੧੯ ਮੱਘਰ ੨੦੧੫ ਬਿਕ੍ਰਮੀ ਨਿਰੰਜਣ ਸਿੰਘ ਦੇ ਘਰ ਉਚੀ ਅਬਾਦੀ ਲੁਧਿਆਣਾ ਸ਼ਹਿਰ
ਗੁਰ ਕਿਰਪਾ ਸਚ ਨਾਮ ਹੈ, ਹਰਿਜਨ ਆਪ ਜਣਾਏ। ਅੰਮ੍ਰਿਤ ਸਾਚਾ ਜਾਮ ਹੈ, ਸਤਿਗੁਰ ਆਪ ਪਿਆਏ। ਪੂਰਨ ਕਰਨਹਾਰਾ ਕਾਮ ਹੈ, ਨਿਰਗੁਣ ਨਿਰਗੁਣ ਵੇਖ ਵਖਾਏ। ਆਪੇ ਵਸੇ ਆਪਣੇ ਧਾਮ ਹੈ, ਜਗਤ ਨੇਤਰ ਦਿਸ ਨਾ ਆਏ। ਮੇਟਣਹਾਰਾ ਅੰਧੇਰੀ ਸ਼ਾਮ ਹੈ, ਸਚ ਚੰਨ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਤਰ ਨਾਮ ਦ੍ਰਿੜਾਏ। ਸਾਚਾ ਨਾਮ ਹਰਿ ਦਵਾਰ, ਸਤਿਗੁਰ ਬੂਝ ਬੁਝਾਇੰਦਾ। ਜਿਸ ਜਨ ਦੇਵੇ ਕਰ ਪਿਆਰ, ਹਉਮੇ ਰੋਗ ਗਵਾਇੰਦਾ। ਕਾਇਆ ਕਰੇ ਠੰਡੀ ਠਾਰ, ਪੰਜ ਤਤ ਨਾ ਕੋਈ ਸਤਾਇੰਦਾ। ਨੌਂ ਦਵਾਰੇ ਕਰ ਪਿਆਰ, ਸੁਖਮਨ ਵੇਖ ਵਖਾਇੰਦਾ। ਟੇਢੀ ਬੰਕ ਤੇਰੀ ਧਾਰ, ਤੇਰਾ ਸੰਗ ਰਖਾਇੰਦਾ। ਪਾਵਣਹਾਰਾ ਸਾਚੀ ਸਾਰ, ਆਪ ਆਪਣਾ ਖੇਲ ਖਲਾਇੰਦਾ। ਧੁਨ ਅਨਾਦੀ ਸਾਚੀ ਧਾਰ, ਗੁਰ ਪੂਰਾ ਆਪ ਵਜਾਇੰਦਾ। ਪੰਚਮ ਮੇਲਾ ਏਕਾ ਬਾਰ, ਏਕਾ ਦਰ ਸੁਹਾਇੰਦਾ। ਡੂੰਘੀ ਭਵਰੀ ਕਰ ਕਰ ਪਾਰ, ਕਾਇਆ ਕਵਰੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਏਕਾ ਨਾਮ ਦ੍ਰਿੜਾਇੰਦਾ। ਏਕਾ ਨਾਮ ਸ਼ਬਦ ਅਪਾਰ, ਹਰਿ ਹਰਿ ਆਪ ਜਣਾਇੰਦਾ। ਸਤਿਗੁਰ ਪੂਰਾ ਬਖ਼ਸ਼ੇ ਚਰਨ ਪਿਆਰ, ਦੂਈ ਦਵੇਤੀ ਮੇਟ ਮਿਟਾਇੰਦਾ। ਕਾਇਆ ਮੰਦਰ ਇਕ ਮਕਾਨ, ਨੇਤਰ ਲੋਚਣ ਇਕ ਖੁਲਾਇੰਦਾ। ਸਾਚਾ ਸ਼ਬਦ ਸੱਚੀ ਧੁਨਕਾਨ, ਆਪਣਾ ਰਾਗ ਸੁਣਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਸਰ ਸਰੋਵਰ ਇਕ ਮਹਾਨ, ਕਵਲ ਨੈਣ ਆਪ ਬਣਾਇੰਦਾ। ਸੁਰਤੀ ਬਾਲੀ ਫੜ ਨਿਧਾਨ, ਆਪ ਆਪਣੇ ਅੰਗ ਲਗਾਇੰਦਾ। ਸ਼ਬਦੀ ਸ਼ਬਦ ਸ਼ਬਦ ਮਿਹਰਬਾਨ, ਸਾਚਾ ਰੂਪ ਵਟਾਇੰਦਾ। ਬਜ਼ਰ ਕਪਾਟੀ ਤੋੜ ਤੁੜਾਨ, ਏਕਾ ਘਰ ਵਖਾਇੰਦਾ। ਆਤਮ ਸੇਜਾ ਹੋ ਪਰਧਾਨ, ਏਕਾ ਦਰ ਸੁਹਾਇੰਦਾ। ਜੋਤੀ ਨੂਰ ਦੀਪ ਨੁਰਾਨ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖ ਵਖਾਇੰਦਾ। ਨਾਮ ਸ਼ਬਦ ਸਚ ਭੰਡਾਰਾ, ਹਰਿ ਹਰਿ ਆਪ ਵਰਤਾਇੰਦਾ। ਸਤਿਗੁਰ ਪੂਰਾ ਬਣ ਵਣਜਾਰਾ, ਲੋਕਮਾਤ ਵੇਖ ਵਖਾਇੰਦਾ। ਭਗਤ ਵਛੱਲ ਕਰ ਪਿਆਰਾ, ਸਾਧਾਂ ਸੰਤਾਂ ਝੋਲੀ ਪਾਇੰਦਾ। ਗੁਰਸਿਖ ਢਹਿ ਪਏ ਦਵਾਰਾ, ਕਰ ਕਿਰਪਾ ਵੇਖ ਵਖਾਇੰਦਾ। ਮੇਟ ਮਿਟਾਏ ਅੰਧ ਅੰਧਿਆਰਾ, ਕੂੜੀ ਕਿਰਿਆ ਰਹਿਣ ਨਾ ਪਾਇੰਦਾ। ਸਤਿ ਸੰਤੋਖੀ ਦੀਪ ਉਜਿਆਰਾ, ਇਕ ਪ੍ਰਕਾਸ਼ ਕਰਾਇੰਦਾ। ਦੇਵੇ ਦਰਸ ਅਗੰਮ ਅਪਾਰਾ, ਸਾਚਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਰ ਏਕਾ ਮੰਤਰ ਬੂਝ ਬੁਝਾਇੰਦਾ। ਨਾਮ ਮੰਤਰ ਸਚ ਦ੍ਰਿੜਾ, ਆਪਣਾ ਕਰਮ ਕਮਾਇਆ। ਹਰਿਜਨ ਸਾਚਾ ਵੇਖ ਵਖਾ, ਅੱਖਰ ਵੱਖਰ ਇਕ ਪੜ੍ਹਾਇਆ। ਬਜ਼ਰ ਕਪਾਟੀ ਤੋੜ ਤੁੜਾ, ਪੰਚ ਵਿਕਾਰ ਸੱਥਰ ਹੇਠ ਵਿਛਾਇਆ। ਸਾਚੇ ਪੌੜੇ ਆਪ ਚੜ੍ਹਾ, ਚੌਥੇ ਪਦ ਸਮਾਇਆ। ਆਤਮ ਬ੍ਰਹਮ ਵੇਖ ਵਖਾ, ਪਾਰਬ੍ਰਹਮ ਸਰਨਾਇਆ। ਪੂਰਨ ਕੰਮ ਆਪ ਕਰਾ, ਕਰਨੀ ਕਰਤਾ ਨਾਉਂ ਰਖਾਇਆ। ਵੇਖ ਵਖਾਣੇ ਦੋ ਜਹਾਨ, ਆਪ ਆਪਣਾ ਬਿਰਧ ਕਮਾਇਆ। ਦੇਵਣਹਾਰਾ ਸਾਚਾ ਥਾਂ, ਅਗੰਮ ਅਗੰਮੜਾ ਥਾਨ ਸੁਹਾਇਆ। ਅਲੱਖ ਅਗੋਚਰ ਬੇਪਰਵਾਹ, ਆਪ ਆਪਣਾ ਮੇਲ ਮਿਲਾਇਆ। ਹਰਿਜਨ ਮੇਲਾ ਸਾਚੇ ਥਾਂ, ਸਚ ਦਵਾਰਾ ਇਕ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਜਗਤ ਵਿਦਿਆ ਨਾ ਕੋਇ ਪੜ੍ਹਾਇਆ। ਨਾਮ ਦਾਤ ਵਡ ਕਰਾਮਾਤ, ਹਰਿਜਨ ਝੋਲੀ ਪਾਈਆ। ਦੇਵਣਹਾਰਾ ਸਾਚੀ ਦਾਤ, ਬ੍ਰਹਮ ਵੱਡੀ ਵਡਿਆਈਆ। ਚਰਨ ਕਵਲ ਬੰਧਾਏ ਸਾਚਾ ਨਾਤ, ਸਾਚੀ ਸਿਖਿਆ ਇਕ ਸਮਝਾਈਆ। ਵਰਨ ਗੋਤ ਨਾ ਕੋਈ ਜ਼ਾਤ ਪਾਤ, ਰਾਜ ਰਾਜਾਨ ਰਾਓ ਰੰਕ ਨਾ ਕੋਇ ਅਖਵਾਈਆ। ਵੇਖਣਹਾਰਾ ਇਕ ਇਕਾਂਤ, ਘਰ ਘਰ ਵੇਖੇ ਫੇਰਾ ਪਾਈਆ। ਦਿਵਸ ਰੈਣ ਰਿਹਾ ਝਾਤ, ਆਲਸ ਨਿੰਦਰਾ ਵਿਚ ਨਾ ਆਈਆ। ਖੋਲ੍ਹਣਹਾਰਾ ਏਕਾ ਹਾਟ, ਬੰਦ ਕਿਵਾੜਾ ਆਪ ਖੁਲ੍ਹਾਈਆ। ਆਪੇ ਹੋਏ ਪਾਕੀ ਪਾਕ, ਪਤਿਤ ਪਾਵਣ ਨਾਉਂ ਧਰਾਈਆ। ਦੋ ਜਹਾਨਾਂ ਸੱਜਣ ਸਾਕ, ਸਾਕ ਸੈਣ ਆਪ ਹੋ ਜਾਈਆ। ਸ਼ਬਦ ਚੜ੍ਹਾਏ ਸਾਚੇ ਰਾਕ, ਏਕਾ ਅਸਵ ਆਪ ਦੌੜਾਈਆ। ਗੁਰਮੁਖ ਚੜ੍ਹੇ ਮਾਰ ਪਲਾਕ, ਆਪ ਆਪਣੇ ਸੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਨਾਮ ਆਪੇ ਰਿਹਾ ਸੁਣਾਈਆ। ਸਾਚਾ ਨਾਮ ਕਾਇਆ ਮੰਦਰ, ਹਰਿ ਹਰਿ ਆਪ ਟਿਕਾਇਆ । ਕਿਸੇ ਹੱਥ ਨਾ ਆਏ ਗੋਰਖ ਮਛੰਦਰ, ਉਚੇ ਟਿੱਲੇ ਫੇਰਾ ਪਾਇਆ। ਲੱਖ ਚੁਰਾਸੀ ਭੌਂਦੀ ਬੰਦਰ, ਨਾਨਕ ਕਬੀਰਾ ਵੇਖ ਵਖਾਇਆ। ਕਰੇ ਪ੍ਰਕਾਸ਼ ਅੰਧੇਰੀ ਕੰਦਰ, ਇਕ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਸੁਹਾਇਆ। ਨਾਮ ਦਾਤ ਧੁਰਦਰਗਾਹ, ਏਕਾ ਏਕ ਵਖਾਈਆ । ਸਤਿਗੁਰ ਪੂਰਾ ਦੇਵੇ ਸਚ ਸਲਾਹ, ਸਾਚੇ ਘਰ ਵੱਜੇ ਵਧਾਈਆ। ਜਗਤ ਕਤੇਬਾ ਸਿਫ਼ਤ ਸਲਾਹ, ਸਲਾਹੀ ਸਲਾਹ ਜਣਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਸਕੇ ਵਖਾ, ਭੁੱਲੀ ਸਰਬ ਲੋਕਾਈਆ। ਕਾਇਆ ਮੰਦਰ ਆਪ ਟਿਕਾ, ਆਪੇ ਬੈਠਾ ਕੁੰਡਾ ਲਾਈਆ। ਆਪਣੀ ਹੱਥੀਂ ਆਪ ਦਏ ਵਰਤਾ, ਜੁਗ ਜੁਗ ਵੱਡੀ ਵਡਿਆਈਆ। ਸੰਤ ਸੁਹੇਲੇ ਆਪ ਉਠਾ, ਆਪਣੀ ਰਚਨ ਜਣਾਈਆ। ਰਾਗ ਅਨਾਦੀ ਇਕ ਅਲਾ, ਅਕਲ ਕਲਾ ਹੋ ਜਾਈਆ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾ, ਪਾਰਬ੍ਰਹਮ ਵੇਖ ਵਖਾਈਆ। ਮੋਹਣ ਮਾਧਵ ਮਾਧੀ ਭੇਵ ਖੁਲ੍ਹਾ, ਹਰਿਜਨ ਸਾਚੇ ਲਏ ਤਰਾਈਆ। ਰਸਨ ਵਿਵਾਦੀ ਆਪੇ ਗਾ, ਹਰਿ ਕਾ ਨਾਮ ਭੇਵ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਆਪਣਾ ਵਰ, ਏਕਾ ਨਾਮ ਝੋਲੀ ਪਾਈਆ। ਨਾਮ ਵਸਤ ਸ਼ਬਦ ਅਨਮੋਲ, ਸਤਿਗੁਰ ਪੂਰਾ ਹੱਥ ਵਖਾਇੰਦਾ। ਆਪਣੇ ਕੰਡੇ ਆਪੇ ਤੋਲ, ਹਰਿਜਨ ਝੋਲੀ ਪਾਇੰਦਾ। ਆਪਣਾ ਜੰਦਰ ਆਪੇ ਖੋਲ੍ਹ, ਆਪੇ ਵੇਖ ਵਖਾਇੰਦਾ। ਆਪ ਵਜਾਏ ਆਪਣਾ ਢੋਲ, ਆਪੇ ਆਪ ਸੁਣਾਇੰਦਾ। ਆਪਣਾ ਅੱਖਰ ਆਪੇ ਬੋਲ, ਆਪ ਆਪਣੇ ਵਿਚ ਟਿਕਾਇੰਦਾ। ਗੁਰਸਿਖ ਕਾਇਆ ਕਰੇ ਚੋਹਲ, ਕਾਇਆ ਚੋਲੀ ਫੋਲ ਫੁਲਾਇੰਦਾ। ਸੁਰਤੀ ਸ਼ਬਦੀ ਜਾਏ ਮੌਲ, ਸਾਚਾ ਨਾਮ ਆਪ ਉਪਾਇੰਦਾ। ਉਲਟਾ ਕਰੇ ਨਾਭ ਕਵਲ, ਹਰਿ ਅੰਮ੍ਰਿਤ ਝਿਰਨਾ ਮੁਖ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਆਪ ਵਰਤਾਇੰਦਾ। ਨਾਮ ਅਨਮੋਲ ਉਚ ਮਿਨਾਰ, ਹਰਿ ਹਰਿ ਆਪ ਟਿਕਾਇਆ। ਵੇਖੇ ਵਿਗਸੇ ਪਾਵੇ ਸਾਰ, ਅਲੱਖ ਅਗੋਚਰ ਭੇਸ ਵਟਾਇਆ। ਨੇਤਰ ਦਿਸੇ ਨਾ ਵਿਚ ਸੰਸਾਰ, ਜਗਤ ਨੈਣਾਂ ਦਿਸ ਨਾ ਆਇਆ। ਰੱਤੀ ਕੇਸਰ ਨਾ ਕੋਈ ਧਾਰ, ਤਿਲਕ ਲਲਾਟ ਨਾ ਕੋਈ ਵਖਾਇਆ। ਨਿਉਂ ਨਿਉਂ ਕਰੇ ਨਾ ਕੋਈ ਨਿਮਸਕਾਰ, ਪੰਜ ਤਤ ਸੀਸ ਨਾ ਕੋਈ ਝੁਕਾਇਆ। ਮਨ ਮਤ ਨਾ ਹਾਹਾਕਾਰ, ਬੁੱਧ ਬਿਬੇਕ ਨਾ ਵੇਖ ਵਖਾਇਆ। ਪੰਜਾਂ ਤੱਤਾਂ ਵਸਿਆ ਬਾਹਿਰ, ਤ੍ਰੈਗੁਣ ਪੱਲੂ ਨਾ ਕਿਸੇ ਫੜਾਇਆ। ਬ੍ਰਹਮਾ ਵਿਸ਼ਨ ਰਹੇ ਵਿਚਾਰ, ਸ਼ਿਵ ਸ਼ੰਕਰ ਸੀਸ ਝੁਕਾਇਆ। ਕਰੋੜ ਤੇਤੀਸਾ ਹਾਹਾਕਾਰ, ਦਿਵਸ ਰੈਣ ਰਹੇ ਕੁਰਲਾਇਆ। ਲੱਖ ਚੁਰਾਸੀ ਵਹਿੰਦੀ ਧਾਰ, ਹਰਿ ਕਾ ਰੂਪ ਦਿਸ ਨਾ ਆਇਆ। ਪਾਰਬ੍ਰਹਮ ਬੇਅੰਤ ਬੇਐਬ ਪਰਵਰਦਿਗਾਰ, ਰਾਮ ਰਹੀਮ ਆਪ ਅਖਵਾਇਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਕਰਤਾ ਪੁਰਖ ਆਪ ਕਰਾਇਆ। ਨਾਮ ਕਰਾਏ ਇਕ ਵਪਾਰ, ਵਣਜ ਵਪਾਰਾ ਨਾਉਂ ਧਰਾਇਆ। ਜੋਤੀ ਸੁਤ ਕਰ ਉਜਿਆਰ, ਸ਼ਬਦੀ ਨਾਉਂ ਧਰਾਇਆ। ਸ਼ਬਦ ਗੁਰ ਸਚ ਜੈਕਾਰ, ਨਿਰਗੁਣ ਧਾਰ ਆਪ ਵਹਾਇਆ। ਸਰਗੁਣ ਸਾਚੇ ਕਰ ਪਿਆਰ, ਕਾਇਆ ਮੰਦਰ ਮੇਲ ਮਿਲਾਇਆ। ਦਿਸ ਨਾ ਆਏ ਨੌਂ ਦਵਾਰ, ਜੀਵ ਜੰਤ ਹੋਏ ਹਲਕਾਇਆ। ਜੋ ਜਨ ਸਤਿਗੁਰ ਪੂਰੇ ਢਹਿ ਪਏ ਦਵਾਰ, ਕਰ ਕਿਰਪਾ ਮੇਲ ਮਿਲਾਇਆ। ਨਾਮ ਵਸਤ ਹੱਟ ਬਜ਼ਾਰ, ਚੌਦਾਂ ਲੋਕ ਫੋਲ ਫੁਲਾਇਆ। ਅਵਣ ਗਵਣ ਪਾਵੇ ਸਾਰ, ਤ੍ਰੈਭਵਨ ਡੇਰਾ ਢਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਬ੍ਰਹਮ ਜਣਾਇਆ। ਨਾਮ ਧੰਨ ਸਚ ਖ਼ਜ਼ੀਨਾ, ਹਰਿ ਹਰਿ ਹੱਥ ਰਖਾਇਆ। ਸਤਿਗੁਰ ਪੂਰਾ ਦੇਵੇ ਹੋ ਮਿਹਰਵਾਨਾ, ਲੋਕਮਾਤ ਵੇਖ ਵਖਾਇਆ। ਧਰਮੀ ਧਰਮ ਝੁਲਾਏ ਇਕ ਨਿਸ਼ਾਨਾ, ਬ੍ਰਹਿਮੰਡਾਂ ਖੰਡਾਂ ਫੇਰਾ ਪਾਇਆ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਨਾਉਂ ਰਖਾਇਆ। ਆਪਣੇ ਨਾਮ ਕਰੇ ਆਪ ਪਛਾਣਾ, ਰੂਪ ਰੰਗ ਨਾ ਕੋਈ ਵਖਾਇਆ। ਏਕਾ ਧੁਨ ਇਕ ਤਰਾਨਾ, ਏਕਾ ਰਾਗ ਅਲਾਇਆ। ਏਕਾ ਮਸਤੀ ਮਸਤ ਮਸਤਾਨਾ, ਆਪ ਆਪਣਾ ਦਰ ਸੁਹਾਇਆ। ਆਪੇ ਬੰਨ੍ਹਣਹਾਰਾ ਗਾਨਾ, ਏਕਾ ਸਗਨ ਮਨਾਇਆ। ਸਾਚੇ ਮੰਦਰ ਹੋ ਪ੍ਰਧਾਨਾ, ਦਸਮ ਦੁਆਰੀ ਡੇਰਾ ਲਾਇਆ। ਸ਼ਾਹੋ ਭੂਪ ਹਰਿ ਸੁਲਤਾਨਾ, ਸਚ ਸਿੰਘਾਸਣ ਇਕ ਵਿਛਾਇਆ। ਦੀਪਕ ਜੋਤੀ ਜਗੇ ਮਹਾਨਾ, ਅੱਠੇ ਪਹਿਰ ਡਗਮਗਾਇਆ। ਸੁਨ ਅਗੰਮੀ ਵੇਖ ਵਖਾਨਾ, ਆਪ ਆਪਣਾ ਰੂਪ ਵਿਖਾਇਆ। ਸਚਖੰਡ ਹੋ ਪਰਧਾਨਾ, ਏਕਾ ਰਾਗ ਅਲਾਇਆ। ਅਲੱਖ ਅਗੋਚਰ ਖੇਲ ਮਹਾਨਾ, ਆਪ ਆਪਣਾ ਰਿਹਾ ਕਰਾਇਆ। ਅਗੰਮ ਅਗੰਮੜਾ ਦੋ ਜਹਾਨਾਂ, ਨਾੜੀ ਚੰਮੜਾ ਨਾ ਕੋਈ ਬਣਾਇਆ, ਸਤਿ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਆਪ ਆਪਣਾ ਖੇਲ ਖਿਲਾਇਆ। ਏਕਾ ਨਾਮ ਕਰ ਪ੍ਰਧਾਨਾ, ਲੱਖ ਚੁਰਾਸੀ ਮੰਦਰ ਅੰਦਰ ਆਪ ਟਿਕਾਇਆ। ਸੁਰਤ ਸਵਾਣੀ ਬਾਲੀ ਬਾਲਾ, ਬਾਲੀ ਬਾਲਾ ਰਹੇ ਤਰਾਇਆ। ਜੋਤ ਨਿਰੰਜਣ ਜੋਤ ਜਵਾਲਾ, ਅਗਨੀ ਤਤ ਵਿਖਾਇਆ। ਲਹਿਣਾ ਦੇਣ ਚੁਕਾਏ ਕਾਲ ਮਹਾਂਕਾਲਾ, ਜਗਤ ਭੰਡਾਰ ਭਰਾਇਆ। ਸਾਚਾ ਨਾਮ ਸਤਿਗੁਰ ਸਚ ਦੋਸ਼ਾਲਾ, ਗੁਰਮੁਖ ਵਿਰਲੇ ਤਨ ਪਹਿਨਾਇਆ। ਫਲ ਲਗਾਏ ਕਾਇਆ ਡਾਲਾ, ਅੰਮ੍ਰਿਤ ਮੇਵਾ ਇਕ ਖਵਾਇਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇਆ। ਸਾਚੀ ਵੇਖ ਧਰਮ ਧਰਮਸਾਲਾ, ਧੁਰ ਮੰਦਰ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਨਾਮ ਵਰ, ਕਿਰਪਾਨਿਧ ਕਿਰਪਾ ਦਏ ਕਰ, ਛਿੰਨ ਛਿੰਨ ਪਾਰ ਉਤਾਰ ਆਪ ਕਰਾਇਆ। ਸਤਿਗੁਰ ਪੂਰਾ ਹਰਿ ਸਮਰਥ, ਸਤਿਗੁਰ ਪੂਰਾ ਆਪ ਅਖਵਾਇੰਦਾ। ਦੇਵਣਹਾਰ ਨਾਮ ਵੱਥ, ਜਨ ਭਗਤਾਂ ਝੋਲੀ ਪਾਇੰਦਾ। ਨਾਮ ਜਣਾਈ ਮਹਿਮਾ ਅਕੱਥ, ਕਥਨੀ ਕਥ ਨਾ ਕੋਈ ਕਥਾਇੰਦਾ। ਆਪ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਨਾਉਂ ਧਰਾਇੰਦਾ। ਪੰਚ ਵਿਕਾਰਾ ਦੇਵੇ ਮਥ, ਨਾਮ ਖੰਡਾ ਇਕ ਚਮਕਾਇੰਦਾ। ਹਉਮੇ ਹੰਗਤਾ ਜੂਠਾ ਝੂਠਾ ਬੁਰਜ ਜਾਏ ਢੱਠ, ਸਾਚਾ ਮੰਦਰ ਇਕ ਸੁਹਾਇੰਦਾ। ਲਹਿਣਾ ਦੇਣਾ ਚੁਕਾਏ ਤੀਰਥ ਅਠਸਠ, ਪੂਜਾ ਪਾਠ ਨਾ ਕੋਈ ਰਖਾਇੰਦਾ। ਉਲਟੀ ਗੇੜੇ ਆਪੇ ਲੱਠ, ਮਨ ਪੰਖੀ ਦਹਿ ਦਿਸ਼ਾ ਨਾ ਧਾਇੰਦਾ। ਵਸਣਹਾਰਾ ਘਟ ਘਟ, ਘਟ ਭੀਤਰ ਵੇਖ ਵਖਾਇੰਦਾ। ਤ੍ਰੈਗੁਣ ਨਾ ਤਪੇ ਅਗਨੀ ਮੱਠ, ਪੰਜ ਤਤ ਮੇਟ ਮਿਟਾਇੰਦਾ। ਏਕਾ ਦੇਵੇ ਧੀਰਜ ਜਤ, ਸਤਿ ਸੰਤੋਖ ਰਖਾਇੰਦਾ। ਰੱਖਣਹਾਰਾ ਸਾਚੀ ਪੱਤ, ਕਮਲਾਪਤ ਨਾਉਂ ਰਖਾਇੰਦਾ। ਅੰਤਮ ਬੀਜ ਬੀਜੇ ਸਾਚੇ ਵਤ, ਕਾਇਆ ਖੇੜਾ ਵੇਖ ਵਖਾਇੰਦਾ। ਲੇਖੇ ਲਾਏ ਬੂੰਦ ਰਕਤ ਰੱਤ, ਜਿਸ ਜਨ ਦਇਆ ਕਮਾਇੰਦਾ । ਅੰਮ੍ਰਿਤ ਆਤਮ ਸਾਚਾ ਝੱਟ, ਸਿੰਚ ਕਿਆਰੀ ਹਰੀ ਕਰਾਇੰਦਾ। ਦੂਈ ਦਵੈਤੀ ਮੇਟੇ ਫੱਟ, ਏਕਾ ਬ੍ਰਹਮ ਵਖਾਇੰਦਾ। ਹਰਿਜਨ ਵਖਾਏ ਸਾਚੇ ਹੱਟ, ਕੀਮਤ ਕਰਤਾ ਆਪੇ ਪਾਇੰਦਾ। ਜਗੇ ਜੋਤ ਕਾਇਆ ਮੱਟ, ਜੋਤ ਨਿਰੰਜਣ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਆਤਮ ਝੋਲੀ ਬ੍ਰਹਮ ਪਾਰਬ੍ਰਹਮ ਆਪ ਭਰਾਇੰਦਾ। ਜੋ ਜਨ ਮੰਗੇ ਬਣ ਭਿਖਾਰ, ਆਤਮ ਬ੍ਰਹਮ ਜਣਾਈਆ। ਸ਼ਬਦੀ ਦੇਵੇ ਸ਼ਬਦ ਭੰਡਾਰ, ਮੁਲ ਕੋਇ ਨਾ ਲਾਈਆ। ਅੰਤਰ ਆਤਮ ਇਕ ਪਿਆਰ, ਚਰਨ ਕਵਲ ਦਰਸਾਈਆ। ਨਾਤਾ ਤੁੱਟੇ ਜਗਤ ਮੀਤ ਮੁਰਾਰ, ਮਾਤ ਪਿਤ ਭਾਈ ਭੈਣ, ਸਾਕ ਸੈਣ ਕੋਈ ਦਿਸ ਨਾ ਆਈਆ। ਨਜ਼ਰੀ ਆਵੇ ਸਾਂਝਾ ਘਰ, ਬੈਠਾ ਅਲਖ ਜਗਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਢਹਿ ਢਹਿ ਪੈਣ ਚਰਨ ਦਵਾਰ, ਮਨ ਮਤ ਰਹੀ ਸ਼ਰਮਾਈਆ। ਜਗਤ ਤ੍ਰਿਸ਼ਨਾ ਭੁੱਖ ਦਏ ਨਿਵਾਰ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਆਪ ਆਪਣੇ ਵਿਚ ਮਿਲਾਈਆ। ਮਿਲੇ ਮੇਲ ਹਰਿ ਗੋਬਿੰਦ, ਗੁਰ ਪੂਰਾ ਦਇਆ ਕਮਾਇੰਦਾ। ਮਿਟਾਵਣਹਾਰਾ ਸਗਲੀ ਚਿੰਦ, ਚਿੰਤਾ ਚਿੱਖਾ ਨਾ ਕੋਈ ਵਖਾਇੰਦਾ। ਗੁਰਮੁਖ ਉਪਜਾਏ ਆਪਣੀ ਬਿੰਦ, ਸੁਤ ਅਨਾਦੀ ਨਾਉਂ ਧਰਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਇੰਦਾ। ਆਦਿ ਜੁਗਾਦਿ ਸਦਾ ਬਖ਼ਸ਼ਿੰਦ, ਪਤਿਤ ਪਾਪੀ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਸਚਖੰਡ ਦਵਾਰ ਇਕ ਸੁਹਾਇੰਦਾ। ਨਾਮ ਵਰ ਧੁਰ ਫ਼ਰਮਾਣਾ, ਹਰਿਜਨ ਆਪ ਜਣਾਈਆ। ਮੇਲ ਮਿਲਾਏ ਸ੍ਰੀ ਭਗਵਾਨਾ, ਵਿਛੜ ਕਦੇ ਨਾ ਜਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਬੈਠਾ ਆਸਣ ਲਾਈਆ। ਵੇਖਣਹਾਰਾ ਦੋ ਜਹਾਨਾਂ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੰਨ੍ਹੇ ਸਾਚਾ ਨਾਮ ਗਾਨਾ, ਤੰਦਨ ਤੰਦ ਨਾ ਕੋਈ ਤੁੜਾਈਆ। ਮਾਨਸ ਜਨਮ ਲੇਖੇ ਜਾਏ ਲੱਗ, ਹਰਿਸੰਗਤ ਆਪ ਤਰਾਈਆ। ਫੜ ਫੜ ਹੰਸ ਬਣਾਏ ਕੱਗ, ਜੋ ਜਨ ਆਏ ਸਰਨਾਈਆ। ਸਾਚਾ ਦੀਪਕ ਜੋਤ ਰਿਹਾ ਜੱਗ, ਨਾ ਸਕੇ ਕੋਇ ਬੁਝਾਈਆ। ਜਗਤ ਤ੍ਰਿਸ਼ਨਾ ਮੇਟੇ ਅੱਗ, ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਸੋਹੰ ਸ਼ਬਦ ਬੰਨ੍ਹੇ ਗਲ ਸਾਚਾ ਤਗ, ਉਪਰ ਸ਼ਾਹ ਰਗ ਆਪ ਹੋ ਜਾਈਆ। ਜਿਸ ਦਰ ਸੁਹਾਏ ਆਪਣਾ ਪਗ, ਪਤਿਤ ਪਾਪੀ ਸੰਗ ਤਰਾਈਆ। ਹਰਿਜਨ ਸਾਚੀ ਮੰਗ ਰਹੇ ਮੰਗ, ਦਿਵਸ ਰੈਣ ਰਾਹ ਤਕਾਈਆ। ਲੇਖੇ ਲਾਏ ਸੂਰਾ ਸਰਬਗ, ਆਪਣੇ ਹੱਥ ਰੱਖੇ ਵਡਿਆਈਆ। ਦੇਵੇ ਮਾਣ ਜਗਤ ਜਗ, ਦਰਗਹਿ ਸਾਚੀ ਹੋਏ ਸਹਾਈਆ। ਗੁਰਮੁਖ ਹੀਰਾ ਸਾਚਾ ਨਗ, ਸੀਸ ਤਾਜ ਆਪ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਵੇਖ ਵਖਾਈਆ। ਹਰਿਸੰਗਤ ਹਰਿ ਜਾਏ ਤਾਰ, ਲੋਕਮਾਤ ਵੱਜੇ ਵਧਾਈਆ। ਜਨ ਭਗਤਾਂ ਸੁਣੇ ਦਰ ਪੁਕਾਰ, ਦਿਵਸ ਰੈਣ ਵੇਖ ਵਖਾਈਆ। ਸਗਲਾ ਮੀਤ ਏਕੰਕਾਰ, ਨਿਰਗੁਣ ਨੂਰ ਆਪ ਦਰਸਾਈਆ। ਪਾਰਬ੍ਰਹਮ ਗੁਰ ਲਏ ਅਵਤਾਰ, ਆਦਿ ਜੁਗਾਦਿ ਵੇਸ ਵਟਾਈਆ। ਸਾਚੇ ਸੱਜਣ ਮੀਤ ਮੁਰਾਰ, ਚੌਥੇ ਜੁਗ ਕਰੇ ਕੁੜਮਾਈਆ। ਸ਼ਬਦ ਵਿਚੋਲਾ ਧੁਰ ਦਰਬਾਰ, ਏਕਾ ਦਏ ਸਲਾਹੀਆ। ਨਾਮ ਢੋਲਾ ਸਚ ਜੈਕਾਰ, ਸੋਹੰ ਆਪ ਸੁਣਾਈਆ। ਏਕਾ ਤੋਲਾ ਬੇਐਬ ਪਰਵਰਦਿਗਾਰ, ਆਪੇ ਤੋਲੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਬੇੜਾ ਬੰਨ੍ਹੇ ਲਾਈਆ। ਹਰਿਸੰਗਤ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਇੰਦਾ। ਧਰਮ ਰਾਏ ਨਾ ਦੇਵੇ ਡੰਨ, ਚਿਤਰ ਗੁਪਤ ਨਾ ਹਿਸਾਬ ਵਖਾਇੰਦਾ। ਲਾੜੀ ਮੌਤ ਨਾ ਚਾੜ੍ਹੇ ਚੰਨ, ਜਗਤ ਦਵਾਰ ਨਾ ਸਗਨ ਮਨਾਇੰਦਾ। ਮੇਲ ਮਿਲਾਵਾ ਸਾਚੇ ਤਨ, ਪੰਚ ਤਤ ਆਪ ਸੁਹਾਇੰਦਾ। ਜਿਸ ਜਨ ਕੱਢੇ ਆਪਣਾ ਜਨ, ਜਨ ਜਨਨੀ ਲੇਖੇ ਲਾਇੰਦਾ। ਰਾਗ ਸੁਣਾਏ ਏਕਾ ਕੰਨ, ਜਗਤ ਵੈਰਾਗ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਲ ਵਰਤਾਇੰਦਾ। ਕਲ ਵਰਤੰਤਾ ਹਰਿ ਭਗਵੰਤਾ, ਏਕਾ ਨੂਰ ਜਗਾਈਆ। ਹਰਿਸੰਗਤ ਵਖਾਏ ਸਾਚੀ ਸੰਗਤਾ, ਸਤਿ ਸਰੂਪ ਸਮਾਈਆ। ਆਪ ਬਣਾਏ ਆਪਣੀ ਬਣਤਾ, ਪਾਰਬ੍ਰਹਮ ਵੱਡੀ ਵਡਿਆਈਆ। ਗੁਰਸਿਖ ਦੂਜੇ ਦਰ ਨਾ ਹੋਏ ਮੰਗਤਾ, ਮੰਗਣ ਭਿਖਿਆ ਦਰ ਨਾ ਜਾਈਆ। ਕਾਇਆ ਚੋਲੀ ਸਤਿਗੁਰ ਪੂਰਾ ਆਪੇ ਰੰਗਦਾ, ਰੰਗਣਹਾਰਾ ਸਾਚਾ ਮਾਹੀਆ। ਤੋੜਨਹਾਰਾ ਗੜ੍ਹ ਹੰਗਤਾ, ਸੋ ਪੁਰਖ ਨਿਰੰਜਣ ਨਾਉਂ ਰਖਾਈਆ। ਮਾਨਸ ਜਨਮ ਨਾ ਹੋਏ ਭੰਗਤਾ, ਜੋ ਜਨ ਨੇਤਰ ਲੋਚਣ ਨੈਣ ਦਰਸ਼ਨ ਪਾਈਆ। ਮੇਲ ਮਿਲਾਵਾ ਸਾਚੀ ਸੰਗਤਾ, ਰਿਖੀ ਮੁਨੀ ਰਹੇ ਰਾਹ ਤਕਾਈਆ। ਜਿਉਂ ਨਾਨਕ ਅੰਗ ਲਾਇਆ ਅੰਗਦਾ, ਹਰਿਸੰਗਤ ਆਪ ਲਗਾਈਆ। ਅੰਮ੍ਰਿਤ ਧਾਰ ਵਹਾਏ ਸਾਚਾ ਗੰਗਤਾ, ਗੰਗਾ ਗੋਦਾਵਰੀ ਰਹੀ ਸ਼ਰਮਾਈਆ। ਜੋ ਜਨ ਦਰ ਦਵਾਰੇ ਆਏ ਮੰਗਤਾ, ਪੂਰਨ ਇਛਿਆ ਪੂਰਨ ਗੁਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਗਲਾ ਸੰਗ ਨਿਭਾਈਆ। ਸਗਲਾ ਸੰਗ ਹਰਿ ਰਘੁਨਾਥ, ਹਰਿਸੰਗਤ ਸੰਗ ਨਿਭਾਇੰਦਾ। ਨਾਮ ਚੜ੍ਹਾਏ ਸਾਚੇ ਰਾਥ, ਕਲਜੁਗ ਅੰਤਮ ਆਪ ਚਲਾਇੰਦਾ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਪੂਰਬ ਲਹਿਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾਏ ਸਾਚੇ ਨੈਣਾਂ, ਨੈਣ ਨੈਣਾਂ ਵਿਚ ਟਿਕਾਇੰਦਾ। ਨੈਣ ਵੇਖੇ ਸਾਚੇ ਨੈਣਾਂ, ਜੋਤੀ ਜੋਤ ਸਮਾਈਆ। ਆਦਿ ਜੁਗਾਦਿ ਏਕਾ ਰਹਿਣਾ, ਏਕਾ ਹੱਥ ਵਡਿਆਈਆ। ਹਰਿਸੰਗਤ ਹਰਿ ਚਰਨ ਦਵਾਰੇ ਬਹਿਣਾ, ਸਚਖੰਡ ਦਵਾਰਾ ਇਕ ਵਖਾਈਆ। ਲੋਕਮਾਤ ਗੁਰ ਸਤਿਗੁਰ ਸ਼ਬਦੀ ਮੰਨਿਆ ਕਹਿਣਾ, ਸਗਲੀ ਵਸਤ ਤਜਾਈਆ। ਸਾਚੇ ਮੰਦਰ ਧਾਮ ਇਕੱਠੇ ਏਕਾ ਬਹਿਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦਿਤਾ ਏਕਾ ਵਰ, ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ, ਫੰਦਨ ਫੰਦ ਕਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਅਚਰਜ ਕਲ ਆਪਣੀ ਆਪ ਵਰਤਾਈਆ।
