Granth 08 Likhat 168: 6 Assu 2016 Bikarmi Surjan Singh de Ghar Pind Pakhowal Jila Ludhiana

੬ ਅੱਸੂ ੨੦੧੬ ਬਿਕ੍ਰਮੀ ਸੁਰਜਣ ਸਿੰਘ ਦੇ ਘਰ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ

ਹਰਿ ਚਾਕਰ ਪਾ ਖ਼ਾਕ, ਖ਼ਾਕੀ ਖ਼ਾਕ ਸਮਾਈਆ। ਪਤਿਤ ਪਾਪੀ ਕਰੇ ਪਾਕੀ ਪਾਕ, ਪਤਿਤ ਪੁਨੀਤ ਵੱਡੀ ਵਡਿਆਈਆ। ਬਿਪਰ ਸੁਦਾਮਾ ਬਣਿਆ ਸੱਜਣ ਸਾਕ, ਗ਼ਰੀਬ ਨਿਮਾਣੇ ਸੰਗ ਰਲਾਈਆ। ਚਰਨ ਧੂੜੀ ਮਸਤਕ ਟਿੱਕਾ ਲਾਏ ਰਾਖ, ਪਿਛਲੀ ਰੇਖਾ ਦਏ ਮਿਟਾਈਆ। ਅੰਦਰ ਮੰਦਰ ਆਪੇ ਝਾਕ, ਦੂਈ ਦਵੈਤੀ ਮੇਟ ਮਿਟਾਈਆ। ਸੱਜਣ ਸੁਹੇਲਾ ਬਣਿਆ ਸਾਕ, ਮੀਤ ਮੁਰਾਰਾ ਬੇਪਰਵਾਹੀਆ। ਜਿਸ ਜਨ ਖੁਲ੍ਹਾਏ ਆਪਣੀ ਜਾਗ, ਸੋ ਜਨ ਦਰਸ਼ਨ ਪਾਈਆ। ਧੰਨ ਜਣੇਂਦੀ ਮਾਈ ਵਡ ਵਡ ਭਾਗ, ਪਿਤਾ ਪੂਤ ਵਧਾਈਆ। ਜਗਤ ਤ੍ਰਿਸ਼ਨਾ ਬੁਝੇ ਆਗ, ਅਗਨੀ ਤੱਤ ਮਿਟਾਈਆ। ਚਰਨ ਪ੍ਰੀਤੀ ਸਚ ਵੈਰਾਗ, ਬਿਰਹੋਂ ਵਿਛੋੜਾ ਇਕ ਵਖਾਈਆ। ਮਾਇਆ ਮਮਤਾ ਨਾ ਡੱਸੇ ਡੱਸਨੀ ਨਾਗ, ਆਸਾ ਤ੍ਰਿਸ਼ਨਾ ਮੇਟ ਮਿਟਾਈਆ। ਫੜ ਫੜ ਹੰਸ ਬਣਾਇਆ ਕਾਗ, ਸਤਿਗੁਰ ਪੂਰਾ ਵਡ ਵਡਿਆਈਆ। ਨਾਮ ਸੁਹੰਜਣਾ ਬੰਨ੍ਹੇ ਤਾਗ, ਤੰਦਵ ਤੰਦ ਇਕ ਵਖਾਈਆ। ਰਸਨਾ ਜਿਹਵਾ ਹਰਿਜਨ ਰਹੇ ਅਰਾਧ, ਰਸ ਭਿੰਨਾ ਇਕ ਵਖਾਈਆ। ਲੇਖਾ ਚੁੱਕੇ ਸੰਤ ਸਾਧ, ਮੀਤ ਮੁਰਾਰਾ ਏਕਾ ਮੇਲ ਮਿਲਾਈਆ। ਸੁਣੇ ਸੁਣਾਏ ਸਰਬ ਫਰਿਯਾਦ, ਪੰਚਾਂ ਪੰਚ ਵੇਖ ਵਖਾਈਆ। ਦੇਵਣਹਾਰਾ ਸਾਚੀ ਦਾਦ, ਅੱਖਰ ਵੱਖਰ ਝੋਲੀ ਪਾਈਆ। ਪਰਮ ਪੁਰਖ ਪ੍ਰਭ ਮਾਧਵ ਮਾਧ, ਮੋਹਣੀ ਰੂਪ ਵਟਾਈਆ। ਖੇਲ ਖਲੰਤਾ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਈਆ। ਕਲਜੁਗ ਸਾਗਰ ਡੂੰਘੀ ਭਵਰ ਹਰਿਜਨ ਸਾਚੇ ਲਏ ਲਾਧ, ਤਰਨੀ ਤਰਨ ਇਕ ਅਖਵਾਈਆ । ਆਪੇ ਲਡਾਏ ਆਪਣੇ ਲਾਡ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਿਲਵਿਖ ਪਾਪ ਮਿਟਾਈਆ। ਪਾਪ ਰੋਗ ਸੰਤਾਪ, ਦੁੱਖ ਦਰਦ ਨਿਵਾਰਿਆ। ਏਕਾ ਬਖ਼ਸ਼ੇ ਸਾਚਾ ਜਾਪ, ਭਰੇ ਨਾਮ ਸ਼ਬਦ ਭੰਡਾਰਿਆ। ਹਰਿਜਨ ਬੁੱਝੇ ਆਪੇ ਆਪ, ਹਉਮੇ ਹੰਗਤਾ ਰੋਗ ਨਿਵਾਰਿਆ। ਮੇਲ ਮਿਲਾਵਾ ਕਮਲਾਪਾਤ, ਕਮਲੀ ਰਮਲੀ ਗਲੇ ਲਗਾ ਲਿਆ। ਆਦਿ ਜੁਗਾਦੀ ਪੁਛੇ ਵਾਤ, ਵਾਹ ਵਾਹ ਸਤਿਗੁਰ ਨਾਉਂ ਧਰਾ ਲਿਆ। ਮਿਟੇ ਰੈਣ ਅੰਧੇਰੀ ਰਾਤ, ਜਿਸ ਜਨ ਆਪਣਾ ਦਰਸ ਦਿਖਾ ਰਿਹਾ। ਲਹਿਣਾ ਦੇਣਾ ਚੁੱਕਿਆ ਤੀਰਥ ਤਾਟ, ਘਟ ਅੰਤਰ ਸਰ ਸਰੋਵਰ ਆਪ ਨੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਲਣਿਉਂ ਡਿੱਗੇ ਬੋਟ, ਆਪ ਉਠਾ ਲਿਆ। ਆਪ ਉਠਾਏ ਦਇਆ ਕਮਾਏ, ਦਇਆ ਨਿਧ ਦਇਆਵਾਨਿਆ। ਕਰ ਕਿਰਪਾ ਜਨ ਮੇਲ ਮਿਲਾਏ, ਧੁਰਦਰਗਾਹੀ ਸ੍ਰੀ ਭਗਵਾਨਿਆ। ਦਾਸੀ ਦਾਸ ਹੋ ਸੇਵ ਕਮਾਏ, ਰੰਗੇ ਰੰਗ ਦੋ ਜਹਾਨਿਆ। ਵਾਸ ਨਿਵਾਸੀ ਆਪ ਅਖਵਾਏ, ਗੁਣਵੰਤਾ ਗੁਣ ਨਿਧਾਨਿਆ। ਘਨਕ ਪੁਰ ਵਾਸੀ ਵੇਖ ਵਖਾਏ, ਸਚ ਮੰਦਰ ਬੈਠ ਬਿਬਾਨਿਆ। ਜੋਤ ਪ੍ਰਕਾਸ਼ ਭੇਵ ਨਾ ਆਏ, ਨਾ ਦੀਸੇ ਜੀਵ ਜਹਾਨਿਆ। ਸ਼ਾਹੋ ਸ਼ਾਬਾਸ਼ੀ ਵੇਖ ਵਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਖ਼ਸ਼ਣਹਾਰਾ ਚਰਨ ਧਿਆਨਿਆ। ਚਰਨ ਧਿਆਨ ਧੂੜ ਇਸ਼ਨਾਨ, ਚਿੰਤਾ ਰੋਗ ਸੋਗ ਮਿਟ ਜਾਈਆ। ਦੇਵੇ ਮਾਣ ਤੋੜੇ ਅਭਿਮਾਣ, ਕਿਰਪਾ ਨਿਧਾਨ ਕਰਮ ਕਮਾਈਆ। ਸਚ ਬਿਠਾਏ ਇਕ ਬਿਬਾਨ, ਹਰਿ ਮਿਹਰਵਾਨ ਕਾਲ ਫਾਸ ਕੱਟ ਵਖਾਈਆ। ਮਹਾਂਕਾਲ ਦਰ ਰਹੇ ਵਾਸ, ਹਰਿ ਹੁਕਮੀ ਹੁਕਮ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਗੁਰਸਿਖ ਗੁਰ ਗੁਰ ਰੂਪ ਸਮਾਈਆ।