Granth 08 Likhat 167: 5 Assu 2016 Bikarmi Sardara Singh de Ghar Pind Pakhowal Jila Ludhiana

੫ ਅੱਸੂ ੨੦੧੬ ਬਿਕ੍ਰਮੀ ਸਰਦਾਰਾ ਸਿੰਘ ਦੇ ਘਰ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ

ਏਕੰਕਾਰਾ ਹਰਿ ਭਗਵਾਨ, ਅਕਲ ਕਲਾ ਅਖਵਾਈਆ। ਜੋਤੀ ਨੂਰ ਨੂਰ ਮਹਾਨ, ਨਿਰਗੁਣ ਰੂਪ ਡਗਮਗਾਈਆ। ਸਤਿ ਪੁਰਖ ਸਤਿ ਸੁਲਤਾਨ, ਸ਼ਾਹੋ ਭੂਪ ਵਡ ਵਡਿਆਈਆ। ਇਕ ਇਕੱਲਾ ਰਾਜ ਰਾਜਾਨ, ਏਕੰਕਾਰਾ ਆਪ ਅਖਵਾਈਆ। ਏਕਾ ਵਸਿਆ ਸਚ ਮਕਾਨ, ਸਚਖੰਡ ਬੈਠਾ ਆਸਣ ਲਾਈਆ। ਸ਼ਬਦ ਸਿੰਘਾਸਣ ਇਕ ਮਹਾਨ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਆਪੇ ਜਾਣੇ ਆਪਣਾ ਧੁਰ ਫ਼ਰਮਾਣ, ਨਾ ਕੋਈ ਦੂਸਰ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਆਪ ਅਖਵਾਈਆ। ਆਦਿ ਨਿਰੰਜਣ ਹਰਿ ਭਗਵਾਨਾ, ਏਕਾ ਰੰਗ ਸਮਾਇੰਦਾ। ਆਦਿ ਜੁਗਾਦੀ ਖੇਲ ਮਹਾਨਾ, ਜੁਗ ਜੁਗ ਵੇਸ ਵਟਾਇੰਦਾ। ਸ਼ਾਹੋ ਭੂਪ ਨਰ ਹਰਿ ਸੁਲਤਾਨਾ, ਨਿਰਵੈਰ ਨਾਉਂ ਧਰਾਇੰਦਾ। ਮੂਰਤ ਅਕਾਲ ਭੇਵ ਨਾ ਆਨਾ, ਭੇਵ ਅਭੇਦ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਪਰਕਾਸ਼ ਕਰਾਇੰਦਾ। ਅਨਭਵ ਪ੍ਰਕਾਸ਼ ਹਰਿ ਭਗਵੰਤ, ਭੇਵ ਅਭੇਦ ਅਭੇਦਿਆ। ਖੇਲੇ ਖੇਲ ਜੁਗਾ ਜੁਗੰਤ, ਅਛਲ ਅਛੱਲ ਅਛੇਦਿਆ। ਪਾਵੇ ਸਾਰ ਲੱਖ ਚੁਰਾਸੀ ਜੀਵ ਜੰਤ, ਲੇਖਾ ਜਾਣੇ ਚਾਰੇ ਵੇਦਿਆ। ਆਪੇ ਜਾਣੇ ਆਪਣਾ  ਮੰਤ, ਆਪੇ ਲਿਖੇ ਲੇਖ ਕਤੇਬਿਆ। ਆਪੇ ਦਰ ਘਰ ਸਾਚੇ ਸੋਭਾਵੰਤ, ਆਪਣੇ ਨੇਤਰ ਆਪੇ ਪੇਖਿਆ। ਆਪੇ ਦਾਤਾ ਦਾਨੀ ਹਰਿ ਗੁਣਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਜੁਗਾ ਜੁਗੰਤਿਆ। ਆਪੇ ਦਾਤਾ ਹਰਿ ਨਿਰੰਕਾਰ, ਏਕਾ ਰੰਗ ਸਮਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਏਕਾ ਨਾਅਰਾ ਲਾਇੰਦਾ। ਆਪੇ ਸਚ ਘਰ ਕਰੇ ਅਕਾਰ, ਨਿਰਗੁਣ ਆਪਣੀ ਜੋਤ ਜਗਾਇੰਦਾ। ਆਪੇ ਵਸਿਆ ਅੰਧ ਅੰਧਿਆਰ, ਧੂੰਆਂਧਾਰ ਆਪ ਸਮਾਇੰਦਾ। ਆਪੇ ਲੋਆਂ ਪੁਰੀਆਂ ਮਹੱਲ ਲਏ ਉਸਾਰ, ਚੌਦਾਂ ਲੋਕਾਂ ਮੱਠ ਤਪਾਇੰਦਾ। ਆਪੇ ਵਿਸ਼ਨੂੰ ਭਰੇ ਹਰਿ ਭੰਡਾਰ, ਆਪੇ ਬ੍ਰਹਮਾ ਪਾਰਬ੍ਰਹਮ ਉਪਜਾਇੰਦਾ। ਆਪੇ ਸ਼ੰਕਰ ਲਏ ਸੰਘਾਰ, ਨਾਮ ਖੰਡਾ ਹੱਥ ਚਮਕਾਇੰਦਾ। ਆਪੇ ਬਾਸ਼ਕ ਸੇਜਾ ਸੁੱਤਾ ਪੈਰ ਪਸਾਰ, ਸਾਂਗੋ ਪਾਂਗ ਹੰਢਾਇੰਦਾ। ਆਪੇ ਮੁਖ ਸਹੰਸਰ ਗਾਏ ਵਾਰੋ ਵਾਰ, ਰਸਨਾ ਜਿਹਵਾ ਆਪ ਹਿਲਾਇੰਦਾ। ਆਪੇ ਕਰੋੜ ਤੇਤੀਸਾ ਦਏ ਆਧਾਰ, ਆਪੇ ਸੁਰਪਤ ਸੇਵ ਕਰਾਇੰਦਾ। ਆਪੇ ਗਣ ਗੰਧਰਬ ਬੋਲ ਜੈਕਾਰ, ਗੀਤ ਅਨਾਦੀ ਆਪ ਸੁਣਾਇੰਦਾ। ਆਪੇ ਤ੍ਰੈਗੁਣ ਮਾਇਆ ਬੰਨੇ ਧਾਰ, ਆਪੇ ਪੰਜ ਤੱਤ ਮੇਲ ਮਿਲਾਇੰਦਾ। ਆਪੇ ਮਨ ਮਤ ਬੁੱਧ ਕਰ ਸ਼ਿੰਗਾਰ, ਹੱਡ ਮਾਸ ਨਾੜੀ ਰੱਤ ਜੋੜ ਜੁੜਾਇੰਦਾ। ਆਪੇ ਘਰ ਵਿਚ ਘਰ ਆਪਣਾ ਰੱਖ, ਘਰ ਸਾਚਾ ਇਕ ਸੁਹਾਇੰਦਾ। ਆਪੇ ਕਰੇ ਬੰਦ ਕਿਵਾੜ, ਆਪੇ ਮੁਖ ਖੁਲ੍ਹਾਇੰਦਾ। ਆਪੇ ਵੇਖੇ ਕਾਇਆ ਮੰਦਰ ਅੰਦਰ ਡੂੰਘੀ ਗਾਰ, ਮਹੱਲ ਅਟੱਲ ਆਪ ਸੁਹਾਇੰਦਾ। ਆਪੇ ਦੀਪਕ ਜੋਤੀ ਦੇਵੇ ਬਾਲ, ਅਗਿਆਨ ਅੰਧੇਰ ਗਵਾਇੰਦਾ। ਆਪੇ ਅੰਮ੍ਰਿਤ ਆਤਮ ਸਰ ਸਰੋਵਰ ਭਰਿਆ ਤਾਲ, ਨਿਝਰ ਝਿਰਨਾ ਆਪ ਝਿਰਾਇੰਦਾ। ਆਪੇ ਆਤਮ ਸੇਜਾ ਬੈਠ ਕਰੇ ਪ੍ਰਿਤਪਾਲ, ਦਿਵਸ ਰੈਣ ਵੇਖ ਵਖਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਆਪੇ ਸਰਗੁਣ ਨਿਰਗੁਣ ਡੇਰਾ ਲਾਇੰਦਾ। ਆਪੇ ਵਸਤ ਨਾਮ ਧਨ ਮਾਲ, ਸਚ ਖ਼ਜ਼ੀਨਾ ਆਪ ਹੋ ਜਾਇੰਦਾ। ਆਪੇ ਲੱਖ ਚੁਰਾਸੀ ਤੋੜ ਜੰਜਾਲ, ਜਗਤ ਜੰਜਾਲਾ ਵੇਖ ਵਖਾਇੰਦਾ। ਆਪੇ ਜੁਗ ਜੁਗ ਚਲੇ ਅਵੱਲੜੀ ਚਾਲ, ਵੇਦ ਕਤੇਬ ਭੇਵ ਨਾ ਪਾਇੰਦਾ। ਆਪੇ ਗਗਨ ਮੰਡਲ ਵੇਖੇ ਸਾਚਾ ਥਾਲ, ਅਨਹਦ ਸੇਵਾ ਸਾਚੀ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਖਲਾਇੰਦਾ। ਅਬਿਨਾਸ਼ੀ ਪੁਰਖ ਪੁਰਖ ਸੁਲਤਾਨਾ, ਵਡ ਵੱਡੀ ਵਡਿਆਈਆ। ਇਕ ਇਕੱਲਾ ਵਾਲੀ ਦੋ ਜਹਾਨਾ, ਜੁਗ ਕਰਤਾ ਨਾਉਂ ਰਖਾਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਪਾਰਬ੍ਰਹਮ ਆਪ ਅਖਵਾਈਆ। ਸਚਖੰਡ ਮੰਦਰ ਇਕ ਸੁਹਾਨਾ, ਚਾਰ ਦੀਵਾਰ ਨਾ ਕੋਈ ਬਣਾਈਆ। ਛੱਪਰ ਛੰਨ ਨਾ ਕੋਈ ਪਾਨਾ, ਨਾ ਬਾਢੀ ਸੰਗ ਰਖਾਈਆ। ਦੀਵਾ ਬਾਤੀ ਕਮਲਾਪਾਤੀ ਇਕ ਜਗਾਣਾ, ਆਪ ਆਪਣੀ ਕਰ ਰੁਸ਼ਨਾਈਆ। ਗਾਏ ਧੁਨ ਸਚ ਤਰਾਨਾ, ਆਪ ਆਪਣਾ ਸ਼ਬਦ ਅਲਾਈਆ। ਸਚ ਸਿੰਘਾਸਣ ਬੈਠ ਮਰਦਾਨਾ, ਮਿਹਰਵਾਨ ਵਡ ਵਡਿਆਈਆ। ਚਲਾਏ ਹੁਕਮ ਧੁਰ ਫ਼ਰਮਾਣਾ, ਦਰਗਹਿ ਸਾਚੀ ਸੋਭਾ ਪਾਈਆ। ਨਾ ਕੋਈ ਦਰ ਦਿਸੇ ਦਰਬਾਨਾ, ਨਾ ਕੋਈ ਸੀਸ ਝੁਕਾਈਆ। ਰਵ ਸਸ ਨਾ ਕੋਈ ਨਿਸ਼ਾਨਾ, ਮੰਡਲ ਮੰਡਪ ਨਾ ਕੋਈ ਵਖਾਈਆ। ਇਕ ਇਕੱਲਾ ਸ੍ਰੀ ਭਗਵਾਨਾ, ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਬੇਪਰਵਾਹੀਆ। ਬੇਪਰਵਾਹ ਬੇਐਬ ਪਰਵਰਦਿਗਾਰ, ਏਕਾ ਏਕ ਅਖਵਾਇੰਦਾ। ਏਕਾ ਵਸੇ ਸਚ ਮੁਨਾਰ, ਸਚ ਮਹੱਲਾ ਆਪ ਵਸਾਇੰਦਾ। ਆਪੇ ਨਾਰੀ ਕੰਤ ਭਤਾਰ, ਆਪ ਆਪਣੀ ਸੇਜ ਹੰਢਾਇੰਦਾ। ਆਪੇ ਸ਼ਬਦ ਸੁੱਤ ਬਣ ਦੁਲਾਰ, ਆਪ ਆਪਣੀ ਗੋਦ ਸੁਹਾਇੰਦਾ। ਆਪੇ ਨਿਉਂ ਨਿਉਂ ਕਰੇ ਨਿਮਸਕਾਰ, ਨਿਰਗੁਣ ਨਿਰਗੁਣ ਸੀਸ ਝੁਕਾਇੰਦਾ। ਆਪੇ ਹੋਇਆ ਖ਼ਬਰਦਾਰ, ਆਪ ਆਪਣੀ ਖੇਲ ਖਲਾਇੰਦਾ। ਆਪੇ ਲੱਖ ਚੁਰਾਸੀ ਕਰ ਤਿਆਰ, ਏਕਾ ਆਪਣੀ ਵੰਡ ਵੰਡਾਇੰਦਾ। ਆਪੇ ਜੇਰਜ ਅੰਡ ਭਰੇ ਭੰਡਾਰ, ਉਤਭੁਜ ਸੇਹਤਜ ਸੰਗ ਮਿਲਾਇੰਦਾ। ਆਪੇ ਜਲ ਬਿੰਬ ਦਏ ਅਧਾਰ, ਧਰਤ ਧਵਲ ਸੁਹਾਇੰਦਾ। ਆਪੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਡੇਰਾ ਲਾਇੰਦਾ। ਆਪੇ ਜਲ ਥਲ ਮਹੀਅਲ ਪਸਰ ਪਸਾਰ, ਆਪ ਆਪਣਾ ਰੰਗ ਰੰਗਾਇੰਦਾ। ਆਪੇ ਸਾਚਾ ਸਈਆ ਬਣ ਭਤਾਰ, ਆਪ ਆਪਣਾ ਵੇਸ ਵਟਾਇੰਦਾ। ਆਪੇ ਪੰਜ ਤੱਤ ਕਰੇ ਪਿਆਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਆਪੇ ਸ਼ਬਦ ਅਨਾਦੀ ਅਨਹਦ ਧਾਰ, ਆਪ ਆਪਣਾ ਰਾਗ ਸੁਣਾਇੰਦਾ। ਆਪੇ ਪੰਚਮ ਸਖੀਆਂ ਮੀਤ ਮੁਰਾਰ, ਘਰ ਘਰ ਬਹਿ ਬਹਿ ਮੰਗਲ ਗਾਇੰਦਾ। ਆਪੇ ਰੰਗ ਰਲੀਆਂ ਮਾਣੇ ਗੁਪਤ ਜ਼ਾਹਰ, ਦਿਸ ਕਿਸੇ ਨਾ ਆਇੰਦਾ। ਆਪੇ ਸੁਰਤ ਸਵਾਣੀ ਕਰੇ ਪਿਆਰ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਮਰੇ ਨਾ ਜੰਮੇ ਵਿਚ ਸੰਸਾਰ, ਅਜੂਨੀ ਰਹਿਤ ਆਪ ਅਖਵਾਇੰਦਾ। ਜੁਗਾ ਜੁਗੰਤਰ ਬੰਨ੍ਹੇ ਧਾਰ, ਜੁਗ ਕਰਤਾ ਵੇਸ ਵਟਾਇੰਦਾ। ਆਪੇ ਗੁਰ ਪੀਰ ਅਵਤਾਰ, ਏਕਾ ਆਪਣਾ ਨਾਉਂ ਰਖਾਇੰਦਾ। ਆਪੇ ਜੋਤੀ ਜੋਬਨ ਦਏ ਹੁਲਾਰ, ਆਪੇ ਸ਼ਬਦੀ ਰੰਗ ਚੜ੍ਹਾਇੰਦਾ। ਆਪੇ ਵੇਖੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੀ ਕਰਤਾ ਕਰਨੇਹਾਰਾ, ਆਦਿ ਜੁਗਾਦੀ ਲੈ ਅਵਤਾਰਾ, ਏਕਾ ਗੁਰ ਅਖਵਾਇੰਦਾ। ਏਕਾ ਗੁਰ ਸ਼ਾਹੋ ਭੂਪ, ਸਤਿਗੁਰ ਨਾਉਂ ਧਰਾਇੰਦਾ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਡੇਰਾ ਲਾਇੰਦਾ। ਆਪਣੀ ਮਹਿਮਾ ਜਾਣੇ ਅਨੂਪ, ਭੇਵ ਕੋਈ ਨਾ ਪਾਇੰਦਾ। ਨਾ ਕੋਈ ਰੰਗ ਨਾ ਕੋਈ ਰੂਪ, ਘਟ ਘਟ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਲੋਕਮਾਤ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਬਰਸਾਇੰਦਾ। ਅੰਮ੍ਰਿਤ ਮੇਘ ਠੰਡੀ ਠਾਰ, ਹਰਿ ਸਤਿਗੁਰ ਨਾਉਂ ਰਖਾਈਆ। ਅੰਮ੍ਰਿਤ ਮੇਘ ਠੰਡੀ ਠਾਰ, ਹਰਿ ਸਤਿਗੁਰ ਹੱਥ ਉਠਾਈਆ। ਜੁਗਾ ਜੁਗੰਤਰ ਪਾਵੇ ਸਾਰ, ਜਨ ਭਗਤਾਂ ਲਏ ਤਰਾਈਆ। ਹਰਿਜਨ ਬਖ਼ਸ਼ੇ ਚਰਨ ਪਿਆਰ, ਆਪ ਆਪਣੀ ਬੂਝ ਬੁਝਾਈਆ। ਮਨਮੁਖਾਂ ਤੋੜੇ ਗੜ੍ਹ ਹੰਕਾਰ, ਨਾਮ ਖੰਡਾ ਹੱਥ ਉਠਾਈਆ। ਚੰਡ ਪ੍ਰਚੰਡ ਤਿਖੀ ਧਾਰ, ਹਰਿ ਸਾਚਾ ਇਕ ਰਖਾਈਆ। ਲੱਖ ਚੁਰਾਸੀ ਆਪੇ ਕਰੇ ਖ਼ਵਾਰ, ਆਪ ਆਪਣਾ ਮੇਲ ਮਿਲਾਈਆ। ਆਪੇ ਦੁਸ਼ਟਾਂ ਦਏ ਸੰਘਾਰ, ਬਲਧਾਰੀ ਵਡ ਵਡਿਆਈਆ। ਪਾਏ ਵੰਡ ਹਰਿ ਨਿਰੰਕਾਰ, ਵੰਡਣਹਾਰਾ ਬੇਪਰਵਾਹੀਆ। ਬ੍ਰਹਿਮੰਡ ਖੰਡ ਇਕ ਜੈਕਾਰ, ਏਕਾ ਨਾਅਰਾ ਲਾਈਆ। ਭਗਤ ਭਗਵੰਤ ਪਾਏ ਸਾਰ, ਭਗਤਨ ਭਗਤੀ ਲੇਖੇ ਲਾਈਆ। ਸਾਧਾਂ ਸੰਤਾਂ ਕਰੇ ਪਿਆਰ, ਆਪ ਆਪਣੀ ਗੋਦ ਉਠਾਈਆ। ਗੁਰਮੁਖ ਸਾਚੇ ਲਾਏ ਪਾਰ, ਨਾਮ ਬੇੜੇ ਆਪ ਚੜ੍ਹਾਈਆ। ਗੁਰਮੁਖਾਂ ਦੇਵੇ ਇਕ ਅਧਾਰ, ਆਤਮ ਅੰਤਰ ਬ੍ਰਹਮ ਜਣਾਈਆ। ਸਾਚਾ ਮੰਤਰ ਇਕ ਜੈਕਾਰ, ਗੁਰ ਸ਼ਬਦੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਖਲਾਈਆ। ਨਿਰਗੁਣ ਰੂਪ ਪੁਰਖ ਅਗੰਮ, ਬੇਅੰਤ ਬੇਅੰਤ ਬੇਅੰਤਿਆ। ਸਰਗੁਣ ਅੰਦਰ ਪਏ ਜੰਮ, ਸ਼ਬਦੀ ਢੋਲ ਮਰਦੰਗ ਵਜੰਤਿਆ। ਆਪੇ ਜਾਣੇ ਆਪਣਾ ਕੰਮ, ਆਪ ਆਪਣਾ ਖੇਲ ਖਿਲੰਤਿਆ। ਸਤਿਜੁਗ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠੰਤਿਆ। ਜਗਤ ਵਡਿਆਈ ਧੰਨ ਧੰਨ, ਰਸਨਾ ਜਿਹਵਾ ਆਪ ਸੁਹੰਤਿਆ। ਹੰਕਾਰੀ ਭਾਂਡਾ ਦੇਵੇ ਭੰਨ, ਜੂਠ ਝੂਠ ਮੇਟ ਮਿਟੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਆਪ ਵਟੰਤਿਆ। ਸਤਿਜੁਗ ਵੇਸ ਹਰਿ ਵਟਾਇਆ, ਹਰਿ ਸੱਜਣ ਵੱਡ ਵਡਿਆਈਆ। ਸ਼ਬਦ ਬ੍ਰਹਿਮਾਦੀ ਇਕ ਚਲਾਇਆ, ਏਕਾ ਗੁਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਾਰ ਅਠਾਰਾਂ ਵੇਸ ਵਟਾਈਆ। ਸਤਿਜੁਗ ਹੋਇਆ ਪਾਰ ਕਿਨਾਰ, ਤ੍ਰੇਤਾ ਲਏ ਅੰਗੜਾਈਆ। ਖੇਲੇ ਖੇਲ ਖੇਲਣਹਾਰ, ਰਾਮ ਰਾਮ ਰੂਪ ਵਟਾਈਆ। ਤੋੜਣਹਾਰਾ ਗੜ੍ਹ ਹੰਕਾਰ, ਲੰਕਾ ਗੜ੍ਹ ਤੁੜਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਆਪਣੇ ਗਲੇ ਲਗਾਈਆ। ਅੰਤਮ ਬੇੜਾ ਕਰਿਆ ਪਾਰ, ਥਿਰ ਕੋਇ ਰਹਿਣ ਨਾ ਪਾਈਆ। ਦੁਆਪਰ ਬੰਨ੍ਹੇ ਆਪੇ ਧਾਰ, ਆਪਣੀ ਰੀਤ ਆਪ ਚਲਾਈਆ। ਕਾਹਨਾ ਕ੍ਰਿਸ਼ਨਾ ਹੋ ਤਿਆਰ, ਨਾਮ ਬੰਸਰੀ ਇਕ ਵਜਾਈਆ। ਏਕਾ ਮੰਤਰ ਇਕ ਗਿਆਨ, ਏਕਾ ਮੰਤਰ ਦ੍ਰਿੜਾਈਆ। ਏਕਾ ਲੇਖਾ ਲਿਖੇ ਲੇਖ ਲਿਖਾਰ, ਵੇਦ ਵਿਆਸਾ ਬੂਝ ਬੁਝਾਈਆ। ਕਲਜੁਗ ਖੇਲੇ ਖੇਲ ਵਿਚ ਸੰਸਾਰ, ਖ਼ਾਲਕ ਖ਼ਲਕ ਆਪ ਅਖਵਾਈਆ। ਪ੍ਰਗਟ ਹੋਵੇ ਬੇਐਬ ਪਰਵਰਦਿਗਾਰ, ਨੂਰੋ ਨੂਰ ਨੂਰ ਰੁਸ਼ਨਾਈਆ। ਪਾਵੇ ਸਾਰ ਸੰਗ ਮੁਹੰਮਦ ਚਾਰ ਯਾਰ, ਅੱਧਵਿਚਕਾਰੇ ਮੇਲ ਮਿਲਾਈਆ। ਈਸਾ ਮੂਸਾ ਕਰਿਆ ਖ਼ਬਰਦਾਰ, ਕਾਲਾ ਸੂਸਾ ਤਨ ਛੁਹਾਈਆ । ਅੰਜੀਲਾਂ ਕੁਰਾਨਾਂ ਭਰ ਭੰਡਾਰ, ਤੀਸ ਬਤੀਸਾ ਗਿਆ ਸੁਣਾਈਆ। ਨੇਤਰ ਨੈਣ ਇਕ ਉਘਾੜ, ਏਕਾ ਅੱਖ ਖੁਲ੍ਹਾਈਆ। ਚੌਦਾਂ ਤਬਕਾਂ ਖੋਲ੍ਹ ਕਿਵਾੜ, ਆਪਣੀ ਬੂਝ ਬੁਝਾਈਆ। ਅੱਗੇ ਕਰਿਆ ਬੰਦ ਦੁਵਾਰ, ਮੁਹੰਮਦ ਭੇਵ ਨਾ ਰਾਈਆ। ਅੱਲਾ ਰਾਣੀ ਕਰ ਸ਼ਿੰਗਾਰ, ਨੇਤਰ ਕਜਲਾ ਅਪਣਾ ਪਾਈਆ। ਪੁਰਖ ਅਬਿਨਾਸ਼ੀ ਇਛਿਆ ਪਾਏ ਭਿਛਿਆ ਭਰੇ ਭੰਡਾਰ, ਲੋਕਮਾਤ ਵੱਡੀ ਵਡਿਆਈਆ। ਸਾਚੀ ਸਿਖਿਆ ਧੁਰ ਕਰਤਾਰ, ਕਲਮੀ ਕਲਮਾ ਆਪ ਸੁਣਾਈਆ। ਕਾਇਨਾਤ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਵਰ ਬੇਪਰਵਾਹੀਆ। ਮੁਹੰਮਦ ਵਰ ਘਰ ਸਾਚਾ ਪਾਇਆ, ਘਰ ਸਾਚਾ ਵੇਖ ਵਖਾਇੰਦਾ। ਕਲਜੁਗ ਅੱਗੇ ਉਠ ਉਠ ਆਇਆ, ਨੇਤਰ ਰੋ ਰੋ ਨੀਰ ਵਹਾਇੰਦਾ। ਚਾਰੋਂ ਕੁੰਟ ਡੰਕ ਵਜਾਇਆ, ਹਰਿ ਕਾ ਨਾਮ ਨਾ ਕੋਈ ਭੁਲਾਇੰਦਾ। ਪੁਰਖ ਅਬਿਨਾਸ਼ੀ ਅੱਗੇ ਨਿਉਂ ਨਿਉਂ ਸੀਸ ਝੁਕਾਇਆ, ਰੋ ਆਪਣਾ ਹਾਲ ਸੁਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਖਲਾਇੰਦਾ। ਕਲਜੁਗ ਉਠ ਬਾਲ ਨਿਧਾਨ, ਹਰਿ ਸਾਚਾ ਆਪ ਸਮਝਾਈਆ। ਤੇਰਾ ਸੰਗ ਨਿਭਾਏ ਪੰਜ ਸ਼ੈਤਾਨ, ਪੰਚਮ ਕਰੇ ਕੁੜਮਾਈਆ। ਆਸਾ ਤ੍ਰਿਸ਼ਨਾ ਨਾਲ ਰਕਾਨ, ਝੂਠੀ ਨਾਰ ਨਾਲ ਰਲਾਈਆ। ਮਾਇਆ ਮਮਤਾ ਹਉਮੇ ਹੰਗਤਾ ਗੀਤ ਸਾਰੇ ਗਾਣ, ਹਰਿ ਕਾ ਰੂਪ ਦਿਸ ਨਾ ਆਈਆ। ਮੁਹੰਮਦ ਉਠੇ ਨੌਜਵਾਨ, ਤੇਰਾ ਸੰਗ ਨਿਭਾਈਆ। ਉਮਤ ਉਮਤੀ ਕਰ ਪ੍ਰਧਾਨ, ਆਪ ਆਪਣਾ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਦੋਹਾਂ ਵਿਚੋਲਾ ਆਪ ਅਖਵਾਈਆ। ਦੋਹਾਂ ਵਿਚੋਲਾ ਹਰਿ ਹਰਿ ਹੋਇਆ, ਭੇਵ ਕੋਈ ਨਾ ਪਾਇੰਦਾ। ਜੀਵ ਜੰਤ ਲੋਕਮਾਤ ਸੋਇਆ, ਹਰਿ ਸਾਚਾ ਖੇਲ ਖਲਾਇੰਦਾ। ਜੂਠਾ ਝੂਠਾ ਬੀਜ ਬੋਇਆ, ਕੂੜਾ ਫਲ ਲਗਾਇੰਦਾ। ਦਰਗਹਿ ਸਾਚੀ ਮਿਲੇ ਨਾ ਕੋਈ ਢੋਇਆ, ਸਚਖੰਡ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਕਰ, ਲੋਕਮਾਤ ਵੇਖ ਵਖਾਇੰਦਾ। ਦੋਹਾਂ ਮੇਲਾ ਜਗਤ ਸੰਸਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਸਾਧਾਂ ਸੰਤਾਂ ਨਾ ਸੁਣੇ ਕੋਈ ਪੁਕਾਰ, ਦਿਵਸ ਰੈਣ ਰਹੇ ਕੁਰਲਾਇਆ। ਜੀਵਾਂ ਜੰਤਾਂ ਨਾ ਦਿਸੇ ਕੋਈ ਸਹਾਰ, ਨਾ ਕੋਈ ਸੰਗ ਨਿਭਾਇਆ। ਚਾਰੋਂ ਕੁੰਟ ਹੋਏ ਖੁਵਾਰ, ਧੀਰਜ ਧੀਰ ਨਾ ਕੋਈ ਧਰਾਇਆ। ਕਲਜੁਗ ਮਾਰੇ ਇਕ ਲਲਕਾਰ, ਆਪਣਾ ਬਲ ਰਖਾਇਆ। ਮੁਹੰਮਦ ਕਰੇ ਸਚ ਪਿਆਰ, ਏਕਾ ਕਲਮਾ ਰਿਹਾ ਪੜ੍ਹਾਇਆ। ਧਰਨੀ ਮੰਗੇ ਬਣ ਭਿਖਾਰ, ਗਲ ਪੱਲੂ ਆਪਣਾ ਪਾਇਆ। ਚੁੱਕਿਆ ਨਾ ਜਾਏ ਕਲਜੁਗ ਭਾਰ, ਆਪ ਆਪਣਾ ਹਾਲ ਸੁਣਾਇਆ। ਪੁਰਖ ਅਬਿਨਾਸ਼ੀ ਤੇਰਾ ਠਾਂਡਾ ਦਰਬਾਰ, ਬਿਨ ਤੇਰੇ ਹੋਏ ਨਾ ਕੋਈ ਸਹਾਇਆ। ਪਾਰਬ੍ਰਹਮ ਪ੍ਰਭ ਦਏ ਪਿਆਰ, ਦੇ ਮਤ ਆਪ ਸਮਝਾਇਆ। ਤੇਰਾ ਕਰੇ ਹੌਲਾ ਭਾਰ, ਮੇਰਾ ਤੇਰੇ ਨਾਲ ਰਖਾਇਆ। ਨਾਨਕ ਨਿਰਗੁਣ ਹੋ ਤਿਆਰ, ਲੋਕਮਾਤ ਵੇਖ ਵਖਾਇਆ। ਨਯ ਨਿਰਗੁਣ ਕਰ ਅਕਾਰ, ਨਰਾਇਣ ਰੂਪ ਵਟਾਇਆ। ਕਯ ਕਰਮ ਪਾਏ ਨੀਸਾਣ ਸਰਬ ਸੰਸਾਰ, ਆਪ ਆਪਣਾ ਭੇਵ ਖੁਲ੍ਹਾਇਆ। ਜੀਵਾਂ ਜੰਤਾਂ ਕਰੇ ਕਲਿਆਨ, ਨਾਮ ਨਿਧਾਨਾ ਇਕ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪ ਆਪਣਾ ਵੇਸ ਵਟਾਇਆ। ਨਾਨਕ ਜੋਤੀ ਹਰਿ ਨਿਰੰਕਾਰ, ਨਿਰਗੁਣ ਰੂਪ ਮਾਤ ਕਰੇ ਰੁਸ਼ਨਾਈਆ। ਸਚਖੰਡ ਮੇਲਾ ਧੁਰ ਦਰਬਾਰ, ਵਿਛੜ ਕਦੇ ਨਾ ਜਾਈਆ। ਕੋਟਨ ਕੋਟ ਰਵ ਸਸ ਕਰਨ ਨਿਮਸਕਾਰ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਨਾਨਕ ਪਾਇਆ ਇਕ ਗੁਰ ਕਰਤਾਰ, ਹਰਿ ਸਤਿਗੁਰ ਸਾਚਾ ਮਾਹੀਆ। ਦੋਹਾਂ ਵਿਚੋਲਾ ਖੇਲ ਅਪਾਰ, ਸਤਿ ਨਾਮ ਆਪ ਧਰਾਈਆ। ਸਤਿਗੁਰ ਪੂਰਾ ਲਏ ਅਵਤਾਰ, ਲੋਕਮਾਤ ਵੱਜੀ ਵਧਾਈਆ। ਚਾਰ ਵਰਨਾਂ ਕਰੇ ਇਕ ਪਿਆਰ, ਊਚਾਂ ਨੀਚਾਂ ਗਲੇ ਲਗਾਈਆ। ਮੁਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਬੰਨ੍ਹੇ ਏਕਾ ਧਾਰ, ਨੂਰ ਇਲਾਹੀ ਇਕ ਵਖਾਈਆ। ਉਚੇ ਟਿੱਲੇ ਪਰਬਤ ਤੋੜੇ ਗੜ ਹੰਕਾਰ, ਠਗ ਚੋਰ ਯਾਰ ਆਪ ਸਮਝਾਈਆ। ਹਰਿਜਨ ਦੇਵੇ ਸਚ ਪਿਆਰ, ਆਤਮ ਅੰਤਰ ਏਕਾ ਨਾਮ ਜਣਾਈਆ। ਕਾਇਆ ਮੰਦਰ ਦੀਪਕ ਦੇਵੇ ਬਾਲ, ਅਗਿਆਨ ਅੰਧੇਰ ਮਿਟਾਈਆ। ਸ਼ਬਦ ਵਜਾਏ ਸਾਚਾ ਤਾਲ, ਅਨਹਦ ਸੇਵਾ ਲਾਈਆ। ਆਪੇ ਬਣ ਬਣ ਫਿਰੇ ਕੰਗਾਲ, ਆਪਣੀ ਸੇਵਾ ਆਪ ਕਮਾਈਆ। ਗੁਰਮੁਖਾਂ ਤੋੜੇ ਜਗਤ ਜੰਜਾਲ, ਆਪਣੀ ਝੋਲੀ ਆਪ ਭਰਾਈਆ। ਫਲ ਲਗਾਏ ਸਾਚੇ ਡਾਲ, ਅੰਮ੍ਰਿਤ ਮੇਵਾ ਇਕ ਖੁਵਾਈਆ। ਲੋਕਮਾਤ ਆਇਆ ਬਣ ਦਲਾਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਲਾਈਆ। ਨਾਨਕ ਸਤਿਗੁਰ ਹਰਿ ਬਲਿਹਾਰ, ਬਲਿਹਾਰੀ ਹਰਿ ਪਾਇਆ। ਸ਼ਬਦੀ ਸ਼ਬਦ ਬੋਲ ਜੈਕਾਰ, ਏਕਾ ਏਕੰਕਾਰਾ ਆਪ ਧਿਆਇਆ। ਆਪੇ ਵਰਤੇ ਵਰਤਾਵੇ ਵਿਚ ਸੰਸਾਰ, ਸਰਗੁਣ ਨਿਰਗੁਣ ਮੇਲ ਮਿਲਾਇਆ। ਜੀਵਾਂ ਜੰਤਾਂ ਸਾਧਾਂ ਸੰਤਾਂ ਦਏ ਹੁਲਾਰ, ਸ਼ਬਦ ਹੁਲਾਰਾ ਇਕ ਰਖਾਇਆ। ਨੌ ਦੁਵਾਰੇ ਪਾਰ ਕਿਨਾਰ, ਬਜ਼ਰ ਕਪਾਟੀ ਕੁੰਡਾ ਲਾਹਿਆ। ਡੂੰਘੀ ਕੰਦਰ ਪਾਵੇ ਸਾਰ, ਸੁਖਮਨ ਨਾੜੀ ਵੇਖ ਵਖਾਇਆ। ਟੇਢੀ ਬੰਕ ਹੋ ਉਜਿਆਰ, ਆਪ ਆਪਣਾ ਦਰਸ ਦਿਖਾਇਆ। ਤ੍ਰਬੈਣੀ ਨੈਣੀ ਖੇਲ ਅਪਾਰ, ਸਵਛ ਸਰੂਪੀ ਵੇਖ ਵਖਾਇਆ। ਦਸਮ ਦੁਵਾਰੀ ਕਰ ਪਿਆਰ, ਗੁਰਮੁਖ ਸੁਰਤੀ ਨਾਰੀ ਲਏ ਪ੍ਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਵਖਾਇਆ। ਸਾਚਾ ਮਾਰਗ ਏਕਾ ਲਾ, ਚਾਰ ਵਰਨਾਂ ਇਕ ਜਣਾਈਆ। ਰਾਮ ਰੂਪ ਆਪ ਅਖਵਾ, ਸੀਤਾ ਸੁਰਤੀ ਆਪ ਪਰਨਾਈਆ। ਕਾਹਨਾ ਕ੍ਰਿਸ਼ਨਾ ਵੇਸ ਵਟਾ, ਹਰਿ ਭਗਤ ਲਏ ਤਰਾਈਆ। ਬਿਨ ਹਰਿ ਨਾਮੇ ਕੋਈ ਨਾ ਥਾਂ, ਦਰਗਹਿ ਸਾਚੀ ਮਿਲੇ ਸਜ਼ਾਈਆ। ਸਰਬ ਜੀਆਂ ਦਾ ਪਿਤਾ ਮਾਂ, ਪੁਰਖ ਅਕਾਲ ਇਕ ਵਖਾਈਆ। ਜੁਗਾ ਜੁਗੰਤਰ ਕਰੇ ਸਚ ਨਿਆਂ, ਹੱਕ ਨਿਬੇੜਾ ਆਪ ਕਰਾਈਆ। ਕਾਇਆ ਨਗਰ ਖੇੜਾ ਵੇਖੇ ਜਗਤ ਗਰਾਂ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਡੇਰਾ ਲਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਆਪ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਗਿਆ ਸਮਝਾ, ਕਲਜੁਗ ਅੰਤਮ ਕੂਕੇ ਦਏ ਦੁਹਾਈਆ। ਕੋਈ ਨਾ ਕਿਸੇ ਪਕੜੇ ਬਾਂਹ, ਨਾਤਾ ਤੁੱਟੇ ਭੈਣ ਭਾਈਆ। ਰਾਜ ਰਾਜਾਨ ਨਾ ਕਰਨ ਨਿਆਂ, ਭੁੱਲੀ ਸਰਬ ਲੋਕਾਈਆ। ਖੇਲੇ ਖੇਲ ਪ੍ਰਭ ਬੇਪਰਵਾਹ, ਨਿਹਕਲੰਕ ਜੋਤ ਕਰ ਰੁਸ਼ਨਾਈਆ। ਲੱਖ ਚੁਰਾਸੀ ਦਏ ਖਪਾ, ਜੂਠ ਝੂਠ ਰਹਿਣ ਨਾ ਪਾਈਆ। ਸਾਚਾ ਡੰਕਾ ਦਏ ਵਜਾ, ਜਾਗਰਤ ਜੋਤ ਇਕ ਵਖਾਈਆ। ਕਾਗੋਂ ਹੰਸ ਦਏ ਬਣਾ, ਮਾਣਕ ਮੋਤੀ ਨਾਮ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਲੇਖ ਸਮਝਾਈਆ। ਨਾਨਕ ਲਿਖਿਆ ਲੇਖ ਅਪਾਰ, ਅੰਗਦ ਅੰਗ ਲਗਾਇੰਦਾ। ਅੰਗਦ ਭਰਿਆ ਸਚ ਭੰਡਾਰ, ਅਮਰਦਾਸ ਵਰਤਾਇੰਦਾ। ਅਮਰਦਾਸ ਕਰ ਪਿਆਰ, ਰਾਮਦਾਸ ਨਾਲ ਰਲਾਇੰਦਾ। ਰਾਮ ਦਾਸ ਹੋ ਉਜਿਆਰ, ਅਰਜਨ ਸ਼ਬਦ ਅਲਾਇੰਦਾ। ਸ਼ਬਦ ਗੁਰ ਸਰਬ ਸਿਕਦਾਰ, ਏਕਾ ਏਕ ਅਖਵਾਇੰਦਾ। ਸੰਤਾਂ ਭਗਤਾਂ ਕਰੇ ਪਿਆਰ, ਜੁਗ ਜੁਗ ਮੇਲ ਮਿਲਾਇੰਦਾ। ਬੋਧ ਅਗਾਧੀ ਅਗਾਧ ਬੋਧੀ ਖੇਲ ਅਪਾਰ, ਭੇਵ ਕੋਈ ਨਾ ਪਾਇੰਦਾ। ਗੁਰੂ ਗ੍ਰੰਥ ਗੁਰ ਕਰ ਤਿਆਰ, ਨਿਰਗੁਣ ਸ਼ਬਦ ਵੰਡ ਵੰਡਾਇੰਦਾ। ਦੇਹ ਜੋਤ ਕਰ ਪਿਆਰ, ਹਰਿ ਗੋਬਿੰਦ ਮੇਲ ਮਿਲਾਇੰਦਾ। ਹਰਿ ਰਾਏ ਕਰੇ ਖ਼ਬਰਦਾਰ, ਰਾਮ ਰਾਏ ਮੁਖ ਸੁਹਾਇੰਦਾ। ਬਾਲ ਬਾਲਾ ਮੀਤ ਮੁਰਾਰ, ਹਰਿ ਕ੍ਰਿਸ਼ਨਾ ਆਪ ਤਰਾਇੰਦਾ। ਤੇਗ ਬਹਾਦਰ ਠਾਂਡਾ ਠਾਰ, ਠੰਡੀ ਠਾਰ ਧਾਰ ਚਲਾਇੰਦਾ। ਸੀਸ ਜਗਦੀਸ਼ ਆਪਣਾ ਵਾਰ, ਤੀਸ ਬਤੀਸ ਵੇਖ ਵਖਾਇੰਦਾ। ਬੀਸ ਬੀਸਾ ਕਰਿਆ ਖ਼ਬਰਦਾਰ, ਗੁਰ ਗੋਬਿੰਦ ਰਾਹ ਤਕਾਇੰਦਾ। ਸੁੱਤ ਦੁਲਾਰਾ ਕਰ ਪਿਆਰ, ਪੂਤ ਸਪੂਤਾ ਨਾਉਂ ਧਰਾਇੰਦਾ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਏਕਾ ਰੰਗ ਰੰਗਾਇੰਦਾ। ਵਸਿਆ ਚੀਤ ਨਾ ਹੋਏ ਬਾਹਰ, ਏਕਾ ਦੂਜਾ ਭੌ ਚੁਕਾਇੰਦਾ। ਆਪੇ ਖੋਲ੍ਹ ਸਚ ਦੁਵਾਰ, ਸਾਚਾ ਮਾਰਗ ਆਪੇ ਲਾਇੰਦਾ। ਆਪੇ ਹਵਨੀ ਹਵਨ ਖੇਲ ਨਿਆਰ, ਪਵਨੀ ਪਵਣ ਆਪ ਹੋ ਜਾਇੰਦਾ। ਆਪੇ ਸੁਗੰਧੀ ਭਰੇ ਭੰਡਾਰ, ਆਪੇ ਆਪਣੇ ਲੇਖੇ ਲਾਇੰਦਾ। ਆਪੇ ਨਾਮ ਖਿਚ ਇਕ ਤਲਵਾਰ, ਚੰਡੀ ਆਪ ਚਮਕਾਇੰਦਾ। ਆਪੇ ਕਰੇ ਤਨ ਸ਼ਿੰਗਾਰ, ਗਾਤਰੇ ਆਪ ਲਟਕਾਇੰਦਾ। ਆਪੇ ਹੋਇਆ ਖ਼ਬਰਦਾਰ, ਆਪਣਾ ਭੇਵ ਖੁਲ੍ਹਾਇੰਦਾ। ਆਪੇ ਪੰਚਾਂ ਬਣਿਆ ਸਿਕਦਾਰ, ਸਾਚਾ ਹੁਕਮ ਸੁਣਾਇੰਦਾ। ਖਿਚੀ ਆਏ ਵਾਰੋ ਵਾਰ, ਸਿਰ ਸਿਰ ਭੇਟਾ ਇਕ ਵਖਾਇੰਦਾ। ਅੰਮ੍ਰਿਤ ਭਰਿਆ ਸਚ ਭੰਡਾਰ, ਨਾਮ ਬਾਟੇ ਆਪੇ ਪਾਇੰਦਾ। ਖੰਡਾ ਫਿਰੇ ਅੱਧਵਿਚਕਾਰ, ਸਾਚੀ ਸੇਵ ਕਮਾਇੰਦਾ। ਮਿੱਠਾ ਰਸ ਗੁਰ ਸੰਗਤ ਪਿਆਰ, ਘੋਲੀ ਘੋਲ ਘੁਮਾਇੰਦਾ। ਹੱਸ ਹੱਸ ਗੁਰਮੁਖ ਕਰੇ ਤਿਆਰ, ਮੱਥੇ ਤਿਲਕ ਲਗਾਇੰਦਾ। ਨੱਸ ਨੱਸ ਵੇਖ ਸੰਸਾਰ, ਕਲਜੁਗ ਪੰਧ ਮੁਕਾਇੰਦਾ। ਪੰਚਮ ਪੰਚਮ ਕਰ ਤਿਆਰ, ਪੰਚਮ ਹੁਕਮ ਸੁਣਾਇੰਦਾ। ਪੰਚਮ ਮੀਤਾ ਖ਼ਬਰਦਾਰ, ਆਲਸ ਨਿੰਦਰਾ ਮਗਰੋਂ ਲਾਹਿੰਦਾ। ਪੰਚਮ ਭਰਿਆ ਨਾਮ ਭੰਡਾਰ, ਪੰਚਮ ਗੁਰ ਸਮਝਾਇੰਦਾ। ਗੁਰੂ ਗ੍ਰੰਥ ਗੁਰ ਕਰ ਵਿਚਾਰ, ਏਕਾ ਸਿਖਿਆ ਸਿਖ ਸਮਝਾਇੰਦਾ। ਆਪੇ ਢਹਿ ਪਏ ਦੁਵਾਰ, ਅੱਗੇ ਝੋਲੀ ਆਪਣੀ ਡਾਹਿੰਦਾ। ਖੇਲੇ ਖੇਲ ਖੇਲਣਹਾਰ, ਭੇਵ ਕੋਈ ਨਾ ਪਾਇੰਦਾ। ਆਪੇ ਵਸਿਆ ਅੰਦਰ ਬਾਹਰ, ਪੁਰੀ ਅਨੰਦ ਆਪ ਸੁਹਾਇੰਦਾ। ਆਪੇ ਸਰਸਾ ਕਰੇ ਪਾਰ, ਆਪੇ ਗੁਰਸਿਖ ਵਿਚ ਟਿਕਾਇੰਦਾ। ਆਪੇ ਪੂਤ ਸਪੂਤਾ ਦੇਵੇ ਵਾਰ, ਆਪੇ ਸੂਲਾਂ ਸੱਥਰ ਹੇਠ ਵਿਛਾਇੰਦਾ। ਆਪੇ ਢੋਲਾ ਗਾਏ ਹਰਿ ਕਰਤਾਰ, ਏਕਾ ਸ਼ੁਕਰ ਮਨਾਇੰਦਾ। ਪੁਰਖ ਅਬਿਨਾਸ਼ੀ ਵੇਖਣਹਾਰ, ਭੁੱਲ ਕਦੇ ਨਾ ਜਾਇੰਦਾ। ਦੇਵੇ ਵਰ ਸੱਚੀ ਸਰਕਾਰ, ਸਾਚਾ ਹੁਕਮ ਸੁਣਾਇੰਦਾ। ਤੇਰਾ ਕਰਜ਼ਾ ਵੱਡਾ ਭਾਰ, ਪੁਰਖ ਅਕਾਲ ਆਪਣੇ ਸਿਰ ਉਠਾਇੰਦਾ। ਕਲਜੁਗ ਅੰਤਮ ਤੋੜੇ ਜਗਤ ਜੰਜਾਲ, ਤੇਰਾ ਬੰਧਨ ਬੰਧ ਪਾਇੰਦਾ। ਤੇਰਾ ਰੂਪ ਵਰਤੇ ਵਿਚ ਸੰਸਾਰ, ਸ਼ਬਦੀ ਨਾਉਂ ਰਖਾਇੰਦਾ। ਪੰਜ ਤੱਤ ਨਾ ਕੋਈ ਅਕਾਰ, ਗੋਬਿੰਦ ਨਾਉਂ ਧਰਾਇੰਦਾ। ਨਾਮ ਖੰਡਾ ਤੇਜ ਕਟਾਰ, ਤੇਰੇ ਹੱਥ ਫੜਾਇੰਦਾ। ਪੁਰਖ ਅਬਿਨਾਸ਼ੀ ਹੋਏ ਨਾਲ ਤਿਆਰ, ਦਿਸ ਕਿਸੇ ਨਾ ਆਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਸਾਚੀ ਸੇਵ ਕਮਾਇੰਦਾ। ਨਿਰਗੁਣ ਸਰਗੁਣ ਸੰਗਮ ਕਰ ਵਿਚਾਰ, ਆਪ ਆਪਣੀ ਕਲ ਵਰਤਾਇੰਦਾ। ਦੇਵੇ ਦਰਸ ਅਗੰਮ ਅਪਾਰ, ਸਤਿ ਸਰੂਪ ਅਨੂਪ ਦਰਸ ਦਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵੇਖ ਵਖਾਇੰਦਾ। ਗੋਬਿੰਦ ਸੁਣਿਆ ਹਰਿ ਫ਼ਰਮਾਣ, ਘਰ ਸਾਚੇ ਵੱਜੀ ਵਧਾਈਆ। ਤੇਰਾ ਰੂਪ ਸ੍ਰੀ ਭਗਵਾਨ, ਮੇਰਾ ਰੰਗ ਚੜ੍ਹਾਈਆ। ਤੇਰਾ ਨਾਮ ਗੁਣ ਨਿਧਾਨ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਤੇਰਾ ਬਿਬਾਣ ਇਕ ਨਿਸ਼ਾਨ, ਲੋਆਂ ਪੁਰੀਆਂ ਆਪ ਫਿਰਾਈਆ। ਤੇਰਾ ਚਿੱਲਾ ਤੀਰ ਕਮਾਨ, ਤੇਰਾ ਹੱਥ ਉਠਾਈਆ। ਲੱਖ ਚੁਰਾਸੀ ਪਾਵੇ ਆਣ, ਤੇਰਾ ਹੁਕਮ ਵੱਡੀ ਵਡਿਆਈਆ। ਪ੍ਰਿਥਮੀ ਅਕਾਸ਼ ਵੇਖੇ ਮਾਰ ਧਿਆਨ, ਗਗਨ ਮੰਡਲ ਫੇਰਾ ਪਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਤੋੜੇ ਮਾਣ ਅਭਿਮਾਣ, ਹਉਮੇ ਗੜ੍ਹ ਰਹਿਣ ਨਾ ਪਾਈਆ। ਜੂਠਾ ਝੂਠਾ ਮਿਟੇ ਜਗਤ ਨਿਸ਼ਾਨ, ਕੂੜੀ ਕਿਰਿਆ ਦਏ ਮਿਟਾਈਆ। ਤੇਰਾ ਸੰਗ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਈਆ। ਏਕੰਕਾਰਾ ਮੇਲਾ ਵਿਚ ਜਹਾਨ, ਏਕਾ ਢਈਆ ਦਏ ਗਵਾਹੀਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ ਵਸਣਹਾਰਾ ਸਚ ਸੱਚੀ ਧਰਮਸਾਲ, ਸਚਖੰਡ ਬੈਠਾ ਡੇਰਾ ਲਾਈਆ। ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਏਕਾ ਖੇਲ ਖਲਾਇੰਦਾ। ਗੋਬਿੰਦ ਤੇਰਾ ਸਚ ਭਰਵਾਸਾ, ਸਾਚਾ ਸੰਗ ਨਿਭਾਇੰਦਾ । ਜੋਤੀ ਜੋਤ ਕਰੇ ਪ੍ਰਕਾਸ਼ਾ, ਪ੍ਰਕਾਸ਼ ਪ੍ਰਕਾਸ਼ ਕਰਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜਨਮ ਮਰਨ ਨਾ ਕੋਈ ਰਖਾਇੰਦਾ। ਕਦੇ ਨਾ ਆਵੇ ਹਾਰ ਪਾਸਾ, ਹਾਰ ਜਿਤ ਨਾ ਕੋਈ ਜਣਾਇੰਦਾ। ਵਸਣਹਾਰਾ ਕਾਇਆ ਕਾਸਾ, ਪੰਜ ਤੱਤ ਗੜ੍ਹ ਸੁਹਾਇੰਦਾ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਚੌਦਾਂ ਲੋਕਾਂ ਵੇਖ ਵਖਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸਾ, ਗੁਰਮੁਖਾਂ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪ ਸਮਝਾਇੰਦਾ। ਆਪਣਾ ਰੂਪ ਹਰਿ ਸਮਝਾਏ, ਸ਼ਬਦੀ ਸ਼ਬਦ ਜਣਾਈਆ। ਕਲਜੁਗ ਅੰਤਮ ਵੇਸ ਵਟਾਏ, ਕੂੜਾ ਪੰਧ ਮੁਕਾਈਆ। ਧਰਮ ਨਿਸ਼ਾਨਾ ਇਕ ਝੁਲਾਏ, ਸੱਤ ਰੰਗ ਆਪ ਰੰਗਾਈਆ। ਸ਼ਾਹ ਸੁਲਤਾਨਾ ਖ਼ਾਕ ਮਿਲਾਏ, ਸੀਸ ਤਾਜ ਨਾ ਕੋਈ ਟਿਕਾਈਆ। ਏਕਾ ਇਸ਼ਟ ਦੇਵ ਪੁਰਖ ਅਕਾਲ ਰਖਾਏ, ਨਾ ਕੋਈ ਦੂਸਰ ਸੀਸ ਝੁਕਾਈਆ। ਚਾਰ ਵਰਨਾਂ ਬਣਾਏ ਭੈਣਾਂ ਭਾਏ, ਏਕਾ ਦੂਜਾ ਮੇਟ ਮਿਟਾਈਆ। ਰਾਓ ਰੰਕਾਂ ਆਪ ਸਮਝਾਏ, ਬ੍ਰਹਮ ਮਤ ਇਕ ਸਮਝਾਈਆ। ਏਕਾ ਤੱਤ ਸਰਬ ਵਖਾਏ, ਤੱਤੀ ਵਾ ਨਾ ਲੱਗੇ ਰਾਈਆ। ਸਾਚਾ ਰਥ ਆਪ ਚਲਾਏ, ਰਥ ਰਥਵਾਹੀ ਸੇਵ ਕਮਾਈਆ। ਆਪਣੀ ਗਾਥਾ ਆਪ ਸੁਣਾਏ, ਗੁਣਵੰਤਾ ਵਡ ਵਡਿਆਈਆ। ਗੁਰਸਿਖਾਂ ਸਗਲਾ ਸਾਥ ਆਪ ਨਿਭਾਏ, ਸਗਲਾ ਸੰਗ ਆਪ ਹੋ ਜਾਈਆ। ਏਕਾ ਨਾਮ ਮਰਦੰਗ ਵਜਾਏ, ਬ੍ਰਹਮਾ ਵੇਤਾ ਅੱਠੇ ਨੈਣ ਜਾਗ ਖੁਲ੍ਹਾਈਆ। ਵਿਸ਼ਨੂੰ ਸੇਜਾ ਦਏ ਹਿਲਾਏ, ਲੱਛਮੀ ਨਾਲ ਰਲਾਈਆ। ਸ਼ੰਕਰ ਬਾਸ਼ਕ ਤਸ਼ਕਾ ਗਲੋਂ ਲਾਹੇ, ਹੱਥ ਤ੍ਰਸੂਲ ਉਠਾਈਆ। ਕਰੋੜ ਤੇਤੀਸਾ ਰੋ ਰੋ ਦਏ ਦੁਹਾਏ, ਕਲਜੁਗ ਨਾ ਕੋਈ ਸਹਾਈਆ। ਇੰਦ ਇੰਦ੍ਰਾਸਣ ਤਖ਼ਤ ਤਜਾਏ, ਬ੍ਰਹਮਾ ਮਨਵੰਤਰ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਕਾਜ ਰਚਾਏ, ਸੱਤਾਂ ਦੀਪਾਂ ਫੋਲ ਫੁਲਾਈਆ। ਸੋ ਪੁਰਖ ਨਿਰੰਜਣ ਏਕਾ ਨਾਮ ਬਾਜ ਉਡਾਏ, ਚਾਰੇ ਕੁੰਟ ਫਿਰਾਈਆ। ਨੀਲਾ ਨੀਲੀ ਧਾਰੋਂ ਧਾਰ ਪਾਰ ਕਰਾਏ, ਸੋਲਾਂ ਕਲੀਆਂ ਆਸਣ ਪਾਈਆ। ਸ਼ਾਹ ਸਵਾਰ ਡੇਰਾ ਲਾਏ, ਪੀਰਨ ਪੀਰਾ ਵਡ ਵਡਿਆਈਆ। ਦਸਤਗੀਰਾਂ ਮੇਟ ਮਿਟਾਏ, ਸ਼ਾਹ ਹਕੀਰਾਂ ਖੇਲ ਖਲਾਈਆ। ਜਨ ਭਗਤਾਂ ਜਗਤ ਭੀੜਾਂ ਕੱਟ ਵਖਾਏ, ਆਪ ਆਪਣੀ ਦਇਆ ਕਮਾਈਆ। ਚਾਰੋਂ ਕੁੰਟ ਵਹੀਰਾਂ ਦਏ ਪਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਈਆ। ਕਲਜੁਗ ਵੇਸ ਹਰਿ ਅਵੱਲਾ, ਆਪਣਾ ਆਪ ਕਰਾਇੰਦਾ। ਵੇਖਣਹਾਰਾ ਰਾਣੀ ਅੱਲਾ, ਦੂਈ ਦਵੈਤੀ ਪਰਦਾ ਲਾਹਿੰਦਾ। ਜਾਣੇ ਰੂਪ ਹਰਿ ਬਿਸਮਿਲਾ, ਬਿਸਮਿਲ ਵਿਚ ਆਪ ਸਮਾਇੰਦਾ। ਚੌਦਾਂ ਸਦੀਆਂ ਕੱਟੀਆਂ ਛਿਲਾ, ਆਪ ਆਪਣਾ ਖੇਲ ਖਲਾਇੰਦਾ। ਜਗਤ ਸਿੰਘਾਸਣ ਅੰਤਮ ਹਿੱਲਾ, ਧਰਤ ਧਵਲ ਨਾ ਕੋਈ ਟਿਕਾਇੰਦਾ। ਪਾਵੇ ਸਾਰ ਈਸਾ ਮੂਸਾ ਬੂਰਾ ਕੱਕਾ ਬਿਲਾ, ਉਚਾ ਟਿੱਲਾ ਪ੍ਰਬਤ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਲਾਇੰਦਾ। ਖੇਲ ਖਲੰਤਾ ਹਰਿ ਨਿਰੰਕਾਰ, ਆਦਿ ਜੁਗਾਦਿ ਸ੍ਰੀ ਭਗਵਾਨਿਆ। ਨਿਹਕਲੰਕਾ ਲਏ ਅਵਤਾਰ, ਜੋਤੀ ਨੂਰ ਧਰੇ ਮਹਾਨਿਆ। ਸ਼ਬਦ ਰੱਖੇ ਤਿਖੀ ਧਾਰ, ਦੋ ਜਹਾਨਾਂ ਵੇਖ ਵਖਾਨਿਆ। ਵੀਹ ਸੌ ਬਿਕ੍ਰਮੀ ਹੋ ਤਿਆਰ, ਲੋਕਮਾਤ ਹੋਇਆ ਪ੍ਰਧਾਨਿਆ। ਵੀਹ ਸੌ ਇਕ ਅੱਖ ਉਘਾੜ, ਤ੍ਰਲੋਕੀ ਮਾਰੇ ਤੀਰ ਨਿਸ਼ਾਨਿਆ। ਵੀਹ ਸੌ ਦੋ ਸਾਚਾ ਲਾੜ ਸਚ ਤੱਤ ਕਰੇ ਸ਼ਿੰਗਾਰ, ਖੇਲੇ ਖੇਲ ਗੁਣ ਨਿਧਾਨਿਆ। ਵੀਹ ਸੌ ਤਿੰਨ ਨਾ ਕੋਈ ਰੂਪ ਨਾ ਕੋਈ ਚਿੰਨ, ਆਪ ਆਪਣਾ ਹੋਇਆ ਜਾਣੀ ਜਾਣਿਆ। ਵੀਹ ਸੌ ਪੰਜ ਗੁਰਮੁਖ ਆਤਮ ਸੁੱਤਾ ਸਚ ਪਲੰਘ, ਘਰ ਮੰਦਰ ਇਕ ਸੁਹਾਨਿਆ। ਵੀਹ ਸੌ ਛੇ ਆਪਣੇ ਸ਼ਬਦ ਲਗਾ ਨਾਂਹ, ਸਾਚਾ ਨਾਤਾ ਜੋੜ ਜੁੜਾਨਿਆ। ਵੀਹ ਸੌ ਸੱਤ ਹੋਇਆ ਉਤਪਤ, ਹੱਡ ਮਾਸ ਨਾੜੀ ਨਾ ਦਿਸੇ ਰੱਤ, ਜੋਤੀ ਸ਼ਬਦੀ ਜੋਤ ਭਗਵਾਨਿਆ। ਵੀਹ ਸੌ ਅੱਠ ਖੇਲੇ ਖੇਲ ਕਮਲਾਪਤ, ਬੀਜ ਬੀਜਿਆ ਆਪਣੇ ਵਤ, ਆਪ ਆਪਣਾ ਹਲ ਚਲਾਨਿਆ। ਵੀਹ ਸੌ ਬਿਕ੍ਰਮੀ ਨੌਂ, ਨੌ ਖੰਡ ਪ੍ਰਿਥਮੀ ਰਿਹਾ ਭੌਂ, ਸਚਖੰਡ ਦੁਵਾਰੇ ਨਾ ਜਾਏ ਸੌਂ, ਆਲਸ ਨਿੰਦਰਾ ਨਾ ਕੋਈ ਰਖਾਨਿਆ। ਵੀਹ ਸੌ ਦਸ, ਖੇਲੇ ਖੇਲ ਹੱਸ ਹੱਸ, ਹਰਿਜਨ ਮੇਲੇ ਨੱਸ ਨੱਸ, ਗੁਰਮੁਖ ਬਾਲ ਇਞਾਣੇ ਗੋਦ ਉਠਾਨਿਆ। ਸਾਢੇ ਤਿੰਨ ਹੱਥ ਮੰਦਰ ਅੰਦਰ ਵਸ, ਕਰੋੜ ਤੇਤੀਸਾ ਕਰੇ ਭਸ, ਇੰਦ ਇੰਦ੍ਰਾਸਣ ਤਜ ਜਾਏ ਨੱਸ, ਹਰਿ ਸਾਚਾ ਵੇਖ ਵਖਾਨਿਆ। ਜਗਤ ਜਗਦੀਸ਼ਾ ਖੇਲੇ ਖੇਲ ਸ਼ਾਹੋ ਸ਼ਾਬੀਸਾ ਨਿਉਂ ਨਿਉਂ ਸੀਸ ਝੁਕਾਇਨ ਰਵ ਸਸ, ਲੋਕਮਾਤ ਹੋਏ ਪ੍ਰਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਦੁਆਰੇ ਖੋਲ੍ਹ ਕਿਵਾੜ, ਸਾਚਾ ਮੰਦਰ ਕਰ ਤਿਆਰ, ਵੀਹ ਸੌ ਬਾਰਾਂ ਮੀਤ ਮੁਰਾਰ, ਹਾੜ ਸਤਾਰਾਂ ਥਿਤ ਵਖਾਨਿਆ। ਵੀਹ ਸੌ ਬਾਰਾਂ ਖੇਲ ਅਪਾਰਾ, ਹਰਿ ਸਾਚਾ ਖੇਲ ਖਲਾਇੰਦਾ। ਹਰਿ ਸੰਗਤ ਕਰੇ ਸਚ ਪਿਆਰਾ, ਸਾਚਾ ਧਾਮ ਵਖਾਇੰਦਾ। ਸਾਢੇ ਤਿੰਨ ਹੱਥ ਨਗਰੀ ਉਚ ਮਿਨਾਰਾ, ਸਚ ਮਹੱਲ ਆਪ ਉਪਾਇੰਦਾ। ਨਿਰਗੁਣ ਦੀਪਕ ਕਰ ਉਜਿਆਰਾ, ਆਪੇ ਵੇਖ ਵਖਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਸਾਚਾ ਢੋਲਾ ਗਾਇੰਦਾ। ਲੋਕਮਾਤ ਵਣਜ ਕਰਾਏ ਸਚ ਵਣਜਾਰਾ, ਏਕਾ ਵਸਤ ਵਖਾਇੰਦਾ। ਗੁਰਮੁਖਾਂ ਭਰੇ ਨਾਮ ਭੰਡਾਰਾ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਆਪੇ ਬਣਿਆ ਹਰਿ ਵਰਤਾਰਾ, ਆਪ ਆਪਣੀ ਖੇਲ ਖਲਾਇੰਦਾ। ਸੰਮਤ ਤੇਰਾਂ ਗੁਪਤ ਜ਼ਾਹਰਾ, ਰਾਜ ਰਾਜਾਨਾ ਆਪ ਉਠਾਇੰਦਾ। ਸਾਧਾਂ ਸੰਤਾਂ ਦਏ ਹੁਲਾਰਾ, ਕਲਜੁਗ ਅੱਖ ਖੁਲ੍ਹਾਇੰਦਾ। ਅੰਤਮ ਆਇਆ ਪਾਰ ਕਿਨਾਰਾ, ਗੁਰ ਗੋਬਿੰਦ ਲੇਖ ਲਿਖਾਇੰਦਾ। ਉਚਾ ਟਿੱਲਾ ਢਏ ਮੁਨਾਰਾ, ਇੱਟ ਨਾਲ ਇੱਟ ਨਾ ਕੋਈ ਰਖਾਇੰਦਾ। ਸੰਮਤ ਚੌਦਾਂ ਮੀਤ ਮੁਰਾਰਾ, ਹਰਿ ਸੰਗਤ ਵੇਖ ਵਖਾਇੰਦਾ। ਏਕਾ ਇਕੀ ਏਕੰਕਾਰਾ, ਏਕਾ ਰੰਗ ਰੰਗਾਇੰਦਾ। ਧਾਰੋਂ ਤਿੱਖੀ ਵਿਚ ਸੰਸਾਰਾ, ਵਾਲੋਂ ਨਿੱਕੀ ਮੇਲ ਮਿਲਾਇੰਦਾ। ਭੇਵ ਨਾ ਪਾਇਣ ਮੁਨੀ ਰਿਖੀ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਆਪਣਾ ਹੁਕਮ ਚਲਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਜੁਗ ਜੁਗ ਕਾਰ ਕਮਾਇੰਦਾ। ਸੰਮਤ ਪੰਦਰਾਂ ਨੌਜਵਾਨ, ਆਪਣਾ ਬਲ ਵਖਾਇੰਦਾ। ਅਠਸਠ ਤੀਰਥ ਵੇਖੇ ਜਗਤ ਗਿਆਨ, ਸਾਧਾਂ ਸੰਤਾਂ ਕਾਇਆ ਮੱਠ ਫੋਲ ਫੁਲਾਇੰਦਾ। ਗੰਗਾ ਜਮਨਾ ਵੇਖੇ ਮਾਰ ਧਿਆਨ, ਗੋਦਾਵਰੀ ਸੁਰਸਤੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਠਸਠ ਮੂਲ ਚੁਕਾਇੰਦਾ। ਅਠਸਠ ਰਿੜਕੇ ਹਰਿ ਹਰਿ ਪਾਣੀ, ਨਾਮ ਮਧਾਣਾ ਪਾਇਆ। ਵੇਖਣਹਾਰਾ ਚਾਰੇ ਖਾਣੀ, ਚਾਰੇ ਵੇਦਾਂ ਫੋਲ ਫੁਲਾਇਆ। ਅਠਾਰਾਂ ਪੁਰਾਨ ਵੇਖੇ ਮਾਰ ਧਿਆਨੀ, ਪੁਰਾਨ ਪੁਰਾਨੀ ਆਪੇ ਗਾਇਆ। ਗੀਤਾ ਗਿਆਨ ਹੋ ਪ੍ਰਧਾਨੀ, ਏਕਾ ਸਿਖਿਆ ਸਿਖ ਸਮਝਾਇਆ। ਅੰਜੀਲ ਕੁਰਾਨੀ ਜਗਤ ਨਿਸ਼ਾਨੀ, ਆਪੇ ਵੇਖ ਵਖਾਇਆ। ਨਾਨਕ ਨਿਰਗੁਣ ਗਾਏ ਬਾਣੀ, ਬਾਣ ਨਿਰਾਲਾ ਲਾਇਆ। ਗੋਬਿੰਦ ਮਿਲਿਆ ਸਾਚਾ ਹਾਣੀ, ਪੁਰਖ ਅਕਾਲ ਮਨਾਇਆ। ਕਲਜੁਗ ਅੰਤਮ ਖੇਲ ਮਹਾਨੀ, ਪੁਰਖ ਅਬਿਨਾਸ਼ੀ ਜੋੜ ਜੁੜਾਇਆ। ਗੁਰਮੁਖਾਂ ਦੇਵੇ ਪਦ ਨਿਰਬਾਣੀ, ਚੌਥਾ ਪਦ ਵਖਾਇਆ। ਤੀਜਾ ਨੈਣ ਇਕ ਖੁਲ੍ਹਾਨੀ, ਆਪਣਾ ਪਰਦਾ ਲਾਹਿਆ। ਅਨਹਦ ਸੁਣਾਏ ਸਾਚੀ ਬਾਣੀ, ਆਪਣਾ ਰਾਗ ਅਲਾਇਆ। ਸੰਮਤ ਸੋਲਾਂ ਵੀਹ ਸੌ ਬਿਕ੍ਰਮੀ ਨੌ ਖੰਡ ਪ੍ਰਿਥਮੀ ਦੇਵੇ ਇਕ ਨਿਸ਼ਾਨੀ, ਭੁੱਲ ਰਹੇ ਨਾ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੱਸੂ ਪੰਜ ਦਿਵਸ ਸੁਹਾਇਆ। ਅੱਸੂ ਪੰਜ ਪੰਚ ਪਿਆਰਾ, ਪੰਚਮ ਮੁਖ ਸਲਾਹਿੰਦਾ। ਕਲਜੁਗ ਕਰੇ ਪਾਰ ਕਿਨਾਰਾ, ਅੱਧਵਿਚਕਾਰ ਨਾ ਕੋਈ ਰਖਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਘਟ ਘਟ ਅੰਦਰ ਵੇਖ ਵਖਾਇੰਦਾ। ਚਾਰੋਂ ਕੁੰਟ ਧੂਆਂਧਾਰਾ, ਧਰਤ ਅਕਾਸ਼ ਰੰਗ ਰੰਗਾਇੰਦਾ। ਸੰਮਤ ਸਤਾਰਾਂ ਲਾਏ ਨਾਅਰਾ, ਹੱਕ ਬਹੱਕ ਵੇਖ ਵਖਾਇੰਦਾ। ਕਾਗ ਹੰਸ ਉਡਾਏ ਡਾਰਾ, ਕਾਗੀ ਕਾਗ ਕੁਰਲਾਇੰਦਾ। ਰਾਗੀ ਨਾਦੀ ਢਾਡੀ ਕੋਈ ਨਾ ਗਾਏ ਵਾਰਾ, ਹਰਿ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਪਿਆਰਾ, ਗੁਰ ਸਤਿਗੁਰ ਦਰਸ ਦਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਜੀਵ ਆਪ ਉਠਾਇੰਦਾ। ਕਲਜੁਗ ਜੀਵ ਉਠ ਉਠ ਜਾਗ, ਹਰਿ ਸਾਚੇ ਜੋਤ ਜਗਾਈਆ। ਸ਼ਬਦ ਸੁਣਾਏ ਇਕ ਰਾਗ, ਏਕਾ ਨਾਦ ਵਜਾਈਆ। ਫੜ ਫੜ ਹੰਸ ਬਣਾਏ ਕਾਗ, ਕਾਗੋਂ ਹੰਸ ਵਖਾਈਆ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਰਹਿਣ ਨਾ ਪਾਈਆ। ਆਪਣੇ ਹੱਥ ਪਕੜੇ ਵਾਗ, ਸੰਮਤ ਅਠਾਰਾਂ ਵੇਖ ਵਖਾਈਆ। ਤ੍ਰੈਗੁਣ ਮਾਇਆ ਡੱਸਨੀ ਡੱਸੇ ਨਾਗ, ਪੰਜ ਤੱਤ ਕਰੇ ਹਲਕਾਈਆ। ਬਹੱਤਰ ਨਾੜੀ ਲੱਗੇ ਆਗ, ਨਾ ਕੋਈ ਸਕੇ ਬੁਝਾਈਆ। ਕਿਸੇ ਘਰ ਨਾ ਦਿਸੇ ਬਾਤੀ ਚਿਰਾਗ, ਸਾਚੀ ਸੇਜ ਨਾ ਕੋਈ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਅਠਾਰਾਂ ਅੰਮ੍ਰਿਤ ਜਲ ਧਾਰ, ਚਾਰੋਂ ਕੁੰਟ ਵਹਾਈਆ। ਏਕਾ ਨੌ ਨੌ ਇਕ, ਏਕਾ ਖੇਲ ਖਲਾਇੰਦਾ। ਏਕਾ ਲੇਖਾ ਦਏ ਲਿਖ, ਏਕਾ ਮੇਟ ਮਿਟਾਇੰਦਾ। ਏਕਾ ਪਾਵਣਹਾਰਾ ਭਿਖ, ਏਕਾ ਝੋਲੀ ਡਾਹਿੰਦਾ। ਏਕਾ ਸਿਖਿਆ ਲਏ ਸਿਖ, ਏਕਾ ਮੁਖ ਭੁਵਾਇੰਦਾ। ਏਕਾ ਮੇਟਣਹਾਰਾ ਤ੍ਰਿਖ, ਏਕਾ ਅਗਨੀ ਤੱਤ ਜਲਾਇੰਦਾ। ਏਕਾ ਵੇਖੇ ਦੇਸ ਪ੍ਰਦੇਸ, ਏਕਾ ਨਰ ਨਰੇਸ਼ ਸੋਭਾ ਪਾਇੰਦਾ। ਏਕਾ ਸੁੱਤਾ ਬਾਸ਼ਕ ਸੇਜ, ਏਕਾ ਬ੍ਰਹਮਾ ਵੇਦ ਸੁਣਾਇੰਦਾ। ਏਕਾ ਹੋਇਆ ਰਿੱਖੀ ਕੇਸ਼, ਏਕਾ ਗਵਰਧਨ ਹੱਥ ਉਠਾਇੰਦਾ। ਏਕਾ ਨਾਨਕ ਗੋਬਿੰਦ ਦਸ ਦਸਮੇਸ਼, ਖੜਗ ਖੰਡਾ ਇਕ ਚਮਕਾਇੰਦਾ। ਏਕਾ ਅੱਲ੍ਹਾ ਰਾਣੀ ਕਰੇ ਭੇਖ, ਏਕਾ ਮਸਤਕ ਮੇਖ ਲਗਾਇੰਦਾ। ਏਕਾ ਅੰਤਮ ਮੇਟੇ ਰੇਖ, ਸਦੀ ਚੌਧਵੀਂ ਪੰਧ ਮੁਕਾਇੰਦਾ। ਕਿਸੇ ਨਾ ਚਲੇ ਕੋਈ ਪੇਸ਼, ਹਰਿ ਕਾ ਭਾਣਾ ਨਾ ਕੋਈ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸੰਮਤ ਉਨੀ, ਨਾ ਕੋਈ ਦੀਸੇ ਮੁਸਲਮ ਸੁੰਨੀ, ਸਭ ਦੀ ਚੋਟੀ ਜਾਏ ਮੂੰਨੀ, ਜਗਤ ਹਦੀਸ ਨਾ ਕੋਈ ਪੜ੍ਹਾਇੰਦਾ। ਉਨੀ ਉਨੀਸਾ ਖੇਲ ਜਗਦੀਸ਼ਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਭੇਵ ਖੁਲ੍ਹਾਣਾ ਬੀਸ ਬੀਸਾ, ਕਲਜੁਗ ਪੀਸਣ ਪੀਸ ਕਮਾਈਆ। ਜਾਣੇ ਭੇਵ ਰਾਗ ਛਤੀਸਾ, ਨਾਰਦ ਮੁਨ ਸ੍ਰਿਸ਼ਟ ਸਬਾਈਆ। ਲੇਖਾ ਚੁੱਕੇ ਕੁਰਾਨ ਹਦੀਸਾ, ਵੇਦ ਪੁਰਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਲਹਿਣਾ ਤੇਰੇ ਅੱਗੇ ਧਰ, ਏਕਾ ਧੱਕਾ ਦੇਵੇ ਲਾਈਆ। ਕਲਜੁਗ ਆਪਣਾ ਚੁੱਕਣਾ ਭਾਰ, ਬੀਸ ਬੀਸਾ ਦਏ ਦੁਹਾਈਆ। ਪੁਰਖ ਅਬਿਨਾਸ਼ੀ ਮਾਰੇ ਮਾਰ, ਲੋਕਮਾਤ ਰਹਿਣ ਨਾ ਪਾਈਆ। ਗੁਰ ਗੋਬਿੰਦ ਖਿਚ ਕਟਾਰ, ਆਪਣੇ ਹੱਥ ਰਿਹਾ ਚਮਕਾਈਆ। ਫੌਜ ਅਗੰਮੀ ਆਪੇ ਚਾੜ੍ਹ, ਨੌਂ ਖੰਡ ਪ੍ਰਿਥਮੀ ਮੇਟ ਮਿਟਾਈਆ। ਨਾ ਕੋਈ ਦੀਸੇ ਝੂਠੀ ਧਾੜ, ਜੂਠ ਝੂਠ ਰਹਿਣ ਨਾ ਪਾਈਆ। ਧਰਤ ਮਾਤ ਲੱਗੇ ਅਖਾੜ, ਸੱਤ ਦੀਪ ਨੌ ਖੰਡ ਲੱਖ ਚੁਰਾਸੀ ਆਪਣਾ ਡੌਰੂ ਵਾਹੀਆ। ਰਾਏ ਧਰਮ ਹੋਏ ਤਿਆਰ, ਅਠਸਠ ਅਠਾਈ ਕੁੰਡਾਂ ਬੂਹਾ ਲਾਹੀਆ। ਚਿਤਰ ਗੁਪਤ ਕੱਢੇ ਲੇਖ ਲਿਖਾਰ, ਆਪਣਾ ਖਾਤਾ ਦਏ ਵਖਾਈਆ। ਲਾੜੀ ਮੌਤ ਕਰ ਸ਼ਿੰਗਾਰ, ਨੇਤਰ ਕੱਜਲ ਰਹੀ ਪਾਈਆ। ਹੱਥੀਂ ਲਾਲ ਮਹਿੰਦੀ ਰੰਗ ਅਪਾਰ, ਝੂਠਾ ਗਾਨਾ ਰਹੀ ਬੰਧਾਈਆ। ਹੋਈ ਨਾਰ ਜਗਤ ਮੁਟਿਆਰ, ਵਰ ਮੰਗੇ ਅੱਗੇ ਬੇਪਰਵਾਹੀਆ। ਜੋਬਨ ਜਵਾਨੀ ਦਿਹਾੜੇ ਚਾਰ, ਥਿਰ ਰਹਿਣ ਨਾ ਪਾਈਆ। ਕਲਜੁਗ ਵੇਲਾ ਚਾਰ ਕੁੰਟ ਹੋਏ ਖ਼ਬਰਦਾਰ, ਆਪ ਆਪਣਾ ਰਾਹ ਤਕਾਈਆ। ਸਾਚਾ ਕੰਤ ਵੇਖ ਭਤਾਰ, ਕਵਣ ਕੂਟੇ ਬੈਠਾ ਡੇਰਾ ਲਾਈਆ। ਮਨਮੁਖ ਜੀਵ ਹੋਇਆ ਵਿਭਚਾਰ, ਏਕਾ ਨਾਰ ਧਰਾਈਆ। ਸੰਮਤ ਵੀਹ ਸੌ ਸੋਲਾਂ ਪੰਦਰਾਂ ਕੱਤਕ ਸਗਨ ਪਏ ਵਿਚ ਸੰਸਾਰ, ਵਿਚ ਵਿਚੋਲਾ ਸ਼ਬਦ ਬਣਾਈਆ। ਸੰਮਤ ਸਤਾਰਾਂ ਕਲਜੁਗ ਜਾਂਞੀ ਦੇਵੇ ਚਾੜ੍ਹ, ਸੀਸ ਦਸਤਾਰ ਇਕ ਵਖਾਈਆ। ਸੰਮਤ ਅਠਾਰਾਂ ਜਲ ਜਲ ਧਾਰਾ ਸਾਚੇ ਡੋਲੇ ਦੇਵੇ ਵਾੜ, ਚਾਰ ਯਾਰ ਕਹਾਰ ਵਖਾਈਆ। ਸੰਮਤ ਉਨੀ ਆਪਣਾ ਮੁਖ ਕਲਜੁਗ ਲਾੜੀ ਦਏ ਵਖਾਈ, ਮੁਖ ਚੁੰਨੀ ਘੁੰਘਟ ਲਾਹੀਆ। ਨਾ ਕੋਈ ਦੀਸੇ ਮੀਤ ਮੁਰਾਰ, ਸਾਚਾ ਸੰਗ ਨਾ ਕੋਈ ਵਖਾਈਆ। ਬਿਨ ਹਰਿ ਨਾਮੇ ਭੁੱਲਾ ਸਰਬ ਸੰਸਾਰ, ਬਿਨ ਹਰਿ ਨਾਮ ਨਾ ਕੋਈ ਪਾਰ ਕਰਾਈਆ। ਮੁਸਲਮ ਹਿੰਦੂ ਸਿਖ ਈਸਾਈ ਕੋਈ ਨਾ ਬਣੇ ਯਾਰ, ਜੋ ਜਨ ਬੈਠੇ ਮੁਖ ਛੁਪਾਈਆ। ਜਿਸ ਜਨ ਰਸਨਾ ਜਿਹਵਾ ਗਾਇਆ ਗੁਣ ਕਰਤਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਤਰਾਈਆ। ਸੰਮਤ ਬੀਸ ਕਰੇ ਪਿਆਰ, ਆਪ ਆਪਣਾ ਮੇਲ ਮਿਲਾਈਆ। ਸਾਚੀ ਸਖੀ ਕਰ ਤਿਆਰ, ਸਾਚੀ ਸਿਖਿਆ ਇਕ ਸਮਝਾਈਆ। ਖ਼ਾਲਸ ਖ਼ਾਲਸਾ ਵਿਚ ਸੰਸਾਰ, ਨੌ ਖੰਡ ਪ੍ਰਿਥਮੀ ਵੇਖ ਵਖਾਈਆ। ਬਣੇ ਸਾਲਸ ਆਪ ਨਿਰੰਕਾਰ, ਸਾਚੀ ਸੇਵਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਮੇਟੇ ਜਗਤ ਸ਼ਾਹੀਆ। ਕਲਜੁਗ ਮਿਟੇ ਝੂਠੀ ਸ਼ਾਹੀ, ਸਤਿਜੁਗ ਸਾਚਾ ਮਾਤ ਲਗਾਵਣਾ। ਜਗਤ ਵਿਧਾਨ ਕੋਈ ਰਹੇ ਨਾਹੀਂ, ਸ਼ਾਹ ਸੁਲਤਾਨ ਨਾ ਕਿਸੇ ਅਖਵਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਡੰਕ ਵਜਾਵਣਾ, ਸੰਮਤ ਵੀਹ ਸੌ ਇਕੀ ਹੋ ਪ੍ਰਧਾਨ, ਹਰਿ ਸਾਚਾ ਖੇਲ ਖਲਾਈਆ। ਪੰਚਮ ਮੁਖ ਸੀਸ ਤਾਜ ਮਹਾਨ, ਪੰਚਾਂ ਸਿਖਾਂ ਰਾਜ ਜੋਗ ਸਿਖਾਈਆ। ਸੱਤ ਰੰਗ ਝੁੱਲੇ ਨਿਸ਼ਾਨ, ਸੱਤਾਂ ਦੀਪਾਂ ਆਪ ਵਖਾਈਆ। ਸ਼ਬਦ ਡੰਕਾ ਹੱਥ ਭਗਵਾਨ, ਆਪਣੇ ਲਏ ਉਠਾਈਆ। ਨੌ ਖੰਡ ਦੇਵੇ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਪੁਰਖ ਅਕਾਲ ਚਰਨ ਧਿਆਨ, ਅੰਤਰ ਆਤਮ ਇਕ ਲਿਵ ਲਾਈਆ। ਚਾਰ ਵਰਨ ਇਕੋ ਗਾਣ, ਏਕਾ ਇਸ਼ਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਸਤਿਜੁਗ ਸਾਚਾ ਖੇਲ, ਹਰਿ ਸਾਚਾ ਆਪ ਖਿਲ੍ਹਾਇੰਦਾ। ਮਨਮੁਖਾਂ ਘੱਲੇ ਧਰਮ ਰਾਏ ਦੀ ਜੇਲ, ਗੁਰਮੁਖਾਂ ਗੋਦ ਉਠਾਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲ, ਆਦਿ ਨਿਰੰਜਣ ਹੁਕਮ ਸੁਣਾਇੰਦਾ। ਖੇਲੇ ਖੇਲ ਸੱਜਣ ਸੁਹੇਲ, ਰੰਗ ਨਵੇਲ ਡੇਰਾ ਲਾਇੰਦਾ। ਆਪੇ ਗੁਰ ਗੁਰੂ ਗੁਰ ਚੇਲ, ਗੁਰ ਚੇਲਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਨੇਤਰ ਪਾਏ ਨਾਮ ਅੰਜਨ, ਪਾਰਬ੍ਰਹਮ ਦਰਦ ਦੁੱਖ ਭੈ ਭੰਜਨ, ਭਵ ਸਾਗਰ ਆਪ ਤਰਾਇੰਦਾ। ਭਵ ਸਾਗਰ ਡੂੰਘੀ ਗਾਗਰ, ਕਾਇਆ ਗੜ੍ਹ ਵੇਖ ਵਖਾਇੰਦਾ। ਨਿਰਮਲ ਕਰਮ ਕਰੇ ਉਜਾਗਰ, ਉਪਰ ਚੜ੍ਹ ਜੋਤ ਜਗਾਇੰਦਾ। ਕਰੇ ਨਾਮ ਵਣਜ ਸੌਦਾਗਰ, ਸੀਸ ਧੜ ਨਾ ਕੋਈ ਰਖਾਇੰਦਾ। ਏਕਾ ਨਾਮ ਰੱਤੀ ਰਤਨਾਗਰ, ਰਤਨ ਅਮੋਲਕ ਹੀਰਾ ਲਾਲ ਜਵਾਹਰ ਮਾਣਕ ਮੋਤੀ, ਗੁਰਸਿਖ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿ ਸੱਜਣ ਗੁਰ ਪਾਇਆ, ਗਹਿਰ ਗੰਭੀਰ ਗੋਬਿੰਦ। ਹਉਮੇ ਰੋਗ ਮਿਟਾਇਆ, ਮਿਟੀ ਸਗਲੀ ਚਿੰਦ। ਘਰ ਮੰਦਰ ਇਕ ਸੁਹਾਇਆ, ਉਪਜੀ ਸਾਚੀ ਬਿੰਦ। ਪੁਰਖ ਅਬਿਨਾਸ਼ੀ ਦਰਸ਼ਨ ਪਾਇਆ, ਵਡ ਦਾਤਾ ਗੁਣੀ ਗਹਿੰਦ। ਮਾਨਸ ਜਨਮ ਲੇਖੇ ਲਾਇਆ, ਅੰਮ੍ਰਿਤ ਪੀਆ ਸਾਗਰ ਸਿੰਧ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਟਣਹਾਰਾ ਸਗਲੀ ਚਿੰਦ। ਗੁਰਮੁਖ ਸਾਚਾ ਮੀਤੜਾ, ਆਦਿ ਜੁਗਾਦਿ ਰਖਾਏ। ਗੁਰ ਸੁਣਾਏ ਸਾਚਾ ਗੀਤੜਾ, ਆਪ ਆਪਣਾ ਰਾਗ ਅਲ੍ਹਾਏ। ਵਖਾਏ ਧਾਮ ਇਕ ਅਨਡੀਠੜਾ, ਸਚਖੰਡ ਵਾਸੀ ਬੇਪਰਵਾਹੇ। ਮਿੱਠਾ ਕਰੇ ਕੌੜਾ ਰੀਠੜਾ, ਜੋ ਜਨ ਰਹੇ ਸਰਨਾਏ। ਆਪੇ ਪਾਕੀ ਪਾਕ ਪਤਿਤ ਪਾਪੀ ਕਰੇ ਪੁਨੀਤੜਾ, ਪਤਿਤ ਪਾਵਣ ਆਪ ਕਰਤਾਰ। ਆਦਿ ਜੁਗਾਦੀ ਠੰਡਾ ਸੀਤੜਾ, ਜਨ ਭਗਤਾਂ ਕਰੇ ਪਿਆਰ। ਜੁਗ ਜੁਗ ਚਲਾਏ ਆਪਣੀ ਰੀਤੜਾ, ਕੋਈ ਠਗੌਰੀ ਨਾ ਕਰੇ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਭਰੇ ਭੰਡਾਰ। ਗੁਰ ਸੰਗਤ ਗੁਰ ਵਸਿਆ, ਗੁਰਦਾਤਾ ਮਿਹਰਵਾਨ। ਹਰਿ ਸੰਗਤ ਅੰਦਰ ਬਹਿ ਬਹਿ ਹੱਸਿਆ, ਸ਼ਬਦ ਵਖਾਏ ਸਚ ਨਿਸ਼ਾਨ। ਤੀਰ ਨਿਰਾਲਾ ਨਾਮ ਕਸਿਆ, ਮਾਰੇ ਇਕ ਨਿਗਹਬਾਨ। ਮੇਟੇ ਰੈਣ ਅੰਧੇਰੀ ਮੱਸਿਆ, ਕਰੇ ਪ੍ਰਕਾਸ਼ ਕੋਟਨ ਭਾਨ। ਜਨ ਭਗਤਾਂ ਦੁਵਾਰੇ ਫਿਰੇ ਨੱਸਿਆ, ਆਦਿ ਜੁਗਾਦੀ ਹਰਿ ਮਿਹਰਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵਾਨ। ਹਰਿ ਸੰਗਤ ਕਾਇਆ ਸੰਗਤ ਸਚ ਮੁਨਾਰਾ, ਗੁਰ ਸਤਿਗੁਰ ਆਪ ਸੁਹਾਇੰਦਾ। ਗੁਰਮੁਖਾਂ ਕਰੇ ਪਾਰ ਕਿਨਾਰਾ, ਜੋ ਜਨ ਚਰਨ ਧਿਆਇੰਦਾ। ਦਰਗਹਿ ਸਾਚੀ ਦਏ ਸਹਾਰਾ, ਰਾਏ ਧਰਮ ਨੇੜ ਨਾ ਆਇੰਦਾ। ਲੱਖ ਚੁਰਾਸੀ ਪਾਰ ਕਿਨਾਰਾ, ਮਾਤ ਗਰਭ ਬੰਧਨ ਕੱਟ ਵਖਾਇੰਦਾ। ਉਲਟਾ ਰੁੱਖ ਨਾ ਲਏ ਹੁਲਾਰਾ, ਦਸ ਦਸ ਮਾਸ ਮੇਟ ਮਿਟਾਇੰਦਾ। ਸ਼ਬਦੀ ਸ਼ਬਦ ਵਣਜ ਵਣਜਾਰਾ, ਸਾਚੇ ਹੱਟ ਵਿਕਾਇੰਦਾ। ਅੰਮ੍ਰਿਤ ਦੇਵੇ ਠੰਡੀ ਠਾਰਾ, ਭਰ ਪਿਆਲਾ ਜਾਮ ਸਾਕੀ ਆਪ ਪਿਆਇੰਦਾ। ਗੁਰਮੁਖਾਂ ਕਰੇ ਸਦ ਪਿਆਰਾ, ਆਪ ਆਪਾ ਵਾਰ ਵਖਾਇੰਦਾ। ਕਲਜੁਗ ਭੁਲਿਆ ਜੀਵ ਗਵਾਰਾ, ਹਰਨ ਫਰਨ ਨੇਤਰ ਨਾ ਕੋਈ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਅੰਦਰ ਜਾਏ ਵੜ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਅੰਦਰ ਆਪੇ ਵੜਿਆ, ਆਪਣੀ ਦਇਆ ਕਮਾਈਆ। ਆਪਣੇ ਪੌੜੇ ਆਪੇ ਚੜ੍ਹਿਆ, ਆਪਣਾ ਡੰਡਾ ਹੱਥ ਉਠਾਈਆ। ਨਾ ਕੋਈ ਸੀਸ ਨਾ ਕੋਈ ਧੜਿਆ, ਸਤਿਗੁਰ ਪੂਰਾ ਬੇਪਰਵਾਹੀਆ। ਗੁਰਸਿਖਾਂ ਦਰ ਦੁਵਾਰੇ ਖੜਿਆ, ਜੋ ਜਨ ਬੈਠੇ ਰਾਹ ਤਕਾਈਆ। ਪੰਚ ਵਿਕਾਰੇ ਆਪੇ ਸੜਿਆ, ਜਿਉਂ ਜੋਗਾ ਜੋਗ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੋੜਣਹਾਰ ਹੰਕਾਰੀ ਗੜ੍ਹਿਆ, ਗੜ੍ਹ ਹੰਕਾਰਾ ਮੇਟ ਮਿਟਾਈਆ। ਗੜ੍ਹ ਹੰਕਾਰੀ ਜਾਏ ਤੁੱਟ, ਕਿਲਾ ਕੋਟ ਰਹਿਣ ਨਾ ਪਾਈਆ। ਹਰਿ ਕਾ ਸ਼ਬਦ ਤੀਰ ਨਿਰਾਲਾ ਰਿਹਾ ਛੁੱਟ, ਦੋ ਜਹਾਨਾਂ ਡੇਰਾ ਰਿਹਾ ਢਾਹੀਆ। ਨੌ ਸਤ ਪੰਜ ਤੱਤ ਬਣੇ ਅਤੁੱਟ, ਮਨ ਮਤ ਨਾ ਕੋਈ ਚਤੁਰਾਈਆ। ਵਰਨਾਂ ਬਰਨਾਂ ਪਾਏ ਫੁੱਟ, ਨਾ ਕੋਈ ਜੋੜ ਜੁੜਾਈਆ। ਕਲਜੁਗ ਮਧ ਪਿਆਲਾ ਪੀਤਾ ਘੁੱਟ, ਚਾਰੋਂ ਕੁੰਟ ਖੇਹ ਉਡਾਈਆ। ਕਲਜੁਗ ਭਾਗ ਗਿਆ ਨਿਖੁੱਟ, ਮਨਮੁਖ ਜੀਵਾਂ ਨਾਲ ਰਲਾਈਆ। ਕੱਚੇ ਤੰਦਨ ਡੋਰ ਜਾਏ ਤੁੱਟ, ਗੁੱਡੀ ਅਕਾਸ਼ ਨਾ ਕੋਈ ਚੜ੍ਹਾਈਆ। ਗੁਰਮੁਖ ਵਿਰਲਾ ਪੀਵੇ ਅੰਮ੍ਰਿਤ ਘੁੱਟ, ਜਿਸ ਜਨ ਸਤਿਗੁਰ ਪੂਰਾ ਆਪ ਪਿਆਈਆ। ਆਵਣ ਜਾਵਣ ਜਾਏ ਛੁੱਟ, ਗੇੜਾ ਗੇੜ ਨਾ ਕੋਈ ਭੁਵਾਈਆ। ਭੌਂਦੇ ਫਿਰਦੇ ਕੋਟੀ ਕੋਟ ਤੀਰਥ ਤੱਟਾਂ ਜੰਗਲ ਜੂਹ ਉਜਾੜ ਪਹਾੜਾਂ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਦਰ, ਦਰ ਦਰਵਾਜਾ ਗ਼ਰੀਬ ਨਿਵਾਜਾ ਏਕਾ ਏਕ ਖੁਲ੍ਹਾਈਆ। ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਖੋਲ੍ਹ, ਆਪਣੀ ਦਇਆ ਕਮਾਇੰਦਾ। ਸ਼ਬਦ ਅਨਾਦੀ ਆਪੇ ਬੋਲ, ਬੋਧ ਅਗਾਧ ਜਣਾਇੰਦਾ। ਲੱਖ ਚੁਰਾਸੀ ਨਾਮ ਕੰਡੇ ਰਿਹਾ ਤੋਲ, ਸਤਿਗੁਰ ਨਾਨਕ ਤੇਰਾਂ ਤੇਰਾਂ ਧਾਰ ਚਲਾਇੰਦਾ। ਪੁਰਖ ਅਬਿਨਾਸ਼ੀ ਬੈਠਾ ਰਹੇ ਅਡੋਲ, ਸ੍ਰਿਸ਼ਟ ਸਬਾਈ ਆਪ ਡੁਲਾਇੰਦਾ। ਤ੍ਰੈਗੁਣ ਤੇਰਾ ਪਿਆ ਘੋਲ, ਪੰਜ ਤੱਤ ਢੋਲ ਵਜਾਇੰਦਾ। ਸਚ ਵਸਤ ਨਾ ਕਿਸੇ ਕੋਲ, ਸਚ ਵਣਜ ਨਾ ਕੋਈ ਕਰਾਇੰਦਾ। ਕਰਨੀ ਕਰਤਾ ਕੂੜ ਕੁੜਿਆਰਾ ਚਾਰੋਂ ਕੁੰਟ ਕੱਢੇ ਪੋਲ, ਭੇਵ ਅਭੇਦ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਲਜੁਗ ਮਿਟਾਏ ਸਤਿਜੁਗ ਲਗਾਏ, ਗੁਰਮੁਖ ਤਰਾਏ ਮਨਮੁਖ ਡੁਬਾਏ, ਘਰ ਸਾਚੇ ਸਚ ਵਸਤ ਟਿਕਾਏ, ਸਾਚਾ ਘਰ ਹਰੀ ਹਰਿ, ਗੁਰਮੁਖ ਕਾਇਆ ਗੜ ਵਖਾਈਆ। ਗੁਰਮੁਖ ਕਾਇਆ ਮੰਦਰ, ਘਰ ਘਰ ਵਿਚ ਆਪ ਸੁਹਾਇਆ। ਆਪੇ ਤੋੜੇ ਲਗਾ ਜੰਦਰ, ਨਾਮ ਹਥੌੜਾ ਏਕਾ ਲਾਇਆ। ਮਨ ਮਨੂਆ ਦਹਿ ਦਿਸ਼ ਨਾ ਭਵੇ ਬੰਦਰ, ਜਿਸ ਜਨ ਸ਼ਬਦੀ ਡੋਰੀ ਬੰਧਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦੀਵਾ ਨਿਰਗੁਣ ਬਾਤੀ, ਨਿਰਗੁਣ ਦਾਤਾ ਕਮਲਾਪਾਤੀ, ਨਿਰਗੁਣ ਮੇਟੇ ਅੰਧੇਰੀ ਰਾਤੀ, ਨਿਰਗੁਣ ਦੇਵੇ ਸਾਚੀ ਦਾਤੀ, ਨਿਰਗੁਣ ਰੱਖੀ ਉਤਮ ਜ਼ਾਤੀ, ਨਿਰਗੁਣ ਬਖ਼ਸ਼ੇ ਅੰਮ੍ਰਿਤ ਬੂੰਦ ਸਵਾਂਤੀ, ਗੁਰਮੁਖ ਸਾਚੇ ਬਾਲ, ਆਪਣੀ ਗੋਦ ਲਏ ਉਠਾਈਆ।