Granth 11 Likhat 001: Pahili Maghar 2018 Bikarmi Jethuwal Darbar

ਪਹਿਲੀ ਮੱਘਰ ੨੦੧੮ ਬਿਕਰਮੀ ਜੇਠੂਵਾਲ ਦਰਬਾਰ

ਸਚਖੰਡ ਸੋਹੇ ਸਚ ਦੁਆਰਾ, ਸਚਖੰਡ ਨਿਵਾਸੀ ਆਪ ਸੁਹਾਈਆ। ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਮਹੱਲ ਅਟੱਲ ਉਚ ਮਨਾਰਾ, ਸੋਭਾਵੰਤ ਆਪ ਸੁਹਾਈਆ। ਇਕ ਇਕੱਲਾ ਕਰ ਪਸਾਰਾ, ਨਿਰਗੁਣ ਆਪਣਾ ਖੇਲ ਵਖਾਈਆ। ਆਦਿ ਪੁਰਖ ਆਦੀ ਧਾਰਾ, ਆਪਣੀ ਆਪ ਪਰਗਟਾਈਆ। ਜੁਗਾਦਿ ਰੂਪ ਅਗੰਮ ਅਪਾਰਾ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਈਆ। ਸਚਖੰਡ ਸੋਭਨੀਕ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਪਰਵਰਦਿਗਾਰ ਲਾਸ਼ਰੀਕ, ਹਰਿ ਪੁਰਖ ਨਿਰੰਜਣ ਡੇਰਾ ਲਾਇੰਦਾ। ਏਕੰਕਾਰਾ ਬੈਠਾ ਰਹੇ ਇਕ ਅਤੀਤ, ਆਦਿ ਨਿਰੰਜਣ ਨੂਰ ਪਰਗਟਾਇੰਦਾ। ਅਬਿਨਾਸ਼ੀ ਕਰਤਾ ਠਾਂਡਾ ਸੀਤ, ਸ੍ਰੀ ਭਗਵਾਨ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਆਪੇ ਜਾਣੇ ਆਪਣੀ ਰੀਤ, ਸਚ ਦੁਆਰੇ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਵਡਿਆਇੰਦਾ। ਸਚਖੰਡ ਦੁਆਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਆਪਣੀ ਮਹਿਮਾ ਜਾਣੇ ਅਗਣਤ, ਬੇਅੰਤ ਵਡ ਵਡਿਆਈਆ। ਆਪਣਾ ਖੇਲ ਕਰੇ ਆਦਿ ਅੰਤ, ਅੰਤ ਆਦਿ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਪਰਗਟਾਈਆ। ਸਚ ਪਰਗਟਾਇਆ ਸਚਖੰਡ, ਸਚ ਸਾਚਾ ਦਇਆ ਕਮਾਇੰਦਾ। ਆਪ ਰਖਾਏ ਆਪਣਾ ਅਨੰਦ, ਅਨੰਦ ਅਨੰਦ ਵਿਚ ਮਿਲਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਦ, ਨੂਰ ਨੁਰਾਨਾ ਡਗਮਗਾਇੰਦਾ। ਨਾਮ ਨਿਧਾਨਾ ਅਗੰਮੀ ਛੰਦ, ਬਿਨ ਰਸਨਾ ਜਿਹਵਾ ਗਾਇੰਦਾ। ਦਾਤਾ ਦਾਨੀ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਵੇਸ ਵਟਾਇੰਦਾ। ਆਪੇ ਹੋਏ ਸਦਾ ਬਖ਼ਸ਼ੰਦ, ਮਿਹਰਵਾਨ ਆਪਣਾ ਨਾਉਂ ਧਰਾਇੰਦਾ। ਆਪੇ ਜਾਣੇ ਆਪਣਾ ਪੰਧ, ਦੂਸਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਵਡਿਆਇੰਦਾ। ਸਚ ਮਹੱਲਾ ਸਾਚਾ ਘਰ, ਹਰਿ ਸਾਚਾ ਆਪ ਸੁਹਾਈਆ। ਨਿਰਗੁਣ ਨਿਰਵੈਰ ਖੋਲ੍ਹ ਦਰ, ਦਰ ਦਰਵਾਜ਼ਾ ਆਪ ਪਰਗਟਾਈਆ। ਨਿਰਭੌ ਹੋ ਅੰਦਰ ਵੜ, ਭੈ ਅਵਰ ਨਾ ਕੋਇ ਰਖਾਈਆ। ਸਾਚੇ ਪੌੜੇ ਆਪੇ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਸ਼ਾਹੋ ਭੂਪ ਰਾਜਨ ਰਾਜ ਬਣ, ਤਖ਼ਤ ਨਿਵਾਸੀ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਚਖੰਡ ਨਿਵਾਸੀ ਖੇਲ ਅਵੱਲਾ, ਏਕੰਕਾਰਾ ਆਪ ਕਰਾਇੰਦਾ। ਆਦਿ ਜੁਗਾਦਿ ਵਸਣਹਾਰਾ ਸਚ ਮਹੱਲਾ, ਦਰ ਘਰ ਸਾਚੇ ਸੋਭਾ ਪਾਇੰਦਾ । ਨਿਰਾਕਾਰਾ ਜੋਤ ਨੂਰ ਨੂਰ ਵਿਚ ਰੱਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਆਪੇ ਫੜੇ ਆਪਣਾ ਪੱਲਾ, ਆਪਣਾ ਸੰਗ ਨਿਭਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸ਼ਾਹੋ ਭੂਪ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸੋਹਿਆ, ਸੁਹਾਏ ਆਪ ਕਰਤਾਰ। ਆਪਣੇ ਜੇਹਾ ਆਪੇ ਹੋਇਆ, ਦੂਸਰ ਕਰੇ ਨਾ ਕੋਇ ਵਿਚਾਰ। ਆਦਿ ਜੁਗਾਦਿ ਨਵਾਂ ਨਰੋਆ, ਮਰੇ ਨਾ ਜੰਮੇ ਵਿਚ ਸੰਸਾਰ। ਸਚਖੰਡ ਦੁਆਰੇ ਆਪਣਾ ਆਪੇ ਲੈ ਕੇ ਆਏ ਢੋਇਆ, ਵਸਤ ਅਮੋਲਕ ਏਕੰਕਾਰ। ਏਕਾ ਬੀਜ ਆਪੇ ਬੋਇਆ, ਆਪੇ ਪੁਰਖ ਆਪੇ ਨਾਰ, ਆਪਣੀ ਸੇਜ ਆਪੇ ਸੋਇਆ, ਆਪੇ ਬਣੇ ਕੰਤ ਭਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੀਪਕ ਆਪੇ ਹੋਇਆ, ਆਪੇ ਹੋਏ ਉਜਿਆਰ। ਸਚਖੰਡ ਹੋਏ ਉਜਾਲਾ, ਨਿਰਗੁਣ ਆਪਣੀ ਜੋਤ ਜਗਾਈਆ। ਆਪੇ ਹੋਏ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਬੇਪਰਵਾਹੀਆ। ਆਦਿ ਜੁਗਾਦੀ ਬਣ ਰਖਵਾਲਾ, ਦਰ ਘਰ ਸਾਚੇ ਸੇਵ ਕਮਾਈਆ। ਆਪੇ ਜਾਣੇ ਆਪਣਾ ਰਾਹ ਸੁਖਾਲਾ, ਆਪਣਾ ਮਾਰਗ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਸੁਹਾਈਆ। ਸਚਖੰਡ ਸੁਹਾਏ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਨਿਰਗੁਣ ਨੂਰ ਜੋਤ ਮਹਾਨ, ਪੁਰਖ ਅਕਾਲਾ ਡਗਮਗਾਇੰਦਾ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣੀ ਧਾਰ ਵਖਾਇੰਦਾ। ਨਿਰਗੁਣ ਸਰਗੁਣ ਸਾਚੀ ਕਾਰ, ਕਿਰਤੀ ਆਪਣੀ ਕਿਰਤ ਕਮਾਇੰਦਾ। ਤ੍ਰੈ ਤ੍ਰੈ ਮੇਲਾ ਅਪਰ ਅਪਾਰ, ਪੰਚਮ ਚੇਲਾ ਰੂਪ ਵਟਾਇੰਦਾ। ਸੱਜਣ ਸੁਹੇਲਾ ਠਾਂਡੇ ਦਰਬਾਰ, ਸਾਚੀ ਘਾੜਤ ਘੜਤ ਘੜਾਇੰਦਾ। ਭਾਂਡਾ ਘੜੇ ਅਪਰ ਅਪਾਰ, ਨਾਮ ਥਥਵਾ ਹੱਥ ਰਖਾਇੰਦਾ। ਚੱਕ ਗੇੜ੍ਹੇ ਏਕਾ ਵਾਰ, ਦੂਜੀ ਵਾਰ ਨਾ ਕੋਇ ਭੁਵਾਇੰਦਾ। ਆਪਣੀ ਕਿਰਪਾ ਆਪੇ ਧਾਰ, ਆਪ ਆਪਣਾ ਬੰਧਨ ਪਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਰੂਪ ਵਟਾਇੰਦਾ। ਆਪੇ ਮਾਤ ਪਿਤ ਕਰੇ ਪਿਆਰ, ਸੁਤ ਦੁਲਾਰ ਆਪ ਅਖਵਾਇੰਦਾ। ਆਪੇ ਮੰਗੇ ਬਣ ਭਿਖਾਰ, ਆਪੇ ਵਸਤ ਅਮੋਲਕ ਝੋਲੀ ਪਾਇੰਦਾ। ਆਪੇ ਸ਼ਾਹੋ ਭੂਪ ਬਣੇ ਸਿਕਦਾਰ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਵੇਖੇ ਵਿਗਸੇ ਕਰੇ ਵਿਚਾਰ, ਆਪੇ ਆਪਣਾ ਮੁਖ ਛੁਪਾਇੰਦਾ। ਆਪੇ ਸਚਖੰਡ ਦੁਆਰਾ ਖੋਲ੍ਹ ਕਿਵਾੜ, ਸਚ ਸਿੰਘਾਸਣ ਆਸਣ ਲਾਇੰਦਾ। ਆਪੇ ਜਾਣੇ ਆਪਣੀ ਕਾਰ, ਆਦਿ ਜੁਗਾਦੀ ਸੇਵ ਕਮਾਇੰਦਾ। ਆਪੇ ਆਪਣਾ ਸੁਤ ਅਨਾਦੀ ਕਰ ਤਿਆਰ, ਏਕਾ ਹੁਕਮ ਵਰਤਾਇੰਦਾ। ਬ੍ਰਹਿਮੰਡ ਖੰਡ ਤੇਰਾ ਪਸਾਰ, ਸਾਚੀ ਧਾਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਵਖਾਇੰਦਾ। ਸਾਚਾ ਰਾਹ ਪੁਰਖ ਅਬਿਨਾਸ਼, ਆਪਣਾ ਆਪ ਚਲਾਈਆ। ਸੁਤ ਦੁਲਾਰੇ ਦੇ ਧਰਵਾਸ, ਧੀਰਜ ਧੀਰ ਰਖਾਈਆ। ਆਦਿ ਜੁਗਾਦਿ ਦੇਵਾਂ ਤੇਰਾ ਸਾਥ, ਵਿਛੜ ਕਦੇ ਨਾ ਜਾਈਆ। ਜੁਗ ਜੁਗ ਚਲਾਵਾਂ ਰਾਥ, ਬਣ ਰਥਵਾਹੀ ਸੇਵ ਕਮਾਈਆ। ਇਕ ਸੁਣਾਵਾਂ ਆਪਣੀ ਗਾਥ, ਬਿਨ ਅੱਖਰਾਂ ਕਰਾਂ ਪੜ੍ਹਾਈਆ। ਇਕ ਵਖਾਵਾਂ ਆਪਣੀ ਜ਼ਾਤ, ਜ਼ਾਤ ਪਾਤ ਨਾ ਕੋਇ ਵਡਿਆਈਆ। ਇਕ ਵਖਾਵਾਂ ਆਪਣਾ ਖਾਤ, ਅਤੋਟ ਅਤੁਟ ਭਰਾਈਆ। ਇਕ ਵਖਾਵਾਂ ਆਪਣਾ ਹਾਟ, ਸਾਚੇ ਹੱਟ ਇਕ ਵਡਿਆਈਆ। ਇਕ ਵਖਾਵਾਂ ਆਪਣੀ ਖਾਟ, ਤੇੇਰੀ ਸੇਜਾ ਇਕ ਸੁਹਾਈਆ। ਤੇਰੀ ਪੁਛਾਂ ਸਦਾ ਵਾਤ, ਅਭੁੱਲ ਭੁੱਲ ਕਦੇ ਨਾ ਜਾਈਆ। ਤੂੰ ਮੇਰਾ ਸੱਜਣ ਤੂੰ ਮੇਰਾ ਸਾਕ, ਤੂੰ ਪਿਤਾ ਪੂਤ ਤੂੰ ਹੀ ਮੇਰੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਸੁਤ ਦੁਲਾਰੇ ਚੜ੍ਹਿਆ ਚਾ, ਸ਼ਬਦੀ ਸ਼ਬਦ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਬਣਿਆ ਮਲਾਹ, ਸਾਚਾ ਬੇੜਾ ਆਪ ਉਠਾਇੰਦਾ। ਆਪਣੇ ਮਾਰਗ ਦੇਵੇ ਪਾ, ਔਝੜ ਰਾਹ ਨਾ ਕੋਇ ਰਖਾਇੰਦਾ। ਆਪਣਾ ਨਾਉਂ ਦਏ ਧਰਾ, ਏਕੰਕਾਰਾ ਆਪੇ ਗਾਇੰਦਾ। ਆਪਣੀ ਦੇਵੇ ਸਚ ਸਲਾਹ, ਸਲਾਹਗੀਰ ਆਪ ਹੋ ਜਾਇੰਦਾ। ਮੈਨੂੰ ਦੇਵੇ ਮੇਰਾ ਥਾਂ, ਮੇਰੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸੁਤ ਦੁਲਾਰੇ ਵੰਡੀ ਵੰਡ, ਸਤਿਗੁਰ ਪੂਰਾ ਆਪ ਵੰਡਾਈਆ। ਸੋ ਪੁਰਖ ਨਿਰੰਜਣ ਸਾਹਿਬ ਬਖ਼ਸ਼ੰਦ, ਬੇਅੰਤ ਵਡੀ ਵਡਿਆਈਆ। ਆਪ ਬਣਾਏ ਆਪਣੀ ਬਣਤ, ਘਰ ਘਰ ਵਿਚ ਲਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਸਮਝਾਈਆ। ਸਾਚਾ ਘਰ ਤੇਰਾ ਪਸਾਰਾ, ਹਰਿ ਪੁਰਖ ਨਿਰੰਜਣ ਆਪ ਜਣਾਇਆ। ਸਚਖੰਡ ਵਸੇ ਆਪ ਨਿਰੰਕਾਰਾ, ਥਿਰ ਘਰ ਤੇਰਾ ਦੁਆਰਾ ਸੁਹਾਇਆ। ਆਦਿ ਜੁਗਾਦਿ ਰਹੇ ਦੀਦਾਰਾ, ਚਰਨ ਕਵਲ ਮਿਲੇ ਸ਼ਰਨਾਇਆ। ਜੁਗਾ ਜੁਗੰਤਰ ਦਏ ਹੁਲਾਰਾ, ਆਪ ਆਪਣਾ ਮੇਲ ਮਿਲਾਇਆ। ਦੋ ਜਹਾਨ ਕਰੇ ਵਣਜਾਰਾ, ਏਕਾ ਹੱਟ ਖੁਲ੍ਹਾਇਆ। ਅੰਤਰ ਰੱਖੇ ਇਕ ਭੰਡਾਰਾ, ਦਿਸ ਕਿਸੇ ਨਾ ਆਇਆ। ਤੇਰਾ ਲਹਿਣਾ ਅਗੰਮ ਅਪਾਰਾ, ਅਲੱਖ ਅਗੋਚਰ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇਆ। ਆਪਣਾ ਭੇਵ ਹਰਿ ਜੂ ਖੋਲ੍ਹ, ਸ਼ਬਦੀ ਸ਼ਬਦ ਜਣਾਇੰਦਾ। ਤੇਰਾ ਮੇਰਾ ਇਕੋ ਤੋਲ, ਤੋਲਣਹਾਰਾ ਇਕ ਹੋ ਆਇੰਦਾ। ਤੇਰਾ ਮੇਰਾ ਪੂਰਾ ਕੌਲ, ਕੀਤਾ ਕੌਲ ਨਾ ਕਦੇ ਭੁਲਾਇੰਦਾ। ਤੇਰੇ ਅੰਤਰ ਜਾਵਾਂ ਮੌਲ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਲਾਹ ਆਪਣੀ ਆਪ ਬਣਾਇੰਦਾ। ਆਪੇ ਸਲਾਹ ਆਪੇ ਸਲਾਹਕਾਰ, ਆਪ ਆਪਣਾ ਮਤਾ ਪਕਾਈਆ । ਆਪੇ ਜਾਣੇ ਆਪਣੀ ਕਾਰ, ਕਰਤਾ ਪੁਰਖ ਆਪ ਕਮਾਈਆ। ਆਪੇ ਘਰ ਆਪੇ ਘਰ ਬਾਹਰ, ਆਪੇ ਸਚਖੰਡ ਵੇਖੇ ਚਾਈਂ ਚਾਈਂਆ। ਆਪੇ ਥਿਰ ਘਰ ਖੋਲ੍ਹ ਕਿਵਾੜ, ਸੁਤ ਦੁਲਾਰਾ ਦਏ ਬਹਾਈਆ। ਆਪੇ ਵਸਤ ਭਰੇ ਭੰਡਾਰ, ਅਮੋਲਕ ਝੋਲੀ ਪਾਈਆ। ਆਪੇ ਜਨਨੀ ਜਨ ਬਣ ਨਿਰੰਕਾਰ, ਰੂਪ ਅਨੂਪ ਵੇਸ ਵਟਾਈਆ। ਦਾਈ ਦਾਇਆ ਸਿਰਜਣਹਾਰ, ਦਰ ਘਰ ਸਾਚੇ ਸੇਵ ਕਮਾਈਆ। ਅੰਸ ਬੰਸ ਕਰ ਤਿਆਰ, ਕਰੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਪਰਗਟਾਈਆ। ਨਿਰਗੁਣ ਅੰਦਰ ਨਿਰਗੁਣ ਰੱਖ, ਨਿਰਗੁਣ ਖੇਲ ਕਰਾਇਆ। ਨਿਰਗੁਣ ਅੰਤਰ ਹੋ ਪਰਤੱਖ, ਆਪਣਾ ਨਾਉਂ ਧਰਾਇਆ। ਆਪਣਾ ਨਾਉਂ ਵਿਸ਼ਵ ਰੱਖ, ਸਾਚੀ ਸੇਵ ਕਮਾਇਆ। ਆਪਣਾ ਕਰ ਆਪੇ ਪੱਖ, ਆਪਣਾ ਦਰ ਵਡਿਆਇਆ। ਆਪਣਾ ਪਰਦਾ ਆਪੇ ਢਕ, ਸਿਰ ਆਪਣਾ ਹੱਥ ਟਿਕਾਇਆ। ਆਪੇ ਬਣ ਕਮਲਾਪਤ, ਕਵਲ ਨੈਣ ਆਪ ਮਟਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਇਆ । ਆਪੇ ਵਿਸ਼ਵ ਵਿਸ਼ਨ ਧਾਰ, ਬ੍ਰਹਮ ਆਪਣਾ ਰੂਪ ਜਣਾਈਆ। ਪਾਰਬ੍ਰਹਮ ਪ੍ਰਭ ਕਰ ਪਸਾਰ, ਆਪਣੀ ਖੇਲ ਖਲਾਈਆ। ਆਪੇ ਸ਼ੰਕਰ ਦਏ ਆਧਾਰ, ਸੰਸਾ ਰੋਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸ਼ਬਦੀ ਸੁਤ  ਦੇਵੇ ਵਰ, ਤਿੰਨਾਂ ਏਕਾ ਤੰਦ ਬੰਧਾਈਆ। ਏਕਾ ਤੰਦ ਤਣਿਆ ਤਾਣਾ, ਪੁਰਖ ਅਬਿਨਾਸ਼ੀ ਖੇਲ ਖਲਾਇੰਦਾ। ਆਪੇ ਜਾਣੇ ਆਪਣਾ ਭਾਣਾ, ਭੇਵ ਕੋਇ ਨਾ ਪਾਇੰਦਾ। ਆਪਣੇ ਹੱਥ ਰੱਖਿਆ ਆਵਣ ਜਾਣਾ, ਦਿਸ ਕਿਸੇ ਨਾ ਆਇੰਦਾ। ਆਪ ਸੁਣਾਏ ਆਪਣਾ ਗਾਣਾ, ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲਾਇੰਦਾ। ਆਪਣਾ ਭੇਵ ਖੁਲ੍ਹਾਏ ਨਰ, ਹਰਿ ਨਰਾਇਣ ਵਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਵਰ ਦਾਤਾ ਝੋਲੀ ਪਾਈਆ। ਜਿਸ ਨੇ ਘਾੜਨ ਲਿਆ ਘੜ੍ਹ, ਘੜ੍ਹਨ ਭੰਨਣਹਾਰ ਅਖਵਾਈਆ। ਤਿਸ ਸਾਹਿਬ ਸ਼ਰਨ ਜਾਣਾ ਪੜ, ਨਿਉਂ ਨਿਉਂ ਸੀਸ ਝੁਕਾਈਆ। ਆਪ ਬੰਧਾਏ ਆਪਣਾ ਲੜ, ਏਕਾ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਸਮਝਾਈਆ। ਸਾਚਾ ਰਾਹ ਹਰਿ ਜੂ ਦੱਸੇ, ਨਿਰਗੁਣ ਨਿਰਗੁਣ ਆਪ ਸਮਝਾਇੰਦਾ । ਤਖ਼ਤ ਨਿਵਾਸੀ ਤਖ਼ਤ ਬਹਿ ਬਹਿ ਹੱਸੇ, ਆਪਣੀ ਖ਼ੁਸ਼ੀ ਮਨਾਇੰਦਾ। ਤਿੰਨਾਂ ਅੰਤਰ ਆਪੇ ਵਸੇ, ਆਪਣੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਖੋਲ੍ਹੇ ਭੇਵ ਪੁਰਖ ਅਗੰਮਾ, ਅਗੰਮ ਵਡੀ ਵਡਿਆਈਆ। ਵਿਸ਼ਨੂੰ ਤੇਰਾ ਇਕੋ ਮੰਮਾਂ, ਸੋ ਪੁਰਖ ਨਿਰੰਜਣ ਦਏ ਚੁੰਘਾਈਆ। ਨਾ ਕੋਈ ਜਾਣੇ ਉਚਾ ਲੰਮਾ, ਗਿਣਤੀ ਗਣਤ ਵਿਚ ਨਾ ਆਈਆ। ਨਾ ਘੜਿਆ ਨਾ ਕਿਸੇ ਭੰਨਾ, ਨਾ ਕੋਈ ਨੇਤਰ ਵੇਖਣ ਪਾਈਆ। ਜਿਸ ਸਾਹਿਬ ਮੈਨੂੰ ਜਣਾ, ਬਣਿਆ ਪਿਤਾ ਮਾਈਆ। ਤਿਸ ਸੀਰ ਏਕਾ ਘੱਲਾ, ਅੰਮ੍ਰਿਤ ਨਾਮ ਵਡਿਆਈਆ। ਬਿਨ ਰਸਨਾ ਜਿਹਵਾ ਪੀ ਪੀ ਪਲਾ, ਸਾਂਤਕ ਸਤਿ ਰਖਾਈਆ। ਬਿਨ ਲੜ ਫੜਾਇਆ ਪੱਲਾ, ਫੜਿਆ ਪੱਲਾ ਛੁੱਟ ਨਾ ਜਾਈਆ। ਜਿਸ ਆਪਣੇ ਪ੍ਰੇਮ ਕੀਤਾ ਝੱਲਾ, ਏਕਾ ਝਲਕ ਨੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਆਪੇ ਦੱਸ, ਹਰਿ ਜੂ ਦਇਆ ਕਮਾਇੰਦਾ। ਨਿਰਗੁਣ ਰੂਪ ਅੰਦਰ ਵਸ, ਆਪ ਆਪਣੀ ਕਲ ਧਰਾਇੰਦਾ। ਏਕਾ ਨੂਰ ਕਰ ਪਰਕਾਸ਼, ਜੋਤੀ ਜੋਤ ਡਗਮਗਾਇੰਦਾ। ਏਕਾ ਭੋਗ ਇਕ ਬਲਾਸ, ਏਕਾ ਰਸਯਾ ਰਸ ਵਖਾਇੰਦਾ। ਏਕਾ ਪੂਰੀ ਕਰੇ ਆਸ, ਆਸ ਆਸ਼ਾ ਨਾਲ ਮਿਲਾਇੰਦਾ। ਏਕਾ ਦੱਸੇ ਸਾਚਾ ਸਾਥ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਏਕਾ ਵਰ, ਆਪਣਾ ਨਾਮ ਜਪਾਇੰਦਾ। ਵਿਸ਼ਨੂੰ ਤੇਰਾ ਸਾਚਾ ਸੀਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਮੇਰਾ ਰੂਪ ਤੇਰੀ ਤਕਸੀਰ, ਮੇਰੀ ਤਦਬੀਰ ਨਜ਼ਰ ਨਾ ਆਈਆ। ਮੇਰਾ ਪ੍ਰੇਮ ਤੇਰਾ ਜੰਜ਼ੀਰ, ਨਾ ਕੋਈ ਤੋੜੇ ਤੋੜ ਤੁੜਾਈਆ। ਮੇਰਾ ਘਰ ਤੇਰੀ ਚੋਟੀ ਅਖ਼ੀਰ, ਚਰਨ ਕਵਲ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਈਆ। ਵਿਸ਼ਨੂੰ ਮੰਗੇ ਦਾਨ, ਪ੍ਰਭ ਅੱਗੇ ਝੋਲੀ ਡਾਹਿਆ। ਤੂੰ ਕਿਰਪਾ ਕਰੀ ਭਗਵਾਨ, ਮੇਰਾ ਰੂਪ ਪਰਗਟਾਇਆ। ਤੇਰੇ ਚਰਨ ਧੂੜ ਕਰਾਂ ਅਸ਼ਨਾਨ, ਸਾਚਾ ਨਹਾਵਣ ਨਹਾਇਆ। ਤੂੰ ਆਦਿ ਜੁਗਾਦਿ ਰੱਖਣਾ ਮੇਰਾ ਮਾਣ, ਮੈਂ ਤੇਰੀ ਓਟ ਤਕਾਇਆ। ਮੈਂ ਸੁਣਿਆ ਤੇਰਾ ਧੁਰ ਫ਼ਰਮਾਣ, ਨਾਮ ਸੰਦੇਸ਼ਾ ਜੋ ਘਲਾਇਆ। ਤੇਰਾ ਰੂਪ ਅਨੂਪ ਮਹਾਨ, ਤੇਰੀ ਮਹਿਮਾ ਕਥਨ ਵਿਚ ਨਾ ਆਇਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਸਾਚੇ ਤਖ਼ਤ ਸੋਭਾ ਪਾਇਆ। ਤੂੰ ਭੂਪਤ ਭੂਪ ਰਾਜ ਰਾਜਾਨ, ਬੇਅੰਤ ਤੇਰੀ ਵਡਿਆਇਆ। ਕੋਟਨ ਕੋਟ ਵਿਸ਼ਨੂੰ ਤੈਨੂੰ ਗਾਣ, ਤੇਰੇ ਅੱਗੇ ਸੀਸ ਝੁਕਾਇਆ। ਧੰਨ ਭਾਗ ਤੂੰ ਦਿਤਾ ਦਾਨ, ਮੈਂ ਆਪਣੀ ਝੋਲੀ  ਰਿਹਾ ਭਰਾਇਆ। ਕਵਣ ਵੇਲਾ ਅੰਤਮ ਮਿਲਾਂ ਆਣ, ਦਰ ਤੇਰੇ ਸੋਭਾ ਪਾਇਆ। ਮੇਰੀ ਕਰੀ ਆਪ ਪਹਿਚਾਨ, ਤੂੰ ਪਹਿਚਾਨ ਵਿਚ ਕਦੇ ਨਾ ਆਇਆ। ਮੈਂ ਨਿਤ ਗਾਵਾਂ ਤੇਰਾ ਗਾਨ, ਗਾ ਗਾ ਆਪਣਾ ਸ਼ੁਕਰ ਮਨਾਇਆ। ਮੇਰੀ ਸੇਵਾ ਦੱਸ ਸ੍ਰੀ ਭਗਵਾਨ, ਬਣ ਬਣ ਸੇਵਕ ਸੇਵ ਕਮਾਇਆ। ਤੇਰੀ ਮੰਨਦਾ ਰਹਾਂ ਆਣ, ਤੇਰਾ ਹੁਕਮ ਆਪਣੇ ਸਿਰ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਇਆ। ਸਾਚਾ ਵਰ ਸ੍ਰੀ ਭਗਵਾਨਾ, ਏਕਾ ਵਾਰ ਜਣਾਈਆ। ਵਿਸ਼ਨੂੰ ਤੇਰਾ ਖੇਲ ਮਹਾਨਾ, ਬ੍ਰਹਮਾ ਸ਼ੰਕਰ ਕਰੇ ਕੁੜਮਾਈਆ। ਤਿੰਨਾਂ ਦੇਵੇ ਸੱਚਾ ਦਾਨਾ, ਤ੍ਰੈਗੁਣ ਮਾਇਆ ਝੋਲੀ ਪਾਈਆ। ਲੱਖ ਚੁਰਾਸੀ ਬੰਨੇ ਗਾਨਾਂ, ਸਾਚਾ ਸਗਨ ਮਨਾਈਆ। ਪੰਜ ਤੱਤ ਕਰੇ ਪਰਧਾਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾਲ ਵਖਾਈਆ। ਰਵ ਸਸ ਕਰੇ ਪਰਕਾਸ਼ ਆਪਣੇ ਭਾਨਾ, ਨੂਰ ਨੂਰ ਨੂਰ ਪਰਗਟਾਈਆ। ਲੇਖਾ ਜਾਣੇ ਦੋ ਜਹਾਨਾਂ, ਬ੍ਰਹਿਮੰਡ ਖੰਡ ਵੰਡ ਵੰਡਾਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਸ਼ਬਦ ਅਗੰਮੀ ਦੇਵੇ ਧੁਰ ਫ਼ਰਮਾਣਾ, ਨਾਦ ਅਨਾਦ ਵਜਾਈਆ। ਜੁਗ ਚੌਕੜੀ ਖੇਲ ਖਲਾਨਾ, ਆਪਣੀ ਵੰਡ ਵੰਡਾਈਆ। ਬ੍ਰਹਮਾ ਵੇਤਾ ਇਕ ਪੜ੍ਹਾਨਾ, ਨਿਸ਼ਅੱਖਰ ਦਏ ਜਣਾਈਆ। ਚਾਰੇ ਵੇਦਾਂ ਗਾਏ ਗਾਨਾ, ਚਾਰੇ ਯੁਗ ਸਮਝਾਈਆ। ਚਾਰੇ ਬਾਣੀ ਗਾਏ ਤਰਾਨਾ, ਚਾਰੇ ਖਾਣੀ ਦਏ ਵਖਾਈਆ। ਚਾਰ ਵਰਨ ਰੱਖੇ ਆਣਾ, ਚਾਰ ਕੁੰਟ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇਲ ਵੇਖ ਵਖਾਈਆ। ਤੇਰਾ ਖੇਲ ਨਿਰਗੁਣ ਸਰਗੁਣ ਰੰਗ, ਸੋ ਪੁਰਖ ਨਿਰੰਜਣ ਆਪ ਜਣਾਇਆ। ਲੱਖ ਚੁਰਾਸੀ ਵੱਜੇ ਮਰਦੰਗ, ਘਟ ਘਟ ਮਰਦੰਗਾ ਆਪ ਉਠਾਇਆ। ਜੀਵ ਜੰਤ ਵੰਡੀ ਵੰਡ, ਵੰਡਣਹਾਰਾ ਬੇਪਰਵਾਹਿਆ। ਕਰੇ ਖੇਲ ਸੂਰਾ ਸਰਬੰਗ, ਨਿਰਭੌ ਆਪਣੀ ਧਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਦਏ ਸਮਝਾਇਆ। ਜੁਗ ਚੌਕੜੀ ਤੇਰਾ ਰਾਹ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਲੱਖ ਚੁਰਾਸੀ ਘਾੜਨ ਲਏ ਘੜਾ, ਘੜ ਭਾਂਡੇ ਵੇਖ ਵਖਾਇੰਦਾ। ਅੰਤਮ ਭੰਨੇ ਠੀਕਰ ਦਏ ਬਣਾ, ਠੀਕਰ ਖ਼ਾਕੀ ਖ਼ਾਕ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਯੁਗ ਚੌਕੜੀ ਕੀਤਾ ਪਰਵਾਨ, ਵਿਸ਼ਨੂੰ ਸੀਸ ਝੁਕਾਇਆ। ਕਵਣ ਰੂਪ ਮਿਲੇਂ ਭਗਵਾਨ, ਲੋਕਮਾਤ ਫੇਰਾ ਪਾਇਆ। ਕਵਣ ਵਸਤ ਦੇਵੇਂ ਦਾਨ, ਲੱਖ ਚੁਰਾਸੀ ਆਪ ਵਰਤਾਇਆ। ਕਵਣ ਘਰ ਬਣੇਂ ਕਾਹਨ, ਨਿਰਗੁਣ ਆਪਣਾ ਰੂਪ ਧਰਾਇਆ। ਕਵਣ ਵੇਲਾ ਲਏਂ ਪਛਾਣ, ਵਿਛੜੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਿੱਖਕ ਝੋਲੀ ਰਿਹਾ ਵਖਾਇਆ। ਭਿੱਖਕ ਦੇਵੇ ਦਾਤ, ਵਡੀ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਖੇਲ ਤਮਾਸ਼, ਪੁਰਖ ਅਬਿਨਾਸ਼ੀ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਵੇ ਰਾਸ, ਯੁਗ ਚੌਕੜੀ ਵੰਡ ਵੰਡਾਈਆ। ਜੋ ਉਪਜੇ ਸੋ ਹੋਏ ਵਿਨਾਸ, ਥਿਰ ਕੋਇ ਰਹਿਣ ਨਾ ਪਾਈਆ । ਆਪਣਾ ਨੂਰ ਕਰੇ ਪਰਕਾਸ਼, ਗੁਰ ਅਵਤਾਰ ਮਾਤ ਪਰਗਟਾਈਆ। ਪੰਜ ਤੱਤ ਦੇਵੇ ਸਾਥ, ਬ੍ਰਹਮ ਪਾਰਬ੍ਰਹਮ ਮਿਲਾਈਆ। ਏਕਾ ਖੋਲ੍ਹੇ ਨਾਮ ਹਾਟ, ਬਣ ਵਣਜਾਰਾ ਸੇਵ ਕਮਾਈਆ। ਕਰੇ ਖੇਲ ਪੁਰਖ ਸਮਰਾਥ, ਮਹਿਮਾ ਕਥ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਈਆ। ਸਾਚੀ ਦੇਵੇ ਭਗਤਾਂ ਵਸਤ, ਵਿਸ਼ਵ ਆਪਣੀ ਆਪ ਪਰਗਟਾਈਆ। ਨਾ ਕੋਈ ਜਾਣੇ ਕੀਟ ਹਸਤ, ਊਚ ਨੀਚ ਨਾ ਕੋਇ ਵਡਿਆਈਆ। ਲਹਿਣਾ ਦੇਣ ਚੁਕਾਏ ਦਸਤ ਬਦਸਤ, ਲੋਕਮਾਤ ਕਰ ਰੁਸ਼ਨਾਈਆ। ਹਰਿਜਨ ਰੱਖੇ ਆਪਣੇ ਨਾਮ ਮਸਤ, ਮਸਤੀ ਏਕਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੂਪ ਵਟਾਈਆ। ਯੁਗ ਯੁਗ ਆਪਣਾ ਰੂਪ ਧਰ, ਆਪਣੀ ਦਇਆ ਕਮਾਈਆ। ਸੰਤ ਸੁਹੇਲੇ ਸਾਚੇ ਵਰ, ਆਪਣੀ ਬੂਝ ਬੁਝਾਈਆ। ਗੁਰਮੁਖਾਂ ਚੁਕਾਏ ਝੂਠਾ ਡਰ, ਮਾਇਆ ਮਮਤਾ ਮੋਹ ਤੁੜਾਈਆ। ਗੁਰਸਿਖਾਂ ਫੜਾਏ ਏਕਾ ਲੜ, ਏਕਾ ਘਰ ਵਖਾਈਆ। ਯੁਗ ਚੌਕੜੀ ਜਾਇਣ ਹਰ, ਲੋਕਮਾਤ ਰਹਿਣ ਨਾ ਪਾਈਆ। ਸੇਵਾ ਕਰਨ ਗੁਰ ਅਵਤਾਰ, ਜੁਗ ਜੁਗ ਸੇਵ ਕਮਾਈਆ। ਭਗਤ ਭਗਵੰਤ ਮੰਗਣ ਦਰ, ਦਰ ਦਰ ਸੀਸ ਝੁਕਾਈਆ। ਸੰਤ ਰੋਵਣ ਜ਼ਾਰੋ ਜ਼ਾਰ, ਬਿਨ ਡਿਠਿਆਂ ਜੀਵਣ ਮੁਕਤ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਈਆ। ਨਵ ਨੌਂ ਚਾਰ ਜਾਏ ਬੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹਿਣ ਨਾ ਪਾਈਆ। ਕਰੇ ਖੇਲ ਇਕ ਅਤੀਤ, ਤ੍ਰੈਗੁਣ ਅਤੀਤਾ ਸੱਚਾ ਮਾਹੀਆ। ਲੱਖ ਚੁਰਾਸੀ ਕਰੇ ਬਿਪਰੀਤ, ਬਿਪਰ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਚੌਕੜ ਆਪਣਾ ਭੇਵ ਜਣਾਈਆ। ਅੰਤਮ ਚੌਕੜ ਖੇਲ ਨਿਆਰਾ, ਨਿਰਗੁਣ ਆਪ ਕਰਾਇਆ। ਸੇਵਾ ਲਾ ਤੇਈ ਅਵਤਾਰਾ, ਗੁਰ ਦਸ ਮੇਲ ਮਿਲਾਇਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਏਕਾ ਨਾਆਰਾ ਹੱਕ ਸੁਣਾਇਆ। ਭਗਤ ਭਗਵੰਤ ਬੋਲ ਜੈਕਾਰਾ, ਏਕਾ ਓਟ ਤਕਾਇਆ। ਲੋਕਮਾਤ ਖੋਲ੍ਹ ਦੁਆਰਾ, ਆਪਣਾ ਨਾਉਂ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਜਣਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜਾਏ ਲੰਘ, ਕਲਜੁਗ ਹਰਿ ਜੀ ਆਪ ਜਣਾਇੰਦਾ। ਗੁਰ ਅਵਤਾਰ ਮੰਗਣ ਮੰਗ, ਪ੍ਰਭ ਅੱਗੇ ਸਰਬ ਝੋਲੀ ਡਾਹਿੰਦਾ। ਭਗਤ ਭਗਵੰਤ ਲਾਏ ਅੰਗ, ਅੰਗੀਕਾਰ ਆਪ ਹੋ ਜਾਇੰਦਾ । ਸੰਤ ਮੰਗਣ ਸਾਚਾ ਸੰਗ, ਸਗਲਾ ਸੰਗ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਹੋਏ ਨੰਗ, ਉਤੇ ਪੜਦਾ ਕੋਇ ਨਾ ਪਾਇੰਦਾ। ਜੂਠ ਝੂਠ ਭਰੇ ਵਿਚ ਵਰਭੰਡ, ਭੰਡੀ ਮਗਰ ਮਗਰ ਆਪ ਕਰਾਇੰਦਾ। ਹਰਿ ਕਾ ਨਾਉਂ ਨਾ ਸਿਮਰੇ ਕੋਇ ਬੱਤੀ ਦੰਦ, ਰਸਨਾ ਜੇਹਵਾ ਨਾ ਕੋਇ ਮਿਲਾਇੰਦਾ। ਆਪਣਾ ਪੂਰਾ ਕੋਇ ਨਾ ਕਰੇ ਪੰਧ, ਜੀਵ ਜੰਤ ਸਰਬ ਕੁਰਲਾਇੰਦਾ। ਵਰਨ ਬਰਨ ਪਾਏ ਫੰਦ, ਸ਼ਰਅ ਸ਼ਰੀਅਤ ਨਾ ਕੋਇ ਤੁੜਾਇੰਦਾ। ਨਾ ਕੋਈ ਟੁੱਟੀ ਦੇਵੇ ਗੰਢ, ਟੁੱਟੀ ਗੰਢਣਹਾਰ ਨਜ਼ਰ ਨਾ ਆਇੰਦਾ। ਨਾ ਕੋਇ ਸਹਾਈ ਸੂਰਜ ਚੰਦ, ਵਿਸ਼ਨ ਬ੍ਰਹਮਾ ਸ਼ਿਵ ਸਿਰ ਨਾ ਕੋਇ ਉਠਾਇੰਦਾ। ਕਰੋੜ ਤੇਤੀਸਾ ਦਿਸ ਨਾ ਆਏ ਭਾਗਾਂ ਮੰਦ, ਇਸ਼ਟ ਦੇਵ ਨਾ ਕੋਇ ਜਣਾਇੰਦਾ। ਗੁਰ ਅਵਤਾਰ ਦੇਵਣ ਕੰਡ, ਨੂਰੀ ਮੁਖੜਾ ਨਾ ਕੋਇ ਵਖਾਇੰਦਾ । ਕਲਜੁਗ ਕੂੜੇ ਚੜ੍ਹੇ ਘਮੰਡ, ਆਪਣਾ ਬਲ ਆਪ ਧਰਾਇੰਦਾ। ਦਰੋਹੀ ਫਿਰੇ ਵਿਚ ਨਵ ਖੰਡ, ਏਕਾ ਖੰਡਾ ਹੱਥ ਚਮਕਾਇੰਦਾ। ਸਾਧਾਂ ਸੰਤਾਂ ਆਤਮ ਕਰੇ ਰੰਡ, ਹਰਿ ਜੂ ਕੰਤ ਨਾ ਕੋਇ ਹੰਢਾਇੰਦਾ। ਕੋਈ ਰਾਮ ਨਾ ਖਿੱਚੇ ਕਮੰਦ, ਕ੍ਰਿਸ਼ਨਾ ਰਥ ਨਾ ਕੋਇ ਚਲਾਇੰਦਾ। ਨਾ ਕੋਈ ਮੁਹੰਮਦ ਦੇਵੇ ਸੰਗ, ਮੂਸਾ ਮੁਖ ਨਾ ਕੋਇ ਵਖਾਇੰਦਾ। ਨਾਨਕ ਨਿਰਗੁਣ ਨਾ ਚਾੜ੍ਹੇ ਕੋਈ ਚੰਦ, ਗੋਬਿੰਦ ਅੰਗ ਨਾ ਕੋਇ ਲਗਾਇੰਦਾ। ਕਿਸੇ ਹੱਥ ਨਾ ਆਏ ਪਰਮਾਨੰਦ, ਨਿਜਾਨੰਦ ਨਾ ਕੋਇ ਸਮਾਇੰਦਾ। ਰਸਨਾ ਜਿਹਵਾ ਪਾਇਣ ਡੰਡ, ਉਚੀ ਕੂਕ ਕੂਕ ਅਲਾਇੰਦਾ। ਤ੍ਰੈਗੁਣ ਮਾਇਆ ਲੱਗੇ ਫੰਦ, ਫਾਂਦੀ ਬਣ ਨਾ ਕੋਇ ਛੁਡਾਇੰਦਾ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਜੀਵ ਜੰਤ ਨਾਰ ਦੁਹਾਗਣ ਹੋਏ ਰੰਡ, ਕੰਤ ਕੰਤੂਹਲ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਸਮਝਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਹਰਿ ਵਿਸ਼ਨੂੰ ਕਰੇ ਜਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਦਾ ਪੰਧ ਮੁਕੌਣਾ, ਆਪ ਆਪਣਾ ਫੇਰਾ ਪਾਈਆ। ਚਾਰ ਯੁਗ ਦਾ ਹਿਸਾਬ ਮਕੌਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਲ ਰਲਾਈਆ। ਗੁਰ ਅਵਤਾਰਾਂ ਫੜ ਉਠੌਣਾ, ਆਪ ਆਪਣਾ ਹੁਕਮ ਸੁਣਾਈਆ। ਭਗਤ ਭਗਵੰਤ ਦਰ ਰਖੌਣਾ, ਦਰਦੀ ਦਰਦ ਵੰਡਾਈਆ। ਸਾਚੇ ਸੰਤ ਗਲੇ ਲਗੌਣਾ, ਬੇਅੰਤ ਦਇਆ ਕਮਾਈਆ। ਆਪਣਾ ਮੰਤ ਆਪ ਜਪੌਣਾ, ਆਪੇ ਨਾਮ ਆਪ ਸਹਾਈਆ। ਆਪਣਾ ਕੰਤ ਰੂਪ ਆਪ ਵਖੌਣਾ, ਆਪੇ ਨਾਰ ਲਏ ਪਰਨਾਈਆ। ਆਪਣੀ ਰੁੱਤ ਬਸੰਤ ਆਪ ਸੁਹੌਣਾ, ਪੱਤ ਡਾਲੀ ਆਪ ਮਹਿਕਾਈਆ। ਨਿਰਗੁਣ ਰੂਪ ਜਾਮਾ ਪੌਣਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਗੁਰ ਅਵਤਾਰਾਂ ਮਿਲ ਮਿਲ ਸਭ ਨੇ ਗੌਣਾ, ਲੱਖ ਲੱਖ ਸੁਕਰ ਮਨਾਈਆ। ਸਾਡੀ ਪੂਰੀ ਕਰੇ ਭਾਵਨੀ ਭੌਣਾ, ਜੋ ਆਏ ਆਸ ਲਗਾਈਆ। ਚਾਰ ਯੁਗ ਜਿਸ ਤਾਈ ਤੌਣਾ, ਤ੍ਰੈਗੁਣ ਅਗਨੀ ਅੱਗ ਲਗਾਈਆ। ਦਿਤਾ ਹੁਕਮ ਉਣੰਜਾ ਪੌਣਾ, ਪੌਣਾ ਵਿਚ ਸਮਾਈਆ। ਲੇਖਾ ਜਾਣੇ ਅਵਣਾ ਗਵਣਾ, ਹਰਿ ਕੰਤ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਯੁਗ ਦਾ ਲਹਿਣਾ ਵੇਖ ਵਖਾਈਆ। ਵਿਸ਼ਨੂੰ ਚਾਰ ਯੁਗ ਦਾ ਵੇਖਣਾ ਲਹਿਣਾ, ਕਲਜੁਗ ਅੰਤ ਖੇਲ ਰਚਾਇਆ। ਮੇਰਾ ਮੰਨਣਾ ਇਕੋ ਕਹਿਣਾ, ਭੁੱਲ ਕਦੇ ਨਾ ਜਾਇਆ। ਬਿਨ ਮੇਰੇ ਕਿਸੇ ਨਾ ਰਹਿਣਾ, ਜੋ ਆਇਆ ਸੋ ਭੰਨ ਵਖਾਇਆ। ਆਦਿ ਜੁਗਾਦਿ ਯੁਗ ਯੁਗ ਮੈਂ ਇਕੋ ਦੇਣਾ, ਦੇਵਣਹਾਰ ਹੋਰ ਨਾ ਕੋਇ ਰਖਾਇਆ। ਜਿਸ ਦਾ ਭਾਣਾ ਸਭ ਨੇ ਸਹਿਣਾ, ਆਪਣਾ ਭਾਣਾ ਲਏ ਮਨਾਇਆ। ਜਿਸ ਦੁਆਰੇ ਮੇਰੇ ਬਹਿਣਾ, ਤਿਸ ਮਾਰਗ ਦਏ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਬਿਧ ਲਏ ਮਿਲਾਇਆ। ਪੁਰਖ ਅਬਿਨਾਸ਼ੀ ਦੱਸੇ ਹਾਲ, ਆਪਣਾ ਹਾਲ ਜਣਾਈਆ। ਕਰਾਂ ਖੇਲ ਕਾਲ ਮਹਾਂਕਾਲ, ਮਹਾਂਕਾਲ ਦਿਆਂ ਵਡਿਆਈਆ। ਲੱਖ ਚੁਰਾਸੀ ਬਣ ਦਲਾਲ, ਕਾਇਆ ਧਰਮਸਾਲ ਮੁਖ ਛੁਪਾਈਆ। ਜੁਗ ਜੁਗ ਗੁਰਮੁਖ ਵੇਖਾਂ ਸਾਚੇ ਲਾਲ, ਹਰਿ ਭਗਤ ਲਵਾਂ ਉਠਾਈਆ। ਸਦਾ ਸੁਹੇਲਾ ਬਣ ਕਰਾਂ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਫੜ ਫੜ ਗਲੇ ਲਗਾਵਾਂ ਕੰਗਾਲ, ਕੰਗਾਲੋਂ ਸ਼ਾਹ ਬਣਾਈਆ । ਜਨ ਭਗਤਾਂ ਕਰਾਂ ਹੱਲ ਸਵਾਲ, ਲੇਖਾ ਲਿਖਾਂ ਬਿਨ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਭਗਤ ਤੇਰੇ ਦੁਆਰੇ ਆਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਹੁਕਮ ਸੁਣਾਇਆ। ਵਿਸ਼ਨੂੰ ਉਠ ਧਿਆਨ ਲਗਾ, ਧਿਆਨ ਧਿਆਨ ਨਾਲ ਮਿਲਾਇਆ। ਜਿਸ ਤੇਰੀ ਬਣਤ ਲਈ ਬਣਾ, ਅੰਤ ਲੇਖਾ ਦਏ ਮੁਕਾਇਆ। ਆਪਣਾ ਗੁਣ ਦਏ ਸਮਝਾ, ਅਵਗੁਣ ਦਿਸ ਕਿਸੇ ਨਾ ਆਇਆ। ਸਾਚੇ ਭਗਤ ਲਏ ਪਰਗਟਾ, ਆਪ ਆਪਣੀ ਭਗਤੀ ਲਾਇਆ। ਜਗਤ ਵਿਦਿਆ ਦਏ ਭੁਲਾ, ਆਪਣੀ ਵਿਦਿਆ ਆਪ ਪੜ੍ਹਾਇਆ। ਆਪੇ ਦਰਸ਼ਨ ਦੇਵੇ ਆ, ਦੂਜਾ ਇਸ਼ਟ ਨਾ ਕੋਇ ਰਖਾਇਆ। ਪਹਿਲੋਂ ਬਖ਼ਸ਼ੇ ਸਰਬ ਗੁਨਾਹ, ਫੇਰ ਆਪਣੇ ਗਲੇ ਲਗਾਇਆ। ਜੇ ਕੋਈ ਦੂਜਾ ਪੁੱਛੇ ਮੇਰਾ ਭਗਤ ਅੱਗੋਂ ਕਰੇ ਨਾ, ਹਰਿ ਜੂ ਵੰਡ ਨਾ ਕਿਸੇ ਵੰਡਾਇਆ। ਜੇ ਪ੍ਰਭ ਮਿਲਣਾ ਚਰਨੀ ਡਿਗੋ ਆ, ਚਰਨ ਦੁਆਰਾ ਇਕ ਸਮਝਾਇਆ। ਜੁਗ ਜੁਗ ਨਿਥਾਵਿਆਂ ਦੇਵੇ ਥਾਂ, ਨਿਮਾਣਿਆਂ ਹੋਏ ਸਹਾਇਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਇਆ। ਬਿਨ ਬਿਰਛਾਂ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇਆ। ਜੁਗ ਜੁਗ ਸਨੇਹੁੜਾ ਦੇਵੇ ਸੱਚਾ ਸ਼ਹਿਨਸ਼ਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਤ ਦਏ ਸਮਝਾਇਆ। ਚਾਰ ਯੁਗ ਖੇਲ ਅਪਾਰਾ, ਭਗਵਨ ਭਗਤ ਦਏ ਵਡਿਆਈਆ। ਭਗਤ ਮੰਗਣ ਇਕ ਦੁਆਰਾ, ਏਕਾ ਓਟ ਤਕਾਈਆ। ਏਕਾ ਵਸੇ ਧਾਮ ਨਿਆਰਾ, ਅਵੱਲੜਾ ਘਰ ਆਪ ਸੁਹਾਈਆ। ਏਕਾ ਵੇਖੇ ਵੇਖਣਹਾਰਾ, ਜਿਸ ਜਨ ਬੂਝ ਬੁਝਾਈਆ। ਭਗਤਨ ਪੰਧ ਮੁਕਾਇਣ ਵਿਚ ਸੰਸਾਰਾ, ਥਿਰ ਘਰ ਡੇਰਾ ਲਾਈਆ। ਥਿਰ ਘਰ ਮਿਲੇ ਸ਼ਬਦ ਸਹਾਰਾ, ਸ਼ਬਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਸ਼ਬਦੀ ਅੰਦਰ ਭਗਤਨ ਭੇਤ, ਅਭੇਦੀ ਭੇਦ ਰਖਾਇੰਦਾ। ਆਪੇ ਵੇਖੇ ਨੇਤਨ ਨੇਤ, ਨਿਤ ਨਿਤ ਵੇਸ ਵਟਾਇੰਦਾ। ਆਦਿ ਜੁਗਾਦੀ ਚੇਤਨ ਚੇਤ, ਅਬਿਨਾਸ਼ੀ ਅਚੁੱਤ ਖੇਲ ਖਲਾਇੰਦਾ। ਕਰ ਕਿਰਪਾ ਇਕੋ ਵਾਰ ਕਰਿਆ ਸੱਚਾ ਹੇਤ, ਆਪ ਆਪਣਾ ਹਿਤ ਸਮਝਾਇੰਦਾ। ਕਬੀਰ ਜੁਲਾਹਾ ਨੇਤਰ ਲਏ ਪੇਖ, ਸਚਖੰਡ ਦੁਆਰੇ ਚਰਨਾਂ ਉਪਰ ਸੀਸ ਟਿਕਾਇੰਦਾ। ਵੱਜੀ ਵਧਾਈ ਵਸਿਆ ਦੇਸ, ਪਰਦੇਸ ਰਾਹ ਤਜਾਇੰਦਾ। ਨਜ਼ਰੀ ਆਇਆ ਇਕ ਨਰੇਸ਼, ਸੀਸ ਆਪਣੇ ਤਾਜ ਟਿਕਾਇੰਦਾ। ਨਾ ਕੋਈ ਉਥੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਨਾ ਕੋਈ ਝੋਲੀ ਅੱਗੇ ਡਾਹਿੰਦਾ। ਨਾ ਕੋਈ ਰੂਪ ਨਾ ਕੋਈ ਰੇਖ, ਇਕੋ ਨੂਰ ਡਗਮਗਾਇੰਦਾ। ਨਾਨਕ ਦਿਸਿਆ ਬਿਨ ਖੂੰਡੀ ਭੂਰੀ ਖੇਸ, ਹੱਥ ਸਤਾਰ ਨਾ ਕੋਇ ਵਜਾਇੰਦਾ। ਬਿਨ ਰਸਨਾ ਕਰੇ ਆਦੇਸ ਆਦੇਸ, ਨਿਰੰਕਾਰ ਨਿਰੰਕਾਰ ਨਿਰੰਕਾਰ ਢੋਲਾ ਗਾਇੰਦਾ। ਓਥੇ ਚਲੇ ਨਾ ਕੋਈ ਪੇਸ਼, ਕਬੀਰਾ ਨਿਉਂ ਨਿਉਂ ਸੀਸ ਝੁਕਾਇੰਦਾ। ਮੈਂ ਤੇਰਾ ਨੂਰ ਨਾ ਸਕਾਂ ਵੇਖ, ਬਿਨ ਤੇਰੀ ਮਿਹਰ ਮੇਰਾ ਨੈਣ ਕੰਮ ਕਿਸੇ ਨਾ ਆਇੰਦਾ। ਆ ਪ੍ਰਭ ਪ੍ਰੀਤਮ ਕੰਤ ਸੁਹੇਲੇ ਆਪਣੀ ਨਾਰ ਵੇਖ, ਲੋਕਮਾਤ ਤੁਧ ਬਿਨ ਮੇਰਾ ਜੋਬਨ ਨਾ ਕੋਇ ਹੰਢਾਇੰਦਾ। ਮੈਂ ਤੇਰੇ ਵੈਰਾਗ ਬਣ ਦੁਹਾਗਣ ਖੁੱਲ੍ਹੇ ਛੱਡੇ ਕੇਸ, ਮੇਰੀ ਮੀਂਢੀ ਸੁਹਾਗ ਨਾ ਕੋਇ ਗੁੰਦਾਇੰਦਾ। ਮੈਂ ਥੱਲੇ ਤੱਕ ਕੇ ਆਇਆ ਵਿਸ਼ਨੂੰ ਸੁੱਤਾ ਉਤੇ ਬਾਸ਼ਕ ਸੇਜ, ਸਾਂਗੋਂ ਪਾਂਗ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਏਕਾ ਸੋਭਾ ਪਾਇੰਦਾ। ਪੁਰਖ ਅਬਿਨਾਸ਼ੀ ਦੀਨ ਦਿਆਲ, ਆਪਣੀ ਦਇਆ ਕਮਾਈਆ। ਸੁਣ ਸੱਜਣ ਮੀਤ ਮੇਰੇ ਛੋਟੇ ਲਾਲ, ਲਾਲਨ ਲਾਲ ਵੰਡ ਵੰਡਾਈਆ। ਮਦਨ ਮੋਹਨ ਮੂਰਤੀ ਗੋਪਾਲ, ਕਪਾਲ ਨਾ ਕੋਇ ਵਡਿਆਈਆ। ਮੇਰਾ ਮੰਦਰ ਇਕ ਧਰਮਸਾਲ, ਧਰਮ ਦੁਆਰਾ ਇਕ ਸਮਝਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਭਗਤ ਭਗਵਾਨ ਰਿਹਾ ਸਮਝਾਈਆ। ਕਬੀਰ ਤੇਰੀ ਪੂਰੀ ਆਸ਼ਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਇਕੋ ਏਕ ਇਕ ਭਰਵਾਸਾ, ਏਕਾ ਘਰ ਸੁਹਾਇੰਦਾ। ਜੁਗ ਜੁਗ ਬਣਿਆ ਰਹੇ ਦਾਸੀ ਦਾਸਾ, ਨਿਰਗੁਣ ਸਰਗੁਣ ਸੇਵ ਕਮਾਇੰਦਾ। ਲੱਖ ਚੁਰਾਸੀ ਕਰੇ ਹਾਸਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਦਰ ਦਰ ਫਿਰੇ ਫੜ ਫੜ ਕਾਸਾ, ਤਨ ਅਲਫੀ ਇਕ ਹੰਢਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸ਼ਾ, ਪੁਰਖ ਅਬਿਨਾਸ਼ਾ ਖੇਲ ਕਰਾਇੰਦਾ। ਕਲਜੁਗ ਅੰਤਮ ਆਵੇ ਹਾਰ ਪਾਸਾ, ਜਿੱਤ ਕੋਇ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਕਲਜੁਗ ਵੇਲਾ ਆਏ ਅੰਤ, ਅੰਤ ਆਪ ਸਮਝਾਈਆ। ਪਰਗਟ ਹੋਏ ਸ੍ਰੀ ਭਗਵੰਤ, ਲੋਕਮਾਤ ਕਰੇ ਰੁਸ਼ਨਾਈਆ। ਆਪ ਜਣਾਏ ਆਪਣਾ ਮੰਤ, ਇਕੋ ਇਕ ਨਾਮ ਵਡਿਆਈਆ। ਹਰਿਜਨ ਵੇਖੇ ਸਾਚੇ ਸੰਤ, ਸਾਹਿਬ ਲਏ ਮਿਲਾਈਆ। ਆਪੇ ਹੋਏ ਪਤੀ ਪਤਵੰਤ, ਪਤ ਆਪਣੀ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਲਏ ਮਿਲਾਈਆ । ਕਬੀਰ ਅੱਗੋਂ ਰਿਹਾ ਪੁੱਛ, ਪ੍ਰਭ ਅੱਗੇ ਸੀਸ ਝੁਕਾਇਆ। ਸਾਨੂੰ ਦਰਸ ਦਿਤਾ ਲੁਕ ਲੁਕ, ਆਪਣਾ ਭੇਵ ਨਾ ਕਿਸੇ ਖੁਲ੍ਹਾਇਆ। ਤੇਰੇ ਫ਼ਰਾਕ ਅੰਦਰ ਗਏ ਸੁੱਕ, ਖ਼ਾਕੀ ਤੱਤ ਖ਼ਾਕ ਮਿਲਾਇਆ। ਤੇਰੇ ਵੈਰਾਗ ਅੰਦਰ ਗਏ ਲੁੱਟ, ਆਪ ਆਪਣਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਬਿਧ ਕਲਜੁਗ ਅੰਤ ਲਏਂ ਕਰਾਇਆ। ਕਲਜੁਗ ਅੰਤਮ ਅਵੱਲੜਾ ਵੇਸ, ਸੋ ਪੁਰਖ ਨਿਰੰਜਣ ਆਪ ਜਣਾਈਆ। ਦੱਸ ਕੇ ਜਾਏ ਗੁਰ ਦਸਮੇਸ਼, ਆਪਣਾ ਡੰਕ ਵਜਾਈਆ। ਪਰਗਟ ਹੋਏ ਨਰ ਨਰੇਸ਼, ਨਿਹਕਲੰਕ ਨਾਉਂ ਰਖਾਈਆ। ਸੰਬਲ ਵਸੇ ਸਾਚੇ ਦੇਸ, ਭੇਵ ਕੋਇ ਨਾ ਪਾਈਆ। ਗੁਰਮੁਖ ਵਿਰਲਾ ਲਏ ਵੇਖ, ਜਿਸ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਸੁੰਞਾ ਹੋਏ ਖੇਤ, ਗੁਰ ਪੀਰ ਅਵਤਾਰ ਨਾ ਕੋਇ ਸਹਾਈਆ। ਅਰਜਨ ਸੀਸ ਪੁਵਾਏ ਤੱਤੀ ਰੇਤ, ਰੇਤਾ ਤੱਤੀ ਸ੍ਰਿਸ਼ਟ ਸਬਾਈ ਦਏ ਤਪਾਈਆ। ਤੇਗ਼ ਬਹਾਦਰ ਆਪਣਾ ਸੀਸ ਲਾਏ ਆਪਣੇ ਹੇਤ, ਹਿੱਤ ਆਪਣਾ ਆਪ ਜਣਾਈਆ। ਬਾਲ ਨਿਧਾਨੇ ਝੂਜਨ ਖੇਤ, ਧਰਤ ਮਾਤ ਮਿਲੇ ਵਡਿਆਈਆ। ਗੋਬਿੰਦ ਆਪਣੇ ਨੇਤਰ ਪੇਖ, ਕਲਜੁਗ ਲੇਖ ਦਏ ਸਮਝਾਈਆ। ਅੰਤਮ ਆਏ ਨਰ ਨਰੇਸ਼, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦਏ ਚੁਕਾਈਆ। ਕਿਸ ਬਿਧ ਲਹਿਣਾ ਚੁਕਾਏ ਭਗਵਾਨ, ਆਪਣਾ ਮਾਰਗ ਦੇਣਾ ਦੱਸ। ਕਿਸ ਬਿਧ ਝੁਲਾਏ ਨਿਸ਼ਾਨ, ਲੋਕਮਾਤ ਹੋ ਪਰਗਟ। ਕਿਸ ਬਿਧ ਦੇਵੇ ਦਾਨ, ਅੰਤਰ ਆਤਮ ਜੋਤ ਲਟ ਲਟ। ਕਿਸ ਬਿਧ ਕਰੇ ਪਛਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਭੇਵ ਦੱਸ। ਸਚਖੰਡ ਦੁਆਰ ਦਇਆ ਕਮਾ, ਸ੍ਰੀ ਭਗਵਾਨ ਦਇਆ ਕਮਾਈਆ। ਬਿਨ ਕਬਰੋਂ ਖੇੜਾ ਦਿਤਾ ਸਮਝਾ, ਸਮਝ ਸਮਝ ਨਾਲ ਮਿਲਾਈਆ। ਰਮਜ਼ ਨਾਲ ਰਮਜ਼ ਰਲਾ, ਰਹਿਮਤ ਰਹੀਮ ਕਮਾਈਆ। ਏਕਾ ਹਮਜ਼ਾ ਰੂਪ ਆਪਣਾ ਦਿਤਾ ਵਖਾ, ਅਲਫ਼ ਯੇ ਕਰ ਸਫਾਈਆ। ਅਰਜ਼ ਤੂਲ ਪੰਧ ਮੁਕਾ, ਮਾਕੂਲ ਸ਼ਰਅ ਜਣਾਈਆ। ਅਸਥੂਲ ਡੇਰਾ ਆਪੇ ਢਾਹ, ਨਿਰਾਕਾਰ ਮਿਲੇ ਵਡਿਆਈਆ। ਸਾਕਾਰ ਮੇਲਾ ਸਹਿਜ ਸੁਭਾ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਕਾਗਦ ਕਲਮ ਨਾ ਰੱਖੇ ਕੋਈ ਸ਼ਾਹ, ਅੰਕ ਅੰਕ ਨਾ ਕੋਇ ਮਿਲਾਈਆ। ਦੁਆਰ ਬੰਕ ਛੱਪਰ ਛੰਨ ਨਾ ਲਏ ਕੋਇ ਛੁਹਾ, ਮੰਦਰ ਮਸਜਿਦ ਨਾ ਕੋਇ ਵਖਾਈਆ। ਬਿਨ ਥਾਉਂ ਸਾਚੇ ਧਾਮ ਲਏ ਬਹਾ, ਜ਼ਿਮੀ ਅਸਮਾਨ ਨਜ਼ਰ ਨਾ ਆਈਆ। ਬਿਨ ਸੂਰਜ ਚੰਨ ਕਰੇ ਰੁਸ਼ਨਾ, ਬਿਨ ਤਾਰਿਆਂ ਮੰਡਲ ਆਪ ਸੁਹਾਈਆ। ਬਿਨ ਪਿਤਾ ਮਾਤ ਗੋਦ ਲਏ ਬਹਾ, ਬਿਨ ਮੰਮਾਂ ਸੀਰ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਕਬੀਰ ਦਏ ਸਮਝਾਈਆ। ਕਬੀਰ ਇਕ ਸੁਣ ਗੱਲ, ਹਰਿ ਜੂ ਆਖ ਸੁਣਾਇਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਕਰਦਾ ਰਿਹਾ ਵਲ ਛਲ, ਮੇਰਾ ਭੇਵ ਕਿਸੇ ਨਾ ਪਾਇਆ। ਭਗਤਾਂ ਦਰਸ਼ਨ ਦੇ ਕੇ ਆਇਆ ਘੜੀ ਪਲ, ਛਿੰਨ ਭੰਗਰ ਆਪਣਾ ਖੇਲ ਕਰਾਇਆ। ਸਚ ਸਿੰਘਾਸਣ ਬੈਠਾ ਮੱਲ, ਸਚ ਸਿੰਘਾਸਣ ਇਕ ਸੁਹਾਇਆ। ਗੁਰ ਅਵਤਾਰਾਂ ਸ਼ਬਦ ਸੁਨੇਹੁੜਾ ਘੱਲ, ਆਪਣਾ ਹੁਕਮ ਮਨਾਇਆ। ਅੰਤਮ ਸੁੱਟਿਆ ਆਪਣੇ ਖਾਤੇ ਡੂੰਘੀ ਡੱਲ, ਆਪ ਆਪਣੇ ਵਿਚ ਛੁਪਾਇਆ। ਜਿਸ ਨੂੰ ਕਹਿੰਦੇ ਅਬਚਲ, ਅਬਚਲ ਆਪਣਾ ਨਗਰ ਬਣਾਇਆ। ਕਰੇ ਖੇਲ ਸੂਰਾ ਪਰਬਲ, ਪਰਬਲ ਆਪਣੀ ਜੋਤ ਜਗਾਇਆ। ਆਪੇ ਲਾਇਆ ਆਪਣਾ ਫਲ, ਸੰਤ ਭਗਤ ਭਗਵਾਨ ਮਾਤ ਮਹਿਕਾਇਆ। ਅੰਤਮ ਆਪਣੇ ਪਾਏ ਆਪੇ ਡੱਲ, ਆਪਣੀ ਖਾਰੀ ਲਏ ਉਠਾਇਆ। ਕੋਈ ਕਹੇ ਜੋਤੀ ਗਿਆ ਰਲ, ਕੋਈ ਕਹੇ ਸਚਖੰਡ ਡੇਰਾ ਲਾਇਆ। ਪੁਰਖ ਅਬਿਨਾਸ਼ੀ ਕਹੇ ਮੈਂ ਚਰਨਾਂ ਹੇਠਾਂ ਰਿਹਾ ਮਿਲ, ਚਰਨ ਸਹਾਰਾ ਇਕ ਬਣਾਇਆ। ਦਰਸ ਦੇਵਾਂ ਘੜੀ ਘੜੀ ਪਲ ਪਲ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਸਮਝਾਇਆ। ਜੁਗ ਚੌਕੜੀ ਸਚਖੰਡ, ਹਰਿ ਜੂ ਆਸਣ ਲਾਇੰਦਾ। ਆਪੇ ਕਰ ਕਰ ਆਪਣੀ ਵੰਡ, ਲੋਕਮਾਤ ਦਰਸ ਦਿਖਾਇੰਦਾ। ਗੁਰਮੁਖ ਵਿਰਲਾ ਚੜ੍ਹੇ ਚੰਦ, ਜਿਸ ਜਨ ਆਪਣੀ ਜੋਤ ਜਗਾਇੰਦਾ। ਕੋਟਨ ਕੋਟ ਬੈਠੇ ਰਹੇ ਮੰਗ, ਗਿਣਤੀ ਗਣਤ ਨਾ ਕੋਇ ਗਣਾਇੰਦਾ। ਇਕ ਕਬੀਰ ਵੇਖਿਆ ਅੰਦਰ ਲੰਘ, ਸਚ ਸਿੰਘਾਸਣ ਹਰਿ ਜੂ ਸੋਭਾ ਪਾਇੰਦਾ। ਨਾ ਕੋਈ ਤਾਰ ਸਤਾਰ ਵੱਜੇ ਮਰਦੰਗ, ਨਾ ਕੋਈ ਗੀਤ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਪੁਰਖ ਅਬਿਨਾਸ਼ੀ ਦੱਸਿਆ ਭੇਵ, ਅਭੇਦ ਆਪ ਖੁਲ੍ਹਾਇਆ। ਜਿਸ ਦੀ ਕਰਦੇ ਰਹੇ ਸੇਵ, ਸੋ ਸੇਵਕ ਰੂਪ ਧਰਾਇਆ। ਆਦਿ ਜੁਗਾਦਿ ਸਦਾ ਨੇਹਕੇਵ, ਨਿਹਚਲ ਧਾਮ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਰ ਆਪਣਾ ਆਪ ਸਮਝਾਇਆ। ਸੁਣ ਕਬੀਰ ਕਰ ਧਿਆਨ, ਚਾਰ ਕੁੰਟ ਵਖਾਈਆ। ਮੇਰਾ ਮੰਦਰ ਸਚ ਮਕਾਨ, ਮਕਬਰਾ ਕੋਇ ਨਜ਼ਰ ਨਾ ਆਈਆ। ਕੋਟਨ ਕੋਟ ਮੁਲਾਂ ਸ਼ੇਖ਼ ਮੁਸਇਕ ਪੀਰ ਪੈਗ਼ੰਬਰ ਏਸ ਖਾਤੇ ਡਿੱਗੇ ਆਣ, ਨਿਸ਼ਾਨ ਸਕੇ ਨਾ ਕੋਇ ਝੁਲਾਈਆ। ਕੋਟਨ ਕੋਟ ਰਾਮ ਕਰਨ ਪਰਨਾਮ, ਕੋਟਨ ਕੋਟ ਕ੍ਰਿਸ਼ਨ ਧਿਆਨ ਲਗਾਈਆ। ਕੋਟਨ ਕੋਟ ਭਗਤ ਪੀ ਪੀ ਜਾਮ, ਅੰਮ੍ਰਿਤ ਰਸ ਰਹੇ ਪਾਈਆ। ਜਿਸ ਕਿਰਪਾ ਕਰੇ ਆਪ ਭਗਵਾਨ, ਤਿਸ ਆਪਣੇ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੁਆਰਾ ਦਏ ਵਖਾਈਆ। ਕਬੀਰ ਵੇਖਿਆ ਹਰਿ ਦੁਆਰ, ਦੁਆਰਾ ਹਰਿ ਸੁਹਾਇਆ। ਉਤਰ ਪੂਰਬ ਪੱਛਮ ਹੋਏ ਉਜਿਆਰ, ਦੱਖਣ ਨਜ਼ਰ ਕੋਇ ਨਾ ਆਇਆ। ਕਰਿਆ ਖੇਲ ਆਪ ਕਰਤਾਰ, ਆਪਣਾ ਭੇਵ ਆਪ ਛੁਪਾਇਆ। ਦੋਏ ਜੋੜ ਕਰੇ ਨਿਮਸਕਾਰ, ਕਬੀਰਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਖਾਲ ਸੱਚਾ ਘਰ, ਚੌਥਾ ਦਰ ਨਜ਼ਰ ਨਾ ਆਇਆ । ਚੌਥਾ ਦਰ ਨਾ ਪਿਆ ਦਿਸ, ਚਾਰੋਂ ਕੁੰਟ ਨਜ਼ਰ ਉਠਾਈਆ। ਮੈਂ ਬਣ ਕੇ ਆਇਆ ਤੇਰਾ ਸਿਖ, ਤੇਰੀ ਸਿਖਿਆ ਮੋਹੇ ਭਾਈਆ। ਤੂੰ ਮੇਰਾ ਲੇਖਾ ਦਿਤਾ ਲਿਖ, ਬਿਨ ਲਿਖਿਆ ਕਲਮ ਸ਼ਾਹੀਆ। ਆਪ ਆਪਣਾ ਦੱਸ ਭੇਤ, ਕਿਉਂ ਬੈਠਾ ਮੁਖ ਭੁਵਾਈਆ। ਕਰ ਸੱਚਾ ਇਕੋ ਹੇਤ, ਮੈਂ ਢਹਿ ਪਿਆ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸੁਣ ਕਬੀਰ ਖੇਲ ਨਿਆਰਾ, ਹਰਿ ਜੂ ਆਪ ਜਣਾਇੰਦਾ। ਦੱਖਣ ਦਿਸ਼ਾ ਅਗੰਮ ਅਪਾਰਾ, ਆਪਣਾ ਦਰ ਸੁਹਾਇੰਦਾ। ਅੰਦਰ ਲੁਕਾਏ ਗੁਰ ਅਵਤਾਰਾ, ਆਪਣੀ ਸਾਇਆ ਹੇਠ ਰਖਾਇੰਦਾ। ਭਗਤ ਬਹਾਏ ਏਸ ਕਿਨਾਰਾ, ਸਾਚੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਜਣਾਇੰਦਾ। ਦੱਖਣ ਦਿਸ਼ਾ ਗੁਰ ਅਵਤਾਰ, ਭਗਤਾਂ ਨਾਲ ਮਿਲਾਈਆ। ਜਿਉਂ ਭਾਵੇ ਤਿਉਂ ਕਰੇ ਪਿਆਰ, ਆਪ ਆਪਣੀ ਖੇਲ ਖਲਾਈਆ। ਕੋਟਨ ਕੋਟ ਕਬੀਰ ਏਹਦੇ ਵਿਚ ਛੱਡੇ ਵਾੜ, ਇਕ ਦੂਜੇ ਨੂੰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੱਖਣ ਦਿਸ਼ਾ ਆਪ ਛੁਪਾਈਆ। ਕਬੀਰ ਅੱਗੋਂ ਪਿਆ ਰੁੱਸ, ਲੈ ਕਰਵਟ ਮੁਖ ਭੁਵਾਇਆ। ਮੈਂ ਤੇਰਾ ਦੁਆਰਾ ਰਿਹਾ ਪੁੱਛ, ਤੂੰ ਮੈਥੋਂ ਭੇਵ ਛੁਪਾਇਆ। ਮੈਂ ਕਰ ਕੇ ਆਇਆ ਤੇਰਾ ਰੁਖ, ਤੇਰੇ ਚਰਨ ਦੁਆਰੇ ਡੇਰਾ ਲਾਇਆ। ਜਿੰਨਾਂ ਚਿਰ ਨਾ ਵਖਾਏਂ ਮੇਰੀ ਮਿਟੇ ਨਾ ਤ੍ਰਿਸ਼ਨਾ ਭੁੱਖ, ਮੇਰੀ ਸਾਂਤ ਨਾ ਕੋਇ ਜਣਾਇਆ। ਮੈਂ ਵੇਖਾਂ ਕਿਥੇ ਕਬੀਰ ਬੈਠੇ ਲੁੱਕ, ਜਿਨ੍ਹਾਂ ਤੇਰਾ ਨਾਮ ਧਿਆਇਆ। ਤੂੰ ਲੋਕਮਾਤ ਵਿਚੋਂ ਆਂਦੇ ਪੁੱਟ, ਸਚਖੰਡ ਵਿਚ ਬੂਟਾ ਲਾਇਆ। ਮੈਂ ੳਨ੍ਹਾਂ ਦੀ ਸ਼ਾਖ਼ ਤੇਰੇ ਦੁਆਰੇ ਗਈ ਫੁੱਟ, ਤੇਰੀ ਮਹਿਕ ਨਾਲ ਮਹਿਕਾਇਆ। ਮੈਂ ਵੇਖਾਂ ਤੇਰੀ ਰੁੱਤ, ਬਸੰਤ ਰੂਪ ਵਟਾਇਆ। ਮੈਂ ਤੇਰਾ ਆਇਆ ਨਿੱਕਾ ਪੁੱਤ, ਫੜ ਗਲੇ ਲੈ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਦੇ ਵਖਾਇਆ। ਕਬੀਰ ਵੇਲਾ ਅਜੇ ਦੂਰ, ਹਰਿ ਸਾਚਾ ਸਚ ਜਣਾਈਆ। ਆਪ ਵਖਾਏ ਹਾਜ਼ਰਾ ਹਜ਼ੂਰ, ਨੇਤਰ ਨੈਣ ਨੈਣ ਖੁਲ੍ਹਾਈਆ। ਤੇਰੀ ਸ਼ਰਧਾ ਕਰੇ ਪੂਰ, ਨਿਰਾਸ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਕਬੀਰ ਅੱਗੋਂ ਕਹੇ ਬੋਲ, ਏਕਾ ਬੋਲ ਸੁਣਾਇਆ। ਚੌਥੀ ਕੂਟ ਕੁੰਡਾ ਖੋਲ੍ਹ, ਕਿਉਂ ਮੇਰਾ ਮੇਰਾ ਡੁਲਾਇਆ। ਮੇਰੇ ਨਾਲ ਕਿਉਂ ਮਾਰੇ ਰੋਲ, ਮੈਂ ਤੇਰਾ ਰੋਲ ਕੋਈ ਨਾ ਝੋਲੀ ਪਾਇਆ। ਤੂੰ ਜੁਗ ਜੁਗ ਕਰਦਾ ਰਿਹਾ ਮਖੌਲ, ਤੇਰਾ ਮਸਖਰਾਪਣ ਮਿਟ ਕਦੇ ਨਾ ਜਾਇਆ। ਮੈਂ ਛੱਡ ਕੇ ਆਇਆ ਧਰਨੀ ਧੌਲ, ਤੇਰੇ ਘਰ ਸਿੰਘਾਸਣ ਲਾਇਆ। ਮੇਰੇ ਨਾਲ ਕਰ ਕੌਲ, ਕਵਣ ਵੇਲੇ ਦਏਂ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਇਆ। ਸਚ ਕਬੀਰ ਰੱਖ ਉਡੀਕ, ਹਰਿ ਸੱਜਣ ਸਚ ਜਣਾਇੰਦਾ। ਪ੍ਰਭ ਦੱਸੇ ਇਕ ਤਰੀਕ, ਏਕਾ ਲੇਖ ਲਿਖਾਇੰਦਾ। ਤੇਰਾ ਦੂਸਰ ਹੋਏ ਨਾ ਕੋਇ ਸ਼ਰੀਕ, ਸ਼ਿਰਕਤ ਨਾਲ ਨਾ ਕੋਇ ਮਿਲਾਇੰਦਾ। ਤੇਰੀ ਤੋੜ ਨਿਭੇ ਲੱਗੀ ਪ੍ਰੀਤ, ਪ੍ਰੀਤੀਵਾਨ ਆਪ ਨਿਭਾਇੰਦਾ। ਤੂੰ ਰਹਿਣਾ ਬੈਠ ਅਤੀਤ, ਤ੍ਰੈਗੁਣ ਅਤੀਤਾ ਆਪ ਸਮਝਾਇੰਦਾ। ਕਲਜੁਗ ਅੰਤਮ ਲਹਿਣਾ ਚੁਕਣਾ ਮੰਦਰ ਮਸੀਤ, ਪੁਰਖ ਅਬਿਨਾਸ਼ੀ ਆਪ ਚੁਕਾਇੰਦਾ। ਏਕਾ ਗੌਣਾ ਸਭ ਨੇ ਗੀਤ, ਏਕਾ ਇਸ਼ਟ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਆਪ ਉਠਾਇੰਦਾ। ਸਾਚਾ ਪਰਦਾ ਜਾਏ ਉਠ, ਸੋ ਪੁਰਖ ਨਿਰੰਜਣ ਆਪ ਉਠਾਈਆ। ਕਲਜੁਗ ਅੰਤਮ ਜਾਏ ਤੁਠ, ਨਿਰਗੁਣ ਰੂਪ ਬੇਪਰਵਾਹੀਆ। ਸਚਖੰਡ ਜੋ ਬੈਠਾ ਲੁਕ, ਲੋਕਮਾਤ ਕਰੇ ਰੁਸ਼ਨਾਈਆ। ਆਪਣੀ ਜਾਣੇ ਆਪੇ ਪੁੱਛ, ਆਪਣੀ ਪੁੱਛਣਾ ਆਪ ਪੁਵਾਈਆ। ਆਪਣੇ ਕੋਲ ਰੱਖੇ ਨਾ ਕੁਛ, ਜਨ ਭਗਤਾਂ ਝੋਲੀ ਦਏ ਭਰਾਈਆ। ਦੇਵੇ ਵਡਿਆਈ ਸਾਚੇ ਸੁਤ, ਸੁਤ ਦੁਲਾਰੇ ਲਏ ਉਪਜਾਈਆ। ਆਪ ਸੁਹਾਏ ਆਪਣੀ ਰੁੱਤ, ਪੱਤ ਡਾਲੀ ਆਪ ਮਹਿਕਾਈਆ। ਆਪਣੇ ਬੂਟੇ ਲੋਕਮਾਤ ਲਾਏ ਏਥੋਂ ਪੁੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਈਆ। ਸਾਚਾ ਖੇਲ ਆਪ ਖਲੌਣਾ, ਹਰਿ ਸੱਜਣ ਸਚ ਜਣਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਦੱਖਣ ਦਿਸ਼ਾ ਭੇਵ ਚੁਕੌਣਾ, ਆਪਣਾ ਪਰਦਾ ਲਾਹਿੰਦਾ। ਭਗਤ ਦੁਆਰਾ ਮਾਤ ਬਣੌਣਾ, ਉਤਰ ਪੂਰਬ ਪੱਛਮ ਦਿਸ਼ਾ ਆਪ ਖੁਲ੍ਹਾਇੰਦਾ। ਦੱਖਣ ਆਪੇ ਬੰਦ ਕਰੌਣਾ, ਆਪਣਾ ਆਸਣ ਆਪ ਸਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਕਬੀਰ ਸਚ ਦੁਆਰਾ ਬਣੇ ਮਾਤ, ਸੋ ਪੁਰਖ ਨਿਰੰਜਣ ਆਪ ਬਣਾਈਆ। ਚਾਰ ਕੁੰਟ ਦੀ ਚਾਰ ਕਨਾਤ, ਚਾਰ ਦੀਵਾਰ ਸਮਝਾਈਆ। ਦੱਖਣ ਦਿਸ਼ਾ ਵੇਖੇ ਕਮਲਾਪਾਤ, ਆਪ ਆਪਣਾ ਆਸਣ ਲਾਈਆ। ਜਨ ਭਗਤਾਂ ਦੇਵੇ ਦਾਤ, ਅਨਮੰਗੀ ਵਸਤ ਝੋਲੀ ਪਾਈਆ। ਏਕਾ ਵਾਰ ਭਰੇ ਖਾਤ, ਘਾਟਾ ਕੋਇ ਨਜ਼ਰ ਨਾ ਆਈਆ। ਏਕਾ ਵਾਰ ਚੁਕਾਏ ਵਾਟ, ਪਾਂਧੀ ਪੰਧ ਆਪ ਮੁਕਾਈਆ । ਏਕਾ ਵਾਰ ਬਹਾਏ ਸਾਚੀ ਖਾਟ, ਸਾਚੀ ਗੋਦੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੱਖਣ ਦਿਸ਼ਾ ਭਗਤ ਦੁਆਰਾ ਲੋਕਮਾਤ ਲਏ ਪਰਗਟਾਈਆ। ਲੋਕਮਾਤ ਸਚ ਦੁਆਰ ਬਨੌਣਾ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਸਚ ਸਿੰਘਾਸਣ ਆਸਣ ਲੌਣਾ, ਆਸਾ ਮਨਸਾ ਪੂਰ ਕਰਾਇੰਦਾ। ਗੁਰਮੁਖ ਸਾਚੇ ਆਪ ਮਿਲੌਣਾ, ਆਪ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਤ ਵਾਰ ਇਕ ਜਣਾਇੰਦਾ। ਥਿਤ ਵਾਰ ਨਿਰਗੁਣ ਸਰਗੁਣ, ਦੋਏ ਦੋਏ ਰੂਪ ਸਮਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਾਏ ਬਣ, ਆਦਿ ਅੰਤ ਭੇਵ ਨਾ ਰਾਈਆ। ਆਦਿ ਅੰਤ ਏਕਾ ਸਿਫਰਾ ਨਾ ਕੋਈ ਕੰਨ, ਅੰਕ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਕਤ ਦਏ ਸਮਝਾਈਆ। ਦੋਆ ਸਿਫਰਾ ਨਿਰਗੁਣ ਧਾਰ, ਸਿਫ਼ਰ ਸਿਫ਼ਰ ਵਿਚ ਸਮਾਈਆ। ਸਿਫਰਿਉਂ ਹੋਇਆ ਏਕੰਕਾਰ, ਏਕਾ ਕਲ ਵਰਤਾਈਆ। ਅੱਠਾਂ ਤੱਤਾਂ ਕਰੇ ਪਿਆਰ, ਏਕਾ ਆਠਾ ਨਾਲ ਰਲਾਈਆ। ਦੋਆ ਸਿਫ਼ਰਾ ਏਕਾ ਆਠਾ ਚਾਰ ਯੁਗ ਦਾ ਚੁੱਕੇ ਭਾਰ, ਚਾਰੇ ਅੰਕ ਦਏ ਗਣਾਈਆ। ਵੀਹ ਸੌ ਅਠਾਰਾਂ ਬਿਕਰਮੀ ਹੋ ਉਜਿਆਰ, ਏਕਾ ਨਾਏਂ ਨਾਲ ਮਿਲਾਈਆ। ਏਕੰਕਾਰਾ ਕਰ ਪਸਾਰ, ਨੌਂ ਦੁਆਰੇ ਖੋਜ ਖੁਜਾਈਆ। ਨੌਂ ਖੰਡ ਬੋਲ ਜੈਕਾਰ, ਨੌਂ ਦਰ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਸਮਝਾਈਆ। ਏਕਾ ਨਾਇਆਂ ਇਕੋ ਉਨੀ, ਇਕ ਨੌਂ ਮੇਲ ਮਿਲਾਇਆ। ਕਬੀਰ ਤੇਰੀ ਆਸਾ ਪੁੰਨੀ, ਪੂਰਨ ਆਸਾ ਦਏ ਕਰਾਇਆ। ਕਲਜੁਗ ਰੈਣ ਇਕੋ ਭਿੰਨੀ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਉਨੀ ਵਾਰ ਖੇਲ ਅਪਾਰਾ, ਥਿਤ ਆਪ ਜਣਾਈਆ। ਕੱਕਾ ਕਰਮ ਨਾ ਟਲੇ ਵਿਚ ਸੰਸਾਰਾ, ਤੱਤਾ ਤਲਬ ਨਾ ਕੋਇ ਵਖਾਈਆ। ਕੱਕਾ ਰੋਵੇ ਜ਼ਾਰੋ ਜ਼ਾਰਾ, ਛੇਵੇਂ ਘਰ ਪਈ ਦੁਹਾਈਆ। ਹਾਹਾ ਹੱਸੇ ਮਾਰੇ ਨਾਅਰਾ, ਪੰਚਮ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਉਨੀ ਕੱਤਕ ਬੀਸ ਅਠਾਰਾਂ, ਹਰਿ ਜੂ ਖੇਲ ਰਚਾਇਆ। ਕਰੇ ਖੇਲ ਅਗੰਮ ਅਪਾਰਾ, ਅਗੰਮੜੀ ਧਾਰ ਚਲਾਇਆ। ਲੋਕਮਾਤ ਬਣੇ ਮੁਨਾਰਾ, ਭਗਤ ਦੁਆਰਾ ਨਾਉਂ ਰਖਾਇਆ। ਪੁਰਖ ਅਬਿਨਾਸ਼ੀ ਸੇਵਾਦਾਰਾ, ਸਾਚੀ ਸੇਵ ਕਮਾਇਆ। ਕਬੀਰ ਵੇਖੇ ਹਰਿ ਨਜ਼ਾਰਾ, ਨੇਤਰ ਨੈਣ ਖੁਲ੍ਹਾਇਆ। ਤੇਰੀ ਰਹਿਮਤ ਮੇਰੇ ਪਰਵਰਦਿਗਾਰਾ, ਤੇਰਾ ਭੇਵ ਕਿਸੇ ਨਾ ਪਾਇਆ। ਵਾਜਾਂ ਮਾਰੇ ਆਪਣਿਆਂ ਯਾਰਾ, ਉਠੋ ਇਕੋ ਰਿਹਾ ਸਮਝਾਇਆ। ਪਾਰਬ੍ਰਹਮ ਕੀ ਕਰੇ ਕਾਰਾ, ਲੋਕਮਾਤ ਵੇਸ ਵਟਾਇਆ। ਜਿਸ ਦੀ ਕੱਢਦੇ ਆਏ ਵਗਾਰਾ, ਸੋ ਬਣ ਵਗਾਰੀ ਸੇਵ ਕਮਾਇਆ। ਜਿਸ ਦਾ ਲੌਂਦੇ ਆਏ ਨਾਅਰਾ, ਸੋ ਭਗਤਾਂ ਨਾਅਰਾ ਰਿਹਾ ਲਗਾਇਆ। ਜਿਸ ਦੀਆਂ ਗੌਂਦੇ ਆਏ ਵਾਰਾ, ਸੋ ਭਗਤਾਂ ਵਾਰਾਂ ਰਿਹਾ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਚਾਇਆ। ਉਠੋ ਭਗਤੋ ਜਾਓ ਜਾਗ, ਕਬੀਰ ਹਲੂਣਾ ਰਿਹਾ ਲਗਾਈਆ। ਜਿਸ ਨੂੰ ਕਹਿੰਦੇ ਰਹੇ ਸਾਡਾ ਸਾਕ, ਸੋ ਲੋਕਮਾਤ ਫੇਰਾ ਪਾਈਆ। ਜਿਸ ਨੂੰ ਮੰਨ ਕੇ ਬੈਠੇ ਪਾਕੀ ਪਾਕ, ਪਰਵਰਦਿਗਾਰ ਖ਼ੁਦਾਈਆ। ਜਿਸ ਨੂੰ ਕਹਿੰਦੇ ਰਹੇ ਲੁਕਿਆ ਸਾਡੀ ਜ਼ਾਤ, ਜ਼ਾਤ ਨਾਲ ਮਿਲਾਈਆ। ਸੋ ਕਲਜੁਗ ਵੇਖੋ ਜਨ ਭਗਤਾਂ ਦੇਵਣ ਗਿਆ ਦਾਤ, ਆਪਣਾ ਪੰਧ ਮੁਕਾਈਆ। ਨਾਲ ਰਲਿਆ ਇਕ ਰਵਿਦਾਸ, ਚੁਮਾਰ ਜਗਤ ਚਮਰੇਟੇ ਮਿਲੀ ਵਡਿਆਈਆ। ਲਿਖ ਲਿਖ ਲੇਖਾ ਕਰੇ ਹਾਸ ਬਲਾਸ, ਆਪਣੀ ਖ਼ੁਸ਼ੀ ਮਨਾਈਆ। ਨਾਲ ਰਲਾਇਆ ਇਕ ਗੁਰਦਾਸ, ਗੁਰ ਗੁਰ ਬੂਝ ਬੁਝਾਈਆ। ਮੈਨੂੰ ਦੱਸ ਕੇ ਗਿਆ ਖਾਸ, ਮੈਂ ਲੋਕਮਾਤ ਜਾਵਾਂ ਚਾਈਂ ਚਾਈਂਆ। ਬਿਨ ਗੋਪੀ ਪਾਵਾਂ ਰਾਸ, ਆਪਣਾ ਨਾਚ ਨਚਾਈਆ। ਬਿਨ ਦੀਪ ਕਰਾਂ ਪਰਕਾਸ਼, ਨਿਰਗੁਣ ਜੋਤ ਕਰ ਰੁਸ਼ਨਾਈਆ। ਬਿਨ ਭਗਤੀ ਵਸਾਂ ਪਾਸ, ਪੂਰਬ ਲਹਿਣਾ ਲੇਖੇ ਪਾਈਆ। ਮੇਰਾ ਭਗਤ ਨਾ ਹੋਏ ਉਦਾਸ, ਲੋਕਮਾਤ ਮਿਲੇ ਵਡਿਆਈਆ। ਆਪਣੀ ਹੱਥੀਂ ਖੋਲ੍ਹਾਂ ਜਾ ਕੇ ਤਾਕ, ਨੌਂ ਦੁਆਰੇ ਮਾਤ ਖੁਲ੍ਹਾਈਆ। ਆਪਣੇ ਵੇਲੇ ਪੁਛਾਂ ਜਾ ਕੇ ਵਾਤ, ਆਪਣਾ ਵਕਤ ਨਾ ਕਦੇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਕਬੀਰ ਕਹੇ ਉਠੋ ਬਲ ਧਾਰੋ, ਹਰਿ ਸਾਚੇ ਖੇਲ ਕਰਾਇਆ। ਲੋਕਮਾਤ ਲੱਗਾ ਸਚ ਦਰਬਾਰੋ, ਦਰਗਹਿ ਸਾਚੀ ਰੂਪ ਵਟਾਇਆ। ਚਲੋ ਚਲ ਕੇ ਕਰੋ ਨਿਮਸਕਾਰੋ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਜਾ ਕੇ ਮਿਲੋ ਸਚ ਪਰਵਾਰੋ, ਪੁਰਖ ਅਬਿਨਾਸ਼ੀ ਪਰਵਾਰ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਇਆ। ਸੁਣੋ ਸੰਦੇਸ਼ਾ ਮੇਰੇ ਮੀਤ, ਮਿੱਤਰ ਪਿਆਰਾ ਆਪ ਸੁਣਾਈਆ। ਸਚਖੰਡ ਬੈਠੇ ਸੁਣੋ ਗੀਤ, ਜਨ ਭਗਤਾਂ ਲੋਕਮਾਤ ਹਰਿ ਗਾਈਆ। ਜਿਸ ਨੇ ਢੌਣਾ ਮੰਦਰ ਮਸੀਤ, ਸੋ ਮੰਦਰ ਲਏ ਬਣਾਈਆ। ਜਿਸ ਚਲੌਣੀ ਭਗਤਾਂ ਰੀਤ, ਤਿਸ ਦੇਵੇ ਮਾਣ ਵਡਿਆਈਆ। ਜਿਸ ਤਪਦੇ ਹਿਰਦੇ ਕਰਨੇ ਸੀਤ, ਸਾਂਤਕ ਸਤਿ ਵਰਤਾਈਆ। ਜਿਸ ਸੁਨੌਣੇ ਸੁਹਾਗੀ ਗੀਤ, ਢੋਲੇ ਸੱਚੇ ਮਾਹੀਆ। ਜਿਸ ਪੱਤਤ ਪਾਪੀ ਕਰਨੇ ਪੁਨੀਤ, ਦੁਰਮਤ ਮੈਲ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਾਰਜ ਆਪ ਰਚਾਈਆ। ਸਚਖੰਡ ਬੈਠੇ ਤੱਕੋ ਰਾਹ, ਹਰਿ ਜੂ ਆਖ ਸੁਣਾਇਆ। ਇਕ ਦੂਜੇ ਨਾਲ ਕਰੋ ਸਲਾਹ, ਸਾਚਾ ਬਚਨ ਜਣਾਇਆ। ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਸਾਹ ਰਿਹਾ ਸੁਧਾ, ਸਾਚੀ ਥਿਤ ਵਾਰ ਵਖਾਇਆ। ਏਕਾ ਵਾਰ ਦੇਵੇ ਸਰਬ ਪਨਾਹ, ਸਿਰ ਆਪਣਾ ਹੱਥ ਟਿਕਾਇਆ। ਜੋ ਦੀਸੇ ਹੋਏ ਫਨਾਹ, ਨਾ ਸਕੇ ਕੋਇ ਬਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਜਣਾਇਆ। ਧੁਰ ਫ਼ਰਮਾਣਾ ਰਿਹਾ ਘੱਲ, ਘੜੀ ਪਲ ਨਾ ਕੋਇ ਜਣਾਈਆ। ਇਕ ਦੂਜੇ ਨਾਲ ਬਹੋ ਰਲ, ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਵੇਲੇ ਲਏ ਬੁਲਾਈਆ। ਆਪਣਾ ਵੇਲਾ ਹਰਿ ਜਨੌਣਾ, ਬਿਨ ਅੱਖਰ ਕਰ ਪੜ੍ਹਾਈਆ। ਪਹਿਲੋਂ ਭਗਤ ਦੁਆਰ ਬਨੌਣਾ, ਲੋਕਮਾਤ ਕਰ ਰੁਸ਼ਨਾਈਆ। ਸਚ ਸਿੰਘਾਸਣ ਇਕ ਸੁਹੌਣਾ, ਤਖ਼ਤ ਨਿਵਾਸੀ ਸੋਭਾ ਪਾਈਆ। ਛੱਤੀ ਧਾਰ ਲੇਖੇ ਲੌਣਾ, ਛੱਤੀ ਛੱਤੀ ਲਏ ਪਰਨਾਈਆ। ਨੇਤਰ ਨੈਣ ਜਿਸ ਦਰਸ਼ਨ ਪਾਉਣਾ, ਤਿਸ ਦੀਦ ਈਦ ਚੰਦ ਚੜ੍ਹਾਈਆ। ਚਰਨ ਕਵਲ ਜਿਸ ਸੀਸ ਝੁਕੌਣਾ, ਤਿਸ ਮਿਲੇ ਸਚ ਸ਼ਰਨਾਈਆ। ਸੋਹੰ ਢੋਲਾ ਜਿਸ ਨੇ ਗੌਣਾ, ਤਿਸ ਚੋਲਾ ਦਏ ਬਦਲਾਈਆ। ਹੌਲਾ ਭਾਰ ਆਪ ਕਰੌਣਾ, ਸਿਰ ਆਪਣੇ ਭਾਰ ਉਠਾਈਆ। ਕੀਤਾ ਕੌਲ ਪੂਰ ਨਿਭੌਣਾ, ਕਬੀਰ ਜੁਲਾਹਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਲਿਖਾਈਆ। ਸਾਚਾ ਲੇਖਾ ਲਿਖੇ ਕਰਤਾਰ, ਆਪਣਾ ਕਰਮ ਕਮਾਈਆ । ਛੱਬੀ ਪੋਹ ਦਿਵਸ ਵਿਚਾਰ, ਦੇਵੇ ਵਡ ਵਡੀ ਵਡਿਆਈਆ। ਚਾਰ ਯੁਗ ਦੇ ਵਿਛੜੇ ਸੱਦੇ ਯਾਰ, ਭਗਤ ਭਗਤਾਂ ਨਾਲ ਮਿਲਾਈਆ। ਜੋ ਆ ਕੇ ਬੋਲੇ ਕਬੀਰ ਪੁਕਾਰ, ਸੋ ਲੇਖਾ ਦਏ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਦਏ ਵਡਿਆਈਆ। ਸਚ ਦੁਆਰਾ ਸਾਚਾ ਘਰ, ਘਰ ਮੰਦਰ ਆਪ ਸੁਹਾਇੰਦਾ। ਜਿਸ ਅੰਦਰ ਵੜਿਆਂ ਚੁੱਕੇ ਡਰ, ਜਗਤ ਭੈ ਨਾ ਕੋਇ ਵਖਾਇੰਦਾ। ਜਿਸ ਮਿਲਿਆਂ ਜੀਵਤ ਜਾਈਏ ਮਰ, ਮਰ ਜੀਵਣ ਏਕਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸਚ ਅਟਾਰੀ, ਅਟੱਲ ਨਾਮ ਰਖਾਇਆ। ਕਲਜੁਗ ਅੰਤ ਆਈ ਵਾਰੀ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਚੌਥੇ ਯੁਗ ਦੀ ਸਾਚੀ ਯਾਰੀ, ਅਠਾਰਾਂ ਚੌਕੇ ਬਹੱਤਰਾਂ ਨਾਲ ਮਿਲਾਈਆ। ਖਿੱਚੀ ਤੰਦ ਏਕਾ ਵਾਰੀ, ਬਿਨ ਤੰਦੀ ਤਾਰ ਹਲਾਇਆ। ਸਾਹਿਬ ਬਖ਼ਸ਼ੰਦ ਜੋਤ ਨਿਰੰਕਾਰੀ, ਨਿਰਗੁਣ ਆਪਣਾ ਖੇਲ ਖਲਾਇਆ। ਜਨ ਭਗਤਾਂ ਉਤੋਂ ਜਾਏ ਆਪ ਬਲਿਹਾਰੀ, ਜਿਨ੍ਹਾਂ ਹਰਿ ਜੂ ਮਾਤ ਬੁਲਾਇਆ । ਬਿਨ ਹਰਿ ਜੂ ਕਰੇ ਨਾ ਕੋਇ ਸੱਚੀ ਦਾਰੀ, ਔਖਦ ਨਾਮ ਨਾ ਕੋਇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰੀ । ਅਗੰਮ ਅਪਾਰ ਖੇਲ ਖਲੰਦੜਾ, ਖੇਲਣਹਾਰ ਪੁਰਖ ਅਕਾਲ। ਜਨ ਭਗਤ ਦੁਆਰਾ ਇਕ ਸੁਹੰਦੜਾ, ਆਪੇ ਘਾਲੇ ਸਾਚੀ ਘਾਲ। ਬਣ ਸੇਵਕ ਸੇਵ ਕਮੰਦੜਾ, ਕਰੇ ਸੇਵਾ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰਹੇ ਸਦਾ ਖ਼ੁਸ਼ਹਾਲ। ਖ਼ੁਸ਼ਹਾਲ ਰਹੇ ਖ਼ੁਸ਼ਹਾਲਾ, ਖ਼ੁਸ਼ੀ ਖ਼ੁਸ਼ੀ ਨਾਲ ਮਿਲਾਈਆ । ਖ਼ੁਸ਼ੀ ਵੇਖੇ ਸਿੰਘ ਪਾਲਾ, ਘਰ ਸਾਚੇ ਵੱਜੇ ਵਧਾਈਆ। ਵੱਜੇ ਵਧਾਈ ਵਜਾਏ ਦੀਨ ਦਿਆਲਾ, ਜਗਤ ਜਗਦੀਸ਼ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਰਖਾਈਆ। ਵੱਜੀ ਵਧਾਈ ਕਰਿਆ ਹਿੱਤ, ਆਪਣਾ ਹਿੱਤ ਜਣਾਇਆ। ਬਾਲੇ ਮਿਲਿਆ ਇਕੋ ਮਿੱਤ, ਮੀਤ ਮੁਰਾਰਾ ਸਹਿਜ ਸੁਖਦਾਇਆ। ਆਦਿ ਜੁਗਾਦੀ ਸੱਚਾ ਪਿੱਤ, ਸਾਚੀ ਗੋਦ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇਆ। ਸਾਚਾ ਖੇਲ ਭਗਤ ਦੁਆਰ, ਭਾਵੀ ਭਗਤਾਂ ਆਪ ਮਿਟਾਈਆ। ਜੋ ਰਾਵੀ ਰੁੜ੍ਹਿਆ ਜਲ ਧਾਰ, ਰਵੀ ਆਪਣਾ ਰੰਗ ਵਖਾਈਆ। ਸਾਵਲ ਸੁੰਦਰ ਮੀਤ ਮੁਰਾਰ, ਕਵਲ ਨੈਣ ਵਡਿਆਈਆ। ਰਹਿਬਰ ਹੋਏ ਦਸਤ ਬਰਦਾਰ, ਆਪਣਾ ਦਸਤ ਮਿਲਾਈਆ। ਬੇਖਬਰ ਹੋਇਆ ਖਬਰਦਾਰ, ਖਬਰ ਲਏ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਬਰੂ ਰਿਹਾ ਵਧਾਈਆ। ਭਗਤਾਂ ਆਬਰੂ ਨਾਮ ਤਾਕਤ, ਲੋਕਲਾਜ ਰਖਾਇੰਦਾ। ਮੇਟ ਮਿਟਾਏ ਦੁਸ਼ਟ ਨਾਸਤਕ, ਨਸ਼ਟ ਸਰਬ ਕਰਾਇੰਦਾ। ਹਰਿਜਨ ਵੇਖੇ ਇਕੋ ਆਸਤਕ, ਅਸਥਲ ਘਰ ਬਹਾਇੰਦਾ। ਨੂਰ ਨੁਰਾਨੀ ਜੋਤ ਪਰਕਾਸ਼ਤ, ਪਰਕਾਸ਼ ਰੂਪ ਵਟਾਇੰਦਾ। ਸੂਰਤ ਸੱਚੀ ਇਕੋ ਸਾਬਤ, ਸਾਬਰ ਆਪਣਾ ਆਪ ਵਖਾਇੰਦਾ। ਮੁਰੀਦਾਂ ਮੁਰਸ਼ਦ ਕਰੇ ਤੁਆਕਬ, ਆਪ ਆਪਣੀ ਮੰਜ਼ਲ ਚੁਕਾਇੰਦਾ। ਲੋਕਮਾਤ ਕਰੇ ਅਬਾਦਤ, ਸਜਦਾ ਸੀਸ ਆਪ ਝੁਕਾਇੰਦਾ । ਜਨ ਜਨ ਕਰੇ ਸਚ ਰਫ਼ਾਕਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਆਪ ਮਿਲੌਣਾ ਕਿਰਪਾ ਕਰ, ਆਪਣੀ ਦਇਆ ਕਮਾਈਆ। ਆਪੇ ਦਿਤਾ ਆਪਣਾ ਵਰ, ਆਪੇ ਵੇਖ ਵਖਾਈਆ। ਆਪੇ ਗੁਰਮੁਖ ਸੱਜਣ ਲਏ ਫੜ, ਵਾਰੋ ਵਾਰੀ ਲਏ ਜਗਾਈਆ। ਆਪੇ ਰਾਤੀਂ ਸੁਤਿਆਂ ਅੰਦਰ ਜਾਏ ਵੜ੍ਹ, ਆਪਣਾ ਕੁੰਡਾ ਆਪੇ ਲਾਹੀਆ। ਆਪੇ ਸੁਰਤ ਸਵਾਣੀ ਲਏ ਫੜ, ਸ਼ਬਦੀ ਕੰਤ ਮਨਾਈਆ। ਆਪੇ ਆਪਣੀ ਬਾਣੀ ਲਏ ਪੜ੍ਹ, ਆਪੇ ਖਾਣੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਖੇਲ ਕਰਾਈਆ। ਆਦਿ ਜੁਗਾਦਿ ਜਾਣੇ ਅੰਤ, ਅੰਤ ਖੇਲ ਕਰਾਇਆ। ਪਰਗਟ ਜੋਤ ਸ੍ਰੀ ਭਗਵੰਤ, ਨਿਰਗੁਣ ਨੂਰ ਡਗਮਗਾਈਆ। ਗੁਰਮੁਖ ਨਾਰੀ ਮੇਲੇ ਸਾਚੇ ਕੰਤ, ਕੰਤ ਕੰਤੂਹਲ ਹੋਏ ਸਹਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਗੜ੍ਹ ਤੋੜੇ ਹਉਂਮੇ ਹੰਗਤ, ਨਿਵਣ ਸੁ ਅੱਖਰ ਇਕ ਸਮਝਾਇਆ। ਜੋ ਮਿਲੇ ਸਾਚੀ ਸੰਗਤ, ਅੰਤਮ ਨਾਲ ਕਬੀਰੇ ਦਏ ਬਹਾਇਆ। ਜਿਉਂ ਸੰਮਤ ਸੋਲਾਂ ਬਣਾਈ ਪੰਗਤ, ਸਚਖੰਡ ਦੁਆਰੇ ਸਾਚੀ ਵਸਤ ਦਏ ਵਰਤਾਇਆ। ਨਾਤਾ ਤੋੜੇ ਜ਼ੇਰਜ ਅੰਡਜ, ਉਤਭੁਜ ਸੇਤਜ ਭੇਵ ਚੁਕਾਇਆ। ਭਗਤ ਭਗਵਾਨ ਬਿਨ ਦੂਜੇ ਦਰ ਨਾ ਹੋਏ ਮੰਗਤ, ਨਾ ਕੋਈ ਭਿਛਿਆ ਦਏ ਵਰਤਾਇਆ। ਚਾਰ ਕੁੰਟ ਹਰਿ ਜੂ ਕਲਜੁਗ ਅੰਤਮ ਕੀਤੇ ਸਾਰੇ ਨੰਗਤ, ਆਪਣਾ ਪਰਦਾ ਆਪਣੇ ਉਤੇ ਸਕੇ ਨਾ ਕੋਈ ਪਾਇਆ। ਰਸਨਾ ਕਹਿ ਕਹਿ ਸੁਣਾਉਂਦੇ ਜੰਤ, ਜੀਵ ਜੰਤਾਂ ਗੀਤ ਸੁਣਾਇਆ। ਆਪਣਾ ਕੋਈ ਨਾ ਜਾਣੇ ਅੰਤ, ਕਵਣ ਵੇਲੇ ਹੋਏ ਸਫ਼ਾਇਆ। ਘਰ ਘਰ ਫੜ ਫੜ ਬੈਠੇ ਨਾਮ ਧਨਖ, ਮਨ ਰਾਵਣ ਰਹੇ ਮਿਟਾਇਆ। ਬਿਨ ਨਾਮੋਂ ਝੂਠੀ ਚੜ੍ਹੀ ਅਣਖ, ਆਪਣੀ ਅਣਖ ਰਹੇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖ ਵਖਾਇਆ। ਆਪਣੀ ਕੀਤੀ ਨਾ ਕਿਸੇ ਕਲਿਆਣ, ਕਾਇਆ ਕਸ਼ਟ ਨਾ ਕੋਇ ਗਵਾਈਆ। ਦੂਜੇ ਵਲ ਕੀ ਕਰਨ ਧਿਆਨ, ਜਿਸ ਧਿਆਇਆਂ ਹੱਥ ਨਾ ਆਈਆ। ਅੱਠੇ ਪਹਿਰ ਅੰਦਰ ਵੜਿਆ ਰਹੇ ਸ਼ੈਤਾਨ, ਸ਼ਰਅ ਸ਼ੈਤਾਨ ਕਰੇ ਲੜਾਈਆ। ਪੜ੍ਹਿਆਂ ਆਵੇ ਨਾ ਕਿਸੇ ਗਿਆਨ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜਿਸ ਉਪਰ ਹੋਏ ਆਪ ਮਿਹਰਵਾਨ, ਸਿਰ ਆਪਣਾ ਹੱਥ ਟਿਕਾਈਆ। ਸਰਬ ਜੀਆਂ ਦਾ ਇਕ ਭਗਵਾਨ, ਇਕੋ ਵਾਰ ਸਰਬ ਦਏ ਸਮਝਾਈਆ। ਵਿਸ਼ਵ ਰਸਨਾ ਨਾਲ ਗਾਣ, ਨੇਤਰ ਵਿਸ਼ਵ ਰੂਪ ਵੇਖਣ ਵਿਚ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਨਟੂਆ ਨਾਟਕ ਆਪਣਾ ਆਪ ਵਖਾਈਆ। ਦੱਖਣ ਦਿਸ਼ਾ ਡੂੰਘਾ ਖਾਤ, ਹਰਿ ਜੂ ਆਪ ਬਣਾਇਆ। ਜੁਗ ਜੁਗ ਵਾਰੀ ਵਾਰੀ ਖੋਲ੍ਹੇ ਤਾਕ, ਗੁਰ ਅਵਤਾਰ ਬਾਹਰ ਲਏ ਕਢਾਇਆ। ਫੜ ਫੜ ਫੇਰ ਉਹਦੇ ਵਿਚ ਰੱਖੇ ਢਾਕ, ਉਪਰ ਆਪਣਾ ਪਰਦਾ ਪਾਇਆ। ਉਪਰ ਬੈਠਾ ਸੁਣੌਂਦਾ ਰਿਹਾ ਵਾਕ, ਸਚ ਸੰਦੇਸ਼ਾ ਇਕ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹਿੱਸਾ ਆਪ ਵੰਡਾਇਆ। ਦੱਖਣ ਦਿਸ਼ਾ ਨਾਉਂ ਬੇ ਦਰ, ਵੇਦ ਕਤੇਬ ਭੇਵ ਨਾ ਰਾਈਆ। ਰਸੂਲ ਮਸੂਲ ਦੇ ਨਾ ਸਕੇ ਚੜ੍ਹ, ਕਬੂਲ ਸ਼ਰਅ ਨਾ ਕੋਇ ਕਰਾਈਆ। ਮਕਤੂਲ ਕਾਤਲ ਦੋਵੇਂ ਨਾ ਸਕੇ ਫੜ, ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਅੰਦਰ ਸਕੇ ਨਾ ਵੜ, ਜਬ ਤੱਕ ਆਪਣੀ ਦਇਆ ਨਾ ਆਪ ਕਮਾਈਆ। ਜਿਸ ਨੂੰ ਲਿਖਾਇਆ ਦਰ ਬਦਰ, ਸੋ ਦਰ ਦਖਸ਼ਨ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਸਮੇਂ ਆਜ਼ਮ ਆਜ਼ਮ ਤਾਰੀਫ਼ ਤੁਲਬਾ ਤਾਲਬ ਪੜ੍ਹਾਈਆ। ਖ਼ੁਦਾ ਕਾ ਨਾਉਂ ਬੜਾ ਸ਼ਰੀਫ਼, ਸੁਣਨ ਬੋਲਣ ਵਿਚ ਨਾ ਆਈਆ । ਵੇਖਣ ਵਿਚ ਬੜਾ ਬਰੀਕ, ਨਜ਼ਰ ਨਾ ਕੋਇ ਟਿਕਾਈਆ। ਕਦੇ ਨਾ ਬਣੇ ਕਿਸੇ ਦਾ ਸ਼ਰੀਕ, ਸ਼ਰਅ ਬਣ ਨਾ ਕਰੇ ਲੜਾਈਆ। ਇਕ ਖ਼ੁਦਾਏ ਸਚ ਤੌਫ਼ੀਕ, ਤੌਬਾ ਕਰੇ ਖ਼ੁਦਾਈਆ। ਕੁਰਾਨ ਅੰਜੀਲ ਸਰਬ ਹਦੀਸ, ਹਦਾਇਤ ਗਿਆ ਸੁਣਾਈਆ। ਕੋਈ ਕਹੇ ਯਾ ਅਬਲੀਸ, ਅਲੀ ਅੱਲਾ ਨਾਅਰਾ ਕੋਇ ਲਗਾਈਆ। ਨਬੀ ਰਸੂਲਾਂ ਵਖਾਏ ਸਯਦਾ ਝੁਕਾਏ ਸੀਸ, ਆਪਣੇ ਚਰਨ ਕਵਲ ਸ਼ਰਨਾਈਆ। ਆਪਣੀ ਕਲਾਮ ਕਿਸੇ ਨੂੰ ਕਰ ਕੇ ਨਾ ਦਿਤੀ ਵਸੀਅਤ, ਵਸੀਕਾ ਨਵੀਸ਼ ਬਣ ਨਾ ਕਰੀ ਲਿਖਾਈਆ। ਸੱਭ ਨੂੰ ਦੇਂਦਾ ਰਿਹਾ ਨਸੀਹਤ, ਜੋ ਲੋਕਮਾਤ ਘਲਾਈਆ। ਆਪਣੀ ਲੁਕਾ ਕੇ ਬੈਠਾ ਰਿਹਾ ਅਸਲੀਅਤ, ਅਸਲ ਰੂਪ ਨਾ ਕਿਸੇ ਵਖਾਈਆ। ਖ਼ੁਦਾਵੰਦ ਕਰੀਮ ਆਪਣੀ ਆਦਿ ਜੁਗਾਦਿ ਰੱਖੇ ਇਕੋ ਕਾਬਲੀਯਤ, ਕਿਬਲੇ ਕਾਅਬਾ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਜਣਾਈਆ। ਨਾਂ ਲਓ ਪਾਓ ਰੌਲਾ, ਭਲਾ ਲੁਕਿਆ ਛਿਪਿਆ ਜੇ ਬੌਹੜ ਪਏ ਮੌਲਾ, ਮੌਲਾ ਰੂਪ ਵਟਾਓ। ਜੋ ਕਰ ਕੇ ਗਿਆ ਆਪਣਾ ਕੌਲਾ, ਮੁਹੰਮਦ ਇਕ ਸਮਝਾਓ। ਜਿਸ ਨੇ ਸਭ ਦੇ ਸਿਰ ਵਿਚ ਮਾਰਨਾ ਪੌਲਾ, ਬੇਐਬ ਨਾਮ ਖ਼ੁਦਾਓ। ਮੁਰੀਦਾਂ ਕਰੇ ਭਾਰ ਹੌਲਾ, ਮੁਰਸ਼ਦ ਆਪੇ ਪਕੜੇ ਬਾਹੋਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਚਲੇ ਆਪਣੇ ਰਾਹੋ। ਭਗਵਾਨ ਕੋਲੋਂ ਰੋਕਣ ਸੰਤ, ਗੁਰਸਿਖ ਮਿਲਣ ਕੋਇ ਨਾ ਜਾਈਆ। ਮੈਥੋਂ ਵਿਛੜਿਆ ਮੇਰਾ ਕੰਤ, ਦੂਜਾ ਹੋਰ ਨਾ ਕੋਇ ਹੰਢਾਈਆ। ਮੈਂ ਲਹਿਣਾ ਦੇਣਾ ਦੇਣਾ ਜੀਵ ਜੰਤ, ਜੋ ਮੇਰੇ ਸਿਰ ਭਾਰ ਰਹੇ ਚੁਕਾਈਆ। ਅੰਤ ਕਿਸੇ ਨਾ ਮੰਨਣੀ ਮਿੰਨਤ, ਨਿਉਂ ਨਿਉਂ ਢਹਿ ਢਹਿ ਪਏ ਸਰਨਾਈਆ। ਪੁਰਖ ਅਬਿਨਾਸ਼ੀ ਲੇਖਾ ਮੰਗੇ ਗਣਤ, ਅਗਣਤ ਗਿਣ ਗਿਣ ਲੇਖਾ ਨਾ ਕੋਇ ਚੁਕਾਈਆ। ਸਚ ਦੱਸੋ ਕਿਹਨੂੰ ਕਹਿੰਦੇ ਸੰਤ, ਕਵਣ ਸੰਤ ਜੋ ਹਰਿ ਸਤਿਗੁਰ ਝੱਲੇ ਜੁਦਾਈਆ। ਭਗਵਾਨ ਪਾਸ ਨਾ ਜਾਣਾ ਸਿੱਖ, ਕਲਜੁਗ ਸੰਤ ਕਰਨ ਪੜ੍ਹਾਈਆ। ਵੇਖਿਓ ਤੁਹਾਡਾ ਲੇਖਾ ਦੇਵੇ ਨਾ ਲਿਖ, ਲੱਖ ਚੁਰਾਸੀ ਦਏ ਕਟਾਈਆ। ਅਸੀਂ ਬਣ ਕੇ ਬੈਠੇ ਬੜੇ ਢੀਠ, ਪ੍ਰਭ ਕੋਲੋਂ ਆਪਣਾ ਮੁਖ ਭੁਵਾਈਆ। ਤੁਸੀਂ ਵੀ ਕਰ ਲਓ ਉਹਦੇ ਵਲ ਪੀਠ, ਤੁਹਾਡਾ ਮੁਖੜਾ ਨਜ਼ਰ ਨਾਲ ਨਾ ਨਜ਼ਰ ਮਿਲਾਈਆ। ਤੁਸੀਂ ਗਾਓ ਮੇਰੇ ਗੀਤ, ਮੈਂ ਆਇਆ ਸੱਚਾ ਮਾਹੀਆ। ਮੇਰਾ ਅੰਦਰ ਨਾ ਵੇਖਣਾ ਬਣਿਆ ਪਲੀਤ, ਪਵਿੱਤਰ ਰੂਪ ਨਾ ਕੋਇ ਵਟਾਈਆ। ਮੈਂ ਸੁਣਿਆਂ ਨਹੀਂ ਵੇਖਿਆ ਅਨਡੀਠ, ਕਵਣ ਦੁਆਰੇ ਬੈਠਾ ਆਸਣ ਲਾਈਆ। ਪੜ੍ਹ ਪੜ੍ਹ ਕੇ ਸੁਣਾਵਾਂ ਗੀਤ, ਅਗਲਾ ਲੇਖਾ ਨਾ ਕੋਇ ਚੁਕਾਈਆ। ਚਾਹੇ ਹਾਰੋ ਚਾਹੇ ਜਾਓ ਜੀਤ, ਤੁਹਾਡੇ ਕਰਮ ਤੁਹਾਡੀ ਦੇਣ ਗਵਾਹੀਆ। ਸਤਿਗੁਰ ਪੂਰਾ ਬਿਨ ਕਰਮਾਂ ਕਰੇ ਠੰਡਾ ਸੀਤ, ਕੁਕਰਮ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਝੂਠੀ ਖੇਡ ਰਚਾਈਆ। ਅਦਾਲਤ ਕਰੇ ਸਦਾ ਅਦਲੀ, ਅਦਲ ਆਪਣੇ ਹੱਥ ਰਖਾਇੰਦਾ। ਸਿੰਘ ਸੰਗਤ ਕੋਲੋਂ ਜਿਸ ਕੀਤੀ ਬਦਲੀ, ਸਿੰਘ ਨਰੈਣ ਨਾਉਂ ਧਰਾਇੰਦਾ। ਕਿਆ ਕੋਈ ਪੰਡਤ ਪਾਂਧਾ ਵਾਚੇ ਪੱਤਰੀ ਸੁੱਟੇ ਸੰਗਲੀ, ਹਿਸਾਬ ਕਿਤਾਬ ਵਿਚ ਕਿਸੇ ਨਾ ਆਇੰਦਾ। ਜੋ ਗੜ੍ਹੀ ਚਮਕੌਰ ਬਣ ਕੇ ਨਿੱਕਲ ਗਿਆ ਜੰਗਲੀ, ਸੀਸ ਤੇਰੇ ਤਾਜ ਟਿਕਾਇੰਦਾ। ਸੋ ਸਾਹਿਬ ਲਾਏ ਉਂਗਲੀ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਸੱਚੇ ਦਰਬਾਰ ਕਿਆ ਕੋਈ ਕਰੇ ਚੁਗਲੀ, ਜਨ ਭਗਤਾਂ ਆਪਣਾ ਨਾਮ ਚੋਗ ਚੁਗਾਇੰਦਾ। ਕੋਈ ਰਹਿਣ ਨਾ ਦੇਵੇ ਸ਼ਹਿਨਸ਼ਾਹੀ ਮੁਗ਼ਲੀ, ਗ਼ਲਬਾ ਸਭ ਦੇ ਉਪਰ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਆਪ ਕਮਾਇੰਦਾ। ਸਚ ਅਦਾਲਤ ਕਰੇ ਕਰਤਾਰ, ਸੁਪਰੀਮ ਕੋਰਟ ਸੱਚਾ ਮਾਹੀਆ। ਗੁਰਮੁਖ ਬਰੀ ਕਰੇ ਵਿਚੋਂ ਸੰਸਾਰ, ਜਮਾਨਤ ਆਪਣੀ ਆਪ ਦਿਵਾਈਆ। ਵਕੀਲ ਦਲੀਲ ਦੋਨੋਂ ਗਏ ਹਾਰ, ਕਾਨੂੰਨ ਕਿਤਾਬ ਪਰਾਂ ਸੁਟਾਈਆ। ਛੋਟੀ ਜੱਜੀ ਵਾਲੇ ਹੋਏ ਸ਼ਰਮਸ਼ਾਰ, ਜੱਜ ਜਜ਼ਬਾ ਨਾ ਕੋਇ ਭਰਾਈਆ। ਤਹਰੀਰ ਕਰ ਖਾਰਜ ਦੇਵੇ ਪਾੜ, ਮੁਨਸਫ ਇਕੋ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਇਕ ਵਖਾਈਆ। ਸਚ ਅਦਾਲਤ ਸ੍ਰੀ ਭਗਵਾਨ, ਆਦਿ ਜੁਗਾਦਿ ਲਗਾਇੰਦਾ। ਕਿਸੇ ਮੁਚਲਕੇ ਉਪਰ ਨਾ ਲਾਏ ਕੋਇ ਨਿਸ਼ਾਨ, ਅਸ਼ਟਾਮ ਕਾਲਾ ਨਾ ਕੋਇ ਕਰਾਇੰਦਾ । ਕਿਸੇ ਕੋਲੋਂ ਨਾ ਕਰਾਏ ਕੋਈ ਪਛਾਣ, ਗਵਾਹ ਫੜ ਨਾ ਕੋਇ ਭੁਗਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਅਦਾਲਤ ਆਪਣਾ ਕਾਨੂੰਨ, ਗੁਰ ਅਵਤਾਰਾਂ ਮਜ਼ਬੂਨ ਆਪ ਸਿਖਾਇੰਦਾ। ਗੁਰ ਅਵਤਾਰਾਂ ਲਿਖਾਇਆ ਮਜ਼ਮੂਨ, ਮਜਮਾ ਆਪ ਬਣਾਈਆ। ਕੋਈ ਕਹੇ ਨੁਕਤਾ ਨੂਨ, ਕੋਈ ਨੂਨ ਗੁਨਾ ਰਿਹਾ ਗਾਈਆ। ਨਾਨਕ ਨਿਰਗੁਣ ਬੁਝਿਆ ਇਕ ਅਸੂਲ, ਅਸਲੀਯਤ ਗਿਆ ਸਮਝਾਈਆ। ਜੋ ਜਨ ਕਰੇ ਕਬੂਲ, ਤਿਸ ਦੇਵੇ ਆਪ ਸਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਇਕ ਰਖਾਈਆ। ਬਿਨ ਅਦਾਲਤ ਨਾ ਲੱਗੇ ਡੰਨ, ਜਗਤ ਵਿਕਾਰ ਨਾ ਕੋਇ ਮੁਕਾਈਆ। ਪਿਛਲਾ ਤੈਥੋਂ ਲਹਿਣਾ ਲੈਣਾ, ਅੱਗੇ ਝੋਲੀ ਨਾ ਕੋਇ ਰਖਾਈਆ। ਜਨਮ ਜਨਮ ਤੇਰਾ ਮੰਨਦੇ ਰਹੇ ਕਹਿਣਾ, ਤੇਰੀ ਸੇਵ ਕਮਾਈਆ। ਅਸੀਂ ਨਾਤਾ ਛੱਡਿਆ ਭਾਈ ਭੈਣਾਂ, ਸਾਕ ਸੱਜਣ ਤਜਾਈਆ। ਦਰਸ ਕਰ ਕਰ ਥੱਕੇ ਤੇਰੇ ਨੈਣਾਂ, ਆਪਣੀ ਖ਼ੁਸ਼ੀ ਮਨਾਈਆ। ਅਸਾਂ ਵੇਸ ਤਜਾਇਆ ਜਗਤ ਗਹਿਣਾ, ਤੇਰਾ ਪਿਆਰ ਹੰਢਾਈਆ। ਤੇਰਾ ਭਾਣਾ ਸਿਰ ਤੇ ਸਹਿਣਾ, ਤੇਰੀ ਚਲੇ ਹੁਕਮ ਰਜਾਈਆ। ਆਪਣੇ ਕੋਲੋਂ ਤੂੰ ਕੀ ਦੇਣਾ, ਸਾਡੀ ਵਸਤ ਸਾਡੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਲਹਿਣਾ ਰਿਹਾ ਮੁਕਾਈਆ। ਸਾਡੀ ਵਸਤ ਰੱਖ ਦੇ ਹੱਥ, ਹੱਥ ਆਪਣਾ ਰਹੇ ਵਖਾਈਆ। ਜੇ ਤੂੰ ਹੈਂ ਪੁਰਖ ਸਮਰਥ, ਕਿਉਂ ਸਾਡੀ ਵਸਤ ਲੁਕਾਈਆ। ਪਿੱਛੇ ਮਾਰਗ ਆਇਆ ਦੱਸ, ਹੁਣ ਕਿਉਂ ਬੈਠਾ ਮੁਖ ਛੁਪਾਈਆ। ਅੱਗੇ ਅਸੀਂ ਹੁੰਦੇ ਆਏ ਤੇਰੇ ਵਸ, ਹੁਣ ਤੈਨੂੰ ਆਪਣੇ ਵਸ ਰਖਾਈਆ। ਅੱਗੇ ਤੈਨੂੰ ਲੱਭਦੇ ਰਹੇ ਨੱਸ ਨੱਸ, ਹੁਣ ਤੈਨੂੰ ਆਪਣੇ ਘਰ ਭੁਵਾਈਆ। ਤੂੰ ਸਾਡੇ ਵਿਚ ਗਿਆ ਫਸ, ਅਸੀਂ ਘੇਰਾ ਪਾਇਆ ਸੱਚੇ ਮਾਹੀਆ। ਸਾਡੀ ਪੂਰੀ ਕਰ ਕੇ ਜਾਈਂ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਵਸਤ ਸਾਡੇ ਹੱਥ ਫੜਾਈਆ। ਸਾਡੀ ਦੇ ਦੇ ਪਿਛਲੀ ਦਾਤ, ਅੱਗੇ ਮੰਗ ਨਾ ਕੋਇ ਮੰਗਾਇਆ। ਤੇਰੇ ਚਰਨਾਂ ਰੱਖਿਆ ਇਕੋ ਨਾਤ, ਸਾਚਾ ਨਾਤਾ ਜੋੜ ਜੁੜਾਇਆ। ਤੇਰੇ ਪਿਛੇ ਰੋ ਰੋ ਕੱਟੀ ਅੰਧੇਰੀ ਰਾਤ, ਨੇਤਰ ਨੈਣਾਂ ਨੀਰ ਵਹਾਇਆ। ਤੇਰੀ ਗਾ ਗਾ ਥੱਕੇ ਗਾਥ, ਰਸਨਾ ਜਿਹਵਾ ਸੇਵ ਕਮਾਇਆ। ਧੰਨ ਭਾਗ ਤੂੰ ਦਿਤਾ ਸਾਥ, ਘਰ ਮਿਲਿਆ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਝੋਲੀ ਦੇ ਭਰਾਇਆ। ਪੁਰਖ ਅਬਿਨਾਸ਼ੀ ਗਿਆ ਡਰ, ਭਗਤਾਂ ਕੋਲੋਂ ਭੈ ਰਖਾਈਆ। ਚਾਰ ਯੁਗ ਮੈਂ ਵਲ ਛਲ ਰਿਹਾ ਕਰ, ਅਛੱਲ ਅਛਲ ਖੇਲ ਖਲਾਈਆ। ਕਲਜੁਗ ਅੰਤ ਬਿਨ ਡੋਰੀਉਂ ਗੁਰਸਿਖਾਂ ਲਿਆ ਫੜ, ਪ੍ਰੇਮ ਜ਼ੰਜੀਰ ਬੰਧਾਈਆ। ਚਾਰ ਕੁੰਟ ਕਿਹੜੀ ਗੁੱਠੇ ਜਾਵਾਂ ਵੜ, ਰਾਹ ਨਜ਼ਰ ਕੋਇ ਨਾ ਆਈਆ। ਗੁਰਮੁਖ ਅੱਗੇ ਬੈਠੇ ਅੜ, ਆਪਣਾ ਬਲ ਰਖਾਈਆ। ਚਾਰ ਯੁਗ ਤੇਰਾ ਨਾਉਂ ਥੱਕੇ ਪੜ੍ਹ ਪੜ੍ਹ, ਪੜ੍ਹਿਆਂ ਹੱਥ ਕਿਛ ਨਾ ਆਈਆ। ਜੇ ਤੁਠਾ ਆਪਣੀ ਕਿਰਪਾ ਕਰ, ਕਰ ਕਿਰਪਾ ਲੈ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਸਮਾਈਆ। ਗੁਰਸਿਖ ਨਾ ਮੂਲ ਡਰਾਉ, ਨਿਰਭੈ ਮੰਗ ਮੰਗਾਇੰਦਾ। ਤੁਹਾਡੇ ਮਿਲਣ ਦਾ ਮੈਨੂੰ ਚਾਓ, ਮੈਂ ਲੋਕਮਾਤ ਫੇਰਾ ਪਾਇੰਦਾ। ਕਰ ਦਰਸ ਜਨਮ ਜਨਮ ਦਾ ਦੁੱਖ ਮਿਟਾਓ, ਦੁੱਖ ਤੁਹਾਡਾ ਆਪਣੀ ਝੋਲੀ ਪਾਇੰਦਾ। ਹਰਿ ਸੰਗਤ ਮਿਲ ਮਿਲ ਗੀਤ ਗਾਓ, ਵਾਹਵਾ ਗੋਬਿੰਦ ਖੇਲ ਖਲਾਇੰਦਾ। ਜਿਸ ਦਾ ਨਾ ਕੋਈ ਪਿਤਾ ਨਾ ਕੋਈ ਮਾਉਂ, ਆਪ ਮਾਤਾ ਪਿਤਾ ਸਰਬ ਬਣ ਜਾਇੰਦਾ। ਤਿਸ ਨਿਉਂ ਨਿਉਂ ਲਾਗੋ ਪਾਉਂ, ਜੋ ਸਭ ਦੇ ਦੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲ ਗੁਰਮੁਖਾਂ ਖ਼ੁਸ਼ੀ ਮਨਾਇੰਦਾ। ਗੁਰਸਿਖ ਤੇਰੀ ਵਡੀ ਵਡਿਆਈ, ਬ੍ਰਹਮਾ ਵੇਤਾ ਲਿਖਣ ਨਾ ਪਾਈਆ। ਵੇਦ ਵਿਆਸ ਸੁੱਟੇ ਕਲਮ ਸ਼ਾਹੀ, ਆਪਣਾ ਬਲ ਨਾ ਕੋਇ ਧਰਾਈਆ। ਚਾਰ ਯੁਗ ਦੇਣ ਗਵਾਹੀ, ਹਰਿ ਭਗਤਾਂ ਹੋਏ ਸਹਾਈਆ। ਪਿੱਛੇ ਤਾਰਦਾ ਆਇਆ ਝੀਵਰ ਜੱਟ ਛੀਂਬੇ ਨਾਈ, ਕਬੀਰ ਜੁਲਾਹਾ ਨਾਲ ਮਿਲਾਈਆ। ਕਲਜੁਗ ਅੰਤਮ ਹਰਿਜਨ ਪਕੜੇ ਥਾਉਂ ਥਾਈਂ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਹਰਿ ਕਾ ਭੇਵ ਨਾ ਜਾਣੇ ਕੋਇ ਰਾਈ, ਕੀ ਲਹਿਣਾ ਝੋਲੀ ਪਾਈਆ। ਗੁਰਸਿਖਾਂ ਕੋਲੋਂ ਪੁੱਛਣ ਭੈਣ ਭਾਈ, ਕਵਣ ਮਿਲਿਆ ਤੈਨੂੰ ਜਗਤ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲ ਹਰਿਜਨ ਖ਼ੁਸ਼ੀ ਮਨਾਈਆ। ਹਰਿਜਨ ਤੇਰਾ ਵੱਡਾ ਦਰਬਾਰਾ, ਲੋਕਮਾਤ ਵੱਜੀ ਵਧਾਈਆ। ਨਿਰਗੁਣ ਆਏ ਚਲ ਨਿਰੰਕਾਰਾ, ਨਿਰਾਕਾਰ ਵੇਸ ਵਟਾਈਆ। ਬਿਨ ਗੁਰਸਿਖਾਂ ਨਾ ਦੇਵੇ ਕੋਈ ਸਹਾਰਾ, ਲੋਕਮਾਤ ਹੋਈ ਜੁਦਾਈਆ। ਬਿਨ ਭਗਤਾਂ ਨਾ ਦੇਵੇ ਕੋਈ ਭੰਡਾਰਾ, ਸਾਚੀ ਵਸਤ ਨਾ ਕੋਇ ਵਰਤਾਈਆ। ਹਰਿ ਸੰਗਤ ਕੋਲੋਂ ਮਿਲਿਆ ਇਕੋ ਪਿਆਰਾ, ਪ੍ਰੇਮ ਪਿਆਰ ਝੋਲੀ ਪਾਈਆ। ਪੁਰਖ ਅਬਿਨਾਸ਼ੀ ਬਣ ਵਣਜਾਰਾ, ਸਾਚਾ ਵਣਜ ਆਪ ਜਣਾਈਆ। ਪਿਛਲਾ ਕਰਜ਼ ਲੱਥਾ ਉਧਾਰਾ, ਮਕਰੂਜ਼ ਆਪਣਾ ਫ਼ਰਜ਼ ਪੂਰ ਕਰਾਈਆ। ਤੂਲ ਅਰਜ਼ ਪਾਰ ਕਿਨਾਰਾ, ਮਸੂਲ ਅੱਗੇ ਨਾ ਕੋਇ ਲਗਾਈਆ। ਕਬੂਲ ਹੋਏ ਸਚ ਦੁਆਰਾ, ਮਹਿਬੂਬ ਦਏ ਵਡਿਆਈਆ। ਯਾਕੂਬ ਕਰੇ ਨਿਮਸਕਾਰਾ, ਗੁਰਸਿਖ ਸੀਸ ਝੁਕਾਈਆ। ਅਬੂਤਰ ਆਪ ਮੰਗੇ ਬਣ ਭਿਖਾਰਾ, ਗੁਰਮੁਖ ਆਬ ਹਯਾਤ ਪਿਆਈਆ। ਬੇਤਾਬ ਹੋਇਆ ਸਰਬ ਸੰਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰਾ ਨਾਉਂ ਵਡਿਆਈਆ। ਤੇਰਾ ਨੇਤਰ ਨੀਰ ਵਰੋਲੇ, ਨੈਨਣ ਨੈਣ ਵਡਿਆਈਆ। ਤੇਰੇ ਬਦਲੇ ਤੇਰਾ ਪੀਰ ਬੋਲੇ, ਤੇਰੀ ਧਾਰ ਚਲਾਈਆ। ਜਿਸ ਨੂੰ ਕਹਿੰਦੇ ਰਹੇ ਲੁਕਿਆ ਰਹੇ ਉਹਲੇ, ਸੋ ਪਰਦਾ ਰਿਹਾ ਉਠਾਈਆ। ਜਿਸ ਦੇ ਗੌਂਦੇ ਰਹੇ ਢੋਲੇ, ਸੋ ਆਇਆ ਸੱਚਾ ਮਾਹੀਆ। ਜਿਸ ਦੇ ਮੌਲਿਆਂ ਸਭ ਜਗ ਮੌਲੇ, ਸੋ ਮੌਲਾ ਰੂਪ ਵਟਾਈਆ। ਗੁਰਮੁਖ ਉਧਾਰੇ ਭਾਲੇ ਭੋਲੇ, ਭੋਲੇ ਆਪਣੇ ਗਲੇ ਲਗਾਈਆ। ਪਹਿਲੋਂ ਆਪਣੇ ਕੰਡੇ ਤੋਲੇ, ਤੋਲਾ ਮਾਸ਼ਾ ਰਤੀ ਨਾ ਕੋਇ ਪਾਈਆ । ਆਪਣੀ ਵਸਤ ਰੱਖੇ ਆਪਣੇ ਕੋਲੇ, ਦੂਜੇ ਹੱਟ ਨਾ ਕਦੇ ਵਕਾਈਆ। ਕਲਜੁਗ ਅੰਤਮ ਜੱਟਾਂ ਦੇ ਕਬੂਲ ਕੀਤੇ ਜੌਂ ਛੋਲੇ, ਰੁੱਖੀ ਸੁੱਖੀ ਖਾ ਕੇ ਝੱਟ ਲੰਘਾਈਆ। ਸੁੱਕਾ ਅੰਨ ਖਾ ਕਦੇ ਨਾ ਡੋਲੇ, ਵੱਡ ਕਿਰਸਾਣਾ ਬੇਪਰਵਾਹੀਆ। ਕਰਮ ਕੁਕਰਮ ਫੜ ਕੇ ਸਾਂਘਾ ਸ੍ਰਿਸ਼ਟ ਸਬਾਈ ਫੋਲੇ, ਹੱਥਾ ਆਪਣੇ ਹੱਥ ਵਖਾਈਆ। ਦਾਣੇ ਭੋ ਆਪ ਵਰੋਲੇ, ਨਾਮ ਤੰਗਲ ਉਪਰ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਖਾਤੇ ਪਾਈਆ। ਵੇਖੋ ਕੇਡਾ ਹੋਇਆ ਖਾਤਾ, ਪੁਰਖ ਅਬਿਨਾਸ਼ੀ ਆਪ ਭਰਾਇਆ। ਬਿਨ ਦਰਵਾਜਿਉਂ ਬੰਦ ਕੀਤਾ ਅੰਦਰ ਤਾਕਾ, ਆਪਣਾ ਪਰਦਾ ਪਾਇਆ। ਕਦੇ ਨਾ ਆਵੇ ਘਾਟਾ, ਘਾਟ ਵਿਚ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਭੰਡਾਰਾ ਆਪ ਭਰਾਇਆ।