੧੬ ਮੱਘਰ ੨੦੧੮ ਬਿਕਰਮੀ ਵਿਰਸਾ ਸਿੰਘ ਧਿਰਤਾ ਸਿੰਘ ਬਾਬੂਪੁਰਾ ਜੇਠੂਵਾਲ ਦਰਬਾਰ ਵਿਚ
ਹਰਿ ਭਗਤ ਸੱਚੀ ਪ੍ਰਭਾਤ, ਰਾਗ ਪ੍ਰਭਾਤੀ ਰਿਹਾ ਜਸ ਗਾਈਆ। ਭਗਤ ਭਗਵੰਤ ਇਕ ਇਕਾਂਤ, ਏਕਾ ਕਾਰ ਕਮਾਈਆ। ਸਹਿਜ ਗੁਣ ਗੁਣਵੰਤਾ ਦੇਵੇ ਦਾਤ, ਦਾਤਾ ਦਾਨੀ ਆਪ ਵਰਤਾਈਆ। ਅਨੰਦ ਮੰਗਲ ਸੁਣਾਏ ਗਾਥ, ਗਾਵਣਹਾਰਾ ਬੇਪਰਵਾਹੀਆ। ਜਗਤ ਜੁਗ ਦੇਵੇ ਸਾਥ, ਸਹਿਜ ਸਹਿਜ ਪੰਧ ਮੁਕਾਈਆ। ਮੰਤਰ ਅੰਤਰ ਪੂਜਾ ਪਾਠ, ਬਸੰਤਰ ਦਏ ਬੁਝਾਈਆ। ਜੁਗਾਂ ਜੁਗੰਤਰ ਬਣ ਬਣ ਸੱਚਾ ਨਾਥ, ਅਨਾਥਾਂ ਹੋਏ ਸਹਾਈਆ। ਤ੍ਰੈਗੁਣ ਅਤੀਤਾ ਤੱਤਵ ਤੱਤ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਈਆ। ਖੇਲੇ ਖੇਲ ਖੇਲ ਤਮਾਸ਼, ਦੋ ਜਹਾਨਾਂ ਵੇਸ ਵਟਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਹਰਿਜਨ ਸਾਚੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪ ਹੋ ਜਾਈਆ। ਸਚ ਪਰਭਾਤੀ ਰਹੀ ਗਾ, ਏਕਾ ਢੋਲਾ ਗਾਇਆ। ਸਚਖੰਡ ਨਿਵਾਸੀ ਵੇਖ ਚੜ੍ਹਿਆ ਚਾਅ, ਚਾਉ ਘਨੇਰਾ ਇਕ ਜਣਾਇਆ। ਧੰਨ ਭਾਗ ਮਿਲਿਆ ਸੱਚਾ ਥਾਂ, ਥਾਨ ਥਨੰਤਰ ਸੋਭਾ ਪਾਇਆ। ਪੁਰਖ ਅਗੰਮ ਪਕੜੀ ਬਾਂਹ, ਸਿਰ ਆਪਣਾ ਹੱਥ ਟਿਕਾਇਆ। ਸਦਾ ਸਦ ਰੱਖੇ ਠੰਡੀ ਥਾਂ, ਛਹਿਬਰ ਏਕਾ ਵਾਰ ਲਗਾਇਆ। ਜਨ ਭਗਤਾਂ ਪਿਤਾ ਮਾਂ, ਭਗਤ ਭਗਵੰਤ ਖੇਲ ਖਲਾਇਆ। ਸਾਚੇ ਸੰਤਾਂ ਨਾਲ ਰਲਾ, ਸਾਚਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਸਚ ਪਰਭਾਤੀ ਰਹੀ ਨੱਚ, ਆਪਣਾ ਸ਼ਾਂਗ ਵਰਤਾਈਆ। ਪੁਰਖ ਅਬਿਨਾਸ਼ੀ ਮਿਲਿਆ ਸੱਚ, ਸਾਚੀ ਗਾਥ ਪੜ੍ਹਾਈਆ। ਤ੍ਰੈਗੁਣ ਮਾਇਆ ਮਿਟੀ ਆਂਚ, ਅਗਨੀ ਅੱਗ ਬੁਝਾਈਆ। ਕਾਇਆ ਮਾਟੀ ਲੇਖੇ ਲਾਇਆ ਕੱਚ, ਕਾਚੀ ਗਗਰੀ ਸੋਭਾ ਪਾਈਆ। ਜਨ ਭਗਤਾਂ ਅੰਦਰ ਗਿਆ ਰਚ, ਰਚ ਰਚ ਆਪਣਾ ਰੂਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਭਾਵੰਤ ਵਡੀ ਵਡਿਆਈਆ। ਸਚ ਪਰਭਾਤੀ ਨੇਤਰ ਖੋਲ੍ਹ, ਨੈਣ ਨੈਣ ਉਠਾਈਆ। ਪੁਰਖ ਪੁਰਖੋਤਮ ਵਸਿਆ ਕੋਲ, ਸਗਲੀ ਚਿੰਤ ਮਟਾਈਆ। ਮੈਂ ਉਠ ਉਠ ਵਜਾਵਾਂ ਢੋਲ, ਸਾਚੇ ਭਗਤਾਂ ਦਿਆਂ ਸੁਣਾਈਆ। ਸਚ ਬਸੰਤੀ ਰੁੱਤ ਬਣ ਫੁਲਵਾੜੀ ਗਿਆ ਮੌਲ, ਘਰ ਘਰ ਡੇਰਾ ਲਾਈਆ। ਪੂਰਾ ਕਰੇ ਕੀਤਾ ਕੌਲ, ਕਵਲ ਨੈਣ ਸੱਚਾ ਸ਼ਹਿਨਸ਼ਾਹੀਆ। ਤੋਲਣਹਾਰਾ ਸਾਚਾ ਤੋਲ, ਨਾਮ ਕੰਡਾ ਹੱਥ ਰਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਰਹੇ ਅਡੋਲ, ਡੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਸਚ ਪਰਭਾਤੀ ਚੜ੍ਹਿਆ ਰੰਗ, ਰੰਗੀ ਰੰਗ ਵਟਾਈਆ। ਸੇਜਾ ਸੋਹੇ ਸਚ ਪਲੰਘ, ਭੂਸ਼ਨ ਬਸਤਰ ਨਾਲ ਮਿਲਾਈਆ। ਨਾਮ ਨਿਧਾਨ ਵੱਜੇ ਮਰਦੰਗ, ਮਰਦੰਗਾ ਹੱਥ ਉਠਾਈਆ। ਗ੍ਰਹਿ ਮੰਦਰ ਹਰਿ ਜੂ ਆਇਆ ਲੰਘ, ਨਜ਼ਰ ਕਿਸੇ ਨਾ ਆਈਆ। ਜਗਤ ਦਵੈਤੀ ਢਾਈ ਕੰਧ, ਏਕਾ ਧੱਕਾ ਲਾਈਆ। ਭਗਤ ਸਾਚੇ ਸੁਣਾਇਆ ਛੰਦ, ਆਤਮ ਪਰਮਾਤਮ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਚ ਪਰਭਾਤੀ ਵੇਖੇ ਨਿਰਗੁਣ ਜੋਤ, ਜੋਤੀ ਜਾਤਾ ਡਗਮਗਾਇੰਦਾ। ਸਚਖੰਡ ਵਸੇ ਕਿਲੇ ਕੋਟ, ਕਿਲਾ ਕੋਟ ਇਕ ਵਖਾਇੰਦਾ। ਨਾਦ ਅਗੰਮੀ ਲਾਏ ਚੋਟ, ਚੋਟੀ ਚੜ੍ਹ ਕੇ ਨਾਦ ਵਜਾਇੰਦਾ। ਜਨਮ ਜਨਮ ਦਾ ਕੱਢੇ ਖੋਟ, ਨਿਹਕਰਮੀ ਕਰਮ ਕਮਾਇੰਦਾ। ਭਗਤਾਂ ਰੱਖੇ ਆਪੇ ਓਟ, ਓਟ ਭਗਤਾਂ ਆਪ ਤਕਾਇੰਦਾ। ਆਲ੍ਹਣਿਉਂ ਡਿੱਗੇ ਚੁੱਕੇ ਬੋਟ, ਸਾਚੀ ਗੋਦ ਆਪ ਬਹਾਇੰਦਾ। ਦੇਵੇ ਨਾਮ ਭੰਡਾਰ ਅਤੋਟ, ਏਕਾ ਵਾਰ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਸਚ ਪਰਭਾਤੀ ਅੰਮ੍ਰਿਤ ਰਸ, ਏਕਾ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਦੇਣਾ ਦੱਸ, ਕਵਣ ਦੁਆਰੇ ਮਿਲੇ ਚਾਈਂ ਚਾਈਂਆ। ਪੰਧ ਮੁਕਾਵਾਂ ਜਾਵਾਂ ਨੱਸ, ਬਣਾਂ ਪਾਂਧੀ ਰਾਹੀ ਆ। ਕਵਣ ਕਰੇ ਮੇਰੀ ਪੂਰੀ ਆਸ, ਤ੍ਰਿਸ਼ਨਾ ਦਏ ਮਿਟਾਈਆ। ਮੈਂ ਵੇਖ ਥੱਕੀ ਪ੍ਰਿਥਮੀ ਆਕਾਸ਼, ਗਗਨ ਮੰਡਲ ਫੇਰਾ ਪਾਈਆ। ਕੋਈ ਨਾ ਲੱਭਾ ਸੱਚਾ ਘਾਟ, ਤੀਰਥ ਤੱਟ ਦੇਣ ਦੁਹਾਈਆ। ਗੁਰਦਰ ਮੰਦਰ ਮਸਜਿਦ ਵੇਖੇ ਹੱਟ, ਸਾਚਾ ਨਾਮ ਨਾ ਕੋਇ ਵਿਕਾਈਆ। ਤੇਲ ਬਾਤੀ ਲਟ ਲਟ, ਅਸ਼ਟਭੁਜ ਰਹੀ ਜਗਾਈਆ। ਸ਼ਿਵਦੁਆਲੇ ਖ਼ਾਲੀ ਮੱਠ, ਤੇਰਾ ਨਾਉਂ ਕੋਈ ਨਾ ਗਾਈਆ। ਅੰਤ ਦੁਆਰੇ ਤੇਰੇ ਗਈ ਢੱਠ, ਢਹਿ ਢਹਿ ਸੀਸ ਝੁਕਾਈਆ। ਨਾ ਕੋਈ ਬੁੱਧ ਨਾ ਕੋਈ ਮੱਤ, ਮਤ ਮਤਵਾਲੀ ਫਿਰੇ ਦਿਆਂ ਦੁਹਾਈਆ। ਨਾ ਧੀਰਜ ਨਾ ਕੋਈ ਸਤਿ, ਆਪਣੀ ਬੈਠੀ ਪਤ ਗਵਾਈਆ। ਕਲਜੁਗ ਜੀਵਾਂ ਚੁੱਕੀ ਅੱਤ, ਚਾਰੋਂ ਕੁੰਟ ਰਹੇ ਕੁਰਲਾਈਆ। ਗ੍ਰਹਿ ਗ੍ਰਹਿ ਉਬਲੇ ਝੂਠੀ ਰੱਤ, ਰੱਤੀ ਰੱਤ ਨਜ਼ਰ ਨਾ ਆਈਆ। ਮੈਂ ਢੋਲਕ ਛੈਣਿਆਂ ਸੰਖ਼ਾਂ ਅੰਦਰ ਗਈ ਫਸ, ਜਗਤ ਰਬਾਬ ਸਤਾਰ ਰਹੇ ਵਜਾਈਆ। ਮੇਰੀ ਰੈਣ ਅੰਧੇਰੀ ਹੋਈ ਮਸ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਮੈਂ ਨਿਮਾਣੀ ਕਰ ਕੇ ਬਹਿ ਗਈ ਬੱਸ, ਬਸ ਹਾਰ ਜਿਤ ਤੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਗਤ ਪਰਭਾਤੀ ਰਹੀ ਕੁਰਲਾਈਆ। ਜਗਤ ਪਰਭਾਤੀ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਇਆ। ਮੇਰਾ ਅੰਮ੍ਰਿਤ ਰਸ ਮੇਰੇ ਵਿਚ ਸਕੇ ਨਾ ਕੋਈ ਪਾ, ਤੇਰੇ ਚਰਨਾਂ ਨਾ ਕੋਇ ਮਿਲਾਇਆ। ਆਪਣਾ ਆਪਣਾ ਢੋਲਾ ਰਹੇ ਗਾ, ਤੇਰਾ ਨਾਦ ਨਾ ਕਿਸੇ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇਆ। ਦਰ ਮੰਗਾਂ ਭਿੱਖ ਦੇ ਅਸੀਸ, ਇਕੋ ਆਸਰਾ ਤੇਰਾ ਤਕਾਇਆ। ਤੂੰ ਸਾਹਿਬ ਸੱਚਾ ਜਗਦੀਸ਼, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹਿਆ । ਮੈਂ ਮੰਨਾਂ ਤੇਰੀ ਹਦੀਸ, ਸਿਰ ਚਰਨਾਂ ਉਪਰ ਟਿਕਾਇਆ। ਮੈਂ ਵੇਖੇ ਰਾਗ ਛਤੀਸ, ਬਤੀਸ ਸੰਗ ਨਾ ਕੋਇ ਨਿਭਾਇਆ। ਚਾਰੋਂ ਕੁੰਟ ਬੈਠੇ ਖ਼ਬੀਸ਼, ਖ਼ਬਰ ਤੇਰੀ ਨਾ ਕੋਇ ਸੁਣਾਇਆ। ਸ਼ਾਹ ਪਾਤਸ਼ਾਹ ਦਰ ਦਰ ਵੇਖੇ ਨਾ ਝੁੱਲੇ ਛਤਰ ਸੀਸ, ਸਾਚਾ ਹੁਕਮ ਨਾ ਕੋਇ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰਾ ਦੁੱਖੜਾ ਦੇ ਮਿਟਾਇਆ। ਮੈਂ ਦੁੱਖੀ ਹੋਈ ਅਭਾਗਣ, ਮੇਰਾ ਭਾਗ ਨਾ ਕੋਇ ਰਖਾਈਆ। ਅੰਮ੍ਰਿਤ ਵੇਲੇ ਉਠ ਉਠ ਜਾਗਣ, ਅੰਮ੍ਰਿਤ ਰਸ ਮੁਖ ਨਾ ਕੋਇ ਚੁਆਈਆ। ਬਿਨ ਤੇਰੇ ਹੰਸ ਬਣੇ ਕਾਗਨ, ਕਾਗ ਵਾਂਗ ਰਹੇ ਕੁਰਲਾਈਆ। ਮੈਂ ਦਰ ਦਰ ਫਿਰਾਂ ਬੈਰਾਗਣ, ਤੇਰਾ ਵੈਰਾਗ ਰਿਹਾ ਤੜਫਾਈਆ। ਤੁਧ ਬਿਨ ਕਰੇ ਨਾ ਕੋਇ ਸੁਹਾਗਣ, ਜਗਤ ਰੰਡੇਪਾ ਰਿਹਾ ਸਤਾਈਆ। ਕਰ ਕਿਰਪਾ ਬਣ ਜਾ ਸਾਜਣ, ਮੇਰੇ ਸੱਜਣ ਸੱਚੇ ਮਾਹੀਆ। ਮੈਂ ਚਲ ਕੇ ਆਈ ਹਾਜਣ, ਮੱਕਾ ਕਾਅਬਾ ਇਕ ਤਕਾਈਆ। ਤੂੰ ਸੁਣਿਆ ਗ਼ਰੀਬ ਨਿਵਾਜ਼ਣ, ਗ਼ਰੀਬ ਨਿਮਾਣਿਆਂ ਦਇਆ ਕਮਾਈਆ। ਮੈਂ ਕੋਝੀ ਕਮਲੀ ਪਾਜਣ, ਲਜਪਤ ਤੇਰੇ ਹੱਥ ਫੜਾਈਆ। ਮੇਰੇ ਭਾਗ ਸੋਏ ਜਾਗਣ, ਘਰ ਮਿਲੇ ਮੇਰਾ ਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਝੋਲੀ ਡਾਹੀਆ । ਮੇਰਾ ਭਾਗ ਜਾਏ ਖੁਲ੍ਹ, ਕਿਰਪਾ ਕਰ ਗੁਣ ਨਿਧਾਨਾ। ਮੇਰੀ ਕਰਤਾ ਪਾਏ ਕੀਮਤ ਮੁਲ, ਲਹਿਣਾ ਚੁੱਕੇ ਵਿਚ ਜਹਾਨਾ। ਤੇਰਾ ਨਾਉਂ ਸੁਲਾਹਕੁਲ, ਖ਼ਾਲਕ ਖ਼ਲਕ ਵਡ ਪਰਧਾਨਾ। ਮੈਂ ਤੇਰੇ ਕੰਡੇ ਜਾਵਾਂ ਤੁਲ, ਤੂੰ ਧੁਰਦਰਗਾਹੀ ਮਰਦ ਮਰਦਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਨਾ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਵਾਰ ਸਮਝਾਈਆ। ਚਾਰ ਜੁਗ ਤੱਤ ਤੱਤਵ ਤੂੰ ਆਪਣਾ ਰੂਪ ਰਹੀ ਵਖਾ, ਲੋਕਮਾਤ ਫੇਰਾ ਪਾਈਆ। ਕੋਟਨ ਕੋਟ ਤੀਰਥ ਨਹਾਵਣ ਰਹੀ ਕਰਾ, ਕੋਟਨ ਕੋਟ ਪੂਜਾ ਪਾਠ ਪੜ੍ਹਾਈਆ। ਕੋਟਨ ਕੋਟਾਂ ਸਜਦਾ ਰਹੀ ਕਰਾ, ਕੋਟਨ ਕੋਟਾਂ ਵੁਜ਼ੂ ਨਮਾਜ਼ ਪੜ੍ਹਾਈਆ। ਕੋਟਨ ਕੋਟਾਂ ਬਾਂਗ ਰਹੀ ਦੁਆ, ਕੋਟਨ ਕੋਟਾਂ ਨਾਅਰਾ ਰਹੀ ਸੁਣਾਈਆ। ਕੋਟਨ ਕੋਟ ਨਾਦ ਸੰਖ ਹੱਥ ਫੜਾ, ਲੋਕਮਾਤ ਦਏਂ ਵਡਿਆਈਆ। ਕੋਟਨ ਕੋਟਾਂ ਅਗਨੀ ਤਾਅ, ਕੋਟਨ ਕੋਟਾਂ ਜਲ ਧਾਰ ਵਖਾਈਆ। ਕੋਟਨ ਕੋਟਾਂ ਘਰੋਂ ਕਢਾ, ਜੰਗਲ ਜੂਹਾਂ ਵਿਚ ਫਿਰਾਈਆ। ਕੋਟਨ ਕੋਟਾਂ ਦੇਵੇ ਸਲਾਹ, ਅੰਮ੍ਰਿਤ ਵੇਲਾ ਇਕ ਵਡਿਆਈਆ। ਉਠ ਪਰਭਾਤੀ ਜੋ ਲਏ ਧਿਆ, ਪ੍ਰਭ ਮਿਲੇ ਚਾਈਂ ਚਾਈਂਆ। ਕਲਜੁਗ ਅੰਤਮ ਸਾਰੇ ਹੋਏ ਫ਼ਨਾਹ, ਸੀਸ ਸਕੇ ਨਾ ਕੋਇ ਉਠਾਈਆ। ਤੇਰੀ ਝੋਲੀ ਪਾਏ ਜਗਤ ਗੁਨਾਹ, ਗੁਨਾਹਗਾਰ ਤੇਰਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸੁਣਾਈਆ। ਗੁਨਾਹਗਾਰ ਤੂੰ ਬਣੀ ਜਗ, ਤੇਰਾ ਰੰਗ ਨਜ਼ਰ ਨਾ ਆਇੰਦਾ। ਤੇਰੇ ਵਿਚ ਸ੍ਰਿਸ਼ਟ ਸਬਾਈ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਸਭ ਨੂੰ ਭੁਲਿਆ ਤੇਰਾ ਆਚਾਰ ਚੱਜ, ਉਠ ਉਠ ਰਾਮ ਨਾ ਕੋਇ ਧਿਆਇੰਦਾ। ਮੰਦਰ ਮਸਜਿਦ ਗੁਰੂਦੁਆਰ ਸਾਰੇ ਰਹੇ ਭੱਜ, ਭਾਵਨੀ ਭੌ ਨਾ ਕੋਇ ਮਿਟਾਇੰਦਾ। ਆਪਣਾ ਗ੍ਰਹਿ ਰਹੇ ਤਜ, ਤੇਰਾ ਗ੍ਰਹਿ ਨਾ ਕੋਇ ਸੁਹਾਇੰਦਾ। ਬਿਨ ਹਰਿ ਸਾਚੇ ਦਰ ਨਾ ਕੋਈ ਬਹੇ ਸਜ, ਸਾਚਾ ਘਰ ਨਜ਼ਰ ਕਿਸੇ ਨਾ ਆਇੰਦਾ। ਬਿਨ ਭਗਤਾਂ ਤੇਰੀ ਕੋਈ ਨਾ ਰੱਖੇ ਲੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਇੰਦਾ। ਸੁਣ ਪਰਭਾਤੀ ਮੰਨ ਲੈ ਕਹਿਣਾ, ਕਹਿਣਾ ਕਹਿਣ ਨਾ ਜਾਈਆ। ਕਲਜੁਗ ਅੰਤਮ ਦੇਵੇ ਲਹਿਣਾ, ਲਹਿਣਾ ਝੋਲੀ ਪਾਈਆ। ਸਚ ਸ਼ਿੰਗਾਰ ਬਸਤਰ ਗਹਿਣਾ, ਬਸਤਰ ਭੂਸ਼ਨ ਦਏ ਸਮਝਾਈਆ। ਸਾਚੇ ਭਗਤਾਂ ਦਰਸ਼ਨ ਕਰਨਾ ਨੈਣਾਂ, ਨੇਤਰ ਨੈਣ ਸ਼ਰਮਾਈਆ। ਅੰਮ੍ਰਿਤ ਸੋਮਾ ਏਕਾ ਵਹਿਣਾ, ਦੁਰਮਤ ਮੈਲ ਧੁਵਾਈਆ। ਭਗਤ ਭਗਵੰਤ ਦਰ ਇਕੋ ਬਹਿਣਾ, ਏਕਾ ਘਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਪਰਭਾਤੀ ਦਏ ਵਡਿਆਈਆ। ਸੁਣ ਪਰਭਾਤੀ ਸਾਚੀ ਗੱਲ, ਹਰਿ ਸਾਚਾ ਸਚ ਜਣਾਇੰਦਾ। ਜੁਗ ਚੌਕੜੀ ਕਰਦਾ ਰਿਹਾ ਵਲ ਛਲ, ਆਪਣਾ ਭੇਵ ਨਾ ਕਿਸੇ ਸਮਝਾਇੰਦਾ। ਜਨਮ ਕਰਮ ਦਾ ਦੇਂਦਾ ਰਿਹਾ ਫਲ, ਭਗਤੀ ਭਗਤਾਂ ਝੋਲੀ ਪਾਇੰਦਾ। ਕਲਜੁਗ ਅੰਤਮ ਹੋ ਪਰਬਲ, ਆਪਣਾ ਬਲ ਧਰਾਇੰਦਾ। ਹਰਿ ਭਗਤ ਦੁਆਰਾ ਬੈਠਾ ਮਲ, ਸਚ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਨਿਰਗੁਣ ਨਿਰਗੁਣ ਲੋਕਮਾਤ ਆਇਆ ਚਲ, ਅਟੱਲ ਅਚੱਲ ਮਹੱਲ ਆਪ ਸੁਹਾਇੰਦਾ । ਗ਼ਰੀਬ ਨਿਮਾਣਿਆਂ ਅੰਦਰ ਗਿਆ ਰਲ, ਰਲ ਮਿਲ ਆਪਣੀ ਖੇਲ ਵਖਾਇੰਦਾ। ਨਾ ਕੋਈ ਘੜੀ ਨਾ ਕੋਈ ਪਲ, ਥਿਤ ਵਾਰ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਇੰਦਾ। ਸਾਚਾ ਰਾਹ ਇਕੋ ਦੱਸਾਂ, ਦੱਸ ਦੱਸ ਖ਼ੁਸ਼ੀ ਮਨਾਈਆ। ਭਗਤ ਦੁਆਰੇ ਆਪੇ ਵਸਾਂ, ਵਸ ਵਸ ਵਕਤ ਲੰਘਾਈਆ। ਤੀਰ ਨਿਰਾਲਾ ਇਕੋ ਕਸਾਂ, ਨਾਮ ਨਿਸ਼ਾਨ ਉਠਾਈਆ। ਜਗਤ ਵਿਕਾਰ ਚਰਨਾਂ ਹੇਠਾਂ ਝੱਸਾਂ, ਦੁੱਖ ਦਰਦ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਣ ਅਵਗੁਣ ਦਏ ਸਮਝਾਈਆ। ਗੁਣ ਅਵਗੁਣ ਜੁਗ ਜੁਗ ਧਾਰ, ਜੁਗ ਕਰਤਾ ਆਪ ਚਲਾਇੰਦਾ। ਜੁਗ ਚੌਕੜੀ ਬੀਤੇ ਚਾਰ, ਨਵ ਨੌਂ ਚਾਰ ਵੇਖ ਵਖਾਇੰਦਾ। ਜਗਤ ਕਿਰਿਆ ਗੁਣ ਹਾਰ, ਕੂੜਾ ਕਿਰਮ ਬਣ ਬਣ ਖਾਇੰਦਾ। ਮਾਨੁਖ ਮਾਨੁਖ ਨਾ ਕਰੇ ਪਿਆਰ, ਮਾਣਸ ਮਾਣਸ ਮੁਖ ਭੁਵਾਇੰਦਾ। ਦੀਨ ਮਜ਼੍ਹਬ ਹੋਇਆ ਵਿਭਚਾਰ, ਸਚ ਆਚਾਰ ਨਾ ਕੋਇ ਜਣਾਇੰਦਾ। ਧਰਮਖੰਡ ਨਾ ਕੋਇ ਦਵਾਰ, ਕਰਮਖੰਡ ਨਾ ਕੋਇ ਵਡਿਆਇੰਦਾ। ਬਾਣੀ ਬ੍ਰਹਿਮੰਡ ਨਾ ਕੋਇ ਧੁਨਕਾਰ, ਜੇਰਜ ਅੰਡ ਨਾ ਕੋਇ ਜਗਾਇੰਦਾ। ਸਰਮਖੰਡ ਰੋਵੇ ਜ਼ਾਰੋ ਜ਼ਾਰ, ਨੀਰ ਨੇਤਰ ਨਾ ਕੋਇ ਸ਼ਰਮਾਇੰਦਾ। ਸਚਖੰਡ ਹਰਿ ਵਸਣੇਹਾਰ, ਵਸ ਵਸ ਆਪਣਾ ਰੂਪ ਧਰਾਇੰਦਾ। ਜੁਗਾ ਜੁਗੰਤਰ ਪਾਵੇ ਸਾਰ, ਲੋਕਮਾਤ ਵੇਖ ਵਖਾਇੰਦਾ। ਬਣ ਬਣ ਆਏ ਗੁਰ ਅਵਤਾਰ, ਭਗਤ ਭਗਵੰਤ ਖੇਲ ਖਲਾਇੰਦਾ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਇੰਦਾ। ਬ੍ਰਹਿਮੰਡ ਖੰਡ ਪਾਵੇ ਸਾਰ, ਨੌਂ ਸੱਤ ਫੇਰਾ ਪਾਇੰਦਾ। ਮਨ ਮਤ ਬੁਧ ਖੋਲ੍ਹ ਕਿਵਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਕਲਜੁਗ ਅੰਤਮ ਹਰਿ ਰੰਗ ਰਾਤਾ, ਰਾਤੀ ਰੁੱਤੀ ਰੁੱਤ ਸੁਹਾਈਆ। ਗੁਰਮੁਖ ਵਿਰਲਾ ਆਪ ਪਛਾਤਾ, ਜਿਸ ਆਪਣੀ ਬੂਝ ਬੁਝਾਈਆ। ਜਨ ਭਗਤਾਂ ਦੇਵੇ ਨਾਮ ਦਾਤਾ, ਨਾਮ ਝੋਲੀ ਪਾਈਆ। ਸਰਬ ਜੀਆਂ ਦਾ ਇਕੋ ਗਿਆਤਾ, ਗਿਆਨ ਬੋਧ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਲਾਇਆ, ਹਰਿ ਭਗਤਾਂ ਆਪ ਉਠਾਈਆ। ਸਚ ਪਰਭਾਤੀ ਦਏ ਬਣਾਇਆ, ਪਰਮ ਆਰਤੀ ਇਕ ਵਖਾਈਆ। ਮਹਾਂਸਾਰਥੀ ਬਣ ਕੇ ਆਇਆ, ਸਾਚਾ ਰਥ ਚਲਾਈਆ। ਪਾਰਖ ਬਣ ਬਣ ਵੇਖ ਵਖਾਇਆ, ਪਾਥਰ ਕੰਚਨ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪ ਹੋ ਜਾਈਆ। ਸਚ ਪਰਭਾਤੀ ਰੱਖਣਾ ਯਾਦ, ਯਾਦਵ ਬੰਸ ਦਿਤਾ ਖਪਾਈਆ। ਰਾਵਣ ਸੁਣੀ ਨਾ ਕੋਇ ਫਰਿਯਾਦ, ਲੰਕਾ ਗੜ੍ਹ ਤੁੜਾਈਆ। ਸੁੰਭ ਨਸੁੰਭ ਨਾ ਜਾਣੀ ਹਾਦ, ਮਾਣ ਅਭਿਮਾਣ ਮਿਟਾਈਆ। ਜੁਗ ਜੁਗ ਖੇਲ ਖੇਲ ਬ੍ਰਹਿਮਾਦ, ਬ੍ਰਹਿਮੰਡ ਖੰਡ ਫੇਰਾ ਪਾਈਆ। ਗੁਰਮੁਖ ਵਿਰਲੇ ਕਰਾਂ ਲਾਡ, ਜਿਸ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵਿਚੋਂ ਕਾਢ, ਭਗਤਾਂ ਭਗਤੀ ਇਕ ਸਿਖਾਈਆ। ਧਰਮ ਨਿਸ਼ਾਨਾ ਦੇਵਾਂ ਗਾਡ, ਲੋਕਮਾਤ ਵੱਜੇ ਵਧਾਈਆ। ਬਣ ਬਣ ਸਾਚਾ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਕਰ ਕਿਰਪਾ ਖੋਲਾਂ ਤਾਕ, ਦੀਵਾ ਬਾਤੀ ਇਕ ਟਿਕਾਈਆ। ਚਰਨ ਪ੍ਰੀਤੀ ਪੂਜਾ ਪਾਠ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਨੇਤਰ ਦਰਸ਼ਨ ਤੀਰਥ ਤਾਟ, ਅਠਸਠ ਰਹੇ ਸ਼ਰਮਾਈਆ। ਦਰ ਔਣਾ ਪੰਧ ਮੁੱਕੇ ਚੌਦਾਂ ਲੋਕ ਹਾਟ, ਚੌਦਾਂ ਤਬਕ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸਾਚਾ ਭੇਵ ਹਰਿ ਖਲੌਣਾ, ਏਕਾ ਵਾਰ ਜਣਾਇੰਦਾ। ਆਪਣਾ ਕੀਤਾ ਜਿਸ ਬਖ਼ਸ਼ਾਉਣਾ, ਬਖ਼ਸ਼ਿਸ਼ ਇਕੋ ਇਕ ਵਖਾਇੰਦਾ। ਚਲ ਦੁਆਰੇ ਸਾਚੇ ਆਉਣਾ, ਸਚ ਦੁਆਰਾ ਆਪ ਬਣਾਇੰਦਾ। ਭਗਤਾਂ ਅੱਗੇ ਸੀਸ ਝਕੌਣਾ, ਬਿਨ ਭਗਤਾਂ ਪਾਰ ਨਾ ਕੋਇ ਕਰਾਇੰਦਾ। ਮੈਂ ਫਿਰਾਂ ਵਿਚ ਅਵਣ ਗਵਣਾ, ਲੱਖ ਚੁਰਾਸੀ ਅੰਦਰ ਡੇਰਾ ਲਾਇੰਦਾ। ਮੈਂ ਫਿਰਾਂ ਵਿਚ ਉਨੰਜਾ ਪਵਣਾ, ਜਲ ਥਲ ਮਹੀਅਲ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸੁਹਾਇੰਦਾ। ਹਸਤ ਕੀਟ ਵਿਚ ਮੇਰਾ ਵਾਸਾ, ਘਟ ਘਟ ਰਿਹਾ ਸਮਾਈਆ। ਭਗਤ ਜਨਾਂ ਸਦ ਹੋਇਆ ਦਾਸਾ, ਨਿਤ ਨਿਤ ਸੇਵ ਕਮਾਈਆ। ਸਾਚਾ ਭਗਤ ਸਾਚੇ ਘਰ ਕਰੇ ਪਰਕਾਸ਼ਾ, ਪ੍ਰਕਾਸ਼ ਪ੍ਰਕਾਸ਼ ਨਾਲ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇਵੇ ਵਰ, ਹਰਿਜਨ ਸਾਚੇ ਆਪ ਉਠਾਈਆ। ਮੈਥੋਂ ਵੱਡਾ ਮੇਰਾ ਭਗਤ, ਜਿਸ ਦੀ ਸੇਵਾ ਆਪ ਕਮਾਇੰਦਾ। ਮੇਰੇ ਵਿਚ ਨਾ ਕੋਈ ਸ਼ਕਤ, ਸ਼ਕਤੀ ਭਗਤਾਂ ਹੱਥ ਫੜਾਇੰਦਾ। ਨਿਰਗੁਣ ਦਾ ਇਕੋ ਵਕਤ, ਜਗ ਵੇਲਾ ਭਗਤਾਂ ਨਾਲ ਸੁਹਾਇੰਦਾ। ਮੈਂ ਕਦੇ ਨਾ ਕਰਾਂ ਤਰਸ, ਜੋ ਘੜਿਆ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭਗਤ ਮਿਲੇ ਭਗਵਾਨ, ਭਾਵੀ ਜਗਤ ਮਿਟਾਈਆ। ਸਚ ਪ੍ਰਭਾਤੀ ਦਿਆਂ ਗਿਆਨ, ਏਕਾ ਵਾਰ ਸਮਝਾਈਆ। ਹਰਿਜਨ ਸਾਚੇ ਲਏ ਪਹਿਚਾਨ, ਆਪਣਾ ਨੇਤਰ ਨੈਣ ਖੁਲ੍ਹਾਈਆ । ਦਰ ਦਰਵੇਸ ਬਣ ਬਣ ਮੰਗਣ ਦਾਨ, ਦੋਏ ਦੋਏ ਜੋੜ ਸੀਸ ਝੁਕਾਈਆ। ਅੰਤ ਤੇਰੀ ਕਰਨ ਕਲਿਆਣ, ਕਾਲਖ ਟਿੱਕਾ ਧੋਵਣ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਰਿਹਾ ਵਖਾਈਆ। ਪਰਭਾਤੀ ਕਰੇ ਪੁਕਾਰ, ਨਿਉਂ ਨਿਉਂ ਸੀਸ ਝੁਕਾਇਆ। ਤੇਰੇ ਭਗਤ ਵੇਖਾਂ ਕਵਣ ਦਵਾਰ, ਕਵਣ ਕੂਟੇ ਫੇਰਾ ਪਾਇਆ। ਨੌਂ ਖੰਡ ਪ੍ਰਿਥਮੀ ਫਿਰ ਫਿਰ ਗਈ ਹਾਰ, ਮੇਰਾ ਪੰਧ ਨਾ ਕਿਸੇ ਮੁਕਾਇਆ। ਮੈਂ ਕਰ ਕਰ ਥੱਕੀ ਹਾਰ ਸ਼ਿੰਗਾਰ, ਮੀਂਢੀ ਸੀਸ ਸੀਸ ਗੁੰਦਾਇਆ। ਨੈਣ ਰੱਖ ਰੱਖ ਕੱਜਲ ਧਾਰ, ਮੋਹਣੀ ਰੂਪ ਰੂਪ ਧਰਾਇਆ। ਪ੍ਰਭ ਮਿਲਿਆ ਨਾ ਮੀਤ ਮੁਰਾਰ, ਮੇਰੀ ਸੇਜ ਨਾ ਕੋਇ ਸੁਹਾਇਆ। ਮੈਂ ਦੁੱਖੜੇ ਕੱਟੇ ਜੁਗ ਚਾਰ, ਜਗਤ ਵਿਛੋੜੇ ਮੋਹੇ ਸਤਾਇਆ। ਰਾਤੀਂ ਨੀਂਦ ਨਾ ਆਵੇ ਰੋਵਾਂ ਧਾਹਾਂ ਮਾਰ, ਘੜੀ ਪਲ ਗਿਣ ਗਿਣਾਇਆ। ਪਰਭਾਤੀ ਵੇਲਾ ਪ੍ਰਭ ਕਰੇ ਸਚ ਪਿਆਰ, ਮੇਰਾ ਦੁੱਖ ਦਏ ਗਵਾਇਆ। ਚਾਰ ਕੁੰਟ ਮੰਦਰ ਮਸਜਿਦ ਫਿਰ ਫਿਰ ਆਈ ਵਾਰੋ ਵਾਰ, ਦਰ ਦਰ ਫੇਰਾ ਪਾਇਆ। ਅੱਗੋਂ ਸਾਰੇ ਦੇਣ ਦੁਰਕਾਰ, ਕੂਕਰ ਬੈਠੇ ਰੌਲਾ ਪਾਇਆ। ਅੰਦਰ ਦਿਸੇ ਨਾ ਤੇਰਾ ਪਿਆਰ, ਬਾਹਰੋਂ ਰਸਨਾ ਰਹੇ ਹਿਲਾਇਆ। ਮੈਂ ਚਲ ਕੇ ਆਈ ਤੇਰੇ ਦਰਬਾਰ, ਤੇਰੇ ਚਰਨਾਂ ਧੂੜ ਖ਼ਾਕ ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਦੁਖੜਾ ਦੇ ਗਵਾਇਆ। ਪੁਰਖ ਅਬਿਨਾਸ਼ੀ ਮਿਹਰਵਾਨ, ਮਿਹਰ ਨਜ਼ਰ ਟਿਕਾਈਆ। ਤੇਰੀ ਅੰਤ ਕਰਾਂ ਕਲਿਆਣ, ਕਲਜੁਗ ਪੰਧ ਮੁਕਾਈਆ। ਤੇਰਾ ਅੰਮ੍ਰਿਤ ਰਸ ਪੀਣ ਖਾਣ, ਤੇਰੀ ਝੋਲੀ ਪਾਈਆ। ਤੇਰੇ ਅੰਤਰ ਇਕ ਗਿਆਨ, ਸੋਹੰ ਸ਼ਬਦ ਕਰਾਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਵਖਾਈਆ। ਹਰਿ ਜੂ ਦਇਆ ਧਾਰ, ਹਿਰਦੇ ਇਕੋ ਆਸ ਰਖਾਈਆ। ਤੇਰੇ ਚਰਨ ਜਾਵਾਂ ਬਲਿਹਾਰ, ਸ਼ਰਨ ਮਿਲੇ ਵਡਿਆਈਆ। ਮੈਂ ਨਿਮਾਣੀ ਕਰ ਪਿਆਰ, ਪਾਣੀ ਭਰ ਭਰ ਸੇਵ ਕਮਾਈਆ। ਅੱਠੇ ਪਹਿਰ ਰਹਾਂ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਰਿਹਾ ਸੁਣਾਈਆ। ਸੁਣ ਪਰਭਾਤੀ ਇਕੋ ਬਾਤ, ਹਰਿ ਬਾਤਨ ਆਪ ਜਣਾਇੰਦਾ। ਜਨ ਭਗਤਾਂ ਦਿਤੀ ਸਾਚੀ ਦਾਤ, ਦਾਤਾ ਦਾਨੀ ਆਪ ਵਰਤਾਇੰਦਾ। ਅੱਠੇ ਪਹਿਰ ਪੜ੍ਹਨ ਮੇਰੀ ਗਾਥ, ਦੂਜੀ ਓਟ ਨਾ ਕੋਇ ਤਕਾਇੰਦਾ। ਨਾ ਕੋਈ ਜ਼ਾਤ ਨਾ ਕੋਈ ਪਾਤ, ਊਚ ਨੀਚ ਨਾ ਕੋਇ ਰਖਾਇੰਦਾ। ਇਕੋ ਚਰਨ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਤੇਰੀ ਅੰਤਮ ਪੁੱਛਣ ਵਾਤ, ਵਾਤਾਵਰਨ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚੇ ਭਗਤਾਂ ਇਕੋ ਵੇਲਾ, ਏਕਾ ਰੰਗ ਸਮਝਾਈਆ। ਸੰਧਿਆ ਪਰਭਾਤੀ ਨਾ ਕੋਈ ਸੁਹੇਲਾ, ਰਾਤੀਂ ਸੁਤਿਆਂ ਭੁੱਲ ਨਾ ਜਾਈਆ। ਏਕਾ ਰੰਗ ਰਵੇ ਗੁਰੂ ਗੁਰ ਚੇਲਾ, ਚੇਲਾ ਗੁਰ ਰੂਪ ਵਟਾਈਆ। ਘੜੀ ਪਲ ਸੱਜਣ ਸੁਹੇਲਾ, ਸਾਹ ਸਾਹ ਰਿਹਾ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਰਿਹਾ ਵਖਾਈਆ। ਜਗਤ ਪਰਭਾਤੀ ਹੋ ਹੈਰਾਨ, ਆਪਣੀ ਲਏ ਅੰਗੜਾਈਆ। ਕਿਸ ਬਿਧ ਹਰਿ ਜੂ ਦਿਤਾ ਦਾਨ, ਜਨ ਭਗਤਾਂ ਨਾਮ ਵਰਤਾਈਆ। ਅੱਠੇ ਪਹਿਰ ਰਹੇ ਤੇਰਾ ਧਿਆਨ, ਭੁੱਲ ਕਦੇ ਨਾ ਜਾਈਆ। ਰਾਤੀਂ ਸੁਤਿਆਂ ਕਰੇਂ ਪਛਾਣ, ਘਰ ਘਰ ਲਏਂ ਉਠਾਈਆ। ਆਲਸ ਨਿੰਦਰਾ ਵਿਚ ਦੇਵੇਂ ਮਾਣ, ਆਪਣੀ ਗੋਦ ਬਹਾਈਆ। ਉਠ ਪਰਭਾਤੀ ਨਾ ਮੈਨੂੰ ਗਾਣ, ਦਿਵਸ ਰੈਣ ਤੇਰੀ ਓਟ ਤਕਾਈਆ। ਸੰਧਿਆ ਸਕੇ ਨਾ ਕੋਇ ਪਹਿਚਾਨ, ਜਗਤ ਆਸਣ ਨਾ ਕੋਇ ਵਿਛਾਈਆ। ਪੂਜਾ ਪਾਠ ਨਾ ਕੋਇ ਧਿਆਨ, ਪਾਠਕ ਬਣ ਨਾ ਲਏ ਵਡਿਆਈਆ। ਆਤਮ ਪਰਮਾਤਮ ਇਕੋ ਗਿਆਨ, ਸੋਹੰ ਸਚ ਰਸਾਈਆ। ਪ੍ਰਭ ਮਿਲਿਆਂ ਸਰਬ ਦੁੱਖ ਨੱਠ ਜਾਣ, ਕੋਇ ਨੇੜ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਲਏ ਮਿਲਾਈਆ। ਸਾਚੇ ਭਗਤ ਮਿਲਣ ਦਾ ਜੇ ਜਨ ਚਾਅ, ਚਾਕਰੀ ਇਕ ਵਖਾਇੰਦਾ। ਨੰਗੀਂ ਪੈਰੀਂ ਜਾਣਾ ਆ, ਪਾਂਧੀ ਪੰਧ ਮੁਕਾਇੰਦਾ। ਦੂਰੋਂ ਨਿਉਂ ਨਿਉਂ ਸੀਸ ਝੁਕਾ, ਨੇਤਰ ਨੈਣ ਨੈਣ ਸ਼ਰਮਾਇੰਦਾ। ਰਸਨਾ ਸੋਹੰ ਢੋਲਾ ਲੈਣਾ ਗਾ, ਗਾਵਣਹਾਰਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਜਨ ਭਗਤ ਮੇਲਾ ਵਿਚ ਸੰਸਾਰ, ਹਰਿ ਮਿਲ ਮਿਲ ਆਪ ਕਰਾਇਆ। ਛੱਤੀ ਜੁਗ ਦਾ ਸਚ ਵਿਹਾਰ, ਛੱਤੀ ਛੱਤੀ ਨਾਲ ਕਰਾਇਆ। ਛੱਤੀ ਉਚਾ ਹੋ ਉਜਿਆਰ, ਛੱਤੀ ਰਾਗ ਵੇਖ ਵਖਾਇਆ। ਪਰਭਾਤੀ ਰੋਂਦੀ ਰਹੀ ਜੁਗ ਚਾਰ, ਨੇਤਰ ਨੈਣਾਂ ਨੀਰ ਵਹਾਇਆ। ਸੁਖ ਸ਼ਾਂਤੀ ਮਿਲੀ ਨਾ ਵਿਚ ਸੰਸਾਰ, ਸੰਸਾ ਸਕੇ ਨਾ ਕੋਇ ਚੁਕਾਇਆ। ਭਗਵਾਨ ਭਗਤਾਂ ਮਿਲਦਾ ਰਿਹਾ ਲੁਕ ਲੁਕ ਯਾਰ, ਸਾਖਯਾਤ ਨਜ਼ਰ ਨਾ ਆਇਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਭਵਨ ਧਨੀ ਵੇਸ ਵਟਾਇਆ। ਨਿਰਗੁਣ ਨਿਰਗੁਣ ਲੈ ਅਵਤਾਰ, ਸਰਗੁਣ ਆਪਣਾ ਰਾਹ ਵਖਾਇਆ। ਸੇਵਾ ਕਰੇ ਅਪਰ ਅਪਾਰ, ਅਪਰੰਪਰ ਸੇਵ ਕਮਾਇਆ। ਸਚ ਦੁਆਰਾ ਕਰ ਤਿਆਰ, ਸਾਚਾ ਬੰਕ ਦਏ ਵਡਿਆਇਆ। ਪਰਭਾਤੀ ਵੇਲਾ ਰੱਖੇ ਇਕੋ ਵਾਰ, ਏਕਾ ਰੰਗ ਚੜ੍ਹਾਇਆ। ਬੂੰਦ ਸਵਾਂਤੀ ਠੰਡੀ ਠਾਰ, ਅੰ੍ਰਮਿਤ ਆਤਮ ਦਏ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਚੜ੍ਹਾਇਆ। ਅੰਤਮ ਰੰਗ ਚੜ੍ਹਨਾ ਮਾਤ, ਹਰਿ ਸਾਚਾ ਸਚ ਜਣਾਈਆ। ਪੋਹ ਛੱਬੀ ਮਿਲਣੀ ਦਾਤ, ਦਾਤਾ ਦਾਨੀ ਆਪ ਵਰਤਾਈਆ। ਪਰਭਾਤੀ ਤੇਰੀ ਪਿਛਲੀ ਮਿਟੇ ਰਾਤ, ਤਿੰਨ ਪਹਿਰ ਤਿੰਨਾਂ ਜੁਗਾਂ ਨਾਲ ਮਿਲਾਈਆ। ਚੌਥੇ ਪਹਿਰ ਚੌਥੇ ਪਦ ਦੀ ਗਾਥ, ਪੁਰਖ ਅਬਿਨਾਸ਼ੀ ਇਕ ਸੁਣਾਈਆ। ਵਸਤ ਅਮੋਲਕ ਦੇਵੇ ਹੱਥੋ ਹਾਥ, ਹੱਥ ਹੱਥ ਨਾਲ ਮਿਲਾਈਆ। ਬਹੱਤਰਾਂ ਕਰੇ ਪੂਰੀ ਆਸ, ਸੱਤਰਾਂ ਸਾਚਾ ਗੁਣ ਸਮਝਾਈਆ। ਚੁਹੱਤਰ ਚਲੇ ਮਾਤ ਸ਼ਾਖ਼, ਪਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਭਾਤੀ ਦਏ ਸਮਝਾਈਆ। ਸਚ ਪਰਭਾਤੀ ਨਾ ਰਹਿਣਾ ਸੌਂ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਪੰਜਾਂ ਪਿਆਰਿਆਾਂ ਤੇਰੀ ਵਸਤ ਲੈਣੀ ਖੋਹ, ਆਪਣੀ ਹੱਥੀਂ ਆਪ ਲੁਟਾਇੰਦਾ । ਚਾਰ ਵਣਜਾਰਿਆਂ ਦੇਵੇ ਢੋਆ ਢੋ, ਸਾਚਾ ਹੱਟ ਆਪ ਖੁਲ੍ਹਾਇੰਦਾ। ਬਹੱਤਰ ਭਗਤ ਅੱਗੇ ਹੋ, ਹਰਿ ਆਪਣਾ ਦਰਸ ਦਖਾਇੰਦਾ। ਸੱਤਰਾਂ ਸੰਗ ਆਪੇ ਛੋਹ, ਸਾਚਾ ਰੰਗ ਰੰਗਾਇੰਦਾ। ਚੁਹੱਤਰਾਂ ਮਨ ਵਾਸਨਾ ਦੇਵੇ ਕੋਹ, ਕੋਹਤੂਰ ਨੂਰ ਪਰਗਟਾਇੰਦਾ। ਹਰਿ ਸੰਗਤ ਕਰੇ ਸਾਚਾ ਮੋਹ, ਮਾਇਆ ਮਮਤਾ ਮੋਹ ਮਿਟਾਇੰਦਾ। ਗੁਰਸਿਖਾਂ ਜੋਗਾ ਆਪੇ ਹੋ, ਆਪਣਾ ਤਨ ਗਵਾਇੰਦਾ। ਨਿਰਗੁਣ ਸਰਗੁਣ ਖੇਲ ਦੋ, ਦੋ ਜਹਾਨਾਂ ਵੇਖ ਵਖਾਇੰਦਾ। ਭਾਗ ਲਗਾਏ ਛੱਬੀ ਪੋਹ, ਆਪਣਾ ਪਾਲਾ ਸਰਬ ਮਿਟਾਇੰਦਾ। ਲੱਖ ਚੁਰਾਸੀ ਛੋਲਿਆਂ ਭੋਹ, ਕਰਤਾ ਕੀਮਤ ਕੋਇ ਨਾ ਪਾਇੰਦਾ। ਚਾਰੋਂ ਕੁੰਟ ਸਰ ਸਰੋਵਰ ਤਟ ਕਿਨਾਰ ਆਵੇ ਬੋ, ਸਾਚਾ ਬੀਜ ਨਾ ਕੋਇ ਬਿਜਾਇੰਦਾ । ਆਪਣੇ ਜਿਹਾ ਆਪੇ ਹੋ, ਹਰਿ ਭਗਤਾਂ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਚਲੇ ਧਾਰ ਜਗਤ ਨਿਰਾਲੀ, ਨਿਰਗੁਣ ਆਪ ਚਲਾਈਆ। ਨਿਰਵੈਰ ਫਿਰੇ ਹੱਥਾਂ ਖ਼ਾਲੀ, ਖ਼ਾਲਕ ਖ਼ਲਕ ਰਿਹਾ ਸਮਝਾਈਆ। ਆਪੇ ਆਇਆ ਪੰਥ ਦਾ ਵਾਲੀ, ਪਾਂਧੀ ਬਣ ਬਣ ਪੰਧ ਮੁਕਾਈਆ। ਜਨ ਭਗਤਾਂ ਪਿਛੇ ਘਾਲ ਘਾਲੀ, ਰੱਤੀ ਰੱਤ ਲੇਖੇ ਲਾਈਆ। ਆਪੇ ਦਰ ਦਰ ਬਣੇ ਸਵਾਲੀ, ਜਨ ਭਗਤ ਦੁਆਰੇ ਫੇਰਾ ਪਾਈਆ। ਕਰੇ ਖੇਲ ਦੋ ਜਹਾਨਾਂ ਵਾਲੀ, ਵਾਹਵਾ ਆਪਣੀ ਕਾਰ ਕਮਾਈਆ। ਚਾਰ ਯੁਗ ਬੂਟੇ ਲਾਏ ਬਣ ਬਣ ਮਾਲੀ, ਅੰਤਮ ਵੇਖੇ ਚਾਈਂ ਚਾਈਂਆ। ਲੱਗੀ ਪ੍ਰੀਤ ਨਿਭੇ ਨਾਲੀ, ਲੋਕਮਾਤ ਨਾ ਕੋਇ ਤੁੜਾਈਆ। ਨਿਰਗੁਣ ਸਰਗੁਣ ਬਣਿਆ ਪਾਲੀ, ਬਣ ਸੇਵਕ ਸੇਵ ਕਮਾਈਆ। ਆਪੇ ਸੁਣੇ ਮੁਰੀਦਾਂ ਹਾਲੀ, ਮੁਰਸ਼ਦ ਬਣਿਆ ਬੇਪਰਵਾਹੀਆ । ਭਗਤ ਭਗਵੰਤ ਬਿਨਾ ਨਾ ਵੱਜੇ ਤਾਲੀ, ਲੋਕਮਾਤ ਹਰਿ ਕਾ ਨਾਉਂ ਤਲਵਾੜਾ ਨਾ ਕੋਇ ਵਜਾਈਆ। ਹਰਿ ਬੂਟਾ ਭਗਤ ਡਾਲੀ, ਪ੍ਰੇਮ ਵਾਸਨਾ ਫਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪਰਭਾਤੀ ਦਏ ਬਣਾਈਆ। ਅੱਠੇ ਪਹਿਰ ਭਗਤ ਪਰਭਾਤੀ, ਭਾਵਨਾ ਹੋਰ ਨਾ ਕੋਇ ਰਖਾਇੰਦਾ। ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਸਾਂਤਕ ਸਤਿ ਕਰਾਇੰਦਾ। ਜਾਗਤ ਸੋਵਤ ਦਰਸ ਦੇਵੇ ਦਿਵਸ ਰਾਤੀ, ਦਿਵਸ ਰੈਣ ਨਾ ਵੰਡ ਵੰਡਾਇੰਦਾ। ਘਰ ਘਰ ਮੇਲਾ ਕਮਲਾਪਾਤੀ, ਕਵਲ ਨੈਣ ਖੇਲ ਖਲਾਇੰਦਾ ਸ਼ਬਦ ਸੰਦੇਸ਼ ਸਾਚੀ ਪਾਤੀ, ਬਿਨ ਲਿਖਿਆਂ ਆਪ ਪਹੁੰਚਾਇੰਦਾ। ਨਾਮ ਨਿਧਾਨਾ ਇਕੋ ਗਾਥੀ, ਪੜ੍ਹ ਪੜ੍ਹ ਗਾਥਾ ਆਪ ਸੁਣਾਇੰਦਾ। ਏਥੇ ਓਥੇ ਸੱਚਾ ਸਾਥੀ, ਹਰਿ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਭਾਤੀ ਵੇਲਾ ਆਪ ਸਮਝਾਇੰਦਾ। ਪਰਭਾਤੀ ਵੇਲਾ ਪ੍ਰਭ ਜਾਏ ਲੱਭ, ਲਾਭਦਾਇਕ ਅਖਵਾਈਆ। ਜਗਤ ਤ੍ਰਿਸ਼ਨਾ ਮਿਟੇ ਸਭ, ਸਬਰ ਸਬੂਰੀ ਇਕ ਬੰਧਾਈਆ। ਨਾਮ ਪਿਆਲਾ ਪਿਆਏ ਮਧ, ਮਧੁ ਰਸ ਚਖਾਈਆ। ਨਾਦ ਅਨਾਦੀ ਵਜਾਏ ਅਨਹਦ, ਹੱਦ ਪਾਰ ਕਰਾਈਆ। ਚਰਨ ਦੁਆਰੇ ਆਪਣੇ ਸੱਦ, ਸਦਕੇ ਘੋਲੀ ਵਾਰ ਵਖਾਈਆ। ਆਪ ਬਣਾਏ ਆਪਣੀ ਯਦ, ਪਿਤਾ ਪੂਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪਰਭਾਤੀ ਦਏ ਵਡਿਆਈਆ। ਭਗਤ ਪਰਭਾਤੀ ਅੱਠੇ ਪਹਿਰ, ਪਹਿਰਾ ਹਰਿ ਰਖਾਇੰਦਾ । ਨੇੜ ਨਾ ਆਵੇ ਕੋਈ ਐਰ ਗ਼ੈਰ, ਗ਼ੈਰਤ ਰੂਪ ਆਪ ਵਟਾਇੰਦਾ। ਸਚਖੰਡ ਵਸਾਏ ਸਾਚੇ ਸ਼ਹਿਰ, ਸ਼ਰਅ ਬੰਧਨ ਨਾ ਕੋਇ ਪਾਇੰਦਾ। ਅੱਠੇ ਪਹਿਰ ਇਕੋ ਲਹਿਰ, ਏਕਾ ਧਾਰਾ ਨਾਮ ਚਲਾਇੰਦਾ। ਜੂਠ ਝੂਠ ਨਾ ਵਿਸ ਜ਼ਹਿਰ, ਜ਼ਾਹਿਰਾ ਰੂਪ ਆਪ ਵਟਾਇੰਦਾ। ਕਰੇ ਖੇਲ ਗੰਭੀਰ ਗਹਿਰ, ਗੁਣੀ ਗਹੀਰ ਦਇਆ ਕਮਾਇੰਦਾ। ਨਾ ਕੋਈ ਤਰਜ਼ ਨਾ ਕੋਈ ਬਹਿਰ, ਰਾਗੀ ਰਾਗ ਨਾ ਕੋਇ ਅਲਾਇੰਦਾ। ਜਿਸ ਜਨ ਆਪਣੀ ਕਰੇ ਮਿਹਰ, ਤਿਸ ਜਨ ਆਪਣੇ ਵਿਚ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਭਾਤੀ ਇਕ ਬਣਾਇੰਦਾ। ਸਚ ਪਰਭਾਤੀ ਸਤਿਗੁਰ ਚਰਨ, ਚਰਨ ਕਵਲ ਚਿਤ ਲਾਇਆ। ਨਾਤਾ ਤੁਟੇ ਮਰਨ ਡਰਨ, ਮਰਨ ਡਰਨ ਨਾ ਭੌ ਰਖਾਇਆ। ਸਾਹਿਬ ਸਤਿਗੁਰ ਵਰਨੀ ਵਰਨ, ਵਰ ਇਕੋ ਹਰਿ ਜੂ ਪਾਇਆ। ਦੀਨ ਦਿਆਲ ਤਰਨੀ ਤਰਨ, ਤਾਰਨਹਾਰਾ ਗੁਰ ਅਖਵਾਇਆ । ਗੁਰਮੁਖ ਵਿਰਲੇ ਪੌੜੇ ਚੜ੍ਹਨ, ਹਰਿ ਜੂ ਪੌੜਾ ਨਾਮ ਲਗਾਇਆ। ਮਨਮੁਖ ਜੀਵ ਸਾਰੇ ਡਰਨ, ਨੇਤਰ ਨੈਣ ਨਾ ਕੋਇ ਉਠਾਇਆ। ਹਰਿਜਨ ਅੱਖਰ ਇਕੋ ਪੜ੍ਹਨ, ਹਰਿ ਜੂ ਆਪ ਪੜ੍ਹਾਇਆ। ਮਨਮੁਖ ਜੀਵ ਸਾਰੇ ਲੜ੍ਹਨ, ਲੜ ਲੜ ਵਕਤ ਲੰਘਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਪਰਭਾਤੀ ਦਏ ਵਖਾਇਆ। ਆਓ ਸਿਖੋ ਵੇਖੋ ਪਰਭਾਤੀ, ਪ੍ਰਭ ਸਾਚਾ ਆਪ ਵਖਾਈਆ। ਜਿਸ ਦੀ ਵੇਦ ਪੁਰਾਨ ਸ਼ਾਸ਼ਤਰ ਸਿਮਰਤ ਗਾ ਗਾ ਥੱਕੇ ਸਾਕੀ, ਸੋ ਸਾਖਿਆਤ ਰੂਪ ਵਟਾਈਆ। ਜਿਸ ਦੀ ਗੁਰ ਅਵਤਾਰ ਸ਼ਬਦ ਸੰਦੇਸਾ ਲਿਖਦੇ ਰਹੇ ਪਾਤੀ, ਸੋ ਪੱਤਰ ਲਿਖ ਲਿਖ ਰਿਹਾ ਸਮਝਾਈਆ। ਜਿਸ ਦੀ ਸੰਧਿਆ ਕਰਦੇ ਰਹੇ ਆਰਤੀ, ਦੀਪਕ ਦੀਆ ਆਪ ਜਗਾਈਆ। ਜਿਸ ਦੀ ਮਹਿਮਾ ਕਰਦੀ ਰਹੀ ਹਿੰਦੀ ਉਰਦੂ ਫ਼ਾਰਸੀ, ਸ਼ਾਇਰ ਸ਼ਾਇਰਾਂ ਨਾਲ ਮਿਲਾਈਆ। ਜਿਸ ਦੀ ਗੁਰ ਅਵਤਾਰ ਕਰਦੇ ਰਹੇ ਆੜ੍ਹਤੀ, ਨਾਮ ਵੱਟਾ ਹੱਟ ਰਖਾਈਆ। ਸੋ ਸਾਹਿਬ ਆਇਆ ਸਾਰਥੀ, ਸਭ ਦੇ ਸਾਰਥ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਪਰਭਾਤੀ ਇਕ ਵਖਾਈਆ। ਭਗਤ ਪਰਭਾਤੀ ਲੈਣੀ ਜਾਣ, ਜਾਨਣਹਾਰ ਜਣਾਇੰਦਾ। ਜਿਸ ਸਤਿਗੁਰ ਸੱਚਾ ਮਿਲੇ ਆਣ, ਸੋ ਪਰਭਾਤੀ ਸੋਭਾ ਪਾਇੰਦਾ । ਜਿਸ ਜਨ ਜਮ ਦੀ ਚੁੱਕੇ ਕਾਨ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਪਰਭਾਤੀ ਆਪਣੇ ਰੰਗ ਵਖਾਇੰਦਾ। ਸਚ ਪਰਭਾਤੀ ਸਤਿਗੁਰ ਪਿਆਰ, ਪ੍ਰੇਮ ਪ੍ਰੇਮ ਵਡਿਆਈਆ। ਦੁਤੀਆ ਦੁਤਰ ਦੇਵੇ ਤਾਰ, ਦੋਏ ਦੋਏ ਵੇਖ ਵਖਾਈਆ। ਸੋਵਤ ਸੋਇਆ ਸੁਤਿਆਂ ਦਰਸ ਦੀਦਾਰ, ਉਠਿਆਂ ਕਰੇ ਨਾਮ ਪੜ੍ਹਾਈਆ। ਜਗ ਰੁੱਸਿਆਂ ਮੇਲੇ ਮੇਲਣਹਾਰ, ਜਗਤ ਗ਼ੁਸਿਆਂ ਦਏ ਗਵਾਈਆ। ਘਰ ਘੁਥਿਆਂ ਘਰ ਵਿਚ ਦੇਵੇ ਵਾੜ, ਫੜ ਫੜ ਬਾਹੋਂ ਰਾਹੇ ਪਾਈਆ। ਮਾਤ ਗਰਭ ਪੁੱਠੇ ਟੰਗਿਆਂ ਲਾਏ ਪਾਰ, ਮਨੁੱਖ ਆਪਣੇ ਨਾਲ ਮਿਲਾਈਆ। ਕਰਮਾਂ ਲੁੱਟਿਆਂ ਦੇਵੇ ਪੈਜ ਸਵਾਰ, ਕਰਮ ਕਾਂਡ ਨਾ ਕੋਇ ਵਖਾਈਆ । ਬਿਨ ਪੁੱਛਿਆਂ ਦੇਵੇ ਦਰਸ ਦੀਦਾਰ, ਪੂਰਬ ਲਹਿਣਾ ਝੋਲੀ ਪਾਈਆ। ਕਲਜੁਗ ਬੂਟੇ ਸੁੱਕਿਆਂ ਅੰਮ੍ਰਿਤ ਦੇਵੇ ਡਾਲ, ਕਿਆਰੀ ਹਰੀ ਸਿੰਚ ਆਪ ਕਰਾਈਆ। ਜਨ ਭਗਤਾਂ ਪਿਛੇ ਘਾਲਣ ਘਾਲ, ਆਪਣਾ ਤਨ ਭਗਤਾਂ ਭੇਟ ਚੜ੍ਹਾਈਆ। ਫਿਰ ਹੱਲ ਕੀਆ ਸਵਾਲ, ਆਪਣਾ ਸਵਾਲ ਨਾ ਕੋਇ ਬਤਾਈਆ। ਭਾਲਿਆਂ ਕਿਸੇ ਨਾ ਆਵੇ ਵਿਚ ਭਾਲ, ਭਾਲ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਪਰਭਾਤੀ ਨਾਲ ਮਿਲਾਈਆ। ਭਗਤ ਪਰਭਾਤੀ ਹੋਏ ਪਰਭਾਤ, ਪਰਮ ਪੁਰਖ ਹਰਿ ਪਾਇਆ। ਜੁਗਾਂ ਜੁਗੰਤਰ ਸਾਚਾ ਸਾਕ, ਬਣ ਸੱਜਣ ਸੰਗ ਨਿਭਾਇਆ। ਇਕੋ ਦੀਪਕ ਇਕੋ ਤਾਕ, ਇਕ ਮਹੱਲ ਟਿਕਾਇਆ। ਇਕੋ ਪਤੀ ਕਮਲਾਪਾਤ, ਪਤ ਪਤਵੰਤਾ ਨਾਉਂ ਧਰਾਇਆ। ਇਕੋ ਵਸਤ ਇਕੋ ਹਾਟ, ਇਕੋ ਵਣਜ ਕਰਾਇਆ। ਇਕੋ ਪੂਜਾ ਇਕੋ ਪਾਠ, ਏਕਾ ਰਿਹਾ ਪੜ੍ਹਾਇਆ। ਇਕੋ ਤੀਰਥ ਇਕੋ ਤਾਟ, ਤੱਟ ਕਿਨਾਰਾ ਇਕ ਰਖਾਇਆ। ਪਾਰਬ੍ਰਹਮ ਕਹੇ ਮੇਰਾ ਵੱਡਾ ਭਾਗ, ਮੇਰਿਆਂ ਭਗਤਾਂ ਮੇਰਾ ਸੰਗ ਨਿਭਾਇਆ। ਬਿਨ ਭਗਤਾਂ ਨਾ ਜਗੇ ਮੇਰਾ ਚਿਰਾਗ, ਨੂਰ ਕਰੇ ਨਾ ਕੋਇ ਰੁਸ਼ਨਾਇਆ। ਬਿਨ ਭਗਤਾਂ ਮੇਰੀ ਕੋਇ ਨਾ ਗਾਏ ਗਾਥ, ਮੇਰਾ ਨਾਮ ਨਾ ਕਿਸੇ ਵਡਿਆਇਆ। ਬਿਨ ਭਗਤਾਂ ਮੇਰੀ ਕੋਈ ਨਾ ਦੱਸੇ ਜ਼ਾਤ, ਜ਼ਹੂਰ ਮੇਰਾ ਨਾ ਕੋਇ ਰੁਸ਼ਨਾਇਆ। ਏਸੇ ਕਾਰਨ ਮੈਂ ਹੋਇਆ ਦਾਸ, ਬਣ ਸੇਵਕ ਸੇਵ ਕਮਾਇਆ। ਕੋਟਨ ਕੋਟ ਉਪਾਏ ਪ੍ਰਿਥਮੀ ਆਕਾਸ਼, ਬਿਨ ਭਗਤਾਂ ਪ੍ਰੇਮ ਨਾ ਕਿਸੇ ਰਖਾਇਆ। ਆਦਿ ਜੁਗਾਦਿ ਨਾ ਹੋਵਾਂ ਵਿਨਾਸ, ਆਪਣੀ ਦਿਸ਼ਾ ਇਕ ਰਖਾਇਆ। ਜਨ ਭਗਤਾਂ ਵਸਾਂ ਸਦਾ ਪਾਸ, ਵਿਛੜ ਕਦੇ ਨਾ ਜਾਇਆ। ਜੇ ਕੋਈ ਮੇਰਾ ਅੰਤਰ ਵੇਖੇ ਕਰ ਕਰ ਪਾਸ਼ ਪਾਸ਼, ਟੁੱਕੜਾ ਟੁੱਕੜਾ ਭਗਤੀ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਪਰਭਾਤੀ ਆਪ ਬਣਾਇਆ। ਹਰਿ ਭਗਤ ਤੇਰੀ ਪਰਭਾਤ, ਪਾਰਬ੍ਰਹਮ ਅਖਵਾਈਆ। ਨਾ ਦਿਵਸ ਨਾ ਰਾਤ, ਘੜੀ ਪਲ ਨਾ ਵੰਡ ਵੰਡਾਈਆ। ਰੁੱਤ ਰੁਤੜੀ ਨਾ ਕੋਈ ਜ਼ਾਤ, ਬਰਸ ਮਾਸ ਨਾ ਕੋਇ ਰਖਾਈਆ। ਜੈਂ ਵੇਖੇਂ ਤੈਂ ਦਿਸੇ ਸਾਥ, ਆਪ ਆਪਣਾ ਸੰਗ ਨਿਭਾਈਆ। ਆਪਣਾ ਕਰੇ ਆਪੇ ਘਾਤ, ਜਨ ਭਗਤਾਂ ਪੈਜ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਮਾਤ ਵਡਿਆਈਆ।
