੩ ਮੱਘਰ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ ਦਇਆ ਹੋਈ
ਸੰਤਾਂ ਸੰਗ ਸਦਾ ਹਰਿ ਵਸੇ, ਵਸਣਹਾਰਾ ਏਕ। ਅਸੰਤਾਂ ਕੋਲੋਂ ਸਦਾ ਹਰਿ ਨੱਸੇ, ਲਾਜ ਨਾ ਲਾਏ ਆਪਣੇ ਭੇਖ। ਸੰਤਾਂ ਮਾਰਗ ਆਪੇ ਦੱਸੇ, ਦੱਸੇ ਹਰਿ ਜੂ ਸਾਚੀ ਟੇਕ। ਅਸੰਤਾਂ ਕੋਲੋਂ ਆਪੇ ਨੱਠੇ, ਕੋਇ ਸਕੇ ਨਾ ਵੇਖ। ਸੰਤਾਂ ਸੰਗ ਆਪੇ ਹੱਸੇ, ਕਰੇ ਖੇਲ ਹਰਿ ਅਨੇਕ। ਅਸੰਤਾਂ ਵਿਚ ਕਦੇ ਨਾ ਫਸੇ, ਆਪ ਛੁਪਾਏ ਆਪਣੀ ਰੇਖ। ਚਾਰੋਂ ਕੁੰਟ ਅੰਧੇਰੀ ਰੈਣ ਮਸੇ, ਨੂਰ ਦਿਸੇ ਨਾ ਔਲੀਏ ਪੀਰ ਸ਼ੇਖ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਵੇਸ। ਸੰਤਾਂ ਸੰਗ ਸਦਾ ਦਿਆਲਾ, ਦੀਨ ਦਿਆਲ ਦਇਆ ਕਮਾਈਆ। ਜਗਤ ਜੁਗ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਰਖਾਈਆ। ਕਰੇ ਖੇਲ ਖ਼ਲਕ ਨਿਰਾਲਾ, ਖ਼ਾਲਕ ਵੇਖੇ ਮਖ਼ਲੂਕ ਖ਼ੁਦਾਈਆ। ਸਚਖੰਡ ਬੈਠ ਸੱਚੀ ਧਰਮਸ਼ਾਲਾ, ਧਰਮ ਧਾਰ ਦਏ ਸਮਝਾਈਆ। ਚਾਰ ਕੁੰਟ ਹੋਏ ਬੇਹਾਲਾ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਈਆ। ਸੋ ਸੰਤ ਹੋਏ ਪਰਵਾਨ, ਜਿਸ ਸਤਿਗੁਰ ਹਰਿ ਹਰਿ ਪਾਇਆ । ਸੋ ਸੰਤ ਮੂਰਖ ਮੂੜ੍ਹ ਅੰਞਾਣ, ਜਿਸ ਮਿਲੇ ਨਾ ਹਰਿ ਰਘੁਰਾਇਆ। ਚਾਰੋਂ ਕੁੰਟ ਕੂੜ ਤੂਫਾਨ, ਤੋਹਫ਼ਾ ਜਗਤ ਰਹੇ ਵਰਤਾਇਆ। ਬਿਨ ਡਿੱਠਿਆਂ ਕਰਨ ਕਲਿਆਣ, ਦਾਤਾ ਕਲਿਆਣ ਨਜ਼ਰ ਨਾ ਆਇਆ। ਐਵੇਂ ਪਾ ਪਾ ਦੱਸਦੇ ਖਾਣ, ਸਾਚੀ ਖ਼ਬਰ ਨਾ ਕੋਇ ਸੁਣਾਇਆ। ਰਸਨਾ ਜਿਹਵਾ ਗਾਵਣ ਗਾਣ, ਗਾਣਾ ਰਾਮ ਨਾ ਕੋਇ ਸਮਝਾਇਆ। ਸ਼ਰਅ ਸ਼ਰੀਯਤ ਨਾ ਜਾਨਣ ਈਮਾਨ, ਅਮਾਮ ਮੇਲ ਨਾ ਕੋਇ ਮਿਲਾਇਆ। ਨਜ਼ਰੀ ਆਏ ਨਾ ਰਾਧਾ ਕਾਹਨ, ਘਰ ਗੀਤ ਨਾ ਕੋਇ ਸੁਣਾਇਆ। ਸੀਤਾ ਮਿਲੇ ਨਾ ਸੱਚਾ ਰਾਮ, ਕਲਜੁਗ ਬਣ ਰਿਹਾ ਡਰਾਇਆ। ਅੱਲਾ ਰਾਣੀ ਦੇਵੇ ਨਾ ਕੋਇ ਪੈਗ਼ਾਮ, ਪੈਗੰਬਰ ਨੂਰ ਨਾ ਕੋਇ ਰੁਸ਼ਨਾਇਆ। ਬਾਹਰੋਂ ਨਿਉਂ ਨਿਉਂ ਕਰਨ ਸਲਾਮ, ਅਲੈਕਮ ਰੂਪ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਇਆ। ਲੱਖ ਚੁਰਾਸੀ ਖੇਲ ਤਮਾਸ਼ਾ, ਤਮਾਸ਼ਗੀਰ ਵੇਖ ਵਖਾਈਆ। ਕਲਜੁਗ ਸਾਧਾਂ ਵਲ ਵੇਖ ਵੇਖ ਕਰੇ ਹਾਸਾ, ਵਾਹ ਵਾ ਆਪਣੀ ਖੇਲ ਕਰਾਈਆ। ਰਸਨਾ ਕਹਿਣ ਸਾਡੇ ਵਸੇ ਪਾਸਾ, ਘਰ ਬੈਠਾ ਸੱਚਾ ਮਾਹੀਆ। ਬਣ ਸਖੀਆਂ ਪਾਵੇ ਰਾਸਾ, ਗੋਪੀ ਕਾਹਨ ਨਚਾਈਆ। ਕੋਈ ਕਹੇ ਮੇਰਾ ਭਰਿਆ ਛਾਬਾ, ਨਾਮ ਅਨਮੁਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇਲ ਰਿਹਾ ਵਖਾਈਆ। ਕਲਜੁਗ ਸੰਤ ਜਗਤ ਇਕੱਠੇ, ਕਲਜੁਗ ਸੰਗ ਨਿਭਾਇਆ। ਬਿਨ ਮਾਰਿਆਂ ਆਪੇ ਢੱਠੇ, ਆਪਣਾ ਮੁਖ ਭੁਵਾਇਆ। ਖਾ ਖਾ ਪੂਜਾ ਹੋਏ ਹੱਟੇ ਕੱਟੇ, ਸਾਚਾ ਹੱਟ ਨਾ ਕਿਸੇ ਖੁਲ੍ਹਾਇਆ। ਜੱਟ ਧੰਨੇ ਪਾਇਆ ਵਿਚੋਂ ਵੱਟੇ, ਝੱਟ ਆਪਣਾ ਬਾਹਰ ਰਖਾਇਆ। ਨਾਮੇ ਛੱਪਰ ਛਾਈ ਸੀਸ ਰਖਾਏ ਆਪਣੇ ਫੱਟੇ, ਔਂਦਾ ਜਾਂਦਾ ਦਿਸ ਨਾ ਆਇਆ। ਲੱਖ ਚੁਰਾਸੀ ਰਲਾਈ ਘੱਟੇ, ਕੌਡੀ ਮੁਲ ਨਾ ਕੋਇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਵੇਖ ਵਖਾਇਆ। ਸਾਚੇ ਸੰਤਾਂ ਵੇਖੇ ਹਰਿ, ਆਪਣੀ ਸੇਵਾ ਆਪ ਕਮਾਈਆ। ਕਵਣ ਸੰਤ ਜਿਸ ਮਿਲਿਆ ਦਰ, ਮਿਲ ਮੇਲ ਸੱਚੇ ਮਾਹੀਆ। ਕਵਣ ਸੀਸ ਅੱਗੇ ਰਿਹਾ ਧਰ, ਆਪਾ ਵਾਰ ਵਖਾਈਆ। ਕਵਣ ਜੀਂਵਦਿਆਂ ਹੀ ਗਿਆ ਮਰ, ਮਨ ਮਨਸ਼ਾ ਸਤਿਗੁਰ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਵੇਖ ਵਖਾਈਆ। ਸਾਚੇ ਸੰਤ ਵੇਖਣ ਆਇਆ, ਨੇਤਰ ਨੈਣ ਨਾ ਕੋਇ ਰਖਾਇੰਦਾ। ਨੌਂ ਖੰਡ ਪ੍ਰਿਥਮੀ ਫੋਲ ਫੁਲਾਇਆ, ਚਾਰੋਂ ਕੁੰਟ ਫੇਰਾ ਪਾਇੰਦਾ। ਸਭ ਦਾ ਲਹਿਣਾ ਰਿਹਾ ਚੁਕਾਇਆ, ਦੇਵਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਇੰਦਾ। ਸੰਤਾਂ ਸੰਗ ਵਸੇ ਨਿਰੰਕਾਰ, ਸਤਿਗੁਰ ਰੂਪ ਵਟਾਈਆ। ਕਲਜੁਗ ਅੰਤ ਖੇਲ ਅਪਾਰ, ਅਪਰੰਪਰ ਰਿਹਾ ਵਰਤਾਈਆ। ਸੰਤ ਸੁਹੇਲੇ ਲੱਭੇ ਯਾਰ, ਯਾਰੀ ਯਾਰਾਂ ਨਾਲ ਰਖਾਈਆ। ਦੂਰ ਦੁਰਾਡਾ ਆਪੇ ਭਾਲ, ਆਪਣਾ ਪੰਧ ਮੁਕਾਈਆ। ਪਹਿਲੇ ਸੰਤ ਸਾਹਿਬ ਪਿੱਛੇ ਘਾਲਣ ਗਏ ਘਾਲ, ਘਾਲੀ ਘਾਲ ਲੇਖੇ ਪਾਈਆ। ਅੰਤ ਤੋੜ ਜਗਤ ਜੰਜਾਲ, ਜਾਗਰਤ ਜੁਗਤ ਇਕ ਸਮਝਾਈਆ। ਜੋਤ ਜਗੇ ਬੇਮਿਸਾਲ, ਅੰਧ ਅੰਧੇਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਵਿਚ ਸਮਾਈਆ। ਸਾਚਾ ਸੰਤ ਸਤਿਗੁਰ ਪਾਇਆ, ਜਿਸ ਭਾਵੀ ਮਾਤ ਮਿਟਾਈਆ। ਸੇਵਕ ਬਣ ਕੇ ਸੇਵ ਕਮਾਇਆ, ਸੋ ਸਤਿਗੁਰ ਸੰਗ ਸਮਾਈਆ। ਬਿਨ ਪੜ੍ਹਿਆਂ ਜਿਨ ਹਰਿ ਜਸ ਗਾਇਆ, ਤਿਸ ਮਿਲੇ ਨਾਮ ਵਡਿਆਈਆ। ਬਿਨ ਸੁਣਿਆਂ ਜਿਸ ਰਾਗ ਅਲਾਇਆ, ਤਿਸ ਅੰਤਰ ਵੱਜੇ ਵਧਾਈਆ। ਬਿਨ ਡਿਠਿਆਂ ਜਿਸ ਗਲੇ ਲਗਾਇਆ, ਸੋ ਸਾਹਿਬ ਸੱਚਾ ਮਾਹੀਆ। ਰਾਤੀਂ ਸੁਤਿਆਂ ਜਿਸ ਦਰਸ ਦਿਖਾਇਆ, ਕਲਜੁਗ ਲੁੱਚਿਆਂ ਕੋਲੋਂ ਬਚਾਈਆ । ਦਰ ਦਰ ਦੇ ਕੁੱਤਿਆਂ ਕੋਲੋਂ ਛੁਡਾਇਆ, ਕੋਈ ਨੌਂ ਦਰ ਮਾਰ ਨਾ ਜਾਈਆ। ਜਨਮ ਜਨਮ ਦੇ ਰੁਠਿਆਂ ਆਪ ਮਨਾਇਆ, ਆਪਣੀ ਭੁੱਲ ਆਪ ਬਖ਼ਸ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਾਂ ਸੰਗ ਸਦਾ ਸਮਾਈਆ। ਸੰਤਾਂ ਅੰਦਰ ਵਸੇ ਮੀਤ, ਮਿੱਤਰ ਪਿਆਰਾ ਨਾਉਂ ਰਖਾਇੰਦਾ। ਕਾਇਆ ਕਰੇ ਠਾਂਡੀ ਸੀਤ, ਜਿਸ ਆਪਣੀ ਗੋਦ ਬਹਾਇੰਦਾ। ਲਹਿਣਾ ਚੁਕਾ ਹਸਤ ਕੀਟ, ਕੀਟ ਹਸਤ ਏਕਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਖਾਇੰਦਾ। ਹਰਿਜਨ ਵਖਾਏ ਆਪ ਹਰਿ, ਲੱਖ ਚੁਰਾਸੀ ਰਿਹਾ ਸਮਝਾਈਆ। ਜਿੰਨਾਂ ਮੇਲਿਆ ਆਪਣੇ ਦਰ, ਤਿਸ ਮਿਲੇ ਮਾਣ ਵਡਿਆਈਆ । ਜਗਤ ਵਿਛੋੜਾ ਚੁਕਾ ਡਰ, ਭੈ ਅਵਰ ਨਾ ਕੋਇ ਰਖਾਈਆ। ਇਕੋ ਨਾਉਂ ਹਰੀ ਹਰਿ, ਹਰਿ ਰੰਗਣ ਦਏ ਚੜ੍ਹਾਈਆ। ਹਰਿ ਕਿਰਪਾਲ ਕਿਰਪਾ ਦੇਵੇ ਕਰ, ਜੇ ਮੰਨੇ ਸਾਚਾ ਮਾਹੀਆ। ਕੋਝੀ ਕਮਲੀ ਲਾਏ ਲੜ, ਅੰਧਲੇ ਮਾਰਗ ਪਾਈਆ। ਭਵਰੀ ਡੂੰਘੀ ਵਿਚੋਂ ਲਏ ਫੜ, ਸਮੁੰਦ ਸਾਗਰ ਲਏ ਤਰਾਈਆ। ਲੇਖਾ ਜਾਣੇ ਚੇਤਨ ਜੜ੍ਹ, ਬੇਅੰਤ ਵਡੀ ਵਡਿਆਈਆ। ਸੂਖਮ ਖੇਲ ਆਪੇ ਕਰ, ਕਾਰਨ ਆਪਣੀ ਧਾਰ ਚਲਾਈਆ। ਕਲਜੁਗ ਸੰਤ ਇਕ ਦੂਜੇ ਨਾਲ ਰਹੇ ਲੜ, ਰਸਨਾ ਜਿਹਵਾ ਪਈ ਲੜਾਈਆ। ਦਿਵਸ ਰੈਣ ਪੋਥੀਆਂ ਪੜ੍ਹ ਪੜ੍ਹ, ਥੋਥੀ ਮਤ ਕਰਾਈਆ। ਇਕ ਨਾ ਮਿਲਿਆ ਪੁਰਖ ਨਰ, ਨਾਰੀ ਰੰਡ ਦਏ ਦੁਹਾਈਆ। ਕੰਤ ਕੰਤੂਹਲ ਨਾ ਆਵੇ ਘਰ, ਨੇਤਰ ਨੈਣ ਨਾ ਦਰਸ਼ਨ ਪਾਈਆ। ਜਗਤ ਸੁਹਾਗ ਗਿਆ ਮਰ, ਵੇਖੇ ਸਰਬ ਲੋਕਾਈਆ। ਝੂਠਾ ਹਾਰ ਸ਼ਿੰਗਾਰ ਰਹੇ ਕਰ, ਹਰਿ ਕੰਤ ਸੇਜ ਕਿਸੇ ਨਾ ਭਾਈਆ। ਅੰਦਰੋਂ ਝੂਠੇ ਬਾਹਰੋਂ ਆਉਂਦਾ ਡਰ, ਨੇਤਰ ਨੈਣ ਨੈਣ ਸ਼ਰਮਾਈਆ। ਬੌਹੜੀ ਬੌਹੜੀ ਰਹੇ ਕਰ, ਪ੍ਰਭ ਦੇਵਣਹਾਰ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਈਆ। ਕਲਜੁਗ ਸੰਤ ਕਰਨ ਪੁਕਾਰ, ਕੂਕ ਕੂਕ ਸੁਣਾਇਆ। ਵਿਸ਼ਵ ਕਰੇ ਨਾ ਕੋਇ ਪਿਆਰ, ਵੇਸਵਾ ਰੂਪ ਸਰਬ ਵਟਾਇਆ। ਬਿਨ ਹਰਿ ਕੰਤ ਨਾ ਦੇਵੇ ਕੋਇ ਆਧਾਰ, ਝੂਠੇ ਯਾਰ ਮੁਖ ਭੁਵਾਇਆ। ਅੰਤ ਕਿਸੇ ਨਾ ਨਿਭੇ ਨਾਲ, ਸਾਚਾ ਸੰਗ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਲਏ ਮਿਲਾਇਆ। ਸਾਚੇ ਸੰਤ ਲਏ ਮੇਲ, ਦੂਜੇ ਸੰਤਾਂ ਸੰਗ ਤਜਾਈਆ। ਆਪਣਿਆਂ ਸੰਤਾਂ ਕੋਲੋਂ ਕੋਈ ਨਾ ਕਰੇ ਵੇਹਲ, ਪਿਆਰ ਪਿਆਰ ਵਿਚ ਸਮਾਈਆ। ਰਾਤੀਂ ਗੁਰੂ ਤੇ ਦਿਨੇ ਚੇਲ, ਚੇਲਾ ਗੁਰੂ ਖੇਲ ਵਖਾਈਆ। ਸਾਹਿਬ ਦਿਆਲ ਸੱਜਣ ਸੁਹੇਲ, ਆਪ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸਾਚੇ ਸੰਤਾਂ ਸੰਗ ਰਖਾਈਆ। ਸਾਚੇ ਸੰਤ ਲਏ ਚੁਣ, ਹਰਿ ਜੂ ਆਪਣੀ ਚੋਣ ਕਰਾਇਆ। ਚਾਰ ਯੁਗ ਦਾ ਜਾਣੇ ਗੁਣ ਅਵਗੁਣ, ਲਹਿਣਾ ਆਪ ਮੁਕਾਇਆ। ਸਚਖੰਡ ਨਿਵਾਸੀ ਪੁਕਾਰ ਸੁਣ, ਸੁਣ ਸੰਦੇਸ਼ਾ ਆਪ ਅਲਾਇਆ। ਆਪੇ ਕਰੇ ਛਾਣ ਪੁਣ, ਸਾਚੀ ਸੇਵਾ ਸੇਵ ਕਮਾਇਆ। ਕੋਈ ਨਾ ਜਾਣੇ ਸਮਾਧੀ ਸੁੰਨ, ਸੁੰਨ ਸਮਾਧ ਨਾ ਕੋਇ ਰਖਾਇਆ। ਕੋਈ ਨਾ ਜਾਣੇ ਆਤਮ ਧੁਨ, ਧੁਨੀ ਨਾਦ ਨਾ ਕੋਇ ਵਜਾਇਆ। ਜੂਠ ਝੂਠ ਕਹਿਣ ਪ੍ਰਭ ਮਿਲਿਆ ਹੁਣ, ਪੜ੍ਹ ਪੜ੍ਹ ਵਾਦ ਵਧਾਇਆ। ਪੁਰਖ ਅਬਿਨਾਸ਼ੀ ਜੱਟ ਕੋਲੋਂ ਫਰਾਏ ਘਸੁੰਨ, ਸਭ ਦਾ ਮੁਖੜਾ ਦਏ ਭੁਵਾਇਆ। ਬਿਨ ਅਗਨੀ ਦੇਵੇ ਭੁੰਨ, ਤੱਤੀ ਵਾ ਇਕ ਵਗਾਇਆ। ਜਿਉਂ ਭੇਡਾਂ ਉਤੋਂ ਲਹੇ ਉਨ, ਤਿਉਂ ਸਾਧਾਂ ਖੱਲ ਧਰਮ ਰਾਏ ਦਏ ਲੁਹਾਇਆ। ਜਿਹੜੇ ਕਹਿੰਦੇ ਸਾਡਾ ਨਿਰਗੁਣ ਨਾਲ ਲੱਗਾ ਫ਼ੂਨ, ਦਿਵਸ ਰੈਣ ਰਿਹਾ ਸੁਣਾਇਆ। ਉਹ ਸਭ ਦਾ ਲਾਹਵੇ ਘੁਣ, ਬਣ ਤਰਖਾਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਅੰਗ ਲਗਾਇਆ। ਹਰਿ ਜੂ ਸੰਤ ਲਏ ਲੱਭ, ਲੱਖ ਚੁਰਾਸੀ ਮਾਤ ਤਜਾਈਆ। ਅੱਠੇ ਪਹਿਰ ਵਿਚ ਰਿਹਾ ਫਬ, ਆਪਣੇ ਛਹਿਬਰ ਨਾਮ ਲਗਾਈਆ। ਗੁਰਮੁਖ ਫਿਰਨ ਉਚੇ ਪਬ, ਘਟ ਘਟ ਖ਼ੁਸ਼ੀ ਮਨਾਈਆ। ਤੁਰਦਿਆਂ ਫਿਰਦਿਆਂ ਮਿਲ ਗਿਆ ਰੱਬ, ਲੱਭਣ ਕੋਇ ਕਿਤੇ ਨਾ ਜਾਈਆ । ਬਣ ਨੈਣ ਨਾਈ ਲਿਆ ਸੱਦ, ਸ਼ਬਦ ਸੰਦੇਸ਼ਾ ਇਕ ਘਲਾਈਆ। ਆਪਣੀ ਹੱਥੀਂ ਦੇ ਕੇ ਜਾਵੇ ਅੱਧ, ਭਗਤ ਦੁਆਰਾ ਦਏ ਬਣਾਈਆ। ਫੇਰ ਸਾਧਾਂ ਭੰਨੇ ਹੱਡ, ਜੋ ਝੂਠੇ ਰਾਗ ਅਲਾਈਆ। ਵੇਖੋ ਕਰੇ ਕੀ ਖੇਲ ਜੱਟ, ਆਪਣੀ ਮੋਟੀ ਬੁਧ ਵਖਾਈਆ। ਮੋਟੇ ਢਿੱਡ ਭੰਨੇ ਜਿਉਂ ਡੱਡ, ਹੱਡੀ ਪਸਲੀ ਨਜ਼ਰ ਕੋਇ ਨਾ ਆਈਆ। ਬਿਨ ਕਬਰੋਂ ਦੇਵੇ ਦੱਬ, ਮੜ੍ਹੀ ਮਸਾਣ ਨਾ ਕੋਇ ਜਗਾਈਆ। ਆਪਣਾ ਭਾਰ ਜਾਣ ਲੱਦ, ਜੋ ਝੂਠਾ ਸਿਰ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਸੰਤ ਆਪ ਉਠਾਈਆ। ਪਹਿਲਾਂ ਉਠਿਆ ਹਰਿ ਜੂ ਆਪ, ਆਪਣਾ ਰੂਪ ਧਰਾਇਆ। ਦੂਜੇ ਬਣਿਆ ਮਾਈ ਬਾਪ, ਮਾਤ ਪਿਤ ਖੇਲ ਖਲਾਇਆ। ਤੀਜੇ ਵਖਾਈ ਆਪਣੀ ਜ਼ਾਤ, ਨਿਰਗੁਣ ਨੂਰ ਰੁਸ਼ਨਾਇਆ। ਚੌਥਾ ਵਖਾਇਆ ਸਾਚਾ ਘਾਟ, ਸਾਚੇ ਪੱਤਣ ਡੇਰਾ ਲਾਇਆ। ਪੰਚਮ ਖੋਲ੍ਹਿਆ ਇਕੋ ਹਾਟ, ਬਣ ਵਣਜਾਰਾ ਸੇਵ ਕਮਾਇਆ। ਛੇਵੇਂ ਦੇਵੇ ਸਾਚੀ ਦਾਤ, ਨਾਮ ਨਿਧਾਨਾ ਝੋਲੀ ਪਾਇਆ। ਸਤਵੇਂ ਸਤਿ ਪੁਰਖ ਨਿਰੰਜਣ ਪੁੱਛੇ ਵਾਤ, ਦਰ ਘਰ ਸਾਚੇ ਫੇਰਾ ਪਾਇਆ। ਅਠਵੇਂ ਅੱਠਾਂ ਤੱਤਾਂ ਰੱਖਿਆ ਇਕ ਜਮਾਤ, ਏਕਾ ਅੱਖਰ ਆਪ ਪੜ੍ਹਾਇਆ। ਨਾਵੇਂ ਨੌਂ ਦਰ ਵੇਖੇ ਮਾਰ ਝਾਤ, ਉਹਲਾ ਪਰਦਾ ਆਪ ਚੁਕਾਇਆ। ਦਸਵੇਂ ਖੇਲ ਪੁਰਖ ਅਬਿਨਾਸ਼, ਹਰਿਜਨ ਸਾਚੇ ਲਏ ਮਿਲਾਇਆ। ਚਾਰ ਜੁਗ ਦੇ ਸਚ ਨਗੀਨੇ ਆਪਣੀ ਹੱਥੀਂ ਲਏ ਤਰਾਸ਼, ਸਾਚਾ ਮੀਨਾ ਰੂਪ ਵਟਾਇਆ। ਸ਼ਿਵਜੀ ਤੱਕੇ ਉਪਰ ਬੈਠ ਕੈਲਾਸ਼, ਨੇਤਰ ਨੈਣ ਉਠਾਇਆ। ਬ੍ਰਹਮਾ ਆਪਣੀ ਪਰਗਟ ਕਰੇ ਆਸ, ਪ੍ਰਭ ਅੱਗੇ ਹਾਲ ਸੁਣਾਇਆ। ਇੰਦਰ ਹੋ ਕੇ ਬੈਠਾ ਉਦਾਸ, ਹਰਿ ਜੂ ਕੀ ਕੀ ਖੇਲ ਰਚਾਇਆ। ਗੁਰ ਅਵਤਾਰ ਕਹਿਣ ਸਾਬਾਸ਼, ਵਾਹ ਵਾ ਤੇਰੀ ਮਾਇਆ। ਲੋਕਮਾਤ ਜਨ ਭਗਤਾਂ ਕਰੇ ਬੰਦ ਖ਼ੁਲਾਸ, ਬੰਦੀਖ਼ਾਨਾ ਤੋੜ ਤੁੜਾਇਆ। ਚਲਦਿਆਂ ਫਿਰਦਿਆਂ ਕੋਲ ਵਸੇ ਸਦਾ ਪਾਸ, ਅੱਗੇ ਪਿੱਛੇ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਨਿਭਾਇਆ। ਸਿਖਾਂ ਘਰ ਅੰਦਰ ਵੜਨ ਦਾ ਸੱਚਾ ਰਾਹ, ਪਹਿਲਾ ਘਰ ਵਖਾਈਆ। ਆਵੇ ਜਾਵੇ ਬੇਪਰਵਾਹ, ਦਿਸ ਕਿਸੇ ਨਾ ਆਈਆ। ਕਰਿਆ ਖੇਲ ਅਗੰਮ ਅਥਾਹ, ਭੇਵ ਕੋਇ ਨਾ ਪਾਈਆ। ਜੇ ਕੋਈ ਨੇਤਰ ਵੇਖੇ ਪੰਜ ਤੱਤ ਨਜ਼ਰ ਜਾਏ ਆ, ਸਿੰਘ ਪੂਰਨ ਨਾਮ ਸੁਣਾਈਆ। ਜੇ ਕੋਈ ਅੰਦਰ ਵੇਖੇ ਬੈਠਾ ਸ਼ਹਿਨਸ਼ਾਹ, ਸਾਚੇ ਤਖ਼ਤ ਸੋਭਾ ਪਾਈਆ। ਬਿਨ ਬੇੜਿਉਂ ਬਣਿਆਂ ਮਲਾਹ, ਆਪਣੇ ਬੇੜੇ ਲਏ ਚੜ੍ਹਾਈਆ। ਇਕੋ ਵਾਰ ਦਿਤੀ ਸਲਾਹ, ਦੂਜੀ ਕਰੇ ਨਾ ਫੇਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਆਪ ਮਿਲਾਈਆ। ਸੋਈ ਸੰਤ ਸੁਘੜ ਸੁਜਾਨ, ਜਿਸ ਹਰਿ ਜੂ ਮੇਲ ਮਿਲਾਇਆ। ਸੋ ਦਰ ਹੋਏ ਪਰਵਾਨ, ਜਿਸ ਪਰਦਾ ਮੋਹ ਚੁਕਾਇਆ। ਸੋ ਜਗਤ ਹੋਏ ਨਿਸ਼ਾਨ, ਜਿਸ ਨਿਸ਼ਾਨਾ ਨਾਮ ਘੜਾਇਆ। ਜਿਨ੍ਹਾਂ ਲੇਖਾ ਲਿਖਿਆ ਪ੍ਰਭ ਆਣ, ਲੇਖਾ ਲੇਖੇ ਵਿਚ ਵਖਾਇਆ। ਜਿਨ੍ਹਾਂ ਨਾਨਕ ਕਰ ਕੇ ਗਿਆ ਪਰਵਾਨ, ਸੋ ਪਰਵਾਨੇ ਲਏ ਉਠਾਇਆ। ਜਿਨ੍ਹਾਂ ਗੋਬਿੰਦ ਦੇ ਕੇ ਗਿਆ ਦਾਨ, ਤਿਨ੍ਹਾਂ ਦਾਤ ਝੋਲੀ ਦਏ ਵਖਾਇਆ। ਜਿਨ੍ਹਾਂ ਅੰਤਰ ਕਹਿ ਕੇ ਗਿਆ ਕ੍ਰਿਸ਼ਨਾ ਕਾਹਨ, ਰਸਨਾ ਜਿਹਵਾ ਬੋਲ ਸੁਣਾਇਆ। ਜਿਨ੍ਹਾਂ ਮਾਣ ਦਿਤਾ ਰਾਮ ਭਗਵਾਨ, ਮਮਤਾ ਮੋਹ ਮਿਟਾਇਆ। ਕਲਜੁਗ ਅੰਤਮ ਕੱਠੇ ਕੀਤੇ ਆਣ, ਇਕੋ ਘਰ ਬਣਾਇਆ। ਕੋਈ ਲੱਭਣ ਨਾ ਜਾਏ ਵਿਚ ਬੀਆਬਾਨ, ਡੂੰਘੀ ਕੰਦਰ ਨਾ ਫੋਲ ਫੁਲਾਇਆ। ਕੋਈ ਬੈਠੇ ਨਾ ਵਿਚ ਮਸਾਣ, ਧੂਣੀ ਅਗਨ ਨਾ ਕੋਇ ਤਪਾਇਆ। ਕੋਈ ਮੰਗੇ ਨਾ ਅੰਜੀਲ ਕੁਰਾਨ, ਵੇਦ ਪੁਰਾਨ ਨਾ ਕੋਇ ਮਨਾਇਆ। ਕੋਈ ਬਾਣੀ ਨਾ ਕਰੇ ਧਿਆਨ, ਨਿਉਂ ਨਿਉਂ ਸੀਸ ਨਾ ਕੋਇ ਝੁਕਾਇਆ। ਜਿਸ ਸਾਹਿਬ ਹੋਇਆ ਮਿਹਰਵਾਨ, ਮਿਹਰ ਮਿਹਰ ਮਿਹਰ ਨਜ਼ਰ ਆਪ ਕਰਾਇਆ। ਕਰ ਕਿਰਪਾ ਮੇਲਿਆ ਆਣ, ਮਿਲ ਮਿਲ ਆਪਣਾ ਸ਼ੁਕਰ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਬਣਾਇਆ। ਸਾਚੇ ਸੰਤ ਆਪ ਜਗਾ, ਜੁਗ ਜੁਗ ਲਹਿਣ ਚੁਕਾਇੰਦਾ। ਆਪਣੇ ਰੰਗ ਆਪ ਰੰਗਾ, ਕੂੜਾ ਰੰਗ ਧੁਵਾਇੰਦਾ। ਬੱਤੀ ਦੰਦ ਆਪ ਸਲਾਹ, ਸਿਫ਼ਤ ਸਲਾਹ ਜਣਾਇੰਦਾ। ਚੰਦ ਨੌਂ ਚੰਦੀ ਆਪ ਚੜ੍ਹਾ, ਅੰਧ ਅੰਧੇਰ ਗਵਾਇੰਦਾ। ਤਾਰ ਸਤਾਰ ਤੰਦੀ ਆਪ ਵਜਾ, ਤਲਵਾੜਾ ਨਾਚ ਨਚਾਇੰਦਾ। ਮਰਦੰਗ ਮਰਦੰਗੀ ਦਏ ਸੁਣਾ, ਮਰਦੰਗਾ ਖੇਲ ਵਖਾਇੰਦਾ। ਕੰਢੀ ਡੇਰਾ ਬੈਠਾ ਲਾ, ਆਪਣਾ ਪੰਧ ਮੁਕਾਇੰਦਾ। ਵਰਭੰਡੀ ਵੰਡੀ ਰਿਹਾ ਪਾ, ਆਪਣੀ ਵੰਡ ਆਪ ਜਣਾਇੰਦਾ। ਭੇਖ ਭਖੰਡੀ ਦਏ ਮਿਟਾ, ਸਵਾਂਗੀ ਆਪਣਾ ਸਾਂਗ ਰਚਾਇੰਦਾ। ਇਕੋ ਡੰਡੀ ਦਏ ਵਖਾ, ਏਕਾ ਮਾਰਗ ਲਾਇੰਦਾ। ਸ੍ਰਿਸ਼ਟੀ ਅੰਧੀ ਲਏ ਉਠਾ, ਆਪ ਆਪਣਾ ਬਲ ਧਰਾਇੰਦਾ। ਤੁਰਕੀ ਹਿੰਦੀ ਲਏ ਸਮਝਾ, ਸਿੰਧੀ ਨਾਲ ਮਿਲਾਇੰਦਾ। ਹੋੜਾ ਬਿੰਦੀ ਬਣੇ ਗਵਾਹ, ਸਾਚਾ ਸੰਗ ਰਖਾਇੰਦਾ। ਨਾਰ ਕੰਤ ਲਏ ਮਿਲਾ, ਬਸੰਤ ਰੰਗ ਚੜ੍ਹਾਇੰਦਾ। ਬੇਅੰਤ ਰੂਪ ਆਪ ਖ਼ੁਦਾ, ਖ਼ੁਦੀ ਸਰਬ ਗਵਾਇੰਦਾ। ਰਾਮ ਰੂਪ ਮਾਤ ਧਰਾ, ਰਹਿਮਤ ਆਪ ਕਮਾਇੰਦਾ। ਸਹੀ ਸਲਾਮਤ ਸ਼ਹਿਨਸ਼ਾਹ, ਝੂਠੀ ਅਲਾਮਤ ਸਰਬ ਮਿਟਾਇੰਦਾ। ਹਰਿ ਸੰਤ ਸਾਚੇ ਲਏ ਮਿਲਾ, ਮਿਲ ਮਿਲ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਤੰਦ ਸਤਾਰ ਵਜਾਇੰਦਾ। ਤੰਦ ਸਤਾਰ ਬਣੇ ਜੱਗ ਕਿੱਲੀ, ਸਾਰੰਗ ਨਾਲ ਬੰਧਾਈਆ। ਮਨ ਵਾਸਨਾ ਬਣ ਕੇ ਬਿੱਲੀ, ਮਿਆਉਂ ਮਿਆਉਂ ਕਰ ਕਰ ਰਹੀ ਡਰਾਈਆ । ਸਾਧਾਂ ਸੁਰਤੀ ਵੇਖੋ ਹਿੱਲੀ, ਕੂਕਣ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਭਗਤ ਦੁਆਰੇ ਇੱਟ ਲੌਣ ਨਾ ਦਿਤੀ ਕੋਈ ਪਿੱਲੀ, ਪੀਲਾ ਸਭ ਦਾ ਰੰਗ ਕਰਾਈਆ। ਪੁਰਾਣੀ ਦਿੱਲੀ ਵੇਖੋ ਹਿੱਲੀ, ਹਿਲੌਣ ਵਾਲਾ ਰਿਹਾ ਹਿਲਾਈਆ। ਸਾਧਾਂ ਕੋਲੋਂ ਲੱਗੀ ਰਹੇ ਨਾ ਕਿੱਲੀ, ਸਭ ਦੀ ਜੜ੍ਹ ਉਖੜਾਈਆ। ਅੰਤਮ ਲੰਗੋਟ ਹੋਏ ਢਿੱਲੀ, ਸੰਗਲ ਧਾਰ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਵੇਖ ਵਖਾਈਆ। ਸਾਚੇ ਸੰਤ ਵੇਖੇ ਸੂਰਬੀਰ ਵੱਡ ਬਲਵਾਨ। ਪ੍ਰਭ ਆਸ਼ਾ ਮਨਸ਼ਾ ਇਕੋ ਵਾਰ ਦਿਤੀ ਪੂਰ, ਲੋਕਮਾਤ ਝੁੱਲੇ ਨਿਸ਼ਾਨ। ਚਲ ਕੇ ਆਇਆ ਨੇੜੇ ਜੋ ਵਸੇ ਦੂਰ, ਦੂਰ ਦੁਰਾਡਾ ਪੰਧ ਮੁਕਾਇਆ। ਏਕਾ ਦੇਵੇ ਸਤਿ ਸਰੂਰ, ਸਤਿ ਪਿਆਲਾ ਜਾਮ ਪਿਆਇਆ। ਏਕਾ ਦੇਵੇ ਨੇਤਰ ਨੂਰ, ਨੂਰ ਨੂਰ ਨਾਲ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇਆ। ਸਾਚਾ ਸੰਤ ਜਿਸ ਬਣੇ ਵਿਚੋਲਾ, ਸਚ ਸਾਚੇ ਨਾਲ ਮਿਲਾਈਆ। ਸਿਖ ਗੁਰ ਦਾ ਕੋਈ ਨਾ ਉਹਲਾ, ਗੁਰ ਗੁਰਸਿਖ ਬੂਝ ਬੁਝਾਈਆ। ਜਿਹੜਾ ਸਤਿਗੁਰ ਅੰਦਰੋਂ ਹੋਏ ਪੋਲਾ, ਸੋ ਬੈਠਾ ਮੁਖ ਛੁਪਾਈਆ। ਬਾਹਰੋਂ ਖੂਬ ਸੁਣਾਏ ਗਾ ਗਾ ਢੋਲਾ, ਜਗਤ ਰਾਗ ਅਲਾਈਆ। ਅੰਦਰ ਵੜੇ ਮਨ ਪਾਏੇ ਰੌਲਾ, ਅਗਲੀ ਸੁੱਧ ਭੁਵਾਈਆ। ਬਾਹਰ ਆਏ ਕਰੇ ਤੋਬਾ ਹਾਏ ਮੌਲਾ, ਮੇਰੀ ਤਬਾ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਵਿਚੋਲੇ ਸਦਾ ਰਖਾਈਆ। ਸਾਚੇ ਸੰਤ ਸੰਗ ਜੋ ਰੱਖੇ ਸਾਥ, ਹਰਿ ਸਾਚੀ ਦਇਆ ਕਮਾਇੰਦਾ। ਅੱਖੀਂ ਵੇਖੋ ਇਕੀਆਂ ਇਕੀਆਂ ਬਣਾਇਆ ਸਾਥ, ਇਕ ਇਕ ਨਾਲ ਇੱਕੀ ਇੱਕੀ ਹੋਰ ਮਿਲਾਈਆ। ਜੇ ਹੋਰ ਮੰਗਣ ਪੂਰਾ ਕਰ ਦਏ ਘਾਟ, ਘਾਟਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਦਏ ਵਡਿਆਈਆ। ਏਥੇ ਵਸਣ ਧੁਰਦਰਗਾਹੀ ਸੰਤ, ਜਿਨ੍ਹਾਂ ਸਤਿਗੁਰ ਪੁਰਖ ਮਨਾਇਆ। ਲੋਕਮਾਤ ਬਣੀ ਬਣਤ, ਬਣਾਵਣਹਾਰਾ ਆਪ ਆਇਆ । ਪਾਰ ਕਰਾਏ ਲੱਖ ਚੁਰਾਸੀ ਵਿਚੋਂ ਜੀਵ ਜੰਤ, ਮੰਤਰ ਆਪਣਾ ਨਾਮ ਪੜ੍ਹਾਇਆ। ਕਿਆ ਕੋਈ ਜਾਣੇ ਪਾਂਧਾ ਪੰਡਤ, ਪੱਤਰੀ ਵਾਚ ਕਿਆ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਆਪ ਉਪਾਇਆ। ਏਥੇ ਸੰਤ ਵਸੇ ਉਹ, ਜਿਨ੍ਹਾਂ ਇਕੋ ਓਟ ਰਖਾਈਆ। ਭੈਣਾਂ ਭਾਈਆਂ ਤਜਿਆ ਮੋਹ, ਸਤਿਗੁਰ ਸੱਚਾ ਮੋਹ ਵਖਾਈਆ। ਬਿਨ ਨੇਤਰਾਂ ਕਰੀ ਲੋ, ਲੋਇਣ ਆਪ ਜਣਾਈਆ। ਆਪ ਗੁਰਮੁਖਾਂ ਜੋਗਾ ਗਿਆ ਹੋ, ਆਪਣੀ ਵਸਤ ਨਾ ਕੋਇ ਰਖਾਈਆ। ਧੁਰਦਰਗਾਹੀ ਲੈ ਕੇ ਆਇਆ ਢੋਆ ਢੋ, ਸਾਚੀ ਵਸਤ ਦਏ ਵਰਤਾਈਆ। ਜੋ ਜਨ ਇਕ ਵਾਰ ਚਰਨ ਗਿਆ ਛੋਹ, ਤੱਤੀ ਵਾ ਨਾ ਲੱਗੇ ਰਾਈਆ। ਵੇਖੋ ਕੀ ਕੁੱਛ ਦੇਵੇ ਛੱਬੀ ਪੋਹ, ਵਦੀ ਸੁਦੀ ਨਾ ਕੋਇ ਵਡਿਆਈਆ। ਗੁਰਸਿਖਾਂ ਅੱਗੇ ਆਪਣਾ ਆਪ ਦੇਵੇ ਕੋਹ, ਸਾਚੀ ਘਾਲਣ ਘਾਲ ਘਾਲ ਵਖਾਈਆ। ਪੂਰਬ ਜਨਮ ਜਨਮ ਦੀ ਮੈਲ ਦੇਵੇ ਧੋ, ਆਪਣੀ ਹੱਥੀਂ ਸਾਫ ਕਰਾਈਆ। ਗੁਰਸਿਖਾਂ ਦਾ ਰੋਣਾ ਆਪੇ ਦੇਵੇ ਰੋ, ਗੁਰਸਿਖ ਕੋਇ ਰੋਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਤਰਾਈਆ। ਏਥੇ ਵਸਣ ਸੰਤ ਸੁਤ, ਜਿਨ੍ਹਾਂ ਮਿਲੀ ਜਗਤ ਵਡਿਆਈਆ। ਮਿਲਿਆ ਹਰਿ ਅਬਿਨਾਸ਼ੀ ਅਚੁਤ, ਚੇਤਨ ਰੂਪ ਵਖਾਈਆ। ਏਕਾ ਵਾਰ ਗਿਆ ਉਠ, ਸਭ ਦੀ ਨੀਂਦ ਦਏ ਖੁਲ੍ਹਾਈਆ। ਬਣ ਸੋਮਾਂ ਅੰਦਰ ਗਿਆ ਫੁੱਟ, ਅੰਮ੍ਰਿਤ ਧਾਰ ਵਹਾਈਆ। ਨਿਰਮਲ ਨੂਰ ਬਣਿਆ ਜੋਤ, ਜੋਤੀ ਜੋਤ ਕਰੇ ਰੁਸ਼ਨਾਈਆ। ਗੁਰਸਿਖਾਂ ਉਤੇ ਹੋਇਆ ਆਪ ਮੋਹਤ, ਆਪਣਾ ਮੋਹ ਮਿਟਾਈਆ। ਸਾਚੇ ਸੰਤ ਏਹੋ ਬਹੁਤ, ਜਿਨ੍ਹਾਂ ਲੇਖਾ ਦਿਤਾ ਲਿਖਾਈਆ। ਭੇਖਾ ਧਾਰੀ ਫਿਰਦੇ ਕੋਟੀ ਕੋਟ, ਵੇਸ ਅਨੇਕ ਵਟਾਈਆ। ਪੇਟ ਪਾਲਦੇ ਖਾ ਖਾ ਰੋਟ, ਦਰ ਦਰ ਅਲਖ ਜਗਾਈਆ। ਲਾਟਾਂ ਵਾਲੀ ਤੱਕਣ ਓਟ, ਲਾਲ ਬਸਤਰ ਤਨ ਛੁਹਾਈਆ। ਕਾਮ ਵਾਸ਼ਨਾ ਭਰੀ ਨਾ ਪੋਟ, ਮਨ ਵਾਸ਼ਨਾ ਫਿਰੇ ਹਲਕਾਈਆ। ਭੰਗ ਪਿਆਲੇ ਪੀਤੇ ਘੋਟ, ਨਾਮ ਖੁਮਾਰ ਨਾ ਕੋਇ ਚੜ੍ਹਾਈਆ। ਅੱਖੀਂ ਮੀਟ ਕਹਿਣ ਸਾਡੇ ਖੁਲ੍ਹੇ ਸੋਤ, ਖੁਲ੍ਹੀ ਮੀਂਢੀ ਜਗਤ ਰਹੇ ਵਖਾਈਆ। ਬਿਨ ਗਿਆਨ ਹਲਾਵਣ ਹੋਟ, ਗੁਰੂ ਚੇਲਿਆਂ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਬਣਾਈਆ। ਏਥੇ ਵਸਣ ਸਾਚੇ ਸਿੱਖ, ਜਿਨ੍ਹਾਂ ਸਿਖਿਆ ਹਰਿ ਸਿਖਾਈਆ। ਪਾਰਬ੍ਰਹਮ ਪ੍ਰਭ ਲੇਖਾ ਲਿਖ, ਲਿਖ ਲਿਖ ਪਾਤੀ ਸਰਬ ਪੁਚਾਈਆ। ਲੱਖ ਚੁਰਾਸੀ ਵੰਡਿਆ ਹਿੱਸ, ਹਿੱਸਾ ਆਪਣਾ ਆਪ ਕਢਾਈਆ। ਕਰ ਕਿਰਪਾ ਜਿਨ੍ਹਾਂ ਗਿਆ ਦਿਸ, ਤਿਨ੍ਹਾਂ ਭਾਂਡਾ ਭਰਮ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਆਪ ਜਣਾਈਆ। ਸਾਚਾ ਸੰਤ ਧੁਰ ਦਾ ਲਾੜਾ, ਲਾੜੀ ਮੌਤ ਨਾ ਕਦੇ ਪਰਨਾਇੰਦਾ। ਪੁਰਖ ਅਬਿਨਾਸ਼ੀ ਮੱਲ ਦੁਆਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਕਰੇ ਖੇਲ ਅਪਰ ਅਪਾਰਾ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਆਪਣੀ ਗੋਦ ਸੁਹਾਇੰਦਾ। ਜਗਤ ਸੰਤ ਨਾ ਏਥੇ ਆਏ, ਦਰ ਲਹਿਣਾ ਨਾ ਕੋਇ ਰਖਾਈਆ। ਭਰਮ ਭੁਲੇਖੇ ਸਭ ਨੂੰ ਪਾਏ, ਮਾਇਆ ਮਮਤਾ ਨਾਲ ਰਲਾਈਆ। ਜਿਸ ਦਾ ਕਰਦੇ ਰਹੇ ਚੇਤੇ, ਸੋ ਚਿਤ ਵਿਚ ਨਾ ਕਦੇ ਸਮਾਈਆ। ਜਿਸ ਦਾ ਲੱਭਦੇ ਫਿਰਦੇ ਭੇਤੇ, ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਗੁਰਮੁਖ ਵਿਰਲਾ ਝੂਝੇ ਰਣ ਗੁਰ ਚਰਨ ਖੇਤੇ, ਤਨ ਆਪਣਾ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਬਣਾਈਆ। ਮੁਅਕਰ ਰਚਨਾ ਕਰ ਕੇ ਜਾਏ ਮੁੱਕਰ, ਆਪਣਾ ਮੌਕਾ ਨਾ ਕਿਸੇ ਜਣਾਈਆ। ਯੁਗ ਯੁਗ ਦੇਂਦਾ ਰਹੇ ਉਤਰ, ਜੋ ਜਨ ਮੰਗ ਮੰਗਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਆਪ ਨਾ ਬਣਿਆ ਕਿਸੇ ਦਾ ਮਿੱਤਰ, ਮਿੱਤਰ ਬਣਾਏ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਈਆ । ਮੁਰੱਕਬ ਰਚ ਨਾ ਕਰੇ ਸ਼ੁਕਰ, ਆਪਣਾ ਸ਼ੁਕਰ ਮਨਾਇਆ। ਹਰਿ ਕਾ ਖੇਲ ਨਾਰ ਪੁਰਖ ਨਾ ਕੋਇ ਖੁਸਰ, ਰੂਪ ਰੰਗ ਰੇਖ ਨਾ ਕੋਇ ਜਣਾਇਆ। ਭੇਵ ਨਾ ਜਾਣੇ ਕੋਇ ਦੂਸਰ, ਦੂਸਰ ਭੇਵ ਨਾ ਕੋਇ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇਆ। ਇਸ਼ਤਰੀ ਪੁਰਸ਼ ਨਾ ਕੋਇ ਭੇਤ, ਹਰਿ ਇਕੋ ਰੰਗ ਸਮਾਇਆ। ਸਭ ਨਾਲ ਕਰੇ ਸਾਂਝਾ ਹੇਤ, ਜੋ ਜਨ ਚਰਨੀ ਆਇਆ। ਕਰ ਪ੍ਰੇਮ ਜਨ ਲੈਣਾ ਵੇਖ, ਸਭ ਦੀ ਪੂਰੀ ਆਸ ਕਰਾਇਆ । ਆਪਣਾ ਪੂਰਾ ਕਰੇ ਨੇਮ, ਕੀਤਾ ਨੇਮ ਭੁੱਲ ਨਾ ਜਾਇਆ। ਜਾ ਫੜਿਆ ਉਪਰ ਕੁੰਟ ਹੇਮ, ਹੇਮ ਕੁੰਟ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਸਤਰੀ ਪੁਰਸ਼ ਨਾ ਕੋਇ ਰਖਾਇਆ। ਇਸਤਰੀ ਪੁਰਸ਼ ਇਕੋ ਜ਼ਾਤ, ਬ੍ਰਹਮ ਪਾਰਬ੍ਰਹਮ ਵਡਿਆਈਆ। ਜਗਤ ਜੁਗਤ ਬੰਧੇ ਨਾਤ, ਨਾਤਾ ਬਿਧਾਤਾ ਇਕ ਸਮਝਾਈਆ। ਇਕ ਦੂਜੇ ਦੀ ਪੁੱਛਣ ਵਾਤ, ਵਾਤਾਵਰਨ ਆਪ ਬਣਾਈਆ। ਜੋ ਇਸਤਰੀ ਬਣੇ ਨਾਰ ਕਮਜ਼ਾਤ, ਆਪਣਾ ਪੁਰਖ ਭੁਲਾਈਆ। ਪੁਰਖ ਅਬਿਨਾਸ਼ੀ ਸਦਾ ਸਾਥ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਸਰਬ ਸਮਾਈਆ। ਨਾਰੀ ਪੁਰਸ਼ ਜਗਤ ਵਿਹਾਰ, ਲੱਖ ਚੁਰਾਸੀ ਬਣਤ ਬਣਾਇੰਦਾ। ਅੰਦਰ ਵੜ ਜੋ ਵੇਖੇ ਨਿਰੰਕਾਰ, ਬਿਨ ਨੂਰ ਨਜ਼ਰ ਹੋਰ ਕੋਇ ਨਾ ਆਇੰਦਾ। ਪੰਜ ਤੱਤ ਚੋਲਾ ਦਿਤਾ ਆਧਾਰ, ਅੰਗ ਅੰਗ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਇਕੋ ਇਕ ਵਖਾਇੰਦਾ। ਮਿਰਗਾਨ ਝਾੜਿਆ ਮਿਲਿਆ ਮਰਦ, ਮਰਦ ਮਰਦਾਨਾ ਖੇਲ ਖਲਾਈਆ। ਜਿਸ ਉਲਟੀ ਕੀਤੀ ਨਰਦ, ਸਾਰ ਪਾਸ਼ਾ ਖੇਲ ਖਲਾਈਆ। ਦੁਸ਼ਟ ਦਮਨ ਠਰਿਆ ਸਰਦ, ਸਭ ਸਰਦੀ ਦਏ ਮਿਟਾਈਆ। ਬਣ ਦਰਦੀ ਵੰਡਾਈ ਦਰਦ, ਆਪਣਾ ਦਰਦ ਰਖਾਈਆ। ਹਲਾਲ ਹੋਇਆ ਬਿਨ ਕਰਦ, ਛੁਰੀ ਪ੍ਰੇਮ ਚਲਾਈਆ। ਫੜ ਬਾਹੋਂ ਲਿਆ ਵਰਜ, ਆਪ ਆਪਣੇ ਗਲੇ ਲਗਾਈਆ। ਮੈਂ ਆਪਣਾ ਪੂਰਾ ਕਰਾਂ ਫ਼ਰਜ਼, ਤੇਰਾ ਰਾਹ ਵਖਾਈਆ। ਲੋਕਮਾਤ ਜਾਣਾ ਗਰਜ, ਲੋਕਮਾਤ ਰਾਹ ਤਜਾਈਆ। ਤੇਰਾ ਹੋਣ ਨਾ ਦੇਵਾਂ ਹਰਜ, ਤੇਰੀ ਭਗਤੀ ਲੇਖੇ ਪਾਈਆ। ਤੇਰਾ ਲਾਹਵਾਂ ਸਾਰਾ ਕਰਜ਼, ਅਸਲ ਸੂਦ ਨਾਲ ਮਿਲਾਈਆ। ਕਲਜੁਗ ਅੰਤਮ ਤੇਰੀ ਹੱਥੀਂ ਭਗਤਾਂ ਦੀ ਮੇਟਾਂ ਦਰਜ, ਵਿਥ ਕੋਇ ਰਹਿਣ ਨਾ ਪਾਈਆ । ਗੋਬਿੰਦ ਅੱਗੋਂ ਕਰੇ ਅਰਜ, ਦੋਏ ਜੋੜ ਸੀਸ ਝੁਕਾਈਆ। ਤੈਨੂੰ ਆਦਿ ਜੁਗਾਦੀ ਮਰਜ਼, ਦੇ ਲਾਰਾ ਦਏਂ ਤਰਸਾਈਆ। ਮੈਂ ਆਪਣੇ ਜੋਗਾ ਮੰਗਾਂ ਨਾ ਕੋਈ ਖਰਚ, ਆਪਣੀ ਝੋਲੀ ਨਾ ਅੱਗੇ ਡਾਹੀਆ। ਮੈਂ ਬਾਲਕ ਬਣ ਕੇ ਗਿਆ ਵਰਚ, ਤੇਰਾ ਪ੍ਰੇਮ ਮੇਰੀ ਵਸਤ ਇਕ ਵਡਿਆਈਆ। ਤੂੰ ਮੇਰੇ ਉਤੇ ਕਰਨਾ ਤਰਸ, ਦਇਆਵਾਨ ਦਇਆ ਕਮਾਈਆ। ਨਿਤ ਨਵਿਤ ਦੇਣਾ ਦਰਸ, ਰੂਪ ਅਨੂਪ ਵਟਾਈਆ। ਮੈਂ ਵੇਖਾਂ ਅਰਸ਼ ਫਰਸ਼, ਫ਼ਲਕ ਤੇਰੀ ਹੋਏ ਰੁਸ਼ਨਾਈਆ। ਅੰਮ੍ਰਿਤ ਮੇਘ ਦੇਣਾ ਬਰਸ, ਬੂੰਦ ਸਵਾਂਤ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗਾਈਆ। ਹੇਮ ਕੁੰਟ ਦੀ ਨਾ ਕੋਈ ਮਿਸਾਲ, ਮਿਸਰਾ ਲਿਖਣ ਵਿਚ ਕੋਇ ਨਾ ਆਈਆ। ਏਥੇ ਵਸੇ ਦੀਨ ਦਿਆਲ, ਉਥੇ ਦੁਸ਼ਟ ਦਮਨ ਰਿਹਾ ਧਿਆਈਆ। ਦੁਸ਼ਟ ਦਮਨ ਬਾਹੋਂ ਫੜ ਲਿਆ ਉਠਾਲ, ਆਪਣੀ ਸੇਵਾ ਲਾਈਆ। ਏਥੇ ਬੈਠੇ ਸ੍ਰੀ ਭਗਵਾਨ, ਆਪਣਾ ਹੁਕਮ ਜਣਾਈਆ। ਭੇਵ ਨਾ ਪਾਏ ਕੋਈ ਗਿਆਨ, ਗਿਆਤਾ ਨਜ਼ਰ ਕੋਇ ਨਾ ਆਈਆ। ਨਾ ਕੋਈ ਵੇਖੇ ਸਚ ਨਿਸ਼ਾਨ, ਕਵਣ ਖੇਲ ਹਰਿ ਹੇਮ ਕੁੰਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪਣੇ ਵਿਚ ਰਖਾਈਆ। ਹੇਮ ਕੁੰਟ ਜਾਈਏ ਠਰ, ਆਪਣਾ ਠਰਕ ਗਵਾਇਆ। ਬਿਨ ਛੰਨੋਂ ਜਾਈਏ ਵੜ, ਆਪਣਾ ਆਪ ਭੁਲਾਇਆ। ਸਾਚੇ ਮੰਦਰ ਜਾਈਏ ਵੜ, ਘਰ ਸੱਚੇ ਸੋਭਾ ਪਾਇਆ। ਪੁਰਖ ਅਬਿਨਾਸ਼ੀ ਲਈਏ ਫੜ, ਆਪ ਆਪਣਾ ਬੰਧਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੇਮ ਕੁੰਟ ਅਦਰਸ਼, ਦਰਸ ਨਾ ਕਿਸੇ ਕਰਾਇਆ। ਕੋਟਨ ਕੋਟ ਹੇਮ ਕੁੰਟ, ਪ੍ਰਭ ਚਰਨ ਰਾਹ ਤਕਾਈਆ। ਪਹਾੜ ਪੱਥਰ ਹੋਏ ਰੰਡ, ਟੁੰਡ ਸਾਰੇ ਨਜ਼ਰ ਆਈਆ। ਸਾਧਾਂ ਸੰਤਾਂ ਵੇਖੋ ਬੈਠੇ ਜੁੰਡ, ਜੁੰਡਲੀ ਬੰਨ੍ਹ ਬੰਨ੍ਹ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਚਰਨ ਸਚਖੰਡ ਦੁਆਰ ਬਣਾਈਆ। ਹੇਮ ਕੁੰਟ ਵਸਣ ਕਾਂ ਕੁੱਤੇ, ਭੋਗ ਬਲਾਸ ਕਰਾਈਆ। ਹੇਮ ਕੁੰਟ ਵਸਨ ਅਜੂਨੀ ਰੁੱਠੇ, ਪ੍ਰਭ ਦਿਤੀ ਇਕ ਸਜਾਈਆ। ਹੇਮ ਕੁੰਟ ਵਸਣ ਜੋ ਟੰਗੇ ਪੁੱਠੇ, ਰਾਤੀਂ ਸੁਤਿਆਂ ਨੀਂਦ ਨਾ ਆਈਆ। ਹਰਿ ਚਰਨ ਗੁਰਮੁਖ ਵਿਰਲੇ ਸੁੱਤੇ, ਜਿਸ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੇਮ ਕੁੰਟ ਇਕੋ ਗੋਬਿੰਦ ਦਿਤੀ ਵਡਿਆਈਆ। ਹੇਮ ਕੁੰਟ ਫਿਰਨ ਸੂਹੇ, ਝਾੜੀ ਝਾੜੀ ਤਾਕ ਲਗਾਈਆ। ਗੋਬਿੰਦ ਖੋਲ੍ਹੇ ਨਾ ਕਿਸੇ ਬੂਹੇ, ਘਰ ਆਪਣਾ ਨਾ ਕਿਸੇ ਵਖਾਈਆ। ਨਿਉਂ ਨਿਉਂ ਵੇਖਣ ਅੱਗੋਂ ਦਿਸਣ ਚੂਹੇ, ਝਾੜਾਂ ਵਿਚ ਬੈਠੇ ਸੀਸ ਲੁਕਾਈਆ। ਨਾ ਬੁੱਤ ਨਾ ਰੂਹੇ, ਰੂਹ ਬੁੱਤ ਦੋਵੇਂ ਦੇਣ ਦੁਹਾਈਆ। ਪ੍ਰਭ ਨੇ ਸੁੱਟੇ ਡੂੰਘੇ ਕੂੰਏਂ, ਨਾ ਕੋਈ ਸਕੇ ਬਾਹਰ ਕਢਾਈਆ। ਸਾਡੀ ਬਿਲ ਨਾ ਕੋਇ ਛੂਹੇ, ਅਗਾਂਹ ਹੱਥ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਜਣਾਈਆ। ਹਰਿ ਕਾ ਚਰਨ ਵੱਡਾ ਘਰ, ਗੁਰਮੁਖ ਵਿਰਲੇ ਪਾਇਆ। ਜਿਸ ਦਰ ਵੜਿਆਂ ਚੁੱਕੇ ਡਰ, ਭੈ ਨਾ ਕੋਇ ਰਖਾਇਆ। ਦਰ ਆਏ ਜਨ ਜਾਏ ਤਰ, ਤਾਰਨਹਾਰ ਹੋਏ ਸਹਾਇਆ। ਆਪਣੀ ਹੱਥੀਂ ਬਾਹੋਂ ਲਏ ਫੜ, ਫੜ ਫੜ ਆਪਣੀ ਗੋਦ ਬਹਾਇਆ। ਕਿਰਪਾ ਕਿਰਪਾਲ ਲਏ ਕਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗਾਇਆ। ਪਿਸਰ ਪਿਦਰ ਜਨ ਬਣੇ ਮਾਦਰ, ਮਧੂ ਜਾਮ ਪਿਆਈਆ। ਦਰ ਆਇਆਂ ਦੇਵੇ ਆਦਰ, ਆਪਣਾ ਦਰਸ ਦਿਖਾਈਆ। ਕਰੀਮ ਕਰਤਾ ਹਰਿ ਜੂ ਕਾਦਰ, ਕੁਦਰਤ ਵੇਖ ਵਖਾਈਆ। ਸਿਦਕ ਸਬੂਰੀ ਵੇਖੇ ਸਾਬਰ, ਘਰ ਘਰ ਫੇਰਾ ਪਾਈਆ। ਜ਼ੋਰੂ ਜ਼ਰ ਵੇਖੇ ਆਬਰੂ ਆਬਰ, ਆਪ ਆਪਣੀ ਦਇਆ ਕਮਾਈਆ। ਗੁਰਮੁਖ ਵਿਰਲਾ ਜਗਤ ਬਹਾਦਰ, ਸਚ ਬਹਾਦਰੀ ਇਕ ਵਖਾਈਆ। ਹਰਿ ਚਰਨ ਬਣੇ ਸੌਦਾਗਰ, ਏਕਾ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਸੱਜੇ ਚਰਨ ਦਾ ਇਕ ਅੰਗੂਠਾ, ਅੰਗੁਸਤ ਵੇਖ ਵਖਾਈਆ। ਖ਼ਾਲੀ ਭਰੇ ਫੇਰ ਠੂਠਾ, ਅੰਮ੍ਰਿਤ ਧਾਰ ਵਹਾਈਆ। ਦੇਵੇ ਰਸ ਇਕ ਅਨੂਠਾ, ਆਪਣੀ ਦਇਆ ਕਮਾਈਆ। ਗੁਰਮੁਖ ਬਣੇ ਸਾਚਾ ਬੂਟਾ, ਲੋਕਮਾਤ ਹਰਾ ਕਰਾਈਆ। ਬ੍ਰਹਮ ਦੇਵੇ ਇਕੋ ਹੂਟਾ, ਸਚ ਹੁਲਾਰਾ ਨਾਮ ਲਗਾਈਆ। ਪਿਤਾ ਪੂਤ ਖੇਲ ਵੇਖੇ ਪੋਤਾ, ਘਰ ਸਾਚੇ ਵੱਜੇ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਰੋਤਾ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭ ਦੇਵਣਹਾਰਾ ਇਕੋ ਗੋਤਾ, ਆਪਣੇ ਤਾਲ ਵਿਚ ਡੁਬਾਈਆ। ਬ੍ਰਹਮੇ ਸੀਸ ਲਾਇਆ ਜੋ ਪੰਜਵਾਂ ਖੋਤਾ, ਸੋ ਪਹਿਲੋਂ ਦਏ ਕਟਾਈਆ। ਗੁਰਸਿਖ ਦੇਵੇ ਅੰਮ੍ਰਿਤ ਬਹੁਤਾ, ਆਪਣਾ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਲਾ ਇਕ ਵਖਾਈਆ। ਚਰਨ ਅਗੂੰਠਾ ਅੰਮ੍ਰਿਤ ਰਸ, ਅਮਰ ਅਮਰ ਕਰਾਇੰਦਾ। ਜੋ ਜਨ ਰਸ ਲਏ ਚੱਖ, ਚਿਖਾ ਅੰਤ ਨਾ ਕੋਇ ਜਲਾਇੰਦਾ। ਦੇ ਦਰਸ ਲਵੇ ਰੱਖ, ਵੇਲੇ ਅੰਤ ਆਪ ਮਿਲਾਇੰਦਾ। ਧੂਹ ਲਿਔਣ ਤੇੜੋਂ ਲੰਗੋਟੀ ਕੱਛ, ਕਪੜ ਤਨ ਨਾ ਕੋਇ ਹੰਢਾਇੰਦਾ। ਕਲਜੁਗ ਸਾਧਾਂ ਖਾ ਖਾ ਥੱਕੇ ਮੱਛ, ਜੋ ਜਲ ਧਾਰ ਦੇਹ ਕਰਾਇੰਦਾ। ਗੁਰਮੁਖਾਂ ਮਾਰਗ ਦੇਵੇ ਦੱਸ, ਸਾਚਾ ਰਾਹ ਆਪ ਚਲਾਇੰਦਾ। ਅੰਤਮ ਵੇਲੇ ਆਏ ਨੱਸ, ਆਪ ਆਪਣੀ ਗੋਦ ਉਠਾਇੰਦਾ। ਸਚਖੰਡ ਦੁਆਰਾ ਜਾਏ ਵਸ, ਜਿਸ ਘਰ ਗੁਰਮੁਖ ਸੋਭਾ ਪਾਇੰਦਾ। ਜਿੰਨਾਂ ਚਿਰ ਗੁਰਸਿਖ ਨਾ ਕਹੇ ਬਸ ਬਸ, ਬਸਤਾ ਬੰਨ੍ਹ ਨਾ ਹਿਸਾਬ ਮੁਕਾਇੰਦਾ। ਦੇ ਕੇ ਵਸਤ ਪਏ ਹੱਸ, ਆਪਣੀ ਖ਼ੁਸ਼ੀ ਮਨਾਇੰਦਾ। ਛਿੰਨ ਅੰਦਰ ਜਾਏ ਨੱਸ, ਆਪਣਾ ਮੁਖ ਲੁਕਾਇੰਦਾ। ਸਿੰਘ ਪੂਰਨ ਅੰਦਰ ਵਸ, ਵਾਸਤਾ ਆਪਣੇ ਨਾਲ ਰਖਾਇੰਦਾ। ਆਪ ਗਾਵੇ ਭਗਤਾਂ ਜਸ, ਆਪਣਾ ਜਸ ਵੇਦ ਪੁਰਾਨਾਂ ਕੋਲੋਂ ਕਰਾਇੰਦਾ। ਬਿਨ ਮਿਠਿਉਂ ਦੇਵੇ ਰਸ, ਚਰਨ ਕਵਲ ਨਾਲ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅੰਮ੍ਰਿਤ ਜਾਮ ਪਿਆਇੰਦਾ। ਸਾਚਾ ਅੰਮ੍ਰਿਤ ਪ੍ਰੇਮ ਰੱਤ, ਰੱਤੀ ਰੱਤ ਨਾਲ ਮਿਲਾਈਆ। ਗੁਰਮੁਖ ਅੰਦਰ ਲੈਣਾ ਘੱਤ, ਘਾਤ ਕਾਲ ਨਾ ਕੋਇ ਵਖਾਈਆ। ਤੇਰੇ ਅੰਦਰ ਬ੍ਰਹਮ ਮਤ, ਪਾਰਬ੍ਰਹਮ ਸੱਚੀ ਸਰਨਾਈਆ। ਭਗਤ ਤੇਰੇ ਦੁਆਰੇ ਪਈ ਛੱਤ, ਛੱਤੀ ਯੁਗ ਦੇਣ ਗਵਾਹੀਆ। ਕਲਜੁਗ ਸਾਧਾਂ ਚੁੱਕੀ ਅਤ, ਸਭ ਦੀ ਕਰੇ ਸਫਾਈਆ। ਆਪਣਾ ਰੱਖਿਆ ਡੂੰਘਾ ਖਾਤ, ਨਾ ਸਕੇ ਕੋਇ ਭਰਾਈਆ। ਗੁਰਸਿਖ ਲੱਭੇ ਮਾਰ ਝਾਤ, ਆਪ ਆਪਣੇ ਲਏ ਉਠਾਈਆ। ਬਿਨ ਸੱਦਿਆਂ ਪੁੱਛੇ ਵਾਤ, ਪੁੱਛ ਪੁੱਛ ਆਪਣੀ ਖ਼ੁਸ਼ੀ ਮਨਾਈਆ। ਆਓ ਦਿਓ ਮੇਰਾ ਸਾਥ, ਸਚਖੰਡ ਵਸੋ ਏਕਾ ਥਾਈਂਆ। ਜਿਥੇ ਇਕੋ ਇਕ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਉਥੇ ਪੜ੍ਹੇ ਨਾ ਕੋਇ ਲੁਗ਼ਾਤ, ਅਲਫ਼ ਯੇ ਨਾ ਕੋਇ ਵਖਾਈਆ। ਪ੍ਰਭ ਦੇਵੇ ਸਚ ਸੁਗ਼ਾਤ, ਸੋਭਾ ਆਪਣੇ ਨਾਮ ਸਮਝਾਈਆ। ਨਾ ਕੋਈ ਦਿਵਸ ਨਾ ਪ੍ਰਭਾਤ, ਕਾਲੀ ਰੈਣ ਨਾ ਕੋਇ ਡਰਾਈਆ। ਨਾ ਕੋਈ ਤੀਰਥ ਨਾ ਕੋਈ ਘਾਟ, ਮੰਦਰ ਮਸਜਿਦ ਨਾ ਕੋਇ ਵਖਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਮਸਤਕ ਤਿਲਕ ਨਾ ਕੋਇ ਲਗਾਈਆ। ਇਕੋ ਦਰਸ ਕਮਲਾਪਾਤ, ਕਰ ਦਰਸ ਤ੍ਰਿਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਰੱਖੇ ਇਕੋ ਜਮਾਤ, ਪਹਿਲੀ ਦੂਜੀ ਨਾ ਕੋਇ ਪੜ੍ਹਾਈਆ। ਇਕੋ ਜਮਾਤ ਇਕੋ ਅਲਫ਼, ਇਕੋ ਇਕ ਪੜ੍ਹਾਇੰਦਾ। ਆਪਣਾ ਲੈ ਕੇ ਆਇਆ ਹਲਫ਼, ਗੁਰਸਿਖ ਆਪਣੇ ਨਾਲ ਮਿਲਾਇੰਦਾ। ਨਾਰੀ ਪੁਰਸ਼ ਨਾ ਪਾਵੇ ਫ਼ਰਕ, ਬਿਰਧ ਬਾਲ ਨਾ ਵੰਡ ਵੰਡਾਇੰਦਾ । ਮਿਹਰਵਾਨ ਕੀਤਾ ਤਰਸ, ਦਇਆਵਾਨ ਦਇਆ ਕਮਾਇੰਦਾ। ਜਨਮ ਜਨਮ ਦੀ ਮੇਟੇ ਹਰਸ, ਲੱਗੀ ਹਵਸ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਨਾਲ ਰਖਾਇੰਦਾ। ਆਓ ਚਲੋ ਮੇਰੇ ਨਾਲ, ਪ੍ਰਭ ਆਪਣੀ ਦਇਆ ਕਮਾਈਆ। ਤੁਸੀਂ ਸ਼ਾਹ ਤੇ ਮੈਂ ਕੰਗਾਲ, ਤੁਹਾਡੇ ਨਾਲ ਮੇਰੀ ਰਸਾਈਆ। ਮੈਂ ਖ਼ਾਕ ਤੁਸੀਂ ਰੁਮਾਲ, ਪੂੰਝ ਲੈਣਾ ਵਾਹੋ ਦਾਹੀਆ। ਤੁਸੀਂ ਖ਼ੁਸ਼ਹਾਲ ਮੈਂ ਬੇਹਾਲ, ਦਰ ਦਰ ਅਲਖ ਜਗਾਈਆ। ਗੁਰਸਿਖ ਤੇਰਾ ਵਿੰਗਾ ਨਾ ਹੋਵੇ ਵਾਲ, ਸਿਰ ਆਪਣੇ ਭਾਰ ਉਠਾਈਆ। ਆਓ ਰਲ ਮਿਲ ਇਕ ਦੂਜੇ ਨੂੰ ਲਈਏ ਭਾਲ, ਭੁੱਲੀ ਸਰਬ ਲੋਕਾਈਆ। ਤੁਸਾਂ ਮੇਰਾ ਕਰਨਾ ਹੱਲ ਸਵਾਲ, ਪੱਟੀ ਤੁਹਾਡੇ ਹੱਥ ਫੜਾਈਆ। ਆਪਣੀ ਸੁਰਤ ਲੈਣੀ ਸੰਭਾਲ, ਸੂਰਤ ਸਾਚੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਚੁਕਾਈਆ। ਆਓ ਏਥੋਂ ਚਲੀਏ ਭੱਜ, ਲੋਕਮਾਤ ਦਏ ਦੁਹਾਈਆ। ਸਚਖੰਡ ਦੁਆਰੇ ਬਹੀਏ ਸਜ, ਘਰ ਸਾਚੇ ਵੱਜੇ ਵਧਾਈਆ। ਮੈਂ ਤੁਹਾਡਾ ਦਰਸ ਕਰਾਂ ਰੱਜ ਰੱਜ, ਫੇਰ ਹੋਵੇ ਨਾ ਕਦੇ ਜੁਦਾਈਆ। ਜਗਤ ਪਿਆਰ ਵਿਚ ਲਾਉਣਾ ਨਾ ਅਜ ਪਜ, ਝੂਠਾ ਨਾਤਾ ਭੈਣ ਭਾਈਆ। ਇਕ ਦੂਜੇ ਦਾ ਪਰਦਾ ਲਈਏ ਕੱਜ, ਗੁਰ ਚੇਲਾ ਰੂਪ ਵਟਾਈਆ। ਪ੍ਰੇਮ ਪਿਆਰ ਅੰਦਰ ਜਾਈਏ ਬੱਝ, ਨਾ ਕੋਈ ਸਕੇ ਗੰਢ ਖੁਲ੍ਹਾਈਆ। ਬਿਨ ਤਾਰ ਸਤਾਰ ਅਨਾਦ ਅਨਾਦੀ ਬਣ ਜਾਈਏ ਵੱਜ, ਅਨਰਾਗੀ ਆਪਣਾ ਰਾਗ ਅਲਾਈਆ। ਪਹਿਲੋਂ ਲੋਕਮਾਤ ਜਗਤ ਨਾਲੋਂ ਹੋਣਾ ਅੱਡ, ਭਗਤ ਦੁਆਰੇ ਆਸਣ ਲਾਈਆ। ਫੇਰ ਵਿਚੋਂ ਲਏ ਕੱਢ, ਆਪਣੇ ਕੰਧ ਉਠਾਈਆ। ਵਾਰੋ ਵਾਰੀ ਸਚਖੰਡ ਆਵੇ ਛੱਡ, ਆਵੇ ਜਾਵੇ ਬੇਪਰਵਾਹੀਆ। ਮਿਲ ਸੰਗਤ ਵੰਡੀ ਵੰਡ, ਗੁਰਮੁਖ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡਾ ਰਿਹਾ ਰਾਹ ਤਕਾਈਆ। ਰਾਹ ਤੱਕੇ ਸਾਚਾ ਮਾਹੀ, ਮਹਿਮਾਂ ਭਗਤਾਂ ਆਪ ਜਣਾਇੰਦਾ। ਜੁਗ ਜੁਗ ਤੁਹਾਡੀ ਵੇਖੀ ਫਾਹੀ, ਤੁਹਾਡਾ ਫੰਦ ਨਾ ਕੋਇ ਕਟਾਇੰਦਾ। ਧਰੂ ਪ੍ਰਹਿਲਾਦ ਦੇਣ ਗਵਾਹੀ, ਭਗਵਾਨ ਭਗਤਾਂ ਪਿੱਛੇ ਫੇਰਾ ਪਾਇੰਦਾ। ਆਓ ਉਠੋ ਬਣੋ ਰਾਹੀ, ਪਾਂਧੀ ਆਪਣਾ ਪੰਧ ਮੁਕਾਇੰਦਾ। ਗੋਬਿੰਦ ਬੂਟਾ ਪੁੱਟਿਆ ਕਾਹੀ, ਸਭ ਦੀ ਜੜ੍ਹ ਉਖੜਾਇੰਦਾ। ਗੁਰਮੁਖ ਵਿਰਲੇ ਧੋਵੇ ਸ਼ਾਹੀ, ਪੂਰਬ ਲਹਿਣਾ ਝੋਲੀ ਪਾਇੰਦਾ। ਝੀਵਰ ਛੀਂਬੇ ਜੱਟ ਬਣੋ ਭਾਈ ਭਾਈ, ਜ਼ਾਤ ਪਾਤ ਸਰਬ ਗਵਾਇੰਦਾ। ਪਿਛਲੀ ਘਾਲ ਥਾਏ ਪਾਈ, ਅੱਗੇ ਲੇਖਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪਕੜੇ ਆਪੇ ਬਾਹੀਂ, ਬਲ ਆਪਣਾ ਆਪ ਧਰਾਇੰਦਾ। ਤੁਹਾਡੀ ਖਾਤਰ ਧਰਿਆ ਬਲ, ਬਾਵਨ ਭੇਵ ਚੁਕਾਇਆ। ਜੋਤ ਅੰਦਰ ਜੋਤੀ ਰਲ, ਜੋਤੀ ਜੋਤ ਡਗਮਗਾਇਆ। ਸ਼ਬਦੀ ਧਾਰ ਸੁਨੇਹੁੜਾ ਘੱਲ, ਸੰਸਾ ਰੋਗ ਮਿਟਾਇਆ। ਪੂਰਬ ਜਨਮ ਦਿਤਾ ਫਲ, ਵਸਤ ਅਮੋਲਕ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਆਪਣਾ ਰਸ ਚਖਾਇਆ। ਅੰਮ੍ਰਿਤ ਪੀ ਪਾਏ ਅਮਰਾਪਦ, ਅਮਰ ਅਮਰ ਕਰਾਇੰਦਾ। ਜਿਨ੍ਹਾਂ ਦੁਆਰੇ ਲਿਆ ਸੱਦ, ਤਿਨ੍ਹਾਂ ਪਾਰ ਕਰਾਇੰਦਾ। ਜਗਤ ਜੁਗਤ ਦੀ ਪਾਰ ਹੱਦ, ਸਚ ਕਿਨਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਜਾਮ ਇਕ ਪਿਆਇੰਦਾ। ਵੀਹ ਸੌ ਵੀਹ ਸਦਾ ਬੇਖ਼ਬਰ, ਖ਼ਾਬ ਵਿਚ ਕਿਸੇ ਨਾ ਆਈਆ। ਗੁਰ ਅਵਤਾਰ ਬੈਠੇ ਕਰ ਕਰ ਸਬਰ, ਨਾ ਜਾਮ ਮੁਖ ਲਗਾਈਆ। ਈਸਾ ਮੂਸਾ ਸਿਰ ਤੱਕਣ ਕਾਅਬਾ ਕਬਰ, ਕਬਰਸਤਾਨ ਨਿਗਹ ਟਿਕਾਈਆ। ਕਵਣ ਮਰਦ ਮਰਦਾਨਾ ਹੋਏ ਜ਼ਬਰ, ਜੀਵ ਰੀਤ ਦਏ ਬਦਲਾਈਆ। ਸਭ ਦੀ ਵੇਖੇ ਆਬਰੂ ਅਬਰ, ਅਬਜ਼ਰਵਰ ਹੋਵੇ ਸੱਚਾ ਮਾਹੀਆ। ਸ੍ਰਿਸ਼ਟ ਸਬਾਈ ਕਰੇ ਪੱਧਰ, ਗਦਰ ਦਏ ਮਿਟਾਈਆ। ਭਗਤਾਂ ਪੂਰੀ ਕਰੇ ਸਧਰ, ਸਦਕਾ ਆਪਣਾ ਇਕ ਜਣਾਈਆ। ਆਪੇ ਸ਼ੇਰ ਆਪੇ ਗਿੱਦੜ, ਆਪੇ ਸਿੰਘ ਜੰਬਕ ਖੇਲ ਖਲਾਈਆ। ਆਪੇ ਲੁਕਿਆ ਰਹੇ ਪਾ ਦਲਿਦਰ, ਦਿਸ ਕਿਸੇ ਨਾ ਆਈਆ। ਆਪੇ ਦਇਆ ਕਮਾਏ ਜਿਉਂ ਗ਼ਰੀਬ ਨਿਮਾਣੇ ਬਿਦਰ, ਸਾਗ ਅਲੂਣਾ ਖਾਈਆ । ਆਪੇ ਜਨ ਭਗਤਾਂ ਪਿਛੇ ਭੌਂਦਾ ਫਿਰੇ ਇਧਰ ਉਧਰ, ਉਧਰ ਇਧਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬਣ ਵਿਚੋਲਾ ਮਾਰੇ ਫੇਰੇ, ਦੋ ਦੋ ਧਾਰਾ ਰਾਹ ਚਲਾਇੰਦਾ। ਆਪਣੇ ਗੁਣ ਦੱਸਾਂ ਕਿਹੜੇ ਕਿਹੜੇ, ਲੇਖਾ ਲਿਖਤ ਵਿਚ ਨਾ ਆਇੰਦਾ। ਜਿਧਰ ਵੇਖੋ ਝੇੜੇ ਝੇੜੇ, ਝੇੜਾ ਜਗਤ ਨਾ ਕੋਇ ਮੁਕਾਇੰਦਾ। ਕਿਧਰ ਭਰੇ ਡੋਬੇ ਬੇੜੇ, ਕਿਧਰ ਡੁੱਬੇ ਪਾਰ ਕਰਾਇੰਦਾ। ਕਰੇ ਕਰਾਏ ਹੱਕ ਨਬੇੜੇ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਇਕੋ ਜਨ ਭਗਤਾਂ ਆਇਆ ਘੇਰੇ, ਘੇਰਾ ਕੋਇ ਨਾ ਮਾਤ ਤੁੜਾਇੰਦਾ। ਦੂਰ ਵਸਦੇ ਆ ਗਏ ਨੇੜੇ, ਪਿਛਲਾ ਪੰਧ ਮੁਕਾਇੰਦਾ। ਗੁਰਸਿਖਾਂ ਬਿਨ ਬੇਦੀਉਂ ਲੈ ਲਏ ਫੇਰੇ, ਲਾਂਵ ਜਗਤ ਨਾ ਕੋਇ ਪੜ੍ਹਾਇੰਦਾ। ਆ ਕੇ ਵੜਨਾ ਖੁਲ੍ਹੇ ਵੇਹੜੇ, ਸਤਿਗੁਰ ਪੂਰਾ ਜੋ ਬਣਾਇੰਦਾ। ਗੁਰਸਿਖ ਬੈਠੇ ਰਹੇ ਕਰ ਕੇ ਵੱਡੇ ਜੇਰੇ, ਕਵਣ ਵੇਲੇ ਹਰਿ ਜੂ ਆਇੰਦਾ। ਲਹਿਣੇ ਚੁੱਕਣ ਮੇਰੇੇ ਤੇਰੇ, ਤੇਰਾ ਉਧਾਰ ਨਾ ਮੋਹੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਚੜ੍ਹਾਇੰਦਾ। ਬਿਨ ਗਰੰਥੀ ਹੋਏ ਵਿਵਾਹ, ਵਾਹ ਵਾ ਹਰਿ ਜੂ ਖ਼ੁਸ਼ੀ ਮਨਾਈਆ। ਛੱਬੀ ਪੋਹ ਸਾਹ ਸੁਧਾ, ਗਾਨਾਂ ਸਗਨ ਹੱਥ ਬਨ੍ਹਾਈਆ। ਨਾਮ ਕਲੀਰਾ ਦੇਵੇ ਪਾ, ਪ੍ਰੇਮ ਮੌਲੀ ਤੰਦ ਬੰਧਾਈਆ। ਸਾਚੀ ਬਿੰਦੀ ਰੰਗ ਚੜ੍ਹਾ, ਲਾਲ ਗੁਲਾਲਾ ਵੇਖ ਵਖਾਈਆ। ਨੇਤਰ ਨੈਣਾਂ ਸੁਰਮਾ ਪਾ, ਕੱਜਲ ਧਾਰ ਇਕ ਵਖਾਈਆ। ਸੀਸ ਮੀਂਢੀ ਇਕ ਗੁੰਦਾ, ਕੰਤ ਸੁਹਾਗ ਲਏ ਪਰਨਾਈਆ। ਰਤੜੇ ਡੋਲੇ ਲਏ ਬਹਾ, ਚਾਰ ਯੁਗ ਕਹਾਰ ਬਣਾਈਆ। ਹੌਲੀ ਹੌਲੀ ਦਏ ਸੁਣਾ, ਸਾਚਾ ਢੋਲਾ ਆਪੇ ਗਾਈਆ। ਮੇਰੀ ਝੋਲੀ ਦੇਣੀ ਪਾ, ਮੇਰੀ ਵਸਤ ਨਾ ਕੋਇ ਰਖਾਈਆ। ਮੇਰੇ ਦੁਆਰੇ ਕੋਈ ਨਾ ਜਾਵੇ ਆ, ਚਾਰ ਯੁਗ ਅੱਗੇ ਚਰਨ ਨਾ ਕੋਇ ਉਠਾਈਆ। ਗੁਰਸਿਖ ਗੁਰ ਸਤਿਗੁਰ ਆਪਣੀ ਉਂਗਲੀ ਲਏ ਲਾ, ਆਪਣਾ ਪੰਧ ਮੁਕਾਈਆ। ਸਚਖੰਡ ਦੁਆਰੇ ਦਏ ਬਹਾ, ਦੇਵੇ ਮਾਣ ਵਡਿਆਈਆ। ਸਾਚੀ ਸੇਜਾ ਦਏ ਵਛਾ, ਪ੍ਰੇਮ ਵਿਛੌਣਾ ਇਕ ਬਣਾਈਆ। ਮੇਲਾ ਮੇਲੇ ਸਹਿਜ ਸੁਭਾ, ਘਰ ਸਾਚੇ ਵੱਜੇ ਵਧਾਈਆ। ਗਲਵਕੜੀ ਬੈਠੇ ਪਾ, ਨਾ ਸਕੇ ਕੋਇ ਤੁੜਾਈਆ। ਨਾਰੀ ਕੰਤ ਲਿਆ ਮਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਸਮਾਈਆ। ਨਾਰੀ ਕੰਤ ਹੋਇਆ ਪਿਆਰ, ਸਚਖੰਡ ਸਾਚਾ ਸੋਭਾ ਪਾਇੰਦਾ। ਮੇਲਾ ਮਿਲਿਆ ਪੁਰਖ ਕਰਤਾਰ, ਕਰਤਾ ਪੁਰਖ ਦਇਆ ਕਮਾਇੰਦਾ। ਆਪੇ ਜਾਣੇ ਸਚ ਵਿਹਾਰ, ਬਿਵਹਾਰੀ ਧਾਰ ਚਲਾਇੰਦਾ। ਸੋਭਾਵੰਤ ਸੁਲੱਖਣੀ ਨਾਰ, ਸਾਚੇ ਦਰ ਬਹਾਇੰਦਾ। ਇਕ ਕਰਾਏ ਸਤਿ ਸ਼ਿੰਗਾਰ, ਸੋਲਾਂ ਸ਼ਿੰਗਾਰ ਮੁਖ ਸ਼ਰਮਾਇੰਦਾ। ਆਪਣਾ ਦੇਵੇ ਦਰਸ ਦਿਦਾਰ, ਨੈਣ ਨੈਣਾਂ ਨਾਲ ਮਿਲਾਇੰਦਾ। ਗੁਰਮੁਖ ਨੈਣ ਹੋਏ ਸ਼ਰਮਸਾਰ, ਚਰਨ ਕਵਲ ਧਿਆਨ ਰਖਾਇੰਦਾ। ਤੇਰੀ ਓਟ ਮੇਰੇ ਭਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਤੇਰੀ ਓਟ ਮੇਰੇ ਮਾਹੀ, ਮੈਂ ਇਕੋ ਆਸ ਤਕਾਈਆ। ਧੰਨ ਭਾਗ ਤੂੰ ਪਰਨਾਈ, ਮੈਂ ਤੇਰੀ ਇਕ ਅਖਵਾਈਆ। ਜਨਮ ਜਨਮ ਦੀ ਧੋਈ ਸ਼ਾਹੀ, ਦੁਰਮਤ ਮੈਲ ਰਹੀ ਨਾ ਰਾਈਆ। ਬਣ ਨਿਮਾਣੀ ਤੇਰੀ ਸੇਵ ਕਮਾਈ, ਤੂੰ ਨਿਮਾਣਿਆਂ ਹੋਏਂ ਸਹਾਈਆ। ਬਣ ਰਾਣੀ ਤੇਰੇ ਘਰ ਵਿਚ ਆਈ, ਹਾਣੀਆਂ ਹਾਣ ਮਿਲਾਈਆ। ਜੁਗ ਦੀ ਵਿਛੜੀ ਆਪ ਪਛਾਣੀ, ਪਛੋਤਾਵਾ ਦਿਤਾ ਮੁਕਾਈਆ। ਕੋਟਨ ਕੋਟ ਜਨਮ ਤੇਰੀ ਸੁਣਦੀ ਰਹੀ ਬਾਣੀ, ਬਿਨ ਤੇਰੇ ਡਿਠਿਆਂ ਸਾਂਤ ਨਾ ਆਈਆ। ਅਠਸਠ ਤੀਰਥ ਫੋਲਦੀ ਰਹੀ ਪਾਣੀ, ਤੇਰਾ ਅੰਮ੍ਰਿਤ ਨਾ ਕੋਇ ਪਿਆਈਆ। ਕੋਟਨ ਕੋਟ ਵਾਰ ਕੰਤ ਹੰਢਾਇਆ ਜਗਤ ਸਵਾਣੀ ਝੂਠੀ ਸੇਜ ਹੰਢਾਈਆ। ਜੁਗ ਚੌਕੜੀ ਤੇਰੀ ਵਿਹਾਣੀ, ਤੇਰਾ ਭੇਵ ਕੋਇ ਨਾ ਪਾਈਆ। ਕਲਜੁਗ ਅੰਤਮ ਹੋਈ ਮਿਹਰਵਾਨੀ, ਮਿਹਰਵਾਨ ਦਿਤੀ ਵਡਿਆਈਆ। ਆਪਣੀ ਸੁਣਾਈ ਅਕੱਥ ਕਹਾਣੀ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੱਲਾ ਨਾ ਕਦੇ ਛੁਡਾਈਆ। ਤੇਰਾ ਪੱਲੂ ਲਿਆ ਫੜ, ਕੰਤ ਸੁਹਾਗੀ ਹਰਿ ਕੰਤੂਹਲ। ਤੇਰੇ ਮੰਦਰ ਆਈ ਚੜ੍ਹ, ਮੈਂ ਬਾਲੀ ਬੁੱਧ ਅਨਭੂਲ। ਜਦ ਵੇਖਾਂ ਮੈਨੂੰ ਆਵੇ ਡਰ, ਮੇਰਾ ਹੀਆ ਜਾਏ ਡੋਲ। ਤੂੰ ਆਪਣੀ ਕਿਰਪਾ ਇਕੋ ਵਾਰ ਕਰ, ਮੈਂ ਰਹਾਂ ਸਦਾ ਅਤੋਲ। ਤੇਰੇ ਚਰਨ ਨੁਹਾਵਾਂ ਸਾਚੇ ਸਰ, ਤੇਰੇ ਚਰਨ ਜਾਵਾਂ ਮੌਲ। ਤੂੰ ਮਿਲਿਆ ਮੈਨੂੰ ਇਕੋ ਵਰ, ਮੇਰਾ ਪੂਰਾ ਕੀਤਾ ਕੌਲ। ਲੋਕਮਾਤ ਧੀਆਂ ਪੁੱਤਰ ਜਨ, ਜੰਮੀ ਮਰੀ ਉਪਰ ਧੌਲ। ਅੰਤ ਕਲਜੁਗ ਤੇਰੇ ਨਾਲ ਗਈ ਮੰਨ, ਤੁਧ ਬਿਨ ਮੇਰੀ ਸੁਣੇ ਕੌਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਠੰਡੀ ਪੌਣ। ਦਰ ਤੇਰੇ ਦੀ ਮੈਂ ਪਿਆਸੀ, ਪੀਆ ਪੀਆ ਰਹੀ ਕੁਰਲਾਈਆ। ਲੋਕਮਾਤ ਜੀਵ ਜੰਤ ਕਰਨ ਹਾਸੀ, ਫਿਰਦੀ ਵਾਂਗ ਸ਼ੌਦਾਈਆ। ਇਹਨਾਂ ਵਿਚੋਂ ਕਰ ਮੇਰੀ ਬੰਦ ਖ਼ਲਾਸੀ, ਬੰਦੀਖ਼ਾਨਾ ਦੇ ਤੁੜਾਈਆ। ਤੇਰੀ ਜੋਤ ਮਾਤ ਪਰਕਾਸ਼ੀ, ਮੇਰਾ ਅੰਧੇਰਾ ਦੇ ਗਵਾਈਆ। ਤੂੰ ਕਿਸੇ ਨਾ ਲੱਭਿਆ ਪੰਡਤ ਕਾਂਸ਼ੀ, ਮੁਲਾਂ ਸ਼ੇਖ਼ ਰਾਹ ਤਕਾਈਆ। ਤੂੰ ਲੁਕਿਆ ਬਣ ਘਨਕਪੁਰ ਵਾਸੀ, ਘਨੱਯਾ ਤੇਰੀ ਸੇਵ ਕਮਾਈਆ। ਤੇਰੀ ਉਡੀਕ ਰੱਖੀ ਖ਼ਾਸੀ, ਨੇਤਰ ਨੈਣ ਨੈਣ ਉਠਾਈਆ। ਮੈਂ ਤੇਰੇ ਬਿਨਾ ਹੋਈ ਉਦਾਸੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਤੇਰੇ ਵਿਛੋੜੇ ਨਾਲੋਂ ਚੰਗੀ ਫਾਂਸੀ, ਆਪਣੀ ਹੱਥੀਂ ਫੱਟੇ ਉਤੇ ਦੇ ਚੜ੍ਹਾਈਆ। ਨਹੀਂ ਤੇ ਕਰ ਚਰਨ ਦਾਸੀ, ਸਾਚੀ ਸੇਵਾ ਇਕ ਸਮਝਾਈਆ। ਜਿਉਂ ਗੁਰਮੁਖ ਆਤਮ ਹੋਈ ਪਿਆਸੀ, ਤਿਉਂ ਸੰਗਤ ਰਹੀ ਬਿਲਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਜੋਬਨਵੰਤ, ਮੇਰਾ ਜੋਬਨ ਨਾ ਕਿਸੇ ਹੰਢਾਇਆ। ਮੈਂ ਆਦਿ ਜੁਗਾਦੀ ਇਕੋ ਕੰਤ, ਗੁਰਮੁਖ ਵਿਰਲੇ ਪਾਇਆ। ਕੋਟਨ ਕੋਟੀ ਬਣੇ ਰਹੇ ਮੰਗਤ, ਅੱਗੇ ਝੋਲੀ ਰਹੇ ਡਾਹਿਆ। ਮੈਂ ਕਿਸੇ ਨਾ ਲਾਇਆ ਅੰਗਤ, ਅੰਗੀਕਾਰ ਨਾ ਕੋਇ ਕਰਾਇਆ। ਗੁਰ ਅਵਤਾਰਾਂ ਦਿਤੀ ਰੰਗਤ, ਲੋਕਮਾਤ ਰੰਗ ਚੜ੍ਹਾਇਆ। ਕਲਜੁਗ ਅੰਤ ਹਰਿ ਸੰਗਤ ਬਣਾਈ ਸੰਗਤ, ਸੰਗ ਆਪਣਾ ਆਪ ਰਖਾਇਆ। ਆਪੇ ਬਣਿਆ ਹਰਿ ਪ੍ਰਬੰਧਕ, ਸਾਚੀ ਸੇਵਾ ਆਪ ਕਮਾਇਆ। ਆਪੇ ਬਣਿਆ ਹਰਿ ਜੂ ਪੰਡਤ, ਪੜ੍ਹ ਪੜ੍ਹ ਆਪਣਾ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਰਿਹਾ ਜਣਾਇਆ। ਦੋ ਜਹਾਨਾਂ ਸੱਚਾ ਲਾੜਾ, ਇਕੋ ਇਕ ਅਖਵਾਈਆ। ਜੁਗ ਜੁਗ ਸਾਰੇ ਕੱਢਦੇ ਗਏ ਹਾੜਾ, ਅੱਗੇ ਸੀਸ ਝੁਕਾਈਆ। ਨਿਉਂ ਨਿਉਂ ਕਰਦੇ ਗਏ ਨਿਮਸਕਾਰਾ, ਚਰਨ ਧੂੜ ਮਸਤਕ ਟਿੱਕਾ ਲਾਈਆ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਆਪਣਾ ਆਪ ਵਖਾਈਆ। ਜਨ ਭਗਤਾਂ ਕਰੇ ਸਚ ਪਿਆਰਾ, ਆਪਣੀ ਭਗਤੀ ਆਪ ਜਣਾਈਆ। ਮੇਲ ਮਿਲਾਇਆ ਪਹਿਲੀ ਵਾਰਾ, ਸਤਿਜੁਗ ਸਾਚੀ ਧਾਰ ਵਖਾਈਆ। ਕਾਗਦ ਕਲਮ ਨਾ ਲਿਖਣਹਾਰਾ, ਸਮੁੰਦ ਸਾਗਰ ਸ਼ਾਹੀ ਰਹੀ ਕੁਰਲਾਈਆ। ਬਨਾਸਪਤ ਰੋਵੇ ਜ਼ਾਰੋ ਜ਼ਾਰਾ, ਅਠਾਰਾਂ ਭਾਰ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਆਪਣੇ ਅਨੰਦ ਸਮਾਈਆ।
