੬ ਮੱਘਰ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ
ਏਕਾ ਓਟ ਹਰਿ ਹਰਿ ਸਵਾਮੀ, ਦੂਸਰ ਓਟ ਨਾ ਕੋਇ ਰਖਾਈਆ। ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਕਰਮੀ ਕਰਮ ਕਮਾਈਆ। ਘਟ ਘਟ ਅੰਤਰ ਅੰਤਰਜਾਮੀ, ਇਕ ਇਕੱਲਾ ਬੇਪਰਵਾਹੀਆ। ਨਾਦ ਅਨਾਦ ਸੁਣਾਏ ਅਗੰਮੀ ਬਾਣੀ, ਸ਼ਬਦੀ ਸ਼ਬਦ ਧੁਨ ਸ਼ਨਵਾਈਆ। ਅੰਮ੍ਰਿਤ ਦੇਵੇ ਠੰਡਾ ਪਾਣੀ, ਸਰ ਸਰੋਵਰ ਇਕ ਨੁਹਾਈਆ। ਆਤਮ ਪਰਮਾਤਮ ਜਾਣ ਜਾਣੀ, ਜਾਨਣਹਾਰ ਵਡ ਵਡਿਆਈਆ। ਏਕਾ ਦੇਵੇ ਸਚ ਨਿਸ਼ਾਨੀ, ਨਾਮ ਨਿਧਾਨਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਇਕ ਅਖਵਾਈਆ। ਸਚ ਸਵਾਮੀ ਹਰਿ ਭਗਵੰਤ, ਏਕਾ ਰੰਗ ਸਮਾਇਆ। ਆਦਿ ਜੁਗਾਦਿ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਇਆ। ਹਰਿਜਨ ਜਾਣੇ ਵਿਰਲਾ ਸੰਤ, ਜਿਸ ਜਨ ਆਪਣੀ ਬੂਝ ਬੁਝਾਇਆ। ਗੜ੍ਹ ਤੋੜੇ ਹਉਂਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇਆ। ਤਨ ਚਾੜ੍ਹੇ ਨਾਮ ਰੰਗਤ, ਰੰਗ ਰੰਗੀਲਾ ਇਕ ਰੰਗਾਇਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੱਜਣ ਦਏ ਕਰਾਇਆ। ਨਾਤਾ ਤੋੜੇ ਭੁੱਖ ਨੰਗਤ, ਸਾਚੀ ਵਸਤ ਝੋਲੀ ਪਾਇਆ। ਮਾਣਸ ਜਨਮ ਨਾ ਹੋਏ ਭੰਗਤ, ਲੱਖ ਚੁਰਾਸੀ ਦਏ ਕਟਾਇਆ। ਇਕ ਜਣਾਏ ਆਪਣਾ ਅਨੰਦਤ, ਨਿਜ ਆਤਮ ਕਰ ਰੁਸ਼ਨਾਇਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹ ਪੜ੍ਹ ਹੱਥ ਕਿਸੇ ਨਾ ਆਇਆ। ਜਿਸ ਜਨ ਬਣਾਏ ਆਪੇ ਬਣਤ, ਤਿਸ ਸਤਿਗੁਰ ਲਏ ਮਿਲਾਇਆ। ਕਰੇ ਖੇਲ ਜੁਗਾ ਜੁਗੰਤ, ਹਰਿਜਨ ਸਾਚੇ ਲਏ ਉਠਾਇਆ। ਏਕਾ ਨਾਮ ਮਣੀਆਂ ਮੰਤ, ਮਨ ਕਾ ਮਣਕਾ ਦਏ ਭੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਸਚ ਸਵਾਮੀ ਨਾਉਂ ਧਰਾਇਆ। ਸਚ ਸਵਾਮੀ ਸ੍ਰੀ ਭਗਵਾਨ, ਏਕਾ ਰੰਗ ਸਮਾਇੰਦਾ। ਆਦਿ ਜੁਗਾਦੀ ਧੁਰ ਫ਼ਰਮਾਣ, ਹਰਿਜਨ ਸਾਚੇ ਆਪ ਸੁਣਾਇੰਦਾ। ਕਾਇਆ ਮੰਦਰ ਬੈਠ ਮਕਾਨ, ਸਚ ਸਿੰਘਾਸਣ ਆਸਣ ਲਾਇੰਦਾ। ਏਕਾ ਨਾਦ ਸ਼ਬਦ ਧੁਨ ਕਾਨ, ਧੁਨ ਆਤਮਕ ਰਾਗ ਸੁਣਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਇੰਦਾ। ਆਤਮ ਜੋਤੀ ਨੂਰ ਮਹਾਨ, ਜੋਤ ਨਿਰੰਜਣ ਡਗਮਗਾਇੰਦਾ। ਲੇਖਾ ਜਾਣੇ ਧੁਰ ਦੀ ਬਾਣ, ਧੁਰ ਦਾ ਲੇਖਾ ਆਪਣੇ ਹੱਥ ਰਖਾਇੰਦਾ। ਖੇਲੇ ਖੇਲ ਦੋ ਜਹਾਨ, ਦੋ ਜਹਾਨਾਂ ਵਾਲੀ ਅਖਵਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨ, ਮੰਡਲ ਮੰਡਪ ਸੋਭਾ ਪਾਇੰਦਾ। ਹਰਿਜਨ ਹਰਿ ਜੂ ਬਿਨ ਪੜ੍ਹਿਆਂ ਦੇਵੇ ਗਿਆਨ, ਆਤਮ ਤਾਕ ਆਪ ਖੁਲ੍ਹਾਇੰਦਾ। ਨੇਤਰ ਖੋਲ੍ਹ ਇਕ ਮਿਹਰਵਾਨ, ਦੋਏ ਲੋਚਣ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਨਾਉਂ ਧਰਾਇੰਦਾ। ਸਚ ਸਵਾਮੀ ਪਾਰਬ੍ਰਹਮ, ਪਰਮ ਪੁਰਖ ਵਡੀ ਵਡਿਆਈਆ। ਆਦਿ ਜੁਗਾਦੀ ਜਾਣੇ ਆਪਣਾ ਕੰਮ, ਜੁਗ ਜੁਗ ਆਪਣਾ ਵੇਸ ਵਟਾਈਆ। ਨਾ ਮਰੇ ਨਾ ਪਏ ਜੰਮ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਆਪ ਪਰਗਟਾਏ ਆਪਣਾ ਨਾਮ, ਨਾਉਂ ਨਿਰੰਕਾਰਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਆਪਣਾ ਭੇਵ ਚੁਕਾਈਆ। ਸਚ ਸਵਾਮੀ ਆਪਣਾ ਨਾਉਂ ਰੱਖ, ਹਰਿ ਸਾਚਾ ਖੇਲ ਖਲਾਇੰਦਾ। ਸਚਖੰਡ ਦੁਆਰੇ ਹੋ ਪਰਤੱਖ, ਨਿਰਗੁਣ ਆਪਣਾ ਨੂਰ ਡਗਮਗਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਖੇਲ ਖਲਾਇੰਦਾ। ਸਚ ਸਵਾਮੀ ਆਦਿ ਨਿਰੰਜਣ, ਆਦਿ ਪੁਰਖ ਵਡੀ ਵਡਿਆਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਦਰਦ ਦੁੱਖ ਭੈ ਭੰਜਨ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜਨ ਭਗਤਾਂ ਦੇਵੇ ਨੇਤਰ ਨਾਮ ਅੰਞਣ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਧੁਵਾਈਆ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਦੀਨਨ ਹੋਏ ਸਹਾਈਆ। ਏਥੇ ਓਥੇ ਦੋ ਜਹਾਨਾਂ ਸਾਚਾ ਸੱਜਣ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਵਡ ਵਡਿਆਈਆ। ਸਚ ਸਵਾਮੀ ਸੂਰਬੀਰ, ਏਕਾ ਪੁਰਖ ਅਖਵਾਇੰਦਾ। ਇਕ ਇਕੱਲਾ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਇੰਦਾ। ਬਦਲਣਹਾਰਾ ਆਪ ਤਕਦੀਰ, ਤਦਬੀਰ ਆਪਣੇ ਹੱਥ ਵਖਾਇੰਦਾ। ਵੇਖਣਹਾਰ ਆਪ ਤਕਸੀਰ, ਸ਼ਰਅ ਜ਼ੰਜੀਰ ਆਪ ਕਟਾਇੰਦਾ। ਜਲਵਾ ਦੇਵੇ ਇਕ ਨੂਰ ਜ਼ਹੂਰ ਜ਼ਹੀਰ, ਜ਼ਾਹਰਾ ਆਪਣੀ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਸਵਾਮੀ ਨਾਉਂ ਧਰਾਇੰਦਾ। ਸਚ ਸਵਾਮੀ ਬੇਐਬ ਪਰਵਰਦਿਗਾਰ, ਏਕਾ ਏਕ ਵਡੀ ਵਡਿਆਈਆ। ਮੁਕਾਮੇ ਹੱਕ ਵਸੇ ਸਾਂਝਾ ਯਾਰ, ਬੇਐਬ ਨਾਮ ਖ਼ੁਦਾਈਆ। ਖੇਲੇ ਖੇਲ ਅਪਰ ਅਪਾਰ, ਅਗੰਮ ਅਗੰਮੜੀ ਧਾਰ ਚਲਾਈਆ। ਰਾਮ ਰੂਪ ਆਪ ਨਿਰੰਕਾਰ, ਹਰ ਘਟ ਰਮਿਆਂ ਸੱਚਾ ਸਾਈਂਆ। ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰਾ ਦਿਸ ਨਾ ਆਈਆ। ਸਚਖੰਡ ਨਿਰਗੁਣ ਜੋਤ ਕਰ ਉਜਿਆਰ, ਸਾਚਾ ਬੰਕ ਕਰੇ ਰੁਸ਼ਨਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜ, ਦਰ ਦੁਵਾਰਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਆਪੇ ਵਸੇ ਨਾਰੀ ਕੰਤ, ਕੰਤ ਕੰਤੂਹਲ ਆਪਣਾ ਖੇਲ ਕਰਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਸਚ ਸਵਾਮੀ ਆਪਣੇ ਰੰਗ ਸਮਾਇੰਦਾ। ਆਪਣੇ ਰੰਗ ਰਵੇ ਕਰਤਾਰ, ਕਰਤਾ ਪੁਰਖ ਵਡੀ ਵਡਿਆਈਆ। ਮਹੱਲ ਅਟੱਲ ਉਚ ਮਨਾਰ, ਸਚਖੰਡ ਦੁਆਰ ਸਾਚੇ ਸੋਭਾ ਪਾਈਆ। ਨਾ ਕੋਈ ਦੀਸੇ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਨ ਨਾ ਕੋਇ ਉਜਿਆਰ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਪ੍ਰਿਥਮੀ ਆਕਾਸ਼ ਨਾ ਕੋਇ ਵਿਹਾਰ, ਗਗਨ ਮੰਡਲ ਨਾ ਸੋਭਾ ਪਾਈਆ। ਏਕੰਕਾਰਾ ਇਕ ਇਕੱਲਾ ਕਰ ਪਸਾਰ, ਆਪ ਆਪਣਾ ਵੇਖ ਵਖਾਈਆ । ਸ਼ਾਹੋ ਭੂਪ ਬਣ ਸਿਕਦਾਰ, ਸ਼ਾਹ ਸੁਲਤਾਨ ਨਾਉਂ ਅਖਵਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਸਾਚਾ ਹੁਕਮ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਸਚ ਸੁਵਾਮੀ ਸਦਾ ਸਾਲਾਹੀਆ। ਸਚ ਸਵਾਮੀ ਸਾਲਾਹਣ ਯੋਗ, ਭੇਵ ਕੋਇ ਨਾ ਪਾਇੰਦਾ। ਨਾ ਕੋਈ ਰਸ ਨਾ ਕੋਈ ਭੋਗ, ਬਿਲਾਸ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਸੰਜੋਗ ਨਾ ਵਿਜੋਗ, ਵਿਛੋੜਾ ਕਦੇ ਨਾ ਹੱਥ ਰਖਾਇੰਦਾ। ਨਾ ਕੋਈ ਮੁਕਤ ਨਾ ਕੋਈ ਮੋਖ, ਆਪਣੀ ਜੋਤ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਰੋਗ ਨਾ ਕੋਇ ਜਣਾਇੰਦਾ। ਨਾ ਕੋਈ ਕਿਲਾ ਨਾ ਕੋਈ ਕੋਟ, ਮੰਦਰ ਮੱਠ ਨਾ ਕੋਇ ਰਖਾਇੰਦਾ। ਨਾ ਕੋਈ ਨਾਦ ਸ਼ਬਦ ਧੁਨ ਸਲੋਕ, ਗੀਤ ਗੋਬਿੰਦ ਨਾ ਕੋਇ ਅਲਾਇੰਦਾ। ਨਾ ਕੋਈ ਨਗਾਰਾ ਨਾ ਕੋਈ ਚੋਟ, ਨਾ ਕੋਈ ਤਾਲ ਤਲਵਾੜਾ ਵਜਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਿਰਮਲ ਜੋਤ, ਦੂਜਾ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕੋ ਹਰਿ, ਹਰਿ ਸਚ ਸਵਾਮੀ ਖੇਲ ਕਰਾਇੰਦਾ। ਸਚ ਸਵਾਮੀ ਖੇਲੇ ਖੇਲ, ਆਦਿ ਪੁਰਖ ਵਡੀ ਵਡਿਆਈਆ। ਨਿਰਗੁਣ ਦੀਪਕ ਜੋਤ ਜਗੇ ਬਿਨ ਬਾਤੀ ਤੇਲ, ਹਰਿ ਪੁਰਖ ਨਿਰੰਜਣ ਆਪ ਜਗਾਈਆ। ਏਕੰਕਾਰਾ ਵਸੇ ਧਾਮ ਨਵੇਲ, ਸਚਖੰਡ ਦੁਆਰੇ ਆਸਣ ਲਾਈਆ। ਆਦਿ ਨਿਰੰਜਣ ਅਚਰਜ਼ ਖੇਲ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪ ਕਰਾਈਆ। ਸ੍ਰੀ ਭਗਵਾਨ ਸੱਜਣ ਸੁਹੇਲ, ਆਦਿ ਜੁਗਾਦਿ ਨਾ ਮਰੇ ਨਾ ਜਾਈਆ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਵਕਤ ਵੇਲ, ਥਿਤ ਵਾਰ ਨਾ ਕੋਇ ਵਖਾਈਆ। ਪਾਰਬ੍ਰਹਮ ਬ੍ਰਹਮ ਮੇਲਾ ਮੇਲ, ਮਿਲ ਮਿਲ ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕੋ ਹਰਿ, ਸਚ ਸਵਾਮੀ ਆਪਣੇ ਘਰ ਸੋਭਾ ਪਾਈਆ। ਸਾਚਾ ਘਰ ਧੁਰ ਦਰਬਾਰਾ, ਧੁਰ ਦਰਬਾਰੀ ਆਪ ਬਣਾਇੰਦਾ। ਇਕ ਇਕੱਲਾ ਵਸੇ ਏਕੰਕਾਰਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਆਪੇ ਪੁਰਖ ਆਪੇ ਨਾਰਾ, ਕੰਤ ਕੰਤੂਹਲ ਆਪੇ ਸੇਜ ਹੰਢਾਇੰਦਾ। ਆਪੇ ਦਾਈ ਦਾਇਆ ਬਣ ਸੱਚੀ ਸਰਕਾਰਾ, ਸੇਵਕ ਸਾਚੀ ਸੇਵ ਕਮਾਇੰਦਾ। ਆਪੇ ਜਨਨੀ ਜਨ ਕਰੇ ਪ੍ਰਿਤਪਾਲਾ, ਪਿਤਾ ਪੂਤ ਗੋਦ ਸੁਹਾਇੰਦਾ। ਆਪੇ ਵਣਜ ਆਪ ਵਪਾਰਾ, ਆਪੇ ਸਾਚਾ ਹੱਟ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕੋ ਹਰਿ, ਸਚ ਸਵਾਮੀ ਭੇਵ ਚੁਕਾਇੰਦਾ। ਸਚ ਸਵਾਮੀ ਭੇਵ ਖੋਲ੍ਹ, ਅਭੇਦ ਆਪ ਜਣਾਈਆ। ਆਪਣੇ ਅੰਦਰ ਆਪੇ ਮੌਲ, ਆਪਣਾ ਘਰ ਵਸਾਈਆ। ਆਪੇ ਜਾਣੇ ਆਪਣਾ ਕੌਲ, ਆਪਣੀ ਕਰਨੀ ਆਪ ਰਖਾਈਆ। ਆਪੇ ਤੋਲੇ ਆਪਣਾ ਤੋਲ, ਤੋਲਣਹਾਰ ਬੇਪਰਵਾਹੀਆ। ਆਪੇ ਪਰਦਾ ਆਪੇ ਓਹਲ, ਆਪੇ ਨੂਰ ਨੁਰਾਨਾ ਡਗਮਗਾਈਆ। ਆਪੇ ਵਸੇ ਸਦਾ ਕੋਲ, ਆਪੇ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਦਇਆ ਕਮਾਈਆ। ਸਚ ਸਵਾਮੀ ਦਇਆ ਕਮਾ, ਆਪਣਾ ਰੰਗ ਵਖਾਇਆ। ਸੁਤ ਦੁਲਾਰਾ ਏਕਾ ਜਾ, ਸ਼ਬਦੀ ਨਾਉਂ ਧਰਾਇਆ। ਥਿਰ ਘਰ ਸਾਚੇ ਦਿਤਾ ਬਹਾ, ਸਿਰ ਆਪਣਾ ਹੱਥ ਰਖਾਇਆ। ਏਕਾ ਗੁਣ ਦਿਤਾ ਜਣਾ, ਅਭੁਲ ਭੁੱਲ ਕਦੇ ਨਾ ਜਾਈਆ। ਸਾਚਾ ਮਾਰਗ ਇਕ ਵਖਾ, ਏਕਾ ਰਾਹ ਚਲਾਇਆ। ਏਕਾ ਵਸਤ ਝੋਲੀ ਪਾ, ਸਚ ਭੰਡਾਰ ਭਰਾਇਆ। ਏਕਾ ਢੋਲਾ ਆਪ ਸੁਣਾ, ਸਾਚਾ ਨਾਉਂ ਦ੍ਰਿੜਾਇਆ। ਏਕਾ ਚੋਲਾ ਆਪ ਬਦਲਾ, ਰੂਪ ਅਨੂਪ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਦਏ ਵਡਿਆਇਆ। ਥਿਰ ਘਰ ਵਸੇ ਸ਼ਬਦੀ ਸੁਤ, ਪੁਰਖ ਅਬਿਨਾਸ਼ੀ ਆਪ ਬਹਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਬੇਅੰਤ ਵਡੀ ਵਡਿਆਈਆ। ਘਰ ਵਿਚ ਘਰ ਸੋਹੇ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਨਾ ਕੋਈ ਕਾਇਆ ਨਾ ਕੋਈ ਬੁੱਤ, ਹਰਿ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਸਾਚੀ ਵਸਤ ਵਰਤਾਈਆ। ਸਾਚੀ ਵਸਤ ਹਰਿ ਨਿਰੰਕਾਰ, ਸ਼ਬਦੀ ਸੁਤ ਵਰਤਾਇੰਦਾ। ਤ੍ਰੈ ਤ੍ਰੈ ਮੇਲਾ ਏਕਾ ਵਾਰ, ਏਕਾ ਗੁਣ ਵਖਾਇੰਦਾ। ਮੇਰਾ ਰੂਪ ਨਿਰਾਕਾਰ, ਨਿਰਵੈਰ ਆਪ ਜਣਾਇੰਦਾ। ਮੇਰਾ ਨਾਉਂ ਅਗੰਮੀ ਨਾਦ, ਅਨਾਦੀ ਨਾਦ ਵਜਾਇੰਦਾ। ਤੇਰਾ ਖੇਲ ਵਿਚ ਬ੍ਰਹਿਮਾਂਡ, ਪਾਰਬ੍ਰਹਮ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਬੂਝ ਬੁਝਾਇੰਦਾ। ਸਚ ਸਵਾਮੀ ਦੱਸੇ ਰਾਹ, ਏਕਾ ਗੁਣ ਜਣਾਇਆ। ਸੁਤ ਦੁਲਾਰੇ ਬਣ ਮਲਾਹ, ਸਾਚਾ ਬੇੜਾ ਰਿਹਾ ਵਖਾਇਆ। ਨਿਰਗੁਣ ਨਿਰਗੁਣ ਪਕੜੇ ਬਾਂਹ, ਸਾਚੀ ਸੇਵ ਕਮਾਇਆ। ਕਰੇ ਖੇਲ ਬੇਪਰਵਾਹ, ਭੇਵ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਵਖਾਇਆ। ਸਾਚਾ ਰਾਹ ਸ੍ਰੀ ਭਗਵਾਨ, ਏਕਾ ਵਾਰ ਜਣਾਈਆ। ਨਿਰਗੁਣ ਸਰਗੁਣ ਵੇਖ ਨਿਸ਼ਾਨ, ਗੁਣ ਅਵਗੁਣ ਦਏ ਸਮਝਾਈਆ। ਬੰਸ ਸਰਬੰਸ ਕਰ ਪਰਵਾਨ, ਵਸਤ ਅਮੋਲਕ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਬੰਧਾਈਆ। ਸਾਚੀ ਧਾਰ ਚਲੇ ਅਪਾਰ, ਅਪਰੰਪਰ ਆਪ ਜਣਾਇੰਦਾ। ਸ਼ਬਦੀ ਖੇਲ ਹੋਏ ਵਿਚਾਰ, ਲੇਖਾ ਲੇਖ ਨਾ ਕੋਇ ਰਖਾਇੰਦਾ। ਭਗਵਨ ਰੂਪ ਕਰੇ ਅਪਾਰ, ਰੂਪ ਅਨੂਪ ਆਪ ਧਰਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪ ਹੋ ਜਾਇੰਦਾ। ਆਪੇ ਪੁਰਖ ਆਪੇ ਨਾਰ, ਜਨ ਜਨਨੀ ਆਪ ਅਖਵਾਇੰਦਾ। ਆਪੇ ਸੁਤ ਦੁਲਾਰਾ ਕਰੇ ਪਿਆਰ, ਸਾਚੀ ਗੋਦ ਆਪ ਬਹਾਇੰਦਾ। ਆਪੇ ਵਿਸ਼ਵ ਵਿਸ਼ਨੂੰ ਕਰ ਤਿਆਰ, ਆਪਣਾ ਰੰਗ ਵਖਾਇੰਦਾ। ਆਪੇ ਅੰਮ੍ਰਿਤ ਠੰਡਾ ਠਾਰ, ਸਚ ਪਿਆਲਾ ਆਪ ਪਿਆਇੰਦਾ। ਆਪੇ ਕਵਲ ਕਵਲਾ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਆਪੇ ਪਾਰਬ੍ਰਹਮ ਬ੍ਰਹਮ ਪਸਾਰ, ਬ੍ਰਹਮ ਆਪਣੀ ਵੰਡ ਵੰਡਾਇੰਦਾ। ਆਪੇ ਸ਼ੰਕਰ ਕਰ ਉਜਿਆਰ, ਸਾਖਯਾਤ ਰੂਪ ਹੋ ਆਇੰਦਾ। ਤਿੰਨਾਂ ਵਿਚੋਲਾ ਏਕਾ ਵਾਰ, ਏਕਾ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਵੇਸ ਵਟਾਇੰਦਾ। ਸਚ ਸਵਾਮੀ ਵੇਸ ਅਵੱਲਾ, ਏਕਾ ਏਕ ਕਰਾਇਆ। ਵਸਣਹਾਰਾ ਸਚ ਮਹੱਲਾ, ਦਰ ਘਰ ਸਾਚਾ ਆਪ ਸੁਹਾਇਆ। ਨਿਰਗੁਣ ਨਿਰਾਕਾਰ ਫੜਾਏ ਪੱਲਾ, ਪੱਲੂ ਆਪਣਾ ਗੰਢ ਪੁਵਾਇਆ। ਵਿਸ਼ਨ ਬ੍ਰਹਮਾ ਸ਼ਿਵ ਜੋਤੀ ਧਾਰ ਰਲਾ, ਨੂਰ ਨੁਰਾਨਾ ਨੂਰ ਸਮਾਇਆ। ਧੁਰ ਫ਼ਰਮਾਣਾ ਸਚ ਸੰਦੇਸ਼ ਏਕਾ ਘੱਲਾ, ਏਕਾ ਨਾਉਂ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇਆ। ਸਾਚਾ ਭੇਵ ਆਪੇ ਦੱਸ, ਹਰਿ ਜੂ ਆਪਣੀ ਦਇਆ ਕਮਾਈਆ। ਆਪੇ ਦਿਤਾ ਆਪਣਾ ਰਸ, ਰਸ ਰਸੀਆ ਆਪ ਹੋ ਜਾਈਆ। ਅੰਤਰ ਅੰਤਰ ਆਪੇ ਵਸ, ਆਪਣਾ ਨੂਰ ਕਰੇ ਰੁਸ਼ਨਾਈਆ। ਆਪੇ ਜੋਤ ਆਪ ਪਰਕਾਸ਼, ਆਪੇ ਰਿਹਾ ਡਗਮਗਾਈਆ। ਆਪੇ ਦਾਸੀ ਆਪੇ ਦਾਸ, ਆਪੇ ਸੇਵਕ ਸੇਵ ਕਮਾਈਆ। ਆਪੇ ਸ਼ਾਹੋ ਭੂਪ ਸ਼ਹਿਨਸ਼ਾਹ ਕਹੇ ਸ਼ਾਬਾਸ਼, ਸ਼ਾਹ ਸੁਲਤਾਨ ਵਡੀ ਵਡਿਆਈਆ। ਆਪੇ ਵਸੇ ਸਦਾ ਪਾਸ, ਆਪ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸਾਚਾ ਭੇਵ ਹਰਿ ਨਿਰੰਕਾਰਾ, ਆਪਣਾ ਆਪ ਜਣਾਇੰਦਾ। ਵਿਸ਼ਨੂੰ ਤੇਰਾ ਵਿਸ਼ਵ ਪਸਾਰਾ, ਸਾਚੀ ਸੇਵਾ ਇਕ ਰਖਾਇੰਦਾ। ਬ੍ਰਹਮਾ ਤੇਰਾ ਬ੍ਰਹਮ ਅਧਾਰਾ, ਪਾਰਬ੍ਰਹਮ ਸਮਝਾਇੰਦਾ। ਸ਼ੰਕਰ ਤੇਰੀ ਤਿੱਖੀ ਧਾਰਾ, ਨਾ ਕੋਈ ਮੇਟ ਮਿਟਾਇੰਦਾ। ਤਿੰਨਾਂ ਵਿਚੋਲਾ ਏਕੰਕਾਰਾ, ਏਕਾ ਰੰਗ ਵਖਾਇੰਦਾ। ਸਾਚੀ ਸੇਵਾ ਅਪਰ ਅਪਾਰਾ, ਹਰਿ ਸਾਚਾ ਸਚ ਸਮਝਾਇੰਦਾ। ਦੋਏ ਦੋਏ ਜੋੜ ਕਰ ਨਿਮਸਕਾਰਾ, ਤ੍ਰੈ ਤ੍ਰੈ ਏਕਾ ਮੰਗ ਮੰਗਾਇੰਦਾ। ਤ੍ਰੈ ਤ੍ਰੈ ਦੇਵੇ ਵਸਤ ਹਰਿ ਥਾਰਾ, ਥਿਰ ਘਰ ਸਾਚੇ ਆਪ ਵਰਤਾਇੰਦਾ। ਤ੍ਰੈ ਤ੍ਰੈ ਭਰ ਆਪ ਭੰਡਾਰਾ, ਸਤੋ ਰਜੋ ਤਮੋ ਝੋਲੀ ਪਾਇੰਦਾ। ਰਜੋ ਤਮੋ ਸਤੋ ਕਰਨ ਨਿਮਸਕਾਰਾ, ਨਿਵਣ ਸੋ ਅੱਖਰ ਇਕ ਵਖਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਆਪਣੀ ਝੋਲੀ ਇਕ ਜਣਾਇੰਦਾ। ਤੂੰ ਸਾਹਿਬ ਦੇਵਣਹਾਰਾ, ਹਉਂ ਯਾਚਕ ਮੰਗ ਮੰਗਾਇੰਦਾ। ਅਤੁਟ ਤੇਰਾ ਭੰਡਾਰਾ, ਤੋਟ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਮੰਗ ਏਕਾ ਵਾਰ ਮੰਗਾਇੰਦਾ। ਸਾਚੀ ਮੰਗ ਮੰਗੀ ਧੁਰ ਦਰਬਾਰ, ਧੁਰ ਦਰਬਾਰੀ ਦਇਆ ਕਮਾਈਆ। ਤ੍ਰੈਗੁਣ ਮੇਲਾ ਏਕਾ ਵਾਰ, ਏਕਾ ਘਰ ਮਿਲੇ ਵਡਿਆਈਆ। ਤ੍ਰੈਗੁਣ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਮੈਨੂੰ ਕਵਣ ਕਰੇ ਪਿਆਰ, ਮੇਰਾ ਸੰਗ ਕਵਣ ਨਿਭਾਈਆ। ਕਰ ਕਿਰਪਾ ਦੇ ਆਧਾਰ, ਤੇਰੇ ਹੱਥ ਵਡੀ ਵਡਿਆਈਆ। ਚੌਥਾ ਘਰ ਤੇਰਾ ਘਰ ਬਾਰ, ਓਥੇ ਕੋਇ ਰਹਿਣ ਨਾ ਪਾਈਆ। ਤੂੰ ਘਾੜਤ ਘੜਿਆ ਬਣ ਠਠਿਆਰ, ਸਾਡੀ ਬਣਤ ਬਣਾਈਆ। ਨਾ ਕੋਈ ਵੇਖੇ ਵੇਖਣਹਾਰ, ਨਜ਼ਰ ਵਿਚ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਦੇਣੀ ਵਰਤਾਈਆ । ਪਹਿਲੀ ਵਸਤ ਤੇਰਾ ਸਚਖੰਡ ਦੁਆਰਾ, ਦੂਜੇ ਥਿਰ ਘਰ ਮਿਲੇ ਵਡਿਆਈਆ। ਤੀਜੇ ਉਪਜਾਇਆ ਤੇਰਾ ਸ਼ਬਦੀ ਸੁਤ ਦੁਲਾਰਾ, ਚੌਥੇ ਵਿਸ਼ਨ ਬ੍ਰਹਮਾ ਸ਼ਿਵ ਹੋਈ ਕੁੜਮਾਈਆ। ਪੰਜਵੇਂ ਦੇਣਾ ਸਚ ਸਹਾਰਾ, ਪੰਜ ਤੱਤ ਨਾਉਂ ਰਖਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਕਰ ਪਿਆਰਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਤੇਰੇ ਦਰ ਜਗਾਈ ਅਲਖ, ਅਲੱਖ ਬੇਪਰਵਾਹਿਆ। ਸਾਡੀ ਲੈਣੀ ਪੱਤ ਰੱਖ, ਦਰ ਤੇਰੇ ਸੀਸ ਝੁਕਾਇਆ। ਆਪਣੇ ਨਾਲੋਂ ਕੀਤਾ ਵੱਖ, ਤ੍ਰੈਗੁਣ ਮਾਇਆ ਨਾਉਂ ਧਰਾਇਆ। ਸਾਡਾ ਭਾਂਡਾ ਨਾ ਰਹੇ ਸੱਖ, ਸਖਣੀ ਝੋਲੀ ਦੇ ਭਰਾਇਆ । ਮੈਂ ਤੇਰੇ ਚਰਨਾਂ ਰਹੀ ਤੱਕ, ਨੇਤਰ ਨੈਣਾਂ ਨੀਰ ਵਹਾਇਆ। ਤੂੰ ਦੇਣਾ ਮੇਰਾ ਹੱਕ, ਸਾਚੀ ਵੰਡਣ ਵੰਡ ਵੰਡਾਇਆ। ਪੰਜ ਤੱਤ ਮੇਰਾ ਸਾਥ, ਸਗਲਾ ਸੰਗ ਨਿਭਾਇਆ। ਨਿਰਗੁਣ ਸਰਗੁਣ ਚਲਾਉਣਾ ਰਾਥ, ਬਣ ਰਥਵਾਹੀ ਸੇਵ ਕਮਾਇਆ। ਆਪਣਾ ਮਾਰਗ ਦੇਣਾ ਦੱਸ, ਭੇਵ ਅਭੇਵ ਖੁਲ੍ਹਾਇਆ। ਮੇਰੀ ਪੂਰੀ ਕਰਨੀ ਆਸ, ਨਿਰਾਸ ਕੋਇ ਨਜ਼ਰ ਨਾ ਆਇਆ। ਮੈਂ ਰਹਾਂ ਤੇਰੀ ਦਾਸ, ਜੁਗ ਜੁਗ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਦੇਣਾ ਵਰ, ਦਰ ਤੇਰੇ ਸੀਸ ਝੁਕਾਇਆ। ਅਬਿਨਾਸ਼ੀ ਕਰਤਾ ਵਡ ਮਿਹਰਵਾਨ, ਆਪਣੀ ਦਇਆ ਕਮਾਈਆ। ਏਕਾ ਵਾਰ ਵੇਖੇ ਮਾਰ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਬਿਨ ਅੱਖਰ ਦੇਵੇ ਗਿਆਨ, ਬਿਨ ਰਸਨਾ ਕਰੇ ਪੜ੍ਹਾਈਆ। ਏਕਾ ਨਾਦ ਇਕ ਧੁਨਕਾਨ, ਏਕਾ ਰਾਗ ਦਏ ਸੁਣਾਈਆ। ਸਚ ਸੰਦੇਸ਼ਾ ਸੁਣ ਲੈ ਕਾਨ, ਭੁੱਲ ਕਦੇ ਨਾ ਜਾਈਆ। ਤੇਰਾ ਖੇਲ ਕਰਾਂ ਮਹਾਨ, ਮਹਿਮਾ ਜਗਤ ਦਿਆਂ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਆਪਣੇ ਨਾਂ ਕਰਨ ਪਰਧਾਨ, ਆਪਣੀ ਗੰਢ ਪਵਾਈਆ। ਪੰਜ ਤੱਤ ਤੇਰਾ ਨਿਸ਼ਾਨ, ਸਚ ਨਿਸ਼ਾਨਾ ਦਿਆਂ ਵਖਾਈਆ। ਵਿਸ਼ਨੂੰ ਦੇਵਾਂ ਇਕੋ ਦਾਨ, ਵਸਤ ਸਤਿ ਝੋਲੀ ਪਾਈਆ। ਬ੍ਰਹਮੇ ਬਖ਼ਸ਼ਾਂ ਏਕਾ ਮਾਣ, ਬ੍ਰਹਮ ਸਾਚੀ ਵੰਡ ਵੰਡਾਈਆ। ਸ਼ੰਕਰ ਦੇਵਾਂ ਇਕ ਮਾਣ, ਏਕਾ ਸ਼ਸਤਰ ਹੱਥ ਫੜਾਈਆ। ਬਣਾਂ ਵਿਚੋਲਾ ਹੋ ਮਿਹਰਵਾਨ, ਮੇਰੇ ਹੱਥ ਸੱਚੀ ਸ਼ਹਿਨਸ਼ਾਹੀਆ। ਤੇਰਾ ਖੇਲ ਵੇਖਾਂ ਵਿਚ ਜਹਾਨ, ਏਕਾ ਰੰਗ ਰੰਗਾਈਆ। ਲੋਕਮਾਤ ਕਰਾਂ ਪਰਧਾਨ, ਸਚ ਪਰਧਾਨਗੀ ਹੱਥ ਫੜਾਈਆ। ਤੂੰ ਜੁਗ ਜੁਗ ਨਾਰ ਬਣਿਆ ਰਕਾਨ, ਤੇਰਾ ਜੋਬਨ ਜਗਤ ਸਰਬ ਹੰਢਾਈਆ। ਤੂੰ ਲੱਖ ਚੁਰਾਸੀ ਵੜੇਂ ਮਕਾਨ, ਪੰਜ ਤੱਤ ਕਿਲਾ ਕੋਟ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਖੇਲ ਵੇਖ ਵਖਾਈਆ। ਧੰਨ ਭਾਗ ਪ੍ਰਭ ਦਿਤੀ ਦਾਤ, ਤ੍ਰੈਗੁਣ ਆਪਣਾ ਸੀਸ ਝੁਕਾਇਆ। ਤੂੰ ਸਾਹਿਬ ਮੇਰਾ ਕਮਲਾਪਾਤ, ਹਉਂ ਤੇਰੀ ਸੇਵ ਕਮਾਇਆ। ਮੇਰੀ ਨਾ ਕੋਈ ਵੱਖ ਰੱਖੀਂ ਜ਼ਾਤ, ਨਾ ਕੋਈ ਬੰਧਨ ਬੰਧ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਨਿਮਾਣੀ ਸੀਸ ਝੁਕਾਇਆ। ਮੈਂ ਨਿਮਾਣੀ ਡਿੱਗੀ ਦਰ, ਦਰ ਆਪਣੀ ਅਲਖ ਜਗਾਈਆ। ਮੇਰੇ ਸਾਹਿਬ ਤੂੰ ਦਿਤਾ ਵਰ, ਵਡ ਤੇਰੀ ਵਡਿਆਈਆ। ਲੋਕਮਾਤ ਮਿਲਿਆ ਘਰ, ਲੱਖ ਚੁਰਾਸੀ ਡੇਰਾ ਲਾਈਆ। ਸਾਂਤਕ ਰੂਪ ਆਪੇ ਕਰ, ਸਤਿ ਸਤਿਵਾਦੀ ਗੁਣ ਸਮਝਾਈਆ। ਰਾਜਸ ਰੰਗ ਆਪੇ ਰੰਗ, ਵੇਖਾਂ ਖੇਲ ਚਾਈਂ ਚਾਈਂਆ। ਤਾਮਸ ਅਗਨੀ ਆਪੇ ਸੜ, ਆਪਣੀ ਅਗਨ ਬੁਝਾਈਆ। ਲੱਖ ਚੁਰਾਸੀ ਅੰਦਰ ਵੜ, ਵੜ ਆਪਣਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਅੰਤ ਲਏ ਮਿਲਾਈਆ। ਤ੍ਰੈਗੁਣ ਮਾਇਆ ਮੰਗੀ ਮੰਗ, ਪ੍ਰਭ ਅੱਗੇ ਸੀਸ ਝੁਕਾਇਆ। ਲੋਕਮਾਤ ਵਜਾਵਾਂ ਤੇਰਾ ਮਰਦੰਗ, ਹੱਥ ਡੋਰੂ ਡੰਕ ਉਠਾਇਆ। ਲੱਖ ਚੁਰਾਸੀ ਅੰਦਰ ਲੰਘ, ਆਪਣਾ ਪਰਦਾ ਦੇਵਾਂ ਪਾਇਆ। ਕੋਈ ਨਾ ਸੁਣੇ ਤੇਰਾ ਛੰਦ, ਤੇਰਾ ਗੀਤ ਨਾ ਕੋਇ ਅਲਾਇਆ। ਪੰਜ ਤੱਤ ਦੇਵਾਂ ਪਰਮਾਨੰਦ, ਰਸ ਭੋਗ ਬਲਾਸ ਵਖਾਇਆ। ਲੇਖਾ ਜਾਣਾਂ ਜ਼ੇਰਜ ਅੰਡ, ਉਤਭੁਜ ਸੇਤਜ ਆਪਣਾ ਰੰਗ ਚੜ੍ਹਾਇਆ। ਫੇਰਾਂ ਦਰੋਹੀ ਵਿਚ ਬ੍ਰਹਿਮੰਡ, ਗਗਨ ਪਤਾਲਾਂ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਅੰਤ ਲਏਂ ਮਿਲਾਇਆ। ਅੰਤਮ ਵੇਲਾ ਦੱਸ ਭਗਵਾਨ, ਤੇਰੇ ਅੱਗੇ ਰਹੀ ਕੁਰਲਾਈਆ। ਲੋਕਮਾਤ ਫਿਰਾਂ ਮੈਂ ਬਣ ਅੰਜਾਣ, ਬਾਲੀ ਬੁੱਧ ਧਰਾਈਆ। ਲੱਖ ਚੁਰਾਸੀ ਕਰ ਪਰਵਾਨ, ਘਰ ਘਰ ਕਰਾਂ ਕੁੜਮਾਈਆ। ਨਾਲ ਰਲਾਵਾਂ ਪੰਜ ਸ਼ੈਤਾਨ, ਪੰਜਾਂ ਤੱਤਾਂ ਮੇਲ ਮਿਲਾਈਆ। ਮਨ ਮਤ ਬੁਧ ਖੋਲ੍ਹ ਦੁਕਾਨ, ਜਗਤ ਵਣਜਾਰਾ ਲਵਾਂ ਕਰਾਈਆ। ਨੌਂ ਦਰ ਖੇਲਾਂ ਖੇਲ ਮਹਾਨ, ਮੇਰਾ ਭੇਵ ਕੋਇ ਨਾ ਪਾਈਆ। ਤੂੰ ਸਮਰਥ ਸਿਰ ਹੱਥ ਰੱਖਣਾ ਵਡ ਮਿਹਰਵਾਨ, ਇਕ ਤੇਰੀ ਓਟ ਰਖਾਈਆ। ਵੇਲੇ ਅੰਤ ਕਰੀਂ ਪਹਿਚਾਨ, ਮੈਂ ਅਨਭੁਲ ਭੁੱਲ ਨਾ ਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਇਕੋ ਓਟ ਰਖਾਈਆ। ਇਕੋ ਓਟ ਰੱਖੀ ਆਸ, ਆਸਾਵੰਦ ਪੂਰ ਕਰਾਈਆ। ਮੇਰੀ ਕਰਨੀ ਬੰਦ ਖ਼ਲਾਸ, ਬੰਦੀ ਹੋਰ ਨਾ ਕੋਇ ਪਾਈਆ। ਸੱਦ ਵਸਾਂ ਤੇਰੇ ਚਰਨਾਂ ਪਾਸ, ਚਰਨ ਸ਼ਰਨ ਮਿਲੇ ਸ਼ਰਨਾਈਆ। ਨਾਤਾ ਤੁੱਟੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਨਾ ਕੋਇ ਵਡਿਆਈਆ। ਆਦਿ ਅੰਤ ਮੈਂ ਤੇਰੀ ਸ਼ਾਖ਼, ਸਾਖਯਾਤ ਮੇਰੇ ਮਾਹੀਆ। ਤੁਧ ਬਿਨ ਬਣਾਂ ਨਾਰ ਕਮਜ਼ਾਤ, ਕਮਲੀ ਕੋਝੀ ਦਿਆਂ ਦੁਹਾਈਆ । ਕਵਣ ਵੇਲਾ ਮੇਰਾ ਖੋਲ੍ਹੇਂ ਤਾਕ, ਆਪਣੇ ਘਰ ਕਰੇਂ ਰੁਸ਼ਨਾਈਆ। ਲੱਖ ਚੁਰਾਸੀ ਨਾਤਾ ਤੁਟੇ ਸੱਜਣ ਸਾਕ, ਬੰਧਪ ਕੋਇ ਰਹਿਣ ਨਾ ਪਾਈਆ। ਪ੍ਰਭ ਮੇਲੀਂ ਪਾਕੀ ਪਾਕ, ਪੱਤਤ ਪੁਨੀਤ ਤੇਰੀ ਵਡਿਆਈਆ। ਮੇਰੀ ਇਕੋ ਵਾਰ ਪੁਛੀਂ ਵਾਤ, ਮੇਰੇ ਦੁਖੜੇ ਸਰਬ ਮਿਟਾਈਆ। ਤੂੰ ਬੈਠਾ ਰਹੇਂ ਇਕਾਂਤ, ਅਕਲ ਕਲਾ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਈਆ। ਸਾਚੀ ਮੰਗ ਕਰੇ ਪੂਰ, ਪੂਰਨ ਪੁਰਖ ਸਮਝਾਇਆ । ਨੌਂ ਸੌ ਚੁਰਾਨਵੇਂ ਚੌਕੜੀ ਯੁਗ ਲੋਕਮਾਤ ਰਹਿਣਾ ਜ਼ਰੂਰ, ਹਰਿ ਜੂ ਜ਼ਰੂਰਤ ਰਿਹਾ ਸਮਝਾਇਆ। ਕੋਟਨ ਕੋਟ ਜੀਵ ਜੰਤ ਲੰਘੌਣੇ ਆਪਣੇ ਪੂਰ, ਪੂਰਾ ਪੂਰ ਨਾ ਕੋਇ ਕਰਾਇਆ। ਤੈਥੋਂ ਕੋਇ ਨਾ ਰਹੇ ਦੂਰ, ਹਰ ਘਟ ਤੇਰਾ ਬੰਧਨ ਪਾਇਆ। ਤੇਰਾ ਰੰਗ ਕਰੇ ਗ਼ਰੂਰ, ਜਿਸ ਜਨ ਚੜ੍ਹੇ ਸਵਾਇਆ। ਅੰਤਮ ਉਡੇ ਵਾਂਗ ਕਫ਼ੂਰ, ਲੋਕਮਾਤ ਰਹਿਣ ਨਾ ਪਾਇਆ। ਤੇਰਾ ਭੰਡਾਰਾ ਕੀਤਾ ਭਰਪੂਰ, ਸਿਰ ਆਪਣਾ ਹੱਥ ਰਖਾਇਆ। ਬਿਨ ਭਗਤਾਂ ਮਾਫ਼ ਨਾ ਕਰਾਂ ਕਿਸੇ ਦਾ ਕਸੂਰ, ਆਦਿ ਜੁਗਾਦਿ ਦਿਆਂ ਸਜ਼ਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਇਆ। ਸੁਣ ਬਾਲ ਅਜਾਣੀ ਬਾਲੀ ਬੁੱਧ, ਸ੍ਰੀ ਭਗਵਾਨ ਰਿਹਾ ਸਮਝਾਈਆ। ਨਵ ਨੌਂ ਚਾਰ ਕਾਰਜ ਕਰਨਾ ਸੁੱਧ, ਲੱਖ ਚੁਰਾਸੀ ਖੇਲ ਖਲਾਈਆ। ਘਟ ਘਟ ਮੰਦਰ ਵੜਨਾ ਕੁੱਦ, ਆਪਣਾ ਬਲ ਰਖਾਈਆ। ਜੁਗ ਚੌਕੜੀ ਕਰਨਾ ਯੁੱਧ, ਆਪਣਾ ਬਲ ਪਰਗਟਾਈਆ। ਨਜ਼ਰ ਨਾ ਔਣਾ ਬੁੱਤ, ਨਾ ਕੋਈ ਵੇਖੇ ਵੇਖ ਵਖਾਈਆ। ਆਪ ਸੁਹੌਣੀ ਆਪਣੀ ਰੁੱਤ, ਪਤ ਡਾਲੀ ਮਾਤ ਮਹਿਕਾਈਆ। ਤੇਰੀ ਜੜ੍ਹ ਨਾ ਸਕੇ ਕੋਈ ਪੁੱਟ, ਲੋਕਮਾਤ ਨਾ ਕੋਇ ਉਖੜਾਈਆ। ਤੇਰਾ ਮਾਰਿਆ ਨਾ ਕੋਈ ਸਕੇ ਉਠ, ਨਾ ਚਲੇ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤ ਰਿਹਾ ਸਮਝਾਈਆ। ਵੇਲਾ ਅੰਤ ਹਰਿ ਸਮਝਾਇਆ, ਏਕਾ ਸ਼ਬਦ ਅਲਾਈਆ। ਨੌਂ ਸੌ ਚੁਰਾਨਵੇਂ ਚੌਕੜੀ ਤੇਰਾ ਖੇਲ ਰਚਾਇਆ, ਵਿਸ਼ਨ ਬ੍ਰਹਮਾ ਸ਼ਿਵ ਹੋਏ ਸਹਾਈਆ। ਲੱਖ ਚੁਰਾਸੀ ਬੰਧਨ ਪਾਇਆ, ਨਾ ਕੋਈ ਤੋੜ ਤੁੜਾਈਆ। ਸਤਿਜੁਗ ਤ੍ਰੇਤਾ ਦੁਆਪਰ ਤੇਰੀ ਵੰਡ ਵੰਡਾਇਆ, ਕਲਜੁਗ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦਏ ਸਮਝਾਈਆ। ਨਵ ਨੌਂ ਚਾਰ ਤੇਰਾ ਲਹਿਣਾ, ਲਹਿਣੇਦਾਰ ਸਮਝਾਇੰਦਾ। ਤੇਰਾ ਬਸਤਰ ਤੇਰਾ ਗਹਿਣਾ, ਤੇਰੇ ਤਨ ਹੰਢਾਇੰਦਾ। ਤੇਰਾ ਨੇਤਰ ਤੇਰੇ ਨੈਣਾਂ, ਤੇਰਾ ਜਗਤ ਵਖਾਇੰਦਾ। ਅੰਤਮ ਤੇਰਾ ਮੰਨੇ ਕਹਿਣਾ, ਆਪ ਆਪਣੀ ਦਇਆ ਕਮਾਇੰਦਾ। ਹਰਿ ਕਾ ਭਾਣਾ ਸਹਿਣਾ ਪੈਣਾ, ਧੁਰ ਫ਼ਰਮਾਣਾ ਹੁਕਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਖੋਲ੍ਹੇ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਹਰਿ ਜੂ ਵੇਸ ਵਟਾਏ ਜੁਗਾ ਜੁਗੰਤ, ਗੁਰ ਅਵਤਾਰ ਨਾਉਂ ਰਖਾਈਆ। ਆਪਣੀ ਮਹਿਮਾ ਜਾਣੇ ਅਣਗਿਣਤ, ਬੇਅੰਤ ਵੱਡ ਵਡਿਆਈਆ। ਮੇਲ ਮਿਲਾਏ ਹਰਿਜਨ ਸਾਚੇ ਸੰਤ, ਸਤਿ ਸਤਿਵਾਦ ਬੂਝ ਬੁਝਾਈਆ। ਸੋਭਾਵੰਤ ਘਰ ਸੁਹਾਏ ਜਿਉਂ ਨਾਰ ਕੰਤ, ਕੰਤ ਕੰਤੂਹਲ ਇਕ ਅਖਵਾਈਆ। ਚੋਲੀ ਚਾੜ੍ਹ ਰੰਗ ਬਸੰਤ, ਬਸੰਤ ਰੁੱਤ ਇਕ ਵਖਾਈਆ। ਆਪਣੇ ਹੱਥ ਰੱਖੇ ਆਦਿ ਅੰਤ, ਅੰਤ ਆਦਿ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਦਏ ਸਮਝਾਈਆ। ਤੇਰਾ ਵੇਲਾ ਅੰਤਮ ਔਣਾ, ਤ੍ਰੈਗੁਣ ਆਪ ਸਮਝਾਇਆ। ਪਾਰਬ੍ਰਹਮ ਪ੍ਰਭ ਰੂਪ ਵਟੌਣਾ, ਨਿਰਗੁਣ ਨੂਰ ਕਰ ਰੁਸ਼ਨਾਇਆ। ਜੋਤੀ ਜੋਤ ਡਗਮਗੌਣਾ, ਰੂਪ ਰੰਗ ਨਾ ਕੋਇ ਰਖਾਇਆ। ਸ਼ਾਹ ਪਾਤਸ਼ਾਹ ਨਾਉਂ ਧਰੌਣਾ, ਸ਼ਹਿਨਸ਼ਾਹ ਵਡੀ ਵਡਿਆਇਆ। ਰਾਜ ਰਾਜਾਨਾਂ ਵੇਖ ਵਖੌਣਾ, ਦੋ ਜਹਾਨਾਂ ਫੇਰਾ ਪਾਇਆ। ਵਿਸ਼ਨ ਬ੍ਰਹਮਾ ਸ਼ਿਵ ਉਠੌਣਾ, ਆਪਣਾ ਹੁਕਮ ਸੁਣਾਇਆ। ਚਾਰ ਯੁਗ ਵੇਖ ਵਖੌਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਰਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇਆ। ਚਾਰ ਜੁਗ ਦੀ ਪਾਵੇ ਸਾਰ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਚਾਰੇ ਵੇਦ ਕਰੇ ਵਿਚਾਰ, ਬ੍ਰਹਮ ਵੇਤਾ ਨਾਲ ਮਿਲਾਈਆ। ਪੁਰਾਨ ਅਠਾਰਾਂ ਦਏ ਅਧਾਰ, ਵੇਦ ਵਿਆਸਾ ਭੇਵ ਖੁਲ੍ਹਾਈਆ। ਸ਼ਾਸਤਰ ਸਿਮਰਤ ਕਰ ਉਜਿਆਰ, ਉਜਰਤ ਆਪਣੀ ਮੰਗ ਮੰਗਾਈਆ। ਲੇਖ ਜਾਣੇ ਗੁਰ ਅਵਤਾਰ, ਅਗੰਮ ਪੁਰਖ ਵਡ ਵਡਿਆਈਆ। ਗੀਤਾ ਗਿਆਨ ਵੇਖ ਕਿਵਾੜ, ਅਠਾਰਾਂ ਧਿਆਏ ਭੇਵ ਚੁਕਾਈਆ। ਭਗਤ ਭਗਵਾਨ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਈਆ। ਏਕਾ ਦੇਵੇ ਨਾਮ ਨਿਧਾਨ, ਨਿਜ ਆਤਮ ਕਰੇ ਰੁਸ਼ਨਾਈਆ। ਘਰ ਘਰ ਦਰਸ਼ਨ ਦੇਵੇ ਆਣ, ਆਪਣਾ ਆਦਰਸ਼ ਵਖਾਈਆ। ਕਲਜੁਗ ਖੇਲ ਵੇਖੇ ਮਿਹਰਵਾਨ, ਆਪ ਆਪਣਾ ਬਲ ਵਖਾਈਆ। ਈਸਾ ਮੂਸਾ ਕਰ ਪਰਧਾਨ, ਕਾਲਾ ਸੂਸਾ ਤਨ ਛੁਹਾਈਆ। ਮੁਹੰਮਦ ਨਾਲ ਅੱਲਾ ਰਾਣੀ ਨਾਰ ਰਕਾਨ, ਏਕਾ ਮੇਲਾ ਸਹਿਜ ਸੁਭਾਈਆ। ਅੰਜੀਲ ਕੁਰਾਨ ਹਦੀਸ ਪਰਵਾਨ, ਜਹਾਨ ਕਰੇ ਪੜ੍ਹਾਈਆ। ਕਲਮਾ ਕਲਾਮ ਉਪਜਾ ਪਰਧਾਨ, ਨਬੀ ਰਸੂਲਾਂ ਦਏ ਸਮਝਾਈਆ। ਮੁਕਾਮੇ ਹੱਕ ਇਕ ਨਿਸ਼ਾਨ, ਹੱਕ ਹਕ਼ੀਕ਼ਤ ਦਏ ਵਖਾਈਆ। ਲਾਸ਼ਰੀਕ ਦਏ ਪੈਗ਼ਾਮ, ਪੈਗ਼ੰਬਰ ਰੂਪ ਵਟਾਈਆ। ਆਪੇ ਜੁਗ ਜੁਗ ਕਰੇ ਸਲਾਮ, ਅਲੈਕਮ ਆਪਣੀ ਕਲ ਵਰਤਾਈਆ। ਆਪੇ ਹੋਏ ਬੇਪਹਿਚਾਨ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਮਾਇਆ ਰਿਹਾ ਸਮਝਾਈਆ। ਤ੍ਰੈਗੁਣ ਮਾਇਆ ਸੁਣ ਕੰਨ ਲਾ, ਕਰਤਾ ਪੁਰਖ ਜਣਾਇੰਦਾ। ਪੰਜ ਤੱਤ ਤੇਰਾ ਬੰਕ ਸੁਹਾ, ਬ੍ਰਹਮ ਪਾਰਬ੍ਰਹਮ ਪਰਗਟਾਇੰਦਾ। ਆਤਮ ਪਰਮਾਤਮ ਨਾਤਾ ਜੋੜ ਜੁੜਾ, ਘਰ ਸਾਚਾ ਸੋਭਾ ਪਾਇੰਦਾ। ਈਸ਼ ਜੀਵ ਲਏ ਮਿਲਾ, ਜਾਗਰਤ ਜੋਤ ਡਗਮਗਾਇੰਦਾ। ਸਾਚੀ ਸੇਜਾ ਸੋਭਾ ਪਾ, ਸਿੰਘਾਸਣ ਆਸਣ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਤੇਰਾ ਅੰਤਮ ਚੁੱਕੇ ਪੰਧ, ਵਡ ਪਾਂਧੀ ਦਏ ਚੁਕਾਈਆ। ਕਲਜੁਗ ਅੰਤਮ ਖੇਲ ਕਰੇ ਸੂਰਾ ਸਰਬੰਗ, ਪਾਰਬ੍ਰਹਮ ਬੇਪਰਵਾਹੀਆ। ਨਿਰਗੁਣ ਰੂਪ ਪਰਗਟ ਹੋਏ ਨਾ ਕੋਈ ਵਖਾਏ ਰੰਗ, ਰੰਗ ਸਭ ਦੇ ਵੇਖ ਵਖਾਈਆ। ਹਰ ਘਟ ਆਤਮ ਸੇਜਾ ਵਸੇ ਪਲੰਘ, ਸਚ ਸਿੰਘਾਸਣ ਰਿਹਾ ਸੁਹਾਈਆ। ਇਕ ਵਜਾਏ ਨਾਮ ਮਰਦੰਗ, ਮਰਦ ਮਰਦਾਨਾ ਬੇਪਰਵਾਹੀਆ। ਡੂੰਘੀ ਭਵਰੀ ਵੇਖੇ ਲੰਘ, ਕਾਇਆ ਕਵਰੀ ਫੋਲ ਫੁਲਾਈਆ। ਲਹਿਣਾ ਦੇਣਾ ਜਾਣੇ ਸੂਰਜ ਚੰਦ, ਰਵ ਸਸ ਵੇਖੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਤੇਰਾ ਮੂਲ ਚੁਕਾਈਆ। ਤੇਰਾ ਮੂਲ ਅੰਤ ਚੁਕੌਣਾ, ਏਕਾ ਵਾਰ ਸਮਝਾਇਆ। ਨਿਰਗੁਣ ਆਪਣਾ ਜਾਮਾ ਪਾਉਣਾ, ਜੋਤ ਵੇਸ ਵਟਾਇਆ। ਨਿਹਕਲੰਕ ਨਾਉਂ ਰਖੌਣਾ, ਬ੍ਰਹਿਮੰਡ ਕਰੇ ਰੁਸ਼ਨਾਇਆ। ਨਾਮ ਡੰਕਾ ਇਕ ਵਜੌਣਾ, ਚਾਰੋਂ ਕੁੰਟ ਸੁਣਾਇਆ। ਚਾਰ ਵਰਨ ਆਪ ਸਮਝੌਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਲਏ ਉਠਾਇਆ। ਚਾਰੇ ਵੇਦਾਂ ਵੇਖ ਵਖੌਣਾ, ਚਾਰੇ ਯੁਗ ਲਏ ਪਰਨਾਇਆ। ਚਾਰੇ ਖਾਣੀ ਪਰਦਾ ਲਾਹੁਣਾ, ਚਾਰੇ ਬਾਣੀ ਲਏ ਪੜ੍ਹਾਇਆ। ਚਾਰ ਯਾਰੀ ਪੰਧ ਮੁਕੌਣਾ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਇਆ। ਚਾਰ ਜੁਗ ਪਾਰ ਕਿਨਾਰਾ, ਜੁਗ ਚੌਕੜੀ ਪਾਰ ਕਰਾਈਆ। ਪਰਗਟ ਹੋ ਵਿਚ ਸੰਸਾਰਾ, ਸੰਸਾਰ ਸਾਗਰ ਵੇਖ ਵਖਾਈਆ। ਕਵਣ ਗੁਰਮੁਖ ਲੱਗਾ ਇਕ ਕਿਨਾਰਾ, ਡੂੰਘੀ ਭਵਰ ਪਾਰ ਕਰਾਈਆ। ਕੌਣ ਮਿਲੇ ਮਿੱਤਰ ਪਿਆਰਾ, ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਸੁਣ ਸੰਦੇਸ਼ਾ ਕਰ ਧਿਆਨ, ਤ੍ਰੈਗੁਣ ਅਤੀਤਾ ਆਪ ਜਣਾਇੰਦਾ। ਕਲਜੁਗ ਅੰਤਮ ਨਿਹਕਲੰਕ ਪਰਗਟ ਹੋਵੇ ਬਲੀ ਬਲਵਾਨ, ਮਾਤ ਪਿਤ ਨਾ ਕੋਇ ਰਖਾਇੰਦਾ। ਚੌਦਾਂ ਵਿਦਿਆ ਹੋਣ ਨਾਦਾਨ, ਚੌਦਾਂ ਲੋਕ ਮੁਖ ਸ਼ਰਮਾਇੰਦਾ। ਚੌਦਾਂ ਤਬਕ ਮੰਨਣ ਆਣ, ਚਾਰ ਕੁੰਟ ਮੁਖ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਕਲਜੁਗ ਅੰਤਮ ਖੇਲ ਕਰੌਣਾ, ਖ਼ਾਲਕ ਖ਼ਲਕ ਵੇਖ ਵਖਾਈਆ। ਤ੍ਰੈਗੁਣ ਤੇਰਾ ਪਰਦਾ ਲਾਹੁਣਾ, ਤੇਰਾ ਘੁੰਗਟ ਦਏ ਚੁਕਾਈਆ। ਗੁਰਮੁਖ ਸੱਜਣ ਆਪ ਉਠੌਣਾ, ਆਪਣੀ ਬੂਝ ਬੁਝਾਈਆ। ਹਰਿਜਨ ਸਾਚੇ ਮੇਲ ਮਿਲੌਣਾ, ਘਰ ਮੇਲਾ ਸੱਚੇ ਮਾਹੀਆ। ਭਗਤ ਭਗਵੰਤ ਆਪ ਪਰਗਟਾਉਣਾ, ਜਗ ਭਾਵੀ ਦਏ ਗਵਾਈਆ। ਸਾਚਾ ਮਾਰਗ ਇਕ ਲਗਾਉਣਾ, ਚਾਰ ਵਰਨ ਰਹੇ ਸਰਨਾਈਆ। ਅਠਾਰਾਂ ਬਰਨਾਂ ਡੇਰਾ ਢਾਹੁਣਾ, ਜ਼ਾਤ ਪਾਤ ਨਾ ਕੋਇ ਵਡਿਆਈਆ। ਏਕਾ ਬ੍ਰਹਮ ਸਰਬ ਸਮਝਾਉਣਾ, ਏਕਾ ਪਿਤਾ ਏਕਾ ਮਾਈਆ। ਏਕਾ ਗੋਦ ਸਰਬ ਬਹੌਣਾ, ਲੱਖ ਚੁਰਾਸੀ ਸੋਭਾ ਪਾਈਆ। ਏਕਾ ਕੰਤ ਸਰਬ ਹੰਢਾਉਣਾ, ਲੱਖ ਚੁਰਾਸੀ ਨਾਰ ਬਣਾਈਆ। ਏਕਾ ਇਸ਼ਟ ਆਪ ਦ੍ਰਿੜੌਣਾ, ਗੁਰਦੇਵ ਇਕ ਅਖਵਾਈਆ। ਏਕਾ ਨਾਅਰਾ ਸਭ ਨੇ ਲਾਉਣਾ, ਇਕ ਕਰੇ ਪੜ੍ਹਾਈਆ। ਵਿਸ਼ਨੂੰ ਤੇਰਾ ਮੇਲ ਮਿਲੌਣਾ, ਵਿਸ਼ਵ ਵੇਖੇ ਥਾਉਂ ਥਾਈਂਆ। ਬ੍ਰਹਮੇ ਤੇਰਾ ਸੰਗ ਰਖੌਣਾ, ਪਾਰਬ੍ਰਹਮ ਦਏ ਸਰਨਾਈਆ। ਸ਼ੰਕਰ ਤੇਰੀ ਸ਼ਰਅ ਚਲਾਉਣਾ, ਜੋ ਘੜਿਆ ਭੰਨ ਵਖਾਈਆ। ਆਪਣਾ ਭਗਤ ਆਪ ਬਚੌਣਾ, ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵਿਚੋਂ ਫੜ ਉਠਾਉਣਾ, ਚਾਰੋਂ ਕੁੰਟ ਫੇਰਾ ਪਾਈਆ। ਰਾਤੀਂ ਸੁਤਿਆਂ ਦਰਸ ਦਿਖਾਉਣਾ, ਬਜ਼ਰ ਕਪਾਟ ਖੋਲ੍ਹ ਖੁਲ੍ਹਾਈਆ। ਤੀਜੇ ਨੇਤਰ ਗਿਆਨ ਦਵੌਣਾ, ਅੰਧ ਅੰਧੇਰ ਚੁਕਾਈਆ। ਅੰਮ੍ਰਿਤ ਬੂੰਦ ਸਵਾਂਤ ਪਿਆਉਣਾ, ਤ੍ਰਿਖਾ ਭੁੱਖ ਮਿਟਾਈਆ। ਆਪ ਆਪਣੇ ਅੰਗ ਲਗਾਉਣਾ, ਅੰਗੀਕਾਰ ਆਪ ਹੋ ਜਾਈਆ। ਪਰਮਾਨੰਦ ਵਿਚ ਰਖੌਣਾ, ਨਿਜਾਨੰਦ ਵੱਜੇ ਵਧਾਈਆ। ਕਾਇਆ ਮੰਦਰ ਇਕ ਸਮਝੌਣਾ, ਬੰਕ ਦੁਆਰਾ ਸੋਭਾ ਪਾਈਆ। ਆਤਮ ਪਰਮਾਤਮ ਮੇਲ ਮਿਲੌਣਾ, ਮਿਲਿਆ ਮੇਲ ਵਿਛੜ ਨਾ ਜਾਈਆ। ਤ੍ਰੈਗੁਣ ਤੇਰਾ ਡੇਰਾ ਢਾਉਣਾ, ਭਗਤ ਦੁਆਰੇ ਰਹਿਣ ਨਾ ਪਾਈਆ। ਅੰਤਮ ਤੇਰਾ ਪੰਧ ਮੁਕਾਉਣਾ, ਰਾਹ ਖਹਿੜਾ ਨਜ਼ਰ ਨਾ ਆਈਆ। ਪੁਰਖ ਅਬਿਨਾਸ਼ੀ ਖੇਲ ਕਰੌਣਾ, ਖ਼ਾਲਕ ਖ਼ਲਕ ਵੇਖੇ ਖ਼ੁਦਾਈਆ। ਰਾਮ ਰੂਪ ਹਰ ਘਟ ਨਜ਼ਰੀ ਔਣਾ, ਏਕਾ ਬੰਸਰੀ ਨਾਮ ਵਜਾਈਆ। ਮੁਕੰਦ ਮਨੋਹਰ ਲਖਮੀ ਨਰਾਇਣ ਸੀਸ ਜਗਦੀਸ਼ ਤਾਜ ਟਿਕੌਣਾ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਦਸਤਗੀਰ ਆਪ ਅਖਵਾਉਣਾ, ਦਸਤ ਬਰਦਾਰ ਕਰੇ ਸਰਬ ਲੋਕਾਈਆ। ਮੇਹਬਾਨ ਬੀਦੋ ਬੀ ਖੈਰ ਯਾ ਅੱਲਾ ਇਲਾਹੀ ਨੂਰ ਆਪ ਹੋ ਔਣਾ, ਏਕਾ ਹੱਕ ਵੇਖੇ ਥਾਉਂ ਥਾਈਂਆ। ਨਾਨਕ ਗੋਬਿੰਦ ਆਪਣਾ ਸੰਗ ਨਿਭਾਉਣਾ, ਆਪਣਾ ਸੰਗ ਨਿਭਾਈਆ। ਤ੍ਰੈਗੁਣ ਤੇਰਾ ਪੰਧ ਮੁਕੌਣਾ, ਜਨ ਭਗਤਾਂ ਦਏ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਦਿਤਾ ਵਰ, ਅੰਤ ਆਪੇ ਪੂਰ ਕਰਾਈਆ। ਅੰਤ ਪੂਰਾ ਕਰੇ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਤ੍ਰੈਗੁਣ ਲਹਿਣਾ ਚੁੱਕੇ ਧਰਨੀ ਧੌਲ, ਧਵਲ ਨਾ ਕੋਇ ਸਹਾਈਆ। ਗੁਰਮੁਖ ਰਹੇ ਨਾ ਕੋਇ ਅਨਭੋਲ, ਸਤਿਗੁਰ ਪੂਰਾ ਦਏ ਜਗਾਈਆ। ਆਪਣਾ ਕੁੰਡਾ ਆਪੇ ਖੋਲ੍ਹ, ਕਾਇਆ ਮੰਦਰ ਦਏ ਵਖਾਈਆ। ਅਨਹਦ ਸ਼ਬਦ ਵਜਾਏ ਢੋਲ, ਅਨਾਦ ਅਨਾਦੀ ਨਾਦ ਵਜਾਈਆ। ਅਗੰਮ ਅਗੰਮੜੀ ਬਾਣੀ ਬੋਲ, ਆਪਣਾ ਨਾਉਂ ਸਮਝਾਈਆ। ਏਕਾ ਕੰਡੇ ਦੇਵੇ ਤੋਲ, ਦੂਜਾ ਤੋਲ ਨਾ ਕੋਇ ਤੁਲਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਖੇਲਿਆ ਹੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਲਹਿਣਾ ਦਏ ਮੁਕਾਈਆ। ਅੰਤਮ ਲਹਿਣਾ ਮੁਕਣਾ, ਕਲਜੁਗ ਕਾਲੀ ਧਾਰ। ਤੇਰਾ ਬੂਟਾ ਸੁੱਕਣਾ, ਰਹੇ ਨਾ ਵਿਚ ਸੰਸਾਰ। ਸਾਹਿਬ ਸਤਿਗੁਰ ਇਕੋ ਉਠਣਾ, ਨੌਂ ਖੰਡ ਕਰੇ ਖ਼ੁਵਾਰ। ਸਿੰਘ ਰੂਪ ਹਰਿ ਜੂ ਬੁੱਕਣਾ, ਇਕੋ ਨਾਮ ਮਾਰੇ ਭਬਕਾਰ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟਣਹਾਰ। ਤੀਰ ਕਮਾਨੋਂ ਏਕਾ ਛੁਟਣਾ, ਸੇਵਾ ਕਰੇ ਰਾਮ ਅਵਤਾਰ। ਕਲਜੁਗ ਜੀਵਾਂ ਭਾਗ ਨਿਖੁਟਣਾ, ਪੂਰਨ ਬ੍ਰਹਮ ਨਾ ਕਰੇ ਕੋਇ ਵਿਚਾਰ। ਆਪਣਾ ਬੂਟਾ ਆਪੇ ਪੁੱਟਣਾ, ਚਾਰ ਵਰਨ ਰਹੇ ਝੱਖ ਮਾਰ। ਕਾਇਆ ਖ਼ਾਲੀ ਸਭ ਦਾ ਠੁਠਣਾ, ਨਾਮ ਵਸਤ ਨਾ ਕੋਇ ਭੰਡਾਰ। ਸਤਿਗੁਰ ਕੋਲੋਂ ਸਭ ਨੇ ਰੁਠਣਾ, ਕੂੜਾ ਕਰਨ ਵਣਜ ਵਪਾਰ। ਪੰਜਾਂ ਤੱਤਾਂ ਪੰਜ ਤੱਤ ਕਾਇਆ ਚੋਲਾ ਲੁੱਟਣਾ, ਲੁੱਟ ਲੁੱਟ ਕਰਨ ਖੁਵਾਰ। ਗੁਰਮੁਖ ਵਿਰਲਾ ਲੱਖ ਚੁਰਾਸੀ ਵਿਚੋਂ ਫੁੱਟਣਾ, ਅੰਮ੍ਰਿਤ ਵਗੇ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਕਰੇ ਖ਼ਬਰਦਾਰ। ਖ਼ਬਰਦਾਰ ਜਾਣਾ ਜਾਗ, ਹਰਿ ਜਾਗਰਤ ਆਪ ਜਗਾਇੰਦਾ। ਕਲਜੁਗ ਅੰਤਮ ਮਿਲੇ ਕੰਤ ਸੁਹਾਗ, ਕੰਤ ਸੁਹਾਗੀ ਮੇਲ ਮਿਲਾਇੰਦਾ। ਚਰਨ ਲਾਗ ਧੌਣਾ ਦੁਰਮਤ ਦਾਗ਼, ਕੂੜੀ ਕਿਰਿਆ ਮੇਟ ਮਿਟਾਇੰਦਾ। ਜੁਗ ਜੁਗ ਦੀ ਬੁਝਾਉਣੀ ਲੱਗੀ ਆਗ, ਸਾਂਤਕ ਸਤਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਇੰਦਾ। ਸਾਚੇ ਰਾਹ ਜਾਣਾ ਲੱਗ, ਹਰਿ ਸੱਜਣ ਸਚ ਜਣਾਇੰਦਾ। ਹਰਿ ਭਗਤ ਦੁਆਰਾ ਲੈਣਾ ਮੰਗ, ਏਕਾ ਘਰ ਵਖਾਇੰਦਾ। ਜਨਮ ਜਨਮ ਦੀ ਤੇਰੀ ਬੁੱਝੇ ਅੱਗ, ਜੁਗ ਜੁਗ ਦੀ ਤ੍ਰਿਸ਼ਨ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਇੰਦਾ। ਸਾਚਾ ਰਾਹ ਲੈਣਾ ਪੇਖ, ਨੇਤਰ ਨੈਣ ਖੁਲ੍ਹਾਈਆ। ਤੂੰ ਵਸ ਨਾ ਹੋਈ ਕਿਸੇ ਔਲੀਏ ਪੀਰ ਸ਼ੇਖ਼, ਮੁਲਾਂ ਮੁਸਾਇਕ ਦੇਣ ਦੁਹਾਈਆ। ਕੋਟਨ ਕੋਟ ਝੂਝੇ ਤੇਰੇ ਖੇਤ, ਸਿਰ ਧੜ ਗਏ ਕਟਾਈਆ। ਕੋਟਨ ਕਰ ਕਰ ਤੇਰੇ ਨਾਲ ਹੇਤ, ਸ਼ਾਹ ਪਾਤਸ਼ਾਹ ਆਪਣੀ ਪੱਤ ਗਏ ਗਵਾਈਆ। ਕੋਟਨ ਕੋਟ ਆਏ ਤੇਰੀ ਲਪੇਟ, ਨਾ ਸਕੇ ਪੱਲੂ ਛੁਡਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਭਰਿਆ ਨਾ ਪੇਟ, ਤੇਰੀ ਸਾਂਤ ਨਾ ਕੋਇ ਵਖਾਈਆ। ਕਲਜੁਗ ਅੰਤਮ ਤੇਰਾ ਲਹਿਣਾ ਚੁਕਾਇਆ ਇਕੀ ਜੇਠ, ਇਕੀ ਇਕੀ ਏਕਾ ਵਾਰ ਪਾਈਆ। ਅਗੋਂ ਰਹਿਣਾ ਭਗਤਾਂ ਦੇ ਚਰਨਾਂ ਹੇਠ, ਫਿਰ ਸਕੇ ਨਾ ਸਿਰ ਉਠਾਈਆ। ਤੇਰਾ ਭੰਨਿਆਂ ਕੌੜਾ ਰੀਠ, ਮਿੱਠਾ ਰਸ ਇਕ ਚਖਾਈਆ। ਕਲਜੁਗ ਅੰਤਮ ਸਦੀ ਚੌਧਵੀਂ ਰਹੀ ਬੀਤ, ਵੇਲਾ ਗਿਆ ਹੱਥ ਨਾ ਆਈਆ। ਕਰੇ ਖੇਲ ਪੱਤਤ ਪੁਨੀਤ, ਪੱਤਤ ਪਾਵਣ ਦਇਆ ਕਮਾਈਆ। ਅੱਗੇ ਚਲੇ ਭਗਤਾਂ ਰੀਤ, ਤੇਰੀ ਪਿਛਲੀ ਹੋਈ ਸਫ਼ਾਈਆ। ਸਭ ਨੇ ਗਾਉਣਾ ਇਕੋ ਗੀਤ, ਏਕੋ ਮਿਲੇ ਸੱਚਾ ਮਾਹੀਆ। ਨਾਤਾ ਤੁਟੇ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਚਾਰ ਵਰਨ ਕਰੇ ਪ੍ਰੀਤ, ਬਿਪ੍ਰੀਤ ਨਜ਼ਰ ਕੋਇ ਨਾ ਆਈਆ। ਸਭ ਦੀ ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਦਿਵਸ ਰੈਣ ਵਸੇ ਚੀਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਬੈਠਾ ਰਹੇ ਇਕ ਅਤੀਤ, ਇਕ ਇਕੱਲਾ ਵੇਸ ਵਟਾਈਆ। ਸਤਿਜੁਗ ਸਾਚੀ ਚਲੇ ਰੀਤ, ਸਤਿ ਪੁਰਖ ਆਪ ਚਲਾਈਆ। ਮਿਲ ਮਿਲ ਸਖੀਆਂ ਗਾਵਣ ਗੀਤ, ਗੋਬਿੰਦ ਇਕ ਮਨਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਜੋ ਸੁੱਤਾ ਰਿਹਾ ਦੇ ਕਰ ਪੀਠ, ਆਪਣੀ ਕਰਵਟ ਲਏ ਬਦਲਾਈਆ। ਸੀਸ ਸੋਹੇ ਪੀਤੰਬਰ ਪੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਦਏ ਜਣਾਈਆ। ਸੁਣ ਲੈ ਰਾਹ ਹਰਿ ਕਾ ਦਵਾਰ, ਹਰਿ ਸਾਚਾ ਸਚ ਜਣਾਇੰਦਾ। ਹਰਿਜਨ ਮਾਤ ਹੋਏ ਉਜਿਆਰ, ਲੋਕਮਾਤ ਵਡ ਵਡਿਆਇੰਦਾ। ਪੁਰਖ ਅਬਿਨਾਸ਼ੀ ਸੇਵਾਦਾਰ, ਜੁਗ ਜੁਗ ਭਗਤਾਂ ਸੇਵ ਕਮਾਇੰਦਾ। ਧਰੂ ਪ੍ਰਹਿਲਾਦ ਲਏ ਉਧਾਰ, ਬਲ ਬਾਵਨ ਖੇਲ ਕਰਾਇੰਦਾ। ਕਲਜੁਗ ਅੰਤਮ ਕਰ ਪਿਆਰ, ਸਾਚੇ ਸੰਤ ਆਪ ਉਠਾਇੰਦਾ। ਭਗਤਾਂ ਤੋੜ ਮਨ ਹੰਕਾਰ, ਮਮਤਾ ਮੋਹ ਚੁਕਾਇੰਦਾ। ਇਕੋ ਦੇਵੇ ਦਰਸ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਏਕਾ ਕਾਇਆ ਕਾਅਬਾ ਕਰ ਤਿਆਰ, ਸਾਚੇ ਹੁਜ਼ਰੇ ਸੋਭਾ ਪਾਇੰਦਾ। ਏਕਾ ਰਾਮ ਨਾਮ ਸਹਾਰ, ਸੀਤਾ ਸੁਰਤੀ ਇਕ ਪਰਨਾਇੰਦਾ। ਏਕਾ ਰਾਧਾ ਕ੍ਰਿਸ਼ਨ ਲਏ ਉਭਾਰ, ਆਪ ਆਪਣੇ ਅੰਗ ਲਗਾਇੰਦਾ। ਏਕਾ ਬੰਸਰੀ ਵੱਜੇ ਵਿਚ ਸੰਸਾਰ, ਏਕਾ ਮੁਰਲੀ ਹੱਥ ਉਠਾਇੰਦਾ। ਏਕਾ ਨਾਮ ਸਤਿ ਕਰਤਾਰ, ਏਕਾ ਵਾਹਿਗੁਰੂ ਫਤਿਹ ਗਜ਼ਾਇੰਦਾ। ਏਕਾ ਸਭ ਤੋਂ ਵਸੇ ਬਾਹਰ, ਦਿਸ ਕਿਸੇ ਨਾ ਆਇੰਦਾ। ਏਕਾ ਰਾਮ ਰਵਿਆ ਸਰਬ ਸੰਸਾਰ, ਏਕਾ ਆਪਣਾ ਮੁਖ ਛੁਪਾਇੰਦਾ। ਏਕਾ ਨਾਨਕ ਨਿਰਗੁਣ ਧਾਰ, ਏਕਾ ਸਰਗੁਣ ਰੂਪ ਵਟਾਇੰਦਾ। ਏਕਾ ਗੋਬਿੰਦ ਸੁਤ ਦੁਲਾਰ, ਏਕਾ ਕਲਗ਼ੀ ਤੋੜਾ ਸੀਸ ਟਿਕਾਇੰਦਾ। ਏਕਾ ਘੋੜਾ ਸ਼ਾਹ ਸਵਾਰ, ਦੂਜਾ ਅਕਾਲ ਫੇਰਾ ਪਾਇੰਦਾ। ਏਕਾ ਚਤਰਭੁਜ ਦਏ ਦੀਦਾਰ, ਏਕਾ ਮੋਹਣੀ ਰੂਪ ਵਟਾਇੰਦਾ। ਏਕਾ ਸਿੰਘ ਹੋਏ ਅਸਵਾਰ, ਅਸ਼ਟਭੁਜ ਰੰਗ ਰੰਗਾਇੰਦਾ। ਇਕ ਭਵਾਨੀ ਕਰੇ ਪਿਆਰ, ਏਕਾ ਦੁਰਗਾ ਵੇਖ ਵਖਾਇੰਦਾ। ਏਕਾ ਖੰਡਾ ਤੇਜ ਕਟਾਰ, ਏਕਾ ਬ੍ਰਹਿਮੰਡਾਂ ਵਿਚ ਚਮਕਾਇੰਦਾ। ਏਕਾ ਵੇਖੇ ਸੂਰਜ ਚੰਦ ਸਤਾਰ, ਏਕਾ ਧਰਤ ਧਵਲ ਸੁਹਾਇੰਦਾ। ਲੱਖ ਚੁਰਾਸੀ ਖੇਲੇ ਖੇਲਣਹਾਰ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਏਕਾ ਨਬੀ ਕਰੇ ਪਿਆਰ, ਏਕਾ ਉਮਤ ਰਸੂਲ ਮਿਲਾਇੰਦਾ। ਏਕਾ ਜੁਗ ਜੁਗ ਬੇੜਾ ਕਰੇ ਪਾਰ, ਏਕਾ ਵਿਸ਼ਨ ਬ੍ਰਹਮਾ ਸ਼ਿਵ ਪਰਗਟਾਇੰਦਾ। ਏਕਾ ਖੇਲ ਕਰੇ ਕਰਤਾਰ, ਕੁਦਰਤ ਆਪਣਾ ਨਾਚ ਨਚਾਇੰਦਾ। ਏਕਾ ਭਗਤਾਂ ਦਏ ਦੀਦਾਰ, ਦਰਸੀ ਆਪਣਾ ਦਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਘਰ ਆਪ ਸੁਹਾਇੰਦਾ। ਸਾਚਾ ਘਰ ਸੋਹੇ ਬੰਕ, ਬੰਕ ਦੁਆਰੀ ਆਪ ਸੁਹਾਈਆ। ਨਾ ਕੋਈ ਰਾਓ ਨਾ ਕੋਈ ਰੰਕ, ਊਚ ਨੀਚ ਨਾ ਕੋਇ ਵਡਿਆਈਆ। ਨਾ ਕੋਈ ਚਿੰਤਾ ਨਾ ਕੋਈ ਸ਼ੰਕ, ਸੰਸਾ ਕੋਇ ਰਹਿਣ ਨਾ ਪਾਈਆ। ਨਾ ਕੋਈ ਪਾਂਧਾ ਨਾ ਕੋਈ ਪੰਡਤ, ਨਾ ਕੋਈ ਬ੍ਰਹਿਮਣ ਕਰੇ ਪੜ੍ਹਾਈਆ। ਨਾ ਕੋਈ ਗਰੰਥੀ ਨਾ ਕੋਈ ਪੰਥੀ ਦੇਵੇ ਸੰਥ, ਸੰਧਿਆ ਸੰਖ ਨਾ ਕੋਇ ਵਜਾਈਆ। ਨਾ ਕੋਈ ਮਾਲਾ ਨਾ ਕੋਈ ਤਸਬੀ ਨਾ ਕੋਈ ਮਨਕ, ਨੇਤਰ ਮੀਟ ਧਿਆਨ ਨਾ ਕੋਇ ਲਗਾਈਆ। ਜਿਸ ਜਨ ਕਿਰਪਾ ਕਰੇ ਆਪ ਭਗਵੰਤ, ਛਿੰਨ ਭੰਗਰ ਲਏ ਤਰਾਈਆ। ਸੋ ਬਣੇ ਸਾਚਾ ਸੰਤ, ਜਿਸ ਆਪਣੀ ਗੋਦ ਬਹਾਈਆ। ਪਾਰ ਕਰਾਏ ਵਿਚੋਂ ਲੱਖ ਚੁਰਾਸੀ ਜੀਵ ਜੰਤ, ਏਕਾ ਮੰਤਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਹੋਏ ਸਹਾਈਆ। ਹਰਿ ਭਗਤ ਸਹਾਈ ਦੀਨਾਂ ਨਾਥ, ਦੀਨਨ ਦਇਆ ਕਮਾਇੰਦਾ। ਠਾਕਰ ਅਬਿਨਾਸ਼ੀ ਸਗਲਾ ਸਾਥ, ਪਾਰਬ੍ਰਹਮ ਰਖਾਇੰਦਾ। ਆਪ ਜਣਾਏ ਆਪਣੀ ਗਾਥ, ਬੋਧ ਅਗਾਧ ਆਪ ਪੜ੍ਹਾਇੰਦਾ। ਲਹਿਣਾ ਚੁਕਾਏ ਸਾਢੇ ਤਿੰਨ ਤਿੰਨ ਹਾਥ, ਸਾਢੇ ਤਿੰਨ ਤਿੰਨ ਵੰਡ ਨਾ ਕੋਇ ਵੰਡਾਇੰਦਾ । ਭਗਤ ਭਗਵੰਤ ਵਸੇ ਪਾਸ, ਦੂਜੇ ਨਗਰ ਨਾ ਸੋਭਾ ਪਾਇੰਦਾ। ਏਕਾ ਮੰਡਲ ਏਕਾ ਰਾਸ, ਏਕਾ ਗੋਪੀ ਕਾਹਨ ਨਚਾਇੰਦਾ। ਏਕਾ ਗ੍ਰਹਿ ਏਕਾ ਵਾਸ, ਏਕਾ ਆਸਣ ਸੋਭਾ ਪਾਇੰਦਾ। ਏਕਾ ਦਾਸੀ ਏਕਾ ਦਾਸ, ਏਕਾ ਸੇਵਕ ਸੇਵ ਕਮਾਇੰਦਾ। ਏਕਾ ਨੂਰ ਇਕ ਪਰਕਾਸ਼, ਏਕਾ ਘਟ ਘਟ ਜੋਤ ਜਗਾਇੰਦਾ। ਏਕਾ ਵੇਖੇ ਖੇਲ ਤਮਾਸ਼, ਪ੍ਰਿਥਮੀ ਅਕਾਸ਼ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਆਪਣੀ ਦਇਆ ਕਮਾਇੰਦਾ। ਸਚ ਸਵਾਮੀ ਦੀਨ ਦਿਆਲਾ, ਏਕਾ ਏਕ ਅਖਵਾਇਆ। ਹਰਿਜਨ ਵੇਖੇ ਸਾਚੇ ਲਾਲਾ, ਲਾਲ ਅਨਮੁਲੜੇ ਆਪ ਮਿਲਾਇਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਇਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲਾ, ਸ਼ਹਿਨਸ਼ਾਹ ਬੇਪਰਵਾਹਿਆ। ਨਿਰਗੁਣ ਸਰਗੁਣ ਬਣੇ ਦਲਾਲਾ, ਲੋਕਮਾਤ ਹੋਏ ਸਹਾਇਆ। ਨਾਤਾ ਤੋੜ ਕਾਲ ਮਹਾਂਕਾਲਾ, ਆਪ ਆਪਣਾ ਬੰਧਨ ਪਾਇਆ। ਘਰ ਘਰ ਵਿਚ ਵਖਾਏ ਸੱਚੀ ਧਰਮਸਾਲਾ, ਕਾਇਆ ਮੰਦਰ ਆਪ ਸੁਹਾਇਆ। ਜੋਤ ਨਿਰੰਜਣ ਦੀਪਕ ਬਾਲਾ, ਆਦਿ ਨਿਰੰਜਣ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਵਡਿਆਇਆ। ਹਰਿ ਭਗਤ ਤੇਰੀ ਵਡਿਆਈ, ਵੇਦ ਕਤੇਬ ਭੇਵ ਨਾ ਪਾਇੰਦਾ। ਹਰਿ ਸੰਤ ਤੇਰੀ ਵਡਿਆਈ, ਹਰਿ ਜੂ ਤੇਰੇ ਗੀਤ ਸੁਣਾਇੰਦਾ। ਹਰਿ ਭਗਤ ਤੇਰੀ ਵਡਿਆਈ, ਤੇਰਾ ਵਿਛੋੜਾ ਹਰਿ ਜੂ ਕਦੇ ਨਾ ਭਾਇੰਦਾ। ਹਰਿ ਸੰਤ ਤੇਰੀ ਵਡਿਆਈ, ਤੇਰਾ ਕੀਤਾ ਨਾ ਕੋਇ ਮੇਟ ਮਿਟਾਇੰਦਾ। ਪਾਰਬ੍ਰਹਮ ਸੱਚੀ ਸ਼ਰਨਾਈ, ਸ਼ਰਨਾਗਤ ਇਕ ਹੋ ਜਾਇੰਦਾ। ਦੋ ਜਹਾਨਾਂ ਵੱਜੇ ਵਧਾਈ, ਏਥੇ ਓਥੇ ਸੋਭਾ ਪਾਇੰਦਾ। ਹਰਿ ਸ਼ਬਦ ਹੋਈ ਕੁੜਮਾਈ, ਸੁਰਤੀ ਸ਼ਬਦ ਨਾਰ ਪਰਨਾਇੰਦਾ। ਨਾ ਹੋਏ ਕਦੇ ਜੁਦਾਈ, ਜੁਜ਼ ਵੰਡ ਨਾ ਕੋਇ ਵੰਡਾਇੰਦਾ। ਪਤਿ ਮਿਲਿਆ ਇਕ ਰਘੁਰਾਈ, ਰਘੁਪਤ ਆਪਣਾ ਸੰਗ ਰਖਾਇੰਦਾ। ਭਗਤਨ ਸੰਗ ਭਗਤਨ ਮੇਲਾ ਚਾਈਂ ਚਾਈਂ, ਭਾਈ ਭਾਈਂਆਂ ਨਾਲ ਮਿਲਾਇੰਦਾ। ਨਿਥਾਵਿਆਂ ਪਕੜੇ ਆਪੇ ਬਾਹੀਂ, ਨਿਆਸਰਿਆਂ ਇਕੋ ਆਸ ਰਖਾਇੰਦਾ। ਸਦਾ ਸੁਹੇਲਾ ਇਕ ਇਕੇਲਾ ਸਿਰ ਰੱਖੇ ਠੰਡੀਆਂ ਛਾਈਂ, ਸਮਰਥ ਆਪਣਾ ਹੱਥ ਟਿਕਾਇੰਦਾ। ਕਰੇ ਕਰਾਏ ਸਚ ਨਿਆਈਂ, ਅਦਲ ਅਦਾਲਤ ਇਕ ਵਖਾਇੰਦਾ। ਜਿਉਂ ਨਾਮੇ ਧੰਨੇ ਲੱਭਾ ਹਰਿ ਗੁਸਾਈਂ, ਸੋ ਗੁਸਾਈਂ ਜਨ ਭਗਤਾਂ ਆਪ ਜਗਾਇੰਦਾ। ਲੋਕਮਾਤ ਆਵੇ ਚਾਈਂ ਚਾਈਂ, ਆਪਣਾ ਪੰਧ ਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕੋ ਹਰਿ, ਸਚ ਸਵਾਮੀ ਸਰਬ ਦਾ ਮਾਲਕ, ਮਲਕੀਅਤ ਆਪਣੀ ਨਾ ਕੋਇ ਰਖਾਇੰਦਾ। ਆਤਮ ਪਰਮਾਤਮ ਸਚ ਪਿਆਰਾ, ਆਸਰਾ ਅਸ਼ੀਰਵਾਦ ਜਣਾਈਆ। ਗ੍ਰਹਿ ਮੰਦਰ ਹੋ ਉਜਿਆਰਾ, ਘਰ ਘਰ ਕਰੇ ਰੁਸ਼ਨਾਈਆ। ਜਗਤ ਸੰਸਾ ਰੋਗ ਨਿਵਾਰਾ, ਸੋਗ ਚਿੰਤ ਨਾ ਕੋਇ ਵਖਾਈਆ। ਅੰਮ੍ਰਿਤ ਦੇਵੇ ਠੰਡਾ ਠਾਰਾ, ਨਿਝਰ ਝਿਰਨਾ ਇਕ ਝਿਰਾਈਆ। ਸਾਂਤਕ ਸਤਿ ਵਰਤਾਏ ਵਰਤਾਵਣਹਾਰਾ, ਅਸਤਿ ਰਹਿਣ ਨਾ ਪਾਈਆ। ਬ੍ਰਹਮ ਮਤ ਇਕ ਵਣਜਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਸ਼ੀਰ ਦਏ ਸਮਝਾਈਆ। ਅਸ਼ੀਰਵਾਦ ਆਤਮ ਰਸ, ਰਸ ਰਸੀਆ ਆਪ ਵਖਾਇੰਦਾ। ਜਗਤ ਵਿਕਾਰਾ ਜਾਏ ਨੱਸ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਜਿਸ ਜਨ ਹਿਰਦੇ ਜਾਏ ਵਸ, ਸੋ ਹਿਰਦਾ ਸੋਭਾ ਪਾਇੰਦਾ। ਜਿਸ ਜਨ ਮਾਰਗ ਦੇਵੇ ਦੱਸ, ਸੋ ਜਨ ਆਪਣਾ ਪੰਧ ਮੁਕਾਇੰਦਾ। ਲੱਖ ਚੁਰਾਸੀ ਰਹੀ ਨੱਸ, ਹਰਿ ਹੱਥ ਕਿਸੇ ਨਾ ਆਇੰਦਾ। ਜਗਤ ਵਡਿਆਈ ਨਾ ਚਲੇ ਕੋਈ ਵਸ, ਬੇਵਸ ਖੇਲ ਖਲਾਇੰਦਾ। ਕਰ ਦਇਆ ਕਰੇ ਪ੍ਰਕਾਸ਼ ਘਰ ਰਵ ਸਸ, ਨੂਰ ਉਜਾਲਾ ਗੁਰ ਗੋਪਾਲਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ। ਦਇਆ ਕਮਾਏ ਦੀਨਨ ਠਾਕਰ, ਆਪਣੇ ਹੱਥ ਰੱਖੇ ਵਡਿਆਈਆ। ਨਿਹਕਰਮੀ ਕਰਮ ਕਰੇ ਉਜਾਗਰ, ਦੁਰਮਤ ਮੈਲ ਧੁਵਾਈਆ। ਏਕਾ ਨਾਮ ਕਰਾਏ ਸਚ ਸੌਦਾਗਰ, ਵਣਜ ਵਣਜਾਰਾ ਇਕ ਵਖਾਈਆ। ਭਾਗ ਲਗਾਏ ਕਾਇਆ ਗਾਗਰ, ਗ੍ਰਹਿ ਮੰਦਰ ਸੋਭਾ ਪਾਈਆ । ਦਰ ਆਇਆਂ ਦੇਵੇ ਆਦਰ, ਜੋ ਢਹਿ ਪਏ ਸ਼ਰਨਾਈਆ। ਆਪੇ ਬਦਲਣਹਾਰਾ ਜਗਤ ਆਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣੀ ਦਇਆ ਕਮਾਈਆ। ਦਇਆਵਾਨ ਦਇਆਨਿਧ, ਮਿਹਰਵਾਨ ਹਰਿ ਦਾਨਾ। ਸਭ ਦੇ ਕਾਰਜ ਕਰੇ ਸਿੱਧ, ਜੋ ਚਰਨ ਕਰੇ ਧਿਆਨਾ। ਘਰ ਉਪਜਾਏ ਨੌਂ ਨਿਧ, ਗ੍ਰਹਿ ਮੰਦਰ ਇਕ ਸੁਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਦਇਆ ਕਰ, ਸਿਰ ਰੱਖੇ ਹੱਥ ਮਿਹਰਵਾਨਾ। ਪੰਜ ਤੱਤ ਕਾਇਆ ਮੁਨਾਰਾ, ਰਿਖੀ ਮੁਨੀ ਗਏ ਹੰਢਾਈਆ। ਗੁਰ ਅਵਤਾਰਾਂ ਦਏ ਸਹਾਰਾ, ਆਤਮ ਪਰਮਾਤਮ ਰਿਹਾ ਛੁਪਾਈਆ। ਸਭ ਨੂੰ ਦੁੱਖ ਲੱਗਾ ਨਿਆਰਾ, ਦੁਖੜਾ ਸਕੇ ਨਾ ਕੋਇ ਮਿਟਾਈਆ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰਾ, ਗਿਰਿਆਜ਼ਾਰੀ ਰਹੇ ਸੁਣਾਈਆ। ਜਿਸ ਜਨ ਕਰਿਆ ਨਾਮ ਪਿਆਰਾ, ਤਿਸ ਔਖਦ ਨਾਮ ਮਿਲੇ ਵਡਿਆਈਆ। ਜਿਸ ਸਤਿਗੁਰ ਮਿਲਿਆ ਇਕ ਸਹਾਰਾ, ਦੂਜਾ ਦੁੱਖ ਨਾ ਲਾਗੇ ਰਾਈਆ। ਪਕੜ ਬਾਹੋਂ ਕਰੇ ਪਾਰ ਕਿਨਾਰਾ, ਅੱਧ ਵਿਚਕਾਰ ਨਾ ਕੋਇ ਡੁਬਾਈਆ। ਮਿਹਰ ਨਜ਼ਰ ਨਜ਼ਰ ਕਰੇ ਆਪ ਕਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਰੋਗ ਦਏ ਮਿਟਾਈਆ। ਖਿੱਟਾ ਲੱਗਾ ਅੰਤਰ ਰੋਗ, ਕਿਸ਼ਨਾ ਸੁਖਲਾ ਪੱਖ ਦੇਣ ਦੁਹਾਈਆ। ਨਾ ਕੋਈ ਜੋਗ ਨਾ ਵਿਯੋਗ, ਸੰਜੋਗ ਨਾ ਕੋਇ ਸੁਹਾਈਆ। ਨਾ ਕੋਈ ਹਰਖ ਨਾ ਕੋਈ ਸੋਗ, ਨਾ ਚਿੰਤਾ ਕੋਇ ਮਿਟਾਈਆ। ਨਾ ਕੋਈ ਰਸ ਨਾ ਕੋਈ ਭੋਗ, ਭਸਮੜ ਰੂਪ ਨਾ ਕੋਇ ਵਟਾਈਆ। ਨਾ ਕੋਈ ਮਿਲਾਏ ਨਿਰਮਲ ਜੋਤ, ਜੋ ਦੁੱਖੜਾ ਦਏ ਗਵਾਈਆ। ਕਰ ਕਿਰਪਾ ਖੋਲ੍ਹੇ ਸੋਤ, ਸੋਈ ਸੁਰਤੀ ਲਏ ਉਠਾਈਆ। ਆਪਣਾ ਨਾਮ ਜਪਾਏ ਬਿਨ ਰਸਨਾ ਜਿਹਵਾ ਹੋਟ, ਅਜੱਪਾ ਜਾਪ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰੀਰਕ ਰੋਗ ਵੇਖ ਵਖਾਈਆ। ਸਰੀਰਕ ਰੋਗ ਹੱਡ ਮਾਸ ਨਾੜੀ ਰੱਤ, ਰਤ ਰਤ ਨਾਲ ਵਿਹਾਈਆ। ਜੀਵ ਲੇਖਾ ਪੰਜ ਤੱਤ, ਈਸ਼ ਖੇਲ ਖਲਾਈਆ। ਆਪਣਾ ਬੇੜਾ ਨਾ ਸਕੇ ਬੰਨ੍ਹ, ਆਪਣਾ ਭਾਰ ਨਾ ਕੋਇ ਉਠਾਈਆ। ਜਿਸ ਜਨ ਹਰਿ ਸਤਿਗੁਰ ਦੇਵੇ ਨਾਮ ਧਨ, ਸਚ ਵਸਤ ਇਕ ਵਰਤਾਈਆ। ਤਿਸ ਕੋਇ ਰੋਗ ਨਾ ਦੇਵੇ ਡੰਨ, ਕਾਇਆ ਅੰਦਰ ਰਹਿਣ ਨਾ ਪਾਈਆ। ਮਿਲੇ ਵਡਿਆਈ ਤਿਸ ਸੱਚੇ ਜਨ, ਜਿਸ ਹਰਿ ਜੂ ਮਿਲਿਆ ਮਾਹੀਆ। ਭਾਂਡਾ ਭਰਮ ਭੌ ਦੇਵੇ ਭੰਨ, ਝੂਠਾ ਗੜ੍ਹ ਤੁੜਾਈਆ। ਏਕਾ ਰਾਗ ਸੁਣਾਏ ਕੰਨ, ਢੋਲਕ ਛੈਣਾ ਨਾ ਕੋਇ ਵਜਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਨ, ਆਪਣਾ ਨੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਦੀਆਂ ਦਰਦ ਆਪ ਵੰਡਾਈਆ। ਦਰਦੀਆਂ ਵੰਡੇ ਦਰਦ, ਦਇਆਵਾਨ ਦਇਆਵਾਨਾ। ਕਾਇਆ ਕਦੇ ਗਰਮ ਕਦੇ ਸਰਦ, ਪੰਜ ਤੱਤ ਹੋਏ ਨਿਧਾਨਾ। ਬੁੱਧੀ ਨਿਮਾਣੀ ਰਹੀ ਵਰਜ, ਮਨ ਹੋਇਆ ਵਡ ਬਲਵਾਨਾ। ਮਤ ਕਹੇ ਮੈਂ ਲੈਣਾ ਕਰਜ਼, ਪਿਛਲਾ ਮੂਲ ਚੁਕਾਨਾ। ਜੀਵ ਨਾ ਜਾਣੇ ਆਪਣਾ ਫ਼ਰਜ਼, ਵਿਛੜਿਆ ਭਗਵਾਨਾ। ਮੰਦਰ ਮਸਜਿਦ ਗੁਰ ਦਰ ਜਾ ਜਾ ਸੁਣਾਏ ਤਰਜ, ਤਰਸ ਕਰੇ ਨਾ ਰਮੱਯਾ ਰਾਮਾ। ਬਿਨ ਹਰਿ ਭਗਤ ਮਿਟੇ ਨਾ ਕਿਸੇ ਹਰਸ, ਹਵਸ ਭਰੀ ਵਿਚ ਜਹਾਨਾ। ਕਰ ਕਿਰਪਾ ਜਿਸ ਜਨ ਲਹਿਣਾ ਦੇਣਾ ਚੁਕਾਏ ਅਰਸ਼ ਫ਼ਰਸ਼, ਕਾਇਆ ਕੁਰਾ ਕਰੇ ਪਰਵਾਨਾ। ਆਬ ਹਯਾਤ ਅੰਮ੍ਰਿਤ ਮੇਘ ਦੇਵੇ ਬਰਸ, ਦਰਦੀ ਦਰਦੀਆਂ ਦੁੱਖ ਮਿਟਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਰੱਖ ਹੱਥ ਮਿਹਰਵਾਨਾ। ਰਸ ਭੋਗਦਾ ਪੰਜ ਤੱਤ, ਤੱਤਵ ਤੱਤ ਸਮਾਇਆ। ਲੇਖਾ ਜਾਣੇ ਬੂੰਦ ਰੱਤ, ਰੱਤ ਬੂੰਦ ਖੇਲ ਖਲਾਇਆ। ਸਰਬ ਜੀਆਂ ਦਾ ਇਕੋ ਕਮਲਾਪਾਤ, ਕਵਲ ਨੈਣ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਪਰਗਟਾਇਆ। ਪਾਰਬ੍ਰਹਮ ਬ੍ਰਹਮ ਅਚਰਜ ਖੇਲ, ਖੇਲਣਹਾਰ ਖਲਾਈਆ। ਆਪੇ ਜਾਣੇ ਆਪਣਾ ਮੇਲ, ਨਾ ਕੋਈ ਪਿਤਾ ਨਾ ਕੋਈ ਮਾਈਆ। ਵਸਣਹਾਰਾ ਰੰਗ ਨਵੇਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਆਪੇ ਬਣਤ ਬਣਾਈਆ। ਪੰਜ ਤੱਤ ਜਨ ਜਨਣੀ ਜਾਇਆ, ਕਬੀਰ ਕਹੇ ਕੌਣ ਮਾਈ। ਦਸ ਦਸ ਮਾਸ ਜਿਸ ਗਰਭ ਉਠਾਇਆ, ਇਕ ਧਿਆਨ ਲਗਾਈ। ਜੀਉ ਪਿੰਡ ਇੰਡ ਬ੍ਰਹਿਮੰਡ ਸਜਾਇਆ, ਘਰ ਵਿਚ ਘਰ ਮਿਲੀ ਰੁਸ਼ਨਾਈ। ਅੰਤਮ ਨਾਤਾ ਤੋੜ ਤੁੜਾਇਆ, ਹੋਈ ਮਾਤ ਜੁਦਾਈ। ਬ੍ਰਹਿਮਣ ਪੁੱਤ ਬ੍ਰਹਿਮਣੀ ਜਾਇਆ, ਪਾਰਬ੍ਰਹਮ ਪਿਤਾ ਮਾਈ। ਹਰਿ ਜੂ ਅਗੰਮੀ ਸ਼ਬਦ ਸੁਣਾਇਆ, ਸਚ ਸੰਦੇਸ਼ਾ ਏਕਾ ਗਾਈ। ਮੇਰਾ ਭਗਤ ਮੇਰੇ ਰੰਗ ਸਮਾਇਆ, ਰੰਗ ਵੇਖੋ ਚਾਈਂ ਚਾਈਂ। ਕੱਖ਼ਾਂ ਹੇਠਾਂ ਦੇਣਾ ਲੋਕਾਇਆ, ਸਹਾਇਤਾ ਕਰੇ ਆਪ ਗੁਸਾਈਂ। ਉਚਾ ਹੋ ਕੇ ਨੀਵਿਆਂ ਲਏ ਤਰਾਇਆ, ਘਰ ਜੁਲਾਹਿਆਂ ਫੇਰਾ ਪਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪਣੀ ਗੋਦ ਬਹਾਈ। ਨਾ ਕੋਈ ਨਇਆ ਨਾ ਪੁਰਾਣਾ, ਸਦਾ ਸਦ ਖੇਲ ਖਲਾਈਆ। ਭਗਤਾਂ ਸੰਗ ਵਸੇ ਭਗਵਾਨਾ, ਜੁਗ ਜੁਗ ਵਡਿਆਈਆ। ਇਕੋ ਹਰਿ ਇਕੋ ਘਰ ਗਾਇਣ ਗਾਣਾ, ਗੀਤ ਗੋਬਿੰਦ ਅਲਾਈਆ। ਹਰਿ ਭਗਤਾਂ ਮੰਨੇ ਹਰਿ ਜੂ ਭਾਣਾ, ਹਰਿ ਭਾਣੇ ਭਗਤ ਸਮਾਈਆ। ਦੋਵੇਂ ਵਸਣ ਇਕ ਟਿਕਾਣਾ, ਏਕਾ ਘਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਰਿਹਾ ਬਣਾਈਆ। ਸਚ ਦੁਆਰਾ ਬਣੇ ਧਾਮ, ਧਮਕ ਚਾਰ ਕੁੰਟ ਲਗਾਈਆ। ਵਸਣਹਾਰਾ ਇਕੋ ਰਾਮ, ਏਕਾ ਕ੍ਰਿਸ਼ਨ ਸਹਿਜ ਸੁਖਦਾਈਆ। ਏਕਾ ਪੈਗ਼ੰਬਰ ਦੇਵੇ ਪੈਗ਼ਾਮ, ਕਲਮਾ ਕਲਾਮ ਨੂਰ ਇਲਾਹੀਆ। ਏਕਾ ਨਾਨਕ ਬੋਲੇ ਸਤਿਨਾਮ, ਏਕਾ ਗੋਬਿੰਦ ਫ਼ਤਹਿ ਗਜ਼ਾਈਆ। ਏਕਾ ਭਗਤਾਂ ਪੂਰਾ ਕਰੇ ਕਾਮ, ਜਗਤ ਕਾਮਨੀ ਮੇਟ ਮਿਟਾਈਆ। ਏਕਾ ਮੇਟੇ ਅੰਧੇਰੀ ਸ਼ਾਮ, ਕਲਜੁਗ ਰੈਣ ਰਹਿਣ ਨਾ ਪਾਈਆ। ਏਕਾ ਜਪਾਏ ਸਾਚਾ ਨਾਮ, ਆਤਮ ਪਰਮਾਤਮ ਮੇਲ ਮਿਲਾਈਆ। ਏਕਾ ਪਰਕਾਸ਼ ਕਰੇ ਕੋਟਨ ਭਾਨ, ਕੋਟ ਕੋਟੀ ਦੀਪ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਸੋਭਾ ਪਾਈਆ। ਜੁਗ ਜੁਗ ਖੇਲ ਅਵੱਲੜਾ ਕਰੇ ਕਰਾਏ ਕਰਨੇਹਾਰ। ਗੁਰ ਅਵਤਾਰਾਂ ਫੜਾਏ ਪਲੜਾ, ਲੋਕਮਾਤ ਕਰ ਉਜਿਆਰ। ਭਗਤਾਂ ਅੰਦਰ ਆਪੇ ਰਲੜਾ, ਦੇਵੇ ਦਰਸ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰੇ ਸਚ ਵਿਹਾਰ। ਸਚ ਵਿਹਾਰ ਸਚ ਕਰੇ ਬਿਵਹਾਰੀ, ਬਿਧ ਆਪਣੇ ਹੱਥ ਰਖਾਈਆ। ਨਿਰਗੁਣ ਸਰਗੁਣ ਜੋਤ ਕਰ ਉਜਿਆਰੀ, ਲੋਕਮਾਤ ਦਏ ਵਡਿਆਈਆ। ਲੇਖਾ ਜਾਣੇ ਪਿਛਲੇ ਚਾਰ ਜੁਗ ਤੇਈ ਅਵਤਾਰੀ, ਗੁਰ ਭਗਤ ਨਾਲ ਮਿਲਾਈਆ। ਅੱਗੇ ਖੇਲ ਅਪਰ ਅਪਾਰੀ, ਖ਼ਾਲਕ ਖੇਲੇ ਸੱਚਾ ਸ਼ਹਿਨਸ਼ਾਹੀਆ। ਏਕਾ ਜੋਤ ਜਗੇ ਨਿਰੰਕਾਰੀ, ਨਿਰਗੁਣ ਨੂਰ ਕਰ ਰੁਸ਼ਨਾਈਆ। ਏਕਾ ਨਾਮ ਮਿਲੇ ਸਿਕਦਾਰੀ, ਸ਼ਹਿਨਸ਼ਾਹ ਇਕ ਹੋ ਆਈਆ। ਏਕਾ ਪਾਠ ਏਕਾ ਪੂਜਾ ਇਕ ਪੁਜਾਰੀ, ਏਕਾ ਇਸ਼ਟ ਦੇਵ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਏਕਾ ਇਸ਼ਟ ਇਕ ਗੁਰਦੇਵ, ਨਮੋ ਨਮੋ ਇਕ ਵਡਿਆਈਆ। ਏਕਾ ਦਾਤਾ ਅਲੱਖ ਅਭੇਵ, ਅਲੱਖ ਨਾ ਲਖਿਆ ਜਾਈਆ। ਇਕੋ ਕਰੇ ਕਰਾਏ ਸਾਚੀ ਸੇਵ, ਸੇਵਕ ਸੇਵਾ ਇਕ ਸਮਝਾਈਆ। ਇਕੋ ਦੇਵਾ ਏਕਾ ਦੇਵ, ਏਕਾ ਦੇਵਤ ਰੂਪ ਵਟਾਈਆ। ਏਕਾ ਵਸੇ ਸਦਾ ਨਿਹਕੇਵ, ਨਿਹਚਲ ਆਪਣਾ ਧਾਮ ਸੁਹਾਈਆ। ਏਕਾ ਰਸਨਾ ਏਕਾ ਜਿਹਵ, ਏਕਾ ਹਰੀ ਹਰੀ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲੇ ਜੁਗ ਆਪਣਾ ਰੰਗ ਵਖਾਈਆ। ਏਕਾ ਨੂਰ ਏਕਾ ਰੰਗ, ਏਕਾ ਘਰ ਵਸਾਇਆ। ਏਕਾ ਸੇਜ ਇਕ ਪਲੰਘ, ਏਕਾ ਰਿਹਾ ਸੁਹਾਇਆ। ਏਕਾ ਨਾਮ ਇਕ ਮਰਦੰਗ, ਏਕਾ ਰਿਹਾ ਵਜਾਇਆ। ਏਕਾ ਅੰਮ੍ਰਿਤ ਏਕਾ ਗੰਗ, ਏਕਾ ਰਿਹਾ ਨੁਹਾਇਆ। ਏਕਾ ਸੂਰਜ ਏਕਾ ਚੰਦ, ਏਕਾ ਰਿਹਾ ਚਮਕਾਇਆ। ਇਕ ਖੰਡ ਇਕ ਬ੍ਰਹਿਮੰਡ, ਏਕਾ ਵਰਭੰਡ ਰੂਪ ਵਟਾਇਆ। ਏਕਾ ਜਾਣੇ ਪਰਮਾਨੰਦ, ਪਰਮ ਪੁਰਖ ਬੇਪਰਵਾਹਿਆ। ਏਕਾ ਗੀਤ ਏਕਾ ਛੰਦ, ਏਕਾ ਗਵਣ ਰਿਹਾ ਸੁਣਾਇਆ। ਇਕੋ ਆਦਿ ਜੁਗਾਦਿ ਸਭ ਨਾਲ ਜਾਏ ਹੰਢ, ਰੂਪ ਅਨੂਪ ਆਪ ਵਟਾਇਆ। ਇਕਾ ਜੁਗ ਚੌਕੜੀਆਂ ਦੇਵੇ ਗੰਢ, ਤੰਦ ਤੰਦ ਨਾਲ ਰਖਾਇਆ। ਇਕੋ ਦੇਵਣਹਾਰਾ ਦੰਡ, ਜੋ ਘੜਿਆ ਸੋ ਭੰਨ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲੇ ਜੁਗ ਆਪਣਾ ਨਾਉਂ ਕਰੇ ਸਵਾਇਆ। ਅਗਲੇ ਜੁਗ ਚਲੇ ਨਾਉਂ, ਸੋਹੰ ਸਚ ਪੜ੍ਹਾਈਆ। ਵੇਖੇ ਵਿਗਸੇ ਬੇਪਰਵਾਹੋ, ਅਲੱਖ ਅਗੋਚਰ ਅਗੰਮ ਅਥਾਹੀਆ। ਦੋ ਜਹਾਨਾਂ ਕਰੇ ਸਚ ਨਿਆਉਂ, ਇਕ ਇਕੱਠਾ ਦਇਆ ਕਮਾਈਆ। ਲੱਖ ਚੁਰਾਸੀ ਨੌਂ ਖੰਡ ਸੱਤ ਦੀਪ ਸੂਰਜ ਚੰਦ ਦੇਵੇ ਪਰਮਾਨੰਦ ਲੇਖਾ ਜਾਣੇ ਪਿਤਾ ਮਾਉਂ, ਬਾਲ ਅਞਾਣੇ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ।
