੨੯ ਮੱਘਰ ੨੦੧੬ ਬਿਕ੍ਰਮੀ ਮੱਸਾ ਸਿੰਘ ਦੇ ਘਰ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਨ ਅਗੰਮ ਅਥਾਹ, ਭੇਵ ਅਭੇਵ ਭੇਵ ਨਾ ਆਇੰਦਾ। ਹਰਿ ਹਰਿ ਬਣੇ ਸਚ ਮਲਾਹ, ਆਪ ਆਪਣਾ ਖੇਲ ਖਿਲਾਇੰਦਾ। ਏਕੰਕਾਰਾ ਏਕਾ ਨਾਂ, ਅਕਲ ਕਲਧਾਰੀ ਆਪ ਉਪਜਾਇੰਦਾ। ਆਦਿ ਨਿਰੰਜਨ ਜੋਤ ਜਗਾ, ਦੀਪਕ ਸਾਚਾ ਆਪ ਜਗਾਇੰਦਾ। ਸ੍ਰੀ ਭਗਵਾਨ ਖੇਲ ਖਿਲਾ, ਸਚਖੰਡ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਨਾਉਂ ਧਰਾ, ਨਿਰਗੁਣ ਏਕਾ ਵੇਸ ਵਟਾਇੰਦਾ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾ, ਆਪ ਆਪਣੀ ਕਲ ਵਰਤਾਇੰਦਾ। ਨਿਰਗੁਣ ਨਿਰਾਕਾਰ ਸਾਕਾਰ ਰੂਪ ਆਪ ਵਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪ ਰਚਾਇੰਦਾ। ਰਚਨਹਾਰਾ ਪੁਰਖ ਸੁਲਤਾਨਾ, ਆਪਣੀ ਖੇਲ ਖਿਲਾਈਆ। ਪਾਰਬ੍ਰਹਮ ਪ੍ਰਭ ਹੋ ਪ੍ਰਧਾਨਾ, ਆਪਣੀ ਦਯਾ ਆਪ ਕਮਾਈਆ। ਘਰ ਮੰਦਰ ਸੋਹੇ ਇਕ ਮਕਾਨਾ, ਥਿਰ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਆਪ ਅਖਵਾਈਆ । ਨਿਰਗੁਣ ਦਾਤਾ ਬੇਐਬ ਪਰਵਰਦਿਗਾਰ, ਨੂਰੋ ਨੂਰ ਸਮਾਇੰਦਾ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਸਾਚੇ ਮੰਦਰ ਬੈਠ ਦਵਾਰ, ਬੰਕ ਦਵਾਰਾ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਆਰ, ਸ਼ਾਹ ਸੁਲਤਾਨ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਇਕ ਮਹੱਲਾ, ਆਪ ਆਪਣਾ ਆਪੇ ਮੱਲਾ, ਸਚ ਸਿੰਘਾਸਣ ਆਸਣ ਲਾਇੰਦਾ। ਸਚ ਸਿੰਘਾਸਣ ਪੁਰਖ ਅਕਾਲ, ਏਕਾ ਏਕ ਉਪਜਾਈਆ। ਕਰੇ ਖੇਲ ਦੀਨ ਦਿਆਲ, ਸੋ ਪੁਰਖ ਵਡ ਵਡਿਆਈਆ। ਹਰਿ ਪੁਰਖ ਚਲੇ ਅਵਲੜੀ ਚਾਲ, ਏਕ ਏਕੰਕਾਰਾ ਦਿਸ ਨਾ ਆਈਆ। ਸ੍ਰੀ ਭਗਵਾਨ ਰੱਖਣਹਾਰਾ ਸਚ ਸੱਚਾ ਧਨ ਮਾਲ, ਸਚ ਖਜ਼ਾਨਾ ਆਪ ਭਰਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨ, ਆਦਿ ਨਿਰੰਜਨ ਵੇਖ ਵਖਾਈਆ। ਪਾਰਬ੍ਰਹਮ ਕਰ ਵੇਖੇ ਮਾਰ ਧਿਆਨ, ਹਰਿ ਹਰੀ ਰੂਪ ਵਟਾਈਆ। ਹਰੀ ਰੂਪ ਦੱਸ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਸੋਭਾ ਪਾਈਆ। ਸਾਚਾ ਘਰ ਸਚ ਹੁਲਾਰਾ, ਸਤਿ ਪੁਰਖ ਨਿਰੰਜਨ ਆਪ ਦਵਾਇੰਦਾ। ਕਰੇ ਖੇਲ ਅਗੰਮ ਅਪਾਰਾ, ਕਰਨੀ ਕਰਤਾ ਨਾਉਂ ਧਰਾਇੰਦਾ। ਲੇਖਾ ਜਾਣੇ ਨਾਰੀ ਨਾਰਾ, ਨਾਰੀ ਨਰ ਵੇਸ ਵਟਾਇੰਦਾ। ਆਪ ਉਪਜਾਏ ਸੁਤ ਦੁਲਾਰਾ, ਸ਼ਬਦੀ ਸ਼ਬਦ ਨਾਉਂ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਇੰਦਾ। ਵੇਸ ਅਵੱਲਾ ਪੁਰਖ ਅਬਿਨਾਸ਼ਾ, ਏਕਾ ਏਕ ਕਰਾਈਆ। ਆਪਣੀ ਜੋਤ ਕਰ ਪ੍ਰਕਾਸ਼ਾ, ਨਿਰਗੁਣ ਨਿਰਗੁਣ ਕਰੇ ਰੁਸ਼ਨਾਈਆ। ਆਪੇ ਖੇਲੇ ਖੇਲ ਤਮਾਸ਼ਾ, ਵਿਸ਼ਨ ਬ੍ਰਹਮਾ ਨਾਲ ਰਲਾਈਆ। ਬ੍ਰਹਮ ਪਾਰਬ੍ਰਹਮ ਹੋਇਆ ਦਾਸੀ ਦਾਸਾ, ਦਰ ਘਰ ਸਾਚੇ ਵੱਜੀ ਵਧਾਈਆ। ਸ਼ੰਕਰ ਮੇਲਾ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਆਪ ਸੁਹਾਈਆ। ਆਪੇ ਰਵ ਸਸ ਪਾਵੇ ਰਾਸਾ, ਆਪ ਆਪਣੀ ਰਚਨ ਰਚਾਈਆ। ਆਪੇ ਤ੍ਰੈਗੁਣ ਮਾਇਆ ਦਏ ਭਰਵਾਸਾ, ਸਿਰ ਆਪਣਾ ਹੱਥ ਟਿਕਾਈਆ। ਆਪੇ ਪੰਜ ਤਤ ਕਰੇ ਵਾਸਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਆਪੇ ਤ੍ਰਿਸਨਾ ਆਪੇ ਆਸਾ, ਆਪੇ ਬੁਧ ਮਤ ਮਨ ਵਿਚ ਸਮਾਈਆ। ਆਪੇ ਪਵਣ ਆਪ ਸਵਾਸਾ, ਆਪੇ ਰਸਨਾ ਜਿਹਵਾ ਹਿਲਾਈਆ। ਆਪੇ ਬਹੱਤਰ ਨਾੜੀ ਕਰ ਪ੍ਰਕਾਸ਼ਾ, ਅੰਧ ਅੰਧੇਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਨਿਰਗੁਣ ਸਰਗੁਣ ਹਰਿ ਹਰਿ ਧਾਰਾ, ਭੇਵ ਕੋਇ ਨਾ ਪਾਇੰਦਾ। ਇਕ ਅਕੱਲਾ ਕਰ ਪਸਾਰਾ, ਲੱਖ ਚੁਰਾਸੀ ਆਸਣ ਲਾਇੰਦਾ। ਸ਼ਬਦ ਅਨਾਦੀ ਧੁਨ ਜੈਕਾਰਾ, ਆਪ ਆਪਣਾ ਆਪ ਉਪਜਾਇੰਦਾ। ਕਾਇਆ ਮੰਦਰ ਵੇਖ ਮੁਨਾਰਾ, ਸਚ ਮਹੱਲਾ ਆਪ ਸੁਹਾਇੰਦਾ। ਡੂੰਘੀ ਕੰਦਰ ਵੇਖੇ ਗਾਰਾ, ਅਨਭਵ ਪ੍ਰਕਾਸ਼ ਕਰਾਇੰਦਾ। ਜੋਤ ਨਿਰੰਜਨ ਕਰ ਉਜਿਆਰਾ, ਦੀਪਕ ਸਾਚਾ ਇਕ ਟਿਕਾਇੰਦਾ। ਡੂੰਘੀ ਭਵਰੀ ਪਾਵੇ ਸਾਰਾ, ਸੁਖਮਨ ਵੇਖ ਵਖਾਇੰਦਾ। ਤ੍ਰਬੈਣੀ ਕਰੇ ਪਾਰ ਕਿਨਾਰਾ, ਤ੍ਰੈਕੂਟਾਂ ਲੇਖ ਲਿਖਾਇੰਦਾ। ਸਰ ਸਰੋਵਰ ਠੰਡੀ ਠਾਰਾ, ਘਰ ਅੰਮ੍ਰਿਤ ਜਲ ਭਰਾਇੰਦਾ। ਅਨਹਦ ਨਾਦ ਸੱਚੀ ਧੁਨਕਾਰਾ, ਧੁਨ ਆਤਮਕ ਆਪ ਅਲਾਇੰਦਾ। ਆਪੇ ਤੋੜ ਗੜ੍ਹ ਹੰਕਾਰਾ, ਆਪਣਾ ਮੰਦਰ ਆਪ ਵਖਾਇੰਦਾ। ਬਜਰ ਕਪਾਟੀ ਆਰ ਪਾਰਾ, ਸਚ ਦਵਾਰਾ ਸੋਭਾ ਪਾਇੰਦਾ। ਆਤਮ ਸੇਜਾ ਮੀਤ ਮੁਰਾਰਾ, ਆਪਣਾ ਆਸਣ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਘਰ ਵਿਚ ਆਪ ਉਪਾਇੰਦਾ। ਘਰ ਘਰ ਵਿਚ ਆਪ ਸੁਹਾਨਾ, ਤਨ ਮੰਦਰ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਡੇਰਾ ਲਾਇਆ, ਦਿਸ ਕਿਸੇ ਨਾ ਆਈਆ। ਬ੍ਰਹਮ ਆਪਣੀ ਅੰਸ ਬਣਾਇਆ, ਪਾਰਬ੍ਰਹਮ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰਾ ਏਕਾ ਏਕੰਕਾਰਾ, ਖੇਲੇ ਖੇਲ ਅਗੰਮ ਅਪਾਰਾ, ਘਰ ਵਿਚ ਘਰ ਕਰ ਉਜਿਆਰਾ, ਦੀਪਕ ਦੀਪ ਕਰੇ ਰੁਸ਼ਨਾਈਆ। ਹਰਿ ਦੀਪਕ ਕਰ ਉਜਿਆਰ, ਘਰ ਮੰਦਰ ਆਪ ਟਿਕਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰ, ਕਮਲਾਪਾਤੀ ਆਪ ਕਰਾਇੰਦਾ। ਬੂੰਦ ਸਵਾਤੀ ਠੰਡੀ ਠਾਰ, ਭਰ ਪਿਆਲਾ ਜਾਮ ਪਿਆਇੰਦਾ। ਉਤਮ ਜਾਤੀ ਕਰ ਵਿਚਾਰ, ਆਪ ਆਪਣੀ ਦਯਾ ਕਮਾਇੰਦਾ। ਸਾਚੀ ਗਾਥੀ ਸ਼ਬਦ ਧੁਨਕਾਰ, ਅਗਾਧ ਬੋਧ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਸਾਚਾ ਗੜ੍ਹ, ਨਿਰਗੁਣ ਅੰਦਰ ਬੈਠਾ ਵੜ, ਸਰਗੁਣ ਸਾਚਾ ਖੇਲ ਖਿਲਾਇੰਦਾ। ਨਿਰਗੁਣ ਅੰਦਰ ਹਰਿ ਸੁਲਤਾਨ, ਹਰਿ ਸਾਚਾ ਤਖਤ ਸੁਹਾਈਆ। ਆਦਿ ਜੁਗਾਦੀ ਨਿਗਹਬਾਨ, ਨਾ ਮਰੇ ਨਾ ਜਾਈਆ। ਹਰਿਜਨ ਮੇਲੇ ਕਰ ਧਿਆਨ, ਹਰਿ ਭਗਤ ਦਏ ਵਡਿਆਈਆ। ਦਾਤਾ ਦਾਨੀ ਗੁਣ ਨਿਧਾਨ, ਸਾਚੀ ਵਸਤ ਇਕ ਉਪਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਗੁਰਮੁਖ ਸਾਜਣ ਲਏ ਤਰਾਈਆ। ਗੁਰਮੁਖ ਸਾਜਣ ਹਰਿ ਹਰਿ ਪੌਣਾ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਏਕਾ ਰੰਗ ਰੰਗੌਣਾ, ਏਕਾ ਖੇਲ ਖਿਲਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਲੋਆਂ ਪੁਰੀਆਂ ਸਰਬ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹਰਿ ਆਪ ਉਠੌਣਾ, ਸੋਇਆ ਕੋਈ ਰਹਿਣ ਨਾ ਪਾਇੰਦਾ। ਸੁਰਪਤ ਰਾਜਾ ਇੰਦ ਕ੍ਰੋੜ ਤੇਤੀਸਾ ਨਾਲ ਰਲੌਣਾ, ਨੇਤਰ ਨੈਣ ਖੁਲਾਇੰਦਾ। ਲਖ ਚੁਰਾਸੀ ਪੜਦਾ ਲਾਹੌਣਾ, ਤ੍ਰੈਗੁਣ ਮਾਇਆ ਵੇਖ ਵਖਾਇੰਦਾ। ਪੰਜ ਤਤ ਲੇਖਾ ਆਪ ਚੁਕੌਣਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਜਣਾਇੰਦਾ। ਭੇਵ ਅਭੇਦਾ ਹਰਿ ਨਿਰੰਕਾਰ, ਅਕਲ ਕਲਾ ਅਖਵਾਈਆ। ਭਗਤ ਵਛਲ ਮੀਤ ਮੁਰਾਰ, ਵਡ ਵੱਡੀ ਵਡਿਆਈਆ। ਸੰਤ ਸੁਹੇਲੇ ਜਾਵੇ ਤਾਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਗੁਰਮੁਖ ਸਾਜਣ ਲਾਏ ਪਾਰ, ਏਕਾ ਚੱਪੂ ਨਾਮ ਲਗਾਈਆ। ਗੁਰਮੁਖ ਬਖਸ਼ੇ ਚਰਨ ਪਿਆਰ, ਸਾਚੀ ਸਿਖਿਆ ਸਿੱਖ ਸਮਝਾਈਆ। ਦੂਈ ਦਵੈਤੀ ਕਰ ਖਵਾਰ, ਸ਼ਰਅ ਸ਼ਰੀਅਤ ਮੇਟ ਮਿਟਾਈਆ। ਏਕਾ ਰੰਗ ਰੰਗੇ ਕਰਤਾਰ, ਚਾਰ ਵਰਨ ਕਰੇ ਕੁੜਮਾਈਆ। ਕਲਜੁਗ ਅੰਤਮ ਵੇਖੇ ਸਰਬ ਸੰਸਾਰ, ਭਰਮੇ ਭੁੱਲੀ ਸਰਬ ਲੁਕਾਈਆ। ਹਉਮੇ ਹੰਗਤਾ ਗੜ੍ਹ ਹੰਕਾਰ, ਚਾਰੋਂ ਕੁੰਟ ਡੇਰਾ ਲਾਈਆ। ਨਾਤਾ ਤੁੱਟਾ ਮੀਤ ਮੁਰਾਰ, ਸਾਚਾ ਸੰਗ ਨਾ ਕੋਈ ਰਖਾਈਆ। ਦਰ ਦਰ ਘਰ ਘਰ ਰੋਵਣ ਜ਼ਾਰੋ ਜ਼ਾਰ, ਨੇਤਰ ਨੀਰ ਵਹਾਈਆ। ਹੰਸ ਰਲੇ ਕਾਗਾਂ ਡਾਰ, ਹਰ ਹਰਿ ਕਾ ਨਾਮ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਜੁਗ ਜੁਗ ਖੇਲ ਹਰਿ ਭਗਵੰਤ, ਪਾਰਬ੍ਰਹਮ ਕਰਾਇੰਦਾ। ਲੇਖਾ ਜਾਣੇ ਸਾਧ ਸੰਤ, ਗੁਰ ਪੀਰ ਅਵਤਾਰ ਵੇਖ ਵਖਾਇੰਦਾ। ਮਾਣ ਰਖਾਏ ਜੀਵ ਜੰਤ, ਜਿਸ ਜਨ ਆਪਣੀ ਦਯਾ ਕਮਾਇੰਦਾ। ਆਪ ਬਣਾਏ ਸਾਚੀ ਬਣਤ, ਬਨ ਬਨਵਾਰੀ ਨਾਉਂ ਧਰਾਇੰਦਾ। ਆਦਿ ਨਿਰੰਜਨ ਮਹਿਮਾ ਅਗਣਤ, ਵੇਦ ਕਤੇਬ ਨਾ ਕੋਈ ਜਣਾਇੰਦਾ। ਆਪਣਾ ਲੇਖਾ ਆਪੇ ਜਾਣੇ ਆਦਿ ਅੰਤ, ਅੰਤ ਆਦਿ ਆਪ ਹੋ ਆਇੰਦਾ। ਸ੍ਰਿਸ਼ਟ ਸਬਾਈ ਸਾਚਾ ਕੰਤ, ਏਕੰਕਾਰਾ ਨਾਉਂ ਧਰਾਇੰਦਾ। ਆਪੇ ਜਾਣੇ ਆਪਣੀ ਮਣਿਆ ਮੰਤ, ਸ਼ਬਦ ਅਗੰਮਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਖੇਲ ਖਿਲੰਦੜਾ ਹਰਿ ਨਿਰੰਕਾਰ, ਏਕਾ ਰੰਗ ਸਮਾਇਆ। ਚੌਥੇ ਜੁਗ ਪਾਵੇ ਸਾਰ, ਕਲਜੁਗ ਵੇਲਾ ਅੰਤਮ ਆਇਆ। ਨਿਹਕਲੰਕਾ ਲਏ ਅਵਤਾਰ, ਸਾਚਾ ਡੰਕਾ ਨਾਮ ਵਜਾਇਆ। ਸ਼ਾਹ ਸੁਲਤਾਨਾਂ ਕਰੇ ਖਬਰਦਾਰ, ਸੋਇਆ ਕੋਇ ਰਹਿਣ ਨਾ ਪਾਇਆ। ਨੌਂ ਖੰਡ ਪ੍ਰਿਥਮੀ ਦੇਵੇ ਇਕ ਹੁਲਾਰਾ, ਸੱਤਾਂ ਦੀਪਾਂ ਆਪ ਜਗਾਇਆ। ਜੋਧਾ ਸੂਰਬੀਰ ਬਲੀ ਬਲਕਾਰਾ, ਬਲ ਆਪਣਾ ਆਪ ਵਖਾਇਆ। ਨਾਮ ਖੰਡਾ ਤੇਜ ਕਟਾਰਾ, ਤਨ ਗਾਤਰੇ ਆਪ ਲਟਕਾਇਆ। ਲਖ ਚੁਰਾਸੀ ਮਾਰੀ ਜਾਏ ਵਾਰੋਂ ਵਾਰਾ, ਮਾਰਨਹਾਰਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇਆ। ਖੇਲਣਹਾਰਾ ਪੁਰਖ ਸਮਰਥ, ਸ਼ਾਹ ਸੁਲਤਾਨ ਵੱਡੀ ਵਡਿਆਈਆ। ਜੁਗ ਜੁਗ ਮਹਿਮਾ ਅਕਥਨਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਆਪ ਉਪਾਏ ਆਪਣੀ ਸਾਚੀ ਵੱਥ, ਹਰਿ ਮੰਤਰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਆਪਣਾ ਨਾਉਂ ਸ਼ਬਦ ਜੈਕਾਰਾ, ਹਰਿ ਪੁਰਖ ਨਿਰੰਜਨ ਆਪ ਲਗਾਇੰਦਾ। ਸੋ ਪੁਰਖ ਨਿਰੰਜਨ ਪਾਵੇ ਸਾਰਾ, ਏਕੰਕਾਰਾ ਮੇਲ ਮਿਲਾਇੰਦਾ। ਪਾਰਬ੍ਰਹਮ ਪ੍ਰਭ ਸਾਂਝਾ ਯਾਰਾ, ਬ੍ਰਹਮ ਆਪਣਾ ਨਾਉਂ ਵਟਾਇੰਦਾ। ਲੋਕਮਾਤ ਹੋ ਉਜਿਆਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਆਪੇ ਜਾਣੇ ਆਪਣਾ ਆਰ ਪਾਰ ਕਿਨਾਰਾ, ਬ੍ਰਹਮਾ ਵਿਸ਼ਨ ਸ਼ਿਵ ਗੁਰ ਪੀਰ ਅਵਤਾਰ ਸਾਧ ਸੰਤ ਭੇਵ ਕੋਈ ਨਾ ਪਾਇੰਦਾ। ਨਾਮ ਖੰਡਾ ਖੜਗ ਤੇਜ ਕਟਾਰਾ, ਬ੍ਰਹਿਮੰਡਾਂ ਆਪ ਵਖਾਇੰਦਾ। ਤੇਜ਼ ਪ੍ਰਚੰਡ ਤਿਖੀ ਧਾਰਾ, ਦੋ ਜਹਾਨਾਂ ਆਪ ਚਮਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਅੰਤਮ ਜੁਗ ਘੱਲਦਾ ਰਿਹਾ ਅਵਤਾਰਾ, ਆਪ ਆਪਣਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣੀ ਕਲ ਵਰਤਾਇੰਦਾ। ਨਿਹਕਲੰਕ ਕਲ ਜਾਮਾ ਪਾ, ਸੋ ਪੁਰਖ ਨਿਰੰਜਨ ਖੇਲ ਖਿਲਾਇੰਦਾ। ਕਲਜੁਗ ਕੂੜਾ ਦਏ ਮਿਟਾ, ਹਰਿ ਪੁਰਖ ਨਿਰੰਜਨ ਡੰਕ ਵਜਾਇੰਦਾ। ਮਾਇਆ ਮਮਤਾ ਲੇਖਾ ਦਏ ਮੁਕਾ, ਏਕੰਕਾਰਾ ਕਲ ਵਰਤਾਇੰਦਾ। ਗੜ੍ਹ ਹੰਕਾਰੀ ਦਏ ਤੁੜਾ, ਨਾਮ ਖੰਡਾ ਹੱਥ ਚਮਕਾਇੰਦਾ। ਗੁਰਮੁਖ ਸਾਚੇ ਲਏ ਜਗਾ, ਆਪ ਆਪਣੀ ਬੂਝ ਬੁਝਾਇੰਦਾ। ਸਵੱਛ ਸਰੂਪੀ ਦਰਸ ਦਿਖਾ, ਨੇਤਰ ਗਿਆਨ ਇਕ ਖੁਲ੍ਹਾਇੰਦਾ। ਚੌਥੇ ਪਦ ਲਏ ਮਿਲਾ, ਬ੍ਰਹਮ ਮਤ ਇਕ ਵਖਾਇੰਦਾ। ਪੰਚਮ ਨਦ ਲਏ ਵਜਾ, ਸਾਚਾ ਰਾਗ ਸੁਣਾਇੰਦਾ। ਆਦਿ ਜੁਗਾਦੀ ਨਾਉਂ ਧਰਾ, ਧੁਰ ਧੁਰਦੀ ਡੇਰਾ ਲਾਇੰਦਾ। ਬ੍ਰਹਿਮੰਡ ਖੰਡ ਫੇਰਾ ਆਪੇ ਪਾ, ਗਗਨ ਪਾਤਾਲਾਂ ਆਪ ਸੁਹਾਇੰਦਾ। ਰਵ ਸਸ ਜੋਤ ਰਿਹਾ ਚਮਕਾ, ਤਾਰਾ ਮੰਡਲ ਲੇਖ ਲਿਖਾਇੰਦਾ। ਸਚਖੰਡ ਨਿਵਾਸੀ ਬੇਪਰਵਾਹ, ਘਰ ਸਾਚੇ ਸੋਭਾ ਪਾਇੰਦਾ। ਕਲਜੁਗ ਅੰਤਮ ਬਣੇ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਹਰਿਜਨ ਵੇਖੇ ਥਾਉਂ ਥਾਂ, ਚਾਰ ਵਰਨ ਨੌਂ ਖੰਡ ਸਤ ਦੀਪ ਘਰ ਘਰ ਫੋਲ ਫੁਲਾਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਦਰ ਘਰ ਸਾਚਾ ਇਕ ਵਿਖਾਇੰਦਾ। ਸਤਿਜੁਗ ਸਾਚਾ ਮਾਰਗ ਲਾ, ਆਪ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਹਰਿ ਅਖਵਾਇੰਦਾ। ਸਤਿਗੁਰ ਸੱਚਾ ਪਾਤਸ਼ਾਹ, ਪਾਰਬ੍ਰਹਮ ਕਰਤਾਰ। ਜੁਗ ਜੁਗ ਲੋਕਮਾਤ ਚਲਾਏ ਆਪਣਾ ਰਾਹ, ਨਿਰਗੁਣ ਸਰਗੁਣ ਲਏ ਅਵਤਾਰ। ਭਗਤਾਂ ਫੜੇ ਹਰਿ ਹਰਿ ਬਾਂਹ, ਨਿਤ ਨਵਿਤ ਖੇਲ ਅਪਾਰ। ਹਰਿ ਸੰਤਾਂ ਰੱਖੇ ਠੰਡੀ ਛਾਂ, ਸਮਰਥ ਪੁਰਖ ਆਪ ਕਰਤਾਰ। ਮਨਮੁਖਾਂ ਨਾ ਦੇਵੇ ਕੋਈ ਥਾਂ, ਦੇਵੇ ਦਰ ਦੁਰਕਾਰ। ਰਾਏ ਧਰਮ ਕਰੇ ਨਿਆਂ, ਬੈਠਾ ਅਧਵਿਚਕਾਰ। ਚਿਤਰ ਗੁਪਤ ਪਕੜੇ ਬਾਂਹ, ਲੇਖਾ ਲੇਖ ਦਏ ਵਿਖਾਲ। ਲਾੜੀ ਮੌਤ ਕਰੇ ਨਿਆਂ, ਸੇਵਾ ਲਾਏ ਕਾਲ ਮਹਾਂਕਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਲ ਕਲਕੀ ਅਵਤਾਰ। ਕਲ ਅਵਤਾਰਾ ਹਰਿ ਨਿਰੰਕਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਸਰਗੁਣ ਸਾਚਾ ਵੇਖ ਵਿਖਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਸਾਚਾ ਨਾਦ ਵਜਾਈਆ। ਲੱਖ ਚੁਰਾਸੀ ਵੇਖ ਗੁਲਜ਼ਾਰਾ, ਚਾਰੋਂ ਕੁੰਟ ਫੇਰਾ ਪਾਈਆ। ਵਿਸ਼ਨੂੰ ਕਰਿਆ ਖਬਰਦਾਰਾ, ਦੇਵਣਹਾਰਾ ਰਿਜਕ ਸਬਾਈਆ। ਬ੍ਰਹਮਾ ਤੇਰਾ ਜਗਤ ਅਖਾੜਾ, ਬ੍ਰਹਮ ਪੜਦਾ ਦੇਵੇ ਲਾਹੀਆ। ਵਿਸ਼ਨੂੰ ਤੇਰਾ ਧਾਮ ਨਿਆਰਾ, ਹਰਿ ਸਾਚਾ ਆਪ ਸੁਹਾਈਆ। ਸ਼ੰਕਰ ਮੇਲਾ ਅਪਰ ਅਪਾਰਾ, ਦੇ ਮਤ ਰਿਹਾ ਸਮਝਾਈਆ। ਕਲਜੁਗ ਆਈ ਅੰਤਮ ਵਾਰਾ, ਰੈਣ ਅੰਧੇਰੀ ਛਾਈਆ। ਸ੍ਰਿਸ਼ਟ ਸਬਾਈ ਧੂਆਂਧਾਰਾ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਸਤਿ ਧਰਮ ਨਾ ਕੋਈ ਪਿਆਰਾ, ਗੁਰਮਤ ਨਾ ਕੋਈ ਰਖਾਈਆ। ਘਰ ਘਰ ਨਾਰ ਦਿਸੇ ਵਿਭਚਾਰਾ, ਮਨਮਤ ਕਰੀ ਕੁੜਮਾਈਆ। ਕਾਇਆ ਬਣਿਆ ਗੜ੍ਹ ਹੰਕਾਰਾ, ਨਿਰਭੈ ਰੂਪ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸਿਖਿਆ ਰਿਹਾ ਸਮਝਾਈਆ। ਕਲਜੁਗ ਸਿਖਿਆ ਵਿਸ਼ਨੂੰ ਵੰਸਾ, ਆਪਣੀ ਆਪ ਜਣਾਇੰਦਾ। ਖੇਲੇ ਖੇਲ ਬਾਰ ਸਹੰਸਾ, ਸਹੰਸਰ ਧਾਰੀ ਵੇਸ ਵਟਾਇੰਦਾ। ਆਪ ਉਪਜਾਏ ਆਪਣਾ ਬੰਸਾ, ਆਪੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਸੁਨੇਹੜਾ ਆਪ ਸੁਣਾਇੰਦਾ। ਬ੍ਰਹਮੇ ਉਠ ਬਾਲ ਨਾਦਾਨ, ਹਰਿ ਸਾਚਾ ਆਪ ਉਠਾਈਆ। ਅੱਠੇ ਨੇਤਰ ਖੋਲ੍ਹ ਵੇਖ ਜਹਾਨ, ਚਾਰੋਂ ਕੁੰਟ ਅੰਧੇਰਾ ਛਾਈਆ। ਚਾਰੇ ਮੁਖ ਤੇਰੇ ਕੁਰਲਾਣ, ਚਾਰੇ ਵੇਦ ਦੇਣ ਦੁਹਾਈਆ। ਨੌਂ ਖੰਡ ਪ੍ਰਿਥਮੀ ਸੁੰਝ ਮਸਾਣ, ਧਰਮ ਜੈਕਾਰਾ ਨਾ ਕੋਈ ਲਾਈਆ। ਜੂਠਾ ਝੂਠਾ ਦਿਸੇ ਨਿਸ਼ਾਨ, ਸ਼ਾਹ ਸੁਲਤਾਨ ਰਹੇ ਝੁਲਾਈਆ। ਪੰਚ ਵਿਕਾਰਾ ਬੇਈਮਾਨ, ਨੌ ਦਰ ਫਿਰੇ ਹਲਕਾਈਆ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਸਚਖੰਡ ਬੈਠਾ ਆਸਣ ਲਾਈਆ। ਗੋਬਿੰਦ ਮੀਤਾ ਨੌਜਵਾਨ, ਨਾ ਮਰੇ ਨਾ ਜਾਈਆ। ਸਾਚਾ ਚਿਲਾ ਤੀਰ ਕਮਾਨ, ਨਿਰਗੁਣ ਆਪਣਾ ਆਪ ਉਠਾਈਆ। ਪਵਣ ਪਵਣੀ ਧੁਰ ਫ਼ਰਮਾਣ, ਸ਼ਬਦੀ ਸ਼ਬਦ ਸੁਣਾਈਆ। ਤੀਰ ਨਿਰਾਲਾ ਇਕੋ ਬਾਣ, ਏਕੰਕਾਰ ਆਪ ਚਲਾਈਆ। ਬਿਨ ਹਰਿ ਭਗਤ ਨਾ ਸਕੇ ਕੋਈ ਪਛਾਣ, ਮਾਇਆ ਭੁੱਲੀ ਸਰਬ ਲੁਕਾਈਆ। ਨਾਤਾ ਜੁੜਿਆ ਪੀਣ ਖਾਣ, ਮਾਇਆ ਮਮਤਾ ਰਹੀ ਤਰਸਾਈਆ। ਨਜ਼ਰ ਨਾ ਆਏ ਸ਼ਾਹ ਸੁਲਤਾਨ, ਹਰਿ ਹਰਿ ਦਰਸ ਕੋਈ ਨਾ ਪਾਈਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਅੰਜੀਲ ਕੁਰਾਨਾ ਰਹੇ ਗਾਈਆ। ਸ਼ਾਸਤਰ ਸਿਮਰਤ ਕਰ ਕਰ ਧਿਆਨ, ਲੇਖਾ ਲੇਖ ਰਿਹਾ ਸਮਝਾਈਆ। ਖਾਣੀ ਬਾਣੀ ਕਰ ਕਰ ਗਿਆਨ, ਗਿਆਨ ਗੁਰੂ ਨਾ ਕੋਈ ਮਿਲਾਈਆ। ਮਿਲਿਆ ਮੇਲ ਨਾ ਹਰਿ ਭਗਵਾਨ, ਸਾਚੇ ਪੌੜ੍ਹੇ ਨਾ ਕੋਈ ਚੜ੍ਹਾਈਆ। ਅੰਤਮ ਮਿਟਨਾ ਜਗਤ ਨਿਸ਼ਾਨ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੇ ਆਪ ਰਿਹਾ ਸਮਝਾਈਆ। ਉਠ ਸ਼ੰਕਰ ਬਲ ਬਲ ਧਾਰ, ਹਰਿ ਸਾਚਾ ਮੁਖ ਸਲਾਹਿੰਦਾ। ਕਲਜੁਗ ਅੰਤਮ ਆਈ ਵਾਰ, ਤੇਰੀ ਸੇਵਾ ਸਾਚੀ ਲਾਇੰਦਾ। ਲਖ ਚੁਰਾਸੀ ਕਰ ਖ਼ਵਾਰ, ਜੋ ਘੜਿਆ ਸੋ ਭੰਨ ਵਿਖਾਇੰਦਾ। ਰਾਏ ਧਰਮ ਕੱਢੇ ਤੇਰੀ ਵਗਾਰ, ਤੇਰੇ ਹੁਕਮੇ ਸਰਬ ਫਿਰਾਇੰਦਾ। ਤੇਰੇ ਸਿਰ ਹੱਥ ਰੱਖੇ ਕਰਤਾਰ, ਸਮਰਥ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਹਰਿ ਜਗਾ, ਆਪਣੀ ਬੂਝ ਬੁਝਾਇੰਦਾ। ਤ੍ਰੈਗੁਣ ਮਾਇਆ ਵੰਡ ਵੰਡਾ, ਏਕਾ ਰੰਗ ਸਮਾਇੰਦਾ। ਪੰਜ ਤਤ ਨਿਸ਼ਾਨਾ ਦਏ ਜਣਾ, ਆਪ ਆਪਣਾ ਰਾਹ ਚਲਾਇੰਦਾ। ਜੋ ਉਪਜੇ ਸੋ ਦਿਸੇ ਨਾ, ਚਾਰੇ ਖਾਣੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਰਚਨ ਰਚਾਇੰਦਾ। ਵਿਸ਼ਨੂੰ ਦੋਏ ਜੋੜ ਨਿਮਸਕਾਰ, ਚਰਨ ਦਵਾਰ ਰਿਹਾ ਕਰਾਈਆ। ਤੂੰ ਕਰਤਾ ਕਾਦਰ ਕਰਨੇਹਾਰ, ਵਡ ਦਾਤਾ ਬੇਪ੍ਰਵਾਹੀਆ। ਤੂੰ ਬਖਸ਼ਣਹਾਰਾ ਵਡ ਭੰਡਾਰ, ਹਉਂ ਸੇਵਕ ਸੇਵ ਕਮਾਈਆ। ਤੂੰ ਕਰਤਾ ਪੁਰਖ ਹਉਂ ਤੇਰੀ ਨਾਰ, ਦਰ ਤੇਰੇ ਸੋਭਾ ਪਾਈਆ। ਨੌ ਨੌ ਚਾਰ ਕਰ ਵਿਚਾਰ, ਤੇਰੇ ਅੰਕ ਸਮਾਈਆ। ਛੱਤੀ ਜੁਗ ਕਰ ਅਕਾਰ, ਨਿਰਾਕਾਰ ਵੇਖ ਵਖਾਈਆ। ਕਲਜੁਗ ਅੰਤਮ ਢਹਿ ਪਿਆ ਤੇਰੇ ਦਵਾਰ, ਬਿਨ ਤੁਧ ਦੀਸੇ ਨਾ ਹੋਰ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੰਗੇ ਭਿਖ ਝੋਲੀ ਡਾਹੀਆ। ਵਿਸ਼ਨੂੰ ਰੋਵੇ ਨੈਣ ਉਘਾੜ, ਦਿਸ ਕਿਸੇ ਨਾ ਆਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਤੇਰਾ ਤੇਰੀ ਸੇਵ ਕਮਾਇੰਦਾ। ਤੇਰਾ ਰੰਗ ਸਰਬ ਸੰਸਾਰ, ਦੂਸਰ ਕੋਈ ਦਿਸ ਨਾ ਆਇੰਦਾ। ਹਸਤ ਕੀਟ ਤੇਰਾ ਅਧਾਰ, ਅਨਡੀਠ ਸ਼ਬਦ ਚਲਾਇੰਦਾ। ਤੇਰੀ ਜੋਤੀ ਨੂਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਤੇਰਾ ਨਾਮ ਸਚ ਭੰਡਾਰ, ਲੋਕਮਾਤ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰੇ ਭਾਣੇ ਸਦ ਰਹਾਇੰਦਾ। ਬ੍ਰਹਮਾ ਰੋਵੇ ਨੇਤਰ ਧੋਵੇ, ਪ੍ਰਭ ਤੇਰੀ ਵਡ ਵਡਿਆਈਆ। ਤੇਰਾ ਭੇਵ ਨਾ ਜਾਣੇ ਕੋਇ, ਲਿਖਿਆ ਲੇਖ ਨਾ ਕੋਈ ਰਖਾਈਆ। ਸੋ ਪੁਰਖ ਤੂੰ ਦਾਤਾ ਏਕਾ ਹੋਇ, ਏਕ ਏਕੰਕਾਰਾ ਨਾਉਂ ਧਰਾਈਆ। ਲਖ ਚੁਰਾਸੀ ਤੇਰਾ ਬੀਜ ਤੇਰਾ ਬੋਏ, ਫਲ ਫੁਲਵਾੜ ਤੇਰਾ ਮਹਿਕਾਈਆ। ਚਾਰ ਖਾਣੀ ਦਏ ਢੋਏ, ਉਤਭੁਜ ਸੇਹਤਜ ਜੇਰਜ ਅੰਡ ਵੇਖ ਵਖਾਈਆ। ਘਟ ਘਟ ਅੰਦਰ ਆਤਮ ਸੇਜਾ ਨਿਰਗੁਣ ਬਹਿ ਬਹਿ ਸੋਏ, ਆਪ ਆਪਣਾ ਮੁਖ ਛੁਪਾਈਆ। ਆਪਣਾ ਰਸ ਆਪਣੀ ਹੱਥੀ ਆਪੇ ਚੋਏ, ਸਵਾਸ ਸਵਾਸ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਖ ਚੁਰਾਸੀ ਤੇਰੀ ਫੁਲਵਾੜੀ, ਹਉਂ ਸੇਵਕ ਸੇਵ ਰਿਹਾ ਕਮਾਈਆ। ਬ੍ਰਹਮਾ ਮਨਵੰਤਰ ਵੇਖ ਵਿਚਾਰ, ਚਾਰੋਂ ਕੁੰਟ ਨੈਣ ਉਠਾਇੰਦਾ। ਕਲਜੁਗ ਅੰਤਮ ਆਈ ਵਾਰ, ਨੌਂ ਨੌਂ ਚਾਰ ਮੁਖ ਸਲਾਹਿੰਦਾ। ਚਾਰੇ ਵੇਦ ਗਏ ਹਾਰ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਕਲ ਰੋਵੇ ਵਿਚ ਸੰਸਾਰ, ਵੇਲਾ ਵਕਤ ਨਾ ਕੋਈ ਛੁਡਾਇੰਦਾ। ਜੋਤ ਜਗੀ ਇਕ ਨਿਰੰਕਾਰ, ਨਿਰਗੁਣ ਏਕਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲਾਇੰਦਾ। ਭੇਵ ਖੁਲਾਏ ਪੁਰਖ ਨਿਰੰਜਨ, ਆਦਿ ਜੁਗਾਦਿ ਵੱਡੀ ਵਡਿਆਈਆ। ਸ਼ੰਕਰ ਤੇਰਾ ਸਾਚਾ ਸੱਜਣ, ਭੋਲੇ ਨਾਥ ਦਏ ਸਲਾਹੀਆ। ਜੋ ਘੜੇ ਸੋ ਅੰਤਮ ਭੱਜਣ, ਤੇਰੀ ਸੇਵਾ ਸਚ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਇਕ ਸਮਝਾਈਆ। ਭੋਲੇ ਨਾਥ ਹੋ ਤਿਆਰ, ਚਰਨ ਕਵਲ ਮੰਗੇ ਸਰਨਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਤੇਰੀ ਗਤਮਿਤ ਕਹੀ ਨਾ ਜਾਈਆ। ਤੂੰ ਦਾਤਾ ਪਰਵਰਦਿਗਾਰ, ਨੂਰੋ ਨੂਰ ਸਮਾਈਆ। ਲੱਖ ਚੁਰਾਸੀ ਤੇਰੀ ਧਾਰ, ਤੇਰੀ ਰਚਨਾ ਵੇਖ ਵਖਾਈਆ। ਤੇਰਾ ਬੇੜਾ ਵਿਚ ਸੰਸਾਰ, ਲੋਕਮਾਤ ਰਿਹਾ ਚਲਾਈਆ। ਕਵਣ ਜਾਣੇ ਤੇਰਾ ਪਾਰ ਕਿਨਾਰ, ਆਰ ਪਾਰ ਨਾ ਕੋਈ ਵਿਖਾਈਆ। ਤੇਰਾ ਹੁਕਮ ਸੱਚੀ ਸਰਕਾਰ, ਧੁਰ ਫੁਰਮਾਣਾ ਦਏ ਗਵਾਹੀਆ। ਕਲਜੁਗ ਅੰਤਮ ਕਰਾਂ ਸੰਘਾਰ, ਜੋ ਦਿਸੇ ਸੋ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਅੱਗੇ ਸੀਸ ਨਿਵਾਈਆ। ਪੁਰਖ ਸੁਲਤਾਨ ਹੋ ਮਿਹਰਬਾਨ, ਆਪਣੀ ਦਯਾ ਕਮਾਇੰਦਾ। ਸ਼ੰਕਰ ਸੁਣ ਲੇ ਲਾ ਲਾ ਕਾਨ, ਤੇਰੀ ਸੇਵਾ ਸੇਵ ਕਮਾਇੰਦਾ। ਚੌਦਾਂ ਲੋਕ ਖਾਲੀ ਕਰ ਮਕਾਨ, ਚੌਂਦਾਂ ਤਬਕ ਨਾ ਕੋਈ ਰਹਾਇੰਦਾ। ਜੂਠ ਝੂਠ ਨਾ ਦਿਸੇ ਨਿਸ਼ਾਨ, ਸੀਸ ਤਾਜ ਰਾਜ ਰਾਜਾਨ ਨਾ ਕੋਈ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਸੁਣਾਇੰਦਾ। ਬ੍ਰਹਮੇ ਸੁਣ ਕਰ ਵਿਚਾਰ, ਕਲਜੁਗ ਵਾਰੀ ਅੰਤਮ ਆਈਆ। ਤੇਰਾ ਬ੍ਰਹਮ ਵੇਖ ਪਸਾਰ, ਪਾਰਬ੍ਰਹਮ ਵੇਸ ਕਰਾਈਆ। ਕਲਜੁਗ ਕੂੜਾ ਰਿਹਾ ਲਲਕਾਰ, ਚਾਰ ਕੁੰਟ ਦਹਿ ਦਿਸ਼ਾ ਫੇਰੀ ਪਾਈਆ। ਏਕਾ ਰੰਗ ਨਾ ਦਿਸੇ ਹਰਿ ਨਿਰੰਕਾਰ, ਏਕਾ ਰੂਪ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਆਪ ਰਹਾਈਆ। ਵਿਸ਼ਨੂੰ ਤੇਰਾ ਇਕ ਭੰਡਾਰਾ, ਲੋਕਮਾਤ ਨਜ਼ਰ ਨਾ ਆਇੰਦਾ। ਨਾ ਕੋਈ ਦਿਸੇ ਸਚ ਵਣਜਾਰਾ, ਸਾਚਾ ਹੱਟ ਨਾ ਕੋਈ ਖੁਲਾਇੰਦਾ। ਕਰਤਾ ਦਿਸੇ ਨਾ ਸ਼ਾਹ ਸਿਕਦਾਰਾ, ਸਾਚਾ ਅਦਲ ਨਾ ਕੋਈ ਕਮਾਇੰਦਾ। ਨਾ ਕੋਈ ਦਿਸੇ ਸਚ ਭਿਖਾਰਾ, ਏਕਾ ਭਿਛਿਆ ਨਾਮ ਮੰਗ ਮੰਗਾਇੰਦਾ। ਦਰ ਦਰ ਘਰ ਘਰ ਘਰ ਘਰ ਦਰ ਦਰ ਹੋਏ ਸਰਬ ਖਵਾਰ, ਧੀਰਜ ਧੀਰ ਨਾ ਕੋਈ ਵਿਖਾਇੰਦਾ। ਪ੍ਰਭ ਅਬਿਨਾਸ਼ੀ ਭੇਵ ਨਿਆਰਾ, ਆਪ ਆਪਣਾ ਵੇਸ ਵਟਾਇੰਦਾ। ਲੋਕਮਾਤ ਲੈ ਅਵਤਾਰਾ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਪੰਜ ਤਤ ਕਰੇ ਖ਼ਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪਣਾ ਡੰਕ ਵਜਾਇੰਦਾ। ਏਕਾ ਡੰਕ ਹਰਿ ਨਿਰੰਕਾਰ, ਆਦਿ ਜੁਗਾਦਿ ਵਜਾਇਆ। ਸਾਚਾ ਧਰਮ ਧਰ ਸੰਸਾਰ, ਆਪਣਾ ਮਾਰਗ ਆਪੇ ਲਾਇਆ। ਵਰਨਾਂ ਬਰਨਾਂ ਵਸਿਆ ਬਾਹਿਰ, ਚਾਰ ਦਿਵਾਰ ਬੰਦ ਨਾ ਕਿਸੇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਮੇਲ ਮਿਲਾਇਆ। ਗੁਰਮੁਖਾਂ ਦੱਸੇ ਸਚ ਪਿਆਰ, ਅੰਤਰ ਆਤਮ ਇਕ ਲਿਵ ਲਾਇਆ। ਨਾਮ ਅਗੰਮੀ ਭਰ ਭੰਡਾਰ, ਸਚ ਖਜ਼ੀਨਾ ਇਕ ਜਣਾਇਆ। ਦੇਵੇ ਦਰਸ ਅਗੰਮ ਅਪਾਰ, ਜਗਤ ਹਰਸ ਆਪ ਮਿਟਾਇਆ। ਅਰਸ਼ ਕੁਰਸ਼ ਏਕਾ ਕਾਰ, ਨਿਰਗੁਣ ਸਰਗੁਣ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਾਹ ਸੁਲਤਾਨ ਮੇਟ ਮਿਟਾਇਆ। ਕਲਜੁਗ ਜੋਧਾ ਹਰਿ ਬਲਵਾਨ, ਸੂਰਬੀਰ ਅਖਵਾਈਆ। ਦਾਤਾ ਦਾਨੀ ਦੋ ਜਹਾਨ, ਲੋਕਮਾਤ ਕਰੇ ਰੁਸ਼ਨਾਈਆ। ਜਨ ਭਗਤਾਂ ਹੋਵੇ ਨਿਗਹਬਾਨ, ਗੁਰਮੁਖ ਸਾਚੇ ਲਏ ਮਿਲਾਈਆ। ਨਾਮ ਵਖਾਏ ਸਚ ਨਿਸ਼ਾਨ, ਏਕਾ ਹੱਥ ਉਠਾਈਆ। ਲੋਆਂ ਪੁਰੀਆਂ ਪਾਏ ਆਨ, ਆਪ ਆਪਣਾ ਹੁਕਮ ਚਲਾਈਆ। ਸੰਤਨ ਦੇਵੇ ਧੁਰ ਫੁਰਮਾਨ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਸਾਚਾ ਮੇਲਾ ਸਚ ਮਕਾਨ, ਸਾਡੇ ਤਿੰਨ ਹੱਥ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਅਵਤਾਰਾ ਏਕੰਕਾਰਾ ਕਰੇ ਖੇਲ ਅਗੰਮ ਅਪਾਰਾ, ਆਦਿ ਜੁਗਾਦਿ ਵੱਡੀ ਵਡਿਆਈਆ। ਕਰਿਆ ਖੇਲ ਪੁਰਖ ਸੁਲਤਾਨ, ਵੀਹ ਸਦ ਸੋਲਾਂ ਸੰਮਤ ਵੇਖ ਵਖਾਇੰਦਾ। ਪੰਦਰਾਂ ਕੱਤਕ ਸਚ ਨਿਸ਼ਾਨ, ਨੌਂ ਖੰਡ ਪ੍ਰਿਥਮੀ ਆਪ ਉਠਾਇੰਦਾ। ਗਿਆਰਾ ਦਿਵਸ ਜੋਤ ਮਹਾਨ, ਗੁਰਮੁਖ ਸਾਚੇ ਆਪ ਜਗਾਇੰਦਾ। ਚਾਰ ਦਿਵਸ ਚਾਰ ਜੁਗ, ਸਚਖੰਡ ਸ਼ਿਵਲੋਕ ਬ੍ਰਹਮਲੋਕ ਦੇਵਲੋਕ ਫੇਰਾ ਪਾਇੰਦਾ। ਨੌਂ ਦਿਵਸ ਪਾਵੇ ਸਾਰ, ਜੇਰਜ ਅੰਡ ਆਪ ਆਪਣਾ ਮੁਖ ਛੁਪਾਇੰਦਾ। ਸੱਤਾਂ ਦੀਪਾਂ ਵਿਚ ਬ੍ਰਹਿਮੰਡ, ਸਤਿ ਸਤਿ ਆਪਣਾ ਰੰਗ ਰੰਗਾਇੰਦਾ। ਇਕ ਇਕ ਇਕ ਕਰੇ ਖੰਡ, ਬਾਰਾਂ ਇਕ ਨਾਲ ਰਲਾਇੰਦਾ। ਇਕੀ ਮੱਘਰ ਵਿਚ ਵਰਭੰਡ, ਆਪ ਆਪਣਾ ਲੇਖ ਲਿਖਾਇੰਦਾ। ਦੋਏ ਦਿਵਸ ਸੂਰਾ ਸਰਬੰਗ, ਗੁਰ ਗੋਬਿੰਦ ਲੇਖਾ ਆਪ ਚੁਕਾਇੰਦਾ। ਚੱਵੀ ਮੱਘਰ ਸੁਹਾਗੀ ਛੰਦ, ਸਤਿਜੁਗ ਸਾਚਾ ਰਾਹ ਵਖਾਇੰਦਾ। ਪੰਜ ਦਿਵਸ ਗੁਰਮੁਖਾਂ ਅੰਦਰ ਚੜ੍ਹਿਆ ਸਾਚਾ ਚੰਦ, ਸਾਚਾ ਦੀਪਕ ਆਪ ਟਿਕਾਇੰਦਾ। ਹਰਿ ਸੰਗਤ ਖੁਸ਼ੀ ਕਰਾਏ ਬੰਦ ਬੰਦ, ਹਰਿ ਕਾ ਪੌੜਾ ਇਕ ਵਖਾਇੰਦਾ। ਦਿਵਸ ਰੈਣ ਪਰਮਾਨੰਦ, ਨਿਜਾਨੰਦ ਆਪ ਰਹਾਇੰਦਾ। ਦੂਈ ਦਵੈਤੀ ਢਾਹੇ ਕੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਚਾਲੀ ਦਿਵਸ ਪਾਰ ਕਿਨਾਰਾ, ਚਾਲੀ ਮੁਕਤੇ ਲਏ ਤਰਾਈਆ। ਆਪਣਾ ਆਪ ਆਪੇ ਵਾਰਾ, ਆਪਣਾ ਲੇਖਾ ਦਏ ਮੁਕਾਈਆ। ਸਾਚਾ ਸਾਕਾ ਚਲੇ ਵਿਚ ਸੰਸਾਰਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਮਹਾਂ ਸਿੰਘ ਨਜ਼ਰ ਨਾ ਆਇਆ ਜੀਵ ਗਵਾਰਾ, ਮਾਝੇ ਦੇਸ ਬੈਠਾ ਜੋਤ ਜਗਾਈਆ। ਖੜਗ ਖੰਡਾ ਤੇਜ ਕਟਾਰਾ, ਸਾਂਤਕ ਨਿੰਦਕ ਦੁਸ਼ਟ ਰਿਹਾ ਖਪਾਈਆ। ਪੰਜ ਦਿਵਸ ਕਰੇ ਮੇਲ ਪੰਚਮ ਪਿਆਰਾ, ਪੰਚਮ ਮੇਲਾ ਸਹਿਜ ਸੁਭਾਈਆ। ਸਾਚਾ ਨਾਦ ਸਾਚੀ ਧੁਨਕਾਰਾ, ਘਰ ਸ਼ਬਦੀ ਸ਼ਬਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਲੀ ਦਿਵਸ ਦਿਵਸ ਰਾਤ, ਇਕ ਬਣਾਈ ਹਰਿ ਪ੍ਰਭਾਤ, ਏਕਾ ਰੂਪ ਦਸਾਈਆ । ਚਾਲੀ ਦਿਵਸ ਚਾਲੀ ਯੁਗ, ਛੱਤੀ ਮੂਲ ਚਕਾਇੰਦਾ। ਕਲਜੁਗ ਔਧ ਗਈ ਪੁਗ, ਲੇਖਾ ਲੇਖ ਨਾ ਕੋਈ ਮਿਟਾਇੰਦਾ। ਪੁਰਖ ਅਬਿਨਾਸ਼ੀ ਬੈਠਾ ਲੁਕ, ਆਪ ਆਪਣਾ ਪੜਦਾ ਪਾਇੰਦਾ। ਹਰਿਜਨ ਸਾਚੇ ਆਪ ਆਪਣੀ ਗੋਦੀ ਲਏ ਚੁੱਕ, ਨਿਤ ਨਵਿਤ ਵੇਸ ਵਟਾਇੰਦਾ। ਮਨਮੁਖਾਂ ਮੁਖ ਪਾਏ ਥੁੱਕ, ਨਿੰਦਕ ਨਿੰਦਿਆ ਰਸ ਜਣਾਇੰਦਾ। ਚਾਲੀ ਦਿਨ ਆਪੇ ਲੇਖਾ ਜਾਣੇ ਗਿਣ ਗਿਣ, ਲੇਖਾ ਆਪਣੇ ਹੱਥ ਰਖਾਇੰਦਾ। ਚਾਲੀ ਦਿਵਸ ਪਾਰ ਕਿਨਾਰਾ, ਚਾਰ ਦਸ ਕਰੇ ਕੁੜਮਾਈਆ। ਚੌਥੇ ਪਦ ਮੇਲ ਨਿਰੰਕਾਰਾ, ਘਰ ਦਸਵੇਂ ਵੱਜੇ ਵਧਾਈਆ। ਗੁਰਮੁਖ ਵਿਰਲਾ ਪਾਵੇ ਸਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਲੇਖਾ ਲੇਖ ਸਮਝਾਈਆ। ਪੰਜ ਦਿਵਸ ਪੰਚਮ ਰਾਤ, ਆਠ ਪਹਿਰ ਗੁਣ ਗਾਇਆ। ਹਰਿਜਨ ਤੇਰੀ ਉਤਮ ਜ਼ਾਤ, ਵਰਨਾਂ ਬਰਨਾਂ ਭੇਵ ਮਿਟਾਇਆ। ਏਕਾ ਮੇਲਾ ਹਰਿ ਸਚਾ ਪਿਤ ਮਾਤ, ਆਪ ਆਪਣੇ ਅੰਕ ਲਗਾਇਆ। ਦੇਵਣਹਾਰਾ ਸਾਚੀ ਦਾਤ, ਸਾਚੀ ਵਸਤ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਲੇਖਾ ਵੇਖ ਵਖਾਇਆ। ਸਚ ਵਸਤ ਅਨਮੋਲ, ਗੁਰ ਸਤਿਗੁਰ ਹੱਥ ਰਖਾਇੰਦਾ। ਆਪਣੇ ਕੰਡੇ ਆਪੇ ਤੋਲ, ਆਪਣੀ ਕੀਮਤ ਆਪੇ ਪਾਇੰਦਾ। ਲੱਖ ਚੁਰਾਸੀ ਰਹੇ ਅਨਭੋਲ, ਸਾਚੀ ਅੱਖ ਨਾ ਕੋਈ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਸ੍ਰਿਸ਼ਟ ਸਬਾਈ ਸਾਚੀ ਟੇਕ, ਦਾਤਾ ਦਾਨੀ ਹਰਿ ਅਖਵਾਇੰਦਾ। ਸਾਚੀ ਵਸਤ ਹਰਿ ਨਾਮ ਭੰਡਾਰਾ, ਲੋਕਮਾਤ ਵਰਤਾਇੰਦਾ। ਹਰਿਜਨ ਦੇਵੇ ਇਕ ਅਧਾਰਾ, ਏਕਾ ਮਾਰਗ ਲਾਇੰਦਾ। ਸਾਚਾ ਮੰਦਰ ਖੋਲ੍ਹ ਕਿਵਾੜਾ, ਸਾਚਾ ਰਾਹ ਵਖਾਇੰਦਾ। ਲੇਖਾ ਚੁੱਕੇ ਪੰਚਮ ਧਾੜਾ, ਪੰਚ ਵਿਕਾਰਾ ਨੇੜ ਨਾ ਆਇੰਦਾ। ਅੰਤਰ ਆਤਮ ਕਰੇ ਸਚ ਸੰਗਾਰਾ, ਬਸਤਰ ਭੂਸ਼ਨ ਏਕਾ ਨਾਮ ਵਿਖਾਇੰਦਾ। ਕਲਜੁਗ ਅੰਤਮ ਬੋਲ ਜੈਕਾਰਾ, ਸੋਹੰ ਸਾਚਾ ਨਾਮ ਦ੍ਰਿੜਾਇੰਦਾ। ਸਤਿਜੁਗ ਸਾਚੇ ਵਰਤੇ ਵਰਤਾਰਾ, ਸ੍ਰਿਸ਼ਟ ਸਬਾਈ ਏਕਾ ਰੰਗ ਰੰਗਾਇੰਦਾ। ਏਕਾ ਇਸ਼ਟ ਦੇਵ ਗੁਰ ਹੋਏ ਨਿਰੰਕਾਰਾ, ਦੂਸਰ ਸੀਸ ਨਾ ਕੋਈ ਝੁਕਾਇੰਦਾ। ਏਕਾ ਮੰਦਰ ਏਕਾ ਗੁਰੂਦਵਾਰਾ, ਏਕਾ ਸ਼ਿਵਦਵਾਲਾ ਮੱਠ ਇਕ ਵਖਾਇੰਦਾ। ਏਕਾ ਭੂਪ ਇਕ ਸਿਕਦਾਰਾ, ਤਖਤ ਤਾਜ ਇਕ ਹੰਢਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਬਣੇ ਇਕ ਬਣਜਾਰਾ, ਏਕਾ ਹੱਟ ਰਖਾਇੰਦਾ। ਏਕਾ ਸ਼ਸਤਰ ਇਕ ਕਟਾਰਾ, ਏਕਾ ਖੰਡਾ ਹੱਥ ਉਠਾਇੰਦਾ। ਏਕਾ ਸ਼ਾਹ ਇਕ ਅਸਵਾਰਾ, ਏਕਾ ਆਸਣ ਸੋਭਾ ਪਾਇੰਦਾ। ਏਕਾ ਰੂਪ ਸਰਬ ਸੰਸਾਰਾ, ਨਿਰਗੁਣ ਸਰਗੁਣ ਆਪ ਵਖਾਇੰਦਾ। ਸਤਿਜੁਗ ਤੇਰਾ ਧਰਮ ਦਵਾਰਾ, ਹਰਿ ਕਰਤਾਰਾ ਆਪ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨੇਹਕਰਮੀ ਆਪਣਾ ਨਾਉਂ ਰਖਾਇੰਦਾ। ਨੇਹਕਰਮੀ ਹਰਿ ਭਗਵੰਤ, ਪਾਰਬ੍ਰਹਮ ਅਖਵਾਇੰਦਾ। ਆਪ ਬਣਾਏ ਆਪਣੀ ਬਣਤ, ਦੂਜਾ ਦਰ ਨਾ ਮੰਗਣ ਜਾਇਆ। ਲੇਖਾ ਜਾਣੇ ਸਾਧ ਸੰਤ, ਜੀਵ ਜੰਤ ਵੇਖ ਵਖਾਇਆ। ਗੁਰਮੁਖਾਂ ਦੇਵੇ ਨਾਮ ਮੰਤ, ਆਪ ਆਪਣੀ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪੰਚਮ ਪੰਚਮ ਪੰਚਮ ਵੇਖ ਵਖਾਇਆ।
