੪ ਅੱਸੂ ੨੦੧੬ ਬਿਕ੍ਰਮੀ ਉਚੀ ਬਸਤੀ ਨਿਰੰਜਣ ਸਿੰਘ ਦੇ ਘਰ ਲੁਧਿਆਣਾ ਸ਼ਹਿਰ
ਆਦਿ ਨਿਰੰਜਣ ਹਰਿ ਭਗਵਾਨ, ਇਕ ਇਕੱਲਾ ਏਕੰਕਾਰਿਆ। ਆਦਿ ਜੁਗਾਦੀ ਖੇਲ ਮਹਾਨ, ਜੁਗ ਜੁਗ ਲਏ ਮਾਤ ਅਵਤਾਰਿਆ। ਸ਼ਬਦ ਸਰੂਪੀ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾ ਲਿਆ। ਲੱਖ ਚੁਰਾਸੀ ਦੇਵਣਹਾਰਾ ਜੀਆਂ ਦਾਨ, ਏਕਾ ਮੰਤਰ ਨਾਮ ਦ੍ਰਿੜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਖਲਾ ਰਿਹਾ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਅਖਵਾਈਆ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਰਾਈਆ। ਪਾਰਬ੍ਰਹਮ ਪ੍ਰਭ ਬੇਐਬ ਪਰਵਰਦਿਗਾਰਾ, ਨੂਰੋ ਨੂਰ ਖ਼ੁਦਾਈਆ। ਰਾਮ ਰਾਮ ਜੋਤ ਉਜਿਆਰਾ, ਵੇਸ ਅਵੇਸਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਬੇਪਰਵਾਹੀਆ। ਵਡ ਦਾਤਾ ਹਰਿ ਬੇਪਰਵਾਹ, ਬੇਐਬ ਪਰਵਰਦਿਗਾਰਿਆ। ਜੋਤੀ ਨੂਰ ਰਿਹਾ ਡਗਮਗਾ, ਨਿਰਗੁਣ ਨੂਰੋ ਨੂਰ ਸਮਾ ਲਿਆ। ਸਚਖੰਡ ਦੁਵਾਰੇ ਡੇਰਾ ਲਾ, ਆਪ ਆਪਣਾ ਭੇਵ ਖੁਲ੍ਹਾ ਰਿਹਾ। ਸਚ ਸਿੰਘਾਸਣ ਆਸਣ ਲਾ, ਆਪ ਆਪਣਾ ਰੂਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਕਰ ਅਕਾਰ, ਨਿਰਗੁਣ ਮੇਲੇ ਆਪਣੀ ਧਾਰ, ਨਾ ਕੋਈ ਦੂਸਰ ਸੰਗ ਰਲਾ ਲਿਆ। ਇਕ ਇਕੱਲਾ ਕਰ ਪਸਾਰਾ, ਆਪ ਆਪਣਾ ਖੇਲ ਖਿਲਾ ਰਿਹਾ। ਥਿਰ ਘਰ ਵਸੇ ਸਚ ਦੁਵਾਰਾ, ਘਰ ਸੁਹੰਜਣਾ ਇਕ ਸੁਹਾਇੰਦਾ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਨੂਰ ਹਰਿ ਉਜਾਲਾ, ਹਰਿ ਹਰਿ ਵੱਡੀ ਵਡਿਆਈਆ। ਪਰਮ ਪੁਰਖ ਪ੍ਰਭ ਦੀਨ ਦਿਆਲਾ, ਦਰ ਘਰ ਸਾਚੇ ਸੋਭਾ ਪਾਈਆ। ਇਕ ਵਖਾਏ ਧਰਮ ਸੱਚੀ ਧਰਮਸਾਲਾ, ਦਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸੇ ਸਾਚੇ ਘਰ, ਘਰ ਸਾਚਾ ਆਪ ਉਪਜਾਈਆ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਉਪਜਾਇੰਦਾ। ਜੋਤ ਜਗੇ ਆਦਿ ਨਿਰੰਜਣਾ, ਆਪ ਆਪਣਾ ਰੂਪ ਡਗਮਗਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਏਕਾ ਏਕੰਕਾਰਾ ਨਾਉਂ ਧਰਾਇੰਦਾ। ਆਪੇ ਆਪਣਾ ਬਣੇ ਸਾਚਾ ਸਾਕ ਸੈਣ ਸੱਜਣਾ, ਮਾਤ ਪਿਤ ਭਾਈ ਭੈਣ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਬੋਧ ਅਗਾਧੀ ਸ਼ਬਦ ਅਲਾਇੰਦਾ। ਸ਼ਬਦ ਅਨਾਦੀ ਧੁਨਕਾਰਾ, ਹਰਿ ਹਰਿ ਆਪ ਉਪਾਈਆ। ਆਪੇ ਸੁਣੇ ਸੁਣਣੇਹਾਰਾ, ਆਪੇ ਰਿਹਾ ਗਾਈਆ। ਆਪੇ ਖੇੇਲੇ ਖੇਲ ਅਪਰ ਅਪਾਰਾ, ਭੇਵ ਅਭੇਦਾ ਭੇਵ ਨਾ ਰਾਈਆ। ਆਪੇ ਮੰਡਲ ਮੰਡਪ ਪਾਵੇ ਰਾਸਾ ਬਣ ਸਤਾਰਾ, ਰਵ ਸਸ ਆਪ ਚਮਕਾਈਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰ ਉਜਿਆਰਾ, ਕਰੋੜ ਤੇਤੀਸਾ ਸੰਗ ਰਲਾਈਆ। ਆਪੇ ਸੁਰਪਤ ਰਾਜਾ ਇੰਦ ਦਏ ਹੁਲਾਰਾ, ਆਪਣੀ ਦਇਆ ਕਮਾਈਆ। ਆਪੇ ਤ੍ਰੈਗੁਣ ਮਾਇਆ ਕਰ ਤਿਆਰਾ, ਤ੍ਰੈ ਤ੍ਰੈ ਵੇਖ ਵਖਾਈਆ। ਆਪੇ ਪੰਚਮ ਮੀਤਾ ਹੋ ਉਜਿਆਰਾ, ਪੰਚਮ ਸੰਗ ਨਿਭਾਈਆ। ਲੱਖ ਚੁਰਾਸੀ ਖੇਲ ਨਿਆਰਾ, ਹਰਿ ਕਰਤਾ ਆਪ ਕਰਾਈਆ। ਨੌ ਦਰ ਵੇਖੇ ਜਗਤ ਦੁਵਾਰਾ, ਦਰ ਘਰ ਸਾਚੇ ਸੋਭਾ ਪਾਈਆ। ਮਹੱਲ ਅਟੱਲ ਉਚ ਮੁਨਾਰਾ, ਘਰ ਘਰ ਵਿਚ ਆਪ ਸੁਹਾਈਆ। ਆਪੇ ਕਰੇ ਬੰਦ ਕਿਵਾੜਾ, ਬਜ਼ਰ ਕਪਾਟੀ ਸਿਲਾ ਟਿਕਾਈਆ। ਜੋਤ ਨਿਰੰਜਣ ਕਰ ਉਜਿਆਰਾ, ਰੂਪ ਅਨੂਪ ਆਪ ਵਟਾਈਆ। ਅਨਹਦ ਸ਼ਬਦ ਸੱਚੀ ਧੁਨਕਾਰਾ, ਘਰ ਸਾਚੇ ਰਾਗ ਅਲਾਈਆ। ਆਤਮ ਸੇਜਾ ਕਰ ਪਿਆਰਾ, ਘਰ ਬੈਠਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਈਆ। ਲੱਖ ਚੁਰਾਸੀ ਹਰਿ ਹਰਿ ਖੇਲ, ਆਪਣਾ ਆਪ ਕਰਾਇੰਦਾ। ਸੁਰਤੀ ਸ਼ਬਦੀ ਹਰਿਜਨ ਮੇਲ, ਸੰਤ ਸਹੇਲੇ ਆਪ ਉਠਾਇੰਦਾ। ਆਪੇ ਗੁਰੂ ਗੁਰੂ ਗੁਰ ਚੇਲ, ਗੁਰ ਚੇਲਾ ਨਾਉਂ ਧਰਾਇੰਦਾ। ਆਪੇ ਵਸੇ ਰੰਗ ਨਵੇਲ, ਆਪੇ ਘਟ ਘਟ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਆਪ ਉਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਏ ਹਰਿ ਨਿਰੰਕਾਰਾ, ਸਾਚੀ ਸੇਵਕ ਸੇਵ ਕਮਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਨਿਰਗੁਣ ਸਰਗੁਣ ਵਿਚ ਟਿਕਾਇੰਦਾ। ਪਾਰਬ੍ਰਹਮ ਪ੍ਰਭ ਖੇਲ ਅਪਾਰਾ, ਹਰਿ ਹਰਿ ਰੂਪ ਵਟਾਇੰਦਾ। ਸ਼ਬਦ ਵਿਚੋਲਾ ਅਪਰ ਅਪਾਰਾ, ਅਗੰਮ ਅਗੰਮੜੀ ਕਾਰ ਕਰਾਈਆ। ਹੱਡ ਮਾਸ ਨਾੜੀ ਚੰਮੜਾ ਕਰੇ ਪਿਆਰਾ, ਤੱਤਵ ਤੱਤ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਖੇਲੇ ਖੇਲ ਦਿਸ ਕਿਸੇ ਨਾ ਆਈਆ। ਜੁਗ ਜੁਗ ਖੇਲ ਖੇਲਣਹਾਰਾ, ਪਾਰਬ੍ਰਹਮ ਬੇਅੰਤਿਆ। ਲੋਕਮਾਤ ਲਏ ਅਵਤਾਰਾ, ਹਰਿਜਨ ਤਾਰੇ ਸਾਚੇ ਸੰਤਿਆ। ਏਕਾ ਬਖ਼ਸ਼ੇ ਨਾਮ ਭੰਡਾਰਾ, ਸਾਚਾ ਧੰਨ ਵਡ ਧੰਨਵੰਤਿਆ। ਕਾਮ ਕਰੋਧ ਲੋਭ ਮੋਹ ਹੰਕਾਰ ਮੇਟੇ ਹੰਕਾਰਾ, ਵਡ ਦਾਤਾ ਗੁਣ ਗੁਣਵੰਤਿਆ। ਚਰਨ ਪ੍ਰੀਤੀ ਬਖ਼ਸ਼ੇ ਸਚ ਪਿਆਰਾ, ਦਰਗਹਿ ਸਾਚੀ ਧਾਮ ਸੁਹੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਘਰ ਸਾਚੇ ਸੋਭਾਵੰਤਿਆ। ਹਰਿਜਨ ਉਪਾਏ ਦੁਸ਼ਟ ਖਪਾਏ, ਹਰਿ ਸੱਜਣ ਵਡ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਲੰਘਾਏ, ਕਲਜੁਗ ਅੰਤਮ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਅੰਧੇਰਾ ਛਾਏ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਸੱਤਾਂ ਦੀਪਾਂ ਪਏ ਦੁਹਾਏ, ਸਾਂਤਕ ਸਤਿ ਨਾ ਕੋਈ ਵਰਤਾਈਆ। ਸਾਧ ਸੰਤ ਹੋਏ ਹਲਕਾਏ, ਮਾਇਆ ਮਮਤਾ ਮੋਹ ਵਧਾਈਆ। ਹਰਿ ਕਾ ਨਾਮ ਨਾ ਕੋਈ ਧਿਆਏ, ਨਾ ਭਿਛਿਆ ਝੋਲੀ ਪਾਈਆ। ਸਾਚਾ ਮੰਗਲ ਨਾ ਕੋਈ ਗਾਏ, ਅਨਹਦ ਰਾਗ ਨਾ ਕੋਈ ਅਲਾਈਆ। ਸਾਚਾ ਸਈਆ ਨਾ ਕੋਈ ਮੇਲ ਮਿਲਾਏ, ਝੂਠੀ ਨਈਆ ਰਹੇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਤੇਰੀ ਕਾਲੀ ਧਾਰ, ਹਰਿ ਹਰਿ ਵੇਖ ਵਖਾਇੰਦਾ। ਚਾਰੋਂ ਕੁੰਟ ਕੂੜ ਕੁੜਿਆਰ, ਸਾਚਾ ਦਰ ਨਾ ਕੋਈ ਸੁਹਾਇੰਦਾ। ਹਉਮੇ ਹੰਗਤਾ ਭਰ ਭੰਡਾਰ, ਵਰਨ ਬਰਨ ਵੇਖ ਵਖਾਇੰਦਾ। ਆਸਾ ਤ੍ਰਿਸ਼ਨਾ ਨਾਰ ਮੁਟਿਆਰ, ਮਨਮੁਖ ਜੀਆਂ ਨਾਲ ਰਲਾਇੰਦਾ। ਜੂਠਾ ਝੂਠਾ ਕਰਨ ਪਿਆਰ, ਸਗਲਾ ਸੰਗ ਨਾ ਕੋਈ ਨਿਭਾਇੰਦਾ। ਸਾਚਾ ਮੰਤਰ ਨਾ ਕੋਈ ਜੈਕਾਰ, ਅਨਭਵ ਪ੍ਰਕਾਸ਼ ਨਾ ਕੋਈ ਰਖਾਇੰਦਾ। ਕਮਲਾਪਾਤੀ ਮਿਲੇ ਨਾ ਮੀਤ ਮੁਰਾਰ, ਕਵਲ ਨੈਣ ਨਾ ਕੋਈ ਦਰਸਾਇੰਦਾ। ਆਤਮ ਝਾਤੀ ਮਾਰ ਕੇ ਵੇਖੇ ਨਾ ਕੋਈ ਬੰਦ ਕਿਵਾੜ, ਘਰ ਸਾਚਾ ਨਾ ਕੋਈ ਖੁਲ੍ਹਾਇੰਦਾ। ਲੱਗੀ ਅੱਗ ਬਹੱਤਰ ਨਾੜ, ਅਠਸਠ ਤੀਰਥ ਨਾ ਕੋਈ ਬੁਝਾਇੰਦਾ। ਕਾਇਆ ਮੰਦਰ ਸਾਚੇ ਅੰਦਰ ਕੋਈ ਨਾ ਦੇਵੇ ਵਾੜ, ਦੂਈ ਦਵੈਤੀ ਪਰਦਾ ਕੋਈ ਨਾ ਲਾਹਿੰਦਾ। ਕਲਜੁਗ ਵੇਖੇ ਝੂਠੀ ਧਾੜ, ਪੰਚ ਵਿਕਾਰਾ ਸੰਗ ਰਲਾਇੰਦਾ। ਨੌ ਖੰਡ ਪ੍ਰਿਥਮੀ ਵੇਖੇ ਇਕ ਅਖਾੜ, ਸੱਤਾਂ ਦੀਪਾਂ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਕੂੜਾ ਰੰਗ, ਹਰਿ ਹਰਿ ਵੇਖ ਵਖਾਇੰਦਾ। ਲੱਖ ਚੁਰਾਸੀ ਹੋਈ ਨੰਗ, ਨਾਮ ਪਰਦਾ ਨਾ ਕੋਈ ਪਾਇੰਦਾ। ਝੂਠੀ ਭਿਛਿਆ ਰਹੇ ਮੰਗ, ਸਾਚੀ ਮੰਗ ਨਾ ਕੋਈ ਮੰਗਾਇੰਦਾ। ਮਾਨਸ ਜਨਮ ਹੋਇਆ ਭੰਗ, ਸਾਚਾ ਲੇਖਾ ਨਾ ਕੋਈ ਜਣਾਇੰਦਾ। ਨਾ ਕੋਈ ਅੰਗੀਕਾਰ ਕਰੇ ਅੰਗ, ਅੰਗੀ ਅੰਗ ਨਾ ਕੋਈ ਲਗਾਇੰਦਾ। ਜਗਤ ਸਤਾਰ ਵਜਾਇਆ ਮਰਦੰਗ, ਨਾਮ ਮਰਦੰਗਾ ਨਾ ਕੋਈ ਉਠਾਇੰਦਾ। ਜਗਤ ਦਰਵਾਜ਼ਾ ਰਹੇ ਲੰਘ, ਆਪਣਾ ਮੰਦਰ ਨਾ ਵੇਖ ਵਖਾਇੰਦਾ। ਝੂਠੀ ਸੁੱਤਾ ਸੇਜ ਖਾਟ ਪਲੰਘ, ਕਾਇਆ ਅੰਤਰ ਆਤਮ ਸੇਜ ਨਾ ਕੋਈ ਹੰਢਾਇੰਦਾ। ਸਤਿਗੁਰ ਪੂਰਾ ਨਾ ਵਸੇ ਕਿਸੇ ਸੰਗ, ਨੇਤਰ ਨੈਣ ਨਾ ਦਰਸ ਦਿਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਲੱਗਾ ਜੰਗ, ਦਿਵਸ ਰੈਣ ਆਪ ਲੜਾਇੰਦਾ। ਕਲਜੁਗ ਨਟੂਆ ਸਵਾਂਗੀ ਸਵਾਂਗ ਕਰੇ ਮਲੰਗ, ਚਾਰੋਂ ਕੁੰਟ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਖੇਲ ਖਲਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਚਾਰੋਂ ਕੁੰਟ ਵੱਜੇ ਵਧਾਈਆ। ਰਾਮ ਨਾਮ ਨਾ ਕਿਸੇ ਪਿਆਰਾ, ਰਸਨਾ ਜਿਹਵਾ ਨਾ ਕੋਈ ਗਾਈਆ। ਮਿਲਿਆ ਮੇਲ ਨਾ ਕ੍ਰਿਸ਼ਨ ਮੁਰਾਰਾ, ਮੁਕੰਦ ਮਨੋਹਰ ਲਖ਼ਮੀ ਨਰਾਇਣ ਦਿਸ ਨਾ ਆਈਆ। ਨਾਨਕ ਗੋਬਿੰਦ ਨਾ ਪਾਏ ਦਰਸ ਅਗੰਮ ਅਪਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਧਰਤ ਮਾਤ ਰੋਵੇ ਮਾਰੇ ਹਾਹ ਦਾ ਨਾਅਰਾ, ਨੇਤਰ ਆਪਣੇ ਨੀਰ ਵਹਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਧਰਤ ਧਵਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਲਏ ਅੰਗੜਾਈਆ। ਕਲਜੁਗ ਜੋਧਾ ਸੂਰਬੀਰ ਬਲਵਾਨ, ਅੰਤਮ ਆਪਣਾ ਰੰਗ ਚੜ੍ਹਾਇੰਦਾ। ਨਾਲ ਰਲਾਏ ਪੰਜ ਸ਼ੈਤਾਨ, ਸਗਲਾ ਸੰਗ ਵਖਾਇੰਦਾ। ਕੀਮਤ ਪਾਏ ਬੇਈਮਾਨ, ਸਾਬਤ ਈਮਾਨ ਨਾ ਕੋਈ ਧਰਾਇੰਦਾ। ਜੂਠਾ ਝੂਠਾ ਨਾਅਰਾ ਲਾਏ ਕਾਨ, ਸਾਚੀ ਸਿਖਿਆ ਨਾ ਕੋਈ ਵਖਾਇੰਦਾ। ਆਪਣਾ ਆਪਣਾ ਗੀਤ ਸਾਰੇ ਗਾਣ, ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ। ਹਰਿ ਜੂ ਬੈਠਾ ਕਾਇਆ ਅੰਦਰ ਸਚ ਮਕਾਨ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਚੌਦਾਂ ਹੱਟਾਂ ਵੇਖ ਮਕਾਨ, ਚੌਦਾਂ ਤਬਕਾਂ ਫੋਲ ਫੁਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਇਕ ਧਿਆਨ, ਏਕ ਰੂਪ ਦਰਸਾਇੰਦਾ। ਕਰੋੜ ਤੇਤੀਸਾ ਇਕ ਗਿਆਨ, ਏਕਾ ਨਾਮ ਜਣਾਇੰਦਾ। ਕਲਜੁਗ ਅੰਤਮ ਹੋ ਪ੍ਰਧਾਨ, ਲੱਖ ਚੁਰਾਸੀ ਵੇਖ ਵਖਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨ, ਪੰਜ ਤੱਤ ਨਾ ਕੋਈ ਜਣਾਇੰਦਾ। ਪ੍ਰਗਟ ਹੋਵੇ ਵਾਲੀ ਦੋ ਜਹਾਨ, ਦੋ ਜਹਾਨਾਂ ਖੇਲ ਖਲਾਇੰਦਾ। ਨਾਮ ਖੰਡਾ ਸ਼ਬਦ ਤੀਰ ਕਮਾਨ, ਸਾਚੇ ਚਿੱਲੇ ਆਪ ਚੜ੍ਹਾਇੰਦਾ। ਅਠ ਦਸ ਵੇਖੇ ਮਾਰ ਧਿਆਨ, ਨੌ ਨੌ ਫੋਲ ਫੁਲਾਇੰਦਾ। ਭੇਵ ਖੁਲ੍ਹਾਏ ਰਾਜ ਰਾਜਾਨ, ਸ਼ਾਹ ਸੁਲਤਾਨ ਆਪ ਹਿਲਾਇੰਦਾ। ਜੋਧਾ ਸੂਰਬੀਰ ਬਲਵਾਨ, ਬਲ ਧਾਰੀ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਨਾਉਂ ਧਰਾਇੰਦਾ। ਨਿਹਕਲੰਕ ਹਰਿ ਨਿਰੰਕਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਦਿ ਜੁਗਾਦੀ ਇਕ ਅਵਤਾਰਾ, ਏਕਾ ਰੂਪ ਸਮਾਈਆ। ਜੁਗ ਜੁਗ ਖੇਲੇ ਖੇਲ ਅਪਾਰਾ, ਨਿਰਗੁਣ ਦਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਨੂਰ ਨਿਹਕਲੰਕ, ਹਰਿ ਸ਼ਬਦੀ ਡੰਕ ਵਜਾਇੰਦਾ। ਆਪ ਉਠਾਏ ਰਾਓ ਰੰਕ, ਰਾਜ ਰਾਜਾਨਾ ਆਪ ਜਗਾਇੰਦਾ। ਪ੍ਰਗਟ ਹੋਇਆ ਵਾਸੀ ਪੁਰੀ ਘਨਕ, ਵਾਰ ਅਨਕ ਖੇਲ ਖਲਾਇੰਦਾ। ਹਰਿਜਨ ਉਧਾਰੇ ਜਿਉਂ ਜਨਕ, ਜਨ ਜਨਨੀ ਲੇਖੇ ਲਾਇੰਦਾ। ਆਪ ਭੁਵਾਏ ਮਨ ਕਾ ਮਣਕ, ਮਨ ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਵੇਖ ਵਖਾਇੰਦਾ। ਕੂੜੀ ਕਿਰਿਆ ਕੂੜ ਪਸਾਰਾ, ਕੂੜ ਕੂੜਾ ਰੰਗ ਰੰਗਾਈਆ। ਪਾਰਬ੍ਰਹਮ ਪ੍ਰਭ ਲਏ ਅਵਤਾਰਾ, ਆਪ ਆਪਣੀ ਕਲ ਵਰਤਾਈਆ। ਸੰਮਤ ਸੰਮਤੀ ਮਾਰੇ ਮਾਰਾ, ਭੇਵ ਅਭੇਦਾ ਭੇਵ ਖੁਲ੍ਹਾਈਆ। ਵੀਹ ਸੌ ਸੋਲਾਂ ਬਿਕ੍ਰਮੀ ਖੇਲ ਨਿਆਰਾ, ਨਰ ਨਿਰੰਕਾਰਾ ਆਪ ਕਰਾਈਆ। ਸਤ ਸਤਾਰਾਂ ਹੋ ਉਜਿਆਰਾ, ਜੀਵਾਂ ਜੰਤਾਂ ਸਾਧਾਂ ਸੰਤਾਂ ਦੇਵੇ ਬੂਝ ਬੁਝਾਈਆ। ਅੱਠ ਅਠਾਰਾਂ ਆਪਣੀ ਧਾਰਾ, ਆਪੇ ਦਏ ਵਹਾਈਆ। ਇਕ ਉਨੀਸਾ ਹਰਿ ਜਗਦੀਸ਼ਾ, ਸ਼ਾਹੋ ਸ਼ਬੀਸਾ ਏਕਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੰਤਮ ਗਹਿਣਾ ਤੇਰੇ ਤਨ ਪਹਿਨਾਈਆ। ਕਲਜੁਗ ਤੇਰਾ ਅੰਤ ਸ਼ਿੰਗਾਰ, ਹਰਿ ਸਾਚੇ ਆਪ ਕਰਾਵਣਾ। ਜੂਠ ਝੂਠ ਕਰ ਤਿਆਰ, ਤੇਰੇ ਨਾਲ ਰਲਾਵਣਾ। ਮਾਇਆ ਮਮਤਾ ਭਰ ਭੰਡਾਰ, ਤੇਰਾ ਦਰ ਸੁਹਾਵਣਾ। ਹਉਮੇ ਹੰਗਤਾ ਕਰ ਤਿਆਰ, ਸਾਚਾ ਜੋੜ ਜੁੜਾਵਣਾ। ਨਾਲ ਰਲਾਏ ਨਾਰ ਵਿਭਚਾਰ, ਝੂਠਾ ਨਾਤਾ ਤੋੜ ਤੁੜਾਵਣਾ। ਵੀਹ ਸੌ ਵੀਹ ਬਿਕ੍ਰਮੀ ਏਕਾ ਧੱਕਾ ਦੇਵੇ ਮਾਰ, ਨਾਮ ਖੰਡਾ ਇਕ ਚਮਕਾਵਣਾ। ਗੁਰਮੁਖ ਸੰਤ ਸੁਹੇਲੇ ਹਰਿਜਨ ਸਾਚੇ ਲਏ ਉਭਾਰ, ਆਪ ਆਪਣੀ ਬੂਝ ਬੁਝਾਵਣਾ। ਘਰ ਘਰ ਮੰਦਰ ਦੀਪਕ ਜੋਤੀ ਕਰ ਉਜਿਆਰ, ਮਾਣਕ ਮੋਤੀ ਆਪ ਸੁਹਾਵਣਾ। ਸੁਰਤੀ ਸੁਰਤੀ ਲਏ ਉਠਾਲ, ਗੁਰਮੁਖ ਸੋਇਆ ਕੋਈ ਰਹਿਣ ਨਾ ਪਾਵਣਾ। ਏਕਾ ਗੋਤੀ ਬਣਾਏ ਵਾਲੀ ਦੋ ਜਹਾਨ, ਵਰਨ ਬਰਨ ਸਰਬ ਮਿਟਾਵਣਾ। ਨਾਮ ਸੋਟੀ ਹੱਥ ਉਠਾਏ ਸ੍ਰੀ ਭਗਵਾਨ, ਕੋਟੀ ਕੋਟ ਜੀਵ ਤਰਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੰਧ ਮੁਕਾਵਣਾ। ਕਲਜੁਗ ਅੰਤਮ ਪੰਧ ਮੁਕੌਣਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸੋਇਆ ਆਪ ਉਠੌਣਾ, ਚੌਥੇ ਜੁਗ ਵੱਜੇ ਵਧਾਈਆ। ਸਾਧਾਂ ਸੰਤਾਂ ਮੇਲ ਮਿਲੌਣਾ, ਘਰ ਸਾਚੇ ਸੋਭਾ ਪਾਈਆ। ਏਕਾ ਮੰਤਰ ਨਾਮ ਦ੍ਰਿੜੌਣਾ, ਸੋ ਪੁਰਖ ਨਿਰੰਜਣ ਆਪ ਜਪਾਈਆ। ਹੰ ਬ੍ਰਹਮ ਆਪ ਸਮਝੌਣਾ, ਓਅੰ ਰੂਪ ਆਪ ਹੋ ਜਾਈਆ। ਸੋਹੰ ਸਾਚਾ ਸ਼ਬਦ ਚਲੌਣਾ, ਚਾਰ ਵਰਨ ਕਰੇ ਕੁੜਮਾਈਆ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਰੰਗ ਰੰਗੌਣਾ, ਰੰਗ ਮਜੀਠੀ ਇਕ ਚੜ੍ਹਾਈਆ। ਫੜ ਫੜ ਕਾਗੋਂ ਹੰਸ ਬਣੌਣਾ, ਮਾਣਕ ਮੋਤੀ ਚੋਗ ਚੁਗਾਈਆ। ਨਿਰਗੁਣ ਜੋਤੀ ਇਕ ਜਗੌਣਾ, ਦੀਵਾ ਬਾਤੀ ਨਾ ਕੋਈ ਟਿਕਾਈਆ। ਵਾਸਨਾ ਖੋਟੀ ਕੱਢ ਵਖੌਣਾ, ਸਚ ਸੁੱਚ ਕਰੇ ਪੜ੍ਹਾਈਆ। ਨੌ ਖੰਡ ਪ੍ਰਿਥਮੀ ਸਾਚਾ ਮਾਰਗ ਏਕਾ ਲੌਣਾ, ਦੂਜਾ ਦਰ ਨਾ ਕੋਈ ਜਣਾਈਆ। ਇਸ਼ਟ ਗੁਰਦੇਵ ਇਕ ਮਨੌਣਾ, ਰੂਪ ਅਨੂਪ ਸਤਿ ਸਰੂਪ ਆਪ ਦਰਸਾਈਆ। ਸ਼ਾਹ ਭੂਪ ਸੁਲਤਾਨ ਇਕ ਬਣੌਣਾ, ਸਚ ਸਿਕਦਾਰ ਇਕ ਹੋ ਜਾਈਆ। ਸਾਚਾ ਤਾਜ ਸੀਸ ਟਿਕੌਣਾ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਰਿਹਾ ਚੁਕਾਈਆ। ਕਲਜੁਗ ਤੇਰਾ ਲਹਿਣਾ ਮੂਲ, ਹਰਿ ਪੂਰਬ ਆਪ ਚੁਕਾਇੰਦਾ। ਸਤਿਜੁਗ ਸਾਚੇ ਬਰਖ਼ੇ ਫੂਲ, ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਸਚ ਸਿੰਘਾਸਣ ਆਪ ਬਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਏਕੰਕਾਰਾ ਨਿਰੰਕਾਰਾ ਨਿਰਗੁਣ ਰੂਪ ਨਾ ਜਾਏ ਭੂਲ, ਆਦਿ ਜੁਗਾਦੀ ਵੇਖ ਵਖਾਇੰਦਾ। ਵੇਖਣਹਾਰਾ ਸ਼ੰਕਰ ਤ੍ਰਸੂਲ, ਤ੍ਰੈ ਤ੍ਰੈ ਮੁਖ ਭੁਵਾਇੰਦਾ। ਵਿਸ਼ਨੂੰ ਵਸਣਹਾਰਾ ਕੋਲ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਬ੍ਰਹਮਾ ਤੋਲੇ ਸਾਚਾ ਤੋਲ, ਤ੍ਰੈਗੁਣ ਏਕਾ ਕੰਡੇ ਪਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਲੋਆਂ ਪੁਰੀਆਂ ਪਰਦੇ ਰਿਹਾ ਫੋਲ, ਆਪਣਾ ਪਰਦਾ ਆਪੇ ਲਾਹਿੰਦਾ। ਸ਼ਬਦ ਜੈਕਾਰਾ ਏਕਾ ਏਕੰਕਾਰਾ ਸਾਚਾ ਨਾਅਰਾ ਏਕਾ ਬੋਲ, ਏਕਾ ਹੁਕਮ ਸੁਣਾਇੰਦਾ। ਜੀਵ ਜੰਤ ਰਹੇ ਅਨਭੋਲ, ਮਾਇਆ ਮਮਤਾ ਪਰਦਾ ਕੋਈ ਨਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਸਦਾ ਅਡੋਲ, ਸ੍ਰਿਸ਼ਟ ਸਬਾਈ ਆਪ ਡੁਲਾਇੰਦਾ। ਸ੍ਰਿਸ਼ਟ ਸਬਾਈ ਜਗਤ ਹੁਲਾਰਾ, ਹਰਿ ਸਾਚਾ ਆਪ ਦਵਾਈਆ। ਕਿਸੇ ਨਾ ਦਿਸੇ ਪਾਰ ਕਿਨਾਰਾ, ਮੰਝਧਾਰ ਬੈਠੀ ਸਰਬ ਲੋਕਾਈਆ। ਭਰਮੇ ਭੁੱਲਾ ਭਰਮ ਗਵਾਰਾ, ਭਰਮ ਗੜ੍ਹ ਨਾ ਕੋਈ ਤੁੜਾਈਆ। ਏਕਾ ਵਿਸਰਿਆ ਨਾਮ ਹਰਿ ਕਰਤਾਰਾ, ਬਿਨ ਹਰਿ ਨਾਮੇ ਨਾ ਕੋਈ ਸਹਾਈਆ। ਚਾਰੋਂ ਕੁੰਟ ਧੂਆਂਧਾਰਾ, ਧੂਆਂਧਾਰ ਸਰਬ ਵਖਾਈਆ। ਨੇਤਰ ਰੋਵਨ ਰਵ ਸਸ ਸੂਰਜ ਚੰਨ ਸਤਾਰਾ, ਨੈਣਾਂ ਨੀਰ ਵਹਾਈਆ। ਕਲਜੁਗ ਅੰਤਮ ਹੋਏ ਖ਼ਵਾਰਾ, ਸੰਗ ਮੁਹੰਮਦ ਚਾਰ ਯਾਰ ਰਹੇ ਕੁਰਲਾਈਆ। ਈਸਾ ਮੂਸਾ ਕਾਲਾ ਸੂਸਾ ਰਿਹਾ ਉਤਾਰਾ, ਗਲ ਅਲਫ ਅਲਫੀ ਏਕਾ ਪਾਈਆ। ਕਰੇ ਖੇਲ ਅਗੰਮ ਅਪਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਮੁਕਾਮੇ ਹੱਕ ਸਾਂਝਾ ਯਾਰਾ, ਨੂਰ ਨੁਰਾਨੀ ਡਗਮਗਾਈਆ। ਅੱਲ੍ਹਾ ਰਾਣੀ ਨੈਣ ਉਘਾੜਾ, ਨੇਤਰ ਲੋਚਣ ਆਪ ਖੁਲ੍ਹਾਈਆ। ਚੌਧਵੀਂ ਸਦੀ ਦਏ ਹੁਲਾਰਾ, ਚੌਦਾਂ ਤਬਕਾਂ ਫੇਰਾ ਪਾਈਆ। ਪੀਰ ਦਸਤਗੀਰ ਸ਼ਾਹ ਹਕੀਰ ਨਾ ਕੋਈ ਦਏ ਸਹਾਰਾ, ਮੁਲਾਂ ਸ਼ੇਖ਼ ਮੁਸਾਇਕ ਕੁਤਬ ਗੌਂਸ ਨਾ ਕੋਈ ਸਹਾਈਆ । ਅੰਜੀਲ ਕੁਰਾਨ ਕਰੇ ਪੁਕਾਰਾ, ਤੀਸ ਬਤੀਸ ਏਕਾ ਗਾਈਆ। ਕਲਜੁਗ ਕੂਕੇ ਆਪਣੀ ਅੰਤਮ ਵਾਰਾ, ਉਠ ਉਠ ਵੇਖੇ ਦਹਿ ਦਿਸ਼ਾ ਫੇਰੀਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਆਪਣੀ ਕਲ ਹਰਿ ਵਰਤੰਤ, ਭੇਦ ਅਭੇਦ ਅਭੇਦਿਆ। ਖੇਲੇ ਖੇਲ ਜੁਗਾ ਜੁਗੰਤ, ਅਛਲ ਅਛੱਲ ਅਛੇਦਿਆ। ਪਾਵੇ ਸਾਰ ਸਾਚੇ ਸੰਤ, ਵੇਖਣਹਾਰਾ ਚਾਰੇ ਵੇਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਲੇਖਿਆ। ਲੇਖਾ ਲਿਖਣਹਾਰ ਗੋਪਾਲ, ਜੁਗ ਜੁਗ ਵੇਖ ਵਖਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਆਪੇ ਮੰਗ ਮੰਗਾਇੰਦਾ। ਆਪੇ ਕਲਜੁਗ ਅੰਤਮ ਬਣੇ ਦਲਾਲ, ਗੁਰ ਗੋਬਿੰਦ ਸੰਗ ਰਖਾਇੰਦਾ। ਵੇਦ ਵਿਆਸਾ ਵਜਾਏ ਤਾਲ, ਤਾਲ ਤਲਵਾੜਾ ਹੱਥ ਰਖਾਇੰਦਾ। ਸੇਵਾ ਲਾਏ ਕਾਲ ਮਹਾਂਕਾਲ, ਕਾਲ ਨਗਾਰਾ ਇਕ ਵਜਾਇੰਦਾ। ਧਰਮ ਰਾਏ ਲਏ ਉਠਾਲ, ਸਾਚਾ ਸਾਚਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵਕਤ ਸੁਹਾਇੰਦਾ। ਕਲਜੁਗ ਅੰਤਮ ਵਕਤ ਸੁਹੰਜਣਾ, ਹਰਿ ਸਾਚੇ ਜੋਤ ਜਗਾਈਆ। ਜਨ ਭਗਤਾਂ ਨੇਤਰ ਨਾਮ ਪਾਏ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਸਾਚਾ ਮਜਣਾ, ਦੁਰਮਤ ਮੈਲ ਗਵਾਈਆ। ਜੋ ਘੜਿਆ ਸੋ ਭੱਜਣਾ, ਥਿਰ ਕੋਈ ਰਹਿਣ ਨਾ ਪਾਈਆ। ਬਿਨ ਸਤਿਗੁਰ ਪੂਰੇ ਪਰਦਾ ਕਿਸੇ ਨਾ ਕੱਜਣਾ, ਜੂਠੇ ਝੂਠੇ ਮੁਖ ਛੁਪਾਈਆ। ਗੁਰਮੁਖ ਸਾਚੇ ਮੀਤ ਮੁਰਾਰ ਸੱਜਣਾ, ਹਰਿ ਸਾਚਾ ਰਾਹ ਤਕਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਆਪਣਾ ਤਜਨਾ, ਮਹੱਲ ਅਟੱਲ ਨਾ ਕੋਈ ਡੇਰਾ ਲਾਈਆ। ਸ੍ਰਿਸ਼ਟ ਸਬਾਈ ਉਠ ਉਠ ਭੱਜਣਾ, ਭਵ ਸਾਗਰ ਕੋਈ ਨਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖੇ ਸਰਬ ਲੋਕਾਈਆ। ਜਗਤ ਲੋਕਾਈ ਅੰਤਮ ਵੇਖੇ, ਨਿਰਗੁਣ ਜੋਤ ਨੂਰ ਨੁਰਾਨਿਆ। ਲੱਖ ਚੁਰਾਸੀ ਲਿਖਣਹਾਰਾ ਲੇਖੇ, ਏਕਾ ਏਕ ਸ੍ਰੀ ਭਗਵਾਨਿਆ। ਆਪੇ ਦਾਤਾ ਸ੍ਰੀ ਦਸ ਦਸਮੇਸੇ, ਆਪ ਆਪਣਾ ਰੂਪ ਵਟਾਨਿਆ। ਆਪੇ ਵੇਖੇ ਮੁੱਛ ਦਾੜ੍ਹੀ ਕੇਸੇ, ਮੂੰਡ ਮੁੰਡਾਏ ਆਪਣੇ ਗਲੇ ਲਗਾਨਿਆ। ਆਪਣੇ ਨੇਤਰ ਆਪੇ ਪੇਖੇ, ਦੋਏ ਲੋਚਣ ਨਾ ਕੋਈ ਜਹਾਨਿਆ। ਦੋ ਜਹਾਨੀ ਨਰ ਨਰੇਸ਼ੇ, ਨਰ ਨਰਾਇਣ ਇਕ ਅਖਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਬੰਨ੍ਹੇ ਗਾਨਿਆ। ਲੱਖ ਚੁਰਾਸੀ ਗਾਨਾ ਬੰਨ੍ਹੇ ਡੋਰ, ਕਲਜੁਗ ਕੂੜਾ ਤੰਦਨ ਪਾਈਆ। ਸਗਨ ਮਨਾਇਣ ਪੰਜ ਚੋਰ, ਜੂਠਾ ਝੂਠਾ ਮੰਗਲ ਗਾਈਆ। ਹਉਮੇ ਹੰਗਤਾ ਚੜਿਆ ਘੋੜ, ਮਾਇਆ ਮਮਤਾ ਵਾਗ ਗੁੰਦਾਈਆ। ਆਸਾ ਤ੍ਰਿਸ਼ਨਾ ਲੱਗੀ ਔੜ, ਦਿਵਸ ਰੈਣ ਪਿਆਸ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਸੰਗ ਨਿਭਾਈਆ। ਕਲਜੁਗ ਤੇਰਾ ਸੰਗ ਨਿਭੌਣਾ, ਚਾਰ ਵਰਨ ਸੁਣਾਇੰਦਾ। ਜੂਠਾ ਝੂਠਾ ਮੇਟ ਮਿਟੌਣਾ, ਭੇਖ ਪਖੰਡੀ ਦਿਸ ਨਾ ਆਇੰਦਾ। ਸਚ ਸੁੱਚ ਮਾਰਗ ਲੌਣਾ, ਊਚਾਂ ਨੀਚਾਂ ਇਹ ਸਮਝਾਇੰਦਾ। ਹਿੰਦੂ ਮੁਸਲਿਮ ਸਿਖ ਈਸਾਈ ਏਕਾ ਰੰਗ ਰੰਗੌਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੇਸ਼ ਏਕਾ ਧਾਮ ਬਹਾਇੰਦਾ। ਚਾਰ ਵਰਨ ਏਕਾ ਨਾਮ ਜਪੌਣਾ, ਪੁਰਖ ਪੁਰਖੋਤਮ ਇਕ ਮਨਾਇੰਦਾ। ਪੁਰਖ ਅਕਾਲ ਨਜ਼ਰੀ ਔਣਾ, ਅਜੂਨੀ ਰਹਿਤ ਰੂਪ ਵਟਾਇੰਦਾ। ਸਤਿਗੁਰ ਸਾਚਾ ਤਾਲ ਵਜੌਣਾ, ਗੁਰਮੁਖ ਸਾਚਾ ਰਾਗ ਅਲ੍ਹਾਇੰਦਾ। ਮੰਗਲਾ ਚਾਰ ਸਰਬ ਜਨ ਗੌਣਾ, ਅਨਹਦ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਗੰਮ ਅਪਾਰ, ਖੇਲਣਹਾਰਾ ਦਿਸ ਨਾ ਆਇੰਦਾ। ਖੇਲਣਹਾਰ ਪੁਰਖ ਸਮਰਥ, ਹਰਿ ਸਾਚਾ ਸ਼ਾਹ ਸੁਲਤਾਨਿਆ। ਜੁਗ ਜੁਗ ਚਲਾਏ ਆਪਣਾ ਰਥ, ਨਿਰਗੁਣ ਜੋਤ ਸ੍ਰੀ ਭਗਵਾਨਿਆ। ਕਲਜੁਗ ਅੰਤਮ ਦੇਵੇ ਮੱਥ, ਨਾਮ ਮਧਾਨਾ ਏਕਾ ਪਾਨਿਆ। ਸਤਿਜੁਗ ਮਹਿਮਾ ਚਲਾਏ ਅਕੱਥ, ਕਥਨੀ ਕਥੇ ਨਾ ਕੋਈ ਗਾਣਿਆ। ਝੂਠਾ ਬੁਰਜ ਜਾਏ ਢੱਠ, ਸਚ ਸੁੱਚ ਕਰੇ ਪ੍ਰਧਾਨਿਆ। ਗੁਰਮੁਖਾਂ ਮੇਲ ਮਿਲਾਏ ਨੱਠ ਨੱਠ, ਧਰੂ ਪ੍ਰਹਿਲਾਦ ਜਿਉਂ ਬਾਲ ਅੰਞਾਣਿਆ। ਸਚ ਦੁਵਾਰੇ ਇਕ ਇਕੱਠ, ਰੰਗ ਮਹੱਲ ਇਕ ਵਖਾਨਿਆ। ਪਾਵੇ ਸਾਰ ਮੰਦਰ ਮਸਜਿਦ ਗੁਰੂਦੁਆਰ ਮੱਠ, ਭੇਵ ਅਭੇਦਾ ਭੇਵ ਖੁਲਾਨ੍ਹਿਆ। ਵੇਖਣਹਾਰਾ ਤੀਰਥ ਅਠਸਠ, ਸਰ ਸਰੋਵਰ ਫੋਲ ਫੁਲਾਨਿਆ। ਲੱਖ ਚੁਰਾਸੀ ਘਟ ਘਟ ਅੰਦਰ ਅੰਮ੍ਰਿਤ ਰਿਹਾ ਝੱਟ, ਨਿਝਰ ਝਿਰਨਾ ਆਪ ਝਿਰਾਨਿਆ। ਦੀਪਕ ਜੋਤੀ ਲਟ ਲਟ, ਘਰ ਘਰ ਵਿਚ ਆਪ ਸੁਹਾਨਿਆ । ਦੂਈ ਦਵੈਤੀ ਮੇਟੇ ਫੱਟ, ਏਕਾ ਪੱਟੀ ਨਾਮ ਬੰਧਾਨਿਆ। ਸਾਚਾ ਵਣਜਾਰਾ ਖੋਲ੍ਹੇ ਹੱਟ, ਏਕਾ ਵਣਜ ਨਾਮ ਦੋ ਜਹਾਨਿਆ। ਗੁਰਮੁਖ ਵਿਰਲਾ ਲਾਹਾ ਲਏ ਖੱਟ, ਕਲਜੁਗ ਭੁੱਲੇ ਜੀਵ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਟੇ ਪੰਜ ਸ਼ੈਤਾਨਿਆ। ਕਲਜੁਗ ਤੇਰਾ ਪੰਧ ਮੁਕੌਣਾ, ਤੇਰੀ ਅੰਤ ਕਰੇ ਕੁੜਮਾਈਆ। ਤੇਰਾ ਭਾਰ ਤੇਰੇ ਸਿਰ ਲਟਕੌਣਾ, ਨਾ ਕੋਈ ਦੂਸਰ ਵੇਖ ਵਖਾਈਆ। ਚਾਰ ਯਾਰ ਨਾ ਸੰਗ ਨਿਭੌਣਾ, ਮੁਹੰਮਦ ਕੂਕੇ ਦਏ ਦੁਹਾਈਆ। ਅੱਲਾ ਰਾਣੀ ਮੁੱਖ ਸ਼ਰਮੌਣਾ, ਨੇਤਰ ਨੀਰ ਰਹੀ ਵਹਾਈਆ। ਪਾਰਬ੍ਰਹਮ ਪ੍ਰਭ ਖੇਲ ਖਿਲੌਣਾ, ਖੇਲੇ ਖੇਲ ਥਾਉਂ ਥਾਈਂਆ। ਮੱਕਾ ਕਾਅਬਾ ਵੇਖ ਵਖੌਣਾ, ਦੀਨ ਅਸਲਾਮਾਂ ਫੋਲ ਫੁਲਾਈਆ। ਹੱਕ ਜਨਾਬਾ ਨਾਉਂ ਧਰੌਣਾ, ਸ਼ਾਹ ਨਵਾਬਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਥਾਹ, ਬੇਪਰਵਾਹ ਭੇਵ ਕੋਈ ਨਾ ਪਾਈਆ। ਹਰਿ ਕਾ ਭੇਵ ਕਿਸੇ ਨਾ ਪਾਵਣਾ, ਆਦਿ ਜੁਗਾਦਿ ਸਮਾਇਆ। ਵੇਦ ਕਤੇਬ ਸਭ ਨੇ ਗਾਵਣਾ, ਬ੍ਰਹਮਾ ਵਿਸ਼ਨ ਸ਼ਿਵ ਰਹੇ ਧਿਆਇਆ। ਸਾਧਾਂ ਸੰਤਾਂ ਰਾਹ ਤਕਾਵਣਾ, ਭਗਤ ਭਗਵੰਤ ਰਹੇ ਸਲਾਹਿਆ। ਗੁਰਮੁਖ ਸੱਜਣ ਰਾਹ ਤਕਾਵਣਾ, ਨੇਤਰ ਨੈਣ ਰਹੇ ਤਕਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪਣਾ ਫੇਰਾ ਪਾਵਣਾ, ਜੁਗ ਜੁਗ ਆਪਣਾ ਵੇਸ ਵਟਾਇਆ। ਨਿਹਕਲੰਕਾ ਨਾਮ ਰਖਾਵਣਾ, ਦਿਸ ਕਿਸੇ ਨਾ ਆਇਆ। ਸਾਢੇ ਤਿੰਨ ਹੱਥ ਸੰਬਲ ਨਗਰੀ ਆਸਣ ਲਾਵਣਾ, ਸ਼ਬਦ ਜੈਕਾਰਾ ਇਕ ਬੁਲਾਇਆ। ਉਚ ਮਹੱਲ ਅਟੱਲ ਇਕ ਸੁਹਾਵਣਾ, ਸਚ ਸੁਹੰਜਣਾ ਧਾਮ ਵੇਖ ਵਖਾਇਆ। ਨਿਰਗੁਣ ਸਰਗੁਣ ਮੇਲ ਮਿਲਾਵਣਾ, ਸ਼ਬਦ ਵਿਚੋਲਾ ਇਕ ਬਣਾਇਆ। ਸਾਚਾ ਢੋਲਾ ਸਾਚੇ ਮਾਹੀ ਏਕਾ ਗਾਵਣਾ, ਧੁਰ ਦਰਗਾਹੋਂ ਲੈ ਕੇ ਆਇਆ। ਲੋਆਂ ਪੁਰੀਆਂ ਆਪ ਸੁਣਾਵਣਾ, ਲੋਕਮਾਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਵੇਸ ਅਵੱਲਾ ਇਕ ਇਕੱਲਾ, ਏਕਾ ਏਕ ਕਰਾਇੰਦਾ। ਥਿਰ ਘਰ ਵਸੇ ਸਚ ਮਹੱਲਾ, ਸਚਖੰਡ ਦੁਵਾਰੇ ਸੋਭਾ ਪਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪ੍ਰਬਤ ਡੂੰਘੀ ਕੰਦਰ ਫੋਲ ਫੁਲਾਇੰਦਾ। ਗੁਰਮੁਖਾਂ ਅੰਦਰ ਸੁਰਤੀ ਸ਼ਬਦੀ ਆਪੇ ਰਲਾ, ਘਰ ਸਾਚੇ ਮੇਲ ਮਿਲਾਇੰਦਾ। ਆਪਣੇ ਪ੍ਰਕਾਸ਼ ਆਪਣੇ ਦੀਪਕ ਆਪੇ ਬਲਾ, ਘਿਰਤ ਬਾਤੀ ਨਾ ਕੋਈ ਟਿਕਾਇੰਦਾ। ਆਪੇ ਜਾਣੇ ਆਪਣਾ ਰਾਹ ਸੁਖੱਲਾ, ਜੁਗ ਜੁਗ ਆਪਣਾ ਮਾਰਗ ਲਾਇੰਦਾ। ਜੀਵ ਜੰਤ ਭੁਲਾਏ ਕਰ ਕਰ ਵਲ ਛਲਾ, ਬਲ ਬਾਵਨ ਭੇਖ ਧਰਾਇੰਦਾ। ਆਪੇ ਨੂਰ ਇਲਾਹੀ ਅਵਲ ਅੱਲ੍ਹਾ, ਅੱਲ੍ਹਾ ਹੂ ਹੂ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਰਾਸ ਪੁਰਖ ਅਬਿਨਾਸ਼, ਤੇਰੀ ਝੋਲੀ ਆਪੇ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਲੱਭਦੇ ਫਿਰਦੇ ਕੋਟੀ ਕੋਟ, ਬਿਨ ਹਰਿ ਭਗਤ ਦਿਸ ਕਿਸੇ ਨਾ ਆਇੰਦਾ।
