੨੦ ਮੱਘਰ ੨੦੧੫ ਬਿਕ੍ਰਮੀ ਲਾਲ ਸਿੰਘ ਦੇ ਘਰ ਲੁਧਿਆਣਾ ਸ਼ਹਿਰ
ਹਰਿ ਨਾਮ ਰਸ ਪਾਇਆ, ਹਰਿ ਹਰਿ ਚਰਨ ਦਵਾਰ। ਸਹਿੰਸਾ ਰੋਗ ਚੁਕਾਇਆ, ਮਿਟਿਆ ਅੰਧ ਅੰਧਿਆਰ। ਕਾਇਆ ਮੰਦਰ ਇਕ ਸੁਹਾਇਆ, ਦੀਪਕ ਬਾਤੀ ਕਰ ਉਜਿਆਰ। ਏਕਾ ਦੂਜਾ ਭੌ ਚੁਕਾਇਆ, ਤੀਜਾ ਨੈਣ ਉਘਾੜ। ਚੌਥੇ ਪਦ ਸਮਾਇਆ, ਮੇਟ ਮਿਟਾਏ ਪੰਚਮ ਧਾੜ। ਛੇਵਾਂ ਘਰ ਵਖਾਇਆ, ਸਤਵੇਂ ਸਤਿ ਪੁਰਖ ਨਿਰੰਜਣ ਪੌੜੇ ਦੇਵੇ ਚਾੜ੍ਹ। ਅੱਠਾਂ ਤੱਤਾਂ ਲੇਖਾ ਮੁਕਾਇਆ, ਨੌਂ ਦਰ ਕਰਾਏ ਪਾਰ। ਦਸਮ ਦਵਾਰੀ ਆਪ ਖੁਲ੍ਹਾਇਆ, ਆਪ ਆਪਣੀ ਕਿਰਪਾ ਧਾਰ। ਅੰਮ੍ਰਿਤ ਆਤਮ ਜਲ ਭਰਾਇਆ, ਸਾਂਤਕ ਸਤਿ ਸਤਿ ਵਰਤਾਰ। ਸਾਚੀ ਸੇਜਾ ਵੇਖ ਵਖਾਇਆ, ਆਤਮ ਅੰਤਰ ਇਕ ਪਿਆਰ। ਜਗਤ ਬਸੰਤਰ ਮੇਟ ਮਿਟਾਇਆ, ਮੇਲ ਮਿਲਾਵਾ ਮੀਤ ਮੁਰਾਰ। ਆਪ ਆਪਣਾ ਰੂਪ ਦਰਸਾਇਆ, ਨਿਰਗੁਣ ਜੋਤੀ ਕਰ ਉਜਿਆਰ। ਸਰਗੁਣ ਸਰਗੁਣ ਸਤਿਗੁਰ ਲੇਖੇ ਲਾਇਆ, ਸਚ ਧਰਮ ਇਕ ਜੈਕਾਰ। ਕਰਮ ਕੁਕਰਮਾਂ ਮੇਟ ਮਿਟਾਇਆ, ਜਨਮ ਜਨਮਾਂ ਦਏ ਸੁਧਾਰ। ਵਰਨ ਗੋਤ ਨਾ ਕੋਈ ਉਪਾਇਆ, ਆਤਮ ਬ੍ਰਹਮ ਇਕ ਪਸਾਰ। ਕਾਇਆ ਚੋਟ ਤਨ ਲਗਾਇਆ, ਸ਼ਬਦ ਸ਼ਬਦੀ ਇਕ ਧੁਨਕਾਰ। ਬ੍ਰਹਿਮੰਡਾਂ ਖੋਜ ਖੁਜਾਇਆ, ਲੋਆਂ ਪੁਰੀਆਂ ਪਾਵੇ ਸਾਰ। ਕਲਜੁਗ ਅੰਤਮ ਵੇਸ ਵਟਾਇਆ, ਨਿਹਕਲੰਕੀ ਲਏ ਅਵਤਾਰ। ਰਾਓ ਰੰਕਾਂ ਆਪ ਉਠਾਇਆ, ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ। ਹਰਿਜਨ ਸਾਚੇ ਮੇਲ ਮਿਲਾਇਆ, ਇਕ ਸੁਹਾਏ ਬੰਕ ਦਵਾਰ। ਪੂਰਨ ਲਹਿਣਾ ਝੋਲੀ ਪਾਇਆ, ਸਾਚਾ ਭਰਿਆ ਨਾਮ ਭੰਡਾਰ। ਤਖ਼ਤ ਤਾਜ ਇਕ ਵਖਾਇਆ, ਨਿਰਗੁਣ ਰੂਪ ਨਿਰੰਕਾਰ। ਸੀਸ ਤਾਜ ਇਕ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਘਰ ਮੇਲਾ ਕੰਤ ਭੰਤਾਰ। ਕੰਤ ਭਤਾਰ ਮੀਤੜਾ, ਏਕਾ ਏਕੰਕਾਰ। ਗੁਰਮੁਖਾਂ ਵਸਿਆ ਚੀਤੜਾ, ਦਿਵਸ ਰੈਣ ਪਿਆਰ। ਅੱਠੇ ਪਹਿਰ ਠੰਡਾ ਸੀਤੜਾ, ਸਾਂਤਕ ਸਤਿ ਰੂਪ ਕਰਤਾਰ। ਵਸੇ ਧਾਮ ਇਕ ਅਤੀਤੜਾ, ਥਿਰ ਘਰ ਸੱਚੇ ਦਰਬਾਰ। ਕਰੇ ਕਰਾਏ ਪਤਿਤ ਪੁਨੀਤੜਾ, ਪਤਿਤ ਪਾਵਨ ਕਿਰਪਾ ਧਾਰ। ਨਾ ਕੋਈ ਮੰਦਰ ਨਾ ਮਸੀਤੜਾ, ਕਾਇਆ ਮੱਠ ਗੁਰੂਦਵਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਲੇਖਾ ਲਿਖ ਨਾ ਸਕੇ ਵਿਚ ਕੋਈ ਸੰਸਾਰ। ਮਾਤ ਜਨਮ ਹਰਿਜਨ ਜੀਤੜਾ, ਨੇਤਰ ਨੈਣ ਲੋਚਣ ਕਰੇ ਦਰਸ ਦੀਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਗੰਮੜਾ ਹਰਿ ਹਰਿ ਖੇਲਾ, ਹਰਿ ਹਰਿ ਆਪ ਜਣਾਈਆ। ਅਬਿਨਾਸ਼ੀ ਕਰਤਾ ਸਤਿਗੁਰ ਮੇਲਾ, ਗੁਰ ਗੁਰ ਵੇਸ ਵਟਾਈਆ। ਆਦਿ ਜੁਗਾਦੀ ਸਾਚਾ ਚੇਲਾ, ਸ਼ਬਦੀ ਸੁਤ ਉਪਜਾਈਆ। ਦੋ ਜਹਾਨਾਂ ਸਚ ਸੁਹੇਲਾ, ਨਿਰਗੁਣ ਨੂਰ ਦਰਸਾਈਆ। ਬ੍ਰਹਿਮੰਡਾਂ ਖੰਡਾਂ ਇਕ ਅਕੇਲਾ, ਜੇਰਜ ਅੰਡਾਂ ਡੇਰਾ ਲਾਈਆ। ਆਪੇ ਜਾਣੇ ਆਪਣਾ ਵੇਲਾ, ਆਪਣੀ ਰਚਨਾ ਆਪ ਰਚਾਈਆ। ਆਪਣੇ ਦਰ ਆਪੇ ਚਾੜ੍ਹੇ ਤੇਲਾ, ਆਪ ਆਪਣਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੀ ਕਰਤਾ ਨਾਉਂ ਰਖਾਈਆ। ਕਰਨੀ ਕਰਤਾ ਹਰਿ ਨਿਰੰਕਾਰ, ਕਰਨਹਾਰ ਅਖਵਾਇੰਦਾ। ਹਰਿਜਨ ਸਾਚੇ ਪਾਵੇ ਸਾਰ, ਘਰ ਸਾਚਾ ਵੇਖ ਵਖਾਇੰਦਾ। ਮਹੱਲ ਅਟੱਲ ਉਚ ਮਿਨਾਰ, ਆਪ ਆਪਣੀ ਬਣਤ ਬਣਾਇੰਦਾ। ਸੰਤ ਸਾਜਣ ਮੀਤ ਮੁਰਾਰ, ਗ਼ਰੀਬ ਨਿਵਾਜਣ ਵੇਖ ਵਖਾਇੰਦਾ। ਦੇਸ ਮਾਝਨ ਹੋ ਉਜਿਆਰ, ਆਪ ਆਪਣੀ ਖੇਲ ਖਿਲਾਇੰਦਾ। ਲੱਖ ਚੁਰਾਸੀ ਰਚਿਆ ਕਾਜਨ, ਸਾਚਾ ਦਰ ਸੁਹਾਇੰਦਾ। ਗੁਰਸਿਖ ਸਾਚੇ ਮਾਰੇ ਵਾਜਨ, ਸੁਰਤੀ ਸੁਰਤ ਸ਼ਬਦ ਉਠਾਇੰਦਾ। ਸ਼ਾਹੋ ਭੂਪ ਵਡ ਰਾਜ ਰਾਜਨ, ਸਚ ਸਿਕਦਾਰ ਆਪ ਅਖਵਾਇੰਦਾ। ਹਰਿਜਨ ਸਾਚੇ ਰੱਖੇ ਲਾਜਣ, ਸਿਰ ਸਮਰਥ ਹੱਥ ਟਿਕਾਇੰਦਾ। ਆਪ ਚਲਾਏ ਜਗਤ ਜਹਾਜ਼ਨ, ਚਾਰ ਵਰਨਾਂ ਆਪ ਚੜ੍ਹਾਇੰਦਾ। ਭੇਖ ਪਖੰਡਾ ਖੋਲ੍ਹੇ ਪਾਜਨ, ਜੂਠ ਝੂਠ ਮੇਟ ਮਿਟਾਇੰਦਾ। ਚਿੱਟੇ ਅਸਵ ਚੜ੍ਹਿਆ ਤਾਜਨ, ਲੋਆਂ ਪੁਰੀਆਂ ਆਪ ਦੌੜਾਇੰਦਾ। ਆਪੇ ਸ਼ਾਹ ਬਾਣੀਆਂ ਹੋਏ ਮਹਾਜਨ, ਹੱਟ ਹਟਵਾਨਾ ਨਾਉਂ ਰਖਾਇੰਦਾ। ਆਪੇ ਮਸਜਿਦ ਬਾਂਗ ਦਏ ਨਿਮਾਜਨ, ਆਪ ਆਪਣੀ ਸੇਵਾ ਲਾਇੰਦਾ। ਆਪੇ ਤਿਲਕ ਲਿਲਾਟੀ ਰਚਿਆ ਕਾਜਨ, ਕਾਇਆ ਮਾਟੀ ਵੇਖ ਵਖਾਇੰਦਾ । ਆਪੇ ਹੋਏ ਤੀਰਥ ਤਾਟਨ, ਤੱਟ ਕਿਨਾਰਾ ਫੇਰੀ ਪਾਇੰਦਾ। ਆਪੇ ਗ੍ਰੰਥ ਪੰਥ ਔਖਾ ਘਾਟਨ, ਆਪ ਆਪਣਾ ਰਾਹ ਚਲਾਇੰਦਾ। ਆਪੇ ਜਾਣੇ ਆਪਣੀ ਵਾਟਨ, ਆਪੇ ਪੰਧ ਮੁਕਾਇੰਦਾ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਰਸ ਏਕਾ ਚਾਟਨ, ਅੰਮ੍ਰਿਤ ਧਾਰ ਮੁਖ ਚੁਆਇੰਦਾ। ਦੂਈ ਦਵੈਤੀ ਪਰਦੇ ਪਾਟਨ, ਨੈਣ ਇਕ ਖੁਲ੍ਹਾਇੰਦਾ। ਚੌਥੇ ਘਰ ਸ਼ਾਹੋ ਸ਼ਾਬਾਸ਼ਣ, ਸ਼ਾਹ ਸੁਲਤਾਨਾਂ ਮੇਲ ਮਿਲਾਇੰਦਾ। ਪੰਚਮ ਮੀਤ ਪੁਰਖ ਅਬਿਨਾਸ਼ਣ, ਪਾਰਬ੍ਰਹਮ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਡੰਕ ਵਜਾਇੰਦਾ। ਏਕਾ ਡੰਕ ਹਰਿ ਭਗਵਾਨਾ, ਏਕਾ ਏਕ ਵਜਾਈਆ। ਆਪ ਸੁਣਾਏ ਦੋ ਜਹਾਨਾਂ, ਆਪ ਆਪਣੀ ਕਲ ਵਰਤਾਈਆ। ਲੋਆਂ ਪੁਰੀਆਂ ਖੇਲ ਮਹਾਨਾ, ਨੌਂ ਖੰਡ ਵੇਖ ਵਖਾਈਆ। ਸ੍ਰਿਸ਼ਟ ਸਬਾਈ ਹੋ ਪ੍ਰਧਾਨਾ, ਏਕਾ ਨਾਅਰਾ ਲਾਈਆ। ਵੇਖ ਵਖਾਏ ਵੇਦ ਪੁਰਾਨਾ, ਅੰਜੀਲ ਕੁਰਾਨਾਂ ਫੋਲ ਫੁਲਾਈਆ। ਖਾਣੀ ਬਾਣੀ ਇਕ ਨਿਸ਼ਾਨਾ, ਏਕਾ ਰਿਹਾ ਉਠਾਈਆ। ਸ਼ਬਦੀ ਸ਼ਬਦ ਧੁਰ ਫ਼ਰਮਾਣਾ, ਦੇਵਣਹਾਰ ਨਾਮ ਖ਼ੁਦਾਈਆ । ਕਲਮਾ ਨਾਮ ਹੋ ਨਿਧਾਨਾ, ਉਮਤ ਉਮਤੀ ਰਿਹਾ ਸੁਣਾਈਆ। ਸ਼ਾਹ ਰਫ਼ੀਕ ਮਿਹਰਬਾਨਾ, ਰਬਾਬ ਅਹਿਬਾਬ ਆਪ ਵਜਾਈਆ। ਰਾਮ ਰਹੀਮ ਇਕ ਟਿਕਾਣਾ, ਏਕਾ ਘਰ ਬਹਾਈਆ। ਨਾਮ ਸਤਿ ਨੌਜਵਾਨਾ, ਸਾਚੀ ਫਤਿਹ ਗਜਾਈਆ। ਸੋ ਪੁਰਖ ਨਿਰੰਜਣ ਵਡ ਬਲਵਾਨਾ, ਹੰ ਬ੍ਰਹਮ ਆਪ ਹੋ ਜਾਈਆ। ਚਾਰ ਵਰਨਾਂ ਏਕਾ ਰੂਪ ਦ੍ਰਿਸ਼ਟਾਨਾ, ਦੂਜੀ ਵਸਤ ਨਾ ਕੋਈ ਰਖਾਈਆ। ਖੇਲੇ ਖੇਲ ਗੋਪੀ ਕਾਹਨਾ, ਮੰਡਲ ਮੰਡਪ ਰਾਸ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅਲੱਖ ਨਿਰੰਜਣ ਏਕਾ ਆਪਣੀ ਅਲਖ ਜਗਾਈਆ। ਆਪਣੀ ਜਗਾ ਆਪ ਅਲੱਖ, ਆਪੇ ਆਪ ਸੁਣਾਇੰਦਾ। ਆਪਣੇ ਘਰ ਹੋ ਪ੍ਰਤੱਖ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਲਏ ਰੱਖ, ਆਪ ਆਪਣਾ ਮਾਰਗ ਲਾਇੰਦਾ। ਆਪ ਆਪਣਾ ਕਰਿਆ ਵੱਖ, ਲੋਕਮਾਤ ਰਾਹ ਤਕਾਇੰਦਾ । ਗੁਰਮੁਖਾਂ ਭਾਂਡਾ ਭਰੇ ਖ਼ਾਲੀ ਸੱਖ, ਨਾਮ ਭੰਡਾਰ ਇਕ ਵਰਤਾਇੰਦਾ। ਲੱਖ ਚੁਰਾਸੀ ਮਾਰੇ ਝੱਖ, ਗੁਰ ਦਰ ਨਾ ਕੋਈ ਦਰਸਾਇੰਦਾ। ਪੰਚ ਵਿਕਾਰਾ ਨਕੇਲ ਨੱਕ, ਚਾਰੋਂ ਕੁੰਟ ਫਿਰਾਇੰਦਾ। ਤੀਰਥ ਤੱਟਾਂ ਰਹੇ ਤੱਕ, ਨਿਰਮਲ ਨੀਰ ਨਾ ਕੋਈ ਪਿਆਇੰਦਾ। ਜਗਤ ਅਭਿਆਸ ਗਿਆ ਥੱਕ, ਡੂੰਘੀ ਭਵਰ ਨਾ ਕੋਈ ਲੰਘਾਇੰਦਾ। ਸਨਿਆਸ ਵੈਰਾਗ ਫਲ ਗਿਆ ਪੱਕ, ਨਾ ਕੋਈ ਤੋੜ ਤੁੜਾਇੰਦਾ। ਪ੍ਰਗਟ ਹੋ ਦਾਤਾ ਸੂਰਾ ਸਰਬੱਗ, ਆਪ ਆਪਣਾ ਕਰਮ ਕਮਾਇੰਦਾ। ਗੁਰਸਿਖਾਂ ਏਕਾ ਰਾਹ ਸਾਚਾ ਦੱਸ, ਜਗਤ ਕਿਰਿਆ ਮੇਟ ਮਿਟਾਇੰਦਾ। ਹਿਰਦੇ ਅੰਦਰ ਆਪੇ ਵਸ, ਚਰਨ ਪ੍ਰੀਤੀ ਇਕ ਸਿਖਾਇੰਦਾ। ਵੇਖ ਵਖਾਏ ਨੱਸ ਨੱਸ, ਨੌਂ ਦਵਾਰੇ ਪੰਧ ਮੁਕਾਇੰਦਾ। ਆਪੇ ਰੂਪ ਕੋਟਨ ਕੋਟ ਰਵ ਸਸ, ਆਪ ਆਪਣਾ ਨੈਣ ਖੁਲ੍ਹਾਇੰਦਾ। ਹਰਿਜਨ ਹਰਿ ਹਰਿ ਹੋਇਆ ਵਸ, ਦਰ ਦਰਵੇਸ਼ਾ ਫੇਰੀ ਪਾਇੰਦਾ। ਕਰਮ ਕਾਂਡ ਦੇਵੇ ਝੱਸ, ਆਪੇ ਚਰਨਾਂ ਹੇਠ ਦਬਾਇੰਦਾ। ਤ੍ਰੈਗੁਣ ਮਾਇਆ ਨਾ ਲਏ ਡੱਸ, ਮਮਤਾ ਮੋਹ ਚੁਕਾਇੰਦਾ। ਇਕ ਪਿਆਏ ਸਾਚਾ ਰਸ, ਆਪਣੇ ਹੱਥ ਜਾਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਸੁਣਾਇੰਦਾ। ਏਕਾ ਸ਼ਬਦ ਚੌਥਾ ਪਦ, ਸਤਿ ਪੁਰਖ ਨਿਰੰਜਣ ਆਪ ਰਖਾਇਆ। ਹੰ ਬ੍ਰਹਮ ਪਾਰ ਹੱਦ, ਜਿਸ ਜਨ ਰਸਨਾ ਗਾਇਆ। ਸਚਖੰਡ ਦਵਾਰੇ ਆਪੇ ਸੱਦ, ਚਰਨ ਕਵਲ ਆਪ ਬਹਾਇਆ। ਅੰਮ੍ਰਿਤ ਪਿਆਈ ਸਾਚੀ ਮਦਿ, ਦਿਵਸ ਰੈਣ ਖ਼ੁਮਾਰ ਰਖਾਇਆ। ਵਿਸ਼ਨੂੰ ਵੰਸੀ ਸਾਚੀ ਯਦ, ਏਕਾ ਬ੍ਰਹਮ ਦਰਸਾਇਆ। ਆਪਣਾ ਭਾਰ ਆਪੇ ਲੱਦ, ਗੁਰਮੁਖ ਸਾਚੇ ਰਿਹਾ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਤਰ ਨਾਮ ਦ੍ਰਿੜਾਇਆ। ਸੱਸਾ ਸ਼ਬਦ ਪੁਰਖ ਸੁਲਤਾਨ, ਏਕਾ ਰੂਪ ਦਰਸਾਇੰਦਾ। ਦਾਤਾ ਦਾਨੀ ਮਿਹਰਬਾਨ, ਏਕਾ ਘਰ ਵਖਾਇੰਦਾ। ਉਪਰ ਹੋੜਾ ਧਰ ਨਿਸ਼ਾਨ, ਪਾਰਬ੍ਰਹਮ ਆਪ ਚਲਾਇੰਦਾ। ਹਾਹਾ ਹਰਸ ਮਿਟੇ ਜਹਾਨ, ਸੱਸਾ ਸਤਿਗੁਰ ਵੇਖ ਵਖਾਇੰਦਾ। ਟਿੱਪੀ ਬਣੇ ਇਕ ਮਹਾਨ, ਚਾਰੋਂ ਕੁੰਟ ਮੁਖ ਬੰਦ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਏ ਦੋਏ ਅੱਖਰ ਵੇਖ ਵਖਾਇੰਦਾ। ਦੋਏ ਅੱਖਰ ਦੋਏ ਧਾਰ, ਦੋਏ ਰੂਪ ਸਮਾਇਆ। ਨਿਰਗੁਣ ਨਿਰਗੁਣ ਇਕ ਪਿਆਰ, ਏਕਾ ਘਰ ਵਸਾਇਆ। ਸਤਿਗੁਰ ਖੇਲੇ ਖੇਲ ਅਗੰਮ ਅਪਾਰ, ਗੁਰ ਗੁਰ ਵੇਸ ਵਟਾਇਆ। ਗੁਰ ਗੁਰ ਮੰਗੇ ਮੰਗ ਭਿਖਾਰ, ਸਤਿਗੁਰ ਝੋਲੀ ਪਾਇਆ। ਦੋਹਾਂ ਵਿਚੋਲਾ ਆਪ ਕਰਤਾਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਸ਼ਬਦ ਢੋਲਾ ਅਪਰ ਅਪਾਰ, ਆਪ ਆਪਣਾ ਆਪੇ ਗਾਇਆ। ਨਾਨਕ ਤੋਲਾ ਹਰਿ ਗਿਰਧਾਰ, ਸਚਖੰਡ ਦਵਾਰੇ ਇਕ ਵਖਾਇਆ। ਬਦਲਿਆ ਚੋਲਾ ਅੰਤਮ ਵਾਰ, ਕਲਜੁਗ ਵੇਸ ਵਟਾਇਆ। ਅੰਤਮ ਮੌਲਾ ਸਰਬ ਸੰਸਾਰ, ਦਿਸ ਕਿਸੇ ਨਾ ਆਇਆ। ਧਰਨੀ ਧਰਤ ਧਵਲ ਹੋ ਉਜਿਆਰ, ਗੁਰਮੁਖ ਸਾਚੇ ਲਏ ਜਗਾਇਆ। ਅੰਮ੍ਰਿਤ ਆਤਮ ਪੌਹਲ ਖੰਡੇ ਧਾਰ, ਗੁਰ ਗੋਬਿੰਦ ਆਪ ਪਿਆਇਆ। ਸਾਚੀ ਸਿਖੀ ਕਰ ਤਿਆਰ, ਵਾਲੋਂ ਨਿੱਕੀ ਆਪ ਜਣਾਇਆ। ਮੁਨੀ ਰਿਖੀ ਨਾ ਪਾਵਣ ਸਾਰ, ਹਰਿ ਕਾ ਸ਼ਬਦ ਦਿਸ ਨਾ ਆਇਆ। ਧੁਰ ਦੀ ਲੇਖ ਲਿਖੀ ਆਪ ਕਰਤਾਰ, ਆਪੇ ਵੇਖਣ ਆਇਆ। ਸੋਹੰ ਸ਼ਬਦ ਸ਼ਬਦ ਜੈਕਾਰ, ਗੁਰ ਚੇਲਾ ਰੂਪ ਵਟਾਇਆ। ਹੰ ਬ੍ਰਹਮ ਇਕ ਅਧਾਰ, ਗੋਬਿੰਦ ਪੁਰਖ ਅਕਾਲ ਮਨਾਇਆ। ਨਾਨਕ ਢਹਿ ਪਏ ਦਵਾਰ, ਨਿਰਗੁਣ ਦਰਸ਼ਨ ਪਾਇਆ। ਏਕਾ ਸ਼ਬਦ ਆਪ ਵਿਚਾਰ, ਰਸਨਾ ਜਿਹਵਾ ਨਾ ਕੋਇ ਹਿਲਾਇਆ। ਬੱਤੀ ਦੰਦ ਨਾ ਕੋਈ ਧਾਰ, ਪੰਜ ਤਤ ਨਾ ਕੋਈ ਉਪਾਇਆ। ਸਚਖੰਡ ਦਵਾਰੇ ਰਿਹਾ ਪੁਕਾਰ, ਮੈਂ ਤੇਰਾ ਤੂੰ ਮੇਰਾ, ਤੇਰਾ ਮੇਰਾ ਭੇਵ ਨਾ ਰਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਗੁਰ ਨਾਨਕ ਏਹ ਜਣਾਇਆ। ਤੇਰਾ ਮੇਰਾ ਸਚ ਪਿਆਰ, ਸਚ ਸਿੰਘਾਸਣ ਆਸਣ ਲਾਇਆ। ਕਲਜੁਗ ਜੀਵ ਨਾ ਪਾਇਣ ਸਾਰ, ਭਗਤੀ ਭਗਤ ਨਾ ਕੋਈ ਦ੍ਰਿੜਾਇਆ। ਅੰਤਮ ਕਲਜੁਗ ਵੇਖ ਵਿਚਾਰ, ਆਪ ਆਪਣਾ ਰੂਪ ਵਟਾਇਆ। ਨਿਹਕਲੰਕ ਲਏ ਅਵਤਾਰ, ਸ਼ਬਦੀ ਸ਼ਬਦ ਸਮਾਇਆ। ਸ਼ਬਦ ਗੁਣ ਅਪਰ ਅਪਾਰ, ਹਰਿ ਸਾਚਾ ਵੇਖ ਵਖਾਇਆ। ਗੁਰਮੁਖਾਂ ਦੇਵੇ ਲੋਕਮਾਤ ਕਰ ਉਜਿਆਰ, ਆਪ ਆਪਣਾ ਮੁਖ ਛੁਪਾਇਆ। ਖਿੱਚੀ ਜਾਏ ਵਾਰੋ ਵਾਰ, ਔਂਦਾ ਜਾਂਦਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਏਕ ਗੁਰ, ਲੇਖਾ ਲਿਖਣਹਾਰ ਧੁਰ, ਲੋਕਮਾਤ ਮਾਰ ਝਾਤ, ਇਕ ਇਕਾਂਤ, ਸੰਜੋਗ ਵਿਜੋਗ ਆਤਮ ਰਸ ਸਾਚਾ ਭੋਗ, ਪਾਰ ਕਰਾਏ ਤਿੰਨਾਂ ਲੋਕ, ਸੋਹੰ ਸਚ ਸਲੋਕ, ਜਿਸ ਜਨ ਰਸਨਾ ਗਾਇਆ।
