ ਤਜਾਇਆ। ਗ੍ਰਹਿ ਮੰਦਰ ਵੱਜੇ ਮਰਦੰਗ, ਅਨਹਦ ਨਾਦੀ ਨਾਦ ਸੁਣਾਇਆ। ਆਤਮ ਪਰਮਾਤਮ ਇਕ ਅਨੰਦ, ਅਨੰਦ ਮੰਗਲ ਵਡਿਆਇਆ। ਨਿਰਗੁਣ ਨੂਰ ਨੁਰਾਨਾ ਚੰਦ, ਜੋਤੀ ਜੋਤ ਡਗਮਗਾਈਆ। ਪੰਜ ਵਿਕਾਰਾ ਖੰਡ ਖੰਡ, ਖੰਡਾ ਨਾਮ ਉਠਾਇਆ। ਸੁਰਤ ਸਵਾਣੀ ਨਾ ਹੋਏ ਰੰਡ, ਹਰਿ ਕੰਤ ਕੰਤੂਹਲ ਹੰਢਾਇਆ। ਦਿਵਸ ਰਾਤ ਇਕੋ ਠੰਡ, ਅਗਨੀ ਤੱਤ ਨਾ ਕੋਇ ਵਖਾਇਆ। ਖ਼ੁਸ਼ੀ ਕਰਾਏ ਬੰਦ ਬੰਦ, ਜਿਸ ਜਨ ਆਪਣੀ ਬੂਝ ਬੁਝਾਇਆ। ਦੀਨ ਦਿਆਲ ਠਾਕਰ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਤਾਰਨਹਾਰਾ ਇਕੋ ਹਰਿ, ਆਦਿ ਅੰਤ ਅਖਵਾਇੰਦਾ। ਭਗਤ ਭਗਵੰਤ ਦੇਵੇ ਵਰ, ਆਪਣੀ ਬੂਝ ਬੁਝਾਇੰਦਾ। ਇਕ ਨੁਹਾਏ ਸਾਚੇ ਸਰ, ਚਰਨ ਸਰੋਵਰ ਇਕ ਵਖਾਇੰਦਾ। ਏਕਾ ਵਿਦਿਆ ਜਾਏ ਪੜ੍ਹ, ਅੱਖਰ ਵੱਖਰ ਆਪ ਸੁਣਾਇੰਦਾ। ਇਕ ਬੰਧਾਏ ਸਾਚੇ ਲੜ, ਨਾਤਾ ਬਿਧਾਤਾ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਮਝਾਇੰਦਾ। ਹਰਿਜਨ ਸੱਚਾ ਆਪ ਸਮਝਾ, ਸਮਝ ਨਾਲ ਸਮਝ ਮਿਲਾਈਆ। ਫੜ ਫੜ ਰਾਹੇ ਦੇਵੇ ਪਾ, ਸਾਚਾ ਮਾਰਗ ਇਕ ਵਖਾਈਆ। ਨਿਰਗੁਣ ਜਪਾਏ ਸਰਗੁਣ ਨਾਂ, ਨਾਉਂ ਨਿਰੰਕਾਰ ਆਪ ਵਖਾਈਆ। ਸਾਚੇ ਧਾਮ ਦਏ ਬਹਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਨਿਹਕਰਮੀ ਹਰਿ ਕਰਮ ਕਮਾ, ਕਰਮਗਤ ਦਏ ਮਿਟਾਈਆ। ਗੁਰਮੁਖ ਵਿਰਲੇ ਮੇਲੇ ਆਪਣੇ ਥਾਂ, ਥਾਨ ਥਨੰਤਰ ਸੋਭਾ ਪਾਈਆ। ਬਲਹਾਰੀ ਵਿਟਹੁ ਕੁਰਬਾਨ ਜਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਮੇਲ ਮਿਲਾਵਾ ਸਚਖੰਡ, ਸਚਖੰਡ ਨਿਵਾਸੀ ਆਪ ਕਰਾਇੰਦਾ। ਨਾਤਾ ਤੋੜ ਜੀਉ ਬ੍ਰਹਿਮੰਡ, ਬ੍ਰਹਿਮੰਡ ਭੇਵ ਚੁਕਾਇੰਦਾ। ਨਾਮ ਨਿਧਾਨਾ ਇਕੋ ਵੰਡ, ਸਾਚੀ ਵਸਤ ਆਪ ਵਰਤਾਇੰਦਾ । ਮਾਇਆ ਮਮਤਾ ਖੰਡ ਖੰਡ, ਨੀਕਨ ਨੀਕਾ ਖੇਲ ਕਰਾਇੰਦਾ। ਨਾਤਾ ਤੋੜ ਜੇਰਜ ਅੰਡ, ਉਤਭੁਜ ਸੇਤਜ ਮੋਹ ਮਿਟਾਇੰਦਾ। ਇਕ ਸੁਣਾਏ ਸੁਹਾਗੀ ਛੰਦ, ਅੱਖਰ ਵੱਖਰ ਆਪੇ ਗਾਇੰਦਾ। ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਉਠੇ ਜਾਏ ਜਾਗ, ਹਰਿ ਜਾਗਰਤ ਜੋਤ ਜਗਾਈਆ। ਮਨ ਅੰਤਰ ਉਪਜੇ ਇਕ ਵੈਰਾਗ, ਵੈਰਾਗੀ ਰੂਪ ਵਟਾਈਆ। ਨਾਤਾ ਤੋੜ ਸੱਜਣ ਸਾਕ, ਸਗਲਾ ਸੰਗ ਤਜਾਈਆ। ਏਕਾ ਚੜ੍ਹੇ ਸਾਚੇ ਰਾਕ, ਸ਼ਬਦ ਘੋੜਾ ਲਏ ਦੌੜਾਈਆ। ਨਿਰਗੁਣ ਸਰਗੁਣ ਦੇਵੇ ਸਾਥ, ਸਾਚਾ ਸੰਗ ਨਿਭਾਈਆ। ਆਪ ਜਣਾਏ ਪੂਜਾ ਪਾਠ, ਏਕਾ ਅੱਖਰ ਨਾਮ ਪੜ੍ਹਾਈਆ। ਅੰਮ੍ਰਿਤ ਸਰੋਵਰ ਵਖਾਏ ਮਾਰੇ ਠਾਠ, ਨਿਝਰ ਝਿਰਨਾ ਦਏ ਝਿਰਾਈਆ। ਜੋਤ ਨੂਰ ਜਗੇ ਲਲਾਟ, ਮਸਤਕ ਲੇਖਾ ਆਪ ਮੁਕਾਈਆ। ਡੂੰਘੀ ਭਵਰੀ ਪਾਰ ਕਰਾਏ ਘਾਟ, ਸਚ ਕਿਨਾਰਾ ਦਏ ਵਖਾਈਆ। ਚਰਨ ਕਵਲ ਬੰਧਾਏ ਨਾਤ, ਏਕਾ ਦੇਵੇ ਸਰਨ ਸ਼ਰਨਾਈਆ। ਕਲਜੁਗ ਰੈਣ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਨੌਂ ਖੰਡ ਪ੍ਰਿਥਮੀ ਰਹੀ ਝਾਕ, ਲੱਖ ਚੁਰਾਸੀ ਨੈਣ ਉਠਾਈਆ। ਕਵਣ ਵੇਲਾ ਗੋਬਿੰਦ ਪੂਰਾ ਕਰੇ ਵਾਕ, ਕੀਤਾ ਕੌਲ ਤੋੜ ਨਿਭਾਈਆ। ਕਵਣ ਵੇਲਾ ਮੁਹੰਮਦ ਦੇਵੇ ਸਾਥ, ਚੌਦਾਂ ਲੋਕ ਵੇਖ ਵਖਾਈਆ। ਕਵਣ ਵੇਲਾ ਹੋਏ ਸਹਾਈ ਤ੍ਰਲੋਕੀ ਨਾਥ, ਨਾਥ ਅਨਾਥਾਂ ਲਏ ਉਠਾਈਆ। ਕਵਣ ਵੇਲਾ ਮਿਲੇ ਰਾਮਾ ਸੁਤ ਦਸਰਥ, ਦਹਿ ਦਿਸ਼ਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਕੁੰਟ ਵੇਖ ਵਖਾਈਆ। ਚਾਰ ਕੁੰਟ ਤੱਕੇ ਇਸ਼ਟ, ਈਸ਼ ਜੀਵ ਨਾ ਕੋਇ ਮਿਲਾਇੰਦਾ। ਭਰਮੇ ਭੁੱਲੀ ਭਰਮ ਸ੍ਰਿਸ਼ਟ, ਭਰਮ ਸ਼ਰਅ ਨਾ ਕੋਇ ਤੁੜਾਇੰਦਾ। ਰਾਮਾ ਲੱਭੇ ਗੁਰ ਵਸ਼ਿਸ਼ਟ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਇੰਦਾ। ਸਾਚਾ ਖੇਲ ਹਰਿ ਗੋਬਿੰਦ, ਅਚਰਜ ਆਪ ਵਰਤਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਬੇਪਰਵਾਹੀਆ। ਜਨ ਭਗਤਾਂ ਅੰਮ੍ਰਿਤ ਆਤਮ ਵਹਾਏ ਨੀਰ ਸਾਗਰ ਸਿੰਧ, ਏਕਾ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਪੁਰਖ ਸਮਰਥ, ਲੋਕਮਾਤ ਵਟਾਇਆ। ਆਪ ਜਣਾਏ ਆਪਣੀ ਗਥ, ਨਾਉਂ ਨਿਰੰਕਾਰਾ ਆਪ ਸਮਝਾਇਆ। ਕਲਜੁਗ ਅੰਤਮ ਖੇਲ ਤਮਾਸ਼, ਤ੍ਰੈਗੁਣ ਅਤੀਤਾ ਵੇਖ ਵਖਾਇਆ। ਲੱਖ ਚੁਰਾਸੀ ਭੋਗ ਬਿਲਾਸ, ਘਰ ਘਰ ਨਾਚ ਨਚਾਇਆ। ਗੁਰਮੁਖ ਵਿਰਲੇ ਲੱਗੀ ਪਿਆਸ, ਪ੍ਰਭ ਦਰਸ਼ਨ ਰਾਹ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਇਆ। ਹਰਿਜਨ ਉਠਿਆ ਕਿਰਪਾਨਿਧ, ਆਪਣੀ ਦਇਆ ਕਮਾਈਆ। ਭਗਤਾਂ ਕਰੇ ਕਾਰਜ ਸਿਧ, ਕਰਤਾ ਕੀਮਤ ਆਪੇ ਪਾਈਆ। ਆਪੇ ਜਾਣੇ ਆਪਣੀ ਬਿਧ, ਦੂਸਰ ਅਵਰ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਲਏ ਮਿਲਾਈਆ। ਕਲਜੁਗ ਅੰਤਮ ਮੇਲ ਮਿਲਣਾ, ਮਿਲਿਆ ਪੁਰਖ ਬਨਵਾਰੀ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਦੇਵੇ ਇਕ ਅਧਾਰੀ। ਗੁਰਮੁਖ ਚੜ੍ਹਿਆ ਸਾਚਾ ਚੰਨਾ, ਨਿਰਗੁਣ ਜੋਤ ਹੋਏ ਉਜਿਆਰੀ। ਕਲਜੁਗ ਅੰਧੇਰਾ ਜਾਏ ਭੰਨਾ, ਚਾਰੋਂ ਕੁੰਟ ਹੋਏ ਖ਼ੁਵਾਰੀ। ਪਤਿਪਰਮੇਸ਼ਵਰ ਦੇਵੇ ਡੰਨਾ, ਆਈ ਅੰਤਮ ਹਾਰੀ। ਚੋਰ ਫੜਿਆ ਗਿਆ ਉਪਰ ਸਨ੍ਹਾਂ, ਪੁਰਖ ਅਬਿਨਾਸ਼ੀ ਰਿਹਾ ਮਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੈਜ ਸੁਆਰੀ। ਜਨ ਭਗਤਾਂ ਪੈਜ ਸੁਆਰਦਾ, ਜੁਗਾ ਜੁਗੰਤਰ ਕਾਰ। ਕਲਜੁਗ ਅੰਤਮ ਖੇਲ ਸਿਰਜਣਹਾਰ ਦਾ, ਨਿਰਗੁਣ ਨਿਰਗੁਣ ਲਏ ਅਵਤਾਰ। ਭਗਤ ਭਗਵੰਤ ਆਪੇ ਭਾਲਦਾ, ਲੱਖ ਚੁਰਾਸੀ ਵੇਖ ਸੰਸਾਰ। ਹਾਲ ਮੁਰੀਦਾਂ ਆਪੇ ਜਾਣਦਾ, ਆਪੇ ਸੁਣੇ ਪੁਕਾਰ। ਪੂਰਬ ਲਹਿਣਾ ਆਪ ਪਛਾਣਦਾ, ਜੁਗ ਜੁਗ ਹੋਏ ਦੇਵਣਹਾਰ। ਲੇਖਾ ਜਾਣੇ ਦੋ ਜਹਾਨ ਦਾ, ਬ੍ਰਹਿਮੰਡ ਖੰਡ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਉਭਾਰੇ ਆਪ ਹਰਿ, ਹਰਿ ਜੂ ਦਇਆ ਕਮਾਈਆ। ਸਤਿਜੁਗ ਤਰੇਤਾ ਦੁਆਪਰ ਦੇਂਦਾ ਰਿਹਾ ਵਰ, ਕਲਜੁਗ ਅੰਤਮ ਲਏ ਉਠਾਈਆ। ਨਿਰਗੁਣ ਸਰਗੁਣ ਘਾੜਨ ਘੜ, ਘਾੜਤ ਘੜਤ ਲੇਖੇ ਲਾਈਆ। ਭਗਤਾਂ ਅੰਦਰ ਆਪੇ ਵੜ, ਆਪ ਆਪਣਾ ਦਰ ਖੁਲ੍ਹਾਈਆ। ਸੋਹੰ ਅੱਖਰ ਇਕੋ ਪੜ੍ਹ, ਆਤਮ ਪਰਮਾਤਮ ਲਏ ਮਿਲਾਈਆ। ਦਰਸ ਦਖਾਏ ਅੱਗੇ ਖੜ੍ਹ, ਸਵਛ ਸਰੂਪ ਵਟਾਈਆ। ਨਾ ਜਨਮੇ ਨਾ ਜਾਏ ਮਰ, ਮੜ੍ਹੀ ਗੋਰ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਵੇਸ ਅਵੱਲਾ, ਏਕੰਕਾਰਾ ਆਪ ਕਰਾਇੰਦਾ। ਲਹਿਣਾ ਦੇਣ ਚੁਕਾਏ ਰਾਣੀ ਅੱਲਾ, ਐਨਲਹੱਕ ਪੰਧ ਮੁਕਾਇੰਦਾ। ਬਿਸਮਿਲ ਹੋ ਹੋ ਆਪੇ ਰਲਾ, ਬਿਸਮਿਲ ਆਪਣਾ ਆਪ ਵਖਾਇੰਦਾ। ਆਦਿ ਜੁਗਾਦੀ ਅਛੱਲ ਅਛੱਲਾ, ਵਲ ਛਲ ਆਪਣਾ ਖੇਲ ਕਰਾਇੰਦਾ। ਗੁਰਮੁਖ ਵਿਰਲੇ ਫੜਾਏ ਪੱਲਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਭੇਵ ਚੁਕਾਇੰਦਾ। ਕਲਜੁਗ ਅੰਤਮ ਭੇਵ ਚੁਕਾਇਆ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਭਗਤ ਭਗਵੰਤ ਲਏ ਮਿਲਾਇਆ, ਜਗਤ ਵਿਛੋੜਾ ਪੰਧ ਮੁਕਾਈਆ। ਨੇਤਰ ਲੋਚਣ ਨੈਣ ਦਰਸ ਕਰਾਇਆ, ਦੀਦ ਈਦ ਮਨਾਈਆ। ਅੰਮ੍ਰਿਤ ਮੇਘ ਬਰਸ ਵਖਾਇਆ, ਸਾਂਤਕ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਕਲਜੁਗ ਅੰਤ ਭਗਤ ਵਡਿਆਈ, ਹਰਿ ਵੱਡਾ ਵਡ ਸਾਲਾਹਿੰਦਾ। ਸਾਚੇ ਘਰ ਹੋਈ ਕੁੜਮਾਈ, ਸਾਚਾ ਸਗਨ ਮਨਾਇੰਦਾ। ਸੌਹਰੇ ਪੇਈਏ ਏਕਾ ਥਾਈਂ, ਏਕਾ ਘਰ ਸੋਭਾ ਪਾਇੰਦਾ। ਲੇਖਾ ਜਾਣੇ ਧੀ ਜੁਵਾਈ, ਆਪ ਆਪਣਾ ਵੇਸ ਵਟਾਇੰਦਾ। ਆਪੇ ਪਾਂਧੀ ਆਪੇ ਰਾਹੀ, ਆਪੇ ਦੋ ਜਹਾਨਾਂ ਫੇਰਾ ਪਾਇੰਦਾ। ਆਪੇ ਵਸੇ ਹਰ ਘਟ ਥਾਈਂ, ਘਟ ਘਟ ਆਪਣਾ ਆਸਣ ਲਾਇੰਦਾ। ਹਰਿਜਨ ਮੇਲਾ ਚਾਈਂ ਚਾਈਂ, ਚਾਤਰਕ ਤ੍ਰਿਖਾ ਆਪ ਬੁਝਾਇੰਦਾ । ਸਦਾ ਸੁਹੇਲਾ ਦੇਵੇ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਨਿਥਾਵਿਆਂ ਪਕੜੇ ਆਪੇ ਬਾਹੀਂ, ਨਿਮਾਣਿਆਂ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੇਵ ਕਮਾਇੰਦਾ। ਜਨ ਭਗਤਾਂ ਬਣ ਸੇਵਾਦਾਰ, ਸੇਵਕ ਸੇਵ ਕਮਾਈਆ। ਜੁਗ ਜੁਗ ਦਾ ਕਰਜ਼ਾ ਦਏ ਉਤਾਰ, ਪਿਛਲਾ ਲਹਿਣਾ ਝੋਲੀ ਪਾਈਆ। ਅੱਗੇ ਦੱਸੇ ਸਾਚਾ ਹਾਲ, ਅਹਿਵਾਲ ਨਾਲ ਮਿਲਾਈਆ। ਇਕ ਬਣਾਏ ਸਾਚੀ ਧਰਮਸਾਲ, ਧਰਮ ਦੁਆਰਾ ਨਾਉਂ ਧਰਾਈਆ। ਚਾਰ ਵਰਨ ਮਿਲੇ ਦਿਆਲ, ਦਿਆਲਤਾ ਰੂਪ ਵਖਾਈਆ। ਚਾਰ ਜੁਗ ਸੁਰਤ ਸੰਭਾਲ, ਸੁਰਤ ਸ਼ਬਦ ਸ਼ਬਦ ਸੁਰਤ ਵਿਚ ਸਮਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਤ੍ਰੈ ਭਵਨ ਧਨੀ ਦਏ ਵਡਿਆਈਆ। ਜਨ ਭਗਤਾਂ ਦੱਸੇ ਰਾਹ ਸੁਖਾਲ, ਏਕਾ ਅੱਖਰ ਨਾਉਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਪਰਗਟਾਈਆ। ਹਰਿਜਨ ਸੱਚਾ ਉਪਜਿਆ ਮਾਤ, ਪੰਜ ਤੱਤ ਕਾਇਆ ਖੇਲ ਖਲਾਇਆ। ਆਪ ਚਲਾਈ ਆਪਣੀ ਗਾਥ, ਏਕਾ ਮੰਤਰ ਨਾਮ ਪੜ੍ਹਾਇਆ। ਸਚ ਵਖਾਇਆ ਇਕੋ ਹਾਟ, ਹਰਿ ਜੂ ਆਪ ਖੁਲਾਇਆ। ਗੁਰਮੁਖ ਉਤਰੇ ਸਾਚੇ ਘਾਟ, ਆਪਣਾ ਬੇੜਾ ਆਪ ਚਲਾਇਆ। ਲਹਿਣਾ ਦੇਣਾ ਹੱਥੋ ਹਾਥ, ਸਾਚਾ ਵਣਜ ਇਕ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਤਾਰਨਹਾਰਾ ਇਕੋ ਗੁਰ, ਪੁਰਖ ਅਕਾਲ ਅਖਵਾਈਆ। ਲੇਖਾ ਜਾਣੇ ਧੁਰ ਦਾ ਧੁਰ, ਧੁਰਦਰਗਾਹੀ ਬੇਪਰਵਾਹੀਆ। ਜਨ ਭਗਤਾਂ ਸੰਗ ਗਿਆ ਜੁੜ, ਸਾਚੀ ਜੋੜੀ ਮਾਤ ਬਣਾਈਆ। ਇਕ ਦੂਜੇ ਦੀ ਰੱਖਣ ਲੋੜ, ਨਾ ਹੋਏ ਕਦੇ ਜੁਦਾਈਆ। ਨਿਹਕਰਮੀ ਆਪੇ ਗਿਆ ਬੌਹੜ, ਕਰਮਾ ਫੰਦ ਕਟਾਈਆ। ਜਨਮ ਜਨਮ ਦੀ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਸਚ ਲਵਾਏ ਸਾਚਾ ਪੌੜ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਬਣੇ ਹਰਿ ਠਾਕਰ, ਆਪਣੀ ਦਇਆ ਕਮਾਇੰਦਾ। ਵਣਜ ਕਰਾਏ ਬਣ ਸੌਦਾਗਰ, ਚਾਰ ਕੁੰਟ ਫੇਰਾ ਪਾਇੰਦਾ। ਕਰੇ ਖੇਲ ਕਰਤਾ ਕਾਦਰ, ਕੁਦਰਤ ਕਾਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਉਠੋ ਜਾਗੋ ਅੰਤਮ ਵੇਲਾ, ਵਾਹ ਵਾ ਹਰਿ ਜੂ ਆਪ ਜਗਾਈਆ। ਕਲਜੁਗ ਅੰਤਮ ਸੱਜਣ ਸੁਹੇਲਾ, ਬਣ ਬਣ ਸੇਵ ਕਮਾਈਆ। ਅਚਰਜ ਖੇਲ ਆਪਣਾ ਆਪੇ ਖੇਲਾ, ਵੇਦ ਕਤੇਬ ਭੇਵ ਨਾ ਆਈਆ। ਆਪੇ ਜਾਣੇ ਆਪਣਾ ਵੇਲਾ, ਜਨ ਭਗਤਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਨਾਲ ਮਿਲਾਈਆ। ਹਰਿਜਨ ਮੇਲਾ ਸ੍ਰੀ ਭਗਵਾਨ, ਲੋਕਮਾਤ ਖੇਲ ਖਲਾਇੰਦਾ। ਆਪ ਝੁਲਾਏ ਸਚ ਨਿਸ਼ਾਨ, ਸਚ ਦੁਆਰੇ ਸੋਭਾ ਪਾਇੰਦਾ। ਸਾਢੇ ਤਿੰਨ ਹੱਥ ਜਗਤ ਮਕਾਨ, ਲੱਖ ਚੁਰਾਸੀ ਵੰਡ ਵੰਡਾਇੰਦਾ। ਗੁਰਮੁਖ ਵਿਰਲੇ ਦੇਵੇ ਧਿਆਨ, ਜਿਸ ਜਨ ਆਪਣੀ ਦਇਆ ਕਮਾਇੰਦਾ। ਅਨਾਦੀ ਨਾਦ ਸਾਚੀ ਧੁਨਕਾਨ, ਰਾਗ ਰਾਗਨੀ ਮੁਖ ਸ਼ਰਮਾਇੰਦਾ। ਕਰ ਪਰਕਾਸ਼ ਕੋਟਨ ਭਾਨ, ਗੁਰਮੁਖ ਸਾਚੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਵਖਾਇੰਦਾ। ਸਾਚਾ ਮਾਰਗ ਸਿੱਧਾ ਰਾਹ, ਸਤਿਜੁਗ ਧਾਰ ਚਲਾਈਆ। ਨੌਂ ਨਿਧਾਂ ਰਹੀਆਂ ਸ਼ਰਮਾ, ਨੇਤਰ ਨੈਣ ਨਾ ਕੋਇ ਉਠਾਈਆ। ਅਠਾਰਾਂ ਸਿਧਾਂ ਮਾਰਨ ਧਾਹ, ਖੁਲ੍ਹੜੇ ਕੇਸ ਦੇਣ ਦੁਹਾਈਆ। ਤ੍ਰੈਗੁਣ ਮਾਇਆ ਮਿਲਿਆ ਫਾਹ, ਫਾਂਸੀ ਫੰਦ ਨਾ ਕੋਇ ਕਟਾਈਆ। ਗੁਰਮੁਖ ਚੜ੍ਹਿਆ ਚਾ, ਸਾਚਾ ਭਗਤ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਮਿਲਿਆ ਇਕ ਮਲਾਹ, ਬੇੜਾ ਬੰਨੇ ਦਏ ਲਗਾਈਆ। ਗੁਰਸਿਖਾਂ ਕੋਲੋਂ ਪੁੱਛੇ ਸਲਾਹ, ਦਿਵਸ ਰੈਣ ਮਤਾ ਪਕਾਈਆ। ਕੋਟਨ ਕੋਟ ਥਲ ਅਸਗਾਹ, ਚਰਨਾਂ ਹੇਠ ਦਬਾਈਆ। ਕਲਜੁਗ ਅੰਤਮ ਦਇਆ ਕਮਾ, ਸਾਚੇ ਭਗਤਾਂ ਦਏ ਵਡਿਆਈਆ। ਛੱਤੀ ਜੁਗ ਦਾ ਲਹਿਣਾ ਪਾ, ਸਾਚੀ ਭਿਛਿਆ ਇਕ ਵਰਤਾਈਆ। ਸਤਿ ਦੁਆਰਾ ਦਏ ਬਣਾ, ਸਤਿ ਸਤਿਵਾਦੀ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਦੁਆਰ ਬਣੇ ਦੁਆਰਾ, ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਕੱਢਦੇ ਹਾੜਾ, ਪ੍ਰਭ ਅੱਗੇ ਸੀਸ ਸਰਬ ਝੁਕਾਇੰਦਾ। ਕਿਰਪਾ ਕਰ ਗਿਰਵਰ ਗਿਰਧਾਰਾ, ਗ਼ਿਰਿਆਜ਼ਾਰ ਸਰਬ ਸਮਾਇੰਦਾ। ਆਦਿ ਜੁਗਾਦਿ ਤੇਰਾ ਪਸਾਰਾ, ਤੇਰਾ ਭੇਵ ਕੋਇ ਨਾ ਪਾਇੰਦਾ। ਤੂੰ ਨਿਰਗੁਣ ਲਿਆ ਅਵਤਾਰਾ, ਨਿਹਕਲੰਕ ਨਾਉਂ ਰਖਾਇੰਦਾ। ਦੋ ਜਹਾਨ ਤੇਰਾ ਸਹਾਰਾ, ਲੋਆਂ ਪੁਰੀਆਂ ਰਾਹ ਤਕਾਇੰਦਾ। ਤੇਰਾ ਨਾਮ ਮਰਦੰਗ ਨਗਾਰਾ, ਆਦਿ ਜੁਗਾਦਿ ਗੁਰ ਅਵਤਾਰ ਵਜਾਇੰਦਾ। ਤੂੰ ਕਰਿਆ ਖੇਲ ਨਿਆਰਾ, ਨਿਰਗੁਣ ਜੋਤ ਡਗਮਗਾਇੰਦਾ। ਜਨ ਭਗਤਾਂ ਲਗਾਇਆ ਅਖਾੜਾ, ਸਾਚੀ ਖੇਲ ਵੇਖ ਵਖਾਇੰਦਾ। ਤੇਰਾ ਰੂਪ ਅਪਰ ਅਪਾਰਾ, ਦਿਸ ਕਿਸੇ ਨਾ ਆਇੰਦਾ। ਤੂੰ ਸਭ ਦਾ ਸਾਂਝਾ ਯਾਰਾ, ਪੀਰ ਪੈਗ਼ੰਬਰ ਤੇਰਾ ਰਾਹ ਤਕਾਇੰਦਾ। ਧੰਨ ਭਾਗ ਹਰਿ ਭਗਤ ਕੀਤਾ ਪਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਸਾਢੇ ਤਿੰਨ ਦਾ ਇਕ ਮਨਾਰਾ, ਤਿੰਨ ਤਿੰਨ ਬੰਧ ਬੰਧਾਇੰਦਾ। ਤਿੰਨਾਂ ਲੋਕਾਂ ਪਾਰ ਕਿਨਾਰਾ, ਤ੍ਰੈਗੁਣ ਮਾਇਆ ਡੇਰਾ ਢਾਹਿੰਦਾ। ਸਿੰਘ ਸ਼ੇਰ ਬਣ ਰਖਵਾਲਾ, ਚਾਰੋਂ ਕੁੰਟ ਵੇਖ ਵਖਾਇੰਦਾ। ਗੁਰਮੁਖ ਉਠਾਏ ਫੜ ਕੰਗਾਲਾ, ਨਾਮ ਖ਼ਜ਼ਾਨਾ ਆਪ ਵਰਤਾਇੰਦਾ। ਕਰ ਕਿਰਪਾ ਕਰੇ ਮਾਲੋ ਮਾਲਾ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਸੰਗ ਆਪ ਨਿਭਾਇੰਦਾ। ਭਗਤਾਂ ਸੰਗ ਦੇਵੇ ਸਾਥ, ਸਾਚੀ ਸੇਵ ਕਮਾਈਆ। ਇਕ ਇਕੱਲਾ ਖੋਲ੍ਹ ਹਾਟ, ਸਾਚੀ ਵਸਤ ਰਿਹਾ ਟਿਕਾਈਆ। ਹਰਿਜਨ ਵੇਖੇ ਮਾਰ ਝਾਤ, ਦੂਸਰ ਨਜ਼ਰ ਕਿਸੇ ਨਾ ਆਈਆ। ਕਲਜੁਗ ਰੈਣ ਅੰਧੇਰੀ ਰਾਤ, ਰਾਤੀਂ ਸੁਤਿਆਂ ਸਰਬ ਵਿਹਾਈਆ। ਜਿਸ ਜਨ ਖੋਲ੍ਹੇ ਆਪਣਾ ਤਾਕ, ਸੋ ਜਨ ਸਤਿਗੁਰ ਦਰਸ਼ਨ ਪਾਈਆ। ਸ੍ਰਿਸ਼ਟ ਸਬਾਈ ਮਾਟੀ ਖ਼ਾਕ, ਅੰਤ ਖ਼ਾਕੀ ਖ਼ਾਕ ਵਖਾਈਆ। ਝੂਠਾ ਨਾਤਾ ਸੱਜਣ ਸਾਕ, ਮਾਤ ਪਿਤ ਭਾਈ ਭੈਣ ਬੰਧਪ ਸੁਤ ਨਾ ਕੋਇ ਰਖਾਈਆ। ਸਤਿਗੁਰ ਪੂਰਾ ਪੂਰਾ ਕਰੇ ਭਵਿਖਤ ਵਾਕ, ਵਾਕ ਵਾਕ ਨਾਲ ਮਿਲਾਈਆ। ਬੇਐਬ ਖ਼ੁਦਾਈ ਪਾਕੀ ਪਾਕ, ਖ਼ਾਲਕ ਖ਼ਲਕ ਰਿਹਾ ਸਮਾਈਆ। ਸਾਹਿਬ ਸੁਹੇਲਾ ਕਮਲਾਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਬਹਾਈਆ। ਸਾਚੇ ਘਰ ਹਰਿਜਨ ਬਹਿਣਾ, ਸਤਿਗੁਰ ਪੂਰਾ ਆਪ ਬਹਾਇੰਦਾ। ਪਹਿਲਾ ਦਰਸ ਦਿਖਾਏ ਨੈਣਾਂ, ਦੂਜਾ ਜਗਤ ਮੋਹ ਚੁਕਾਇੰਦਾ। ਤੀਜੇ ਜਨ ਭਗਤਾਂ ਮੰਨੇ ਕਹਿਣਾ, ਭੁੱਲ ਕਦੇ ਨਾ ਜਾਇੰਦਾ। ਚੌਥੇ ਪਦ ਸਦਾ ਰਹਿਣਾ, ਇਕੋ ਦਰ ਵਖਾਇੰਦਾ। ਪੰਚਮ ਨਾਦ ਧੁਨ ਵਖਾਏ ਨੈਣਾਂ, ਆਪਣਾ ਨਾਦ ਆਪ ਵਜਾਇੰਦਾ। ਛੇਵੇਂ ਛੱਪਰ ਛੰਨ ਕੋਇ ਨਾ ਰਹਿਣਾ, ਜੋ ਉਪਜੇ ਸੋ ਭੰਨੇ ਥਿਰ ਕੋਇ ਰਹਿਣ ਨਾ ਪਾਇੰਦਾ। ਸਤਵੇਂ ਸਤਿ ਸਤਿਵਾਦੀ ਭਾਣਾ ਸਹਿਣਾ, ਹਰਿ ਭਾਣੇ ਸਦ ਸਮਾਇੰਦਾ। ਜਨ ਭਗਤਾਂ ਚੁਕਾਏ ਲਹਿਣਾ ਦੇਣਾ, ਦੇਣਾ ਲਹਿਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਦਾਤਾ ਇਕ ਅਖਵਾਇੰਦਾ। ਬਿਸਤਰੇ ਮਰਗ ਚਿੱਟਾ ਬਸਤਰ, ਬਿਸਤਰਾ ਏਕਾ ਏਕ ਵਖਾਈਆ। ਧਾਮ ਵਖਾਇਆ ਇਕ ਅਸਥਿਰ, ਥਿਰ ਆਪਣਾ ਘਰ ਵਡਿਆਈਆ। ਨਿਸ਼ਾਨ ਝੁਲਾਏ ਇਕੋ ਹਰਿ, ਹਰਿ ਵੱਡਾ ਬੇਪਰਵਾਹੀਆ। ਜਗਤ ਨਿਸ਼ਾਨਿਆਂ ਚੁਕਾ ਡਰ, ਜੋ ਸਤਿਗੁਰ ਸਰਨ ਆਏ ਸਰਨਾਈਆ। ਏਕਾ ਸੇਜਾ ਗੁਰਸਿਖ ਗੁਰ ਬੈਠੇ ਚੜ੍ਹ, ਦਰ ਸਾਚੇ ਖ਼ੁਸ਼ੀ ਮਨਾਈਆ। ਪੱਲੂ ਪੱਲਾ ਲਿਆ ਫੜ, ਛੁੱਟ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਤੀਂ ਸੁਤਿਆਂ ਆਪਣੀ ਗੋਦ ਬਹਾਈਆ। ਬਹਾਏ ਗੋਦੀ ਕਰੇ ਲਾਡ, ਜਿਉਂ ਬਾਲਕ ਮਾਤ ਸਖਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣੇ ਹੱਥ ਉਠਾਈਆ। ਜਗਤ ਅੰਧੇਰਾ ਡੂੰਘੀ ਖਾਡ, ਹਰਿ ਸਤਿਗੁਰ ਹੋਏ ਸਹਾਈਆ। ਕੋਟਨ ਕੋਟ ਭਾਰ ਗਏ ਲਾਦ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਰਾਤੀਂ ਸੁਤਿਆਂ ਦੇਵੇ ਦਾਦ, ਦੀਦ ਈਦ ਦਰਸ ਦਿਖਾਈਆ। ਬਿਨ ਯਾਦੋਂ ਰੱਖੇ ਯਾਦ, ਭੁੱਲ ਕਦੇ ਨਾ ਜਾਈਆ। ਕਲਜੁਗ ਅੰਤ ਦੇ ਕੇ ਜਾਵੇ ਆਧ, ਹਿੱਸਾ ਲੋਕਮਾਤ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਵਖਾਈਆ। ਸਚ ਨਿਸ਼ਾਨਾ ਧਰਮ ਖੰਡ, ਸਰਮ ਖੰਡ ਭੇਵ ਚੁਕਾਇਆ। ਕਰਮ ਖੰਡ ਨਾ ਦੇਵੇ ਦੰਡ, ਏਕਾ ਡੰਕਾ ਨਾਮ ਵਜਾਇਆ। ਗਿਆਨ ਖੰਡ ਟੁੱਟਾ ਘਮੰਡ, ਹਰਿ ਆਪਣੇ ਰੰਗ ਰੰਗਾਇਆ। ਸਚਖੰਡ ਵੱਜੇ ਮਰਦੰਗ, ਗੁਰਮੁਖ ਸੱਚਾ ਸੋਭਾ ਪਾਇਆ। ਆਦਿ ਜੁਗਾਦਿ ਜੁਗ ਜੁਗ ਇਕੋ ਅਨੰਦ, ਅਨੰਦ ਮੰਗਲ ਏਕਾ ਗਾਇਆ। ਨਾ ਕੋਈ ਸੂਰਜ ਨਾ ਕੋਈ ਚੰਦ, ਬ੍ਰਹਿਮੰਡ ਰੂਪ ਨਾ ਕੋਇ ਵਖਾਇਆ। ਜਨ ਭਗਤਾਂ ਹੋਏ ਆਪ ਬਖ਼ਸ਼ੰਦ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇਆ।