੫ ਜੇਠ ੨੦੧੬ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਘਰ ਪਿੰਡ ਭਲਾਈਪੁਰ ਡੋਗਰਾਂ
ਹਰਿ ਹਰਿ ਹਰਿ ਹਰਿ ਹਰਿ ਹਰੇ, ਹਰਿ ਹਰਿ ਨਾਮ ਧਰਾਇਆ। ਹਰਿ ਹਰਿ ਕਰਤਾ ਪੁਰਖ ਕਾਰਜ ਆਪ ਕਰੇ, ਕਰਨਹਾਰ ਸਰਬ ਸੁਖਦਾਇਆ। ਹਰਿ ਹਰਿ ਅਬਿਨਾਸ਼ੀ ਪੁਰਖ ਜੋਤ ਆਪ ਧਰੇ, ਨਿਰਗੁਣ ਨੂਰ ਜੋਤ ਰੁਸ਼ਨਾਇਆ। ਹਰਿ ਹਰਿ ਪਾਰਬ੍ਰਹਮ ਨਿਰਗੁਣ ਖੇਲ ਆਪ ਕਰੇ, ਖੇਲਣਹਾਰ ਭੇਵ ਨਾ ਰਾਇਆ। ਹਰਿ ਹਰਿ ਆਦਿ ਨਿਰੰਜਣ ਨਰ ਨਰੇ, ਨਰ ਨਰਾਇਣ ਭੇਵ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਨਿਰਾਕਾਰ ਅਖਵਾਇਆ। ਨਿਰਾਕਾਰ ਨਿਰੰਕਾਰ, ਸਤਿਗੁਰ ਪੁਰਖ ਅਖਵਾਇੰਦਾ। ਜੋਤੀ ਜੋਤ ਜੋਤ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਅਕਲ ਕਲਾ ਕਲ ਆਪੇ ਧਾਰ, ਆਪਣੀ ਕਲ ਵਰਤਾਇੰਦਾ। ਆਪਣਾ ਸੁਹਾਏ ਸਚ ਦਵਾਰ, ਦਰ ਦਵਾਰੀ ਆਪ ਅਖਵਾਇੰਦਾ। ਆਪਣਾ ਘਰ ਕਰ ਤਿਆਰ, ਆਪੇ ਆਸਣ ਲਾਇੰਦਾ। ਆਪੇ ਅੰਦਰੋਂ ਆਏ ਬਾਹਰ, ਦਿਸ ਕਿਸੇ ਨਾ ਆਇੰਦਾ। ਦੂਜਾ ਖੋਲ੍ਹ ਬੰਦ ਕਿਵਾੜ, ਅਲੱਖ ਅਲੱਖਣਾ ਅਲੱਖ ਜਗਾਇੰਦਾ। ਵੇਖਣਹਾਰਾ ਸਚਖੰਡ ਦਵਾਰ, ਤ੍ਰੈ ਤ੍ਰੈ ਲੋਕ ਨਾ ਕੋਇ ਉਪਾਇੰਦਾ। ਚੌਥੇ ਘਰ ਖ਼ਬਰਦਾਰ, ਘਰ ਸਾਚਾ ਆਪ ਸਲਾਹਿੰਦਾ। ਪੰਚਮ ਪੰਚਮ ਹੋ ਉਜਿਆਰ, ਪੰਚਮ ਵੇਸ ਵਟਾਇੰਦਾ। ਨਿਰਗੁਣ ਨਿਰਗੁਣ ਨਿਰਗੁਣ ਕਾਰ, ਨਿਰਗੁਣ ਧਾਰ ਬੰਧਾਇੰਦਾ। ਪੁਰਖ ਅਕਾਲ ਕਰ ਉਜਿਆਰ, ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਇਕ ਅਕੱਲਾ ਕਰ ਪਸਾਰਾ, ਪੰਚਮ ਰੂਪ ਸਮਾਇਆ। ਪੰਚਮ ਮੇਲਾ ਦਰ ਦਰਬਾਰਾ, ਏਕਾ ਦਰ ਖੁਲ੍ਹਾਇਆ। ਇਕ ਅਕੱਲਾ ਹਰਿ ਨਿਰੰਕਾਰਾ, ਦਿਸ ਕਿਸੇ ਨਾ ਆਇਆ। ਪੰਚਮ ਮੀਤਾ ਕੰਤ ਭਤਾਰਾ, ਘਰ ਘਰ ਸਗਨ ਮਨਾਇਆ। ਇਕ ਅਕੱਲਾ ਖ਼ਬਰਦਾਰਾ, ਆਲਸ ਨਿੰਦਰਾ ਨਾ ਕੋਇ ਜਣਾਇਆ। ਪੰਚਮ ਮੀਤਾ ਸਾਂਝਾ ਯਾਰਾ, ਸਚ ਘਰ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਪੰਚਮ ਆਪਣਾ ਆਪ ਨਿਸ਼ਾਨ, ਆਪੇ ਆਪ ਝੁਲਾਇੰਦਾ। ਆਪੇ ਵਸੇ ਸਚ ਮਕਾਨ, ਦਰ ਦਵਾਰਾ ਇਕ ਸੁਹਾਇੰਦਾ। ਛੇਵਾਂ ਛੱਪਰ ਛੰਨ ਨਾ ਕੋਇ ਨਿਸ਼ਾਨ, ਦਿਸ ਕਿਸੇ ਨਾ ਆਇੰਦਾ। ਛੇਵਾਂ ਘਰ ਹੋ ਪਰਧਾਨ, ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਨਿਰਗੁਣ ਖੇਲ ਇਕ ਇਕਾਂਤ, ਆਪਣੀ ਆਪ ਕਰਾਈਆ। ਛੇਵਾਂ ਘਰ ਮਾਰੇ ਝਾਤ, ਵਡ ਦਾਤਾ ਬੇਪਰਵਾਹੀਆ। ਇਕ ਇਕੱਲਾ ਪਿਤਾ ਮਾਤ, ਹਰਿ ਹਰਿ ਆਪ ਅਖਵਾਈਆ। ਛੇਵਾਂ ਘਰ ਦੇਵੇ ਦਾਤ, ਸਾਚੀ ਵਸਤ ਰਖਾਈਆ। ਇਕ ਅਕੱਲਾ ਉਤਮ ਜ਼ਾਤ, ਜ਼ਾਤ ਅਜ਼ਾਤੀ ਵੇਸ ਵਟਾਈਆ। ਛੇਵਾਂ ਘਰ ਸਾਚਾ ਨਾਤ, ਆਪਣਾ ਜੋੜ ਜੁੜਾਈਆ। ਪੰਚਮ ਮੀਤਾ ਲੈ ਬਰਾਤ, ਸਾਚਾ ਸਗਨ ਮਨਾਈਆ। ਖੇਲੇ ਖੇਲ ਦਿਵਸ ਰਾਤ, ਦਾਈ ਦਾਇਆ ਨਾਉਂ ਧਰਾਈਆ। ਆਦਿ ਜੁਗਾਦੀ ਵੇਖੇ ਮਾਰ ਝਾਤ, ਨੇਤਰ ਲੋਚਣ ਨੈਣ ਨਾ ਕੋਇ ਰਖਾਈਆ। ਆਪੇ ਹੋਏ ਕਮਲਾਪਾਤ, ਆਪੇ ਨਾਰੀ ਵੇਸ ਵਟਾਈਆ। ਆਪ ਨਿਭਾਏ ਆਪਣਾ ਸਾਥ, ਸਾਚਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੇਲਾ ਖੇਲ ਖਿਲਾਈਆ। ਇਕ ਅਕੱਲਾ ਜੋਤ ਰੱਖ, ਜੋਤੀ ਜੋਤ ਜਗਾਇੰਦਾ। ਪੰਚਮ ਪੰਚਮ ਹੋ ਪਰਤੱਖ, ਪੰਚਮ ਵੇਸ ਵਟਾਇੰਦਾ। ਛੇਵਾਂ ਘਰ ਜਗਾਏ ਅਲੱਖ, ਆਪ ਆਪਣਾ ਨਾਅਰਾ ਲਾਇੰਦਾ। ਆਪੇ ਆਪਣਾ ਆਪ ਕਰੇ ਵੱਖ, ਆਪੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲੇ ਖੇਲ ਏਕਉਂਕਾਰਾ, ਅਕਾਲ ਮੂਰਤ ਅਜੂਨੀਆ। ਆਪ ਆਪਣਾ ਕਰ ਪਸਾਰਾ, ਆਪੇ ਦੇਵੇ ਜੋਤੀ ਨੂਰ ਨੁਰਾਨੀਆ। ਆਪ ਆਪਣਾ ਭਰ ਭੰਡਾਰਾ, ਆਪੇ ਹੋਏ ਸ਼ਾਹ ਸੁਲਤਾਨੀਆ। ਆਪ ਆਪਣਾ ਬਣ ਵਣਜਾਰਾ, ਕਰੇ ਵਣਜ ਦੋ ਜਹਾਨੀਆ। ਆਪ ਆਪਣੀ ਬੰਨੇ ਧਾਰਾ, ਤ੍ਰੈ ਲੋਕਾਂ ਖੇਲ ਮਹਾਨੀਆ। ਆਪ ਆਪਣਾ ਕਰ ਪਸਾਰਾ, ਚੌਦਾਂ ਹੱਟਾਂ ਖੋਲ੍ਹ ਦੁਕਾਨੀਆ। ਆਪ ਆਪਣਾ ਰੰਗ ਰੰਗੇ ਕਰਤਾਰਾ, ਰਵ ਸਸ ਸੂਰਜ ਚੰਨ ਨਿਸ਼ਾਨੀਆ। ਆਪ ਆਪਣਾ ਦਏ ਆਧਾਰਾ, ਮਾਤ ਪਾਤਾਲ ਆਕਾਸ਼ ਖੇਲ ਮਹਾਨੀਆ। ਆਪ ਆਪਣਾ ਕਰੇ ਖ਼ਬਰਦਾਰਾ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਨੀਆ। ਆਪ ਆਪਣਾ ਨੂਰੀ ਜੋਤ ਕਰੇ ਉਜਿਆਰਾ, ਪੰਜ ਤੱਤ ਹੋਏ ਪਰਧਾਨੀਆ। ਛੇਵਾਂ ਘਰ ਮੀਤ ਮੁਰਾਰਾ, ਦੇਵੇ ਦਰਸ ਹਰਿ ਭਗਵਾਨੀਆ । ਅਕਲ ਕਲਾ ਕਲ ਆਪੇ ਧਾਰਾ, ਜੁਗ ਜੁਗ ਵੇਸ ਵਟਾਨੀਆ। ਕਲਜੁਗ ਅੰਤਮ ਪਾਵੇ ਸਾਰਾ, ਨਿਹਕਲੰਕ ਬਲੀ ਬਲਵਾਨੀਆ। ਗੋਬਿੰਦ ਲੇਖਾ ਲਿਖ ਲਿਖਾਰਾ, ਸਾਚੀ ਸੇਵ ਕਮਾਨੀਆ। ਨਾਨਕ ਮੰਗੀ ਮੰਗ ਭਿਖਾਰਾ, ਦੋਏ ਜੋੜ ਸੀਸ ਝੁਕਾਨੀਆ। ਰਾਹ ਤੱਕਣ ਰਾਮ ਕ੍ਰਿਸ਼ਨ ਅਵਤਾਰਾ, ਏਕਾ ਅੱਖ ਖੁਲ੍ਹਾਨੀਆ। ਕਰੋੜ ਤੇਤੀਸਾ ਧੂੜੀ ਖ਼ਾਕ ਮੰਗੇ ਢਹਿ ਢਹਿ ਪਏ ਦਵਾਰਾ, ਹਰਿ ਕਾ ਰੂਪ ਦਿਸ ਨਾ ਆਨੀਆ। ਜੁਗਾ ਜੁਗੰਤਰ ਖੇਲ ਨਿਆਰਾ, ਭੇਵ ਕੋਇ ਨਾ ਪਾਨੀਆ। ਕਲਜੁਗ ਜੋਧਾ ਸੂਰਬੀਰ ਬਲੀ ਬਲਕਾਰਾ, ਏਕਾ ਖੰਡਾ ਹੱਥ ਉਠਾਨੀਆ। ਚਾਰ ਵਰਨਾਂ ਕਰੇ ਖ਼ਵਾਰਾ, ਦਹਿ ਦਿਸ਼ਾ ਕਰੇ ਵੈਰਾਨੀਆ। ਘਟ ਘਟ ਅੰਦਰ ਹਾਹਾਕਾਰਾ, ਨਿਰਭੈ ਰੂਪ ਨਾ ਕੋਇ ਵਖਾਨੀਆ। ਸਾਧ ਸੰਤ ਦਰ ਦਰ ਖਵਾਰਾ, ਜੋਤ ਨਿਰੰਜਣ ਆਦਿ ਨਿਰੰਜਣ ਨਾ ਮੇਲ ਮਿਲਾਨੀਆ। ਪੰਚਮ ਨਾਤਾ ਤੁਟਾ ਸ਼ਬਦ ਧੁਨਕਾਰਾ, ਧੁਨੀ ਨਾਦ ਨਾ ਕੋਇ ਵਜਾਨੀਆ। ਜੋਗ ਅਭਿਆਸ ਨਾ ਬੰਨ੍ਹੇ ਧਾਰਾ, ਨੇਤਰ ਨੈਨ ਨਾ ਕੋਇ ਖੁਲ੍ਹਾਨੀਆ। ਦੁਰਮਤ ਮੈਲ ਨਾ ਲਾਹੇ ਜਲ ਧਾਰਾ, ਨਿਰਮਲ ਨੀਰ ਨਾ ਕੋਇ ਵਖਾਨੀਆ। ਵੇਦ ਕਤੇਬ ਨਾ ਪਾਇਨ ਸਾਰਾ, ਪੜ੍ਹ ਪੜ੍ਹ ਥੱਕੇ ਮਨਮਤ ਬਾਣੀਆ। ਗੁਰ ਪੀਰ ਨਾ ਦਏ ਕੋਈ ਸਹਾਰਾ, ਸਾਚਾ ਲੜ ਨਾ ਕੋਇ ਫੜਾਨੀਆ। ਨਾ ਕੋਈ ਮੀਤ ਰਾਮ ਅਵਤਾਰਾ, ਕਾਹਨਾ ਕ੍ਰਿਸ਼ਨ ਨਾ ਸੰਗ ਵਖਾਨੀਆ। ਨਾਨਕ ਗੋਬਿੰਦ ਨਾ ਮਿਲੇ ਕਿਸੇ ਦਵਾਰਾ, ਨਾਰ ਦੁਹਾਗਣ ਸਰਬ ਕੁਰਲਾਨੀਆ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸਾਚੀ ਰੁੱਤ ਸੁਹਾਨੀਆ। ਜੁਗ ਜੁਗ ਦੇਵੇ ਨਾਮ ਭੰਡਾਰਾ, ਭਗਤ ਭਗਤੀ ਵੰਡ ਵੰਡਾਨੀਆ। ਸਤਿਜੁਗ ਤ੍ਰੇਤੇ ਦੁਆਪਰ ਕੀਆ ਆਧਾਰਾ, ਕਲਜੁਗ ਅੰਤਮ ਵੇਖ ਵਖਾਨੀਆ। ਨਿਰਗੁਣ ਬਾਤੀ ਕਰ ਉਜਿਆਰਾ, ਕਲਜੁਗ ਅੰਧੇਰੀ ਰਾਤੀ ਗੁਰਮੁਖਾਂ ਕਰੇ ਆਪ ਪਛਾਨੀਆ। ਸਚਖੰਡ ਦਵਾਰੇ ਦਾ ਸੱਚਾ ਜਮਾਤੀ, ਪੜ੍ਹੌਣ ਆਇਆ ਸਾਚੀ ਬਾਣੀਆ। ਚਰਨ ਕਵਲ ਬਹਾਏ ਕੋਟਨ ਕੋਟ ਤ੍ਰਿਲੋਕੀ ਨਾਥੀ, ਆਦਿ ਅੰਤ ਨਾ ਕਿਸੇ ਵਖਾਨੀਆ। ਜੁਗਾ ਜੁਗੰਤਰ ਸਗਲਾ ਸਾਥੀ, ਗੁਰਸਿਖਾਂ ਦਰ ਦਵਾਰੇ ਬਣਿਆ ਦਰ ਦਰਬਾਨੀਆ। ਹੱਥ ਲੈ ਕੇ ਆਇਆ ਧੁਰ ਦਰਗਹਿ ਦੀ ਸਾਚੀ ਲਾਠੀ, ਨਾ ਕੋਈ ਬਾਢੀ ਹੱਥ ਟਿਕਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਰੇ ਵਡ ਕੁਰਬਾਨੀਆ। ਨਿਰਗੁਣ ਸ਼ਾਹ ਸ਼ਬਦ ਸੁਲਤਾਨ, ਸਤਿਗੁਰ ਤਖ਼ਤ ਬਹਾਇਆ। ਹਰਿ ਕਾ ਰੂਪ ਸਾਚਾ ਕਾਹਨ, ਏਕਾ ਬੰਸਰੀ ਨਾਮ ਵਜਾਇਆ। ਨਿਰਗੁਣ ਰੂਪ ਰਮੱਯਾ ਰਾਮ, ਹਰ ਘਟ ਆਸਣ ਲਾਇਆ। ਹਰਿ ਚਰਨ ਸਰੋਵਰ ਅੰਮ੍ਰਿਤ ਜਾਮ, ਜਨ ਭਗਤਾਂ ਜੁਗਾ ਜੁਗੰਤਰ ਆਪ ਪਿਆਇਆ। ਆਪੇ ਪਕੜੇ ਆਪਣਾ ਦਾਮ, ਆਪਣਾ ਪੱਲਾ ਆਪ ਫੜਾਇਆ। ਆਪੇ ਵਸੇ ਨਗਰ ਗਰਾਮ, ਨਗਰ ਖੇੜਾ ਆਪ ਵਸਾਇਆ। ਆਪ ਜਪਾਏ ਆਪਣਾ ਨਾਮ, ਆਪੇ ਆਪਣੀ ਭਿਛਿਆ ਪਾਇਆ। ਕਲਜੁਗ ਝੇੜਾ ਮੁੱਕੇ ਤਮਾਮ, ਹਰਿ ਸਾਚਾ ਮੇਟਨ ਆਇਆ। ਕੋਈ ਨਾ ਦੀਸੇ ਅੰਧੇਰੀ ਸ਼ਾਮ, ਗੁਰਸਿਖ ਸਾਚਾ ਚੰਨ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦੀਪਕ ਇਕ ਜਗਾਇਆ। ਨਿਰਗੁਣ ਦੀਪਕ ਕਰ ਉਜਿਆਰ, ਪੰਚਮ ਮੇਲ ਮਿਲਾਇਆ। ਪੰਚਮ ਕਰ ਪੰਚ ਤਿਆਰ, ਪੰਚਮ ਆਪ ਸਮਾਇਆ। ਪੰਚਮ ਕਰਿਆ ਅੰਧ ਅੰਧਿਆਰ, ਪੰਚਮ ਪਰਕਾਸ਼ ਪਰਕਾਸ਼ ਉਪਾਇਆ। ਪੰਚ ਡੁਬਾਇਆ ਡੂੰਘੀ ਗਾਰ, ਪੰਚ ਤਾਜ ਸੀਸ ਰਖਾਇਆ। ਪੰਚਮ ਦੇਵੇ ਪੰਚ ਧੁਨਕਾਰ, ਪੰਚਮ ਵਾਜਾ ਆਪ ਵਜਾਇਆ। ਪੰਚਮ ਮਾਰੇ ਸਾਚੀ ਮਾਰ, ਪੰਚਮ ਖੰਡਾ ਇਕ ਚਮਕਾਇਆ। ਪੰਚਮ ਰੋਵੇ ਜ਼ਾਰੋ ਜ਼ਾਰ, ਪੰਚਮ ਘਰ ਵਿਚ ਸਗਨ ਮਨਾਇਆ । ਪੰਚਮ ਮੀਤਾ ਖ਼ਬਰਦਾਰ, ਛੇਵਾਂ ਘਰ ਵਸਾਇਆ। ਛੇਵਾਂ ਦਰ ਨਿਰਗੁਣ ਧਾਰ, ਚੌਥੇ ਮੂਲ ਚੁਕਾਇਆ। ਨੈਣ ਨੇਤਰ ਇਕ ਉਘਾੜ, ਦੂਜਾ ਰੰਗ ਵਟਾਇਆ। ਇਕ ਇਕੱਲਾ ਨਿਰਾਕਾਰ, ਸਾਕਾਰ ਆਪ ਅਖਵਾਇਆ। ਨਿਰਗੁਣ ਜੋਤੀ ਕਰ ਉੁਜਿਆਰ, ਸਰਗੁਣ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਖੇਲੇ ਖੇਲ ਹਰਿ ਹਰਿ ਮੀਤਾ, ਆਪਣਾ ਖੇਲ ਖਿਲਾਇੰਦਾ। ਆਪ ਚਲਾਈ ਆਪਣੀ ਰੀਤਾ, ਆਪ ਆਪਣਾ ਦਰ ਸੁਹਾਇੰਦਾ। ਨਾ ਕੋਈ ਮੰਦਰ ਗੁਰਦਵਾਰ ਮਸੀਤਾ, ਕਾਇਆ ਖੇੜਾ ਇਕ ਵਸਾਇੰਦਾ। ਅੰਦਰ ਵੜਿਆ ਹਰਿ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਦਸ ਦਸ ਮਾਸ ਨਾ ਪੀਸਨ ਪੀਠਾ, ਮਾਤ ਗਰਭ ਨਾ ਕੋਇ ਲਟਕਾਇੰਦਾ। ਜਨਮਿਆ ਸੁੱਤ ਪਤਤ ਪੁਨੀਤਾ, ਪਰਮ ਪੁਰਖ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਜਨਮਿਆ ਪੁੱਤ ਸਾਚਾ ਜੇਠਾ, ਪੰਚਮ ਜੋੜ ਜੁੜਾਇਆ। ਮਾਤ ਪਿਤ ਆਪੇ ਹੋ ਆਪੇ ਜਾਣੇ ਆਪਣਾ ਲੇਖਾ, ਆਪ ਆਪਣੀ ਗੋਦ ਸੁਹਾਇਆ। ਪੰਜ ਤੱਤ ਕਰ ਭੇਖਾ, ਹੱਡ ਮਾਸ ਨਾੜੀ ਚੰਮ ਰੰਗ ਰੰਗਾਇਆ। ਹਰਿ ਕਾ ਰੂਪ ਨਾ ਮੁੱਛ ਦਾੜ੍ਹੀ ਨਾ ਦਿਸੇ ਕੇਸਾ, ਨਾ ਕੋਈ ਚੋਟੀ ਮੂੰਡ ਮੁੰਡਾਇਆ। ਭੇਵ ਨਾ ਪਾਏ ਬ੍ਰਹਮਾ ਵਿਸ਼ਨ ਮਹੇਸ਼ਾ, ਲੇਖਾ ਲੇਖ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇਆ। ਆਪਣੇ ਘਰ ਆਪੇ ਜੰਮ, ਆਪਣੀ ਬਣਤ ਬਣਾਈਆ। ਆਪ ਸਵਾਰੇ ਆਪਣਾ ਕੰਮ, ਨਾ ਦੂਸਰ ਸੰਗ ਰਖਾਈਆ। ਆਪਣੀ ਤ੍ਰਿਸਨਾ ਮੇਟੇ ਤਮ, ਆਪ ਆਪਣਾ ਜੋਗ ਕਮਾਈਆ। ਆਪਣੇ ਲੇਖੇ ਲਾਏ ਆਪਣਾ ਚੰਮ, ਤੱਤਵ ਤੱਤ ਨਾ ਕੋਇ ਜਣਾਈਆ। ਆਪੇ ਗਿਣੇ ਆਪਣੇ ਦਮ, ਆਪੇ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਤਲੋਕ ਵਸਿਆ ਘਰ, ਆਪ ਆਪਣੀ ਖੇਲ ਖਿਲਾਈਆ। ਰਕਤ ਬੂੰਦ ਮੇਲ ਮਿਲਾਇਆ, ਕਰਨੀ ਕਰਤਾ ਆਪ ਕਮਾਇੰਦਾ। ਮਾਤ ਪਿਤ ਬਣਤ ਬਣਾਇਆ, ਭੇਵ ਕੋਇ ਨਾ ਪਾਇੰਦਾ। ਪੰਜ ਤੱਤ ਅੰਦਰ ਪੰਜ ਤੱਤ ਉਪਾਇਆ, ਪੰਜ ਤੱਤ ਵਿਚ ਆਪ ਨਾ ਆਇੰਦਾ। ਪੰਜ ਤੱਤ ਅੰਦਰ ਬ੍ਰਹਮ ਟਿਕਾਇਆ, ਪਾਰਬ੍ਰਹਮ ਮੁਖ ਛੁਪਾਇੰਦਾ। ਪੰਜ ਤੱਤ ਨਿਰਗੁਣ ਸ਼ਬਦ ਇਕ ਜਣਾਇਆ, ਆਪਣੇ ਰਸ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਵਾਂ ਮਾਸ ਖੇਲ ਖਿਲਾਇੰਦਾ। ਦਸਵਾਂ ਮਾਸ ਮਾਤ ਪਿਆਰੀ, ਸਫ਼ਲ ਕੁੱਖ ਕਰਾਈਆ। ਜਗਤ ਪਿਤਾ ਨਾ ਪਾਏ ਸਾਰੀ, ਭੇਵ ਕੋਇ ਨਾ ਰਾਈਆ। ਆਪੇ ਅੰਦਰ ਆਪੇ ਬਾਹਰੀ, ਗੁਪਤ ਜ਼ਾਹਰ ਆਪ ਅਖਵਾਈਆ। ਆਪਣੀ ਕਲ ਆਪੇ ਧਾਰੀ, ਆਪ ਆਪਣਾ ਨਾਉਂ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਦਏ ਵਧਾਈਆ। ਪੰਚਮ ਜੇਠ ਚੜ੍ਹਿਆ ਚਾ, ਲੋਕਮਾਤ ਸਗਨ ਮਨਾਇੰਦਾ। ਪੁਰਖ ਅਬਿਨਾਸ਼ੀ ਮਿਲਿਆ ਸਚ ਮਲਾਹ, ਜਨ ਭਗਤਾਂ ਵੇਖ ਵਖਾਇੰਦਾ। ਜੁਗ ਜੁਗ ਵਿਛੜੇ ਲਏ ਉਠਾ, ਚਾਰੋਂ ਕੁੰਟ ਫੇਰਾ ਪਾਇੰਦਾ। ਲੱਖ ਚੁਰਾਸੀ ਕਾਇਆ ਮੰਦਰ ਵੇਖੇ ਜਗਤ ਗਰਾਂ, ਆਪ ਆਪਣਾ ਭੇਵ ਖੁਲ੍ਹਾਇੰਦਾ। ਕਰਨਹਾਰਾ ਸਚ ਨਿਆਂ, ਸਾਚਾ ਮਾਰਗ ਲਾਇੰਦਾ। ਸ਼ੇਰ ਸਿੰਘ ਹਰਿ ਨਾਉਂ ਧਰਾ, ਸਿੰਘ ਸ਼ੇਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਪੰਚਮ ਤੱਤ ਉਪਾਇੰਦਾ। ਪੰਚਮ ਜੇਠ ਹਰਿ ਵਧਾਈ, ਆਪਣੇ ਘਰ ਵਜਾਈਆ। ਜਨ ਭਗਤਾਂ ਕਰਨ ਆਇਆ ਕੁੜਮਾਈ, ਪੂਰਬ ਲਹਿਣਾ ਦਏ ਚੁਕਾਈਆ। ਆਪੇ ਲਾਗੀ ਬਣੇ ਛੀਂਬਾ ਨਾਈ, ਆਪੇ ਘਰ ਘਰ ਦਏ ਸੁਣਾਈਆ। ਆਪੇ ਪਾਂਧੀ ਬਣੇ ਜਾਏ ਰਾਹੀ, ਆਪੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੱਖਰ ਰੱਖਿਆ ਵੱਖਰ, ਆਪਣੇ ਨੇਤਰ ਆਪੇ ਵੇਖ ਵਖਾਈਆ। ਆਪਣਾ ਅੱਖਰ ਸ਼ਬਦ ਧਾਰ, ਹਰਿ ਸਾਚੇ ਆਪ ਉਪਜਾਈਆ। ਲੇਖਾ ਲਿਖ ਨਾ ਸਕੇ ਕੋਈ ਵਿਚ ਸੰਸਾਰ, ਭੇਵ ਅਭੇਦਾ ਭੇਵ ਛੁਪਾਈਆ। ਚਾਰ ਯੁਗ ਖੇਲ ਨਿਆਰ, ਰੂਪ ਅਨੂਪ ਵਟਾਈਆ। ਕੋਈ ਨਾ ਜਾਣੇ ਬਵੰਜਾ ਧਾਰ, ਬਾਵਨ ਅੱਖਰ ਰਹੇ ਸਲਾਹੀਆ। ਪੈਂਤੀਸ ਅੱਖਰ ਕਰ ਤਿਆਰ, ਜਗਤ ਵਿਦਿਆ ਕਰੇ ਪੜ੍ਹਾਈਆ। ਸਤਾਰਾਂ ਅੱਖਰ ਹਰਿ ਨਿਰੰਕਾਰ, ਆਪਣੇ ਅੰਦਰ ਬੈਠਾ ਬੰਦ ਕਰਾਈਆ। ਗੁਰ ਪੀਰ ਨਾ ਜਾਣੇ ਕੋਈ ਅਵਤਾਰ, ਨਾ ਸਕੇ ਕੋਇ ਜਣਾਈਆ। ਗਾ ਗਾ ਥੱਕੇ ਊਚ ਅਗੰਮ ਅਪਾਰ, ਨਿਉਂ ਨਿਉਂ ਸੀਸ ਝੁਕਾਈਆ। ਨਾਨਕ ਦਰਸ ਇਕ ਨਿਰੰਕਾਰ, ਏਕਾ ਦੂਜਾ ਭੌ ਚੁਕਾਈਆ। ਆਪ ਢਹਿ ਢਹਿ ਪਏ ਦਵਾਰ, ਆਪੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਈਆ। ਬਵੰਜਾ ਅੱਖਰ ਤੇਰੀ ਧਾਰ, ਛੇਵਾਂ ਘਰ ਵਸਾਈਆ। ਪੰਚਮ ਗੁਰ ਪੰਚ ਸ਼ਬਦ ਧੁਨਕਾਰ, ਪੰਚਮ ਰਿਹਾ ਗਾਈਆ। ਨਾਨਕ ਖੋਲ੍ਹੇ ਇਕ ਕਿਵਾੜ, ਰਾਮ ਰਾਮਾ ਰੂਪ ਦਰਸਾਈਆ। ਅਛਲ ਅਛੱਲ ਖੇਲ ਕਰਤਾਰ, ਗੋਪੀ ਕਾਹਨ ਆਪ ਨਚਾਈਆ। ਆਪੇ ਜੋਤੀ ਨੂਰ ਕਰ ਉਜਿਆਰ, ਲੱਖ ਚੁਰਾਸੀ ਰਿਹਾ ਸਮਾਈਆ। ਆਪੇ ਸੰਤ ਭਗਤ ਦਏ ਆਧਾਰ, ਨਾਮ ਨਾਮਾ ਆਪ ਅਖਵਾਈਆ। ਆਪੇ ਆਦਿ ਸ਼ਕਤ ਕਰ ਉਜਿਆਰ, ਨਮੋ ਸਤਿ ਆਪ ਵਡਿਆਈਆ। ਆਪੇ ਬ੍ਰਹਮ ਮਤ ਦਏ ਆਧਾਰ, ਪਾਰਬ੍ਰਹਮ ਭੇਵ ਨਾ ਰਾਈਆ। ਆਪੇ ਉਤਪਤ ਕਰੇ ਸਰਬ ਸੰਸਾਰ, ਆਪੇ ਮੇਟ ਮਿਟਾਈਆ। ਆਪੇ ਬੀਜ ਬੀਜੇ ਸਾਚੇ ਵਤ ਬ੍ਰਹਮਾ ਵਿਸ਼ਨ ਸ਼ਿਵ ਲਏ ਉਭਾਰ, ਆਪੇ ਆਪਣੇ ਵਿਚ ਸਮਾਈਆ। ਆਪੇ ਕਲਜੁਗ ਅੰਤਮ ਲੈ ਅਵਤਾਰ, ਖੇਲੇ ਖੇਲ ਬੇਪਰਵਾਹੀਆ। ਛੇਵਾਂ ਘਰ ਬੰਨ੍ਹੀ ਧਾਰ, ਬਵੰਜਾ ਭੇਵ ਨਾ ਰਿਹਾ ਖੁਲ੍ਹਾਈਆ। ਬਵੰਜਾ ਕਲੀਆਂ ਤਨ ਸ਼ੰਗਾਰ, ਬੰਦੀ ਛੋੜ ਬੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਅੱਖਰ ਆਪ ਦਬਾਏ ਆਪਣੇ ਪੱਥਰ, ਨਾ ਕੋਈ ਸਕੇ ਭਾਰ ਉਠਾਈਆ। ਪੰਜ ਤੱਤ ਕਰ ਉਜਿਆਰ, ਪੈਂਤੀ ਅੱਖਰ ਕਰੇ ਪੜ੍ਹਾਈਆ। ਸਰਗੁਣ ਰੂਪ ਹੋ ਉਜਿਆਰ, ਨਿਰਗੁਣ ਪੜਦਾ ਆਪਣੇ ਉਪਰ ਪਾਈਆ। ਆਪਣਾ ਖੋਲ੍ਹ ਆਪ ਕਿਵਾੜ, ਆਪੇ ਬੈਠਾ ਬੰਦ ਕਰਾਈਆ। ਚੌਥੇ ਯੁਗ ਚੌਥੀ ਧਾਰ, ਕਰੇ ਖੇਲ ਆਪ ਨਿਰੰਕਾਰ, ਨਾ ਕੋਈ ਦੂਸਰ ਬਣੇ ਲਿਖਾਰ, ਨਾ ਧਿਆਨ ਕੋਈ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਕਲਜੁਗ ਅੰਤਮ ਖੇਲ ਅਪਾਰਾ, ਹਰਿ ਜੋਤੀ ਜੋਤ ਜਗਾਇੰਦਾ। ਬਣਵਾਸ ਨਾ ਫਿਰੇ ਬਣ ਰਾਮ ਅਵਤਾਰਾ, ਤੀਰ ਕਮਾਨ ਨਾ ਕੋਇ ਉਠਾਇੰਦਾ। ਰਥ ਰਥਵਾਹੀ ਨਾ ਕ੍ਰਿਸ਼ਨ ਮੁਰਾਰਾ, ਗੀਤਾ ਗਿਆਨ ਨਾ ਕੋਇ ਦ੍ਰਿੜਾਇੰਦਾ। ਨਾਨਕ ਗੁਰ ਨਾ ਬਣ ਭਿਖਾਰਾ, ਚਾਰੋਂ ਕੁੰਟ ਫੇਰੀ ਪਾਇੰਦਾ। ਅਰਜਣ ਗੁਰ ਨਾ ਕਰੇ ਵਿਚਾਰਾ, ਅਗਾਧ ਬੋਧ ਨਾ ਕੋਇ ਦ੍ਰਿੜਾਇੰਦਾ। ਗੁਰ ਗੋਬਿੰਦ ਨਾ ਖੰਡਾ ਤੇਜ਼ ਕਟਾਰਾ, ਸੀਸ ਦਸਤਾਰ ਨਾ ਕੋਇ ਬੰਧਾਇੰਦਾ। ਬਸਤਰ ਸ਼ਸਤਰ ਨਾ ਤਨ ਸ਼ੰਗਾਰਾ, ਨਾ ਕੋਈ ਅਸਵ ਘੋੜਾ ਦੌੜਾਇੰਦਾ। ਪੈਂਤੀਸ ਅੱਖਰ ਨਾ ਕੋਇ ਪਿਆਰਾ, ਨਾ ਕੋਈ ਲੇਖ ਲਿਖਾਇੰਦਾ। ਮਾਤ ਪਿਤ ਨਾ ਸੁੱਤ ਦੁਲਾਰਾ, ਭੈਣ ਭਾਈ ਨਾ ਕੋਇ ਜਣਾਇੰਦਾ। ਬਵੰਜਾ ਅੱਖਰ ਅੰਦਰ ਆਪਣਾ ਆਪ ਕਰ ਬੰਦ ਕਿਵਾੜਾ, ਬਵੰਜਾ ਸਾਲ ਛੁਪਾਇੰਦਾ। ਜਗਤ ਵੇਖੇ ਪੰਜ ਤੱਤ ਹੱਡ ਮਾਸ ਚੰਮ ਨਾੜਾ, ਹਰਿ ਕਾ ਰੂਪ ਦਿਸ ਨਾ ਆਇੰਦਾ। ਪੰਚਮ ਜੇਠ ਸਭਾਗੀ ਦਿਹਾੜਾ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਪੁਰਖ ਅਕਾਲ ਸਚ ਅਖਾੜਾ, ਲੋਕਮਾਤ ਲਗਾਇੰਦਾ। ਨਰ ਨਿਰੰਕਾਰ ਧੁਰ ਦਰਗਾਹੀ ਲਾੜਾ, ਏਕਉਂਕਾਰਾ ਆਪ ਅਖਵਾਇੰਦਾ। ਨਾਮ ਰੱਤ ਲਹੂ ਰੱਖੇ ਗਾੜ੍ਹਾ, ਗੁਰਮੁਖ ਸਾਚੇ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਵੰਜਾ ਬਵੰਜਾ ਬਵੰਜਾ ਵੇਖ ਵਖਾਇੰਦਾ। ਬਵੰਜਾ ਅੱਖਰ ਹਰਿ ਕਾ ਲੇਖ, ਹਰਿ ਹਰਿ ਭੇਵ ਛੁਪਾਇਆ। ਗੁਰ ਅਰਜਨ ਆਪਣੇ ਨੇਤਰ ਪੇਖ, ਬਿਨ ਹੁਕਮ ਲਿਖ ਨਾ ਪਾਇਆ। ਆਪਣੀ ਕਰੇ ਆਪ ਆਦੇਸ, ਨਾਨਕ ਨੂਰ ਨਜ਼ਰੀ ਆਇਆ। ਅਗੰਮ ਅਗੰਮੜਾ ਵਸਿਆ ਅਗੰਮੜੇ ਦੇਸ, ਲੋਕਮਾਤ ਵੇਖਣ ਆਇਆ। ਹੱਥ ਖੂੰਡੀ ਨਾ ਭੂਰੀ ਖੇਸ, ਖ਼ਾਲੀ ਹੱਥ ਵਖਾਇਆ। ਹਰਿ ਹਰਿ ਮੀਤਾ ਨਰ ਨਰੇਸ਼, ਨਰ ਨਰਾਇਣ ਨਾਉਂ ਧਰਾਇਆ। ਜੁਗ ਜੁਗ ਵਿਛੜੇ ਆਪੇ ਰਿਹਾ ਵੇਖ, ਮੇਲ ਵਿਛੋੜਾ ਆਪਣੇ ਹੱਥ ਰਖਾਇਆ। ਸ਼ਾਹ ਸੁਲਤਾਨਾ ਵਡ ਨਰੇਸ਼, ਮਰਗੇਸ਼ ਨਾਮ ਧਰਾਇਆ। ਕਿਸੇ ਨਾ ਚਲੇ ਅੱਗੇ ਕੋਈ ਪੇਸ਼, ਦੋ ਜਹਾਨਾਂ ਤਿੰਨਾਂ ਲੋਕਾਂ ਚੌਦਾਂ ਹੱਟਾਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ, ਉਤਭੁਜ ਸੇਤਜ ਖਾਣੀ ਬਾਣੀ ਅੱਲਾ ਰਾਣੀ ਅੰਜੀਲ ਕੁਰਾਨੀ ਵੇਦ ਪੁਰਾਨੀ ਕੋਟਨ ਬ੍ਰਹਮਾ ਵਿਸ਼ਨ ਮਹੇਸ਼, ਕੋਟੀ ਕੋਟ ਬੈਠੇ ਸੀਸ ਝੁਕਾਇਆ। ਕਲਜੁਗ ਤੇਰੀ ਅੰਤਮ ਧਾਰ, ਹਰਿ ਹਰਿ ਜੋਤ ਹਰਿ ਨਿਰੰਕਾਰ, ਆਪ ਆਪਣਾ ਲੈ ਅਵਤਾਰ, ਆਪ ਸੁਹਾਏ ਬੰਕ ਦਵਾਰ, ਆਪੇ ਮਾਤਾ ਪਿਤਾ ਸੁੱਤ ਦੁਲਾਰ, ਆਪੇ ਵਰਨ ਗੋਤੀ ਵਸਿਆ ਬਾਹਰ, ਅੰਦਰ ਬਾਹਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਵੰਜਾ ਅੱਖਰ ਆਪਣੇ ਹੱਥ ਰਖਾਇੰਦਾ। ਆਪਣੀ ਵਸਤ ਆਪਣੇ ਹੱਥ, ਹਰਿ ਸਾਚੇ ਆਪ ਰਖਾਈਆ। ਸਰਬ ਕਲਾ ਆਪੇ ਸਮਰਥ, ਅਕਲ ਕਲ ਹੋ ਜਾਈਆ। ਆਪ ਚਲਾਇਆ ਆਪਣਾ ਰਥ, ਆਪੇ ਰਿਹਾ ਭਵਾਈਆ। ਬਵੰਜਾ ਸਾਲ ਨੱਠ ਨੱਠ, ਕਾਇਆ ਚੋਲਾ ਇਕ ਹੰਡਾਈਆ। ਹਰਿਜਨ ਸਾਚੇ ਦਿਤੀ ਵੱਥ, ਸੰਤ ਮਨੀ ਸਿੰਘ ਇਕ ਪੜ੍ਹਾਈਆ। ਗੁਰਮੁਖ ਚਰਨ ਦਵਾਰੇ ਗਿਆ ਢੱਠ, ਪੂਰਬ ਲਹਿਣਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਲ ਬਵੰਜਾ ਬਾਵਨ ਰੂਪ ਵਟਾਈਆ। ਸਾਲ ਬਵੰਜਾ ਬਾਵਨ ਧਾਰ, ਭੇਖੀ ਭੇਖ ਵਟਾਇਆ। ਪੰਚਮ ਮੀਤਾ ਪੰਚਮ ਜੇਠਾ ਪੰਚਮ ਹੋਇਆ ਖ਼ਬਰਦਾਰ, ਪੰਚਮ ਗਿਆ ਮੁਖ ਛੁਪਾਇਆ। ਕੌੜਾ ਰੀਠਾ ਬਣ ਸੰਸਾਰ, ਆਪਣਾ ਰਸ ਨਾ ਕਿਸੇ ਚਖਾਇਆ। ਗੁਰਮੁਖ ਵਿਰਲੇ ਲਾਗਾ ਮੀਠਾ, ਜਿਸ ਜਨ ਆਪਣੀ ਦਇਆ ਕਮਾਇਆ। ਆਪੇ ਠੰਡਾ ਆਪੇ ਸੀਤਾ, ਅਗਨੀ ਤੱਤ ਆਪ ਜਲਾਇਆ। ਆਪੇ ਜਾਣੇ ਆਪਣੀ ਰੀਤਾ, ਆਪਣਾ ਤਨ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇਆ। ਪਹਿਲਾ ਰੂਪ ਨਿਰੰਕਾਰ ਨਿਰਾਕਾਰ, ਦੂਜੇ ਸਰਗੁਣ ਵੇਸ ਵਟਾਇਆ । ਦੋਹਾਂ ਵਿਚੋਂ ਵਸਿਆ ਬਾਹਰ, ਦੋਆਂ ਲਏ ਉਪਜਾਇਆ। ਤਿੰਨੇ ਸਿਫ਼ਰੇ ਕਰ ਤਿਆਰ, ਤਿੰਨਾਂ ਲੋਕਾਂ ਖ਼ਾਕ ਮਿਲਾਇਆ। ਲੋਕਮਾਤ ਦਸ ਦਵਾਰ, ਦਸ ਦਵਾਰ ਆਪਣੇ ਹੱਥ ਰਖਾਇਆ। ਦੋਹਾਂ ਜੋੜ ਕਰੇ ਸੰਸਾਰ, ਬੀਸ ਬੀਸ ਨਾਮ ਧਰਾਇਆ। ਬੀਸ ਸੌ ਹੋ ਤਿਆਰ, ਸੋਹਣਾ ਰੰਗ ਰੰਗਾਇਆ। ਬਵੰਜਾ ਧਾਰੀ ਚੋਲਾ ਪਾੜ, ਆਪਣਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਸਾਲ ਬਵੰਜਾ ਤੁਟਾ ਨਾਤਾ, ਘਰ ਸਾਚੇ ਮੇਲ ਮਿਲਾਇਆ। ਆਪੇ ਮੇਲਾ ਪੁਰਖ ਬਿਧਾਤਾ, ਆਪੇ ਖੇਲ ਖਿਲਾਇਆ। ਆਪਣਾ ਖੇਲ ਆਪੇ ਜਾਤਾ, ਲੇਖਾ ਲੇਖ ਨਾ ਕੋਇ ਲਿਖਾਇਆ। ਆਪਣਾ ਜਾਣੇ ਆਪੇ ਬਾਕਾ, ਲਹਿਣਾ ਦੇਣਾ ਰਿਹਾ ਚੁਕਾਇਆ। ਆਪਣਾ ਪੜਦਾ ਆਪੇ ਢਾਕਾ, ਆਪੇ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਜੇਠ ਦਿਤਾ ਵਰ, ਲੋਕਮਾਤ ਦਏ ਵਡਿਆਇਆ। ਬੀਸ ਸਹੰਸਰ ਹੋ ਤਿਆਰ, ਬੀਸ ਸਦ ਜੋੜ ਜੁੜਾਇਆ। ਕਰਿਆ ਖੇਲ ਪੁਰਖ ਕਰਤਾਰ, ਲੋਕਮਾਤ ਦਏ ਤਜਾਇਆ। ਆਪੇ ਜਾਣੇ ਆਪਣਾ ਕੌਲ ਇਕਰਾਰ, ਆਪੇ ਪੂਰ ਕਰਾਇਆ। ਨਿਰਗੁਣ ਜੋਤੀ ਹੋ ਉਜਿਆਰ, ਸਰਗੁਣ ਡੇਰਾ ਲਾਇਆ। ਨਾ ਮਰੇ ਨਾ ਜੰਮੇ ਵਿਚ ਸੰਸਾਰ, ਹੱਥ ਕਿਸੇ ਨਾ ਆਇਆ। ਸੁਹਾਏ ਸਾਚਾ ਧਾਮ ਬੰਕ ਦਵਾਰ, ਘਰ ਘਰ ਵਿਚ ਆਪ ਟਿਕਾਇਆ। ਉਪਰ ਚੜ੍ਹ ਸੱਚੀ ਸਰਕਾਰ, ਸਚ ਤਖ਼ਤ ਸੁਲਤਾਨ ਆਸਣ ਲਾਇਆ। ਸਾਚਾ ਭੂਪ ਬਣਿਆ ਸਚ ਸਿਕਦਾਰ, ਸਾਚਾ ਹੁਕਮ ਸੁਣਾਇਆ। ਏਕਾ ਬੋਲਾ ਇਕ ਜੈਕਾਰ, ਏਕਾ ਢੋਲਾ ਗਾਇਆ। ਖੋਲ੍ਹੇ ਬੰਦ ਬੰਦ ਕਿਵਾੜ, ਸੋਇਮ ਰੂਪ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਸੁਣਾਇਆ। ਏਕਾ ਸ਼ਬਦ ਬ੍ਰਹਮ ਪਾਰਬ੍ਰਹਮ, ਆਪਣਾ ਆਪ ਸੁਣਾਇੰਦਾ। ਵੀਹ ਸੌ ਬਿਕ੍ਰਮੀ ਪੁਰਖ ਅਕਾਲ ਆਪਣੇ ਘਰ ਆਪ ਪਿਆ ਜੰਮ, ਮਾਤ ਪਿਤ ਨਾ ਕੋਇ ਰਖਾਇੰਦਾ। ਆਪੇ ਘੜੇ ਆਪੇ ਦਏ ਭੰਨ, ਆਪੇ ਆਪ ਉਪਜਾਇੰਦਾ। ਆਪੇ ਬੇੜਾ ਰਿਹਾ ਬੰਨ, ਬੇੜਾ ਆਪਣਾ ਆਪ ਰੁੜ੍ਹਾਇੰਦਾ। ਆਪੇ ਭਾਰ ਉਠਾਏ ਕੰਨ੍ਹ, ਆਪੇ ਪੈਰਾਂ ਹੇਠ ਦਬਾਇੰਦਾ। ਆਪੇ ਜਨਨੀ ਜਨੇ ਜਨ, ਆਪੇ ਗਿਆਨ ਦ੍ਰਿੜਾਇੰਦਾ। ਆਪੇ ਵਸੇ ਪੰਜ ਤੱਤ ਤਨ, ਆਪੇ ਖ਼ਾਕੀ ਖ਼ਾਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਮ ਆਪ ਦ੍ਰਿੜਾਇੰਦਾ। ਆਪਣਾ ਨਾਮ ਆਪੇ ਧਰ, ਆਪਣੀ ਕਲ ਵਰਤਾਈਆ। ਆਪਣੀ ਮਰਨੀ ਆਪੇ ਮਰ, ਆਪਣੇ ਵਿਚ ਗਿਆ ਸਮਾਈਆ। ਆਪਣੀ ਅਗਨੀ ਆਪੇ ਸੜ, ਆਪਣਾ ਤੱਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਾਵਨ ਬਾਵਨ ਖੇਲ ਖਿਲਾਈਆ। ਪੰਜ ਤੱਤ ਛੱਡਿਆ ਚੋਲਾ, ਪਾਰਬ੍ਰਹਮ ਖੇਲ ਖਿਲਾਇਆ। ਏਕਾ ਗਾਇਆ ਸਾਚਾ ਢੋਲਾ, ਢੋਲਕ ਛੈਣਾ ਨਾ ਕੋਇ ਵਜਾਇਆ। ਏਕਾ ਕੰਡੇ ਤੋਲਿਆ ਤੋਲਾ, ਨਾਨਕ ਤੋਲਾ ਇਕ ਰਖਾਇਆ। ਇਕ ਦਵਾਰੇ ਹੋਇਆ ਗੋਲਾ, ਗੁਰਸਿਖ ਸਾਚਾ ਇਕ ਬਣਾਇਆ। ਸੋਹੰ ਸ਼ਬਦ ਗਾਏ ਬੋਲਾ, ਮੈਂ ਤੂੰ ਰਹੇ ਨਾ ਰਾਇਆ। ਸਤਿਗੁਰ ਪੂਰਾ ਵਸਿਆ ਕੋਲਾ, ਵਿਛੜ ਕਦੇ ਨਾ ਜਾਇਆ। ਕਲਜੁਗ ਅੰਤਮ ਮਾਰਿਆ ਰੌਲਾ, ਚਾਰੇ ਵਰਨਾਂ ਦਏ ਭੁਲਾਇਆ। ਗੋਬਿੰਦ ਤੇਰਾ ਕੀਤਾ ਪੂਰਾ ਕੌਲਾ, ਸੰਬਲ ਨਗਰੀ ਡੇਰਾ ਲਾਇਆ। ਗੁਰਮੁਖਾਂ ਅੰਮ੍ਰਿਤ ਪੌਹਲ ਦੇਵੇ ਪੌਹਲਾ, ਆਤਮ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇਆ। ਪਹਿਲੇ ਸਾਲ ਵੰਡੀ ਵੰਡ, ਬੀਸ ਇਕ ਵਡਿਆਇਆ। ਖੇਲੇ ਖੇਲ ਵਿਚ ਬ੍ਰਹਿਮੰਡ, ਗੁਰਮੁਖ ਸਾਜਣ ਮੇਲ ਮਿਲਾਇਆ । ਆਪੇ ਢਕੀ ਨੰਗੀ ਕੰਡ, ਸਤਿ ਸਰੂਪੀ ਪੜਦਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਰੂਪ ਆਪ ਹੋ ਜਾਇਆ। ਦੂਜਾ ਤੀਜਾ ਏਕਾ ਰੰਗ, ਏਕਾ ਨੈਣ ਦਰਸਾਇਆ। ਚੌਥੇ ਪਦ ਮੰਗੀ ਮੰਗ, ਹਰਿਜਨ ਡੇਰਾ ਲਾਇਆ। ਪੰਚਮ ਕਰੇ ਖੰਡ ਖੰਡ, ਪੰਚਮ ਦਰ ਸੁਹਾਇਆ। ਛੇਵਾਂ ਘਰ ਹਰਿ ਨਰ ਆਪੇ ਪਾਏ ਆਪਣੀ ਵੰਡ, ਆਪਣਾ ਦਰ ਸੁਹਾਇਆ। ਸੱਤਵਾਂ ਸਤਿਵਾਦ ਹਰਿ ਬ੍ਰਹਿਮਾਦਿ, ਆਦਿ ਜੁਗਾਦਿ ਸਤਿ ਸਰੂਪ ਸਮਾਇਆ। ਅੱਠਵਾਂ ਅੱਠਾਂ ਤੱਤਾਂ ਵੱਜੇ ਨਾਦ, ਏਕਾ ਰਾਗ ਸੁਣਾਇਆ। ਨੌ ਦਰ ਫੀਕੇ ਹੋਇਣ ਵਿਸਮਾਦ, ਨੌ ਦਰ ਪੰਧ ਚੁਕਾਇਆ। ਦਸਵਾਂ ਸਾਜਣ ਆਪੇ ਸਾਜ, ਲੋਕਮਾਤ ਵੇਖ ਵਖਾਇਆ। ਇਕ ਦਸ ਯਾਰਾਂ ਕਰੇ ਕਾਜ, ਸਾਢੇ ਤਿੰਨ ਹੱਥ ਬਣਤ ਬਣਾਇਆ। ਨੌ ਦਵਾਰ ਮਾਰੇ ਵਾਜ, ਦਸਵਾਂ ਦਰ ਸੁਹਾਇਆ। ਵੀਹ ਸਦ ਬਾਰਾਂ ਹਰਿ ਨਿਰੰਕਾਰਾ ਹੱਥ ਵਿਚ ਲੈ ਕੇ ਸਾਚਾ ਤਾਜ, ਗੁਰਸਿਖਾਂ ਸੀਸ ਪਹਿਨਾਇਆ। ਸਤਾਰਾਂ ਹਾੜੀ ਧੁਰ ਦਰਗਾਹੀ ਦਏ ਸਾਚਾ ਰਾਜ, ਦਰਗਹਿ ਸਾਚੀ ਧਾਮ ਸੁਹਾਇਆ। ਸਾਚਾ ਕਰਿਆ ਆਪੇ ਕਾਜ, ਆਪ ਆਪਣਾ ਖੇਲ ਖਿਲਾਇਆ। ਪਰਗਟ ਜੋਤ ਦੇਸ ਮਾਝ, ਪੁਰੀ ਘਨਕ ਨਾਮ ਧਰਾਇਆ। ਸੰਮਤ ਤੇਰਾਂ ਖੋਲ੍ਹਿਆ ਪਾਜ, ਸਾਧਾਂ ਸੰਤਾਂ ਦਏ ਹਿਲਾਇਆ। ਸ਼ਾਹ ਸੁਲਤਾਨਾਂ ਡੁੱਬਾ ਜਹਾਜ਼, ਨਾ ਕੋਈ ਬੇੜਾ ਰਿਹਾ ਚਲਾਇਆ। ਸੰਮਤ ਚੌਦਾਂ ਏਕਾ ਇਕੀ ਦਿਤਾ ਦਾਜ, ਗੁਰਮੁਖ ਸਾਚੇ ਲਏ ਪਰਨਾਇਆ। ਆਪ ਤਜਾਈ ਲੋਕ ਲਾਜ, ਚਾਰੇ ਵਰਨਾਂ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਜੇਠ ਦਏ ਵਡਿਆਇਆ। ਪੰਚਮ ਜੇਠ ਸਿੰਘ ਸ਼ੇਰ, ਸ਼ੇਰ ਸਿੰਘ ਅਖਵਾਇੰਦਾ। ਬਵੰਜਾ ਸਾਲ ਨਾ ਬੁੱਕਿਆ ਰਿਹਾ ਘੁੱਪ ਘੇਰ, ਅੰਧ ਅੰਧੇਰ ਮੁਖ ਛੁਪਾਇੰਦਾ। ਬਾਵਨ ਬਾਵਨ ਕਰਿਆ ਹੇਰ ਫੇਰ, ਭੇਵ ਕੋਇ ਨਾ ਪਾਇੰਦਾ। ਆਪੇ ਪਰਗਟਿਆ ਦੂਜੀ ਵੇਰ, ਨਿਹਕਲੰਕ ਨਾਉਂ ਰਖਾਇੰਦਾ। ਨਾ ਕੋਈ ਤੱਕੜ ਚੜ੍ਹਾਏ ਵੱਟਾ ਸੇਰ, ਗੁਣ ਅਵਗੁਣ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਹਰਿ ਉਜਿਆਰਾ, ਆਪਣਾ ਰੂਪ ਵਟਾਇਆ। ਨਾਮ ਖੰਡਾ ਲੈ ਕਟਾਰਾ, ਲੋਕਮਾਤ ਉਠ ਧਾਇਆ। ਆਪੇ ਵੇਖੇ ਧਾਮ ਨਿਆਰਾ, ਆਪੇ ਮੇਲ ਮਿਲਾਇਆ। ਆਪੇ ਕਰੇ ਪਿਆਰ ਸੁੱਤ ਦੁਲਾਰਾ, ਗੋਬਿੰਦ ਸ਼ਬਦੀ ਵੇਖ ਵਖਾਇਆ। ਆਪੇ ਆਪਣਾ ਕਰ ਜੈਕਾਰਾ, ਆਪਣਾ ਨਾਉਂ ਧਰਾਇਆ। ਸੋ ਪੁਰਖ ਨਿਰੰਜਣ ਹਰਿ ਨਿਰੰਕਾਰਾ, ਹੰ ਬ੍ਰਹਮ ਪੰਜ ਤੱਤ ਨਾਉਂ ਧਰਾਇਆ। ਸ਼ੇਰ ਸਿੰਘ ਸ਼ੇਰ ਮਾਰ ਲਲਕਾਰਾ, ਸ਼ਾਹ ਸ਼ੇਰ ਆਪ ਹੋ ਆਇਆ। ਵਿਸ਼ਨੂੰ ਰੂਪ ਕਰ ਸਾਕਾਰਾ, ਭਗਵਨ ਨਿਰਗੁਣ ਜੋਤ ਵਿਚ ਜਗਾਇਆ। ਤਿੰਨਾਂ ਲੋਕਾਂ ਵਸਿਆ ਬਾਹਰਾ, ਜੈ ਜੈ ਜੈਕਾਰ ਆਪਣੀ ਆਪੇ ਗਾਇਆ। ਨਾ ਕੋਈ ਓਟ ਰੱਖੀ ਵਿਚ ਸੰਸਾਰ, ਨਾ ਇਸ਼ਟ ਕੋਈ ਮਨਾਇਆ। ਆਪੇ ਗੁਰੂ ਪੀਰ ਅਵਤਾਰ, ਪਾਰਬ੍ਰਹਮ ਆਪ ਅਖਵਾਇਆ। ਆਪੇ ਨਿਰਗੁਣ ਜੋਤ ਉਜਿਆਰ, ਆਪੇ ਹਰ ਘਟ ਜੋਤ ਨਿਰੰਜਣ ਦੀਪਕ ਰਿਹਾ ਜਗਾਇਆ । ਆਪੇ ਸ਼ਬਦ ਸੱਚੀ ਧੁਨਕਾਰ, ਧੁਨ ਅਨਾਦ ਰਿਹਾ ਵਜਾਇਆ। ਆਪੇ ਸਰ ਸਰੋਵਰ ਅੰਮ੍ਰਿਤ ਭਰੇ ਭੰਡਾਰ, ਆਪੇ ਰਿਹਾ ਵਰਤਾਇਆ। ਆਪੇ ਸਰਬ ਬਣ ਸਿਕਦਾਰ, ਆਪਣਾ ਹੁਕਮ ਚਲਾਇਆ। ਆਪੇ ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਇਆ। ਸੰਤ ਭਗਤ ਜੁਗ ਜੁਗ ਵਿਛੜੇ ਜਾਏ ਤਾਰ, ਪਿਛਲਾ ਕੀਤਾ ਪੂਰ ਕਰਾਇਆ । ਗੁਰਸਿਖ ਨਾਰ ਨੌਜਵਾਨ ਸਦਾ ਮੁਟਿਆਰ, ਗੁਰ ਕਾ ਜੋਬਨ ਰਹੀ ਹੰਢਾਇਆ। ਸਤਿਗੁਰ ਪੂਰਾ ਕਰੇ ਸ਼ਿੰਗਾਰ, ਸੋਲਾਂ ਸ਼ਿੰਗਾਰ ਇਕ ਵਖਾਇਆ। ਸੀਸ ਗੁੰਦੇ ਪਹਿਲੀ ਵਾਰ, ਕਲਜੁਗ ਵੇਲਾ ਅੰਤਮ ਆਇਆ। ਨਾਮ ਪਾਇਆ ਕਜਲਾ ਧਾਰ, ਨਿਕਲ ਕਦੇ ਨਾ ਜਾਇਆ। ਹੱਥੀਂ ਮੈਂਹਦੀ ਲਾਲ ਗੁਲਾਲ, ਆਪਣਾ ਰੰਗ ਚੜ੍ਹਾਇਆ। ਅਨਹਦ ਢੋਲਕ ਵਜਾਏ ਤਾਲ, ਸਾਚਾ ਤਾਲ ਸੁਣਾਇਆ। ਸਾਚੀ ਸਖੀਆਂ ਫੜਿਆ ਥਾਲ, ਗਗਨ ਮੰਡਲ ਇਕ ਵਖਾਇਆ। ਰਵ ਸਸ ਦੀਪਕ ਬਾਲ, ਆਪਣੀ ਹੱਥੀਂ ਟਿਕਾਇਆ । ਆਪਣੇ ਹੱਥ ਫੜ ਮਸਾਲ, ਆਦਿ ਨਿਰੰਜਣ ਲੋਕਮਾਤ ਆਪ ਆਇਆ। ਪਿਛਲਾ ਕੌਲ ਰਿਹਾ ਪਾਲ, ਆਪਣਾ ਮੇਲਾ ਆਪ ਮਿਲਾਇਆ। ਪੁਰਖ ਅਕਾਲ ਮਾਰੀ ਆਪਣੀ ਛਾਲ, ਏਕਾ ਚਰਨ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਚੌਦਾਂ ਤੇਰਾ ਰੰਗ, ਦਾਤਾ ਦਾਨੀ ਸੂਰਾ ਸਰਬੰਗ, ਗੁਰਮੁਖਾਂ ਰਿਹਾ ਚੜ੍ਹਾਇਆ। ਸੰਮਤ ਚੌਦਾਂ ਘਰ ਘਰ ਫੇਰਾ, ਏਕਾ ਇਕਾ ਜੋੜ ਜੁੜਾਇਆ। ਪਿਛਲਾ ਕੀਆ ਹੱਕ ਨਿਬੇੜਾ, ਅੱਗੇ ਮਾਰਗ ਪਾਇਆ। ਵਸਦਾ ਰਹੇ ਕਾਇਆ ਖੇੜਾ, ਜਿਸ ਜਨ ਦਰਸ਼ਨ ਪਾਇਆ। ਦੋ ਜਹਾਨੀ ਬੰਨੇ ਬੇੜਾ, ਰਾਏ ਧਰਮ ਨਾ ਦਏ ਸਜ਼ਾਇਆ। ਚਰਨ ਦਵਾਰ ਵਖਾਏ ਖੁਲ੍ਹਾ ਵਿਹੜਾ, ਹਰਿ ਸਾਚੇ ਆਪ ਖੁਲ੍ਹਾਇਆ। ਗੇੜਨਹਾਰਾ ਉਲਟਾ ਗੇੜਾ, ਆਪਣਾ ਗੇੜਾ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨਾਰ ਕਰ ਪਿਆਰ, ਘਰ ਸਾਚੇ ਰਿਹਾ ਸੁਹਾਇਆ। ਗੁਰਮੁਖ ਨਾਰੀ ਸਚ ਸਵਾਣੀ, ਘਰ ਸਾਚੇ ਆਪ ਸੁਹਾਈਆ। ਦਰ ਘਰ ਬਣੀ ਸਾਚੀ ਰਾਣੀ, ਸਾਚੇ ਸ਼ਾਹੋ ਨਾਲ ਪਰਨਾਈਆ। ਮਿਲਿਆ ਮੇਲ ਹਾਣੀਆਂ ਹਾਣੀ, ਲੋਕਮਾਤ ਵੱਜੀ ਵਧਾਈਆ। ਲੱਖ ਚੁਰਾਸੀ ਸਰਬ ਕੁਰਲਾਣੀ, ਬਿਰਹੋਂ ਪੀੜ ਲਗਾਈਆ। ਭਰਮੇ ਭੁਲੀ ਚਾਰੇ ਖਾਣੀ, ਚਾਰੇ ਬਾਣੀ ਨਾ ਕੋਇ ਪੜ੍ਹਾਈਆ। ਨਾਤਾ ਤੁਟਾ ਪਦ ਨਿਰਬਾਣੀ, ਪਰਮ ਪੁਰਖ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਚੇ ਲਏ ਵਰ, ਸੋਭਾਵੰਤੀ ਨਾਰ ਇਕ ਵਖਾਈਆ। ਸੋਭਾਵੰਤੀ ਨਾਰ ਸੁਹਾਗਣ, ਹਰਿ ਹਰਿ ਕੰਤ ਹੰਢਾਇਆ। ਪੁਰਖ ਅਬਿਨਾਸ਼ੀ ਬਣ ਵੈਰਾਗਣ, ਆਪੇ ਵੇਖਣ ਆਇਆ। ਗੁਰਮੁਖ ਵਿਰਲੇ ਸੰਤ ਜਾਗਣ, ਸ੍ਰਿਸ਼ਟ ਸਬਾਈ ਰਿਹਾ ਸਵਾਇਆ। ਨਾ ਕੋਈ ਦਿਸੇ ਨਾਲ ਲਾਗਣ, ਨਾ ਕੋਈ ਰੱਖਿਆ ਰਹੀ ਕਰਾਇਆ। ਨਾ ਕੋਈ ਪੱਲੇ ਬੱਧਾ ਦਾਜਨ, ਨਾ ਕੋਈ ਭਾਰ ਉਠਾਇਆ। ਦੇਸ ਮਾਝ ਮਾਰੇ ਵਾਜਣ, ਅੰਕ ਸਹੇਲੜੀਆਂ ਲਏ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਕਰ ਪਿਆਰ, ਸਾਚਾ ਸਗਨ ਮਨਾਇਆ। ਉਠ ਸਵਾਣੀ ਜਗਤ ਅਨਭੋਲ, ਹਰਿ ਸਤਿਗੁਰ ਆਪ ਉਠਾਇੰਦਾ। ਕਲਜੁਗ ਲੈਣ ਆਇਆ ਤੈਨੂੰ ਤੇਰਾ ਤੇਰੇ ਕੋਲ, ਤੇਰਾ ਅੰਗ ਰਖਾਇੰਦਾ। ਤ੍ਰਿਲੋਕੀ ਆਪੇ ਰਿਹਾ ਫੋਲ, ਆਪ ਆਪਣਾ ਪੜਦਾ ਲਾਹਿੰਦਾ। ਤੇਰੇ ਮੰਦਰ ਵਜਾਏ ਢੋਲ, ਸੋਹੰ ਡੱਗਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਸੁਣਾਇੰਦਾ। ਗੁਰਸਿਖ ਨਾਰੀ ਲੈ ਅੰਗੜਾਈ, ਰੋ ਰੋ ਨੀਰ ਵਹਾਇਆ। ਇਕੀ ਸਿਖ ਰਹੇ ਕੁਰਲਾਈ, ਚਰਨ ਧਿਆਨ ਲਗਾਇਆ। ਕਲਜੁਗ ਅਗਨੀ ਇਕ ਤਪਾਈ, ਪੰਜ ਤੱਤ ਲੰਬੂ ਲਾਇਆ। ਠੰਡਾ ਠਾਰ ਨਾ ਕੋਇ ਕਰਾਈ, ਧੀਰਜ ਧੀਰ ਨਾ ਕੋਇ ਧਰਾਇਆ। ਮਾਇਆ ਮਮਤਾ ਮੋਹ ਰਹੇ ਸਤਾਈ, ਕਾਮ ਕਰੋਧ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਏਕਾ ਸ਼ਬਦ ਸੁਣਾਇਆ। ਏਕਾ ਸ਼ਬਦ ਹਰਿ ਜਣਾ, ਆਪਣੀ ਦਇਆ ਕਮਾਇੰਦਾ। ਤੇਰੀ ਪਿਆਸ ਦਏ ਬੁਝਾ, ਤੇਰੀ ਤ੍ਰਿਖਾ ਮਿਟਾਇੰਦਾ। ਤੇਰਾ ਰੰਗ ਦਏ ਵਖਾ, ਤੇਰੇ ਰੰਗ ਰੰਗਾਇੰਦਾ। ਤੇਰਾ ਸੰਗ ਦਏ ਨਿਭਾ, ਸਗਲਾ ਸੰਗ ਤਜਾਇੰਦਾ। ਤੇਰੇ ਬਸਤਰ ਤਨ ਦਏ ਸਜਾ, ਲੱਖ ਚੁਰਾਸੀ ਖ਼ਾਕ ਰੁਲਾਇੰਦਾ। ਤੇਰੀ ਅਲਫ਼ੀ ਤੇਰੇ ਗਲ ਦਏ ਪਾ, ਏਕਾ ਚੋਲੀ ਰੰਗ ਰੰਗਾਇੰਦਾ। ਤੇਰਾ ਹਲਫ਼ ਆਪ ਰਿਹਾ ਉਠਾ, ਆਪ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਨਾਰੀ ਬੁਝਾਏ ਪਿਆਸ, ਆਪੇ ਹੋਏ ਦਾਸੀ ਦਾਸ, ਸੇਵਕ ਸੇਵਾ ਆਪ ਕਮਾਇੰਦਾ। ਗੁਰਸਿਖ ਤੇਰੀ ਪਿਆਸ ਬੁਝੌਣੀ, ਹਰਿ ਸਾਚੇ ਰਚਨ ਰਚਾਈਆ। ਵੀਹ ਸਦ ਪੰਦਰਾਂ ਖੇਲ ਖਲੌਣੀ, ਗੁਰਮੁਖਾਂ ਦਏ ਵਡਿਆਈਆ। ਨਿਰਗੁਣ ਜੋਤ ਇਕ ਜਗੌਣੀ, ਸਚਖੰਡ ਵੱਜੇ ਵਧਾਈਆ। ਬ੍ਰਹਮ ਪੁਰੀ ਹਰਿ ਖੇਲ ਖਿਲੌਣੀ, ਸ਼ਿਵ ਪੁਰ ਰਚਨ ਰਚਾਈਆ। ਕਰੋੜ ਤੇਤੀਸ ਇਕ ਸੁਣੌਣੀ, ਸੁਰਪਤ ਰਾਜਾ ਇੰਦ ਜਗਾਈਆ। ਚੌਦਾਂ ਲੋਕ ਚੋਗ ਚੁਗੌਣੀ, ਆਪਣੇ ਹੱਥ ਰੱਖੇ ਵਡਿਆਈਆ। ਨੌ ਖੰਡ ਰਚਨ ਰਚੌਣੀ, ਆਪ ਆਪਣੀ ਕਰੇ ਕਿਰਤ ਕਮਾਈਆ। ਸੱਤਾਂ ਦੀਪਾਂ ਏਕਾ ਧਾਰ ਬਨ੍ਹੌਣੀ, ਏਕਾ ਸ਼ਬਦ ਕਰੇ ਕੁੜਮਾਈਆ। ਦੋ ਸੱਤ ਛੇ ਏਕਾ ਤੰਦ ਬੰਧੌਣੀ, ਵੀਹ ਸਦ ਪੰਦਰਾਂ ਵਡ ਵਡਿਆਈਆ। ਇਕੀ ਸਿਖਾਂ ਹਰਿ ਸਾਚੀ ਜੰਞ ਚੜ੍ਹੌਣੀ, ਸਾਚਾ ਸਗਨ ਮਨਾਈਆ। ਅਠ ਸਠ ਤੀਰਥ ਫੇਰੀ ਪੌਣੀ, ਅਠਸਠ ਦਿਵਸ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਅਠਸਠ ਤੀਰਥ ਫੇਰਾ ਪਾਇਆ, ਅਠਸਠ ਖੇਲ ਖਿਲਾਇੰਦਾ। ਮੰਦਰ ਮੱਠ ਵੇਖ ਵਖਾਇਆ, ਗੁਰੂਦਵਾਰੇ ਸੰਗ ਰਲਾਇੰਦਾ। ਪਿਛਲਾ ਲੇਖਾ ਆਪਣੀ ਝੋਲੀ ਪਾਇਆ, ਲਹਿਣਾ ਮੂਲ ਨਾ ਕੋਈ ਵਖਾਇੰਦਾ। ਗੰਗਾ ਜਮਨਾ ਸੁਰਸਤੀ ਚਰਨਾਂ ਵਿਚ ਰਖਾਇਆ, ਆਪੇ ਆਪਣੀ ਸੇਵਾ ਲਾਇੰਦਾ। ਰਵਦਾਸ ਚੁਮਾਰਾ ਇਕ ਉਠਾਇਆ, ਸੱਜਾ ਹੱਥ ਉਠਾਇੰਦਾ । ਤਿੰਨਾਂ ਗਾਨਾ ਆਪ ਬੰਨਾਇਆ, ਆਪਣਾ ਬੰਧਨ ਪਾਇੰਦਾ। ਗੁਰਮੁਖ ਵਿਚੋਲਾ ਇਕ ਰਖਾਇਆ, ਦੋ ਜਹਾਨਾਂ ਫੇਰੀ ਪਾਇੰਦਾ। ਉਚੇ ਘਾਟ ਸੋਹਲਾ ਗਾਇਆ, ਸੋਹੰ ਸ਼ਬਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨੀਰ ਜਗਤ ਸੀਰ ਆਪੇ ਖਿਚ ਵਖਾਇੰਦਾ। ਰਵਦਾਸ ਖਿਚੀ ਡੋਰ, ਗੁਰਮੁਖ ਵਡ ਵਡਿਆਈਆ। ਗੰਗਾ ਸੁਰਸਤੀ ਜਮਨਾ ਤਿੰਨੇ ਅੱਗੇ ਲਈਆਂ ਤੋਰ, ਪ੍ਰਭ ਚਰਨ ਦਵਾਰ ਬਹਾਈਆ। ਰੋ ਰੋ ਨੇਤਰ ਪਾਇਣ ਸ਼ੋਰ, ਦਿਨ ਦਿਹਾੜੇ ਰਹੀ ਕੁਰਲਾਈਆ। ਇਕੀ ਸਿਖਾਂ ਵਖਾਇਆ ਆਪਣਾ ਜ਼ੋਰ, ਆਪਣੇ ਅੰਗ ਰਹੇ ਹਲਾਈਆ। ਚੌਥੇ ਯੁਗ ਜਗਤ ਰਾਣੀ ਫੜ ਬਾਂਹੋਂ ਅੱਗੇ ਲਾਈ ਤੋਰ, ਨਾ ਸਕੇ ਕੋਇ ਛੁਡਾਈਆ। ਪੁਰਖ ਅਬਿਨਾਸ਼ੀ ਚੜ੍ਹਿਆ ਸਾਚੇ ਘੋੜ, ਵਾਗ ਸਿਖਾਂ ਹੱਥ ਫੜਾਈਆ। ਨੌ ਖੰਡ ਪ੍ਰਿਥਮੀ ਰਿਹਾ ਹੋੜ, ਏਕਾ ਘੋੜਾ ਆਪ ਦੌੜਾਈਆ। ਬਿਨ ਹਰਿ ਲੱਗੀ ਨਾ ਨਿਭੇ ਕਿਸੇ ਤੋੜ, ਕਲਜੁਗ ਨਾਤਾ ਦਏ ਤੁੜਾਈਆ। ਜੂਠ ਝੂਠ ਆਪੇ ਦੇਵੇ ਰੋੜ੍ਹ, ਗੁਰਮੁਖ ਰਹੇ ਧੱਕਾ ਲਾਈਆ। ਇਕੀ ਸਿਖਾਂ ਫੜੇ ਅਠਸਠ ਚੋਰ, ਤਿੰਨ ਤਿੰਨ ਇਕ ਇਕ ਹੱਥ ਫੜਾਈਆ। ਪੰਜਾਂ ਆਪੇ ਰਿਹਾ ਮਰੋੜ, ਏਕਾ ਵਟਣਾ ਆਪਣੇ ਹੱਥੀਂ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸਦ ਪੰਦਰਾਂ ਖੇਲ ਕਰ, ਖੇਲਣਹਾਰ ਭੇਵ ਨਾ ਆਈਆ। ਜਮਨਾ ਸੁਰਸਤੀ ਇਕ ਦਵਾਰਾ, ਏਕਾ ਦਰ ਸੁਹਾਇਆ। ਧੁਰਦਰਗਾਹੀ ਸਾਚਾ ਲਾੜਾ, ਆਪੇ ਲੈ ਕੇ ਆਇਆ। ਇਕੀ ਸਿਖਾਂ ਲਾ ਅਖਾੜਾ, ਸੋਹੰ ਮੰਗਲ ਗਾਇਆ। ਸਗਨ ਮਨਾਏ ਰਵਦਾਸ ਚੁਮਾਰਾ, ਗੁਰਮੁਖ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਗਨ ਮਨਾਇਆ। ਸਾਚਾ ਹੁਕਮ ਹਰਿ ਨਿਰੰਕਾਰ, ਤਿੰਨਾਂ ਰਿਹਾ ਸੁਣਾਈਆ। ਗੰਗਾ ਆਪਣੀ ਕੱਢ ਧਾਰ, ਰੱਤੀ ਰੱਤ ਰਹਿਣ ਨਾ ਪਾਈਆ। ਸੁਰਸਤੀ ਅੰਦਰੋਂ ਔਣਾ ਬਾਹਰ, ਤੇਰਾ ਪੜਦਾ ਦਏ ਚੁਕਾਈਆ। ਜਮਨਾ ਖਿਲੌਣਾ ਅਧਵਿਚਕਾਰ, ਹੱਥ ਕਟੋਰਾ ਇਕ ਵਖਾਈਆ। ਤਿੰਨਾਂ ਪਿਆਲਾ ਭਰ ਭੰਡਾਰ, ਆਪਣੀ ਮੰਗ ਮੰਗਾਈਆ। ਕਲਜੁਗ ਲਹਿਣਾ ਉਤਰਿਆ ਪਾਰ, ਆਪਣੇ ਹੱਥ ਰੱਖੀ ਵਡਿਆਈਆ। ਗੁਰਸਿਖ ਨਾਰ ਰਹੀ ਪੁਕਾਰ, ਦਿਵਸ ਰੈਣ ਬਿਲਲਾਈਆ। ਜਗਤ ਤ੍ਰਿਸਨਾ ਕਰੇ ਖੁਵਾਰ, ਨਾ ਸਕੇ ਕੋਈ ਬੁਝਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਗੰਗਾ ਜਮਨਾ ਸੁਰਸਤੀ ਖਿਚੇ ਪਿਆਰ, ਗੁਰਮੁਖ ਤੇਰੇ ਆਤਮ ਅੰਤਰ ਏਕਾ ਰਸ ਚੁਆਈਆ। ਗੰਗਾ ਸੁਰਸਤੀ ਜਮਨਾ ਧਾਰ, ਗੁਰਸਿਖ ਤੇਰੇ ਹਿਰਦੇ ਆਪ ਟਿਕਾਈਆ। ਲੱਖ ਚੁਰਾਸੀ ਹੋਏ ਖੁਵਾਰ, ਸਾਚਾ ਸੀਰ ਨਾ ਕੋਇ ਪਿਆਈਆ। ਕਰਨੀ ਕਰਤਾ ਕਰੇ ਵਿਚਾਰ, ਪੂਰਬ ਲਹਿਣਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੋਦਾਵਰੀ ਚਰਨਾਂ ਹੇਠ ਦਬਾਈਆ। ਗੋਦਾਵਰੀ ਤੇਰਾ ਸਚ ਮਲਾਹ, ਹਰਿ ਸਾਚਾ ਆਪ ਅਖਵਾਇਆ। ਗੁਰਮੁਖਾਂ ਪਿਆਇਆ ਏਕਾ ਜਾਮ ਬੇਪਰਵਾਹ, ਤੇੇਰਾ ਰੂਪ ਵਟਾਇਆ। ਤੇਰਾ ਲਹਿਣਾ ਦਿਤਾ ਚੁਕਾ, ਗੁਰਮੁਖਾਂ ਝੋਲੀ ਪਾਇਆ। ਅੰਤਮ ਕੰਢਾ ਵੇਖਿਆ ਆ, ਹਰੀ ਦਵਾਰ ਚਰਨ ਛੁਹਾਇਆ। ਹਰਿ ਦਵਾਰ ਹਰਿ ਜੋਤ ਜਗਾ, ਸਾਚੀ ਸੰਗਤ ਲਏ ਤਰਾਇਆ। ਅੱਧਾ ਚਰਨ ਵਿਚ ਟਿਕਾ, ਅੱਧਾ ਬਾਹਰ ਰਖਾਇਆ। ਰਵਦਾਸ ਚੁਮਾਰਾ ਨੇਤਰ ਨੈਣ ਦਏ ਵਖਾ, ਜਗਤ ਕਸੀਰਾ ਤੰਦ ਬੰਧਾਇਆ। ਮਾਂਵਾਂ ਪੁੱਤਰਾਂ ਮੇਲ ਮਿਲਾ, ਲਹਿਣਾ ਦਏ ਮੁਕਾਇਆ। ਬਸਤਰ ਗਹਿਣਾ ਤਨ ਛੁਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤੀ ਭਗਤ ਦਏ ਵਡਿਆਇਆ। ਇਕ ਕਸੀਰਾ ਕੰਗਣ ਗਹਿਣਾ, ਰਵਦਾਸੇ ਵੰਡ ਵੰਡਾਈਆ । ਕਲਜੁਗ ਅੰਤਮ ਵੇਖੇ ਨੈਣਾਂ, ਵਡ ਦਾਤਾ ਬੇਪਰਵਾਹੀਆ। ਕਿਸੇ ਨਾ ਰੱਖੇ ਕੋਇ ਲਹਿਣਾ, ਦੇਵੇ ਹਰਿ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਵਦਾਸ ਚੁਮਾਰੇ ਮੇਲ ਮਿਲਾਈਆ। ਰਵਦਾਸ ਚੁਮਾਰ ਗੰਗਾ ਨਾਤਾ, ਹਰਿ ਹਰਿ ਜੋੜ ਜੁੜਾਇਆ। ਚਾਰ ਵਰਨਾਂ ਏਕਾ ਜ਼ਾਤਾ, ਏਕਾ ਰੂਪ ਸਮਾਇਆ। ਏਕਾ ਸੇਜਾ ਏਕਾ ਖਾਟਾ, ਏਕਾ ਆਸਣ ਰਹੀ ਵਛਾਇਆ। ਏਕਾ ਅੰਮ੍ਰਿਤ ਏਕਾ ਬਾਟਾ, ਏਕਾ ਰਹੀ ਪਿਆਇਆ। ਏਕਾ ਤੀਰਥ ਏਕਾ ਤਾਟਾ, ਇਕ ਕਿਨਾਰਾ ਆਪ ਉਪਾਇਆ। ਏਕਾ ਵੇਖੇ ਅਠਸਾਠਾ, ਆਪ ਆਪਣਾ ਚਰਨ ਛੁਹਾਇਆ। ਆਪੇ ਲੋਕਮਾਤ ਖੋਲ੍ਹੇ ਹਾਟਾ, ਆਪੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਧਾਰ ਆਪ ਚਲਾਇਆ। ਗੰਗਾ ਤੇਰਾ ਖਿਚਿਆ ਸੀਰ, ਨੀਰ ਰਹਿਣ ਨਾ ਪਾਈਆ। ਸ਼ਬਦ ਨਿਰਾਲਾ ਵੱਜਾ ਤੀਰ, ਤੁਰੀਆ ਧੀਰ ਨਾ ਕੋਇ ਧਰਾਈਆ। ਗੁਰਮੁਖ ਤੇਰੀ ਬੰਨ੍ਹੇ ਬੀੜ, ਅਗਲਾ ਘਰ ਖੁਲ੍ਹਾਈਆ। ਬਵੰਜਾ ਸਾਲ ਪੰਜ ਤੱਤ ਅਖ਼ੀਰ, ਕਲਜੁਗ ਲੇਖੇ ਲਾਈਆ। ਪੰਦਰਾਂ ਸਾਲ ਚੋਟੀ ਚੜ੍ਹ ਅਖ਼ੀਰ, ਆਪਣਾ ਮੁਖ ਛੁਪਾਈਆ। ਇਕੀ ਸਿਖਾਂ ਬੰਨ੍ਹੇ ਬੀੜ, ਸਾਚੀ ਸਿਖਿਆ ਇਕ ਸਮਝਾਈਆ। ਅੰਮ੍ਰਿਤ ਲਿਆਂਦਾ ਠੰਡਾ ਨੀਰ, ਗੁਰਸਿਖਾਂ ਅੱਗ ਬੁਝਾਈਆ। ਸੰਮਤ ਸੋਲਾਂ ਔਣੀ ਭੀੜ, ਹਰਿ ਆਪਣਾ ਵੇਸ ਵਟਾਈਆ। ਪਹਿਲੀ ਚੇਤਰ ਤੋੜ ਜ਼ੰਜੀਰ, ਏਕਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਸੋਲਾਂ ਖੇਲ ਖਿਲਾਈਆ। ਬਵੰਜਾ ਸਾਲ ਪੰਜ ਤੱਤ, ਕਾਇਆ ਤੱਤ ਹੰਢਾਇਆ। ਸੋਲਾਂ ਸਾਲ ਏਕਾ ਤੱਤ, ਗੁਰਮੁਖ ਸਾਜਣ ਆਪ ਬੰਧਾਇਆ। ਬਵੰਜਾ ਸੋਲਾਂ ਹੋਏ ਅਠਸਠ, ਅਠਸਠ ਪੰਧ ਮੁਕਾਇਆ। ਪੰਚਮ ਜੇਠ ਹੋਏ ਭੱਠ, ਸਾਚਾ ਸਤਿ ਨਾ ਕੋਇ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਸੋਲਾਂ ਆਪਣਾ ਚੋਲਾ ਆਪ ਬਦਲਾਇਆ। ਪੰਚਮ ਜੇਠੀ ਚੋਲਾ ਛੱਡ, ਨਿਰਗੁਣ ਜੋਤ ਜਗਾਇੰਦਾ। ਪੰਦਰਾਂ ਸਾਲ ਆਪਣੇ ਆਪੇ ਕੱਢ, ਆਪਣਾ ਪੜਦਾ ਆਪ ਰਖਾਇੰਦਾ। ਸਾਲ ਸੋਲਵਾਂ ਹੋਇਆ ਵੱਡਾ ਵਡ, ਵਡ ਵਡਿਆਈ ਆਪ ਉਪਜਾਇੰਦਾ। ਗੁਰਸਿਖ ਸਾਚੇ ਕਲਜੁਗ ਅਗਨੀ ਵਿਚੋਂ ਕੱਢ, ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਹਰਿ ਜੀ ਹਰਿ ਵੇਸ ਵਟਾਇਆ, ਲੋਕਮਾਤ ਰੁਸ਼ਨਾਈਆ। ਆਪਣਾ ਸਿੰਘਾਸਣ ਆਪ ਤਜਾਇਆ, ਭੇਵ ਕੋਇ ਨਾ ਪਾਈਆ। ਸੰਮਤ ਚੌਦਾਂ ਬੀਸ ਸਦ ਪੰਚਮ ਜੇਠ ਮਨਾਇਆ, ਉਲਟਾ ਮੁਖ ਕਰਾਈਆ। ਵੀਹ ਸਦ ਪੰਦਰਾਂ ਪੰਚਮ ਜੇਠ ਹਰਿ ਸੰਗਤ ਸੰਗ ਰਲਾਇਆ, ਆਪਣਾ ਸਿੰਘਾਸਣ ਲਏ ਉਠਾਈਆ। ਘਰ ਬਾਰ ਆਪਣਾ ਦਏ ਤਜਾਇਆ, ਆਪਣੀ ਵਸਤ ਨਾ ਕੋਇ ਵਖਾਈਆ। ਸਾਲ ਪੰਦਰਾਂ ਵੀਹ ਸਦ ਗੁਰਸਿਖਾਂ ਸੇਵਾ ਰਿਹਾ ਕਮਾਇਆ, ਅਠਸਠ ਫੇਰੀ ਗਿਆ ਦੁਹਾਈਆ। ਵੀਹ ਸੌ ਸੋਲਾਂ ਪੰਚਮ ਜੇਠ ਦਿਵਸ ਸੁਹਾਇਆ, ਚਾਰ ਯੁਗ ਕੋਈ ਲੇਖਾ ਨਾ ਸਕੇ ਜਣਾਈਆ। ਪਹਿਲਾ ਤੱਤ ਆਪਣਾ ਪੰਜ ਭੇਟ ਚੜ੍ਹਾਇਆ, ਦੂਜੀ ਜੋਤ ਕਰੀ ਰੁਸ਼ਨਾਈਆ। ਤੀਜੇ ਲਹਿਣਾ ਦੇਣਾ ਜਗਤ ਚੁਕਾਇਆ, ਚੌਥੇ ਘਰ ਮੇਲਾ ਬੇਪਰਵਾਹੀਆ। ਪੰਚਮ ਮੀਤਾ ਨਜ਼ਰੀ ਆਇਆ, ਛੇਵਾਂ ਘਰ ਇਕ ਸਲਾਹੀਆ। ਸਤਿ ਸਤਿਵਾਦੀ ਖੇਲ ਖਿਲਾਇਆ, ਅਠਸਠ ਕਰੇ ਕੁੜਮਾਈਆ। ਨੌ ਦਰ ਨਾਤਾ ਦਏ ਤੁੜਾਇਆ, ਦਸਵਾਂ ਆਪ ਸੁਹਾਈਆ। ਇਕ ਗਿਆਰਾਂ ਡੰਡਾ ਆਪ ਚੜ੍ਹਾਇਆ, ਬਾਰਾਂ ਰਵ ਸਸ ਰਹੇ ਸ਼ਰਮਾਈਆ। ਤੇਰਾਂ ਤੇਰਾਂ ਤੋਲ ਤੁਲਾਇਆ, ਏਕਾ ਕੰਡਾ ਹੱਥ ਉਠਾਈਆ। ਚੌਦਾਂ ਚੌਦਾਂ ਭਾਰ ਉਠਾਇਆ, ਗੁਰਸਿਖ ਹੌਲੇ ਭਾਰ ਰਖਾਈਆ। ਪੰਦਰਾਂ ਅੰਦਰਾਂ ਡੂੰਘੀ ਕੰਦਰਾਂ ਵੇਖ ਵਖਾਇਆ, ਅੱਠਾਂ ਸੱਠਾਂ ਵੇਖ ਵਖਾਈਆ। ਸੰਮਤ ਸੋਲਾਂ ਰਾਹ ਤਕਾਇਆ, ਪ੍ਰਭ ਵੇਖੇ ਚਾਈਂ ਚਾਈਂਆ। ਵਡ ਸੁਭਾਗੀ ਪੰਚਮ ਜੇਠ ਆਇਆ, ਹਰਿ ਸੰਗਤ ਦਏ ਵਧਾਈਆ। ਉਹਲਾ ਪੜਦਾ ਨਾ ਕੋਇ ਰਖਾਇਆ, ਖ਼ਾਲੀ ਹੱਥ ਰਿਹਾ ਵਖਾਈਆ। ਧੁਰ ਦੀ ਵਸਤ ਹਰਿਸੰਗਤ ਤੇਰੀ ਝੋਲੀ ਪਾਇਆ, ਏਕਾ ਸੋਹੰ ਨਾਮ ਜਪਾਈਆ। ਜੋਗ ਅਭਿਆਸ ਨਾ ਕੋਇ ਕਰਾਇਆ, ਨਾ ਕੋਈ ਨੈਣ ਮੁੰਧਾਈਆ। ਤਨ ਅਸ਼ਨਾਨ ਨਾ ਕੋਈ ਵਖਾਇਆ, ਚਰਨ ਧੂੜ ਇਕ ਵਖਾਈਆ। ਅੰਮ੍ਰਿਤ ਸਾਚਾ ਜਾਮ ਪਿਆਇਆ, ਅਠਸਠ ਵਰੋਲ ਧਰਾਈਆ। ਆਪਣਾ ਤਖ਼ਤ ਤਾਜ ਤਜਾਇਆ, ਨਾ ਕੋਈ ਘੋੜਾ ਬਾਜ ਉਡਾਇਆ, ਨਾ ਕੋਈ ਰਾਜਨ ਰਾਜ ਅਖਵਾਇਆ, ਗੋਬਿੰਦ ਗੋਬਿੰਦ ਗੋਬਿੰਦ ਗੁਰਸਿਖਾਂ ਅੱਗੇ ਸੀਸ ਝੁਕਾਈਆ। ਕਲਜੁਗ ਵੇਲਾ ਅੰਤਮ ਆਇਆ, ਨਾ ਦੀਸੇ ਕਿਸੇ ਕੋਇ ਸਹਾਇਆ, ਸ਼ਾਹ ਸੁਲਤਾਨ ਨਾ ਸਕੇ ਕੋਈ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਜਮ ਜੇਠ ਦਿਵਸ ਸੁਹਾਈਆ। ਪੰਚਮ ਜੇਠ ਨਾ ਕਰਨੀ ਨਾਂਹ, ਹਰਿ ਸਾਚਾ ਸਚ ਸੁਣਾਇੰਦਾ। ਹਰਿ ਸੰਗਤ ਹਰਿ ਤੇਰੀ ਫੜਨੀ ਬਾਂਹ, ਤੇਰਾ ਅੱਗਾ ਪਿੱਛਾ ਆਪਣਾ ਆਪ ਰਖਾਇੰਦਾ। ਗੁਰਮੁਖ ਤੇਰੀ ਸਾਚੀ ਥਾਂ, ਸਚਖੰਡ ਦਵਾਰਾ ਇਕ ਵਖਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪਣਾ ਵੇਸ ਆਪ ਵਟਾ, ਗੁਰਸਿਖਾਂ ਅੱਗੇ ਸੀਸ ਝੁਕਾਇੰਦਾ। ਆਪਣਾ ਸੀਸ ਹਰਿ ਜਗਦੀਸ ਆਪਣੀ ਹੱਥੀਂ ਲਾ, ਗੁਰ ਸੰਗਤ ਤੇਰੇ ਚਰਨਾਂ ਵਿਚ ਰਖਾਇੰਦਾ। ਸੰਮਤ ਸੋਲਾਂ ਕਰੇ ਸਚ ਨਿਆਂ, ਪਿਛਲਾ ਲਹਿਣਾ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਜੇਠ ਰੁੱਤ ਸੁਹਾਇੰਦਾ। ਧੰਨ ਭਾਗ ਪੰਚਮ ਜੇਠ, ਲੋਕਮਾਤ ਭਿੰਨੜੀ ਰੈਣ ਸੁਹਾਈਆ। ਸਤਿਗੁਰ ਪੂਰਾ ਹਰਿ ਸੰਗਤ ਤੇਰੀ ਆਇਆ ਸਾਇਆ ਹੇਠ, ਤੇਰਾ ਹੱਥ ਆਪਣੇ ਸਿਰ ਟਿਕਾਈਆ। ਲੱਖ ਚੁਰਾਸੀ ਰੁੱਲੇ ਵਡ ਵਡ ਸੇਠ, ਕਿਸੇ ਅੰਨ ਹੱਥ ਨਾ ਆਈਆ। ਪ੍ਰਭ ਭੰਨਣਹਾਰਾ ਕੌੜੇ ਰੇਠ, ਜੂਠਾ ਝੂਠਾ ਭਾਂਡਾ ਕੋਇ ਰਹਿਣ ਨਾ ਪਾਈਆ। ਆਪੇ ਜਾਣੇ ਆਪਣਾ ਅਗੇਤ ਪਛੇਤ, ਆਪੇ ਆਪਣੀ ਖੇਲ ਖਿਲਾਈਆ। ਆਪ ਤਪਾਏ ਬਾਲੂ ਰੇਤ, ਜਲ ਧਾਰਾ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵਣਹਾਰਾ ਸਾਚਾ ਵਰ, ਰਵਦਾਸ ਚੁਮਾਰਾ ਇਕ ਵਡਿਆਈਆ। ਰਵਦਾਸ ਚੁਮਾਰ ਗੁਰਮੁਖ ਪਛਾਣ, ਜਨਮੀ ਜਨਮ ਦਵਾਇਆ। ਲੋਕਮਾਤ ਮਿਲੇ ਸਾਚਾ ਮਾਣ, ਦਰਗਹਿ ਸਾਚਾ ਥਾਨ ਸੁਹਾਇਆ । ਸਚ ਭੂਮਕਾ ਸਚ ਅਸਥਾਨ, ਹਰਿ ਸਾਚੇ ਚਰਨ ਛੁਹਾਇਆ। ਸਤਿਜੁਗ ਤੇਰਾ ਸਚ ਮਕਾਨ, ਸਤਿ ਸਤਿਵਾਦੀ ਦਏ ਉਪਾਇਆ। ਸੱਤ ਰੰਗ ਚੜ੍ਹੇ ਇਕ ਨਿਸ਼ਾਨ, ਗੁਰਮੁਖਾਂ ਵਡ ਵਡਿਆਇਆ। ਗੁਰਮੁਖ ਤੇਰੀ ਚਲਦੀ ਰਹੇ ਦੁਕਾਨ, ਨਾਮ ਸਾਚੇ ਹੱਟ ਵਿਕਾਇਆ। ਹਰਿ ਜੀ ਦਿਤੀ ਧੁਰਦੀ ਖਾਣ, ਤੋਟ ਰਹੇ ਨਾ ਰਾਇਆ। ਬੈਠਾ ਰਹੇ ਇਕ ਬਬਾਣ, ਏਕਾ ਰਿਹਾ ਉਡਾਇਆ। ਸੱਜਣ ਮਿਲਿਆ ਸ਼ਾਹ ਸੁਲਤਾਨ, ਘਰ ਸਾਚੇ ਮੇਲ ਮਿਲਾਇਆ। ਸਤਿਗੁਰ ਪੂਰਾ ਹਰਿ ਪਰਧਾਨ, ਭਰਮ ਗੜ੍ਹ ਦਏ ਤੁੜਾਇਆ। ਗੁਰਮੁਖ ਦੇਵੇ ਚਰਨ ਧਿਆਨ, ਸਚ ਦਵਾਰੇ ਆਪ ਚੜ੍ਹਾਇਆ। ਸਿੰਘ ਭਗਵਾਨ ਸੁਣਣਾ ਲਾ ਕਰ ਕਾਨ, ਸੰਮਤ ਸੋਲਾਂ ਗੁਰਮੁਖਾਂ ਰਿਹਾ ਤਰਾਇਆ। ਪੂਜਾ ਪਾਠ ਨਾ ਕੋਈ ਦੇਵੇ ਗਿਆਨ, ਕਰ ਕਿਰਪਾ ਮੇਲ ਮਿਲਾਇਆ। ਸਾਧ ਸੰਤ ਜੀਵ ਜੰਤ ਕਲਜੁਗ ਅੰਤ ਸਰਬ ਪਛਤਾਨ, ਨਿਰਗੁਣ ਰੂਪ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਈ ਆਪਣੀ ਬਣਤ, ਵੇਦ ਪੁਰਾਨ ਨਾ ਕਿਸੇ ਗਾਇਆ। ਗੁਰਮੁਖ ਦਵਾਰਾ ਧੰਨ ਧੰਨ, ਧੰਨ ਹਰਿ ਨਾਮਾ ਪਾਇਆ। ਹਰਿਜਨ ਚੜ੍ਹਿਆ ਸਾਚਾ ਚੰਨ, ਗੁਰ ਪੂਰੇ ਆਪ ਪਰਗਟਾਇਆ। ਇਕੀ ਸਿਖਾਂ ਬੇੜਾ ਆਪੇ ਬੰਨ, ਤੀਰਥ ਤੱਟਾਂ ਆਪ ਫਿਰਾਇਆ। ਲਿਖਾਰੀ ਲੇਖਾ ਜਨਨੀ ਜਨ, ਧੰਨ ਧੰਨ ਜਣੇਂਦੀ ਮਾਇਆ। ਭਾਂਡਾ ਭਰਮ ਕਲਜੁਗ ਭੰਨ, ਮਾਇਆ ਮਮਤਾ ਮੋਹ ਤਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੰਮਤ ਸੋਲਾਂ ਬਦਲਿਆ ਚੋਲਾ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਪਣਾ ਤਜ, ਹਰਿਜਨ ਸੇਜਾ ਚੜ੍ਹਿਆ ਭੱਜ, ਸਾਚਾ ਮੰਦਰ ਇਕ ਸੁਹਾਇਆ। ਹਰਿ ਸੰਗਤ ਤੇਰੀ ਸਚ ਅਟਾਰੀ, ਹਰਿ ਸਾਚੇ ਆਪ ਉਪਾਈਆ। ਆਪ ਜਗਾਏ ਜੋਤ ਨਿਰੰਕਾਰੀ, ਦੀਵਾ ਬੱਤੀ ਨਾ ਕੋਇ ਰਖਾਈਆ। ਮਿਟੇ ਰੈਣ ਅੰਧ ਅੰਧਿਆਰੀ, ਨੂਰੋ ਨੂਰ ਕਰੇ ਰੁਸ਼ਨਾਈਆ। ਹੋਈ ਸੁਭਾਗਣ ਸੋਭਾਵੰਤੀ ਨਾਰੀ, ਘਰ ਮਿਲਿਆ ਸਾਚਾ ਮਾਹੀਆ। ਚਰਨ ਕਵਲ ਕਵਲ ਚਰਨ ਜਾਏ ਬਲਹਾਰੀ, ਨਿਉਂ ਨਿਉਂ ਸੀਸ ਝੁਕਾਈਆ। ਲੇਖੇ ਲਾਏ ਕੇਸ ਸੀਸ ਜਗਦੀਸ ਦਾੜ੍ਹੀ, ਜੋ ਆਏ ਚਲ ਸਰਨਾਈਆ। ਮੂੰਡ ਮੁੰਡਾਏ ਜਾਏ ਤਾਰੀ, ਹਿੰਦੂ ਮੁਸਲਮ ਸਿਖ ਨਾ ਕੋਇ ਜਣਾਈਆ। ਧੰਨ ਸਤਿਗੁਰ ਧੰਨ ਗੁਰ ਧੰਨ ਗੁਰਮੁਖ ਧੰਨ ਗੁਰਸਿਖ ਜੋ ਰਸਨਾ ਰਹੇ ਉਚਾਰੀ, ਏਕਾ ਏਕ ਏਕ ਲਿਵ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਚੌਦਾਂ ਖੇਲ ਕਰ, ਸੰਮਤ ਪੰਦਰਾਂ ਅੰਦਰ ਵੜ, ਸੰਮਤ ਸੋਲਾਂ ਰੂਪ ਵਟਾਈਆ। ਦਾਤਾ ਦੇਵਣਹਾਰ ਭੰਡਾਰ, ਸੰਮਤ ਸੋਲਾਂ ਵਡ ਵਡਿਆਇੰਦਾ। ਫੜ ਫੜ ਬਾਹੋਂ ਰਿਹਾ ਤਾਰ, ਪਤਤ ਪਾਪੀ ਆਪ ਤਰਾਇੰਦਾ। ਕੋਈ ਨਾ ਡੁੱਬੇ ਅਧਵਿਚਕਾਰ, ਜੋ ਜਨ ਦਰਸ਼ਨ ਪਾਇੰਦਾ। ਲੱਖ ਚੁਰਾਸੀ ਗੇੜ ਨਵਾਰ, ਆਪਣਾ ਲੜ ਫੜਾਇੰਦਾ। ਗੁਰਸਿਖ ਚਾਰੋਂ ਕੁੰਟ ਕਹਿਣਾ ਲਲਕਾਰ ਲਲਕਾਰ ਲਲਕਾਰ, ਕਲ ਕਲਕੀ ਵਾਲਾ ਆਇੰਦਾ। ਨਿਹਕਲੰਕ ਲੈ ਅਵਤਾਰ, ਡੁੱਬਦੇ ਪੱਥਰ ਪਾਰ ਕਰਾਇੰਦਾ। ਆਪਣਾ ਆਪ ਸਿਖਾਂ ਉਤੋਂ ਵਾਰ, ਸੀਸ ਜਗਦੀਸ ਭੇਟ ਚੜ੍ਹਾਇੰਦਾ। ਆਪਣੀ ਜੋਤ ਗੁਰਸਿਖਾਂ ਅੰਦਰ ਵਾੜ, ਆਪਣਾ ਘਰ ਸੁਹਾਇੰਦਾ। ਗੁਰਸਿਖਾਂ ਕੱਟੇ ਅਗਨੀ ਤੱਤੀ ਹਾੜ, ਆਪਣਾ ਤਨ ਜਲਾਇੰਦਾ। ਹਰਿ ਸੰਗਤ ਦਰਗਹਿ ਸਾਚੀ ਦੇਵੇ ਵਾੜ, ਦੂਸਰ ਸੰਗ ਨਾ ਕੋਇ ਰਖਾਇੰਦਾ। ਗੁਰਸਿਖਾਂ ਕੋਲੋਂ ਮੰਗਣ ਮੰਗ ਬਣ ਭਿਖਾਰ, ਬ੍ਰਹਮਾ ਵਿਸ਼ਨ ਸ਼ਿਵ ਰਾਹ ਵਿਚ ਬੈਠੇ ਖ਼ਾਲੀ ਝੋਲੀ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਨਾਉਂ ਰਖਾਇੰਦਾ। ਗੋਬਿੰਦ ਗੁਰ ਸਤਿਗੁਰ ਪੂਰਾ, ਧੁਰ ਜ਼ਾਮਨ ਆਪ ਅਖਵਾਇਆ। ਨਾਤਾ ਤੋੜੇ ਕੂੜੋ ਕੂੜਾ, ਸਾਚਾ ਰੰਗ ਚੜ੍ਹਾਇਆ। ਚਤੁਰ ਸੁਘੜ ਬਣਾਏ ਸਿੰਘ ਗਿਰਧਾਰਾ ਮੂੜਾ, ਕੋਟਨ ਕੋਟ ਗਿਆਨੀ ਧਿਆਨੀ ਅਸਨਾਨੀ ਤੁਲ ਨਾ ਕੋਇ ਤੁਲਾਇਆ। ਸਤਿਜੁਗ ਤੇਰੀ ਵਖਾਏ ਨਿਸ਼ਾਨੀ, ਪੰਚਮ ਸੀਸ ਤਾਜ ਟਿਕਾਇਆ । ਇਕੀ ਸਿਖਾਂ ਮਾਰੇ ਕਾਨੀ, ਆਰ ਪਾਰ ਆਪ ਵਖਾਇਆ। ਹੋਏ ਦਾਤਾ ਗੁਣ ਨਿਧਾਨੀ, ਗੁਣ ਦੇਂਦਾ ਦਿਸ ਨਾ ਆਇਆ। ਹਰਿ ਕਾ ਦਿਸੇ ਨਾ ਕੋਇ ਸਾਨੀ, ਨਾ ਕੋਇ ਦੂਸਰ ਰੂਪ ਵਟਾਇਆ। ਗੁਰ ਪੀਰ ਅਵਤਾਰ ਸਾਧ ਸੰਤ ਲੱਖ ਚੁਰਾਸੀ ਪੰਜ ਤੱਤ ਦਿਸੇ ਖ਼ਾਲੀ, ਥਿਰ ਕੋਇ ਰਹਿਣ ਨਾ ਪਾਇਆ। ਅਕਾਲ ਮੂਰਤ ਜੋਤ ਨੂਰਾਨੀ, ਨਾ ਮਰੇ ਨਾ ਜਾਇਆ। ਆਪੇ ਆਏ ਆਪਣੇ ਵਿਚ ਮੈਦਾਨੀ, ਆਪੇ ਬੈਠਾ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਹੱਥੀਂ ਬੱਧੇ ਸਾਚੇ ਗਾਨੀ, ਛੱਬੀ ਪੋਹ ਦਿਵਸ ਸੁਹਾਇਆ। ਅਠਸਠ ਤੀਰਥ ਹਰਿ ਹਰਿ ਚਿਤ, ਗੁਰਸਿਖਾਂ ਕਰੀ ਲੜਾਈਆ। ਛੱਬੀ ਪੋਹ ਵਖਾਈ ਸਾਚੀ ਥਿਤ, ਸਾਚੀ ਖ਼ੁਸ਼ੀ ਮਨਾਈਆ। ਦੀਨ ਦਿਆਲ ਹਰਿ ਕਿਰਪਾਲ ਸਤਿਗੁਰ ਪੂਰਾ ਕਰੇ ਸਾਚਾ ਹਿਤ, ਸਾਚਾ ਸਗਨ ਮਨਾਈਆ। ਖੇਲੇ ਖੇਲ ਨਿਤ ਨਵਿਤ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰੇ ਤੰਦਨ ਹੱਥ ਬੰਧਾਈਆ। ਏਕਾ ਤੰਦਨ ਬੰਧਿਆ ਤੰਦ, ਹਰਿ ਸਾਚੇ ਸਗਨ ਮਨਾਇਆ। ਲੱਖ ਚੁਰਾਸੀ ਤੁਟਿਆ ਫੰਦ, ਗੁਰ ਚਰਨਾਂ ਜੋੜ ਜੁੜਾਇਆ। ਲੇਖਾ ਚੁਕਿਆ ਗੌਣਾ ਬੱਤੀ ਦੰਦ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਗਾਇਆ। ਏਥੇ ਓਥੇ ਦੋ ਜਹਾਨਾਂ ਆਪ ਮੁਕਾਏ ਪੰਧ, ਦੂਰ ਦੁਰਾਡਾ ਨੇੜੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਵੀਹ ਸਦ ਸੋਲਾਂ ਆਪੇ ਹੋਏ ਬਖ਼ਸ਼ੰਦ, ਬਖ਼ਸ਼ਣਹਾਰਾ ਦਇਆ ਕਮਾਇਆ। ਪਿਛਲੀ ਬਖ਼ਸ਼ੇ ਕੀਤੀ ਭੁੱਲ, ਹਰਿ ਸੰਗਤ ਦਇਆ ਕਮਾਇੰਦਾ। ਸਤਿਗੁਰ ਪੂਰਾ ਪਾਏ ਮੁੱਲ, ਕੀਮਤ ਕਰਤਾ ਆਪ ਚੁਕਾਇੰਦਾ। ਸਤਾਰਾਂ ਹਾੜ ਸਚ ਦਰਵਾਜ਼ਾ ਏਕਾ ਜਾਣਾ ਖੁਲ੍ਹ, ਕੂੜਾ ਨਾਤਾ ਤੋੜ ਤੁੜਾਇੰਦਾ। ਗੁਰਸਿਖ ਨਾ ਜਾਣਾ ਡੁਲ, ਦੇ ਮਤ ਆਪ ਸਮਝਾਇੰਦਾ। ਤੋਲਣ ਆਇਆ ਪੂਰਾ ਤੋਲ, ਏਕਾ ਕੰਡਾ ਹੱਥ ਉਠਾਇੰਦਾ। ਨੌ ਖੰਡ ਪ੍ਰਿਥਮੀ ਲਏ ਫੋਲ, ਲੱਖ ਚੁਰਾਸੀ ਵੇਖ ਵਖਾਇੰਦਾ। ਸੰਮਤ ਸੋਲਾਂ ਸੋਲਾਂ ਕਲ ਗੁਰਸਿਖ ਤੇਰੇ ਪ੍ਰੇਮ ਅੰਦਰ ਦਏ ਰੋਲ, ਗੁਰਸਿਖ ਸੋਲਾਂ ਕਲ ਧਾਰੀ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਆਪ ਰਖਾਇੰਦਾ। ਸੰਮਤ ਸੋਲਾਂ ਹਾੜ ਸਤਾਰਾਂ, ਹਰਿ ਹਰਿ ਰੰਗ ਰੰਗਾਵਣਾ। ਗੁਰਮੁਖਾਂ ਦੱਸੇ ਸਚ ਵਿਹਾਰਾ, ਸਤਿਜੁਗ ਸਾਚੇ ਮਾਰਗ ਪਾਵਣਾ। ਦੇਵੇ ਦਰਸ ਘਰ ਘਰ ਘਰ ਬਾਰਾ, ਘਰ ਘਰ ਵਿਚ ਦੀਪ ਜਗਾਵਣਾ। ਮਦਿਰਾ ਮਾਸ ਚਾਹ ਜੋ ਜਨ ਲਾਏ ਰਸਨ ਦਵਾਰਾ, ਦਰਗਹਿ ਧਾਮ ਨਾ ਕੋਇ ਵਖਾਵਣਾ। ਧ੍ਰਿਗ ਧ੍ਰਿਗ ਧ੍ਰਿਗ ਜੀਵਣ ਸੰਸਾਰਾ, ਜਿਸ ਜਨ ਗੁਰ ਤੋਂ ਮੁਖ ਭੁਵਾਵਣਾ। ਅੰਤਮ ਬੇੜਾ ਡੁੱਬੇ ਵਿਚ ਮੰਝਧਾਰਾ, ਕਿਸੇ ਨਾ ਪਾਰ ਕਰਾਵਣਾ। ਮਾਨਸ ਜਨਮ ਮਿਲਿਆ ਏਕਾ ਵਾਰਾ, ਦੂਜੀ ਵਾਰ ਨਾ ਕਿਸੇ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੰਡਾ ਆਪਣੇ ਹੱਥ, ਸ਼ਬਦ ਧਾਰ ਹੋ ਉਜਿਆਰ, ਨਰ ਨਿਰੰਕਾਰ ਲੋਕਮਾਤ ਚਮਕਾਵਣਾ। ਮਦਿਰਾ ਮਾਸ ਮੁਖ ਲੱਗੇ ਚਾਹ, ਹਰਿ ਸੰਗਤ ਵਿਚ ਰਹਿਣ ਨਾ ਪਾਈਆ। ਹਰਿ ਸੰਗਤ ਧੱਕਾ ਦੇਣਾ ਲਾ, ਮਨਮੁੱਖ ਕੋਇ ਦਿਸ ਨਾ ਆਈਆ। ਇਕੀ ਸਿਖ ਬਣੇ ਗਵਾਹ, ਨਾ ਸਕੇ ਕੋਇ ਮਿਟਾਈਆ। ਸੱਤ ਸਾਗਰ ਮਸ ਬਣ ਰਹੇ ਲਿਖਾ, ਲੇਖਾ ਲਿਖਤ ਨਾ ਕੋਇ ਮੁਕਾਈਆ। ਇਕੀ ਖੰਡੇ ਇਕੀਆਂ ਹੱਥਾਂ ਵਿਚ ਦਏ ਚਮਕਾ, ਚਾਰੋਂ ਕੁੰਟ ਵੇਖ ਵਖਾਈਆ। ਸ਼ਬਦ ਦੀਵਾਰ ਦਏ ਬਣਾ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਈਆ।
